|
ਪੱਤਝੜ ਆਪੋ ਆਪਣੀ |
ਧਰਤੀ ਤੇ ਸਭ ਤੋਂ ਵੱਧ ਖੂਬਸੂਰਤੀ, ਪੱਤਝੜ ਦੀ ਰੁੱਤੇ ਹੁੰਦੀ ਹੈ । ਰੁੱਖ
ਆਪਣੇ ਤੋਂ ਪੁਰਾਣੇ ਪੱਤਿਆਂ ਦੀ ਰੰਗਦਾਰ ਕੁੰਜ ਲਾਹੁੰਦੇ ਹਨ । ਇਸ ਰੁੱਤੇ ਸੌਂ
ਕੇ, ਨਵੇਂ ਪੱਤਿਆਂ ਨੂੰ ਜਨਮ ਦੇਂਦੇ ਹਨ । ਆਪਣੀ ਪੀੜ੍ਹੀ ਅੱਗੇ ਜਾਰੀ ਰੱਖਣ ਲਈ
ਖੂਬਸੂਰਤ ਫੁੱਲ ਤੇ ਸੁਆਦੀ ਫਲ ਵੰਡਦੇ ਹਨ। ਪੱਤਝੜ ਮੌਕੇ ਹਵਾ ਨਾਲ ਲ਼ਹਿਰਾ ਕੇ
ਡਿੱਗਦਾ ਹਰ ਸੁੱਕਾ ਪੱਤਾ ਅਲੌਕਿਕ ਦ੍ਰਿਸ਼ ਪੈਦਾ ਕਰਦਾ ਹੈ । ਸਦੀਆਂ ਤੋਂ ਇਹ
ਸਿਲਸਿਲਾ ਚੱਲਦਾ ਆ ਰਿਹਾ ਤੇ ਚੱਲਦਾ ਰਹੇਗਾ । ਰੁੱਖਾਂ ਨੂੰ ਨਾ ਘੜੀਆਂ ਦੀ ਲੋੜ
ਹੈ, ਨਾ ਦਿਨਾਂ ਤਿੱਥਾਂ ਦੀ । ਹਰ ਪਲ ਉਹਨਾਂ ਲਈ ਸ਼ੁਭ ਹੈ । ਨਾ ਉਹ ਕਿਸੇ ਨੂੰ
ਪੁੱਛ ਕਿ ਖਿੱੜਦੇ ਹਨ ਤੇ ਨਾ ਕਿਸੇ ਨੂੰ ਪੁੱਛ ਕੇ ਝੱੜਦੇ ਹਨ । ਹਰੇਕ ਦਾ ਆਪੋ
ਆਪਣਾ ਸਮਾਂ ਮਿੱਥਿਆ ਹੋਇਆ ਹੈ । ਉਹ ਮੁਥਾਜੀ ਤੋਂ ਮੁਕਤ ਹਨ । ਇਹ ਮਨੁੱਖ ਹੀ
ਹੈ, ਜੋ ਪ੍ਰਾਪਤੀਯੋਗ ਸਮੇਂ ਦੀ ਭਾਲ ਵਿਚ ਸ਼ਕਤੀਆਂ ਸਿਰਜੀ ਫਿਰਦਾ ਹੈ , ਪਰ
ਸ੍ਰਿਸ਼ਟੀ ਦੇ ਚੱਕਰ ਤੋਂ ਅਣਜਾਣ ਬਣਦਾ ਹੈ । ਇਸੇ ਲਈ ਵਾਰ ਵਾਰ ਹਾਰਦਾ ਹੈ ਤੇ
ਕਾਲ ਦਾ ਸ਼ਿਕਾਰ ਬਣਦਾ ਹੈ । ਸਮੇਂ ਦੀ ਪਹਿਚਾਣ ਕਰਨ ਤੋਂ ਮਨੁੱਖ ਅਸਮਰਥ ਹੈ,
ਇਸਦੀ ਤਾਜ਼ਾ ਮਿਸਾਲ 'ਕਰੋਨਾ ਯੁੱਗ' ਦਾ ਪ੍ਰਗੱਟ ਹੋਣਾ ਹੈ । ਮਨੁੱਖ ਆਪੇ ਸਿਰਜ
ਕੇ ਆਪੇ ਫਸ ਗਿਆ ਤੇ ਹੁਣ ਚੱਕਰਵਿਊ ਚੋਂ ਬਾਹਰ ਨਿਕਲਣ ਦਾ ਰਾਹ ਨਹੀਂ ਲੱਭ ਰਿਹਾ
। (1204, 21/01/2021)
|
|
ਬਗਲਾ ਹੁਣ ਭਗਤ ਨਹੀਂ |
ਪੰਜਾਬ ਦਾ ਵਾਤਾਵਰਣ ਅਜੀਬ ਕਿਸਮ ਦਾ ਬਦਲਿਆ
ਹੈ । ਕੋਰੋਨਾ ਦੌਰ ਵਿਚ ਪ੍ਰਦੂਸ਼ਣ ਵੀ ਘਟਿਆ ਹੈ । ਹੁਣ ਆਸਮਾਨ ਦਾ ਨੀਲਾਪਣ
ਦਿੱਸਣ ਲੱਗ ਪਿਆ ਹੈ । ਸੂਰਜ ਦੀ ਰੋਸ਼ਨੀ ਡੁੱਬਣ ਵੇਲੇ ਤਕ ਲਾਲ ਨਹੀਂ ਹੁੰਦੀ ।
ਇਹੋ ਜਿਹੇ ਹਾਲਾਤ ਵਿਚ ਜੀਵਾਂ ਦਾ ਪ੍ਰਜਣਨ ਵੱਧਦਾ ਹੈ । ਝੋਨੇ ਵਿਚ ਡੱਡੂ ਵੱਡੀ
ਗਿਣਤੀ ਵਿਚ ਪੈਦਾ ਹੋ ਰਹੇ ਹਨ । ਇਹ ਕਿਸਾਨ ਦਾ ਮਿੱਤਰ ਜੀਵ ਹੈ । ਜਿਸ ਖੇਤ
ਵਿਚ ਡੱਡੂ ਹੋਣ ਉਹ ਫਸਲ ਲਈ ਲਾਹੇਵੰਦ ਹੈ, ਕਿਉਂਕਿ ਇਹ ਮਿੱਟੀ ਵਿਚ ਹਵਾ ਦੀ
ਮਾਤਰਾ ਵਧਾਉੰਦੇ ਹਨ । ਹੁਣ ਦੂਸਰੇ ਪਾਸੇ ਇਹਨਾਂ ਦੀ ਤਦਾਦ ਨੂੰ ਰੋਕਣ ਲਈ
ਛੀਂਬੇ ਸੱਪ (ਡੱਡੂ ਖਾਣੇ ) ਵੀ ਵੱਧ ਜਾਂਦੇ ਹਨ । ਭਾਵੇਂ ਇਹ ਜ਼ਹਿਰੀਲੇ ਨਹੀ
ਹੁੰਦੇ, ਪਰ ਸੱਪ ਹੋਣਾ ਹੀ ਦਹਿਸ਼ਤ ਪੈਦਾ ਕਰਦਾ ਹੈ । ਇਸੇ ਤਰਾਂ ਦੱਖਣ ਤੋੰ ਆਏ
ਲੰਮੀ ਧੌਣ ਵਾਲੇ ਦੁੱਧ ਚਿੱਟੇ ਬਗਲੇ ਵੀ ਡੱਡੂਆਂ ਤੇ ਹੀ ਗੁਜ਼ਾਰਾ ਕਰਦੇ ਹਨ।
ਪਰ ਕੁਦਰਤ ਵੀ ਅਜੀਬ ਹੈ । ਇਹਨਾਂ ਦੋਹਾਂ ਦੀ ਅਸਿੱਧੀ ਦੁਸ਼ਮਣ ਚਿੱਟੀ ਮੱਖੀ
ਹੈ। ਮੱਖੀ ਝੋਨੇ ਨੂੰ ਲੱਗਦੀ ਹੈ । ਕਿਸਾਨ ਦਵਾਈ ਦੀ ਸਪਰੇਅ ਕਰਦਾ ਹੈ । ਸਪਰੇਅ
ਕਰਕੇ ਸੱਪ ਖੇਤੋਂ ਬਾਹਰ ਭੱਜਦਾ ਹੈ ਤੇ ਸੜਕਾਂ ਰਾਹਾਂ ਤੇ ਮਾਰਿਆ ਜਾਂਦਾ ਹੈ ।
ਡੱਡੂ ਮਰੀ ਮੱਖੀ ਖਾਂਦਾ ਹੈ ਤੇ ਬਗਲਾ ਬੇਹੋਸ਼ ਡੱਡੂ ਖਾ ਜਾਂਦਾ ਹੈ ਤੇ ਫੇਰ
ਦਵਾਈ ਦੇ ਅਸਰ ਨਾਲ ਉਹ ਮੁਕਤੀ ਪਾ ਜਾਂਦਾ ਹੈ । ਬਗਲੇ ਦੀਆਂ ਤੇਜ਼ਾਬੀ ਬਿੱਠਾਂ
ਨਾਲ ਰੁੱਖ ਸੜ/ਸੁੱਕ ਜਾਂਦਾ ਹੈ । ਕੁਦਰਤ ਦੇ ਇਸ ਵਰਤਾਰੇ ਵਿਚ ਸੁਹੱਪਣ ਵੀ
ਅੰਤਾਂ ਦਾ ਹੈ ਤੇ ਸ਼ੁਹੱਪਣ ਦਾ ਅੰਤ ਵੀ ।(1152, 08/08/2020)
|
|
ਕਿਸਾਨ ਤੇ ਮੰਡੀਕਰਨ |
ਕਿਸਾਨ ਕਿਤੇ ਵੀ ਹੋਵੇ ਉਹ ਰੱਬ ਦੀ ਕਰੋਪੀ ਤੇ ਸਮੇਂ ਦੀ ਸਰਕਾਰ ਤੋਂ ਹਮੇਸ਼ਾਂ
ਡਰਦਾ ਰਹਿੰਦਾ ਹੈ । ਰੱਬ ਕਦੋਂ ਮਿਹਰਬਾਨ ਤੇ ਕਦੋਂ ਝੱਖੜ ਲੈ ਆਵੇ, ਉਸਦੇ ਵੱਸ
ਵਿਚ ਨਹੀਂ । ਇਸੇ ਤਰ੍ਹਾਂ ਸਰਕਾਰ ਫਸਲਾਂ ਬਾਰੇ ਕੀ ਕਾਨੂੰਨ ਬਣਾ ਦੇਵੇ, ਇਹ ਵੀ
ਉਹਦੇ ਵੱਸ ਵਿਚ ਨਹੀਂ । ਸਾਰੀ ਦੁਨੀਆ ਵਿਚ ਸਰਕਾਰਾਂ ਨੇ ਆਨਾਜ ਸਸਤੇ ਭਾਅ
ਖਰੀਦਣਾ ਹੁੰਦਾ ਹੈ, ਇਸ ਲਈ ਉਹ ਕਿਸਾਨ ਨੂੰ ਸਬਸਿਡੀ ਜਾਂ ਮੁਫਤ ਸਹੂਲਤਾਂ ਦਾ
ਅਜਿਹਾ ਛਲਾਵਾ ਦੇਂਦੀਆਂ ਹਨ ਕਿ ਕਿਸਾਨ ਆਪਣੇ ਆਪ ਹੀ ਠੱਗੇ ਜਾਣ ਲਈ ਤਿਆਰ ਹੋ
ਜਾਂਦਾ ਹੈ । ਹਰ ਦੇਸ਼ ਦੇ ਕਨੂੰਨ ਅਲੱਗ ਹਨ । ਸਾਡੇ ਦੇਸ਼ ਦੇ ਕਨੂੰਨ ਅਨੁਸਾਰ
ਉਪਜ ਜਿੰਨੀ ਮਰਜ਼ੀ ਵੱਧ ਹੋ ਜਾਵੇ , ਸਰਕਾਰ ਨੂੰ ਘੱਟੋ ਘੱਟ ਸਮਰਥਨ ਮੁੱਲ ਉੱਤੇ
ਖਰੀਦਣੀ ਹੀ ਪਵੇਗੀ । ਕਨੂੰਨਨ ਨਾ ਤਾਂ ਸਰਕਾਰ ਮੁੱਕਰ ਸਕਦੀ ਹੈ ਤੇ ਨਾ ਹੀ
ਮੁੱਲ ਘਟਾ ਸਕਦੀ ਹੈ । ਪਰ ਸਾਡਾ ਕਿਸਾਨ ਇਸ ਕਨੂੰਨ ਤੋਂ ਅਣਜਾਣ ਹੈ ਤੇ ਮੁਫਤ
ਵਿਚ ਹੀ ਡਰੀ ਜਾ ਰਿਹਾ ਹੈ । ਸਰਕਾਰ ਮੰਡੀ ਦੀ ਸਹੂਲਤ ਵੀ ਬੰਦ ਨਹੀਂ ਕਰ ਸਕਦੀ
, ਭਾਵੇਂ ਲੱਖ ਪ੍ਰਾਈਵੇਟ ਮੰਡੀਆਂ ਖੁੱਲ ਜਾਣ । ਜਿਵੇਂ ਰਾਜਸਥਾਨ ਵਿਚ ਕਈ ਥਾਂ
ਪ੍ਰਾਈਵੇਟ ਮੰਡੀਆਂ ਹਨ ਜੋ ਕਿਸਾਨ ਨੂੰ ਵੱਧ ਮੁੱਲ ਦੇਂਦੀਆਂ ਹਨ । ਯਾਦ ਰੱਖੋ,
ਆਉਣ ਵਾਲਾ ਸਮਾਂ ਕਿਹੋ ਜਿਹਾ ਵੀ ਆਵੇ, ਦੇਸ਼ ਨੂੰ ਭੁੱਖਮਰੀ ਤੋਂ ਬਚਾਉਣ ਲਈ,
ਕਿਸਾਨ ਨੂੰ ਜ਼ਿੰਦਾ ਰੱਖਣਾ, ਸਰਕਾਰਾਂ ਦੀ ਮਜ਼ਬੂਰੀ ਬਣੀ ਰਹੇਗੀ । ਇਸ ਲਈ ਕੋਈ
ਵੀ ਕਨੂੰਨ ਬਣੇ, ਉਹ ਘੁੰਮ ਫਿਰ ਕੇ ਟਿਕ ਕੇ ਬੈਠ ਜਾਵੇਗਾ । ਬਾਕੀ ਸਿਆਸੀ ਸੋਧ
ਵੀ ਅਸੀਂ ਹੀ ਕਰਨੀ ਹੈ । ਕਿਸਾਨੀ ਭਾਈਚਾਰਕ ਏਕਤਾ ਹੀ ਕਿਸਾਨੀ ਨੂੰ ਬਚਾਅ ਸਕਦੀ
ਹੈ । (1142, 23/06/2020)
|
|
ਸਿੱਧੀ ਬਿਜਾਈ ਤੇ ਖੇਤ ਮਜ਼ਦੂਰ |
ਅਜੀਤ ਅਖਬਾਰ ਵਿਚ ਤਕਰੀਬਨ 15 ਸਾਲ ਪਹਿਲੋਂ
ਲੇਖ ਛਾਪੇ ਸਨ ਕਿ ਖੇਤ ਮਜ਼ਦੂਰਾਂ ਦੀ ਘਾਟ ਆਉਣੀ ਹੀ ਹੈ , ਇਸਦੇ ਕਈ ਕਾਰਣ ਹਨ
, ਪਰ ਕਰੋਨਾ ਨੇ ਇਸ ਵਿਚ ਇਕ ਦਮ ਤੇਜ਼ੀ ਲੈ ਆਂਦੀ ਹੈ। ਖੇਤੀ ਟੈਕਨੋਕਰੇਟ ਦਲੇਰ
ਸਿੰਘ ਨੇ ਸਿੱਧੀ ਬਿਜਾਈ ਤੇ ਵੱਟਾਂ/ਬੈੱਡਾਂ ਤੇ ਝੋਨਾ ਕਣਕ ਲਾਉਣ ਦੀ ਖੋਜ ਕੀਤੀ
ਸੀ, ਬਹੁਤ ਕਿਸਾਨਾਂ ਨੇ ਇਹ ਵਿਧੀ ਅਪਣਾਈ ਵੀ, ਪਰ ਉਸ ਸਮੇਂ ਦੇ ਖੇਤੀ ਚੌਧਰੀਆਂ
ਨੇ ਇਸਦੀ ਵਿਰੋਧਤਾ ਕੀਤੀ ਸੀ, ਐਵੇਂ ਬਹਾਨੇ ਜਿਹੇ ਬਣਾ ਕੇ । ਹੁਣ ਖੁਸ਼ੀ ਦੀ
ਗੱਲ ਹੈ ਕਿ, ਭਾਵੇਂ ਮਜ਼ਬੂਰੀ ਵੱਸ ਹੀ ਸਹੀ, ਉਹਨਾਂ ਨੂੰ ਇਹ ਤਕਨੀਕ ਅਪਨਾਉਣੀ
ਪੈ ਰਹੀ ਹੈ। ਪਰ ਹਾਲੇ ਵੀ ਅੱਧੇ ਮਨ ਨਾਲ । ਮਸ਼ੀਨਾਂ ਬਜ਼ਾਰ ਵਿਚ ਤਿਆਰ ਨਹੀਂ
ਹਨ । ਇਸਦੀ ਬਿਜਾਈ ਬਰਸਾਤਾ ਤੋਂ ਪਹਿਲੋਂ 20 ਮਈ ਤੋਂ ਹੋ ਜਾਵੇ ਠੀਕ ਹੈ ਨਹੀਂ
ਤਾਂ ਮੁਸ਼ਕਲ ਹੋ ਜਾਂਦੀ ਹੈ। ਕੱਖਾਂ ਲਈ ਦਵਾਈ ਤੇ ਹੋਰ ਜ਼ੋਰ ਦੇਣ ਦੀ ਲੋੜ ਹੈ।
ਬਰਸਾਤੀ ਪਾਣੀ ਦੇ ਨਿਕਾਸ ਲਈ ਖੇਤਾਂ ਦੁਆਲੇ ਨਿਕਾਸੀ ਨਾਲ਼ ਬਣਨੇ ਜ਼ਰੂਰੀ ਹਨ
ਜੋ ਡਰੇਨਾਂ ਵਿਚ ਜਾਣ। ਪੰਜਾਬ ਵਿਚ ਡਰੇਨਾਂ ਤੋਂ ਨਜ਼ਾਇਜ ਕਬਜ਼ੇ ਹਟਾ ਕੇ ਚਾਲੂ
ਕੀਤੀਆਂ ਜਾਣ। ਆਉਣ ਵਾਲੇ ਸਮੇਂ ਚ ਸਾਰੀ ਦੁਨੀਆ ਚ ਖੇਤ ਮਜ਼ਦੂਰ ਘੱਟ ਜਾਣੇ ਹਨ,
ਮਸ਼ੀਨੀਕਰਣ ਸਮੇਂ ਦੀ ਵੱਡੀ ਲੋੜ ਹੈ । (1137, 23/05/2020)
|
|
ਬਾਣਾ ਬਦਲੇ ਬਿਰਤੀ |
ਇਹ ਗੱਲ ਅਜੀਬ ਲੱਗੂ ਕੇ ਬਾਣਾ ਬਦਲਣ ਨਾਲ
ਮਨੁੱਖ ਤੇ ਜੀਵਾਂ ਦੀ ਬਿਰਤੀ ਵੀ ਬਦਲ ਜਾਂਦੀ ਹੈ । ਜਿਵੇਂ ਕਿ ਪੈਂਟ ਕੋਟ ਪਾ
ਕੇ ਮੱਕੀ ਨਹੀਂ ਗੁੱਡੀ ਜਾ ਸਕਦੀ, ਝੋਨੇ 'ਚ ਖਾਦ ਦਾ ਛੱਟਾ ਨਹੀਂ ਦਿੱਤਾ ਜਾ
ਸਕਦਾ । ਡਾਂਸ ਬਾਰ ਦੇ ਪਹਿਰਾਵੇ ਪਾ ਕੇ ਧਾਰਮਿਕ ਸਥਾਨਾਂ ਤੇ ਨਹੀਂ ਜਾਇਆ ਜਾ
ਸਕਦਾ । ਕਿਸੇ ਘੱਟ ਪੜ੍ਹੇ ਗਰੀਬ ਦੇ ਚਪੜਾਸੀ ਵਰਦੀ ਪਵਾ ਦਿਓ, ਉਹ ਅਫਸਰ ਦੇ
ਕਮਰੇ ਮੂਹਰੇ ਸ਼ੇਰ ਬਣ ਜਾਵੇਗਾ । ਉਂਝ ਬਾਣਾ ਸਿਰਫ ਕਪੜੇ ਹੀ ਨਹੀਂ ਹੁੰਦਾ ।
ਮਨੁੱਖ ਦੇ ਆਲੇ ਦੁਆਲੇ ਦੀ ਆਬੋ ਹਵਾ, ਕੰਧਾਂ, ਰੁੱਖ, ਬਦਲ , ਉਮਰ ਤੇ ਆਸਮਨ ਦੀ
ਹੋਂਦ ਵੀ ਬਾਣਾ ਹੀ ਹੁੰਦਾ ਹੈ । ਇਹਨਾਂ ਸਭਨਾਂ ਦਾ ਹੋਣਾ ਜਾਂ ਨਾ ਹੋਣਾ ਵੀ
ਮਨੁੱਖ ਤੇ ਜੀਵਾਂ ਦੀ ਬਿਰਤੀ ਬਦਲ ਦੇਂਦਾ ਹੈ। ਇਹ ਕੁਦਰਤ ਦਾ ਨੇਮ ਵੀ ਹੈ ।
ਸ਼ੇਰ, ਹਿਰਨ ਦਾ ਸ਼ਿਕਾਰ ਤਾਂ ਕਰੇਗਾ ਪਰ ਕਦੇ ਵੀ ਨਵੇਂ ਜਨਮੇ ਬੱਚੇ ਤੇ ਮਾਂ
ਹਿਰਨੀ ਦਾ ਸ਼ਿਕਾਰ ਨਹੀਂ ਕਰੇਗਾ । ਇਹ ਸ਼ਿਕਾਰ ਦੀ ਉਮਰ ਦਾ ਬਾਣਾ ਹੀ ਜੋ,
ਭੁੱਖੇ ਸ਼ੇਰ ਦੀ ਬਿਰਤੀ ਬਦਲ ਦੇਂਦਾ ਹੈ । ਪਰ ਇਹ ਮਨੁੱਖ ਹੀ ਹੈ ਜੋ ਨਿੱਤ
ਆਪਣਾ ਰੂਪ ਬਦਲਦਾ ਹੈ ਤਾਂ ਕਿ ਦੂਸਰੇ ਦੇ ਵਿਸਵਾਸ਼ ਤੋਂ ਲਾਭ ਲੈ ਸਕੇ । ਪਰ ਜੋ
ਮਰਜ਼ੀ ਠੱਗੀ ਮਾਰ ਲਵੋ, ਅੱਜ ਤੱਕ ਆਪਣਾ ਹਿਸਾਬ ਦਿੱਤੇ ਬਗੈਰ ਕੋਈ ਇਸ ਦੁਨੀਆ
ਨੂੰ ਅਲਵਿਦਾ ਨਹੀਂ ਕਹਿ ਸਕਿਆ । (1135, 20/03/2020)
|
|
ਰੁੱਸੀ ਪੇਟੀ, ਨਾਲ ਸੰਦੂਕ |
ਸਮੇਂ ਦੇ ਨਾਲ ਬਦਲਦੀ ਜੀਵਨ ਸ਼ੈਲੀ ਹੀ
ਸਭਿਅਚਾਰ ਦਾ ਰੁਖ ਤਹਿ ਕਰਦੀ ਹੈ। ਸਭਿਆਚਾਰ ਲਗਾਤਾਰ ਵੱਗਦਾ ਦਰਿਆ ਹੈ। ਇਸਨੂੰ
ਪਿਛਲਖੁਰੀ ਨਹੀਂ ਤੋਰਿਆ ਜਾ ਸਕਦਾ। ਇਸਦੇ ਪੜਾਵਾਂ ਨੂੰ ਸਿਰਫ ਯਾਦ ਕੀਤਾ ਜਾ
ਸਕਦਾ ਹੈ ਜਾਂ ਫਿਰ ਇਸਦੇ ਭੌਤਿਕ ਰੂਪ ਨੂੰ ਕੁਝ ਹੱਦ ਤਕ ਸਾਂਭਿਆ ਜਾ ਸਕਦਾ ਹੈ।
ਪਰ ਤੇਜ਼ੀ ਨਾਲ ਤੇਜ਼ ਚੱਲ ਰਹੇ ਮਨੁੱਖ ਕੋਲ ਨਾ ਸਮਾਂ ਹੈ ਤੇ ਨਾ ਹੀ ਥਾਂ। ਉਹ
ਇਸ ਪਖੋੰ ਰੋਜ਼ ਊਣਾ ਹੁੰਦਾ ਜਾ ਰਿਹਾ ਹੈ। ਇਹੀ ਕਾਰਨ ਹੈ ਕਿ ਔਰਤ ਦੀ ਜਿੰਦ
ਜਾਨ ਸਮਾਨ ਸਾਂਭਣ ਵਾਲੀ 'ਪੇਟੀ' ਤੇ ਸੈਂਕੜੇ ਓਹਲੇ ਰੱਖਣ ਵਾਲਾ 'ਸੰਦੂਕ' ਅੱਜ
ਸਿਰਫ ਲਾਵਾਰਸ ਹੀ ਨਹੀਂ ਹੋਏ, ਸਗੋਂ ਬੇਘਰੇ ਵੀ ਹੋ ਗਏ ਹਨ ਤੇ ਖਾਲੀ ਥਾਵਾਂ ਤੇ
ਟੇਢੇ ਮੇਢੇ ਹੋ ਬੇਰੀਆਂ ਦੀ ਛਾਂ ਭਾਲਦੇ ਫਿਰਦੇ ਹਨ ਤੇ ਉਡੀਕ ਵਿਚ ਹਨ ਕਿ ਕਦ
ਕੋਈ ਕਬਾੜੀਆ ਆ ਕੇ ਉਹਨਾਂ ਦੀ ਇਸ ਨਵੀਂ ਸਭਿਆਚਾਰਕ ਕੈਦ ਚੋਂ ਮੁਕਤੀ ਦਾ
ਕਾਰਣ ਬਣੇਗਾ । (1132, 29/02/2020)
|
|
ਆਪੋ ਆਪਣੀ ਰੁੱਤ |
ਜੇ ਕੁਦਰਤ ਨੇ ਰੁੱਤਾਂ ਬਣਾਈਆਂ ਨੇ ਤਾਂ,
ਕੋਈ ਤਾਂ ਰਾਜ਼ ਹੋਵੇਗਾ ਹੀ। ਕਣਕਾਂ ਦੀ ਰੁੱਤੇ, ਝੋਨਾ ਨਹੀਂ ਹੁੰਦਾ। ਗਾਜਰਾਂ
ਦੀ ਰੁੱਤ ਅੰਬ ਨਹੀਂ ਪੱਕਦੇ। ਕੁਦਰਤ ਨੇ ਰੁੱਤਾਂ ਬਦਲਣ ਦੀ ਅਜਿਹੀ ਖੇਡ ਬਣਾਈ
ਹੈ ਕਿ ਇੱਥੇ ਹਰ ਜੀਵ, ਜੰਤੂ ਜਾਂ ਬਨਸਪਤੀ ਨੂੰ ਇਕ ਖਾਸ ਮੌਕੇ ਹੀ, ਮੌਲਣ ਦਾ
ਆਦੇਸ਼ ਹੁੰਦਾ ਹੈ। ਇਹ ਸਮੇਂ ਦੀ ਵੰਡ, ਇਕ ਦਮ ਬਹੁਤਾਤ ਤੇ ਇਕ ਦਮ ਘਾਟ ਨੂੰ ਵੀ
ਇਕੋ ਜਿਹਾ ਕਰਦੀ ਹੈ। ਇਹ ਰੁੱਤਾਂ ਦੀ ਵੰਡ ਜੀਵਨ ਵਿਚ ਰੌਚਿਕਤਾ ਵੀ ਬਣਾਈ
ਰੱਖਦੀ ਹੈ। ਵੱਖ ਵੱਖ ਰੰਗ ਤੇ ਸੁਹਜ ਸੁਆਦ ਦੇਂਦੀ ਹੈ। ਕੁਦਰਤ ਦੇ ਇਸ ਵਰਤਾਰੇ
ਨੂੰ ਜੋ ਮਨੁੱਖ ਸਮਝ ਜਾਂਦਾ ਹੈ, ਉਸਦੇ ਅੰਦਰ ਸਬਰ ਤੇ ਸੰਤੋਖ ਘਰ ਕਰ ਜਾਂਦੇ ਹਨ
ਤੇ ਉਹ ਹਰ ਮੈਦਾਨ ਫਤਿਹ ਕਰਨ ਦੇ ਕਾਬਲ ਹੋ ਜਾਂਦਾ ਹੈ। ਉਸਨੂੰ ਕੋਈ ਆਫਤ ਜਾਂ
ਘਾਟੇ ਵਾਧੇ, ਦੁੱਖ ਨਹੀਂ ਦੇ ਸਕਦੇ। ਇਹੋ ਰੁੱਤਾਂ ਦਾ ਸੰਦੇਸ਼ ਹੈ ਕਿ ਆਏ ਸਮੇਂ
ਦੀ ਕਦਰ ਕਰੋ, ਸਮੇਂ ਤੋਂ ਪਹਿਲੋਂ, ਫ਼ਲ ਪਾਉਣ ਦੀ ਕੋਸ਼ਿਸ਼ ਨਾ ਕਰੋ, ਨਹੀਂ ਤਾਂ
ਬੇਮੌਸਮੀ ਡੋਡੀਆਂ ਵਾਂਗ ਸੁੱਕ ਜਾਓਗੇ। (1128, 14/02/2020)
|
|
ਅਵੇਸਲੇ ਨਾ ਹੋਵੋ |
ਇਸ ਸਾਲ ਮੌਸਮ ਦਾ ਮਿਜਾਜ਼ ਬਹੁਤ ਅੱਛਾ ਰਿਹਾ
ਹੈ । ਰੱਜ ਕੇ ਠੰਡ ਪਈ ਹੈ ਤੇ ਹੁਣ ਧੁੱਪ ਨਾਲ ਠੰਡੀ ਹਵਾ ਵੀ ਹੈ । ਇਹ ਕਣਕ ਦੀ
ਫਸਲ ਲਈ ਬਹੁਤ ਲਾਭਕਾਰੀ ਹੈ । ਜਦੋਂ ਵੀ ਵੱਧ ਠੰਡ ਪਵੇਗੀ , ਫਸਲਾਂ ਤੇ ਫੱਲਾਂ
ਦਾ ਝਾੜ ਵੱਧੇਗਾ। ਇਸੇ ਤਰ੍ਹਾਂ ਜੇ ਇਕ ਦਮ ਗਰਮੀ ਨਾ ਪਵੇ ਤਾਂ ਫਲ ਜਾਂ ਦਾਣੇ
ਦੀ ਗੁਣਵੱਤਾ ਵੀ ਵਧੇਗੀ । ਪਰ ਜਿੱਥੇ ਕੁਦਰਤ, ਫਸਲਾਂ ਨੂੰ ਭਰਪੂਰਤਾ ਨਾਲ ਜੋਬਨ
ਦਿੰਦੀ ਹੈ, ਉੱਥੇ ਹੀ ਆਪਣੀ ਸਾਜੀ ਸ਼੍ਰਿਸ਼ਟੀ ਦੇ ਜੀਵਾਂ ( ਸਣੇ ਕੀੜੇ ਮਕੌੜੇ
ਤੇ ਬਿਮਾਰੀ ਦੇ ਅਣੂ ) ਨੂੰ ਵੀ ਰੱਜਵੇਂ ਭੋਜਨ ਦੀ ਆਸ ਦੇਂਦੀ ਹੈ । ਮਨੁੱਖ ਨੇ
ਆਪਣੀਆਂ ਲੋੜਾਂ ਖਾਤਰ ਫਸਲ ਨੂੰ ਬਚਾਉਣਾ ਹੁੰਦਾ ਹੈ । ਹੁਣ ਮੌਕਾ ਹੈ ਕਿ ਰੋਜ਼
ਆਪਣੇ ਖੇਤ ਨੂੰ ਚੈੱਕ ਕਰੋ, ਸੁੰਡੀ ਜਾਂ ਕੂੰਗੀ ਆਦਿ ਨਾ ਲੱਗੀ ਹੋਵੇ । ਸਿਰਫ
ਆਪਣੇ ਹੀ ਖੇਤ ਨਹੀਂ ਸਗੋਂ ਆਲੇ ਦੁਆਲੇ ਦੇ ਪੰਜ ਖੇਤ ਦੀ ਦੂਰੀ ਤਕ ਚੈੱਕ ਕਰੋ।
ਇਹ ਬਹੁਤ ਜ਼ਰੂਰੀ ਹੈ, ਕਿਉਂਕਿ ਬਿਮਾਰੀ ਹੋਰਨਾਂ ਖੇਤਾਂ ਵਿਚਲੀ ਫਸਲ ਤੋਂ ਵੀ ਆ
ਸਕਦੀ ਹੈ । ਯਾਦ ਰੱਖੋ ਜੇ ਪੀਲੀ ਕੂੰਗੀ ਜਾਂ ਸਮਟ ਇਕ ਵਾਰ ਆ ਗਈ ਤਾਂ ਫਿਰ ਕੋਈ
ਇਲਾਜ ਨਹੀਂ ਹੈ । ਇਸ ਲਈ ਸਾਰੇ ਕਿਸਾਨਾਂ ਨੂੰ ਸਮੂਹਿਕ ਤੌਰ ਤੇ ਇਹ ਉਪਰਾਲਾ
ਕਰਨਾ ਚਾਹੀਦਾ ਹੈ । ਇਹ ਵੀ ਇਕ ਜਾਣਕਾਰੀ ਹੈ ਕਿ ਇਹ ਬਿਮਾਰੀਆਂ ਪਹਿਲੋਂ ਪਹਾੜ
ਵਾਲੇ ਪਾਸੇ ਤੋਂ ਸ਼ੁਰੂ ਹੁੰਦੀਆਂ ਹਨ, ਜਿਵੇਂ ਹੁਸ਼ਿਆਰਪੁਰ ਆਦਿ
(1127, 07/02/2020)
|
|
ਕੱਲੇ ਜੰਮੇ, ਕੱਲੇ ਮੋਏ |
ਅਸੀਂ ਪਿੰਡਾਂ ਸ਼ਹਿਰਾਂ ਵਿਚ ਆਮ ਹੀ ਦੇਖਦੇ
ਹਾਂ ਕਿ ਹਰ ਬੰਦਾ ਢੇਰੀ ਢਾਹੀ ਬੈਠਾ ਹੈ । ਸ਼ਿਕਾਇਤਾਂ ਹੀ ਕਰੀ ਜਾ ਰਿਹਾ ਹੈ ।
ਆਹ ਨਹੀਂ ਹੋਇਆ, ਓਹ ਨਹੀਂ ਹੋਇਆ । ਮੈਂਨੂੰ ਲੋਕਾਂ ਨੇ ਸਾਥ ਨਹੀਂ ਦਿੱਤਾ,
ਸਰਕਾਰਾਂ ਨੇ ਕੁਝ ਨਹੀਂ ਕੀਤਾ, ਆਦਿ ਆਦਿ ਗੱਲਾਂ ਆਮ ਹੀ ਹਨ । ਅਸੀਂ ਹਰ ਵੇਲੇ
ਆਸਰਾ ਭਾਲ਼ਦੇ ਰਹਿੰਦੇ ਹਾਂ। ਕਈਆਂ ਨੂੰ ਤਾਂ ਲੋੜਾਂ ਤੇ ਇਛਾਵਾਂ ਦਾ ਫਰਕ ਵੀ
ਪਤਾ ਨਹੀਂ ਹੁੰਦਾ। ਅਸੀਂ ਐਵੇਂ ਹੀ ਦੂਜਿਆਂ ਦੇ ਮਾਲ ਤੇ ਨਿਗ੍ਹਾ ਰੱਖਦੇ ਹਾਂ
ਤੇ ਪੰਗੇ ਲੈਂਦੇ ਹਾਂ, ਤੇ ਫੇਰ ਅਗਲਾ ਵੀ ਕਿਹੜਾ ਘੱਟ ਕਰਦਾ ! ਇਕ ਗੱਲ ਸਮਝ
ਲੈਣੀ ਜ਼ਰੂਰੀ ਹੈ ਕਿ ਰੁੱਖ ਵਾਂਗ ਹਰ ਮਨੁੱਖ ਵੀ ਇੱਥੇ ਕੱਲਾ ਹੀ ਉਗਮਦਾ ਹੈ ।
ਕਿੱਥੇ ਤੇ ਕਦੋਂ? ਇਹ ਸਾਡੇ ਵੱਸ ਵਿਚ ਨਹੀਂ । ਜੋ ਸਾਨੂੰ ਮਿਲਦਾ ਹੈ, ਓਸੇ ਨੂੰ
ਹੀ ਸਾਡਾ ਨਸੀਬ ਸਮਝਣਾ ਚਾਹੀਦਾ ਹੈ। ਸਾਨੂੰ ਵੀ ਰੁੱਖਾਂ ਵਾਂਗ ਧਰਤੀ/ਸਮਾਜ ਵਿਚ
ਆਪਣੀਆਂ ਜੜ੍ਹਾਂ ਮਜ਼ਬੂਤ ਪਕੜ ਵਾਲੀਆਂ ਪੈਦਾ ਕਰਨ ਦੀ ਲੋੜ ਹੈ, ਫਿਰ ਕੋਈ ਵੀ
ਮੌਸਮ, ਦੁੱਖ ਸੁੱਖ, ਗੁੱਟ ਸਾਨੂੰ ਜਿਊਣ ਤੋਂ ਰੋਕ ਨਹੀਂ ਸਕਦਾ । ਕੱਲੇ ਨੂੰ
ਤਾਕਤ, ਅੰਦਰੋਂ ਮਿਲਣੀ ਹੈ ਤੇ ਉਹ ਅਸੀਮ ਹੈ । (1126, 02/02/2020)
|
|
ਫੈਸਲੇ ਦੀ ਘੜੀ |
ਗਿੱਠ ਗਿੱਠ ਹੋਈਆਂ ਕਣਕਾਂ ਨੇ ਕਈ ਅਹਿਮ
ਸੁਆਲ ਪੈਦਾ ਕਰ ਦਿੱਤੇ ਹਨ। ਸਰਕਾਰ ਤੇ ਖੇਤੀ ਸੰਸਥਾਵਾਂ ਦਾ ਐਤਕੀਂ ਪੂਰਾ ਜ਼ੋਰ
ਲਗਾ ਰਿਹਾ ਕੇ ਝੋਨੇ ਨੂੰ ਨਾ ਸਾੜੇ। ਸਿਰਫ ਵਾਅ ਕੇ ਜਾਂ ਕੱਟੇ ਟੱਕ ਵਿਚ ਹੀ
ਕਣਕ ਬੀਜੋ। ਇਸ ਪ੍ਰਚਾਰ ਦਾ ਅਸਰ ਵੀ ਹੋਇਆ। ਕਾਫੀ ਗਿਣਤੀ ਕਿਸਾਨਾ ਨੇ
ਇਹ ਸਲਾਹ ਮੰਨ ਵੀ ਲਈ। ਹੁਣ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਕਿਤੇ ਤਾਂ ਕਣਕ
ਬਹੁਤ ਵਧੀਆ ਹੈ ਤੇ ਕਈ ਥਾਂ ਘੱਟ ਉੱਗੀ ਜਾਂ ਸੂੰਡੀ ਵੀ ਪਈ ਹੋਈ ਹੈ । ਇਹ
ਚਿੰਤਾ ਦੀ ਗੱਲ ਹੈ। ਹਾਲੇ ਤਕ ਕਿਸੇ ਵੀ ਸੰਸਥਾ ਜਾਂ ਸਰਕਾਰ ਵਲੋਂ ਸਪਸ਼ਟ
ਸਲਾਹ ਨਹੀਂ ਦਿੱਤੀ ਗਈ ਕੇ ਕੀ ਤੇ ਕਿਵੇਂ ਕਰਨਾ ਹੈ। ਖੇਤ ਦੀ ਸਹੀ ਤਿਆਰੀ ਕੀ
ਹੈ ਆਦਿ? ਕਿਸਾਨ ਆਪ ਹੀ ਤਜਰਬੇ ਕਰੀ ਜਾ ਰਹੇ ਹਨ। ਉਧਰੋਂ ਦਵਾਈਆਂ ਵਾਲੇ ਵੀ
ਕਿਸਾਨ ਨੂੰ ਛਿੱਲੀ ਜਾ ਰਹੇ ਹਨ। ਲੋੜ ਹੈ, ਕਣਕ ਬੀਜਣ ਦੀ ਤਿਆਰੀ ਤੋਂ ਲੈਕੇ
ਖੇਤ ਵਿਚ ਪੈਂਦੀ ਸੂੰਡੀ ਮਾਰਨ ਤਕ ਸਹੀ ਸਾਰਣੀ ਤੇ ਸਿਫਾਰਸ਼ ਕੀਤੀ ਜਾਵੇ। ਕਿਸਾਨ
ਅੱਜ ਵਾਂਗ ਅੱਟਕਲ ਪੱਚੂ ਨਾ ਲਾਉਣ। ਜੇਕਰ ਕਿਸਾਨ ਨੂੰ ਸਹੀ ਸਲਾਹ ਤੇ ਜਾਣਕਾਰੀ
ਨਾ ਦਿੱਤੀ ਗਈ ਤਾਂ ਯਾਦ ਰੱਖਿਓ, ਕੋਈ ਵੀ ਤਾਕਤ ਝੋਨੇ ਨੂੰ ਅੱਗ ਲਾਉਣ ਤੋਂ ਰੋਕ
ਨਹੀਂ ਸਕੇਗੀ। (1123, 12012020)
|
|
ਕੇਲਿਆਂ 'ਚ ਵੀ ਠੱਗੀ |
ਠੱਗੀ ਮਾਰਨੀ ਸਾਡੇ ਖਿੱਤੇ ਵਿਚ ਸੁਭਾਅ ਦਾ
ਹਿੱਸਾ ਹੀ ਬਣਦੀ ਜਾ ਰਹੀ ਹੈ । ਪਹਿਲੋਂ ਪਹਿਲ ਸੁਣੀਂਦਾ ਸੀ ਕਿ ਮਹਿੰਗੀਆਂ
ਚੀਜ਼ਾਂ ਵਿਚ ਸਸਤੀ ਚੀਜ ਦੀ ਮਿਲਾਵਟ ਕੀਤੀ ਜਾਂਦੀ ਸੀ ।ਜਿਵੇਂ ਮਸਾਲੇ ਚ ਘੋੜੇ
ਦੀ ਲਿੱਦ। ਖਾਸ ਕਰਕੇ ਹਲਵਾਈਆਂ ਕੋਲ ਬੜੇ ਤਰੀਕੇ ਹਨ, ਜਿਵੇਂ, ਰਸਗੁੱਲਿਆਂ ਵਿਚ
ਰਸ ਵੱਧ ਪਾਉਣਾ, ਹੁਣ ਰਸ ਸਸਤੀ ਖੰਡ ਦਾ ਹੁੰਦਾ ਹੈ ਤੇ ਤੋਲ ਕੇ ਖੋਏ ਦੇ
ਭਾਅ ਵਿੱਕਦਾ ਹੈ। ਫੇਰ ਹੋਰ ਵੀ ਤਰੀਕੇ ਲੱਭ ਗਏ । ਹੁਣ ਤਾਜ਼ਾ ਠੱਗੀ ਪੰਜਾਬੀਆਂ
ਨਾਲ ਕੇਲੇ ਵਿਚ ਲੱਗਦੀ ਹੈ । ਥੋਕ ਵਿਚ ਕੇਲਾ 8 ਰੁਪਏ ਤੋਂ ਲੈ ਕੇ 18 ਰੁਪਏ
ਕਿਲੋ ਤਕ ਵਿਕਦਾ ਹੈ ਤੇ ਪਰਚੂਨ ਵਿਚ 60-75 ਰੁਪਏ ਕਿਲੋ ਤਕ ਵਿਕਦਾ ਹੈ ।
ਸਟੈਂਡਰਡ ਮਾਪ ਅਨੁਸਾਰ ਇਕ ਕਿਲੋ ਕੇਲੇ ਵਿਚ ਘੱਟੋ ਘੱਟ 647 ਗ੍ਰਾਮ ਗੁੱਦਾ
ਚਾਹੀਦਾ ਹੈ, ਪੰਜਾਬ ਵਿਚ ਮੋਟੀ ਛਿੱਲ ਵਾਲੀ ਕਿਸਮ ਵੇਚੀ ਜਾਂਦੀ ਹੈ, ਜਿਸ ਵਿਚ
400 ਗ੍ਰਾਮ ਤੋਂ ਵੀ ਘੱਟ ਗੁੱਦਾ ਹੁੰਦਾ ਹੈ । ਇਸਦਾ ਮਤਲਬ ਹੈ ਕਿ ਸਾਡੇ ਅੱਧੇ
ਪੈਸੇ ਸਿੱਟਣ ਵਾਲੀ ਛਿੱਲ ਤੇ ਹੀ ਖਰਚ ਹੋ ਜਾਂਦੇ ਹਨ । ਇਸ ਤੋਂ ਬੱਚਣ ਦਾ ਇਕੋ
ਤਰੀਕਾ ਹੈ ਕਿ ਕੇਲੇ ਲੈਣ ਤੋਂ ਪਹਿਲੋਂ ਦੇਖ ਲਵੋ ਕਿ ਛਿੱਲ ਪਤਲੀ ਹੋਵੇ। ਜੇਕਰ
ਅਸੀਂ ਸੁਚੇਤ ਨਹੀਂ ਹੋਵਾਂਗੇ ਤਾਂ ਫਿਰ ਸਾਡੀ ਲੁੱਟ ਜਾਰੀ ਰਹੇਗੀ । (1121,
21/12/2019)
|
|
ਕੁੱਝ ਨਹੀਂ ਦੁੱਖਦਾ ਬੇਬੇ ਦਾ |
ਅੱਜ ਸ਼ਹਿਰ ਕੀ, ਪਿੰਡ ਕੀ, ਕਨੇਡਾ ਕੀ, ਹਰ
ਦੂਜੇ ਤੀਜੇ ਬੰਦੇ ਜਾਂ ਜ਼ਨਾਨੀ ਨੂੰ , ਸ਼ੂਗਰ, ਬੀਪੀ ਜਾਂ ਦੁੱਖਦੇ ਗੋਡਿਆਂ ਨੇ
ਘੇਰਿਆ ਹੋਇਆ ਹੈ। ਇਹ ਬੀਮਾਰੀਆਂ ਦੀ ਬਹੁਤਾਤ ਪੰਜਾਬੀਆਂ ਵਿਚ ਹੀ ਹੈ । ਕਿਸੇ
ਨਾਲ ਵੀ ਗੱਲ ਛੇੜ ਲਵੋ, ਕੋਈ ਹਜ਼ਾਰਾਂ ਖਰਚ ਚੁੱਕਾ ਹੈ ਤੇ ਕੋਈ ਲੱਖਾਂ ਚ ਗੋਡੇ
ਬਦਲਾਉਣ ਨੂੰ ਫਿਰਦਾ ਹੈ । ਦੇਖਣ ਸੋਚਣ ਵਾਲੀ ਗੱਲ ਹੈ ਕਿ ਇਹ ਬੀਮਾਰੀਆਂ ਪਿਛਲੇ
ਤੀਹ ਕੁ ਸਾਲ ਤੋਂ ਵਧੀਆਂ ਕਿਵੇਂ ਹਨ। ਇਹ ਸੱਚ ਹੈ ਕਿ ਕੁਦਰਤ ਨੇ ਸਾਡਾ ਸਰੀਰ
ਸੋਚ ਸਮਝ ਕੇ ਬਣਾਇਆ ਹੈ, ਹੁਣ ਜਦੋਂ ਵੀ ਕੋਈ ਬਿਮਾਰੀ ਆਉਂਦੀ ਹੈ ਤਾਂ, ਇਹ ਵੀ
ਪੱਕੀ ਗੱਲ ਹੈ ਕਿ ਸਾਡੀ ਹੀ ਕਿਸੇ ਗਲਤੀ ਜਾਂ ਲਾਪਰਵਾਹੀ ਨਾਲ ਅਉਂਦੀ ਹੈ ।
ਅਸੀਂ ਬਸ ਆਪਣੀ ਗਲਤੀ ਲੱਭ ਕੇ ਸੁਧਾਰਨੀ ਹੈ । ਮਿਸਾਲ ਦੇ ਤੌਰ ਤੇ ਅੱਗੇ ਲੋਕ
ਪੈਰਾਂ ਭਾਰ ਬੈਠ ਕਿ ਖੇਤੀ ਦੇ ਕੰਮ ਕਰਦੇ ਸਨ। ਔਰਤਾਂ ਚੁੱਲ੍ਹੇ ਮੂਹਰੇ ਪੈਰਾਂ
ਭਾਰ ਬੈਠੀਆਂ ਸਨ । ਹੋਰ ਤਾਂ ਹੋਰ ਸਵੇਰੇ ਜੰਗਲ ਦਾ ਕਾਰਜ ਵੀ ਪੈਰਾਂ ਭਾਰ ਬੈਠ
ਕੇ ਕਰਦੇ ਸਨ । ਇਹ ਇਕ ਇਹੋ ਜਿਹੀ ਕਸਰਤ ਸੀ ਜੋ ਗੋਡਿਆਂ ਦੇ ਆਲੇ ਦੁਆਲੇ ਦੀਆਂ
ਮਾਸਪੇਸ਼ੀਆਂ ਨੂੰ ਨਰਮ ਰੱਖਦੀ ਸੀ । ਹੁਣ ਵੀ ਜੇ ਕਿਸੇ ਵੀ ਉਮਰ ਵਿਚ ਸਹਿੰਦੀਆਂ
ਸਹਿੰਦੀਆਂ ਡੰਡ ਬੈਠਕਾਂ ਕੱਢਣ ਲੱਗ ਪਵੋ ਤਾਂ ਸਾਲ ਕੁ ਵਿਚ ਗੋਡੇ ਕਾਫੀ ਠੀਕ ਹੋ
ਸਕਦੇ ਹਨ । ਇਸ ਵਿਚ ਨੁਕਸਾਨ ਕੋਈ ਨਹੀਂ , ਨਾ ਹੀ ਕੁਝ ਲੱਗਦਾ ਹੈ, ਬਸ ਕੁਦਰਤ
ਦੀ ਦਾਤ ਨੂੰ ਸਮਝੋ। ਜੋ ਪੈਸੇ ਬਚ ਜਾਣ ਉਹ ਕਿਸੇ ਗਰੀਬ ਬੱਚੇ ਦੀ ਵਿਦਿਆ ਉੱਤੇ
ਖਰਚ ਦਿਓ । (1120, 13/12/2019)
|
|
ਜੱਟੀ ਪੰਦਰਾਂ ਮੁਰੱਬਿਆਂ ਵਾਲੀ |
ਕਿਹੜੇ ਮੁਰੱਬੇ ਤੇ ਕਿਹੜੀ ਜੱਟੀ ? ਨਾ ਹੁਣ
ਮੁਰੱਬੇ ਰਹਿ ਗਏ, ਤੇ ਨਾ ਹੀ ਜੱਟੀ ਕੋਲ ਸ਼ਵਖਤੇ ਖੇਤ ਚ ਗੇੜਾ ਮਾਰਨ ਦਾ ਵਕਤ
ਹੈ । ਹੁਣ ਤਾਂ ਦੁਨੀਆ ਹੋਰ ਹੀ ਕੰਮਾਂ ਚ ਉਲਝੀ ਪਈ ਹੈ । ਭਾਂਵੇਂ ਅੱਜਕਲ
ਖੇਤਾਂ ਵਿਚ ਕਣਕਾਂ ਗਿੱਠ ਗਿੱਠ ਹੋ ਗਈਆਂ ਹਨ, ਜਿੰਨ੍ਹਾਂ ਤੇ ਤਰੇਲ ਮੋਤੀਆਂ
ਵਾਂਗ ਚਮਕਦੀ ਹੈ, ਪਰ ਜੱਟ ਤਾਂ ਹਾਲੇ ਪਰਾਲੀ ਸਾੜਨ ਦੇ ਮੁਕੱਦਮੇ ਭੁਗਤਣ ਦੀ
ਤਿਆਰੀ ਵਿਚ ਹੈ । ਜਿਹੜੇ ਲੋਕ ਅੱਜ ਇਸ ਹਰੀ ਕਣਕ ਦੀ ਮਹਿਕ ਨਹੀਂ ਮਾਣ ਰਹੇ,
ਫਿਜ਼ਾ ਵਿਚ ਲੱਖਾਂ ਏਕੜ ਕਣਕ ਤੋਂ ਪੈਦਾ ਹੋ ਰਹੀ ਸ਼ੁੱਧ ਹਵਾ ਨਹੀਂ ਦੇਖ ਸਕਦੇ,
ਉਹ ਕਾਰਖਾਨਿਆ ਦਾ ਧੂੰਆਂ, ਭੱਠੀਆਂ ਚ ਬਲਦਾ ਤੇਲ, ਕਾਰਾਂ ਬੱਸਾਂ, ਟਰੱਕਾਂ ਚੋਂ
ਨਿਕਲਦਾ ਮਾਰੂ ਅਦਿੱਖ ਧੂੰਆਂ ਵੀ ਨਹੀਂ ਦੇਖ ਰਹੇ । ਸਾਰਾ ਸਾਲ ਫਸਲਾਂ ਰਾਹੀ
ਤਾਜ਼ੀ ਹਵਾ ਖਾਣ ਵਾਲਿਓ ਅਫਸਰੋ, ਲੀਡਰੋ ਤੇ ਸ਼ਹਿਰੀਓ, ਹੁਣ ਇਸ ਦਾਤੇ ਬਾਰੇ ਵੀ
ਕੁਝ ਸੋਚ ਲਵੋ। ਜੇ ਹੋਰ ਕੁਝ ਨਹੀਂ ਤਾਂ ਹਫਤੇ ਵਿਚ ਇਕ ਵਾਰੀ ਪੇਂਡੂੰ ਇਲਾਕੇ ਚ
ਗੇੜਾ ਹੀ ਮਾਰ ਆਇਆ ਕਰੋ। ਦੇਖਿਓ ਫੇਰ ਕੁਦਰਤ ਤੁਹਾਡੇ ਅੰਦਰ ਕਿਵੇਂ ਸਹਿਜ ਭਰਦੀ
ਹੈ, ਤੁਹਾਡੀ ਅੰਦਰਲੀ ਨਫਰਤ ਨੂੰ ਖਤਮ ਕਰਦੀ ਹੈ । ਫੇਰ ਇਸੇ ਕਣਕ ਦੇ ਬਣੇ
ਬਿਸਕੁੱਟ, ਕੇਕ ਖਾ ਖਾ ਕੇ ਜਸ਼ਨ ਮਨਾਈ ਜਾਇਓ। (1119, 05/12/2019)
|
|
ਆਓ ਘਰਾਂ ਨੂੰ ਚੱਲੀਏ |
ਘਰ ਤੇ ਮਕਾਨ ਵਿਚ ਬਹੁਤ ਫਰਕ ਹੁੰਦਾ ਹੈ। ਮਕਾਨ ਉਸਾਰਿਆ ਜਾਂਦਾ ਹੈ, ਘਰ
ਵਸਾਇਆ ਜਾਂਦਾ ਹੈ। ਮਕਾਨ ਤਾਂ ਕਿਸੇ ਵੀ ਤਰ੍ਹਾਂ ਦਾ ਹੋਵੇ, ਰਹਿਣ ਦੇ ਅਨੁਸਾਰ
ਢਾਲਿਆ ਜਾ ਸਕਦਾ ਹੈ, ਪਰ ਘਰ ਇਕ ਸੁਪਨੇ ਵਾਂਗ ਹੁੰਦਾ ਹੈ ਜੋ ਪਲ ਪਲ ਬਦਲਦਾ
ਰਹਿੰਦਾ ਹੈ। ਮਕਾਨ ਤਾਂ ਸੰਪੂਰਨ ਹੋ ਸਕਦਾ ਹੈ, ਪਰ ਘਰ ਦਾ ਸੰਪੂਰਨ ਹੋਣਾ ਜੀਵਨ
ਦਾ ਅਸੂਲ ਹੀ ਨਹੀਂ ਹੈ । ਮਨੁੱਖ ਦੀ ਬਿਰਤੀ ਹੈ ਕੇ ਉਹ ਬੀਤੇ ਸਮੇਂ ਨੂੰ ਬੇਹੱਦ
ਪਿਆਰ ਕਰਦਾ ਹੈ ਤੇ ਉਸੇ ਸਮੇਂ ਵਿਚ ਹੀ ਰਹਿਣਾ ਚਾਹੁੰਦਾ ਹੈ। ਹੁਣ ਸਮੇਂ ਨੂੰ
ਤਾਂ ਬੰਦਾ ਮੋੜ ਨਹੀਂ ਸਕਦਾ, ਇਸ ਲਈ ਉਹ ਬੀਤੇ ਸਮੇਂ ਦੀਆਂ ਵਸਤੂਆਂ ਨੂੰ ਇਕੱਠਾ
ਕਰਦਾ ਹੈ ਤੇ ਫਿਰ ਪੁਰਾਣੀ ਭੋਤਿਕਤਾ ਨੂੰ ਮਕਾਨ ਦੇ ਰੂਪ ਵਿਚ ਸਿਰਜਣ ਦੀ
ਕੋਸ਼ਿਸ਼ ਕਰਦਾ ਹੈ ਤੇ ਕੁਝ ਹੱਦ ਤਕ ਕਾਮਯਾਬ ਵੀ ਹੋ ਜਾਂਦਾ ਹੈ। ਪਰ ਉਸਦੀ
ਮਜ਼ਬੂਰੀ ਹੁੰਦੀ ਹੈ ਕਿ ਉਹ ਚਾਹ ਕੇ ਵੀ ਉਸ ਥਾਂ ਰਹਿ ਨਹੀਂ ਸਕਦਾ, ਕਿਉਂਕਿ
ਆਜੋਕੇ ਜ਼ਮਾਨੇ ਦੀਆਂ ਸੁੱਖ ਸਹੂਲਤਾਂ ਦਾ ਤਿਆਗ ਉਹ ਕਰ ਹੀ ਨਹੀਂ ਸਕਦਾ। ਬਸ
ਹੁਣ ਉਹ ਆਪਣੇ ਆਲੇ ਦੁਆਲੇ ਨਾਲ ਇਹ ਨਵੀਂ ਸਿਰਜੀ ਹੋਈ ਭੋਤਿਕਤਾ ਸਾਂਝੀ ਕਰਕੇ,
ਘੜੀ ਪਲ ਦੀ ਖੁਸ਼ੀ ਹੀ ਮਾਣ ਸਕਦਾ ਹੈ, ਇਸ ਤੋਂ ਵੱਧ ਕੁਝ ਨਹੀਂ ਹੁੰਦਾ ਉਸਦੇ
ਹੱਥ ਵੱਸ। (1114, 29/11/2019)
|
|
ਕਿਸਾਨ ਦੀ ਸ਼ਾਨ |
ਦੁਨੀਆ ਵਿਚ ਬਲਦਾ ਦੀਆਂ 1000 ਤੋਂ ਵੀ ਵੱਧ
ਕਿਸਮਾਂ ਹਨ। ਪੰਜਾਬ ਵਿਚ ਛੇ ਸਤ ਕਿਸਮਾਂ ਨੂੰ ਹੀ ਖੇਤੀ ਦੇ ਕੰਮਾਂ ਲਈ ਵਰਤਿਆ
ਜਾਂਦਾ ਹੈ ਤੇ ਉਹਨਾਂ ਦੀ ਦਿੱਖ ਅਨੁਸਾਰ ਹੀ ਉਹਨਾਂ ਦੇ ਨਾਮ ਰੱਖੇ ਜਾਂਦੇ ਹਨ
ਜਿਵੇਂ, ਮੀਣਾ, ਦੁੱਗਾ, ਨਾਰਾ, ਗੋਰਾ ਆਦਿ। ਪੰਜਾਬ ਵਿਚ ਬਲਦਾ ਦਾ ਮੂਲ ਸ੍ਰੋਤ
ਰਾਜਸਥਾਨ ਸੀ। ਉਥੋਂ ਦੇ ਸ਼ਹਿਰ ਨਾਗੌਰ ਦੇ ਬਲਦ ਆਪਣੀ ਸੁੰਦਰਤਾ ਕਰਕੇ ਮਸ਼ਹੂਰ
ਸਨ। ਦੱਖਣ ਦੇ ਇਹ ਲੰਮੇ ਸਿੰਗਾਂ ਵਾਲੇ ਬਲਦ ਬਰਹਾਮ ਜਾਤੀ ਵਿਚੋਂ ਹਨ। ਇਹ ਬਹੁਤ
ਤਾਕਤਵਾਰ ਤੇ ਸਿਆਣੇ ਗਿਣੇ ਜਾਂਦੇ ਹਨ। ਦੱਖਣ ਵਿਚ ਇਹ ਹਾਲੇ ਵੀ ਵਰਤੇ ਜਾ ਰਹੇ
ਹਨ। ਵੈਸੇ ਸਭ ਤੋਂ ਲੰਮੇ ਸਿੰਗਾਂ ਲਬੀਰੀਆ ਦੇਸ਼ ਵਿਚ ਹੁੰਦੇ ਹਨ। ਇਹਨਾਂ ਦੇ
ਸਿੰਗ 70 ਤੋਂ 100 ਇੰਚ ਤਕ ਲੰਮੇ ਹੋ ਸਕਦੇ ਹਨ ।ਪਰ ਹੁਣ ਕਿਸਾਨ ਆਪਣੇ ਇਸ
ਮਿੱਤਰ ਦਾ ਸਾਥ ਤਕਰੀਬਨ ਛੱਡ ਹੀ ਗਏ ਹਨ। (1113, 22/11/2019)
|
|
ਪੰਛੀਆਂ ਨੂੰ ਉਡੀਕ ਰਹਿੰਦੀ ਹੈ |
ਕਦੇ ਬਰਸਾਤਾਂ ਦੀ, ਕਦੇ ਗਰਮੀ ਦੀ, ਕਦੇ
ਸਰਦੀ ਦੀ। ਪੰਛੀ ਉਡੀਕਦੇ ਰਹਿੰਦੇ ਹਨ ਕੇ ਕਦ ਮੌਸਮ ਬਦਲੇ ਤੇ ਕਦ ਉਹ ਨਵੀਂ
ਕਿਸਮ ਦਾ ਕੀਟ ਪਤੰਗਾ ਜਾਂ ਨਵੀਂ ਬਨਸਪਤੀ ਫਸਲਾਂ ਦਾ ਦਾਣਾ ਚੁੱਗਣ। ਉਹ ਇਸ ਕੰਮ
ਲਈ ਹਜ਼ਾਰਾਂ ਮੀਲ ਦੀ ਉਡਾਰੀ ਵੀ ਮਾਰ ਲੈਂਦੇ ਹਨ। ਇੰਝ ਮੌਸਮ ਨਾਲ ਬਦਲਦੇ ਭੋਜਨ
ਕਰਕੇ ਉਹਨਾਂ ਦੇ ਸਰੀਰ ਦੀ ਸਿਹਤ ਵੀ ਜੁੜੀ ਹੁੰਦੀ ਹੈ । ਉਹਨਾਂ ਦੇ ਬੋਟਾਂ ਲਈ
ਨਰਮ ਖਾਣੇ ਦੀ ਉਪਲੱਬਧੀ ਵੀ ਜੁੜੀ ਹੁੰਦੀ ਹੈ। ਨਵੇਂ ਦਿਸਹਿੱਦਿਆ ਦੀ ਆਸ ਵੀ
ਉਹਨਾਂ ਦੇ ਜੀਵਨ ਨੂੰ ਅਰਥ ਦੇਂਦੀ ਹੈ। ਪੰਛੀ ਮਨੁੱਖ ਲਈ ਵੀ ਇਕ ਪ੍ਰੇਰਣਾ ਸਰੋਤ
ਹਨ। ਮਨੁੱਖ ਭਾਵੇਂ ਉੱਡ ਨਹੀਂ ਸਕਦਾ, ਪਰ ਉਡਾਰੀ ਤਾਂ ਮਾਰ ਹੀ ਸਕਦਾ ਹੈ। ਆਪਣੇ
ਵਿਕਾਸ ਲਈ ਸੁਮੇਲ ਤੇ ਪਹੁੰਚਣ ਦੇ ਸੁਪਨੇ ਤਾਂ ਲੈ ਹੀ ਸਕਦਾ ਹੈ । ਪੰਛੀ ਵਾਂਗ,
ਉਹ ਵੀ ਵਾਰ ਵਾਰ ਮੁੜਨਾ ਲੋਚਦਾ ਹੈ, ਜੰਮਣ ਭੋਂ ਤੇ ਹੀ ਰੁਖਸਤ ਹੋਣ ਦੀ ਇੱਛਾ
ਰੱਖਦਾ ਹੈ। ਪਰ ਇਹ ਨਾ ਉਸਦੇ ਤੇ ਨਾ ਪੰਛੀਆਂ ਦੇ ਵਸ ਵਿਚ ਹੈ, ਇਹ ਅਧਿਕਾਰ
ਸਿਰਫ ਸਿਰਜਣਹਾਰੇ ਦਾ ਹੈ ਕਿ ਉਸਨੇ ਜੀਵਾਂ ਨੂੰ ਕਿੱਥੇ ਸੁੱਟਣਾ ਹੈ ਤੇ ਕਿੱਥੋਂ
ਚੁੱਕਣਾ ਹੈ। ਬਸ ਵਿਚ ਵਿਚਾਲੇ ਅਸੀਂ ਆਪਣੀ ਮਰਜ਼ੀ ਕਰਨ ਦੀ ਕੋਸ਼ਿਸ਼ ਕਰ ਸਕਦੇ
ਹਾਂ । (1116, 04/11/2019)
|
|
ਸੜਕਾਂ ਦੇ ਰਾਜੇ |
ਸੜਕਾਂ ਕਿਸੇ ਵੀ ਖਿੱਤੇ ਦੀ ਸ਼ਾਹਰਗ
ਹੁੰਦੀਆਂ ਹਨ। ਇਹਨਾਂ ਦਾ ਨਿਰਮਾਣ ਲੋਕਾਂ ਦੀ ਸਹੂਲਤ ਲਈ ਕੀਤਾ ਜਾਂਦਾ ਹੈ। ਹਰ
ਦੇਸ਼ ਸੜਕਾਂ ਤੇ ਚੱਲਣ ਲਈ ਅਸੂਲ ਤੇ ਕਨੂੰਨ ਬਣਾਉਂਦਾ ਹੈ ਅਤੇ ਜੋ
ਦੇਸ਼ਵਾਸੀਆਂ ਨੂੰ ਮੰਨਣੇ ਹੁੰਦੇ ਹਨ। ਇਹ ਸਿਰਫ ਸਾਡਾ ਹੀ ਦੇਸ਼ ਹੈ ਜਿੱਥੇ ਸਭ
ਤੋਂ ਪਹਿਲਾਂ ਇਹਨਾਂ ਕਨੂੰਨਾਂ ਨੂੰ ਕਨੂੰਨਘਾੜੇ ਹੀ ਤੋੜਦੇ ਹਨ। ਦੂਜੇ ਨੰਬਰ ਤੇ
ਬਸਾਂ ਤੇ ਟੈਂਪੂਆਂ ਵਾਲੇ ਕਨੂੰਨ ਨੂੰ ਟਿੱਚ ਮੰਨਦੇ ਹਨ। ਇਹਨਾਂ ਲਈ ਲਾਲ ਬੱਤੀ
ਟੱਪਣੀ ਮਾਣ ਦੀ ਗੱਲ ਹੁੰਦੀ ਹੈ। ਜਿੱਥੇ ਮਰਜ਼ੀ ਬਰੇਕਾਂ ਮਾਰ ਲੈਣੀਆਂ ਤਾਂ ਆਮ
ਜਿਹੀ ਗੱਲ ਹੈ। ਜਨਤਾ ਦਾ ਕੀ ਹੈ। ਆਪੇ ਖੱਪ ਕੇ ਅੱਗੇ ਤੁਰ ਜੂ। ਕਿਸੇ ਕੋਲ
ਇਹਨਾਂ ਦਾ ਚਲਾਨ ਕਰਨ ਦੀ ਹਿੰਮਤ ਨਹੀੰ ਹੈ, ਕਿਉਂਕਿ ਇਹਨਾਂ ਦੇ ਸਿਰ ਤੇ ਵੱਡੇ
ਘਰਾਂ ਦਾ ਅਸ਼ੀਰਵਾਦ ਹੁੰਦਾ ਹੈ। ਬਾਕੀ ਜੇ ਐਕਸੀਡੈਂਟ ਹੋ ਜੇ ਵੱਧ ਤੋਂ
ਵੱਧ ਕੁਝ ਸਾਲ ਤਰੀਕਾਂ ਹੀ ਪੈੰਦੀਆਂ ਹਨ। ਅੱਕ ਕੇ ਪੀੜਤ, ਬਾਹਰੋ ਬਾਹਰ ਹੀ
ਨਿਗੂਣੇ ਸਮਝੌਤੇ ਕਰ ਲੈਂਦੇ ਹਨ। ਇਸੇ ਲਈ ਤਾਂ ਇਹ ਸੜਕਾਂ ਦੇ ਰਾਜੇ ਦਨਦਨਾਉੰਦੇ
ਹਨ। (30/07/2019, 1102)
|
|
ਆਪੋ ਆਪਣਾ ਵਿਰਸਾ |
ਹਰ ਖਿੱਤੇ ਦੇ ਮਨੁੱਖ ਦੀ ਇੱਛਾ ਹੁੰਦੀ ਹੈ
ਕਿ ਉਹ ਆਪਣੇ ਸਭਿਆਚਾਰ ਅਨੁਸਾਰ ਜੀਵਨ ਜੀਵੇ। ਉਸਨੂੰ ਪੁਰਾਣੇ ਵਸਤਰ ਸ਼ਸ਼ਤਰ ਤੇ
ਖੁਰਾਕ ਚੰਗੀ ਲੱਗਦੀ ਹੈ। ਉਸਨੂੰ ਲੋਕ ਗੀਤਾਂ ਵਿਚੋਂ ਸਕੂਨ ਮਿਲਦਾ ਹੈ। ਉਸਨੂੰ
ਪੁਰਾਣੇ ਘਰਾਂ, ਖੇਤਾਂ ਜਾਂ ਜੀਵਾਂ ਵਿਚੋਂ ਮਹਿਕ ਆਉਂਦੀ ਹੈ। ਉਸਨੂੰ ਲੱਗਦਾ ਹੈ
ਕਿ ਉਸਦਾ ਵਿਰਸਾ ਹੀ ਦੁਨੀਆ ਵਿਚ ਉੱਤਮ ਹੈ, ਕਈ ਤਾਂ ਆਪਣੇ ਵਿਰਸੇ ਨੂੰ ਅਮੀਰ
ਵੀ ਕਹੀ ਜਾਂਦੇ ਹਨ। ਪਰ ਕੀ ਅਸੀਂ ਜਾਣਦੇ ਹਾਂ ਕਿ ਕੁੱਲ ਦੁਨੀਆਂ ਦੇ ਮਨੁੱਖਾਂ
ਦੇ ਸੁਭਾਅ, ਖਾਹਸ਼ਾਂ, ਸੁਆਦ ਤੇ ਵਿਕਾਰ ਤਕਰੀਬਨ ਇਕੋ ਜਿਹੇ ਹਨ। ਹਰ ਕਿਸਮ ਦੇ
ਚੰਗੇ, ਸਾਊ, ਇਮਾਨਦਾਰ, ਬੇਈਮਾਨ, ਠੱਗ, ਚੁਸਤ ਜਾਂ ਜਾਹਲ ਆਦਿ ਕਿਸਮਾਂ ਦੇ
ਲੋਕ, ਹਰ ਖਿੱਤੇ ਜਾਂ ਕੌਮਾਂ ਵਿਚ ਹੁੰਦੇ ਹਨ। ਹੋਰ ਤਾਂ ਹੋਰ ਵਿਰਾਸਤੀ ਵਸਤਰਾਂ
ਦੇ ਰੰਗ ਤੇ ਮੂਲ ਅਕਾਰ ਵੀ ਮਿਲਦੇ ਜੁੱਲਦੇ ਹੁੰਦੇ ਹਨ। ਇਹ ਤਾਂ ਸ਼ਕਲਾਂ ਤੋਂ
ਹੀ ਪਤਾ ਲੱਗਦਾ ਕਿ ਕੌਣ ਕਿੱਥੋਂ ਦਾ ਹੈ। ਗੀਤ ਸੰਗੀਤ ਦੇ ਵਿਸ਼ੇ ਤਕ ਇਕੋ ਜਿਹੇ
ਹੁੰਦੇ ਹਨ। ਦੁਨੀਆਂ ਦੀਆਂ ਭਾਸ਼ਾਵਾਂ ਵਿਚ ਵੀ ਚੌਥਾ ਹਿੱਸਾ ਵਸਤੂ ਉਚਾਰਣ
ਮਿਲਦਾ ਜੁੱਲਦਾ ਹੁੰਦਾ ਹੈ। ਅਸਲ ਵਿਚ ਥੋੜੀ ਬਹੁਤ ਵਿਲੱਖਣਤਾ ਨਾਲ ਸਾਰੀ
ਮਨੁੱਖਤਾ ਕੁਦਰਤ ਨੇ ਇਕੋ ਜਿਹੀ ਬਣਾਈ ਹੈ। ਬਸ ਇਹ ਗੈਰ ਜ਼ਰੂਰੀ ਵੰਡੀਆਂ ਹੀ
ਮਨੁੱਖ ਦੀ ਡੱਡੂ ਸੋਚ ਨੇ ਪਾਈਆਂ ਹਨ। (23/07/2019, 1101)
|
|
ਲਫਾਫੇ ਤੇ ਵਾਤਾਵਰਣ |
ਪਿਛਲੇ ਤਿੰਨ ਚਾਰ ਦਹਾਕਿਆਂ ਵਿਚ ਪਲਾਸਟਿਕ
ਦੇ ਲਫਾਫਿਆਂ ਨੇ ਚਾਰੇ ਪਾਸੇ ਘੇਰਾ ਪਾ ਲਿਆ ਸੀ। ਹਰ ਚੀਜ਼ ਪਲਾਸਟਿਕ ਦੇ ਲਫਾਫੇ
ਵਿਚ ਹੀ ਮਿਲਦੀ ਸੀ, ਦੁੱਧ ਦਹੀਂ, ਕਪੜੇ, ਆਟਾ ਦਾਲ, ਕਿਤਾਬਾਂ, ਇੱਥੋਂ ਤਕ ਕਿ
ਗੋਲ ਗੱਪੇ ਵੀ। ਪਰ ਹੱਦ ਇਹ ਨਹੀਂ ਸੀ, ਹੱਦ ਤਾਂ ਇਹ ਸੀ ਕਿ ਲਫਾਫਾ ਵਰਤ ਕਿ
ਅਸੀਂ ਉਸਨੂੰ ਲਾਪਰਵਾਹੀ ਨਾਲ ਸੁੱਟ ਦੇਂਦੇ ਸੀ। ਇਹ ਕੂੜਾ, ਨਾਲੀਆਂ, ਸੀਵਰ ਤੇ
ਦਰਿਆਵਾਂ ਤਕ ਨੂੰ ਜਾਮ ਕਰ ਦੇਂਦਾ ਹੈ। ਹੋਰ ਤਾਂ ਹੋਰ ਇਹ ਲਫਾਫੇ ਪਸ਼ੂ ਵੀ ਖਾਣ
ਲੱਗ ਪਏ ਕਿਉਂਕਿ ਇਹ ਕਿਸੇ ਨਾ ਕਿਸੇ ਖਾਧ ਪਦਾਰਥ ਨਾਲ ਲਿਬੜੇ ਹੁੰਦੇ ਹਨ। ਇਹ
ਲਿਫਾਫੇ ਦੁਧਾਰੂ ਪਸ਼ੂਆਂ ਦੇ ਅੰਦਰ ਬੰਨ ਪਾ ਦਿੰਦੇ ਹਨ। ਹੁਣ ਦੇਸ਼ ਦੇ ਕਈ
ਸੂਬਿਆਂ ਨੇ ਸਖਤੀ ਨਾਲ ਪਲਾਸਟਿਕ ਦੇ ਲ਼ਫਾਫੇ ਬੰਦ ਕਰ ਦਿੱਤੇ ਹਨ। ਹੁਣ ਕਾਗਜ਼
ਆਦਿ ਦੇ ਲ਼ਫਾਫੇ ਹੀ ਚੱਲਣਗੇ। ਆਮ ਘਰ ਜਾਂ ਦੁਕਾਨ ਦੀ ਲੋੜ ਲਈ ਇਹ ਥੋੜੇ ਜਿਹੇ
ਗੂੰਦ, ਲੇਟੀ ਜਾਂ ਫੈਵੀਕੋਲ ਨਾਲ ਬਣਾਏ ਜਾ ਸਕਦੇ ਹਨ। ਕਿਸੇ ਵੀ ਵਰਗਾਕਾਰ ਜਾਂ
ਚੌਰਸ ਕਾਗਜ਼ ਨੂੰ ਜੋੜ ਲਾਕੇ ਤੇ ਇਕ ਪਾਸੇ ਕਿਸ਼ਤੀ ਵਟ ਮਾਰ ਕੇ ਅੱਧੇ ਮਿੰਟ
ਵਿਚ ਲਫਾਫਾ ਬਣਾਇਆ ਜਾ ਸਕਦਾ ਹੈ। ਇਸ ਕੰਮ ਲਈ, ਪੁਰਾਣੀਆਂ ਅਖਬਾਰਾਂ, ਰਸਾਲੇ,
ਰਜਿਸਟਰ, ਅਣਵਿਕੀਆਂ ਕਿਤਾਬਾਂ ਜਾਂ ਹੋਰ ਕਾਗਜ਼ੀ ਰੱਦੀ ਤੋਂ ਮੁਫਤੋ ਮੁਫਤੀ
ਲਫਾਫੇ ਬਣਾਏ ਜਾ ਸਕਦੇ ਹਨ। ਗਰੀਬ ਲੋਕ ਜਾਂ ਘਰੇਲੂ ਔਰਤਾਂ, ਇਸ ਨੂੰ
ਆਮਦਨ ਦਾ ਸਾਧਨ ਵੀ ਬਣਾ ਸਕਦੀਆਂ ਹਨ। ਇਹ ਵਾਤਾਵਰਣ ਨੂੰ ਬਚਾਉਣ ਵੱਲ ਇਕ ਕਦਮ
ਵੀ ਹੋਵੇਗਾ । (16/07/2019, 1100)
|
|
ਕਿੱਥੇ ਲਾਈਏ ਰੁੱਖ |
ਅੱਜਕੱਲ ਚਾਰੇ ਪਾਸੇ ਰੁੱਖ ਲਾਉਣ ਦਾ ਬੁਖਾਰ
ਚੱਲ ਰਿਹਾ ਹੈ। ਸ਼ਹਿਰਾਂ ਵਿਚ ਹਰ ਸੰਸਥਾ ਲੱਖਾਂ ਰੁੱਖ ਲਾਉਣ ਦੇ ਦਾਵੇ ਕਰ
ਰਹੀਆਂ ਹਨ। ਧੜਾਧੜ ਬੂਟੇ ਵੰਡੇ ਜਾ ਰਹੇ ਹਨ। ਇਹ ਸਭ ਕੁਝ ਵਾਤਾਵਰਣ ਨੂੰ ਬਚਾਉਣ
ਦੇ ਨਾਮ ਤੇ ਹੋ ਰਿਹਾ ਹੈ। ਪਰ ਅਸਲ ਵਿਚ ਕੀ ਹੋ ਰਿਹਾ ਹੈ ਵਿਚਾਰਨ ਵਾਲੀ ਗੱਲ
ਹੈ। ਕਿਸੇ ਨੂੰ ਵੀ ਪੁੱਛ ਲਓ, ਉਸਨੂੰ ਇਹ ਨਹੀਂ ਪਤਾ ਕਿ ਕਿੱਥੇ ਰੁੱਖ ਲਾਉਣੇ
ਹਨ ਤੇ ਪਹਿਲੇ ਦੋ ਚਾਰ ਸਾਲ ਸੰਭਾਲੇਗਾ ਕੌਣ? ਸਿਰਫ ਆਪਣਾ ਨਾਮ ਚਮਕਾਉਣ ਲਈ
ਇਸ ਭੇਡ ਚਾਲ ਦਾ ਹਿੱਸਾ ਬਣਦੇ ਹਨ। ਕਈਆਂ ਨੇ ਤਾਂ ਚੋਖੀ ਕਮਾਈ ਵੀ ਕਰ ਲਈ ਹੈ।
ਰੁੱਖ ਲਾਉਣੇ ਸਾਡੀ ਲੋੜ ਹੈ, ਪਰ ਉਸਤੋਂ ਪਹਿਲੋਂ ਇਲਾਕੇ ਦੇ ਪੌਣ ਪਾਣੀ, ਮਿੱਟੀ
ਦੀ ਕਿਸਮ ਅਤੇ ਪਹਿਲੋਂ ਲੱਗੇ ਰੁਖਾਂ ਅਤੇ ਬਨਸਪਤੀ ਬਾਰੇ ਜਾਣਕਾਰੀ ਇਕੱਠੀ ਕਰਨੀ
ਜ਼ਰੂਰੀ ਹੈ, ਨਹੀਂ ਤਾਂ ਵਾਤਾਵਰਣ ਤੇ ਧਰਤੀ ਦਾ ਨੁਕਸਾਨ ਵੀ ਹੋ ਸਕਦਾ ਹੈ। ਗੈਰ
ਜ਼ਰੂਰੀ ਤੇ ਨੁਕਸਾਨਦਾਇਕ ਕੀੜੇ ਮਕੌੜੇ ਵੀ ਵੱਧ ਸਕਦੇ ਹਨ। ਸਰਕਾਰ ਨੂੰ ਚਾਹੀਦਾ
ਹੈ ਕੇ ਈਕੋ ਬੈਲ਼ੰਸ ਰੱਖਣ ਲਈ ਰੁੱਖਾਂ ਦੀ ਇਲਾਕਾਈ ਵੰਡ ਕਰੇ ਤਾਂ
ਕਿ ਵਾਤਾਵਰਣ ਅਨੁਕੂਲ ਰਹਿ ਸਕੇ। ਆਪਣੀ ਧਰਤੀ ਲਈ ਭਾਵੁਕ ਹੋਣਾ ਚੰਗੀ ਗੱਲ ਹੈ,
ਪਰ ਧਰਤੀ ਪ੍ਰਤੀ ਜ਼ਿਮੇਵਾਰ ਹੋਣਾ ਸਿਆਣਪ ਗਿਣੀ ਜਾਵੇਗੀ। ਆਓ ਰੁੱਖ ਭਾਵੇਂ ਘੱਟ
ਲਾਈਏ, ਪਰ ਸਹੀ ਥਾਵਾਂ ਤੇ ਲੋੜੀਂਦੇ ਰੁੱਖ ਹੀ ਲਾਈਏ। (05/07/2019, 1099)
|
|
ਨਵੇਂ ਯੁੱਗ ਦੀ ਸ਼ੁਰੂਆਤ |
ਜ਼ਮਾਨਾ ਬਹੁਤ ਤੇਜ਼ੀ ਨਾਲ ਅੱਗੇ ਵੱਧ ਰਿਹਾ
ਹੈ। ਹਰ ਚੀਜ਼ ਵਿਚ ਤੇਜ਼ੀ ਹੈ। ਮਨੁੱਖ ਦੇ ਸੁਭਾਅ ਤੋਂ ਲੈਕੇ ਨਵੀਆਂ ਤਕਨੀਕਾਂ ਤਕ
ਹਰ ਕੋਈ ਕਾਹਲੀ ਵਿਚ ਹੈ। ਹਰ ਕੋਈ ਆਪਣਾ ਮਾਲ ਵੇਚਣਾ ਚਹੁੰਦਾ ਹੈ ਤੇ ਹਰ ਬੰਦਾ
ਨਵੀਂ ਚੀਜ਼ ਹੀ ਖਰੀਦਣੀ ਚਾਹੁੰਦਾ ਹੈ । ਬਿਲਕੁਲ ਨਵਾ ਤੇ ਸੌਖਾ ਲੈਦ ਦੀ
ਹੋੜ, ਲੋਕਾਂ ਨੂੰ ਕਰਜ਼ਈ ਬਣਾਈ ਜਾ ਰਹੀ ਹੈ। ਇਹ ਕਰਜ਼ਾ ਕਦੋਂ ਤੇ ਕਿਵੇਂ ਲੱਥਣਾ
ਹੈ, ਇਸ ਦਾ ਕਿਸੇ ਨੂੰ ਕੁਝ ਨਹੀਂ ਪਤਾ। ਖੇਤੀ ਮਸ਼ੀਨਰੀ ਵਿਚ ਵੀ ਤਕਨੋਲਜੀ ਨੇ
ਵੱਡੇ ਪੈਰ ਪਸਾਰੇ ਹਨ। ਉਪਗ੍ਰਹਿਾਂ ਦੀ ਮਦਦ ਨਾਲ ਚੰਲਣ ਵਾਲੇ ਟਰੈਕਟਰ। ਬਿੰਨਾ
ਕਿਸੇ ਵਾਹਕ ਦੇ ਸੈਂਕੜੇ ਖੇਤਾਂ ਵਿਚ ਆਪੇ ਕੰਮ ਕਰਨ ਲੱਗ ਪਏ ਹਨ। ਇਹ ਮਨੁੱਖ
ਨੂੰ ਆਲਸੀ ਬਨਾਉਣ ਵੱਲ ਕਦਮ ਹੈ। ਆਲਸੀ ਮਨੁੱਖ ਹੀ ਵੱਧ ਫਜ਼ੂਲ ਚੀਜ਼ਾਂ ਦੀ ਖਰੀਦ
ਕਰਦਾ ਹੈ ਤੇ ਕਰਜ਼ੇ ਦੇ ਭਾਰ ਥੱਲੇ ਦੱਬ ਹੋਕੇ ਖੁਦਕਸ਼ੀਆਂ ਦੇ ਰਾਹ ਪੈਂਦਾ ਹੈ।
ਮਸ਼ੀਨਰੀ ਦਾ ਮਤਲਬ, ਵੇਹਲੇ ਹੋ ਜਾਣਾ ਨਹੀਂ ਹੁੰਦਾ ਹੈ, ਇਹ ਵਿਹਲ ਖੇਤੀ ਜਾਂ
ਹੋਰ ਕੰਮਾਂ ਨੂੰ ਯੋਜਨਾਬੱਧ ਕਰਨ ਲਈ ਹੋਣੀ ਚਾਹੀਦੀ ਹੈ। ਆਉਣ ਵਾਲੇ ਸਮੇਂ ਵਿਚ
ਸਿਰਫ ਓਹੀ ਕਾਮਯਾਬ ਹੋਵੇਗਾ ਜਿਸ ਕੋਲ ਸਮੇਂ ਤੇ ਤਕਨੋਲਜੀ ਨੂੰ ਵਰਤਣ ਦੀ ਸਕੀਮ
ਹੋਵੇਗੀ। (29/06/2019, 1098)
|
|
ਪੰਜਾਬ ਤੇ ਪੂਸਾ 44 |
ਇਸ ਵੇਲੇ ਪੰਜਾਬ ਵਿਚ ਝੋਨੇ ਦੀ ਲਵਾਈ
ਜ਼ੋਰਾਂ ਤੇ ਹੈ। ਮਜ਼ਦੂਰਾਂ ਦੀ ਪੂਰੀ ਸੇਵਾ ਹੁੰਦੀ ਹੈ। ਦਿਨੇ ਕੰਮ ਕਰਦੇ ਹਨ
ਤੇ ਰਾਤ ਨੂੰ ਬੋਰਾਂ ਤੇ ਢੋਲਕੀ ਖੜਕਦੀ ਹੈ। ਪਰ ਦੇਖਣ ਵਾਲੀ ਗੱਲ ਤਾਂ ਇਹ ਹੈ
ਕੇ ਪੰਜਾਬ ਵਿਚ ਝੋਨੇ ਦੀ ਕਿਹੜੀ ਕਿਸਮ ਲੱਗ ਰਹੀ ਹੈ। ਪੰਜਾਬ ਦੇ ਖੇਤੀ ਅਦਾਰੇ
ਕਈ ਸਾਲਾਂ ਤੋਂ ਕਹਿ ਰਹੇ ਹਨ ਕੇ ਕਿਸਾਨਾਂ ਨੂੰ ਪੂਸਾ ਝੋਨਾ ਨਹੀਂ ਲਾਉਣਾ
ਚਾਹੀਦਾ, ਇਸ ਦੇ ਕਈ ਨੁਕਸ ਵੀ ਗਿਣਾਉਂਦੇ ਹਨ ਤੇ ਬਦਲਵੀਆਂ ਕਿਸਮਾਂ ਵੀ
ਸੁਝਾਉਂਦੇ ਹਨ। ਪਰ ਇਸ ਸਾਰੇ ਪ੍ਰਚਾਰ ਦੇ ਬਾਵਜੂਦ ਕਿਸਾਨ ਪੂਸਾ 44 ਦਾ ਖਹਿੜਾ
ਨਹੀਂ ਛੱਡ ਰਿਹਾ, ਇਸ ਵਾਰ ਇਹਦੇ ਬੀਜ ਦੀ ਬਹੁਤ ਮੰਗ ਸੀ, ਦੁਕਾਨਾਂ ਤੇ ਪਹਿਲੋਂ
ਸਾਈ ਦੇਣੀ ਪੈਂਦੀ ਸੀ। ਇਕ ਅਨੁਮਾਨ ਅਨੁਸਾਰ ਇਸ ਵਾਰ ਤਿੰਨ ਚੌਥਾਈ ਹਿੱਸਾ
ਕਾਸ਼ਤ ਪੂਸਾ ਦੀ ਹੀ ਹੋਵੇਗੀ। ਸੋਚਣ ਵਾਲੀ ਗੱਲ ਹੈ ਕਿ ਉਹ ਕਿਹੜੇ ਅਗਿਆਤ ਕਾਰਣ
ਹਨ, ਜੋ ਖੇਤੀ ਸੇਵਾਵਾਂ ਵਾਲਿਆਂ ਨੂੰ ਸਮਝ ਨਹੀਂ ਲੱਗੇ? ਜਾਂ ਕਿਉਂ ਕਿਸਾਨ
ਪੂਸਾ ਨੂੰ ਹੀ ਪਸੰਦ ਕਰਦਾ ਹੈ? ਧਰਤੀ ਹੇਠਲੇ ਪਾਣੀ ਲਈ ਜੇ ਅਦਾਰੇ ਫਿਕਰਮੰਦ ਹਨ
ਤਾਂ ਉਪਰੋਕਤ ਵਿਸ਼ੇ ਤੇ ਖੋਜ ਕਰਨੀ ਪਵੇਗੀ। ਆਮ ਦੇਸੀ ਕਿਸਾਨ ਦੀ ਗੱਲ ਸੁਣਨੀ
ਪਵੇਗੀ, ਤਾਂ ਹੀ ਉਹ ਸਾਡੀ ਗੱਲ ਸੁਣਨ ਲਈ ਰਾਜ਼ੀ ਹੋਵੇਗਾ। (24/06/2019,
1097)
|
|
ਖੂਹ ਬਣੇ ਭੂਤ |
ਪਾਣੀ ਮਨੁੱਖ ਦੀ ਪਹਿਲੀ ਲੋੜ ਹੈ, ਇਸੇ ਲਈ
ਮਨੁੱਖ ਦੀਆਂ ਪਹਿਲੀਆਂ ਬਸਤੀਆਂ ਦਾ ਵਾਸਾ ਦਰਿਆਵਾਂ ਦੇ ਕੰਢਿਆਂ ਤੇ ਹੀ ਹੋਇਆ।
ਮਨੁੱਖ ਨੇ ਵਿਕਾਸ ਦੀ ਭਾਲ ਵਿਚ ਜਦੋਂ ਦੂਰ ਜਾਣਾ ਸ਼ੁਰੂ ਕੀਤਾ ਤਾਂ ਉਸਨੂੰ ਖੂਹ
ਪੁੱਟਣ ਦਾ ਖਿਆਲ ਆਇਆ, ਕਹਿੰਦੇ ਹਨ ਪਹਿਲੇ ਖੂਹ 30,000 ਸਾਲ ਪਹਿਲੋਂ ਪੁੱਟੇ
ਗਏ। ਇਹਦੀਆਂ ਕੰਧਾਂ ਢਿੱਗਾਂ ਜਾਂ ਪੱਥਰ ਦੀਆਂ ਬਣਦੀਆਂ ਸਨ। ਪਾਣੀ ਲਈ ਇਸ ਵਿਚ
ਬੂਝਲੀਆਂ ਰੱਖੀਆਂ ਜਾਂਦੀਆਂ ਸਨ। ਸਮੇਂ ਨਾਲ ਡੂੰਘੀਆਂ ਖੂਹੀਆਂ ਹੋਂਦ ਵਿਚ
ਆਈਆਂ। ਅਜੋਕੇ ਸਮੇਂ ਵਿਚ ਇਹ ਸਭ ਕੁਝ ਨੂੰ ਮੱਛੀ ਮੋਟਰਾਂ ਨੇ ਪਿੱਛੇ ਧੱਕ
ਦਿੱਤਾ ਹੈ, ਆਮ ਲੋਕ ਤਿੰਨ ਤੋਂ ਪੰਜ ਇੰਚ ਦਾ ਬੋਰ ਕਰਦੇ ਹਨ, ਪਰ ਸਰਕਾਰੀ ਬੋਰ
ਵੀਹ ਇੰਚ ਤਕ ਵੀ ਹੁੰਦੇ ਹਨ। ਜੋ ਪਾਣੀ ਨਾ ਲੱਭਣ ਜਾਂ ਹੋਰ ਕਾਰਨਾਂ ਕਰਕੇ ਉਵੇਂ
ਹੀ ਛੱਡ ਦਿੱਤੇ ਜਾਂਦੇ ਹਨ। ਉਜਾੜ ਜਾਂ ਸ਼ਮਸ਼ਾਨ ਘਾਟਾਂ ਵਿਚਲੇ ਇਹ ਪੁਰਾਣੇ ਖੂਹ,
ਖੂਹੀਆਂ ਤੇ ਵੱਡੇ ਬੋਰ ਜਿੱਥੇ ਸੱਪਾਂ ਦਾ ਘਰ ਹੁੰਦੇ ਹਨ, ਉੱਥੇ ਕਿਸੇ ਭਟਕੇ
ਰਾਹੀ ਜਾਂ ਬੱਚੇ ਲਈ ਭੂਤ ਬਣ ਆਪਣੇ ਵਿਚ ਸੁੱਟ ਲੈਂਦੇ ਹਨ। ਇਸੇ ਤਰ੍ਹਾਂ
ਨੰਗੀਆਂ ਤਾਰਾਂ ਲਟਕਦੀਆਂ ਮਿਲ ਜਾਣਗੀਆਂ। ਸਰਕਾਰਾਂ ਕੋਲ ਹੋਰ ਬਥੇਰੇ ਝਮੇਲੇ
ਹੁੰਦੇ ਹਨ। ਇਸ ਲਈ ਹੁਣ ਇਹ ਸਾਡਾ ਹੀ ਫਰਜ਼ ਬਣਦਾ ਹੈ ਕਿ ਆਪਣੇ ਆਲੇ ਦੁਆਲੇ ਪਏ
ਇਹਨਾਂ ਲਾਵਾਰਸ ਮੌਤ ਦੇ ਖੂਹਾਂ ਦੀ ਨਿਸ਼ਾਨਦੇਹੀ ਕਰਕੇ ਆਪਣੇ ਇਲਾਕੇ ਦੇ ਪੰਚ,
ਸਰਪੰਚ, ਬੀਡੀਪੀਓ, ਕੋਂਸਲਰ, ਐਮ ਐਲ ਏ, ਐਮ ਪੀ
ਆਦਿ ਨੂੰ ਸੂਚਤ ਕਰਕੇ ਬੰਦ ਕਰਵਾਈਏ। ਅੱਜ ਕੱਲ ਤਾਂ ਤਕਰੀਬਨ ਹਰੇਕ ਕੋਲ ਕੈਮਰੇ
ਵਾਲਾ ਫੋਨ ਹੈ, ਫੋਟੋ ਵੀ ਖਿੱਚ ਕੇ ਪਾਈ ਜਾ ਸਕਦੀ ਹੈ। ਜਿਹਨਾਂ ਕੋਲ ਵੱਟਸਐਪ
ਹੈ, ਉਹ ਸਹੀ ਲੋਕੇਸ਼ਨ ਵੀ ਇਹਨਾਂ ਅਫਸਰਾਂ ਨੂੰ ਭੇਜ ਸਕਦੇ ਹਨ। ਇਸ ਕੰਮ ਤੇ ਕੋਈ
ਖਰਚਾ ਨਹੀਂ ਹੈ, ਪਰ ਸਕੂਨ ਮੁਫਤ ਵਿਚ ਮਿਲੇਗਾ । (18/06/2019, 1096)
|
|
ਕਿੱਥੇ ਗਿਆ ਪਾਣੀ ? |
ਪਿਛਲੇ ਲੇਖ ਵਿਚ ਦੱਸਿਆ ਸੀ ਕਿ ਪਾਣੀ ਦਾ
ਧਰਤੀ ਨਾਲ ਕੀ ਰਿਸ਼ਤਾ ਹੈ। ਇਸ ਗੱਲ ਨੂੰ ਬਹੁਤ ਲੋਕਾਂ ਨੇ ਨਵੀਂ ਜਾਣਕਾਰੀ ਵਜੋਂ
ਲਿਆ। ਆਓ ਅੱਜ ਗੱਲ ਨੂੰ ਹੋਰ ਸਪਸ਼ਟ ਕਰਦੇ ਹਾਂ। ਦੁਨੀਆਂ ਦੀ ਕੁਲ ਧਰਤੀ ਚ ਭਾਰਤ
ਕੋਲ ਢਾਈ (2.5) ਪ੍ਰਤੀਸ਼ਤ ਹੈ, ਪਰ ਦੁਨੀਆ ਦੇ ਕੁਲ ਵਰਤੋਂਯੋਗ ਪਾਣੀ ਦਾ 4
ਪ੍ਰਤੀਸ਼ਤ ਸਾਡੇ ਕੋਲ ਹੈ। ਏਨਾ ਪਾਣੀ ਹੋਣ ਦੇ ਬਾਵਜੂਦ, ਪਾਣੀ ਦੀ ਕਿੱਲਤ ਹੈ,
ਸੋਕਾ ਪੈਂਦਾ ਹੈ ਤੇ ਕਈ ਥਾਵਾਂ ਬੰਜਰ ਹੋ ਰਹੀਆਂ ਹਨ। ਆਖਰ ਕਿਉਂ ? ਦੇਸ਼ ਦੀ 33
ਪ੍ਰਤੀਸ਼ਤ ਥਾਂ ਉੱਤੇ ਹੀ, ਸਿਰਫ ਗੰਗਾ–ਬ੍ਰਹਮਪੁੱਤਰਾ–ਮੇਘਨਾ ਨਦੀ ਦਾ ਸੱਠ
ਪ੍ਰਤੀਸ਼ਤ ਤਾਜ਼ਾ ਪਾਣੀ ਹੈ। 6 ਪ੍ਰਤੀਸ਼ਤ ਪੱਛਮੀ ਤੱਟ ਦੀਆਂ ਨਦੀਆਂ ਵਿਚ
11 ਪ੍ਰਤੀਸ਼ਤ ਪਾਣੀ ਹੈ। ਬਾਕੀ ਦੇਸ਼ ਦੇ 60 ਪ੍ਰਤੀਸ਼ਤ ਇਲਾਕੇ ਵਿਚ ਸਿਰਫ 29
ਪ੍ਰਤੀਸ਼ਤ ਹੀ ਪਾਣੀ ਹੈ, ਉਹ ਵੀ ਇਕਸਾਰ ਨਹੀਂ। ਇਹ ਸਾਡੀ 70 ਸਾਲ ਦੀ ਨਕਾਮੀ ਹੈ
ਕਿ ਅਸੀਂ, ਸਿਆਸੀ ਕਾਰਣਾਂ ਕਰਕੇ ਦੇਸ਼ ਦੇ ਲੋਕਾਂ ਲਈ ਕੋਈ ਯੋਜਨਾ ਹੀ
ਨਹੀਂ ਬਣਾ ਸਕੇ। ਜੇਕਰ ਅਗਲੇ 10 ਸਾਲ ਲਾ ਕੇ ਵੀ ਇਹ ਨਦੀਆਂ ਜੋੜ ਲਈਆਂ ਜਾਣ
ਤਾਂ ਭਾਰਤ ਦੁਨੀਆ ਦਾ ਸਿਰੇ ਦਾ ਖੁਸ਼ਹਾਲ ਦੇਸ਼ ਬਣ ਸਕਦਾ ਹੈ। ਤੇਰ ਮੇਰ ਦੀ
ਝਗੜੇਬਾਜ਼ੀ ਛੱਡ ਕੇ ‘ਸਰਬੱਤ ਦੇ ਭਲੇ’ ਦੀ ਸੋਚਣ ਦੀ ਲੋੜ ਹੈ। ‘ਹਾਏ ਕੀ ਹੋ ਜੂ
?’ ਦੀ ਰੱਟ ਛੱਡ ਕੇ, ‘ਆਓ ਕੁੱਝ ਕਰੀਏ’ ਵੱਲ ਧਿਆਨ ਦੇਈਏ। ਕੁਦਰਤ ਆਪਾਰ ਹੈ,
ਉਸਨੇ ਆਪਣੀ ਰਚਨਾ ਨੂੰ ਕਦੇ ਖਤਮ ਨਹੀਂ ਹੋਣ ਦੇਣਾ, ਪਰ ਬੁਰਕੀ ਵੀ ਮੂੰਹ ਵਿਚ
ਨਹੀਂ ਪਾਉਣੀ । (07/06/2019, 1095)
|
|
ਕੀ ਪਾਣੀ ਸੱਚੀਂ ਮੁੱਕ ਜਾਵੇਗਾ ? |
ਇਹ ਸੁਆਲ ਅੱਜ ਹਰ ਪੰਜਾਬੀ ਦੀ ਜ਼ੁਬਾਨ ਉੱਤੇ
ਹੈ । ਲੋਕਾਂ ਨੂੰ ਸਮਝਾਇਆ ਜਾ ਰਿਹਾ ਹੈ, ਲੋਕਾਂ ਨੂੰ ਡਰਾਇਆ ਜਾ ਰਿਹਾ ਹੈ,
ਲੋਕਾਂ ਨੂੰ ਕਿਹਾ ਜਾ ਰਿਹਾ ਕਿ ਪਾਣੀ ਘੱਟ ਵਰਤੋ, ਪਾਣੀ ਖੇਤਾਂ ਨੂੰ ਨਾ ਲਾਓ
ਆਦਿ ਆਦਿ, ਕੇ ਧਰਤੀ ਹੇਠ ਪਿਆ ਪਾਣੀ ਦਾ ਘੜਾ ਮੁੱਕ ਜਾਣਾ ਹੈ, ਪੰਜਾਬ ਨੇ ਬੰਜਰ
ਹੋ ਜਾਣਾ ਹੈ। ਕਈ ਕਿਸਮ ਦਾ ਪ੍ਰਚਾਰ ਹੋ ਰਿਹਾ ਹੈ। ਪਰ ਕੀ ਇਹ ਸਭ ਕੁਝ ਸੱਚ ਹੈ
? ਜਦੋਂ ਧਰਤੀ ਹੇਠਲੇ ਪਾਣੀ ਵਾਰੇ ਸਾਇੰਸ ਦੀਆਂ ਕਿਤਾਬਾਂ 'ਚ ਪੜ੍ਹੀ ਦਾ ਤਾਂ
ਹੈਰਾਨੀ ਹੁੰਦੀ ਹੈ। ਪਾਣੀ, ਅੱਗ ਤੇ ਹਵਾ ਦਾ ਮੂਲ ਇਕੋ ਹੈ। ਇਕ ਦੂਜੇ ਨੂੰ
ਬਣਾਉਂਦੇ ਵੀ ਆਪਸ ਵਿਚ ਮਿਲਕੇ ਹਨ ਤੇ ਇਕ ਦੂਜੇ ਦਾ ਰੂਪ ਵੀ ਬਦਲਦੇ ਰਹਿੰਦੇ
ਹਨ। ਸਾਇੰਸ ਕਹਿੰਦੀ ਹੈ ਕਿ ਧਰਤੀ ਤੇ ਜਿੰਨ੍ਹਾਂ ਪਾਣੀ ਆਦਿ ਕਾਲ ਵਿਚ ਸੀ, ਉਸ
ਵਿਚ ਇਕ ਤੁਪਕੇ ਦਾ ਨਾ ਵਾਧਾ ਹੋਇਆ ਹੈ ਨਾ ਘਾਟਾ। ਇਹ ਗਤੀਸ਼ੀਲ ਹੋਣ ਕਰਕੇ
ਹਮੇਸ਼ਾ ਵੇਗ ਵਿਚ ਰਹਿੰਦਾ ਹੈ। ਪਹਾੜਾਂ ਤੋ ਪਿਘਲੀ ਬਰਫ ਤੇ ਪਿਆ ਮੀਂਹ ਧਰਤੀ
ਹੇਠਲੇ ਰੇਤੇ ਦੇ ਦਰਿਆਵਾਂ ਤੇ ਪੱਥਰਾਂ ਵਿੱਚਲੀਆਂ ਦਰਾੜਾਂ ਰਾਹੀ ਸਮੁੰਦਰ ਵੱਲ
ਨੂੰ ਜਾਂਦਾ ਹੈ। ਰਾਹ ਵਿਚ ਚਸ਼ਮੇ ਵੀ ਫੁੱਟਦੇ ਹਨ ਤੇ ਰਾਹ ਵੀ ਬਦਲ ਲੈਂਦਾ ਹੈ।
ਜੇਕਰ ਇਸ ਪਾਣੀ ਨੂੰ ਕੋਈ ਰਾਹ ਵਿਚ ਨਾ ਰੋਕੇ ਤਾਂ ਇਹ ਸਮੁੰਦਰ ਵਿਚ ਹੀ
ਜਾਵੇਗਾ। ਕਿਸੇ ਪਹਾੜੀ ਥਾਂ ਤੇ ਡੂੰਘੀ ਖੁਦਾਈ ਜਾਂ ਪਹਾੜ ਖਿਸਕਣ ਨਾਲ ਇਹ ਰੁਖ
ਬਦਲ ਸਕਦਾ ਹੈ। ਜੋ ਪਾਣੀ ਅਸੀਂ ਕੱਢਦੇ ਵੀ ਹਾਂ, ਆਖਰ ਉਹ ਵੀ ਕਿਸੇ ਨਾ ਕਿਸੇ
ਤਰੀਕੇ ਮੁੜ, ਧਰਤੀ ਜਾਂ ਸਮੁੰਦਰ ਵਿਚ ਹੀ ਚਲੇ ਜਾਂਦਾ ਹੈ, ਕੁਝ ਵਾਸ਼ਪੀਕਰਣ ਹੋ
ਜਾਂਦਾ ਹੈ। ਯਾਨੀ ਪਾਣੀ ਆਪਣਾ ਚੱਕਰ ਪੂਰਾ ਕਰੀ ਜਾਂਦਾ ਹੈ । ਅਗਲੀ ਗੱਲ ਕੁਦਰਤ
ਦੇ ਨੇਮ ਨੂੰ ਸਮਝਣ ਦੀ ਹੈ, ਉਸਨੇ ਧਰਤੀ ਦੇ ਵੱਖ ਵੱਖ ਭਾਗਾਂ ਨੂੰ ਵੱਖਰੇ ਮੌਸਮ
ਦਿੱਤੇ ਹੋਏ ਹਨ ਤੇ ਵਿਲੱਖਣ ਬਨਸਪਤੀ ਦਿੱਤੀ ਹੋਈ ਹੈ। ਇਸਨੂੰ ਕੁਦਰਤ ਨੇ ਕਦੇ
ਖਤਮ ਨਹੀਂ ਕਰਨਾ ਤੇ, ਇਸਨੂੰ ਖਤਮ ਕਰਨਾ ਬੰਦੇ ਦੇ ਵਸ ਵਿਚ ਵੀ ਨਹੀਂ ਹੈ। ਇਹ
ਚੱਕਰ ਥੋੜੇ ਬਹੁਤੇ ਫਰਕ ਨਾਲ ਚੱਲਦਾ ਹੀ ਰਹਿਣਾ ਹੈ। ਗੱਲਾਂ ਤਾਂ ਬਹੁਤ ਹਨ, ਪਰ
ਇਹ ਦਸ ਦੇਣਾ ਜ਼ਰੂਰੀ ਹੈ ਕਿ ਸਾਡੇ ਦੇਸ਼ ਦੇ ਕੁਲ ਵਰਤੋਂਯੋਗ ਪਾਣੀ ਦਾ ਅਸੀਂ
ਸਿਰਫ ਇਕ ਪ੍ਰਤੀਸ਼ਤ ਹਿੱਸਾ ਹੀ ਵਰਤ ਰਹੇ ਹਾਂ। ਇਹ ਸਾਡੀ ਯੋਜਨਾਵਾਂ ਦੀ ਨਲਾਇਕੀ
ਹੈ ਕਿ ਬਾਕੀ ਪਾਣੀ ਅਸੀਂ ਸਮੁੰਦਰ ਦੇ ਹਵਾਲੇ ਕਰ ਰਿਹੇ ਹਾਂ। ਪਾਣੀ ਨੂੰ ਸੰਜਮ
ਤੇ ਸੂਝ ਨਾਲ ਵਰਤਣ ਦੀ ਲੋੜ ਹੈ, ਡਰਨ ਦੀ ਲੋੜ ਨਹੀਂ । (01/06/2019, 1094)
|
|
ਸੁੰਦਰਤਾ ਬੇਮਿਸਾਲ |
ਹਰ ਮੌਸਮ ਦੀ ਆਪੋ ਆਪਣੀ ਖਾਸੀਅਤ ਹੁੰਦੀ ਹੈ।
ਪੰਜਾਬ ਵਿਚ ਗਰਮੀਆਂ ਸ਼ੁਰੂ ਹੁੰਦੇ ਹੀ ਦੋ ਖੂਬਸੁਰਤ ਰੁੱਖ, ਮਨਮੋਹਣੇ ਰੰਗ
ਬਿਖੇਰਦੇ ਹਨ। ਇਕ ਢੱਕ ਤੇ ਦੂਸਰਾ ਹੈ ਅਮਲਤਾਸ। ਇਹ ਇਕ ਚੁੱਪ ਚਾਪ ਜਿਹਾ ਰੁੱਖ
ਹੈ। ਪੰਜਾਬ ਵਿਚ ਪੀਲੇ ਰੰਗ ਨੂੰ ਉਦਾਸੀ ਦਾ ਰੰਗ ਮੰਨਿਆ ਜਾਂਦਾ ਹੈ, ਪਰ
ਅਮਲਤਾਸ ਤੇ ਪੀਲੇ ਰੰਗ ਦੇ ਹੜ੍ਹ ਦੀ ਸੁੰਦਰਤਾ, ਖੇੜੇ ਵੰਡਦੀ ਹੈ। ਇਸਦਾ ਫੁੱਲ
ਕੇਰਲਾ ਰਾਜ ਤੇ ਥਾਈਲੈਂਡ ਦਾ ਸਰਕਾਰੀ ਫੁੱਲ ਹੈ, ਇਸ ਰੁੱਖ ਦੇ ਹਰ ਹਿੱਸੇ,
ਜਿਵੇਂ ਪੱਤੇ, ਟਾਹਣੀਆਂ, ਫੁੱਲ, ਫਲੀਆਂ, ਜੜ੍ਹਾਂ ਸਭ ਕੁਝ ਤੋਂ ਕੋਈ ਨਾ ਕੋਈ
ਦਵਾਈ ਬਣਦੀ ਹੈ। ਇਹ ਬਹੁਤ ਹੀ ਸਖਤ ਜਾਨ ਰੁੱਖ ਹੈ। ਅੱਜ ਕੱਲ ਇਸਦੇ ਬੀਜ
ਰੁੱਖ ਨਾਲ ਲੱਗੀਆਂ ਫਲੀਆਂ ਤੋਂ ਪ੍ਰਾਪਤ ਕਰਕੇ, ਆਪ ਪਨੀਰੀ ਵੀ ਤਿਆਰ ਕਰ ਸਕਦੇ
ਹੋ। ਇਹ ਵੱਧਦਾ ਵੀ ਛੇਤੀ ਹੈ ਤੇ ਹੋਰਨਾਂ ਰੁੱਖਾਂ ਵਾਂਗ ਉੱਚਾ ਵੀ ਬਹੁਤਾ ਨਹੀਂ
ਜਾਂਦਾ, ਮੋਟਰਾਂ ਤੇ ਇਸ ਨੂੰ ਛਾਂ ਵਾਸਤੇ ਤੇ ਸੁਹੱਪਣ ਵਾਸਤੇ ਲਗਾਇਆ ਜਾ ਸਕਦਾ
ਹੈ ਤੇ ਨਾਲ ਦੀ ਨਾਲ, ਦੇਸੀ ਦਵਾਈਆਂ ਬਣਾਉਣ ਵਾਲਿਆਂ ਤੋਂ ਚਾਰ ਪੈਸੇ ਵੀ ਕਮਾਏ
ਜਾ ਸਕਦੇ ਹਨ। ਪਿੰਡ ਦੀ ਫਿਰਨੀ ਤੇ ਲੱਗੇ ਇਹਦੇ ਰੁੱਖ, ਪਿੰਡ ਚ ਆਉਣ ਵਾਲੇ
ਪ੍ਰਾਹੁਣਿਆਂ ਨੂੰ ਖੂਬਸੂਰਤ ਜੀ ਆਇਆਂ ਵੀ ਕਹਿਣਗੇ। (26/05/2019, 1093)
|
|
ਟਾਵਰਾਂ ਦੀ ਗੱਲ |
ਅਸੀਂ ਪੰਜਾਬੀ ਵੀ ਕਮਾਲ ਦੀ ਕੌਮ ਹਾਂ। ਜਦੋਂ
ਕਿਸੇ ਗੱਲ ਦੇ ਮਗਰ ਪੈਂਦੇ ਹਾਂ ਤਾਂ ਧੂੰਆਂ ਕੱਢ ਦੇਂਦੇ ਹਾਂ, ਫੇਰ ਸਾਡੇ ਲਈ
ਇਹ ਮਾਅਨਾ ਨਹੀਂ ਰੱਖਦਾ ਕੇ, ਕੀ ਸੱਚ ਹੈ ਤੇ ਕੀ ਝੂਠ ਹੈ, ਕੀ ਗਲਤ ਹੈ ਤੇ ਕੀ
ਸਹੀ ਹੈ। ਬਸ ਗੱਲ ਨੂੰ ਅਫਵਾਹ ਤੋਂ ਵੀ ਵੱਡੀ ਕਰਕੇ, ਸੱਚ ਜਿਹਾ ਹੀ ਬਣਾ ਦੇਂਦੇ
ਹਾਂ। ਪੰਜਾਬ ਦੇ ਵਿਗੜਦੇ ਵਾਤਾਵਰਣ ਨੂੰ ਲੈਕੇ ਕਈਆਂ ਨੇ ਹੱਟੀਆਂ ਖੋਹਲੀਆਂ
ਹੋਈਾਆਂ ਹਨ। ਉਹਨਾਂ ਨੂੰ ਹਰ ਚੀਜ਼ ਵਿਚ ਨੁੱਕਸ ਹੀ ਨੁੱਕਸ ਦਿੱਸਦੇ ਹਨ। ਜਿਵੇਂ
ਆਮ ਧਾਰਣਾ ਬਣਾ ਦਿੱਤੀ ਗਈ ਹੈ ਕਿ ਸਾਡੇ ਪੰਛੀ, ਖਾਸ ਕਰਕੇ ਘਰੇਲੂ ਚਿੜੀ,
ਟਾਵਰਾਂ ਨੇ ਖਤਮ ਕਰ ਦਿੱਤੀ ਹੈ। ਇਹ ਪ੍ਰਚਾਰ ਜ਼ੋਰਾਂ ਤੇ ਹੈ, ਤੇ ਦੇਖਾ ਦੇਖੀ
ਲੇਖਕ ਵੀ ਧੜਾ ਧੜ, ਕਵਿਤਾ, ਗੀਤ ਲੇਖ ਲਿਖੀ ਜਾ ਰਹੇ ਹਨ। ਲੋਕਾਂ ਨੂੰ ਇਹ ਸਚ
ਮਨਾ ਦਿੱਤਾ ਗਿਆ ਹੈ। ਪਰ ਇਹ ਕੋਰਾ ਝੂਠ ਹੈ। ਟਾਵਰਾਂ ਬਾਰੇ ਸੱਚ ਹੈ ਕਿ ਉਹ ਆਮ
ਰੇਡੀਓ ਦੀਆਂ ਤਰੰਗਾਂ ਦੇ ਲੱਗ ਪੱਗ ਹੀ ਤਰੰਗਾਂ ਛੱਡਦੇ ਹਨ ਜੋ 450 ਤੋਂ 3800
ਮੈਗਾ ਹਰਟਜ਼ ਤਕ ਹੀ ਹੁੰਦੀਆਂ ਹਨ ਤੇ ਹਰ ਮੀਟਰ ਬਾਦ ਚੌਗਣਾ ਘੱਟ ਜਾਂਦੀਆਂ ਹਨ।
ਇਹ ਮਾਇਕਰੋਵੇਵ ਨਾਲੋਂ ਕਈ ਲੱਖ ਗੁਣਾਂ ਘੱਟ ਹੁੰਦੀਆਂ ਹਨ।
ਟਾਵਰਾਂ ਦੀਆਂ ਇਹ ਤਰੰਗਾਂ ਮਨੁੱਖੀ ਸਰੀਰ ਤੇ ਅਸਰ ਨਹੀਂ ਕਰ ਸਕਦੀਆਂ, ਕੈਂਸਰ
ਲਈ ਡੀ ਐੱਨ ਏ ਤਕ ਤਾਂ ਪਹੁੰਚ ਹੀ ਨਹੀਂ ਸਕਦੀਆਂ। ਜਿਹੜੀ
ਚੀਜ਼ ਨੁਕਸਾਨ ਕਰਦੀ ਹੈ, ਉਹ ਹੈ ਫੋਨ ਨੂੰ ਕੰਨ ਦੇ ਨਾਲ ਲਾ ਕੇ ਸੁਣਨਾ, ਇਹ
ਪਰਦੇ ਤੇ ਅਸਰ ਕਰ ਸਕਦਾ ਹੈ। ਹੁਣ ਗੱਲ ਚਿੜੀਆਂ ਦੀ, ਉਹ ਤਾਂ ਰਹਿਣ ਲਈ
ਖੋੜ੍ਹਾਂ ਭਾਲਦੀਆਂ ਹਨ, ਉਹ ਤੁਸੀਂ ਪੱਕੇ ਘਰ ਬਣਾ ਲਏ ਤੇ ਇਸ ਕਰਕੇ ਚਿੜੀਆਂ
ਸ਼ਹਿਰਾਂ ਚੋਂ ਬਾਹਰ ਚਲੇ ਗਈਾਆਂ। ਬਾਹਰ ਜਾਕੇ ਦੇਖੋ, ਤੋਤੇ, ਤਿੱਤਰ, ਚਿੜੀਆਂ,
ਬਗਲੇ, ਬੁੱਜ, ਉੱਲੂ, ਸ਼ਿਕਰੇ, ਬਸੰਤੇ, ਗੁਟਾਰਾਂ, ਕਾਲੀ ਚਿੜੀ, ਮੱਛੀ ਮਾਰ ਆਦਿ
ਦੀ ਗਿਣਤੀ ਕਿੰਨੀ ਵੱਧ ਗਈ ਹੈ ਜਿਸ ਕਰਕੇ, ਗੰਡੋਏ ਤੇ ਡੱਡੂ ਵਰਗੇ ਕਿਸਾਨਾਂ ਦੇ
ਮਿੱਤਰ ਖਤਮ ਹੋਈ ਜਾ ਰਹੇ ਹਨ। ਇਵੇਂ ਹੀ ਕਈ ਹੋਰ ਗੱਲਾਂ ਵਿਚ ਭੇਡ ਚਾਲ, ਪੰਜਾਬ
ਦਾ ਨੁਕਸਾਨ ਕਰ ਰਹੀ ਹੈ। (18/05/2019, 1091)
|
|
ਕੀ ਕਹਿੰਦੀ ਏ ਸੱਥ ? |
ਦੇਸ਼ ਨੂੰ ਆਜ਼ਾਦ ਹੋਇਆਂ 72 ਸਾਲ ਹੋ ਚਲੇ
ਨੇ, ਪਰ ਪਿੰਡਾਂ ਦੇ ਮਸਲੇ ਹਾਲੇ ਵੀ ਓਹੀ ਨੇ। ਹਾਲੇ ਵੀ ਨਾਲੀਆਂ ਪੱਕੀਆਂ ਕਰਨ
ਲਈ ਗਰਾਂਟਾਂ ਆਈ ਜਾਂਦੀਆਂ ਨੇ ਤੇ ਪਤਾ ਨਹੀਂ ਕਿਹੜੇ ਛੱਪੜੀਂ ਜਾ ਵੱਸਦੀਆਂ ਨੇ।
ਲੋਕ ਹਰ ਵਸਤੂ ਉੱਤੇ ਟੈਕਸ ਦੇਈ ਜਾਂਦੇ ਨੇ, ਪਰ ਸਾਲ ਦਰ ਸਾਲ ਖਾਲੀ ਖਜ਼ਾਨੇ ਦੀ
ਹੀ ਖੁਸ਼ਬੂ ਆਉਂਦੀ ਹੈ। ਹਰ ਛੋਟੀ ਵੱਡੀ ਸੜਕ ਤੇ ਜਿੰਨੀ ਵੱਧ ਟੋਲ ਲਈ ਜਾਂਦੀ
ਹੈ, ਉਨ੍ਹੇ ਹੀ ਟੋਏ ਸਵਾਗਤ ਕਰਦੇ ਹਨ। ਕਈ ਵਾਰੀ ਤਾਂ ਦਿਲ ਕਰਦਾ, ਤੁਰ ਕੇ ਹੀ
ਆ ਜਾਂਦੇ, ਘੱਟੋ ਘੱਟ ਵੱਖੀਆਂ ਤਾਂ ਨਾ ਚੜ੍ਹਦੀਆਂ। ਗੱਲ ਕੀ, ਜਿਹੜਾ ਪਾਸਾ
ਫੋਲ੍ਹ ਲਵੋ, ਠਾਹ ਸੋਟਾ ਸਿਰ ਚ ਵੱਜਦਾ ਹੈ। ਆਖਰ 72 ਸਾਲਾਂ ਵਿਚ ਕਿਹੜੀ ਕਸਰ
ਰਹਿ ਗਈ ਕੇ ਲੋਕਾਂ ਦੀ ਰੋਜ਼ਮਰਾ ਜੀਵਨ ਵਿਚ ਕਸ਼ਟਾਂ ਨੇ ਥਾਂ ਬਣਾ ਲਈ। ਜੇ
ਸਰਸਰੀ ਨਜ਼ਰ ਵੀ ਮਾਰੀਏ ਤਾਂ ਸਾਫ ਦਿੱਸ ਪਵੇਗਾ ਕਿ ਮਿਹਨਤਕਸ਼ ਲੋਕ ਜਿਵੇਂ
ਕਿਸਾਨ, ਹੀ ਕਰਜ਼ਈ ਹੋ ਕੇ ਖੁਦਕਸ਼ੀਆਂ ਕਰਨ ਲਈ ਮਜ਼ਬੂਰ ਹੁੰਦੇ । ਪਿਛਲੇ ਸੱਤ
ਦਹਾਕਿਆਂ ਵਿਚ ਹਰ ਪੰਜ ਸਾਲ ਬਾਅਦ ਵੋਟ ਮੰਗਣ ਵਾਲਿਆਂ ਚੋਂ ਕਿਸੇ ਨੂੰ ਵੀ
ਮਜ਼ਬੂਰ ਹੋ ਕੇ ਮਰਨ ਦੀ ਨੌਬਤ ਨਹੀਂ ਆਈ। ਦਿਨ ਬ ਦਿਨ ਇਹ ਅਮੀਰ ਹੀ ਹੁੰਦੇ ਗਏ
ਹਨ। ਆਖਰ ਕੀ ਸਾਡਾ ਕੋਈ ਕਸੂਰ ਹੈ ? ਜਾਂ ਅਸੀਂ ਐਨੇ ਬੁੱਧੂ ਹਾਂ ਕੇ, ਆਪਣੇ ਆਪ
ਨੂੰ ਮਿੱਟੀ ਵਿਚ ਰੁੱਲਣ ਨੂੰ ਹੀ ਰਬ ਦੀ ਰਜ਼ਾ ਮੰਨੀ ਬੈਠੇ ਹਾਂ। ਪਿੰਡਾਂ ਵਿਚ
ਰੋਜ਼ ਸੱਥਾਂ ਜੁੱੜਦੀਆਂ ਹਨ, ਪਰ ਉਹ ਐਨੀਆਂ ਧਿਰਾਂ ਵਿਚ ਵੰਡੀਆਂ ਹੋਈਆਂ ਹਨ ਕਿ
ਲੋਕ ਮਸਲੇ ਪਿੱਛੇ ਰਹਿ ਜਾਂਦੇ ਹਨ ਤੇ ਸਾਰੀ ਕਹਾਣੀ, 'ਕੌਣ ਜਿੱਤੂ?' ਦੇ
ਬੇਨਤੀਜੇ ਤੇ ਵਿੱਛੜ ਕੇ ਘਰੋ ਘਰੀਂ ਤੁਰ ਜਾਂਦੀ ਹੈ । (11/05/2019, 1090)
|
|
ਗੁਣਕਾਰੀ ਪੌਦੇ ਲਾਓ |
ਰੁੱਖ ਇਸ ਧਰਤੀ ਦਾ ਅਹਿਮ ਹਿੱਸਾ ਤਾਂ ਹਨ
ਹੀ, ਪਰ ਮਨੁੱਖ ਲਈ ਬਹੁਤ ਹੀ ਅਹਿਮ ਹਨ। ਦੁਨੀਆਂ ਦੀ ਹਰ ਵਸਤੂ ਜੋ ਗੁਣਕਾਰੀ
ਹੈ, ਤਕਰੀਬਨ ਹਰੇਕ ਹੀ ਕਿਸੇ ਨਾ ਕਿਸੇ ਤਰੀਕੇ ਰੁੱਖਾਂ ਤੋਂ ਮਿਲਦੀ ਹੈ।
ਵਾਤਾਵਰਣ ਨੂੰ ਸ਼ੁਧ ਰੱਖਣਾ ਤਾਂ ਰੁੱਖ ਆਪਣਾ ਨੈਤਿਕ ਫਰਜ਼ ਹੀ ਸਮਝਦੇ ਹਨ। ਅਸੀਂ
ਵੀ ਚਾਹੁੰਦੇ ਹਾਂ ਕੇ ਚੰਗੇ ਰੁੱਖ ਲਾਏ ਜਾਣ, ਪਰ ਇਸਦੀ ਚੋਣ ਕਿਵੇਂ ਕਰਨੀ ਹੈ ,
ਇਹ ਇਕ ਵੱਡਾ ਮਸਲਾ ਹੈ। ਮਈ ਮਹੀਨੇ ਦੀ ਸ਼ੁਰੂਆਤ ਤੋਂ ਜੇ ਧਿਆਨ ਰੱਖਿਆ
ਜਾਵੇ ਤਾਂ ਇਹ ਮਸਲਾ ਹੱਲ ਹੋ ਸਕਦਾ ਹੈ। ਇਹਨਾ ਦਿਨਾਂ ਵਿਚ ਰੁੱਖਾਂ ਨੂੰ ਨਵੇਂ
ਪੱਤੇ ਤੇ ਫੱਲ ਲੱਗਦੇ ਹਨ। ਇਹੀ ਸਮਾਂ ਹੈ ਆਪਣੇ ਆਲੇ ਦੁਆਲੇ ਦੇ ਰੁੱਖਾਂ ਦੀ
ਨਿਸ਼ਾਨੀ ਰੱਖਣ ਦਾ। ਜੇ ਫਲਦਾਰ ਰੁੱਖ ਲਾਓਣੇ ਹਨ ਤਾਂ, ਚੰਗੇ ਫਲਾਂ ਵਾਲੇ ਰੁੱਖ
ਤੋਂ ਪਿਉਂਦਾ ਆਦਿ ਚੜਾਉਣ ਲਈ , ਉਹਨਾਂ ਤੇ ਨਿਸ਼ਾਨੀ ਲਾ ਲਵੋ, ਜਿਵੇਂ, ਅੰਬ
ਆਦਿ। ਗੁਣਕਾਰੀ ਪੌਦੇ, ਜਿਵੇ, ਅਰਜੁਨ, ਨਿੰਮ ਜਾਂ ਸੁਹੰਜਣਾ ਆਦਿ ਦੀ ਵੀ
ਪਹਿਚਾਣ ਕਰ ਲਵੋ, ਇਹਨਾਂ ਦੇ ਬੀਜ ਅਗਲੇ ਦੋ ਕੁ ਮਹੀਨੇ ਵਿਚ ਪੱਕਣਗੇ ਜੋ ਉਦੋਂ
ਇਕੱਠੇ ਕਰ ਲੈਣਾ। ਇਸ ਤਰਾਂ ਤੁਸੀ ਸੌਖੇ ਹੀ ਮੁਫਤ ਵਿਚ ਆਪਣੇ ਲਈ ਚੰਗੇ ਰੁੱਖ
ਪੈਦਾ ਕਰ ਸਕਦੇ ਹੋ। ਕਰੋ ਹਿੰਮਤ ਤੇ ਬਣੇ ਕੁਦਰਤ ਦੇ ਸਾਥੀ। ਫੋਟੋ – ਸੁਹੰਜਣੇ
ਦੇ ਚਿੱਟੇ ਫੁੱਲ (05/05/19, 1089)
|
|
ਕਦੇ ਧੁੱਪ ਕਦੇ ਛਾਂ |
ਜੀਵਨ ਦਾ ਪੰਧ ਪੂਰਾ ਕਰਨ ਦੇ ਲੱਖਾਂ ਤਰੀਕੇ
ਹੋਣਗੇ । ਹਰੇਕ ਵਿਅਕਤੀ ਨੂੰ ਭਾਵੇਂ, ਜਨਮ ਲੈਣ ਲਈ, ਸਮਾਂ ਤੇ ਸਥਾਨ ਚੁਣਨ ਦੀ
ਮਰਜ਼ੀ ਨਹੀਂ ਹੁੰਦੀ ਪਰ ਜੀਵਨ ਨੂੰ ਕਿਵੇਂ ਜਿਉਣਾ ਤੇ ਮਾਣਨਾ ਹੈ, ਇਹ ਸਮਝ, ਉਮਰ
ਦੇ ਦੂਜੇ ਦਹਾਕੇ ਵਿਚ ਆਉਣੀ ਸ਼ੁਰੂ ਹੋ ਜਾਂਦੀ ਹੈ। ਜਿਹੜਾ ਮਨੁੱਖ ਆਪਣੇ
ਆਲੇ ਦੁਆਲੇ ਨੂੰ ਪਰਖਣ ਦੀ ਸਮਝ ਰੱਖਦਾ ਹੈ, ਉਹ ਜੀਵਨ ਵਿਚ ਕਦੇ ਵੀ ਕਿਸੇ
ਉੱਲਝਣ ਵਿਚ ਨਹੀਂ ਫੱਸਦਾ ਹੈ। ਜਿਵੇਂ ਸਾਰੀ ਉਮਰ ਬੱਕਰੀਆਂ ਨੁੰ ਧੁੱਪੇ ਛਾਵੇਂ
ਕਰਦਿਆ ਹੀ ਲੰਘਾ ਦੇਣੀ। ਇਹ ਸਬਰ ਦਾ ਜੀਵਨ ਬੰਦੇ ਨੁੰ ਐਨਾ ਤੋਰ ਦਿੰਦਾ ਹੇ ਕਿ
ਕੋਈ ਵੀ ਬਿਮਾਰੀ, ਸਰੀਰ ਦੇ ਕੋਲੋਂ ਦੀ ਵੀ ਨਹੀਂ ਲੰਘਦੀ। ਬੱਕਰੀ ਦੇ ਦੁੱਧ
ਵਿਚ, ਕੁਦਰਤ ਦੀਆਂ ਜੜ੍ਹੀ ਬੂਟੀਆਂ ਦੇ ਸਾਰੇ ਗੁਣ ਹੁੰਦੇ ਹਨ ਜੋ ਮਨੁੱਖ ਦੀ
ਸਿਹਤ ਚੰਗੀ ਬਣਾਈ ਰੱਖਦੇ ਹਨ। ਬੱਕਰੀਆਂ ਦੇ ਮੁੱਲ ਵੀ ਚੰਗੇ ਮਿਲ ਜਾਂਦੇ ਹਨ।
ਆਮ ਮਹੀਨੇ ਖੰਡ ਦਾ ਲੇਲਾ 5,000 ਤੱਕ ਵੀ ਵਿੱਕ ਜਾਂਦਾ ਹੈ। ਪਲਿਆ ਕਾਲਾ
ਬੱਕਰਾ, ਖਾਸ ਦਿਨਾਂ ਵਿਚ 65,000 ਤਕ ਵੀ ਵਿਕ ਗਏ ਦੀਆਂ ਕਨਸੋਆਂ ਹਨ।
ਪਰ ਇਹ ਕੰਮ ਮਿਹਨਤ ਬਹੁਤ ਮੰਗਦਾ ਹੈ। ਜੰਗਲੀ ਜਾਨਵਰ, ਜਿਵੇਂ ਕੁੱਤੇ, ਬਿੱਲੇ,
ਬਾਘ ਆਦਿ ਬੱਕਰੀ ਚੁੱਕ ਵੀ ਲੈ ਜਾਂਦੇ ਹਨ। ਪੁਰਾਣੇ ਸਮਿਆਂ 'ਚ ਲੋਕ ਰੋਟੀ, ਜਾਂ
ਪੱਠੇ ਦੇ ਕੇ, ਇੱਜੜ ਨੂੰ ਆਪਣੇ ਖੇਤਾਂ ਵਿਚ ਠਹਿਰਾਉਂਦੇ ਸਨ ਤਾਂ ਕਿ ਰੇਤਲੇ
ਖੇਤ ਵਿਚ ਕੁਦਰਤੀ ਖਾਦ ਦਾ ਮਾਦਾ ਵੱਧੇ। ਹੁਣ ਸਮੇਂ ਬਦਲ ਚੁੱਕੇ ਹਨ। ਇਹ ਕਿੱਤਾ
ਪੰਜਾਬ ਵਿਚ ਬਹੁਤ ਘੱਟ ਗਿਆ ਹੈ। ਸ਼ਾਇਦ ਲੋਕਾਂ ਵਿਚ 70–80 ਧੁੱਪਾਂ ਸਹਿਣ ਦਾ
ਮਾਦਾ ਨਹੀਂ ਰਿਹਾ, ਜਾਂ ਫਿਰ ਪਿੰਡਾਂ ਚੋਂ ਉਡਾਰੀ ਮਾਰਨ ਦੀ ਕਾਹਲ ਹੈ ।
(27/04/2019, 1088)
|
|
ਕੁਥਾਵੇਂ ਉੱਗੀ ਖ਼ੁਸ਼ਬੂ |
ਜੋ ਪੌਦਾ ਆਪਣੀ ਮਰਜ਼ੀ ਨਾਲ ਉੱਗ ਪੈਂਦਾ ਹੈ
ਤੇ ਮਨੁੱਖ ਦੀ ਬੀਜੀ ਹੋਈ ਫਸਲ ਨਾਲ ਧਰਤੀ, ਹਵਾ, ਪਾਣੀ ਵਿਚੋਂ ਆਪਣਾ ਹਿੱਸਾ
ਮੰਗਦਾ ਹੈ, ਉਸ ਨੂੰ ਅਸੀਂ ਨਦੀਨ ਆਖ ਦੇਂਦੇ ਹਾਂ। ਹਰ ਹਰਬਾ ਵਰਤ ਕੇ ਦਾਡੀ
ਕੋਸ਼ਿਸ਼ ਹੁੰਦੀ ਹੈ ਕਿ ਇਹ ਸਦਾ ਲਈ ਮਰ ਜਾਵੇ। ਪਰ ਕੁਦਰਤ ਵੀ ਬਲਵਾਨ ਹੈ ਤੇ
ਇਹਨਾਂ ਪੌਦਿਆਂ ਨੂੰ ਅਜਿਹੀ ਸ਼ਕਤੀ ਬਖ਼ਸ਼ਦੀ ਹੈ ਕੇ, ਸੌ ਕੋਸ਼ਿਸ਼ਾਂ ਦੇ
ਬਾਵਜੂਦ ਵੀ ਇਹਨਾਂ ਦਾ ਬੀਜ ਨਸ਼ਟ ਨਹੀ਼ ਹੁੰਦਾ। ਕਾਰਣ ਬੜਾ ਸਪਸ਼ਟ ਹੈ, ਇਹ ਸਭ
ਨਦੀਨ ਮਨੁੱਖ ਤੇ ਹੋਰ ਜੀਵਾਂ ਲਈ ਗੁਣਕਾਰੀ ਵੀ ਹਨ। ਪੰਜਾਬ ਵਿਚ ਆਮ ਤੌਰ ਤੇ ਜੋ
ਨਦੀਨ ਪਾਏ ਜਾਂਦੇ ਹਨ ਉਹ ਹਨ: ਖੱਬਲ ਘਾਹ, ਬਰੂ, ਮੇਥਾ, ਡੀਲਾ, ਮਧਾਨਾ,
ਸਵਾਂ, ਸਰਕੰਡਾ, ਦੱਬ,ਚੁਲਾਈ, ਇੱਟਸਿੱਟ, ਚਰਿਆਈ ਬੂਟੀ, ਬਾਥੂ, ਦੌਧਕ, ਜੰਗਲੀ
ਪਾਲਕ, ਕਾਂਗਰਸ ਘਾਹ, ਕਰਾੜੀ, ਪੋਹਲੀ, ਮੈਨਾ, ਬਿੱਲੀ ਬੂਟੀ, ਭੱਖੜਾ,
ਤਾਂਦਲਾ ਆਦਿ ਹਨ। ਇਹ ਸਾਰੇ ਹੀ ਕਿਸੇ ਨਾ ਕਿਸੇ ਬਿਮਾਰੀ ਦਾ ਇਲਾਜ ਹਨ।
ਪੁਰਾਣੇ ਪੰਸਾਰੀ ਇਹਨਾਂ ਦੇ ਪੱਤੇ, ਟਾਹਣੀਆਂ, ਜੜ੍ਹਾਂ, ਫੁੱਲ ਜਾਂ ਬੀਜ ਆਦਿ
ਬਹੁਤ ਮਹਿੰਗੇ ਭਾਅ ਵੇਚਦੇ ਹਨ। ਇਨਾ ਦੀ ਪ੍ਰਾਪਤੀ ਲਈ ਦੱਖਣ ਅਤੇ ਪਹਾੜਾਂ ਤੋਂ
ਖਰੀਦ ਕੀਤੀ ਜਾਂਦੀ ਹੈ। ਬਸ ਇਹਨਾਂ ਦਾ ਕਸੂਰ ਇੰਨ੍ਹਾ ਹੀ ਹੈ ਕਿ ਗੁਣਵਾਨ
ਮਨੁੱਖਾਂ ਵਾਂਗ ਇਹ ਵੀ ਬੇਕਦਰੇ ਲੋਕਾਂ ਵਿਚ ਤੇ ਕੁਥਾਵਾਂ ਤੇ ਉੱਗ ਪੈਂਦੇ ਹਨ।
(23/04/2019, 1087)
|
|
ਸਾਂਝੀ ਕੰਧ |
ਪਿੰਡਾਂ ਵਿਚ ਸਾਂਝੀ ਕੰਧ ਦੀ ਬਹੁਤ ਅਹਿਮੀਅਤ
ਰੱਖਦੀ ਹੈ। ਇਹ ਆਪਸੀ ਪਿਆਰ ਤੋਂ ਲੈਕੇ ਪਰਿਵਾਰਾਂ ਦੇ ਉਜਾੜੇ ਤਕ ਦਾ ਕਾਰਣ ਬਣ
ਜਾਂਦੀ ਹੈ। ਪੁਸ਼ਤ ਦਰ ਪੁਸ਼ਤ ਜ਼ਮੀਨਾਂ ਦੀ ਵੰਡ ਤੋਂ ਲੈ ਕੇ, ਵਿਹੜਿਆਂ ਨੂੰ
ਸੁੰਗੜ ਜਾਣ ਲਈ ਮਜਬੂਰ ਕਰ ਦਿੰਦੀ ਹੈ। ਕਦੇ ਸਮਾਂ ਸੀ ਪਰਿਵਾਰਾਂ ਦੀ ਬਾਹਰਲੀ
ਕੰਧ ਉੱਤੇ ਰੰਗ ਬਿਰੰਗੇ ਕੱਚ ਦੇ ਟੁਕੜੇ ਲਗਾਏ ਜਾਂਦੇ ਸਨ ਤਾਂ ਕਿ ਜੰਗਲੀ
ਜਾਨਵਰ, ਅਵਾਰਾ ਕੁੱਤੇ, ਚੋਰ ਉੱਚਕੇ ਜਾਂ ਵਿਰੋਧੀ ਸਰੀਕੇ ਵਾਲੇ ਰਾਤ ਬਰਾਤੇ
ਹਮਲਾ ਨਾ ਕਰ ਸਕਣ। ਪਰ ਜਿਵੇਂ ਜਿਵੇਂ ਪਰਿਵਾਰਾਂ ਦੀ ਵੰਡ ਹੁੰਦੀ ਗਈ, ਘਰ ਤੇ
ਵਿਹੜੇ ਵੀ ਵੰਡੇ ਗਏ। ਸਾਂਝੀ ਕੰਧ ਪਾਉਂਦੇ ਹੋਏ, ਕਈ ਵਾਰੀ ਪੋਟਾ ਥਾਂ ਲਈ ਕਤਲ
ਤਕ ਹੋ ਗਏ। ਲੋਕ ਚੰਗੇ ਗੁਆਂਡੀ ਵਾਂਗ ਰਹਿਣਾ ਹੀ ਨਹੀ਼ ਭੁੱਲੇ, ਸਗੋਂ ਇਕ ਦੂਜੇ
ਦੀ ਲੋੜ ਵੇਲੇ ਕੰਮ ਆਉਣ ਦੀ ਥਾਂ , 'ਮੈਨੂੰ ਕੀ' ਤਕ ਪਹੁੰਚ ਗਏ ਹਨ। ਇਸੇ ਲਈ
ਹੁਣ ਲੋਕੀਂ ਸਾਂਝੀ ਕੰਧ ਤੇ ਵੀ ਕੱਚ ਦੇ ਟੁੱਕੜੇ ਲਾਉਣ ਲੱਗ ਪਏ ਹਨ। ਜਿੱਥੇ
ਆਰਥਿਕ, ਸਿਆਸੀ ਤੇ ਸਮਾਜਿਕ ਰੁਤਬੇ ਦੇ ਵੱਖਰੇਵੇਂ ਵੱਧ ਹਨ, ਉੱਥੇ ਇਹ ਨਫਰਤ
ਜ਼ਿਆਦਾ ਹੈ। ਆਪਸੀ ਭਾਈਚਾਰੇ ਵਾਲੀ ਸਾਂਝੀ ਕੰਧ ਕੱਚ ਰਹਿਤ ਤਾਂ ਹੁੰਦੀ ਹੀ ਹੈ,
ਨੀਵੀਂ ਵੀ ਹੁੰਦੀ ਹੈ। ਕਦੇ ਕਦੇ ਮਹਿਸੂਸ ਹੁੰਦਾ ਹੈ ਕਿ ਜਿਸ ਮਨੁੱਖ ਦੇ ਅੰਦਰ
ਕੱਚ ਹੋਵੇਗਾ, ਬਸ ਉਸੇ ਦੀ ਕੰਧ ਤੇ ਕੱਚ ਹੋਵੇਗਾ (12/04/2019, 1086)
|
|
ਕਿਹੜੇ ਸ਼ਹਿਰ ਚੱਲੀਏ? |
ਜਲਦੀ ਹੀ ਪੰਜਾਬ ਦੇ ਸਕੂਲਾਂ ਵਿਚ ਗਰਮੀਆਂ
ਦੀਆਂ ਛੁੱਟੀਆਂ ਹੋਣ ਵਾਲੀਆਂ ਹਨ। ਹਰ ਪਰਿਵਾਰ ਦੀ ਇੱਛਾ ਹੁੰਦੀ ਹੈ ਕੇ ਬੱਚਿਆਂ
ਨੂੰ ਕਿਸੇ ਰਮਣੀਕ ਥਾਂ ਤੇ ਘੁੰਮਣ ਲੈ ਕੇ ਜਾਣ। ਜਿੰਨਾਂ ਕੋਲ ਚੋਖੀ ਮਾਇਆ
ਹੁੰਦੀ ਹੈ ਉਹ ਤਾਂ ਵਿਦੇਸ਼ਾਂ ਨੂੰ ਵੀ ਚਲੇ ਜਾਂਦੇ ਜਨ। ਪਰ ਆਮ ਕੰਮਕਾਜੀ
ਪਰਵਾਰ ਲਈ ਪੈਸਾ ਤੇ ਸਮਾਂ ਕੱਢਣਾ ਮੁਸ਼ਕਲ ਹੁੰਦਾ ਹੈ, ਪਰ ਫਿਰ ਵੀ ਜੇ ਥੋੜੀ
ਸਕੀਮ ਘੜ ਲਈ ਜਾਵੇ ਤਾਂ ਕਾਫੀ ਖਰਚਾ ਬਚ ਸਕਦਾ ਹੈ। ਪੰਜਾਬ ਦੇ ਲਾਗੇ ਹਿਮਾਚਲ
ਦੇ ਕਈ ਸ਼ਹਿਰ ਤੇ ਕਸਬੇ ਹਨ ਜਿੱਥੇ ਰੇਲ ਵੀ ਜਾਂਦੀ ਹੈ, ਇਹ ਕਾਫੀ ਸਸਤੀ ਹੈ,
60 ਸਾਲ ਤੋਂ ਉੱਤੇ ਦੀ ਸਵਾਰੀ ਨੂੰ ਕਿਰਾਏ ਵਿਚ ਤੀਜਾ ਹਿੱਸਾ ਛੋਟ ਵੀ ਮਿਲ
ਜਾਂਦੀ ਹੈ। ਉੱਥੇ ਹਰ ਸ਼ਹਿਰ ਕਸਬੇ ਵਿਚ ਕਈ ਕਈ ਸਰਾਵਾਂ ਹੁੰਦੀਆਂ ਹਨ, ਬਹੁਤ
ਸਾਰੀਆਂ ਥਾਵਾਂ ਤੇ ਧਾਰਮਿਕ ਸਰਾਵਾਂ ਵੀ ਹਨ। ਇੱਥੇ ਕਿਰਾਇਆ ਨਾਮਾਤਰ ਹੁੰਦਾ
ਹੈ, ਬਹੁਤ ਥਾਵਾਂ ਤੇ ਮੁਫਤ ਕਮਰੇ ਦੇ ਨਾਲ ਲੰਗਰ ਵੀ ਮਿਲ ਜਾਂਦਾ ਹੈ। ਜਿਹਨਾਂ
ਕੋਲ ਜਾਣ ਦੇ ਆਪਣੇ ਸਾਧਨ ਹਨ ਉਹ ਕੋਸ਼ਿਸ਼ ਕਰਨ ਕੇ ਵੱਡੇ ਸ਼ਹਿਰ ਤੋਂ ਦੋ ਚਾਰ
ਮੀਲ ਪਹਿਲੋਂ ਜਾਂ ਬਾਅਦ ਰੁੱਕਣ, ਇੱਥੇ ਹੋਟਲਾਂ ਦਾ ਕਿਰਾਇਆ ਤਿੰਨ ਤੋਂ ਚਾਰ
ਗੁਣਾਂ ਘੱਟ ਹੁੰਦਾ ਹੈ। ਜੇ ਤੁਰਨ ਲੱਗੇ ਆਪਣੇ ਨਾਲ ਸੁੱਕੀ ਸਬਜ਼ੀ ਤੇ ਪਰੌਂਠੇ
ਬਣਾ ਕੇ ਲੈ ਜਾਵੋ ਤਾਂ ਇਹ ਬਹੁਤ ਕੰਮ ਆਉਂਦੇ ਹਨ। ਇਕ ਚਾਹ ਬਨਾਉਣ ਵਾਲੀ
ਕੇਤਲੀ, ਸੁੱਕਾ ਦੁੱਧ ਤੇ ਚਾਹ ਪੱਤੀ ਵੀ ਲਿਜਾਣਾ ਨਾ ਭੁੱਲੋ। ਸਫਰ ਵਿਚ ਫਾਲਤੂ
ਤੇ ਸੁੰਦਰ ਦਿਸਦੀਆਂ ਚੀਜ਼ਾਂ ਖਾਣ ਨਾਲ ਬੱਚੇ ਬਿਮਾਰ ਹੋ ਸਕਦੇ ਹਨ। ਜੇ ਮੌਸਮ
ਸੋਹਣਾ ਹੋਵੇ ਤਾਂ ਸ਼ਹਿਰ ਸਾਰੇ ਸੁੰਦਰ ਹਨ। ਆਲੇ ਦੁਆਲੇ ਤੁਰ ਕੇ ਜਾਣ ਨਾਲ
ਬੱਚਿਆਂ ਦੇ ਗਿਆਨ ਵਿਚ ਬਹੁਤ ਵਾਧਾ ਹੁੰਦਾ ਹੈ ਤੇ ਕੁਦਰਤ ਨਾਲ ਪਿਆਰ ਵੀ ਵੱਧਦਾ
ਹੈ। ਲਓ ਫਿਰ ਕਰ ਲਓ ਤਿਆਰੀ, ਹਾਂ ਸੱਚ ਪਹਾੜ ਚੋਂ ਕਦੇ ਗਰਮ ਕਪੜਾ ਨਾ ਖਰੀਦੋ,
ਇਹ ਸਭ ਲੁਧਿਆਣਿਓਂ ਹੀ ਬਣ ਕੇ ਜਾਂਦਾ ਹੈ ਤੇ, ਪਹਾੜਾਂ ਤੇ ਤਿਗਣੇ ਭਾਅ ਵਿੱਕਦਾ
ਹੈ । (06/05/2019, 1085)
|
|
ਓ ਜੱਟਾ ਕਿੱਥੇ ਵਿਸਾਖੀ ? |
ਹਾਲਾਤ ਬਦਲ ਗਏ ਹਨ। ਸਮਾਂ ਬਦਲ ਗਿਆ ਹੈ।
ਹੁਣ ਕਣਕ ਖੇਤ ਚੋਂ 22 ਕੁਇੰਟਲ ਨਿਕਲਦੀ ਹੈ, ਉਦੋਂ 4 ਮਣ ਨਿਕਲਦੀ ਸੀ ।
ਮਸੀਂ ਦਾਣੇ ਘਰ ਆਉ਼ਦੇ ਸੀ। ਖੁਸ਼ੀ ਤਾਂ ਹੋਣੀ ਹੀ ਸੀ। ਖੇਤਾਂ ਨਾਲ ਨੱਚ ਕੇ
ਸਾਂਝ ਪਾਉਣੀ ਹੀ ਸੀ। ਉਪਰਲੇ ਦੇ ਸ਼ੁਕਰਾਨੇ ਚ ਹੇਕਾਂ ਲੱਗਣੀਆਂ ਹੀ ਸਨ। ਧੋਤੇ
ਲੀੜੇ ਸੰਦੂਕਾਂ ਚੋਂ ਨਿਕੱਲਣੇ ਹੀ ਸਨ, ਤੇ ਇਹ ਸਭ ਵਿਸਾਖੀ ਬਣਨਾ ਹੀ
ਸੀ। ਹੁਣ ਦਾਣੇ ਸਿੱਧੇ ਮੰਡੀ ਵਿਚ ਜਾਂਦੇ ਹਨ। ਕੰਬਾਇਨ ਆਲੇ ਨੂੰ ਪੈਸੇ ਦੇਣ
ਲਈ, ਜੱਟ ਆੜ੍ਹਤੀਏ ਮੂਹਰੇ ਖੜ੍ਹਾ ਹੈ। ਮਨ ਨੂੰ ਫਿਕਰ ਨਚਾ ਰਹੇ ਹਨ। ਉਪਰਲੇ ਦੇ
ਨਾਮ ਤੇ ਠੱਗ ਜੀਪਾਂ ਵਿਚ ਧਾਰਮਿਕ ਵਰਦੀ ਪਾ, ਪਿੰਡਾਂ ਚੋਂ ਦਾਣਿਆਂ ਦੀਆਂ
ਬੋਰੀਆਂ ਲੁੱਟ ਰਹੇ ਹਨ। ਸ਼ਰਧਾ ਦਾ ਨਜ਼ਾਇਜ਼ ਫਾਇਦਾ ਉਠਾਇਆ ਜਾ ਰਿਹਾ ਹੈ। ਵਪਾਰਕ
ਅਦਾਰੇ ਤੁਹਾਡੀਆਂ ਜੇਬਾਂ ਚੋਂ ਹਿੱਸਾ ਲੈਣ ਨੂੰ ਕਾਹਲੇ ਹਨ। ਹੁਣ ਵਿਸਾਖੀ
ਕਿਹੜੀ ਗੱਲ ਨੂੰ ਆਖੀਏ? ਤਿਓਹਾਰ ਸਦੀਆਂ ਦਾ ਸਮਾਜਿਕ ਵਰਤਾਰਾ ਹੁੰਦੇ ਹਨ, ਪਰ
ਹਰ ਯੁੱਗ ਚ ਇਹਨਾਂ ਤੇ ਆਰਥਿਕਤਾ ਤੇ ਧਾਰਮਿਕਤਾ ਕਬਜ਼ਾ ਕਰਦੀ ਰਹੀ ਹੈ। ਇਹ ਕੋਈ
ਮਾੜੀ ਪਿਰਤ ਨਹੀਂ, ਪਰ ਮੂਲ ਸੋਚ ਦਾ ਖਤਮ ਹੋ ਜਾਣਾ, ਖਤਰਨਾਕ ਹੁੰਦਾ ਹੈ। ਜਦੋਂ
ਮਨ ਦੀ ਤੇ ਪਰਿਵਾਰਕ ਖੁਸ਼ੀ ਨਾ ਮਿਲ ਸਕੇ ਤਾਂ, ਤਿਓਹਾਰ ਸਿਰਫ ਇਕ ਖੁਸ਼ਕ ਰਸਮ ਹੀ
ਰਹਿ ਜਾਂਦੇ ਹਨ ਦਾਣੇ ਭਾਵੇਂ ਫੇਰ 4 ਮਣ ਤੋਂ 22 ਕੁਇੰਟਲ ਹੋ ਜਾਣ।
(28/03/2019, 1084)
|
|
ਵਹੀ ਖਾਤਾ ਤੇ ਕਿਸਾਨ |
ਦੁਨੀਆ ਵਿਚ ਤਕਰੀਬਨ ਹਰ ਕੋਈ, ਆਪਣੀ ਆਮਦਨ
ਤੇ ਖਰਚ ਦਾ ਹਿਸਾਬ ਰੱਖਦਾ ਹੈ, ਪਰ ਪੰਜਾਬ ਦੇ ਕਿਸੇ ਵੀ ਕਿਸਾਨ ਨੂੰ ਪੁੱਛ ਕੇ
ਦੇਖੋ ਕਿ, ਕੀ ਉਸਨੇ ਕਦੇ ਆਪਣੀ ਆਮਦਨ ਖਰਚ ਦਾ ਕੋਈ ਵਹੀ ਖਾਤਾ ਬਣਾਇਆ ਹੈ ?
ਤਾਂ ਜੇ ਜਵਾਬ ਹਾਂ ਵਿਚ ਮਿਲ ਜਾਵੇ ਤਾਂ ਸਮਝੋ, ਤੁਸੀਂ ਕਿਸੇ ਦੇਵਤੇ ਨੂੰ ਹੀ
ਮਿਲ ਰਹੇ ਹੋ। ਪੰਜਾਬ ਦੇ ਕਿਸਾਨ, ਆਪਣੀ ਖੇਤੀ ਜਿਨਸ ਤੋਂ ਹੁੰਦੀ ਆਮਦਨ ਦਾ
ਹਿਸਾਬ ਰੱਖਣ ਵਿਚ ਫਾਡੀ ਹਨ। ਇਸੇ ਤਰ੍ਹਾਂ, ਉਸਨੇ ਖਰਚ ਕਿੰਨ੍ਹਾਂ ਤੇ ਕਿੱਥੇ
ਕੀਤਾ, ਇਸਦਾ ਤਾਂ ਉਹ ਕੋਈ ਹਿਸਾਬ ਹੀ ਨਹੀਂ ਰੱਖਦਾ। ਆਪਣੀ ਆਮਦਨ ਤੇ ਖਰਚ ਦਾ
ਕੋਈ ਹਿਸਾਬ ਨਾ ਰੱਖਣਾ, ਇਕ ਬਹੁਤ ਹੀ ਮਾੜੀ ਆਦਤ ਹੈ। ਜੇਕਰ ਅਸੀਂ ਹਿਸਾਬ
ਰੱਖਾਂਗੇ ਤਾਂ ਹੀ ਸਾਨੂੰ ਪਤਾ ਲੱਗੇਗਾ ਕਿ ਅਸੀਂ ਕਿਉਂ ਤੇ ਕਿੱਥੇ ਘਾਟਾ ਖਾ
ਰਹੇ ਹਾਂ ਅਤੇ ਕਿੱਥੇ ਫਜ਼ੂਲ ਖਰਚ ਕਰ ਰਹੇ ਹਾਂ। 60 ਸਾਲ ਪਹਿਲੋਂ, ਖੇਤੀ
ਮਾਹਰਾਂ ਨੇ ਇਕ 50 ਸਫ਼ੇ ਦਾ ਵਹੀ ਖਾਤਾ ਬਣਾਇਆ ਸੀ, ਪਰ ਠੰਡੇ ਬਸਤੇ ਵਿਚ ਪਿਆ
ਰਿਹਾ। ਹੁਣ ਇਕ ਅਮਰੀਕਾ ਤੋਂ ਆਏ ਕਿਸਾਨ ਨੇ ਤਿੰਨ ਸਫ਼ੇ ਦਾ ਸੌਖਾ ਜਿਹਾ ਵਹੀ
ਖਾਤਾ ਤਿਆਰ ਕਰਕੇ ਮੁਫਤ ਜਾਰੀ ਕੀਤਾ ਹੈ, ਜੋ ਅੱਜ ਦੇ ਯੁੱਗ ਅਨੁਸਾਰ ਹੈ। ਇਸ
ਨੂੰ ਆਰਾਮ ਨਾਲ ਕਾਪੀ ਕੀਤਾ ਜਾ ਸਕਦਾ ਹੈ। ਇਸਦਾ ਇਕ ਹੋਰ ਫਾਇਦਾ ਹੋਵੇਗਾ ਕਿ
ਖੇਤੀ ਵਿਚ ਪੈ ਰਹੇ ਘਾਟੇ ਨੂੰ ਕਲਮਬੱਧ ਕਰਕੇ, ਸਰਕਾਰੀ ਤੰਤਰ ਨੂੰ ਇਕ ਸਬੂਤ
ਵਾਂਗ ਦਿੱਤਾ ਜਾ ਸਕੇਗਾ ਅਤੇ ਇਹ ਖੇਤੀ ਨੀਤੀਆਂ ਨੂੰ ਕਿਸਾਨ ਪੱਖੀ ਬਣਾਉਣ ਵਿਚ
ਸਹਾਈ ਵੀ ਹੋਵੇਗਾ। (28/03/2019, 1083)
|
|
ਫ਼ਾਲਤੂ ਚੀਜ਼ਾਂ ਦੀ ਵਰਤੋਂ |
ਹਰ ਘਰ ਦੇ ਵਿਚ ਬਹੁਤ ਸਾਰੀਆਂ ਫਾਲਤੂ ਚੀਜ਼ਾਂ
ਪਈਆਂ ਹੁੰਦੀਆਂ ਹਨ। ਖਾਸ ਕਰਕੇ ਖੇਤੀ ਨਾਲ ਸਬੰਧਤ ਚੀਜ਼ਾਂ, ਜਿਵੇਂ ਚੋਂਦੇ
ਡਰੰਮ, ਟੁੱਟੇ ਸੰਦ , ਬੇਕਾਰ ਪੁਰਜ਼ੇ, ਟਰੈਕਟਰਾਂ ਦੇ ਅੰਗ, ਪੁਰਾਣੇ
ਟਾਇਰ, ਲੱਕੜ ਦੇ ਖੁੰਡ, ਪਾਟੀਆਂ ਬੋਰੀਆਂ, ਜੰਮਿਆ ਸੀਮੈਂਟ, ਪੁੱਟੇ ਹੋਏ ਥੜੇ,
ਪੁਰਾਣੇ ਟੋਕੇ, ਬੇਲਣੇ, ਟੁੱਟੇ ਮੰਜੇ, ਪੁਰਾਣੇ ਟੀਵੀ ਆਦਿ ਆਦਿ। ਇਹ ਕਬਾੜ ਹਰ
ਘਰ ਦੀ ਕਹਾਣੀ ਹਨ। ਉੱਤੋਂ ਇਹ ਵਿਕਦੇ ਮਿੱਟੀ ਦੇ ਭਾਅ ਵੀ ਨਹੀਂ। ਇਹ ਸਿਰਫ ਥਾਂ
ਹੀ ਨਹੀਂ ਘੇਰਦੇ, ਸਗੋਂ ਰਾਹਾਂ ਵਿਚ ਅੜਿਕਾ ਵੀ ਬਣਦੇ ਹਨ। ਹੁਣ ਜੇਕਰ
ਅਸੀਂ ਥੋੜਾ ਜਿਹਾ ਆਪਣਾ ਦਿਮਾਗ ਲਾਈਏ ਤਾਂ ਇਹੀ ਚੀਜ਼ਾਂ ਸਾਡੇ ਕੰਮ ਆ ਸਕਦੀਆਂ
ਹਨ। ਜਿਵੇਂ ਪੁਰਾਣੇ ਡਰੰਮ ਵਿਚ ਕੁਝ ਕਿਲਾਂ ਤੇ ਟਾਂਕੇ ਲਾਕੇ ਵਧੀਆ ਬੈਠਣਯੋਗ
ਬੈਂਚ ਬਣਾਇਆ ਜਾ ਸਕਦਾ ਹੈ। ਥੋੜੀ ਬਹੁਤੀ ਕਲਾਕਾਰੀ ਕਰਕੇ, ਹਰ ਬੇਕਾਰ ਵਸਤੂ ਦਾ
ਕੁਝ ਨਾ ਕੁਝ ਬਣ ਸਕਦਾ ਹੈ। ਤੁਹਾਡੇ ਘਰੇ ਆਉਣ ਵਾਲੇ ਪ੍ਰਾਹੁਣੇ ਸ਼ਰਤੀਆ ਇਹਨਾ
ਨੂੰ ਪਸੰਦ ਕਰਨਗੇ। ਇਸਦੇ ਨਾਲ ਹੀ ਤੁਸੀਂ ਵਾਤਾਵਰਣ ਨੂੰ ਸ਼ੁੱਧ ਰੱਖਣ ਵਿਚ ਆਪਣਾ
ਯੋਗਦਾਨ ਵੀ ਪਾਵੋਗੇ। ਆਓ ਕਰੋ ਦਿਮਾਗੀ ਕਸਰਤ ਤੇ ਦੁਨੀਆ ਨੂੰ ਦਿਖਾਈਏ
ਪੰਜਾਬੀਆਂ ਦੀ ਕਲਾਕਾਰੀ । (16/03/2019, 1082)
|
|
ਇਹ ਵੀ ਸੇਵਾ ਹੈ |
ਸਰੀਰਕ ਅਰੋਗਤਾ ਹਰ ਬੰਦੇ ਦੀ ਲੋੜ ਹੈ। ਰੋਗੀ
ਸਰੀਰ ਨੂੰ ਠੀਕ ਕਰਨ ਲਈ, ਮਨੁੱਖ ਸੌ ਅਹੁੜ ਪਹੁੜ ਕਰਦਾ ਹੈ। ਕਦੇ ਕਾਮਯਾਬ ਹੋ
ਜਾਂਦਾ ਹੈ ਤੇ ਕਦੇ ਫੇਲ੍ਹ ਹੋ ਅਗਲੇ ਸਫਰ ਤੇ ਤੁਰ ਜਾਂਦਾ ਹੈ। ਜੇ ਆਲੇ ਦੁਆਲੇ
ਨਿਗਾਹ ਮਾਰੀਏ ਤਾਂ, ਲੱਖਾਂ ਹਸਪਤਾਲ, ਤੇ ਤਰ੍ਹਾਂ ਤਰ੍ਹਾਂ ਦੇ ਡਾਕਟਰ, ਸਾਡੀਆਂ
ਜੇਬਾਂ ਦੀ ਸਫਾਈ ਕਰਨ ਲਈ ਤਿਆਰੀ ਵਿਚ ਮਿਲ ਜਾਂਦੇ ਹਨ। ਪਰ ਸਾਰੇ ਹੀ ਇਸਤਰ੍ਹਾਂ
ਦੇ ਨਹੀਂ ਹੁੰਦੇ। ਮਨੁੱਖਤਾ ਲਈ ਦਰਦ ਰੱਖਣ ਵਾਲੇ ਵੀ ਬਹੁਤ ਹਨ। ਜ਼ਰੂਰੀ ਨਹੀਂ
ਕੇ ਬੰਦਾ ਡਾਕਟਰ ਹੋ ਕੇ ਹੀ ਸੇਵਾ ਕਰ ਸਕਦਾ ਹੈ। ਜਦ ਕੁਦਰਤ ਨੇ ਵਧੀਆ ਸਰੀਰ
ਬਣਾਇਆ ਹੈ ਤਾਂ ਫੇਰ ਅਸੀਂ ਰੋਗੀ ਹੀ ਕਿਉਂ ਹੁੰਦੇ ਹਾਂ? ਮੇਰੀ ਸਮਝ ਤਾਂ ਇਹੀ
ਕਹਿੰਦੀ ਹੈ ਕਿ ਅਸੀਂ ਹੀ ਕੋਈ ਗਲਤੀ ਜਾਂ ਅਜਿਹਾ ਕਰਦੇ ਹਾਂ, ਜੋ ਕੁਦਰਤ ਦੇ
ਨੇਮ ਦੇ ਉਲਟ ਹੁੰਦਾ ਹੈ। ਜਿਹੜੇ ਇਨਸਾਨ ਆਪਣੀ ਗਲਤੀ ਲੱਭ ਲੈਂਦੇ ਹਨ, ਤੇ ਗਲਤੀ
ਨੂੰ ਸੁਧਾਰ ਲੈਂਦੇ ਹਨ, ਉਹਨਾਂ ਦੇ ਠੀਕ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ।
ਇਸੇ ਤਰ੍ਹਾਂ ਕੁਝ ਰੋਗ ਪਰਹੇਜ਼ ਜਾਂ ਕੁਦਰਤੀ ਵਸਤੂਆਂ ਦੀ ਵਰਤੋਂ ਨਾਲ ਹੁੰਦੇ ਹੀ
ਨਹੀਂ। ਛੋਟੀ ਕਣਕ ਦਾ ਰਸ ਉਹਨਾਂ ਗੁਣਕਾਰੀ ਚੀਜ਼ਾਂ ਚੋਂ ਇਕ ਹੈ। ਮੌੜ ਮੰਡੀ ਦੇ
ਕੋਲ ਇਕ ਕਿਸਾਨ ਨਿਰਭੈ ਸਿੰਘ ਖਾਲਸਾ ਹੈ ਜੋ ਲਗਾਤਾਰ ਇਹ ਕਣਕ ਬੀਜਦਾ
ਹੈ। ਇਹ ਸੇਵਾ ਮੁਫਤ ਕਰਦਾ ਹੈ, ਲੋੜਵੰਦ ਨੇ ਬਸ ਆਪਣੇ ਹਿੱਸੇ ਦੇ ਰਸ ਜੋਗੀ ਕਣਕ
ਆਪ ਹੀ ਕੁੰਡੀ ਸੋਟੇ ਨਾਲ ਰਗੜਨੀ ਹੁੰਦੀ ਹੈ। (16/03/2019, 1081)
|
|
ਮੁਫ਼ਤੋ ਮੁਫ਼ਤੀ ਲਾਭ |
ਪੰਜਾਬ ਦੀ ਕਿਸਾਨੀ ਨੂੰ ਨਵੇਂ ਨਵੇਂ ਤਜਰਬੇ ਕਰਨ ਦੀ ਲੋੜ ਹੈ ਤਾਂ ਕੇ ਉਸਦੀ
ਆਮਦਨ ਵਿਚ ਵਾਧਾ ਹੋ ਸਕੇ। ਪਰ ਹਰ ਕਿਸਾਨ ਆਪਣੇ ਖੇਤਾਂ ਵਿਚਲੀ ਮੁੱਖ ਫਸਲ ਕਣਕ
ਤੇ ਝੋਨਾ ਛੱਡ ਕੇ ਰਾਜ਼ੀ ਨਹੀਂ। ਇਸੇ ਲਈ ਉਹ ਹੋਰ ਕੁਝ ਕਰਨ ਲਈ ਤਿਆਰ ਨਹੀਂ
ਹੁੰਦਾ। ਪਰ ਜੇ ਖਾਲੀ ਥਾਵਾਂ, ਜਿਵੇਂ ਬੋਰ ਦੇ ਲਾਗੇ ਜਾਂ ਹੋਰ ਖੂੰਜੇ ਆਦਿ ਵਿਚ
ਬਾਂਸ ਦੇ ਰੁੱਖ ਲਾ ਦਿੱਤੇ ਜਾਣ ਤਾਂ ਕਾਫੀ ਲਾਹੇਵੰਦ ਸੌਦਾ ਹੈ। ਖੁਸ਼ੀ ਗੱਲ ਹੈ
ਕੇ ਜੋ ਬਾਂਸ ਨੂੰ 1920 ਵਿਚ ਘਾਹ ਦੀ ਕਿਸਮ ਤੋਂ ਕੱਢ ਕੇ ਰੁੱਖ ਦੀ ਕਿਸਮ ਕਰ
ਦਿੱਤਾ ਗਿਆ ਸੀ, ਤਾਂ ਜੋ ਇਸਦੀ ਵਪਾਰਕ ਕਾਸ਼ਤ ਸਿਰਫ ਪਹਾੜਾਂ ਵਿਚ ਹੀ ਹੋ ਸਕੇ,
ਉਸ ਕਨੂੰਨ ਨੂੰ ਭਾਰਤ ਸਰਕਾਰ ਨੇ ਖਤਮ ਕਰ ਦਿੱਤਾ ਹੈ। ਹੁਣ ਬਾਂਸ ਦੀ ਕਾਸ਼ਤ
ਪੰਜਾਬ ਆਦਿ ਵਿਚ ਵੀ ਕੀਤੀ ਜਾ ਸਕਦੀ ਹੈ। ਇਸਦੀਆਂ ਕਈ ਕਿਸਮਾਂ ਹਨ। ਇਹ 3 ਸਾਲ
ਵਿਚ 70 ਫੁੱਟ ਤਕ ਵੀ ਚੱਲੇ ਜਾਂਦਾ ਹੈ। ਇਸਤੋਂ ਸੈਂਕੜੇ ਚੀਜ਼ਾਂ ਬਣਦੀਆਂ ਹਨ,
ਜਿਵੇਂ ਮੰਜੇ, ਸੋਫੇ, ਕੁਰਸੀਆਂ, ਗਮਲੇ, ਤਾਕੀਆਂ ਤੇ ਦਰਵਾਜ਼ੇ ਆਦਿ। ਇਹ ਸਭ ਕੁਝ
ਕਿਸਾਨ ਆਪੇ ਵੀ ਬਣਾ ਸਕਦਾ ਹੈ। ਵੱਡੀ ਗੱਲ ਹੈ ਕੇ ਆਮ ਬਾਰਸ਼ ਆਦਿ ਨਾਲ ਇਹਦੀ
ਲੱਕੜ ਖਰਾਬ ਵੀ ਨਹੀਂ ਹੁੰਦੀ। ਇਕ ਅੰਦਾਜ਼ੇ ਮੁਤਾਬਕ ਇਸ ਵੇਲੇ 30,000 ਕਰੋੜ ਦਾ
ਬਜ਼ਾਰ ਇਕੱਲੇ ਭਾਰਤ ਵਿਚ ਹੀ ਹੈ। ਜੋ ਪੰਜਾਬੀ ਹਿੰਮਤ ਕਰੇਗਾ, ਫਲ ਮਿਲਣਾ ਪੱਕਾ
ਤਹਿ ਹੈ। ਇਸਦੇ ਪੌਦੇ ਸਥਾਨਕ ਨਰਸਰੀਆਂ ਵਿਚ ਵੀ ਮਿਲਦੇ ਹਨ, ਜਾਂ ਫਿਰ ਹਿਮਾਚਲ
ਦੀਆਂ ਨਰਸਰੀਆਂ ਵਿਚ ਤਾਂ ਮਿਲ ਹੀ ਜਾਂਦੇ ਹਨ। (16/03/2019), 1080)
|
|
ਫ਼ਸਲਾਂ ਦੀ ਬੇਕਦਰੀ ਕਿਉਂ ? |
ਸਾਡੇ ਦੇਸ਼ ਵਿਚ ਕਿਸਾਨ ਹੀ ਇਕ ਅਜਿਹਾ
ਵਿਅਕਤੀ ਹੈ, ਜੋ ਆਪਣੀ ਉਪਜ ਆਪਣੀ ਮਰਜ਼ੀ ਦੀ ਕੀਮਤ ਤੇ ਨਹੀਂ ਵੇਚ ਸਕਦਾ, ਜਾਂ
ਕਹਿ ਲਵੋ, ਉਸਨੂੰ ਵੇਚਣ ਹੀ ਨਹੀਂ ਦਿੱਤੀ ਜਾਂਦੀ। ਇਹ ਗੁਲਾਮੀ ਵਰਗੀ ਗੱਲ ਜਾਂ
ਵਰਤਾਰਾ ਆਖਰ ਵਾਪਰਦਾ ਕਿਉਂ ਹੈ ? ਲੰਮੀ ਸੋਚ ਕਰਨ ਦੇ ਬਾਵਜੂਦ ਇਸਦਾ ਹੱਲ ਨਜ਼ਰ
ਨਹੀਂ ਆਉਂਦਾ। ਆਨਾਜ ਦੀ ਲੋੜ ਹਰੇਕ ਦੀ ਮੁੱਢਲੀ ਲੋੜ ਹੈ। ਆਨਾਜ ਨਾਲ ਸਬੰਧਿਤ
ਹੋਰ ਫਸਲਾਂ ਦੀ ਲੋੜ ਵੀ ਬਰਾਬਰ ਦੀ ਹੈ। ਪਿਛਲੇ ਸੈਂਕੜੇ ਸਾਲਾਂ ਤੋਂ ਰਾਜ
ਸੱਤਾ, ਕਿਸੇ ਨਾ ਕਿਸੇ ਤਰੀਕੇ ਕਿਸਾਨਾਂ ਨੂੰ ਹੀ ਬਲੀ ਦਾ ਬੱਕਰਾ ਬਣਾਉਂਦੀ ਰਹੀ
ਹੈ। ਉਸਨੂੰ ਪਤਾ ਹੈ ਕੇ ਜੇ ਇਹ ਵਰਗ ਰੱਜਵੀਂ ਰੋਟੀ ਖਾਣ ਲੱਗ ਪਿਆ ਤਾਂ, ਬਾਕੀ
ਵਪਾਰ ਮੱਧਮ ਪੈ ਜਾਣਗੇ। ਇਹ ਰੱਜੇ ਹੋਏ ਲੋਕ ਸਰਹੱਦਾਂ ਦੀ ਰਾਖੀ ਕਰਨ
ਨਹੀਂ ਤੁਰਨਗੇ। ਕਈ ਸਦੀਆਂ ਤੋਂ ਇਹ ਸੋਚ ਚੱਲੀ ਆ ਰਹੀ ਹੈ। ਇਹ ਵਰਤਾਰਾ ਬਾਕੀ
ਦੁਨੀਆ ਵਿਚ ਵੀ ਲੱਗਭਗ ਇਹੋ ਜਿਹਾ ਹੀ ਹੈ। ਇਹ ਮਿੱਟੀ ਦੇ ਪੁੱਤ, ਸਿਰਫ ਮਿੱਟੀ
ਨਾਲ ਮਿੱਟੀ ਹੋਣਾ ਹੀ ਨਹੀਂ ਜਾਣਦੇ, ਸਗੋਂ ਸ਼ਰੀਕੇ ਨੂੰ ਮਿੱਟੀ ਕਰਨ ਲਈ ਵੀ
ਕਾਹਲੇ ਰਹਿੰਦੇ ਹਨ। ਇਸੇ ਲਈ ਇਹ ਕਦੇ ਵੀ ਇਕੱਠੇ ਹੋ ਕੇ ਨਹੀਂ ਤੁੱਰ ਸਕਦੇ। ਇਹ
ਸ਼ਾਇਦ ਬਣੇ ਹੀ ਬਾਕੀ ਵਰਗਾਂ ਦੀ ਸੇਵਾ ਕਰਨ ਲਈ ਹਨ। ਨਾ ਕਦੇ ਰਾਜ ਸੱਤਾ ਸੁਧਰੇ,
ਤੇ ਨਾ ਹੀ ਇਹ ਕਦੇ ਆਪਣਾ ਸੁਭਾਅ ਬਦਲਣ। (16/03/2019, 1079)
|
|
ਜੇ ਮਿਲਜੇ ਪ੍ਰੇਰਨਾ |
ਭਾਵੇਂ ਲੋਕ ਪਿੰਡਾਂ ਤੋਂ ਸ਼ਹਿਰਾਂ ਜਾਂ
ਵਿਦੇਸ਼ਾਂ ਵੱਲ ਨੂੰ ਭੱਜ ਭੱਜ ਕੇ ਇਕੱਲਤਾ ਦਾ ਸੰਤਾਪ ਭੋਗੀ ਜਾਂਦੇ ਨੇ, ਪਰ
ਹਾਲੇ ਵੀ ਪਿੰਡਾਂ ਦੇ ਬਹੁਤੇ ਲੋਕ ਇਕ ਪਰਿਵਾਰ ਵਾਂਗ ਰਹਿੰਦੇ ਨੇ ਤੇ ਇਕ ਦੂਸਰੇ
ਦੇ ਦੁੱਖ ਸੁੱਖ ਵਿਚ ਭਾਈਵਾਲ ਹੁੰਦੇ ਹਨ। ਅੱਜ ਵੀ ਜੇ ਪਿੰਡ ਦਾ ਕੋਈ ਸਾਝਾਂ
ਕਾਰਜ ਹੋਵੇ ਤਾਂ ਕੋਈ ਆਰਥਿਕ ਜਾਂ ਸੇਵਾ ਦੀ ਤੋਟ ਨਹੀਂ ਆਉਣ ਦੇਂਦੇ। ਇਕ ਦੂਜੇ
ਤੋਂ ਪ੍ਰੇਰਨਾ ਲੈ ਕੇ ਆਪਣਾ ਫਰਜ਼ ਪੂਰਾ ਕਰਦੇ ਨੇ। ਪਿਛਲੇ ਦਿਨੀ ਸਤਲੁਜ ਬੇਟ
ਦੇ ਇਕ ਛੋਟੇ ਜਿਹੇ ਪਿੰਡ ਵਿਚ ਸਰਕਾਰੀ ਹਸਪਤਾਲ ਦੀ ਸਹਾਇਤਾ ਨਾਲ ਪਿੰਡ ਦੇ
ਨੌਜਵਾਨਾਂ ਨੇ ਖੂਨਦਾਨ ਕੈਂਪ ਲਾਇਆ ਸੀ। ਪਿੰਡ ਦੇ ਸਾਰੇ ਨੌਜਵਾਨ ਖੂਨ ਦਾਨ ਕਰ
ਰਹੇ ਸਨ। ਉੱਥੇ ਆਪਣੀ ਡਿਊਟੀ ਕਰਨ ਦੋ ਪੁਲਿਸ ਵਾਲੇ ਵੀ ਆਏ ਹੋਏ ਸਨ। ਸ਼ਾਇਦ
ਇਸੇ ਸਮਾਜਿਕ ਭਾਵਨਾ ਤੋਂ ਪ੍ਰੇਰਤ ਹੋ ਕੇ ਉਹਨਾਂ ਪੁਲਿਸ ਦੇ ਜਵਾਨਾਂ ਨੇ ਵੀ
ਖੂਨ ਦਾਨ ਕਰ ਦਿੱਤਾ। ਉਹਨਾਂ ਵਲੋਂ ਇਹ ਸਮਾਜ ਦਾ ਹਿੱਸਾ ਬਣਨ ਦਾ ਵਧੀਆ ਤਰੀਕਾ
ਸੀ। ਵਰਦੀ ਆਪਣੀ ਥਾਂ ਤੇ ਇਨਸਾਨੀਅਤ ਆਪਣੀ ਥਾਂ। ਇਸ ਵਰਤਾਰੇ ਨੂੰ ਵੇਖ ਲੋਕਾਂ
ਦੇ ਚਿਹਰਿਆਂ ਤੇ ਖਾਸ ਕਿਸਮ ਦੀ ਰੌਣਕ ਸੀ ਤੇ ਮੁਲਾਜਮਾਂ ਦੇ ਚਿਹਰਿਆ ਤੇ ਸਹਿਜ
ਦਾ ਜਲੌਅ ਸੀ। ਕਿਸੇ ਸੱਚ ਕਿਹਾ ਕਿ ਜੀਵਨ ਵਿਚ ਸਮਾਜ ਨੂੰ ਜੋ ਆਪਣਾ ਸਮਝੇਗਾ,
ਉਹੀ ਕੁਦਰਤ ਵਲੋਂ ਨਿਵਾਜਿਆ ਜਾਵੇਗਾ । ਇਹੀ ਮਨੁੱਖੀ ਧਰਮ ਕਰਮ ਹੈ।
(16/03/2019, 1078)
|
|
ਡੂੜ ਇੱਟ ਦੀ ਚੌਂਕੀਦਾਰੀ |
ਸੜਕਾਂ ਉੱਤੇ ਨਿੱਤ ਦਿਨ ਹੁੰਦੇ ਹਾਦਸਿਆਂ
ਵਿਚ ਜਿੱਥੇ ਲੋਕ ਦੀ ਲਾਪਰਵਾਹੀ ਵੀ ਜ਼ਿੰਮੇਵਾਰ ਹੈ, ਉੱਥੇ ਹੀ ਸੜਕਾਂ ਬਣਾਉਣ
ਵਾਲੇ ਮਹਿਕਮੇ ਵੀ ਕੋਈ ਕਸਰ ਨਹੀਂ ਛੱਡਦੇ ਹਨ। ਜਦ ਵੀ ਕਿਸੇ ਪਿੰਡ ਦੀ
ਲਿੰਕ ਰੋਡ ਬਣਦੀ ਹੈ ਤਾਂ ਬਿੰਨਾ ਕਿਸੇ ਅਗਾਂਊ ਨਿਸ਼ਾਨੀ ਦੇ ਸੜਕ ਬੰਦ ਕਰ ਦਿੱਤੀ
ਜਾਂਦੀ ਹੈ। ਕਾਰ ਸਕੂਟਰ ਵਾਲਾ ਪਿਆ ਭਟਕਦਾ ਰਵੇ। ਮਜ਼ਦੂਰ ਬਸ ਹੱਥ ਹਿਲਾਅ ਕੇ
'ਰਸਤਾ ਬੰਦ ਹੈ' ਦੱਸ ਦੇਣਗੇ। ਫੇਰ ਕਿੱਧਰ ਦੀ ਜਾਣਾ ਹੈ। ਮਾਰੋ ਟੱਕਰਾਂ । ਕਈ
ਵਾਰੀ ਤਾਂ ਪਤਲੀ ਜਿਹੀ ਸੜਕ ਤੇ ਵਾਪਸ ਵੀ ਨਹੀਂ ਮੁੜਿਆ ਜਾ ਸਕਦਾ ਹੁੰਦਾ।
ਵੱਗਦੀਆਂ ਸੜਕਾਂ ਤੇ ਕੋਈ ਨਿਸ਼ਾਨੀ ਲਾਉਣੀ, ਮਹਿਕਮੇ ਵੱਲੋਂ ਵੱਡਾ ਗੁਨਾਹ ਮੰਨਿਆ
ਜਾਂਦਾ ਹੈ। ਦੋ ਕੁ ਟੁੱਟੀਆਂ ਇੱਟਾਂ ਵੀ ਇਸ ਲਈ ਰੱਖਦੇ ਹਨ ਕਿ ਸੁੱਟੀ ਹੋਈ
ਬਜਰੀ ਜਾਂ ਰੇਤਾ ਮਿਣਨਾ ਹੁੰਦਾ ਹੈ। ਜੇ ਰਾਤ ਨੂੰ ਕਿਸੇ ਦੀ ਜਾਨ ਜਾਂਦੀ ਹੈ,
ਇਸ ਨੂੰ ਆਬਾਦੀ ਘਟਾਉਣ ਦੇ ਤਰੀਕੇ ਵਾਜੋਂ ਲਿਆ ਜਾਂਦਾ ਹੈ। ਜੇ ਇਹਨਾਂ ਲੋਕਾਂ
ਨੂੰ 'ਮਾਡਰਨ ਯਮਦੂਤ' ਮੰਨ ਲਿਆ ਜਾਵੇ ਤਾਂ ਕੋਈ ਅੱਤਕੱਥਨੀ ਨਹੀਂ ਹੋਵੇਗੀ।
(16/03/2019, 1077)
|
|
ਮਨੁੱਖ ਦੀਆਂ ਸੇਵਾਦਾਰ |
ਧਰਤੀ ਤੇ ਮਨੁੱਖ ਆਪਣੇ ਆਪ ਨੂੰ ਸਰਵ ਸ਼੍ਰੇਸ਼ਟ
ਜੀਵ ਮੰਨਦਾ ਹੈ। ਉਹ ਚਾਹੁੰਦਾ ਹੈ ਕਿ ਬਾਕੀ ਦੇ ਸਾਰੇ ਜੀਵ ਉਸ ਦੀ ਸੇਵਾ ਵਿਚ
ਲੱਗੇ ਰਹਿਣ, ਤੇ ਜੋ ਉਸਨੂੰ ਆਪੇ ਨਹੀਂ ਦੇਂਦਾ, ਉਸ ਤੋਂ ਖੋਹ ਲੈ਼ਦਾ ਹੈ। ਸ਼ਹਿਦ
ਦੀਆਂ ਮੱਖੀਆਂ ਵੀ ਉਹਨ ਪੀੜਤ ਜੀਵਾਂ ਵਿਚੋਂ ਹਨ। ਮੱਖੀਆਂ ਦੀਆਂ ਤਕਰੀਬਨ
20,000 ਕਿਸਮਾਂ ਵਿਚੋਂ 44 ਕਿਸਮਾਂ ਹੀ ਸ਼ਹਿਦ ਪੈਦਾ ਕਰਦੀਆਂ ਹਨ। ਇਹ ਕਈ ਕਿਸਮ
ਦਾ ਸ਼ਹਿਦ ਪੈਦਾ ਕਰਦੀਆਂ ਹਨ। ਕੁਝ ਯੋਰਪ ਤੇ ਅਫਰੀਕਨ ਕਿਸਮਾਂ ਏਨਾ ਸ਼ਹਿਦ ਪੈਦਾ
ਕਰਦੀਆਂ ਹਨ ਕਿ ਮਨੁੱਖ ਦੀਆਂ ਲੋੜਾਂ ਪੂਰੀਆਂ ਹੋ ਜਾਂਦੀਆਂ ਹਨ। ਪਹਾੜਾਂ
ਵਿਚਲੀ ਚਿੱਟੀ ਮੱਖੀ ਦਾ ਸ਼ਹਿਦ ਬਹੁਤ ਗੁਣਕਾਰੀ ਗਿਣਿਆ ਗਿਆ ਹੈ। ਪਰ ਸ਼ਹਿਦ ਹਰਇਕ
ਲਈ ਗੁਣਕਾਰੀ ਨਹੀਂ ਹੁੰਦਾ, ਅਗਰ ਜਿਸ ਪਦਾਰਥ ਨਾਲ ਛੱਤੇ ਵਿਚਲੇ ਸ਼ਹਿਦ ਨੂੰ
ਢੰਕਿਆ ਹੁੰਦਾ ਹੈ, ਖਾਧਾ ਜਾਵੇ ਤਾਂ ਨੁਕਸਾਨ ਵੀ ਕਰ ਸਕਦਾ ਹੈ। ਮੱਖੀਆਂ
ਗਰਮੀਆਂ ਨਾਲੋਂ ਸਰਦੀਆਂ ਵਿਚ ਵੱਧ ਮਰਦੀਆਂ ਹਨ। ਇਸ ਲਈ ਜੰਗਲੀ ਮੱਖੀਆਂ
ਦਰੱਖਤਾਂ ਦੀਆਂ ਖੋੜ੍ਹਾਂ ਵਿਚ ਵੀ ਛੱਤੇ ਬਣਾ ਲੈਂਦੀਆਂ ਹਨ। ਇਹਨਾਂ ਦਾ ਡੰਗ
ਘੱਟ ਅਸਰ ਕਰਦਾ ਹੈ, ਇਸੇ ਲਈ ਇਹ, ਖੋੜ੍ਹਾਂ, ਚਟਾਨਾ ਦੇ ਅੰਦਰ ਜਾਂ ਕੰਢੇਦਾਰ
ਝਾੜੀਆਂ ਵਿਚ ਛੱਤੇ ਬਣਾਉਂਦੀਆਂ ਹਨ। ਇਹਨਾਂ ਦਾ ਸ਼ਹਿਦ ਥੋੜ੍ਹਾ ਪਰ ਵੱਧ
ਗੁਣਕਾਰੀ ਹੁੰਦਾ ਹੈ। ਇਹ ਗੱਲ ਵੀ ਯਾਦ ਰੱਖਣ ਵਾਲੀ ਹੈ ਕਿ ਸ਼ਹਿਦ ਜਰੂਰੀ ਨਹੀਂ
ਹਰ ਬੰਦੇ ਦੇ ਮਾਫਿਕ ਆਵੇ। ਦੁਨੀਆ ਵਿਚ ਹਾਲੇ ਕਿਸੇ ਵੀ ਥਾਂ ਤੇ ਸ਼ਹਿਦ ਦੇ ਸਹੀ
ਗੁਣਾਂ ਜਾਂ ਔਗਣਾ ਬਾਰੇ ਪੱਕੀ ਖੋਜ ਨਹੀਂ ਹੋਈ ਹੈ। ਇਸ ਲਈ ਖਾਣ ਤੋਂ ਪਹਿਲੋਂ
ਸਾਵਧਾਨੀ ਜ਼ਰੂਰ ਵਰਤ ਲੈਣੀ ਚਾਹੀਦੀ ਹੈ। (01/02/2019)
|
|
|
|
|
|
|