ਅੱਕਸਰ ਯਾਰ–ਦੋਸਤ ਜਾਂ ਛੋਟੇ-ਛੋਟੇ ਬੱਚਿਆਂ ਦੇ ਮਾਪੇ ਆਪਣੇ ਬੱਚੇ ਵੱਲ ਇਸ਼ਾਰਾ
ਕਰ ਕੇ ਮੈਥੋਂ ਇਹ ਸਵਾਲ ਪੁੱਛ ਹੀ ਲੈਂਦੇ ਹਨ ਕਿ ਇਸ ਦੀ ਲਿਖਾਈ ਬੜੀ ਗੰਦੀ ਹੈ,
‘ਲਿਖੇ ਮੂਸਾ, ਪੜੇ ਖੁਦਾ’ ਵਾਲੀ ਗੱਲ ਹੈ। ਕਈ ਬਾਰ ਇਸਦੀ ਮੈਡਮ ਨੂੰ ਸਕੂਲੇ ਕਿਹਾ
ਵੀ ਹੈ ਪਰ ਲਿਖਾਈ ’ਚ ਕੋਈ ਸੁਧਾਰ ਨਹੀਂ ਹੋਇਆ। ਨਾਲ ਹੀ ਪ੍ਰਸ਼ਨਵਾਚਕ ਨਿਗਾਹ ਨਾਲ
ਕਹਿਣਗੇ ਕਿੱਥੇ ਲਾਈਏ ਇਸਨੂੰ ਟਿਉਸ਼ਨ, ਬਸ ਲਿਖਾਈ ਸੁਧਰਨੀ ਚਾਹੀਦੀ ਹੈ।
ਕਈ ਵਾਰ ਹਾਸੇ ਠੱਠੇ ਵਾਲਾ ਮਹੌਲ ਹੋਵੇ ਤਾਂ ਆਖ ਦਈਦਾ ਕਿ ਲਿਖਾਈ ਗੰਦੀ ਹੈ
ਤਾਂ ਕੀ ਹੋਇਆ ਵੱਡਾ ਹੋ ਕੇ ਡਾਕਟਰ ਬਣਜੂ। ਨਾਲੇ ਫਿਰ ਆਪਣੀ ਗੱਲ ਵੀ ਸੁਣਾ ਦਈਦੀ
ਹੈ ਕਿ ਅਸੀਂ ਤਾਂ ਫੱਟੀ ਲਿਖ ਲਿਖ ਆਪਣੀ ਲਿਖਾਈ ਬਣਾਈ ਸੀ।
ਅਸਲ ’ਚ ਫੱਟੀ ਦੀ ਥਾਂ ’ਤੇ ਕਾਪੀਆਂ ਆ ਜਾਣ ਕਾਰਨ ਅਭਿਆਸ ਲਈ ਫੱਟੀਆਂ ਤੇ
ਲਿਖੇ ਜਾਂਦੇ ਵੱਡੇ ਅੱਖਰਾਂ ਦੀ ਥਾਂ ਹੁਣ ਕਾਪੀ ਦੀਆਂ ਛੋਟੀਆਂ ਛੋਟੀਆਂ ਲਾਈਨਾਂ
’ਚ ਪਾਏ ਜਾਣ ਵਾਲੇ ਨਿਕੜੇ ਅੱਖਰਾਂ ਨੇ ਲੈ ਲਈ ਹੈ। ਜਿਸ ਕਾਰਨ ਲਿਖਾਈ ਦੀ
ਸੁੰਦਰਤਾ ਦਾ ਗ੍ਰਾਫ ਹੇਠਾਂ ਵੱਲ ਨੂੰ ਲੁੜਕਿਆ ਹੈ। ਰਹਿੰਦੀ ਖੁੰਦੀ ਜਖਣਾ ਕਲਮ,
ਡੰਕ ਅਤੇ ਨਿੱਬ ਵਾਲੇ ਸ਼ਿਆਹੀ ਵਾਲੇ ਪੈਨਾਂ ਦੀ ਥਾਂ ਤੇ ਆਏ ਜੈਲ ਅਤੇ ਬਾਲ-ਪੈਨਾਂ
ਨੇ ਮਾਰ ਸੁੱਟੀ ਹੈ। ਲਿਖਾਈ ’ਚ ਤੇਜ਼ੀ ਆ ਜਾਣ ਕਾਰਨ ਨਾ ਤਾਂ ਅੱਖਰਾਂ ਦੀ ਇਨਾਂ
ਨਾਲ ਸਹੀ ਬਣਾਵਟ ਬਣਦੀ ਹੈ ਅਤੇ ਨਾ ਹੀ ਸੁੰਦਰਤਾ।
ਮੇਰੀ ਲਿਖਾਈ ‘ਅਤਿ-ਉੱਤਮ’ ਤਾਂ ਨਹੀਂ ਪਰ ਬਾਹਲਿਆਂ ਨਾਲੋਂ ‘ਉੱਤਮ’ ਹੈ।
ਇਕ-ਦੋ ਦਿਨਾਂ ’ਚ ਨਹੀਂ ਬਣੀ। ਬੜੀ ਘਾਲਣਾ ਘਾਲੀ ਹੈ ਸਿਖਾਉਂਣ ਵਾਲੇ ਅਧਿਆਪਕਾਂ
ਨੇ ਮੇਰੇ ਅੱਖਰਾਂ ਦੀ ਬਣਤਰ ਨੂੰ ਸਹੀ ਤੇ ਸੋਹਣਾ ਬਣਾਉਣ ਲਈ। ਮੈਨੂੰ ਅੱਜ ਵੀ ਯਾਦ
ਹੈ ਪਹਿਲੀ ਜਮਾਤ ’ਚ ਪੜਾਉਣ ਵਾਲੇ ਆਂਟੀ ਪੁਸ਼ਪਾ
ਦੇਵੀ ਜੀ, ਦੂਜੀ ਜਮਾਤ ਵਾਲੇ ਆਂਟੀ ਪ੍ਰੇਮ
ਸਖੀ ਜੀ (ਸਾਡੇ ਸਕੂਲ ’ਚ ਉਸ ਵੇਲੇ ਮੈਡਮ ਨੂੰ
ਆਂਟੀ ਜੀ ਹੀ ਕਿਹਾ ਜਾਂਦਾ ਸੀ),
ਤੀਜੀ ’ਚ ਪੜਾਉਣ ਵਾਲੇ ਮਾਸਟਰ ਸਰਵਜੀਤ ਲਾਲ ਵਰਮਾ ਜੀ, ਚੌਥੀ ’ਚ ਸਿਖਾਉਂਣ ਵਾਲੇ
ਰਾਜਿੰਦਰ ਕੁਮਾਰ ਜੀ ਅਤੇ ਪੰਜਵੀਂ ’ਚ ਜਮਾਤ ਦਾ ਮਨੀਟਰ ਬਣਾਉਣ ਵਾਲੇ ਗੁਲਸ਼ਨ ਗੋਇਲ
ਜੀ ਸਭ ਨੇ ਫੱਟੀਆਂ ਲਿਖਵਾਈਆਂ, ਪਹਿਲਾਂ ਪੂਰਨੇ ਪਾ ਪਾ ਦਿੱਤੇ, ਫਿਰ ਅੱਖਰਾਂ ਦੀ
ਬਣਾਵਟ ਸਹੀ ਕਰਵਾਈ ਤੇ ਬਾਅਦ ’ਚ ਤੇਜ਼ੀ ਨਾਲ ਸੋਹਣਾ ਲਿਖਣਾ ਸਿਖਾਇਆ। ਹੋਰ ਤਾਂ
ਹੋਰ ਕਾਹਲੀ ਕਾਹਲੀ ’ਚ ਲਿਖਾਈ ਕੁੱਝ ਗੰਦੀ ਹੋ ਜਾਣ ਕਾਰਨ ਮਾਸਟਰ ਪਵਨ ਕੁਮਾਰ ਜੀ
ਨੇ ਛੇਵੀਂ ਜਮਾਤ ’ਚ ਵੀ ਮੈਨੂੰ ਤਿੰਨ ਮਹੀਨਿਆਂ ਲਈ ਫੱਟੀ ਲਗਵਾ ਦਿੱਤੀ ਸੀ।
ਨਤੀਜਾ ਇਹ ਹੋਇਆ ਕਿ ਅੱਜਤੱਕ ਵੀ ਕਾਫੀ ਹੱਦ ਤੱਕ ਲਿਖਾਈ ਵਧੀਆ ਹੈ।
ਸਵੇਰ ਦੀ ਸਭਾ ਤੋਂ ਬਾਅਦ ਜਮਾਤ ’ਚ ਆ ਕੇ ਅਸੀਂ ਫੱਟੀਆਂ ਲਿਖਣੀਆਂ ਫਿਰ ਅੱਧੀ
ਛੁੱਟੀ ਗਾਚੀ ਫੇਰ ਫੇਰ ਪੋਚਣੀਆਂ, ‘ਸੂਰਜਾ ਸੂਰਜਾ ਫੱਟੀ ਸੁਕਾ’ ਕਹਿ ਕੇ
ਹਿਲਾ ਹਿਲਾ ਕੇ ਸੁਕਾਉਣੀਆਂ, ਬਾਅਦ ’ਚ ਫਿਰ ਲਿਖਣੀਆਂ, ਅਧਿਆਪਕਾਂ ਨੇ ਚੈਕ
ਕਰਨੀਆਂ। ਹੁਣ ਇਸ ਦੀ ਜਗਾ ਕਾਪੀਆਂ ਤੇ ਬਾਲ ਪੈਨਾਂ ਨੇ ਲੈ ਲਈ ਹੈ, ਜਿਸ ਨਾਲ
ਲਿਖਾਈ ਦੀ ਸੁੰਦਰਤਾ ਵਿਗੜਦੀ ਜਾ ਰਹੀ ਹੈ। ਬੱਚੇ ਅੱਖਰ ਲਿਖ ਜ਼ਰੂਰ ਲੈਂਦੇ ਹਨ ਪਰ
ਉਨਾਂ ਨੂੰ ਅੱਖਰਾਂ ਦੀ ਸਹੀ ਬਣਾਵਟ ਦਾ ਪਤਾ ਨਹੀਂ ਚਲਦਾ। ਅੱਜ ਜੇ ਬੱਚਿਆਂ ਦੀ
ਲਿਖਾਈ ਵੱਲ ਝਾਤ ਮਾਰੀਏ ਤਾਂ ਸੁੰਦਰ ਲਿਖਾਈ ਦੀ ਹਾਲਤ ਕਾਫੀ ਤਰਸਯੋਗ ਹੈ ।
ਸਾਡੇ
ਅਧਿਆਪਕਾਂ ਨੇ ਫੱਟੀ ਤੇ ਪੂਰਨੇ ਪਾ ਦੇਣੇ ਤੇ ਅਸੀਂ ਕਲਮ ਨੂੰ ਸਿਆਹੀ ਵਾਲੀ ਦਵਾਤ
’ਚ ਡਬੋ ਡਬੋ ਕੇ ਫੱਟੀ ਲਿਖ ਮਾਰਨੀ। ਇਸ ਨਾਲ ਬੱਚਿਆਂ ਦੀ ਲਿਖਾਈ ਵਿਚ ਬਹੁਤ
ਸੁਧਾਰ ਹੁੰਦਾ ਸੀ ਪਰ ਅੱਜ ਆਧੁਨਿਕਤਾ ਦੀ ਹਨੇਰੀ ਸਾਡੇ ਸਮਾਜ ’ਚ ਇਸ ਤਰਾਂ ਆਈ ਕਿ
ਇਹੀ ਫੱਟੀਆਂ ਸਾਨੂੰ ਪਿਛੜਾਪਨ ਜਾਪਣ ਲੱਗ ਪਈਆਂ? ਅੱਜ ਪੰਜਾਬ ਦਾ ਸ਼ਾਇਦ ਹੀ ਕੋਈ
ਟਾਂਵਾ-ਟੱਲਾ ਸਕੂਲ ਹੋਵੇ ਜਿਸ ’ਚ ਇਨਾਂ ਫੱਟੀਆਂ ਤੇ ਲਿਖਾਈ ਸ਼ਿੰਗਾਰੀ ਜਾਂਦੀ
ਹੋਵੇ। ਪਹਿਲਾਂ ਪ੍ਰਾਇਵੇਟ ਸਕੂਲਾਂ ਨੇ ਫੱਟੀ ਕੱਲਚਰ ਤੋਂ ਨਿਜ਼ਾਤ ਪਾ ਕੇ ਅਖੌਤੀ
ਅਗਾਂਹਪ੍ਰਸਤੀ ਦਰਸ਼ਾਈ ਤੇ ਫਿਰ ਇਨਾਂ ਦੀ ਦੇਖਾ ਦੇਖੀ ਸਰਕਾਰੀ ਸਕੂਲ ਵੀ ‘ਮਾਡਰਨ’
ਵਿਖਾਉਣ ਲਈ ਇਸੇ ਕਤਾਰ ’ਚ ਆ ਖੜੇ। ਮੈਨੂੰ ਯਾਦ ਹੈ ਉਹ ਸਮਾਂ ਜਦੋਂ ਪ੍ਰਾਇਵੇਟ
ਸਕੂਲ ਫੱਟੀ ਕੱਲਚਰ ਨੂੰ ਲਾਂਮੇ ਕਰਕੇ ਪ੍ਰਫੁਲੱਤ ਹੋ ਰਹੇ ਸਨ ਤਾਂ ਸਾਡੇ ਵਰਗੇ
ਕੁੱਝ ਨਾਸਮਝ ਲੋਕ ਉਸ ਵੇਲੇ ਸਰਕਾਰੀ ਸਕੂਲਾਂ ਨੂੰ ‘ਫੱਟੀ ਵਾਲੇ ਸਕੂਲ’ ਨੱਕ ਚਿੜਾ
ਕੇ ਕਿਹਾ ਕਰਦੇ ਸਨ। ਅੱਜ ਨਤੀਜਾ ਸਾਡੇ ਸਭ ਦੇ ਸਾਹਮਣੇ ਹੈ। ਇਹ ਫੱਟੀਆਂ,
ਦਵਾਤਾਂ, ਕਲਮਾਂ ਅੱਜ ਗੁਮਨਾਮ ਜ਼ਿੰਦਗੀ ਜੀ ਰਹੀਆਂ ਹਨ। ਸਾਡੇ ਅਧਿਆਪਕ ਸਾਡੇ
ਫੱਟੀਆਂ ’ਤੇ ਸੁੰਦਰ ਲਿਖਾਈ ਦੇ ਮੁਕਾਬਲੇ ਅਕਸਰ ਕਰਵਾਉਂਦੇ ਹੁੰਦੇ ਸਨ। ਅੱਜ
ਸਕੂਲਾਂ ’ਚ ਮੁਕਾਬਲੇ ਤਾਂ ਮਨਾ-ਮੂਹੀਂ ਕਰਵਾਏ ਜਾਂਦੇ ਹਨ, ਪਰ ਸੁੰਦਰ ਲਿਖਾਈ ਦਾ
ਆਧਾਰ ਤਿਆਰ ਕਰਨ ਵਾਲੇ ‘ਫੱਟੀ ਲਿਖ ਸੁੰਦਰ ਲਿਖਾਈ ਮੁਕਾਬਲੇ’ ਮੁਕਾਬਲਿਆਂ ਦੀ
ਲਿਸਟ ’ਚੋਂ ਹੀ ਲੋਪ ਹਨ।
ਆਪਣੀ ਆਪਣੀ ਸੋਚ ਹੈ। ਸਕੂਲਾਂ ਚੋਂ ਫੱਟੀਆਂ ਖਤਮ ਹੋਣ ਪਿੱਛੇ ਮੈਂ ਸਰਕਾਰ ਨੂੰ
ਦੋਸ਼ੀ ਨਹੀਂ ਮੰਨਦਾ। ਸਰਕਾਰ ਤਾਂ ਸਾਡੀ ਹੈ, ਲੋਕਾਂ ਦੀ ਹੈ, ਲੋਕਾਂ ਲਈ ਹੈ।
ਲੋਕਾਂ ਨੇ ਆਪਣੇ ਆਪ ਨੂੰ ਅਖੌਤੀ ਉੱਚਾ ਦਰਸ਼ਾਉਣ ਲਈ ਫੱਟੀ ਸਿਸਟਮ ਦਾ ਤਿਆਗ ਕੀਤਾ
ਤਾਂ ਸਰਕਾਰ ਨੇ ਵੀ ਅਜਿਹੀ ਨੀਤੀ ਘੜ ਦਿੱਤੀ ਸਰਕਾਰੀ ਸਕੂਲਾਂ ਨੂੰ ਬਚਾਉਣ ਅਤੇ
ਪ੍ਰਾਇਵੇਟ ਜਿਹਾ ਵਿਖਾਉਣ ਲਈ। ਪਰ ਨੁਕਸਾਨ ਕਿਸ ਦਾ ਹੋਇਆ? ਇਹ ਸਾਨੂੰ ਸਭ ਨੂੰ ਰਲ
ਕੇ ਸੋਚਣਾ ਪਵੇਗਾ, ਮਾਪਿਆਂ ਨੂੰ ਵੀ, ਅਧਿਆਪਕਾਂ ਨੂੰ ਵੀ, ਸਾਡੇ ਸਿੱਖਿਆ
ਸ਼ਾਸਤਰੀਆਂ ਵੀ, ਨੀਤੀ ਧਾੜਿਆਂ ਨੂੰ ਵੀ ਤੇ ਸਰਕਾਰ ਨੂੰ ਵੀ।
ਸੰਜੀਵ ਝਾਂਜੀ ਜਗਰਾਉਂ।
80049 10000
SANJEEV JHANJI
M.Sc.B.Ed
Master of Mass Communication
Post grad.Dip. in Journalism & Mass Communication
PGDHRD MOB: +91 80049 10000
sanjeevjhanji@journalist.com |