ਅੱਜ ਸਕੂਟਰ–ਕਾਰਾਂ ਦੇ ਜ਼ਮਾਨੇ ’ਚ ਵੀ ਜਦੋਂ ਕਦੇ ਸਾਈਕਲ ਚਲਾਉਣ ਦਾ ਚਿੱਤ ਕਰਨ
ਲੱਗਦਾ ਹੈ ਤਾਂ ਦੋ ਚਾਰ ਗੇੜੇ ਸਾਈਕਲ ਤੇ ਮਾਰ ਹੀ ਲਈਦੇ ਹਨ। ਇਹ ਚਲਾਉਣਾ ਚੰਗੀ
ਕਸਰਤ ਤਾਂ ਹੈ ਹੀ ਪਰ ਜਦੋਂ ਅੱਜ ਦਿਆਂ ਬੱਚਿਆਂ ਨੂੰ ਸਾਈਕਲ ਚਲਾਉਂਦੇ ਦੇਖੀਦਾ ਹੈ
ਤਾਂ ਆਪਣਾ ਵੇਲਾ ਚੇਤੇ ਆ ਜਾਂਦਾ ਹੈ। ਉਞ ਤਾਂ ਅੱਜਕਲ ਦੇ ਜਵਾਕ ਸਾਈਕਲ ਚਲਾਉਂਦੇ
ਹੀ ਘੱਟ ਹਨ ਕਿਉਂਜੋ ਉਨਾਂ ਨੂੰ ਸਕੂਟਰ–ਸਕੂਟਰੀਆਂ ਬੜੀ ਅਸਾਨੀ ਨਾਲ ਅਤੇ ਨਿੱਕੀ
ਉਮਰੇ ਹੀ ਮਿਲ ਜਾਂਦੀਆਂ ਹਨ, ਸਿੱਖ ਵੀ ਜਲਦੀ ਹੀ ਜਾਂਦੇ ਨੇ। ਜਿਹੜੇ ਚਲਾਉਂਦੇ ਵੀ
ਹਨ, ਉਨਾਂ ਨੂੰ ਸਹੂਲਤਾਂ ਵੀ ਬੜੀਆਂ ਹਨ ਤੇ ਸਾਈਕਲਾਂ ਦੇ ਮਾਡਲ ਵੀ ਉਨਾਂ ਕੋਲ
ਬਥੇਰੇ ਹਨ, ਚਲਾਉਂਣ ਲਈ। ਵੱਖ–ਵੱਖ ਉਚਾਈ ਦੇ ਸਾਈਕਲ ਮੌਜੂਦ ਹਨ ਮਾਰਕੀਟ ’ਚ, 14
ਇੰਚੀ, 16 ਇੰਚੀ, 18 ਇੰਚੀ, 20 ਇੰਚੀ, ਰੇਂਜ਼ਰ, ਰੇਸਰ ਤੇ ਪਤਾ ਨਹੀਂ ਹੋਰ ਕਿਹੜੇ
ਕਿਹੜੇ।
ਪਰ ਸਾਡੇ ਵੇਲੇ ਇੱਦਾਂ ਨਹੀਂ ਹੁੰਦਾ ਸੀ।
ਇਕ–ਅੱਧਾ ਸੈਕਲ ਹੁੰਦਾ ਸੀ ਘਰ ’ਚ ਤੇ ਉਹ ਵੀ ਬਾਈ ਇੰਚੀ। ਉਹੀ ਕਦੇ ਕਿਸੇ ਨੇ
ਲੈ ਜਾਣਾ ਤੇ ਕਦੇ ਕਿਸੇ ਨੇ। ਜਦੋਂ ਕਦੇ ਬੱਚਿਆਂ ਨੂੰ ਵਿਹਲਾ ਖੜਾ ਮਿਲਣਾ ਤਾਂ
ਦੇਖਾ ਦੇਖੀ ਉਹੀ ਸੈਕਲ ਬੱਚਿਆਂ ਨੇ ਵੀ ਹੈਂਡਲ ਫੜ ਕੇ ਰੋੜਣਾ ਸਿੱਖ ਲੈਣਾ। ਬਸ
ਫਿਰ ਡੰਡੇ ਹੇਠੋਂ ਲੱਤ ਆਰਪਾਰ ਕਰਕੇ ਇਕ ਹੱਥ ਹੈਂਡਲ ਨੂੰ ਅਤੇ ਦੂਜਾ ਹੱਥ ਡੰਡੇ
ਨੂੰ ਪਾ ਕੇ ਚਲਾਉਣ ਦੀ ਜੁਗਤ ਲੜਾ ਲੈਣੀ। ਅਸੀਂ ਇਸ ਨੂੰ ਕੈਂਚੀ ਚਲਾਉਣਾ ਆਖਦੇ
ਹੁੰਦੇ ਸੀ। ਬੜਾ ਮਜ਼ਾ ਆਉਂਦਾ ਸੀ ਏਦਾਂ ਸੈਕਲ ਚਲਾਉਣ ’ਚ।
ਮੈਂ ਵੀ ਬੜਾ ਚਲਾਇਆ ਕੈਂਚੀ ਸੈਕਲ। ਪਹਿਲਾਂ ਤਾਂ ਮੈਂ ਅੱਧੀ ਕੈਂਚੀ ਚਲਾਉਣਾ
ਸਿੱਖਿਆ ਸੀ। ਉਪਰੋਕਤ ਢੰਗ ਨਾਲ ਸੈਕਲ ਫੜ ਕੇ ਅੱਧਾ ਪੈਡਲ ਮਾਰਨਾ ਤੇ ਮੁੜ ਵਾਪਸ
ਪੈਰ ਘੁਮਾ ਲੈਣੇ। ਫਿਰ ਹੋਲੀ ਹੋਲੀ ਪੂਰਾ ਪੈਡਲ ਮਾਰਨਾ ਸਿੱਖਿਆ।
ਬ੍ਰੇਕਾਂ–ਬਰੂਕਾਂ ਦਾ ਤਾਂ ਹਿਸਾਬ ਨਹੀਂ ਹੁੰਦਾ ਸੀ, ਕਦੇ ਕਿਸੇ ਦੀਆਂ ਲੱਤਾਂ ’ਚ
ਜਾ ਮਾਰਨਾ ਤੇ ਕਦੇ ਕਿਸੇ ਕੰਧ ਕੌਲੇ ’ਚ। ਕਈ ਵਾਰ ਤੇ ਗੋਡੇ ਛਿੱਲੇ ਜਾਣੇ ਤੇ ਕਈ
ਵਾਰ ਪੈਂਟ ਦੀ ਮੋਹਰੀ ਚੈਨ ’ਚ ਫਸ ਜਾਣੀ। ਜਾਂ ਤਾਂ ਪੈਂਟ ਪਾੜ ਜਾਣੀ ਤੇ ਜਾਂ ਫਿਰ
ਚੈਨ ਦੀ ਗ੍ਰੀਸ ਨਾਲ ਕਾਲੀ ਹੋ ਜਾਣੀ।
ਅੱਧੀ ਕੈਂਚੀ ਤੇ ਫਿਰ ਪੂਰੀ ਕੈਂਚੀ ਤੋਂ ਬਾਅਦ ਵਾਰੀ ਆਉਂਦੀ ਸੀ, ਡੰਡੇ ਸੈਕਲ
ਚਲਾਉਂਣ ਦੀ। ਲੱਤ ਡੰਡੇ ਦੇ ਉੱਪਰ ਦੀ ਕੱਢ ਲੈਣੀ, ਹੈਂਡਲ ਸਹੀ ਤਰੀਕੇ ਨਾਲ ਫੜ
ਲੈਣਾ। ਕਾਠੀ ਤੇ ਬੈਠਿਆ ਨਾ ਜਾਣਾ। ਡੰਡੇ ਉੱਤੇ ਹੀ ਕਦੇ ਇੱਧਰ ਨੂੰ ਤੇ ਕਦੇ ਓਧਰ
ਨੂੰ ਹੋ ਕੇ ਪਹਿਲਾਂ ਅੱਧਾ ਪੈਡਲ ਮਾਰਨਾ ਸਿੱਖ ਲੈਣਾ ਤੇ ਫਿਰ ਪੂਰਾ। ਬੜੀ ਦੇਰ
ਤਾਂ ਇੱਦਾਂ ਹੀ ਭਜਾਈ ਫਿਰਨਾ। ਤੇ ਫਿਰ ਹੋਲੀ ਹੋਲੀ ਸਾਈਕਲ ਨੂੰ ਤੇਜ਼ ਭਜਾ ਲੈਣਾ
ਤੇ ਕਾਠੀ/ਗੱਦੀ ਤੇ ਬੈਠ ਜਾਣਾ। ਤੇਜ਼ ਹੋਣ ਕਾਰਨ
ਪੈਡਲ ਮਾਰਨ ਦੀ ਲੋੜ ਨਹੀਂ ਸੀ ਪੈਂਦੀ। ਜਦੋਂ ਸੈਕਲ ਹੋਲੀ ਹੋ ਜਾਣਾ ਤਾਂ ਫਿਰ
ਡੰਡੇ ਤੇ ਆ ਕੇ ਪੈਡਲ ਮਾਰ ਮਾਰ ਤੇਜ਼ ਭਜਾ ਲੈਣਾ ਤੇ ਕਾਠੀ ਤੇ ਬਹਿ ਜਾਣਾ।
ਇਸ ਤਰਾਂ ਸਾਈਕਲ ਚਲਾਉਣ ਦੇ ਕਈ ਸਟੈਪ ਹੁੰਦੇ ਸੀ। ਗੱਦੀ ਉੱਤੇ ਬਹਿ ਕੇ ਸਹੀ
ਤਰੀਕੇ ਨਾਲ ਸਾਈਕਲ ਚਲਾਉਣ ਦੀ ਵਾਰੀ ਤਾਂ ਬੜੀ ਬਾਅਦ ’ਚ ਆਉਂਦੀ ਸੀ। ਹੁਣ ਜ਼ਮਾਨੇ
’ਚ ਕਾਫੀ ਫਰਕ ਪੈ ਗਿਆ ਹੈ। ਮੁੱਦਤਾਂ ਬੀਤ ਗੀਆਂ ਕਿਸੇ ਜਵਾਕ ਨੂੰ ਇਸ ਤਰਾਂ
ਕੈਂਚੀ ਜਾਂ ਡੰਡੇ ਤੇ ਸਾਈਕਲ ਚਲਾਉਦੇ ਦੇਖੇ ਨੂੰ। ਅਸਲ ‘ਚ ਹੁਣ ਤਾਂ ਸਾਈਕਲਾਂ
ਨੂੰ ਚਲਾਉਂਦੇ ਬੱਚੇ ਬੜੇ ਘੱਟ ਮਿਲਦੇ ਹਨ। ਡ੍ਰਰੂ–ਡ੍ਰਰੂ ਕਰਦੇ ਬੱਚੇ ਬਸ
ਐਕਟਿਵਾਂ ਜਾਂ ਮੋਟਰ ਸਾਈਕਲ ਭਜਾਉਂਦੇ ਹੀ ਮਿਲਦੇ ਹਨ। ਮਾਂ–ਬਾਪ ਵੀ ਖੁਸ਼ ਹਨ ਕਿ
ਉਨਾਂ ਦਾ ਰਾਜ ਦੁਲਾਰਾ ਗੱਡੀ–ਵਾਹਨ ਚਲਾਉਣ ਲੱਗ ਪਿਆ ਹੈ।
ਪਰ ਇਕ ਗੱਲ ਤਾਂ ਹੈ ਕਿ ਜੋ ਨਜ਼ਾਰਾ ਉਸ ਤਰਾਂ ਸਾਈਕਲ ਚਲਾਉਣ–ਭਜਾਉਣ ਦਾ ਆਉਂਦਾ
ਸੀ ਉਹ ਹੁਣ ਸਕੂਟਰ–ਮੋਟਰਸਾਈਕਲ ਚਲਾ–ਭਜਾ ਕੇ ਨਹੀਂ ਆਉਂਦਾ।
ਸੰਜੀਵ ਝਾਂਜੀ, ਜਗਰਾਉਂ।
ਸੰਪਰਕ : 80049 10000
SANJEEV JHANJI
M.Sc.B.Ed
Master of Mass Communication
Post grad.Dip. in Journalism & Mass Communication
PGDHRD MOB: +91 80049 10000
sanjeevjhanji@journalist.com
|