ਮੌਜੂਦਾ
ਸਮੇਂ ਵਿੱਚ ਪੰਜਾਬੀ ਕੰਪਿਊਟਰ ਵਰਤੋਂਕਾਰਾਂ ਨੂੰ ਅਨੇਕਾਂ ਮੁਸ਼ਕਲਾਂ ਦਾ
ਸਾਹਮਣਾ ਕਰਨਾ ਪੈ ਰਿਹਾ ਹੈ। ਪਰ ਸਭ ਲਈ ਇਹ ਅਥਾਹ ਖੁਸ਼ੀ ਦੀ ਗੱਲ ਸੀ ਕਿ
ਪਿਛਲੇ ਦਿਨੀਂ ਬਲਵੀਰ ਕੌਰ ਜੀ, ਮੁਖ ਲਾਇਬ੍ਰੇਰੀਅਨ, ਗੁਰੂ ਨਾਨਕ ਖਾਲਸਾ
ਕਾਲਜ ਲੁਧਿਆਣਾ, ਦੀ ਯੂਨੀਕੋਡ ਪੰਜਾਬੀ ਕੀਬੋਰਡ ਦੀ ਵਰਤੋਂ ਸਬੰਧੀ ਜਗਿਆਸਾ
ਅਤੇ ਮੰਗ ਨੂੰ ਲੈ ਕੇ ਉਨ੍ਹਾਂ ਦੇ ਕਾਲਜ ਵਿਖੇ ਵਿਸ਼ੇਸ਼ ਗੋਸ਼ਟੀ ਹੋਈ।
ਬਲਵੀਰ ਕੌਰ ਜੀ ਦੇ ਕਹਿਣ ਮੁਤਾਬਿਕ ਲਾਇਬ੍ਰੇਰੀ ਸਟਾਫ ਨੂੰ ਕੰਪਿਊਟਰ ਉੱਤੇ
ਪੰਜਾਬੀ ਦੀਆਂ ਕਿਤਾਬਾਂ ਦਾ ਸਾਰਾ ਵੇਰਵਾ, ਰਿਕਾਰਡ ਪੰਜਾਬੀ ਵਿੱਚ ਰੱਖਣ
ਵਿੱਚ ਕਈ ਮੁਸ਼ਕਲਾਂ ਆ ਰਹੀਆਂ ਸਨ ਜਿਨ੍ਹਾਂ ਦਾ ਉਹ ਹੱਲ ਲੱਭਣ ਲਈ ਕਈ ਦੇਰ
ਤੋਂ ਯਤਨ ਕਰ ਰਹੇ ਸਨ। ਇਸ ਸਬੰਧੀ ਬਲਵੀਰ ਕੌਰ ਜੀ ਦੀ
ਮੁਲਾਕਾਤ, ਉਨ੍ਹਾਂ ਦੇ ਪਤੀ ਸ. ਜਸਵੰਤ ਸਿੰਘ ਜ਼ਫਰ ਜੀ ਦੇ ਪ੍ਰਸ਼ੰਸਕ
ਪਾਠਕ ਸ. ਸ਼ਿੰਦਰਪਾਲ ਸਿੰਘ ਮਾਹਲ ਨਾਲ਼ ਹੋਈ ਜੋ ਕਿ ਖ਼ੁਦ ਪੰਜਾਬੀ
ਯੂਨੀਕੋਡ ਦੀ ਗੱਲ ਪੰਜਾਬ ਸਰਕਾਰ ਕੋਲ਼ ਰੱਖਣ ਦੇ ਮੰਤਵ ਨਾਲ਼ ਯੂ.ਕੇ. ਤੋਂ
ਉਚੇਚੇ ਤੌਰ ‘ਤੇ ਪੰਜਾਬ ਪਹੁੰਚੇ ਸਨ। ਕਾਲਜ ਦੇ ਵਿਸ਼ੇਸ਼ ਸੱਦੇ ‘ਤੇ
ਸ਼੍ਰੀ ਮਾਹਲ ਨੇ ਗੋਸ਼ਟੀ ਦੇ ਅਰੰਭ ਵਿੱਚ ਸਭ ਜਗਿਆਸੂਆਂ ਦਾ ਧੰਨਵਾਦ ਕਰਨ
ਦੇ ਨਾਲ਼ ਸਭ ਤੋਂ ਪਹਿਲਾਂ ਫੌਟਾਂ ਅਤੇ ਕੀਬੋਰਡ ਦਾ ਫਰਕ ਸਮਝਾਇਆ। ਉਪ੍ਰੰਤ
ਸਭ ਨੂੰ ਯੂਨੀਕੋਡ ‘ਤੇ ਅਧਾਰਿਤ ਬ੍ਰਤਾਨੀਆ ਵਿੱਚ ਤਿਆਰ ਕੀਤੇ ਗਏ ਭੌਤਿਕੀ
ਪੰਜਾਬੀ ਕੀਬੋਰਡ ਨੂੰ ਲਾਇਬ੍ਰੇਰੀ ਦੇ ਕੰਪਿਊਟਰ ਉੱਤੇ ਵਰਤਣ ਦੀ ਵਿਧੀ ਆਪ
ਵਰਤ ਕੇ ਸਮਝਾਈ ਅਤੇ ਇਸਦੇ ਲਾਭ ਦੱਸੇ। ਨਾਲ਼ ਹੀ ਗੂਗਲ ‘ਤੇ ਪੰਜਾਬੀ ਵਿੱਚ
ਕਥਾ ਯੂਨੀਕੋਡ ਦੀ ਲਿਖ ਕੇ, ਲੱਭ ਕੇ ਪੜ੍ਹਨ ਦੀ ਵੀ ਅਪੀਲ ਕੀਤੀ। ਇਸਦੇ
ਨਾਲ਼ ਰਾਵੀ ਤੋਂ ਇਲਾਵਾ ਹੋਰ ਪੰਜਾਬੀ ਯੂਨੀਕੋਡ ਫੌਟਾਂ ਜਿਵੇਂ ਕਿ ਅਕਾਸ਼,
ਨਿਰਮਲਾ ਯੂਨੀ, ਮੁਕਤਾ ਮਾਹੀ, ਅਨਮੋਲ ਯੂਨੀ ਬਾਰੇ ਵੀ ਜਾਣਕਾਰੀ ਦਿੱਤੀ। ਇਸ ਦੌਰਾਨ ਲਾਇਬ੍ਰੇਰੀ ਸਟਾਫ ਤੋਂ
ਇਲਾਵਾ ਕਾਲਜ ਦੇ ਸਟਾਫ ਵਿੱਚ ਵਿਸ਼ੇਸ਼ ਉਤਸ਼ਾਹ ਦੇਖਣ ਨੂੰ ਮਿਲ਼ਿਆ। ਕਾਲਜ
ਦੇ ਪ੍ਰਬੰਧਕੀ ਸਕੱਤਰ ਸ. ਗੁਰਵਿੰਦਰ ਸਿੰਘ ਸਰਨਾ ਦੇ ਨਾਲ਼ ਪ੍ਰਿੰਸੀਪਲ
ਡਾ. ਮਨੀਤਾ ਕਾਹਲੋਂ ਜੀ ਨੇ ਪੰਜਾਬੀ ਦੇ ਮਿਆਰੀ ਕੀਬੋਰਡ ਨੂੰ ਦੇਖ ਕੇ ਅਤੇ
ਇਸਦੀ ਸਮਰੱਥਾ ਬਾਰੇ ਜਾਣ ਕੇ ਖੁਸ਼ੀ ਭਰੀ ਤਸੱਲੀ ਪ੍ਰਗਟਾਈ। ਪੰਜਾਬੀ
ਵਿਭਾਗ ਦੇ ਮੁਖੀ ਡਾ. ਪ੍ਰਭਜੋਤ ਕੌਰ ਜੀ ਨੇ ਆਪਣੇ ਹੀ ਕਾਲਜ ਵਿਖੇ ਇਸੇ
ਯੂਨੀਕੋਡ ਕੀਬੋਰਡ ਸਬੰਧੀ 2018 ਵਿੱਚ ਕਰਵਾਏ ਗਏ ਸੈਮੀਨਾਰ ਨੂੰ ਯਾਦ ਕੀਤਾ
ਤੇ ਸਭ ਨੂੰ ਕਰਾਇਆ ਵੀ। ਯਾਦ ਰਹੇ ਉਹ ਸੈਮੀਨਾਰ ਸ. ਮਹਿੰਦਰ ਸਿੰਘ ਸੇਖੋਂ
ਜੀ (ਭਾਸ਼ਾ ਪਾਸਾਰ ਭਾਈਚਾਰਾ) ਦੇ ਵਿਸ਼ੇਸ਼ ਉਪ੍ਰਾਲੇ ਅਤੇ ਉੱਦਮ ਨਾਲ਼
ਸੰਭਵ ਹੋ ਸਕਿਆ ਸੀ।
|