ਵਿਗਿਆਨ ਪ੍ਰਸਾਰ

ਭਾਰਤੀ ਪਰੰਪਰਾ ਵਿਚ ਵਿਗਿਆਨਕ ਤਰਕ: ਇਕ ਸਰਵੇਖਣ ਅਤੇ ਅਧਿਐਨ
ਡਾ. ਬਲਦੇਵ ਸਿੰਘ ਕੰਦੋਲਾ, ਯੂ ਕੇ

 

ਬੋਧੀ ਤਰਕਸ਼ਾਸਤਰ ਪਰੰਪਰਾ (570 ਈ ਪੂ – 1200 ਈ) (5)

ਬੋਧੀ ਤਰਕਸ਼ਾਸਤਰ ਦਾ ਪਤਨ

ਸ਼ਤੀਸ਼ ਚੰਦਰ ਵਿਦਿਆਭੂਸ਼ਣ ਬੋਧੀ ਤਰਕਸ਼ਾਸਤਰ ਦੇ ਪਤਨ ਦੇ ਪੰਜ ਮੁੱਖ ਕਾਰਨ ਦੱਸਦੇ ਹਨ: (1) ਬੋਧੀ ਤਰਕਸ਼ਾਸਤਰ ਦੀ ਤਕਰਾਰਮਈ ਪ੍ਰਵਿਰਤੀ; (2) ਰਾਜਸੀ ਸਰਪਰਸਤੀ ਦਾ ਖੁਸ ਜਾਣਾ; (3) ਇਸਲਾਮ ਦੇ ਪਸਾਰ ਦਾ ਘਾਤਕ ਅਸਰ; (4) ਬ੍ਰਾਹਮਣ ਵਿਚਾਰਧਾਰਾ ਵਿਚ ਪੁਨਰ-ਜਾਗ੍ਰਿਤੀ; (5) ਬੁੱਧਮਤ ਦਾ ਵਿਦੇਸ਼ਾਂ ਵਿਚ ਸ਼ਰਨ ਅਤੇ ਫੈਲਾਉ।

ਇਨ੍ਹਾਂ ਕਾਰਨਾਂ ਦੇ ਸਾਂਝੇ ਪ੍ਰਭਾਵ ਨਾਲ ਛੇਤੀ ਹੀ ਭਾਰਤ ਵਿਚੋਂ, ਖਾਸਕਰ ਉੱਤਰੀ ਭਾਰਤ ਵਿਚੋਂ, ਬੋਧੀ ਵਿਚਾਰਧਾਰਾ ਅਤੇ ਇਸ ਦੇ ਨਾਲ ਬੋਧੀ ਤਰਕਸ਼ਾਸਤਰ ਦਾ ਖਾਤਮਾ ਹੋ ਗਿਆ। ਇਸ ‘ਤੇ ਸਭ ਤੋਂ ਵੱਡੀ ਸੱਟ ਇਸਲਾਮ ਦੇ ਕੱਟੜਵਾਦ ਅਤੇ ਇਸ ਦੀ ਵੱਖਰੀ ਵਿਚਾਰਧਾਰਾ ਵਲ ਘੋਰ ਅਸਹਿਣਸ਼ੀਲਤਾ ਨੇ ਮਾਰੀ।

(1) ਬੋਧੀ ਤਰਕਸ਼ਾਸਤਰ ਦੀ ਤਕਰਾਰਮਈ ਪਰਵਿਰਤੀ

ਈਸਵੀ ਸੰਨ ਦੀ ਦੂਸਰੀ ਸਦੀ ਦੇ ਦੌਰਾਨ, ਭਾਰਤ ਵਿਚ ਤਰਕਸ਼ਾਸਤਰ ਦੀ ਤਰੱਕੀ ਨੇ ਇਕ ਅਹਿਮ ਕਦਮ ਚੁੱਕਿਆ ਜਦੋਂ ਬ੍ਰਾਹਮਣ ਤਾਰਕਿਕ ਆਚਾਰੀਆ ਅਕਸ਼ਪਾਦ ਨੇ ਆਪਣੀ ਤਰਕ ਦੇ ਵਿਸ਼ੇ ‘ਤੇ ਵਿਸਤਾਰਪੂਰਵਕ ਰਚਨਾ, ਨਿਆਇਸੂਤਰ, ਪੇਸ਼ ਕੀਤੀ। ਇਸ ਵਿਚ ਉਨ੍ਹਾਂ ਨੇ ਸੋਲਾਂ ਪਦਾਰਥ, ਚਾਰ ਪ੍ਰਮਾਣ  ਅਤੇ ਪੰਜ ਅਵਯਵ  (ਪੰਚਾਵਯਵ) ਵਾਲਾ ਤਰਕਵਾਕ ਪੇਸ਼ ਕੀਤਾ। ਬੋਧੀ ਰਿਸ਼ੀਆਂ ਨੇ ਆਪਣੇ ਤਾਰਕਿਕ ਸਿਧਾਂਤਾਂ ਦੀ ਪੁਸ਼ਟੀ ਲਈ ਜੋ ਬਾਰੀਕਬੀਨ ਅਤੇ ‘ਅਣੁ-ਖੰਡਿਤ’ ਵਰਗੀਆਂ ਦਲੀਲਾਂ ਪੇਸ਼ ਕੀਤੀਆਂ ਉਹ ਬੜੀਆਂ ਪ੍ਰਚੰਡ ਅਤੇ ਸਾਹਸਮਈ ਚੁਣੌਤੀਆਂ ਸਨ। ਬੋਧੀ ਤਾਰਕਿਕ ਨਾਗਅਰਜੁਨ ਨੇ ਅਕਸ਼ਪਾਦ ਦੇ ਵਿਰੁੱਧ ਤਿੰਨ ਅਵਯਵਾਂ ਵਾਲਾ ਤਰਕਵਾਕ ਸਥਾਪਤ ਕੀਤਾ। ਅਕਸ਼ਪਾਦ ਦੇ ਸਮਰਥਨ ਵਿਚ ਬ੍ਰਹਮਣ ਟੀਕਾਕਾਰ ਵਾਤਸਯਾਇਨ (400 ਈ) ਦੀਆਂ ਕੋਸ਼ਿਸ਼ਾਂ ਨਾਕਾਮਯਾਬ ਰਹੀਆਂ ਜਦੋਂ ਮਹਾਨ ਬੋਧੀ ਤਾਰਕਿਕ ਦਿਗਨਾਗ ਨੇ ਸੋਲਾਂ ਪਦਾਰਥਾਂ ਨੂੰ ਸਿਰਫ ਇਕ ਅਰਥਾਤ ‘ਪ੍ਰਮਾਣ’ ਅਤੇ ਚਾਰ ਸਹੀ ਗਿਆਨ ਦੇ ਸਾਧਨਾਂ ਨੂੰ ਦੋ, ਅਰਥਾਤ ‘ਪ੍ਰਤਿਅਕਸ਼’ ਅਤੇ ‘ਅਨੁਮਾਨ’ ਨੂੰ ਸਾਬਤ ਕੀਤਾ। ਇਸ ਤੋਂ ਬਾਅਦ ਭਾਵੇਂ ਬ੍ਰਹਮਣ ਤਾਰਕਿਕ ਉਦਯੋਤਕਰ (6ਵੀਂ ਸਦੀ) ਨੇ ਦਿਗਨਾਗ ਨੂੰ ਗਲਤ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਪਰ ਇਸ ਦੇ ਉਲਟ ਬੋਧੀ ਕਾਰਕਿਕ ਧਰਮਕੀਰਤੀ ਨੇ ਆਪਣੇ ਗੁਰੂ ਦਿਗਨਾਗ ਦਾ ਪੱਖ ਪੂਰਦੇ ਹੋਏ ਉਦਯੋਤਕਰ ਦੀ ਸਖਤ ਅਲੋਚਨਾ ਕੀਤੀ।

ਇਸ ਤੋਂ ਬਾਅਦ 9ਵੀਂ ਸਦੀ ਤਕ ਬੋਧੀ ਤਰਕਸ਼ਾਸਤਰ ਦਾ ਬੋਲਬਾਲਾ ਰਿਹਾ। ਫਿਰ 10ਵੀਂ ਸਦੀ ਵਿਚ ਇਕ ਬ੍ਰਾਹਮਣ ਤਾਰਕਿਕ ਉਦਯਨਆਚਾਰੀਆ ਨੇ, ਬੋਧੀ ਵਿਚਾਰਾਂ ਦਾ ਖੰਡਨ ਕਰਦੇ ਹੋਏ ‘ਆਤਮ-ਤਤਵ-ਵਿਵੇਕ’ ਨਾਮੀ ਗ੍ਰੰਥ ਦਾ ਨਿਰਮਾਣ ਕੀਤਾ। ਪਰ ਫਿਰ ਵੀ ਬੋਧੀ ਦ੍ਰਿਸ਼ਟੀਕੋਣ ਦੇ ਸਮਰਥਨ ਵਿਚ ਅਨੇਕਾ ਤਾਰਕਿਕਾਂ ਨੇ ਬ੍ਰਾਹਮਣਾਂ ਦੇ ਵਿਰੁੱਧ ਅਨਗਿਣਤ ਰਚਨਾਵਾਂ ਲਿਖੀਆਂ। ਇਨ੍ਹਾਂ ਵਿਚ ਜਿਨਮਿਤ੍ਰ, ਪ੍ਰਗਿਆਕਾਰ ਗੁਪਤ, ਜਿਤਾਰਿ, ਸ਼ੰਕਰਆਨੰਦ ਅਤੇ ਮੋਕਸਾਕਰ ਗੁਪਤ ਵਰਗੇ ਨਾਮ ਵਰਣਨਯੋਗ ਹਨ। ਲਗਪਗ 800 ਸਾਲ ਤਕ (300 ਈ ਤੋਂ 1100 ਈ) ਬੋਧੀਆਂ ਨੇ ਤਰਕਸ਼ਾਸਤਰ ਦੇ ਖੇਤ੍ਰ ਵਿਚ ਬ੍ਰਾਹਮਣਾਂ ਦਾ ਮੁਕਬਲਾ ਬੜੇ ਸਾਹਸਮਈ ਤਰੀਕੇ ਨਾਲ ਕੀਤਾ। ਇਸ ਦਾ ਨਤੀਜਾ ਇਹ ਹੋਇਆ ਕਿ ਅੰਤ ਨੂੰ ਬੋਧੀਆਂ ਦੇ ਸਾਰੇ ਦੇ ਸਾਰੇ ਤਾਰਕਿਕ ਸਿਧਾਂਤ ਬ੍ਰਾਹਮਣ ਤਰਕਸ਼ਾਸਤਰ ਵਿਚ ਸਮੁੱਚੇ ਤੌਰ ‘ਤੇ ਸਮਾਅ ਲਏ ਗਏ ਅਤੇ ਬੋਧੀ ਤਰਕਸ਼ਾਸਤਰ ਦੀ ਆਪਣੀ ਨਿੱਜੀ ਪਛਾਣ ਖਤਮ ਹੋ ਗਈ। ਪਰ ਇਸ ਦਾ ਭਾਵ ਇਹ ਨਹੀ ਕਿ ਬੋਧੀ ਵਿਚਾਰਧਾਰਾ ਦੇ ਮਹਾਨ ਅਤੇ ਬੇਮਿਸਾਲ ਵਿਦਵਤਾ ਦੇ ਚੁੰਧਿਆਉ ਸਿਤਾਰੇ ਖਤਮ ਹੋ ਗਏ। ਵਸੁਬੰਧੂ, ਨਾਗਾਰਜੁਨ, ਦਿਗਨਾਗ ਅਤੇ ਧਰਮਕੀਰਤੀ ਵਰਗੇ ਤਰਕ ਦੇ ਮਹਾਨ ਰਿਸ਼ੀ ਅੱਜ ਵੀ ਭਾਰਤੀ ਤਰਕਸ਼ਾਸਤਰ ਦੇ ਆਕਾਸ਼ ਵਿਚ ਉਸੇ ਤਰ੍ਹਾ ਚਮਕ ਦਮਕ ਰਹੇ ਹਨ। ਇਨ੍ਹਾਂ ਦੀ ਦੇਣ ਅਮਿੱਟ ਅਤੇ ਅਮਰ ਹੈ। ਇਨ੍ਹਾਂ ਹੀ ਵਿਵੇਕ ਸ਼ਖਸੀਅਤਾਂ ਅਤੇ ਮਹਾਨ ਆਤਮਾਵਾਂ ਦੇ ਪਵਿੱਤਰ ਮੋਢਿਆਂ ‘ਤੇ ਭਾਰਤ ਦੀ ਸਭਿਅਤਾ ਅਤੇ ਸੰਸਕ੍ਰਿਤੀ ਅਟੱਲ ਅਤੇ ਸੁਰੱਖਿਅਤ ਖੜੀ ਹੈ ਅਤੇ ਖੜੀ ਰਹੇਗੀ। ਪਰਮਪੁਰਖ ਸਨ ਉਹ ਲੋਕ ਜਿਨ੍ਹਾਂ ਵਿਚ ਮਨੁੱਖਤਾ ਲਈ ਦਰਦ ਸੀ ਅਤੇ ਗਿਆਨ ਪ੍ਰਾਪਤੀ ਲਈ ਅਣਥੱਕ ਲਾਲਸਾ ਅਤੇ ਉਤਸ਼ਾਹ ਸੀ। ਇਸ ਤੋਂ ਵੀ ਉਪਰੰਤ ਉਨ੍ਹਾਂ ਵਿਚ ਵੱਖਰੇ ਵਿਚਾਰਾਂ ਲਈ ਸਤਿਕਾਰ ਅਤੇ ਬੇਅੰਤ ਸਹਿਣਸ਼ੀਲਤਾ ਸੀ।

(2) ਰਾਜਸੀ ਸਰਪਰਸਤੀ ਦਾ ਖੁਸ ਜਾਣਾ

ਬੁੱਧਮਤ ਦੀ ਉੱਨਤੀ ਅਤੇ ਫੈਲਾਉ ਲਈ ਸਮੇ ਸਮੇ ਸਥਾਨਕ ਰਾਜਿਆਂ ਵਲੋਂ ਮਾਲੀ ਸਹਾਇਤਾ ਅਤੇ ਰਿਆਇਤ ਮਿਲਦੀ ਰਹਿੰਦੀ ਸੀ। ਮਹਾਤਮਾ ਬੁੱਧ ਦੇ ਨਿਰਵਾਣ ਤੋਂ ਬਾਅਦ ਜੋ ਪਰਿਸ਼ਦਾਂ ਰਾਜਗੜ੍ਹ, ਵੈਸ਼ਾਲੀ, ਪਾਟਲੀਪੁਤਰ ਅਤੇ ਜਲੰਧਰ ਵਿਖੇ ਬੁਲਾਈਆਂ ਗਈਆਂ ਉਹ ਕ੍ਰਮਵਾਰ ਅਜਾਤ ਸ਼ਤਰੂ (490 ਈਪੂ), ਕਾਲਆਸ਼ੋਕ (390 ਈਪੂ), ਅਸ਼ੋਕ (255 ਈਪੂ) ਅਤੇ ਕਨਿਸ਼ਕ (78 ਈ) ਰਾਜਿਆਂ ਦੀ ਸਰਪਰਸਤੀ ਹੇਠ ਬੁਲਾਈਆਂ ਗਈਆਂ ਸਨ। ਇਸੇ ਤਰ੍ਹਾਂ ਯੁਨਾਨੀ-ਬਕਟਰੀ ਰਾਜੇ ਮੇਨਾਂਦਰ ਨੇ ਵੀ ਬੁੱਧਮਤ ਨੂੰ ਸਹਾਇਤਾ ਦਿੱਤੀ ਜਿਸ ਦੇ ਫਲਸਰੂਪ ਉਸਨੇ ਆਪ ਵੀ 150 ਈਪੂ ਵਿਚ ਬੁੱਧਮਤ ਨੂੰ ਅਪਣਾਇਆ। ਕਨੌਜ ਦੇ ਰਾਜਾ ਸ਼੍ਰੀਹਰਸ਼, ਜੋ ਸ਼ਿਵਾ ਅਤੇ ਸੂਰਯ ਦਾ ਪੂਜਕ ਸੀ, ਨੇ ਵਿਸ਼ੇਸ਼ ਤੌਰ ‘ਤੇ ਬੁੱਧ ਦੇ ਸਿਧਾਂਤਾਂ ਨੂੰ ਉਤਸ਼ਾਹ ਅਤੇ ਸਾਵਧਾਨੀ ਨਾਲ ਸੁਰੱਖਿਅਤ ਰੱਖਿਆ।

ਬੋਧੀ ਤਾਰਕਿਕ ਨਾਗਅਰਜੁਨ (300 ਈ) ਨੂੰ ਆਂਧਰ ਰਾਜਵੰਸ਼ ਦੇ ਰਾਜਾ ਸਾਤਵਾਹਨ ਨੇ ਹਰ ਤਰ੍ਹਾ ਦੀ ਸਹਾਇਤਾ ਪ੍ਰਦਾਨ ਕੀਤੀ। ਇਸੇ ਤਰ੍ਹਾ ਵਸੁਬੰਧੂ (410 – 490 ਈ) ਨੂੰ ਗੁਪਤ ਰਾਜਵੰਸ਼ ਦੇ ਰਾਜਿਆਂ ਕੁਮਾਰ ਗੁਪਤ, ਸਕੰਦ ਗੁਪਤ, ਪੁਰ ਗੁਪਤ ਅਤੇ ਬਾਲਦਿਤਿਯ ਤੋਂ ਸਮੇ ਸਮੇ ਸਹਾਇਤਾ ਮਿਲਦੀ ਰਹਿੰਦੀ ਸੀ। ਸਰਬਪ੍ਰਥਮ ਬੋਧੀ ਤਾਰਕਿਕ ਦਿਗਨਾਗ (500 ਈ) ਨੂੰ ਦੱਖਣੀ ਭਾਰਤ ਦੇ ਪੱਲਵ ਰਾਜਵੰਸ਼ ਦੇ ਰਾਜਾ ਸਿੰਮਹਾ ਵਰਮਨ ਦਾ ਸਮਰਥਨ ਪ੍ਰਾਪਤ ਸੀ।

ਭਾਵੇਂ ਮੱਧ ਬੰਗਾਲ ਦੇ ਰਾਜਾ ਸ਼ਾਸਣਕ ਨਰਿੰਦਰ ਗੁਪਤ (6009 ਈ), ਜੋ ਭਗਵਾਨ ਸ਼ਿਵਜੀ ਦਾ ਭਗਤ ਸੀ, ਨੇ ਬੁੱਧ ਗਯਾ ਵਿਖੇ ਬੋਧੀ ਰੁੱਖ ਨੂੰ ਜਲਾਇਆ, ਬੋਧੀ ਮੰਦਰਾਂ ਅਤੇ ਮਠਾਂ ਨੂੰ ਤਬਾਹ ਕੀਤਾ, ਪ੍ਰੰਤੂ ਉਹ ਬੁੱਧਮਤ ਨੂੰ ਜੜ੍ਹੋਂ ਉਖਾੜਨ ਵਿਚ ਅਸਫਲ ਰਿਹਾ। ਬੰਗਾਲ ਅਤੇ ਬਿਹਾਰ ਵਿਚ ਪਾਲ ਰਾਜਵੰਸ਼ ਦੇ ਰਾਜੇ, ਜੋ ਸਵੈ ਬੋਧੀ ਸਨ, ਨੇ ਬੋਧੀ ਅਚਾਰੀਆ ਅਤੇ ਮਠਾਂ ਨੂੰ ਵੱਡੇ ਪੈਮਾਨੇ ‘ਤੇ ਸਹਾਇਤਾ ਪ੍ਰਦਾਨ ਕੀਤੀ।

ਦੱਖਣ ਭਾਰਤ ਵਿਚ ਬੁੱਧਮਤ ਦੇ ਪਤਨ ਦਾ ਅਰੰਭ 6ਵੀਂ ਸਦੀ ਈਸਵੀ ਵਿਚ ਚਾਲੂਕੀਆ ਰਾਜਵੰਸ਼ ਦੇ ਰਾਜਸੰਘਾਸਨ ‘ਤੇ ਬੈਠਣ ਨਾਲ ਹੋਇਆ। ਇਸ ਤੋਂ ਪਹਿਲਾ ਬੁੱਧਮਤ ਦਾ ਦੱਖਣ ਵਿਚ ਪੂਰਾ ਬੋਲਬਾਲਾ ਸੀ। ਚਾਲੂਕੀਆ ਦੇ 200 ਸਾਲ ਦੇ ਰਾਜਕਾਲ ਦੌਰਾਨ ਜੈਨਮਤ ਅਤੇ ਬ੍ਰਾਹਮਣਵਾਦ ਨੂੰ ਬੜੀ ਅਹਿਮੀਅਤ ਮਿਲੀ। ਭਾਰੀ ਗਿਣਤੀ ਵਿਚ ਭਗਵਾਨ ਸ਼ਿਵ ਅਤੇ ਇਸ ਨੂੰ ਸਮਰਪਣ ਮੰਦਰ ਉਸਾਰੇ ਗਏ ਅਤੇ ਭਗਤੀ ਪੂਜਾ ਦੇ ਬਹੁਤ ਸਾਰੇ ਗ੍ਰੰਥ ਲਿਖੇ ਗਏ। ਰਾਸ਼ਟਰਕੁੱਟ ਰਾਜਾ ਅਮੋਘਵਰਸ਼ ਦੇ 815 ਈ ਤੋਂ 877 ਈ ਤੱਕ ਦੇ ਰਾਜਕਾਲ ਦੌਰਾਨ ਬੁੱਧਮਤ ਕਾਫੀ ਕਮਜ਼ੋਰ ਹੋਇਆ ਅਤੇ ਆਖਰ 12ਵੀਂ ਸਦੀ ਵਿਚ ਪੂਰੇ ਤੌਰ ‘ਤੇ ਖਤਮ ਹੋ ਗਿਆ।

ਦੱਖਣ ਵਿਚ ਪੱਲਵ ਰਾਜਵੰਸ਼ ਦੇ ਰਾਜੇ 10ਵੀਂ ਸਦੀ ਤੋਂ ਬਾਅਦ ਭਗਵਾਨ ਸ਼ਿਵ ਦੇ ਭਗਤ ਬਣਨੇ ਸ਼ੁਰੂ ਹੋਏ। ਸੰਨ 1019 ਈ ਵਿਚ ਚੋਡੀ ਦੇ ਗਾਂਗੇਯਦੇਵ ਨੇ ਮਿਥਿਲਾ (ਭਾਰਤ-ਨੇਪਾਲ) ਵਿਚ ਆਪਣਾ ਰਾਜ ਸਥਾਪਤ ਕੀਤਾ। 1040 ਈ ਵਿਚ ਉਸਦੀ ਮੌਤ ਤੋਂ ਬਾਅਦ ਉਸਦਾ ਪੁੱਤਰ ਕਰਣਦੇਵ ਉਸਾ ਦਾ ਜਾਨਸ਼ੀਨ ਬਣਿਆ। ਇਸ ਤੋਂ ਪਹਿਲਾ ਗਾਂਗੇਯਦੇਵ, ਹੁਣ ਦੇ ਅਲਾਹਾਬਾਦ ਅਤੇ ਬਨਾਰਸ ਦੇ ਪਵਿੱਤ੍ਰ ਨਗਰਾਂ ਨੂੰ ਆਪਣੀ ਛਤਰਛਾਇਆ ਹੇਠ ਕਰ ਚੁੱਕਾ ਸੀ । ਕਰਣਦੇਵ ਨੇ ਬੰਗਾਲ ਦੇ ਪਾਲ ਰਾਜਵੰਸ਼ ਦੇ ਰਾਜਿਆਂ ਨਾਲ ਡੂੰਘੇ ਸੰਬੰਧ ਸਥਾਪਤ ਕੀਤੇ। ਹੌਲੀ ਹੌਲੀ ਪਾਲ ਵੰਸ਼ (ਜੋ ਵਿਸ਼ੇਸ਼ ਕਰਕੇ ਬੋਧੀ ਸਨ) ਦੇ ਰਾਜਿਆਂ ਦੇ ਕਮਜ਼ੋਰ ਪੈਣ ‘ਤੇ ਕਰਨਾਟਕ ਦੇ ਪਰਮਾਰ ਖੱਤਰੀਆਂ ਅਤੇ ਫਿਰ ਸੇਨ ਵੰਸ਼ ਦੇ ਹਿੰਦੂ ਰਾਜਿਆਂ ਦਾ ਰਾਜ ਮਿਥਿਲਾ ਵਿਚ ਸਥਾਪਤ ਹੋਇਆ (1089 - 1125 ਈ)। ਇਸ ਤਰ੍ਹਾ ਸੇਨ ਵੰਸ਼ ਦੇ ਰਾਜਿਆਂ ਨੇ ਬੰਗਾਲ ਵਿਚ ਆਪਣਾ ਰਾਜ ਸਥਾਪਤ ਕਰਕੇ, 1197 ਈ ਤਕ ਬ੍ਰਾਹਮਣ ਧਰਮ ਨੂੰ ਬਹਾਲ ਕੀਤਾ। ਇਸ ਦੇ ਨਤੀਜੇ ਵਜੋਂ ਬੋਧੀ ਤਰਕ ਦੀ ਰਾਜਿਆਂ ਵਲੋਂ ਹਮਾਇਤ ਖਤਮ ਹੋ ਜਾਣ ‘ਤੇ ਇਸ ਦੀ ਅਗਾਂਹ ਪ੍ਰਗਤੀ ਵਿਚ ਰੁਕਾਵਟ ਪੈ ਗਈ।

(3) ਇਸਲਾਮ ਦੇ ਪਸਾਰ ਦੀ ਘਾਤਕ ਮਾਰ

ਸਉਦੀ ਅਰਬ ਦੇ ਸਥਾਨ ਮੱਕਾ ਵਿਖੇ 570 ਈ ਵਿਚ ਇਸਲਾਮ ਮਜ਼ਹਬ ਦੇ ਬਾਨੀ, ਪੈਗੰਬਰ ਮੁਹੰਮਦ ਦਾ ਜਨਮ ਹੋਇਆ। ਇਸ ਮਹਾਨ ਅਤੇ ਪ੍ਰਭਾਵਸ਼ਾਲੀ ਪੈਗੰਬਰ ਨੇ ’ਇਕ ਈਸ਼ਵਰ’ ਦਾ ਪ੍ਰਚਾਰ ਕਰਕੇ ਜੰਨਤਾ ਨੂੰ ਉਤਸ਼ਾਹਿਤ ਕੀਤਾ। ਇਸ ਤੋਂ ਬਾਅਦ ਪੈਗੰਬਰ ਦੇ ‘ਖਲੀਫੇ’ ਉੱਤਰਾਧਿਕਾਰੀਆਂ ਨੇ ‘ਮੁਸਲਮਾਨ ਫੌਜ’ ਦੇ ਝੰਡੇ ਹੇਠ ਈਰਾਨ ਤੋਂ ਲੈ ਕੇ ਸਪੇਨ ਤੱਕ ਜਿੱਤਾਂ ਪ੍ਰਾਪਤ ਕੀਤੀਆਂ ਅਤੇ ਇਸਲਾਮੀ ਮਜ਼ਹਬ ਨੂੰ ਹਰ ਤਰੀਕੇ ਨਾਲ ਫੈਲਾਇਆ। ਈਸਵੀ ਸੰਨ ਦੀ 7ਵੀ ਸਦੀ ਦੇ ਅੰਤ ਤੱਕ ਅਰਬਾਂ ਨੇ ਕਾਬੁਲ ਦੇ ਸ਼ਾਹ (ਜਿਸ ਨੂੰ ਰਾਜਾ ਕਨਿਸ਼ਕ ਦੀ ਸੰਤਾਨ ਮੰਨਿਆ ਜਾਂਦਾ ਸੀ) ਨੂੰ ਜਿੱਤ ਕੇ ਉਸ ਉੱਤੇ ਕਬਜ਼ਾ ਜਮਾਇਆ। ਇਸ ਤੋਂ ਥੋੜੀ ਦੇਰ ਬਾਅਦ, ਬਲੋਚਸਤਾਨ ਅਤੇ ਸਿੰਧ ਨੂੰ, ਰਾਜਾ ਪ੍ਰਭਾਕਰ ਵਰਧਨ ਅਤੇ ਫਿਰ ਉਸ ਦੇ ਸੁਪ੍ਰਸਿੱਧ ਪੁੱਤਰ ਹਰਸ਼ਵਰਧਨ ਨੂੰ ਹਾਰ ਦੇ ਕੇ, ਆਪਣੇ ਕਬਜ਼ੇ ਥੱਲੇ ਲੈ ਲਿਆ।

ਉਧਰ 872 ਈ ਦੇ ਆਸ ਪਾਸ ਮੁਹੰਮਦ-ਬਿਨ-ਕਾਸਿਮ ਨੇ ਹਿੰਦੂ ਰਾਜਿਆਂ ਕੋਲੋਂ ਦੱਖਣੀ ਸਿੰਧ ਦਾ ਇਲਾਕਾ ਜਿੱਤ ਲਿਆ। ਹੌਲੀ ਹੌਲੀ ਕਾਬੁਲ ਅਤੇ ਉਸ ਦੇ ਆਸ ਪਾਸ ਦੇ ਇਲਾਕਿਆਂ ਉੱਪਰ ਆਪਣਾ ਪੂਰਾ ਰਾਜ ਸਥਾਪਤ ਕਰਦੇ ਹੋਏ ਮੁਸਲਮਾਨ ਬਾਦਸ਼ਾਹ ਮਹਿਮੂਦ ਨੇ, ਸੰਨ 1021-1022 ਈ ਦੇ ਆਸਪਾਸ, ਪੰਜਾਬ ਦੇ ਪੇਸ਼ਾਵਰ ਸ਼ਹਿਰ ਤੱਕ ਦਾ ਇਲਾਕਾ ਆਪਣੇ ਕਬਜ਼ੇ ਹੇਠ ਲੈ ਆਂਦਾ। ਸੰਨ 1022-23 ਵਿਚ ਗਵਾਲੀਅਰ ਤੇ ਕਲਿੰਜਰ ਨੇ ਉਸ ਦੀ ਈਨ ਮੰਨ ਲਈ। 1026 ਈ ਵਿਚ ਉਸ ਨੇ ਉਸ ਯੁਗ ਦੇ ਸਭ ਤੋਂ ਵੱਡੇ ਹਿੰਦੂ ਮੰਦਰ ਸੋਮਨਾਥ ਨੂੰ ਲੁੱਟ ਕੇ ਤਬਾਹ ਕੀਤਾ। ਇਨ੍ਹਾਂ ਹਮਲਿਆਂ ਵਿਚ ਮਹਿਮੂਦ ਦਾ ਮੂਲ ਮਕਸਦ ਹਿੰਦੂ ਮੰਦਰਾਂ ਅਤੇ ਬੁੱਤਾਂ ਨੂੰ ਤਬਾਹ ਕਰਨ ਤੋਂ ਇਲਾਵਾ ਦੇਸ਼ ਦੀ ਧਨਦੌਲਤ ਲੁੱਟਣਾ ਵੀ ਸੀ। ਕਿਹਾ ਜਾਂਦਾ ਹੈ ਕਿ ਇਕੱਲੇ ਨਗਰਕੋਟ ਵਿਚੋਂ ਉਹ “700,000 ਸੋਨੇ ਦੇ ਦਿਨਾਰ, 700 ਮਣ ਸੋਨੇ ‘ਤੇ ਚਾਂਦੀ ਦੀਆਂ ਪਲੇਟਾਂ, 200 ਮਣ ਨਿਰੋਲ ਸੋਨਾ, 2000 ਮਣ ਅਣਪਿੱਟੀ ਚਾਂਦੀ, 20 ਮਣ ਕਈ ਪ੍ਰਕਾਰ ਦੇ ਜਵਾਹਰਾਤ ਲੈ ਕੇ ਗਿਆ”। ਇਸੇ ਤਰ੍ਹਾ 1021 ਈ ਦੇ ਆਸਪਾਸ ਕਸ਼ਮੀਰ ਦੇ ਹਿੰਦੂ “ਸ਼ਾਹੀਆ” ਰਾਜਵੰਸ਼ ਨੂੰ ਮੁਸਲਮਾਨ ਫੌਜਾਂ ਨੇ ਬੁਰੀ ਤਰ੍ਹਾ ਹਾਰ ਦੇ ਕੇ ਤਬਾਹ ਕੀਤਾ ਅਤੇ ਬੁੱਧਮਤ ਦਾ ਕਸ਼ਮੀਰ ਵਿਚੋਂ ਖਾਤਮਾ ਕੀਤਾ।

ਉਧਰ ਬੰਗਾਲ ਵਿਚ, ਰਾਜਾ ਧਰਮਪਾਲ (783 - 820 ਈ) ਦੀ ਸਥਾਪਤ ਕੀਤੀ ਵਿਕਰਮਾਸ਼ਿਲਾ ਵਿਸ਼ਵਿਦਿਆਲੇ ਨੂੰ ਬਖਤਿਆਰ ਖਿਲਜੀ ਨੇ 1197 ਈ ਵਿਚ ਅੱਗ ਵਿਚ ਜਲਾ ਕੇ ਸਾੜ ਦਿੱਤਾ। ਇਸ ਤਰ੍ਹਾ ਲੁੱਟ ਮਾਰ ਅਤੇ ਤਬਾਹੀ ਦਾ ਸ਼ਿਕਾਰ ਹੋਏ ਬਹੁਗਿਣਤੀ ਬੋਧੀਆਂ ਨੇ ਇਸਲਾਮ ਕਬੂਲ ਕਰ ਲਿਆ ਅਤੇ ਬਾਕੀ ਦੇ ਆਸ ਪਾਸ ਦੇ ਦੇਸ਼ਾਂ ਵਿਚ ਭਗੌੜੇ ਹੋ ਕੇ ਸ਼ਰਣ ਲੈਣ ਲਈ ਮਜਬੂਰ ਹੋ ਗਏ। ਇਸ ਦੇ ਨਾਲ ਤਰਕਵਿਦਿਆ ਦਾ ਉਸਾਰ ਵੀ ਪੂਰੀ ਤਰ੍ਹਾ ਬੰਦ ਹੋ ਗਿਆ।

(4) ਬ੍ਰਹਮਣ ਵਿਚਾਰਧਾਰਾ ਵਿਚ ਪੁਨਰ-ਜਾਗ੍ਰਿਤੀ

ਸਧਾਰਨ ਤੌਰ ‘ਤੇ ਗੁਪਤ ਰਾਜਕਾਲ ਨੂੰ ਬ੍ਰਾਹਮਣ ਮਤ ਦੀ ਪੁਨਰ ਜਾਗ੍ਰਿਤੀ ਦਾ ਯੁਗ ਮੰਨਿਆ ਜਾਂਦਾ ਹੈ। ਇਸ ਯੁਗ ਦਾ ਅਰੰਭ ਸ੍ਰੀਗੁਪਤ ਦੇ ਸ਼ਾਸਨ ਕਾਲ ਨਾਲ ਹੁੰਦਾ ਮੰਨਿਆ ਗਿਆ ਹੈ (240 - 280 ਈ)। ਭਾਵੇ ਇਸੇ ਕਾਲ ਵਿਚ ਹੀ ਬੋਧੀ ਮਹਾਨ ਤਾਰਕਿਕਾਂ, ਜੈਸੇ ਅਸੰਗ, ਵਸੁਬੰਧੂ, ਕੁਮਾਰਜੀਵ ਅਤੇ ਦਿਗਨਾਗ ਵਰਗਿਆਂ ਨੇ ਜਨਮ ਲਿਆ ਪਰ ਅਗਲੀਆਂ ਸਦੀਆਂ ਵਿਚ ਹੌਲੀ ਹੌਲੀ ਬੁੱਧ ਧਰਮ ਦਾ ਪ੍ਰਭਾਵ ਘਟਦਾ ਗਿਆ ਅਤੇ ਅੰਤ ਨੂੰ ਇਹ ਆਪਣੀ ਜਨਮ ਭੂਮੀ ਤੋਂ 12ਵੀ ਸਦੀ ਦੇ ਆਸ ਪਾਸ ਖਤਮ ਹੋ ਗਿਆ। ਜੈਸੇ ਪਹਿਲਾ ਦੱਸਿਆ ਜਾ ਚੁੱਕਾ ਹੈ , ਬੁੱਧ ਨੂੰ ਦੇਵਤਾ ਮੰਨਣ ਦੇ ਨਾਲ ਨਾਲ ਇਸ ਨੂੰ ਵਿਸ਼ਨੂੰ ਦਾ ਹੀ ਇਕ ਅਵਤਾਰ ਸਮਝ ਕੇ ਬ੍ਰਾਹਮਣ ਵਿਚਾਰਧਾਰਾ ਵਿਚ ਸਮਾਅ ਲਿਆ ਗਿਆ। ਅੱਠਵੀਂ ਸਦੀ ਵਿਚ ਕੇਰਲ ‘ਚ ਜਨਮੇ ਸ਼ੰਕਰਾਚਾਰੀਆ ਨੇ ਸ਼ਿਵ ਦੀ ਪੂਜਾ ਨੂੰ ਲੋਕਪ੍ਰਿਯ ਬਣਾਉਂਦੇ ਹੋਏ ਹਿੰਦੂ ਧਰਮ ਦਾ ਪ੍ਰਚਾਰ ਸਾਰੇ ਭਾਰਤ ਵਿਚ ਬੜੀ ਕਾਮਯਾਬੀ ਨਾਲ ਕੀਤਾ। ਦੱਖਣ ਦੇ ਕੱਨੜ ਅਤੇ ਤਾਮਿਲ ਦੇਸ਼ ਵਿਚ ਆਚਾਰੀਆ ਰਾਮਾਨੁਜ ਵਰਗੇ ਵੈਸ਼ਨਵ ਪ੍ਰਚਾਰਕਾਂ ਨੇ ਚਾਲੂਕ ਰਾਜਿਆਂ ਨੂੰ ਵੈਸ਼ਨਵ ਧਰਮ ਸਵੀਕਾਰ ਕਰਨ ਲਈ ਪਰੇਰਿਆ। ਉੱਤਰੀ ਭਾਰਤ ਵਿਚ ਵੀ ਰਿਸ਼ੀ ਉਦੇਯਚਾਰੀਆ ਦੀਆਂ ਮਿਥਿਲਾ ਵਿਚ ਕੋਸ਼ਿਸ਼ਾਂ ਨੇ ਬ੍ਰਾਹਮਣ ਧਰਮ ਨੂੰ ਬੁੱਧ ਧਰਮ ਦੇ ਮੁਕਾਬਲੇ ਲੋਕਪ੍ਰਿਯ ਬਣਾਉਣ ਵਿਚ ਮਹੱਤਵਪੂਰਣ ਯੋਗਦਾਨ ਪਾਇਆ। ਇਸ ਤਰ੍ਹਾ ਬ੍ਰਾਹਮਣ ਵਿਚਾਰਧਾਰਾ ਦੀ ਪੁਨਰਜਾਗ੍ਰਿਤੀ ਦੇ ਵਾਤਾਵਰਣ ਵਿਚ ਬੋਧੀ ਤਰਕਸ਼ਾਸਤਰ ਦਾ ਅੱਗੇ ਵਧਣਾ ਹੋਰ ਵੀ ਮੁਸ਼ਕਲ ਹੋ ਗਿਆ।

(5) ਬੁੱਧਮਤ ਦੀ ਵਿਦੇਸ਼ਾਂ ਵਿਚ ਸ਼ਰਨ ਅਤੇ ਪ੍ਰਸਾਰ

ਜਦ ਕਿ ਭਾਰਤ ਵਿਚ ਬੋਧੀਆਂ ਉੱਪਰ ਪੱਛਮੀ ਏਸ਼ੀਆ ਦੇ ਧਾੜਵੀਆਂ ਵਲੋਂ ਬੇਰੋਕ ਕਤਲੇਆਮ, ਤਬਾਹੀ, ਜ਼ੁਲਮ ਅਤੇ ਅੱਤਿਆਚਾਰ ਕੀਤੇ ਜਾ ਰਹੇ ਸਨ ਤਾਂ ਉੱਤਰ-ਪੂਰਬ ਦੇ ਗੁਆਂਢੀ ਸੱਭਿਆ ਦੇਸ਼ਾਂ ਵਿਚ ਉਨ੍ਹਾਂ ਦਾ ਓਨਾ ਹੀ ਸਤਿਕਾਰ ਅਤੇ ਸੁਆਗਤ ਕੀਤਾ ਜਾਂਦਾ ਸੀ। ਲੱਖਾਂ ਦੀ ਗਿਣਤੀ ਵਿਚ ਬੋਧੀ ਭਿਖਸ਼ੂਆਂ ਨੇ ਭਾਰਤ ਦੇ ਆਸਪਾਸ ਅਤੇ ਦੂਰ ਦਰਾਡ ਦੇਸ਼ਾਂ ਵਿਚ ਜਾਣਾ ਸ਼ੁਰੂ ਕੀਤਾ। ਇਨ੍ਹਾਂ ਦੇਸ਼ਾਂ ਵਿਚੋਂ ਖਾਸ ਵਰਣਨਯੋਗ ਨੇਪਾਲ, ਤਿੱਬਤ, ਚੀਨ, ਮੰਗੋਲੀਆ, ਕੋਰੀਆ, ਜਪਾਨ, ਲੰਕਾ, ਮਿਆਨਮਾਰ (ਬਰਮਾ), ਸਿਆਮ, ਸੁਮਾਟਰਾ ਅਤੇ ਜਾਵਾ ਆਦਿ ਹਨ, ਜਿੱਥੇ ਉਨ੍ਹਾਂ ਦਾ ਬੜਾ ਸਤਿਕਾਰ ਮਾਣ ਕੀਤਾ ਜਾਂਦਾ ਸੀ। ਇਸ ਤਰ੍ਹਾ ਬੋਧੀ ਚਿੰਤਕ ਮੁਨੀਆਂ ਦੇ ਭਾਰੀ ਗਿਣਤੀ ਵਿਚ ਬਾਹਰ ਜਾਣ ਨਾਲ ਭਾਰਤ ਵਿਚ ਬੋਧੀ ਤਰਕਸ਼ਾਸਤਰ ਦੇ ਵਿਕਾਸ ਨੂੰ ਬੜੀ ਠੇਸ ਪਹੁੰਚੀ ਅਤੇ ਹੌਲੀ ਹੌਲੀ ਬੋਧੀ ਤਰਕ ਖੇਤ੍ਰ ਉੱਜੜ ਕੇ ਵਿਹੂਣਾ ਰਹਿ ਗਿਆ। ਭਾਰਤ ਵਿਚ ਬੋਧੀ ਵਿਚਾਰਧਾਰਾ ਦੇ ਖਤਮ ਹੋਣ ਨਾਲ ਬੋਧੀ ਤਰਕਸ਼ਾਸਤਰ ਦਾ ਆਪਣੀ ਹੀ ਜਨਮ ਭੂਮੀ ਤੋਂ ਸਦਾ ਲਈ ਅੰਤ ਹੋ ਗਿਆ। ਭਾਰਤ ਦੀ ਅਦੁਤੀ ਗਿਆਨਮਈ ਪਰੰਪਰਾ ਵਿਚ ਵਾਦ-ਵਿਵਾਦ, ਵਿਚਾਰਧਾਰਾਵਾਂ ਦੇ ਆਪਸੀ ਮਤਭੇਦ ਅਤੇ ਅਲਗ ਅਲਗ ਵਿਚਾਰ ਰੱਖਣ ਅਤੇ ਇਨ੍ਹਾਂ ਦੇ ਨਿਰਭੈ ਖੁਲ੍ਹੇਆਮ ਪ੍ਰਗਟਾਉਣ ਦੀ ਆਜ਼ਾਦੀ ਦੀ ਇਕ ਖਾਸ ਵਿਸ਼ੇਸ਼ਤਾ ਰਹੀ ਹੈ। ਵਿਚਾਰਾਂ ਦੀ ਵਿਰੋਧਤਾ, ਉਨ੍ਹਾਂ ਦੀ ਅਸਲੀਅਤ ਬਾਰੇ ਤਰਕਸ਼ੀਲ ਪਰਿਸ਼ਦਾਂ ਵਿਚ ਵਿਵੇਕਮਈ ਤਕਰਾਰ ਅਤੇ ਸਮੱਸਿਆਵਾਂ ਦੇ ਸਮਾਧਾਨ ਲਈ ਜੂਝਣਾ ਇਨ੍ਹਾ ਦਾ ਪਵਿੱਤਰ ਮਨੋਰਥ ਸੀ ਜਿਸ ਵਿਚ ਸਹਿਣਸ਼ੀਲਤਾ ਅਤੇ ਮਾਨਵ ਕਦਰਾਂ ਕੀਮਤਾ ਬੇਹੱਦ ਮਹੱਤਵਪੂਰਣ ਸਮਝੀਆਂ ਜਾਂਦੀਆਂ ਸਨ। ਇਹ ਲੋਕ ਉਹ ਸਨ ਜੋ ਸਾਹ ਲੈਂਦੇ ਵੀ ਆਪਣਾ ਮੂੰਹ ਢਕਦੇ ਸਨ ਕਿ ਕਿਸੇ ਜੀਵ ਜੰਤੂ ਦੀ ਹੱਤਿਆ ਨਾ ਹੋ ਜਾਵੇ। ਇਸ ਦੇ ਮੁਕਾਬਲੇ ਬੇਰਹਿਮ ਧਾੜਵੀਆਂ ਦੀ ਮਾਨਤਾ ਇਹ ਸੀ ਕਿ ਆਪਣੇ ਵਿਚਾਰਾਂ ਅਤੇ ਵਿਸ਼ਵਾਸਾਂ ਨੂੰ ਮਨਾਉਣ ਅਤੇ ਦੂਜਿਆਂ ਉੱਪਰ ਠੋਸਣ ਲਈ ਮਾਨਵਤਾ ਦਾ ਖੂਨ ਕਰਨਾ ਰੱਬ ਦਾ ਹੁਕਮ ਸੀ।

ਭਾਵੇਂ ਵਿਦੇਸ਼ਾਂ ਵਿਚ ਪ੍ਰਚਾਰ ਕਰਨ ਲਈ ਦੂਰ ਦਰਾਜ਼ ਮੁਲਕਾਂ ਵਿਚ ਜਾਣ ਦੀ ਬੋਧੀ ਪਰੰਪਰਾ ਕਾਫੀ ਪੁਰਾਣੀ ਹੈ, ਪਰ ਇਸ ਤਰ੍ਹਾਂ ਦਾ ਧੱਕੇਸ਼ਾਹੀ ਅਤੇ ਜ਼ਾਲਮਾਨਾ ਦੇਸ਼ ਨਿਕਾਲਾ ਇਕ ਵੱਖਰੀ ਗੱਲ ਸੀ। ਮਹਾਤਮਾ ਬੁੱਧ ਦੇ ਪਰਿਨਿਰਵਾਣ ਤੋਂ ਬਾਅਦ ਸੰਨ 260 ਈਪੂ ਦੇ ਆਸਪਾਸ ਬੋਧੀ ਭਿਗਸ਼ੂਆਂ ਦਾ ਵਿਦੇਸ਼ਾਂ ਵਿਚ ਜਾਣਾ ਸ਼ੁਰੂ ਹੋ ਗਿਆ ਸੀ। ਇਹ ਭਿਖਸ਼ੂ ਬੁੱਧ ਦੇ ਨਿਰਦੇਸ਼ਾਂ ਦਾ ਪਾਲਣ ਕਰਦੇ ਹੋਏ, ਉਸ ਦਾ ਸ਼ਾਂਤੀਪੂਰਣ ਅਤੇ ਪਵਿੱਤਰ ਸੰਦੇਸ਼ ਸਾਰੀ ਮਨੁੱਖਤਾ ਦੇ ਭਲੇ ਅਤੇ ਕਲਿਆਣ ਲਈ ਦੁਨੀਆਂ ਦੇ ਕੋਨੇ ਕੋਨੇ ਵਿਚ ਫੈਲਾਉਣ ਲਈ ਤੁਰ ਨਿਕਲੇ ਸਨ। ਇਹ ਸੰਦੇਸ਼ ਮਾਨਵ ਦੁੱਖਾਂ ਤੋਂ ਮੁਕਤੀ ਦਾ ਸੰਦੇਸ਼ ਸੀ। ਧਰਮ ਪਰਿਵਰਤਨ ਦੀ ਬਜਾਏ ਵਿਚਾਰਾਂ ਦਾ ਵਟਾਂਦਰਾ ਉਨ੍ਹਾਂ ਦੀ ਕਾਰਜ-ਵਿਧੀ ਸੀ। ਉਨ੍ਹਾਂ ਨੇ ਤਲਵਾਰ ਦੇ ਤਸ਼ੱਦਦ ਨਾਲ ਮਨੁੱਖਤਾ ਨੂੰ ਨਹੀ ਜਿੱਤਿਆ, ਨਾ ਹੀ ਅਲੱਗ ਵਿਚਾਰਾਂ ਦੇ ਲੋਕਾਂ ਨੂੰ ਨਾਸਤਕ ਕਹਿ ਕੇ ਮਾਨਵਤਾ ਦਾ ਘਾਣ ਕੀਤਾ, ਬਲਕਿ ਦੁੱਖਾਂ ਤੋਂ ਛੁਟਕਾਰਾ ਪਾਉਣ ਦਾ ਰਾਹ ਦੱਸਿਆ। ਇਸ ਮਨੋਰਥ ਦੀ ਪ੍ਰਾਪਤੀ ਲਈ ਸਮਰਾਟ ਅਸ਼ੋਕ ਨੇ ਨਾ ਸਿਰਫ ਆਪਣੇ ਸਾਮਰਾਜ ਵਿਚ ਹੀ ਬਲਕਿ ਪੂਰਬ ਅਤੇ ਪੱਛਮ ਦੇ ਦੂਰ ਦੂਰ ਇਲਾਕਿਆਂ ਵਲ ਭਾਰੀ ਗਿਣਤੀ ਵਿਚ ਬੋਧੀ ਪ੍ਰਚਾਰਕ ਭੇਜੇ। ਕਿਹਾ ਜਾਂਦਾ ਹੈ ਕਿ ਇਹ ਪ੍ਰਚਾਰਕ ਯੁਨਾਨੀ-ਬਖਤ੍ਰੀਂ (ਅਫਗਾਨਿਸਤਾਨ), ਸੀਰੀਆ, ਮਿਸਰ, ਮਕਦੂਨੀਆ (ਅਜੋਕਾ ਮੈਸੇਡੋਨੀਆ) ਦੇ ਇਲਾਕਿਆਂ ਤੱਕ ਪਹੁੰਚੇ। ਲੰਕਾ ਨੂੰ ਅਸ਼ੋਕ ਨੇ ਆਪਣਾ ਪੁੱਤਰ ਮਹਿੰਦਾ ਅਤੇ ਪੁੱਤਰੀ ਸੰਘਮਿਤਾ ਨੂੰ ਪ੍ਰਚਾਰ ਲਈ ਭੇਜਿਆ। ਇਸ ਤੋਂ ਬਾਅਦ ਬੋਧੀ ਭਿਖਸ਼ੂਆਂ ਦੀਆਂ ਯਾਤਰਾਵਾਂ ਨਿਰੰਤਰ ਜਾਰੀ ਰਹੀਆਂ। ਇਨ੍ਹਾਂ ਵਿਚ ਬੁੱਧਘੋਸ਼ (431 ਈ) ਅਤੇ ਕਾਂਚੀਪੁਰ ਦੇ ਅਨੁਰੁੱਧ (12ਵੀ ਸਦੀ) ਵਰਗੇ ਭਿਖਸ਼ੂਆਂ ਦੇ ਨਾਮ ਮਸ਼ਹੂਰ ਹਨ। ਇਤਿਹਾਸਕਾਰ ਇਹ ਵੀ ਮੰਨਦੇ ਹਨ ਕਿ ਪੰਜਾਬ ਦੇ ਉੱਘੇ ਸਮਰਾਟ ਪੋਰਸ (ਜਾਂ ਪੁਰਸ਼ੋਤਮ ?) ਨੇ ਇਕ ਬੋਧੀ ਭਿਖਸ਼ੂ ਬ੍ਰਹਮਣਚਾਰੀਆ ਨੂੰ ਰੋਮ (ਇਟਲੀ) ਦੇ ਔਗਸਟਸ ਸੀਜ਼ਰ ਨੂੰ ਮਿਲਣ ਲਈ ਇਕ ਰਾਜਦੂਤ ਦੇ ਨਾਤੇ 29 ਈਪੂ ਵਿਚ ਭੇਜਿਆ। ਸਮਰਾਟ ਕਨਿਸ਼ਕ (127 ਈ - 151 ਈ) ਦੇ ਰਾਜਕਾਲ ਦੌਰਾਨ ਬੋਧੀ ਪ੍ਰਚਾਰਕ ਮੱਧਏਸ਼ੀਆ ਦੇ ਇਲਾਕੇ ਖੌਤਨ ਅਤੇ ਖਸਗਰ ਵਲ ਵੀ ਭੇਜੇ ਗਏ। ਚੀਨ ਨਾਲ ਵੀ ਬੋਧੀਆਂ ਦੇ ਸੰਬੰਧ ਸਦੀਆਂ ਪੁਰਾਣੇ ਹਨ। ਜਦੋ ਦੋ ਮਹਾਨ, ਮਾਨਵਤਾਂ ਦੀਆਂ ਦੈਵੀ ਕਦਰਾਂ ਕੀਮਤਾਂ ਵਿਚੋਂ ਉਗਮੀਆਂ ਸੱਭਿਆਤਾਵਾਂ ਦਾ ਮੇਲ ਹੁੰਦਾ ਹੈ ਤਾਂ ਉਹ ਸਤਿਕਾਰ ਮਾਣ ਅਤੇ ਸ਼ਾਤਮਈ ਸ਼ਰਧਾ-ਭਾਵ ਨਾਲ ਇਕ ਦੂਸਰੇ ਦਾ ਆਮੰਤ੍ਰਣ ਕਰਦੀਆਂ ਹਨ। ਭਾਰਤ ਅਤੇ ਚੀਨ ਦੇ ਇਹ ਦੈਵੀ ਸੰਬੰਧ ਸਦੀਆਂ ਤੋਂ ਬਰਕਰਾਰ ਹਨ। ਇਸੇ ਸਦਭਾਵਨਾ ਨਾਲ ਹੀ ਚੀਨ ਤੋਂ ਅਨੇਕਾਂ ਤੀਰਥਯਾਤਰੀ ਭਾਰਤ ਆਏ ਅਤੇ ਭਾਰਤੀ ਭਿਖਸ਼ੂਆਂ ਨੂੰ ਚੀਨ ਜਾਣ ਦੇ ਮੌਕੇ ਮਿਲੇ।

ਚੀਨ ਵਿਚ ਬੁੱਧ ਬਾਰੇ ਜਾਣਕਾਰੀ ਦੂਸਰੀ ਸਦੀ ਈਪੂ ਤੋਂ ਸ਼ੁਰੂ ਹੁੰਦੀ ਹੈ। ਸਮਰਾਟ ਕਨਿਸ਼ਕ ਦੇ ਅਨੇਕਾਂ ਭਿਖਸ਼ੂ ਅਤੇ ਬੋਧੀ ਪ੍ਰਚਾਰਕ ਚੀਨ ਦੀ ਯਾਤਰਾ ਲਈ ਭੇਜੇ ਗਏ ਅਤੇ ਆਉਣ ਵਾਲੇ ਵਰ੍ਹਿਆਂ ਤੱਕ ਇਹ ਸਿਲਸਿਲਾ ਜਾਰੀ ਰਿਹਾ। ਦਸਵੀਂ ਸਦੀ ਦੌਰਾਨ ਨਾਲੰਦਾ ਤੋਂ ਅਚਾਰੀਆ ਧਰਮਦੇਵ ਚੀਨ ਪਹੁੰਚੇ ਜਿੱਥੇ ਉਨ੍ਹਾਂ ਨੇ ਅਣਗਿਣਤ ਸੰਸਕ੍ਰਿਤ ਗ੍ਰੰਥ ਚੀਨੀ ਭਾਸ਼ਾ ਵਿਚ ਅਨੁਵਾਦ ਕੀਤੇ। ਇਸੇ ਤਰ੍ਹਾ ਭਿਖਸ਼ੂ ਦਾਨਪਾਲ (980ਈ), ਭਿਖਸ਼ੂ ਧਰਮਕਸ਼ (1004 ਈ) ਨੇ ਚੀਨ ਦੀ ਯਾਤਰਾ ਕੀਤੀ ਜਿਨ੍ਹਾਂ ਨੂੰ ਚੀਨੀ ਸਮਰਾਟ ਵਲੋਂ ਵਿਸ਼ੇਸ਼ ਤੌਰ ‘ਤੇ ਸਨਮਾਨਿਆ ਗਿਆ। ਸੱਤਵੀ ਅਤੇ ਅੱਠਵੀ ਸਦੀ ਵਿਚ ਤਿੱਬਤ ਦੇ ਰਾਜਿਆਂ ਦੇ ਸੱਦੇ ‘ਤੇ ਨਾਲੰਦਾ ਤੋਂ ਅਣਗਿਣਤ ਭੀਖਸ਼ੂਆਂ ਨੇ ਤਿੱਬਤ ਦੀਆਂ ਯਾਤਰਾਵਾਂ ਕੀਤੀਆਂ। ਇਨ੍ਹਾਂ ਵਿਚੋਂ ਨਾਲੰਦਾ ਵਿਸ਼ਵਿਦਿਆਲੇ ਦੇ ਭਿਖਸ਼ੂ ਸ਼ਾਂਤ ਰਕਸ਼ਿਤ ਅਤੇ ਕਮਲਸ਼ੀਲ ਦੇ ਨਾਮ ਖਾਸ ਵਰਣਨਯੋਗ ਹਨ। ਸੰਨ 728 ਈ ਵਿਚ ਉਦਯਾਨ ਦੇ ਗੁਰੂ ਪਦਮ ਸੰਭਵ ਨੂੰ ਤਿੱਬਤ ਦੇ ਰਾਜਾ ਖਰੀ-ਸ੍ਰੋਣ-ਦੀਉ-ਸਨ ਦੇ ਇਕ ਵਿਸ਼ੇਸ਼ ਸੱਦੇ ‘ਤੇ ਤਿੱਬਤ ਬੁਲਾਇਆ ਗਿਆ। ਇਸ ਤਰ੍ਹਾ 9ਵੀਂ, 10ਵੀਂ, 11ਵੀਂ ਅਤੇ 12ਵੀਂ ਸਦੀਆਂ ਦੌਰਾਨ ਅਨਗਿਣਤ ਬੰਗਾਲੀ ਅਤੇ ਬਿਹਾਰੀ ਭਿਖਸ਼ੂਆਂ ਨੇ ਤਿੱਬਤ ਦੀ ਯਾਤਰਾ ਕੀਤੀ। ਇਸੇ ਕਰਕੇ ਸੈਂਕੜੇ ਸੰਸਕ੍ਰਿਤ ਗ੍ਰੰਥਾਂ ਦੇ ਅਨੁਵਾਦ ਤਿੱਬਤ ਵਿਚ ਮਿਲਦੇ ਹਨ।

ਭਾਰਤ ਵਿਚ ਬੁੱਧਮਤ ਅਤੇ ਇਸ ਦੇ ਸਿਧਾਂਤਾਂ ਦੇ ਪਤਨ ਦੇ ਉੱਪਰ ਦਿੱਤੇ ਕਾਰਨਾਂ ਤੋਂ ਸਾਫ ਜ਼ਾਹਰ ਹੈ ਕਿ ਬੋਧੀ ਵਿਚਾਰਧਾਰਾ ਇਸ ਦੇ ਜਨਮ ਸਥਾਨ ਤੋਂ ਕਿਉਂ ਅਤੇ ਕਿਸ ਤਰ੍ਹਾ ਖਤਮ ਹੋਈ। ਇਸਲਾਮ ਦੇ ਦਬਾਉ ਅਤੇ ਜ਼ੁਲਮ ਦੇ ਸਤਾਏ ਅਨਗਿਣਤ ਬੋਧੀਆਂ ਨੇ ਹਾਰ ਕੇ ਇਸਲਾਮ ਨੂੰ ਕਬੂਲ ਕਰਨ ਦਾ ਸੌਖਾ ਰਾਹ ਅਪਣਾਇਆ। ਬਾਕੀ ਦੇ ਜਾਂ ਤਾਂ ਵਿਦੇਸ਼ਾਂ ਵਿਚ ਚਲੇ ਗਏ ਜਾਂ ਬ੍ਰਾਹਮਣਮਤ ਵਿਚ ਸਮਾਅ ਲਏ ਗਏ। ਬੋਧੀਆਂ ਦੀ ਮਹਾਨ ਇਤਿਹਾਸਕ ਦੇਣ ਇਹ ਸੀ ਕਿ ਬ੍ਰਾਹਮਣ ਤਰਕਸ਼ਾਸਤਰ ਸਵੈ ਕਾਫੀ ਹੱਦ ਤੱਕ ਤਬਦੀਲ ਹੋਇਆ ਜਿਸ ਵਿਚ ਬੋਧੀ ਸਿਧਾਂਤਾਂ ਨੂੰ ਪੂਰੀ ਤਰ੍ਹਾਂ ਸਮਾਅ ਲਿਆ ਗਿਆ। ਇਨ੍ਹਾਂ ਮਹੱਤਵਪੂਰਣ ਘਟਨਾਵਾਂ ਦਾ ਨਤੀਜਾ ਇਹ ਨਿਕਲਿਆ ਕਿ 13ਵੀਂ ਸਦੀ ਤੱਕ ਬੁੱਧਮਤ ਸਮੁਚੇ ਤੌਰ ‘ਤੇ ਭਾਰਤ ਵਿਚੋਂ ਖਤਮ ਹੋ ਗਿਆ ਜਿਸ ਦੇ ਨਾਲ ਨਾਲ ਬੋਧੀ ਤਰਕਸ਼ਾਸਤਰ ਦੀ ਤਰੱਕੀ ਵੀ ਠੱਪ ਹੋ ਗਈ।

-------------

ਭਾਵੇਂ ਬੋਧੀ ਤਰਕਸ਼ਾਸਤਰ ਦੇ ਵਿਕਾਸ ਦੀ ਲੀਹ ਖਤਮ ਹੋ ਚੁੱਕੀ ਸੀ, ਪਰ 12ਵੀਂ ਸਦੀ ਤੋਂ ਭਾਰਤੀ ਤਰਕਸ਼ਾਸਤਰ ‘ਨਵ-ਬ੍ਰਾਮਣ ਯੁਗ’ ਦੀ ਸ਼ਕਲ ਵਿਚ ਅੱਗੇ ਵਧਣਾ ਸ਼ੁਰੂ ਹੋਇਆ। ਇਸ ਵਿਚ ‘ਨਿਆਇ’ ਦੇ ਮੂਲ ਸਿਧਾਂਤ, ਬੋਧੀ ਤਾਰਕਿਕਾਂ ਵਲੋਂ ਕੀਤੇ ਸੁਧਾਰਾਂ ਨਾਲ ਅੱਗੇ ਆਏ। ਇਸ ਦੌਰ ਵਿਚ ਜਿਹੜੇ ਗ੍ਰੰਥ ਬ੍ਰਾਹਮਣ ਤਾਰਕਿਕਾਂ ਨੇ ਲਿਖਣੇ ਸ਼ੁਰੂ ਕੀਤੇ ਉਹ ‘ਪ੍ਰਕਰਣ’ ਦੇ ਨਾਮ ਨਾਲ ਜਾਣੇ ਜਾਂਦੇ ਸਨ। ਇਨ੍ਹਾਂ ਪ੍ਰਕਰਣਾਂ ਵਿਚ, ਬੋਧੀ ਤਾਰਕਿਕਾਂ ਦੇ ਪ੍ਰਭਾਵ ਥੱਲੇ, ਬਹਿਸਬਾਜ਼ੀ ਅਤੇ ਵਾਦ-ਵਿਧੀ ਦੇ ਵਿਸ਼ਿਆਂ (ਜਿਵੇਂ ਛਲ, ਵਿਤੰਡਾ, ਜਾਤਿ ਅਤੇ ਨਿਗ੍ਰਹਿਸਥਾਨ ਆਦਿ) ਨੂੰ ਤਿਆਗ ਕੇ, ਸ਼ੁੱਧ ਤਰਕ ਵਲ ਜ਼ਿਆਦਾ ਧਿਆਨ ਦਿੱਤਾ ਗਿਆ। ਨਿਆਇ-ਵਾਕ ਜਾਂ ਅਵਯਵ ਨੂੰ ਵਧੇਰੀ ਸ਼ੁੱਧਤਾ ਅਤੇ ਸਪਸ਼ਟਤਾ ਨਾਲ ਵਿਚਾਰਿਆ ਜਾਣ ਲੱਗਾ। ਅਗਲੀ ਕਿਸ਼ਤ ਵਿਚ ਅਸੀ ਇਨ੍ਹਾਂ ਪ੍ਰਕਰਣਾਂ ਬਾਰੇ ਚਰਚਾ ਕਰਾਂਗੇ।

... ਚਲਦਾ

28/04/2015

ਭਾਰਤੀ ਪਰੰਪਰਾ ਵਿਚ ਵਿਗਿਆਨਕ ਤਰਕ: ਇਕ ਸਰਵੇਖਣ ਅਤੇ ਅਧਿਐਨ
ਡਾ. ਬਲਦੇਵ ਸਿੰਘ ਕੰਦੋਲਾ, ਯੂ ਕੇ

ਵਿਸ਼ਾ-ਪ੍ਰਵੇਸ਼
(PDF ਰੂਪ)
ਆਨਵੀਕਸ਼ਿਕੀ (1)
(PDF ਰੂਪ)
ਆਨਵੀਕਸ਼ਿਕੀ (2)  
(PDF ਰੂਪ)
ਨਿਆਇ-ਸ਼ਾਸਤਰ (1) 
(PDF ਰੂਪ)
ਨਿਆਇ-ਸ਼ਾਸਤਰ (2) 
(PDF ਰੂਪ)
ਨਿਆਇ-ਸ਼ਾਸਤਰ - ਜਾਤਿ (3) 
(PDF ਰੂਪ)
ਨਿਆਇ-ਸ਼ਾਸਤਰ - ਨਿਗ੍ਰਹਸਥਾਨ (4) 
(PDF ਰੂਪ)
ਨਿਆਇ-ਸ਼ਾਸਤਰ - ਹੋਰ ਵਿਸ਼ੇ (5) 
(PDF ਰੂਪ)
ਨਿਆਇ-ਸ਼ਾਸਤਰ - ਨਿਆਇ-ਸੂਤਰ ਉੱਪਰ ਵਿਵਿਧ ਟੀਕਾ(6) 
(PDF ਰੂਪ)
ਜੈਨ ਤਰਕਸ਼ਾਸਤਰ (1)
- ਪ੍ਰਾਚੀਨ ਲੇਖਕ
(PDF ਰੂਪ)
ਜੈਨ ਤਰਕਸ਼ਾਸਤਰ (2)
- ਪ੍ਰਣਾਲੀਬੱਧ ਲੇਖਕ
(PDF ਰੂਪ)
ਜੈਨ ਤਰਕਸ਼ਾਸਤਰ (3)
- ਪ੍ਰਣਾਲੀਬੱਧ ਲੇਖਕ ਮਾਣਿਕਯ ਨੰਦੀ ਅਤੇ ਦੇਵ ਸੂਰੀ

(PDF ਰੂਪ)
ਬੋਧੀ ਤਰਕਸ਼ਾਸਤਰ (1)
- ਭੂਮਿਕਾ

(PDF ਰੂਪ)
ਬੋਧੀ ਤਰਕਸ਼ਾਸਤਰ (2)
- ਪ੍ਰਾਚੀਨ ਬੋਧੀ ਰਚਨਾਵਾਂ

(PDF ਰੂਪ)
ਬੋਧੀ ਤਰਕਸ਼ਾਸਤਰ (3)
- ਪ੍ਰਣਾਲੀਬੱਧ ਬੋਧੀ ਗ੍ਰੰਥਕਾਰ - ਦਿਗਨਾਗ

(PDF ਰੂਪ)
ਬੋਧੀ ਤਰਕਸ਼ਾਸਤਰ (4)
- ਪ੍ਰਣਾਲੀਬੱਧ ਬੋਧੀ ਗ੍ਰੰਥਕਾਰ - ਧਰਮਕੀਰਤੀ ਆਦਿ

(PDF ਰੂਪ)
ਬੋਧੀ ਤਰਕਸ਼ਾਸਤਰ (5)
- ਪਤਨ

(PDF ਰੂਪ)

ਆਧੁਨਿਕ ਸੰਪ੍ਰਦਾਇ - ਨਿਆਇ ਪ੍ਰਕਰਣ (1)
ਨਵ-ਬ੍ਰਾਹਮਣ ਯੁਗ (900 ਈ - 1920 ਈ)

(PDF ਰੂਪ)

ਆਧੁਨਿਕ ਸੰਪ੍ਰਦਾਇ - ਨਿਆਇ ਪ੍ਰਕਰਣ (2)
ਨਿਆਇ ਪ੍ਰਕਰਣਾਂ ਵਿਚ ਵੈਸ਼ੇਸ਼ਕ

(PDF ਰੂਪ)

ਆਧੁਨਿਕ ਸੰਪ੍ਰਦਾਇ - ਨਿਆਇ ਪ੍ਰਕਰਣ (3)
ਵੈਸ਼ੇਸ਼ਕ ਪ੍ਰਕਰਣਾਂ ਵਿਚ ਨਿਆਇ

(PDF ਰੂਪ)

ਆਧੁਨਿਕ ਸੰਪ੍ਰਦਾਇ - ਨਿਆਇ ਪ੍ਰਕਰਣ (4)
ਗ੍ਰੰਥ ਜੋ ਕੁਝ ਇਕ ਨਿਆਇ ਅਤੇ ਕੁਝ ਇਕ ਵੈਸੇਸ਼ਕ ਵਿਸ਼ਿਆਂ ਦਾ ਵਿਵੇਚਨ ਕਰਦੇ ਹਨ

(PDF ਰੂਪ)

ਗੰਗੇਸ਼, ਸ਼੍ਰੀ ਤਤਵਚਿੰਤਾਮਣੀ (1)
- ਤਰਕਸ਼ਾਸਤਰ ਦਾ ਨਿਰਮਾਣ

(PDF ਰੂਪ)

ਗੰਗੇਸ਼, ਸ਼੍ਰੀ ਤਤਵਚਿੰਤਾਮਣੀ (2)
- ਅਨੁਮਾਨ ਖੰਡ (1)

(PDF ਰੂਪ)

ਗੰਗੇਸ਼, ਸ਼੍ਰੀ ਤਤਵਚਿੰਤਾਮਣੀ (3)
- ਅਨੁਮਾਨ ਖੰਡ (2)

(PDF ਰੂਪ)

ਗੰਗੇਸ਼, ਸ਼੍ਰੀ ਤਤਵਚਿੰਤਾਮਣੀ (4)
- ਸ਼ਬਦ ਖੰਡ

(PDF ਰੂਪ)
 

 

 

hore-arrow1gif.gif (1195 bytes)


Terms and Conditions
Privacy Policy
© 1999-2015, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2015, 5abi.com