ਸਰੀ,
10 ਮਈ (ਪੱਤਰ ਪ੍ਰੇਰਕ)- 'ਵੈਨਕੂਵਰ ਵਿਚਾਰ ਮੰਚ' ਵੱਲੋਂ ਸਾਲੱਗ ਗੋਸ਼ਟੀ
ਲੜੀ ਦੇ ਅੰਤਰਗਤ ‘21ਵੀਂ ਸਦੀ ਦਾ ਪਰਵਾਸੀ ਪੰਜਾਬੀ ਕਾਵਿ: ਇਕ ਸੰਵਾਦ’
ਵਿਸ਼ੇ ਉੱਪਰ ਅੰਤਰ-ਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ, ਜਿਸ ਵਿੱਚ ਚੜ੍ਹਦੇ
ਅਤੇ ਲਹਿੰਦੇ ਪੰਜਾਬ ਦੇ ਚਿੰਤਕਾਂ ਵੱਲੋਂ ਆਲੋਚਨਾਤਮਕ ਪਰਚੇ ਪੇਸ਼ ਕੀਤੇ
ਗਏ।
ਗੋਸ਼ਟੀ ਦਾ ਆਗ਼ਾਜ਼ ਮੰਚ ਦੇ ਪ੍ਰਧਾਨ ਜਰਨੈਲ ਸਿੰਘ ਆਰਟਿਸਟ
ਨੇ ਮੰਚ ਦੀ ਕਾਰਗੁਜਾਰੀ ਬਾਰੇ ਦਸਦਿਆਂ ਕਿਹਾ ਕਿ ਇਹ ਮੰਚ ਮੁੱਢ ਤੋਂ ਹੀ
ਗੁਰੂ ਨਾਨਕ ਸਾਹਿਬ ਦੇ ਕਥਨ ‘ਜਬ ਲਗੁ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ
ਕਿਛੁ ਕਹੀਐ’ ਮੁਤਾਬਿਕ ਸੰਵਾਦ ਪਰੰਪਰਾ ਜਾਰੀ ਰੱਖਣ ਲਈ ਗਤੀਸ਼ੀਲ ਰਿਹਾ
ਹੈ। ਉਨ੍ਹਾਂ ਮੰਚ ਵੱਲੋਂ ਸਮੇਂ-ਸਮੇਂ ’ਤੇ ਵਿਦਵਾਨਾਂ ਨਾਲ ਕੀਤੀਆਂ ਗਈਆਂ
ਗੋਸ਼ਟੀਆਂ ਬਾਰੇ ਜਾਣਕਾਰੀ ਦਿੱਤੀ ਅਤੇ ਗੋਸ਼ਟੀ ਵਿਚ ਸ਼ਿਰਕਤ ਕਰਨ ਵਾਲਿਆਂ
ਨੂੰ ਜੀ ਆਇਆਂ ਕਿਹਾ। ਰਸਮੀ ਸਵਾਗਤ ਉਪਰੰਤ ਮੰਚ
ਦੇ ਜਨਰਲ ਸਕੱਤਰ ਮੋਹਨ ਗਿੱਲ ਨੇ ਦੱਸਿਆ ਕਿ ਇਸ ਗੋਸ਼ਟੀ ਦਾ ਮੁੱਖ ਮਕਸਦ
ਭਾਰਤੀ ਪੰਜਾਬੀ ਅਤੇ ਪਾਕਿਸਤਾਨੀ ਪੰਜਾਬੀ ਖੋਜਾਰਥੀਆਂ ਨੂੰ ਪਰਵਾਸੀ
ਪੰਜਾਬੀ ਸਾਹਿਤ ਦੇ ਨਾਲ ਜੋੜਨ ਅਤੇ ਨਵੀਂ ਸਾਹਿਤਕ ਖੋਜ ਨੂੰ ਹੱਲਾਸ਼ੇਰੀ
ਦੇਣਾ ਹੈ। ਉਹਨਾਂ ਗੋਸ਼ਟੀ ਦੇ ਮੁੱਖ ਮਹਿਮਾਨ ਰਵਿੰਦਰ ਰਵੀ, ਪ੍ਰਧਾਨਗੀ
ਮੰਡਲ ਡਾ. ਸੁਖਦੇਵ ਸਿੰਘ ਸਿਰਸਾ ਅਤੇ ਡਾ.ਨਰੇਸ਼ ਕੁਮਾਰ ਦੀਆਂ ਅਕਾਦਮਿਕ
ਅਤੇ ਸਾਹਿਤਕ ਪ੍ਰਾਪਤੀਆਂ ਉਪਰ ਵੀ ਰੋਸ਼ਨੀ ਪਾਈ।
ਮੁੱਖ ਮਹਿਮਾਨ
ਰਵਿੰਦਰ ਰਵੀ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਸਮੇਂ ਦੇ
ਬਦਲਾਅ ਨਾਲ ਸਾਨੂੰ ਹੁਣ ਦੇ ਪਰਵਾਸੀ ਸਾਹਿਤ ਨੂੰ ਵਧੇਰੇ ਵਾਚਣ ਦੀ ਜ਼ਰੂਰਤ
ਹੈ ਨਾ ਕਿ ਮੁੱਢਲੇ ਦੌਰ ਦੇ ਸਾਹਿਤ ਨੂੰ ਮੁੜ ਪੀਸੀ ਜਾਣ ਦੀ। ਉਹਨਾਂ ਨੇ
ਪਰਵਾਸੀ ਪੰਜਾਬੀ ਕਵਿਤਾ ਦੇ ਆਰੰਭ ਤੋਂ ਲੈ ਕੇ ਹੁਣ ਤੱਕ ਦੇ ਸਫ਼ਰ ਨੂੰ
ਬਹੁਤ ਤਰਕਮਈ ਢੰਗ ਨਾਲ ਬਿਆਨ ਕਰਦਿਆਂ ਪਰਵਾਸੀ ਪੰਜਾਬੀ ਸਾਹਿਤ ਨੂੰ ਵਿਸ਼ਵ
ਵਿਆਪੀ ਮਸਲਿਆਂ ਉਪਰ ਕੇਂਦਰਿਤ ਕਰਨ ਦੀ ਗੱਲ ਕੀਤੀ।
ਗੋਸ਼ਟੀ ਵਿਚ
ਭਾਰਤ ਅਤੇ ਪਾਕਿਸਤਾਨ ਦੀਆਂ ਵੱਖ-ਵੱਖ ਯੂਨੀਵਰਸਿਟੀਆਂ/ਕਾਲਜਾਂ ਦੇ ਲਗਪਗ
15 ਦੇ ਕਰੀਬ ਅਧਿਆਪਕਾਂ ਅਤੇ ਖੋਜਾਰਥੀਆਂ ਵੱਲੋਂ ਪਰਚੇ ਪੜ੍ਹੇ ਗਏ। ਪਹਿਲੂ
ਬੈਠਕ ਵਿਚ ਕੁੱਲ 7 ਪਰਚੇ ਪੜ੍ਹੇ ਗਏ ਜਿਸਦੀ ਪ੍ਰਧਾਨਗੀ ਡਾ. ਸੁਖਦੇਵ
ਸਿਰਸਾ ਵੱਲੋਂ ਕੀਤੀ ਗਈ। ਡਾ. ਸੁਖਦੇਵ ਸਿੰਘ ਸਿਰਸਾ ਵੱਲੋਂ ਹਰ ਪਰਚੇ
ਸਬੰਧੀ ਸੰਖਿਪਤ ਅਤੇ ਵਾਜਿਬ ਟਿੱਪਣੀਆਂ ਦੇ ਕੇ ਅਪਣਾਈ ਗਈ ਮੁਲਾਂਕਣ ਦੀ
ਬਿਰਤੀ ਇਸ ਸ਼ੈਸਨ ਦਾ ਵਿਸ਼ੇਸ਼ ਹਾਸਿਲ ਰਹੀ। ਦੂਸਰੀ ਬੈਠਕ
ਡਾ. ਨਰੇਸ਼ ਕੁਮਾਰ ਦੀ ਪ੍ਰਧਾਨਗੀ ਅਧੀਨ ਮੁਕੰਮਲ ਹੋਇਆ ਜਿਸ ਵਿੱਚ ਕੁੱਲ 8
ਪਰਚੇ ਪੜ੍ਹੇ ਗਏ। ਡਾ.ਨਰੇਸ਼ ਨੇ ਲੇਖਕ ਅਧਾਰਿਤ ਆਲੋਚਨਾ ਦੀ ਬਜਾਇ ਰਚਨਾ
ਅਧਾਰਿਤ ਆਲੋਚਨਾ ਨੂੰ ਤਰਜੀਹ ਦੇਣ ਸਬੰਧੀ ਵਿਚਾਰ ਪੇਸ਼ ਕੀਤੇ। ਇਸ ਗੋਸ਼ਟੀ
ਦੀ ਖੂਬਸੂਰਤੀ ਇਸ ਗੱਲ ਵਿਚ ਵਧੇਰੇ ਰਹੀ ਕਿ ਜਿਥੇ ਇਸ ਵਿਚ ਪੰਜਾਬੀ
ਜ਼ੁਬਾਨ ਦੇ ਦੋਵੇਂ ਲਹਿਜ਼ੇ, ਭਾਵ ਚੜ੍ਹਦੇ ਪੰਜਾਬ ਅਤੇ ਲਹਿੰਦੇ ਪੰਜਾਬ
ਦੇ, ਸੁਣਨ ਮਿਲੇ ਉਥੇ ਹਿੰਦੀ ਭਾਸ਼ਾ ਵਿੱਚ ਵੀ ਪਰਚਾ ਪੜ੍ਹਿਆ ਗਿਆ।
ਮੰਚ ਦੇ ਨਿਰਦੇਸ਼ਕ ਅਤੇ ਉੱਘੇ ਨਾਵਲਕਾਰ ਜਰਨੈਲ ਸਿੰਘ ਸੇਖਾ ਨੇ ਅਜਿਹੇ
ਪ੍ਰੋਗਰਾਮਾਂ ਨੂੰ ਸ਼ਲਾਘਾਯੋਗ ਪਹਿਲਕਦਮੀ ਕਿਹਾ। ਅੰਤ ਵਿੱਚ ਮੋਹਨ ਗਿੱਲ
ਨੇ ਬੁਲਾਰਿਆਂ ਅਤੇ ਸਰੋਤਿਆਂ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਅਤੇ
ਨਾਲ ਹੀ ਮੰਚ ਵੱਲੋਂ ‘ਪਰਵਾਸੀ ਪੰਜਾਬੀ ਕਹਾਣੀ’ ਸਬੰਧੀ ਕਰਵਾਏ ਜਾਣ ਵਾਲੇ
ਅਗਲੇ ਸੈਮੀਨਾਰ ਦਾ ਐਲਾਨ ਕੀਤਾ।
ਗੋਸ਼ਟੀ ਦਾ ਮੰਚ ਸੰਚਾਲਨ
ਡਾ.ਹਰਜੋਤ ਕੌਰ ਖੈਹਿਰਾ ਅਤੇ ਡਾ.ਯਾਦਵਿੰਦਰ ਕੌਰ ਵੱਲੋਂ ਬਾਖੂਬੀ ਕੀਤਾ
ਗਿਆ। ਗੋਸ਼ਟੀ ਵਿੱਚ ਦਿਆਲ ਸਿੰਘ ਕਾਲਜ ਦਿੱਲੀ ਤੋਂ ਪੰਜਾਬੀ ਵਿਭਾਗ ਦੇ
ਮੁਖੀ ਡਾ. ਰਵਿੰਦਰ ਸਿੰਘ, ਸੁਰਜੀਤ ਕੌਰ ਟੋਰਾਂਟੋ, ਪਿਆਰਾ ਸਿੰਘ
ਕੁੱਦੋਵਾਲ, ਪਾਕਿਸਤਾਨ ਤੋਂ 'ਅਲਾਮਾ ਇਕਬਾਲ ਓਪਨ ਯੂਨੀਵਰਸਿਟੀ
ਇਸਲਾਮਾਬਾਦ' ਦੇ ਪਾਕਿਸਤਾਨੀ ਸਟੱਡੀਜ਼ ਦੀ ਚੇਅਰਪਰਸਨ ਸਮੀਨਾ ਆਮੀਨ,
ਕੈਨੇਡਾ ਤੋਂ ਮਹਿੰਦਰਪਾਲ ਸਿੰਘ ਪਾਲ, ਬਿੰਦੂ ਮਠਾੜੂ ਤੋਂ ਇਲਾਵਾ ਕੇਂਦਰੀ
ਯੂਨੀਵਰਸਿਟੀ ਧਰਮਸ਼ਾਲਾ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ,
ਪੰਜਾਬੀ ਯੂਨੀਵਰਸਿਟੀ ਪਟਿਆਲਾ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਲਵਲੀ
ਪ੍ਰੋਫੈਸ਼ਨਲ ਯੂਨੀਵਰਸਿਟੀ ਫਗਵਾੜਾ, ਐੱਚ.ਐੱਮ.ਵੀ.ਕਾਲਜ ਜਲੰਧਰ, ਦਿਆਲ
ਸਿੰਘ ਕਾਲਜ ਦਿੱਲੀ ਆਦਿ ਸੰਸਥਾਵਾਂ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ
ਸ਼ਿਰਕਤ ਕੀਤੀ।
ਹਰਦਮ ਮਾਨ
ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ ਫੋਨ: +1 604 308 6663
ਈਮੇਲ :
maanbabushahi@gmail.com
|