ਆਪਣੇ ਆਪ ਨੂੰ ਸ਼ਿੰਗਾਰਣ ਦਾ ਰਿਵਾਜ਼ ਸ਼ਾਇਦ ਉਦੋਂ ਤੋਂ ਹੀ ਆਇਆ ਹੋਵੇਗਾ ਜਦੋਂ
ਤੋਂ ਮਨੁੱਖ ਨੂੰ ਸੋਝੀ ਆਈ ਹੋਵੇਗੀ। ਸ਼ਰੀਰ ਨੂੰ ਸਜਾਉਣ ਲਈ ਵਰਤੀ ਜਾਂਦੀ ਹਰ ਸ਼ੈ
ਅਸਲ ‘ਚ ਗਹਿਣਾ ਹੀ ਹੈ। ਪਰ ਸਮੇਂ ਦੇ ਨਾਲ ਨਾਲ ਇਹ ਸ਼ੈ ਬਦਲਦੀ-ਬਦਲਦੀ
ਸੋਨੇ–ਚਾਂਦੀ ਤੋਂ ਹੁੰਦੀ ਹੋਈ ਹੁਣ ਪਲਾਟਿਨਮ ਡਾਇਮੰਡ ਤੱਕ ਆ ਅਪੜੀ ਹੈ ਪਰ ਜੋ
ਖਿੱਚ ਸੋਨੇ ਜਾਂ ਚਾਂਦੀ ਦੀ ਰਹੀ ਹੈ ਉਹ ਸਦੀਵੀ ਹੈ। ਇਸ ਸੋਹਣੇ ਲੱਗਣ ਦੀ ਚਾਅ ਦੀ
ਤ੍ਰਿਪਤੀ ਕਾਰਨ ਪੰਜਾਬੀ ਵਿਰਸੇ ਨਾਲ ਜੁੜੇ ਅਨੇਕਾਂ ਗਹਿਣੇ ਸਮੇਂ-ਸਮੇਂ ‘ਤੇ
ਪੰਜਾਬੀ ਗੱਭਰੂ ਤੇ ਮੁਟਿਆਰਾਂ ਦੀ ਖਿੱਚ ਦਾ ਕੇਂਦਰ ਬਣੇ ਰਹੇ ਹਨ।
ਬੇਸ਼ੁਮਾਰ ਗਹਿਣਿਆਂ ਦੇ ਖਜ਼ਾਨੇ ‘ਚੋਂ ਜੇਕਰ ਇਕੱਲੇ ਨੱਕ ‘ਚ ਪਾਏ ਜਾਣ ਵਾਲੇ
ਗਹਿਣਿਆਂ ਦੀ ਗੱਲ ਕਰੀਏ ਤਾਂ ਤੀਲੀ, ਲੌਂਗ ਕੋਕਾ, ਰੇਖ, ਮੇਖ, ਨੱਥ, ਮੱਛਲੀ ਅਤੇ
ਨੁਕਰਾ ਆਦਿ ਨੱਕ ਦੇ ਪ੍ਰਸਿੱਧ ਗਹਿਣੇ ਰਹੇ ਹਨ। ਹੋ ਸਕਦਾ ਹੈ ਹੋਰ ਵੀ ਹੋਣ।
ਪੰਜਾਬੀ ਗਹਿਣਿਆਂ ਨਾਲ ਸਬੰਧਤ ਇਕ ਮਹਾਂ–ਬੋਲੀ, ਜਿਸ ‘ਚ ਵਡੇਰੀ ਗਿਣਤੀ ‘ਚ
ਗਹਿਣਿਆਂ ਦਾ ਜ਼ਿਕਰ ਆਉਂਦਾ ਹੈ, ਉਸ ‘ਚ ਇਕ ਤੁਕ ਹੈ :
ਨੱਥ, ਮੱਛਲੀ, ਮੇਖ ਤੇ ਕੋਕਾ, ਇਹ ਨੇ ਸਾਰੇ ਛੋਟੇ ਮਹਿਕਮੇ।
ਤੇਰਾ ਲੌਂਗ ਕਰੇ ਸਰਦਾਰੀ, ਥਾਨੇਦਾਰੀ ਨੁਕਰਾ ਕਰੇ।
ਤੀਲੀ, ਲੌਗ, ਮੁਰਕੀ (ਤਾਰ–ਨੁਮਾ), ਨੱਥ, ਨੱਥਲੀ ਨੱਕ ‘ਚ ਇਕੋਂ ਜਗ੍ਹਾ ਪਾਏ
ਜਾਣ ਵਾਲੇ ਗਹਿਣੇ ਹਨ ਪਰ ਸਾਰਿਆਂ ਦੀ ਟੌਰ ਤੇ ਫੱਬਤ ਵੱਖਰੀ ਵੱਖਰੀ ਹੈ। ਹਰ ਕਿਸੇ
ਨੂੰ ਪਾ ਕੇ ਮਟਕਣ ਲਈ ਮੁਟਿਆਰ ਦਾ ਦਿਲ ਮਚਲਦਾ ਹੈ ਪਰ ਲੱਕ ਤੇ ਹੁਲਾਰਿਆਂ ਦੀ ਦਰ
ਵੱਖੋ ਵੱਖਰੀ ਹੈ। ਤੀਲੀ ਅਤੇ ਲੌਂਗ ਵਿਚ ਇਹ ਫੈਸਲਾ ਕਰਨਾ ਹਮੇਸ਼ਾ ਹੀ ਮੁਸ਼ਕਿਲ
ਰਿਹਾ ਹੈ ਕਿ ਕਿਹੜਾ ਗਹਿਣਾ ਵਧੇਰੇ ਖ਼ੂਬਸੂਰਤੀ ਦਿੰਦਾ ਹੈ:
ਤੀਲੀ ਲੌਂਗ ਦਾ ਮੁੱਕਦਮਾ ਭਾਰੀ, ਵੇ ਥਾਣੇਦਾਰਾ ਸੋਚ ਕੇ ਕਰੀਂ।
ਪਰ ਲੌਂਗ ਨੂੰ ਸਭ ਤੋਂ ਵੱਧ ਮਸ਼ਹੂਰ ਕੀਤਾ ਲੋਕ ਕਾਵਿ ਦੀ ਇਕ ਤੁਕੀ ਬੋਲੀ
‘ਤੇਰੇ ਲੌਂਗ ਦਾ ਪਿਆ ਲਿਸ਼ਕਾਰਾ, ਹਾਲੀਆਂ ਨੇ ਹਲ ਡੱਕ ਲਏ‘ ਨੇ।
ਗਰਮ ਮਸਾਲੇ ‘ਚ ਵਰਤੇ ਜਾਣ ਵਾਲੇ ਲੌਂਗ (ਜੋ ਕਿ ਇਕ ਰੁੱਖ ਦਾ ਫ਼ਲ ਹੈ) ਵਰਗਾ
ਹੋਣ ਕਰਕੇ ਇਸਨੂੰ ਵੀ ਲੌਂਗ ਹੀ ਕਿਹਾ ਜਾਂਦਾ ਹੈ। ਇਹ ਮੁਟਿਆਰਾਂ ਦੇ ਨੱਕ ‘ਚ
ਪਾਇਆ ਜਾਣ ਵਾਲਾ ਇਕ ਨਿੱਕਾ ਜਿਹਾ ਗਹਿਣਾ ਹੈ। ਨਿੱਕੇ ਹੋਣ ਕਰਕੇ ਹੀ ਇਸਨੂੰ ਛੋਟਾ
ਮਹਿਕਮਾ ਕਿਹਾ ਗਿਆ ਹੈ। ਪਰ ਕਹਿੰਦੇ ਹਨ ਕਿ ‘ਜਿੰਨਾ ਨਿੱਕਾ ਓਨਾ ਤਿੱਖਾ‘। ਚਾਹੇ
ਇਹ ਛੋਟਾ ਜਿਹਾ ਹੈ ਪਰ ਖਿੱਚ ਅਤੇ ਖੂਬਸੂਰਤੀ ਦੇ ਮਾਮਲੇ ‘ਚ ਨੰਬਰ ਇਕ ਹੈ।
ਧਾਵੇ ਧਾਵੇ ਧਾਵੇ ….
ਮਿੱਡੀਆ ਨਾਸਾਂ ‘ਤੇ ਲੌਂਗ ਚਾਬੜਾਂ ਪਾਵੇ…….
ਇਹ ਵਿੰਨ੍ਹੇ ਹੋਏ ਨੱਕ ਦੇ ਛੇਕ ‘ਚ ਪਾਇਆ ਜਾਂਦਾ ਹੈ। ਇਹ ਗਰਮ ਮਸਾਲੇ ‘ਚ
ਵਰਤੇ ਜਾਣ ਵਾਲੇ ਲੌਂਗ ਨਾਲ ਹੂ–ਬ–ਹੂ ਮਿਲਦਾ ਹੈ। ਫੁੱਲ ਵੀ ਤੇ ਡੰਡੀ ਵੀ। ਡੰਡੀ
ਦੇ ਪਿਛਲੇ ਪਾਸੇ ਚੂੜੀ ਪਾਈ ਹੁੰਦੀ ਹੈ ਅਤੇ ਇਸ ਤੇ ਇਕ ਕੋਅਲੀ ਚੜਾਈ ਹੁੰਦੀ ਹੈ।
ਫੁੱਲ ਤਾਂ ਨੱਕ ਦੇ ਬਾਹਰ ਹੀ ਦਿਖਾਈ ਦਿੰਦਾ ਹੁੰਦਾ ਹੈ ਅਤੇ ਡੰਡੀ ਨੂੰ ਨੱਕ ਦੀ
ਪੇਪੜੀ (ਆਮ ਤੌਰ ਤੇ ਖੱਬੀ) ਤੇ ਕਰਵਾਏ ਛੇਕ/ਮ੍ਹੋਰੀ ‘ਚੋਂ ਲੰਘਾ ਕੇ ਕੋਅਲੀ ਨੂੰ
ਨੱਕ ਦੇ ਅੰਦਰਲੇ ਪਾਸੇ ਚੂੜੀ ਉੱਤੇ ਚੜਾ ਦਿੱਤਾ ਜਾਂਦਾ ਹੈ, ਬਿਲਕੁਲ ਨੱਟ–ਕਾਬਲੇ
ਵਾਂਗ। ਸ਼ੌਕ ਨਾਲ ਇਸ ‘ਚ ਨਗ ਮੋਤੀ ਵੀ ਜੜਾ ਲਏ ਜਾਂਦੇ ਹਨ। ਸੁਨਿਆਰੇ ਆਪਣੇ ਜਾਂ
ਗ੍ਰਾਹਕ ਦੇ ਅਨੁਸਾਰ ਇਸਦੇ ਫੁੱਲ ਨੂੰ ਵੱਡਾ-ਛੋਟਾ ਵੀ ਕਰ ਦਿੰਦੇ ਹਨ ਅਤੇ ਕਈ ਵਾਰ
ਇਸਦੀ ਸ਼ਕਲ ਵੀ ਬਦਲ ਦਿੰਦੇ ਹਨ (ਪਤਾ ਹੀ ਨਹੀਂ ਲਗਦਾ ਕਿ ਇਹ ਲੋਂਗ ਹੈ, ਕੋਕਾ ਹੈ
ਜਾਂ ਕੁਝ ਹੋਰ )।
ਪੰਜਾਬ ਦੀਆਂ ਪ੍ਰੀਤ ਗਾਥਾਵਾਂ ਐਵੇਂ ਹੀ ਮਸ਼ਹੂਰ ਨਹੀਂ ਹੋਈਆਂ। ਇਹ ਸੱਚਾ
ਪਿਆਰ, ਪ੍ਰੀਤ ਤਾਂ ਪੰਜਾਬੀਆਂ ਦੇ ਲਹੂ ‘ਚ ਮਿਲਿਆ ‘ਤੇ ਹੱਢਾਂ ‘ਚ ਰਚਿਆ ਹੋਇਆ
ਹੈ। ਇਸੇ ਪ੍ਰੀਤ ‘ਚ ਬੱਝੀ ਪੰਜਾਬਣ ਲੌਂਗ ਦੀ ਚਮਕ ਦਮਕ ਕਾਰਨ ਆਪਣੇ ਪ੍ਰੇਮੀ/ਮਾਹੀ
ਤੋਂ ਇਸਦੀ ਮੰਗ ਕਰਦੀ ਰਹੀ ਹੋਵੇਗੀ ਤਾਹੀਓਂ ਤਾਂ ਇਹ ਕੰਠ–ਕੰਠ ਹੋ ਇਹ ਬੋਲੀ
ਸੱਭਿਆਚਾਰ ਦਾ ਹਿੱਸਾ ਬਣੀ ਹੋਵੇਗੀ:
‘ਨੱਕ ਲਈ ਲੌਂਗ ਕਰਾ ਮਿੱਤਰਾ, ਮਛਲੀ ਪਾਉਣਗੇ ਮਾਪੇ।’
ਜਾਂ
”ਛਾਪੇ ਛਾਪੇ ਛਾਪੇ ,
ਲੌਂਗ ਕਰਾ ਮਿੱਤਰਾ, ਮੱਛਲੀ ਪਾਉਣਗੇ ਮਾਪੇ ”
ਮੁਟਿਆਰ ਨੂੰ ਮਨਾਉਣ ਦੀ ਰੀਝ ਵੀ ਬੀਤੇ ਵੇਲਿਆਂ ‘ਚ ਇਹ ਲੌਂਗ ਪੂਰੀ ਕਰਦਾ
ਰਿਹਾ ਹੈ, ਖੁਦ ਤਰੀਫ ਦਾ ਜ਼ਰੀਆ ਬਣ ਕੇ। ਸ਼ਾਇਦ ਅੱਜ ਵੀ ਕਰ ਰਿਹਾ ਹੈ। ਸਿਰਫ
ਹਲਾਤਾਂ ‘ਚ ਫਰਕ ਪੈ ਗਿਆ ਹੈ। ਪਹਿਲਾਂ ਖੇਤ, ਹਲ਼ ਤੇ ਹਾਲ਼ੀ ਸਨ ਤੇ ਹੁਣ ਕਾਲਜ,
ਬੁਲਟ ਤੇ ਜੀਨ:
”ਨੱਕ ਤੇਰੇ ‘ਚ ਲੌਂਗ ਤੇ ਮਛਲੀ,
ਮੱਥੇ ਚਮਕੇ ਟਿੱਕਾ,
ਨੀ ਤੇਰੇ ਮੂਹਰੇ ਚੰਨ ਅੰਬਰਾਂ ਦਾ,
ਲੱਗਦਾ ਫਿੱਕਾ-ਫਿੱਕਾ।
ਲੌਂਗ ਪਾ ਕੇ ਮਸਤੀ ‘ਚ ਆਈ ਪੰਜਾਬਣ ਦੀ ਤੋਰ ਬਦਲਣ ਦਾ ਕਾਰਨ ਵੀ ਇਹ ਨੱਕ ਦਾ
ਲੌਂਗ ਬਣਦਾ ਰਿਹਾ ਹੈ। ਅਜਿਹੇ ਵੇਲੇ ਮੁਟਿਆਰ ‘ਤੇ ਨਖਰੇ ਦਾ ਭਾਰੂ ਹੋਣਾ ਸੁਭਾਵਿਕ
ਹੈ। ਇਹ ਲੌਂਗ ਅਤੇ ਨਖਰਾ ਜਦੋਂ ਆਪਸ ‘ਚ ਮਿਲ ਜਾਂਦੇ ਹਨ ਤਾਂ ਮੁਟਿਆਰ ਦਾ ਹੋਰਾਂ
ਨੂੰ ਵੇਖ ਕੇ ਨੱਕ ਵੱਟ ਕੇ ਕੋਲ ਦੀ ਲੰਘਣਾ ਕੋਈ ਅਨੋਖੀ ਗੱਲ ਨਹੀਂ ਹੁੰਦੀ ਹੈ।
ਲੌਂਗ ਵਾਲੀ ਟੁੱਟ ਪੈਣੀ ਨੇ,
ਸਾਰੇ ਪਿੰਡ ‘ਚ ਫਤੂਰ ਮਚਾਇਆ।”
ਹਾਲ਼ੀਆਂ ਦੇ ਹਲ ਛੁੱਟ ਗਏ,
ਓਹਦਾ ਨਖਰਾ ਮੇਚ ਨਾ ਆਇਆ।
ਪੰਜਾਬਣਾਂ ਨੇ ਭਾਵੇਂ ਸਾਰੇ ਗਹਿਣਿਆਂ ਨੂੰ ਪਿਆਰ ਕੀਤਾ ਤੇ ਹੰਢਾਇਆ ਪਰ ‘ਨੱਕ’
‘ਚ ਪੈਣ ਵਾਲੇ ਨਿੱਕੇ ਜਿਹੇ ਲੌਂਗ ਨੇ ਆਪਣੀ ਸਰਦਾਰੀ ਹਮੇਸ਼ਾ ਕਾਇਮ ਰੱਖੀ ਹੈ। ਇਸੇ
ਸਰਦਾਰੀ ਦੇ ਸਿਰ ਤੇ ਨੱਖਰੋ ਦੀ ਖੂਬਸੂਰਤੀ ਦੀ ਤਾਂਘ ‘ਚ ਗੱਭਰੂ ਗੁਆਚੇ ਲੌਂਗ ਨੂੰ
ਪੈਲੀਆਂ ‘ਚੋਂ ਵੀ ਟੋਲਦਾ ਫਿਰਦਾ ਰਿਹਾ ਹੈ:
ਨੱਖਰੋ ਨੇਂ ਲੋਂਗ ਗਵਾ ਲਿਆ,
ਮੁੰਡਾ ਨਰਮੇ ‘ਚੋਂ ਭਾਲਦਾ ਫਿਰੇ… !
ਇਹ ਜਿੱਥੇ ਮੁਟਿਆਰਾਂ ਦੇ ਨੱਕ ਦਾ ਸ਼ਿੰਗਾਰ ਬਣਿਆ, ਉਥੇ ਇਹ ਪੰਜਾਬੀ ਲੋਕ
ਗੀਤਾਂ ਦੇ ਸੁਰਾਂ ‘ਚੋਂ ਵੀ ਨਿਕਲਿਆ ਹੋ:
”ਪਿੱਛੇ-ਪਿੱਛੇ ਆਉਂਦਾ ਮੇਰੀ ਚਾਲ ਵੇਂਹਦਾ ਆਈ
ਚੀਰੇ ਵਾਲਿਆ ਵੇਖਦਾ ਆਈ ਵੇ ਮੇਰਾ ਲੌਂਗ ਗੁਆਚਾ..”
ਜਿਥੇ ਲੌਂਗ ਦੀ ਉਸਤਤ ‘ਚ ਲੋਕ ਗੀਤ ਜਾਂ ਪੰਜਾਬੀ ਗੀਤ ਰਚੇ ਗਏ ਹਨ, ਉਥੇ
ਦਿਖਾਵੇ ਲਈ ਬਿਗਾਨਾ ਗਹਿਣਾ ਪਾਉਣ ਨੂੰ ਨਿੰਦਿਆ ਵੀ ਗਿਆ ਹੈ:
ਆਨਾ ਆਨਾ ਆਨਾ
ਨੱਕ ਦੀ ਜੜ੍ਹ ਪੱਟ ਲਈ, ਪਾਕੇ ਲੌਂਗ ਬਿਗਾਨਾ……
ਅੱਜ ਚਾਹੇ ਪੱਛਮੀ ਸੱਭਿਆਚਾਰ ਭਾਰੂ ਹੋ ਚੁੱਕਾ ਹੈ ਅਤੇ ਇਸ ਨੂੰ ਪਾਉਣ ਵਾਲੀਆਂ
ਮੁਟਿਆਰਾਂ ਦੀ ਗਿਣਤੀ ਕਾਫੀ ਘਟ ਗਈ ਹੈ ਪਰ ਅੱਜ ਵੀ ਜਦ ਇਹ ਪੈਂਦਾ ਤੇ ਚਮਕਦਾ ਹੈ
ਤਾਂ ਆਪਣੀ ਖਿੱਚ, ਆਪਣੀ ਹਾਜ਼ਰੀ ਲਵਾ ਹੀ ਦਿੰਦਾ ਹੈ :
ਲੌਂਗ ਵਾਲੀ ਟੁੱਟ ਪੈਣੀ ਨੇ,
ਸਾਰੀ ਜਮਾਤ ‘ਚ ਫਤੂਰ ਮਚਾਇਆ।”
ਮੁੰਡਿਆਂ ਦੇ ਪੈੱਨ ਛੁੱਟ ਗਏ,
ਜਦ ਆ ‘ਮੇ ਆਈ ਕਮ ਇਨ’ ਬੁਲਾਇਆ।
ਸੰਜੀਵ ਝਾਂਜੀ, ਜਗਰਾਉਂ।
ਸੰਪਰਕ : 80049 10000
SANJEEV JHANJI
M.Sc.B.Ed
Master of Mass Communication
Post grad.Dip. in Journalism & Mass Communication
PGDHRD MOB: +91 80049 10000
sanjeevjhanji@journalist.com
|