ਗੱਲ ਪਿਛਲੇ ਮਹੀਨੇ ਇਕ ਸੈਮੀਨਾਰ ਦੀ ਹੈ। ਪੰਜਾਬ ਸਰਕਾਰ ਵੱਲੋਂ ਪ੍ਰਾਇਮਰੀ
ਸਿੱਖਿਆ ਸੁਧਾਰ ਹੇਠ ਚਲਾਏ ਜਾ ਰਹੇ ਪ੍ਰਾਜੈਕਟ ‘ਪ੍ਰਵੇਸ਼’ ਦੇ ਬਲਾਕ ਕੋਆਰਡੀਨੇਟਰ
ਹਰਪ੍ਰੀਤ ਸਿੰਘ ਸੈਮੀਨਾਰ ਲਗਾ ਰਹੇ ਸਨ। ਇਸ ’ਚ ਗੱਲ ਚਲਦੇ ਚਲਦੇ ਇਕ ਥਾਂ
ਗਹਿਣਿਆਂ ਤੇ ਆ ਢੁਕੀ। ਹਰਪ੍ਰੀਤ ਹੋਰਾਂ ਨੇ ਪ੍ਰਸ਼ਨ ਕੀਤਾ ਕਿ ਜਿਹੜੇ ਜਿਹੜੇ
ਗਹਿਣਿਆਂ ਦੇ ਨਾ ਚੇਤੇ ਹਨ, ਉਹ ਦੱਸੋ। ਸਾਰੇ ਜਿਨੇ ਆਪਣੀ ਸਮਰਣਸ਼ਕਤੀ ਨੂੰ
ਕੁਰੇਦਦੇ ਹੋਏ ਗਹਿਣਿਆਂ ਦੇ ਨਾਮ ਦੱਸਣ ਲੱਗੇ।
ਉਸ ਵੇਲੇ ਮੈਨੂੰ ਗਹਿਣਿਆਂ ਨਾਲ ਸਬੰਧਤ ਇਕ ਲੋਕ ਗੀਤ ਭੁਲਦਾ ਭੁਲਾਂਦਾ ਥੋੜਾ
ਜਿਹਾ ਯਾਦ ਆ ਗਿਆ। ਇਸ ਲੋਕ-ਗੀਤ ’ਚ ਪੰਜਾਬੀ ਗਹਿਣਿਆਂ ਦੀ ਬੜੇ ਹੀ ਖ਼ਬਸੂਰਤ
ਅੰਦਾਜ਼ ’ਚ ਚਰਚਾ ਕੀਤੀ ਗਈ ਹੈ।
ਤੇਰੀ ਗੁੱਤ ’ਤੇ ਕਚਿਹਰੀ ਲਗਦੀ, ਦੂਰੋਂ ਦੂਰੋਂ ਆਉਣ ਝਗੜੇ।
ਸੱਗੀ-ਫੁੱਲ ਨੀ ਸ਼ਿਸ਼ਨ ਜੱਜ ਤੇਰੇ, ਕੈਂਠਾ ਤੇਰਾ ਮੁਹਤਮ ਹੈ।
ਵਾਲੇ, ਡੰਡੀਆਂ ਕਮਿਸ਼ਨਰ ਡਿਪਟੀ, ਨੱਤੀਆਂ ਇਹ ਨੈਬ ਬਣੀਆਂ।
ਜ਼ੈਲਦਾਰ ਨੀ ਮੁਰਕੀਆਂ ਤੇਰੀਆਂ, ਸਫੈਦ-ਪੋਸ਼ ਬਣੇ ਗੋਖੜੂ।
ਨੱਥ, ਮਛਲੀ, ਮੇਖ਼ ਤੇ ਕੋਕਾ, ਇਹ ਨੇ ਸਾਰੇ ਛੋਟੇ ਮਹਿਕਮੇ।
ਤੇਰਾ ਲੌਂਗ ਕਰੇ ਸਰਦਾਰੀ, ਥਾਣੇਦਾਰੀ ਨੁੱਕਰਾ ਕਰੇ।
ਚੌਕੀਦਾਰਨੀ ਬਣੀ ਬਘਿਆੜੀ, ਤੀਲੀ ਬਣੀ ਟਹਿਲਦਾਰਨੀ।
ਕੰਢੀ, ਹਸ ਦਾ ਪੈ ਗਿਆ ਝਗੜਾ, ਤਵੀਤ ਉਗਾਹੀ ਜਾਣਗੇ।
ਬੁੰਦੇ ਬਣ ਗਏ ਵਕੀਲ ਵਲੈਤੀ, ਚੌਂਕ-ਚੰਦ ਨਿਆਂ ਕਰਦੇ।
ਦਫ਼ਾ ਤਿੰਨ ਸੌ ਆਖਦੇ ਤੇਤੀ, ਕੰਠੀ ਨੂੰ ਸਜ਼ਾ ਬੋਲ ਗਈ।
ਹਾਰ ਦੇ ਗਿਆ ਜ਼ਮਾਨਤ ਪੂਰੀ, ਕੰਠੀ ਨੂੰ ਛੁਡਾ ਕੇ ਲੈ ਗਿਆ।
ਨਾਮ ਬਣ ਕੇ ਬੜਾ ਪਟਵਾਰੀ, ਹਿੱਕ ਨਾਲ ਮਿਣਤੀ ਕਰੇ।
ਤੇਰਾ ਚੂੜਾ ਰਸਾਲਾ ਪੂਰਾ, ਬਾਜੂ-ਬੰਦ ਵਿਗੜ ਗਏ।
ਪਰੀ-ਬੰਦ ਅੰਗਰੇਜ਼ੀ ਗੋਰੇ, ਫੌਜ ਦੇ ਵਿਚਾਲੇ ਸਜਦੇ।
ਤੇਰੀ ਜੁਗਨੀ ਘੜੀ ਦਾ ਪੁਰਜਾ, ਜ਼ੰਜ਼ੀਰੀ ਤਾਰ ਬੰਗਲੇ ਦੀ।
ਇਹ ਝਾਂਜਰਾਂ ਤਾਰ ਅੰਗਰੇਜ਼ੀ, ਮਿੰਟਾਂ ’ਚ ਦੇਣ ਖ਼ਬਰਾਂ।
ਤੇਰੇ ਘੋੜੇ ਦੇਣ ਪਏ ਮਰੋੜੇ, ਬਈ ਆਸ਼ਕ ਲੋਕਾਂ ਨੂੰ।
ਬਾਂਕਾਂ ਤੇਰੀਆਂ ਮਾਰਦੀਆਂ ਹਾਕਾਂ, ਖ਼ਰਚਾ ਤੂੰ ਬੰਦ ਕਰਦੇ।
ਜੈਨਾਂ ਜੈਨਾਂ, ਜੈਨਾਂ
ਨਿੱਤ ਦੇ ਨਸ਼ਈ ਰਹਿਣਾ, ਨੀ ਝੂਠੇ ਫੈਸ਼ਨਾਂ ਤੋਂ ਕੀ ਲੈਣਾ?
ਵਾਰੋ-ਵਾਰੀ ਸਭ ਨੂੰ ਇਸ਼ਾਰਾ ਕਰਕੇ ਹਰਪ੍ਰੀਤ ਹੋਰੀ ਸਭ ਨੂੰ ਪੁੱਛਦੇ ਰਹੇ। ਕਈ
ਅੱਜ ਦੇ ਅਤੇ ਕਈ ਅਲੋਪ ਹੋ ਚੁੱਕੇ ਗਹਿਣਿਆਂ ਦਾ ਨਾਂ ਲੈਂਦੇ ਰਹੇ। ਉਪਰੋਕਤ
ਲੋਕਗੀਤ ਨਾਲ ਨਾਲੋਂ ਨਾਲ ਮਿਲਾਉਂਦੇ ਹੋਏ ਜਦ ਮੇਰੇ ਤੋਂ ਪੁੱਛਿਆ ਗਿਆ ਤਾਂ ਮੈਂ
"ਬਘਿਆੜੀ" ਦਾ ਨਾਂ ਲੈ ਦਿੱਤਾ। ਨਾ ਉਨਾਂ ਨੂੰ "ਬਘਿਆੜੀ" ਬਾਰੇ ਪਤਾ ਸੀ ਤੇ ਨਾ
ਹੀ ਕਿਸੇ ਹੋਰ ਨੂੰ। ਆਪਾਂ ਤਾਂ ਹੈ ਈ ਇਸ ਗਿਆਨ ਤੋਂ ਸੱਖਣੇ।
ਅਸਲ ’ਚ ਇਹ ਗਹਿਣਾ ਪੰਜਾਬੀ ਸੱਭਿਆਚਾਰ ਦੇ ਵਿਹੜੇ ’ਚ ਪੰਜਾਬਣ ਦੇ ਹਾਰ
ਸ਼ਿੰਗਾਰ ਦਾ ਹਿੱਸਾ ਬਣ ਕੇ ਬੀਤੇ ਸਮਿਆਂ ’ਚ ਉਸਦੀ ਖ਼ੂਬਸੂਰਤੀ ਨੂੰ ਚਾਰ–ਚੰਦ
ਲਗਾਉਂਦਾ ਰਿਹਾ ਹੈ। ਸਮੇਂ ਦੀ ਮਾਰ ਜਾਂ ਅਖੌਤੀ ਆਧੁਨਿਕਤਾ ਦੀ ਮਾਰ ਹੇਠ ਅੱਜ ਇਹ
ਆਪਣਾ ਵਜੂਦ ਇਸ ਕਦਰ ਗੁਆ ਚੁੱਕਾ ਹੈ ਕਿ ਪੰਜਾਬਣ ਮੁਟਿਆਰ ਨੇ ਆਪਣੇ ਚੇਤਿਆਂ ’ਚੋਂ
ਵੀ ਇਸਨੂੰ ਵਿਸਾਰ ਦਿੱਤਾ ਹੈ। ਅੱਜ ਸਾਡੇ ਸੱਭਿਆਚਾਰ ਦਾ ਇਹ ਹਿੱਸਾ ਸਿਸਕ ਰਿਹਾ
ਹੈ।
ਬਘਿਆੜੀ ਪਰਾਂਦੇ ਦੇ ਮੁੱਢ ਨੇੜੇ ਸਿਰ ਦੇ ਵਾਲਾਂ ’ਚ ਟੰਗਣ ਵਾਲੀ ਸੋਨੇ ਜਾਂ
ਚਾਂਦੀ ਦੀ ਕੰਘੀ ਵਰਗੀ ਚੂੰਢੀ ਜਿਹੀ ਹੁੰਦੀ ਸੀ। ਕਈ ਸ਼ੁਕੀਨਣਾਂ ਇਸਨੂੰ ਜੂੜਾ ਬਣਾ
ਕੇ ਉਸ ਤੇ ਵੀ ਟੰਗ ਲੈਂਦੀਆਂ ਸਨ। ਜਿਸ ਤਰਾਂ ਪੰਜਾਬ ਦੇ ਵੱਖੋ–ਵੱਖਰੇ ਇਲਾਕਿਆਂ
’ਚ ਵੱਖ–ਵੱਖ ਗਹਿਣਿਆਂ ਦੇ ਡਿਜ਼ਾਇਨ/ਬਣਤਰ ’ਚ ਥੋੜਾ ਬਹੁਤ ਫਰਕ ਵੇਖਣ ਨੂੰ ਮਿਲਦਾ
ਰਿਹਾ ਹੈ, ਉਸੇ ਤਰਾਂ ਹੀ ਬਘਿਆੜੀ ਦੀ ਬਣਤਰ ’ਚ ਵੀ ਇਲਾਕਾਈ ਪ੍ਰਭਾਓ ਹੇਠ
ਮਾੜਾ–ਮੋਟਾ ਫਰਕ ਵੇਖਣ ਨੂੰ ਮਿਲਦਾ ਰਿਹਾ ਹੈ। ਬਘਿਆੜੀ ਅਮੂਮਨ ਸੋਨੇ ਜਾਂ ਚਾਂਦੀ
ਦੀ ਹੁੰਦੀ ਸੀ। ਇਹ ਚਾਰ ਸੋਨੇ ਜਾਂ ਚਾਂਦੀ ਦੀਆਂ ਪਤਲੀਆਂ ਪੱਤੀਆਂ ਨੂੰ ਆਪਸ ’ਚ
ਜੋੜ ਕੇ ਬਣਾਈ ਜਾਂਦੀ ਸੀ ਅਤੇ ਇਨਾਂ ਪੱਤੀਆਂ ਦੇ ਉੱਪਰ ਅਤੇ ਹੇਠਾਂ ਨਿੱਕੇ–ਨਿੱਕੇ
ਕੁੰਡੇ ਲੱਗੇ ਹੁੰਦੇ ਸਨ। ਹੇਠਲਿਆਂ ਕੁੰਡਿਆਂ ’ਚ ਮੋਤੀ ਪਾ ਕੇ ਨਲਕੀਆਂ ਲੱਗੀਆਂ
ਹੁੰਦੀਆਂ ਸਨ। ਬਘਿਆੜੀ ਦੇ ਉੱਪਰਲੇ ਕੁੰਢਿਆਂ ਨੂੰ ਗੁੱਤ ’ਚ
ਟੰਗਿਆ ਜਾਂਦਾ ਸੀ। ਆਮਤੌਰ ਤੇ ਬਘਿਆੜੀ ਓਦੋਂ ਹੀ ਲਗਾਈ ਜਾਂਦੀ
ਸੀ, ਜਦੋਂ ਗੁੱਤ ਨੂੰ ਗੁੰਦਿਆਂ ਜਾਂਦਾ ਸੀ, ਪਰਾਂਦਾ ਪਾਇਆ ਜਾਂਦਾ ਸੀ ਤੇ ਲੱਕ
ਨਾਲ ਖੁਆਹਿਆਂ ਜਾਂਦਾ ਸੀ। ਪਰ ਅੱਜ ਇਹ ਗਹਿਣਾ ਨਦਾਰਦ ਹੈ, ਲੱਭਿਆਂ ਵੀ ਨਹੀਂ
ਥਿਆਉਂਦਾ। ਲੁੱਟਾਂ–ਖੋਹਾਂ ਵਾਲਿਆਂ ਦਾ ਜ਼ੋਰ ਕਹਿ ਲਓ ਜਾਂ ਅਖੌਤੀ ਆਧੁਨਿਕਤਾ ਇਹ
ਪੂਰੀ ਤਰਾ ਲੋਪ ਹੋ ਚੁੱਕਾ ਹੈ। ਹਾਂ, ਇਸ ਦਾ ਵਿਗੜਿਆ ਤਿਗੜਿਆ ਰੂਪ ਅੱਜਕਲ
ਪਲਾਸਟਕ ਦਾ ਕਲਚਰ ਹੈ ਜੋ ਅੱਜਕਲ ਸੁਹਾਣੀਆਂ ਜੂੜੇ ਤੇ ਲਗਾਉਂਦੀਆਂ ਹਨ। ਪਰ
ਅਸਲੀਅਤ ’ਚ ਇਹ ਉਸ ਤੋਂ ਬਿਲਕੁਲ ਵੱਖਰਾ ਹੈ। ਅੱਜ ਅਸੀਂ ਗੱਲ ਸੱਭਿਆਚਾਰ ਦੀ ਕਰਦੇ
ਹਾਂ ਕਿ ਇਹ ਸਾਡੇ ਵਿਰਸੇ ਦਾ ਹਿੱਸਾ ਹੈ ਪਰ ਸਾਡੀ ਪੰਜਾਬੀਅਤ ਇਸ ਨੂੰ ਸਾਂਭ ਕੇ
ਨਹੀਂ ਰੱਖ ਸਕੀ। ਸਿਰਫ ਗੱਲਾਂ ਹੀ ਹਨ। ਚਾਰ ਕੁ ਲਾਈਨਾਂ ਚੇਤੇ ਆ ਰਹੀਆਂ ਹਨ ਸ਼ਾਇਦ
ਕੁਲਵੰਤ ਸਿੰਘ ਜੀ ਦੀਆਂ ਹਨ:
ਮਲ ਦੰਦਾਸਾ ਬੰਤੋ ਜਦ ਮੇਲੇ ਨੂੰ ਜਾਂਦੀ ਸੀ
ਲੱਕ ਦੁਆਲੇ ਘੁੰਮਦੀ ਰਹਿੰਦੀ ਲਾਲ ਪਰਾਂਦੀ ਸੀ।
ਸੱਗੀ ਫੁੱਲ ਨਾ ਦਿਸਦੇ ਚੁੰਨੀਆਂ ਸਿਰਾਂ ਤੋਂ ਲਹਿ ਗਈਆਂ
ਹੁਣ ਤਾਂ ਮਿੱਤਰੋ ਸੱਭਿਆਚਾਰ ਦੀਆਂ ਗੱਲਾਂ ਰਹਿ ਗਈਆਂ।
(ਬਘਿਆੜੀ ਦੀ ਫੋਟੋ ਲੱਭਣ ਦੀ ਮੈਂ ਬੜੀ ਕੋਸ਼ਿਸ਼ ਕੀਤੀ। ਕਾਫੀ ਭਾਲ ਉਪਰੰਤ
ਇਹ ਜਗਰਾਉਂ ਦੇ ਅੰਮ੍ਰਿਤਸਰ ਵਾਸੀ ਮਹਿੰਦਰ ਸਿੰਘ ਜੱਸਲ ਹੁਰਾਂ ਤੋਂ ਪ੍ਰਾਪਤ ਹੋਈ।
ਹਰਕੇਸ਼ ਸਿੰਘ ਕਹਿਲ ਜੀ ਦੀ ਪੁਸਤਕ ਪੰਜਾਬੀ ਵਿਰਸਾ ਕੋਸ਼ ‘ਚੋਂ। ਵਿਸ਼ੇਸ਼ ਧੰਨਵਾਦ।)
ਸੰਜੀਵ ਝਾਂਜੀ, ਜਗਰਾਉਂ।
ਸੰਪਰਕ : 80049 10000
SANJEEV JHANJI
M.Sc.B.Ed
Master of Mass Communication
Post grad.Dip. in Journalism & Mass Communication
PGDHRD MOB: +91 80049 10000
sanjeevjhanji@journalist.com
|