ਪੰਜਾਬੀ
ਮੰਡਲ ਦੀ ਪਿਛਲੇ ਮਹੀਨੇ ਪੰਜਾਬ ਫੇਰੀ ਅਤੇ ਪੰਜਾਬੀ ਮਾਹ ਦੌਰਾਨ ਪੰਜਾਬ
ਵਿੱਚ ਅਨੇਕਾਂ ਸੈਮੀਨਾਰ ਅਤੇ ਸਮਾਗਮ ਹੋਏ। ਇਹਨਾਂ ਵਿੱਚ ਪੰਜਾਬੀ
ਯੂਨੀਵਰਸਿਟੀ ਪਟਿਆਲ਼ਾ, ਸਰਕਾਰੀ ਕਾਲਜ ਗੁਰਦਾਸਪੁਰ, ਸ਼੍ਰੀ ਹਰਕ੍ਰਿਸ਼ਨ
ਪਬਲਿਕ ਸਕੂਲਾਂ ਦੀ ਸੰਚਾਲਕ ਸੰਸਥਾ ਅਤੇ ਸਿੱਖਾਂ ਦੀ ਸਿਰਮੌਰ ਜਥੇਬੰਦੀ
ਚੀਫ ਖਾਲਸਾ ਦੀਵਾਨ ਅੰਮ੍ਰਿਤਸਰ ਵਿਖੇ ਪੰਜਾਬੀ ਭਾਸ਼ਾ ਦੇ ਵੱਖ ਵੱਖ ਵਿਸ਼ਿਆਂ
'ਤੇ ਵਿਸ਼ੇਸ਼ ਪ੍ਰੋਗਰਾਮ ਕਰਵਾਏ ਗਏ। ਇਨ੍ਹਾਂ ਸਮਾਗਮਾਂ ਵਿੱਚ
ਪੰਜਾਬੀ ਵਿਕਾਸ ਮੰਚ ਵਲੋਂ ਡਾ. ਬਲਦੇਵ ਸਿੰਘ ਕੰਦੋਲਾ, ਸ. ਸਰਦੂਲ ਸਿੰਘ
ਮਾਰਵਾ, ਸ. ਸ਼ਿੰਦਰਪਾਲ ਸਿੰਘ ਮਾਹਲ ਵੱਲੋਂ ਜਿੱਥੇ ਉਚੇਚੇ ਤੌਰ ਤੇ
ਹਾਜ਼ਰੀ ਭਰੀ ਗਈ ਉੱਥੇ ਉਹਨਾਂ ਦੇ ਸਹਿਯੋਗੀ ਤੇ ਪੰਜਾਬੀ ਵਿਕਾਸ ਮੰਚ
ਪੰਜਾਬ ਦੇ ਸਹਿ-ਸੰਚਾਲਕ ਡਾ. ਗੁਰਇਕਬਾਲ ਸਿੰਘ ਕਾਹਲੋਂ. ਡਾ. ਜੋਗਾ ਸਿੰਘ,
ਡਾ. ਰਾਜਵਿੰਦਰ ਸਿੰਘ ਵਲੋਂ ਵੀ ਵਿਸ਼ੇਸ਼ ਯੋਗਦਾਨ ਪਾਇਆ ਗਿਆ। ਸਮਾਗਮਾਂ
ਦੌਰਾਨ ਪੰਜਾਬ ਦੇ ਬੁੱਧੀਜੀਵੀਆਂ ਦੇ ਨਾਲ਼ ਨਾਲ਼ ਪੰਜਾਬੀ ਭਾਸ਼ਾ ਲਈ
ਯਤਨ਼ਸ਼ੀਲ ਚਿੰਤਕਾਂ ਨਾਲ਼ ਉਚੇਚੇ ਸੰਵਾਦ ਰਚਾਏ ਗਏ। ਇਸ ਫੇਰੀ ਦੌਰਾਨ
ਨਟਾਲੀ ਰੰਗ ਮੰਚ ਅਤੇ ਭਾਰਤੀ ਲੋਕ ਰੰਗ ਮੰਚ ਨਾਲ਼ ਜੁੜੇ ਅਦੀਬਾਂ ਨਾਲ
ਵਿਸ਼ੇਸ਼ ਵਿਚਾਰ ਗੋਸ਼ਟੀਆਂ ਹੋਈਆਂ। ਇਸ ਵਿੱਚ ਗੁਰਦਾਸਪੁਰ ਸਰਕਾਰੀ ਕਾਲਜ
ਦੇ ਪ੍ਰਿੰਸੀਪਲ ਡਾ. ਗੁਰਿੰਦਰ ਸਿੰਘ ਕਲਸੀ, ਗੁਰਮੀਤ ਸਿੰਘ ਬਾਜਵਾ,
ਰਸ਼ਪਾਲ ਸਿੰਘ ਘੁੰਮਣ, ਗੁਰਮੀਤ ਸਿੰਘ ਪਾਹੜਾ ਅਤੇ ਰੰਗ ਮੰਚ ਦੀ ਧੜਕਣ ਤੇ
ਲੋਕ ਹਿੱਤਾਂ ਦੀ ਗੱਲ ਕਰਨ ਵਾਲ਼ੇ ਮਹਾਨ ਨਾਟਕ ਲੇਖ ਅਤੇ ਕਲਾਕਾਰ ਡਾ.
ਸਾਹਿਬ ਸਿੰਘ ਨੇ ਉਚੇਚੇ ਤੌਰ ‘ਤੇ ਭਾਗ ਲਿਆ ਅਤੇ ਉਤਸ਼ਾਹ ਸਾਂਝਾ ਕੀਤਾ।
ਇਹਨਾਂ ਹੀ ਸਰਗਰਮੀਆਂ ਦੌਰਾਨ ਚੀਫ ਖਾਲਸਾ ਦੀਵਾਨ ਦੇ ਮੁੱਖ ਸਕੂਲ,
ਜੀ.ਟੀ. ਰੋਡ ਅੰਮ੍ਰਿਤਸਰ ਸ਼ਹਿਰ ਵਿਖੇ ਵਿਸ਼ੇਸ਼ ਸਮਾਗਮ ਰਚਾਇਆ ਗਿਆ ਜਿਸ
ਵਿੱਚ ਪੰਜਾਬ ਦੇ ਸ਼੍ਰੀ ਹਰਕ੍ਰਿਸ਼ਨ ਪਬਲਿਕ ਦੇ ਵੱਖ ਵੱਖ ਸਕੂਲਾਂ ਦੇ
ਅਧਿਆਪਕਾਂ ਨੇ ਉਚੇਚੇ ਤੌਰ 'ਤੇ ਭਾਗ ਲਿਆ। ਇਸ ਪ੍ਰੋਗਰਾਮ ਦੌਰਾਨ ਪੰਜਾਬੀ
ਵਿਕਾਸ ਮੰਚ ਯੂ.ਕੇ ਵਲੋਂ ਸ. ਬਲਦੇਵ ਸਿੰਘ ਕੰਦੋਲਾ, ਸਰਦੂਲ ਸਿੰਘ ਮਾਰਵਾ
ਐੱਮ.ਬੀ.ਈ ਤੇ ਸ਼ਿੰਦਰਪਾਲ ਸਿੰਘ ਮਾਹਲ ਨੇ ਪੰਜਾਬੀ ਦੇ ਤਕਨੀਕੀ ਵਿਕਾਸ,
ਸ਼ੁੱਧ ਉਚਾਰਨ ਅਤੇ ਪੰਜਾਬੀ ਭਾਸ਼ਾ ਨੂੰ ਦਰਪੇਸ਼ ਚੁਣੌਤੀਆਂ ਅਤੇ ਉਨ੍ਹਾਂ
ਦੇ ਹੱਲ ਦੇ ਵਿਸ਼ੇ ਨੂੰ ਲੈ ਕੇ, ਕੰਪਿਊਟਰ ਦੀ ਵਰਤੋਂ ਅਤੇ ਤਰਕ ਸਹਿਤ ਆਪੋ
ਆਪਣੇ ਵਿਚਾਰ ਸਾਂਝੇ ਕੀਤੇ ਜਿਹਨਾਂ ਨੂੰ ਸਾਰੇ ਸਰੋਤਿਆਂ ਬਹੁਤ ਹੀ ਰੀਝ
ਅਤੇ ਨੀਝ ਨਾਲ਼ ਸੁਣਿਆ। ਪ੍ਰੋਗਰਾਮ ਦੌਰਾਨ ਪੰਜਾਬੀ ਵਿਕਾਸ ਮੰਚ
ਯੂ.ਕੇ ਵੱਲੋਂ ਚੀਫ ਖਾਲਸਾ ਦਿਵਾਨ ਦੇ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਜਰ
ਜੀ ਨੂੰ ਵਿਸ਼ੇਸ਼ ਯਾਦਗਾਰੀ ਭੇਂਟ ਚਿੰਨ੍ਹ ਅਤੇ ਲੋਈ ਨਾਲ਼ ਸਨਮਾਨਿਤ ਕੀਤਾ
ਗਿਆ। ਡਾ. ਨਿੱਜਰ ਜੀ ਨੇ ਜਿੱਥੇ ਪੰਜਾਬੀ ਵਿਕਾਸ ਮੰਚ ਯੂ.ਕੇ (ਪਵਿਮ) ਦੇ
ਉਪਰਲਿਆਂ ਲਈ ਧੰਨਵਾਦ ਕੀਤਾ ਉੱਥੇ ਪੰਜਾਬੀ ਦੀ ਸੰਭਾਲ਼ ਤੇ ਤਰੱਕੀ ਲਈ
ਮੁੱਖ ਮੰਤਰੀ ਭਗਵੰਤ ਮਾਨ ਜੀ ਅਤੇ ਪੰਜਾਬ ਸਰਕਾਰ ਦੇ ਯਤਨਾਂ ਅਤੇ
ਪ੍ਰਤੀਬੱਧਤਾ ਦਾ ਅਹਿਦ ਵੀ ਦਰਸ਼ਕ ਸਰੋਤਿਆਂ ਨਾਲ਼ ਸਾਂਝਾ ਕੀਤਾ। ਉਨ੍ਹਾਂ
ਨੇ ਪਵਿਮ ਵੱਲੋਂ ਤਿਆਰ ਕੀਤੇ ਪੰਜਾਬੀ ਯੂਨੀਕੋਡ ਕੀਬੋਰਡ ਦੀ ਸ਼ਲਾਘਾ
ਕਰਦਿਆਂ ਇਸਦੀ ਵਰਤੋਂ ਨੂੰ ਚੀਫ ਖਾਲਸਾ ਦਿਵਾਨ ਦੇ ਸਾਰੇ ਸਕੂਲਾਂ ਵਿੱਚ
ਸ਼ੁਰੂ ਕਰਨ ਦਾ ਵੀ ਭਰੋਸਾ ਦਿਵਾਇਆ।
ਫੇਰੀ ਦੌਰਾਨ ਪੰਜਾਬੀ ਯੂਨੀਵਰਸਿਟੀ ਪਟਿਆਲ਼ਾ ਵਿਖੇ ਉੱਪ-ਕੁੱਲਪਤੀ ਪ੍ਰੋ.
ਅਰਵਿੰਦ ਨਾਲ਼ ਵਿਸ਼ੇਸ਼ ਵਿਚਾਰ ਗੋਸ਼ਟੀਆਂ ਹੋਈਆਂ। ਯੂਨੀਵਰਸਿਟੀ ਵਿਖੇ
ਵਿਗਿਆਨ ਅਤੇ ਤਕਨੀਕੀ ਸ਼ਬਦਾਵਲੀ ਦੇ ਅਹਿਮ ਵਿਸ਼ੇ ਉੱਤੇ ਇੱਕ ਰੋਜ਼ਾ
ਕਾਰਜਸ਼ਾਲਾ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਸਾਰੇ ਵਿਭਾਗਾਂ ਦੇ ਮੁਖੀਆਂ
ਸਮੇਤ ਸਾਰੇ ਅਧਿਆਪਨ ਅਮਲੇ ਨੇ ਬਹੁਤ ਹੀ ਉਤਸ਼ਾਹ ਨਾਲ਼ ਭਾਗ ਲਿਆ। ਇਸ
ਕਾਰਜਸ਼ਾਲਾ ਦੇ ਪ੍ਰਬੰਧ ਦਾ ਸਿਹਰਾ ਡਾ. ਰਾਜਵਿੰਦਰ ਸਿਰ ਬੱਝਦਾ ਹੈ।
ਪ੍ਰਧਾਨਗੀ ਦੀ ਸੇਵਾ ਡਾ. ਰਾਜਿੰਦਰਪਾਲ ਸਿੰਘ ਬਰਾੜ, ਡੀਨ ਭਾਸ਼ਾਵਾਂ ਵਲੋਂ
ਨਿਭਾਈ ਗਈ। ਯਾਦ ਰਹੇ ਕੇਂਦਰ ਸਰਕਾਰ ਵਲੋਂ ਪੰਜਾਬੀ ਭਾਸ਼ਾ ਵਿੱਚ ਵਿਗਿਆਨ
ਅਤੇ ਤਕਨੀਕ ਸ਼ਬਦਵਲੀ ਨੂੰ ਹੱਲਾ-ਸ਼ੇਰੀ ਦੇਣ ਲਈ ਵਿਸ਼ੇਸ਼ ਆਯੋਗ ਦੀ ਸਿਰਜਣਾ
ਕੀਤੀ ਜਾ ਚੁੱਕੀ ਹੈ ਅਤੇ ਇਸ ਤੋਂ ਪਹਿਲਾਂ ਵੀ ਇਸ (CSTT) ਆਯੋਗ ਵਲੋਂ
ਯੂਨੀਵਰਸਿਟੀ ਵਿਖੇ ਅਜਿਹੀਆਂ ਕਈ ਕਾਰਜਸ਼ਾਲਾਵਾਂ ਦਾ ਪ੍ਰਬੰਧ ਕੀਤਾ ਜਾ
ਚੁੱਕਾ ਹੈ। ਪੰਜਾਬੀ ਵਿਕਾਸ ਮੰਚ ਵਲੋਂ ਚੰਡੀਗੜ੍ਹ ਪ੍ਰੈੱਸ
ਕਲੱਬ ਦੇ ਸਹਿਯੋਗ ਨਾਲ਼ ਵਿਸ਼ੇਸ਼ ਪ੍ਰੈੱਸ ਕਾਨਫ੍ਰੰਸ ਅਯੋਜਤ ਕੀਤੀ ਗਈ। ਜਿਸ
ਵਿੱਚ ਪੰਜਾਬ ਦੀਆਂ ਨਾਮੀ ਅਖਬਾਰਾਂ, ਟੀਵੀ, ਫੇਸਬੁੱਕ ਅਤੇ ਯੂਟਿਊਬ
ਚੈਨਲਾਂ ਨੇ ਸ਼ਿਰਕਤ ਕੀਤੀ। ਇਸ ਪ੍ਰੈੱਸ ਕਾਨਫ੍ਰੰਸ ਦਾ ਪ੍ਰਬੰਧ ਡਾ. ਜੋਗਾ
ਸਿੰਘ ਅਤੇ ਪੰਜਾਬੀ ਭਾਸ਼ਾ ਨੂੰ ਸਮਰਪਿਤ ਦੀਪਕ ਸ਼ਰਮਾ (ਚਨਾਰਥਲ) ਦੇ ਸਹਿਯੋਗ
ਨਾਲ਼ ਹੋਇਆ। ਪੰਜਾਬੀ ਮੰਡਲ ਵਲੋਂ ਆਪਣੀਆਂ ਗੱਲਾਂ ਦੇ ਨਾਲ਼ ਪ੍ਰਜੈਕਟਰ ਦੀ
ਮੱਦਦ ਨਾਲ਼ ਪਰਦੇ ਉੱਤੇ ਢੁਕਵੀਆਂ ਅਤੇ ਪ੍ਰਭਾਵਸ਼ਾਲੀ ਤਸਵੀਰਾਂ ਦਿਖਾਉਣ ਦਾ
ਸਾਰੇ ਹੀ ਪੱਤਰਕਾਰਾਂ ਉੱਤੇ ਪ੍ਰਭਾਵਸ਼ਾਲੀ ਅਸਰ ਦੇਖਣ ਨੂੰ ਮਿਲ਼ਿਆ। ਹਰ ਇੱਕ
ਨੂੰ ਵਧੀਆ ਅਹਿਸਾਸ ਹੋਇਆ ਕਿ ਪੰਜਾਬੀ ਭਾਸ਼ਾ ਦੇ ਮਿਆਰੀ ਕੀਬੋਰਡ ਨਾਲ਼
ਪੰਜਾਬੀ ਭਾਸ਼ਾ ਵੀ ਅਧੁਨਿਕ ਤਕਨੀਕ ਦੇ ਖੇਤਰ ਵਿੱਚ ਕਿਸੇ ਤੋਂ ਪਿੱਛੇ ਨਹੀਂ
ਹੈ। ਡਾ. ਕੰਦੋਲਾ ਨੇ ਸਭ ਨੂੰ ਮਿਆਰੀ ਪੰਜਾਬੀ ਕੀਬੋਰਡ ਵਰਤਣ ਅਤੇ ਦੇ
ਪੰਜਾਬੀ ਦੇ ਵਿਕਾਸ ਵਿੱਚ ਬਣਦਾ ਯੋਗਦਾਨ ਪਾਉਣ ਦੀ ਸਲਾਹ ਦਿੱਤੀ।
ਪ੍ਰੈੱਸ ਰਿਪੋਰਟਰਾਂ ਵਲੋਂ ਪੰਜਾਬੀ ਭਾਸ਼ਾ ਦੇ ਵਿਸ਼ੇ ਨੂੰ ਲੈ ਕਿ ਰਲ਼ਿਆ
ਮਿਲ਼ਿਆ ਪ੍ਰਭਾਵ ਰਿਹਾ। ਪੰਜਾਬੀ ਭਾਸ਼ਾ ਵਿੱਚ ਆ ਰਹੇ ਵਿਗਾੜ ਦੀ ਗੱਲ ਚੱਲੀ
ਤਾਂ ਡਾ. ਬਲਦੇਵ ਕੰਦੋਲਾ ਜੀ ਦੇ ਕੁੱਝ ਪੰਜਾਬੀ ਚੈਨਲਾਂ ਦੇ ਨਾਮ ਪੰਜਾਬੀ
ਦੀ ਥਾਂ ਪਰਾਈ ਭਾਸ਼ਾ ਵਿੱਚ ਹੋਣ 'ਤੇ ਸਾਂਝੇ ਕੀਤੇ ਪ੍ਰਤੀਕ੍ਰਮ ਸੁਣਕੇ ਕਈ
ਇੱਕ ਦਮ ਸ੍ਵੈ-ਰੱਖਿਅਕ ਬਣ ਗਏ। ਕਈ ਪੱਤਰਕਾਰਾਂ ਦੀ ਗੱਲਬਾਤ ਵਿੱਚ ਪੰਜਾਬੀ
ਮੰਡਲ ਦੇ ਮੈਂਬਰਾਂ ਦੀ ਨਿਸਬਤ ਵੱਧ ਅੰਗਰੇਜੀ ਦੇ ਸ਼ਬਦਾਂ ਦੀ ਭਰਮਾਰ ਸੀ।
ਉਹ ਅੰਗਰੇਜੀ ਸ਼ਬਦਾਂ ਨੂੰ ਸਹੀ ਠਹਿਰਾਉਣ ਲਈ ਬਜਿਦ ਰਹੇ ਜਿਸ ਕਾਰਨ ਕੁੱਝ
ਬਹਿਸ ਵੀ ਹੋਈ ਜਿਸਦੇ ਪੰਜਾਬੀ ਮੰਡਲ ਦੀ ਟੀਮ ਨੇ ਤਰਕਸ਼ੀਲ ਭਾਸ਼ਾ ਵਿੱਚ
ਜਵਾਬ ਦਿੱਤੇ। ਬਹੁਤਿਆਂ ਨੇ ਪ੍ਰਵਾਸੀ ਪੰਜਾਬੀ ਮੰਡਲ ਦੇ ਏਸ ਯਤਨ ਅਤੇ
ਉੱਦਮ ਦੀ ਸ਼ਲਾਘਾ ਕੀਤੀ ਕਿ ਉਹ ਅੱਧੀ ਸਦੀ ਤੋਂ ਵਿਦੇਸ਼ਾਂ ਵਿੱਚ ਰਹਿੰਦੇ
ਹੋਏ ਵੀ ਆਪਣੇ ਪਿਤਾ ਪੁਰਖੀ ਪੰਜਾਬ ਦੀ ਧਰਾਤਲ ਅਤੇ ਆਪਣੀ ਮਾਂ ਬੋਲੀ ਨਾਲ਼
ਜੁੜੇ ਹੀ ਨਹੀਂ ਸਗੋਂ ਇਸ ਵਿੱਚ ਆ ਰਹੇ ਨਿਘਾਰ ਕਾਰਨ ਚਿੰਤਤ ਹਨ। ਲੱਗਭੱਗ
ਹਰ ਚੈਨਲ ਦੀ ਟੀਮ ਨੇ ਪ੍ਰਵਾਸੀ ਮੰਡਲ ਦੇ ਹਰ ਪ੍ਰਤੀਨਿੱਧ, ਸਮੇਤ ਡਾ.
ਜੋਗਾ ਸਿੰਘ ਨਾਲ਼ ਆਪੋ ਆਪਣੇ ਲਹਿਜੇ ਵਿੱਚ ਇੰਟਰਵਿਊ ਕੀਤੇ। ਇਸ ਕਾਨਫ੍ਰੰਸ
ਦਾ ਕੁੱਲ ਪ੍ਰਭਾਵ ਵਧੀਆ ਰਿਹਾ। ਪ੍ਰਵਾਸੀ ਪੰਜਾਬੀ ਮੰਡਲ ਵਲੋਂ
ਜਿੱਥੇ ਉਪ੍ਰੋਕਤ ਸਰਗਰਮੀਆਂ ਨੂੰ ਅੰਜਾਮ ਦੇਣ ਲਈ ਯਤਨ ਕੀਤੇ ਗਏ, ਉੱਥੇ
ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ (ਸ਼੍ਰੋਗੁਪ੍ਰਕ) ਦੇ ਪ੍ਰਧਾਨ
ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨਾਲ਼ ਵਿਸ਼ੇਸ਼ ਬੈਠਕ ਕੀਤੀ। ਸ. ਧਾਮੀ ਨੇ
ਸ਼੍ਰੋਗੁਪ੍ਰਕ ਦੇ ਸਿੱਖਿਆ ਵਿਭਾਗ ਦੇ ਸੰਚਾਲਕ ਸ ਸੁਖਮਿੰਦਰ ਸਿੰਘ ਨਾਲ਼ ਵੀ
ਪੰਜਾਬੀ ਭਾਸ਼ਾ ਨੂੰ ਦਰਪੇਸ਼ ਸਮੱਸਿਆਵਾਂ ਨੂੰ ਲੈ ਕੇ ਗੰਭੀਰ ਵਿਚਾਰ
ਵਟਾਂਦਰਾ ਕੀਤਾ। ਇਹ ਬੈਠਕ ਸ਼੍ਰੋਗੁਪ੍ਰਕ ਦੇ ਚੰਡੀਗੜ੍ਹ ਵਿਖੇ ਸੈਕਟਰ 5
ਵਿੱਚ ਸਥਿੱਤ ਦਫਤਰ ਵਿੱਚ ਕੀਤੀ ਗਈ। ਇਸਤੋਂ ਇਲਾਵਾ ਭਾਸ਼ਾ ਵਿਭਾਗ ਦੇ
ਸਹਿ-ਸਯੋਜਕ ਮੁੱਖੀ ਸ਼੍ਰੀਮਤੀ ਵੀਰਪਾਲ ਕੌਰ ਜੀ ਨਾਲ਼, ਉਨ੍ਹਾਂ ਦੀਆਂ
ਸਰਗਰਮੀਆਂ ਕਾਰਨ ਫੋਨ ਉੱਤੇ ਹੀ ਦੋ ਵਾਰ ਵਿਚਾਰ ਵਟਾਂਦਰਾ ਹੋਇਆ। ਉਹਨਾਂ
ਨੇ ਪੰਜਾਬ ਸਰਕਾਰ ਵਲੋਂ ਸ਼੍ਰੀਮਤੀ ਜਸਪ੍ਰੀਤ ਤਲਵਾੜ ਪ੍ਰਮੁੱਖ ਸਕੱਤਰ
ਉਚੇਰੀ ਸਿੱਖਿਆ ਪੰਜਾਬ ਰਾਹੀਂ ਅਤੇ ਭਾਸ਼ਾ ਵਿਭਾਗ ਵਲੋਂ ਪੰਜਾਬੀ ਪ੍ਰਤੀ
ਪ੍ਰਤੀਬੱਧਤਾ ਦੀ ਗੱਲ ਵਾਰ ਵਾਰ ਦੁਹਰਾਈ। ਪਰ ਪੰਜਾਬੀ ਮੰਡਲ ਨੂੰ ਇਸ ਗੱਲ
ਦੀ ਹੈਰਾਨੀ ਵੀ ਹੋਈ ਕਿ 30 ਨਵੰਬਰ ਨੂੰ ਕਰਵਾਏ ਗਏ ਰਾਜ ਪੱਧਰਾ ਪੰਜਾਬੀ
ਸਮਾਗਮ ਦੀ ਪ੍ਰਧਾਨਗੀ ਕਰਨ ਲਈ ਪੰਜਾਬ ਸਰਕਾਰ ਕੋਲ਼ ਕਈ ਵੀ ਕੈਬਨਿਟ ਰੈਂਕ
ਦਾ ਮੰਤਰੀ ਉਪਲਬਧ ਨਹੀਂ ਸੀ। ਯਾਦ ਰਹੇ ਇਸ ਸਮਾਗਮ ਲਈ ਘਨੌਰ ਦੇ
ਮਸ਼ਹੂਰ ਕਬੱਡੀ ਖਿਡਾਰੀ ਐਮ.ਐਲ਼.ਏ ਗੁਰਲਾਲ ਸਿੰਘ ਨੂੰ ਪ੍ਰਧਾਨਗੀ ਕਰਨ ਲਈ
ਚੁਣਿਆ ਗਿਆ। ਜਿਸ ਕਰਕੇ ਪੰਜਾਬੀ ਪੰਡਲ ਦੇ ਪ੍ਰਤੀਨਿਧਾਂ ਨੇ ਸਮਾਗਮ ਵਿੱਚ
ਸ਼ਿਰਕਤ ਕਰਨ ਦਾ ਆਪਣਾ ਫੈਸਲਾ ਤਿਆਗ ਦਿੱਤਾ। ਪੰਜਾਬ ਦੇ ਲੱਗਭੱਗ
ਸਾਰੇ ਹੀ ਵਿੱਦਿਅਕ ਅਦਾਰਿਆਂ ਨੇ ਪੰਜਾਬ ਵਿੱਚ ਪੰਜਾਬੀ ਭਾਸ਼ਾ ਨੂੰ
ਦਰਪੇਸ਼ ਨਿਘਾਰ ਬਾਰੇ ਚਿੰਤਾ ਜ਼ਾਹਰ ਕੀਤੀ ਕਿ ਲਗਭਗ ਸਾਰੇ ਮਾਪੇ ਹੀ ਆਪਣੇ
ਬੱਚਿਆਂ ਨੂੰ ਪੰਜਾਬੀ ਪੜ੍ਹਾਉਣ ਤੋਂ ਕੰਨੀ ਕਤਰਾਉਣ ਲੱਗ ਪਏ ਹਨ। ਇੱਥੋਂ
ਤੱਕ ਵੀ ਕਈ ਮਾਪਿਆਂ ਨੇ ਇਤਰਾਜ਼ ਕੀਤਾ ਕਿ ਉਹ ਏਨੀਆਂ ਫ਼ੀਸਾਂ ਭਰਦੇ ਹਨ
ਪਰ ਜੇ ਉਨ੍ਹਾਂ ਦੇ ਬੱਚਿਆਂ ਨੂੰ ਪੰਜਾਬੀ ਹੀ ਪੜ੍ਹਾਉਣੀ ਹੈ ਤਾਂ ਉਹ ਆਪਣੇ
ਬੱਚੇ ਉਸ ਸਕੂਲ ਵਿੱਚ ਨਹੀਂ ਭੇਜਣਗੇ। ਕਈ ਸਕੂਲਾਂ ਦੇ ਮੁਖੀਆਂ ਨੇ ਦੱਸਿਆ
ਕਿ ਮਾਪੇ ਇਤਰਾਜ਼ ਕਰਦੇ ਹਨ ਕਿ ਸਕੂਲ ਵਿੱਚ ਜੇ ਬੱਚਿਆਂ ਨੂੰ ਪੰਜਾਬੀ
ਲਿਖਣ ਪੜ੍ਹਨ ਅਤੇ ਬੋਲਣ ਨਾ ਰੋਕਿਆ ਗਿਆ ਤਾਂ ਬੱਚੇ ਅੰਗ੍ਰੇਜੀ ਕਿਵੇਂ
ਪੜਣਗੇ? ਇਸ ਗੱਲ ਤੋਂ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ
ਪੰਜਾਬੀ ਲੋਕਾਂ ਦੀ ਮਾਨਸਿਕਤਾ ਵੱਡਾ ਨਿਘਾਰ ਆ ਚੁੱਕਾ ਹੈ। ਇਸ ਵਿਸ਼ੇਸ਼
ਨਿਘਾਰ ਦਾ ਸ਼ਿਕਾਰ ਪੰਜਾਬੀ ਭਾਈਚਾਰੇ ਦਾ ਮੱਧ ਅਤੇ ਉੱਪਰਲਾ ਵਰਗ ਹੀ ਹੋਇਆ
ਹੈ।
ਫੇਰੀ ਦੌਰਾਨ ਅਨੇਕਾਂ ਪੰਜਾਬੀ ਪਿਆਰਿਆਂ ਨਾਲ਼ ਜਾ ਜਾ
ਕੇ ਮੁਲਾਕਾਤਾਂ ਕੀਤੀਆਂ। ਲੁਧਿਆਣੇ ਪਹੁੰਚ ਡਾ. ਸਰਦਾਰਾ ਸਿੰਘ ਜੌਹਲ਼ ਤੇ
ਜਨਮੇਜਾ ਸਿੰਘ ਨਾਲ਼ ਮਿਲ਼ਣੀ ਹੋਈ। ਖੰਨੇ ਪਹੁੰਚ ਕੇ ਅਜੀਤ ਅਖਬਾਰ ਦੇ
ਸ਼੍ਰੋਮਣੀ ਪੱਤਰਕਾਰ ਅਤੇ ਕਵੀ ਸ. ਹਰਜਿੰਦਰ ਸਿੰਘ ਲਾਲ ਅਤੇ ਸ. ਬਲਵੀਰ
ਸਿੰਘ ਰਾਜੇਵਾਲ ਨਾਲ਼ ਬੈਠਕ ਹੋਈ। ਬੁੱਧ ਸਿੰਘ ਨੀਲੋਂ ਨੂੰ ਸਾਹਨੇਵਾਲ ਘੇਰ
ਕੇ ਭਾਸ਼ਾ ਵਿਭਾਗ ਵਿੱਚ ਸਨਮਾਨ ਦੌੜ ਅਤੇ ਫਰਜੀ ਪੀ.ਐੱਚ.ਡੀਆਂ ਉੱਤੇ ਚਰਚਾ
ਕੀਤੀ। ਇਸੇ ਤਰਾਂ ਪੰਜਾਬੀ ਭਾਸ਼ਾ ਦੇ ਵਿਸ਼ੇ ਨੂੰ ਲੈ ਕੇ ਮੰਡਲ ਵਲੋਂ ਡਾ.
ਧਰਮਵੀਰ ਗਾਂਧੀ, ਡਾ. ਪਿਆਰੇ ਲਾਲ ਗਰਗ, ਡਾ. ਸ਼ਿਆਮ ਸੁੰਦਰ ਦੀਪਤੀ, ਡਾ.
ਗੁਰਮਿੰਦਰ ਸਿੱਧੂ, ਡਾ. ਹਰਸ਼ਿੰਦਰ ਕੌਰ, ਡਾ. ਗੁਰਪਾਲ ਸਿੰਘ ਨਾਲ਼ ਵੀ
ਪੰਜਾਬੀ ਵਿੱਚ ਵਗਿਆਨ ਅਤੇ ਡਾਕਟਰੀ ਵਿਸ਼ਿਆਂ ਬਾਰੇ ਬੜੇ ਉਸਾਰੂ, ਸਾਰਥਕ,
ਰੌਚਕ ਤੇ ਉਤਸ਼ਾਹੀ ਵਾਰਤਾਲਾਪ ਹੋਏ।
ਪੰਜਾਬੀ ਭਵਨ ਲੁਧਿਆਣਾ
ਪਹੁੰਚ ਕੇ ਡਾ. ਜੋਗਾ ਸਿੰਘ ਜੀ ਦੇ ਉੱਦਮ ਸਦਕਾ ਕੇਂਦਰੀ ਲਿਖਾਰੀ ਸਭਾ ਦੇ
ਸਾਰੇ ਮੈਂਬਰ ਲਿਖਾਰੀਆਂ ਨਾਲ਼ ਵੀ ਪੰਜਾਬੀ ਮੰਡਲ ਦੀ ਉਸਾਰੂ ਬੈਠਕ ਅਤੇ
ਚਰਚਾ ਗੋਸ਼ਟੀ ਹੋਈ - ਸਾਰਥਕ ਵਿਚਾਰਾਂ ਹੋਈਆਂ। ਇਸ ਚਰਚਾ ਗੋਸ਼ਟੀ ਵਿੱਚ
ਸ਼੍ਰੀ ਦਰਸ਼ਨ ਬੁੱਟਰ, ਸੁਖਦੇਵ ਸਿੰਘ ਸਿਰਸਾ, ਸੁਸ਼ੀਲ ਦੁਸਾਂਝ, ਸੁਰਜੀਤ
ਬਰਾੜ, ਕਰਮਜੀਤ ਜੀ ਤੋਂ ਇਲਾਵਾ ਹੋਰ ਬੁਹਤ ਸਾਰੇ ਲਿਖਾਰੀਆਂ ਸਰਗਰਮ ਭਾਗ
ਲਿਆ। ਡਾ. ਬਲਦੇਵ ਕੰਦੋਲਾ ਨੇ ਅਰੰਭਕ ਸ਼ਬਦਾਂ ਕਿ "ਪੰਜਾਬੀ ਲਿਖਾਰੀ ਵਰਗ
ਨੇ ਪੰਜਾਬੀ ਦੇ ਬਚਾਅ ਲਈ ਕੋਈ ਠੋਸ ਕਦਮ ਨਹੀਂ ਚੁੱਕੇ..." ਨਾਲ਼ ਚਰਚਾ ਦਾ
ਅਰੰਭ ਕੀਤਾ। ਸੁਸ਼ੀਲ ਦੁਸਾਂਝ ਹੁਣਾਂ ਮੰਨਿਆ ਕਿ, "ਅਸੀਂ ਪੰਜਾਬੀ ਬੋਲੀ
ਅਤੇ ਭਾਸ਼ਾ ਦੀ ਲੜਾਈ ਨੂੰ ਲੋਕ ਲੜਾਈ ਵਿੱਚ ਤਬਦੀਲ ਨਹੀਂ ਕਰ ਪਾਏ।" ਜਿਸਦੇ
ਅੱਗੇ ਜਾ ਕੇ ਉਹਨਾਂ ਨੇ ਕਈ ਕਾਰਨ ਅਤੇ ਭਾਸ਼ਾ ਨਾਲ਼ ਜੁੜੇ ਹੋਰ ਵੀ ਕਈ
ਮੁੱਦੇ ਸਾਂਝੇ ਕੀਤੇ ਅਤੇ ਨਾਲ਼ ਹੀ ਕੌੜੀ ਸੱਚਾਈ ਬਿਆਨ ਕੀਤੀ ਕਿ ਪੰਜਾਬੀ
ਬੰਦਾ ਪੰਜਾਬੀ ਨੂੰ ਛੱਡ ਰਿਹਾ ਹੈ ਪਰ ਦੂਜੇ ਪਾਸੇ ਅੰਤਰਰਾਜੀ ਮਜ਼ਦੂਰ ਬੱਲ,
ਜੋ ਦੇਸ਼ ਦੀ ਰੀੜ੍ਹ ਹਨ, ਪੰਜਾਬੀ ਨੂੰ ਅਪਨਾ ਰਹੇ ਹਨ ਅਤੇ ਉਹਨਾਂ ਦੇ ਬੱਚੇ
ਹੀ ਸਰਕਾਰੀ ਸਕੂਲਾਂ ਵਿੱਚ ਪੜ੍ਹਨ ਜਾ ਰਹੇ ਹਨ। ਆਪਣੇ ਆਪ ਵਿੱਚ ਇਹ ਸੰਵਾਦ
ਉਸਾਰੂ ਹੋਣ ਦੇ ਨਾਲ਼ ਪੰਜਾਬੀ ਦੇ ਭਵਿੱਖ ਦੇ ਬੂਹੇ ਖੋਲ੍ਹਣ ਵਿੱਚ ਬੜਾ
ਕਾਰਗਰ ਸਿੱਧ ਹੋਇਆ।
ਕੁੱਲ ਮਿਲ਼ਾ ਕੇ ਪੰਜਾਬੀ ਮੰਡਲ ਲਈ ਇਹ ਫੇਰੀ ਬੜੀ ਲਾਹੇਬੰਦ
ਰਹੀ। ਇਸ ਦੌਰਾਨ ਸਰਕਾਰੀ ਅਤੇ ਰਾਜਨੀਤਕ ਆਗੂਆਂ, ਆਮ ਪੰਜਾਬੀ ਜਨਤਾ, ਸਮਾਜ
ਸੇਵੀ ਸੰਸਥਾਵਾਂ ਦੇ ਨਾਲ਼ ਵਿੱਦਿਆਕ ਅਦਾਰਿਆਂ ਵਿੱਚ ਨੌਕਰੀ ਕਰਨ ਵਾਲ਼ੇ
ਪੰਜਾਬੀਆਂ ਨੂੰ ਮਿਲ਼ਣ ਅਤੇ ਪੰਜਾਬੀ ਭਾਸ਼ਾ ਦੇ ਮੁੱਦੇ ਨੂੰ ਲੈ ਕੇ ਉਹਨਾਂ
ਦੇ ਨਿੱਜੀ ਵਿਚਾਰ ਅਤੇ ਤਜਰਬੇ ਸਾਂਝੇ ਕਰਨ ਦਾ ਮੌਕਾ ਮਿਲ਼ਿਆ।
|