|
ਜਿੰਨ ਪਹਾੜੋਂ ਲੱਭਾ |
ਪੁਰਾਣੇ ਸਮੇਂ 'ਚ ਗੱਲ ਸੁਣਦੇ ਹੁੰਦੇ ਸੀ,
ਇਕ ਸਾਧੂ, ਜੰਗਲਾਂ, ਪਹਾੜਾਂ ਚ ਘੁੰਮਦਾ ਫਿਰਦਾ ਸੀ। ਇਕ ਦਿਨ ਉਹ ਥੱਕ ਗਿਆ ਤੇ
ਇਕ ਵੱਡੇ ਰੁੱਖ ਨਾਲ ਢਾਸਣਾ ਲਾ ਕਿ ਬਹਿ ਗਿਆ। ਜਦੋਂ ਉਸਨੂੰ ਜਾਗ ਆਈ ਤਾਂ ਕੀ
ਵੇਖਦਾ ਹੈ ਕਿ ਮਿੱਟੀ ਨਾਲ ਲਿਬੜਿਆ ਇਕ ਭਾਂਡਾ ਥੋੜੀ ਦੂਰ ਪਿਆ ਸੀ। ਉਸਨੇ ਉਹ
ਭਾਂਡਾ ਚੱਕ ਲਿਆ ਤੇ ਸੋਚਣ ਲੱਗ ਪਿਆ ਕਿ ਹੁਣ ਨਦੀ ਤੋਂ ਪਾਣੀ ਨਾਲ ਭਰ ਕਿ ਕੋਲ਼
ਰਖਿਆ ਕਰਾਂਗਾ। ਥੋੜੀ ਦੂਰ ਹੀ ਨਦੀ ਆ ਗਈ। ਉਹ ਪਾਣੀ ਭਰਨ ਤੋਂ ਪਹਿਲੋਂ, ਭਾਂਡੇ
ਨੂੰ ਮਾਂਜਣ ਲੱਗ ਪਿਆ। ਜਿਉਂ ਹੀ ਉਸਨੇ ਹੱਥ ਫੇਰਿਆ, ਤਦੇ ਹੀ ਇਕ ਜਿੰਨ ਪ੍ਰਗਟ
ਹੋ ਗਿਆ। ਜਿੰਨ ਕਹਿੰਦਾ ਕਿ ਅੱਜ ਤੋਂ ਤੂੰ ਮੇਰਾ ਮਾਲਕ, ਜੋ ਮਰਜ਼ੀ ਕੰਮ ਕਰਾ,
ਬਸ ਵਿਹਲਾ ਨਾ ਛੱਡੀ, ਨਹੀਂ ਤੇ ਮੈ ਤੈਨੂੰ ਖਾ ਜਾਊਂ। ਕੁਝ ਸਮਾਂ ਤਾਂ ਚੰਗਾ
ਲੰਘ ਗਿਆ, ਤੇ ਫੇਰ ਇਕ ਦਿਨ ਉਹ ਜਿੰਨ ਦਾ ਭੋਜਨ ਬਣ ਗਿਆ। ਅੱਜ ਫੇਰ ਲੋਕਾਂ ਨੂੰ
ਇਕ ਜਿੰਨ ਮਿਲ ਗਿਆ ਹੈ, ਜੋ ਸਭ ਕੁਝ ਖਾ ਚੁੱਕਾ ਹੈ। ਸਿਨਮਾ, ਨਾਟਕ, ਨਾਚ,
ਕੰਮਪੀਊਟਰ, ਟੀਵੀ, ਫੋਨ, ਰਿਸ਼ਤੇ ਨਾਤੇ ਆਦਿ ਆਦਿ। ਕੀ ਪਿੰਡ, ਕੀ ਸ਼ਹਿਰ ਇਹ ਹਰ
ਇਕ ਦੇ ਹੱਥ ਬੰਨੀ ਬੈਠਾ ਹੈ। ਦਿਨ ਹੈ ਜਾਂ ਰਾਤ, ਬੱਚਾ ਹੈ ਜਾਂ ਬਜ਼ੁਰਗ ਸਭ
ਆਪਣੇ ਆਪ ਨੂੰ ਮਾਲਕ ਸਮਝ ਰਹੇ ਹਨ। ਹਾਲੇ ਜਿੰਨ ਵੀ ਬਹੁਤ ਰੁਝਿਆ ਹੋਇਆ ਹੈ। ਪਰ
ਜਲਦੀ ਹੀ ਇਸ ਨੂੰ ਮਨੁਖੱਤਾ ਦਾ ਮਾਸ ਮਿਲਣ ਵਾਲਾ ਹੈ। ਕਾਸ਼ ਕੋਈ ਇਸ ਤਕਨੋਲਜੀ
ਦੇ ਪੈਦਾ ਕੀਤੇ ਜਿੰਨ ਨੂੰ ਵਾਪਸ ਪਹਾੜਾਂ ਵਿਚ ਦੱਬ ਆਵੇ।
(09/11/17) |
|
ਉੱਜੜੇ ਵਾਰੋ ਵਾਰੀ |
ਦੁਨੀਆ ਵਿਚ ਸਭ ਤੋਂ ਅਸਥਿਰ ਵਰਤਾਰਾ,
ਸਭਿਆਚਾਰ ਹੀ ਹੁੰਦਾ ਹੈ। ਇਹ ਪਾਣੀ ਦੀਆਂ ਲਹਿਰਾਂ ਵਾਂਗ ਹੁੰਦਾ ਹੈ। ਆਉਂਦੀ
ਲਹਿਰ ਬੜੀ ਸੋਹਣੀ ਤੇ ਤਾਕਤਵਾਰ ਲੱਗਦੀ ਹੈ ਪਰ ਛੇਤੀ ਹੀ ਸਮੁੰਦਰ ਵਿਚ ਗੁੰਮ ਹੋ
ਜਾਂਦੀ ਹੈ। ਇੰਝ ਹੀ ਸਭਿਆਚਾਰ ਦੀ ਰਵਾਨੀ ਹੁੰਦੀ ਹੈ। ਭੋਤਿਕ ਲੋੜਾਂ ਚੋ ਪੈਦਾ
ਹੋਈਆਂ ਵਸਤੂਆਂ ਤੇ ਪਹਿਰਾਵੇ, ਇਕੋ ਝੱਟਕੇ ਨਾਲ ਬਦਲ ਜਾਂਦੇ ਹਨ। ਚਾਦਰੇ
ਕੁੜਤੇ, ਪੈਂਟਾਂ ਕਮੀਜ਼ਾਂ ਵਿਚ ਬਦਲ ਗਏ। ਜੀਨਾਂ ਨੇ ਸਲਵਾਰਾਂ ਘਗਰੇ ਪਿੱਛੇ
ਸੁੱਟ ਦਿੱਤੇ। ਦਾਤੀਆਂ ਨੂੰ ਕੰਬਾਇਨਾਂ ਨੇ ਵਿਹਲੇ ਕਰ ਦਿੱਤਾ। ਗੱਲ ਕੀ ਹਰ
ਯੁੱਗ ਦੇ ਵਿਚ ਕੁਝ ਨਾ ਕੁਝ ਬਦਲ ਜਾਂਦਾ ਹੈ। ਘਰਾਂ ਵਿਚ ਪਏ ਸੰਦੂਕ, ਔਰਤਾਂ ਦੇ
ਮੋਹ ਤੋਂ ਮੁਕਤ ਹੋ ਕੇ ਬੈਂਕਾਂ ਦੇ ਲਾਕਰ ਬਣ ਗਏ ਹਨ। ਕਦੇ ਜੋ ਪੱਕੀ ਲੱਕੜ ਦਾ
ਮਹਿੰਗਾ ਸੰਦੂਕ ਹੁੰਦਾ ਸੀ, ਅੱਜ ਸਿਰਫ, ਅਜਾਇਬ ਘਰਾਂ ਦਾ ਹਿੱਸਾ ਹੀ ਰਹਿ ਗਿਆ
ਹੈ। ਘਰਾਂ ਵਿਚੋਂ ਸਫਾਈ ਦੇ ਨਾਮ ਤੇ ਕਈ ਤਾਂ ਚੁੱਲ੍ਹੇ ਦੀ ਭੇਂਟ ਵੀ ਚੜ੍ਹ
ਚੁੱਕੇ ਹਨ। ਸਮਾਂ ਹੀ ਤਬਦੀਲੀ ਲਿਆਉਂਦਾ ਹੈ ਤੇ ਤਬਦੀਲੀ ਹੀ ਸਮਾਂ ਹੈ। ਘੜੀ
ਤਾਂ ਬਸ ਸਿਰਫ ਘੁੰਮਣ ਜੋਗੀ ਹੀ ਹੈ। ਇਹ
ਮਨੁੱਖੀ ਮਨ ਦੀ ਚਾਲ ਹੀ ਹੈ, ਜੋ ਸਭ ਨੂੰ ਘੁਮਾਈ ਫਿਰਦੀ ਹੈ।
(27/10/17) |
|
ਕੰਧਾਂ ਓਹਲੇ– ਕਰਮਾਂ ਵਾਲੇ |
ਮਨੁੱਖ ਵੀ ਅਜੀਬ ਸ਼ੈਅ ਹੈ, ਇਹ ਪਤਾ ਹੋਣ ਦੇ
ਬਾਵਜੂਦ ਵੀ ਕਿ ਕੰਧ ਦੇ ਓਹਲੇ ਕੀ ਹੈ, ਇਹ ਭਰਮ ਪਾਲਦਾ ਹੈ ਕਿ ਦੂਜੇ ਪਾਸੇ
ਖੁਸ਼ਹਾਲੀ ਹੈ, ਮੌਜ ਹੈ, ਜ਼ਿਆਦਾ ਹੈ ਤੇ ਓਹਲੇ ਬੈਠੇ ਲੋਕ ਕਰਮਾਂ ਵਾਲੇ ਹਨ।
ਕੰਧਾਂ ਦੀ ਮਜ਼ਬੂਤੀ, ਪੱਕੀਆਂ, ਸੀਮਿੰਟ ਜਾਂ ਮਿੱਟੀ ਦੀਆਂ ਇੱਟਾਂ ਵਿਚ ਨਹੀਂ
ਹੁੰਦੀ, ਇਹ ਤਾਂ ਪਰਲੇ ਪਾਸੇ ਲੁਕੇ ਹੋੲੇ ਭੈਅ ਵਿਚ ਹੁੰਦੀ ਹੈ। ਮਨੁੱਖ ਆਪੇ ਹੀ
ਕੰਧਾਂ ਕੱਢੀ ਜਾਂਦਾ ਹੈ। ਕਦੇ ਦੂਜੇ ਨੂੰ ਢਾਹੁਣ ਦਜਆਂ, ਕਦੇ ਦੂਜੇ ਨੂੰ ਸਿਰੇ
ਲਾਉਣ ਦੀਆਂ, ਕਦੇ ਆਪਾ ਵਾਰਨ ਦੀਆਂ ਤੇ ਕਦੇ ਕੱਖ ਨਾ ਰਹਿਣ ਦੇਣ ਦੀਆਂ। ਉਹ
ਭੁੱਲ ਜਾਂਦਾ ਹੈ ਕਿ ਕੰਧਾਂ ਦੀ ਹੋਂਦ ਮਨ ਤੋਂ ਸ਼ੂਰੁ ਹੋ ਕੇ ਮਨ ਵਿਚ ਹੀ ਖਤਮ
ਹੁੰਦੀ ਹੈ। ਜਦੋਂ ਅਸੀਂ ਕਬਜ਼ੇ ਲੲੀ ਕੰਧ ਕੱਢਦੇ ਹਾਂ ਤਾਂ ਇਹ ਵੀ ਸੱਚ ਹੋ
ਨਿਬੜਦਾ ਹੈ ਕਿ ਬਾਕੀ ਸਾਰੀ ਦੁਨੀਆ ਅਸੀਂ ਕਿਸੇ ਹੋਰ ਲੲੀ ਛੱਡ ਕੇ ਆਪ ਕੈਦ ਹੋ
ਗਏ ਹਾਂ। ਆਓ ਪਿੰਡਾਂ, ਸ਼ਹਿਰਾਂ ਵਿਚ ਕਲੇਸ਼ ਦੀਆਂ ਜੜ੍ਹਾਂ, ਕੰਧਾਂ, ਨੂੰ ਮਨ
ਵਿੱਚੋਂ ਢਾਅ ਦੇਈਏ ਤੇ ਓਹਲੇ ਨੂੰ ਆਪਣਾ ਬਣਾਈਏ ,(21/10/17) |
|
ਬਹਾਨੇਬਾਜ਼ੀ ਵੀ ਇਕ ਕਲਾ ਹੈ |
ਮਨੁੱਖ ਜਦੋਂ ਵੀ ਕੋਈ ਕੰਮ ਨਹੀਂ ਕਰਨਾ
ਚਾਹੁੰਦਾ ਹੈ ਜਾਂ ਕਰਨ ਦੇ ਕਾਬਲ ਨਹੀਂ ਹੁੰਦਾ ਹੈ ਤਾਂ ਉਹ ਬਹਾਨਾ ਲੱਭਣ ਦੀ
ਕੋਸ਼ਿਸ਼ ਕਰਦਾ ਹੈ। ਖੇਤਾਂ ਦਾ ਕੰਮ ਹੋਵੇ ਜਾਂ ਘਰ ਦਾ, ਬਸ ਪੁੱਤ, ਬਾਪੂ ਨੂੰ
ਕਿਸੇ ਬਹਾਨੇ ਟਾਲਾ ਪਾਉਂਦਾ ਹੀ ਰਹਿੰਦਾ ਹੈ। ਜੇਕਰ ਕਿਸੇ ਦੇ ਪੈਸੇ ਦੇਣੇ ਹੋਣ
ਤਾਂ, ਫੇਰ ਪੁੱਛੋ ਨਾ, ਮਾਂ ਪਿਓ ਨੂੰ ਭਿਆਨਕ ਬੀਮਾਰੀ ਵੀ ਲਾ ਦੇਵੇਗਾ, ਦੂਰ ਦੀ
ਰਿਸ਼ਤੇਦਾਰੀ ਵਿਚ ਅਫਸੋਸ ਕਰਨ ਗਿਆ (ਫਰਜ਼ੀ) ਕਈ ਦਿਨ ਨਹੀਂ ਮੁੜੇਗਾ। ਮੇਰੇ ਇਕ
ਵਾਕਫਕਾਰ ਨੇ ਕਿਸੇ ਕੰਮ ਦਾ ਕੁਝ ਬਕਾਇਆ ਦੇਣਾ ਸੀ। ਦਿਲ ਬੇਈਮਾਨ ਹੋ ਗਿਆ।
ਪੂਰਾ ਦੋ ਸਾਲ ਤਰ੍ਹਾਂ ਤਰ੍ਹਾਂ ਦੇ ਅਜੀਬੋ ਗਰੀਬ ਬਹਾਨੇ ਲਾਉਂਦਾ ਰਿਹਾ। ਆਖਰ
ਮੈਨੂੰ ਕਹਿਣਾ ਪਿਆ ਕੇ 100 ਬਹਾਨੇ ਹੋ ਗਏ ਹਨ, ਹੁਣ ਤੇਰੇ ਬਹਾਨਿਆਂ ਦੀ ਕਿਤਾਬ
ਲਿਖਦਾਂ । ਬਸ ਇਹੋ ਗਲਤੀ ਸੀ, ਹੁਣ ਉਹਨੂੰ ਨਵਾਂ ਬਹਾਨਾ ਮਿਲ ਗਿਆ ਹੈ ਤੇ
ਪੁੱਛਦਾ ਰਹਿੰਦਾ, 'ਕਿਤਾਬ ਕਦੋਂ ਆ ਰਹੀ ਆ?' ਬਹੁਤੇ ਲੋਕ ਜੀਵਨ ਹੀ ਬਹਾਨਿਆਂ
ਵਿਚ ਕੱਢ ਲੈਂਦੇ ਹਨ। ਜਿਵੇਂ ਸਿਆਸੀ ਲੋਕ ਚੋਣਾਂ ਤੋਂ ਪਹਿਲੋਂ ਲੋਕਾਂ ਦੀ
ਆਰਥਿਕ ਹਾਲਾਤ ਠੀਕ ਕਰਨ ਦਾ ਵਾਅਦਾ ਕਰਨਗੇ। ਪਰ ਸਤਾ ਚ ਆਉਂਦੇ ਹੀ ਬਹਾਨਾ
ਮਾਰਨਗੇ, 'ਪਿਛਲੀ ਸਰਕਾਰ ਖਜ਼ਾਨਾ ਖਾਲੀ ਕਰ ਗਈ ਹੈ, ਹੁਣ ਅਸੀਂ ਕੀ ਕਰੀਏ, ਹੋਰ
ਟੈਕਸ ਤਾਂ ਲਾਉਣੇ ਹੀ ਪੈਣੇ ਹਨ।' ਅਸਲ ਵਿਚ ਬਹਾਨਾ ਸਿਰਫ ਆਪਣੀ ਮਾੜੀ ਨੀਤ ਨੂੰ
ਛੁਪਾਉਣ ਤੋਂ ਇਲਾਵਾ ਕੁਝ ਵੀ ਵੀ ਨਹੀਂ। ਉਹ ਲੋਕ ਜੋ ਬਹਾਨਿਆਂ ਦਾ ਸਹਾਰਾ ਲੈਣ
ਦੀ ਥਾਂ, ਮੇਹਨਤ ਕਰ ਆਪਣਾ ਕੰਮ ਨਿਪਟਾ ਲੈਦੇ ਹਨ, ਚੈਨ ਦੀ ਨੀਂਦ ਸੌਂਦੇ ਹਨ।
(13/10/2017) |
|
ਪਰਾਲੀ ਤੋਂ ਫਾਇਦਾ ਲਵੋ |
ਝੋਨੇ ਦੀ ਪਰਾਲੀ ਇਕ ਵੱਡੀ ਸਮੱਸਿਆ ਹੈ,
ਕਿਸਾਨਾਂ ਵਾਸਤੇ ਵੀ ਤੇ ਸਰਕਾਰ ਵਾਸਤੇ ਵੀ। ਕਿਸਾਨਾਂ ਨੂੰ ਪਰਾਲੀ ਸਾੜਨ ਦੇ
ਕਨੂੰਨ ਤਹਿਤ ਸਜ਼ਾ ਦੇਣੀ ਕੋਈ ਸੌਖਾ ਤੇ ਅਕਲਮੰਦੀ ਦਾ ਕੰਮ ਨਹੀਂ ਹੈ। ਇਸਦਾ ਇਕੋ
ਹੱਲ ਹੈ, ਪਰਾਲੀ ਦੀ ਸਹੀ ਵਰਤੋਂ। ਪਰਾਲੀ ਕਈ ਤਰੀਕਿਆਂ ਨਾਲ ਵਰਤੀ ਜਾ ਸਕਦੀ ਹੈ
। ਜਿਵੇਂ ਹਰਿਆਣੇ ਵਿਚ ਪਾਨੀਪਤ ਤੇ ਇਕ ਪਿੰਡ ਨੇ ਇਕੱਠੇ ਹੋਕੇ, ਪਿੰਡ ਦੀ
40000 ਏਕੜ ਦੀ ਪਰਾਲੀ ਨੂੰ ਸਰਦੀਆਂ ਵਿਚ ਖੁੰਭਾਂ ਦੀ ਖੇਤੀ ਲਈ ਵਰਤਣਾ ਸ਼ੁਰੂ
ਕਰ ਦਿੱਤਾ ਤੇ 2 ਕਰੋੜ ਦੀ ਆਮਦਨ ਲਈ। ਪਰਾਲੀ ਨੇ ਖੁੰਭਾਂ ਨੂੰ ਕੁਦਰਤੀ
ਲੋੜੀਂਦਾ ਸੇਕ ਮੁਫਤ ਵਿਚ ਦੇ ਦਿੱਤਾ। ਇਸੇ ਤਰ੍ਹਾਂ ਇਹ ਪਸ਼ੂਆਂ ਅਤੇ ਮੁਰਗੀਆਂ
ਦੇ ਵਿਛੌਣੇ ਦੇ ਕੰਮ ਆਉਂਦੀ ਹੈ। ਪਰ ਇਹ ਪਸ਼ੂਆਂ ਨੂੰ ਬਹੁਤ ਘੱਟ ਮਾਤਰਾ ਵਿਚ
ਪਾਉਣੀ ਚਾਹੀਦੀ ਹੈ। ਥੋੜੀ ਪਰਾਲੀ ਪਸ਼ੂ ਦੀ ਪਾਚਣ ਸ਼ਕਤੀ ਤੇਜ਼ ਕਰਦੀ ਹੈ, ਪਰ
ਜ਼ਿਆਦਾ ਵਿਗਾੜ ਪਾਉਂਦੀ ਹੈ। ਪਸ਼ੂ ਦੀ ਉਮਰ ਵੀ ਘੱਟਦੀ ਹੈ ਤੇ ਦੁੱਧ ਵੀ ਘੱਟ
ਜਾਂਦਾ ਹੈ। ਇਸੇ ਤਰ੍ਹਾਂ ਪਰਾਲੀ ਤੋਂ ਛੋਟੀਆਂ ਮਸ਼ੀਨਾਂ ਲਾਕੇ ਪਿੰਡ ਪਿੰਡ
ਪਰਾਲੀ–ਕੋਲਾ ਬਣਾਇਆ ਜਾ ਸਕਦਾ ਹੈ। ਹੋਰ ਵੀ ਬਹੁਤ ਕੁਝ ਬਣ ਸਕਦਾ ਹੈ। ਸਰਕਾਰ
ਨੂੰ ਚਾਹੀਦਾ ਕਿ ਸਜ਼ਾ ਦੇਣ ਦੀ ਬਜਾਏ, ਛੋਟੇ ਕਰਜ਼ੇ ਜਾਂ ਸਹਾਇਤਾ ਦੇਕੇ ਪਰਾਲੀ
ਨਾਲ ਸਬੰਧਿਤ ਕਿੱਤੇ ਚਾਲੂ ਕਰਾਵੇ। (06/10/17) |
|
ਨਾ ਮਾਰੋ ਮੌਤ ਨੂੰ ‘ਵਾਜਾਂ ! |
ਆਏ ਦਿਨ ਅਸੀਂ ਕਿਸਾਨਾਂ ਦੀਆਂ ਅਰਥਿਕ
ਖੁਦਕਸੀਆਂ ਦਾ ਸੋਗ ਮਨਾਉਂਦੇ ਹਾਂ ਤੇ ਆਸ ਕਰਦੇ ਹਾਂ ਕਿ ਸਰਕਾਰ ਕੁਝ ਕਰੇ। ਪਰ
ਜਿਹੜੀ ਆਤਮਹੱਤਿਆ ਅਸੀਂ ਆਪ ਹੀ ਕਰੀ ਜਾ ਰਹੇ ਹਾਂ, ਉਸ ਬਾਰੇ ਅਸੀਂ ਬਿਲਕੁਲ
ਚੁੱਪ ਹਾਂ। ਇਸ ਮਸਲੇ 'ਚ ਸਾਡੀ ਕੋਈ ਮੰਗ ਨਹੀਂ ਤੇ ਉਲਟਾ ਸੋਚਦੇ ਹਾਂ ਕਿ ਕੋਈ
ਸਾਡੀ ਸ਼ਕਾਇਤ ਵੀ ਨਾ ਕਰੇ। ਸਿਫਾਰਿਸਾਂ ਅਨੁਸਾਰ ਕਿਸੇ ਵੀ ਫਸਲ ਜਾਂ ਬਾਗ ਆਦਿ
ਦੀ ਸਪਰੇਅ ਵੇਲੇ ਪੂਰਾ ਸਰੀਰ ਢੱਕਿਆ ਹੋਵੇ ਤੇ ਮਾਸਕ ਦੀ ਵਰਤੋਂ ਕੀਤੀ ਜਾਵੇ।
ਇਹ ਗੱਲ ਸਮਝ ਲਈ ਜਾਵੇ ਕਿ ਜਿਹਨਾਂ ਕੀੜੇਆਂ ਜਾਂ ਸੂੰਡੀ ਆਦਿ ਨੂੰ ਅਸੀਂ ਸਪਰੇਅ
ਕਰਕੇ ਮਾਰਨਾ ਚਾਹੁੰਦੇ ਹਾਂ, ਉਸਦੇ ਸਰੀਰ ਦੀ ਦੁਆਈ ਚੂਸਣ ਦੀ ਸਮਰੱਥਾ, ਮਨੁੱਖੀ
ਸਰੀਰ ਨਾਲ ਮਿਲਦੀ ਹੈ। ਦੋਵਾਂ ਦੇ ਰੋਮਾਂ ਨਾਲ ਦੁਆਈ ਅੰਦਰ ਜਾਂਦੀ ਹੈ ਤੇ ਕੰਮ
ਤਮਾਮ ਕਰਦੀ ਹੈ। ਹੱਥ ਥੋਣ ਜਾਂ ਨਹਾਉਣ ਨਾਲ ਦੁਆਈ ਦਾ ਅਸਰ ਖਤਮ ਨਹੀਂ ਹੁੰਦਾ।
ਜਰੂਰੀ ਨਹੀਂ ਕਿ ਮੌਤ ਹੀ ਹੋਵੇ, ਕੋਈ ਅੰਗ ਵੀ ਸਾਰੀ ਉਮਰ ਲਈ ਮਰ ਸਕਦਾ ਹੈ, ਜੋ
ਮੌਤੋਂ ਵੀ ਭੈੜਾ ਹੈ। ਕਿਸਾਨਾਂ ਨੂੰ ਬੇਨਤੀ ਹੈ ਕਿ ਆਪਣੀ ਤੇ ਆਪਣੇ ਕਾਮੇਆਂ ਦਾ
ਖਿਆਲ ਰੱਖਣ ਤੇ ਲਾਪਰਵਾਹੀ ਤੋਂ ਬੱਚਣ। ਨਹੀਂ ਤਾਂ ਇਹ ਅਣਦਿੱਸਦੀ ਖੁਦਕਸੀ ਕਿਸੇ
ਵੀ ਘਰ ਵੜ ਸਕਦੀ ਹੈ। (29/09/17) |
|
ਕੀ ਅੱਗਾਂ ਲੱਗਣਗੀਆਂ ? |
ਇਹ ਸੁਆਲ ਅੱਜ ਹਰ ਇਕ ਦੀ ਜ਼ੁਬਾਨ ਤੇ ਹੈ।
ਝੌਨਾ ਕੱਟਣ ਦਾ ਸਮਾਂ ਆ ਚੁੱਕਾ ਹੈ। ਕੰਬਾਇਨਾਂ ਵਾਲਿਆਂ ਸਰਵਿਸਾਂ ਕਰਵਾ ਲਈਆਂ
ਹਨ। ਹਰ ਘਰ ਵਿਚ ਪੈਸੇ ਆਉਣ ਦੀ ਆਸ ਬੱਝ ਗਈ ਹੈ। ਬਸ ਇਕੋ ਗੱਲ ਤੇ ਦੁਬਿੱਧਾ ਹੈ
ਕਿ ਕੀ ਪਰਾਲੀ ਨੂੰ ਅੱਗ ਲੱਗੇਗੀ ਜਾਂ ਨਹੀਂ। ਪਿਛਲੀ ਵਾਰੀ ਕੁਝ ਸਖਤੀ ਕੀਤੀ ਗਈ
ਸੀ,ਪਰ ਫੇਰ ਚੁੱਪ ਵਰਤ ਗਈ। ਕੋਈ ਵੀ ਕਿਸਾਨ ਨਹੀਂ ਚਾਹੁੰਦਾ ਕਿ ਪਰਾਲੀ ਨੂੰ
ਅੱਗ ਲਾਕੇ ਵਾਤਾਵਰਣ ਖਰਾਬ ਕੀਤਾ ਜਾਵੇ, ਪਰ ਹਾਲੇ ਤਕ ਕੋਈ ਵੀ ਸਸਤਾ ਬਦਲ ਉਸ
ਕੋਲ ਨਹੀਂ ਹੈ। ਭਾਂਵੇਂ ਚੌਪਰ ਮਸ਼ੀਨ ਆ ਚੁੱਕੀ ਹੈ, ਪਰ ਇਹ ਪੌਣੇ ਦੋ ਲੱਖ ਤੋਂ
ਲੈ ਕੇ ਤਿੰਨ ਲੱਖ ਕੀਮਤ ਦੀ ਹੈ। ਆਮ ਕਿਸਾਨ ਲਈ ਇਹ ਵਿੱਤੋਂ ਬਾਹਰ ਹੈ। ਫੇਰ
ਤੱਵੀਆਂ ਤੇ ਰੋਟਰ ਅਲੱਗ ਚਲਾਉਣੇ ਪੈਂਦੇ ਹਨ। ਜੇ ਛੋਟਾ ਕਿਸਾਨ ਇਹ ਕਿਰਾਏ ਤੇ
ਵੀ ਕਰਵਾ ਲਵੇ ਤਾਂ ਵੀ 5000 ਘੱਟੋ ਘੱਟ ਖਰਚਾ ਹੈ। ਪਾਣੀ ਦਾ ਖਰਚਾ ਅਲੱਗ।
ਪੰਜਾਬ ਵਿਚ ਬਹੁਤੇ ਪਿੰਡਾਂ ਦੀਆਂ ਸੁਸਾਇਟੀਆਂ ਰਾਜਸੀ ਧੜੇਬੰਦੀ ਦੀਆਂ ਸ਼ਿਕਾਰ
ਹਨ, ਨਹੀਂ ਤਾਂ ਕਿਸਾਨ ਆਪ ਹੀ ਕੰਮ ਕਰ ਲਵੇ। ਲੈ ਦੇ ਕੇ ਅੱਗ ਲਾਉਣਾ ਹੀ ਸੌਖਾ
ਤੇ ਸਸਤਾ ਕੰਮ ਰਹਿ ਜਾਂਦਾ ਹੈ। ਇਸਦਾ ਹੱਲ ਹੈ ਕਿ ਕੰਬਾਇਨਾਂ ਵਾਲਿਆਂ ਨੂੰ ਇਕ
ਤਾਂ ਕਨੂੰਨ ਫਸਲ ਨੀਵੀ ਵੱਢਣ ਲਈ ਕਿਹਾ ਜਾਵੇ, ਦੂਸਰਾ ਹਰ ਕੰਬਾਇਨ ਪਿੱਛੇ
ਚੌਪਰ/ ਸ਼ਰੈਡਰ ਲੱਗਾ ਹੋਵੇ, ਇਸ ਨਾਲ ਸਮਾਂ ਤੇ ਖਰਚਾ ਦੋਨਾਂ ਦੀ ਬੱਚਤ ਹੋਵੇਗੀ।
ਸਿਰਫ ਕੰਬਾਇਨ ਹੀ ਥੋੜੀ ਸੋਧਣੀ ਪਵੇਗੀ, ਜੋ ਕੋਈ ਵੱਡਾ ਕੰਮ ਨਹੀਂ ਹੈ।
(23/09/17) |
|
ਮੁਹੱਬਤੀ ਘਰ |
ਆਪਣੇ ਘਰ ਦਾ ਸੁਫਨਾ ਹਰ ਕੋਈ ਲੈਂਦਾ ਹੈ।
ਗਰੀਬ ਹੈ ਚਾਹੇ ਅਮੀਰ। ਆਖਰ ਕਿਓਂ ? ਸਿੱਧਾ ਜਿਹਾ ਅਸੂਲ ਹੈ, ਜਿੰਨ੍ਹਾਂ ਚਿਰ
ਕਿਲੇ ਨਾਲ ਨਾ ਬੰਨ ਹੋਵੇ, ਮਨ ਨੂੰ ਟਿਕਾਅ ਨਹੀਂ ਆਉਂਦਾ ਹੈ। ਘਰ ਇਸੇ ਲਈ ਕਿਸੇ
ਵੀ ਜੀਵ ਦੀ ਮੁੱਢਲੀ ਲੋੜ ਬਣੀ ਰਹੀ ਹੈ। ਘਰ ਦੀ ਬਣਤਰ ਇਕ ਵੱਡਾ ਮਸਲਾ ਹੈ।
ਮਨੁੱਖ ਤਾਂ ਦੂਸਰਿਆਂ ਦੀ ਮਦਦ ਲੈ ਲੈਂਦਾ ਹੈ, ਡਿਜ਼ਾਇਨ ਤੋਂ ਲੈ ਕੇ ਬਣਾਉਣ ਤਕ।
ਲੱਖਾਂ ਵਿਚ ਧਨ ਵੀ ਖਰਚ ਦੇਂਦਾ ਹੈ। ਪਰ ਰਬ ਦੇ ਜੀਵ ਤਾਂ ਇਹ ਸਭ ਕੁਝ ਆਪ ਹੀ
ਕਰਦੇ ਹਨ। ਟਾਹਣੀ ਦੀ ਚੋਣ ਤੋਂ ਲੈਕੇ, ਸ਼ੁਰੂ ਦੀਆਂ ਗੰਢਾਂ ਪਾਕੇ, ਖੂਬਸੂਰਤ ਘਰ
ਉਸਾਰਣ ਤਕ। ਹਰ ਜੀਵ ਦਾ ਆਪਣਾ ਅੰਦਾਜ਼ ਹੈ, ਕੋਈ ਕਿਸੇ ਨੂੰ ਸਿਖਾਉਂਦਾ ਨਹੀਂ,
ਬਸ ਸਭ ਕੁਝ ਆਪੇ ਵਾਪਰੀ ਜਾਂਦਾ ਹੈ। ਪੰਛੀ ਤਾਂ ਇੰਨੀ ਮਿਹਨਤ ਕਰਕੇ, ਮੁਹੱਬਤ
ਦਾ ਘਰ ਬਣਾ, ਫੇਰ ਉਡਾਰ ਹੋ ਜਾਂਦੇ ਹਨ ਤੇ ਦੁਬਾਰਾ ਫਿਰ ਨਵਾਂ ਬਣਾਉਂਦੇ ਹਨ।
ਇਹ ਸਿਰਫ ਮਨੁੱਖ ਹੀ ਹੈ ਜੋ ਕਬਜ਼ੇ ਦੀ ਭਾਵਨਾ ਨਹੀਂ ਛੱਡਦਾ ਤੇ ਆਪਣੇ ਲਈ ਦੁੱਖ
ਸਹੇੜ ਲੈਂਦਾ ਹੈ ਤੇ ਪੰਛੀ ਹਰ ਵਾਰ ਆਪਣੀ ਮੁਹੱਬਤ ਨੂੰ ਨਵੀਂ ਸਿਰਿਓਂ ਰੂਪਮਾਨ
ਕਰਦਾ ਹੈ। (10/09/17) |
|
ਪੈਸਾ ਕਿੱਥੇ ਗਿਆ ? |
ਕੋਈ ਸਮਾਂ ਹੁੰਦਾ ਸੀ, ਨਿੱਕਾ ਪੈਸਾ, ਨਵਾਂ
ਪੈਸਾ, ਧੇਲੀ, ਮੋਰੀ ਆਲਾ ਪੈਸਾ, ਟਕਾ, ਆਨਾ, ਦੁਆਨੀ, ਚੁਆਨੀ, ਆਦਿ ਸ਼ਬਦ ਆਮ
ਸੁਨਣ ਨੂੰ ਮਿਲਦੇ ਸੀ। ਇਹਨਾਂ ਦਾ ਕੁਝ ਨਾ ਕੁਝ ਸਮਾਨ ਵੀ ਮਿਲ ਜਾਂਦਾ ਸੀ। ਪਰ
ਫੇਰ ਇਹਨਾਂ ਦੀ ਬਹੁਤਾਤ ਹੁੰਦੀ ਗਈ ਤੇ ਇਹਨਾਂ ਦੇ ਵੱਡੇ ਭੈਣ ਭਾਈ ਲੋਕਾਂ ਦੀਆਂ
ਜੇਬਾਂ ਦੇ ਸ਼ਿੰਗਾਰ ਬਣਦੇ ਗਏ। ਇਹ ਗਿਲਟ, ਪਿੱਤਲ, ਅਲਮੀਨੀਅਮ ਜਾਂ ਮਿਸ਼ਰਤ
ਧਾਤਾਂ ਦੇ ਸਿੱਕੇ ਕਾਗਜ਼ਾਂ ਨੇ ਅਲੋਪ ਕਰ ਦਿੱਤੇ। ਕਾਗਜ਼ ਵੀ ਕੀ ਆਏ ਹਰੇ, ਨੀਲੇ,
ਲਾਲ ਤੋਂ ਹੁੰਦੇ ਹੋਏ ਗੁਲਾਬੀ ਤਕ ਪਹੁੰਚ ਗਏ। ਪਰ ਅੱਜ ਇਹ ਵੀ ਸੱਚ ਹੈ ਕਿ
ਪੁਰਾਣੇ ਸਮੇਂ ਚ ਇਕ ਰੁਪਏ ਦੀ, ਅੱਜ ਦੇ ਵੱਡੇ ਨੋਟ ਤੋਂ ਵੱਧ ਟੌਹਰ ਹੁੰਦੀ ਸੀ।
ਵਿਆਹਾਂ ਚ ਸੁੱਟ ਦੇ ਲੁੱਟੇ ਪੈਸੇ ਵੀ ਕਿਸੇ ਦਾ ਬੁੱਤਾ ਸਾਰ ਦੇਂਦੇ ਸਨ, ਅੱਜ
ਲਏ ਹੋਏ ਥੱਬਿਆਂ ਨਾਲ ਵੀ ਬੇਯਕੀਨੀ ਹੈ। ਅਸਲ ਵਿਚ ਮਨੁੱਖ ਦੀ ਹੀ ਭੁੱਖ ਬਹੁਤ
ਵੱਧ ਗਈ। ਕੁਦਰਤ ਵਿਚ ਪੈਦਾ ਹੁੰਦੇ ਫੁੱਲ, ਫੱਲਾਂ ਆਦਿ ਕਿਸੇ ਨੇ ਵੀ ਵੱਧ ਕੀਮਤ
ਨਹੀਂ ਮੰਗੀ ਹੈ, ਅਸੀਂ ਆਪ ਹੀ ਮਹਿੰਗੇ ਹੋ ਗਏ ਹਾਂ। ਲਾਗਤ ਮੁੱਲ ਕੁਦਰਤ ਨੇ
ਨਹੀਂ ਅਸੀਂ ਹੀ ਬੇਸਬਰੀ ਵਿਚ ਵਧਾਇਆ ਹੈ, ਪਰ ਕਸੂਰ ਮੰਨਣ ਨੂੰ ਅਸੀਂ ਤਿਆਰ ਹੀ
ਨਹੀਂ ਹਾਂ। ਸਾਡੇ ਕੋਲ ਸੌ ਬਹਾਨੇ ਹਨ ਸੱਚਾ ਕਹਾਉਣ ਦੇ ਪਰ ਕੁਦਰਤ ਬਿੰਨਾਂ
ਬਹਾਨੇ ਤੋਂ ਦੇਈ ਜਾਂਦੀ ਹੈ। ਉਹ ਬੇਜ਼ੁਬਾਨ ਹੋ ਸਕਦੀ ਹੈ, ਪਰ ਦਇਆ ਉਸਦੀ ਆਦਤ
ਹੈ। (24/08/17) |
|
ਸੋਚ ਦੇ ਘੋੜੇ |
ਕੀ ਪਿੰਡ 'ਚ,
ਕੀ ਸ਼ਹਿਰ 'ਚ, ਕੀ ਗਰੀਬ, ਕੀ ਅਮੀਰ, ਕੋਈ ਵੀ
ਐਸਾ ਨਹੀਂ ਜੋ ਆਪਣੀ ਸੋਚ ਨੂੰ ਤੇਜ਼ੀ ਨਾਲ ਵੱਧਣ ਤੋਂ ਰੋਕ ਸਕਿਆ ਹੋਵੇ। ਕੋਈ
ਪੈਸੇ ਬਨਾਉਣ ਦੀਆਂ ਸਕੀਮਾਂ ਹੀ ਲਾਈ ਜਾਂਦਾ, ਕੋਈ ਅਹੁਦੇ ਹਥਿਆਉਣ ਦੀਆਂ
ਸਕੀਮਾਂ ਘੜੀ ਜਾਂਦਾ। ਟਾਂਵੇ ਟਾਂਵੇਂ ਤਾਂ ਇਹੀ ਸੋਚੀ ਜਾਂਦੇ ਵੀ ਦੂਸਰੇ ਨੂੰ
ਫੇਲ਼ ਕਿਵੇਂ ਕਰਨਾ। ਕਈ ਸਿਅਸਤਦਾਨਾਂ ਵਾਂਗ ਡਰਦੇ ਹੀ, ਵਿਰੋਧੀਆਂ ਨੂੰ ਨਜਾਇਜ਼
ਰਗੜੇ ਲਾਈ ਜਾਂਦੇ ਹਨ। ਗੱਲ ਕੀ ਹਰ ਕੋਈ ਆਪਣੀ ਸੋਚ ਦੇ ਘੋੜੇ ਨੂੰ ਦੌੜਾਈ ਹੀ
ਜਾ ਰਿਹਾ ਹੈ। ਪੁੱਠੀ ਤੇ ਨਾਂਹ-ਪੱਖੀ ਸੋਚ ਭਾਰੂ ਹੋ ਗਈ ਹੈ। ਮਿਸਾਲ ਦੇ ਤੌਰ
ਤੇ ਜੇ ਦੁਕਾਨਦਾਰ ਕੋਲ ਘੰਟਾ ਗਾਹਕ ਨਾ ਆਵੇ ਤਾਂ ਉਹ ਸੋਚੀ ਜਾਊਗਾ, ਮੰਦਾ ਪੈ
ਗਿਆ, ਉਹ ਇਹ ਨੀ ਸੋਚਦਾ ਕਿ ਇਸ ਵਿਹਲ ਵਿਚ, ਜੀਵਨ ਵਿਚ ਕੁਝ ਚੰਗਾ ਕਰਨ ਦਾ
ਸੋਚੇ, ਕਿਸੇ ਮਿੱਤਰ ਦੋਸਤ ਨਾਲ ਹਾਸਾ ਠੱਠਾ ਕਰੇ। ਪਰ ਉਹਦੀ ਸੋਚ ਦੇ ਘੋੜੇ ਤਾਂ
ਉਸਨੂੰ ਜੀਵਨ ਦੇ ਸੱਚ ਤੋਂ ਕੋਹਾਂ ਦੂਰ ਲਈ ਜਾਂਦੇ ਹਨ। ਮਨੁੱਖ ਪਤਾ ਨਹੀਂ ਇਹ
ਕਿਉਂ ਨਹੀਂ ਸੋਚਦਾ ਕਿ ਇਹ ਕੁਦਰਤ ਦੀ ਬਣਾਈ ਰਚਨਾ, ਉਹਦੇ ਦੇਖਣ ਮਾਨਣ ਲਈ ਹੀ
ਸਿਰਜੀ ਗਈ ਹੈ। ਇਸਤੇ ਕਬਜ਼ਾ ਨਹੀਂ ਹੋ ਸਕਦਾ, ਇਸ ਨੂੰ ਜਿੰਨ੍ਹਾਂ ਹੋ ਸਕਦਾ ਮਾਣ
ਲਵੇ। ਪਰ ਸੋਚ ਦੇ ਘੋੜੇ ਨੂੰ ਲਗਾਮ ਕੋਈ ਕੋਈ ਹੀ ਪਾ ਸਕਿਆ ਹੈ।
(09/08/17) |
|
ਸਲਾਮ ਤਾਂ ਠੀਕ ਆ, ਪਰ ...? |
ਸੜਕਾਂ ਉੱਤੇ ਸ਼ੂਕਦੀਆਂ ਗੱਡੀਆਂ ਤੇ ਉਹਨਾਂ
ਦੇ ਨਿੱਤ ਦਿਨ ਹੁੰਦੇ ਮਧੁਰ-ਮਿਲਨ (ਹਾਦਸੇ) ਇਸ ਗੱਲ ਦਾ ਸਬੂਤ ਹਨ ਕਿ ਸਾਡੇ
ਸਿਸਟਮ ਵਿਚ ਕਿਤੇ ਨਾ ਕਿਤੇ ਤਾਂ ਗੱੜਬੜ ਹੈ। ਓਪਰੀ ਨਜ਼ਰੇ ਸਭ ਠੀਕ ਲੱਗਦਾ ਹੈ।
ਜੇਕਰ ਲੋਡ ਵਾਲੀਆਂ ਗੱਡੀਆਂ ਨੂੰ ਹੀ ਲੈ ਲਈਏ ਤਾਂ ਤੁਸੀਂ ਹੈਰਾਨ ਹੋਵੋਗੇ ਕਿ
ਇਕ 15 ਟਨ ਪਾਸ ਗੱਡੀ ਦੇ ਵਿਚ 70 ਟਨ ਮਾਲ ਵੀ ਲੱਦਿਆ ਹੁੰਦਾ ਹੈ। ਇਸਦੇ ਪਿੱਛੇ
ਕਈ ਕਾਰਣ ਹਨ, ਵਪਾਰੀ ਦਾ ਲਾਲਚ ਕਿ ਵੱਧ ਮਾਲ ਘੱਟ ਕਿਰਾਏ ਚ ਆ ਜਾਵੇ, ਮਾਲਕ ਦਾ
ਲਾਲਚ ਕਿ ਹਰ ਗੇੜਾ ਵੱਧ ਮੁਨਾਫਾ ਦੇਵੇ। ਡਰਾਇਵਰ ਦਾ ਲਾਲਚ ਕਿ ਵੱਧ ਤਨਖਾਹ
ਮਿਲੇ। ਉੱਤੋਂ, ਜੇ ਛੇਤੀ ਮਾਲ ਪਹੁੰਚੇ ਤਾਂ ਡਰਾਇਵਰ ਨੂੰ ਇਨਾਮ ਵੀ ਮਿਲਦਾ ਹੈ।
ਇਹ ਗੱਲਾਂ, ਸਰਕਾਰੀ ਤੰਤਰ ਵੀ ਜਾਣਦਾ ਹੈ ਤੇ ਕਾਨੂੰਨ ਨੂੰ ਲਾਂਭੇ ਕਰਨ ਲਈ
ਗਾਂਧੀ ਜੀ ਦੀ ਫੋਟੋ ਵਾਲੇ ਕਾਗਜ਼ਾਂ ਦਾ ਜਾਦੂ ਚਲਾਇਆ ਜਾਂਦਾ ਹੈ। ਹਰ ਸੜਕ ਦਾ
ਇਕ ਐਕਸਲ ਲੋਡ ਹੁੰਦਾ ਹੈ, ਜੋ ਅਫਸਰ ਕਿਸੇ ਵੀ ਸੜਕ ਤੇ ਨਹੀਂ ਲਿਖਦੇ। ਇਹ
ਹੱਦੋਂ ਵੱਧ ਭਾਰੇ ਲੋਡ ਹੀ ਨਵੀਂ ਸੜਕ ਨੂੰ ਤੋੜਣ ਦੇ ਸਮਰੱਥ ਹੁੰਦੇ ਹਨ। ਬਾਕੀ
ਡਰਾਇਵਰ ਦੀ ਜ਼ਿੰਦਗੀ ਦੀ ਕੀਮਤ ਕੁਝ ਵੀ ਨਹੀਂ ਸਮਝੀ ਜਾਂਦੀ। ਜੋ ਜੁਰਮਾਨੇ
ਲੱਗਦੇ ਹਨ, ਉਸ ਨਾਲ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਇਸਦਾ ਇਕੋ ਇਕ ਇਲਾਜ
ਹੈ ਕਿ ਗੱਡੀ ਫੜਕੇ ਹਫਤੇ ਦੋ ਹਫਤੇ ਲਈ ਸਣੇ ਮਾਲ ਅੰਦਰ ਕਰ ਦਿੱਤੀ ਜਾਵੇ, ਅਤੇ
ਹਰ ਗੱਡੀ ਵਿਚ ਮੂਹਰੇ ਡੈਸ਼ਕੈਮ ਲੱਗਾ ਹੋਵੇ, ਜਿਸ ਨਾਲ ਰੋਕਣ ਵਾਲੇ ਅਫਸਰਾਂ ਦੀ
ਪਹਿਚਾਣ ਵੀ ਹੋ ਜਾਵੇਗੀ ਅਤੇ ਰਿਸ਼ਵਤਖੋਰੀ ਤੋਂ ਬਚਾਅ ਵੀ ਹੋ ਜਾਵੇਗਾ। ਇਹ ਸਮੇਂ
ਦੀ ਸਜ਼ਾ, ਡਰਾਇਵਰ, ਮਾਲਕ ਤੇ ਵਪਾਰੀ ਤਿੰਨਾ ਨੂੰ ਸੇਕਾ ਲਾਵੇਗੀ। ਫੇਰ ਦੇਖਿਓ
ਅਨੇਕਾਂ ਹੀ ਹਾਦਸੇ ਰੁੱਕ ਜਾਣਗੇ ਤੇ ਤੇਰੇ ਸ਼ਹਿਰ ਨੂੰ ਮੁੜ ਮੁੜ ਸਲਾਮ ਕਰਨ
ਆਉਣਗੇ, ਇਹ ਗੱਡੀਆਂ ਵਾਲੇ ਚਾਲਕ। (020817) |
|
ਜੇ ਰੁੱਖ ਲਾਉਣ ਨੂੰ ਦਿਲ ਕਰਦਾ ! |
ਕੱਲ ਸਾਰੇ ਪਾਸੇ ਵਾਤਾਵਰਣ ਸੰਭਾਲਣ ਦਾ ਰੌਲਾ
ਪੈ ਗਿਆ ਹੈ। ਹਰ ਕੋਈ ਚਾਹੁੰਦਾ ਹੈ ਕਿ ਉਹ ਵੀ ਰੁੱਖ ਲਾ ਕੇ ਪੁੰਨ ਖੱਟ ਲਵੇ।
ਇਸ ਲਈ ਉਹ ਕਈਆਂ ਨੂੰ ਪੁੱਛਦਾ ਹੈ। ਹਰ ਕੋਈ ਆਪਣੀ ਹੀ ਸਲਾਹ ਦੇ ਮਾਰਦਾ ਹੈ।
ਕੋਈ ਕਹਿੰਦਾ ਹੈ ਫਲਾਂ ਵਾਲੇ ਲਾਓ, ਕੋਈ ਸਿਰਫ ਛਾਂ ਵਾਲੇ ਰੁੱਖਾਂ ਦੀ ਹੀ
ਸਿਫਾਸਸ਼ ਕਰਦਾ ਹੈ। ਗੱਲ ਕੀ, ਜਿੰਨੇ ਸਿਰ, ਉਨੀਆਂ ਹੀ ਸਲਾਹਾਂ। ਅੱਕ ਕਿ ਕਈ
ਬੰਦੇ ਤਾਂ ਕਹਿੰਦੇ ਹਨ ਛੱਡੋ ਪਰੇ, ਕਿਉਂ ਗਵਾਂਡੀ ਨਰਾਜ਼ ਕਰਨੇ ਹਨ। ਜੇ ਮੇਰੀ
ਮੰਨੋ ਤਾਂ, ਹੇਠਲੀਆਂ ਗੱਲਾਂ ਦਾ ਧਿਆਨ ਰੱਖੋ। ਆਲੇ ਦੁਆਲੇ ਫਿਰ ਤੁਰ ਕੇ ਵੇਖੋ,
ਕਿਹੜਾ ਰੁੱਖ ਤੁਹਾਨੂੰ ਚੰਗਾ ਲੱਗਦਾ ਹੈ, ਉਸੇ ਦਾ ਪ੍ਰਬੰਧ ਕਰੋ। ਪਹਿਲੋਂ ਇਹ
ਧਾਰ ਲਵੋ ਕਿ 2 ਸਾਲ ਰੁੱਖ ਨੂੰ ਪਾਣੀ ਤੇ ਖਾਦ ਆਪ ਪਾਉਣੀ ਹੈ, ਨੌਕਰਾਂ ਤੋਂ ਇਹ
ਸੇਵਾ ਨਹੀਂ ਲੈਣੀ ਹੈ। ਕੋਸ਼ਿਸ਼ ਕਰੋ ਕਿ ਬੀਜ ਇਕੱਠਾ ਕਰਕੇ ਪੌਦੇ ਆਪ ਤਿਆਰ ਕਰੋ।
ਬੀਜ਼ ਚੋਂ ਨਿਕਲੇ ਪੌਦੇ ਨਾਲ ਤੁਹਾਡਾ ਬੱਚਿਆਂ ਜਿਹਾ ਪਿਆਰ ਪੈ ਜਾਵੇਗਾ ਤੇ ਫੇਰ
ਉਹ ਰੁੱਖ ਨੂੰ ਕੋਈ ਸ਼ਕਤੀ ਮਾਰ ਨਹੀਂ ਸਕੇਗੀ। ਕੁਦਰਤ ਨੇ ਹਰ ਬਨਸਪਤੀ ਨੂੰ ਕੋਈ
ਨਾ ਕੋਈ ਗੁਣ ਜ਼ਰੂਰ ਦਿੱਤਾ ਹੈ, ਉਸ ਬਾਰੇ ਜ਼ਰੂਰ ਪੜ੍ਹੋ। ਖੇਤਾਂ ਵਿਚ ਜੇ ਰੁੱਖ
ਲਾਉਣੇ ਹੋਣ ਤਾਂ ਉੱਤਰ ਪੱਛਮ ਵੱਲ ਨਾ ਲਾਓ, ਇਹ ਦੂਸਰੇ ਦੇ ਖੇਤ ਵਿਚ ਫਸਲ ਦਾ
ਨੁਕਸਾਨ ਕਰ ਸਕਦੇ ਹਨ। ਇਹ ਵੀ ਸੋਚੋ ਕਿ ਜੋ ਰੁੱਖ ਤੁਸੀਂ ਲਾ ਰਹੇ ਹੋ ਇਹਨਾਂ
ਦੀ ਉਮਰ ਤੁਹਾਡੀ ਤੀਸਰੀ ਪੀੜ੍ਹੀ ਦੇ ਬਰਾਬਰ ਜ਼ਰੂਰ ਹੋਵੇਗੀ, ਇਹ ਪਹਿਲੋਂ
ਤੁਹਾਡੇ ਬੱਚੇ, ਤੇ ਫਿਰ ਪੋਤਰੇ–ਪੜਪੋਤਰੇ ਬਣਨੇ ਹਨ। ਇਹੀ ਤੁਹਾਡਾ ਅਸਲੀ
ਸਰਮਾਇਆ ਹਨ। (21/07/17) |
|
ਬੁਢਾਪਾ ਵਿਚ ਵਿਦੇਸ਼ਾਂ ਦੇ |
ਜਦੋਂ ਮਨੁੱਖ ਦੀ ਤੀਜੀ ਪੀੜ੍ਹੀ ਆਉਂਦੀ ਹੈ
ਤਾਂ ਉਹ ਬਹੁਤ ਖੁਸ਼ ਹੁੰਦਾ ਹੈ। ਉਸ ਨੂੰ ਇੰਝ ਲੱਗਦਾ ਹੈ ਕਿ ਉਹ ਜੀਵਨ ਦੇ ਸਿਖਰ
ਤੇ ਹੈ। ਉਹ ਸਭ ਕੁਝ ਨਿਛਾਵਰ ਕਰ ਦੇਣਾ ਚਾਹੁੰਦਾ ਹੈ। ਖੁਸ਼ੀ ਉਸਤੋਂ ਸਾਂਭੀ
ਨਹੀਂ ਜਾਂਦੀ। ਪਰ ਉਹ ਭੁੱਲ ਜਾਂਦਾ ਹੈ ਕਿ ਇਹ ਉਸਦੇ ਬੁਢਾਪੇ ਵੱਲ ਪਹਿਲਾ ਕਦਮ
ਹੈ। ਬੱਚੇ, ਆਪਣੇ ਬੱਚਿਆਂ ਪ੍ਰਤੀ ਫਿਕਰਮੰਦ ਹੋ ਵਿਦੇਸ਼ਾਂ ਲਈ ਉਡਾਣ ਭਰਦੇ ਹਨ।
ਚੰਗੇ ਜੀਵਨ ਦੀ ਆਸ ਵਿਚ ਮਾਪੇ ਪਿੱਛੇ ਰਹਿ ਜਾਂਦੇ ਹਨ। ਇਹ ਇਕੱਲਤਾ ਦੇ ਜੀਵਨ
ਦਾ ਅਗਲਾ ਪੜ੍ਹਾਅ ਹੋ ਨਿਬੜਦਾ ਹੈ। ਨਾ ਮਨੁੱਖ ਸੌਂਦਾ ਹੈ ਨਾ ਜਾਗਦਾ ਹੈ।
ਖੇਤਾਂ ਵਿਚ ਮਿਹਨਤ ਕਰਨ ਨੂੰ ਵੀ ਰੂਹ ਨਹੀਂ ਕਰਦੀ। ਘਰਾਂ ਦਾ ਖਾਲੀਪਣ ਡਰਾਉਣ
ਲੱਗ ਜਾਂਦਾ ਹੈ। ਤੇ ਫੇਰ ਹੁੰਦਾ ਹੈ ਵਿਦੇਸ਼ਾਂ ਵੱਲ ਦਾ ਸਫਰ ਸ਼ੁਰੂ। ਕੋਈ ਥੋੜੇ
ਚਿਰ ਲਈ, ਤੇ ਕੋਈ ਸਦਾ ਵਾਸਤੇ ਤੁਰ ਜਾਂਦਾ ਹੈ। ਪਹਿਲੋਂ ਪਹਿਲ ਤਾਂ ਸਾਫ ਸੁਥਰੀ
ਧਰਤੀ ਵੇਖ ਕਿ ਚੰਗਾ ਲੱਗਦਾ ਤੇ ਫੇਰ ਹੌਲੀ ਹੌਲੀ ਸੱਚ ਨਾਲ ਵਾਹ ਪੈਣਾ ਸ਼ੁਰੂ ਹੋ
ਜਾਂਦਾ ਹੈ। ਬੱਚਿਆਂ ਦੇ ਰੁਝੇਵੇਂ ਜਾਂ ਬੇਵਕਤੀ ਨੌਕਰੀਆਂ, ਜਾਂ ਜੀਵਨ ਦੀਆਂ
ਤੰਗੀਆਂ ਤੁਰਸ਼ੀਆਂ ਦਾ ਅਸਰ ਮਾਂ ਬਾਪ ਦੇ ਰਿਸ਼ਤੇ ਤੇ ਹੋਣਾ ਸ਼ੁਰੂ ਹੋ ਜਾਂਦਾ ਹੈ।
ਭਾਂਵੇਂ ਇੰਝ ਹਰੇਕ ਨਾਲ ਨਹੀਂ ਹੁੰਦਾ ਪਰ ਬਹੁਤਿਆਂ ਨਾਲ ਵਾਪਰਦਾ ਹੈ। ਵਿਦੇਸ਼ਾਂ
ਦੀ ਧਰਤੀ ਦੇ ਮਜ਼ਬੂਰੀ ਐਨੀ ਹੋ ਜਾਂਦੀ ਹੈ ਕਿ ਆਪਣੀ ਧਰਤੀ/ਪਿੰਡ ਦੀ ਤੜਪ, ਤੜਫ
ਤੜਫ ਕਿ ਮਰ ਜਾਂਦੀ ਹੈ। ਇਹੋ ਜਿਹੇ ਲਾਚਾਰ ਹਜ਼ਾਰਾਂ ਪੰਜਾਬੀ ਅੱਜ ਵਿਦੇਸ਼ਾਂ ਵਿਚ
ਮਜ਼ਬੂਰੀ ਦਾ ਜੀਵਨ ਜੀਓ ਰਹੇ ਹਨ, ਬਿੰਨਾਂ ਕਿਸੇ ਆਸ ਦੇ। ਪਰ ਕਈ ਐਸੇ ਵੀ ਹਨ ਜੋ
ਇਸ ਜੀਵਨ ਜਾਚ ਨੂੰ ਮਾਣ ਰਹੇ ਹਨ। (13/07/17) |
|
ਕਿੱਥੇ ਗਈਆਂ ਗਾਵਾਂ ? |
ਅੱਜ ਕਿਸੇ ਵੀ ਸ਼ਹਿਰ ਜਾਂ ਕਸਬੇ ਜਾਂ ਮੰਡੀ
ਵਿਚ ਚਲੇ ਜਾਓ, ਹਰ ਪਾਸੇ ਤੁਹਾਨੂੰ ਅਵਾਰਾ ਪਸ਼ੂਆਂ ਦੇ ਝੁੰਡ ਮਿਲ ਜਾਣਗੇ। ਇਹ
ਸੜਕ ਦੇ ਵਿਚਕਾਰ ਬੈਠੇ ਵੀ ਹੋ ਸਕਦੇ ਹਨ, ਲੰਘ ਰਿਹੇ ਵੀ ਹੁੰਦੇ ਹਨ ਤੇ ਕਈ
ਵਾਰੀ ਆਪਸ ਵਿਚ ਲੜ ਵੀ ਰਿਹੇ ਹੁੰਦੇ ਹਨ। ਇਹ ਕਿਸੇ ਵੀ ਕਿਸਮ ਦਾ ਕੂੜਾ ਕਰਕਟ
ਤੇ ਪਲਾਸਟਿਕ ਦੇ ਲਿਫਾਫੇ ਵੀ ਖਾ ਜਾਂਦੇ ਹਨ। ਕਮਾਲ ਦੀ ਗੱਲ ਹੈ ਕਿ ਇਹ ਹਰ ਉਮਰ
ਦੇ ਹੁੰਦੇ ਹਨ। ਇਸ ਗੱਲ ਵੱਲ ਆਮ ਲੋਕਾਂ ਦਾ ਧਿਆਨ ਨਹੀਂ ਜਾਂਦਾ ਕਿ ਇਹਨਾਂ ਵਿਚ
ਕੋਈ ਵੀ ਗਾਂ ਨਹੀਂ ਹੁੰਦੀ ਹੈ, ਸਗੋ ਇਹ ਸਾਰੇ ਨਰ ਯਾਨੀ ਢੱਠੇ ਹੀ ਹੁੰਦੇ ਹਨ।
ਇਹ ਹੈਰਾਨੀ ਜਨਕ ਹੈ ਕਿ ਸਿਰਫ ਢੱਠੇ ਹੀ ਕਿਉਂ ਸੜਕਾਂ ਤੇ ਫਿਰਦੇ ਹਨ ? ਹੋਰ
ਗੱਲ ਇਹ ਵੀ ਜਾਨਣ ਵਾਲੀ ਹੈ ਕਿ ਪੇਂਡੂ ਖੇਤਾਂ ਵਿਚ ਇਹ ਨਹੀਂ ਹੁੰਦੇ, ਸਿਰਫ
ਕਸਬਿਆਂ, ਮੰਡੀਆਂ ਤੇ ਸ਼ਹਿਰਾਂ ਦੇ ਲਾਗੇ ਜਾਂ ਜਰਨੈਲੀ ਸੜਕ ਤੇ ਹੀ ਹੁੰਦੇ ਹਨ।
ਹਰ ਸਾਲ ਇਹਨਾਂ ਕਰਕੇ ਸੈਂਕੜੇ ਐਕਸੀਡੈਂਟ ਹੁੰਦੇ ਹਨ ਤੇ ਦਰਜਨਾਂ ਜਾਨਾਂ
ਜਾਂਦੀਆਂ ਹਨ। ਇਸ ਖਾਸ ਕਿਸਮ ਦੇ ਵਰਤਾਰੇ ਲਈ ਕੌਣ ਜ਼ੁਮੇਵਾਰ ਹੈ ? ਤੇ ਕੀ ਕੋਈ
ਹੱਲ ਹੈ ? ਕੁਦਰਤ ਦੇ ਕਿਸੇ ਵੀ ਜੀਵ ਨੂੰ ਜੀਊਣ ਦਾ ਪੂਰਾ ਹੱਕ ਹੈ, ਪਰ ਕਿਸੇ
ਦੀ ਜਾਨ ਲੈਣ ਦਾ ਹੱਕ ਨਹੀਂ ਹੋਣਾ ਚਾਹੀਦਾ। ਸਰਕਾਰਾਂ ਨੂੰ ਚਾਹੀਦਾ ਹੈ ਕਿ ਜੋ
ਲੋਕ ਪਸ਼ੂਆਂ ਦੀ ਸੰਭਾਲ ਲਈ ਗਰਾਂਟਾਂ ਲੈਂਦੇ ਹਨ, ਉਹਨਾਂ ਨੂੰ ਹੀ ਇਹ ਢੱਠੇ
ਸਾਂਭਣ ਦੀ ਜ਼ਿਮੇਵਾਰੀ ਵੀ ਨਿਰਧਾਰਤ ਕਰਨੀ ਚਾਹੀਦੀ ਹੈ।
(30/06/2017) |
|
ਕਣੀਆਂ ਵੱਸੀਆਂ, ਜਾਮਣਾਂ ਰੱਸੀਆਂ |
ਛੁੱਟੀਆਂ ਦੇ ਦਿਨ ਹੋਣ, ਖੇਤਾਂ, ਬਾਗਾਂ,
ਨਹਿਰਾਂ ਕੰਢੇ ਜਾਮਣਾਂ ਪੱਕੀਆਂ ਹੋਣ ਤੇ ਫੇਰ ਨਿਆਣੇ ਝੱਗੇ ਲਿਬੇੜ ਕੇ ਘਰੇ ਨਾ
ਲਿਆਉਣ ਤਾਂ ਸਮਝੋ, ਕੋਈ ਗੱੜਬੜ ਹੈ। ਬਰਸਾਤ ਤੋਂ ਪਹਿਲੇ ਮੀਂਹ ਨਾਲ ਹੀ ਜਾਮਣਾਂ
ਦਾ ਆਕਾਰ ਵੱਧਣਾ ਸ਼ੁਰੂ ਹੋ ਜਾਂਦਾ ਹੈ ਤੇ ਮੌਨਸੂਨ ਤੇ ਪਹਿਲੇ ਛਰਾਟੇ ਨਾਲ ਖਾਣ
ਜੋਗੀਆਂ ਹੋ ਜਾਂਦੀਆਂ ਹਨ। ਇਹ ਕੁਦਰਤ ਦਾ ਤੋਹਫਾ ਮਨੁੱਖ ਲਈ ਬੇਹੱਦ ਗੁਣਕਾਰੀ
ਹੈ। ਇਹ ਸਰੀਰ ਦੀਆਂ ਕਈ ਬਿਮਾਰੀਆਂ ਤੋਂ ਰਾਖੀ ਕਰਦਾ ਹੈ। ਭਾਂਵੇਂ ਇਹ ਖੁਦ
ਦੁਆਈ ਨਹੀਂ ਹੈ, ਪਰ ਸਰੀਰ ਵਿਚ ਪਹਿਰੇਦਾਰ ਵਾਂਗ ਕੰਮ ਕਰਦਾ ਹੈ। ਇਸ ਦੀਆਂ
ਬਹੁਤ ਕਿਸਮਾਂ ਹਨ। ਦੇਖਣ ਨੂੰ ਭਾਂਵੇ ਵੱਡੇ ਜਾਮਣੂ ਚੰਗੇ ਲੱਗਦੇ ਹਨ, ਪਰ
ਨਿੱਕੇ ਫਲਾਂ ਦੀਆਂ ਕਿਸਮਾਂ ਵੱਧ ਗੁਣਕਾਰੀ ਹੁੰਦੀਆਂ ਹਨ। ਦਰਖੱਤਾਂ ਤੇ ਲੱਗੇ
ਜਾਮਣੂ ਦੂਜੇ ਮੀਂਹ ਨਾਲ ਖਰਾਬ ਹੋਣੇ ਸ਼ੁਰੂ ਹੋ ਜਾਂਦੇ ਹਨ, ਮਤਲਬ ਕਿ ਉਹਨਾਂ
ਵਿਚ ਜੀਅ (ਕੀੜੇ) ਪੈਦਾ ਹੋ ਜਾਂਦੇ ਹਨ। ਇਸ ਲਈ ਧਿਆਨ ਰੱਖਣ ਦੀ ਲੋੜ ਹੈ। ਇਸ
ਦੀਆਂ ਗਿੱਟਕਾਂ ਸਾਂਭ ਕਿ ਰੱਖੋ ਤੇ ਜਿੰਨੇ ਵੀ ਪੌਦੇ ਪੈਦਾ ਕਰ ਸਕਦੇ ਹੋ ਆਪਣੇ
ਆਲੇ ਦੁਆਲੇ ਲਾਓ। ਇਸ ਦੇ ਪੱਤੇ ਹਵਾ ਵਿਚਲੇ ਪ੍ਰਦੂਸ਼ਣ ਨੂੰ ਚੂਸ ਲੈਂਦੇ ਹਨ। ਬਸ
ਇਕ ਗੱਲ ਨਹੀਂ ਸਮਝ ਲੱਗੀ ਕਿ ਇਸ ਗੁਣਕਾਰੀ ਰੁੱਖ ਨੂੰ ਅਮਰੀਕਾ ਵਿਚ ਉਗਾਣ ਦੀ
ਮਨਾਹੀ ਕਿਓਂ ਹੈ। (18/06/17) |
|
ਦਾਣੇ ਮੋਹਰਾਂ ਵਾਲੇ |
ਪੁਰਾਣੀ ਕਹਾਵਤ ਹੈ ਕਿ ਦਾਣੇ ਦਾਣੇ ਤੇ ਖਾਣੇ
ਵਾਲੇ ਦੀ ਮੋਹਰ ਲੱਗੀ ਹੁੰਦੀ ਹੈ। ਚਲੋ ਜੇ ਮੰਨ ਵੀ ਲਈਏ ਤਾਂ ਫਿਰ ਸੁਆਲ ਪੈਦਾ
ਹੁੰਦਾ ਹੈ ਕਿ, ਦਾਣੇ ਖਰੀਦਣੇ ਕਿਉਂ ਪੈਂਦੇ ਹਨ? ਮਿਹਨਤ ਮਜ਼ਦੂਰੀ ਕਰਨ ਵਾਲੇ ਲਈ
ਮੋਹਰਾਂ ਕਿਉਂ ਘੱਟ ਜਾਂਦੀਆਂ ਹਨ ? ਵੇਹਲੜਾਂ ਵੱਲ ਦਾਣੇ ਆਪੇ ਕਿਉਂ ਤੁਰੇ
ਆਉਂਦੇ ਹਨ? ਜਿਹੜੇ ਗੁਦਾਮਾਂ ਵਿਚ ਸੜ ਜਾਂਦੇ ਹਨ, ਕੀ ਉਹਨਾਂ ਤੇ ਲੱਗੀਆਂ
ਮੋਹਰਾਂ ਦੀ ਲਿਖਾਈ ਪੜ੍ਹੀ ਨਹੀਂ ਜਾਂਦੀ ਹੈ?। ਇਹੋ ਜਿਹੇ ਹਜ਼ਾਰਾਂ ਸੁਆਲ ਪੁੱਛੇ
ਜਾ ਸਕਦੇ ਹਨ? ਪਰ ਕੀ ਸਾਡੇ ਕੋਲ ਕੋਈ ਜੁਆਬ ਹੈ ? ਸੱਚ ਜਾਣਿਓ ਇਹ ਸਿਰਫ
ਤੁਹਾਡਾ ਹਿੱਸਾ ਮਾਰਨ ਦੀ ਚਾਲ ਹੀ ਹੋ ਸਕਦੀ ਹੈ, ਸਖਾਈ ਨਹੀਂ ਹੈ। ਦੁਨੀਆ
ਅਜਿਹੀ ਮੰਡੀ ਬਣ ਚੁੱਕੀ ਹੈ ਕਿ ਦਾਣੇ ਪੈਦਾ ਕਰਨ ਵਾਲਾ ਵੀ ਦਾਣਿਆਂ ਤੋਂ ਮੁਥਾਜ
ਹੋ ਜਾਂਦਾ ਹੈ। ਕਿਰਤ ਦਾ ਪੱਲਾ ਛੱਡ ਕਿ ਵਪਾਰ ਹੀ ਮੂਲ ਸਰੋਤ ਹੋ ਗਿਆ ਹੈ,
ਮੋਹਰਾਂ ਲਾਉਣ ਦਾ। ਕਦੇ ਕਦੇ ਤਾਂ ਲੱਗਦਾ ਹੈ, ਕਿ, ਦਾਣੇ ਵੀ ਉਹਨਾਂ ਦੇ ਤੇ
ਮੋਹਰਾਂ ਵੀ ਉਹਨਾਂ ਦੀਆਂ। (10/06/17) |
|
ਕੌਣ ਭਰਦਾ ਇਹ ਰੰਗ ? |
ਦੁਨੀਆ ਦੀ ਵਿਸ਼ਾਲਤਾ ਦਾ ਅੰਦਾਜ਼ਾ ਲਗਾਉਣਾ,
ਕਿਸੇ ਵੀ ਇਕ ਮਨੁੱਖ ਦੇ ਵੱਸ ਵਿਚ ਨਹੀਂ ਹੈ। ਦੁਨੀਆ ਸਿਰਫ ਵਿਸ਼ਾਲ ਹੀ ਨਹੀਂ,
ਵਿਲੱਖਣਤਾ ਨਾਲ ਵੀ ਭਰੀ ਪਈ ਹੈ। ਲੱਖਾਂ ਜੀਵ ਹਨ ਤੇ ਹਰੇਕ ਦੀ ਆਪਣੀ ਪਛਾਣ ਹੈ
ਤੇ ਫੇਰ ਹਰੇਕ ਜੀਵ ਵਿਚ ਅੱਗੇ ਹੋਰ ਵੰਡ ਹੈ ! ਰੰਗਾਂ ਦਾ ਤਾਂ ਹਿਸਾਬ ਹੀ
ਨਹੀਂ, ਫੇਰ ਹਰ ਜੀਵ ਦੀ ਅਗਲੀ ਪੀੜ੍ਹੀ ਉਵੇਂ ਦੀ ਉਵੇਂ ਪੈਦਾ ਹੋਣੀ, ਕਮਾਲ ਹੈ
? ਇਹ ਮਨੁੱਖ ਦੀ ਖੁਸ਼ਕਿਸਮਤੀ ਹੈ ਕਿ ਉਹ ਇਹ ਖੂਬਸੂਰਤੀ ਦੇਖ ਸਕਦਾ ਹੈ, ਖਾਸ ਕਰ
ਪਿੰਡਾਂ ਦੇ ਲੋਕ ਜੋ ਖੇਤਾਂ, ਫਸਲਾਂ ਨਾਲ ਜੁੜੇ ਹੋਏ ਹਨ। ਸ਼ਹਿਰਾਂ ਦੀਆਂ
ਪੱਕੀਆਂ ਬਸਤੀਆਂ ਨੇ ਤਾਂ, ਕੁਦਰਤ ਦੀਆਂ ਇਹ ਕਲਾ ਕ੍ਰਿਤਾਂ ਦੂਰ ਕਰ ਦਿੱਤੀਆਂ
ਹਨ। ਇਹ ਰੰਗੀਨ ਤੇ ਸੁੰਦਰ ਕੀਟ ਪਤੰਗੇ ਹਜ਼ਾਰਾਂ ਦੀ ਗਿਣਤੀ ਵਿਚ ਸਾਡੇ ਆਲੇ
ਦੁਆਲੇ ਰਹਿੰਦੇ ਹਨ। ਇਹ ਧਰਤੀ, ਇਹ ਹਵਾ, ਇਹ ਆਸਮਾਨ, ਇਹ ਖੁਰਾਕੀ ਨੇਹਮਤਾਂ ਤੇ
ਉਹਨਾਂ ਦਾ ਵੀ ਪੂਰਾ ਹੱਕ ਹੈ, ਪਰ ਸਾਡੇ ਲਾਲਚ ਤੇ ਕਬਜ਼ੇ ਦੀ ਭਾਵਨਾ ਨੇ ਨਿੱਤ
ਦਿਨ ਇਹਨਾਂ ਦਾ ਖਾਤਮਾ ਕੀਤਾ ਹੈ। ਜੋ ਦਵਾਈਆਂ ਇਹਨਾਂ ਨੂੰ ਖਤਮ ਕਰਨ ਲਈ
ਵਰਤੀਆਂ ਜਾਂਦੀਆਂ ਹਨ, ਉਹਨਾਂ ਦਾ ਅਸਰ ਸਾਨੂੰ ਵੀ ਹੌਲੀ ਹੌਲੀ ਖਤਮ ਕਰ ਰਿਹਾ
ਹੈ। ਵਿਗਿਆਨੀਆਂ ਨੂੰ ਕੋਈ ਇਹੋ ਜਿਹੇ ਢੰਗ ਲੱਭਣੇ ਚਾਹੀਦੇ ਹਨ ਕਿ ਇਹ ਰੰਗਾਂ
ਦੀ ਦੁਨੀਆ ਵੀ ਆਲੋਪ ਨਾ ਹੋਵੇ। (02/06/17) |
|
ਡੁੱਬੇ ਹੋਏ ਖੂਹ |
ਕੋਈ ਸਮਾਂ ਸੀ, ਪਿੰਡਾਂ, ਸ਼ਹਿਰਾਂ ਵਿਚ ਪਾਣੀ
ਦਾ ਮੂਲ ਸਰੋਤ ਖੂਹ ਹੀ ਹੁੰਦੇ ਸਨ। ਇਤਹਾਸਕਾਰ ਤਾਂ ਇਹ ਵੀ ਕਹਿੰਦੇ ਹਨ ਕਿ
ਖੂਹਾਂ ਦਾ ਅਰੰਭ 8000 ਸਾਲ ਪਹਿਲੋਂ ਹੋਇਆ ਸੀ। ਉਦੋਂ ਖੂਹ, ਹੱਥਾਂ ਨਾਲ ਹੀ
ਪੁੱਟੇ ਜਾਂਦੇ ਸਨ। ਇਹ ਤਿਰਛੇ ਤੋਂ ਲੈ ਕੇ ਬਿਲਕੁਲ ਸਿੱਧੇ ਤੇ ਡੂੰਘੇ ਵੀ
ਹੁੰਦੇ ਸਨ। ਲੋਹਾ, ਇੱਟਾਂ ਤੇ ਲੱਕੜ, ਮਿੱਟੀ ਦੀ ਡਿੱਗਦੀ ਢਿੱਗ ਰੋਕਣ ਲਈ ਲਾਏ
ਜਾਂਦੇ ਸਨ। ਫੇਰ ਵੀ ਇਤਹਾਸ ਗਵਾਹ ਹੈ ਕਿ ਹਜ਼ਾਰਾਂ ਲੋਕਾਂ ਨੇ ਪਾਣੀ ਦੀ ਤਲਾਸ਼
ਵਿਚ ਜਾਨਾਂ ਦਿੱਤੀਆਂ ਹਨ ਤੇ ਕਈ ਤਾਂ ਉਹਨਾਂ ਡੂੰਘੀਆਂ ਕਬਰਾਂ ਚ ਹੀ ਰਹਿ ਗਏ।
ਖੂਹਾਂ ਦਾ ਠੰਡਾ ਮਿੱਠਾ ਪਾਣੀ ਸਮਾਜ ਨੂੰ ਸੈਂਕੜੇ ਗੀਤ ਵੀ ਦੇਂਦਾ ਰਿਹਾ ਹੈ।
ਖੂਹ ਮਿਲ ਬੈਠਣ ਦੀ ਥਾਂ ਵੀ ਹੁੰਦੀ ਸੀ। ਅੱਜ ਖੂਹ ਆਪ ਖਤਰੇ ਤੋਂ ਵੀ ਵੱਡੇ
ਖਤਰੇ ਵਿਚ ਪਹੁੰਚ ਗਏ ਹਨ। ਖੂਹ ਦੀ ਖੂਬਸੂਰਤੀ ਖ਼ੁਰ ਰਹੀ ਹੈ। ਖੂਹ ਦੀ ਹੋਂਦ ਇਕ
ਫਾਲਤੂ ਵਸਤੂ ਬਣ ਗਈ ਹੈ। ਖੂਹ ਖ਼ੁਦ ਡੁੱਬ ਰਿਹਾ ਹੈ। ਠੰਡਾ ਮਿੱਠਾ ਪਾਣੀ, ਜ਼ਹਿਰ
ਨਾਲ ਭਰ ਰਿਹਾ ਹੈ। ਸੋਚਦਾਂ, ਹਰ ਚੀਜ਼ ਜਿਸਦੀ ਲੋੜ ਨਹੀਂ ਰਹਿੰਦੀ, ਖਤਮ ਹੋ
ਜਾਂਦੀ ਹੈ। ਪਰ ਫੇਰ ਵੀ ਜੇ ਕੋਸ਼ਿਸ਼ ਕੀਤੀ ਜਾਵੇ ਤਾਂ ਅਤੀਤ ਦੇ ਦਰਸ਼ਨਾਂ ਲਈ ਇਕ
ਅੱਧ ਖੂਹ ਤਾਂ ਬਚਾਅ ਕਿ ਰੱਖਿਆ ਜਾ ਸਕਦਾ ਹੈ। ਪਰ ਕਾਹਲੀ ਦੇ ਇਸ ਯੁੱਗ ਵਿਚ ਇਹ
ਕਰੂ ਕੌਣ ? (26/05/17) |
|
ਖੋੜ੍ਹਾਂ ਚੋਂ ਕੀ ਭਾਲ਼ਦੈਂ ? |
ਕਦੇ ਕਦੇ ਮੈਨੂੰ ਲੱਗਦਾ ਕਿ ਮਨੁੱਖ ਦੇ ਆਲੇ
ਦੁਆਲੇ ਵੀ ਖੋੜ੍ਹਾਂ ਹੀ ਖੋੜ੍ਹਾਂ ਹਨ ਤੇ ਮਨੁੱਖ ਵੀ ਇਸ ਸੁੰਦਰ ਪੰਛੀ ਵਾਂਗ
ਥਾਂ ਥਾਂ ਆਪਣੀ ਚੁੰਝ ਭੰਨਵਾਉਂਦਾ ਫਿਰਦਾ ਹੈ। ਕੀੜੇ ਲੱਭਣ ਜਾਂ ਨਾ ਲੱਭਣ,
ਅਰਜ਼ੀਆਂ ਦੇ ਥੱਬੇ ਹਰ ਥਾਂ ਧੱਕੀ ਜਾਂਦਾ ਹੈ, ਭਾਵੇਂ ਉਹ ਸਰਕਾਰ ਰੂਪੀ ਖੋੜ੍ਹ
ਹੋਵੇ, ਜਿੱਥੋਂ ਕੀੜੇ ਕੱਢਣ ਲਈ ਲੰਮੀ ਚੁੰਝ (ਪਹੁੰਚ) ਚਾਹੀਦੀ ਹੈ ਤੇ ਭਾਵੇਂ
ਕਿੱਸੇ ਸ਼ਾਹੂਕਾਰ ਜਾਂ ਬੈਂਕ ਦੀ ਖੋੜ੍ਹ ਹੋਵੇ ਜੋ ਤੁਹਾਡੇ ਵਲੋਂ ਕੱਢੇ ਕੀੜੇਆਂ
ਦਾ ਵੱਡਾ ਹਿੱਸਾ ਰੱਖ ਲੈਂਦੇ ਹਨ। ਹਰ ਪਾਸੇ ਨਜ਼ਰ ਮਾਰੋ ਖੋੜ੍ਹਾਂ ਦੇ ਅਨੇਕਾਂ
ਰੂਪ ਮਿਲ ਜਾਣਗੇ। ਹਰ ਖੋੜ੍ਹ ਤੁਹਾਡੀ ਸ਼ਕਤੀ ਦਾ ਇਮਤਿਹਾਨ ਲੈਂਦੀ ਹੈ। ਇਹਨਾਂ
ਤੋਂ ਬੱਚਣਾ ਆਸਾਨ ਨਹੀਂ, ਪੰਛੀ ਤਾਂ ਉੱਡ ਕਿ ਕਿਤੇ ਹੋਰ ਚਲੇ ਜਾਊ, ਕਿਉਂਕੇ
ਉਸਦੇ ਖੰਭਾਂ ਵਿਚ ਉਡਾਰੀ ਦੀ ਸਮਰੱਥਾ ਹੈ, ਪਰ ਆਮ ਮਨੁੱਖ ਦੇ ਪਰਾਂ ਨੂੰ ਤਾਂ
ਸਮਾਜ ਪਹਿਲੀ ਉਮਰੇ ਹੀ ਕੁੱਤਰ ਦੇਂਦਾ ਹੈ। ਉਸ ਨੇ ਉੱਡ ਕਿ ਕਿੱਥੇ ਜਾਣਾ ਹੈ?
ਬੰਧਨਾਂ ਦੀ ਖੋੜ੍ਹ ਹੀ ਉਸਦਾ ਪਿੱਛਾ ਨਹੀਂ ਛੱਡਦੀ। ਪਰ ਇਹ ਵੀ ਹੋ ਸਕਦਾ ਹੈ ਕਿ
ਸਮਾਜ ਦੀਆਂ ਇਹ ਖੋੜ੍ਹਾਂ ਹੀ ਇਸ ਨੂੰ ਬੰਨੀ ਰੱਖਦੀਆਂ ਹਨ।
(19/05/17) |
|
ਕਿੱਥੇ ਗਿਆ ਜਹਾਜ਼ ? |
ਇਸ ਨੂੰ ਜਾਣਿਆ ਜਾਂਦਾ ਹੈ ਮਾਰੂਥਲ ਦੇ ਜਹਾਜ਼
ਦੇ ਤੌਰ ਤੇ। ਪੰਜਾਬ ਵਿਚ ਇਹ 4-5 ਦਹਾਕੇ ਪਹਿਲੋਂ ਆਮ ਪਾਇਆ ਜਾਂਦਾ ਸੀ। ਖੋਪੇ
ਲਾ ਕਿ ਹੱਲਟਾਂ ਤੇ ਜੁੱਤਿਆ ਹੁੰਦਾ ਸੀ। ਰੇੜੀ ਖਿੱਚਣ ਵੀ ਲੱਗਾ ਹੁੰਦਾ ਸੀ।
ਅੱਜਕਲ ਇਹ ਪੰਜਾਬੋਂ ਤਾਂ ਤਕਰੀਬਨ ਬਾਹਰ ਹੀ ਚਲੇ ਗਿਆ ਹੈ। ਬੜਾ ਹੀ ਕਮਾਲ ਦਾ
ਜੀਵ ਹੈ ਇਹ। ਕਈ ਕਈ ਦਿਨ ਬਿੰਨਾਂ ਪਾਣੀ ਤੇ ਖਾਣੇ ਤੋਂ ਰਹਿ ਸਕਦਾ ਹੈ। ਇਸਦੀ
ਢੁੱਠ ਵਿਚ ਫੈਟ ਜਮਾਂ ਹੁੰਦੀ ਹੈ ਜੋ ਲੋੜ ਪੈਣ ਤੇ ਖੁਰ ਜਾਂਦੀ ਹੈ। ਰੇਤੇ ਤੋ
ਬੱਚਣ ਲਈ ਇਸਦੇ ਭਰਵੱਟੇ ਦੂਹਰੇ ਹੁੰਦੇ ਹਨ। ਪਾਣੀ ਦੀ ਐਨੀ ਬੱਚਤ ਕਰਦਾ ਹੈ ਕਿ
ਸਾਹ ਰਾਹੀਂ ਜੋ ਨਮੀ ਬਾਹਰ ਨਿਕਲਦੀ ਹੈ, ਉਹ ਵੀ ਵਾਪਸ ਮੂੰਹ ਵਿਚ ਚਲੇ ਜਾਂਦੀ
ਹੈ। ਮੂੰਹ ਦੇ ਬੁੱਲ ਰਬੜ ਵਰਗੇ ਹੁਦੇ ਹਨ ਤਾਂ ਕਿ ਝਾੜੀਆਂ ਦੇ ਕੰਢੇ ਨਾ ਚੁੱਭਣ
। ਕੁਦਰਤ ਨੇ ਹੋਰ ਵੀ ਕਈ ਗੁਣ ਦੇ ਕਿ ਮਾਰੂਥਲ ਵਿਚ ਜੀਣ ਜੋਗਾ ਬਣਾਇਆ ਸੀ। ਪਰ
ਮਸ਼ੀਨਰੀ ਦੀ ਕਾਢ ਤੇ ਧਰਤੀ ਤੇ ਕਬਜ਼ੇ ਨੇ ਇਸਨੂੰ ਬੇਕਾਰ ਕਰ ਦਿੱਤਾ ਹੈ। ਹਰਿਆਣਾ/ਰਾਜਸਥਾਨ
ਬਾਰਡਰ ਇਲਾਕੇ ਵਿਚ ਹਾਲੇ ਇਹ ਬਰਾਨੀ ਖੇਤੀ ਲਈ ਵਰਤਿਆ ਜਾ ਰਿਹਾ ਹੈ। ਉਹ ਦਿਨ
ਦੂਰ ਨਹੀਂ ਜਦੋਂ, ਊਠ ਸਿਰਫ ਅਜਾਇਬ ਘਰਾਂ ਵਿਚ ਹੀ ਮਿਲਿਆ ਕਰਨਗੇ। ਕੁਦਰਤ ਦੇ
ਇਸ ਕ੍ਰਿਸ਼ਮੇ ਨੂੰ ਸਜਦਾ ਹੈ। (19/05/17) |
|
ਸਮੇਂ ਦੀ ਚੱਕੀ |
ਲੱਖਾਂ ਸਾਲਾਂ ਤੋਂ ਮਨੁੱਖ ਆਪਣੀ ਹੋਂਦ ਨੂੰ
ਬਚਾਉਂਦਾ ਅੱਗੇ ਦੀ ਅੱਗੇ ਤੁਰਿਆ ਆ ਰਿਹਾ ਹੈ। ਉਸਦੇ ਨਾਲ ਹੀ ਉਸਦੀ ਸੋਚ ਤੇ
ਖੋਜਾਂ ਦਾ ਭੰਡਾਰ ਵੀ ਤੁਰ ਰਿਹਾ ਹੈ। ਨਿੱਤ ਦਿਨ ਉਹ ਨਵੇਂ ਔਜ਼ਾਰ ਘੜਦਾ ਹੈ ਤੇ
ਆਪਣੇ ਜੀਵਨ ਨੂੰ ਸੌਖੇ ਕਰਨ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ। ਪਹੀਏ ਦੀ ਖੋਜ ਤੋਂ
ਵੀ ਪਹਿਲੋਂ ਉਸਨੇ ਦਾਣੇ ਦੀ ਖੋਜ ਕੀਤੀ ਤੇ ਫੇਰ ਦਾਣੇ ਨੂੰ ਖਾਣ ਦੇ ਢੰਗ ਲੱਭੇ।
ਉਸ ਲਈ ਭੋਜਨ ਨੂੰ ਸੁਆਦੀ ਬਨਾਉਣਾ ਇਕ ਵੱਡਾ ਮਸਲਾ ਸੀ, ਹੈ ਤੇ ਰਹੇਗਾ ਵੀ। ਇਹ
ਵੀ ਸੱਚ ਹੈ ਕਿ ਮਨੁੱਖ ਤੋਂ ਇਲਾਵਾ ਕੋਈ ਵੀ ਜੀਵ ਆਪਣੇ ਭੋਜਨ ਨੂੰ ਪਕਾ ਕੇ
ਨਹੀਂ ਖਾਂਦਾ, ਬਸ ਜਿਵੇਂ ਹੈ, ਉਵੇਂ ਹੀ ਖਾਂਦਾ ਹੈ। ਪਰ ਮਨੁੱਖ ਦੀ ਜੀਭ, ਸੁਆਦ
ਦੀ ਗੁਲਾਮ ਹੈ। ਇਸੇ ਲਈ ਮਨੁੱਖ ਕਈ ਵਾਰੀ ਨਿਰਦਈ ਵੀ ਹੋ ਜਾਂਦਾ ਹੈ। ਇਸੇ ਲੋੜ
ਵਿਚੋਂ ਔਜ਼ਾਰਾਂ ਦੀ ਖੋਜ ਦਾ ਵਿਚਾਰ ਪੈਦਾ ਹੋਇਆ। ਮਨੁੱਖ ਦੇ ਮੁੱਢਲੇ ਔਜ਼ਾਰ
ਬਹੁਤ ਮਿਹਨਤ ਮੰਗਦੇ ਸਨ। ਸ਼ਾਇਦ ਇਸੇ ਲਈ ਅਸੀਂ ਅੱਜ ਵੀ ਕਹਿ ਦੇਂਦੇ ਹਾਂ ਕਿ,
ਬਜ਼ੁਰਗਾਂ ਨੇ ਖੁਰਾਕਾਂ ਖਾਧੀਆਂ, ਤਾਂਹੀਂ ਕਾਇਮ ਨੇ। ਅੱਜ ਚੱਕੀ ਬਹੁਤ ਤੇਜ਼
ਚੱਲਣ ਲੱਗ ਪਈ ਹੈ। ਇਸੇ ਲਈ ਹਰ ਚੀਜ਼ ਪਹਿਲੋਂ ਹੀ ਸੜ ਕੇ ਮਿਲਦੀ ਹੈ। ਚੱਕੀ ਦਾ
ਸਹਿਜ ਤੇ ਘੂਕਰ ਚੁੱਪ ਹਨ। ਹੁਣ ਤਾਂ ਮਨੁੱਖ ਵੀ ਬਰਗਰ ਪੀਜ਼ੇ ਵਾਂਗ, ਖਾਓ ਤੇ
ਭੁੱਲ ਜਾਓ ਵਰਗਾ ਹੋ ਗਿਆ ਹੈ। ਪਰ ਸਮੇਂ ਦੀ ਚੱਕੀ ਨੂੰ ਰੋਕਣਾ ਅਸੰਭਵ ਵੀ ਹੈ।
(10/05/17) |
|
ਕਰੋ ਕਿਤਾਬਾਂ ਨਾਲ ਪਿਆਰ |
ਜਦੋਂ ਦਾ ਮਨੁੱਖ ਜਨਮਿਆ ਹੈ, ਉਹ ਕਿਸੇ ਨਾ
ਕਿਸੇ ਤਲਾਸ਼ ਵਿਚ ਭਟਕਦਾ ਫਿਰਦਾ ਹੈ। ਪੇਂਡੂ ਹੋਵੇ ਜਾਂ ਸ਼ਹਿਰੀ, ਕਾਲਾ, ਭੂਰਾ
ਜਾਂ ਹੋਵੇ ਗੋਰਾ, ਸਭ ਦੌੜੇ ਫਿਰਦੇ ਹਨ। ਕੋਈ ਪੈਸਾ ਹੀ ਲੱਭੀ ਜਾ ਰਿਹਾ ਹੈ ਤੇ
ਕੋਈ ਪ੍ਰਮਾਤਮਾ ਨੂੰ ਹੀ ਤਲਾਸ਼ੀ ਜਾ ਰਿਹਾ ਹੈ। ਲੱਖਾਂ ਹੀ ਤਰੀਕੇ ਤੇ ਢੰਗ ਵਰਤ
ਕੇ ਆਪਣਾ ਮਕਸੱਦ ਪੂਰਾ ਕਰਨ ਦੀ ਕੋਸ਼ਿਸ਼ ਕਰੀ ਜਾ ਰਿਹਾ ਹੈ ਮਨੁੱਖ। ਪਰ ਸਦੀਆਂ
ਤੋਂ ਕੁਝ ਮਨੁੱਖ ਐਹੋ ਜਿਹੇ ਵੀ ਪੈਦਾ ਹੁੰਦੇ ਆ ਰਿਹੇ ਹਨ, ਜੋ ਦੁਨੀਆ ਦੀ ਸਚਾਈ
ਤੋਂ ਜਾਣੂ ਹੋ ਜਾਂਦੇ ਹਨ ਤੇ ਕਿਤਾਬਾਂ ਜਾਂ ਗ੍ਰੰਥਾਂ ਦੇ ਰੂਪ ਵਿਚ ਅਥਾਹ ਗਿਆਨ
ਲਿਖ ਜਾਂਦੇ ਹਨ, ਜਿਸ ਨੂੰ ਪੜ੍ਹ ਕੇ ਮਨੁੱਖ ਦੀ ਭਟਕੱਣ ਘੱਟ ਸਕਦੀ ਹੈ।
ਕਿਤਾਬਾਂ ਸਿਰਫ ਗਿਆਨ ਹੀ ਨਹੀਂ ਦੇਂਦੀਆਂ, ਇਹ ਰਾਹ ਦਸੇਰਾ ਵੀ ਬਣਦੀਆਂ ਹਨ। ਹਰ
ਸ਼ਹਿਰ, ਕਸਬੇ ਵਿਚ ਕਿਤਾਬਾਂ ਦੀਆਂ ਦੁਕਾਨਾਂ ਮਿਲ ਜਾਂਦੀਆਂ ਹਨ। ਪਰ ਲੁਧਿਆਣੇ
ਦੇ ਪੰਜਾਬੀ ਭਵਨ ਵਿਚ ਚਾਰ ਸੈਂਟਰ ਇਹੋ ਜਿਹੇ ਹਨ ਜੋ ਸਿਰਫ ਸੇਵਾ ਭਾਵਨਾ ਦੇ
ਮੁੱਖ ਮਕਸਦ ਨਾਲ ਹਨ। ਪੰਜਾਬੀ ਸਾਹਿਤ ਅਕਾਡਮੀ ਦਾ ਆਪਣਾ ਵਿਕਰੀ ਕੇਂਦਰ ਹੈ,
ਜਿੱਥੇ ਤਕਰੀਬਨ ਅੱਧੇ ਮੁੱਲ ਤੇ ਹਰ ਕਿਤਾਬਾਂ ਮਿਲ ਜਾਂਦੀ ਹੈ। ਇਹ ਸਤੇ ਦਿਨ
ਖੁੱਲ੍ਹਾ ਰਹਿੰਦਾ ਹੈ। ਸਭ ਤੋਂ ਵੱਡੀ ਗੱਲ ਹਰ ਵਿਸ਼ੇ ਦੀ ਕਿਤਾਬ ( ਸਾਹਿਤ,
ਧਰਮਿਕ, ਪ੍ਰਗਤੀਸ਼ੀਲ, ਬਾਲ ਸਾਹਿਤ, ਆਲੋਚਨਾ ਆਦਿ) ਇੱਥੇ ਮਿਲਦੀ ਹੈ ਤੇ ਕੋਈ ਵੀ
ਲੇਖਕ ਇੱਥੇ ਆਪਣੀ ਕਿਤਾਬ ਵਿਕਰੀ ਲਈ ਦੇ ਸਕਦਾ ਹੈ ਤੇ ਵਿਕਰੀ ਬਾਅਦ ਪਹਿਲੀ ਵਾਰ
ਲੇਖਕਾਂ ਨੂੰ ਪੈਸੇ ਮਿਲਣੇ ਸ਼ੁਰੂ ਹੋਏ। ਆਓ ਇਸ ਵਿਲੱਖਣ ਤਜੁਰਬੇ ਦਾ ਲਾਭ ਉਠਾਈਏ
ਤੇ ਆਪਣੇ ਜੀਵਨ ਵਿਚ ਭੱਟਕਣ ਦਾ ਖਾਤਮਾ ਕਰੀਏ।
(28/04/17) |
|
ਗੁਣਕਾਰੀ ਗਿਲੋਅ |
ਸਿਆਣੇ ਕਹਿੰਦੇ ਹਨ ਕਿ ਜਿਸ ਵੀ ਵਸਤੂ ਵਿਚ
ਗੁਣ ਹੋਵੇਗਾ, ਉਹ ਆਮ ਥਾਵਾਂ ਤੇ ਰੁੱਲਦੀ ਮਿਲੇਗੀ। ਇਹ ਅਸੂਲ ਤਕਰੀਬਨ ਹਰ ਵਸਤੂ
ਤੇ ਲਾਗੂ ਹੁੰਦਾ ਹੈ। ਇੱਥੋਂ ਤਕ ਕਿ ਨੇਕ ਇਨਸਾਨ ਵੀ ਰੁੱਲਿਆ ਖੁੱਲਿਆ ਮਿਲੇਗਾ।
ਇਹੋ ਹਾਲ ਜੰਗਲ ਬੇਲਿਆਂ, ਰਾਵਾਂ, ਕੁਥਾਵਾਂ ਤੇ ਉੱਗਦੀ ਵੇਲ ਗਿਲੋਅ ਦਾ ਹੈ। ਆਮ
ਧਾਰਨਾ ਹੈ ਕਿ ਇਸਦਾ ਰਸ, ਬੁਖਾਰ ਦੀ ਹਰ ਕਿਸਮ ਨੂੰ ਤੋੜ ਦਿੰਦਾ ਹੈ। ਖੂਨ ਵਿਚ
ਪਲੈਟਲਸ ਵੀ ਵਧਾਅ ਦੇਂਦਾ ਹੈ। ਕੋਈ ਵੀ ਹਕੀਮ ਇਸਦੇ ਸੈਂਕੜੇ ਗੁਣ ਗਿਣਾ ਸਕਦਾ
ਹੈ। ਇਸਦੇ ਫਲ ਬੜੇ ਹੀ ਖੂਬਸੂਰਤ ਹੁੰਦੇ ਹਨ। ਮੰਨਿਆ ਜਾਂਦਾ ਹੈ ਕਿ ਇਹ ਜੀਭ ਦੇ
ਮਰੇ ਹੌਏ ਸੁਆਦ ਸੈਲਾਂ ਨੂੰ ਠੀਕ ਕਰ ਸਕਦੇ ਹਨ। ਪਰ ਇਹ ਗੱਲ ਧਿਆਨ ਵਿਚ ਰੱਖਣ
ਦੀ ਲੋੜ ਹੈ ਕਿ ਇਹ ਹਰੇਕ ਮਨੁੱਖ ਲਈ ਗੁਣਕਾਰੀ ਨਹੀਂ ਹੈ। ਇਸਦੀ ਵਰਤੋਂ ਥੋੜੀ
ਤੇ ਅਯੂਰਵੇਦਿਕ ਡਾਕਟਰ ਦੀ ਸਲਾਹ ਨਾਲ ਹੀ ਕਰਨੀ ਚਾਹੀਦੀ ਹੈ। ਕੁਦਰਤ ਵਲੋਂ,
ਇਨਸਾਨ ਨੂੰ ਮਿਲੇ ਅਨੇਕਾਂ ਤੋਫਿਆਂ ਚੋਂ ਇਹ ਸਿਰਮੌਰ ਹੈ। ਇਹ ਬੜੀ ਹੀ ਧਕੜ ਵੇਲ
ਹੈ। ਇਸਦੀ ਤਾਂ ਕੱਟੀ ਹੋਈ ਟਾਹਣੀ ਵੀ ਸੁਰੀਜਤ (ਹਰੀ) ਹੋ ਜਾਂਦੀ ਹੈ। ਵਾਹ ਰੀ
ਕੁਦਰਤ।(17/04/17) |
|
ਬੇਰੰਗ ਹੋਇਆ ਚਰਖਾ |
ਚੜ੍ਹਦੀ ਉਮਰੇ ਹਰ ਔਰਤ ਰੰਗਲੇ ਚਰਖੇ ਦੇ ਨਾਲ
ਨਾਲ ਰੰਗਲੇ ਜੀਵਨ ਦਾ ਵੀ ਸੁਫਨਾ ਲੈਂਦੀ ਹੈ। ਸਮੇਂ ਨਾਲ ਜੀਵਨ ਚਲਦਾ ਹੈ,
ਜੀਵਨਸ਼ੈਲੀ ਬਦਲ ਜਾਂਦੀ ਹੈ ਤੇ ਲੋੜਾਂ ਕੱਦ ਸੁਫਨਿਆਂ ਨਾਲ ਰੱਲਗੱਡ ਹੋ ਜਾਂਦੀਆਂ
ਹਨ ਪਤਾ ਹੀ ਨਹੀਂ ਲੱਗਦਾ। ਅਠਾਈ ਲੱਕੜਾਂ (ਹਿੱਸੇ) ਨੂੰ ਜੋੜ ਕੇ ਬਣੇ ਚਰਖੇ ਤੇ
ਪਿਛਲੇ ਦਹਾਕਿਆਂ ਵਿਚ ਕਦੋਂ ਇਕੋ ਤੰਦ ਪੈਣੋ ਹੱਟ ਗਈ, ਰਾਤ ਦੀਆਂ ਤਰਿੰਜਣਾਂ
ਵਿਚ ਕਦੋਂ ਚਰਖੇ ਦੀ ਘੂਕਰ ਚੁੱਪ ਕਰ ਗਈ, ਟਿਕੀ ਦੁਪਹਿਰੇ ਕਦੋਂ ਬੇਬੇ ਦੇ ਉਮਰ
ਵਿਹਾ ਚੁੱਕੇ ਚਰਖੇ ਦੀ ਗੁੱਝ ਟੁੱਟ ਗਈ, ਸਮੇਂ ਦੇ ਦੈਂਤ ਨੇ ਸੂਹ ਨਹੀਂ ਨਿਕਲਣ
ਦਿੱਤੀ। ਪੰਜਾਬ ਦੇ ਕਈ ਪਿੰਡ ਸਿਰਫ ਚਰਖਿਆਂ ਕਰਕੇ ਹੀ ਮਸ਼ਹੂਰ ਸਨ। ਚਰਖੇ ਤਾਂ
ਹੁਣ ਵੀ ਬਣਦੇ ਹਨ, ਪਰ ਸਿਰਫ ਸਟੇਜਾਂ ਲਈ, ਜਿਹੜੀਆਂ, ਬਣ ਠੱਣ ਕਿ ਪੋਜ਼ ਬਣਾ
ਬਣਾ ਫੋਟੋਆਂ ਖਿਚਵਾਉਂਦੀਆਂ ਹਨ, ਉਹਨਾਂ ਨੇ ਤਕਲਾ ਤਾਂ ਸਿੱਧਾ ਕੀ ਕਰਨਾ,
ਗਲੋਟਾ ਵੀ ਸਿੱਧਾ, ਪੁੱਛ ਕੇ ਫੜਦੀਆਂ ਹਨ। ਚਰਮਖ ਨੂੰ ਕਾਲਖ਼ ਸਮਝਦੀਆਂ ਹਨ।
ਬੇਬੇ ਦੇ ਚਰਖੇ ਦਾ ਰੰਗ ਹਾਲੇ ਵੀ ਪੱਕਾ ਹੈ, ਪਰ ਰੰਗੇ ਹੋਏ ਚਰਖੇ ਮੈਨੂੰ
ਬੇਰੰਗ ਲੱਗਦੇ ਹਨ। (29/03/17) |
|
ਸੁਨਹਿਰੀ ਗਿਰਝ ਨਾਲ ਮੁਲਾਕਾਤ |
ਘੁਮੱਕੜ ਹੋਣ ਦਾ ਇਕ ਫਾਇਦਾ ਤਾਂ ਹੈ ਕਿ
ਬਹੁਤ ਕੁਝ ਗੁਆਚਾ ਹੋਇਆ, ਅਚਾਨਕ ਲੱਭ ਪੈਂਦਾ ਹੈ। ਨੀਮ ਪਹਾੜੀ ਇਲਾਕਿਆਂ ਵਿਚ
ਘੁੰਮਦੇ ਨੂੰ ਅਚਾਨਕ ਹੀ ਇਕ ਸੁਫਨੇ ਵਾਂਗ, ਇਹ ਸੁਨਹਿਰੀ ਗਿਰਝ ਟੱਕਰ ਗਈ। ਬਸ
ਜਿਵੇਂ ਮੇਰੇ ਕੋਲੋਂ ਫੋਟੋ ਖਿਚਵਾਉਣ ਲਈ ਹੀ ਆਈ ਹੋਵੇ। ਇਹ ਕਮਾਲ ਦਾ ਪੰਛੀ ਹੈ,
ਜੋ ਅੱਜਕਲ ਸਾਰੀ ਦੁਨੀਆ ਵਿਚ ਅਲੋਪ ਹੋ ਰਿਹਾ ਹੈ। ਨਰ ਪੰਛੀ 4.5 ਕਿਲੋ ਤਕ
ਹੁੰਦਾ ਹੈ ਤੇ ਮਾਦਾ 7 ਕਿਲੋ ਤਕ ਹੋ ਜਾਂਦੀ ਹੈ। ਮਾਦਾ ਜਦੋਂ ਪੂਰੇ ਖੰਭ ਖੋਲ
ਕਿ ਉਡਦੀ ਹੈ ਤਾਂ ਇਸਦਾ ਫੈਲਾਅ 2.5 ਮੀਟਰ ਤਕ ਪਹੁੰਚ ਜਾਂਦਾ ਹੈ। ਇਹ ਨਜ਼ਾਰਾ,
ਕਿਸਮਤ ਵਾਲੇ ਹੀ ਵੇਖ ਸਕਦੇ ਹਨ। ਫਸਲਾਂ ਵਿਚ ਜ਼ਹਿਰਾਂ, ਪੱਕੀਆਂ ਅਬਾਦੀਆਂ,
ਉੱਚੇ ਤੇ ਸੰਘਣੇ ਰੁੱਖਾਂ ਦੀ ਘਾਟ ਨੇ ਇਹਨਾਂ ਦੀ ਅਬਾਦੀ ਉੱਤੇ ਵੀ ਅਸਰ ਪਾਇਆ
ਹੈ। ਉਂਜ ਇਹ ਕਿਸਾਨ ਦਾ ਮਿੱਤਰ ਪੰਛੀ ਹੈ, ਇਹ ਚੂਹੇ, ਸੱਪ, ਫਸਲਾਂ, ਫੱਲ
ਬਰਬਾਦ ਕਰਨ ਵਾਲੇ ਪੰਛੀਆਂ ਦਾ ਖਾਤਮਾ ਕਰਦਾ ਹੈ। ਦੁਨੀਆ ਵਿਚ ਇਸਦੀਆਂ 6
ਕਿਸਮਾਂ ਹਨ, ਜਿਹਨਾਂ ਚੋਂ ਇਕ ਹੀ ਕਿਸਮ ਸਾਡੇ ਪਾਈ ਜਾਂਦੀ ਹੈ। ਉਮੀਦ ਕਰਦਾ
ਹਾਂ ਕਿ ਇਹ ਪੰਛੀ ਫੇਰ ਕਿਸੇ ਦਿਨ ਮੈਨੂੰ ਤੇ ਮੇਰੇ ਕੈਮਰੇ ਨੂੰ ਦਰਸ਼ਨ ਦੇਵੇਗਾ।
ਤੁਸੀਂ ਵੀ ਆਸ ਰੱਖੋ। (24/03/17) |
|
ਅਧਿਆਪਕਾਂ ਦੀ ਬਗੀਚੀ |
ਸਾਡੇ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ
ਦੇ ਬਹੁਤੇ ਅਧਿਆਪਕ ਸ਼ਾਮ ਨੂੰ ਵਿਹਲੇ ਹੋ ਜਾਂਦੇ ਹਨ ਤੇ ਫੇਰ ਖਾਣ ਪੀਣ ਤੋਂ
ਲੈਕੇ ਸਿਅਸਤ ਤਕ ਸਭ ਚੱਲਦਾ ਹੈ। ਨਾਲ ਦਿਆਂ ਨੂੰ ਠਿੱਬੀ ਕਿਵੇਂ ਲਾਉਣੀ ਹੈ ?
ਜਾਂ ਮੁੱਖੀ ਦੀ ਖੁਸ਼ਾਮਦ ਦਾ ਤਰੀਕਾ ਕੀ ਹੋਵੇ ? ਆਦਿ ਸਕੀਮਾਂ ਬਣਾਈਆਂ ਜਾਂਦੀਆਂ
ਹਨ। ਇਸ ਵਿਹਲੇ ਸਮੇਂ ਦਾ ਕੋਈ ਕੋਈ ਹੀ ਸਦਉਪਯੋਗ ਕਰਦਾ ਹੈ। ਕੋਈ ਰੁਝੇਵੇਂ
ਵਾਲਾ ਕੰਮ ਜੇ ਹੋਵੇ ਤਾਂ ਮਨੁੱਖ ਨਿਰਾਸ਼ਾ ਤੋਂ ਬਚ ਸਕਦਾ ਹੈ। ਅਮਰੀਕਾ ਦੀਆਂ
ਬਹੁਤੀਆਂ ਸੰਸਥਾਵਾਂ ਆਪਣੇ ਅਧਿਆਪਕਾਂ ਨੂੰ ਬਹੁਤ ਘਟ ਕਿਰਾਏ ਤੇ 50–60 ਗਜ਼ ਥਾਂ
ਦੇ ਦਿੰਦੀ ਹੈ। ਪਾਣੀ ਦਾ ਪ੍ਰਬੰਧ ਵੀ ਸਾਝਾਂ ਹੁੰਦਾ ਹੈ। ਪ੍ਰੀਵਾਰ ਨੇ ਸਿਰਫ
ਸ਼ਾਮ ਨੂੰ ਜਾ ਕੇ ਉੱਥੇ ਸਬਜ਼ੀਆਂ ਵਗੈਰਾ ਦੀ ਖੇਤੀ ਕਰਨੀ ਹੁੰਦੀ ਹੈ। ਇਸਤਰ੍ਹਾਂ
ਪੂਰੇ ਪ੍ਰੀਵਾਰ ਨੂੰ ਇਕ ਰੁਝੇਵਾਂ ਹੋ ਜਾਂਦਾ ਹੈ ਅਤੇ ਨਾਲ ਦੀ ਨਾਲ ਦੂਸਰੇ
ਪ੍ਰੀਵਾਰਾਂ ਨਾਲ ਭਾਈਚਾਰਕ ਸਾਂਝ ਵੀ ਵੱਧਦੀ ਹੈ। ਤਾਜ਼ੀਆਂ ਕੁਦਰਤੀ ਸਬਜ਼ੀਆਂ,
ਸਲਾਦ ਆਦਿ ਦਾ ਸੁਆਦ ਹੀ ਵੱਖਰਾ ਹੁੰਦਾ ਹੈ। ਬੱਚਿਆਂ ਦੇ ਗਿਆਨ ਵਿਚ ਅਥਾਹ ਵਾਧਾ
ਹੁੰਦਾ ਹੈ। ਸਾਡੇ ਇੱਥੇ ਸ਼ਹਿਰੀ ਬੱਚਿਆਂ ਨੂੰ ਤਾਂ ਇਹ ਵੀ ਨਹੀਂ ਪਤਾ ਹੁੰਦਾ ਕਿ
ਆਲੂ ਕਿੱਥੇ ਲੱਗਦੇ ਹਨ। ਲੋੜ ਹੈ ਸਾਡੇ ਵਿਦਿਅਕ ਅਦਾਰੇ ਆਪਣੇ ਅਧਿਆਪਕਾਂ ਵਿਚ
ਇਹ ਰੁਝਾਨ ਪੈਦਾ ਕਰਨ ਲਈ ਲੋੜੀਂਦੇ ਸਾਧਨ ਪੈਦਾ ਕਰਨ। ਇਹ ਸਮਾਜ ਲਈ ਨਰੋਈ ਪਿਰਤ
ਹੋਵੇਗੀ। (17/03/17) |
|
ਆਈ ਰੁੱਤ ਫੁਟਾਰੇ ਦੀ |
ਕਈ ਲੋਕ ਸੋਚਦੇ ਹਨ ਕਿ ਸੂਰਜ ਰੋਜ਼ ਚੜ੍ਹਦਾ
ਹੈ ਤੇ ਸ਼ਾਮ ਨੂੰ ਛਿੱਪ ਜਾਂਦਾ ਹੈ। ਪਰ ਸੂਰਜ ਨਾ ਛਿੱਪਦਾ ਹੈ ਤੇ ਨਾ ਹੀ
ਚੜ੍ਹਦਾ ਹੈ। ਉਹ ਤੇ ਲਗਾਤਾਰ ਤਪਦਾ ਹੈ, ਨਾ ਉਸਦੀ ਰੌਸ਼ਨੀ ਘੱਟਦੀ ਹੈ ਤੇ ਨਾ ਹੀ
ਤਪਸ਼ ਘੱਟਦੀ ਹੈ। ਇਹ ਤਾਂ ਅਸੀਂ ਧਰਤੀ ਦੇ ਵਾਸੀ, ਧਰਤੀ ਦੇ ਵੱਸ ਪੈ ਕੇ ਸੂਰਜ
ਤੋਂ ਦੂਰ ਨੇੜੇ ਹੁੰਦੇ ਰਹਿੰਦੇ ਹਾਂ ਤੇ ਦੋਸ਼ ਖੜ੍ਹੇ ਸੂਰਜ ਨੂੰ ਦੇਂਦੇ ਹਾਂ।
ਸਾਡਾ ਇਹ ਦੂਰ ਨੇੜੇ ਜਾਣਾ ਹੀ ਖੂਬਸੂਰਤ ਰੁੱਤਾਂ ਨੂੰ ਜਨਮ ਦੇਂਦਾ ਹੈ। ਸਰਦੀਆਂ
ਦੀ ਰੁੱਤ ਉਦਾਸੀ ਦੀ ਰੁੱਤ ਗਿਣੀ ਜਾਂਦੀ ਹੈ। ਰੁੱਖਾਂ ਦੇ ਪੱਤੇ ਆਪਣਾ ਜੀਵਨ
ਕਾਲ ਖਤਮ ਕਰਕੇ ਧਰਤੀ ਤੇ ਜਾ ਡਿੱਗਦੇ ਹਨ ਤੇ ਟਾਹਣੀਆਂ ਨੂੰ ਠੰਡ ਸਹਿਣ ਲਈ ਛੱਡ
ਜਾਂਦੇ ਹਨ। ਪਰ ਰੁੱਖ ਨੇ ਬਿੰਨਾਂ ਕੋਈ ਉਜਰ ਕੀਤੇ, ਫੇਰ ਪੱਤਿਆਂ ਨੂੰ ਜਨਮ ਦੇ
ਦੇਣਾ ਹੁੰਦਾ ਹੈ। ਹਰੇ ਕਚੂਰ ਪੱਤੇ ਵਾਤਾਵਰਣ ਨੂੰ ਮਹਿਕਾ ਦੇਂਦੇ ਹਨ। ਕੀ
ਮਨੁੱਖ, ਕੀ ਪੰਛੀ, ਸਭ ਵਿਚ ਇਕ ਨਵੀ ਜੀਊਣ ਦੀ ਲਾਲਸਾ, ਆਪਣੀ ਮਹਿਕ ਨਾਲ ਪੈਦਾ
ਕਰ ਦੇਂਦੇ ਹਨ। ਨਾਲ ਦੀ ਨਾਲ, ਫੁੱਲ ਤੇ ਫਲ ਕਈਆਂ ਦਾ ਭੋਜਨ ਬਣਦੇ ਹਨ। ਜਿਵੇਂ
ਇਹ ਵਰਤਾਰਾ ਰੁੱਖਾਂ ਨਾਲ ਹਰ ਸਾਲ ਹੁੰਦਾ ਹੈ, ਉਸੇ ਤਰਾਂ ਮਨੁੱਖਾਂ ਤੇ ਜੀਵਾਂ
ਨਾਲ ਵੀ ਹੁੰਦਾ ਪਰ ਅਸੀਂ ਇਸਨੂੰ ਦੁੱਖ ਸੁੱਖ ਨਾਲ ਜੋੜ ਕੇ ਵੇਖਣ ਲੱਗ ਪੈਂਦੇ
ਹਾਂ। ਕਾਸ਼ ਸਾਡੇ ਵਿਚ ਵੀ ਰੁੱਖਾਂ ਜਿੰਨਾਂ ਸਬਰ ਆ ਜਾਵੇ ਤੇ ਅਸੀਂ ਜੀਵਨ ਦੇ ਹਰ
ਰੰਗ ਨੂੰ ਮਾਨਣ ਦੇ ਯੋਗ ਹੋ ਸਕੀਏ। (09/03/17) |
|
ਚੌਵੀ ਘੰਟੇ ਦਾ ਫਰਿਜ |
ਘਰਾਂ ਵਿਚ ਦੁੱਧ ਦੀ ਕਿੱਲਤ ਹੋਣਾ ਆਮ ਗੱਲ
ਹੈ। ਜਿਹਨਾਂ ਦੇ ਲਵੇਰਾ ਹੁੰਦਾ ਹੈ, ਉਹ ਵੀ ਘਰ ਜੋਗਾ ਦੁੱਧ ਰੱਖ ਕਿ ਬਾਕੀ
ਡੇਅਰੀ ਨੂੰ ਪਾ ਦਿੰਦੇ ਹਨ। ਪੰਜਾਬੀਆਂ ਨੂੰ ਦੁੱਧ ਪੀਣ ਦੀ ਮਾੜੀ(?) ਆਦਤ ਹੈ।
ਕੋਈ ਸਮਾਂ ਸੀ ਜਦ ਪੰਜਾਬੀ ਖੇਤਾਂ ਵਿਚ ਕੰਮ ਕਰਦੇ ਸੀ। ਸਰੀਰ ਦਾ ਪਸੀਨਾ ਕੱਢਦੇ
ਸੀ, ਤੇ ਫੇਰ ਉਹਨਾਂ ਨੂੰ ਲੋੜ ਪੈਂਦੀ ਸੀ, ਖਾਲਸ ਦੁੱਧ, ਘਿਓ ਤੇ ਤਾਜ਼ੇ ਮੱਖਣ
ਦੀ। ਪਰ ਅੱਜ ਸਮਾਂ ਬਦਲ ਚੁੱਕਾ ਹੈ, ਪੰਜਾਬੀ ਜੁੱਸੇ ਵਾਲੇ ਸਾਰੇ ਕੰਮ ਛੱਡ
ਚੁੱਕੇ ਹਨ। ਹੋਰ ਤਾਂ ਹੋਰ ਸਾਇਕਲ ਤੇ ਜਾਂ ਪੈਦਲ ਕੰਮ ਤੇ ਵੀ ਨਹੀਂ ਜਾਂਦੇ ਹਨ।
ਇਸ ਲਈ ਦੁੱਧ ਪੀਣ ਦੀ ਲੋੜ ਹੀ ਨਹੀਂ ਰਹਿ ਜਾਂਦੀ। ਉੱਤੋਂ ਡਾਕਟਰੀ ਕਿੱਤੇ ਵਲੋਂ
ਨਵੀਆਂ ਖੋਜਾਂ ਕਿ ਮਨੁੱਖਾਂ ਵਿਚ ਦੁੱਧ ਤੋਂ ਹੋ ਰਹੀ ਅਲੈਰਜੀ ਵੱਡੇ ਪੱਧਰ ਤੇ
ਡੀਟੈਕਟ ਹੋ ਰਹੀ ਹੈ। ਇਹ ਇਕ ਖਤਰਨਾਕ ਸਥਿਤੀ ਹੈ। ਆਉਣ ਵਾਲੇ ਸਮੇਂ ਵਿਚ ਦੁੱਧ
ਦੀ ਖਪੱਤ ਘਟਣਾ ਦਾ ਖਤਰਾ ਪੈਦਾ ਹੋ ਰਿਹਾ ਹੈ।
ਇਕ ਹੋਰ ਗੱਲ ਕਿ ਬੱਕਰੀ ਦਾ ਦੁੱਧ ਗੁਣਕਾਰੀ ਇਸ ਕਰਕੇ ਹੈ ਕਿ ਉਹ ਕੁਦਰਤੀ
ਜੜ੍ਹੀ ਬੂਟੀਆਂ ਚਰਦੀ ਹੈ ਤੇ ਸਭ ਤੋਂ ਸੌਖੀ ਗੱਲ ਕਿ ਬੱਕਰੀ ਨੂੰ ਜਦੋਂ ਮਰਜ਼ੀ
ਚੋਅ ਲਵੋ। (03/03/17) |
|
ਧਾਗੇ ਤਵੀਤਾਂ ਮਾਰੀ ਦੁਨੀਆ |
ਪਹਿਲੋਂ ਪਾਪ ਕਰਨਾ ਤੇ ਫੇਰ ਉਸਦਾ ਪਸ਼ਚਾਤਾਪ
ਕਰਨਾ, ਇਹ ਹਰ ਥਾਂ ਵੱਸਦੇ ਮਨੁੱਖ ਦੀ ਕਹਾਣੀ ਹੈ। ਅਸੀਂ ਅਕਸਰ ਸੋਚਦੇ ਹਾਂ ਕਿ
ਸਾਡੇ ਪੇਂਡੂ ਲੋਕ ਨਾਸਮਝ ਹੁੰਦੇ ਹਨ, ਇਸ ਲਈ ਡੇਰਿਆਂ, ਮਸਾਣਾਂ ਤੇ ਮੱਥੇ
ਟੇਕਦੇ ਫਿਰਦੇ ਹਨ। ਪਰ ਇਹ ਪੂਰਾ ਸੱਚ ਨਹੀਂ ਹੈ। ਮਨੁੱਖ, ਦੁਨੀਆ ਵਿਚ ਕਿਤੇ ਵੀ
ਹੋਵੇ, ਉਸਦਾ ਅੰਦਰਲਾ ਸੁਭਾਅ ਤੇ ਖਾਹਿਸ਼ਾਂ, ਇਕੋ ਜਿਹੀਆਂ ਹਨ। ਗੁੱਟ ਤੇ ਗਾਨੇ
ਬੰਨਣ ਤੋਂ ਲੈਕੇ ਪਿੱਪਲਾਂ ਦੇ ਦੁਆਲੇ ਧਾਗੇ ਬੰਨਣੇ, ਆਪਣੀ ਬਿਮਾਰ ਤੇ ਕਮਜ਼ੋਰ
ਮਾਨਿਸਕਤਾ ਦਾ ਪ੍ਰਗਟਾਵਾ ਕਰਨੋ ਨਹੀਂ ਹੱਟਦਾ। ਜਿਵੇ ਫੋਟੋ ਵਿਚ ਜ਼ਾਹਿਰ ਹੈ ਕਿ
ਕਿਵੇਂ ਕਨੇਡਾ ਵਰਗੇ ਦੇਸ਼ ਵਿਚ ਵੀ, ਗੋਰੇ ਤੇ ਮੂਲ ਵਾਸੀ, ਉਥੋਂ ਦੇ ਖਾਸ
ਰੁੱਖਾਂ ਤੇ ਧਾਗੇ ਬੰਨ ਕਿ ਆਪਣੀਆਂ ਬਲਾਵਾਂ ਨੂੰ ਟਾਲਣ ਦੀ ਇੱਛਾ ਰੱਖਦੇ ਹਨ।
ਸਾਰੀ ਦੁਨੀਆ ਕਮਜ਼ੋਰ ਮਨਾਂ ਵਾਲੇ ਲੋਕਾਂ ਨਾਲ ਭਰੀ ਪਈ ਹੈ। ਲੋਕ ਜੇ ਆਪਣੇ
ਸਿਰਜਨਹਾਰੇ ਤੇ ਭਰੋਸਾ ਰੱਖ ਕੇ ਚੱਲਣ ਤਾਂ, ਪਾਪ ਕਰ ਹੀ ਨਹੀਂ ਸਕਦੇ। ਤੇਜ਼ ਗਤੀ
ਨਾਲ ਪਦਾਰਥਾਂ ਦੀ ਇੱਛਾ ਰੱਖਣ ਵਾਲੇ ਹੀ ਪਾਪ ਕਰਦੇ ਹਨ ਤੇ ਫੇਰ ਧਾਗੇ ਤਵੀਤਾਂ
ਰਾਹੀਂ ਹੱਲ ਭਾਲਦੇ ਹਨ। ਜੋ ਮਿਹਨਤ ਕਰਦਾ ਹੈ, ਉਸ ਨੂੰ ਫਲ ਜ਼ਰੂਰ ਮਿਲਦਾ ਹੈ।
ਘੱਟੋ ਘੱਟ, ਮੈ ਇਹ ਦਾਅਵਾ ਕਰ ਸਕਦਾ ਹਾਂ ਕਿ ਮੇਰੀ ਮਿਹਨਤ ਕਦੇ ਬੇਕਾਰ ਨਹੀਂ
ਗਈ। ਹਾਲਾਤ ਹੁੰਦੇ ਨਹੀਂ, ਮਨੁੱਖ ਨੇ ਆਪ ਸਿਰਜਣੇ ਹੁੰਦੇ ਹਨ।
(19/02/17) |
|
ਵੱਡੇ ਖੰਭ, ਛੋਟੀ ਉਡਾਰੀ |
ਜੋ ਵਿਸ਼ਾਲਤਾ ਵਿਚ ਦਿਸਦਾ ਹੈ, ਜ਼ਰੂਰੀ ਨਹੀਂ
ਕਿ ਉਹ ਕਾਰਜ ਕਰਨ ਵਿਚ ਵੀ ਵਿਸ਼ਾਲ ਹੋਵੇ। ਕੁਦਰਤ ਨੇ ਹਰ ਚੀਜ਼ ਦੇ ਵਿਚ ਓਹਲਾ
ਰੱਖਿਆ ਹੈ। ਜੋ ਸੁੰਦਰ ਹੈ, ਉਸ ਵਿਚ ਕੱਪਟ ਹੈ। ਜੋ ਸੁਆਦੀ ਹੈ, ਉਸ ਵਿਚ ਨਾਸ਼
ਹੈ। ਇਹ ਓਹਲਾ ਉਸਦੀ ਹਰ ਰਚਨਾ ਵਿਚ ਹੈ। ਜਿਸ ਪੰਖੀ ਦਾ ਬੁੱਤ ਛੋਟਾ ਹੈ ਤੇ ਪੰਖ
ਛੋਟੇ ਹਨ, ਉਸ ਵਿਚ ਅੰਤਾਂ ਦੀ ਤੇਜ਼ੀ ਹੈ ਅਤੇ ਲੱਚਕਤਾ ਹੈ। ਇਸਦੇ ਉਲਟ ਜੋ ਪੰਖੀ
ਜਾਂ ਜੀਵ ਵੱਡਾ ਹੈ, ਉਸਦੀ ਉਡਾਨ, ਛੋਟੀ ਤੇ ਲੱਚਕਤਾ ਰਹਿਤ ਹੈ। ਇਹ ਅਸੂਲ ਸਣੇ
ਮਨੁੱਖ ਹਰ ਜੀਵ ਤੇ ਲਾਗੂ ਹੁੰਦਾ ਹੈ। ਆਪਣੇ ਆਲੇ ਦੁਆਲੇ ਨਿਗਾਹ ਮਾਰ ਕੇ ਵੇਖੋ,
ਕਿੰਨੇ ਕੱਪਟੀ ਤੇ ਸੁਸਤ ਪਰ ਸੁੰਦਰ ਲੋਕ ਤੁਹਾਨੂੰ ਆਸਾਨੀ ਨਾਲ ਦਿੱਸ ਪੈਣਗੇ।
ਪਰ ਇਹਨਾਂ ਦਾ ਇਸ ਵਿਚ ਕੋਈ ਕਸੂਰ ਨਹੀਂ ਹੁੰਦਾ। ਕੁਦਰਤ ਨੇ ਜੀਵਨ ਦੇ ਸਾਰੇ
ਰੰਗ ਭਰਨੇ ਹੁੰਦੇ ਹਨ ਤਾਂ ਕਿ ਇਹ ਦੁਨੀਆ ਵਿਚ ਕੋਈ ਨਾ ਕੋਈ ਕਾਰਜ ਚੱਲਦਾ ਰਵੇ।
ਮਿਸਾਲ ਦੇ ਤੌਰ ਤੇ ਜੇ ਠੱਗੀ ਠੋਰੀ ਨਾ ਹੋਵੇ ਤਾਂ, ਪੁਲਸ, ਠਾਣੇ, ਵਕੀਲਾਂ,
ਜੱਜਾਂ, ਸਰਕਾਰਾਂ ਦੀ ਲੋੜ ਹੀ ਨਹੀਂ। ਜੇ ਮਾੜੇ ਭੋਜਨ ਜਾਂ ਮਾੜੀਆਂ ਇਸ਼ਾਵਾਂ ਨਾ
ਹੋਣ ਤਾਂ, ਕੋਈ ਬਿਮਾਰ ਹੀ ਨਾ ਹੋਵੇ। ਸਭ ਡਾਕਟਰ, ਹਸਪਤਾਲ, ਦੁਆਈਆਂ ਵਾਲੇ
ਬੇਕਾਰ ਹੋ ਜਾਣ। ਐਡੇ ਵੱਡੇ ਵੱਡੇ ਕਾਲਜ ਬੰਦ ਹੋ ਜਾਣ। ਇਹ ਇਕ ਨਵਾਂ ਮਸਲਾ
ਪੈਦਾ ਹੋ ਜੂ। ਸੋ ਕੁਦਰਤ ਨੇ ਆਪਣੇ ਰੱਚੇ ਸੰਸਾਰ ਨੂੰ ਚੱਲਦਾ ਰੱਖਣ ਲਈ ਜੀਵਾਂ
ਨੂੰ ਖਾਸ ਅਪੰਗਤਾ ਤੇ ਮਨੁੱਖ ਨੂੰ ਕੱਪਟ ਦੀ ਦਾਤ ਦਿੱਤੀ ਹੈ। ਯਾਦ ਰੱਖੋ, ਕਿਸੇ
ਦੇ ਦੁੱਖ ਵਿਚੋਂ ਹੀ ਕਿਸੇ ਹੋਰ ਦਾ ਸੁੱਖ ਜਨਮਦਾ ਹੈ। ਹਰ ਮਨੁੱਖ ਨੂੰ ਉਹਦੇ
ਹਿੱਸੇ ਦਾ ਦੁੱਖ ਸੁੱਖ ਮਿਲਦਾ ਰਹਿਣਾ ਚਾਹੀਦਾ ਹੈ ਤਾਂ ਕਿ ਇਹ ਸੰਸਾਰ ਆਹਰੇ
ਲੱਗਿਆ ਰਵੇ (13/02/17) |
|
ਸੁਹਜ ਦੀ ਅਣਹੋਂਦ ! |
ਪਿੰਡਾਂ ਵਿਚ ਜਦ ਕੋਈ ਔਰਤ, ਆਵੇ, ਓਟੇ ਆਦਿ
ਲਿੱਪਦੀ ਸੀ ਤਾਂ ਬਾਅਦ ਵਿਚ ਉਸਤੇ ਗੇਰੂ ਜਾਂ ਹੋਰ ਰੰਗਾਂ ਨਾਲ ਫੁੱਲ ਬੂਟੇ,
ਚਿੜੀਆਂ ਕਬੂਤਰ ਆਦਿ ਬਹੁਤ ਰੀਝ ਤੇ ਖੁਸ਼ਖਤੀ ਨਾਲ ਉਲੀਕਦੀ ਸੀ। ਇਹ ਕੋਈ ਮਜ਼ਬੂਰੀ
ਨਹੀਂ ਸੀ ਹੁੰਦੀ, ਇਹ ਤਾਂ ਮਨੁੱਖੀ ਮਨ ਦੀ ਖੁਸ਼ ਰਹਿਣ ਦੀ ਖਾਹਿਸ਼ ਵਿਚੋਂ ਪੈਦਾ
ਹੋਈਆਂ ਤਰੰਗਾਂ ਸਨ। ਇਹੋ ਹੀ ਅੱਗੇ ਚੱਲ ਕੇ ਲੋਕ ਕਲਾ ਦਾ ਰੂਪ ਬਣਦੀ ਸੀ ਤੇ
ਪਰਿਵਾਰਾਂ ਨੂੰ ਜੋੜੀ ਰੱਖਦੀ ਸੀ। ਇਸੇ ਤਰ੍ਹਾਂ ਹਰ ਰਾਜੇ ਦੇ ਦਰਬਾਰ ਵਿਚ
ਕਲਾਕਾਰਾਂ ਨੂੰ ਖਾਸ ਥਾਂ ਹਾਸਲ ਹੁੰਦੀ ਸੀ। ਗੀਤ ਸੰਗੀਤ ਦੇ ਨਾਲ ਨਾਲ
ਚਿੱਤਰਕਲਾ ਵੱਲ ਵੀ ਧਿਆਨ ਦਿੱਤਾ ਜਾਂਦਾ ਸੀ। ਕੰਧ ਚਿੱਤਰਾਂ ਲਈ ਖਾਸ ਸਥਾਨ
ਮੁਕੱਰਰ ਕੀਤੇ ਜਾਂਦੇ ਸਨ। ਐਸ਼ੋ ਇਸ਼ਰਤ ਦੇ ਨਾਲ ਨਾਲ, ਖੇਡਾਂ (ਖਾਸਕਰ
ਪਹਿਲਵਾਨੀ) ਤੇ ਪੀਰਾਂ ਫਕੀਰਾਂ ਦੇ ਧਾਰਮਿਕ ਚਿੱਤਰ ਵੀ ਬਣਵਾਏ ਜਾਂਦੇ ਸਨ। ਪਰ
ਅਫਸੋਸ ਦੀ ਗੱਲ ਹੈ ਕਿ ਅੱਜ ਦੇ ਰਾਜੇ, ਚਿੱਤਰਕਲਾ ਨੂੰ ਇਕ ਵਾਧੂ ਵਸਤੂ ਸਮਝਦੇ
ਹਨ। ਹਰ ਵੇਲੇ ਸਿਆਸਤ ਤੇ ਪੈਸੇ ਦੀ ਦੌੜ ਵਿਚ ਗਲਤਾਨ ਇਹ ਅਜੋਕੇ ਰਾਜੇ, ਜਿੱਥੇ
ਆਪਣਾ ਮਾਨਸਿਕ ਨਿਕਾਸ ਕਰ ਰਹੇ ਹਨ, ਉੱਥੇ ਲੋਕਾਂ ਵਿਚੋਂ ਵੀ ਜੀਵਨ ਦਾ ਸੁਹਜ
ਖਤਮ ਕਰ ਰਹੇ ਹਨ। ਕਦੇ ਕਦੇ ਲੱਗਦਾ ਹੈ ਕਿ ਸ਼ਾਇਦ ਇਹ ਕਮੀ ਅਜੋਕੀ ਆਰਜਿਕਤਾ ਦਾ
ਮੂਲ ਕਾਰਨ ਹੀ ਨਾ ਹੋਵੇ ? (05/02/17) |
|
ਸੁਫ਼ਨੇ ਤਾਂ ਲਵੋ ! |
ਜੀਵਨ ਦੀ ਸ਼ੁਰੂਆਤ ਹੀ, ਕਿਸੇ ਦੇ ਲਏ ਸੁਫ਼ਨੇ
ਨਾਲ ਹੁੰਦੀ ਹੈ, ਤੇ ਮਨੁੱਖ ਸਾਰੀ ਉਮਰ ਸੁਫ਼ਨੇ ਲੈਂਦਾ ਹੀ ਕੱਟ ਜਾਂਦਾ ਹੈ। ਹਰ
ਕਿਸਾਨ ਫਸਲ ਬੀਜ ਕੇ, ਆੜ੍ਹਤੀ ਤੋਂ ਆਉਣ ਵਾਲੇ ਸੰਭਾਵਤ ਪੈਸੇ ਨਾਲ ਸਕੀਮਾਂ
ਬੁਣੀ ਜਾਂਦਾ ਹੈ। ਇਹ ਸੁਫ਼ਨੇ ਪੂਰੇ ਹੁੰਦੇ ਹਨ ਜਾਂ ਨਹੀਂ, ਇਕ ਵੱਖਰੀ ਗੱਲ ਹੈ।
ਹਰ ਨੌਜਵਾਨ ਜੀਵਨ ਵਿਚ ਕਾਮਯਾਬੀ ਦੇ ਜ਼ਹਾਜ਼ ਉਡਾਉਣਾ ਚਾਹੁੰਦਾ ਹੈ। ਹਰ ਵਪਾਰੀ
ਮੁਨਾਫ਼ੇ ਦੇ ਸੁਫ਼ਨੇ ਲੈਣੋਂ ਨਹੀਂ ਝਿੱਜਕਦਾ। ਹਰ ਲੀਡਰ, ਦਿਨ ਰਾਤ ਕੁਰਸੀ ਦੇ
ਸੁਫ਼ਨੇ ਲੈਂਦਾ ਹੈ। ਹਰ ਔਰਤ, ਇਕ ਸੁਖੀ ਪਰਿਵਾਰ ਦੀ ਹੋਂਦ ਦੇ ਸੁਫ਼ਨੇ ਲੈਂਦੀ
ਹੈ। ਪਰ ਕੀ ਸਾਰਿਆਂ ਦੇ ਸੁਫ਼ਨੇ ਪੂਰੇ ਹੋ ਜਾਂਦੇ ਹਨ ? ਕੀ ਸੁਫ਼ਨੇ ਐਵੇਂ ਆਉਂਦੇ
ਹਨ ? ਕੀ ਸਿਰਫ ਪ੍ਰਮਾਤਮਾ ਤੇ ਟੇਕ ਲਾਕੇ ਸੁਫ਼ਨੇ ਪੂਰੇ ਕੀਤੇ ਜਾ ਸਕਦੇ ਹਨ? ਇਸ
ਬਾਰੇ ਤਾਂ ਮੈਂ ਕੋਈ ਪੱਕਾ ਜਵਾਬ ਨਹੀਂ ਦੇ ਸਕਦਾ, ਪਰ ਇਕ ਗੱਲ ਤਾਂ ਪੱਕੀ ਹੈ
ਕਿ ਬਿੰਨਾਂ, ਦੂਰ–ਅੰਦੇਸ਼ੀ, ਲਗਨ ਤੇ ਮਿਹਨਤ ਤੋਂ, ਕੋਈ ਵੀ ਸੁਫ਼ਨਾ ਪੂਰਾ ਨਹੀਂ
ਹੋ ਸਕਦਾ। ਮੌਕਾ–ਮੇਲ ਵੀ ਤਾਂ ਹੀ ਸਾਜਗਰ ਹੁੰਦਾ ਹੈ, ਜੇ ਤੁਸੀਂ ਤਿਆਰ ਹੋਵੋਂ,
ਨਹੀਂ ਤਾਂ ਉਹ ਵੀ ਵਿਅਰਥ ਚਲੇ ਜਾਂਦਾ ਹੈ। ਪੱਕੀ–ਪਕਾਈ ਖਾਣ ਵਾਲੇ, ਇਸ ਦੁਨੀਆ
ਤੇ ਨਾ ਆਇਆ ਦੇ ਬਰਾਬਰ ਹੀ ਹੁੰਦੇ ਹਨ, ਮੁੜਕੇ ਘਰਦੇ ਵੀ ਯਾਦ ਨਹੀਂ ਕਰਦੇ,
ਦੁਨੀਆ ਦਾ ਤਾਂ ਮਤਲਬ ਹੀ ਕੋਈ ਨਹੀਂ ਕਿ ਯਾਦ ਕਰੇ।
(26/01/2017) |
|
ਰੱਖਣੇ ਸੌਖੇ, ਪਾਲਣੇ ਔਖੇ |
ਘਰਾਂ, ਖੇਤਾਂ ਵਿਚ ਅਸੀਂ ਆਮ ਹੀ ਕੁੱਤੇ ਰੱਖ
ਲੈਂਦੇ ਹਾਂ। ਰੱਖਣ ਵੇਲੇ ਆਮ ਬੰਦਾ ਇਹ ਨਹੀਂ ਸੋਚਦਾ ਕਿ , ਆਉਣ ਵਾਲਾ ਸਮਾਂ
ਕਿਵੇਂ ਬੱਝ ਜਾਂਦਾ ਹੈ। ਜਾਨਵਰ ਨੂੰ ਪੂਰੀ ਤਵੱਕੋਂ ਦੇਣੀ ਪੈਂਦੀ ਹੈ। ਸੱਚੀ
ਗੱਲ ਤਾਂ ਇਹ ਹੈ ਕਿ ਇਕ ਪੂਰਾ ਬੰਦਾ, ਜਾਨਵਰ ਦੀ ਦੇਖ ਭਾਲ ਲਈ ਬੱਝ ਜਾਂਦਾ ਹੈ।
ਅਸੀਂ ਘਰ ਵਿਚ 7 ਗਿੰਨੀ ਪਿੱਗ (ਫੋਟੋ) ਰੱਖ ਲਏ। ਇਹ ਸਿਰਫ, ਪਾਲਕ, ਸੇਬ,
ਨਾਸ਼ਪਾਤੀ ਜਾਂ ਡਬਲ ਰੋਟੀ ਹੀ ਖਾਂਦੇ ਸਨ। 7 ਸਾਲ ਹਰ ਚੌਥੇ ਦਿਨ 10–15 ਕਿਲੋ
ਪਾਲਕ ਲੈਣ ਜਾਣਾ ਪਿਆ। ਬਹੁਤ ਜੱਬ ਰਿਹਾ। ਇਸੇ ਤਰਾਂ ਕਈ ਲੋਕ, ਖਰਗੋਸ਼, ਚੂਹੇ,
ਸੱਪ ਜਾਂ ਚਿੜੀਆਂ–ਕਬੂਤਰ ਪਾਲ ਲੈਂਦੇ ਹਨ। ਕਨੇਡਾ ਵਿਚ ਕਈ ਸ਼ੇਰ ਵੀ ਪਾਲਦੇ ਹਨ,
ਇਕ ਪੰਜਾਬੀ ਦੇ ਘਰ ਤਾਂ, ਮਗਰਮੱਛ ਵੀ ਰੱਖਿਆ ਦੇਖਿਆ। ਜਾਨਵਰਾਂ ਨਾਲ ਮੋਹ
ਰੱਖਣਾ ਮਾੜੀ ਗੱਲ ਨਹੀਂ, ਪਰ ਰੱਖੇ ਜਾਨਵਰ ਦਾ ਪੂਰਾ ਖਿਆਲ ਜੋ ਨਹੀਂ ਰੱਖਦੇ,
ਉਹ ਜ਼ੁਲਮ ਹੀ ਕਰਦੇ ਹਨ। ਉਸਦੇ ਦੁੱਖ ਵਿਚ ਸਾਥ ਵੀ ਦੇਣਾ ਪੈਂਦਾ ਹੈ। ਭਾਂਵੇਂ
ਤੁਹਾਡੀ ਜੇਬ ਇਜ਼ਾਜਤ ਦੇਵੇ ਜਾਂ ਨਾਂ, ਦਿਲ ਤੇ ਹੱਥ ਰੱਖਕੇ ਇਲਾਜ ਕਰਵਾਉਣਾ ਹੀ
ਪੈਂਦਾ ਹੈ। ਜਿਹਨਾਂ ਲੋਕਾਂ ਕੋਲ ਵਕਤ ਨਹੀਂ ਹੈ, ਉਹਨਾਂ ਨੂੰ ਪਾਲਤੂ ਜਾਨਵਰ
ਨਹੀਂ ਰੱਖਣੇ ਚਾਹੀਦੇ। ਇਹ ਵੀ ਯਾਦ ਰੱਖੋ ਕਿ ਪਾਲਤੂ ਜਾਨਵਰ ਦੀ ਉਮਰ, ਜੰਗਲੀ
ਜੀਵ ਨਾਲੋਂ ਦੁਗਣੀ ਤੋਂ ਵੱਧ ਹੋ ਜਾਂਦੀ ਹੈ, ਇਸ ਲਈ ਸੇਵਾ ਦਾ ਟਾਇਮ ਵੀ ਵੱਧ
ਚਾਹੀਦਾ ਹੈ, ਖਾਸਕਰ ਕਿ ਜਦੋਂ ਜਾਨਵਰ ਬਿਰਧ ਹੋ ਜਾਵੇ। ਇਸੇ ਲਈ ਪਾਲਤੂ ਜਾਨਵਰ
ਰੱਖਣ ਤੋਂ ਪਹਿਲੋਂ, ਵਿਚਾਰ ਕਰ ਲੈਣਾ ਚਾਹੀਦਾ ਹੈ। ਬਾਕੀ ਮੋਹ ਦਾ ਕੋਈ ਮੁੱਲ
ਨਹੀਂ ਹੁੰਦਾ । (20/01/2017) |
|
ਇਤਿਹਾਸ ਮੁੱਕਰ ਵੀ ਜਾਂਦਾ ਹੈ ! |
ਸਾਰੀ ਮਨੁੱਖਤਾ ਦੀ ਕੋਸ਼ਿਸ਼ ਹੈ ਕਿ, ਆਪਣੇ
ਇਤਿਹਾਸ ਦਾ ਸਹੀ ਲੇਖਾ ਜੋਖਾ ਰੱਖਿਆ ਜਾਵੇ। ਪਰ ਕੀ ਇਹ ਸੰਭਵ ਹੈ ? ਸਮਾਜ ਵਿਚ
ਜਦੋਂ ਕੋਈ ਘਟਨਾ ਵਾਪਰਦੀ ਹੈ ਤਾਂ ਉਸ ਵੇਲੇ ਦੇ ਹਾਲਾਤ ਜ਼ਰੂਰੀ ਨਹੀਂ ਕਿ ਕਾਰਗਰ
ਜਾਂ ਅਨੁਕੂਲ ਹੋਣ। ਆਪਾਧਾਪੀ ਵੀ ਪਈ ਹੋ ਸਕਦੀ ਹੈ। ਫੇਰ ਇਹ ਵੀ ਜ਼ਰੂਰੀ ਨਹੀਂ
ਕਿ ਜੋ ਕੋਈ ਲਿਖਦਾ ਹੈ, ਉਹ ਨਿਰਪੱਖ ਹੋਵੇ। ਅੱਜ ਦੇ ਯੁੱਗ ਵਿਚ ਹੀ ਦੇਖ ਲਵੋ,
ਕਿਸੇ ਵੀ ਘਟਨਾ ਦਾ ਸੱਚ ਸਾਹਮਣੇ ਨਹੀਂ ਆਉਂਦਾ। ਸਰਕਾਰਾਂ ਪੜਤਾਲ ਕਮੇਟੀਆਂ
ਬਣਾਕੇ ਮਸਲੇ ਨੂੰ ਦੱਬ ਦੇਂਦੀਆਂ ਹਨ ਤੇ ਜੋ ਲੋਕ ਗਵਾਹ ਹੁੰਦੇ ਹਨ, ਜਾਂ ਭੁੱਲ
ਭਲਾ ਜਾਂਦੇ ਹਨ ਜਾਂ ਮੁੱਕਰ/ਮੁੱਕਰਾਅ ਜਾਂਦੇ ਹਨ। ਪਿਛਲੇ 70 ਸਾਲ ਵਿਚ ਕਿਸੇ
ਪੜਤਾਲ ਕਮੇਟੀ ਨੇ ਕਿਸੇ ਨੂੰ ਕੋਈ ਵੀ ਸਜ਼ਾ ਨਹੀਂ ਦਿਵਾਈ। ਜ਼ਰਾ ਸੋਚੋ, ਸਦੀਆਂ
ਪਹਿਲੋਂ ਦੀਆਂ ਘਟਨਾਵਾਂ ਦਾ ਸੱਚ ਕੀ ਹੋਵੇਗਾ ? ਇਹਨਾਂ ਢੱਠੀਆਂ ਛੱਤਾਂ ਥੱਲੇ
ਕੀ ਕੀ ਜ਼ੁਲਮ ਹੁੰਦੇ ਰਿਹੇ ਹੋਣਗੇ, ਕਿਆਸ ਵੀ ਨਹੀਂ ਕੀਤੇ ਜਾ ਸਕਦੇ। ਜੇ ਅਸੀਂ
ਅੱਜ ਦੇ ਸੱਚ ਵੀ ਜਾਨਣ ਦੇ ਕਾਬਲ ਨਹੀਂ ਹਾਂ, ਤਾਂ ਇਤਿਹਾਸ ਦਾ ਸੱਚ ਸਾਡੇ ਵੱਸ
ਦਾ ਰੋਗ ਨਹੀਂ, ਕਿਉਂਕਿ ਹਾਕਮ ਜਮਾਤ ਦੇ ਅਸੂਲ, ਸਾਰੀ ਦੁਨੀਆ ਵਿਚ ਉਹੀ ਰਹਿੰਦੇ
ਹਨ। ਅਸੀਂ ਬਸ ਆਪਣੇ ਮਨ ਨੂੰ ਧਰਵਾਸ ਦੇਣ ਲਈ, ਚਾਰ ਅੱਥਰੂ ਆਪਣੇ ਪੁਰਖਿਆਂ ਲਈ
ਵਹਾਅ ਲੈਂਦੇ ਹਾਂ। (13/01/2017) |
|
ਭਾਈਓ ਔਰ ਬਹਿਨੋ ! |
ਡਰੋ ਨਾ, ਮੈਂ ਕੁਝ ਵੀ ਅਜਿਹਾ ਨਹੀਂ ਕਹਿਣ
ਲੱਗਾ ਕਿ ਤੁਹਾਡੇ ਸਾਹ ਸੂਤੇ ਜਾਣ। ਚੋਣਾਂ ਦਾ ਮੌਸਮ ਹੈ, ਮੈਂ ਕੋਈ ਖਤਰਾ ਮੁੱਲ
ਨਹੀਂ ਲੈਣਾ ਕਿ ਲੋਕ ਮੇਰੇ ਵਿਰੁਧ ਹੋ ਜਾਣ। ਮੈਂ ਅੱਜ ਇਕ ਇਹੋ ਜਿਹੇ ਮਸਲੇ ਤੇ
ਗੱਲ ਕਰਨੀ ਹੈ ਜੋ ਸਾਡੇ ਪਿੰਡਾਂ ਦੇ ਪਿੰਡ ਨੋਜੁਆਨੀ ਤੋਂ ਖਾਲੀ ਕਰੀ ਜਾ ਰਿਹਾ
ਹੈ। ਇਸ ਵਿਚ ਕੋਈ ਸ਼ਕ ਨਹੀਂ ਕਿ ਸਾਡੀ ਨਵੀਂ ਪੀੜੀ ਬਹੁਤ ਤੇਜ਼, ਜਾਗਰੂਕ ਤੇ
ਉੱਚ ਸਿਖਿਆ ਪ੍ਰਾਪਤ ਕਰਨ ਦੇ ਕਾਬਲ ਹੈ। ਪਰ ਉਸਨੂੰ ਐਨਾ ਗਿਆਨ ਗ੍ਰਹਿਣ ਕਰਕੇ
ਮਿਲਦਾ ਕੀ ਹੈ? ਇਕ ਇੰਜਨੀਅਰਿੰਗ ਕੀਤੇ ਨੂੰ ਲੁਧਿਆਣੇ ਦੇ ਕਰੋੜਪਤੀ
ਕਾਰਖਾਨੇਦਾਰ 5000 ਰੁਪਏ ਮਹੀਨਾ ਦੇ ਕੇ ਵੀ ਅਹਿਸਾਨ ਕਰਦੇ ਹਨ। ਇਕ ਰੋਸ਼ਨ
ਦਿਮਾਗ ਤੇ ਇਕ ਜੁਗਾੜੀਏ ਵਿਚ ਫਰਕ ਹੀ ਨਹੀਂ ਸਮਝਦੇ ਹਨ। ਪਿੰਡਾਂ ਦੇ ਨੌਜੁਆਨਾਂ
ਨੂੰ ਤਾਂ ਉਹ ਟਿੱਚ ਸਮਝਦੇ ਹਨ। ਸਰਕਾਰਾਂ ਕੋਲ ਉੱਚ ਵਿਦਿਆ ਪ੍ਰਾਪਤ ਲਈ ਕੋਈ
ਸਕੀਮ ਜਾਂ ਸੋਚ ਹੀ ਨਹੀਂ ਹੈ। ਇਹੋ ਕਾਰਣ ਹੈ ਕਿ ਅੱਜ ਹਰ ਬੱਚਾ ਬਾਹਰ ਜਾਣਾ
ਚਾਹੁੰਦਾ ਹੈ। ਇਸੇ ਨੂੰ ਬਰੇਨ ਡਰੇਨ ਕਹਿੰਦੇ
ਹਨ। ਆਓ ਅੱਜ ਵੋਟ ਪਾਉਣ ਤੋਂ ਪਹਿਲੋਂ ਸਿਆਸਤ ਦੇ ਖਿਲਾੜੀਆਂ ਦੇ ਕੰਨਾਂ ਦੀਆਂ
ਜੂੰਆਂ ਸਰਕਾਈਏ, ਤਾਂ ਕਿ ਹਰ ਘਰ ਵਿਚ ਪੱਸਰ ਰਹੀ ਇਕਲਾਪੇ ਦੀ ਲਹਿਰ ਨੂੰ ਕੁਝ
ਠੱਲ ਪਵੇ। (05/01/2017) |
|
|
|
|
|