ਸ਼ਿੰਗਾਰ ਅਤੇ ਪੰਜਾਬਣ ਦਾ ਮੁੱਢ ਤੋਂ ਹੀ ਚੋਲੀ ਦਾਮਨ ਦਾ ਸਾਥ ਰਿਹਾ ਹੈ।
ਪੰਜਾਬੀ ਮੁਟਿਆਰਾਂ ’ਚ ਸੱਜਣ–ਫੱਬਣ ਦੀ ਹਮੇਸ਼ਾ ਹੀ ਰੀਝ ਰਹੀ ਹੈ। ਇਸੇ ਲਾਲਸਾ ਨੇ
ਜਿੱਥੇ ਵੱਖੋ–ਵੱਖਰੇ ਗਹਿਣਿਆਂ ਨੂੰ ਤਰਾਸ਼ਣ ’ਦੀ ਯੁਕਤ ਲੜਾਈ ਹੈ, ਉੱਥੇ ਵੱਖ-ਵੱਖ
ਤਰਾਂ ਦੇ ਪਹਿਰਾਵਿਆਂ ’ਤੇ ਸਟਾਈਲਾਂ ਦੀ ਵੀ ਕਾਢ ਕੱਢੀ ਹੈ।
ਸੋਹਣੇ ਲੱਗਣ ਲਈ ਵਾਲਾਂ ਨੂੰ ਵਾਹੁਣਾ ਬੜਾ ਜ਼ਰੂਰੀ ਹੈ। ਵਾਲਾਂ ਨੂੰ ਸਵਾਰਨਾਂ,
ਗੁੱਤ ਕਰਨੀ, ਜੂੜਾ ਕਰਨਾ, ਜਲੇਬੀ ਜੂੜਾ ਕਰਨਾ, ਮੀਢੀਆਂ ਕਰਨੀਆਂ, ਡਾਕ ਬੰਗਲਾ
ਪਾਉਣਾ, ਮੋਰਨੀਆਂ ਪਾਉਣੀਆਂ, ਮੱਥੇ ਅੱਗੇ ਲਟਾਂ ਛੱਡਣੀਆਂ ਆਦਿ ਸਭ ਵਾਲਾਂ ਨੂੰ
ਸਵਾਰਣ ਦੇ, ਦੂਜੇ ਤੇ ਪ੍ਰਭਾਓ ਪਾਉਣ ਦੇ, ਸੋਹਣਾ ਦਿਸਣ ਦੇ ਅਤੇ ਕਿਸੇ ਨੂੰ ਮੋਹਅਣ
ਦੇ ਹੀ ਢੰਗ-ਤਰੀਕੇ ਹਨ।
ਇਸੇ ਲਈ ਸਿਰ ਗੁੰਦਣ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ। ਆਮ ਕਰਕੇ ਤਾਂ
ਗੁੱਤ ਦੀ ਲੰਬਾਈ ਮੋਢਿਆਂ ਤੋਂ ਫੁੱਟ ਕੁ ਹੇਠਾਂ ਤੱਕ ਹੀ ਹੁੰਦੀ ਹੈ ਪਰ ਕਈਆਂ ਦੀ
ਜ਼ਿਆਦਾ ਹੇਠਾਂ ਲੱਕ ਤੱਕ ਵੀ ਹੁੰਦੀ ਸੀ। ਲੱਕ ਦੁਆਲੇ ਹੂਟੇ ਖਾਂਦੀ ਗੁੱਤ ਤਾਂ ਸਭ
ਨੂੰ ਮੋਹੰਦੀ ਰਹੀ ਹੈ। ਖਿੱਚਦੀ ਰਹੀ ਹੈ। ਲੰਮੀ ਲੱਕ ਦੁਆਲੇ ਖਹਿੰਦੀ ਗੁੱਤ ’ਤੇ
ਇਸ ਗੁੱਤ ਤੇ ਲੱਗਦੀ ਕਚਹਿਰੀ ਨੂੰ ਵੇਖਣ ਦਾ ਆਨੰਦ ਕਿਸੇ ਮੇਲੇ ਨੂੰ ਵੇਖਣ ਦੇ
ਬਰਾਬਰ ਮੰਨਿਆ ਜਾਂਦਾ ਰਿਹਾ ਹੈ। ਤਾਹੀਓਂ ਤਾਂ ਸ਼ਾਇਦ ਇਹ ਸ਼ਬਦ ਉਪਜੇ ਜਾਪਦੇ ਹਨ:
ਜਿਹੀ ਤੇਰੀ ਗੁੱਤ ਦੇਖ ਲਈ,
ਜਿਹਾ ਦੇਖ ਲਿਆ ਰੌਸ਼ਨੀ ਦਾ ਮੇਲਾ।
ਸ਼ਾਇਦ ਇਸੇ ਕਰਕੇ ਲੰਮੀ ਗੁੱਤ ਰੱਖਣ ਦਾ ਚਾਅ ਸ਼ੁਕੀਨਣ ਮੁਟਿਆਰ ਨੂੰ ਹਮੇਸ਼ਾ ਤੋਂ
ਹੀ ਰਿਹਾ ਹੈ। ਪਿਛਲੇ ਇਕ–ਡੇਢ ਦਹਾਕੇ ਦੋਰਾਣ ਲੰਮੇ ਵਾਲਾਂ ਨੂੰ ਤਲਾਂਜਲੀ ਦੇ ਕੇ
‘ਬੁਆਏ ਕੱਟ’ ਜਾਂ ‘ਸ਼ੋਲਡਰ ਕੱਟ’ ਰੱਖਣ ਵਾਲੀਆਂ ਮੁਟਿਆਰਾਂ ਦੇ ਮਨ ’ਚ ਹੁਣ ਫਿਰ
ਤੋਂ ਪੰਜਾਬੀਅਤ ਜਾਗ ਪਈ ਲੱਗਦੀ ਹੈ। ਪਿਛਲੇ ਕੁਝ ਸਮੇਂ ਤੋਂ ਲੰਮੀਆਂ ਵਲ ਖਾਂਦੀਆਂ
ਗੁੱਤਾਂ ਫਿਰ ਤੋਂ ਦਿਸਣ ਲੱਗੀਆਂ ਹਨ। ਸਾਡੇ ਸਮਾਜ ’ਚ ਮੁਟਿਆਰਾਂ ਦੇ ਕੱਟੇ ਵਾਲ
ਘੱਟੇ ਜਾਪਦੇ ਹਨ।
ਉਮਰ ਦੇ ਹਿਸਾਬ ਨਾਲ ਗੁੱਤ ਦਾ ਸਟਾਈਲ ਤੇ ਅੰਦਾਜ਼ ਬਦਲਦਾ ਰਹਿੰਦਾ ਹੈ। ਕੋਈ ਇਕ
ਗੁੱਤ ਕਰਨਾ ਪਸੰਦ ਕਰਦੀ ਹੈ ਅਤੇ ਕੋਈ ਦੋ। ਕਿਸੇ ਨੂੰ ਮੀਢੀਆਂ ਜ਼ਿਆਦਾ ਪਸੰਦ
ਹੁਦੀਆਂ ਹਨ ਤੇ ਕਿਸੇ ਨੂੰ ਗੁੱਤ ਤੋਂ ਪਹਿਲਾਂ ਡਾਕ–ਬੰਗਲਾ ਪਾਉਣਾ ਜ਼ਿਆਦਾ ਭਾਉਂਦਾ
ਹੈ। ਅੱਜਕਲ ਕਿਸੇ ਨੂੰ ਵਾਲ ਖੁੱਲੇ ਛੱਡਣੇ ਜ਼ਿਆਦਾ ਪਸੰਦ ਆਉਂਦੇ ਹਨ ਤੇ ਕੋਈ
‘ਪੋਨੀ’ ਕਰਨ ਨੂੰ ਤਰਜ਼ੀਹ ਦਿੰਦੀ ਹੈ ਪਰ ਵਾਲਾਂ ਨੂੰ ਵਾਹੁਣ ਅਤੇ ਬੰਨਣ ਦਾ ਸਭ
ਤੋਂ ਪੁਰਾਣਾ ਢੰਗ ਗੁੱਤ ਕਰਨਾ ਹੀ ਹੈ। ਸਕੂਲੀ ਬੱਚੀਆਂ ਦੇ ਤਾਂ ਦੋ ਗੁੱਤਾਂ ਹੀ
ਭਾਉਂਦੀਆਂ ਹਨ। ਇਨਾਂ ਨੂੰ ਦੂਹਰੀਆਂ ਵੀ ਕਰ ਲੈਂਦੀਆਂ ਹਨ ਜੇਕਰ ਵੱਡੀਆਂ ਹੋਣ।
ਇਨਾਂ ਨੂੰ ‘ਕਰੇਲੇ’ ਵੀ ਆਖ ਦਿੰਦੇ ਹਨ।
ਪੰਜਾਬਣਾਂ ਦੇ ਲੰਮੇ ਵਾਲ ਉਨਾਂ ਦੀ ਸੁੰਦਰਤਾ ਨੂੰ ਹੋਰ ਵੀ ਚਾਰ-ਚੰਨ ਲਾਉਂਦੇ
ਹਨ। ਅਸਲ ’ਚ ਪੰਜਾਬਣਾਂ ’ਚ ਗੁੱਤ ਨੂੰ ਖ਼ਾਸ ਦਰਜ਼ਾ ਹਾਸਿਲ ਰਿਹਾ ਹੈ। ਬੀਤੇ ਲੰਮੇਂ
ਸਮਿਆਂ ਤੋਂ ਗੁੱਤ ਮੁਟਿਆਰਾਂ ਦੀ ਸ਼ਾਨ ਵੀ ਰਹੀ ਹੈ ਅਤੇ ਪਛਾਣ ਵੀ। ਆਪਣੀ ਲੰਮੀ
ਗੁੱਤ ਤੇ ਤਾਂ ਅਸਲ ’ਚ ਪੰਜਾਬਣ ਨੂੰ ਹਮੇਸ਼ਾ ਹੀ ਮਾਨ ਰਿਹਾ ਹੈ। ਲੰਮੇ ਵਾਲਾਂ ਦੇ
ਨਾਲ ਸਬੰਧਤ ਅਨੇਕਾਂ ਲੋਕ ਗੀਤ ਮਿਲਦੇ ਹਨ। ਲੰਮੇ ਵਾਲ ਸੁਹੱਪਣ ’ਚ ਵੀ ਵਾਧਾ ਕਰਦੇ
ਹਨ। ਇਹ ਗੁੱਤ ਜਿੱਥੇ ਸੁਹੱਪਣ ਦਾ ਪ੍ਰਤੀਕ ਹੈ, ਦਿਲਾਂ ਨੂੰ ਵੀ ਖਿੱਚ ਪਾਉਂਦੀ
ਹੈ। ਲੰਬੀ ਗੁੰਦਵੀਂ ਗੁੱਤ ਹਮੇਸ਼ਾ ਤੋਂ ਹੀ ਮੁਟਿਆਰ ਦੀ ਸ਼ਖ਼ਸੀਅਤ ਨੂੰ ਉਭਾਰਦੀ ਰਹੀ
ਹੈ। ਇਹ ਸਮਾਜ ਦੀ ਅੱਖ ਨੂੰ ਵੀ ਭਾਉਂਦੀ ਹੈ।
ਮੇਰੇ ਕੋਹ ਕੋਹ ਲੰਮੇ ਵਾਲ,
ਜਿਵੇਂ ਮੱਸਿਆ ਵਿੱਚ ਸਿਆਲ,
ਨੀਂ ਜਿੰਦੇ ਮੇਰੀਏ ..............(ਸ਼ਿਵ ਕੁਮਾਰ ਬਟਾਲਵੀ)
ਗੱਭਰੂ ਤਾਂ ਮੁਢ–ਕਦੀਮ ਤੋਂ ਹੀ ਮੁਟਿਆਰ ਦੀ ਲੰਮੀ ਗੁੱਤ ਦੇ ਮਤਵਾਲੇ ਰਹੇ ਹਨ
ਕਿਉਂਕਿ ਲੱਕ ਦੁਆਲੇ ਘੁੰਮਦੀ ਨਾਗ ਵਲ ਖਾਂਦੀ ਗੁੱਤ ਹਮੇਸ਼ਾ ਖਿੱਚ ਦਾ ਕੇਂਦਰ ਰਹੀ
ਹੈ। ਤਾਹੀਓ ਤਾਂ :
ਤੇਰੀ ਗੁੱਤ ’ਤੇ ਕਚਹਿਰੀ ਲੱਗਦੀ,
ਦੂਰੋਂ ਦੂਰੋਂ ਆਉਣ ਝਗੜੇ।
ਜਵਾਬ ’ਚ ਮੁਟਿਆਰ ਕਿਸੇ ਮਨਚਲੇ ਗੱਭਰੂ ਨੂੰ ਵਰਜ਼ਦੀ ਹੋਈ ਆਖ ਹੀ ਦਿੰਦੀ ਰਹੀ
ਹੈ:
ਮੇਰੀ ਗੁੱਤ ਦੇ ਵਿਚਾਲੇ ਠਾਣਾ,
ਕੈਦ ਕਰਾ ਦੂੰਗੀ।
ਪਰ ਜੇਕਰ ਕੋਈ ਗੱਭਰ ਮੁਟਿਆਰ ਦੇ ਦਿਲ ’ਚ ਵੀ ਥਾਂ ਬਣਾ ਲੈਂਦਾ ਤਾਂ ਉਹ ਉਸ ਲਈ
ਵੀ ਸਾਡੀ ਲੋਕਧਾਰਾ ’ਚ ਜਵਾਬ ਹੈ :
ਮੇਰੀ ਗੁੱਤ ’ਤੇ ਆਲਣਾ ਪਾਇਆ,
ਜੰਗਲੀ ਕਬੂਤਰ ਨੇ।
ਉੱਦਾਂ ਵੇਖਿਆ ਜਾਵੇ ਤਾਂ ਪੰਜਾਬਣ ਦੀ ਪਛਾਣ ਹੀ ਲੰਮੀ ਗੁੱਤ ਰਹੀ ਹੈ। ਪੱਛਮ
ਤੋਂ ਆਈਆਂ ਕੁਝ ਹਵਾਵਾਂ ਨੇ ਬੀਤੇ ਸਮਿਆਂ ’ਚ ਆਧੁਨਿਕਤਾ ਦੇ ਨਾਓ ਤੇ ਇਹਦੀ ਲੰਬਾਈ
ਤੇ ਕੈਂਚੀ ਜ਼ਰੂਰ ਚਲਾਈ ਹੈ ਪਰ ਸੁੰਦਰਤਾ ਦੇ ਪੈਮਾਨੇ ਤੇ ਇਸਦੇ ਖਰੇ ਉੱਤਰਣ ਕਾਰਨ
ਮੁਟਿਆਰਾਂ ’ਚ ਇਸਨੂੰ ਲੰਮੇ ਰੱਖਣ ਦੀ ਲਾਲਸਾ ਪਿਛਲੇ ਕੁਝ ਕੁ ਸਮੇਂ ਤੋਂ ਵਧੀ ਹੈ।
ਇਹ ਸਾਡੀ ਲੋਕਧਾਰਾ ਵੀ ਹੈ।
ਸੰਜੀਵ ਝਾਂਜੀ, ਜਗਰਾਉਂ।
ਸੰਪਰਕ : 80049 10000
SANJEEV JHANJI
M.Sc.B.Ed
Master of Mass Communication
Post grad.Dip. in Journalism & Mass Communication
PGDHRD MOB: +91 80049 10000
sanjeevjhanji@journalist.com
|