ਗ਼ਜ਼ਲ
ਪ੍ਰੇਮੀਆਂ ਦੀ ਮੁਹੱਬਤ ਸ਼ਾਇਰਾਂ ਦੀ ਕਾਵਿ ਉਡਾਰੀ ਨੂੰ ਹੋਰ ਬੁਲੰਦੀਆਂ
ਪ੍ਰਦਾਨ ਕਰੇਗੀ। - ਜਸਵਿੰਦਰ
ਸਰੀ,19 ਅਕਤੂਬਰ (ਹਰਦਮ ਮਾਨ)-
ਗ਼ਜ਼ਲ ਮੰਚ ਸਰੀ ਵੱਲੋਂ ਸਰੀ ਆਰਟ ਸੈਂਟਰ ਵਿਚ ਖੂਬਸੂਰਤ ਸ਼ਾਇਰਾਨਾ ਸ਼ਾਮ ਮਨਾਈ
ਗਈ। ਚਾਰ ਸੌ ਦੇ ਕਰੀਬ ਸਾਹਿਤਕ ਪ੍ਰੇਮੀਆਂ ਅਤੇ ਸੰਜੀਦਾ ਸ਼ਾਇਰੀ ਦੇ
ਕਦਰਦਾਨਾਂ ਨੇ ਇਸ ਸ਼ਾਮ ਵਿਚ ਸ਼ਾਮਲ ਹੋ ਕੇ ਪੰਜਾਬੀ ਸ਼ਾਇਰੀ ਨੂੰ ਰੂਹ ਨਾਲ
ਮਾਣਿਆ ਅਤੇ ਹਰ ਇਕ ਸ਼ਾਇਰ ਨੂੰ ਤਾੜੀਆਂ ਦੀ ਭਰਪੂਰ ਦਾਦ ਨਾਲ ਨਿਵਾਜਿਆ।
ਇਸ ਸ਼ਾਮ ਦੀ ਪ੍ਰਧਾਨਗੀ ਅਮਰੀਕਾ ਤੋਂ ਆਏ ਨਾਮਵਰ ਸ਼ਾਇਰ
ਕੁਲਵਿੰਦਰ, ਪੰਜਾਬ ਤੋਂ ਆਏ ‘ਹੁਣ’ ਦੇ ਸੰਪਾਦਕ ਸੁਸ਼ੀਲ ਦੁਸਾਂਝ, ਗ਼ਜ਼ਲ ਮੰਚ
ਦੇ ਪ੍ਰਧਾਨ ਜਸਵਿੰਦਰ, ਜਰਮਨੀ ਤੋਂ ਆਈ ਸ਼ਾਇਰਾ ਨੀਲੂ ਜਰਮਨੀ ਅਤੇ ਦਸਮੇਸ਼
ਗਿੱਲ ਫਿਰੋਜ਼ ਨੇ ਕੀਤੀ।
ਗ਼ਜ਼ਲ ਮੰਚ ਵੱਲੋਂ ਰਾਜਵੰਤ ਰਾਜ ਨੇ ਹਾਜਰ
ਮਹਿਮਾਨਾਂ, ਸਹਿਯੋਗੀਆਂ, ਸ਼ਾਇਰਾਂ ਅਤੇ ਸਰੋਤਿਆਂ ਨੂੰ ਜੀ ਆਇਆਂ ਆਖਦਿਆਂ
ਮੰਚ ਦੀਆਂ ਸਰਗਰਮੀਆਂ ਬਾਰੇ ਅਤੇ ਸਹਿਯੋਗੀਆਂ ਬਾਰੇ ਜਾਣਕਾਰੀ ਦਿੱਤੀ। ਫਿਰ
ਸ਼ਾਇਰਾਨਾ ਸ਼ਾਮ ਦੇ ਸੰਚਾਲਨ ਦੀ ਜ਼ਿੰਮੇਵਾਰੀ ਸੰਭਾਲਦਿਆਂ ਨਈਮ ਲੱਖਨ ਨੇ
ਉਰਦੂ ਅਤੇ ਪੰਜਾਬੀ ਦੇ ਨਾਮਵਰ ਸ਼ਾਇਰਾਂ ਦੇ ਸ਼ਿਅਰਾਂ ਨਾਲ ਦਿਲਕਸ਼ ਕਾਵਿਕ
ਮਾਹੌਲ ਸਿਰਜਿਆ।
ਡਾ. ਰਣਦੀਪ ਮਲਹੋਤਰਾ ਨੇ ਸ਼ਾਇਰ ਜਸਵਿੰਦਰ ਅਤੇ
ਦਵਿੰਦਰ ਗੌਤਮ ਦੀਆਂ ਗ਼ਜ਼ਲਾਂ ਨੂੰ ਆਪਣੇ ਸੁਰੀਲੇ ਸੁਰ ਅਤੇ ਅੰਦਾਜ਼ ਵਿਚ ਗਾ
ਕੇ ਸਰੋਤਿਆਂ ਦੀ ਕਾਵਿਕ ਜਗਿਆਸਾ ਨੂੰ ਉਤੇਜਿਤ ਕਰ ਦਿੱਤਾ। ਉਪਰੰਤ
ਸ਼ਾਇਰਾਨਾ ਸ਼ਾਮ ਦੇ ਕਵੀਆਂ ਨੇ ਆਪੋ ਆਪਣੇ ਲਹਿਜ਼ੇ ਵਿਚ ਗ਼ਜ਼ਲ ਦੇ ਵੱਖ ਵੱਖ
ਰੰਗ ਬਿਖੇਰਦਿਆਂ ਅਜੋਕੀ ਪੰਜਾਬੀ ਗ਼ਜ਼ਲ ਦੇ ਮਿਜ਼ਾਜ਼, ਗਹਿਰਾਈ ਅਤੇ ਵਿਸ਼ਾਲਤਾ
ਨਾਲ ਸਰੋਤਿਆਂ ਨੂੰ ਸ਼ਰਸਾਰ ਕੀਤਾ।
ਸ਼ਾਇਰ
ਜਸਵਿੰਦਰ, ਕੁਲਵਿੰਦਰ, ਕ੍ਰਿਸ਼ਨ ਭਨੋਟ, ਸੁਸ਼ੀਲ ਦੁਸਾਂਝ, ਦਸਮੇਸ਼ ਗਿੱਲ
ਫਿਰੋਜ਼, ਹਰਦਮ ਮਾਨ, ਰਾਜਵੰਤ ਰਾਜ, ਪ੍ਰੀਤ ਮਨਪ੍ਰੀਤ, ਦਵਿੰਦਰ
ਗੌਤਮ, ਗੁਰਮੀਤ ਸਿੱਧੂ, ਪਾਲ ਢਿੱਲੋਂ, ਸਤੀਸ਼ ਗੁਲਾਟੀ, ਮਨਜੀਤ ਕੰਗ,
ਸੁਖਜੀਤ ਕੌਰ, ਨੀਲੂ ਜਰਮਨੀ, ਡਾ. ਗੁਰਮਿੰਦਰ ਸਿੱਧੂ ਅਤੇ ਹਰੀ ਸਿੰਘ
ਤਾਤਲਾ ਦੀ ਖੂਬਸੂਰਤ ਪੇਸ਼ਕਾਰੀ ਨਾਲ ਸਮੁੱਚਾ ਹਾਲ ਕਾਵਿਕ ਖੁਸ਼ਬੂ ਨਾਲ ਮਹਿਕ
ਉੱਠਿਆ।
ਸੰਜੇ ਅਰੋੜਾ ਨੇ ਕ੍ਰਿਸ਼ਨ ਭਨੋਟ ਅਤੇ ਜਗੀਰ ਸੱਧਰ ਦੀਆਂ
ਗ਼ਜ਼ਲਾਂ ਦੀ ਸੁਰਮਈ ਪੇਸ਼ਕਾਰੀ ਨਾਲ ਖੂਬ ਵਾਹ ਵਾਹ ਖੱਟੀ। ਇਸ ਖੂਬਸੂਰਤ
ਮਾਹੌਲ ਵਿਚ ਸਰੋਤਿਆਂ ਨੇ ਲੱਗਭੱਗ ਚਾਰ ਘੰਟੇ ਸ਼ਾਇਰੀ ਦੇ ਸਾਗਰ ਵਿਚ ਖੂਬ
ਤਾਰੀਆਂ ਲਾਈਆਂ ਅਤੇ ਗੰਭੀਰ ਸ਼ਾਇਰੀ ਨੂੰ ਬੇਹੱਦ ਪਿਆਰ ਸਤਿਕਾਰ ਦਿੱਤਾ।
ਪ੍ਰੋਗਰਾਮ ਦੇ ਸੰਚਾਲਕ ਨਈਮ ਲੱਖਨ ਦੀ ਸ਼ਾਇਰਾਨਾ ਤਬੀਅਤ ਅਤੇ ਪੇਸ਼ਕਾਰੀ ਨੇ
ਸਭ ਨੂੰ ਮੋਹ ਲਿਆ।
ਅੰਤ ਵਿਚ ਗ਼ਜ਼ਲ ਮੰਚ ਦੇ ਪ੍ਰਧਾਨ ਅਤੇ ਨਾਮਵਰ
ਸ਼ਾਇਰ ਜਸਵਿੰਦਰ ਨੇ ਗਜ਼ਲ ਮੰਚ ਦੀ ਸਥਾਪਨਾ, ਉਦੇਸ਼ ਤੇ ਥੋੜ੍ਹੇ ਸਮੇਂ ਵਿਚ
ਇਸ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਸ਼ਾਇਰਾਨਾ ਸ਼ਾਮ ਨੂੰ ਭਰਵਾਂ
ਹੁੰਗਾਰਾ ਅਤੇ ਸਹਿਯੋਗ ਦੇਣ ਵਾਲੇ ਸਾਰੇ ਸਹਿਯੋਗੀਆਂ, ਕਵੀਆਂ ਅਤੇ ਹਾਜ਼ਰੀਨ
ਸਰੋਤਿਆਂ ਦਾ ਦਿਲੀ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਪੰਜਾਬੀ ਸ਼ਾਇਰੀ ਲਈ
ਮਾਣਮੱਤੀ ਹੋ ਨਿੱਬੜੀ ਅੱਜ ਦੀ ਸ਼ਾਮ ਦਾ ਸਿਹਰਾ ਅਸਲ ਵਿਚ ਕਵਿਤਾ ਦੇ
ਕਦਰਦਾਨ ਸਰੋਤਿਆਂ ਦੇ ਸਿਰ ਬੱਝਦਾ ਹੈ ਅਤੇ ਗ਼ਜ਼ਲ ਦੇ ਪ੍ਰੇਮੀਆਂ ਦੀ
ਇਹ ਮੁਹੱਬਤ ਸ਼ਾਇਰਾਂ ਦੀ ਕਾਵਿ ਉਡਾਰੀ ਨੂੰ ਹੋਰ ਬੁਲੰਦੀਆਂ ਪ੍ਰਦਾਨ
ਕਰੇਗੀ।
ਵਿਸ਼ੇਸ਼ ਸਹਿਯੋਗੀ ਭੁਪਿੰਦਰ ਮੱਲ੍ਹੀ ਨੇ ਖੂਬਸੂਰਤ ਗ਼ਜ਼ਲ
ਮਹਿਫ਼ਿਲ ਸਜਾਉਣ ਲਈ ਗ਼ਜ਼ਲ ਮੰਚ ਸਰੀ ਦੇ ਸ਼ਾਇਰਾਂ ਦਾ ਧੰਨਵਾਦ ਕੀਤਾ ਅਤੇ
ਕਿਹਾ ਕਿ ਸੁਹਿਰਦ ਸਰੋਤਿਆਂ ਦੇ ਭਰਵੇਂ ਹੁੰਗਾਰੇ ਨੇ ਸਰੀ ਦੇ ਸਾਹਿਤਕ
ਖੇਤਰ ਵਿਚ ਨਵਾਂ ਇਤਿਹਾਸ ਸਿਰਜ ਦਿੱਤਾ ਹੈ। ਇਸ ਮੌਕੇ ਮੰਚ ਵੱਲੋਂ ਮਹਿਮਾਨ
ਸ਼ਾਇਰਾਂ ਅਤੇ ਸਹਿਯੋਗੀਆਂ ਨੂੰ ਯਾਦਗਾਰੀ ਪਲੈਕ ਦੇ ਕੇ ਸਨਮਾਨਿਤ ਕੀਤਾ
ਗਿਆ। ਹਰਦਮ ਮਾਨ ਸਪੈਸ਼ਲ ਰਿਪੋਰਟਰ, ਬੀ.ਸੀ.,
ਕੈਨੇਡਾ ਫੋਨ: +1 604 308 6663 ਈਮੇਲ :
maanbabushahi@gmail.com
|