ਜਿੱਥੇ ਵੱਜਦੀ ਬੱਦਲ ਵਾਂਗ ਗੱਜਦੀ, ਕਾਲੀ ਡਾਂਗ ਮੇਰੇ ਵੀਰ ਦੀ
ਕੱਤਕ ਮਹੀਨੇ ਦੇ ਚਾਨਣ ਪੱਖ ਦੇ ਦੂਜੇ ਦਿਨ ਟਿੱਕਾ ਭਾਈ ਦੂਜ ਦਾ ਤਿਉਹਾਰ
ਮਨਾਇਆ ਜਾਂਦਾ ਹੈ। ਇਹ ਹਿੰਦੂ ਧਰਮ ਦਾ ਇਕ ਵਿਸ਼ੇਸ਼ ਤਿਉਹਾਰ ਹੈ। ਇਹ ਆਮਤੌਰ ਤੇ
ਦੀਵਾਲੀ ਤੋਂ ਤੀਜੇ ਦਿਨ ਹੁੰਦਾ ਹੈ। ਮੂਲ ਰੂਪ ‘ਚ ਇਹ ਤਿਉਹਾਰ ਭੈਣ–ਭਰਾ ਦੇ ਆਪਸੀ
ਪਿਆਰ ਦਾ ਪ੍ਰਤੀਕ ਹੈ। ਭੈਣਾਂ ਆਪਣੇ ਭਰਾਵਾਂ ਦੇ ਮੱਥੇ ਤੇ ਟਿੱਕਾ ਲਗਾ ਕੇ ਭਰਾ
ਦੀ ਸਿਹਤ ਅਤੇ ਕਾਮਯਾਬੀ ਲਈ ਪ੍ਰਮਾਤਮਾ ਤੋਂ ਦੁਆਵਾਂ ਮੰਗਦੀਆਂ ਹਨ।
ਚੰਨ ਜਿਹੇ ਮੱਥੇ ਤੇ ਟਿੱਕਾ ਮੈਂ ਸਜਾਵਾਂ,
ਵੀਰ ਦੀਆਂ ਖੁਸ਼ੀਆਂ ਰੱਬ ਕੋਲੋ ਚਾਹਵਾਂ।
ਮਾਣੇ ਉਹ ਖੁਸ਼ੀਆਂ ਤੇ ਦੋਲਤਾਂ ਦੀ ਡਾਰ,
ਰੱਖੀ ਤੂੰ ਬਚਾਕੇ ਕੋਲੋ ਤੱਤੀਆਂ ਹਵਾਵਾਂ।
ਵੀਰਾਂ ਨਾਲ ਹੁੰਦੀ ਭੈਣਾਂ ਦੀ ਸਰਦਾਰੀ ਆ,
ਭੈਣ ਦੀ ਰੱਖਿਆ ਕਰਨ ਉਨ੍ਹਾਂ ਦੀਆਂ ਬਾਹਵਾਂ।
ਭੈਣ ਤੇ ਭਰਾ ਦਾ ਪਿਆਰ ਹੁੰਦਾ ਅਮਿਟ ਹੈ,
ਰਹਿਣ ਸਦਾ ਸਲਾਮਤ, ਮੰਗੇ ਭੈਣ ਇਹ ਦੁਆਵਾਂ।
ਭੈਣ–ਭਰਾ ਦੇ ਪਿਆਰ ਦੇ ਪ੍ਰਤੀਕ ਇਸ ਤਿਓਹਾਰ ਬਾਰੇ ਕਈ ਦੰਦ ਕਥਾਵਾਂ ਪ੍ਰਚਲਤ
ਹਨ। ਜਿਵੇਂ :
ਯਮ–ਯਮੀ ਦੀ ਕਥਾ
ਇਸ ਪੁਰਾਣੀ ਕਥਾ ਅਨੁਸਾਰ ਭਗਵਾਨ ਸੂਰਜ ਦੀ ਪੁੱਤਰੀ ਯਮਨਾ ਕਾਫੀ ਸਮੇਂ ਤੱਕ ਆਪਣੇ
ਭਰਾ ਯਮ ਨੂੰ ਨਾ ਮਿਲ ਸਕੀ, ਕਿਉਂਕਿ ਯਮ ਨੂੰ ਆਪਣੇ ਕੰਮਾਂ ਤੋਂ ਵਿਹਲ ਨਹੀਂ ਸੀ।
ਜਦੋਂ ਯਮੀ ਦਾ ਮਨ ਬਹੁਤ ਉਦਾਸ ਹੋਇਆ ਤਾਂ ਉਸਨੇ ਜ਼ਰੂਰੀ ਸੁਨੇਹਾ ਭੇਜ ਕੇ ਜਲਦੀ
ਮਿਲਣ ਲਈ ਕਿਹਾ। ਭੈਣ ਵੱਲੋਂ ਜਲਦੀ ਮਿਲਣ ਤੇ ਭਰਾ ਬਹੁਤ ਜਲਦੀ ਭੈਣ ਨੂੰ ਮਿਲਣ ਲਈ
ਆਇਆ। ਉਸ ਦਿਨ ਭਾਈ ਦੂਜ ਵਾਲਾ ਦਿਨ ਸੀ। ਭੈਣ ਨੇ ਆਪਣੇ ਭਰਾ ਦਾ ਸਵਾਗਤ ਕੀਤਾ ਤੇ
ਭਰਾ ਨੇ ਭੈਣ ਨੂੰ ਖੁਸ਼ ਹੋ ਕੇ ਵਰ ਮੰਗਣ ਲਈ ਕਿਹਾ ਤੇ ਭੈਣ ਨੇ ਭਰਾ ਨੂੰ ਘੱਟੋ
ਘੱਟ ਸਾਲ ‘ਚ ਇਕ ਵਾਰ ਇਸ ਦਿਨ ਮਿਲਣ ਦਾ ਵਰ
ਮੰਗਿਆ। ਭਗਵਾਨ ਯਮ ਨੇ ਇਹ ਗੱਲ ਬੜੀ ਖੁਸ਼ੀ ਨਾਲ ਸਵੀਕਾਰ ਕੀਤੀ ਤੇ ਕਿਹਾ ਲੋਕ ਤਾਂ
ਮੇਰਾ ਨਾਂ ਲੈਣ ਤੋਂ ਡਰਦੇ ਹਨ, ਪਰ ਤੁਸੀਂ ਮੈਨੂੰ ਖੁਸ਼ੀ ਨਾਲ ਮਿਲਣ ਲਈ ਕਹਿ ਰਹੇ
ਹੋ, ਫਿਰ ਕਿਉਂ ਨਾ ਆਵਾਂਗਾ। ਸੋ ਅੱਜ ਦੇ ਦਿਨ ਕੋਈ ਵੀ ਭੈਣ ਆਪਣੇ ਪਾਪੀ ਤੋਂ
ਪਾਪੀ ਭਰਾ ਤੇ ਟਿੱਕਾ ਲਾਵੇਗੀ ਤਾਂ ਉਸ ਦੇ ਪਾਪ ਦੂਰ ਹੋ ਜਾਣਗੇ। ਉਸ ਦਿਨ ਤੋਂ ਹੀ
ਇਹ ਭਾਈ–ਦੂਜ ਦਾ ਤਿਉਹਾਰ ਬੜੇ ਚਾਅ ਅਤੇ ਸ਼ਰਧਾ ਨਾਲ ਮਨਾਇਆ ਜਾਂਦਾ ਹੈ।
ਸੁਲਤਾਨਾ ਡਾਕੂ ਦੀ ਕਥਾ:
ਕਾਫੀ ਸਮਾਂ ਪਹਿਲਾਂ ਸੁਲਤਾਨਾ ਨਾ ਦਾ ਇਕ ਡਾਕੂ ਸੀ। ਉਹ ਡਾਕਾ ਮਾਰਨ ਤੋਂ ਪਹਿਲਾਂ
ਸੁਨੇਹਾ ਭੇਜ ਦਿਆ ਕਰਦਾ ਸੀ ਤੇ ਕਿਸੇ ਡਰ ਬਿਨਾਂ ਹਮਲਾ ਬੋਲ ਦਿੰਦਾ ਸੀ। ਇੱਕ ਵਾਰ
ਉਸ ਨੇ ਇੱਕ ਪਿੰਡ ਖ਼ਬਰ ਭੇਜੀ ਤੇ ਕਿਹਾ ਫਲਾਣੀ ਤਾਰੀਖ ਡਾਕਾ ਮਾਰਿਆ ਜਾਵੇਗਾ।
ਸਾਰੇ ਪਿੰਡ ਵਾਲਿਆਂ ਨੇ ਬਚਾਓ ਦੀ ਪੂਰੀ ਤਿਆਰੀ ਕਰ ਲਈ। ਘਰ ਦੇ ਦਰਵਾਜ਼ੇ ਬਾਰੀਆਂ
ਬੰਦ ਕਰ ਲਏ ਤੇ ਛੱਤਾਂ ਤੇ ਪਰਿਵਾਰ ਸਮੇਤ ਸ਼ਸਤਰ ਲੈ ਕੇ ਹੁਸ਼ਿਆਰ ਹੋ ਕੇ ਬੈਠ ਗਏ
ਪਰ ਇਕ ਮਕਾਨ ਵਿੱਚ ਕੋਈ ਵੀ ਸੁਰੱਖਿਆ ਦਾ ਪ੍ਰਬੰਧ ਨਾ ਕੀਤਾ ਗਿਆ ਤੇ ਇਸ ਘਰ ਦਾ
ਮਾਲਕ ਕਿਤੇ ਬਾਹਰ ਗਿਆ ਹੋਇਆ ਸੀ। ਇਸ ਸਮੇਂ ਉਸਦੀ ਘਰਵਾਲੀ ਇਕੱਲੀ ਹੀ ਘਰ ਵਿੱਚ
ਸੀ। ਦਿੱਤੇ ਹੋਏ ਸਮੇਂ ਅਨੁਸਾਰ ਡਾਕੂ ਪਿੰਡ ਵਿੱਚ ਆ ਗਿਆ। ਉਸਨੇ ਦੇਖਿਆ ਕਿ ਘਰ
ਦੀ ਮਾਲਕਣ ਆਰਤੀ ਦਾ ਥਾਲ ਸਜਾ ਕੇ ਸਵਾਗਤ ਲਈ ਤਿਆਰ ਖੜ੍ਹੀ ਹੈ। ਡਾਕੂ ਨੇ ਭਾਵੁਕ
ਹੋ ਕੇ ਪੁੱਛਿਆ, ਤੁਸੀਂ ਕਿਸ ਦਾ ਇੰਤਜ਼ਾਰ ਕਰ ਰਹੇ ਹੋ? ‘ਤੁਹਾਡਾ ਸੁਲਤਾਨਾ ਭਾਈ।
ਮੈਨੂੰ ਤੁਹਾਡੇ ਆਉਣ ਦੀ ਖ਼ਬਰ ਪਹਿਲਾਂ ਹੀ ਮਿਲ ਗਈ ਸੀ। ‘ਔਰਤ ਨੇ ਸਹਿਜ ਸੁਭਾ
ਉੱਤਰ ਦਿੱਤਾ। ‘ਪਰ ਕਿਉਂ? ਅੱਜ ਦੇ ਦਿਨ ਸਾਰੀਆਂ ਭੈਣਾਂ ਆਪਣੇ ਭਰਾ ਦਾ ਇੰਤਜ਼ਾਰ
ਕਰਦੀਆਂ ਹਨ। ਕਿਉਂਕਿ ਅੱਜ ਭਾਈ ਦੂਜ ਦਾ ਦਿਨ ਹੈ ਅਤੇ ਇਸ ਤੋਂ ਪਹਿਲਾਂ ਕਿ
ਸੁਲਤਾਨਾ ਭਾਈ ਕੁਝ ਕਹਿੰਦਾ, ਉਸ ਔਰਤ ਨੇ ਉਸ ਦੇ ਮੱਥੇ ਤੇ ਟਿੱਕਾ ਲਗਾ ਕੇ ਕੁਝ
ਖਾਣ ਲਈ ਮਠਿਆਈ ਪੇਸ਼ ਕੀਤੀ। ਸੁਲਤਾਨਾ ਦਾ ਹੱਥ ਆਪਣੀ ਜੇਬ ਵਿੱਚ ਗਿਆ ਤੇ ਜਿੰਨੀ
ਰਕਮ ਸੀ, ਸੁਲਤਾਨਾ ਨੇ ਉਸ ਔਰਤ ਨੂੰ ਦੇ ਦਿੱਤੀ ਤੇ ਨਾਲ ਹੀ ਆਪਣੇ ਸਾਥੀਆਂ ਨੂੰ
ਹੁਕਮ ਦਿੱਤਾ ਕਿ ਉਹ ਵਾਪਸ ਚਲੇ ਜਾਣ, ਕਿਉਂਕਿ ਇਹ ਪਿੰਡ ਹੁਣ ਉਸਦੀ ਭੈਣ ਦਾ ਹੋ
ਗਿਆ। ਇਹ ਪਿੰਡ ਕਿਵੇਂ ਲੁੱਟਿਆ ਜਾਵੇਗਾ। ਹੁਣ ਤਾਂ ਹਮੇਸ਼ਾ ਹੀ ਇਸ ਪਿੰਡ ਦੀ
ਰੱਖਿਆ ਦਾ ਭਾਰ ਸਾਡੇ ਸਿਰ ਆ ਗਿਆ ਹੈ।
ਭੈਣ–ਭਰਾ ਦੇ ਗੂੜ੍ਹੇ ਪਿਆਰ ਦਾ ਇਹ ਪਵਿੱਤਰ ਤਿਉਹਾਰ ਹਰ ਇੱਕ ਇਸਤਰੀ ਵੱਲੋਂ
ਸ਼ਰਧਾ ਨਾਲ ਮਨਾਇਆ ਜਾਂਦਾ ਹੈ। ਉਸ ਦੇ ਮਨ ‘ਚ ਹਮੇਸ਼ਾ ਭਰਾ ਲਈ ਪਿਆਰ ਅਤੇ
ਮੰਗਲਕਾਮਨਾ ਹੀ ਹੁੰਦੀ ਹੈ। ਸਿੱਟੇ ਵੱਜੋ ਭਰਾ ਵੀ ਭੈਣ ਲਈ ਜਾਨ ਵਾਰਨ ਲਈ
ਤਿਆਰ–ਬਰ–ਤਿਆਰ ਰਹਿੰਦਾ ਹੈ। ਭੈਣਾਂ ਦੀ ਟੌਹਰ ਤਾਂ ਹੁੰਦੀ ਹੀ ਭਰਾਵਾਂ ਦੇ ਸਿਰ
ਤੇ ਹੈ।
ਥਾਣੇਦਾਰ ਦੇ ਬਰੋਬਰ ਡਹਿੰਦੀ
ਕੁਰਸੀ ਮੇਰੇ ਵੀਰੇ ਦੀ
ਅਸਲ ‘ਚ ਭੈਣ ਅਤੇ ਭਰਾ ਦਾ ਪਿਆਰ ਤਾਂ ਜਨਮ ਵੇਲੇ ਤੋਂ ਹੀ ਸ਼ੁਰੂ ਹੋ ਜਾਂਦਾ
ਹੈ, ਸ਼ਾਇਦ ਉਸ ਤੋਂ ਵੀ ਪਹਿਲਾਂ ਹੀ। ਸਾਡਾ ਪੰਜਾਬੀ ਸੱਭਿਆਚਾਰ ਤਾਂ ਇਸ ਗੱਲ ਦੀ
ਹਾਮੀ ਭਰਦਾ ਹੀ ਹੈ:
ਇਕ ਵੀਰ ਦੇਈਂ ਵੇ ਰੱਬਾ
ਸਹੁੰ ਖਾਣ ਨੂੰ ਬੜਾ ਚਿਤ ਕਰਦਾ
ਅਤੇ
ਵੀਰਾਂ ਵਾਲੀਆਂ ਦੇ ਨਖਰੇ ਬਥੇਰੇ
ਕੱਲੀਆਂ ਨੂੰ ਕੌਣ ਪੁੱਛਦਾ।
”ਬੁੱਕ ਭਰ-ਭਰ ਵੰਡੋ ਪਤਾਸੇ, ਮੇਰੇ ਵੀਰ ਦੇ ਫੁੱਟੇ ਹਾਸੇ” ਵਾਲੀ ਦੋ ਦੁਕੀ
ਬੋਲੀ ਵੀ ਤਾਂ ਭੈਣ–ਭਰਾ ਦੇ ਪਿਆਰ ਨੂੰ ਹੀ ਤਾਂ ਦਰਸ਼ਾਉਂਦੀ ਹੈ। ਭੈਣਾਂ ਨੂੰ
ਹਮੇਸ਼ਾ ਹੀ ਆਪਣੇ ਵੀਰਾਂ ਤੇ ਰੱਬ ਜਿੱਡਾ ਮਾਣ ਰਿਹਾ ਹੈ ਅਤੇ ਵੀਰ ਹੀ ਭੈਣ ਦਾ ਸਭ
ਤੋਂ ਵੱਡਾ ਆਸਰਾ ਬਣ ਕੇ ਖੜਦੇ ਹਨ :
ਜਿੱਥੇ ਵੱਜਦੀ ਬੱਦਲ ਵਾਂਗ ਗੱਜਦੀ
ਕਾਲੀ ਡਾਂਗ ਮੇਰੇ ਵੀਰ ਦੀ
|