|
ਪੈਰ ਸੋਚ ਕੇ ਧਰੀਂ |
ਕਿਸਾਨ ਤੇ ਟਟਹੀਰੀ ਦਾ ਰਿਸ਼ਤਾ ਸਦੀਆਂ
ਪੁਰਾਣਾ ਹੈ। ਜਿਓਂ ਹੀ ਕਿਸਾਨ ਕਣਕ ਦੀ ਫ਼ਸਲ ਵੱਢਦਾ ਹੈ, ਟਟਹੀਰੀ , ਕਣਕ ਦੀਆਂ
ਸੁੱਕੀਆਂ , ਰੋੜੀਆਂ ਵਾਲੀਆਂ ਵੱਟਾਂ ਦੇ ਥਾਂ ਮਲ੍ਹ ਲੈਂਦੀ ਹੈ। ਬਸ ਰੋੜ ਕੁੱਝ
ਏਧਰ ਉੱਧਰ ਕਰ ਇਕ ਡੱਬ ਖੜਬਾ ਆਲਹਣਾ ਬਣਾ ਕੇ ਡੱਬ ਖੜੱਬੇ ਜਿਹੇ ਚਾਰ ਜਾਂ ਪੰਜ
ਅੰਡੇ ਦੇ ਦਿੰਦੀ ਹੈ। ਫੇਰ ਦੋਵੇ ਜੀਅ ਇਕੱਠੇ ਰਾਖੀ ਕਰਦੇ ਹਨ, ਨਰ 20 ਕੁ ਫੁੱਟ
ਦੀ ਦੂਰੀ ਤੇ ਬੈਠ ਦੁਸ਼ਮਆਂ ਤੇ ਨਜ਼ਰ ਰੱਖਦਾ ਹੈ। ਵਾਰੀ ਵਾਰੀ ਭੋਜਨ ਵੀ ਲੱਭ
ਲਿਆਉਂਦੇ ਹਨ। ਜਦੋਂ ਖਤਰਾ ਭਾਂਪਦੇ ਹਨ ਤਾਂ ਚੁੱਪ ਚਾਪ 25 ਤੋਂ 30 ਫੁੱਟ ਦੂਰ
ਜਾਕੇ ਅਵਾਜ਼ਾਂ ਕੱਢ ਕੇ ਦੁਸ਼ਮਣ ਨੂੰ ਆਂਡਿਆਂ ਦੇ ਸਥਾਨ ਬਾਰੇ ਗੁਮਰਾਹ ਕਰਦੇ ਹਨ।
ਸਿਆਣੇ ਜੱਟ ਹਮੇਸ਼ਾਂ ਵਾਹੀ ਕਰਨ ਲੱਗੇ ਇਹਨਾਂ ਆਂਡਿਆਂ ਨੂੰ ਬਚਾ ਕੇ ਹੱਲ
ਵਾਹੁੰਦੇ ਹਨ। ਟਟਹੀਰੀ ਕਿਸਾਨ ਦਾ ਮਿੱਤਰ ਪੰਛੀ ਹੈ, ਇਹ ਫਸਲਾਂ ਦੇ ਖਤਰਨਾਕ
ਕੀੜੇ ਖਾ ਜਾਂਦਾ ਹੈ। ਜਦੋਂ ਛੋਟੇ ਬੱਚੇ ਨਿਕਲਦੇ ਹਨ ਤਾਂ ਉਹ ਇਕਦਮ ਤੇਜ਼ ਦੋੜ
ਸਕਦੇ ਹਨ। ਮਿੱਟੀ ਰੰਗੇ ਹੌਣ ਕਰਕੇ ਝੱਟ ਤੁਹਾਡੇ ਦੇਖਦੇ ਦੇਖਦੇ ਗੁੰਮ ਹੋ
ਜਾਂਦੇ ਹਨ। ਇਸ ਪੰਛੀ ਦੀ ਆਂਡਿਆ ਨਾਲ ਫੋਟੋ ਖਿਚਣੀ ਬੜੀ ਮੁਸ਼ਕਲ ਹੈ। ਇਹ ਫੋਟੋ
ਵੀ ਵਾਈ ਫਾਈ ਵਾਲੀ ਨਵੀਂ ਤਕਨੀਕ ਨਾਲ 100 ਫੁੱਟ ਦੂਰ ਤੋਂ ਖਿੱਚੀ ਗਈ ਹੈ।
(06/02/15) |
|
ਰੁੱਖਾਂ ਨਾਲ ਗੱਲਾਂ |
ਪੰਜਾਬ ਦੇ ਹਰ ਪਿੰਡ ਦੇ ਆਲੇ ਦੁਆਲੇ ਕੋਈ ਨਾ
ਕੋਈ, ਰੱਖ, ਜੰਗਲ, ਡਰੇਨ, ਸੂਆ, ਨਹਿਰ, ਬੇਅਬਾਦ ਥਾਂ, ਜਾਂ ਕੋਈ ਝਿੱੜੀ ਆਦਿ
ਹੁੰਦੀ ਹੀ ਹੁੰਦੀ ਹੈ। ਇੱਥੇ ਸਾਨੂੰ ਕਈ ਕਿਸਮ ਦੇ ਵੱਡੇ ਛੋਟੇ ਰੁੱਖ ਮਿਲ ਹੀ
ਜਾਂਦੇ ਹਨ। ਗਰੀਬ ਲੋਕ ਇਹਨਾਂ ਨੂੰ ਛਾਂਗਣ ਦੀ ਤਾਕ ਵਿਚ ਰਹਿੰਦੇ ਹਨ। ਲੋੜ
ਵੇਲੇ ਇਹ ਚਰਵਾਹਿਆਂ ਤੇ ਪਸ਼ੂਆਂ ਪੰਛੀਆਂ ਦਾ ਆਸਰਾ ਬਣਦੇ ਹਨ। ਰੁੱਖਾਂ ਦੀ
ਮਹੱਤਤਾ ਬਾਰੇ ਸਿਆਣੇ ਕਈ ਕੁੱਝ ਕਹਿ ਗਏ ਹਨ। ਇਹਨਾਂ ਦੇ ਕੀ ਫਾਇਦੇ ਹਨ, ਇਹ
ਮੈਨੂੰ ਦੱਸਣ ਦੀ ਲੋੜ ਨਹੀਂ। ਮੈਂ ਤਾਂ ਇਕ ਨਵਾਂ ਤਜੁਰਬਾ ਕੀਤਾ ਹੈ, ਜੋ
ਤੁਹਾਡੇ ਨਾਲ ਸਾਂਝਾ ਕਰ ਰਿਹਾ ਹਾਂ। ਰੁੱਖ ਮੇਰੇ ਮਾਨਸਿਕ ਦੁੱਖ ਨੂੰ ਘਟਾਉਣ
ਵਿਚ ਬਹੁਤ ਸਹਾਈ ਹੋਏ ਹਨ। ਇਹ ਬਹੁਤ ਸੌਖਾ ਹੈ, ਮੈਨੂੰ ਜਦ ਵੀ ਕੋਈ ਦੁੱਖ
ਮਹਿਸੂਸ ਹੁੰਦਾ ਹੈ ਤਾਂ ਮੈਂ ਕਿਸੇ ਨਾ ਕਿਸੇ ਰੁੱਖ ਦੇ ਕੋਲ ਜਾਕੇ ਆਪਣਾ ਰੋਣਾ
ਰੋ ਲੈਂਦਾ ਹਾਂ, ਰੁੱਖ ਚੁੱਪ ਚਾਪ ਮੇਰੀ ਸਾਰੀ ਗੱਲ ਸੁਣਦਾ ਹੈ ਤੇ ਫੇਰ ਆਪਣੀ
ਚੁੱਪ ਮੇਰੇ ਅੰਦਰ ਭਰ ਦੇਂਦਾ ਹੈ, ਮੈਂ ਹੌਲਾ ਫੁੱਲ ਹੋਕੇ, ਜੀਵਨ ਦੇ ਅਗਲੇ ਸਫਰ
ਤੇ ਤੁਰ ਪੈਂਦਾ ਹਾਂ। ਜੇ ਮੇਰਾ ਮਨ ਕਿਸੇ ਨੂੰ ਨਫਰਤ ਭਰੀਆਂ ਗੱਲਾਂ ਕਹਿਣ ਨੂੰ
ਕਰਦਾ ਹੈ ਤਾਂ ਮੈਂ ਉਹ ਵੀ ਕਿਸੇ ਰੁੱਖ ਨੂੰ ਸੁਣਾ ਆਉਂਦਾ ਹਾਂ ਤੇ ਸ਼ਾਂਤ ਹੋਕੇ
ਅਗਲੇਰੇ ਕੰਮਾਂ ਵਿਚ ਜੁੱਟ ਜਾਂਦਾ ਹਾਂ। ਭਾਂਵੇਂ ਮੇਰੀਆਂ ਗੱਲਾਂ ਕਈਆਂ ਨੂੰ
ਅਜੀਬ ਜਾਂ ਪਾਗਲਪਣ ਲੱਗਣ, ਪਰ ਮੈਂ ਇਹ ਦਾਅਵੇ ਨਾਲ ਕਹਿ ਸਕਦਾ ਹਾਂ, ਕਿ
ਦੁਨੀਆਂ ਵਿਚ ਤੁਹਾਡੀ ਗੱਲ, ਸ਼ਾਂਤੀ ਤੇ ਠਹਿਰਾਓ ਨਾਲ, ਰੁੱਖ ਤੋਂ ਇਲਾਵਾ ਕੋਈ
ਹੋਰ ਨਹੀਂ ਸੁਣ ਸਕਦਾ ਤੇ ਇਹ ਸਭ ਸੁਰਖਿਅਤ ਵੀ ਹੈ। ਇਕ ਵਾਰੀ ਕੋਸ਼ਿਸ਼ ਕਰ ਕੇ
ਵੇਖੋ। ਘੱਟੋ ਘੱਟ ਨੁਕਸਾਨ ਤਾਂ ਕੋਈ ਨਹੀਂ। ਬਾਬਿਆਂ ਨਾਲੋਂ ਤਾਂ ਚੰਗੇ ਆ। ਜੇਬ
ਦੀ ਵੀ ਬੱਚਤ ਹੈ। |
|
ਮੈਂ ਕਦੇ ਡੁੱਬਦਾ ਨਹੀਂ |
ਮੈਂ ਸੂਰਜ ਹਾਂ, ਮੈਂ ਕਦੇ ਵੀ ਅਧੂਰਾ ਨਹੀਂ
ਹੁੰਦਾ, ਮੈਂ ਹਰ ਵਕਤ ਆਪਣੇ ਪੂਰੇ ਜਲਾਲ ਵਿਚ ਰਹਿੰਦਾ ਹਾਂ, ਇਹ ਤਾਂ ਤੁਸੀਂ ਹੀ
ਹੋ ਜੋ, ਆਪਣੀ ਘੁੰਮਦੀ ਧਰਤੀ ਤੇ ਬੈਠ ਮੇਰੇ ਆਲੇ ਦੁਆਲੇ ਗੇੜੇ ਕੱਢਦੇ ਰਹਿੰਦੇ
ਹੋ। ਦਿਨ ਰਾਤ ਆਪ ਸਿਰਜਦੇ ਹੋ ਤੇ ਰੁੱਤਾਂ ਦਾ ਕਾਰਣ ਆਪਣੀ ਧਰਤੀ ਨੂੰ ਦੂਰ
ਨੇੜੇ ਕਰ ਮਾਣਦੇ ਹੋ। ਇਹ ਤੁਸੀਂ ਹੀ ਹੋ ਜੋ ਇਸ ਧਰਤੀ ਨੂੰ ਆਪੋ ਆਪਣੀ, ਜ਼ਿਦ,
ਲਾਲਚ ਜਾਂ ਹਾਓਮੇ ਕਰ ਕੇ ਵੰਡੀ ਬੈਠੇ ਹੋ ਤੇ ਆਪਸ ਵਿਚ ਵਿਤਕਰੇ ਕਰਦੇ ਹੋ, ਮੈਂ
ਤਾ ਜਦ ਵੀ ਰੋਸ਼ਨੀ ਜਾਂ ਊਰਜਾ ਦਿੱਤੀ ਹੈ, ਬਿੰਨਾਂ ਕਿਸੇ ਭੇਦ ਭਾਵ ਦੇ ਦਿੱਤੀ
ਹੈ, ਮੈਂ ਕੋਈ ਲਕੀਰ ਨਹੀਂ ਹਾਂ, ਜਿਸ ਦਾ ਆਦਿ ਜਾਂ ਅੰਤ ਹੋਵੇਗਾ। ਮੇਰੀ ਦੇਣ
ਦੀ ਸਮਰੱਥਾ ਅਸੀਮ ਤੇ ਅਭੇਦ ਹੈ। ਰੁੱਤਾਂ ਨਾਲ ਤੁਸੀਂ ਕਿਸੇ ਸਮੇਂ ਦਾ ਅੰਤ ਜਾਂ
ਆਦਿ ਬਣਾ ਸਕਦੇ ਹੋ। ਮੈਂ ਤਾਂ ਹਰ ਸਮੇਂ ਇਹ ਦੋਹੇਂ ਹੀ ਹਾਂ। ਮੇਰਾ ਸਮਾਂ ਤਾਂ
ਤੁਹਾਡੀਆਂ ਕਿਆਸ ਅਰਾਈਆਂ ਤੋਂ ਕਦੇ ਮਾਪਿਆ ਵੀ ਨਹੀਂ ਜਾ ਸਕਦਾ। ਮੇਰੇ ਲਈ ਹਰ
ਪਲ ਨਵਾਂ ਸਾਲ ਹੈ। ਮੈਂ ਤਾਂ ਹਰ ਪਲ ਨਵੀਂ ਸ਼ਕਤੀ ਦਾ ਸੋਮਾ ਹਾਂ, ਇਹ ਤੁਸੀਂ ਹੀ
ਹੋ ਜੋ ਹਰ ਸਾਲ, ਚੰਗਾ ਵਾਪਰਨ ਦੀ ਆਸ ਰੱਖਦੇ ਹੋ ਤੇ ਚੰਗਾ ਕਰਨ ਦੀ ਸੋਚਦੇ ਹੋ,
ਪਰ ਅੰਤ ਕਰਦੇ ਉਹੀ ਹੋ ਜੋ ਪਹਿਲੇ ਸਾਲਾਂ ਵਿਚ ਕੀਤਾ ਹੁੰਦਾ ਹੈ। ਇਥੇ ਕੁਝ ਵੀ
ਨਹੀਂ ਬਦਲਦਾ, ਕੋਈ ਸਜ਼ਾ, ਕੋਈ ਇਨਾਮ, ਮਨੁੱਖ ਦੀ ਬਿਰਤੀ ਨੂੰ ਨਹੀਂ ਬਦਲਦਾ। ਇਹ
ਦੁਨੀਆ ਕਿਸੇ ਸਿਆਣੇ ਦੀ ਗੱਲ ਨਹੀਂ ਮੰਨਦੀ , ਸਗੋਂ ਉਸਨੂੰ ਪੂਜਣ ਦੇ ਬਹਾਨੇ,
ਆਪਣੀਆਂ ਇਛਾਵਾਂ ਦੀ ਪੂਰਤੀ ਕਰਨ ਲੱਗ ਪੈਂਦੀ ਹੈ, ਇਹੋ ਜਿਹੇ ਹਾਲਾਤ ਵਿਚ,
ਅਸੀਂ ਕਿਹੜੇ ਨਵੇਂ ਸਾਲ ਦੀਆਂ ਗੱਲਾਂ ਕਰਦੇ ਹਾਂ ? ਮੈਨੂੰ ਡੁੱਬਦਾ ਕਹਿਣ
ਵਾਲੇ, ਕਿਸ ਸਵੇਰ ਨੂੰ ਉਡੀਕਦੇ ਹਨ ? ਮੇਰਾ ਹਰ ਪਲ ਮਾਣੋ, ਮੈਂ ਹਰ ਪਲ ਨਵਾਂ
ਸਾਲ ਹਾਂ। |
|
ਗੰਦਾ ਨਾਲ਼ਾ ਇਕ ਹੋਰ |
ਖੇਤੀ ਦੀਆਂ ਲੋੜਾਂ ਵਿਚੋਂ ਪ੍ਰਮੁੱਖ ਲੋੜ
ਪਾਣੀ ਦੀ ਹੈ। ਇਹ ਕਈ ਸਰੋਤਾਂ ਤੋਂ ਪ੍ਰਾਪਤ ਕੀਤਾ ਜਾਂਦਾ ਹੈ। ਖੂਹ ਭਾਵੇਂ
ਮੱਛੀ ਮੋਟਰਾਂ ਵਿਚ ਤਬਦੀਲ ਹੋ ਗਏ ਹਨ, ਪਰ ਨਹਿਰ ਦੇ ਪਾਣੀ ਦਾ ਕੋਈ ਬਦਲ ਨਹੀਂ
ਹੈ। ਪਹਾੜਾਂ ਦੀ ਬਰਫ ਤੋਂ ਬਣਿਆ ਤੇ ਖਣਿੱਜਾਂ ਨਾਲ ਭਰਪੂਰ ਇਹ ਪਾਣੀ ਫਸਲਾਂ ਦਾ
ਜੀਵਨ ਸਰੋਤ ਹੈ। ਪਹਾੜ ਦੀ ਟੀਸੀ ਤੋਂ ਕਿਸਾਨਾਂ ਦੇ ਖੇਤ ਦੀ ਟੇਲ ਤਕ ਪਹੁੰਚਣ
ਲਈ ਇਸ ਪਾਣੀ ਨੂੰ ਸੈਂਕੜੇ ਮੀਲ ਦਾ ਸਫਰ ਤੈਅ ਕਰਨਾ ਪੈਂਦਾ ਹੈ। ਸਹਿਜ ਸਹਿਜੇ
ਇਹ ਆਪਣੀ ਚਾਲ ਬਣਾ ਕਿ ਤੁਰਦਾ ਰਹਿੰਦਾ ਹੈ। ਇਹ ਪਾਣੀ ਕਈ ਕਸਬਿਆਂ ਸ਼ਹਿਰਾਂ ਨੂੰ
ਛੂੰਹਦਾ ਆਪਣਾ ਸਫਰ ਕਰਦਾ ਹੈ। ਸਾਫ ਪਾਣੀ ਦਾ ਇਹ ਸੋਮਾ ਜਦ ਕਿਸੇ ਸ਼ਹਿਰ ਕੋਲੋਂ
ਲੰਘਦਾ ਹੈ ਤਾਂ, ਇਸਦੀ ਤਾਸੀਰ ਬਦਲ ਜਾਂਦੀ ਹੈ। ਸ਼ਹਿਰ ਦੇ ਲੋਕ ਸ਼ਾਇਦ ਪਿੰਡਾਂ
ਵਾਲਿਆਂ ਤੋਂ ਜ਼ਿਆਦਾ ਅੰਧ ਵਿਸ਼ਵਾਸੀ ਅਤੇ ਨਿਕੰਮੇ ਹੁੰਦੇ ਹਨ। ਆਪਣਾ ਨਿੱਤ
ਪ੍ਰਤੀ ਦਾ ਗੰਦ ਤਾਂ ਇਹ ਪਾਣੀ ਵਿਚ ਸੁੱਟਦੇ ਹੀ ਹਨ, ਇਹ ਬਾਕੀ ਅੰਧਵਿਸ਼ਵਾਸ ਦੀ
ਸਮੱਗਰੀ, ਪਲਾਸਟਿਕ ਦੇ ਲਿਫਾਫਿਆਂ ਵਿਚ ਪਾ ਕੇ ਕੱਪੜੇ ਵਿਚ ਬੰਨ੍ਹ ਕਿ, ਖਾਸ
ਕਰਕੇ ਚੁੰਨੀਆਂ, ਨਹਿਰਾਂ ਵਿਚ ਸੁੱਟਣੋਂ ਨਹੀਂ ਹਟਦੇ। ਬਸਤੀਆਂ ਦੇ ਲੋਕ ਤਾਂ
ਮੁਰਦਿਆਂ ਦੇ ਫੁੱਲ (ਹੱਡੀਆਂ ਦੀ ਰਾਖ) ਵੀ ਨਹਿਰਾਂ ਵਿਚ ਸੁੱਟੀ ਜਾਂਦੇ ਹਨ।
ਮਿੱਟੀ ਦੇ ਦੇਵਤੇ, ਨਾਰੀਅਲ ਤੇ ਹੋਰ ਕੂੜ ਕਬਾੜ ਦਾ ਤਾਂ ਅੰਤ ਕੋਈ ਨਹੀਂ। ਇਹ
ਲੋਕ ਪਹਿਲੋਂ ਇਹ ਕੰਮ ਦਰਿਆਵਾਂ ਵਿਚ ਕਰਦੇ ਸਨ, ਪਰ ਕਾਹਲ ਵਸ ਲਾਗੇ ਵਗਦੀਆਂ
ਨਹਿਰਾਂ ਨੂੰ ਵਰਤਣ ਲੱਗ ਪਏ ਹਨ। ਉਹ ਦਿਨ ਦੂਰ ਨਹੀਂ ਜਦ ਹਰ ਨਹਿਰ, ਜਦ ਕਿਸੇ
ਸ਼ਹਿਰ ਕੋਲੋਂ ਲੰਘੇਗੀ ਤਾਂ ਗੰਦਾ ਨਾਲਾ ਬਣ ਜਾਵੇਗੀ। ਬਾਕੀਆਂ ਦਾ ਤਾਂ ਪੂਰਾ
ਪਤਾ ਨਹੀ, ਪਰ ਆ ਲੁਧਿਆਣੇ ਵਾਲੀ ਤਾਂ ਬਸ ਗੰਦਾ ਨਾਲਾ ਬਣੀ ਸਮਝੋ। |
|
ਇਹਨਾਂ ਪਿੰਡਾਂ ਕੀ ਵੱਸਣਾ |
ਪਿੰਡ ਕਿਵੇਂ ਵਸਦੇ ਹਨ? ਇਸ ਬਾਰੇ ਸ਼ਾਇਦ
ਸਾਡੀ ਨਵੀਂ ਪੀੜ੍ਹੀ ਨੂੰ ਨਹੀਂ ਪਤਾ। ਸਦੀਆਂ ਪਹਿਲੋਂ ਵੱਡੇ ਪਰਿਵਾਰ ਹੁੰਦੇ
ਸਨ। ਪਿੰਡ ਦੀ ਅਣਉਪਜਾਊ ਜ਼ਮੀਨ ਘਰ ਦੇ ਜੀਆਂ ਦੀਆਂ ਲੋੜਾਂ ਨਹੀਂ ਪੂਰੀਆਂ ਕਰ
ਸਕਦੀ ਸੀ। ਸਿਆਣੇ ਲੋਕ ਇਸ ਲਈ ਟਬੱਰਾਂ ਨੂੰ ਵੰਡ ਕਿ ਨਵੀਂ ਥਾਂ ਦੀ ਭਾਲ ਕਰਕੇ
ਨਵਾਂ ਪਿੰਡ ਵਸਾ ਲੈਂਦੇ ਸਨ। ਇਹਨਾਂ ਪਿੰਡਾਂ ਦੇ ਨਾਮ ਪਿੰਡ ਦੇ ਮੁੱਖ ਗੋਤ ਜਾਂ
ਮੁਖੀਏ ਦੇ ਨਾਮ ਉਤੇ ਰੱਖੇ ਜਾਂਦੇ ਸਨ। ਪਿੰਡ ਦਾ ਹਰ ਪਰਿਵਾਰ ਆਪਣਾ ਇਕ ਮੁੰਡਾ
ਨਵੇਂ ਵਸੇ ਪਿੰਡ ਵਿਚ ਵਸਣ ਲਈ ਦੇਂਦਾ ਸੀ। ਜੱਟ, ਨਾਈ, ਛੀਂਬੇ, ਲੁਹਾਰ,
ਤਰਖਾਣ, ਸੁਨਿਆਰ, ਭੰਗੀ ਆਦਿ ਤੋਂ ਇਲਾਵਾ ਬ੍ਰਾਹਮਣ ਵੀ ਆਪਣਾ ਹਿੱਸਾ ਪਾਉਂਦੇ
ਸਨ। ਹੋ ਸਕਦੇ ਕਦੇ ਕਦੇ ਕਿਸੇ ਇਕ ਜਾਤ ਦਾ ਕੋਈ ਮੈਂਬਰ ਨਾ ਹੋ ਸਕੇ। ਇਹ ਸਭ
ਕੁਝ ਅਸਲ ਵਿਚ ਪਿੰਡ ਦੇ ਕੰਮ ਨੂੰ ਹਰ ਤਰ੍ਹਾਂ ਸੁਚਾਰੂ ਰੂਪ ਵਿਚ ਚਲਾਉਣ ਲਈ
ਹੁੰਦਾ ਸੀ। ਇੰਜ ਸਦੀ ਦਰ ਸਦੀ ਪਿੰਡ ਵਸਦੇ ਗਏ ਤੇ ਸੱਭਿਆਚਾਰਕ ਤੇ ਆਰਥਿਕ
ਵਿਕਾਸ ਹੁੰਦਾ ਗਿਆ। ਪਰ ਹੁਣ ਇਹ ਕੰਮ ਬੰਦ ਹੈ ਤੇ ਵਪਾਰਕ ਲੋਕਾਂ ਨੇ ਪਿੰਡਾਂ
ਦੀਆਂ ਜ਼ਮੀਨਾਂ ਦੇ ਕੱਚੇ ਸੌਦੇ ਕਰਕੇ ਨਵੇਂ ਪਿੰਡ ਵਸਾਉਣ ਦੀ ਕੋਸ਼ਿਸ਼ ਕੀਤੀ ਹੈ।
ਇਹਨਾਂ ਦੇ ਨਾਮ ਵੀ ਅੰਗਰੇਜ਼ੀ ਜਾਂ ਹੋਰ ਭਾਸ਼ਾਵਾਂ ਦੇ ਹੁੰਦੇ ਹਨ। ਇਥੇ ਕਿੱਤਿਆਂ
ਨੂੰ ਨਹੀਂ, ਸਗੋਂ ਪਹਿਲੋਂ ਹੀ ਅਮੀਰ ਲੋਕਾਂ ਦੀ ਲੁੱਟ ਕੀਤੀ ਜਾਂਦੀ ਹੈ। ਅਜਿਹੇ
ਸੁਪਨੇ ਵਿਖਾਏ ਜਾਂਦੇ ਹਨ ਕਿ ਬੰਦਾ ਭਾਰਤੀ ਹੁੰਦਾ ਹੋਇਆ ਵੀ ਅਮਰੀਕਨਾਂ ਵਾਲੀਆਂ
ਆਦਤਾਂ ਭਾਲਦਾ ਹੈ। ਆਖਰ ਇਹ ਸਭ ਕਿੰਨੀ ਕੁ ਦੇਰ ਚੱਲਣਾ ਸੀ। ਇਹ ਨਕਲੀ ਪਿੰਡਾਂ
ਦਾ ਕਾਰੋਬਾਰ, ਪੈਸੇ ਦੀ ਭੁੱਖ ਤੇ ਟਿਕਿਆ ਹੋਇਆ ਸੀ। ਇਸੇ ਲਈ ਸਭ ਬੰਦ ਹੈ। ਥਾਂ
ਥਾਂ ਤੇ ਮੀਨਾਰ ਤੇ ਦਰਵਾਜ਼ੇ ਤਾਂ ਹਨ ਪਰ ਅੰਦਰ ਸੁਪਨਿਆਂ ਦੀਆਂ ਕਬਰਾਂ ਹਨ। ਆਖਰ
ਕਿਰਤ ਨੇ ਹੀ ਫਲ ਦੇਣਾ ਹੁੰਦਾ ਹੈ, ਕਿਆਸ ਅਰਾਈਆਂ ਨੇ ਨਹੀਂ, ਤਾਂ ਹੀ ਇਹ ਪਿੰਡ
ਵਸ ਨਹੀਂ ਸਕੇ। |
|
ਤੇਰੀ ਵਾਰੀ ਆਈ ਪਿੱਪਲਾ |
ਲਓ ਜੀ ਸਰਕਾਰਾਂ ਦਾ ਪ੍ਰਚਾਰ, ਯੂਨੀਵਰਸਿਟੀ
ਦੀਆਂ ਬੇਨਤੀਆਂ ਤੇ ਅਫਸਰਾਂ ਵਲੋਂ ਕਨੂੰਨੀ ਧਮਕੀਆਂ ਨੇ ਆਪਣਾ ਅਸਰ ਵਿਖਾ ਦਿੱਤਾ
ਹੈ। ਪਰਾਲੀ ਨੂੰ ਖੇਤਾਂ ਵਿਚ ਸਾੜਨ ਦੇ ਮਾੜੇ ਨਤੀਜੇ ਨਿਕਲਦੇ ਹਨ, ਧਰਤੀ ਵਿਚਲੇ
ਤੱਤ ਸੜ ਜਾਂਦੇ ਹਨ, ਵਾਤਾਵਰਣ ਪ੍ਰਦੂਸ਼ਤ ਹੋ ਜਾਂਦਾ ਹੈ। ਲੋਕਾਂ ਨੂੰ ਸਾਹ ਦੀਆਂ
ਬਿਮਾਰੀਆਂ ਹੋ ਜਾਂਦੀਆਂ ਹਨ। ਇਹਨਾਂ ਸਭ ਅਲਾਮਤਾਂ ਨੂੰ ਸਾਡੇ ਮਹਾਨ ਸੂਬੇ ਦੇ
ਇਕ ਕਿਸਾਨ ਨੇ ਪੂਰੀ ਤਰ੍ਹਾਂ ਸਮਝ ਲਿਆ ਹੈ। ਉਸਨੇ ਸਭ ਦੀ ਗੱਲ ਮੰਨ ਕਿ ਖੇਤ
ਵਿਚੋਂ ਪਰਾਲ਼ੀ ਇਕੱਠੀ ਕਰ ਲਈ ਤੇ ਰਾਹ ਵਿਚ ਖੜ੍ਹੇ ਪਿੱਪਲ ਥਲੇ ਰੱਖ ਕਿ ਪਿੱਪਲ
ਨੂੰ ਧੂਣੀ ਦੇ ਦਿੱਤੀ, ਨਾਲੇ ਪਰਾਲੀ , ਖੇਤੋਂ ਬਾਹਰ ਸੜ ਗਈ, ਨਾਲੇ ਪਿੱਪਲ ਦੀ
ਪੂਜਾ ਹੋ ਗਈ, ਜੇ ਹੂਣ ਏਨਾ ਪੁੰਨ ਦਾ ਕੰਮ ਹੋਊ, ਤਾਂ ਥੋੜੀ ਬਹੁਤ ਤਕਲੀਫ ਵੀ
ਝੱਲਣੀ ਹੀ ਪੈਣੀ ਸੀ, ਸੋ ਕੀ ਹੋਇਆ ਜੇ ਰੁੱਖ ਦੇ ਪੱਤੇ ਸੜ ਗਏ, ਜੜ੍ਹਾਂ ਤੇ
ਜੜ੍ਹਾਂ ਵਿਚਲੇ ਕੀੜੇ ਸਿੱਧੇ ਫੂਕ ਕੇ ਸਵਰਗ ਭੇਜ ਤੇ। ਰਾਹ ਵਿਚ ਉੱਡਦੀ ਸੁਆਹ
ਨਾਲ ਲੋਕਾਂ ਦੇ ਕਪੜੇ ਹੀ ਲਿਬੜੇ, ਕੱਲਾ ਸਾਹ ਤੇ ਹੀ ਤਾਂ ਨੀ ਨਾ ਅਸਰ ਹੋਇਆ।
ਇਹ ਨਾਲ਼ੇ ਪੁੰਨ ਤੇ ਨਾਲ਼ੇ ਫ਼ਲ਼ੀਆਂ ਵਾਲਾ ਕਾਰਨਾਮਾ, ਕੋਈ ਪੰਜਾਬੀ ਹੀ ਕਰ
ਸਕਦਾ ਸੀ, ਜੇ ਕਿਧਰੇ ਮਿਲ ਜਾਵੇ ਤਾਂ ਉਸਦਾ ਨਿੱਕੇ ਫ਼ੁਲਾਂ ਵਾਲੇ ਹਾਰ ਨਾਲ
ਸਵਾਗਤ ਕਰਨਾ ਬਣਦਾ ਹੈ। |
|
ਲੱਗੇ ਸੇਬ ਮਲ੍ਹਿਆਂ ਨੂੰ |
ਬਚਪਨ ਵਿਚ ਇਕੋ ਇਕ ਫ਼ਲ ਹੈ, ਜੋ ਪਿੰਡਾਂ ਦੇ
ਬੱਚਿਆਂ ਨੂੰ ਮੁਫ਼ਤ ਵਿਚ ਨਸੀਬ ਹੁੰਦਾ ਹੈ। ਪਿੰਡ ਦੀਆਂ ਰੋਹੀਆਂ ਵਿਚ, ਤਲਾਬਾਂ
ਦੇ ਕੰਢੇ, ਜਾਂ ਖ਼ਤਾਨਾਂ ਦੇ ਵਿਚ, ਇਕ ਕੰਢਿਆਂ ਨਾਲ ਭਰਿਆ ਬੂਟਾ, ਛੋਟੇ ਛੋਟੇ
ਗੋਲ ਪੱਤੇ ਤੇ ਹਰੇ ਤੋਂ ਪੀਲੇ ਤੇ ਪੀਲੇ ਤੋਂ ਲਾਲ ਹੁੰਦੇ ਸੇਬਾਂ ਜਿਹੇ ਛੋਟੇ
ਛੋਟੇ ਬੇਰ, ਮੂੰਹ ਵਿਚ ਪਾਣੀ ਲੈ ਆਉਂਦੇ ਹਨ। ਆਪੇ ਉੱਗਿਆ ਇਹ ਬੂਟਾ, ਮਲੇਸ਼ੀਆ
ਦਾ ਮੂਲ ਵਾਸੀ ਹੈ, ਪੰਜਾਬ ਵਿਚ ਭਾਂਵੇ ਘੱਟ ਗਿਆ ਹੈ, ਪਰ ਇਸਦਾ ਜੰਗਲੀ ਵਾਧਾ
ਅੱਜ ਆਸਟਰੇਲੀਆ ਵਰਗੇ ਦੇਸ਼ ਲਈ ਇਕ ਵੱਡੀ ਸਮੱਸਿਆ ਬਣ ਗਿਆ ਹੈ। ਇਸ ਵਿਚ
ਅਮਰੂਦਾਂ ਵਾਂਗ ਵਿਟਾਮਿਨ ‘ਸੀ ਕਾਫੀ ਹੁੰਦਾ ਹੈ, ਸੇਬ ਨਾਲੋਂ ਵੱਧ ਗੁਣਕਾਰੀ
ਹੈ। ਖਰਾਬ ਪੇਟ ਠੀਕ ਕਰਦਾ ਹੈ। ਇਸਦਾ ਸੁਕਾਇਆ ਪਾਊਡਰ, ਹਕੀਮ ਲੋਕ ਜਖ਼ਮਾਂ ਲਈ
ਵਰਤਦੇ ਹਨ। ਇਸ ਵਿਚ 20 ਤੋਂ 30 ਪ੍ਰਤੀਸ਼ਤ ਮਿਠਾਸ ਹੁੰਦੀ ਹੈ। ਲਾਲ ਰੰਗ ਦੇ
ਪੱਕੇ ਫ਼ਲ, ਛੋਟੇ ਪੰਛੀਆਂ ਲਈ ਹੀ ਹੁੰਦੇ ਹਨ। ਇਹਨਾਂ ਬੇਰੀਆਂ 'ਚ ਪਾਏ ਆਲ੍ਹਣੇ,
ਚਿੜੀਮਾਰਾਂ, ਕਾਵਾਂ, ਸੱਪਾਂ ਆਦਿ ਤੋਂ ਅੰਡਿਆਂ ਦਾ ਬਚਾਅ ਕਰਦੇ ਹਨ। ਖਾਸ ਗੱਲ
ਇਹ ਹੈ ਕਿ ਇਸ ਮੌਸਮ ਵਿਚ ਹੋਰ ਫ਼ਲਾਂ ਦੀ ਕਮੀ ਹੁੰਦੀ ਹੈ, ਇਸ ਕਰਕੇ ਛੋਟੇ
ਪੰਛੀਆਂ ਵਿਚ ਭੁੱਖਮਰੀ ਨਹੀਂ ਫੈਲਦੀ। ਭਾਂਵੇ ਅੱਜ ਲੋਕੀਂ ਵੱਡੇ ਬੇਰਾਂ ਵਾਲੇ
ਬੂਟੇ ਲਗਾਉਂਦੇ ਹਨ, ਪਰ ਪੋਸ਼ਿਕਟਤਾ ਤੇ ਸੁਆਦ ਪੱਖੋਂ, ਮਲ੍ਹਿਆਂ ਦੇ ਬੇਰ ਦਾ
ਕੋਈ ਮੁਕਾਬਲਾ ਨਹੀਂ। ਇਹ ਖੇਤਾਂ ਲਈ ਵਾੜ ਦਾ ਕੰਮ ਵੀ ਕਰਦਾ ਹੈ, ਤੇ ਜੰਗਲੀ
ਜਾਂ ਅਵਾਰਾ ਪਸ਼ੂਆਂ ਤੋਂ ਫਸਲ ਨੂੰ ਬਚਾਉਣ ਦਾ ਵਧੀਆ ਹੱਲ ਹੈ, ਸਾਰੇ ਰਾਜਸਥਾਨ
ਵਿਚ ਇਸਨੂੰ ਇੰਜ ਵਰਤਿਆ ਜਾਂਦਾ ਹੈ। ਨਾਲੇ ਫ਼ਸਲ ਬਚੀ, ਨਾਲੇ ਬੱਚੇ ਖ਼ੁਸ਼ (12/11/2014) |
|
ਵਕਤ ਦੇ ਪੈਰੀਂ ਸਭ ਨੇ ਪੈਣਾ |
ਵਸਤੂਆਂ ਤੇ ਵਕਤ ਤੇ ਹਰ ਕੋਈ ਰਾਜ ਕਰਨਾ
ਚਾਹੁੰਦਾ ਹੈ। ਇਹਨਾਂ ਦੀ ਮਿਕਦਾਰ ਘੱਟ ਵੱਧ ਹੋ ਸਕਦੀ ਹੈ। ਜਦੋਂ ਵੀ ਕੋਈ
ਇਨਸਾਨ ਕੋਈ ਸ਼ੈਅ ਪ੍ਰਾਪਤ ਕਰਨਾ ਚਾਹੁੰਦਾ ਹੈ ਤਾਂ ਕੁਦਰਤ ਉਸਦੀ ਪੂਰੀ ਮਦਦ
ਕਰਦੀ ਹੈ, ਪਰ ਜੋ ਨਤੀਜੇ ਨਿਕਲਦੇ ਹਨ, ਉਹ ਵੀ ਭੁੱਗਤਣੇ ਪੈਂਦੇ ਹਨ। ਪੁਰਾਣੇ
ਸਮਿਆਂ ਵਿਚ ਰਾਜਿਆਂ ਰਾਣਿਆਂ ਦੌਲਤ ਇਕੱਠੀ ਕਰਨ ਲਈ, ਬਥੇਰੇ ਹੱਥ ਕੰਢੇ ਵਰਤੇ,
ਤਰਾਂ ਤਰਾਂ ਦੇ ਟੈਕਸ ਲੋਕਾਂ ਉੰਤੇ ਠੋਸੇ ਤਾਂ ਕਿ ਉਹ ਤਾਕਤ ਦੇ ਪ੍ਰਤੀਕ
ਕਿਲ੍ਹੇ ਬਣਵਾ ਸਕਣ, ਲੋਕਾਂ ਦੀ ਰਾਖੀ ਦੇ ਨਾਮ ਉੱਤੇ ਫੌਜਾਂ ਦਾ ਸਮੂਹ ਪੈਦਾ
ਕਰਦੇ ਸਨ, ਪਰ ਵਰਤਦੇ ਸਨ ਸਭ ਨਿੱਜ ਲਈ। ਪਰ ਉਹ ਸਭ ਕੁਝ ਕਿੱਥੇ ਗਿਆ? ਅੱਜ
ਕਿਲ੍ਹੇ ਤਾਂ ਹਨ, ਪਰ ਲੋਕਾਂ ਨੂੰ ਰਾਜਿਆਂ ਦੇ ਨਾਮ ਤਕ ਨਹੀਂ ਪਤਾ। ਹੋ ਅੱਜਕਲ
ਵੀ ਸਭ ਕੁਝ ਉਹੀ ਰਿਹਾ ਹੈ। ਸਾਰੀ ਦੁਨੀਆ ਦੇ ਅਜੋਕੇ ਰਾਜੇ, ਵਸਤੂਆਂ ਤੇ ਵਕਤ
ਤੇ ਰਾਜ ਕਰਨ ਦੀ ਦੋੜ ਵਿਚ ਹਨ, ਹੋਣੀ ਇਹਨਾਂ ਨਾਲ ਵੀ ਓਹੀ ਹੈ। ਸਭ ਦੇ ਨਿਸ਼ਾਨ
ਦੇਰ ਸਵੇਰ ਮਿੱਟ ਜਾਣੇ ਹਨ। ਇਹਨਾ ਦੇ ਕਿਲ੍ਹੇਆਂ ਵਿਚ ਵੀ ਬੋਲਣੇ ਉੱਲੂ ਹੀ ਹਨ।
ਭਾਂਵੇ ਇਹ ਸਚ ਹੈ, ਪਰ ਨਾ ਹੱਟਣਾ, ਇਹਨਾਂ ਦੀ ਮਜ਼ਬੂਰੀ ਹੈ। ਅਸੀਂ ਆਮ ਲੋਕ ਵੀ
ਆਪਣੇ ਜੀਵਨ ਵਿਚ ਅਜਿਹਾ ਕਈ ਕੁਝ ਕਰਦੇ ਹਾਂ, ਮਿਸਾਲ ਦੇ ਤੌਰ ਤੇ, ਅਸੀਂ ਕਿਸੇ
ਵੀ ਚੰਗੇ ਕੰਮ ਲਈ ਪੇਸੇ ਖਰਚਣ ਤੋਂ ਪਹਿਲੋਂ ਕਈ ਵਾਰੀ ਹੱਥ ਖਿੱਚਦੇ ਹਾ, ਪਰ
ਸ਼ਰੀਕ ਨੂੰ ਸਰਪੰਚ ਜਾਂ ਪੰਚ ਬਨਣ ਤੋਂ ਰੋਕਣ ਲਈ ਖੁੱਲੇ ਗਫੇ ਵੰਡਦੇ ਹਾਂ। ਇਹ
ਸਿਰਫ ਇਸ ਲਈ ਕਿ ਸਾਡੇ ਅੰਦਰਲਾ ਹੰਕਾਰ ਤੇ ਨਾਸਮਝੀ, ਸਾਡੇ ਵੱਸ ਵਿਚ ਨਹੀਂ
ਰਹਿੰਦੇ। ਇਕ ਅਜੀਬ ਅਨੰਦ ਦੀ ਖਾਤਰ, ਸਾਰੀ ਉਮਰ ਝੋਰਾ ਭੋਗਦੇ ਹਾਂ। ਮਨੁੱਖ ਦੀ
ਬਣਤਰ ਹੈ ਹੀ ਐਸੀ, ਪਰ ਯਾਦ ਰੱਖੋ, ਵਕਤ ਦੇ ਪੈਰੀਂ ਯਭ ਨੇ ਪੈਣਾ ਹੈ,
ਕਿਲ੍ਹੇਆਂ ਹੀ ਰਹਿਣਾ ਹੈ, ਤੁਸੀਂ ਨਹੀਂ, ਉੱਲੂ ਹੀ ਬੋਲਣੇ ਹਨ, ਤੁਹਾਡਾ ਨਾਮ
ਨਹੀਂ। (06/11/14) |
|
ਪਹਿਲੋਂ ਸਿਹਤ ਜ਼ਰੂਰੀ |
ਕੋਈ ਸਮਾਂ ਸੀ ਸ਼ੂਗਰ, ਬੀ ਪੀ ਤੇ ਦੁੱਖਦੇ
ਗੋਢੇ, ਸਾਡੇ ਪਿੰਡਾਂ ਦੀਆਂ ਬਿਮਾਰੀਆਂ ਨਹੀਂ ਸਨ, ਲੋਕ ਖੇਤਾਂ ਵਿਚ ਹਲ਼ਾਂ ਮਗਰ
ਮੀਲੋ ਮੀਲ ਤੁਰਦੇ ਸਨ, ਸੁਆਣੀਆਂ, ਰੋਜ਼ ਕਿਸੇ ਨਾ ਕਿਸੇ ਕੰਮ ਲਈ ਖੇਤਾਂ ਦਾ
ਗੇੜਾ ਮਾਰਦੀਆਂ ਸਨ। ਇਸ ਬਹਾਨੇ ਕਸਰਤ ਹੋ ਜਾਂਦੀ ਸੀ। ਜਿਹੜਾ ਇਨਸਾਨ ਦੋ ਚਾਰ
ਮੀਲ ਰੋਜ਼ ਤੁਰ ਲਵੇ, ਸਮਝੋ ਉਸਨੂੰ ਇਹ ਬਿਮਾਰਆਂ ਕਦੇ ਨਹੀਂ ਹੋ ਸਕਦੀਆਂ। ਪਰ
ਪੰਜਾਬ ਵਿਚ ਜੀਵਨ ਸ਼ੈਲੀ ਬਦਲ ਗਈ ਹੈ, ਹੁਣ ਤਾਂ ਲੋਕ ਕਾਰਾਂ ਤੇ ਪੱਠੇ ਲੈਣ
ਜਾਂਦੇ ਹਨ। ਟਰੈਕਟਰਾਂ ਨੇ ਹਲ਼ਾਂ ਦਾ ਫਾਹਾ ਹੀ ਵੱਢ ਦਿੱਤਾ ਹੈ, ਦੁੱਧ ਹੁਣ
ਪੈਕਟਾਂ ਵਾਲਾ ਮਿਲਣ ਲੱਗ ਪਿਆ ਹੈ, ਕੋਣ ਐਵੇਂ ਪਸ਼ੂਆਂ ਦਾ ਗੋਹਾ ਕੱਠਾ ਕਰੇ?
ਚਾਟੀਆਂ ਮਧਾਣੀਆਂ, ਘਰਾਂ ਤੋਂ ਨਿਕਲ ਕਾਲਜਾਂ ਦੀਆਂ ਸਟੇਜਾਂ ਤੇ ਸੀਮਤ ਹੋ ਗਈਆਂ
ਹਨ। ਮਤਲਬ ਕਿ ਹਰ ਉਹ ਲੋੜ, ਜੋ ਕਸਰਤ ਮੰਗਦੀ ਸੀ, ਨੇ ਬਨਵਾਸ ਲੈ ਲਿਆ ਹੈ। ਇਹੋ
ਕਾਰਨ ਹੈ ਕਿ ਵਿਹਲੇ ਲੋਕ ਜਾਂ ਕਨੇਡਾ ਨੂੰ ਦੌੜਦੇ ਹਨ, ਜਾਂ ਕੋਈ ਚਿੱਟਾ, ਪੀਲਾ
ਜਾਂ ਨੀਲਾ ਨਸ਼ਾ ਆਪਣੇ ਜੀਵਨ ਦਾ ਹਿੱਸਾ ਬਣਾ ਲੈਂਦੇ ਹਨ। ਪਰ ਜੋ ਲੋਕ ਸੁਚੇਤ ਹਨ
ਤੇ ਰੁਝੇਵੇਂਆਂ ਭਰ ਜਿੰਦਗੀ ਜਿਉਂਦੇ ਹਨ, ਇਕ ਸੌਖਾ ਜਿਹਾ ਕੰਮ ਕਰਦੇ ਹਨ, ਉਹ
ਸਵੇਰੇ ਉਠ ਕੇ 15 ਤੋਂ 25 ਕਿਲੋਮੀਟਰ ਤਕ, ਕਿਸੇ ਨਹਿਰ ਦੇ ਕੰਢੇ ਜਾਂ ਰਾਹ ਤੇ
ਸਾਇਕਲ ਚਲਾ ਲੈ਼ਦੇ ਹਨ, ਇਹ ਸਾਰਾ ਕਾਰਜ ਇਕ ਘੰਟੇ ਤੋਂ ਦੋ ਘੰਟੇ ਵਿਚ ਨਬੇੜ
ਲੈਂਦੇ ਹਨ। ਸ਼ੂਗਰ,ਬੀਪੀ ਨੇ ਤਾਂ ਦੂਰ ਰਹਿਣਾ ਹੀ ਹੈ, ਗੋਢੇ ਵੀ ਕਦੇ ਨਹੀਂ
ਦੁੱਖਦੇ, ਯਾਦ ਰੱਖੋ ਮਾੜੇ ਤੋਂ ਮਾੜਾ ਡਾਕਟਰ ਵੀ ਇਕ ਗੋਢਾ ਬਦਲਣ ਦਾ ਲੱਖ
ਰੁਪਿਆ ਤਾਂ ਲੈ ਹੀ ਲੈਂਦਾ ਹੈ, ਉਹ ਚੱਲਣਗੇ, ਇਸ ਦੀ ਵੀ ਕੋਈ ਗਰੰਟੀ ਨਹੀਂ, ਤੇ
ਜੇ ਦੋ ਚਾਰ ਹਜ਼ਾਰ ਸਾਇਕਲ ਤੇ ਲਾ ਦਿੱਤਾ ਜਾਵੇ ਤਾਂ ਬਾਕੀ ਪੈਸੇ , ਹੋਰ ਬਥੇਰੇ
ਕੰਮ ਆ ਸਕਦੇ ਹਨ। ਉਠੋ ਸਿਹਤ ਨੂੰ ਬਚਾਓ ਤੇ ਦੁਨੀਆ ਦੇਖੋ।
(01/11/14) |
|
ਵਹਿਮਾਂ ਦਾ ਪਹੁ ਫ਼ੁਟਾਲਾ |
ਜਦੋਂ ਦਾ ਮਨੁੱਖ ਦਾ ਜਨਮ ਹੋਇਆ ਹੈ, ਉਸਨੇ
ਆਪਣੀਆਂ ਮਨੋ ਕਾਮਨਾਵਾਂ ਦੀ ਪੂਰਤੀ ਲਈ ਹਰ ਤਰ੍ਹਾਂ ਦੇ ਉਪਰਾਲੇ ਕੀਤੇ ਹਨ।
ਆਪਣੀਆਂ ਸਰੀਰਕ, ਮਾਨਸਿਕ ਤੇ ਘਰੋਲੂ ਕਮਜ਼ੋਰੀਆਂ ਨੂੰ ਉਸਨੇ ਸਮਾਜ ਤੋਂ ਲੁਕਾਉਣ
ਦੀ ਹਮੇਸ਼ਾਂ ਕੋਸ਼ਿਸ਼ ਕੀਤੀ ਹੈ। ਸਮੇਂ ਦੇ ਵਹਾਅ ਨਾਲ ਇਹ ਕਮਜ਼ੋਰੀਆਂ ਉਸਤੇ ਇਕ
ਬੋਝ ਬਣ ਜਾਂਦੀਆਂ ਹਨ, ਫਿਰ ਉਹ ਇਸ ਬੋਝ ਤੋਂ ਛੁਟਕਾਰਾ ਪਾਉਣ ਲਈ ਕਈ ਓਹੜ ਪੋਹੜ
ਕਰਨ ਲੱਗ ਪੈਂਦਾ ਹੈ। ਇਸ ਨਾਲ ਉਸਨੂੰ ਲੱਗਦਾ ਹੈ ਕਿ ਉਹ ਬਲ਼ਾ ਟਾਲਣ ਵਿਚ
ਕਾਮਯਾਬ ਹੋ ਗਿਆ ਹੈ, ਪਰ ਅਸਲ ਵਿਚ ਸਮੱਸਿਆ ਉਵੇਂ ਦੀ ਉਵੇਂ ਰਹਿੰਦੀ ਹੈ। ਜੇਕਰ
ਬਲ਼ਾ ਟੱਲਦੀ ਵੀ ਹੈ ਤਾਂ ਉਸਦੇ ਕਾਰਣ, ਸਮਾਂ ਤੇ ਠੀਕ ਕਾਰਜ ਹੀ ਹੁੰਦੇ ਹਨ। ਇਹ
ਓਹੜ ਪੋਹੜ ਜਾਂ ਕਰਮਕਾਂਡ ਕਦੇ ਕਿਸੇ ਦਾ ਕੁਝ ਨਹੀਂ ਸਵਾਰਦੇ। ਸਦੀਆਂ ਜਾਂ
ਦਹਾਕਿਆਂ ਦਾ ਸਫਰ ਇਹਨਾਂ ਨੂੰ ਰਸਮੋ ਰਿਵਾਜ਼ਾਂ ਵਿਚ ਬਦਲ ਦੇਂਦਾ ਹੈ। ਬਹੁਤੇ
ਲੋਕਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਅਸੀਂ ਸਭ ਇੰਝ ਕਿਉਂ ਕਰਦੇ ਹਾਂ? ਬਸ
ਦੇਖਾ ਦੇਖੀ ਜਾਂ ਅਗਿਆਤ ਦੁੱਖ ਦੇ ਡਰੋਂ ਜਾਂ ਫਿਰ ਸਮਾਜ ਦੀ ਲਾਜ ਦੇ ਡਰੋਂ, ਇਹ
ਫਜ਼ੂਲ ਕੰਮ ਹੋ ਰਹੇ ਹਨ। ਕਰਮ ਕਾਂਡਾਂ ਦੇ ਵਪਾਰੀ ਇਸ ਮਨੁੱਖੀ ਮਨ ਦੀ ਕਮਜ਼ੋਰੀ
ਤੋਂ ਧਨ ਪ੍ਰਾਪਤੀ ਕਰਦੇ ਹਨ। ਜੇ ਕਰਮ ਕਾਂਡ ਕਰਨ ਵਾਲੇ ਦਾ, ਧਨ ਦਾਨ ਕਰਕੇ ਕੁਝ
ਨਹੀਂ ਬਣਦਾ, ਤਾਂ ਬਣਦਾ ਵਪਾਰੀ ਦਾ ਵੀ ਕੁਝ ਨਹੀਂ। ਸਾਡੇ ਲੋਕਾਂ ਨੂੰ, ਖਾਸ ਕਰ
ਪੇਂਡੂ ਲੋਕਾਂ ਨੂੰ, ਇਹ ਗੱਲ ਯਾਦ ਰੱਖਣੀ ਚਹੀਦੀ ਹੈ ਕਿ ਸਾਫ ਮਨ ਨਾਲ ਕੀਤੀ
ਮਿਹਨਤ ਦਾ ਹੀ ਫਲ ਮਿਲਦਾ ਹੈ, ਦੇਰ ਸਵੇਰ ਤਾਂ ਹੋ ਸਕਦੀ ਹੈ, ਪਰ ਨਿਫਲ ਨਹੀਂ
ਹੁੰਦੀ। (10/10/14 |
|
ਪਹਿਲੀ ਪਸੰਦ ਪੇਂਡੂ ਦੰਗਲ |
ਜੁੱਸੇ ਦੀਆਂ ਖੇਡਾਂ ਵਿਚੋਂ ਕੋਡੀ ਤੇ
ਕੁਸ਼ਤੀਆਂ ਦੇ ਦੰਗਲ ਪੰਜਾਬੀਆਂ ਨੂੰ ਬੇਹੱਦ ਪਸੰਦ ਹਨ। ਪਿਛਲੇ ਸਮੇਂ ਵਿਚ ਕੋਡੀ
ਦਾ ਰੂਪ ਬਦਲ ਗਿਆ, ਸਾਹ ਦੀ ਕੋਡੀ ਦੀ ਥਾਂ, 30 ਸਕਿੰਟ ਦੀ ਰੇਡ ਬਣਾ ਕਿ ਕੋਡੀ
ਨੂੰ ਕਬੱਡੀ ਵਿਚ ਬਦਲ ਦਿੱਤਾ ਗਿਆ ਹੈ। ਇਹ ਪਿੰਡਾਂ ਵਿਚੋਂ ਨਿਕਲ ਕੇ ਪੈਸਿਆਂ
ਵਾਲੇ ਟੂਰਨਾਮੈਂਟਾ ਵਿਚ ਪਚੁੰਚ ਗਈ ਹੈ। ਇਹ ਜੁੱਸੇ ਤੇ ਦਮ ਦੀ ਖੇਡ ਨਾ ਰਹਿ ਕਿ
ਪ੍ਰਦਰਸ਼ਨੀ ਹੋ ਗਈ ਹੈ, ਹੁਣ ਇਸ ਬਾਰੇ ਤਾਂ ਕੀਤਾ ਕੁਝ ਨਹੀਂ ਜਾ ਸਕਦਾ, ਪਰ
ਸਾਡੀਆਂ ਕੁਸ਼ਤੀਆਂ ਤੇ ਦੰਗਲ ਹਾਲੇ ਬਚੇ ਹੋਏ ਹਨ। ਪੰਜਾਬ ਵਿਚ ਬਹੁਤ ਸਾਰੀਆਂ
ਥਾਂਵਾਂ ਤੇ ਇਹ ਹਰ ਸਾਲ ਪਹਿਲੋਂ ਮਿੱਥੀਆਂ ਤਰੀਕਾਂ ਤੇ ਹੁੰਦੀਆਂ ਹਨ। ਆਮ ਤੌਰ
ਤੇ ਇਹ ਸਥਾਨਕ ਮੇਲੇ ਨਾਲ ਜੋੜ ਕੇ ਹੁੰਦੀਆਂ ਹਨ। ਕਈ ਧਾਰਮਿਕ ਸਥਾਨ ਇਹ ਕੰਮ
ਨੇਮ ਨਾਲ ਕਰਦੇ ਹਨ। ਖਾਸ ਕਰਕੇ ਗੁੱਗੇ ਦੇ ਮੇਲੇ ਜਿੱਥੇ ਲੱਗਦੇ ਹਨ, ਉਥੇ ਇਹ
ਇਕ ਜ਼ਰੂਰੀ ਹਿੱਸਾ ਹਨ। ਇੱਕੇ ਸਾਰੇ ਨਿਾਮ ਲੋਕਾਂ ਵਲੋਂ ਹੀ ਦਿੱਤੇ ਜਾਂਦੇ ਹਨ,
ਨਗਦ ਤੋਂ ਇਲਾਵਾ, ਦੇਸੀ ਘਿਓ ਦੇ ਪੀਪੇ, ਗੱਭਣ ਝੋਟੀਆਂ, ਮੋਟਰ ਸਾਇਕਲ, ਕਾਰਾਂ,
ਸੋਨੇ ਦੀਆਂ ਮੁੰਦੀਆਂ ਤੇ ਕਈ ਵਾਰੀ ਰਿਸ਼ਤੇ ਵੀ ਦਿੱਤੇ ਜਾਂਦੇ ਹਨ। ਮੱਲ ਦਾ
ਝੰਡਾ ਜਾਂ ਪਟਕਾ ਵੱਡਾ ਮਾਣ ੋਮਝਿਆ ਜਾਂਦਾ ਹੈ। ਸਰਕਾਰਾਂ ਅਤੇ ਸਰਕਾਰੀ ਅਫਸਰ
ਅਕਸਰ ਇਹਨਾਂ ਮੇਲਿਆਂ ਜਾਂ ਦੰਗਲਾਂ ਤੋਂ ਦੂਰ ਰਹਿੰਦੇ ਹਨ ਜਾਂ ਦੂਰ ਰੱਖੇ
ਜਾਂਦੇ ਹਨ। ਪੁਲਿਸ ਵੀ ਨਾ ਮਾਤਰ ਹੁੰਦੀ ਹੈ, ਸਭ ਕੰਮ ਵਲੰਟਿਅਰਾਂ ਵਲੋਂ ਹੀ
ਕੀਤਾ ਜਾਂਦਾ ਹੈ। ਪੈਸੇ ਦੀ ਲੋੜ ਲਈ ਜਗ੍ਹਾਅ ਦਾ ਚੜ੍ਹਵਾ ਜਾਂ ਪਿੰਡ ਵਿਚ ਲਾਈ
ਢਾਲ਼ ਹੀ ਕੰਮ ਆਉਂਦੀ ਹੈ। ਕਈ ਥਾਵਾਂ ਤੇ ਤਾਂ ਦੱਸਦੇ ਹਨ ਕਿ ਇਹ 200 ਤੋਂ ਵੀ
ਵੱਧ ਸਮੇਂ ਤੋਂ ਨੇਮ ਚੱਲ ਰਿਹਾ ਹੈ। ਹਰ ਸਾਲ ਇਲਾਕੇ ਦੇ ਦੇਸ਼ ਵਿਦੇਸ਼ ਰਹਿੰਦੇ
ਲੋਕ , ਇਹਨਾ ਮਿੱਤੀਆਂ ਅਨੁਸਾਰ ਹੀ ਘਰ ਆਉਂਦੇ ਹਨ। ਮੱਨੁਖ ਦੀ ਤੇਜ਼ ਰਫਤਾਰੀ ਦੀ
ਦੌੜ ਵਿਚ ਇਹ, ਸਹਿਜ ਦਾ ਵੱਗਦਾ ਦਰਿਆ ਮਾਨਣਯੋਗ ਹੈ। (04/10/14) |
|
ਸੱਸੇ ਨੀ ਤੂੰ ਕੱਤ ਚਰਖਾ |
ਸਮਾਜ ਦੀ ਸਿਰਜਣਾ ਮਨੁੱਖ ਨੇ ਆਪ ਕੀਤੀ ਹੈ।
ਇਸ ਗੱਲ ਤੇ ਹੋ ਸਕਦਾ ਹੈ, ਸਹਿਮਤੀ ਨਾ ਹੋ ਸਕੇ। ਕਈ ਇਸਨੂੰ ਕੁਦਰਤ ਦੀ ਨੀਤੀ
ਆਖਦੇ ਹਨ ਤੇ ਕਈ ਇਸਨੂੰ ਮਨੁੱਖ ਦੀ ਤਾਕਤ ਦੀ ਭੁੱਖ ਆਖਦੇ ਹਨ। ਪਰ ਜੋ ਵੀ ਹੈ,
ਇਕ ਗੱਲ ਤਾਂ ਪੱਕੀ ਹੈ ਕਿ ਮਨੁੱਖ ਦੀ ਅਜ਼ਾਦੀ ਨੂੰ ਲਗਾਮ, ਸਮਾਜ ਦੀ ਹੋਂਦ ਨੇ
ਹੀ ਪਾਈ ਹੈ। ਇਹ ਰਿਸ਼ਤਿਆਂ ਦਾ ਸਿਲਸਿਲਾ ਇਸੇ ਹੋਂਦ ਦੀ ਦੇਣ ਹੈ। ਹਰ ਰਿਸ਼ਤਾ
ਨਿਭਾਉਣ ਦਾ ਅਹਿਦ ਇਹ ਸਮਾਜ ਕਰਦਾ ਹੈ। ਖੁੱਲਾਂ ਤੇ ਹੱਦਾਂ ਇਹ ਮਿਥਦਾ ਹੈ।
ਰਿਸ਼ਤਿਆਂ ਦੀ ਨੇੜਤਾ ਤੇ ਦੂਰੀ ਇਹ ਮਿਣਦਾ ਹੈ। ਰਿਸ਼ਤੇ ਕਿਥੋਂ ਤੱਕ ਨਿਭਾਉਣ ਇਹ
ਵੀ ਇਸੇ ਦਾ ਜਨੂੰਨ ਹੈ। ਤਰਕ ਤੱਕ ਨਿਭਣ, ਇਹ ਵੀ ਇਸੇ ਦਾ ਕਾਨੂੰਨ ਹੈ। ਤਰਕ
ਅਨੁਸਾਰ ਸੋਚਿਆ ਜਾਵੇ ਤਾਂ ਹਰ ਰਿਸ਼ਤਾ ਮਿਠਾਸ ਵਾਲਾ ਹੋਣਾ ਚਾਹੀਦਾ ਹੈ। ਸੁਭਾਅ
ਅਨੁਸਾਰ ਜੀਵਨ ਪੱਧਰਾ ਚੱਲਣਾ ਚਾਹੀਦਾ ਹੈ, ਪਰ ਮਨੁੱਖ ਅਜੀਬ ਸ਼ੈਅ ਹੈ। ਉਸਦਾ
ਸੁਭਾਅ ਰਿਸ਼ਤੇ ਅਨੁਸਾਰ ਚੱਲਦਾ ਹੈ। ਕਈ ਰਿਸ਼ਤੇ ਤਾਂ ਸ਼ੁਰੂ ਹੀ ਤ੍ਰੇੜਾਂ ਦੀ ਸੋਚ
ਨਾਲ ਹੁੰਦੇ ਹਨ, ਜੋ ਬਾਅਦ ਵਿਚ ਵੱਡੇ ਪਾੜ ਬਣ ਜਾਂਦੇ ਹਨ। ਇਸੇ ਤਰ੍ਹਾਂ ਕਈ
ਰਿਸ਼ਤੇ ਜ਼ਿੰਮੇਵਾਰੀਆਂ ਨੂੰ ਅਣਗੌਲਿਆਂ ਕਰ ਮੋਹ ਵਿਚ ਡੁੱਬ ਜਾਂਦੇ ਹਨ। ਸਭ ਤੋਂ
ਵੱਡੀ ਸੱਟ ਰਿਸ਼ਤਿਆਂ ਨੂੰ ਲਾਲਚ ਦੀ ਵੱਜਦੀ ਹੈ। ਲਾਲਚ ਕਿਸੇ ਵੀ ਕਿਸਮ ਦਾ ਹੋ
ਸਕਦਾ ਹੈ। ਚੁੱਲ੍ਹੇ ਦੀ ਸਰਦਾਰੀ ਤੋਂ ਲੈ ਕੇ ਧਰਤੀ ਦੀ ਕੁੱਖ ਤੱਕ। ਯਾਦ ਰੱਖਣ
ਵਾਲੀ ਗੱਲ ਹੈ, ਕਿ ਰਿਸ਼ਤੇ ਨਿਭਾਇਆਂ ਹੀ ਨਿੱਭਦੇ ਹਨ। ਤਾੜੀ ਲਈ ਦੋਨੋਂ ਹੱਥਾਂ
ਦੀ ਲੋੜ ਹੈ। (19/09/14) |
|
ਕਿੱਥੇ ਗਏ ਅਖਾੜੇ |
ਪੰਜਾਬ ਦੇ ਤਕਰੀਬਨ ਹਰ ਪਿੰਡ ਵਿੱਚ ਮੇਲਾ
ਲਗਦਾ ਹੈ। ਇਹ ਮੇਲਾ ਕਿਸੇ ਵੀ ਕਿਸਮ ਦਾ ਹੋ ਸਕਦਾ ਹੈ। ਪਰ ਇਹ ਗੱਲ ਪੱਕੀ ਹੈ
ਕਿ ਇਹਨਾਂ ਵਿੱਚ ਗਾਇਕੀ ਤੇ ਸੰਗੀਤ ਦਾ ਹੋਣਾ ਜ਼ਰੂਰੀ ਹੈ। ਜਦੋਂ ਅੱਜ ਦੇ ਮਸ਼ਹੂਰ
ਗਾਇਕ ਨਹੀਂ ਸੀ ਹੁੰਦੇ ਤਾਂ ਪੇਂਡੂ ਲ਼ੋਕ ਗਾਇਕੀ ਹੀ ਇਹ ਖੱਪਾ ਪੂਰਾ ਕਰਦੀ ਸੀ।
ਨਵੇਂ ਦੌਰ ਨੇ ਮੇਲਿਆਂ ਦੀ ਰੂਪ ਰੇਖਾ ਹੀ ਬਦਲ ਦਿੱਤੀ ਹੈ। ਮੇਲੇ ਖੇਤ ਖਲਵਾੜਾਂ
ਚੋਂ ਉੱਖੜ ਕਿ ਸਟੇਜਾਂ ਉਤੇ ਪਹੁੰਚ ਗਏ ਹਨ। ਪੇਂਡੂ ਲਿਬਾਸਾਂ ਦਾ ਰੂਪ ਭੜਕੀਲੇ
ਰੰਗਾਂ ਵਿੱਚ ਬਦਲ ਗਿਆ ਹੈ। ਲੋਕ ਗਾਇਕਾਂ ਨੂੰ ਇੱਕ ਇੱਕ ਰੂਪੈ ਜਾਂ ਹੱਦ ਪੰਜ
ਰੁਪੈ ਦੇਣ ਦੀ ਥਾਂ ਨੋਟਾਂ ਦੀਆਂ ਬੋਰੀਆਂ ਦੀ ਬਰਸਾਤ ਹੋਣ ਲੱਗ ਪਈ ਹੈ। ਜਨਮ
ਤੋਂ ਅੰਨੇ ਰੂਲਦੂ ਗਾਇਕ ਜਿਸ ਨੂੰ ਮੂੰਹ ਜ਼ੁਬਾਨੀ 2250 ਲੋਕ ਗੀਤ ਯਾਦ ਹਨ ਅਤੇ
ਹਰ ਸਾਜ਼ ਵਜਾ ਲੈਦਾ ਹੈ, ਦੀ ਥਾਂ ਹੁਣ ਗਾਇਕੀ ਤੁਰਦੀ ਤੁਰਦੀ ਸੀਡੀਆਂ ਉਤੇ ਗਾਇਕ
ਨਚਾਉਣ ਲਗ ਪਈ ਹੈ। ਸਾਜ਼ ਦੀ ਥਾਂ ਨਿਡੈਡੌ ਪਰੋਗਰਾਮ ਹੀ ਪੇਸ਼ਕਾਰੀ ਕਰਦਾ ਹੈ,
ਸੁਰ ਨੂੰ ਕੰਮਪਿਊਟਰ ਤੇ ਹੀ ਸ਼ੁਧ ਕੀਤਾ ਜਾਂਦਾ ਹੈ। ਇਹੋ ਜਿਹੇ ਹੋਰ ਵੀ ਕਈ
ਕਾਰਨ ਹਨ, ਕਿ ਅੱਜ ਛਪਾਰ ਵਰਗੇ ਮੇਲੇ ਤੇ ਪੰਜ ਦਿਨ ਇੱਕੋ ਕਲਾਕਾਰ ਨੇ ਹੀ
ਖੁਲ੍ਹੇ ਵਿੱਚ ਅਖਾੜਾ ਲਾਇਆਂ ਤੇ ਮੋਟਰ ਦੇ ਕੋਠੇ ਤੇ ਸਪੀਕਰ ਰੱਖ ਕਿ ਚਲਾਏ।
ਚੰਗੇ ਦਿਨ ਮੁੜ ਕੇ ਆ ਸਕਦੇ ਹਨ, ਜੇ ਅਸੀਂ ਥੋੜੀ ਕੋਸ਼ਿਸ਼ ਕਰੀਏ, ਹਾਲੇ ਲੋਕ
ਗੀਤਾਂ ਦਾਂ ਬੀਜ ਨਾਸ਼ ਨਹੀਂ ਹੋਇਆ ਹੈ। (13/09/14) |
|
ਪੇਂਡੂ ਕਿੱਤਿਆਂ ਦਾ ਅੰਤ |
ਹਰ ਯੁਗ ਦਾ ਆਪਣਾ ਸਭਿਆਚਾਰ ਹੁੰਦਾ ਹੈ ਤੇ
ਆਪਣੀ ਹੀ ਲੋੜ ਹੁੰਦੀ ਹੈ। ਇਹਨਾਂ ਲੋੜਾਂ ਦੀ ਪੂਰਤੀ ਲਈ ਮਨੁੱਖ ਸਮੇਂ ਸਮੇਂ ਤੇ
ਕਾਢਾਂ ਕੱਢਦਾ ਰਹਿੰਦਾ ਹੈ, ਸਮਾਂ ਪਾ ਕੇ ਇਹ ਕਾਢਾਂ ਬਹੁਤ ਮਸ਼ਹੂਰ ਤੇ ਮਕਬੁਲ
ਹੋ ਜਾਂਦੀਆਂ ਹਨ। ਕਪੜੇ ਤੇ ਖਾਣੇ ਦੀ ਲੋੜ ਹਮੇਸ਼ਾਂ ਮੁੱਖ ਰਹੀ ਹੈ। ਪਿੰਡਾਂ
ਵਿਚ ਸਮਾਜਿਕ ਕਾਰਜਾਂ, ਜਿਵੇਂ ਵਿਆਹ ਆਦਿ ਵਿਚ ਨਾਈ ਤੇ ਝੀਰ ਦੀ ਮਹੱਤਵ ਪੂਰਨ
ਭੁਮਿਕਾ ਸੀ ਤੇ ਅੱਜ ਵੀ ਹੈ। ਇਸੇ ਤਰਾਂ ਜੁਲਾਹੇ ਦੀ ਖੱਡੀ, ਪਿੰਡ ਦੀ ਜਿੰਦ
ਜਾਨ ਹੁੰਦੀ ਸੀ। ਭਾਵੇ ਘਰਾਂ ਵਿਚ ਦਰੀਆਂ ਆਮ ਬੁਣੀਆਂ ਜਾਂਦੀਆਂ ਸਨ ਪਰ ਪਹਿਨਣ
ਲਈ ਕਪੜਾ, ਜੁਲਾਹੇ ਦੀ ਖੱਡੀ ਤੋਂ ਹੀ ਆਉਂਦਾ ਸੀ। ਇਥੇ ਆਮ ਤੌਰ ਤੇ ਮੋਟਾ ਖੱਦਰ
ਬਣਦਾ ਸੀ, ਜੋ ਸਰਦੀਆਂ ਜਾਂ ਗਰਮੀਆਂ ਦੋਨਾ ਮੌਸਮਾਂ ਲਈ ਲਾਭਕਾਰੀ ਸੀ, ਪਰ ਸਮੇਂ
ਦੇ ਗੇੜ ਨੇ ਪਿੰਡਾਂ ਵਿਚ ਵੀ ਬਰਾਂਡਡ ਕਪੜੇ ਧੱਕ ਦਿਤੇ ਨੇ, ਪਰ ਕੁਝ ਕਿੱਤੇ
ਹਾਲੇ ਬਚੇ ਹੋਏ ਹਨ, ਜਿਹਨਾਂ ਵਿਚੋਂ ”ਚੱਕੀ ਰਾਹੁਣਾ” ਇਕ ਹੈ, ਇਸਦਾ ਮੂਲ ਕਾਰਣ
ਹੈ ਕਿ ਅੱਜ ਵੀ ਲੋਕ ਘਰ ਦੀ ਕਣਕ ਧੋ ਕੇ ਪਿਸਵਾਉਣ ਵਿਚ ਯਕੀਨ ਰੱਖਦੇ ਹਨ।
ਉਹਨਾਂ ਨੂੰ ਪਿਸਿਆ ਪਿਸਾਇਆ ਆਟਾ ਪਸੰਦ ਨਹੀਂ ਹੈ। ਇਹੋ ਕਾਰਣ ਹੈ ਕਿ ਲਗਭਗ ਹਰ
ਪਿੰਡ ਵਿਚ ਇਕ ਚੱਕੀ ਜ਼ਰੂਰ ਹੈ, ਇਸੇ ਲਈ ਦੇਰ ਸਵੇਰ ਛੈਣੀ ਥੋੜੇ ਦੀ ਟਿੱਕ ਟਿੱਕ
ਸੁਣ ਜਾਂਦੀ ਹੈ, ਮੰਹਿਗਾਈ ਦੇ ਜ਼ਮਾਨੇ ਵਿਚ ਇਹ ਕਿੱਤਾ ਲਾਭਕਾਰੀ ਵੀ ਹੈ ਤੇ
ਇਸਦੀ ਮੰਗ ਵੀ ਹੈ, ਵੈਸੇ ਜ਼ਿਆਦਾਤਰ ਇਹ ਪਿਤਾ ਪੁਰਖ਼ੀ ਕਿੱਤਾ ਹੀ ਮੰਨਿਆ ਜਾਦਾ
ਹੈ। (30/08/2014) |
|
ਵੇਹਲੜਾਂ ਦੀ ਫੌਜ |
ਹਰ ਮਨੁੱਖ ਦੀ ਕੁਦਰਤੀ ਤੌਰ ਤੇ ਖਾਹਸ਼ ਹੁੰਦੀ
ਹੈ ਕਿ ਉਹ ਆਪਣਾ ਕੰਮ ਸੌਖੇ ਤਰੀਕੇ ਨਾਲ ਕਰੇ। ਇਸੇ ਲਈ ਪਹੀਏ ਦੀ ਕਾਢ ਤੋਂ ਲੈ
ਕੇ ਰਿਮੋਟ ਤਕ ਇਸੇ ਸੋਚ ਦਾ ਨਤੀਜਾ ਹਨ। ਪਰ ਹਰ ਕੰਮ ਕਰਨ ਦੇ ਅੱਡ ਅੱਡ ਤਰੀਕੇ
ਹਨ। ਇਹਨਾਂ ਤਕਨੀਕਾਂ ਵਿਚੋਂ ਹੀ ਇਕ ਹੈ `ਸਾਧੂ ਦਾ ਭੇਖ` ਕਰਨਾ। ਉਤੇਜਨਾ ਦੇ
ਰੰਗ `ਸੰਤਰੀ` ਨੂੰ ਕੱਪੜਿਆਂ ਲਈ ਵਰਤਿਆ ਜਾਂਦਾ ਹੈ। ਥੋੜਾ ਜਿਹਾ ਜੜ੍ਹੀ
ਬੂਟੀਆਂ ਦਾ ਗਿਆਨ ਅਤੇ ਥੋੜੀ ਜਿਹੀ ਯੋਜਨਾ, ਕਿਸੇ ਨੂੰ ਵੀ ਸਫਲ ਬਣਾ ਦੇਂਦੀ
ਹੈ। ਤਿੰਨ ਤੋਂ 5 ਬੰਦਿਆਂ ਦੀ ਟੋਲੀ ਤੁਸੀਂ ਅਕਸਰ ਹੀ ਪਿੰਡਾਂ ਕਸਬਿਆਂ ਵਿਚ
ਫਿਰਦੀ ਦੇਖੋਗੇ। ਬਹੁਤ ਵਾਰੀ ਇਹ ਕੰਮ ਕਰਨ ਤੋਂ ਭੱਜੇ ਹੋਏ ਲੋਕ ਹੁੰਦੇ ਹਨ, ਜੋ
ਭਾਦੋਂ ਦੇ ਚੁਮਾਸੇ ਤੋਂ ਬਚਦੇ, ਖੇਤਾਂ, ਕਾਰਖਾਨਿਆਂ ਚੋਂ ਨਿਕਲ, ਮੰਗਣ ਤੁਰ
ਪੈਂਦੇ ਹਨ। ਇਹ ਘਰਾਂ ਵਿਚ ਬੈਠੇ ਪਰਿਵਾਰਾਂ ਦੇ ਲੋਕਾਂ ਨੂੰ ਵਹਿਮਾਂ ਭਰਮਾਂ
ਵਿਚ ਵੀ ਪਾ ਦੇਂਦੇ ਹਨ ਤੇ ਉਹਨਾਂ ਦੀਆਂ ਮੁਸ਼ਕਲਾਂ ਹੱਲ ਕਰਨ ਦਾ ਝੂਠਾ ਵਾਅਦਾ
ਕਰਕੇ ਚੰਗੀ ਠੱਗੀ ਮਾਰ ਲੈਂਦੇ ਹਨ। ਬਹੁਤੇ ਤਾਂ ਸ਼ਾਮ ਨੂੰ ‘ਸੰਤਰੀ ਵਰਦੀ’ ਲਾਹ
ਕਿ ਆਮ ਕੱਪੜੇ ਪਾ ਲੈਂਦੇ ਹਨ ਤੇ ਥਾਂ ਥਾਂ ਖੁੱਲ੍ਹੇ ਠੇਕਿਆਂ ਤੇ `ਲਾਲ ਪਰੀ`
ਨਾਲ ਖੜੇ ਦੇਖੇ ਜਾ ਸਕਦੇ ਹਨ। ਲੋੜ ਹੈ ਕਿ ਇਹਨਾਂ ਵਿਹਲੜਾਂ ਨੂੰ, ਦਰ ਤੇ ਵੀ
ਨਾ ਖੜਨ ਦਿਓ। ਹੋ ਸਕਦਾ ਹੈ ਇਹ ਤੁਹਾਡੇ ਘਰ ਦਾ ਭੇਤ ਲੈ ਕੇ, ਕੋਈ ਅਪਰਾਧਿਕ
ਕਾਰਾ ਵੀ ਕਰ ਦੇਣ। (08/08/2014) |
|
ਮੈਨੂੰ ਵੱਡਾ ਹੋ ਲੈਣ ਦੇ |
ਅਸੀਂ ਹਮੇਸ਼ਾਂ ਕਿਸੇ ਕੰਮ ਨੂੰ ਕਰਨ ਲਈ,
ਚੰਗੇ ਮੌਕੇ ਦੀ ਤਲਾਸ਼ ਵਿਚ ਰਹਿੰਦੇ ਹਾਂ ਜਾਂ ਫਿਰ ਬਹਾਨੇ ਵਜੋਂ ਸਮੇਂ ਦੀ ਮੰਗ
ਕਰਦੇ ਰਹਿਨੇ ਹਾਂ। ਸਿਆਸੀ ਲੋਕ ਵਾਅਦੇ ਕਰਦੇ ਨੇ ਕਿ ਇਕ ਵਾਰੀ ਜਿਤਾ ਦਿਓ, ਫੇਰ
ਤੁਹਾਡੇ ਕੰਮ ਹੋਏ ਸਮਝੋ। ਅਫਸਰ ਕਹਿਣਗੇ, ਬਸ ਇਕ ਵਾਰ ਉਪਰੋਂ ਹੁਕਮ ਆ ਜੇ,
ਤੁਹਾਡੀਆਂ ਪੌਂ ਬਾਰਾਂ ਕਰਦਾਂਗੇ। ਇਹ ਸਭ ਸੁਭਾਅ ਦੀ ਗੱਲ ਹੁੰਦੀ ਹੈ, ਪਰ
ਜਾਨਵਰਾਂ ਦੇ ਤਾਂ ਸੁਭਾਅ ਨਿਰਧਾਰਤ ਹੁੰਦੇ ਹਨ। ਦੁਨੀਆਂ ਵਿਚ ਸੱਪਾਂ
ਦੀਆਂ 3,400 ਦੇ ਕਰੀਬ ਕਿਸਮਾਂ ਹਨ, ਇਸ ਵਿਚੋਂ
ਸਿਰਫ 200 ਦੇ ਕਰੀਬ ਹੀ ਜ਼ਹਿਰੀਲੀਆਂ ਹਨ। ਸਾਡੇ ਦੇਸ਼ ਵਿਚ ਹਰ ਸਾਲ ਢਾਈ ਲੱਖ
ਸੱਪਾਂ ਦੇ ਡੰਗ ਵੱਜਦੇ ਹਨ ਤੇ ਕਰੀਬ ਪੰਜਾਹ ਹਜ਼ਾਰ ਲੋਕ ਮਰ ਜਾਂਦੇ ਹਨ। ਇਸਦਾ
ਮੂਲ ਕਾਰਣ ਲਾਪਰਵਾਹੀ ਹੈ। ਸੱਪ ਇਕ ਕਿਸਾਨ ਦਾ ਮਿੱਤਰ ਜੀਵ ਹੈ, ਇਹ ਫਸਲਾਂ ਨੂੰ
ਨੁਕਸਾਨ ਪਹੁੰਚਾਣ ਵਾਲੇ ਜੀਵਾਂ, ਜਿਵੇਂ ਚੂਹੇ ਅਦਿ ਖਤਮ ਕਰਦਾ ਹੈ। ਪਰ ਇਸ ਦਾ
ਦਹਿਲ ਹੀ ਏਨਾ ਹੈ ਕਿ ਅਸੀਂ ਝੱਟ ਇਸਨੂੰ ਮਾਰ ਦੇਂਦੇ ਹਾਂ। ਸ਼ਾਇਦ ਏਸੇ ਤੋਂ ਹੀ
ਕਹਾਵਤ ਬਣੀ ਹੋਵੇ ਕਿ ‘ਦੁਸ਼ਮਣੀ ਦੀ ਬੁਨਿਆਦ, ਦੋਸਤੀ ਤੋਂ ਸ਼ੁਰੂ ਹੁੰਦੀ ਹੈ'।
ਅੱਜ ਕਲ ਸੱਪਾਂ ਦੀ ਜਵਾਨੀ ਦਾ ਮੌਸਮ ਹੈ, ਇਹੋ ਜਿਹੇ ਮੌਕੇ, ਜਿੱਥੇ
ਸਾਵਧਾਨੀ ਵਰਤਣ ਦੀ ਲੋੜ ਹੈ, ਉੱਥੇ ਹੀ ਬੇਲੋੜੀ ਹੱਤਿਆ ਕਰਨ ਤੋਂ ਵੀ ਬਚਣਾ
ਚਾਹੀਦਾ ਹੈ। (03\08\2014) |
|
ਮਾਂ ਬਣ ਗਈ, ਇੱਟ ਚੁਬਾਰੇ ਦੀ |
ਹਰ ਦੇਸ਼ ਵਿੱਚ ਧਰਤੀ ਨੂੰ ਮਾਂ ਕਿਹਾ ਜਾਂਦਾ
ਹੈ। ਬਹੁਤ ਸਾਰੀ ਦੁਨੀਆਂ ਵਿੱਚ ਧਰਤੀ ਤੇ ਕੋਈ ਕਾਰਜ, ਮਕਾਨ ਜਾਂ ਹੋਰ ਉਸਾਰੀ
ਤੋਂ ਪਹਿਲੋਂ ਪੂਜਾ ਕੀਤੀ ਜਾਂਦੀ ਹੈ। ਸਾਡੇ ਪੰਜਾਬ ਵਿੱਚ ਵੀ ਧਰਤੀ ਨੂੰ ਮਾਂ
ਤੋਂ ਉੱਤੇ ਦਾ ਦਰਜਾ ਦਿੱਤਾ ਜਾਂਦਾ ਹੈ। ਪਰ ਇਹ ਦਰਜਾ ਹੁਣ ਸਾਡੀ ਸੁਪਨਿਆਂ ਦੀ
ਲੜੀ ਦਾ ਹੀ ਹਿੱਸਾ ਰਹਿ ਗਿਆ ਹੈ। ਧਰਤੀ ਬਾਰੇ ਇੱਕ ਕੁਦਰਤ ਦਾ ਅਸੂਲ ਹੈ ਕਿ
ਇਸਦੀ ਉਚਾਈਆਂ ਨੀਵਾਈਆਂ ਨੂੰ ਨਹੀਂ ਛੇੜਨਾ ਚਾਹੀਦਾ। ਇਸ ਨਾਲ ਪਾਣੀ ਦਾ ਕੁਦਰਤੀ
ਵਹਾਅ ਟੁੱਟਦਾ ਹੈ। ਅੱਜ ਹੜ੍ਹ ਜਾਂ ਸੋਕੇ ਦਾ ਮੁੱਖ ਕਾਰਨ ਧਰਤੀ ਨੂੰ ਆਪਣੀ ਲੋੜ
ਅਨੁਸਾਰ ਪੱਧਰਾ ਕਰਨਾ ਜਾਂ ਨੀਵਾਂ ਕਰਨਾ ਹੈ। ਭੱਠਿਆਂ ਦੀਆਂ ਇੱਟਾਂ ਲਈ ਅਸੀਂ
ਧਰਤੀ ਕਈ ਥਾਂ ਤੇ ਤਾਂ 7-7 ਫੁੱਟ ਨੀਵੀਂ ਕਰ ਦਿੱਤੀ ਹੈ। ਸਾਰੇ ਖਣਿਜਾਂ ਵਾਲੀ
ਮਿੱਟੀ, ਇੱਟਾਂ ਬਣ ਚੁਬਾਰਿਆਂ ਵਿੱਚ ਲੱਗ ਗਈ ਹੈ। ਥੱਲੇ ਫੋਕੀ ਧਰਤੀ ਕੀ ਫਸਲ
ਦੇਵੇਗੀ? ਗਾਹੇ ਵਗਾਹੇ ਖੜ੍ਹੇ ਰੁੱਖ, ਆਖਰ ਗਿਰ ਜਾਣਗੇ, ਕੋਈ ਕਾਨੂੰਨ ਤਾਂ
ਜ਼ਰੂਰ ਹੋਵੇਗਾ ਇਸ ਧਰਤੀ ਮਾਂ ਨਾਲ ਹੁੰਦੇ ਧੱਕੇ ਨੂੰ ਰੋਕਣ ਲਈ? ਪਰ ੳਹ ਨੋਟਾਂ
ਦੀ ਭੇਟਾ ਕਿਸ ਵੇਲੇ ਹੋ ਗਿਆ? ਇਹ ਤਾਂ ਭੁੱਖੇ ਅਧਿਕਾਰੀ ਹੀ ਜਾਣਦੇ ਹੋਣਗੇ। ਇਹ
ਭੁੱਖ ਭਾਵੇਂ ਛੇਤੀ ਮਿੱਟਣ ਵਾਲੀ ਨਹੀਂ, ਪਰ ਧਰਤੀ ਨਾਲ ਖਿਲਵਾੜ ਨੇ ਸਾਡੀਆਂ
ਅਗਲੀਆਂ ਪੀੜ੍ਹੀਆਂ ਨੂੰ ਮਿਟਾਣ ਵਿੱਚ ਕੋਈ ਕਸਰ ਨਹੀਂ ਰਹਿਣ ਦੇਣੀ।
(26/07/2014) |
|
ਪੰਛੀਆਂ ਦਾ ਹਿੱਸਾ ਕਿੱਥੇ? |
ਇਸ ਧਰਤੀ ਤੇ ਜੋ ਵੀ ਖਾਣਯੋਗ ਪੈਦਾ ਹੁੰਦਾ
ਹੈ, ਉਹ ਸਭ ਦੇ ਲਈ ਲੋੜ ਅਨੁਸਾਰ ਵੰਡਿਆ ਜਾਣਾ ਚਾਹੀਦਾ ਹੈ। ਪਰ ਅਸੀਂ ਇਤਨੇ
ਲਾਲਚੀ ਹੋ ਜਾਂਦੇ ਹਾਂ ਕਿ ਆਪਣਾ ਹਿੱਸਾ ਤਾਂ ਲੈਂਦੇ ਹੀ ਹਾਂ, ਸਗੋਂ ਹੋਰਨਾਂ
ਦਾ ਹਿੱਸਾ ਵੀ ਖੋਹ ਲੈਂਦੇ ਹਾਂ। ਪੰਛੀਆਂ ਨੇ ਮੁੱਖ ਖੁਰਾਕ ਦਰਖਤਾਂ ਦੇ ਫਲਾਂ
ਤੋਂ ਹੀ ਲੈਣੀ ਹੁੰਦੀ ਹੈ। ਵਪਾਰਕ ਬਾਗਾਂ ਨੂੰ ਛੱਡ ਕਿ ਸਾਨੂੰ ਚਾਹੀਦਾ ਹੈ ਕਿ
ਅਸੀਂ ਪੰਛੀਆਂ ਵਾਸਤੇ ਫਲਾਂ ਨੂੰ ਛੱਡੀਏ, ਜੋ ਪੱਕ ਕੇ ਥੱਲੇ ਆ ਪਵੇ ੳਹੀ ਅਸੀਂ
ਲਈਏ। ਮੇਰੇ ਇਕ ਦੋਸਤ ਦੇ ਘਰ ਅੰਬਾਂ ਦੇ ਦਰਖਤ ਹਨ। ਉਹ ਸਿਰਫ ਥੱਲੇ ਗਿਰੇ ਹੋਏ
ਅੰਬ ਹੀ ਵਰਤਦਾ ਹੈ ਬਾਕੀ ਸਭ ਪੰਛੀਆਂ ਲਈ ਛੱਡ ਦੇਂਦਾ ਹੈ। ਇਸਦੇ ਬਦਲੇ ਉਸਦੇ
ਘਰ ਦਰਜਨਾਂ ਨਵੇਂ ਨਵੇਂ ਪੰਛੀਆਂ ਦੀ ਆਮਦ ਹੁੰਦੀ ਹੈ ਤੇ ਉਸਦਾ ਮਨ ਖੁਸ਼ ਕਰਦੇ
ਹਨ। ਸਾਡੇ ਘਰ ਵੀ ਜਾਮਣ ਲੱਗੀ ਹੋਈ ਹੈ। ਅਸੀਂ ਵੀ ਸਿਰਫ ਪੱਕ ਕੇ ਥੱਲੇ
ਡਿੱਗੀਆਂ ਜਾਮਣਾਂ ਹੀ ਚੁਗਦੇ ਹਾਂ। ਉਪਰ ਪੰਛੀ ਖਾਂਦੇ ਹਨ। ਦਰਜਨਾਂ ਕਿਸਮ ਦੇ
ਛੋਟੇ ਛੋਟੇ ਪੰਛੀ ਦਰਖਤ ਤੇ ਬੈਠੇ ਜਾ ਸਕਦੇ ਹਨ। ਅੱਜ ਲੋੜ ਹੈ ਕਿ ਰਾਹਾਂ,
ਵਿਹੜਿਆਂ ਜਾਂ ਖਾਲੀ ਥਾਵਾਂ ਉਤੇ ਫਲਾਂ ਵਾਲੇ ਦਰਖਤ ਹੀ ਲਾਏ ਜਾਣ।
ਇਸ ਤਰ੍ਹਾਂ ਹਰ ਇਕ ਨੂੰ ਉਸੇ ਹਿੱਸੇ ਦੀ
ਸੌਗਾਤ ਮਿਲੇਗੀ ਤੇ ਦੂਜਾ ਮਨ ਦੀ ਖੁਸ਼ੀ।
(20/07/2014) |
|
|
|
|
|