ਪੰਜਾਬੀ ਭਾਸ਼ਾ ਵਾਂਗ ਹਰ ਕੌਮ ਦੀ ਭਾਸ਼ਾ ਕੋਲ਼ ਹੀ ਅਖਾਣਾਂ ਦਾ ਅਮੁੱਕ ਭੰਡਾਰ ਹੈ
ਜਿਸਨੇ ਆਪਣੀ ਬੁੱਕਲ਼ ਵਿੱਚ ਆਪਣੇ ਲੋਕਾਂ ਦੀ ਜਿੰਦਗੀ ਦਾ ਕੌੜਾ ਮਿੱਠਾ ਇਤਿਹਾਸ
ਘੁੱਟ ਕੇ ਸਾਂਭ ਰੱਖਿਆ ਹੈ। ਪੰਜਾਬ ਖੇਤੀ ਪ੍ਰਧਾਨ ਸੂਬਾ ਹੈ। ਪੰਜਾਬੀ ਬੋਲੀ ਦੀਆਂ
ਜੜਾਂ ਇਸਦੇ ਪਿੰਡਾਂ ਖੇਤਾਂ ਵਿੱਚ ਹਨ। ਰੂੜੀ, ਭਾਵ ਢੇਰ ਜੋ ਕਿਸੇ ਸਮੇਂ ਰਸਾਇਣਕ
ਖਾਦਾਂ ਰਹਿਤ, ਔਰਗੈਨਿਕ, ਖੇਤੀ ਲਈ ਵਰਦਾਨ ਸਮਝਿਆ ਜਾਂਦਾ ਸੀ, ਨੂੰ ਵੀ ਕਈ ਵਾਰ
ਜ਼ਿਮੀਦਾਰ ਕੰਮ ਦੇ ਰੁਝੇਵਿਆਂ ਕਾਰਨ ਵਿਸਾਰ ਛੱਡਦਾ ਸੀ। ਪਰ ਖੇਤਾਂ ਵਿਚ ਇਸਦੀ ਲੋੜ
ਅਕਸਰ ਹੀ ਰਹਿੰਦੀ ਸੀ ਕਿਉਂਕਿ ਇਸ ਰੂੜੀ/ਢੇਰ ਨੂੰ ਉਪਜਾਊ ਸ਼ਕਤੀ ਦਾ ਸਰੋਤ ਸਮਝਿਆ
ਜਾਂਦਾ ਸੀ। ਜਿਸਤੋਂ ਅਖਾਣ ਬਣਿਆ ਕਿ ‘ਬਾਰਾਂ ਸਾਲਾਂ ਬਾਅਦ ਤਾਂ ਰੂੜੀ ਦੀ ਵੀ
ਸੁਣੀ ਜਾਂਦੀ ਹੈ।’ ਪਰ ਗੁਰੂਆਂ, ਪੀਰਾਂ, ਫਕੀਰਾਂ, ਦਾਰਸ਼ਨਿਕਾਂ, ਦਰਵੇਸ਼ਾਂ ਦੀ
ਬੋਲੀ ਪੰਜਾਬੀ ਦੀ ਦੇਸ਼ ਦੀ ਕਾਣੀ ਵੰਡ ਬਨਾਮ ਆਜ਼ਾਦੀ ਤੋਂ ਪੌਣੀ ਸਦੀ ਬਾਅਦ ਵੀ
ਸੁਣੀ ਤਾਂ ਕੀ ਜਾਣੀ ਸੀ ਸਗੋਂ ਇਸਦੀ ਮਿੱਟੀ ਹੋਰ ਵੀ ਪਲੀਤ ਕਰ ਦਿੱਤੀ ਗਈ। ਇਹ
ਪੱਥਰ ਤੇ ਲਕੀਰ ਵਰਗੀ ਸੱਚਾਈ ਚੜਦੇ ਤੇ ਲਹਿੰਦੇ ਦੋਨਾਂ ਪੰਜਾਬਾਂ ਤੇ ਬਰਾਬਰ
ਢੁੱਕਦੀ ਹੈ।
ਸੰਨ 1967/68 ਵਿੱਚ ਸ. ਲਛਮਣ ਸਿੰਘ ਦੀ ਸਰਕਾਰ ਨੇ ਸੂਬੇ ਭਰ ਵਿੱਚ ਪੰਜਾਬੀ
ਭਾਸ਼ਾ ਦੀ ਵਰਤੋਂ ਨੂੰ ਅਮਲੀ ਤੌਰ ਤੇ, ਸਰਕਾਰੀ ਭਾਸ਼ਾ ਵਜੋਂ, ਲਾਗੂ ਕਰਨ ਦਾ ਐਲਾਨ
ਕੀਤਾ ਪਰ ਇਸ ਐਲਾਨ ਦੇ ਅਮਲ ਵਿੱਚ ਆਉਣ ਤੋਂ ਪਹਿਲਾਂ ਹੀ ਸਰਕਾਰ ਦਾ ਤਖਤਾ ਪਲ਼ਟ
ਦਿੱਤਾ ਗਿਆ ਜਿਸਦੇ ਨਾਲ਼ ਹੀ ਪੰਜਾਬੀ ਭਾਸ਼ਾ ਦੇ ਸੁਨਹਿਰੇ ਸੁਪਨੇ ਦਾ ਅੰਤ ਸਦੀਵੀ
ਹੋ ਨਿੱਬੜਿਆ। ਪੰਜਾਬੀ ਦੇ ਵਿਰੋਧਆਂ ਨੇ ਐਸੀਆਂ ਗਿਣੀਆਂ ਮਿੱਥੀਆਂ ਸਾਜਿਸ਼ਾਂ ਅਤੇ
ਮਨਸੂਬੇ ਘੜੇ ਕਿ ਅੱਜ ਤੱਕ ਮੁੜ ਕਿਸੇ ਨੇ ਪੰਜਾਬੀ ਦੀ ਸਾਰ ਤਾਂ ਕੀ ਲੈਣੀ ਸੀ
ਸਗੋਂ ਇਸਨੂੰ ਹੋਰ ਮਿੱਟੀ ਵਿੱਚ ਮਿਲਾਉਣ ਦੀ ਹਰ ਕੋਸ਼ਿਸ਼ ਕੀਤੀ।
ਪੰਜਾਬੀ ਭਾਸ਼ਾ ਬੋਲਣ ਵਾਲ਼ਿਆਂ ਦੀ ਗਿਣਤੀ ਮੁਤਾਬਿਕ ਦੁਨੀਆਂ ਦੀ
ਗਿਆਰਵੀਂ/ਬਾਰਵੀਂ ਭਾਸ਼ਾ ਮੰਨੀ ਜਾਂਦੀ ਹੈ। ਬਰਤਾਨੀਆ ਭਰ ‘ਚ ਉਰਦੂ, ਚੀਨੀ,
ਬੰਗਾਲੀ ਸਭ ਨੂੰ ਮਾਤ ਪਾ ਕੇ ਤੀਜੀ ਵੱਡੀ ਭਾਸ਼ਾ ਬਣਨ ਵਾਲ਼ੀ ਏਸ ਭਾਸ਼ਾ ਦੀ ਸਭ ਤੋਂ
ਵੱਡੀ ਬਦਕਿਸਮਤੀ ਇਹ ਵੀ ਹੈ ਕਿ ਇਸਦੀ ਇਸਦੇ ਆਪਣੇ ਘਰ ਵਿੱਚ ਹੀ ਕੋਈ ਵੁੱਕਤ ਨਹੀਂ
ਹੈ। ਜਿੱਥੇ ਪੰਜਾਬ ਦੇ ਲੋਕਾਂ ਨੇ ਇਸ ਦੀ ਕੋਈ ਕਦਰ ਹੀ ਨਹੀਂ ਪਾਈ ਉੱਥੇ ਸਮੇਂ
ਸਮੇਂ ਦੀਆਂ ਸਰਕਾਰਾਂ ਨੇ ਵੀ ਇਸ ਵੱਲ ਕਦੇ ਧਿਆਨ ਨਹੀਂ ਦਿੱਤਾ। ਇਸ ਉਪਜਾਊ
ਸ਼ਕਤੀ-ਸਰੋਤ, ਮਹਾਨ ਸੰਚਾਰ ਸਾਧਨ ਦੀ ਏਨੀ ਬੇ-ਕਦਰੀ ਸ਼ਾਇਦ ਹੀ ਦੁਨੀਆਂ ਦੇ ਕਿਸੇ
ਮੁਲਕ ਦੇ ਲੋਕਾਂ ਜਾਂ ਉੱਥੋਂ ਦੀ ਸਰਕਾਰ ਨੇ ਕੀਤੀ ਹੋਵੇ। ਜੋ ਅੱਧੋਗਤੀ ਇਸ ਬੋਲੀ
ਦੀ ਹੋਈ ਤੇ ਹੋ ਰਹੀ ਹੈ ਉਸ ਬਾਰੇ ਲੰਬੀ ਚੌੜੀ ਖੋਜ ਕਰਨ ਜਾਂ ਬਹਿਸ ‘ਚ ਪੈਣ ਜਾਂ
ਤੱਥ ਲੱਭਣ ਦੀ ਲੋੜ ਨਹੀਂ। ਸਭ ਜਾਣਦੇ ਹਨ ਪਰ ਕਬੂਤਰ ਵਾਂਗ ਅੱਖਾਂ ਮੀਟੀ ਰੱਖਣਾ
ਅਲਿਹਦਾ ਗੱਲ ਹੈ।
ਪੰਜਾਬੀ ਦੇ ਉਪਾਸ਼ਕਾਂ ਨੂੰ ਪੰਜਾਬੀ ਸੂਬੇ ਦੀ ਪ੍ਰਾਪਤੀ ਲਈ ਬੜਾ ਲੰਬਾ ਸੰਘਰਸ਼
ਲੜਨਾ ਪਿਆ ਜਿਸਦਾ ਇੱਕ ਵੱਡੀ ਸੰਖਿਆ ਅਤੇ ਅਸਰ ਰਸੂਖ ਵਾਲ਼ੇ ਧਨਾਡ ਧੜੇ ਵਲੋਂ
ਵਿਰੋਧ ਕੀਤਾ ਗਿਆ। ਇਹ ਧੜਾ ਅੱਜ ਵਾਲ਼ੀ ਜਨਤਾ ਪਾਰਟੀ ਦਾ ਹੀ ਸੀ ਜਿਸਦਾ ਨਾਮ ਉਸ
ਵੇਲੇ ਜਨਸੰਘ ਸੀ ਅਤੇ ਜਿਸਨੇ ਮੁੱਢ ਤੋਂ ਹੀ ਪੰਜਾਬੀ ਸੂਬੇ ਦਾ ਵਿਰੋਧ ਕੀਤਾ ਤੇ
ਅੱਜ ਤੱਕ ਪੰਜਾਬੀ ਦਾ ਵਿਰੋਧ ਨਹੀਂ ਛੱਡਿਆ। ਅਕਾਲੀ ਦਲ ਦੀ ਇਹ ਚਹੇਤੀ ਅਤੇ ਸੱਤਾ
‘ਚ ਭਾਈਵਾਲ ਪਾਰਟੀ ਅੱਜ ਵੀ ਪੰਜਾਬੀ ਦੀ ਓਨੀ ਹੀ ਕੱਟੜ ਵੈਰੀ ਹੈ ਜਿੰਨੀ ਪੰਜਾਬੀ
ਸੂਬਾ ਬਣਨ ਵੇਲੇ ਸੀ। ਓਸ ਸੰਘਰਸ਼ ਤੋਂ ਲੈ ਕੇ ਜੋ 1952/53 ‘ਚ ਸ਼ੁਰੂ ਹੋਇਆ
1956/57 ਤੱਕ, ਪੰਜਾਬੀ ਸੂਬਾ ਬਣਨ ਤੋਂ ਬਾਅਦ ਵੀ, ਪੰਜਾਬੀ ਦਾ ਅੰਦਰ ਖਾਤੇ
ਡਟਵਾਂ ਵਿਰੋਧ ਹੁੰਦਾ ਰਿਹਾ ਜੋ ਅੱਜ ਦੀ ਤਰੀਕ ਵਿੱਚ ਵੀ ਜਾਰੀ ਹੈ। ਇੱਕ ਗੱਲ ਤੋਂ
'ਪੱਥਰ ਤੇ ਲਕੀਰ' ਹੈ ਕਿ ਕੇਂਦਰ ਵਿੱਚ ਪਹਿਲੇ ਦਿਨ ਤੋਂ ਹੀ ਪੰਜਾਬ ਪੱਖੀ ਹਵਾ
ਕਦੇ ਵੀ ਨਹੀਂ ਰਹੀ। ਕੇਂਦਰ ਨੇ ਹਮੇਸ਼ਾ ਹੀ ਪੰਜਾਬੀਆਂ ਨੂੰ ਪੰਜਾਬ ਦੇ ਵਿਰੁੱਧ ਹੀ
ਭੁਗਤਾਇਆ। ਚਾਹੇ ਉਹ ਪ੍ਰਤਾਪ ਸਿੰਘ ਕੈਰੋਂ ਸੀ, ਚਾਹੇ ਗਿਆਨੀ ਜ਼ੈਲ ਸਿੰਘ, ਚਾਹੇ
ਦਰਬਾਰਾ ਸਿੰਘ ਇਹ ਸਾਰੇ ਪੰਜਾਬ ਦੇ ਖਿਲਾਫ਼ ਹੀ ਭੁਗਤੇ ਅਤੇ 'ਜਨਸੰਘ' ਬਨਾਮ ਜਨਤਾ
ਪਾਰਟੀ ਅੰਦਰਖਾਤੇ ਸਦਾ ਇਹਨਾਂ ਨਾਲ਼ ਰਹੀ।
ਕੈਰੋਂ ਦੀਆਂ ਛਾਤਰ ਨੀਤੀਆਂ ਨੇ ਅਕਾਲੀਆਂ ਦੀਆਂ ਜੜਾਂ ਵਿੱਚ ਦੱਬ ਕੇ ਤੇਲ ਦੇਣ
ਅਤੇ ਅਕਾਲੀਆਂ ਦੀਆਂ ਜੜਾਂ ਨੂੰ ਪੂਰੀ ਤਰਾਂ ਖੋਖਲਾ ਕਰਨ ਵਿੱਚ ਕੋਈ ਕਸਰ ਨਹੀਂ
ਛੱਡੀ। ਆਪਣੀਆਂ ਚਾਣਕਿਆ ਸਾਜਿਸ਼ੀ ਨੀਤੀਆਂ ਤਹਿਤ ਜੋ ਦੁਰਦਸ਼ਾ ਕੇਂਦਰ ਨੇ, ਹਰ ਪੱਖ
ਤੋਂ, ਪੰਜਾਬ ਦੀ ਕੀਤੀ ਉਸ ਦੀ ਲਪੇਟ ਵਿੱਚ ਪੰਜਾਬੀ ਦਾ ਆ ਜਾਣਾ ਵੀ ਸੁਭਾਵਿਕ ਸੀ
ਪਰ ਏਨਾ ਵੀ ਨਹੀਂ ਕਿ ਲੋਕੀਂ ਆਪਣੀ ਬੋਲੀ ਦੀ ਸੁੱਧ ਬੁੱਧ ਹੀ ਭੁੱਲ ਜਾਣ। ਕੇਂਦਰ
ਦੀਆਂ ਪੰਜਾਬ ਮਾਰੂ ਨੀਤੀਆਂ ਅਤੇ ਆਪਣੀ ਜ਼ਮੀਰ ਨਹਿਰੂ/ਇੰਦਰਾ ਕੋਲ ਗਿਰਵੀ ਰੱਖ ਆਉਣ
ਵਾਲ਼ੇ ਪੰਜਾਬ ਦੇ ਰਾਜਨੀਤਕ ਤੇ ਸਮਾਜਕ ਆਗੂ ਪੰਜਾਬ ਦੇ ਲੋਕਾਂ ਨੂੰ ਜ਼ਿਹਨੀਅਤ
ਸ਼ਿਕਸਤ ਦੇਣ ਵਿੱਚ ਪੂਰੇ ਕਾਮਯਾਬ ਹੋਏ। ਲੋਕਾਂ ਨੂੰ ਸਦੀਆਂ ਦੀ ਗੁਲਾਮੀ ਤੋਂ ਅਜ਼ਾਦ
ਹੋਣ ਦਾ ਮੌਕਾ ਹੀ ਨਹੀਂ ਦਿੱਤਾ ਗਿਆ। ਇਹ ਵਰਤਾਰਾ ਅਜੇ ਓਸੇ ਤਰਾਂ ਹੀ ਹੈ।
ਬਾਹਰੋਂ ਦੇਖਣ ਨੂੰ ਸਭ ਠੀਕ ਠਾਕ ਹੈ ਪਰ ਮੌਜੂਦਾ ਪੰਜਾਬੀ ਮਾਨਸਿਕਤਾ ਲਈ
ਡਾਵਾਂਡੋਲ ਨਾਲ਼ੋਂ ਬੇਹੋਸ਼ ਜਾਂ ਸਾਹ-ਸਤ ਹੀਣ ਸ਼ਬਦ ਵੱਧ ਢੁੱਕਵਾਂ ਹੈ। ਇਹਨਾਂ
ਕਾਰਨਾਂ ਕਰਕੇ ਹੀ ਜਿਸ ਪੱਧਰ ਦਾ ਨਿਘਾਰ ਪੰਜਾਬੀ ਭਾਸ਼ਾ ਨੂੰ ਅਤੇ ਇੱਕ ਸੁਹਿਰਦ
ਪੰਜਾਬੀਆਂ ਨੂੰ ਦੇਖਣਾ ਤੇ ਝੱਲਣਾ ਪਿਆ ਤੇ ਅੱਜ ਵੀ ਉਹ ਝੱਲ ਰਹੇ ਹਨ ਉਹ ਕਿਸੇ
ਤੋਂ ਗੁੱਝਾ ਨਹੀਂ। ਕਾਰਨ ਇੱਕ ਹੀ ਨਹੀਂ, ਹੋਰ ਵੀ ਬਹੁਤ ਸਾਰੇ ਹਨ। ਇਨਾਂ ਕਾਰਨਾਂ
ਵਿੱਚ ਸਭ ਤੋਂ ਵੱਡਾ ਕਾਰਨ ਸ਼ਾਇਦ ਪੰਜਾਬ ਦੀ ਕੇਂਦਰ ਤੇ ਆਰਥਕ ਨਿਰਭਰਤਾ, ਪੰਜਾਬੀ
ਰਾਜਨੀਤਕਾਂ ਵਿੱਚ ਦੂਰਅੰਦੇਸ਼ੀ ਦੀ ਘਾਟ ਦੀ ਬਜਾਏ ਅੰਗਰੇਜ਼ੀ ਦੀ ਗੁਲਾਮੀ ਵੇਲੇ ਤੋਂ
ਚੱਲੀ ਆ ਰਹੀ ਚਾਪਲੂਸੀ ਕਰਨ, ਝੋਲ਼ੀ-ਚੁੱਕਣ ਦੀ ਮਾਨਸਿਕਤਾ ਅਤੇ ਆਪਸੀ ਖਹਿਬਾਜੀ,
ਦੂਜੇ ਨੂੰ ਨੀਵਾਂ ਦਿਖਾਉਣ ਦਾ ਰੁਝਾਨ, ਪੱਛਮ ਦੇ ਪ੍ਰਭਾਵ ਹੇਠ ਪੰਜਾਬ ਦੀ ਚੌਧਰੀ
ਅਤੇ ਮੱਧ ਵਰਗੀ ਜਮਾਤ ਵਲੋਂ ਪੰਜਾਬੀ ਨੂੰ ਗਵਾਰ, ਪੇਂਡੂ ਭਾਸ਼ਾ ਸਮਝਕੇ ਇਸ ਵੱਲ
ਪਿੱਠ ਕਰਨਾ ਮੰਨਿਆ ਜਾ ਸਕਦਾ ਹੈ। ਇਸ ਖਾਸ ਵਰਗ ਵਲੋਂ ਆਪਣੇ ਆਪ ਨੂੰ ਹਰ ਹੀਲੇ
ਦੂਜਿਆਂ ਨਾਲ਼ੋਂ ਅਲਹਿਦਾ ਦਿਸਣ ਤੇ ਦਰਸਾਉਣ ਦੀ ਭਾਵਨਾ ਨੇ ਵੀ ਪੰਜਾਬੀ ਦੇ ਵਕਾਰ
ਨੂੰ ਭਾਰੀ ਸੱਟ ਮਾਰੀ ਹੈ। ਜਿਵੇਂ ਮਰਨ ਤੋਂ ਪਿਹਲਾਂ ਬੰਦੇ ਦੇ ਸਰੀਰ ਦਾ ਸਿਰਫ
ਇੱਕ ਹੀ ਅੰਗ ਨਹੀਂ ਜ਼ਿੰਮੇਵਾਰ ਨਹੀਂ ਹੁੰਦਾ ਬਲਕਿ ਬਹੁਤ ਸਾਰੇ ਅੰਗਾਂ ਦੇ ਬਿਮਾਰੀ
ਹੋਣ ਨਾਲ਼ ਬੰਦਾ ਮਰ ਜਾਂਦਾ ਹੈ ਇਸ ਤਰਾਂ ਪੰਜਾਬ/ਪੰਜਾਬੀ ਨੂੰ ਲੱਗੀ ਬਿਮਾਰੀ ਦੇ
ਅਨੇਕਾਂ ਕਾਰਨ ਹਨ। ਪਰ ਇਹ ਬਿਮਾਰੀ ਲਾ-ਇਲਾਜ ਬਿਲਕੁਲ ਨਹੀਂ।
ਸਭ ਤੋਂ ਵੱਡੀ ਸੱਟ ਜਾਂ ਜਿਸ ਚੀਜ ਦਾ ਨੁਕਸਾਨ, ਇਕੱਲੀ ਪੰਜਾਬੀ ਭਾਸ਼ਾ ਨੂੰ ਹੀ
ਸਗੋਂ ਦੁਨੀਆਂ ਦੀਆਂ ਹੋਰ ਭਾਸ਼ਾਵਾਂ ਨੂੰ ਵੀ ਹੋਇਆ, ਉਹ ਹੈ ਸਥਾਨਕ ਭਾਸ਼ਾਈ ਖੇਤਰਾਂ
‘ਚ ਰੁਜ਼ਗਾਰ ਵਸੀਲਿਆਂ ਦੀ ਘਾਟ ਜਾਂ ਅਣਹੋਂਦ। ਕਿਉਂਕਿ ਸਾਡਾ ਵਿਸ਼ਾ ਪੰਜਾਬ ਤੱਕ ਹੀ
ਸੀਮਤ ਹੈ, ਪੰਜਾਬ ‘ਚ ਕੋਈ ਵੀ ਹੁਕਮਰਾਨ ਪਾਰਟੀ ਆ ਜਾਵੇ ਉਸਦਾ ਪਹਿਲਾ ਅਤੇ ਮੁੱਖ
ਉਦੇਸ਼ ਆਪਣਾ ਘਰ ਭਰਨਾ ਹੀ ਰਿਹਾ ਹੈ। ਇਸਦੇ ਦੋਸ਼ੀ ਵੀ ਓਹੀ ਰਾਜਸੀ ਤੇ ਸਮਾਜਕ ਆਗੂ
ਹੀ ਹਨ ਜਿਨਾਂ ਨੇ ਦੇਸ਼ ਸੇਵਾ ਦੀ ਬਜਾਏ ਪਰਿਵਾਰ ਸੇਵਾ ਨੂੰ ਹੀ ਆਪਣਾ ਧਰਮ ਅਤੇ
ਜੀਵਨ ਮਕਸਦ ਬਣਾ ਲਿਆ ਹੈ। ਇਹ ਵੀ ਹੋ ਸਕਦਾ ਹੈ ਕਿ ਬਹੁਤ ਸਾਰੇ ਲੋਕ ਕਿਸੇ ਗਰਜ
ਜਾਂ ਦਬਾਅ ਅਧੀਨ ‘ਭਾਰਤੀ’ ਕਹਾਉਣ ‘ਚ ਹੀ ਆਪਣੀ ਸ਼ਾਨ ਸਮਝਦੇ ਹੋਣ ਜਾਂ ਬਹੁਤ ਸਾਰੇ
ਇਸੇ ਨੂੰ ਹੀ ਆਪਣੀ ਪਛਾਣ ਸਮਝ ਕੇ ਖੁਦ ਨੂੰ ਫੋਕੀ ਤਸੱਲੀ ਦੇ ਲੈਂਦੇ। ਪਰ ‘ਦੇਸ਼
ਸੇਵਕ’ ਦੀ ਵਰਦੀ ‘ਚ ਦਿਨ ਦੀਵੀਂ ਲੁੱਟਣ ਵਾਲ਼ਿਆਂ ਦਿਆਂ ਕਾਰਨਾਵਿਆਂ ਦੇ ਕਾਰਨ ਹੀ
ਪੰਜਾਬੀਆਂ ਦੀ ਵੱਡੀ ਗਿਣਤੀ ਨੂੰ ਪ੍ਰਦੇਸ ਗਮਨ ਕਰਨਾ ਪਿਆ। ਪਰ ਇਨਾਂ ਗਮਨਕਾਰੀਆਂ
ਵਿੱਚ ਉਹ ਲੋਕ ਵੀ ਸ਼ਾਮਿਲ ਸਨ ਤੇ ਅੱਜ ਵੀ ਹਨ ਜਿਹੜੇ ਸਿੱਧੇ ਜਾਂ ਅਸਿੱਧੇ ਰੂਪ
ਵਿੱਚ ਇਨਾਂ ‘ਦੇਸ਼ ਸੇਵਕਾਂ’ ਦੇ ‘ਅਨੁਯਾਈ’ ਰਹੇ ਤੇ ਉਹ ਅੱਜ ਵੀ ਹਨ। ਇਨਾਂ ਦਾ
ਇੱਕ ਵਿਸ਼ੇਸ਼ ਵਰਗ ਅੱਜ ਵੀ ਨੀਲੀਆਂ ਚਿੱਟੀਆਂ ਦਾ ਜੀ ਹਜੂਰੀ ਹੈ। ਸਿਤਮ ਅਤੇ
ਹੈਰਾਨੀ ਦੀ ਗੱਲ ਕਿ ਇਨਾਂ ਲੋਕਾਂ ਨੂੰ ਪੰਜਾਬੀ ਭਾਸ਼ਾ ਦੇ ਮਸਲੇ ਨਾਲ਼ ਦੂਰ ਦਾ ਵੀ
ਵਾਸਤਾ ਨਹੀਂ।
ਪਰਵਾਸੀ ਤਜਰਬੇ ਨੇ ਜਿੱਥੇ ਉਨਾਂ ਲਈ ਨਵਾਂ ਰਹਿਣ ਸਹਿਣ, ਨਵੇਂ ਹੁਨਰ ਸਿੱਖਣੇ
ਲਾਜਮੀ ਕਰ ਦਿੱਤੇ ਉੱਥੇ ਉਸ ਇਲਾਕੇ ਦੀ ਬੋਲੀ ਸਿੱਖਣੀ ਵੀ ਉਨਾਂ ਦੀ ਮਜਬੂਰੀ ਬਣ
ਗਈ। ਸਭ ਕੁਛ ਨਵਾਂ ਸਿੱਖ ਕੇ ਆਪਣੇ ਪੈਰਾਂ ਤੇ ਖੜੇ ਹੋਣਾ, ਆਤਮ ਨਿਰਭਰ ਬਣਨਾ
ਉਨਾਂ ਲਈ ਓਪਰੀ ਅਤੇ ਨਵੀਂ ਵੰਗਾਰ ਸੀ। ਪਰ ਇਸ ਵੰਗਾਰ ਦੇ ਧੁਰ ਥੱਲੇ ਉਨਾਂ ਦੇ
ਮਨਾਂ ਵਿੱਚ ਸਦੀਆਂ ਦੀ ਗੁਲਾਮੀ ਦੇ ਬੀਜ ਵੀ ਦੱਬੇ ਪਏ ਰਹੇ। ਜੋ ਗਾਹੇ ਵਗਾਹੇ
ਉਨਾਂ ਨੂੰ ਨਵੀਂ ਪਛਾਣ ਧਾਰਨ ਕਰਨ ਲਈ ਸੁਚੇਤ ਕਰਦੇ ਰਹਿੰਦੇ ਤੇ ਉਹ ਅਕਸਰ ਇਸ
ਜਿੱਲਤ ਭਰੀ ਹੋਂਦ ਤੋਂ ਛੁਟਕਾਰਾ ਪਾਉਣ ਦਾ ਸੋਚਦੇ ਰਹੇ ਤੇ ਰਹਿੰਦੇ ਹਨ। ਖੁਦ ਤੋਂ
ਖੁਦ ਨੂੰ ਅਜ਼ਾਦ ਕਰਾਉਣ ਦੀ ਕੋਸ਼ਿਸ਼ ਵਿੱਚ ਲੱਗੇ ਰਹਿੰਦੇ ਇਹ ਲੋਕ ਇਸ ਤੋਂ ਕਦੇ ਵੀ
ਛੁਟਕਾਰਾ ਨਾ ਪਾ ਸਕੇ ਤੇ ਨਾ ਹੀ ਅਜਿਹਾ ਹੋਣ ਦੀ ਕੋਈ ਉਮੀਦ ਹੀ ਹੈ। ਨਵੀਂ ਸਿੱਖੀ
ਬੋਲੀ ਅਤੇ ਕਮਾਈ ਦੇ ਅਸਰ ਰਸੂਖ ਨਾਲ਼ ਉਹ ਪਿੱਛੇ ਰਹਿ ਗਏ ਆਪਣੇ ਦੋਸਤਾਂ,
ਮਿੱਤਰਾਂ, ਰਿਸ਼ਤੇਦਾਰਾਂ ਨੂੰ ਪ੍ਰਭਾਵਿਤ ਕਰਨ ਲਈ ਹਮੇਸ਼ਾ ਯਤਨਸ਼ੀਲ ਰਹੇ।
ਬਹੁਤੇ ਪੰਜਾਬੀ ਆਪਣੀਆਂ ਆਪਣੀਆਂ ਖੁੱਡਾਂ ‘ਚ ਆਪੋ ਆਪਣੇ ਮੋਰਚੇ ਸੰਭਾਲ਼ੀ ਬੈਠੇ
ਹਨ। ਉਹਨਾਂ ਤੋਂ ‘ਖੂਹ ਦੇ ਡੱਡੂਆਂ ਵਾਲ਼ੀ ਮਾਨਸਿਕਤਾ’ ਤੋਂ ਖੁਦ ਨੂੰ ਕਦੇ ਵੀ
ਆਜ਼ਾਦ ਕਰਵਾ ਸਕਣ ਦੀ ਉੱਕਾ ਉਮੀਦ ਨਹੀਂ। ਜਿੰਨਾ ਚਿਰ ਉਹ ਅਜਿਹਾ ਨਹੀਂ ਕਰ ਸਕਦੇ
ਉਨਾ ਚਿਰ ਉਨਾਂ ਤੋਂ ਦਿਸਹੱਦਿਆਂ ਤੋਂ ਪਾਰ ਝਾਕਣ ਦੀ ਆਸ ਉੱਕਾ ਹੀ ਨਹੀਂ ਕੀਤੀ
ਸਕਦੀ। ਇਹ ਗੱਲ ਸਿਰਫ ਵਿਦੇਸ਼ੀ ਹੀ ਨਹੀਂ ਬਲਕਿ ਦੇਸੀ ਪੰਜਾਬੀਆਂ 'ਤੇ ਵੀ ਬਰਾਬਰ
ਹੀ ਢੁਕਦੀ ਹੈ। ਜਿੰਨਾ ਚਿਰ ਪੰਜਾਬੀ ਨੂੰ ਧਰਮ ਅਤੇ ਰਾਜਨੀਤੀ ਦੀਆਂ ਵਲਗਣਾਂ ‘ਚੋਂ
ਅਜ਼ਾਦ ਨਹੀਂ ਕਰਦੇ ਉੱਨਾ ਚਿਰ ਪੰਜਾਬੀ ਨਾਲ਼ ਖਿਲਵਾੜ ਜਾਰੀ ਰਹੇਗੀ। (ਚਲਦਾ)
ਪਾਠਕਾਂ ਦੇ ਵਿਚਾਰਾਂ ਦੀ ਉਡੀਕ ਤੇ ਸਵਾਗਤ ਹੋਵੇਗਾ -
ekam-deep@outlook.com
|