ਸੱਜਣਾ ਤੇ ਸੰਵਰਨਾ ਔਰਤ ਦੀ ਫਿਤਰਤ ਹੈ, ਉਸਦਾ ਸ਼ੌਂਕ ਹੈ। ਸੱਜਣਾ, ਸਵਰਣਾ,
ਸੋਹਣਾ ਬਨਣਾ ਤੇ ਦੂਜਿਆਂ ਨੂੰ ਸੋਹਣਾ ਬਣ ਕੇ ਵਿਖਾਉਣ ਦਾ ਹਰ ਔਰਤ ਨੂੰ ਸ਼ੌਂਕ
ਹੁੰਦਾ ਹੈ। ਆਦਿਕਾਲ ਤੋਂ ਹੀ ਔਰਤ ਆਪਣੇ ਆਪ ਨੂੰ ਸੱਜ ਧੱਜ ਨਾਲ ਵਿਚਰਨ ਵਿਚ ਖ਼ੁਸ਼ੀ
ਮਹਿਸੂਸ ਕਰਦੀ ਆਈ ਹੈ। ਲੱਖਾਂ ਲੋਕ, ਸਾਡੀ ਕਾਸਮੈਟਿਕ ਇੰਡਸਟ੍ਰੀ ਤੇ ਉਸ ਵਿਚ ਕੰਮ
ਕਰਦੇ ਕਰਿੰਦੇ, ਬਿਉਟੀ ਪਾਰਲਰ ਇਸੇ ਸਿਧਾਂਤ ਤੇ ਟਿਕੇ ਹੋਏ ਹਨ ਅਤੇ ਆਪਣਾ ਪੇਟ
ਪਾਲ ਰਹੇ ਹਨ।
ਹਾਲਾਂਕਿ ਅੱਜ ਆਧੁਨਿਕਤਾ ਦੀ ਹਵਾ ਨੇ ਸਾਨੂੰ ਘੇਰ ਲਿਆ ਹੈ ਪਰ ਬੀਤੇ ਵੇਲਿਆਂ
’ਚ ਕੁੜੀਆਂ ਮਾਪਿਆਂ ਦੇ ਘਰ ਬਨ ਸੰਵਰ ਕੇ ਪੂਰਨ ਰੂਪ ’ਚ ਵਿਚਰਣ ਵਿਚ ਰੋਕ ਟੋਕ
ਮਹਿਸੂਸ ਕਰਦੀਆਂ ਰਹੀਆਂ ਹਨ, ਸਾਡਾ ਸਭਿਆਚਾਰ ਵੀ ਇਸ ਦੀ ਹਾਮੀ ਭਰਦਾ ਹੈ ਪਰ
ਸਹੁਰੇ ਘਰ ਉਸਦੀ ਇਸ ਆਸ ਦੀ ਤ੍ਰਿਪਤੀ ਹੁੰਦੀ ਰਹੀ ਹੈ। ਪਤੀ ਦੇ ਪਿਆਰ ਤੋਂ ਬਿਨਾਂ
ਇਕ ਹੋਰ ਆਤਮਿਕ ਰੱਜ ਜਿਹੜਾ ਔਰਤ ਨੂੰ ਸਹੁਰੇ ਘਰ ਜਾ ਕੇ ਮਿਲਦਾ ਹੈ, ਉਹ ਆਪਣੇ
ਸ਼ਰੀਰ ਨੂੰ ਸ਼ਿੰਗਾਰਣ ਦਾ ਹੀ ਹੈ। ਬੋਲੀਆਂ ਵਿਚ ਇਹ ਆਖਣਾ ਕਿ ਰੱਬਾ ਮਾਹੀਆ ਦੇ ਦੇ
ਰਾਂਝਣੇ ਦੀ ਫੱਬ ਵਰਗਾ ਆਖਣ ਦਾ ਮਕਸਦ ਵੀ ਇਹੋ ਜਾਪਦਾ ਹੈ ਕਿ ਉਹ ਉਸ ਨਾਲ ਇਕ ਮਿਕ
ਹੋਇਆ ਉਸ ਨੂੰ ਸ਼ਰੀਰ ਨੂੰ ਸਜਾਉਣ ਤੋਂ ਵਰਜੇਗਾ ਨਹੀਂ।
ਅਸਲ ਵਿਚ ਹਾਰ ਸ਼ਿੰਗਾਰ ਔਰਤ ਦੀ ਆਤਮਾ ਦੀ ਤੜਪ ਰਹੀ ਹੈ। ਅੱਡੀ ’ਚ ਕੰਡਾ ਲੱਗਣ
ਨਾਲ ਤਾਂ ਭਾਵੇ ਇਸਤਰੀ ਕੁਰਲਾ ਉਠੇ ਪਰ ਇਕ ਚਾਰ–ਪੰਜ ਸਾਲ ਦੀ ਬਾਲੜੀ ਵੀ ਖੁਸ਼ੀ
ਖੁਸ਼ੀ ਸੂਈ ਨਾਲ ਕੰਨਾਂ ਦੀਆਂ ਪੇਪੜੀਆਂ ’ਚ ਮੋਰੀਆਂ ਕੱਢਵਾ ਲਵੇਗੀ, ਕਿਉਂਕਿ ਇਨਾਂ
ਮੋਰੀਆਂ ਵਿਚ ਉਸ ਨੇ ਕਦੀ ਕਾਂਟੇ, ਪਿੱਪਲ ਪੱਤੀਆਂ, ਲੋਟਨ, ਵਾਲੇ–ਵਾਲੀਆਂ, ਝੁਮਕੇ
ਡੰਡੀਆਂ, ਮੁਰਕੀਆਂ ਆਦਿ ਗਹਿਣੇ ਪਾਉਂਣੇ ਹੁੰਦੇ ਹਨ ਅਤੇ ਇਸ ਤਰਾਂ ਆਪਣਾ ਰੂਪ
ਵਧਾਉਣਾ ਹੁੰਦਾ ਹੈ। ਇਨਾਂ ਪਿਆਰ ਹੈ ਔਰਤ ਨੂੰ ਆਪਣੇ ਰੂਪ–ਸ਼ਿੰਗਾਰ ਨਾਲ।
ਸਮਾਜ ਦੇ ਸੁਧਾਰਕ ਅੰਗ ’ਚ ਇਸ ਵੇਲੇ ਗਹਿਣਿਆਂ ਤੇ ਹੋਰ ਸੁੰਦਰਤਾ ਵਧਾਉਣ
ਵਾਲੀਆਂ ਚੀਜਾਂ ਵਿਰੁਧ ਕਾਫ਼ੀ ਜਜ਼ਬਾ ਹੈ। ਸ਼ਾਇਦ ਹਮੇਸ਼ਾ ਤੋਂ ਹੀ ਰਿਹਾ ਹੋਵੇਗਾ। ਪਰ
ਇਹ ਜਜ਼ਬਾ ਕਦੀ ਔਰਤ ਨੂੰ ਆਪਣੇ ਆਪ ਨੂੰ ਸ਼ਿੰਗਾਰਨੋਂ ਨਹੀਂ ਰੋਕ ਸਕਿਆ। ਉਨਾਂ
ਗਹਿਣਿਆਂ ਦੇ ਨਾਂ ਸੁਣੋ ਜਿਨਾਂ ’ਚੋਂ ਕੁੱਟ ਤਾਂ ਅੱਜ ਆਪਣਾ ਵਜੂਦ ਗੁਆ ਚੁੱਕੇ ਹਨ
ਅਤੇ ਕੁੱਝ ਲਾਕਰਾਂ ’ਚ ਪਏ ਸਿਸਕ ਰਹੇ ਹਨ ਪਰ ਔਰਤ ਦੀ ਸੁੰਦਰਤਾਂ ਵਧਾਉਣ ’ਚ ਬੀਤੇ
ਸਮਿਆਂ ’ਚ ਆਪਣੀ ਹਾਜ਼ਰੀ ਲਗਵਾਉਂਦੇ ਰਹੇ ਹਨ : ਬੁੰਦ, ਵਾਲੀਆਂ, ਕਾਂਟੇ, ਚੌਂਕ,
ਬੁੰਦੇ, ਜੁਗਨੀ, ਬਾਂਕਾਂ, ਮੁੰਦਰਾਂ, ਮੁੰਦਰੀ, ਚੰਦ ਟਿੱਕਾ, ਠੂਠੀ, ਫੁੱਲ,
ਕੈਂਠਾ, ਡੰਡੀਆਂ, ਵੰਗਾਂ, ਨੱਤੀਆਂ, ਗੋਖੜੂ, ਨੱਥ, ਮਛਲੀ, ਲੌਂਗ, ਬਘਿਆੜੀ,
ਤਵੀਤ, ਬਾਜੂ–ਬੰਦ, ਲੋਟਣ, ਝਾਂਜਰਾਂ, ਛੱਲਾ।
ਇਨਾਂ ਗਹਿਣਿਆਂ ’ਚੋਂ ਹੀ ਇਕ ਨਾਂ ਹੈ ਸਿੰਘ/ਸਿੰਗ/ਛਿੰਗ ਤਵੀਤ ਹੈ। ਅਸਲ ’ਚ
ਬਾਕੀ ਨਾਮ ਤਾਂ ਸ਼ਬਦਾਂ ਦੀ ਪੁਨੀ ਇਕੋ ਜਿਹੀ ਤੇ ਲਗਭਗ ਮੇਲ ਖਾਂਦੀ ਹੋਣ ਕਾਰਨ ਹੀ
ਵਰਤੋਂ ’ਚ ਆ ਗਏ, ਪਰ ਅਸਲ ਨਾਂ ਤਾਂ ਇਸਦਾ ਛਿੰਗ ਤਬੀਤ ਹੀ ਹੈ? ਸ਼ਬਦਕੋਸ਼ ’ਚ ਛਿੰਗ
ਦਾ ਅਰਥ ਲਿਖਿਆ ਹੈ
metallic toothpick.
ਫੋਟੋ ’ਚ ਧਿਆਨ ਨਾਲ਼ ਦੋਖੋ, ਦੋ ਤਵੀਤਾਂ ਦੇ ਵਿਚਾਲੇ ਛਿੰਗ ਹੈ, ਉੱਪਰ ਮੋਹਰਾਂ
ਹਨ। ਅਸਲ ’ਚ ਛਿੰਗ ਤਵੀਤ ਇਸਤਰੀਆਂ ਦੇ ਗਲ ਵਿਚ ਪਾਉਣ ਵਾਲੇ ਕਾਲੇ/ਲਾਲ ਸੂਤ ਦੀ
ਡੋਰੀ ’ਚ ਪਰੋਏ ਹੋਏ ਸੋਨੇ ਦੇ ਤਵੀਤਾਂ ਵਾਲੇ ਗਹਿਣੇ ਨੂੰ, ਜਿਸ ਦੇ ਵਿਚਾਲੇ ਛਿੰਗ
ਪਰੋਈ ਹੁੰਦੀ ਹੈ, ਛਿੰਗ ਤਵੀਤ ਕਹਿੰਦੇ ਹਨ। ਛਿੰਗ ਤਵੀਤ ’ਚ ਛਿੰਗ ਤੇ ਤਵੀਤ
ਲਾਜ਼ਮੀ ਹੁੰਦੇ ਹਨ ਪਰ ਬਾਕੀ ਮੋਹਰਾਂ, ਦਾਖਾਂ ਆਦਿ ਮਰਜ਼ੀ ਨਾਲ ਸ਼ਾਮਿਲ ਕੀਤੇ ਜਾ
ਸਕਦੇ ਹਨ। ਛਿੰਗ ਤਵੀਤ ਬੀਤੇ ਸਮਿਆਂ ਦਾ ਇਕ ਮਸ਼ਹੂਰ ਗਹਿਣਾ ਹੈ ਜੋ ਕਿ ਆਮ ਪਹਿਨਿਆ
ਜਾਂਦਾ ਸੀ। ਇਸ ਛਿੰਗ ਤਵੀਤ ਦੇ ਤਵੀਤ ਦੀ ਸ਼ਕਲ ਅੱਜ ਦੇ ਟੂਣੇ ਕਰਨ ਵਾਲੇ ਤਵੀਤ
ਵਰਗੀ ਨਹੀਂ ਹੁੰਦੀ । ਛਿੰਗ ਤਵੀਤ ਦਾ ਤਵੀਤ ਤਾਂ ਸੋਨੇ ਦੇ ਇਕਹਿਰੇ ਪੱਤਰੇ ਦਾ
ਬਣਿਆ ਹੁੰਦਾ ਸੀ। ਜਦ ਕਿ ਟੂਣੇ-ਟੋਟਕੇ ਵਾਲਾ ਤਵੀਤ ਇਕ ਡੱਬੀਦਾਰ ਤਵੀਤ ਹੁੰਦਾ ਹੈ
ਜਿਸ ਦ ਡੱਬੀ ’ਚ ਟੂਣੇ-ਮੰਤਰ ਆਦਿ ਦਾ ਕਾਗਜ਼/ਵਸਤ ਪਾ ਕੇ ਤਵੀਤ ਬੰਦ ਕੀਤਾ ਹੁੰਦਾ
ਹੈ। ਛਿੰਗ ਤਿੱਖੀ ਨੋਕ ਵਾਲੀ ਛੋਟੀ ਜਿਹੀ ਗੁਲਾਈ ਵਾਲੀ ਛੁਰੀ ਹੁੰਦੀ ਹੈ ਜਿਸ ਨੂੰ
ਦੰਦਾਂ ਵਿਚ ਫਸੀ ਕਸਈ ਵਸਤੂ–ਕਿਣਕੇ ਆਦਿ ਨੂੰ ਕੱਢਣ ਲਈ ਵੀ ਵਰਤਿਆ ਜਾਂਦਾ ਹੈ।
ਹੁਣ ਛਿੰਗ ਤਵੀਤ ਗਹਿਣਾ ਅੱਜ ਦੇ ਗਹਿਣਿਆਂ ’ਚੋਂ ਅਲੋਪ ਹੋ ਗਿਆ ਹੈ।
ਸੰਜੀਵ ਝਾਂਜੀ ਜਗਰਾਉਂ।
80049 10000
SANJEEV JHANJI
M.Sc.B.Ed
Master of Mass Communication
Post grad.Dip. in Journalism & Mass Communication
PGDHRD MOB: +91 80049 10000
sanjeevjhanji@journalist.com |