ਹਾਂ, ਇਹ ਕਹਾਣੀ ਸਾਡੇ ਇਕ ਲੇਖ਼ਕ ਨੇ ਆਪਣੀ ਸੰਪਾਦਤ ਪੁਸਤਕ ‘ਦੋ ਕਿਨਾਰੇ‘ ਵਿਚ
ਜ਼ਰੂਰ ਸ਼ਾਮਲ ਕੀਤੀ ਹੋਈ ਹੈ। ਇਹ ਕਿਤਾਬ ‘ਏ ਲੈਵਲ‘ ਵਿਚ ਲੱਗਾ ਦਿੱਤੀ ਗਈ ਸੀ।
ਜਿਹਦੇ ਪ੍ਰਤੀਕਰਮ ਵਜੋਂ ਇਹ ਗੱਲ ਸਾਹਮਣੇ ਆਈ ਕਿ ਮੇਰੀ ਇਹ ਕਹਾਣੀ ਅਸ਼ਲੀਲ ਹੈ ਤੇ
ਇਹ ‘ਏ ਲੈਵਲ‘ ‘ਚ ਪੜ੍ਹਾਉਣ ਦੇ ਕਾਬਲ ਨਹੀਂ ਹੈ। ਯਾਦ ਰਹੇ ਕਿ ਏਸ ਮੁਲਕ ਵਿਚ ‘ਏ
ਲੈਵਲ‘ ਦੇ ਵਿਦਿਆਥੀ ਲਗਭਗ ਬਾਲਗ ਹੀ ਹੁੰਦੇ ਹਨ ਤੇ ਉਹ ਸੈਕਸ ਵਾਰੇ ਬਹੁਤ ਕੁਝ
ਜਾਣਦੇ ਹੀ ਹੁੰਦੇ ਹਨ। ਬਰਤਾਨਵੀ ਸਕੂਲਾਂ ਵਿਚ ਸੈਕਸ ਐਜੂਕੇਸ਼ਨ ਦਾ ਵੀ ਅਕਸਰ ਹੀ ਇਕ
ਪੀਰੀਅਡ ਹੁੰਦਾ ਹੈ। ਅੱਜ ਦੇ ਯੁਗ ਵਿਚ ਸੈਕਸ ਕੋਈ ਅਚੰਭਾ ਵੀ ਨਹੀਂ ਰਹਿ ਗਿਆ।ਖ਼ੈਰ
ਮੈਂ ਉਸ ਅਤੇ ਹੋਰ ਮਾਪਿਆ ਦੀ ਭਾਵਨਾ ਦੀ ਕਦਰ ਕਰਦਾ ਹਾਂ ਤੇ ਉਨ੍ਹਾਂ ਦੇ ਤੌਖ਼ਲੇ
ਨੂੰ ਵੀ ਸਮਝਦਾ ਹਾਂ।
ਹੁਣ ਇਹ ਸੁਆਲ ਮੈਂ ਪੰਜਾਬੀ ਦੇ ਚੇਅਰਮੈਨ ਆਫ਼ ਐਗਜ਼ਾਮੀਨਿੰਗ ਬੋਰਡ ਨੂੰ ਪੁੱਛਿਆ
ਕਿ ਜੀ ਤੁਸੀਂ ‘ਦੋ ਕਿਨਾਰੇ‘ ਕਿਤਾਬ ਪੜ੍ਹੀ ਹੈ? ਉਨਾਂ ਕਿਹਾ ਕਿ ਮੈਂ ਕਦੇ ਕੋਈ
ਪੰਜਾਬੀ ਦੀ ਕਿਤਾਬ ਨਹੀਂ ਪੜ੍ਹੀ। ਮੈਂ ਪੁਛਿਆ ਕਿ ਇਹ ਕਿਤਾਬ ਕੋਰਸ ਵਿਚ ਲੱਗੀ
ਕਿਵੇਂ? ਉਹਨਾਂ ਨੇ ਕਿਹਾ ਕਿ ਕਿਸੇ ਨੇ ਰੀਕੁਮੈਂਡ ਕੀਤੀ ਸੀ। ਇਸ ਗੱਲ ਦੀ ਪੁਸ਼ਟੀ
ਉਸਦੇ ਹੋਰ ਸਾਥੀਆਂ ਨੇ ਵੀ ਕੀਤੀ ਕਿ ਬੋਰਡ ਵਿਚ ਬੈਠੇ ਕਈ ਬੰਦੇ ਪੰਜਾਬੀ ਸਾਹਿਤ
ਤੇ ਪੰਜਾਬੀ ਲੇਖਕਾਂ ਤੇ ਉਹਨਾਂ ਦੀਆਂ ਲਿਖਤਾਂ ਤੋਂ ਉੱਕਾ ਚੁੱਕਾ ਨਾਵਾਕਫ਼ ਹਨ ਤੇ
ਉਹ ਕਿਸੇ ਦੀ ਵੀ ਰਚਨਾ ਨਹੀਂ ਪੜ੍ਹਦੇ। ਐਗਜ਼ਾਮਨਿੰਗ ਬੋਰਡ ਦੇ ਇਕ ਮੈਂਬਰ ਨੇ ਕਿਹਾ
ਕਿ ਜੀ ਮੇਰੀ ਪਤਨੀ ਪੜ੍ਹ ਲੈਂਦੀ ਹੈ ਤੇ ਉਹ ਜਿਵੇਂ ਸਲਾਹ ਦਿੰਦੀ ਹੈ ਤਿਵੇਂ ਹੀ
ਮੈਂ ਬੋਰਡ ਮੀਟਿੰਗ ਵਿਚ ਕਹਿ ਦਿੰਦਾ ਹਾਂ। ਮੈਂ ਕਿਹਾ ਭਾਈ ਸਾਹਿਬ ਤੁਸੀਂ ਖੁਦ
ਕਿਤਾਬ ਕਿਉਂ ਨਹੀਂ ਪੜ੍ਹਦੇ? ਉਸਨੇ ਕਿਹਾ ਕਿ ਅਸੀਂ ਬਹੁਤ ਬਿਜ਼ੀ ਹਾਂ ਤੇ ਕਿਤਾਬਾਂ
ਪੜ੍ਹਨ ਦੇ ਸਾਨੂੰ ਪੈਸੇ ਵੀ ਨਹੀਂ ਮਿਲਦੇ। ਮੈਂ ਕਿਹਾ ਕਿ ਜੇਕਰ ਤੁਸੀਂ ਬਹੁਤ
ਬਿਜ਼ੀ ਹੋ ਤੇ ਤੁਹਾਨੂੰ ਇਹ ਜੌਬ ਕਰਨ ਦਾ ਮਿਹਨਤਾਨਾ ਵੀ ਨਹੀਂ ਮਿਲਦਾ ਤਾਂ
ਤੁਹਾਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ। ਕਿਸੇ ਉਸ ਬੰਦੇ ਨੂੰ ਇਹ ਕੰਮ ਕਰਨ ਦਿਓ
ਜਿਸ ਕੋਲ ਵਕਤ ਵੀ ਹੋਵੇ ਤੇ ਉਹ ਸਾਹਿਤਕ ਰੁਚੀਆਂ ਵਾਲ਼ਾ ਵੀ ਹੋਵੇ ਤੇ ਪੈਸੇ ਹਾਸਲ
ਕਰਨ ਦਾ ਵੀ ਚਾਹਵਾਨ ਨਾ ਹੋਵੇ। ਉਸਨੇ ਕਿਹਾ ਕਿ ਜਿੰਨੀ ਦੇਰ ਤੱਕ ‘ਉੱਪਰੋਂ‘
ਰੀਕੁਮੈਂਡਸ਼ਨ ਨਹੀਂ ਹੁੰਦੀ, ਕੋਈ ਬੰਦਾ ਇਸ ਬੋਰਡ ਦਾ ਮੈਂਬਰ ਨਹੀਂ ਬਣ ਸਕਦਾ। ਹੁਣ
ਇਹ ਸੁਆਲ ਪੈਦਾ ਹੁੰਦਾ ਹੈ ਕਿ ‘ਉੱਪਰ‘ ਵਾਲੇ ਇਥੇ ਚਾਲ਼ੀ ਚਾਲ਼ੀ ਪੰਜਾਹ ਪੰਜਾਹ
ਸਾਲਾਂ ਤੋਂ ਲਿਖਣ ਵਾਲਿਆਂ ਬਾਰੇ ਕਿਉਂ ਨਹੀਂ ਜਾਣਦੇ? ਬੋਰਡ ਉੱਤੇ ਬੈਠੇ ਅਧਪੜ੍ਹ
ਬੰਦੇ ਇਸ ਅਹੁਦੇ ਦੇ ਹੱਕਦਾਰ ਕਿਵੇਂ ਹਨ? ਕਿਹੜੀ ਤੇ ਕੀਹਦੀ ਕਿਤਾਬ ਇਹ ਕੋਰਸਾਂ
ਵਿਚ ਲਾਉਂਦੇ ਹਨ? ਇਸ ਦਾ ਫੈਸਲਾ ਇਹ ਕਿਵੇਂ ਕਰਦੇ ਹਨ? ਬਹੁਤ ਸਾਰੇ ਲੋਕ ਇਹੋ
ਕਹਿਣਗੇ ਕਿ ਅਸੀਂ ਇੰਗਲੈਂਡ ਵਿਚ ਇੰਡੀਆ ਬਣਾ ਦਿਤਾ ਹੈ। ਇਹੋ ਤਾਂ ਕੁਰੱਪਟ
ਮਾਨਸਿਕਤਾ ਦੀ ਨਿਸ਼ਾਨੀ ਹੈ। ਸਾਡੇ ਚੋਂ ਬੁਹਤੇ ਇੰਡੀਆ ਚੋਂ ਤਾਂ ਨਿਕਲ ਆਏ ਹਨ ਪਰ
ਉਨ੍ਹਾਂ ਚੋਂ ਇੰਡੀਆ ਨਹੀਂ ਨਿਕਲਿਆ।
ਕੀ ਕੋਈ ਦੱਸ ਸਕਦਾ ਹੈ ਕਿ ਇਥੋਂ ਦੇ ਜੰਮੇ ਪਲ਼ੇ ਬੱਚਿਆਂ ਦੀ ਸਾਇਕੀ ਅਜਕਲ ਜਾਂ
ਪਹਿਲਾਂ ਲੱਗੀਆਂ ਹੋਈਆਂ ਕਿਤਾਬਾਂ ਦੇ ਕਿਵੇਂ ਮੇਚ ਆਉਂਦੀ ਹੈ? ਆਈ.ਸੀ.ਨੰਦਾ ਦਾ
ਇਕ ਨਾਟਕ ‘ਝਲਕਾਰੇ‘ ਵੀ ਲੱਗਾ ਹੋਇਆ ਸੀ। ਗੁਰਬਖ਼ਸ਼ ਸਿੰਘ ਦੀ ‘ਮੇਰੀ ਜੀਵਨ ਕਹਾਣੀ‘
ਵੀ ‘ਏ ਲੈਵਲ‘ ਵਿਚ ਲੱਗੀ ਹੋਈ ਸੀ। ਹੋਰ ਵੀ ਕਈ ਅਜਿਹੀਆਂ ਚੰਗੀਆਂ ਮਾੜੀਆਂ
ਕਿਤਾਬਾਂ ਹਨ। ਪਰ ਬਹੁਤ ਘੱਟ ਅਜਿਹੀਆਂ ਕਿਤਾਬਾਂ ਹੁੰਦੀਆਂ ਹਨ ਜਿਨ੍ਹਾਂ ਨਾਲ਼
ਇਥੋਂ ਦੇ ਬੱਚੇ ਆਪਣੇ ਆਪ ਨੂੰ ਰੀਲੇਟ ਕਰ ਸਕਦੇ ਹੁੰਦੇ ਹਨ। ਇਸੇ ਲਈ ਮੈਨੂੰ
ਬਹੁਤੀ ਹੈਰਾਨੀ ਨਹੀਂ ਹੁੰਦੀ ਜਦੋਂ ਇੰਗਲੈਂਡ ਵਿਚ ਜੰਮੇ ਪਲੇ ਸਾਡੇ ਬੱਚੇ ਪੰਜਾਬੀ
ਤੋਂ ਮੂੰਹ ਮੋੜ ਰਹੇ ਹੁੰਦੇ ਹਨ। ਬੜੀ ਪੁਰਾਣੀ ਗੱਲ ਹੈ ਕਿ ਬੋਰਡ ਦਾ ਇਕ ਮੈਂਬਰ
ਮੈਨੂੰ ਘੜੀ ਮੁੜੀ ਫ਼ੋਨ ਕਰੇ ਕਿ ਜੀ ਆਪਣੀ ਕੋਈ ਕਿਤਾਬ ਭੇਜੋ। ਅਸੀਂ ਏ ਲੈਵਲ ‘ਚ
ਲਾਉਣੀ ਹੈ। ਮੈਂ ਇਕ ਕਿਤਾਬ ਭੇਜ ਦਿੱਤੀ ਪਰ ਇਕ ਮਹੀਨੇ ਬਾਅਦ ਜਦੋਂ ਮੈਂ ਉਹਨੂੰ
ਉਹਦੇ ਪ੍ਰਤੀਕਰਮ ਵਾਰੇ ਫ਼ੋਨ ਕੀਤਾ ਤਾਂ ਪਤਾ ਲੱਗਾ ਕਿ ਉਹਨੇ ਮੇਰੀ ਕਿਤਾਬ ਦਾ ਇਕ
ਸਫ਼ਾ ਵੀ ਪਰਤ ਕੇ ਨਹੀਂ ਸੀ ਵੇਖਿਆ। ਬਲਕਿ ਕਿਹਾ ਕਿ ਜੀ ਰਘਬੀਰ ਢੰਡ ਦੀ ਕਿਤਾਬ ਵੀ
ਆਈ ਪਈ ਹੈ ਤੇ ਕੈਲਾਸ਼ ਪੁਰੀ ਦੀ ਵੀ। ਭਲਾ ਜੀ ਬਿਨਾਂ ਪੈਸਿਆਂ ਤੋਂ ਇਹ ਕਿਤਾਬਾਂ
ਅਸੀਂ ਕਿਉਂ ਪੜ੍ਹੀਏ? ਮੈਂ ਕਿਹਾ ਕਿ ਅਗ਼ਰ ਤੁਸੀਂ ਏਨੇ ਨਾਖ਼ੁਸ਼ ਹੋ ਤਾਂ ਤੁਸੀਂ
ਬੋਰਡ ਦੇ ਮੈਬਰ ਕਿਉਂ ਹੋ? ਸਾਹਿਬ ਚੁੱਪ ਰਹੇ।
ਪਾਠਕਾਂ ਦੇ ਗਿਆਨ ਲਈ ਮੈਂ ਦੱਸਣਾ ਚਾਹੁੰਦਾ ਹਾਂ ਕਿ ਬਾਅਦ ਵਿਚ ਮੇਰੀ ਕਿਤਾਬ
”ਸਮੁੰਦਰੋਂ ਪਾਰ” ਏ ਲੈਵਲ ਵਿਚ ਲੱਗੀ ਰਹੀ ਹੈ। ਮੈਨੂੰ ਪਤਾ ਨਹੀਂ ਕਿ ਇਹ ਕਿਸ
ਨੇ, ਕਦੋਂ ਅਤੇ ਕਿਉਂ ਰੀਕੁਮੈਂਡ ਕੀਤੀ ਸੀ? ਪਰੰਤੂ ਮੈਨੂੰ ਕਿਸੇ ਨੇ ਇਸ ਵਾਰੇ
ਸੂਚੇਤ ਨਹੀਂ ਸੀ ਕੀਤਾ। ਇਸ ਦਾ ਮੈਨੂੰ ਉਦੋਂ ਹੀ ਪਤਾ ਲੱਗਾ ਜਦੋਂ ਅਚਾਨਕ ਇਸ ਦੀ
ਡੀਮਾਂਡ ਵੱਧ ਗਈ। ਖ਼ੈਰ ਸਾਨੂੰ ਲੋੜ ਹੈ ਇਹ ਜਾਨਣ ਦੀ ਕਿ ਕਿਤਾਬਾਂ ਲਾਉਣ ਤੇ
ਹਟਾਉਣ ਵਾਲੇ ਇਹ ਬੰਦੇ ਕੌਣ ਹਨ? ਇਹਨਾਂ ਨੂੰ ਕੌਣ ਐਪੁਆਇੰਟ ਕਰਦਾ ਹੈ ਤੇ ਇਨ੍ਹਾਂ
ਦੀ ਲਿਆਕਤ ਦਾ ਮੁਲੰਕਣ ਕੌਣ ਕਰਦਾ ਹੈ? ਸਿਲੇਬਸ ਵਿਚ ਲਗਾਈ ਜਾਣ ਵਾਲ਼ੀ ਕਿਤਾਬ
ਵਿਚਲੀ ਸਮੱਗਰੀ ਨੂੰ ਕੌਣ ਪਰਖ਼ਦਾ ਹੈ ਅਤੇ ਇੰਡੀਆ ਤੋਂ ਕਿਤਾਬਾਂ ਮੰਗਵਾਉਣ ਦੀ
ਜ਼ਿੰਮੇਵਾਰੀ ਕਿਸ ਦੀ ਹੁੰਦੀ ਹੈ ਤੇ ਲੇਖ਼ਕ ਨੂੰ ਇਸ ਚੋਂ ਕੀ ਮਿਲਦਾ ਹੈ ਜਾਂ ਕੀ
ਮਿਲਣਾ ਚਾਹੀਦਾ ਹੈ? ਇੰਗਲੈਂਡ ਦੀਆਂ ਸਕੂਲੀ ਅਤੇ ਪਬਲਿਕ ਲਾਇਬਰੇਰੀਆਂ ਵਿਚ
ਲਗਾਈਆਂ ਜਾਂਦੀਆਂ ਪੰਜਾਬੀ ਪੁਸਤਕਾਂ ਦੀ ਖ਼ੱਟੀ ਕਿਸ ਨੂੰ ਜਾਂਦੀ ਹੈ? ਪਾਠਕਾਂ ਦੇ
ਗਿਆਨ ਲਈ ਮੈਂ ਦੱਸਣਾ ਚਾਹੁੰਦਾ ਹਾਂ ਕਿ ਇਥੋਂ ਦੀਆਂ ਲਾਇਬਰੇਰੀਆਂ ਵਿਚ ਭਾਰਤ ਤੋਂ
ਆਉਂਦੀਆਂ ਕੇਵਲ ਇਕੋ ਫਰਮ ਕੋਲ ਹੈ। ਇਹ ਕਿਉਂ ਹੈ? ਇਸ ਵਾਰੇ ਜਾਂਚ ਕਰਨ ਦੀ ਲੋੜ
ਹੈ।
ਦਿਲਚਸਪ ਗੱਲ ਇਹ ਹੈ ਕਿ ”ਦੋ ਕਿਨਾਰੇ” ਪੁਸਤਕ ਚੋਂ ਜਦੋਂ ਮੇਰੀ ਉਪਰ ਚਰਚਿਤ
ਕਹਾਣੀ ‘ਆਤਸ਼ਬਾਜ਼ੀ’ ਕੱਢ ਦਿੱਤੀ ਗਈ ਤਾਂ ਮੈਨੂੰ ਬੇਸ਼ੁਮਾਰ ਖ਼ਤ ਆਉਣੇ ਸ਼ੁਰੂ ਹੋ
ਗਏ ਕਿ ਜੀ ਉਸ ਕਹਾਣੀ ਵਾਲ਼ੀ ਮੈ ਅਪਣੀ ਕਿਤਾਬ ਉਨ੍ਹਾਂ ਨੂੰ ਇਕਦਮ ਭੇਜਾਂ।
‘ਆਤਿਸ਼ਬਾਜ਼ੀ‘ ਵਿਚ ਬੇਸ਼ੱਕ ਸੈਕਸ ਵਾਰੇ ਗੱਲ ਹੁੰਦੀ ਹੈ ਪਰ ਮੈਂ ਪੁੱਛਦਾ ਹਾਂ ਕਿ
ਕੀ ਸੈਕਸ ਦੀ ਸਮੱਸਿਆ ਸਾਡੇ ਸਮਾਜ ਵਿਚ ਹੈ ਨਹੀਂ? ਕੀ ਇਹ ਗੱਲਾਂ ਅਸੀਂ ਜਾਂ ਸਾਡੇ
ਬੱਚੇ ਨਿਸ ਦਿਨ ਟੀ.ਵੀ. ਉੱਤੇ ਨਹੀਂ ਵੇਖਦੇ? ਕੀ ਸਕੂਲਾਂ ਵਿਚ ਸੈਕਸ ਐਜੂਕੇਸ਼ਨ
ਨਹੀਂ ਦਿੱਤੀ ਜਾਂਦੀ? ਕੀ ਅੰਗਰੇਜ਼ੀ ਅਖ਼ਬਾਰਾਂ ਵਿਚ ਇਹ ਗੱਲਾਂ ਨਹੀਂ ਛਪਦੀਆਂ? ਕੀ
ਪੰਜਾਬੀ ਜ਼ੁਬਾਨ ਇਹ ਗੱਲਾਂ ਕਰਨ ਦੇ ਸਮਰੱਥ ਨਹੀਂ ਹੈ? ਜਦੋਂ ਇਹ ਕਿਤਾਬ ਏ ਲੈਵਲ
ਵਿਚ ਲਗਾਈ ਗਈ ਸੀ ਤਾਂ ਇਹ ਕਹਾਣੀ ਕਿਉਂ ਬੋਰਡ ਦੇ ਧਿਆਨ ਵਿਚ ਨਹੀਂ ਸੀ ਆਈ? ਵੈਸੇ
ਤਾਂ ਉਪਰ ਦੱਸ ਹੀ ਆਇਆ ਹਾਂ ਕਿ ਇਹ ਲੋਕ ਪੜ੍ਹਦੇ ਹੀ ਨਹੀਂ। ਜੇਕਰ ਇਹ ਕਹਾਣੀ
ਇਤਰਾਜ਼ਯੋਗ ਹੈ ਵੀ ਸੀ ਤਾਂ ਇਸ ਨੂੰ ਹੀ ਕਿਤਾਬ ‘ਚੋਂ ਕੱਢਣ ਦੀ ਥਾਂ ਸਮੁੱਚੀ
ਕਿਤਾਬ ਨੂੰ ਹੀ ਕਿਉਂ ਬੈਨ ਨਹੀਂ ਕੀਤਾ ਗਿਆ? ਜੇਕਰ ਇਹ ਕਹਾਣੀ ਇਤਰਾਜ਼ਯੋਗ ਪਾਈ ਗਈ
ਸੀ ਤਾਂ ਇਸ ਦੀ ਇੰਟਰਪਰਟੇਸ਼ਨ ਲੇਖਕ ਤੋਂ ਕਿਉਂ ਨਹੀਂ ਲਈ ਗਈ? ਜਾਂ ਘੱਟੋ-ਘੱਟ
ਉਹਨੂੰ ਲਿਖਤੀ ਤੌਰ ‘ਤੇ ਕਿਉਂ ਨਹੀਂ ਦੱਸਿਆ ਗਿਆ? ਕਿਉਂ ਸਿਰਫ਼ ਸਕੂਲ ਦੇ
ਅਧਿਆਪਕਾਂ ਨੂੰ ਹੀ ਦੱਸਿਆ ਗਿਆ? ਇਹ ਵਾਰਦਾਤ ਕੁਝ ਸਮਾਂ ਪਹਿਲਾਂ ਭਾਵ ਨੱਬੇਵਿਆਂ
ਵਿਚ ਵਾਪਰੀ ਸੀ। ਹੋ ਸਕਦਾ ਹੈ ਕਿ ਹੁਣ ਹਾਲਾਤ ਸੁਧਰ ਗਏ ਹੋਣ। ਪਰ ਕਿਸੇ ਨੇ ਕਦੇ
ਤਿੇ ਜਿ਼ਕਰ ਨਹੀਂ ਕੀਤਾ।
ਸਾਨੂੰ ਅੰਗਰੇਜ਼ੀ ਸਿਆਸਤ ਦੀ ਪੈਟਰੋਨਾਈਜ਼ਿੰਗ ਦੀ ਚੁਸਤੀ ਵਾਲ਼ੀ ਗੱਲ ਨਹੀਂ
ਭੁੱਲਣੀ ਚਾਹੀਦੀ । ਕਈ ਵੇਰ ਇਹ ਇਹੋ ਜਿਹੀ ਪਾਲਸੀ ਵੀ ਵਰਤਦੇ ਹਨ ਕਿ ਜੀ ਇਹ ਜੋ
ਮੰਗਦੇ ਹਨ ਦੇਈ ਜਾਓ ਤਾਂ ਕਿ ਇਹ ਆਪੋ ਵਿਚ ਮਸ਼ਰੂਫ਼ ਰਹਿਣ ਤੇ ਮੁੱਖ ਧਾਰਾ ਦੀ
ਸਿਆਸਤ ਸਾਡੇ ਹੱਥ ਵਿਚ ਹੀ ਰਹੇ। ਸਾਊਥਾਲ, ਬਰੈਡਫ਼ੋਰਡ, ਬਰਮਿੰਘਮ, ਡਰਬੀ ਤੇ
ਕਵੈਂਟਰੀ ਆਦਿ ਦੇ ਇਲਾਕਿਆਂ ਦਾ ਹੁਣ ਇਹ ਹਾਲ ਹੈ ਕਿ ਕਈਆਂ ਸਕੂਲਾਂ ਵਿਚ ਸੌ
ਫੀਸਦੀ ਸਾਡੇ ਹੀ ਬੱਚੇ ਹਨ। ਚਿੱਟੇ ਅਧਿਆਪਕ ਇਨ੍ਹੀਂ ਸਕੂਲੀਂ ਟਿਕਦੇ ਵੀ ਨਹੀਂ ਤੇ
ਕਈਆਂ ਨੂੰ ਸਾਡੇ ਸਿਆਸੀ ਲੰਬੜਦਾਰਾਂ ਨੇ ਟਿਕਣ ਵੀ ਨਹੀਂ ਦਿੱਤਾ। ਸਰਕਾਰ ਵੱਲੋਂ
ਸਾਰੇ ਸਕੂਲਾਂ ਦੇ ਗਵਰਨਰਾਂ ਨੂੰ ਏਨੀਆਂ ਪਾਵਰਜ਼ ਦੇ ਦਿੱਤੀਆਂ ਗਈਆਂ ਹਨ ਕਿ
ਅਧਿਆਪਕਾਂ ਤੇ ਮੁੱਖ ਅਧਿਆਪਕ ਦੀ ਕੋਈ ਪੁੱਛ ਪ੍ਰਤੀਤ ਹੀ ਨਹੀਂ ਰਹਿ ਗਈ। ਕਈ ਵੇਰ
ਇੰਝ ਵੀ ਹੁੰਦਾ ਹੈ ਕਿ ਮੁੱਖ ਅਧਿਆਪਕ ਸਕੂਲ ਦਾ ਵਿਦਿਅਕ ਕੰਮ ਕਰਨ ਨਾਲੋਂ ਏਸ
ਚਿੰਤਾ ‘ਚ ਗੜੁੱਚ ਰਹਿੰਦਾ ਹੈ ਕਿ ਸਕੂਲ ਦੇ ਗਵਰਨਰਜ਼ ਨੂੰ ਕਿਵੇਂ ਰਾਜ਼ੀ ਰੱਖਣਾ
ਹੈ?
ਬਤੌਰ ਪ੍ਰਗਤੀਵਾਦੀ ਤੇ ਸੁਹਿਰਦ ਲੇਖਕ ਦੇ ਮੈਂ ਅੰਤਮ ਬੰਦਾ ਹੋਵਾਂਗਾ ਜਿਹੜਾ
ਕਹੇ ਕਿ ਪੰਜਾਬੀ ਨੂੰ ਬੜ੍ਹਾਵਾ ਨਹੀਂ ਮਿਲਣਾ ਚਾਹੀਦਾ ਤੇ ਸਾਡੇ ਕਲਚਰ ਨੂੰ
ਹੱਲਾਸ਼ੇਰੀ ਨਹੀਂ ਮਿਲਣੀ ਚਾਹੀਦੀ। ਪਰ ਹਰ ਚੀਜ਼ ਦੀ ਪ੍ਰਫੁੱਲਤਾ ਲਈ ਇਕ ਅਨੁਸ਼ਾਸਨ,
ਇਕ ਫਾਰਮੂਲੇ ਨੂੰ ਅਪਣਾਉਣਾ ਪੈਂਦਾ ਹੈ। ਇੰਝ ਕਰਨ ਵਾਸਤੇ ਤੁਹਾਨੂੰ ਉਹ ਲੋਕ
ਮੂਹਰੇ ਕਰਨੇ ਪੈਣਗੇ ਜਿਹੜੇ ਕੁਰਸੀ ਦੇ ਭੁੱਖੇ ਨਾ ਹੋਣ ਸਗੋਂ ਸੁਹਿਰਦ ਕਿਸਮ ਦੇ
ਪੜ੍ਹੇ ਲਿਖੇ ਵਿਅਕਤੀ ਹੋਣ।
ਮੇਰੀ ਬੇਨਤੀ ਹੈ ਕਿ ਪੰਜਾਬੀ ਪ੍ਰੇਮੀ ਏਸ ਗੱਲ ਬਾਰੇ ਵੀ ਸੋਚਣ ਕਿ ਪੰਜਾਬੀ
ਪੜ੍ਹਾਉਣ ਲਈ ਲਾਏ ਜਾਂਦੇ ਅਧਿਆਪਕ ਕਈਆਂ ਕੇਸਾਂ ਵਿਚ ਨਾਕਾਬਲ ਕਿਉਂ ਹਨ? ਲੋਕਲ
ਕੌਂਸਲਾਂ ਵਿਚ ਪੰਜਾਬੀ ਦੇ ਨਾਂ ਉੱਤੇ ਸਿਰਜੀਆਂ ਗਈਆਂ ਨੌਕਰੀਆਂ ਦਾ ਮੁਲਾਂਕਣ ਕੀ
ਹੈ? ਇਹ ਸ਼ਖ਼ਸ ਕਿੱਦਾਂ ਐਪੁਆਇੰਟ ਹੋਏ ਤੇ ਇਹ ਕੀ ਕਰਦੇ ਹਨ? ਜੀ.ਸੀ.ਐਸ.ਈ. ਤੇ ਏ
ਲੈਵਲ ਆਦਿ ਵਿਚ ਲੱਗਾਈਆਂ ਜਾ ਰਹੀਆਂ ਪੁਸਤਕਾਂ ਦਾ ਵਿਸ਼ਾ ਵਸਤੂ ਇਹ ਲੋਕ ਐਨਾਲਾਈਜ਼
ਕਰਨ ਦੇ ਹੱਕਦਾਰ ਵੀ ਹਨ ਜਾਂ ਨਹੀਂ? ਇਹ ਵੀ ਪਤਾ ਲੱਗਾ ਹੈ ਕਿ ਸਕੂਲਾਂ ਦੀ
ਕੈਪੀਟੇਸ਼ਨ ਨੂੰ ਵੀ ਕਥਿਤ ਤੌਰ ‘ਤੇ ਆਪਣੀਆਂ ਹੀ ਕੰਪਨੀਆਂ ਬਣਾ ਕੇ ਆਪ ਹੀ ਆਰਡਰ
ਲਏ ਜਾਂਦੇ ਰਹੇ ਹਨ। ਇਹ ਗੱਲ ਏਸ਼ੀਅਨ ਕਿਤਾਬੀ ਅਤੇ ਮਿਉਜ਼ਿਕ ਲਾਇਬਰੇਰੀਆਂ ਤੇ ਹੋਰ
ਵਿਦਿਅਕ ਮਹਿਕਮਿਆਂ ਤੇ ਵੀ ਢੁੱਕਦੀ ਹੋ ਸਕਦੀ ਹੈ। ਭਾਵੇਂ ਇਸ ਦੇ ਸਬੂਤ ਮਿਲਣੇ
ਮੁਸ਼ਕਲ ਹਨ।
ਇਕ ਵੇਰ ਇਕ ਲਾਇਬਰੇਰੀਅਨ ਬੀਬੀ ਦਾ ਫ਼ੋਨ ਆਇਆ ਕਿ ਜੀ ਤੁਸੀਂ ਸਾਡੇ ਸ਼ਹਿਰ ਆਓ
ਤੇ ਆਪਣੇ ਪੰਜਾਬੀ ਲੋਕਾਂ ਨੂੰ ਦੱਸੋ ਕਿ ਉਹ ਲਾਇਬਰੇਰੀ ਆਇਆ ਕਰਨ ਤੇ ਕਿਤਾਬਾਂ
ਇਸ਼ੂ ਕਰਵਾਇਆ ਕਰਨ। ਅਗਰ ਉਹ ਇੰਝ ਨਹੀਂ ਕਰਨਗੇ ਤਾਂ ਕੌਂਸਲ ਵਲੋਂ ਮਿਲ਼ਦੇ ਫ਼ੰਡ ਬੰਦ
ਹੋ ਜਾਣਗੇ। ਉਸ ਬੀਬੀ ਦੀ ਸੁਹਿਰਦਤਾ ਮੈਨੂੰ ਬਹੁਤ ਚੰਗੀ ਲੱਗੀ। ਮੈਂ ਗਿਆ। ਉਸ ਨੇ
ਬੜੀ ਕੋਸ਼ਸ਼ ਨਾਲ਼ ਆਪਣੀ ਕਮਿਉਨਿਟੀ ਦੇ ਕਈ ਬੰਦੇ ਇਕੱਠੇ ਕੀਤੇ। ਮੈਂ ਪੁਰਜ਼ੋਰ ਸ਼ਬਦਾਂ
ਵਿਚ ਪੰਜਾਬੀਆਂ ਨੂੰ ਬੇਨਤੀ ਕੀਤੀ ਕਿ ਇੰਗਲੈਂਡ ਵਿਚ ਪੰਜਾਬੀ ਭਾਸ਼ਾ ਅਤੇ ਸਾਹਿਤ
ਨੂੰ ਚਿਰੰਜੀਵ ਰੱਖ਼ਣ ਲਈ ਕਿਤਾਬਾਂ ਦੀ ਖ਼ਰੀਦੋ ਫ਼ਰੋਖ਼ਤ ਵੀ ਜ਼ਰੂਰੀ ਹੈ ਤੇ
ਲਾਇਬਰੇਰੀਆਂ ਚੋਂ ਵੀ ਇਨ੍ਹਾਂ ਨੂੰ ਇਸ਼ੂ ਕਰਵਾਉਣਾ ਜ਼ਰੂਰੀ ਹੈ। ਮੈਂ ਬਹੁਤ ਸਾਰੇ
ਸਕੂਲਾਂ ਦੀ ਵੀ ਉਦਾਹਰਣ ਦਿੱਤੀ ਕਿ ਕਿੰਝ ਮਾਪਿਆ ਅਤੇ ਬੱਚਿਆਂ ਦੀ ਗ਼ੈਰਦਿਲਚਸਪੀ
ਕਾਰਨ ਕੌਂਸਲਾਂ ਨੇ ਬੜੀਆਂ ਸੁਹਣੀਆਂ ਪੰਜਾਬੀ ਦੀਆਂ ਲਗਦੀਆਂ ਕਲਾਸਾਂ ਬੰਦ ਕਰ
ਦਿੱਤੀਆਂ ਹਨ। ਇਹੋ ਹਾਲ ਲਾਇਬਰੇਰੀਆਂ ਦਾ ਹੋਣਾ ਹੈ ਅਗ਼ਰ ਅਸੀਂ ਸੁਚੇਤ ਨਾ ਹੋਏ
ਤਾਂ। ਦੂਸਰੇ ਦਿਨ ਮੈਂ ਆਪਣੇ ਰੇਡੀਓ ਪ੍ਰੋਗਰਾਮ ਵਿਚ ਵੀ ਬਹੁਤ ਰੌਲ਼ਾ ਪਾਇਆ। ਪਰ
ਮੈਨੂੰ ਨਹੀਂ ਲਗਦਾ ਕਿ ਕਿਸੇ ਨੇ ਗੰਭੀਰਤਾ ਨਾਲ਼ ਮੇਰੀ ਜਾਂ ਮੇਰੇ ਜਿਹੇ ਹੋਰ
ਦੋਸਤਾਂ ਦੀ ਗੱਲ ਦਾ ਨੋਟਿਸ ਲਿਆ ਹੋਵੇ।
ਅਜਕਲ ਪੰਜਾਬੀ ਭਾਸ਼ਾ ਕੰਪਿਊਟਰ ਦੇ ਦੌਰ ਵਿਚ ਭਰਪੂਰ ਤਰੀਕੇ ਨਾਲ਼ ਪ੍ਰਵੇਸ਼ ਕਰ
ਚੁੱਕੀ ਹੈ। ਸਾਡੇ ਵਰਗੇ ਕੰਪਿਊਟਰ ਟੈਕਨੌਲੋਜੀ ਤੋਂ ਲਗਭਗ ਕੋਰੇ ਬੰਦੇ ਵੀ ਮਜਬੂਰ
ਹੋ ਗਏ ਹਨ ਕਿ ਇਸ ਟੈਕਨੋਲੋਜੀ ਨੂੰ ਜ਼ਰੂਰ ਸਿੱਖਿਆ ਜਾਵੇ ਕਿਉਂਕਿ ਇਸ ਬਿਨਾਂ
ਗ਼ੁਜ਼ਾਰਾ ਨਹੀਂ ਹੈ। ਫ਼ੇਸਬੁੱਕ, ਈ ਮੇਲ, ਟਵਿੱਟਰ ਤੇ ਬਲੌਗ਼ਜ਼ ਸਭ ਕੁਝ ਹੀ ਪੰਜਾਬੀ
ਵਿਚ ਉਪਲੱਭਦ ਹੈ। ਪਿਆਰੇ ਮਿੱਤਰ ਗੁਰਪ੍ਰੀਤ ਸਿੰਘ ਲਹਿਲ ਨੇ ਮੇਰੀ ਬੇਹੱਦ ਮਦਦ
ਕੀਤੀ ਹੈ ਇਸ ਟੈਕਨੌਲੋਜੀ ਨੂੰ ਸਮਝਣ ਵਿਚ। ਬਲਦੇਵ ਸਿੰਘ ਕੰਦੋਲਾ, ਸ਼ਰਦ ਰਾਵਲ,
ਮਨਪ੍ਰੀਤ ਸਿੰਘ ਬਧਨੀ ਕਲਾਂ, ਮੰਗਤ ਰਾਏ ਭਰਦਵਾਜ ਆਦਿ ਹੋਰ ਮਿੱਤਰ ਪਿਆਰੇ ਵੀ ਹਰ
ਤਰ੍ਹਾਂ ਮਦਦ ਕਰਨ ਲਈ ਤਿਆਰ ਰਹਿੰਦੇ ਹਨ। ਮੈਨੂੰ ਇਹ ਕਹਿਣ ਵਿਚ ਵੀ ਖ਼ੁਸ਼ੀ ਹੁੰਦੀ
ਹੈ ਕਿ ਜਿਹੜੇ ਵੀ ਪੰਜਾਬੀ ਪਿਆਰੇ ਕੰਪਿਊਟਰ ਟੈਕਨੌਲੋਜੀ ਤੋਂ ਵਾਕਫ਼ ਹਨ ਉਹ ਖ਼ਿੜੇ
ਮੱਥੇ ਹੋਰਨਾਂ ਨੂੰ ਸਿਖ਼ਾਉਂਦੇ ਹਨ। ਇੰਝ ਕਰਨ ਨਾਲ਼ ਗਲੋਬਲ ਤੌਰ ‘ਤੇ ਇਕ ਭਾਈਚਾਰਾ
ਕਾਇਮ ਹੋ ਗਿਆ ਹੈ। ਫ਼ੇਸਬੁੱਕ ਉੱਤੇ ਕਈ ਗਰੁੱਪ ਕਾਇਮ ਹੋ ਗਏ ਹਨ। ਭਾਵੇਂ ਕਈ ਲੋਕ
ਇਸ ਮਾਧਿਅਮ ਨੂੰ ਆਪਣੇ ਬੱਚਿਆਂ ਦੀਆਂ ਫ਼ੋਟੋਆਂ ਛਾਪਣ ਤੋਂ ਵੱਧ ਮਹੱਤਤਾ ਨਹੀਂ
ਦਿੰਦੇ ਪਰ ਵਧੇਰੇ ਬੁੱਧੀਜੀਵੀ ਇਸ ਦੀ ਸਯੋਗ਼ ਵਰਤੋਂ ਕਰਦੇ ਹਨ। ਜਿਹੜੇ ਲੋਕ ਆਈ
ਟਿਊਨ, ਆਈ ਪੌਡ ਤੇ ਆਈ ਪੈਡ ਖ਼ਰੀਦਣ ਦੀ ਸਮਰੱਥਾ ਰਖ਼ਦੇ ਹਨ, ਉਹ ਭਲੀ ਭਾਂਤ ਜਾਣਦੇ
ਹਨ ਕਿ ਇਹੋ ਜਿਹੀ ਟੈਕਨੌਲੋਜੀ ਨੇ ਜਾਣਕਾਰੀ ਤੇ ਗਿਆਨ ਦੇ ਕਿੰਨੇ ਬੂਹੇ ਖ਼ੋਲ੍ਹ
ਦਿੱਤੇ ਹਨ।
ਉਹ ਵਕਤ ਵੀ ਗ਼ੁਜ਼ਰ ਚੁੱਕਾ ਹੈ ਜਦੋਂ ਪਰੂਫ਼ ਰੀਡੰਗ ਦੀ ਬਹੁਤ ਬੜੀ ਸਮੱਸਿਆ ਸੀ।
ਮੈਂ ਇਹ ਨਹੀਂ ਕਹਿ ਰਿਹਾ ਕਿ ਵਰਤਮਾਨ ਵਿਚ ਇਹ ਬਿੱਲਕੁੱਲ ਨਹੀਂ ਹੈ ਕਿਉਕਿ ਸਾਡੇ
ਕੁਝ ਪਬਲਿਸ਼ਰ ਟਾਈਪ ਕੀਤੀ ਹੋਈ ਕਿਰਤ ਨੂੰ ਵੀ ਧਿਆਨ ਨਾਲ਼ ਨਹੀਂ ਪੜ੍ਹਦੇ। ਲੇਖ਼ਕ
ਮਿੱਤਰਾਂ ਨੂੰ ਚਾਹੀਦਾ ਹੈ ਕਿ ਉਹ ਭਾਵੇਂ ਹੌਲੀ ਹੌਲ਼ੀ ਹੀ ਸਹੀ ਪਰ ਆਪਣੀ ਰਚਨਾ
ਨੂੰ ਟਾਈਪ ਕਰਕੇ ਹੀ ਪ੍ਰਕਾਸ਼ਕਾਂ ਨੂੰ ਭੇਜਿਆ ਕਰਨ। ਅਗ਼ਰ ਹੋ ਸਕੇ ਤਾਂ ਪੀ ਡੀ ਐਫ਼
ਵਿਚ ਭੇਜਿਆ ਕਰਨ। ਇੰਝ ਕਰਨ ਨਾਲ਼ ਪ੍ਰਕਾਸ਼ਕ ਤੁਹਾਡੀ ਰਚਨਾਂ ਨਾਲ਼ ਛੇੜ ਛਾੜ ਨਹੀਂ
ਕਰ ਸਕੇਗਾ। ਇਹ ਵੀ ਮੰਗ ਕੀਤੀ ਜਾਵੇ ਕਿ ਜਿਹੜੀ ਟਾਈਪ ਕਰਨ ਦੀ ਮਿਹਨਤ ਲੇਖ਼ਕ ਨੇ
ਕੀਤੀ ਹੈ ਉਸ ਦੇ ਇਵਜ਼ ਵਿਚ ਪ੍ਰਕਾਸ਼ਕ ਲੇਖ਼ਕ ਤੋਂ ਲਏ ਜਾਂਦੇ ਪੈਸਿਆਂ ਦੀ ਰਕਮ ਵਿਚ
ਵੀ ਕਮੀ ਕਰੇ ਕਿਉਂਕਿ ਟਾਈਪ ਕੀਤੀ ਹੋਈ ਤੇ ਪੀ ਡੀ ਐਫ਼ ਵਾਲ਼ੀ ਰਚਨਾ ਦੀ ਪਰੂਫ਼
ਰੀਡਿੰਗ ਦੀ ਵੀ ਜ਼ਰੂਰਤ ਨਹੀਂ ਹੁੰਦੀ। ਕੋਈ ਵੇਲਾ ਸੀ ਜਦੋਂ ਪ੍ਰਕਾਸ਼ਕ ਸਾਨੂੰ
ਰੌਇਲਟੀ ਦਿਆ ਕਰਦੇ ਸਨ। ਹੁਣ ਅਸੀਂ ਪੱਲਿਓਂ ਪੈਸੇ ਦੇ ਕੇ ਕਿਤਾਬਾਂ ਛਪਵਾਂਦੇ
ਹਾਂ। ਮੇਰੀ ਪੁਸਤਕ ‘ਸਮੁੰਦਰੋਂ ਪਾਰ’ ਪ੍ਰੀਤ ਲੜੀ ਪ੍ਰਕਾਸ਼ਨ ਸਮੂਹ ਨੇ ਛਾਪੀ ਸੀ।
‘ਉੱਡਦੀਆਂ ਤਿੱਤਲੀਆਂ ਮਗਰ’, ‘ਮੌਸਮ ਖ਼ਰਾਬ ਹੈ’ ਤੇ ‘ਅੱਗ ਖ਼ਾਣ ਪਿੱਛੋਂ’ ਨਵਯੁਗ
ਪਬਲਿਸ਼ਰਜ਼ ਨੇ ਛਾਪੀਆਂ ਸਨ। ਦੋਹਾਂ ਆਦਾਰਿਆਂ ਨੇ ਰੌਇਲਟੀ ਦਿੱਤੀ ਤੇ ਮਾਣ ਰੱਖਿਆ।
ਹੁਣ ਅਜਕਲ ਹਾਲ ਇਹ ਹੈ ਕਿ ‘ਸਮੁੰਦਰੋਂ ਪਾਰ’ ਦੇ ਕਈ ਐਡੀਸ਼ਨ ਛਪ ਚੁੱਕੇ ਹਨ ਜਿਹੜੇ
ਕਿ ਮੇਰੇ ਗਿਆਨ ਤੋਂ ਬਿਨਾਂ ਹੀ ਕਈਆਂ ਪਬਲਿਸ਼ਰਾਂ ਨੇ ਛਾਪ ਲਏ ਹਨ। ਇਹ ਮੇਰੇ ਨਾਲ਼
ਹੀ ਨਹੀਂ ਸਭ ਨਾਲ਼ ਹੀ ਹੁੰਦੀ ਹੋਵੇਗੀ। ਜਾਨੀ ਕਿ ਕੁਰੱਪਟ ਪ੍ਰੈਕਟਸਸ ਦਾ ਹਰ ਪਾਸੇ
ਹੀ ਬੋਲ ਬਾਲਾ ਹੈ।
ਸਾਡੀਆਂ ਕਿਤਾਬਾਂ ਤਾਂ ਪਹਿਲਾਂ ਹੀ ਕੋਈ ਖ਼ਰੀਦ ਕੇ ਰਾਜ਼ੀ ਨਹੀਂ ਹੈ। ਹੁਣ ਤਾਂ
ਸੱਗੋਂ ਹੋਰ ਵੀ ਮੁਸ਼ਕਲ ਆ ਜਾਵੇਗੀ ਕਿਉਂਕਿ ਈ ਬੁੱਕਸ ਦਾ ਜ਼ਮਾਨਾ ਜੁ ਆ ਗਿਆ ਹੈ।
ਅੰਗਰੇਜ਼ੀ ਵਿਚ ਈ ਪੈਡ, ਕਿੰਡਲ ਫ਼ਾਇਰ, ਈ ਫ਼ੋਨ ਅਤੇ ਲੈਪ ਟੌਪ ਉੱਤੇ ਘਰਾਂ, ਬੱਸਾਂ,
ਗੱਡੀਆਂ ਅਤੇ ਹਵਾਈ ਜਹਾਜ਼ਾਂ ਵਿਚ ਕਿਤਾਬਾਂ ਪੜ੍ਹੀਆਂ ਜਾਂਦੀਆਂ ਹਨ। ਅਖ਼ਬਾਰਾਂ ਦਾ
ਵੀ ਇਹੋ ਹਾਲ ਹੋ ਗਿਆ ਹੈ । ਪਰ ਅੰਗਰੇਜ਼ੀ ਵਿਚ ਇਨ੍ਹਾਂ ਗੱਲਾਂ ਉੱਤੇ ਕਾਫ਼ੀ
ਕੰਟਰੋਲ ਹੈ। ਈ ਬੁੱਕ ਨੂੰ ਡਾਊਨਲੋਡ ਕਰਨ ਦੀ ਕੀਮਤ ਵਸੂਲ ਕੀਤੀ ਜਾਂਦੀ ਹੈ।
ਅਖ਼ਬਾਰਾਂ ਵਾਲ਼ੇ ਇੰਟਰਨੈਟ ਦੀ ਸਹੂਲਤ ਵਾਸਤੇ ਚੰਦੇ ਲੈਂਦੇ ਹਨ। ਪਰ ਸਾਡੀ ਗੰਗਾ
ਉਲਟੀ ਹੈ। ਪੰਜਾਬੀਓ ਲੇਖ਼ਕ ਤੇ ਉਸ ਦੀ ਕਿਰਤ ਦਾ ਮੁੱਲ ਪਾਵੋ। ਉਸ ਦੀ ਕਦਰ ਕਰੋ।
ਅਸੀਂ ਹੋਰ ਬਥੇਰੇ ਕੰਮਾਂ ਉੱਤੇ ਫ਼ਜ਼ੂਲ ਖ਼ਰਚੀਆਂ ਕਰਦੇ ਹਾਂ। ਧਾਰਮਕ ਅਤੇ ਹੋਰ
ਸਮਾਜਕ ਭਾਵ ਵਿਆਹਾਂ ਸ਼ਾਦੀਆਂ ਵਾਲ਼ੇ ਕੰਮਾਂ ‘ਤੇ ਬੇਹੱਦ ਮਾਇਆ ਖ਼ਰਚੀ ਜਾਂਦੀ ਹੈ।
ਅਸੀਂ ਸਭ ਜਾਣਦੇ ਹਾਂ ਕਿ ਲੇਖ਼ਕ ਲੋਕ ਆਪਣੀ ਕੌਮ ਦੀ ਭਲਾਈ ਲਈ ਹੀ ਕੰਮ ਕਰ ਰਹੇ
ਹੁੰਦੇ ਹਨ। ਫ਼ਿਰ ਉਨ੍ਹਾਂ ਦਾ ਵੀ ਕਿਉਂ ਨਾ ਮੁੱਲ ਪਾਇਆ ਜਾਵੇ? ਇਕ ਹਾਸੇ ਵਾਲੀ
ਗੱਲ ਵੀ ਕਰਨੀ ਵਾਜਬ ਹੈ। ਇੰਗਲੈਂਡ ਦੇ ਇਕ ਲੇਖ਼ਕ ਨੇ ਆਪਣੀ ਕਿਤਾਬ ਦੇ ਇਸ਼ਤਿਹਾਰ
ਵਿਚ ਆਪਣੀ ਕਿਤਾਬ ਦੀ ਕੀਮਤ ਲਿਖ਼ੀ-ਬੀਅਰ ਦੇ ਦੋ ਗਲਾਸ। ਇਹ ਹਾਲ ਹੈ ਸਾਡਾ!
ਇੰਟਰਨੈਟ ਦੇ ਯੁਗ ਵਿਚ ਪੰਜਾਬੀ ਦੇ ਇੰਟਰਨੈਟ ਰੇਡੀਓ ਅਤੇ ਟੈਲੀਵੀਯਨ
ਵੈਬਸਾਈਟਾਂ ਦੀ ਗਿਣਤੀ ਵਿਚ ਵੀ ਢੇਰ ਸਾਰਾ ਵਾਧਾ ਹੋਇਆ ਹੈ। ਇਸੇ ਤਰ੍ਹਾਂ
ਵੈਬਸਾਈਟਸ ‘ਤੇ ਨਿਕਲਦੀਆਂ ਅਖ਼ਬਾਰਾਂ ਦੀ ਵੀ ਬਹੁਤ ਵੱਡੀ ਗਿਣਤੀ ਹੈ। ਪੰਜਾਬੀ ਵਿਚ
ਅਨੇਕਾਂ ਇੰਨਟਰਨੈਟ ਮੈਗ਼ਜ਼ੀਨ ਵੀ ਨਿਕਲਦੇ ਹਨ। ਆਮ ਪੱਛਮੀ ਜ਼ਿੰਦਗ਼ੀ ਵਿਚ ਪੇਪਰ ਦੀ
ਵਰਤੋਂ ਘਟ ਰਹੀ ਹੈ ਤੇ ‘ਔਨ ਲਾਈਨ’ ਦੀਆਂ ਸੰਵਿਧਾਵਾਂ ਵਿਚ ਵਾਧਾ ਹੋ ਰਿਹਾ ਹੈ।
ਇੱਥੋਂ ਤੀਕ ਕਿ ਬਹੁਤ ਸਾਰੇ ਬੈਂਕ ਇਨਸਿਸਟ ਕਰਦੇ ਹਨ ਕਿ ਗਾਹਕ ‘ਔਨ ਲਾਈਨ’ ਹੀ
ਆਪਣੀਆਂ ਟਰਾਂਜ਼ੈਕਸ਼ਨਜ਼ ਕਰਿਆ ਕਰੇ ਤੇ ਉਹ ਅਗਰ ਚਾਹੇ ਤਾਂ ਆਪੇ ਹੀ ਪੇਪਰ
ਸਟੇਟਮੈਂਟ ਵੀ ਪ੍ਰਿੰਟ ਕਰ ਲਿਆ ਕਰੇ। ਬ੍ਰਿਟਨ ਵਿਚ ਬ੍ਰਿਟਿਸ਼ ਟੈਲੀਕੌਮ ਜਿਹੇ
ਅਦਾਰੇ ਤਾਂ ਪੇਪਰ ਬਿੱਲ ਵਾਸਤੇ ਡੇਢ ਪੌਂਡ ਚਾਰਜ ਵੀ ਕਰਨ ਲੱਗ ਪਏ ਹਨ। ਖ਼ੈਰ ਆਪਾਂ
ਗੱਲ ਪੰਜਾਬੀ ਦੀ ਕਰ ਰਹੇ ਸਾਂ। ਬੇਸ਼ੁਮਾਰ ਇੰਟਰਨੈਟ ਅਖ਼ਬਾਰਾਂ ਅਤੇ ਮੈਗ਼ਜ਼ੀਨਾਂ ਦੇ
ਨਿਕਲਣ ਕਾਰਨ ਜ਼ਾਹਰਾ ਤੌਰ ‘ਤੇ ਪੰਜਾਬੀ ਦੀ ਲੋਕਪ੍ਰੀਅਤਾ ਵਿਚ ਵਾਧਾ ਹੋਇਆ ਹੈ।
ਬਦਕਿਸਮਤੀ ਨਾਲ਼ ਇਨ੍ਹਾਂ ਅਖ਼ਬਾਰਾਂ ਵਿਚਲੇ ਮੈਟੀਰੀਅਲ ਕਈ ਵੇਰ ਉੱਚੀ ਪੱਧਰ ਦੇ
ਨਹੀਂ ਹੁੰਦੇ। ਅਜੇ ਵੀ ਬਹੁਤੇ ਪੰਜਾਬੀ ਲੋਕ ਪੇਪਰ ਉੱਤੇ ਪਰਿੰਟ ਕੀਤੀ ਹੋਈ ਚੀਜ਼
ਪੜ੍ਹਕੇ ਹੀ ਖ਼ੁਸ਼ ਹੁੰਦੇ ਹਨ। ਵੈਸੇ ਵੀ ਕਿਉਂਕਿ ਇੰਟਰਨੈਟ ਅਖ਼ਬਾਰਾਂ ਅਤੇ ਮੈਗ਼ਜ਼ੀਨ
ਚਲਾਉਣ ਵਾਲ਼ੇ ਲੋਕ ਕਿਸੇ ਕਿਸਮ ਦੇ ਚੰਦੇ ਦੀ ਆਸ ਨਹੀਂ ਰਖ਼ਦੇ ਹੁੰਦੇ, ਇਸ ਲਈ
ਮੁਫ਼ਤੋ ਮੁਫ਼ਤੀ ਵਿਚ ਆਪਣਾ ਕੀਮਤੀ ਸਮਾਂ ਲਗਉਣ ਦੀ ਵੀ ਇਕ ਹੱਦ ਨਿਸਚਤ ਹੋ ਜਾਂਦੀ
ਹੈ। ਪ੍ਰੋਫੈਸ਼ਨਾਲਿਜ਼ਮ ਕਿਵੇਂ ਆਵੈ? ਕਈਆਂ ਦੋਸਤਾਂ ਨੇ ਕੋਸ਼ਸ਼ ਵੀ ਕੀਤੀ ਕਿ ਕੁਝ
ਨਿਗੂਣਾ ਜਿਹਾ ਚੰਦਾ ਰੱਖ਼ਿਆ ਜਾਵੇ ਪਰ ਮੁਫ਼ਤੋ ਮੁਫ਼ਤੀ ਮੈਗ਼ਜ਼ੀਨ ਛਾਪਣ ਦੇ ਸ਼ੌਕੀਨ
ਉਨ੍ਹਾਂ ਦੀ ਪੇਸ਼ ਨਹੀਂ ਜਾਣ ਦਿੰਦੇ। ਦੂਸਰੇ ਪਾਸੇ ਪੰਜਾਬੀ ਦੇ ਅਜਿਹੇ ਅਦਾਰਿਆਂ
ਨੂੰ ਇਸ਼ਤਿਹਾਰ ਵੀ ਬੜੀ ਮੁਸ਼ਕਲ ਨਾਲ ਹੀ ਮਿਲ਼ਦੇ ਹਨ। ਮੀਡੀਅਮ ਵੇਵ, ਡੈਬ ਅਤੇ ਐਫ਼
ਐਮ ਉੱਤੇ ਚਲਦੇ ਰੇਡੀਓ ਸਟੇਸ਼ਨਾਂ ਉਤੇ ਵੀ ਖ਼ਰਚਿਆਂ ਦੀ ਪੰਡ ਭਾਰੀ ਹੁੰਦੀ ਜਾ ਰਹੀ
ਹੈ। ਬਰਿਟਨ ਵਿਚ ਏਸ਼ੀਅਨ ਮਾਰਕੀਟ ਵਿਚ ਸੈਚੂਰੇਸ਼ਨ ਆ ਚੁੱਕੀ ਹੈ। ਕੁਝ ਧਾਰਮਕ
ਪ੍ਰਸਾਰਣ ਅਦਾਰੇ ਹਰ ਤਰ੍ਹਾਂ ਨਾਲ਼ ਪੈਸੇ ਇਕੱਠੇ ਕਰਨ ਵਲ ਰੁਚਿੱਤ ਹਨ। ਇੰਗਲੈਂਡ
ਵਿਚ ਮਾਇਆ ਇਕੱਠੀ ਕਰਨ ਦਾ ਵਧੀਆ ਸਾਧਨ ਗੁਰਬਾਣੀ ਅਤੇ ਅਰਦਾਸਾਂ ਹਨ। ਰੇਡੀਓ ਤੇ
ਟੀ ਵੀ ਚਲਾਉਣ ਵਾਲ਼ੇ ਵੀ ਕੀ ਕਰਨ? ਇਨ੍ਹਾਂ ਨੂੰ ਚਲਾਉਣ ਲਈ ਬੜੀ ਤਕੜੀ ਮਾਇਆ ਦੀ
ਲੋੜ ਹੁੰਦੀ ਹੈ। ਇਸੇ ਲਈ ਉਹ ਹਰ ਵੇਲੇ ਹੀ ਮਾਇਆ ਇਕੱਤਰ ਕਰਨ ਵੱਲ ਲੱਗੇ ਰਹਿੰਦੇ
ਹਨ। ਇੰਝ ਕਰਨ ਨਾਲ਼ ਇਨ੍ਹਾਂ ਅਦਾਰਿਆ ਨੂੰ ਇਕ ਖ਼ਾਸ ਕਿਸਮ ਦੇ ਪ੍ਰੋਗ਼ਰਾਮ ਹੀ ਦੇਣੇ
ਪੈਂਦੇ ਹਨ। ਇਸੇ ਲਈ ਇਨ੍ਹਾਂ ਉੱਤੇ ਸਾਹਿਤਕ ਕਿਸਮ ਦੇ ਪ੍ਰੋਗਰਾਮ ਅਤੇ ਪੰਜਾਬੀ
ਭਾਸ਼ਾ ਨੂੰ ਬੜ੍ਹਾਵਾ ਦੇਣ ਵਾਲ਼ੇ ਪ੍ਰੋਗਰਾਮਾਂ ਦੀ ਘਾਟ ਹੁੰਦੀ ਹੈ। ਧਾਰਮਕ ਕਿਸਮ
ਦੀਆਂ ਚੈਨਲਾਂ ਜਾਂ ਪ੍ਰੋਗਰਾਮਾਂ ਵਿਚ ਵੀ ਪੰਜਾਬੀ ਬੋਲੀ ਦੀ ਤਰੱਕੀ ਲਈ ਲਗਭਗ ਕੁਝ
ਨਹੀਂ ਕੀਤਾ ਜਾਂਦਾ। ਉਨ੍ਹਾਂ ਦਾ ਮੁੱਦਾ ਧਾਰਮਕ ਸ਼ਿਖ਼ਸ਼ਾ ਜਾਂ ਗੁਰਬਾਣੀ ਪੜ੍ਹਨੀ
ਸਿੱਖਣ ਤੱਕ ਹੀ ਮਹਿਦੂਦ ਰਹਿ ਜਾਂਦਾ ਹੈ। ਪੰਜਾਬੀ ਰੇਡੀਓ ਅਤੇ ਟੀ ਵੀ ਦੇ ਕਈਆਂ
ਪੇਸ਼ਕਾਰਾਂ ਦਾ ਪੰਜਾਬੀ ਦਾ ਉਚਾਰਣ ਬਿਲਕੁਲ ਹੀ ਚੰਗਾ ਨਹੀਂ ਹੁੰਦਾ। ਗ਼ਜ਼ਲ ਨੂੰ
ਗਜਲ, ਮਜਬੂਰ ਨੂੰ ਮਜ਼ਬੂਰ ਤੇ ਇਜਾਜ਼ਤ ਨੂੰ ਇਜਾਜਤ ਤਾਂ ਆਮ ਜਿਹੀ ਹੀ ਗੱਲ ਹੁੰਦੀ
ਹੈ। ਕਿਉਂਕਿ ਇਨ੍ਹਾਂ ਪੇਸ਼ਕਾਰਾਂ ਦਾ ਤਲੱਫ਼ਜ਼ ਠੀਕ ਨਹੀਂ ਹੁੰਦਾ, ਇਸ ਲਈ ਗੁਰਬਾਣੀ
ਦੇ ਉਚਾਰਨ ਵਿਚ ਵੀ ਗ਼ਲਤੀਆਂ ਹੁੰਦੀਆਂ ਹਨ। ਇਹੋ ਹਾਲ ਅਜਕਲ ਦੇ ਢੇਰ ਸਾਰੇ ਗਾਣਿਆਂ
ਵਿਚ ਵੀ ਹੈ। ਚੰਗੀ ਮੰਦੀ ਪੋਇਟਰੀ ਦੀ ਪਛਾਣ ਨਹੀਂ ਹੈ। ਬੀਟ ਦੇ ਆਧਾਰ ‘ਤੇ ਡਾਂਸ
ਤਾਂ ਹੋ ਸਕਦੇ ਹਨ ਪਰ ਪੰਜਾਬੀ ਦੇ ਬੜ੍ਹਾਵੇ ਲਈ ਕੁਝ ਨਹੀਂ ਹੰਦਾ। ਕਈ ਲੋਕ ਕਹਿ
ਦਿੰਦੇ ਹਨ ਕਿ ਜੀ ਕੋਈ ਗੱਲ ਸਮਝ ਆਵੇ ਜਾਂ ਨਾ ਆਵੇ ਤਾਂ ਵੀ ਵਿਦੇਸ਼ਾਂ ‘ਚ ਵਸਦੀ
ਨਵੀਂ ਪੀੜ੍ਹੀ ਪੰਜਾਬੀ ਕਲਚਰ ਨਾਲ਼ ਜੁੜੀ ਤਾਂ ਰਹਿ ਹੀ ਸਕਦੀ ਹੈ ਇਨ੍ਹਾਂ ਪੰਜਾਬੀ
ਗਾਣਿਆਂ ਕਾਰਨ। ਇਹ ਗੱਲ ਇਸ ਲਈ ਹਲਕੀ ਲਗਦੀ ਹੈ ਕਿ ਭੰਗੜਾ ਬੀਟ ਨਾਲ਼ ਝੂੰਮ ਲੈਣਾ
ਹੀ ਆਪਣੇ ਕਲਚਰ ਨਾਲ਼ ਜੁੜੇ ਰਹਿਣਾ ਨਹੀਂ ਹੈ। ਕਿਸੇ ਵੀ ਕਲਚਰ ਦੀ ਹਿਸਟਰੀ, ਬੋਲੀ
ਤੇ ਕਈਆਂ ਹਾਲਤਾਂ ਵਿਚ ਧਰਮ ਨੂੰ ਸਮਝਣਾ ਅਤੇ ਜਾਨਣਾ ਵੀ ਆਵੱਸ਼ਕ ਹੁੰਦਾ ਹੈ। ਇਹ
ਗੱਲਾਂ ਜ਼ਬਾਨ ਆਉਣ ਨਾਲ਼ ਹੀ ਸਮਝੀਆਂ ਜਾ ਸਕਦੀਆਂ ਹਨ। ਜ਼ਬਾਨਾਂ ਉਹੋ ਹੀ ਜਿਉਂਦੀਆਂ
ਰਹਿੰਦੀਆਂ ਹਨ ਜਿਨ੍ਹਾਂ ਜ਼ਬਾਨਾਂ ਵਿਚ ਸਾਹਿਤ ਦੀ ਰਚਨਾ ਹੋਵੇ ਤੇ ਸਾਹਿਤਕਾਰਾਂ
ਦੀ ਕਦਰ ਹੋਵੇ।
ਇਸ ਸੈਟੇਲਾਈਟ ਅਤੇ ਇੰਟਰਨੈਟ ਦੇ ਯੁਗ ਵਿਚ ਬ੍ਰੌਡਕਾਸਟਿੰਗ ਇਕ ਨਵੇਂ,
ਅਣਕਿਆਸੇ ਅਤੇ ਨਵੇਕਲ਼ੇ ਦੌਰ ਵਿਚ ਦਾਖ਼ਲ ਹੋ ਚੁੱਕਿਆ ਹੈ। ਰੇਡੀਓ, ਟੀ ਵੀ ਅਤੇ
ਇਲੈਟਰੌਨਿਕ ਮੀਡੀਆ ਏਨਾ ਤੇਜ਼ ਤਰਾਰ ਹੋ ਚੁੱਕਿਆ ਹੈ ਕਿ ਕਈ ਖ਼ਬਰਾਂ ਐਵੇਂ ਕੁਝ
ਘੰਟਿਆ ਵਿਚ ਹੀ ਪੁਰਾਣੀਆਂ ਹੋ ਜਾਂਦੀਆਂ ਹਨ। ਸਾਰੀ ਦੁਨੀਆਂ ਸੁੰਗੜ ਕੇ ਇਕ ਗਲੋਬਲ
ਵਿੱਲੇਜ ਬਣ ਗਈ ਹੈ। ਇੰਟਰਨੈਟ ਨੇ ਗੋਲਬਲੀ ਇੰਟਰਐਕਸ਼ਨ ਦਾ ਦੌਰ ਆਰੰਭ ਕਰ ਦਿੱਤਾ
ਹੈ। ਸੈਟੇਲਾਈਟ ਰਾਹੀਂ ਕਈਆਂ ਚੈਨਲਾਂ ਉੱਤੇ ਅਨੇਕਾਂ ਦੇਸਾਂ ਵਿਚ ਬੈਠੇ ਲੋਕਾਂ
ਨਾਲ਼ ਇੱਕੋ ਵੇਲੇ ਇੰਟਰਐਕਟ ਹੋਇਆ ਜਾ ਸਕਦਾ ਹੈ ਤੇ ਅੰਤਰਰਾਸ਼ਟਰੀਆ ਵਿਸ਼ਿਆਂ ਉੱਤੇ
ਭਰਪੂਰ ਡਿਸਕਸ਼ਨ ਕੀਤੀ ਜਾ ਸਕਦੀ ਹੈ। ਮੈਂ ਪਿਛਲੇ ਪੰਝੀ ਸਾਲਾਂ ਤੋਂ ਮਲਟੀ
ਲਿੰਗੁਅਲ ਸੋਸ਼ੀਓ ਪੁਲੀਟੀਕਲ ਰੇਡੀਓ ਅਤੇ ਟੀ ਵੀ ਡਿਸਕਸ਼ਨ ਪ੍ਰੋਗਰਾਮ ਕਰ ਰਿਹਾ
ਹਾਂ। ਇਹ ਪੇਸ਼ਕਾਰ ਦੇ ਹੱਥ ਵਿਚ ਹੀ ਹੁੰਦਾ ਹੈ ਕਿ ਉਸ ਨੇ ਕਿੰਝ ਆਪਣੇ ਔਡੀਐਂਸ
ਨੂੰ ਚੰਗੇ ਡੀਬੇਟਰ ਬਣਾਉਣਾ ਹੈ। ਮੈਨੂੰ ਖ਼ੁਸ਼ੀ ਹੈ ਕਿ ਕਈਆਂ ਸਾਲਾਂ ਦੀ ਮਿਹਨਤ
ਤੋਂ ਬਾਅਦ ਮੈਂ ਏਸ ਪਾਸੇ ਵਰਨਣਯੋਗ਼ ਪ੍ਰਗਤੀ ਕਰ ਸਕਿਆ ਹਾਂ। ਪਰ ਬਦਕਿਸਮਤੀ ਨਾਲ਼
ਸਾਡੇ ਬਹੁਤ ਸਾਰੇ ਪੇਸ਼ਕਾਰ ਇੰਟਰਐਕਟ ਜਾਂ ਡੀਬੇਟ ਪ੍ਰੋਗਰਾਮਾਂ ਵਾਸਤੇ ਵਧੀਆ
ਤਿਆਰੀ ਨਹੀਂ ਕਰਦੇ ਜਾਂ ਉਹ ਇਸ ਦੇ ਕਾਬਲ ਹੀ ਨਹੀਂ ਹੁੰਦੇ। ਉਹ ਲਗਾਤਾਰ ਤੇ ਕਈ
ਵੇਰ ਵਿਸ਼ੇ ਤੋਂ ਹਟ ਕੇ ਬੋਲ ਰਹੇ ਕਾਲਰ ਨੂੰ ਟੋਕਦੇ ਨਹੀਂ ਤੇ ਕਾਊਂਟਰ ਕੁਐਸਚਨ ਵੀ
ਨਹੀਂ ਕਰਦੇ। ਪੰਜਾਬੀ ਵਿਚ ਬਹਿਸ ਕਰਨ ਦਾ ਰਿਵਾਜ ਨਹੀਂ ਹੈ। ਬਹੁਤੇ ਲੋਕ ਲੜਨ
ਵਰਗੀਆਂ ਗੱਲਾਂ ਕਰਨ ਲੱਗ ਪੈਂਦੇ ਹਨ। ਇੰਟਰਐਕਟ ਕਰਨਾ ਭਾਵ ਤਬਾਦਲਾ-ਏ-ਖ਼ਿਆਲ ਕਰਨਾ
ਲੜਨਾ ਨਹੀਂ ਹੁੰਦਾ। ਕਈ ਲੋਕ ਜਦੋਂ ਪੰਜਾਬੀ ਜ਼ਬਾਨ ਦੀ ਤਰੱਕੀ ਵਾਰੇ ਜਾਂ ਕਿਸੇ
ਸਮਾਜਕ ਜਾਂ ਰਾਜਨੀਤਕ ਸਮੱਸਿਆ ਵਾਰੇ ਬਹਿਸ ‘ਚ ਹਿੱਸਾ ਲੈਂਦੇ ਹਨ ਤਾਂ ਖ਼ਾਹ ਮਖ਼ਾਹ
ਹੀ ਸਾਰੀ ਬਹਿਸ ਨੂੰ ਧਰਮ ਵੱਲ ਲੈ ਜਾਂਦੇ ਹਨ ਜਾਂ ਗੁੱਸੇ ਵਿਚ ਆਕੇ ਕੁਸੈਲ਼ੀਆਂ
ਗੱਲਾਂ ਕਰਨ ਲੱਗ ਪੈਂਦੇ ਹਨ। ਆਪਣੇ ਜਜ਼ਬਾਤ ਉੱਤੇ ਉਹ ਕਾਬੂ ਨਹੀਂ ਪਾ ਸਕਦ ਹੁੰਦੇ।
ਕਈ ਵੇਰ ਪੇਸ਼ਕਾਰ ਵੀ ਅਜਿਹੇ ਕਾਲਰਾਂ ਤੋਂ ਡਰ ਜਾਂਦੇ ਹਨ।
ਇੰਗਲੈਂਡ ਅਤੇ ਹੋਰ ਦੇਸ਼ਾਂ ਵਿਚ ਸਾਡੇ ਬੇਸ਼ੁਮਾਰ ਪ੍ਰਸਾਰਣ ਅਦਾਰੇ ਖ਼ੁੱਲ੍ਹ ਰਹੇ
ਹਨ। ਬੇਸ਼ੱਕ ਵਧੇਰੇ ਟੀ ਵੀ ਸਟੇਸ਼ਨ ਬਹੁਤਾ ਕਰਕੇ ਪਿਛਾਂਹ ਰਹਿ ਗਏ ਦੇਸ ਦੀਆਂ
ਗੱਲਾਂ ਵਿਚ ਹੀ ਗ਼ਲਤਾਨ ਰਹਿੰਦੇ ਹਨ ਤੇ ਆਪਣੇ ਅਪਣਾਏ ਹੋਏ ਦੇਸ ਵਾਰੇ ਉੱਕਾ ਹੀ
ਚੁੱਪ ਰਹਿੰਦੇ ਹਨ ਪਰ ਫ਼ਿਰ ਵੀ ਘੱਟੋ ਘੱਟ ਇਹ ਚੈਨਲਾਂ ਪੰਜਾਬੀ ਵਿਚ ਤਾਂ ਗੱਲ
ਕਰਦੀਆਂ ਹਨ? ਇੰਗਲੈਂਡ, ਅਮਰੀਕਾ ਅਤੇ ਕੈਨੇਡਾ ਵਿਚ ਢੇਰ ਸਾਰੀ ਗਿਣਤੀ ਵਿਚ ਮੁਫ਼ਤ
ਦੀਆਂ ਅਖ਼ਬਾਰਾਂ ਛਪਦੀਆਂ ਹਨ। ਵਧੇਰੇ ਕਰਕੇ ਇਹ ਇੱਕੋ ਕਿਸਮ ਦੀਆਂ ਖ਼ਬਰਾਂ ਛਾਪਦੇ
ਹਨ ਤੇ ਖ਼ਬਰਾਂ ਹੁੰਦੀਆਂ ਵੀ ਪੰਜਾਬ ਦੀਆਂ ਹਨ। ਇਨ੍ਹਾਂ ਕੋਲ਼ ਇਨਵੈਸਟੀਗੇਟਿੰਗ
ਜਰਨਾਲਿਜ਼ਮ ਦੇ ਸਾਧਨ ਨਹੀਂ ਹੁੰਦੇ। ਪ੍ਰੋਫੈਸ਼ਨਾਲਿਜ਼ਮ ਨਹੀਂ ਹੁੰਦਾ। ਅਜਿਹੇ
ਕੰਮਾਂ ਲਈ ਵਧੇਰੇ ਸਾਧਨਾਂ ਦੀ ਲੋੜ ਹੁੰਦੀ ਹੈ। ਫ਼ਿਰ ਵੀ ਇਨ੍ਹਾਂ ਦੀ ਆਪਣੀ ਹੀ
ਦੇਣ ਹੈ ਜਿਸ ਨੂੰ ਅੱਖ਼ੋਂ ਪਰੋਖ਼ੇ ਨਹੀਂ ਕੀਤਾ ਜਾ ਸਕਦਾ। ਸਾਡੀਆਂ ਬਹੁਤ ਸਾਰੀਆਂ
ਪੰਜਾਬੀ ਚੈਨਲਾਂ ਉੱਤੇ ਅਕਸਰ ਹੀ ਕੇਵਲ ਪੰਜਾਬੀ ਫ਼ਿਲਮਾਂ ਅਤੇ ਜ਼ਿਆਦਾ ਤਰ ਪੰਜਾਬ
ਨਾਲ਼ ਸੰਬੰਧਤ ਖ਼ਬਰਾਂ ਹੀ ਹੁੰਦੀਆਂ ਹਨ। ਇੰਗਲੈਂਡ ਦੀ ਸੋਸ਼ਲ ਲਾਈਫ਼, ਪੌਲਿਟਿਕਸ,
ਕਾਇਦੇ-ਕਨੂੰਨ (ਇੰਮੀਗਰੇਸ਼ਨ ਨੂੰ ਛੱਡ ਕੇ ਜੀਹਦੇ ਵਾਰੇ ਸਾਡੇ ਇੱਮੀਗਰੇਸ਼ਨ ਦੇ
ਵਕੀਲ ਭਰਪੂਰ ਜਾਣਕਾਰੀ ਦਿੰਦੇ ਰਹਿੰਦੇ ਹਨ), ਇਥੋਂ ਦੀਆਂ ਸੋਸ਼ਲ ਕਦਰਾਂ ਕੀਮਤਾਂ
ਵਾਰੇ ਬੜੀ ਘੱਟ ਵੱਧ ਹੀ ਜਾਣਕਾਰੀ ਹੁੰਦੀ ਹੈ। ਇਨ੍ਹਾਂ ਕੰਮਾਂ ਵਾਸਤੇ ਮਾਹਰ
ਪੱਤਰਕਾਰ ਤੇ ਪੇਸ਼ਕਾਰ ਲੋੜੀਂਦੇ ਹੁੰਦੇ ਹਨ ਜਿਨ੍ਹਾਂ ਦੇ ਵੇਤਨ ਇਹ ਏਸ਼ੀਅਨ ਚੈਨਲਾਂ
ਦੇ ਨਹੀਂ ਸਕਦੀਆਂ ਹੁੰਦੀਆਂ। ਕੁਝ ਲੋਕ ਅਕਸਰ ਹੀ ਇਹ ਸਿ਼ਕਾਇਤ ਵੀ ਕਰਦੇ ਰਹਿੰਦੇ
ਹਨ ਕਿ ਪੰਜਾਬੀ ਅਤੇ ਏਸ਼ੀਅਨ ਚੈਨਲਾਂ ਉੱਤੇ ਪੇਸ਼ ਕੀਤੇ ਜਾਂਦੇ ਗੀਤਾਂ ਨਾਲ਼ ਸੰਬੰਧਤ
ਵੀਡੀਓ ਅਤੀ ਅਸਲੀਲ ਹੁੰਦੇ ਹਨ ਤੇ ਉਨ੍ਹਾਂ ਵਿਚ ਪੰਜਾਬ ਦੀਆਂ ਸਦਾਚਾਰਕ ਅਤੇ
ਕਲਚਰਲ ਕੀਮਤਾਂ ਦੀ ਘਾਟ ਹੁੰਦੀ ਹੈ।
ਇਹ ਗੱਲ ਖ਼ੇਦ ਨਾਲ਼ ਕਹਿਣੀ ਪੈਂਦੀ ਹੈ ਕਿ ਬਰਤਾਨੀਆਂ ਵਿਚ ਵਸਦੇ ਪਾਕਿਸਤਾਨੀ
ਪੰਜਾਬੀ ਬੇਸ਼ੱਕ ਬੜੀ ਵਧੀਆ ਪੰਜਾਬੀ ਬੋਲਦੇ ਹਨ ਤੇ ਕਈ ਬੜੀ ਖ਼ੂਬਸੂਰਤ ਤੇ ਭਾਵਪੂਰਤ
ਸ਼ਾਇਰੀ ਵੀ ਕਰਦੇ ਹਨ ਪਰ ਕਿਉਂਕਿ ਪਾਕਿਸਤਾਨ ਵਿਚ ਪੰਜਾਬੀ ਸਾਹਿਤ ਰਚਣ ਵੱਲ ਏਨਾ
ਧਿਆਨ ਨਹੀਂ ਦਿੱਤਾ ਜਾ ਰਿਹਾ ਇਸ ਲਈ ਕੁਦਰਤੀ ਹੈ ਕਿ ਇਹ ਰਵੱਈਆਂ ਇਥੇ ਵਸਦੇ
ਪਾਕਿਸਤਾਨੀ ਪੰਜਾਬੀ ਵੀ ਨਾਲ਼ ਹੀ ਲੈ ਕੇ ਆਏ ਹਨ। ਅਗ਼ਰ ਕੁਝ ਕੁ ਉਂਗਲਾਂ ਤੇ ਗ਼ਿਣਨ
ਜੋਗੇ ਪਾਕਿਸਤਾਨੀ ਪੰਜਾਬੀ ਲੇਖ਼ਕ ਹੈਨ ਵੀ ਤਾਂ ਕਈ ਅਲੋਚਕ ਉਨ੍ਹਾਂ ਨੂੰ ਲੋੜ ਤੋਂ
ਵੱਧ ਮਹੱਤਤਾ ਦੇ ਰਹੇ ਹਨ। ਹਾਲਾਂਕਿ ਪੰਜਾਬੀ ਵਿਚ ਲਿਖ਼ਣ ਦਾ ਫ਼ਰਜ਼ ਉਨ੍ਹਾ ਦਾ ਵੀ
ਓਨਾ ਹੀ ਬਣਦਾ ਹੈ ਜਿੰਨਾ ਕਿ ਸਾਡਾ ਹੈ। ਲਿੱਪੀ ਦੀ ਸਾਂਝ ਦਾ ਨਾ ਹੋਣਾ ਇਕ ਬਹੁਤ
ਵੱਡੀ ਸਮੱਸਿਆ ਹੈ। ਸ਼ਾਇਦ ਇਸ ਵਾਰੇ ਕਦੇ ਫ਼ੇਰ ਲਿਖ਼ਾਂਗਾ।
ਬਰਤਾਨੀਆਂ ਵਿਚ ਅਤੇ ਹੋਰ ਪੱਛਮੀ ਦੇਸਾਂ ਵਿਚ ਪੰਜਾਬੀ ਭਾਸ਼ਾ ਅਤੇ ਸਾਹਿਤ ਦੀ
ਸੁਰੱਖਿਆ ਇੱਮੀਗਰੇਸ਼ਨ ਉੱਤੇ ਬਹੁਤ ਮੁਨੱਸਰ ਕਰਦੀ ਹੈ। ਅਗਰ ਹੋਰ ਹੋਰ ਪੰਜਾਬੀ
ਇੱਮੀਗਰੈਂਟਸ ਇੱਥੇ ਆਉਂਦੇ ਰਹਿਣਗੇ ਤਾਂ ਪੰਜਾਬੀ ਕੁਝ ਸਮਾਂ ਹੋਰ ਚਲਦੀ ਰਹੇਗੀ
ਵਰਨਾ ਅਸੀਂ ਸਭ ਜਾਣਦੇ ਹਾਂ ਕਿ ਸਾਡੇ ਬੱਚਿਆਂ ਦੀ ਇਸ ਵੱਲ ਕੋਈ ਖ਼ਾਸ ਰੁਚੀ ਅਤੇ
ਦਿਲਚਸਪੀ ਨਹੀਂ ਹੈ। ਇੰਗਲੈਂਡ ਵਿਚ ਰਹਿੰਦੇ ਪੁਰਾਣੇ ਲੋਕਾਂ ਨੇ ਬੜੀ ਕੋਸ਼ਸ਼ ਕਰਕੇ
ਵੇਖ਼ ਲਈ ਹੈ ਪਰ ਉਨ੍ਹਾਂ ਦੀ ਕੋਈ ਪੇਸ਼ ਨਹੀਂ ਗਈ। ਦਰਅਸਲ ਸਾਡੇ ਬੱਚੇ ਕੇਵਲ ਉਹੀ
ਜ਼ਬਾਨ ਸਿੱਖ਼ਣਾ ਚਾਹੁੰਦੇ ਹਨ ਜਿਸ ਨਾਲ਼ ਉਨ੍ਹਾਂ ਦੇ ਕਰੀਅਰ ਵਿਚ ਵਾਧਾ ਹੁੰਦਾ ਹੋਵੇ
ਤੇ ਨਵੀਂ ਜ਼ਬਾਨ ਸਿੱਖ਼ਣ ਨਾਲ਼ ਉਨ੍ਹਾ ਦੇ ਜੌਬ ਪਰੌਸਪੈਕਟਸ ਵਧਦੇ ਹੋਣ। ਫ਼ਰੈਂਚ,
ਜਰਮਨ, ਰਸ਼ੀਅਨ, ਸਪੈਨਿਸ਼, ਚਾਈਨੀਜ਼, ਇਟਾਲੀਅਨ ਆਦਿ ਅਜਿਹੀਆਂ ਜ਼ਬਾਨਾਂ ਹਨ ਜਿਨ੍ਹਾਂ
ਦੇ ਆਉਣ ਨਾਲ਼ ਨਵੀਂ ਪਨੀਰੀ ਦਾ ਭਵਿੱਖ਼ ਆਸਾਵਾਦੀ ਹੋ ਜਾਂਦਾ ਹੈ। ਯੂੁਰਪ ਦੇ ਹੋਰ
ਦੇਸਾਂ ਵਿਚ ਪੁਲੀਟੀਕਲ ਅਸਾਇਲਮ ਅਤੇ ਹੋਰ ਢੰਗਾਂ ਨਾਲ਼ ਆਕੇ ਵਸੇ ਬਹੁਤੇ ਪੰਜਾਬੀ
ਜਦੋਂ ਉੱਥੋਂ ਦੀ ਨਾਗਰਿਕਤਾ ਲੈ ਲੈਂਦੇ ਹਨ ਤਾਂ ਈ ਈ ਸੀ ਦੇ ਕਨੂੰਨਾਂ ਤਹਿਤ ਉਹ
ਇੰਗਲੈਂਡ ਵਿਚ ਵਸਣ ਦੇ ਹੱਕਦਾਰ ਹੋ ਜਾਂਦੇ ਹਨ ਤੇ ਇਨ੍ਹਾਂ ਚੋਂ ਬਹੁਤੇ ਇੱਥੇ ਹੀ
ਆ ਵਸਦੇ ਹਨ। ਕਿਉਂਕਿ ਇਹ ਲੋਕ ਵੱਧ ਤੋਂ ਵੱਧ ਦੋ ਕੁ ਦਹਾਕਿਆ ਤੋਂ ਵੀ ਘੱਟ ਤੋਂ
ਪੰਜਾਬ ਤੋਂ ਬਾਹਰ ਰਹਿ ਰਹੇ ਹੁੰਦੇ ਹਨ, ਇਸ ਲਈ ਉਨ੍ਹਾਂ ਦੀ ਪ੍ਰਮੁੱਖ਼ ਭਾਸ਼ਾ
ਪੰਜਾਬੀ ਹੀ ਹੁੰਦੀ ਹੈ ਤੇ ਉਹ ਪੰਜਾਬ ਨਾਲ਼ ਵਧੇਰੇ ਜੁੜੇ ਹੋਏ ਹੁੰਦੇ ਹਨ। ਅਗਰ
ਇੰਗਲੈਂਡ ਭਵਿੱਖ ਵਿਚ ਵੀ ਈ ਈ ਸੀ ਦਾ ਮੈਂਬਰ ਬਣਿਆਂ ਰਿਹਾ ਤਾਂ ਇਸ ਕਿਸਮ ਦੀ
ਇੱਮੀਗਰੇਸ਼ਨ ਚਾਲੂ ਰਹੇਗੀ। ਯਾਦ ਰਹੇ ਇੰਗਲੈਂਡ ਦੇ ਬਹੁਤੇ ਲੋਕ ਯੁਰਪ ਦੀ ਸਾਂਝੀ
ਮੰਡੀ ਚੋਂ ਬਾਹਰ ਨਿਕਲਣਾ ਚਾਹੁੰਦੇ ਹਨ ਤੇ ਇਸ਼ ਪ੍ਰੈਸ਼ਰ ਕਾਰਨ ਮੌਜੂਦਾ ਸਰਕਾਰ
2017 ਵਿਚ ਰੀਫ਼ਰੈਂਡਮ ਕਰਾਉਣ ਵੀ ਕਰਵਾ ਰਹੀ ਹੈ। ਗ਼ੈਰ-ਯੂਰਪੀਅਨ ਦੇਸਾਂ ਤੋਂ ਆਉਣ
ਵਾਲ਼ੇ ਲੋਕਾਂ ਉੱਤੇ ਦਿਨ ਬਦਿਨ ਪਾਬੰਦੀਆਂ ਲੱਗ ਰਹੀਆਂ ਹਨ। ਅਗਰ ਇਥੇ ਰਹਿ ਰਹੇ
ਇੱਲੀਗਲ ਪੰਜਾਬੀਆਂ ਨੂੰ ਜਿਨ੍ਹਾਂ ਦੀ ਗਿਣਤੀ ਲੱਖਾਂ ਵਿਚ ਹੈ, ਜਨਰਲ ਐਮਨੈਸਟੀ
ਮਿਲ਼ ਗਈ, ਤਾਂ ਤਦ ਵੀ ਪੰਜਾਬੀ ਦੇ ਭਵਿੱਖ਼ ਵਿਚ ਪੌਜ਼ੇਟਿਵਿਟੀ ਆ ਸਕਦੀ ਹੈ ਭਾਵੇਂ
ਕਿ ਇਸ ਮੁਆਫ਼ੀਨਾਮੇ ਦੀ ਬਹੁਤੀ ਆਸ ਨਹੀਂ ਹੈ। ਅਗਰ ਹੋਰ ਪੰਜਾਬੀਆਂ ਦੀ ਇੱਮੀਗਰੇਸ਼ਨ
ਨਾ ਹੋਈ ਤਾਂ ਸਾਨੂੰ ਹੁਣ ਨਾਲੋਂ ਕਿਤੇ ਵੱਧ ਕੋਸ਼ਸ਼ ਕਰਨੀ ਪਵੇਗੀ ਪੰਜਾਬੀ ਭਾਸ਼ਾ
ਨੂੰ ਇੰਗਲਿਸਤਾਨ ਵਿਚ ਜਿਉਂਦਿਆ ਰੱਖ਼ਣ ਲਈ। ਇਹ ਪੰਜਾਬੀਆਂ ਦਾ ਸਮੂਹਕ ਕੰਮ ਹੈ। ਇਸ
ਯਤਨ ਵਿਚ ਹਰ ਵਰਗ ਦੇ ਲੋਕ ਸ਼ਾਮਲ ਹੋਣੇ ਚਾਹੀਦੇ ਹਨ।
drsathi@hotmail.co.uk
www.drsathiludhianvi.blogspot.co.uk
On Facebook and on
TWITTER@doctorsathi |