|
ਨਿੱਕੇ ਵੱਡੇ ਚੋਰ |
ਕੁੱਝ ਤਾਂ ਮਜ਼ਬੂਰੀ ਹੁੰਦੀ ਹੋਵੇਗੀ ਕਿ ਬੰਦੇ
'ਚ ਚੋਰ ਬਨਣ ਦੀ ਬਿਰਤੀ ਪੈਦਾ ਹੁੰਦੀ ਹੈ। ਕਿਤੇ ਨਾ ਕਿਤੇ ਅਸੀਂ ਸਭ ਚੋਰ ਬਣ
ਜਾਂਦੇ ਹਾਂ ਜਾਂ ਬਨਣਾ ਲੋਚਦੇ ਹਾਂ। ਪਰ ਕਿੱਡਾ ਕੁ ਚੋਰ ? ਇਹ ਇਸ ਗੱਲ ਤੇ
ਨਿਰਭਰ ਕਰਦਾ ਹੈ ਕਿ ਅਸੀਂ ਕਿੱਥੇ ਤੇ ਕਿਸ ਸਮੇਂ ਵਿਚ ਹਾਂ। ਸਾਡਾ ਆਲਾ ਦੁਆਲਾ,
ਸਾਡਾ ਪਰਿਵਾਰ, ਸਾਡੇ ਮਿੱਤਰ ਜਾਂ ਸਾਡਾ ਸੁਭਾਅ ਸਾਨੂੰ ਲੋੜ ਅਨੁਸਾਰ ਚੋਰ
ਬਣਾਉਂਦਾ ਹੈ। ਵਪਾਰੀ ਜੇ ਤੋਲ ਚ ਫਰਕ ਕਰਦਾ ਹੈ ਤਾਂ ਠੇਕੇਦਾਰ ਕੁੰਢੀ ਲਾਉਂਦਾ
ਹੈ। ਸਰਕਾਰੀ ਮੁਲਾਜ਼ਮ ਜੇ ਰਿਸ਼ਵਤ ਲੈ਼ਦਾ ਹੈ ਤਾਂ, ਪਰਾਈਵੇਟ ਵਾਲਾ ਰੇਟ ਵਧਾ
ਦੈਦਾ ਹੈ। ਔਰਤ ਜੇ ਵੱਧ ਸ਼ਾਪਿੰਗ ਕਰਦੀ ਹੇ ਤਾਂ ਬੰਦਾ ਗੁਪਤ ਜੇਬ ਰੱਖਦਾ ਹੈ।
ਗੱਲ ਕੀ ਅਸੀਂ ਕਿਤੇ ਨਾ ਕਿਤੇ ਆਪਣੇ ਅੰਦਰ ਛੋਟੇ ਮੋਟੇ ਚੋਰ ਬਣ ਹੀ ਜਾਂਦੇ
ਹਾਂ। ਇਹ ਮਾਨਸਕਿ ਤੌਰ ਤੇ ਭੁੱਖੇ ਹੌਣ ਦੇ ਪ੍ਰਤੀਕ ਹੈ। ਇਹ ਵਿਚਾਰੇ ਨਿਆਣੇ
ਤਾਂ ਢਿੱਡੋਂ ਹੀ ਭੁੱਖੇ ਹਨ, ਗੰਨੇ ਦਾ ਇਕ ਟੋਟਾ ਚੂਪ ਕਿ ਇਕ ਰਾਤ ਸੌਂ ਲੈਣਗੇ।
ਪਰ ਜਿਹਨਾਂ ਨੇ ਲੱਖਾਂ ਡਕਾਰੇ ਹਨ, ਉਹਨਾ ਨੂੰ ਨੀਂਦ ਨਹੀਂ ਆਉਣੀ। ਸੁੱਖੀ ਜੀਵਨ
ਦਾ ਰਾਜ਼ ਹੈ ਕਿ ਆਪਣੇ ਅੰਦਰਲੇ ਚੋਰ ਨੂੰ ਲੱਭ ਕਿ ਮਾਰੋ । (02/04/16) |
|
ਜਦੋਂ ਤੀਸਰਾ ਨੇਤਰ ਖੁੱਲ੍ਹਦੈ |
ਹਰ ਮਨੁੱਖ ਦੀ ਇੱਛਾ ਹੁੰਦੀ ਹੈ ਕਿ ਉਹ ਇਸ
ਦੁਨੀਆ ਦੀ ਹਰ ਖੁਸ਼ੀ ਨੂੰ ਪਾਵੇ ਤੇ ਸਰਬਕਲਾ ਸੰਪੂਰਨ ਹੋਵੇ। ਕੁਦਰਤ ਉਸ ਤੇ
ਮਿਹਰਬਾਨ ਰਹੇ ਤੇ ਲੰਮੀ ਉਮਰ ਹੋਵੇ। ਪਰ ਕੁਦਰਤ ਤਾਂ ਆਖਰ ਕੁਦਰਤ ਹੀ ਹੈ। ਉਹ
ਸਭ ਨੂੰ ਇਕੋ ਜਿਹਾ ਦੇ ਕੇ ਇਸ ਕਾਇਨਾਤ ਨੂੰ ਖੜੋਤ ਵਿਚ ਨਹੀਂ ਰੱਖਣਾ ਚਾਹੁੰਦੀ।
ਪਿਛਲੇ ਦਿਨੀਂ ਲੁਧਿਆਣੇ ਇਕ ਨੇਤਰਹੀਣ ਸੰਸਥਾ ਵਿਚ ਜਾਣ ਦਾ ਮੌਕਾ ਮਿਲਿਆ। ਉੱਥੇ
ਹਰ ਬੱਚਾ ਤੇ ਵੱਡਾ ਚੜ੍ਹਦੀ ਕਲਾ ਵਿਚ ਸੀ। ਆਪਣੇ ਆਪ ਨੂੰ ਮਿਹਨਤ ਤੇ ਉਸਾਰੂ
ਸੋਚ ਦੇ ਸਹਾਰੇ ਅੱਗੇ ਵੱਧਣ ਦੀ ਕੋਸ਼ਿਸ਼ ਕਰ ਰਿਹਾ ਸੀ। ਸਕੂਲ ਦੀ ਮੁੱਖ
ਅਧਿਆਪਕਾ, ਜਿਹਨਾਂ ਨੇ 7 ਸਾਲ ਦੀ ਛੋਟੀ ਉਮਰ ਵਿਚ ਅੱਖਾਂ ਦੀ ਰੋਸ਼ਨੀ ਗੁਆ ਲਈ
ਸੀ, ਦੇ ਦੱਸਣ ਅਨੁਸਾਰ ਉਹਨਾ ਦੇ ਪਿਤਾ ਜੀ (ਏਅਰ ਫੋਰਸ ਅਫਸਰ) ਦੇ ਬੋਲ ‘ਪੁੱਤਰ
ਇਹ ਨਾ ਸੋਚੋ ਕਿ ਕੁਦਰਤ ਨੇ ਤੁਹਾਨੂੰ ਕੀ ਨਹੀਂ ਦਿੱਤਾ, ਇਹ ਗਿਣੋ ਕਿ ਉਸਨੇ
ਹੋਰ ਕਿੰਨਾਂ ਕੁਝ ਤੁਹਾਨੂੰ ਦਿੱਤਾ ਹੈ ਸਾਰੀ ਉਮਰ ਤਰੱਕੀ ਦੀ ਮੰਜ਼ਿਲ ਵਲ ਪੈਰਾਂ
ਨੂੰ ਲੈ ਜਾਂਦੇ ਰਹੇ। ਅੱਜ ਇਹ ਬੱਚੇ ਬਰੇਲ ਰਾਹੀਂ ਪੰਜਾਬੀ ਸਾਹਿਤ ਦੀਆ
ਕਿਤਾਬਾਂ ਵੀ ਪੜ੍ਹ ਰਹੇ ਹਨ। ਪਰ ਇਹ ਜਾਣ ਕਿ ਹੈਰਾਨੀ ਹੋਈ ਕਿ ਪੰਜਾਬ ਵਿਚ
ਦਰਜਨਾਂ ਅੱਖਾਂ ਦਾਨ ਕਰਾਉਣ ਵਾਲੇ ਹਸਪਤਾਲ ਹਨ, ਪਰ ਇੱਥੇ ਕਈ ਦਹਾਕਿਆਂ ਤੋਂ ਇਕ
ਵੀ ਬੱਚੇ ਦੀ ਪੁਤਲੀ ਨਹੀਂ ਬਦਲੀ ਗਈ,
ਪ੍ਰਬੰਧਕਾਂ ਅਨੁਸਾਰ ਉ਼ਂਜ ਤਾਂ ਕਈ ਜਣੇ ਬੈਟਰੀਆਂ ਮਾਰ ਮਾਰ ਚੱਲੇ ਗਏ ਹਨ। ਸਭ
ਤੋਂ ਵੱਡੀ ਤਸੱਲੀ ਵਾਲੀ ਗੱਲ ਤਾਂ ਇਹੋ ਹੈ ਕਿ ਇਹਨਾਂ ਦਾ ਤੀਸਰਾ ਨੇਤਰ ਖੁੱਲ੍ਹ
ਚੁੱਕਾ ਹੈ ਤੇ ਹਰ ਕੋਈ ਬੜੀ ਤੇਜ਼ੀ ਨਾਲ ਇਕ ਦੂਜੇ ਨੂੰ ਨਾਲ ਲੈ ਪੁਲਾਂਘਾਂ ਪੁੱਟ
ਰਿਹਾ ਹੈ। (24/03/16) |
|
ਅਮਰੀਕਾ ਵਾਲਾ ਤਾਇਆ |
ਜਦੋਂ ਦਾ ਅਮਰੀਕਾ ਵਾਲਾ ਤਾਇਆ ਚੰਦ ਸੁੰਹ,
10 ਕੁ ਸਾਲ ਬਾਅਦ ਪਿੰਡ ਆਇਆ ਹੈ, ਪਿੰਡ ਵਿਚ ਨਵੀਂ ਹਲਚੱਲ ਪੈਦਾ ਹੋਈ ਹੋਈ ਹੈ।
ਤੜਕੇ ਹੀ ਸ਼ੁਰੂ ਹੋ ਜਾਂਦੀ ਹੈ ਤਾਏ ਦੀ ਚਰਚਾ। ਚਿੱਟੇ ਲੰਮੇ ਤਸਮਿਆਂ ਆਲੇ ਬੂਟ
ਪਾਈ, ਹੱਥ ਚ ਬਟਨਾਂ ਆਲੀ ਸੋਟੀ ਫੱੜ ਕੇ ਤਾਇਆ ਪਿੰਡ ਦਾ ਗੇੜਾ ਲਾਉਂਦਾ ਹੈ।
ਤਾਇਆ ਪਿੰਡ ਦੇ ਸਫਾਈ ਸੇਵਕ ਨੂੰ ਸਾਜਰੇ ਹੀ ਜਾ ਉਠਾਂਦਾ ਹੈ ਤੇ ਆਪਣੇ ਨਾਲ ਤੋਰ
ਲੈਂਦਾ ਹੈ । ਥੋੜੇ ਦਿਨਾਂ ਵਿਚ ਹੀ ਪਿੰਡ ਦੀਆਂ ਗਲੀਆਂ ਸਾਫ ਲੱਗਣ ਲੱਗ ਪਈਆਂ
ਹਨ। ਦਿਨ ਚੜ੍ਹੇ ਤੋਂ ਉਹ ਕਿਸੇ ਨਾ ਕਿਸੇ ਵਿਹਲੇ ਫਿਰਦੇ ਮੁੰਡੇ ਨੂੰ ਲਾਲਚ
ਦੇਕੇ, ਨਾਲ ਲਾਕੇ, ਸ਼ਹਿਰੋਂ ਲਿਆਂਦੀ ਫੁੱਲਾਂ ਦੀ ਪਨੀਰੀ ਛੱਪੜ ਦੇ ਕੰਢੇ ਲਗਵਾ
ਦੇਂਦਾ ਹੈ ਤੇ ਜਾਂ ਫੇਰ ਗੋਡੀ, ਪਾਣੀ ਦੀ ਸੇਵਾ ਲੈ ਲੈਂਦਾ ਹੈ। ਦੁਪਹਿਰੇ ਉਹ
ਆਪਣੇ ਹਾਣਦਿਆਂ ਨੂੰ ਬਾਹਰਲੇ ਮੁਲਕਾਂ ਵਿਚਲੀ ਬਜ਼ੁਰਗਾਂ ਦੀ ਇਕੱਲਤਾ ਬਾਰੇ
ਦੱਸਦਾ ਹੈ ਤੇ ਵਿਚੇ ਤਾਸ਼ ਦੀ ਬਾਜ਼ੀ ਵੀ ਲਾ ਲੈਂਦਾ ਹੈ। ਦੁਪਹਿਰਾ ਖਾ ਕੇ ਉਹ
ਸਕੂਲ ਦੇ ਰਾਹ ਤੇ ਆ ਖਲੋਂਦਾ ਹੈ। ਹਰ ਲੰਘਦੇ ਬੱਚੇ ਨੂੰ ਬਲਾਉਂਦਾ ਹੈ। ਬੱਚੇ
ਵੀ ਹੂਣ, ‘ ਬਾਬਾ ਜੀ ਸਾ ਸਰੀ ਕਾਲ ‘ ਬੁਲਾਉਣ ਲੱਗ ਪਏ ਹਨ। ਐਤਵਾਰ ਨੂੰ ਹੁਣ
ਤਾਇਆ ਬਚਿਆਂ ਨੂੰ ਦੁਨੀਆਂ ਦੇ ਕਾਮਯਾਬ ਲੋਕਾ ਦੀਆਂ ਕਹਾਣੀਆਂ ਸੁਣਾਂਦਾ ਹੈ ਤੇ
ਬੱਚੇ ਸੱਥ ਵਿਰ ਰੋਣਕਾਂ ਲਾਉਣ ਲੱਗ ਪਏ ਹਨ। ਕਈ ਤਾਂ ਕਹਾਣੀਆਂ ਸੁਨਣ ਦੇ ਮਾਰੇ,
ਗਿੱਲੇ ਵਾਲਾਂ ਸਣੇ ਹੀ ਪਹੁੰਚ ਜਾਂਦੇ ਹਨ। ਸ਼ਾਮ ਨੂੰ ਤਾਇਆ ਕੰਮਾਂ ਕਾਰਾਂ ਤੋਂ
ਮੁੜਦੇ ਲੋਕਾਂ ਤੋਂ ਸੁੱਖ ਯਾਦ ਪੁੱਛਦਾ ਹੈ। ਘੁਸਮੁੱਸਾ ਹੁੰਦੇ ਹੀ ਤਾਇਆ ਖਾਲੀ
ਪਏ ਆਪਣੇ ਘਰ ਅੰਦਰ ਜਾ ਵੜਦਾ ਹੈ ਤੇ ਉਡੀਕਦਾ ਹੈ ਕਿ ਸ਼ਾਇਦ ਕਿਸੇ ਪੁੱਤ ਪੋਤੇ
ਦਾ ਫੋਨ ਅਮਰੀਕਾ ਤੋਂ ਆ ਹੀ ਜਾਵੇ।
(17/03/16) |
|
ਪੱਥਣਾਂ ਦੀ ਗਾਥਾ |
ਇਕ ਗਾਣਾ ਬੜਾ ਮਸ਼ਹੂਰ ਹੋਇਆ ਸੀ, ‘ ਕੱਚੀ
ਟੁੱਟ ਗੀ ਜਿਹਨਾਂ ਦੀ ਯਾਰੀ, ਪੱਤਣਾਂ ਤੇ ਰੋਣ ਖੜ੍ਹੀਆਂ,’ ਇਹ ਪੱਤਣਾਂ ਤੇ ਰੋਣ
ਵਾਲੀ ਗੱਲ ਹਮੇਸ਼ਾਂ ਹੀ ਅੱਖਰਦੀ ਰਹੀ ਸੀ। ਕਦੇ ਕਦੇ ਸੋਚੀਦਾ ਸੀ ਕਿ ਆਖਰ ਕਿੰਨੇ
ਕੁ ਪੱਤਣ ਹਨ, ਸਾਡੇ ਪੰਜਾਬ ਵਿਚ ? ਇਸੇ ਤਰਾਂ ਕਈ ਵਾਰੀ ਸੋਚਣਾ ਕਿ, ਤਿੱਤਰ
ਬਟੇਰੇ ਤੇ ਕਾਂ ਕਦੇ ਕਣਕ ਦਾ ਨੁਕਸਾਨ ਨਹੀਂ ਕਰਦੇ, ਫੇਰ ਇਹ ਗਾਣਾ ਕਿਵੇਂ
ਬਣਿਆ,’ ਕਦੇ ਉਡਾਵਾਂ ਤਿੱਤਰ ਬਟੇਰੇ, ਕਦੇ ਉਡਾਵਾਂ ਕਾਂ, ਤੇਰੀ ਕਣਕ ਦੀ ਰਾਖੀ
ਮੁੰਡਿਆ ਹੁਣ ਮੈਂ ਨਹੀਂ ਬਹਿੰਦੀ ‘। ਇਸੇ ਤਰਾਂ ਮੋਰ ਕਦੇ ਚਰ੍ਹੀ ਵਿਚ ਨਹੀਂ
ਵੜ੍ਹਦਾ ਪਰ ਫੇਰ ਵੀ ਗੀਤਕਾਰ ਕਹਿੰਦਾ ਹੈ, ‘ਮੇਰੀ ਡਿੱਗ ਪਈ ਚਰ੍ਹੀ ਵਿਚ ਗਾਨੀ,
ਚੱਕ ਲਿਆ ਮੋਰ ਬਣਕੇ ‘ । ਇਹੋ ਜਿਹੇ ਟੱਪਲੇ ਸਾਡੇ ਸ਼ਹਿਰੀ ਤੇ ਗੈਰ ਜ਼ਿਮੀਦਾਰ
ਲੇਖਕ ਤੇ ਗਾਇਕ ਅਕਸਰ ਖਾ ਜਾਂਦੇ ਹਨ। ਪਹਿਲੇ ਗੀਤ ਵਿਚ ਵੀ ਅਸਲੀ ਸ਼ਬਦ ਪੱਤਣ
ਨਹੀਂ ਪੱਥਣ ਹੈ, ਕਿਉਕਿ ਇਹ ਹਰ ਪਿੰਡ ਵਿਚ ਹੁੰਦਾ ਹੈ ਤੇ ਇੱਥੇ ਸਿਰਫ ਔਰਤਾਂ
ਹੀ ਕੰਮ ਕਰਦੀਆਂ ਹਨ ਤੇ ਇਹ ਹੰਝੂ ਵਹਾਉਣ ਲਈ ਢੁੱਕਵੀ ਥਾਂ ਵੀ ਹੁੰਦਾ ਹੈ।
ਪੱਥਣ ਜਾਂ ਪਥੇਰਨਾ ਜੇ ਮੰਡੀ ਦੇ ਪੱਕੇ ਫੜ੍ਹ ਉੱਤੇ ਹੋਵੇ ਤਾਂ ਸਾਲ ਵਿਚ ਦੋ
ਵਾਰੀ ਖਾਲੀ ਕਰਨਾ ਪੈਂਦਾ ਹੈ। ਕਈ ਲੋਕ ਇਹ ਸੋਚਦੇ ਹਨ ਕਿ ਇਹ ਗੋਹਾ ਕੀਮਤੀ ਖਾਦ
ਹੈ ਅਤੇ ਇਸਦਾ ਫਸਲ ਨੂੰ ਫਾਇਦਾ ਹੋ ਸਕਦਾ ਹੈ, ਪਰ ਉਹ ਲੋਕ ਭੁੱਲ ਜਾਂਦੇ ਹਨ ਕਿ
ਪਾਥੀਆਂ ਤੋਂ ਸਸਤਾ ਹੋਰ ਬਾਲਣ ਵੀ ਤਾਂ ਨਹੀਂ ਮਿਲਦਾ, ਖਾਸ ਕਰ ਜੇ ਹਾਰੇ ਵਿਚ
ਦੁੱਧ ਕਾੜ੍ਹਨਾ ਹੋਵੇ ਜਾਂ ਚੁੱਲ੍ਹੇ ਦੀ ਮੱਠੀ ਅੱਗ ਤੇ ਸਾਗ ਰਿੰਨਣਾ ਹੋਵੇ।
ਹੁਣ ਜੇ ‘ਕਿਸੇ ‘ ਪੱਥਣ ਤੇ ਖੜ੍ਹ ਘੜੀ ਪਲ ਮਨ ਹਲਕਾ ਕਰ ਵੀ ਲਿਆ ਹੋਊ ਤਾਂ
ਪੱਤਣਾਂ ਤੇ ਖੁਦਕੁਸ਼ੀ ਕਰਨ ਤੋਂ ਤਾਂ ਬਚ ਹੀ ਜਾਊ । (12/03/16) |
|
ਦੁੱਧ ਪੀਈਏ ਬੂਰੀ ਮੱਝ ਦਾ |
ਪੰਜਾਬੀ ਬੋਲੀਆਂ ਤੇ ਖੋਜ ਕਰਦੇ ਪਤਾ ਲੱਗਾ
ਕਿ ਜਦ ਵੀ ਦੁੱਧ ਦਾ ਜ਼ਿਕਰ ਆਇਆ ਹੈ ਤਾਂ ਸ਼ੂਰੀ ਮੱਝ ਦੇ ਦੁੱਧ ਜਾਂ ਘਿਓ ਆਦਿ ਦਾ
ਹੀ ਜ਼ਿਕਰ ਹੋਇਆ ਹੈ। ਪੰਜਾਬ ਦੇ ਭਲਵਾਨ ਹਮੇਸ਼ਾਂ ਬੂਰੀ ਮੱਝ ਦਾ ਦੁੱਧ ਪੀਣ ਨੂੰ
ਹੀ ਤਰਜੀਹ ਦੇਂਦੇ ਸਨ। ਕਈ ਵਾਰੀ ਸੋਚਦਾ ਸੀ ਕੇ ਆਖਰ ਇੰਝ ਕਿਉਂ ਹੈ ? ਪਿਛਲੇ
ਦਿਨੀਂ ਮੋਤਾ ਸਿੰਘ ਸਰਾਏ ਦੇ ਘਰ 6 ਬੂਰੀਆਂ ਮੱਝਾਂ ਵੇਖ ਕੇ ਇਹ ਸਵਾਲ ਮੁੜ ਖੜਾ
ਹੋ ਗਿਆ। ਉਹਨਾਂ ਦੇ ਪਰਿਵਾਰ ਵਿਚ ਪਿਛਲੀਆਂ 10 ਪੁਸ਼ਤਾਂ ਤੋਂ, ਬੂਰੀ ਮੱਝ ਦੀ
ਪੁਸ਼ਤ ਵੀ ਤੁਰੀ ਆਉਂਦੀ ਹੈ। ਇਹ ਤਕਰੀਬਨ ਦੋ ਸਦੀਆਂ ਦੀ ਸਾਂਝ ਬਣ ਜਾਂਦੀ ਹੈ।
ਉਹਨਾਂ ਅਨੁਸਾਰ ਇਕ ਬੂਰੀ ਮੱਝ 20 ਤੋਂ 25 ਸੂਏ ਦੇਂਦੀ ਹੈ। ਅੱਜ ਤਕ ਉਹਨਾਂ ਦੀ
ਕੋਈ ਵੀ ਬੂਰੀ ਮੱਝ ‘ਤੂਈ ‘ ਨਹੀਂ, ਨਾ ਹੀ ਕਦੇ ਬੂਰੀਆਂ ਮੱਝਾਂ ਨੂੰ ਮੂੰਹ–ਖੁਰ
ਦੀ ਬਿਮਾਰੀ ਲੱਗੀ ਹੈ। ਦੁੱਧ ਵਿਚ 2 ਤੋਂ 3 ਪ੍ਰਤੀਸ਼ਤ ਫੈਟ ਵੱਧ ਹੁੰਦਾ ਹੈ।
ਉੱਤੋ ਵੱਡੀ ਗੱਲ ਕਿ ਮੱਖਣ ਤੇ ਘਿਓ, ਕਾਲੀ ਮੱਝ ਦੇ ਮੱਖਣ ਘਿਓ ਨਾਲੇ ਵੱਧ ਸਮਾਂ
ਠੀਕ ਰਹਿੰਦਾ ਹੈ। ਪੰਜਾਬ ਦੀ ਇਸ ਵਿਰਾਸਤੀ ਮੱਝ ਨੂੰ ਪਤਾ ਨਹੀਂ ਕਿਉਂ ਲੋਕਾਂ
ਨੇ ਭੁੱਲਾ ਦਿੱਤਾ ਹੈ। ਵਿਗਿਆਨੀਆਂ ਅਨੁਸਾਰ ਇਹ ਮੁਰ੍ਹਾ ਨਸਲ ਦਾ ਹੀ ਇਕ ਹਿੱਸਾ
ਹੈ, ਪਰ ਇਸਦੇ ਗੁਣ=ਔਗਣ ਕਾਲੀਆਂ ਮੱਝਾਂ ਨਾਲੋਂ ਕੁਝ ਅਲੱਗ ਹਨ। ਇਹ ਵੀ ਹੋ
ਸਕਦਾ ਹੈ ਕਿ ਜਿਵੇਂ ਜਿਵੇਂ ਪੰਜਾਬ ਵਿਚੋਂ ਭਲਵਾਨੀ ਦੇ ਅਖਾੜੇ, ਵਾਹੇ ਹੋਏ
ਖ਼ੇਤਾਂ ਤੋਂ ਤੁਰਦੇ ਗੱਦਿਆਂ ਤਕ ਆ ਗਏ ਹਨ, ਇਵੇਂ ਹੀ ਇਹ ਦੁਧਾਰੂ, ਬੂਰੇ ਤੋਂ
ਡੱਬੀਆਂ ਵਾਲੀਆਂ ਗਾਵਾਂ ਬਣ ਗਿਆ ਹੋਵੇ। (08/03/2016) |
|
ਤੋਹਫ਼ਾ ਸਿਆਲਾਂ ਦਾ |
ਭੁੱਖ ਤਾਂ ਭਾਵੇਂ ਰੋਜ਼ ਲੱਗਣੀ ਹੈ, ਪਰ ਜੋ
ਸੁਆਦ ਸਰਦੀਆਂ ਵਿਚ ਖਾਣ–ਪੀਣ ਦਾ ਹੁੰਦਾ ਹੈ, ਉਹ ਗਰਮ ਮੌਸਮ ਵਿਚ ਨਹੀਂ ਹੋ
ਸਕਦਾ। ਸਿਆਲਾਂ ਵਿਚ ਸਰੀਰ ਗਰਮੀ ਭਾਲਦਾ ਹੈ ਤੇ ਇਹ ਸਾਡੀਆਂ ਖਾਣ ਦੀਆਂ ਵਸਤੂਆਂ
ਹੀ ਹਨ ਜੋ ਅੰਦਰ ਅਸਲੀ ਗਰਮਾਇਸ਼ ਦੇਂਦੇ ਹਨ। ਪੰਜਾਬ ਵਿਚ ਸ਼ਕਰ–ਘਿਓ ਤੇ ਲੱਸੀ
ਅਜਿਹਾ ਲਜ਼ੀਜ਼ ਖਾਣਾ ਹੈ , ਜਿਸ ਤੋਂ ਮੁੱਨਕਰ ਹੋਣ ਵਾਲੇ ਤੇ ਪੰਜਾਬੀ ਹੋਣ ਦਾ ਸ਼ਕ
ਕੀਤਾ ਜਾ ਸਕਦਾ ਹੈ। ਇਹ ਏਨਾ ਦਿਲ ਲੁਭਾਉ ਹੈ ਕਿ ਸ਼ੂਗਰ ਦੇ ਮਰੀਜ਼ ਵੀ ਝੂਠ–ਸੱਚ
ਬੋਲ ਕਿ ਚਮਚਾ ਅੰਦਰ ਸੁੱਟ ਲੈਂਦੇ ਹਨ। ਪੰਜਾਬ ਵਿਚ ਦੁਆਬੇ ਦੀ ਧਰਤੀ ਤੇ ਪੈਦਾ
ਹੋਈ ਸ਼ਕਰ ਤੇ ਗੁੱੜ ਨੂੰ ਸਰਵੇਤਮ ਮੰਨਿਆ ਗਿਆ ਹੈ। ਜਦੋਂ ਲੋਕ ਆਪ ਵੇਲਣੇ
(ਕੁਲਹਾੜ੍ਹੀ) ਚਲਾਉਂਦੇ ਸਨ ਤਾਂ ਉਹ ਪੱਤ ਨਿਖਾਰਨ ਲਈ ਜੜ੍ਹੀ–ਬੂਟੀਆਂ, ਕਿੱਕਰ
ਦਾ ਸੱਕ ਜਾਂ ਭਿੰਡੀ ਦੀਆਂ ਛਿੱਟੀਆਂ ਵਰਤਦੇ ਸਨ। ਇਸ ਨਾਲ ਗੁੱੜ ਸ਼ਕਰ ਤੇ
ਕੁਦਰਤੀ ਗਾੜ੍ਹਾ ਸੁਨਿਹਰੀ ਰੰਗ ਆਉਂਦਾ ਸੀ। ਇਸਦਾ ਮਿੱਠਾ ਕਣ ਵੀ ਕਮਾਲ ਸੀ।
ਹੁਣ ਤਾਂ ਡਰ ਲੱਗਦਾ, ਸੜਕਾਂ ਕੰਢੇ ਲੱਗੇ ਇਹ ਕੰਮ ਕਰਦੇ ਲੋਕ, ਪੁਰਾਣੀ ਦੋ
ਨੰਬਰੀ ਸਸਤੀ ਖੰਡ ਵਿਚ ਪਾਈ ਜਾਂਦੇ ਹਨ। ਰੰਗ ਨਿਤਾਰਨ ਲਈ ਮਿੱਠਾ ਸੋਡਾ ਵਰਤਦੇ
ਹਨ। ਚਿੱਟਾ ਪਨ ਛੁਪਾਓਣ ਲਈ ਵਿਚ ਲਾਲ ਰੰਗ ਪਾ ਦੇਂਦੇ ਹਨ। ਇਸੇ ਲਈ ਜੇ ਚਾਹ
ਬਣਾਓ ਤਾਂ ਦੁੱਧ ਫੱਟ ਜਾਂਦਾ ਹੈ। ਸ਼ਕਰ ਵਿਚ ਪੈਣ ਵਾਲਾ ਸਹੀ ਦੇਸੀ ਘਿਓ ਤਾਂ
ਘਰੇ ਬਣਾਇਆ ਹੀ ਠੀਕ ਰਹਿਦਾ ਹੈ। ਉਸ ਵਿਚ ਕੀ ਕੀ ਹੇਰਾ ਫੇਰੀ ਹੁੰਦੀ ਹੈ, ਉਸ
ਬਾਰੇ ਚੁੱਪ ਹੀ ਭਲੀ ਹੈ। ਹਾਲੇ ਤਾਂ ਸਮਾਂ ਹੈ ਕਿ ਸਰਦੀਆਂ ਦੇ ਇਸ ਤੋਹਫ਼ੇ ਦਾ
ਸੁਆਦ ਲਿਆ ਜਾਵੇ। (29/01/16) |
|
ਆ ਚਲੀਏ ਪਿੰਡ ਨੂੰ |
ਬਹੁਤ ਦੂਰ ਨਿਕਲ ਆਏਂ ਹਾਂ, ਅਸੀਂ ਆਪਣੇ
ਪਿੰਡਾਂ ਤੋਂ। ਕਸਬੇ, ਸ਼ਹਿਰ, ਮਹਾਂਨਗਰ ਜਾਂ ਪ੍ਰਦੇਸ ਜਾਣਾ ਹੀ, ਪਿੰਡ ਤੋਂ ਦੂਰ
ਜਾਣਾ ਨੀ ਹੁੰਦਾ, ਪਿੰਡ ਵਿਚ ਰਹਿ ਕੇ ਵੀ ਅਸੀਂ ਪਿੰਡ ਤੋਂ ਦੂਰ ਰਹਿੰਦੇ ਹਾਂ ।
ਅੱਜ ਨੌਕਰੀ ਪੇਸ਼ਾ ਲੋਕਾਂ ਨੂੰ ਵੀ ਪੂਰੇ ਪਿੰਡ ਦਾ ਨਹੀਂ ਪਤਾ ਹੁੰਦਾ। ਜੇ ਪਿੰਡ
ਦੀਆਂ ਦੋ ਤੋਂ ਵੱਧ ਪੱਤੀਆਂ ਹੋਣ ਤਾਂ ਕਈ ਜਣੇ ਆਪਸ ਵਿਚ ਜਾਣ ਪਹਿਚਾਣ ਵੀ ਨਹੀਂ
ਰੱਖਦੇ ਹੁੰਦੇ। ਸਵੇਰੇ ਨਿਕਲ ਜਾਣਾ ਤੇ ਰਾਤ ਨੂੰ ਆਉਣਾ, ਉਹ ਵੀ ਕਈ ਵਾਰੀ
ਗਿੱਲੀ ਘੋੜੀ ਤੇ ਚੜ੍ਹ ਕੇ। ਪਿੰਡਾਂ ਵਿਚ ਵੀ ਜੀਵਨ ਤੇਜ਼ ਤਰਾਰ ਹੋ ਗਿਆ ਹੈ।
ਪੀਜ਼ੇ ਬਰਗਰਾਂ ਦੀਆਂ ਦੁਕਾਨਾਂ ਤਾਂ ਮਾਮੂਲੀ ਚੀਜ਼ਾਂ ਹਨ। ਘਰਾਂ ਵਿਚ ਨੈੱਟ ਨੇ
ਚੰਗੇ ਭਲੇ ਟੱਬਰ ਕੈਦ ਕਰ ਦਿੱਤੇ ਹਨ। ਕਿਸੇ ਕੋਲ ਸਮਾਂ ਹੀ ਨਹੀਂ ਹੈ ਕਿ ਉਹ
ਕੁਦਰਤ ਦੀ ਬਖ਼ਸ਼ੀ ਹਰਿਆਲੀ ਨੂੰ ਮਾਣ ਸਕੇ। ਖੇਤਾਂ ਸੜਕਾਂ ਤੇ 'ਲਾਲੀ ਵਾਲੀ
ਅੱਖ' ਲਈ ਫਿਰਦੇਆਂ ਨੂੰ ਇਹ ਦਰਿਸ਼ ਤਾਂ ਦਿੱਸਦੇ ਹੀ ਨਹੀਂ। ਪਿੰਡ ਵਿਚ ਰਹਿ ਕੇ
ਵੀ ਅਸੀਂ ਆਪਣੇ ਆਲੇ ਦੁਆਲੇ ਦੀ ਹਰਿਆਲੀ ਤੋਂ ਅਣਭਿੱਜ ਹਾਂ। ਇਸੇ ਲਈ ਇਹ ਸ਼ਾਇਦ
ਪੰਜਾਬ ਦੀ ਹੋਣੀ ਬਣ ਗਈ ਹੈ ਕਿ ਆਪਣੀ ਧਰਤੀ ਤੋਂ ਦੂਰ ਜਾ ਵਸਣਾ ਇਕ ਹਕੀਕਤ
ਕਹਾਉਂਦੀ ਹੈ। ਕਾਸ਼ ਅਸੀਂ ਆਪਣੇ ਪਿੰਡਾਂ ਨੂੰ ਮੁੜ ਆਈਏ, ਚਲੋ ਸੁਫ਼ਨੇ ਲੈਣ ਵਿਚ
ਕੀ ਹਰਜ ਹੈ (20/01/16) |
|
ਮਾਣ ਜਵਾਨੀ ਤੇ |
ਜਵਾਨੀ ਇਕ ਇਹੋ ਜਿਹਾ ਜੀਵਨ ਦਾ ਸਮਾਂ ਹੁੰਦਾ
ਹੈ, ਜਦੋਂ ਹੋਸ਼ ਤੇ ਜੋਸ਼ ਦਾ ਸੁਮੇਲ ਹੋਵੇ, ਇਹ ਜ਼ਰੂਰੀ ਨਹੀਂ ਹੈ। ਜੀਵਨ ਦਾ ਇਹ
ਬੇਹੱਦ ਖੂਬਸੂਰਤ ਸਮਾਂ ਹੀ ਨਹੀਂ ਹੁੰਦਾ, ਸਗੋਂ ਇਹ ਉਹ ਮੌਕਾ ਹੁੰਦਾ ਹੈ ਜਦ
ਅਸੀਂ ਆਪਣੇ ਭਵਿਖ ਵਿਚ ਸਾਥ ਦੇਣ ਵਾਲੇ ਦੋਸਤ ਵੀ ਬਣਾ ਲੈਂਦੇ ਹਾਂ। ਕਾਲਜਾਂ
ਜਾਂ ਵਿਸ਼ਵਵਿਦਿਆਲਿਆਂ ਵਿਚ ਪੜ੍ਹਦੇ ਸਮੈਂ ਇਹ ਰਿਸ਼ਤੇ ਬਨਾਉਣ ਦਾ ਜੋ ਮੌਕਾ
ਮਿਲਦਾ ਹੈ, ਮੁੜਕੇ ਸਾਰਾ ਜੀਵਨ ਨਹੀਂ ਮਿਲਦਾ। ਸਭ ਤੋਂ ਵੱਡੀ ਗੱਲ ਕਿ ਇਹ
ਰਿਸ਼ਤਾ ਸੁੱਚ ਦਾ ਹੁੰਦਾ ਹੈ, ਅਸੀਂ ਮਿੱਤਰਾਂ ਦੇ ਅਸਲੀ ਸੁਭਾਅ ਬਾਰੇ ਜਾਣ
ਜਾਂਦੇ ਹਾਂ ਤੇ ਫੇਰ ਸਾਰੀ ਜ਼ਿੰਦਗੀ ਧੋਖੇ ਤੋਂ ਬਚੇ ਰਹਿੰਦੇ ਹਾਂ। ਇਹ ਮੌਕਾ
ਮੌਜ ਮਸਤੀ ਦਾ ਵੀ ਹੁੰਦਾ ਹੈ। ਯੁਵਕ ਮੇਲੇ ਸਾਡੀਆਂ ਤੰਦਾਂ ਦੂਰ ਦੂਰ ਤਕ
ਪਹੁੰਚਾ ਦਿੰਦੇ ਹਨ। ਖੇਤੀ ਵਰਸਿਟੀ ਵਿਚ ਪਹਿਲੀ ਵਾਰ ਹੋ ਰਹੇ ਮੇਲੇ ਵਿਖ 31
ਯੁਨੀਵਰਸਿਟੀਆਂ ਦੇ ਸਿਰਕੱਢ ਵਿਦਿਆਰਥੀ ਹਿੱਸਾ ਲੈ ਰਹੇ ਹਨ। 1000 ਤੋਂ ਵੱਧ
ਕਲਾਕਾਰ ਦੋਸਤ ਬਣਨ ਆਏ ਹੋਏ ਨੇ। ਜ਼ਰਾ ਸੋਚੋ ਜਦ ਇਹ ਘਰਾਂ ਨੂੰ ਵਾਪਸ ਜਾਣਗੇ
ਤਾਂ ਪੂਰੇ ਜੀਵਨ ਲਈ ਕਿੰਨੀਆਂ ਬਾਹਵਾਂ ਨਾਲ ਲੈਕੇ ਜਾਣਗੇ। ਇਨਾਮ ਜਿੱਤੇ ਤਾਂ
ਯਾਦ ਰਹਿਣਗੇ ਜਾਂ ਨਹੀਂ, ਪਰ ਦੋਸਤੀ ਦੀਆਂ ਪਈਆਂ ਗੰਢਾਂ 2016 ਦੇ ਸਿਆਲ ਨੂੰ
ਹਮੇਸ਼ਾਂ ਹੀ ਗਰਮਾਉਂਦੀਆਂ ਰਹਿਣਗੀਆਂ (15/01/2016) |
|
ਨਹੀਂ ਆਏ ਪ੍ਰਵਾਸੀ ਪੰਛੀ |
ਆਲੇ ਦੁਆਲੇ ਕੁਦਰਤੀ ਵਰਤਾਰਿਆਂ ਉੱਤੇ ਨਜ਼ਰ
ਰੱਖਣ ਦੀ ਆਦਤ ਕਰਕੇ , ਸਰਦੀਆਂ ਦੇ ਸ਼ੁਰੂ ਵਿਚ ਪ੍ਰਵਾਸੀ ਪੰਛੀਆਂ ਦੇ ਆਉਣ ਦੀ
ਉਡੀਕ ਰਹਿੰਦੀ ਹੈ। ਇਸ ਵਾਰ ਸਰਦੀ ਦਾ ਅੰਤ ਆ ਚੱਲਿਆ ਹੈ, ਪਰ ਕਈ ਪੰਛੀਆਂ ਦੀਆਂ
ਕੁਦਰਤੀ ਰੱਖਾਂ ਜਾਂ ਟਿਕਾਣਿਆਂ ਤੇ ਜਾਣ ਦੇ ਬਾਵਜੂਦ, ਪੰਛੀਆ ਨਾਲ ਰੂਹ ਭਰਵੀਂ
ਮੁਲਾਕਾਤ ਨਹੀਂ ਹੋ ਸਕੀ। ਇਸਦਾ ਮੂਲ ਕਾਰਣ ਸਰਦੀ ਦਾ ਪੂਰੇ ਜਲੌਅ ਵਿਚ ਨਾ ਪੈਣਾ
ਹੈ। ਇਹ ਕਾਫੀ ਨੁਕਸਾਨਦਾਇਕ ਸਿੱਧ ਹੋਵੇਗੀ, ਮੀਂਹ ਵੀ ਘੱਟ ਪਏ ਹਨ, ਬਰਫ ਵੀ ਘਟ
ਪਈ ਹੈ। ਇਸ ਨਾਲ ਫਸਲਾਂ ਅਤੇ ਫਲਾਂ ਦਾ ਝਾੜ ਘਟੇਗਾ। ਖਾਸ ਕਰਕੇ ਫਲਾਂ ਵਾਲੇ
ਪੌਦਿਆਂ ਦਾ ਸਰਦੀ ਰੁੱਤੇ ਸੌਣਾ ਬਹੁਤ ਲਾਭਦਾਇਕ ਹੁੰਦਾ ਹੈ। ਹਵਾ ਦੇ ਦਬਾਅ ਦਾ
ਇਕੋ ਜਿਹਾ ਰਹਿਣਾ ਵੀ ਪੰਛੀਆ ਦਾ ਰੁੱਖ ਬਦਲ ਦੇਂਦਾ ਹੈ। ਹਵਾ ਦਾ ਘੱਟਦਾ ਵੱਧਦਾ
ਦਬਾਅ, ਪੰਛੀਆਂ ਦੀ ਉੱਡਣ ਸ਼ਕਤੀ ਵਿਚ ਮਦਦ ਕਰਦਾ ਹੈ। ਮੀਂਹ ਦਾ ਨਾ ਪੈਣਾ
ਬਿਮਾਰੀ ਵੱਧ ਪੈਦਾ ਕਰਦਾ ਹੈ। ਸੁੱਕਾ ਮੌਸਮ ਸਾਹ ਦੀਆਂ ਤੇ ਗੱਲੇ ਦੀਆਂ
ਬਿਮਾਰੀਆਂ ਲਈ ਅਨੁਕੂਲ ਹੋ ਜਾਂਦਾ ਹੈ। ਪਰ ਇਹ ਸਭ ਕੁਦਰਤ ਦੇ ਹੀ ਹੱਥ ਵੱਸ ਹੈ।
ਅਸੀਂ ਤਾਂ ਦੁਆ ਹੀ ਕਰ ਸਕਦੇ ਹਾਂ ਕੇ ਮੌਸਮ ਸਹੀ ਹੋਵੇ ਤੇ ਅਸੀਂ ਆਪਣੇ ਮਿੱਤਰ
ਪੰਛੀਆਂ ਨੂੰ ਮਿਲ ਸਕੀਏ । (10/01/16) |
|
ਯਾਤਰਾ ਅੰਕਲ ਜੀ ਨਾਲ |
ਵੈਸੇ ਤਾਂ ਪੂਰੀ ਗੱਲ ਕਰਨੀ ਇਕ ਲੰਮਾ
ਬਿਰਤਾਂਤ ਮੰਗਦਾ ਹੈ, ਪਰ ਹੁਣ ਸਿਰਫ ਇਕ ਗੱਲ ਹੀ ਕਰਨੀ ਹੈ, ਸ਼ਹਿਰ ਸਿਆਟਲ
(ਅਮਰੀਕਾ) ਤੋਂ ਅਸੀਂ ਕਾਫੀ ਦੂਰ ਨਿਕਲ ਆਏ ਸੀ, ਅੰਕਲ ਜੀ ਜੋ 80 ਸਾਲ ਦੇ ਕਰੀਬ
ਹਨ, ਕਾਰ ਚਲਾ ਰਹੇ ਸਨ। ਇਕ ਰੋਡ ਸਟਾਪ ਤੇ ਆਕੇ ਰੁੱਕ ਗਏ। ਉਥੇ ਇਕ ਖਾਣ ਪੀਣ
ਵਾਲੀ ਦੁਕਾਨ ਤੇ ਅਸੀਂ ਅੰਦਰ ਚਲੇ ਗਏ, ਮੈਂ ਫੋਟੋਆਂ ਖਿੱਚਣ ਬਾਹਰ ਚਲੇ ਗਿਆ ਤੇ
ਅੰਕਲ ਜੀ ਅੰਦਰ ਬਾਥਰੂਮ ਵਿਚ ਚਲੇ ਗਏ। ਉਹਨਾਂ ਨੇ ਕਾਫੀ ਦੇਰ ਲਾ ਦਿੱਤੀ, ਜਦੋਂ
ਮੈ ਅੰਦਰ ਵੜਿਆ ਤਾਂ ਦੁਕਾਨ ਦਾ ਮੈਨੇਜਰ ਹੱਕਾ ਬੱਕਾ ਜਿਹਾ ਹੋਇਆ ਸੌਰੀ ਸੌਰੀ
ਕਰ ਰਿਹਾ ਸੀ। ਮੈਨੂੰ ਕੁਝ ਸਮਝ ਨਾ ਲੱਗਾ ਤੇ ਮੈਂ ਗੱਲ ਨੂੰ ਬਾਹਲਾ ਗੌਲਿਆ ਵੀ
ਨਾ। ਸ਼ਾਮ ਜਿਹੇ ਨੂੰ ਇਹੋ ਜਿਹਾ ਹੀ ਫੇਰ ਵਾਪਰ ਗਿਆ, ਮੈਨੂੰ ਇਹ ਨਹੀਂ ਸੀ ਪਤਾ
ਕਿ ਅੰਕਲ ਜੀ ਤੋਂ ਦੁਕਾਨ ਦਾ ਮੈਨੇਜਰ ਮਾਫੀ ਕਿਓਂ ਮੰਗੀ ਜਾਂਦਾ ਹੈ। ਪਰ ਮੈਂ
ਕਿਸੇ ਲਫੜੇ ਨਹੀਂ ਸੀ ਪੈਦਾ ਚਾਹੁੰਦਾ, ਇਸ ਲਈ ਚੁੱਪ ਰਿਹਾ। ਅਗਲੇ ਦਿਨ ਮੈਂ
ਸੋਚਿਆ ਕਿ ਦੇਖੋ ਅੱਜ ਕੀ ਹੁੰਦਾ ਹੈ। ਮੈਂ ਦੁਕਾਨ ਦੇ ਅੰਦਰ ਹੀ ਰਿਹਾ। ਅੰਕਲ
ਜੀ ਬਾਥਰੂਮ ਵਿਚ ਫੇਰ ਕਾਫੀ ਸਮਾਂ ਲਾਕੇ ਆਏ। ਬਾਹਰ ਆਉਂਦੇ ਹੀ ਉਹਨਾਂ ਨੇ
ਮੈਨੇਜਰ ਨੂੰ ਸੱਦਿਆ ਤੇ ਬੋਲੋ, ' ਮਿਸਟਰ ਤੁਹਾਡਾ ਬਾਥਰੂਮ ਬਹੁਤ ਗੰਦਾ ਸੀ,
ਮੈਂ ਹੁਣ ਇਸ ਨੂੰ ਸਾਫ ਕਰ ਦਿੱਤਾ ਹੈ, ਅੱਗੇ ਤੋਂ ਖਿਆਲ ਰੱਖਣਾ । ' ਮੈਨੇਜਰ
ਵਿਚਾਰਾ ਸੌਰੀ ਸੌਰੀ ਕਰ ਰਿਹਾ ਸੀ। ਰਸਤੇ ਵਿਚ ਮੈਂ ਅੰਕਲ ਜੀ ਨੂੰ ਕਿਹਾ ਕਿ, '
ਬਾਥਰੂਮ ਸਾਫ ਕਰਨ ਦੀ ਕੀ ਜ਼ਰੂਰਤ ਸੀ, ਵੈਸੇ ਹੀ ਮੈਨੇਜਰ ਨੂੰ ਕਹਿ ਦੇਂਦੇ।' '
ਨਹੀਂ ਪੁੱਤਰਾ, ਕਿਸੇ ਨੂੰ ਕੁਝ ਕਹਿਣ ਤੋਂ ਪਹਿਲੋਂ ਕਰ ਕੇ ਦਿਖਾਓ, ਫੇਰ ਅਸਰ
ਪੂਰਾ ਹੁੰਦਾ ਹੈ। ਹੁਣ ਭਾਂਵੇ ਵਾਪਸੀ ਤੇ ਆਕੇ ਵੇਖ ਲਈਂ , ਇੱਥੇ ਪੂਰੀ ਸਫਾਈ
ਹੋਊ, ਆਖਰ ਸ਼ਰਮ ਵੀ ਤਾਂ ਕੋਈ ਤਾਕਤ ਹੁੰਦੀ ਹੈ। ' ਮੈਂ ਨਿਰਉੱਤਰ ਹੋਕੇ ਬਾਕੀ
ਦਾ ਸਫਰ ਉਹਨਾਂ ਨਾਲ ਕਰਦਾ ਰਿਹਾ। (24/12/15) |
|
ਟਾਇਰਾਂ ਨੂੰ ਨਵੀਂ ਜੂਨੇ ਪਾਓ ਜੀ |
ਹਜ਼ਾਰਾਂ ਮੀਲਾਂ ਦਾ ਸਾਥੀ, ਕੱਚੀਆਂ ਪੱਕੀਆਂ
ਰਾਹਾਂ ਦਾ ਸਾਥੀ, ਮੀਂਹ ਹਨ੍ਹੇਰੀ ਝੱਖੜਾਂ ਦਾ ਸਾਥੀ, ਟੁੱਟੀਆਂ ਫੁੱਟੀਆਂ
ਸੜਕਾਂ ਦਾ ਸਾਥੀ, ਜਦੋਂ ਥੱਕ ਕੇ, ਘੱਸ ਜਾਂਦਾ ਹੈ ਤਾਂ ਮਨੁੱਖ ਉਸ ਤੋਂ ਖਹਿੜਾ
ਛੁੱਡਵਾ ਲੈਂਦਾ ਹੈ। ਕਦੇ ਉਹ ਕਿਸੇ ਛੱਤ ਤੇ ਜਾਂ ਕੋਠੜੀ ਵਿਚ ਸੁੱਟ ਦਿੱਤਾ
ਜਾਂਦਾ ਹੈ ਜਾਂ ਫੇਰ ਸਰਦੀਆਂ ਦੀ ਕਿਸੇ ਸਵੇਰ ਠੰਡ ਨੂੰ ਦੂਰ ਕਰਨ ਲਈ ਜਾਲ਼
ਦਿੱਤਾ ਜਾਂਦਾ ਹੈ। ਕਿਸੇ ਕਿਸੇ ਦੀਆਂ ਗੁੱਡੀਆਂ ਦੁਬਾਰਾ ਕੱਢ ਕੇ , ਰੇਹੜੇ ਜਾਂ
ਗੱਡੇ ਨੂੰ ਲਾ ਫੇਰ ਸਫਰ ਤੇ ਤੋਰ ਦਿੱਤਾ ਜਾਂਦਾ ਹੈ। ਜਾਂ ਫੇਰ ਤੇਲ ਦੀਆਂ
ਭੱਠੀਆਂ ਵਿਚ ਤੇਲ ਬਣਾ, ਕਾਲਾ ਧੂੰਆਂ ਪੈਦਾ ਕਰਨ ਲਾ ਦਿੱਤਾ ਜਾਂਦਾ ਹੈ। ਇਹੋ
ਪੁਰਾਣੇ ਟਾਇਰਾਂ ਦੀ ਹੋਣੀ ਹੁੰਦੀ ਹੈ ਅਕਸਰ। ਪਰ ਕਈ ਵਾਰੀ ਐਸੇ ਲੋਕ ਵੀ ਪੈਦਾ
ਹੋ ਜਾਂਦੇ ਹਨ ਜੋ ਇਸ ਫਾਲਤੂ ਚੀਜ਼ ਦਾ ਉਪਯੋਗ, ਖੁਸ਼ੀ ਲੈਣ ਜਾਂ ਵੰਡਣ ਲਈ ਕਰ
ਲੈਂਦੇ ਹਨ। ਲੁਧਿਆਣੇ ਦੇ ਇਕ ਟਾਇਰਾਂ ਦੇ ਵਪਾਰੀ ਬਿਕਰਮਜੀਤ (ਛੋਟਾ ਨੇਕ ਚੰਦ)
ਨੇ, ਪੁਰਾਣੇ ਟਾਇਰਾਂ ਨੂੰ ਖੂਬਸੂਰਤ ਢੰਗ ਨਾਲ ਕੱਟ ਕੇ ਵਿਚ ਮਿੱਟੀ ਪਾ ਕੇ
ਫੁੱਲ ਬੂਟੇ ਲਗਾ ਦਿੱਤੇ ਹਨ। ਖਾਲੀ ਪਈਆਂ ਥਾਵਾਂ ਤੇ ਇਹਨਾਂ ਨੂੰ ਗਮਲਿਆਂ ਵਾਂਗ
ਰੰਗ ਕਰਕੇ ਸਜਾ ਦਿੱਤਾ ਹੈ। ਅਸੀਂ ਵੀ ਘਰਾਂ ਵਿਚ, ਕਾਰਾਂ, ਸਕੂਟਰਾਂ ਜਾਂ
ਟਰੈਕਟਰਾਂ ਦੇ ਪੁਰਾਣੇ ਟਾਇਰਾਂ ਦੇ ਗਮਲੇ ਬਣਾ ਸਕਦੇ ਹਾਂ, ਵੱਡੇ
ਟਾਇਰਾਂ(ਟਰੈਕਟਰ ਆਦਿ) ਦਾ ਸਾਂਝਾ ਕੂੜੇ ਦਾਨ ਵੀ ਬਣਾਇਆ ਜਾ ਸਕਦਾ ਹੈ। ਸਭ ਤੋਂ
ਵੱਡੀ ਗੱਲ ਇਹ ਥੱਲਿਓਂ ਲੀਕ ਨਹੀਂ ਕਰਦਾ, ਕਿਉਂਕਿ ਰੱਬੜ ਆਪੇ ਹੀ ਥੱਲੇ ਸੀਲ ਦਾ
ਕੰਮ ਕਰਦੀ ਹੈ। ਇਨਾਂ ਟਾਇਰਾਂ ਨੂੰ ਅੱਧੇ ਦੱਬ ਕੇ ਕੀਲੇ ਦਾ ਕੰਮ ਤਾਂ ਪਹਿਲੋਂ
ਹੀ ਲੋਕ ਲੇ਼ਦੇ ਹਨ। ਹੁਣ ਤਾ ਬਸ ਆਪਣੇ ਆਲੇ ਦੁਆਲੇ ਜਾਂ ਪਿੰਡ ਦੇ ਰਾਹਾਂ ਦੇ
ਨਾਲ ਖੂਬਸੂਰਤੀ ਵਧਾਓ। (17/12/15) |
|
ਖੁਸ਼ਬੂ ਬਗੀਚੀ ਦੀ |
ਅੱਜ ਕਲ ਮੌਸਮੀ ਫੁੱਲਾਂ ਦਾ ਸਮਾਂ ਹੈ। ਹਰ
ਪਾਸੇ ਫੁੱਲ ਖਿੜ ਰਹੇ ਹਨ ਜਾਂ ਪਨੀਰੀਆਂ ਲਗਾਈਆਂ ਜਾ ਰਹੀਆਂ ਹਨ। ਗੁੱਲਦੋਦੀ,
ਗੁਲਾਬ, ਡੇਲੀਆ, ਸਤਵਰਗ, ਗੇਂਦਾ, ਬਰਬੀਨਾ ਆਦਿ ਸੈਂਕੜੇ ਕਿਸਮ ਦੇ ਫੁੱਲਾਂ ਨੂੰ
ਲੋਕੀ ਘਰਾਂ ਜਾਂ ਬਗੀਚੀ ਵਿਚ ਲਗਾਉਣਾ ਚਾਹੁੰਦੇ ਹਨ। ਇਹਨਾਂ ਫੁੱਲਾਂ ਤੋਂ ਉਹ
ਕੋਈ ਅਗਿਆਤ ਖ਼ੁਸ਼ੀ ਪ੍ਰਾਪਤ ਕਰਨਾ ਲੋਚਦੇ ਹਨ। ਪਰ ਇਹ ਸੌ ਪਾਪੜ ਵੇਲਦੇ ਲੋਕ
ਕਿੰਨੇ ਅਣਜਾਣ ਹਨ, ਉਹਨਾਂ ਫੁੱਲਾਂ ਤੋਂ, ਜੋ ਘਰ ਦੀ ਬਗੀਚੀ ਦਾ ਅਛੋਪਲੇ ਜਿਹੇ
ਹੀ ਸ਼ਿੰਗਾਰ ਬਣ ਜਾਂਦੇ ਹਨ। ਇਹਨਾਂ ਗਰੀਬੜੇ ਫੁੱਲਾਂ ਨੂੰ ਅਸੀਂ ਗ਼ੋਲਦੇ ਹੀ
ਨਹੀਂ। ਇਹਨਾਂ ਪੌਦਿਆਂ ਦੇ ਬਾਕੀ ਗੁਣ ਸਾਡੇ ਤੇ ਭਾਰੂ ਹੋ ਜਾਂਦੇ ਹਨ ਤੇ ਅਸੀਂ
ਫੁੱਲਾਂ ਦੀ ਖ਼ੂਬਸੂਰਤੀ ਨੂੰ ਦੇਖਣ ਵਾਲੀ ਅੱਖ ਨੂੰ ਬੰਦ ਕਰਕੇ ਕੋਲੋਂ ਦੀ ਲੰਘ
ਜਾਦੇ ਹਾਂ। ਜਿਵੇਂ ਇਹ ਧਨੀਏ ਦਾ ਬਹੁ ਪਰਤੀ ਤੇ ਸੂਖਮ ਰੰਗਾਂ ਵਾਲਾ ਫੁੱਲ ਹੈ।
ਭਾਂਵੇਂ ਕਿ ਧਨੀਏ ਦੇ ਦਰਜਨਾਂ ਗੁਣ ਹਨ, ਜਿਵੇਂ, ਮਿਹਦੇ ਲਈ, ਸਿਰਦਰਦ, ਨਕਸੀਰ
ਫੁੱਟਣਾ, ਪਿਸ਼ਾਬ ਦੀ ਜਲਨ, ਗੰਜਾਪਨ, ਬਵਾਸੀਰ, ਉਲਟੀਆਂ, ਗੈਸ ਆਦਿ ਲਈ ਦਵਾਈ
ਵਾਜੋਂ ਵਰਤੇ ਜਾਣਾ। ਪਰ ਜੋ ਗੁਣਕਾਰੀ ਖ਼ੁਸ਼ਬੂ ਅਤੇ ਖ਼ੂਬਸੂਰਤੀ ਦਾ ਸੁਮੇਲ ਇਹ
ਫੁੱਲ ਹੈ, ਅਗਰ ਘਰ ਦੀ ਬਗੀਚੀ ਵਿਚ ਵਿਉਂਤਬੰਦੀ ਨਾਲ ਲਾਇਆ ਜਾਵੇ ਤਾਂ ਖਰਚਾ ਵੀ
ਬੱਚ ਸਕਦਾ ਹੈ ਤੇ ਘਰ ਦੀ ਲੋੜ ਲਈ, ਹਰਾ ਧਨੀਆ ਸਬਜ਼ੀ ਵਿਚ ਤੇ ਪੱਕਾ ਧਨੀਆ
ਮਸਾਲੇ ਵਿਚ, ਮੁਫ਼ਤੋ ਮੁਫ਼ਤ ਪਾਓ । (10/12/15) |
|
ਰੁੱਤਾਂ ਉਦਾਸ ਨਹੀਂ |
ਕੁਦਰਤ ਦੀਆਂ ਬਣਾਈਆਂ ਚਾਰੇ ਰੁੱਤਾਂ ਦੇ ਆਪੋ
ਆਪਣੇ ਰੰਗ ਤੇ ਢੰਗ ਨੇ। ਸਾਰੀ ਕਾਇਨਾਤ ਸਮੇਂ ਨਾਲ ਆਪਣੇ ਆਪ, ਆਪੇ ਨੂੰ ਵੱਖੋ
ਵੱਖਰੇ ਰੂਪਾਂ ਤੇ ਆਕਾਰਾਂ ਵਿਚ ਢਾਲਦੀ ਰਹਿੰਦੀ ਹੈ। ਕੋਈ ਪੰਛੀ, ਕੋਈ ਰੁੱਖ,
ਕੋਈ ਫੁੱਲ, ਕੋਈ ਕੀੜਾ ਮਕੌੜਾ ਜਾਂ ਪਾਣੀ ਕਿਸੇ ਨੂੰ ਨਹੀਂ ਪੁੱਛਦਾ ਕੇ ਹੁਣ ਕੀ
ਕਰਨਾ ਹੈ ? ਅੱਗੇ ਕੀ ਕਾਰਜ ਹੈ ? ਸਭ ਸਿਖੇ ਸਿਖਾਏ ਆਪਣਾ ਕਾਰਜ ਕਰੀ ਜਾਂਦੇ
ਹਨ, ਜਿੱਥੇ ਲੋੜ ਹੋਵੇ, ਆਪੇ ਇਕ ਦੂਜੇ ਦੀ ਮਦਦ ਕਰੀ ਜਾਂਦੇ ਹਨ। ਕੋਈ ਗੁੱਸਾ
ਗਿੱਲਾ ਨਹੀਂ, ਕੋਈ ਸ਼ਰਮ ਨਹੀਂ, ਕੋਈ ਬੇਇਜ਼ਤੀ ਨਹੀਂ। ਸਭ ਇਕ ਲੋੜ ਦੀ ਉਪਜ ਵਾਂਗ
ਜੀਵਨ ਚੱਕਰ ਵਿਚ ਹਨ। ਇਹ ਮਨੁੱਖ ਹੀ ਹੈ ਜੋ ਕੁਦਰਤ ਦੇ ਗੇੜ ਨੂੰ ਟਿੱਕਿਆ ਨਹੀਂ
ਰਹਿਣ ਦੇਂਦਾ। ਆਪੇ ਸਿਰਜਣ ਦੀ ਕੋਸ਼ਿਸ਼ ਕਰੀ ਜਾਂਦਾ ਹੈ ਤੇ ਆਪੇ ਹੀ ਫੇਲ ਪਾਸ ਦੇ
ਸਿਰਨਾਵੇਂ ਲਿਖਾਈ ਜਾਂਦਾ ਹੈ। ਉਸਨੂੰ ਪਤਾ ਵੀ ਹੈ ਕਿ ਸਭ ਕੁਝ ਛਲਾਵਾ ਹੈ, ਫੇਰ
ਵੀ ਕੁਦਰਤ ਨਾਲ ਛੇੜ ਛਾੜ ਕਰਨੋਂ ਨਹੀਂ ਹੱਟਦਾ, ਜਦੋਂ ਭੁਗਤਣਾ ਪੈਂਦਾ ਹੈ, ਫੇਰ
ਲੇਰਾਂ ਮਾਰਦਾ ਹੈ, ਖਰੂਦ ਪਾਉਂਦਾ ਹੈ ਤੇ ਦੂਸਰਿਆਂ ਦਾ ਜੀਣਾ ਮੁਸ਼ਕਲ ਕਰਦਾ ਹੈ।
ਅੱਜ ਕੱਲ ਪੱਤਝੜ ਦੀ ਐਨੀ ਖੂਬਸੂਰਤੀ ਹੈ ਬਾਹਰ ਖੇਤਾਂ ਵਿਚ, ਧੁੰਦ ਵਿਚੋਂ ਨਮੀਂ
ਨਾਲ ਰੱਲ ਕੇ ਰੁੱਖਾਂ ਦੀ ਖੁਸ਼ਬੂ ਮਾਨਣ ਦਾ ਸਮਾਂ ਹੈ। ਬਾਹਰ ਨਿਕਲ ਕੇ ਤਾਂ
ਵੇਖੋ, ਸਭ ਦੁੱਖ ਦੂਰ ਹੋ ਜਾਣਗੇ। ਮਨਾਂ ਚੋਂ ਨਫਰਤ ਦੇ ਬੱਦਲ ਉੱਡ ਜਾਣਗੇ ਤੇ
ਜੀਵਨ ਦਾ ਆਨੰਦ ਆਉਣ ਲੱਗ ਪਵੇਗਾ। (04/12/15) |
|
ਜੇ ਜੱਟ ਵਪਾਰੀ ਬਣ ਜੇ ! |
ਆਮ ਤੌਰ ਤੇ ਪਿੰਡਾਂ ਵਿਚ ਲੋਕ ਖੇਤੀ ਦਾ ਕੰਮ
ਕੁੱਲਵਕਤੀ ਕਰਦੇ ਹਨ, ਸਾਲ ਵਿਚ ਮੁੱਖ ਤੌਰ ਤੇ ਚਾਰ ਮਹੀਨੇ ਹੀ ਕੰਮ ਹੁੰਦਾ ਹੈ,
ਬਾਕੀ ਦਾ ਸਮਾਂ ਟੁੱਟਵੇਂ ਕੰਮ ਹੀ ਹੁੰਦੇ ਹਨ। ਫਸਲ ਦੀ ਬਿਜਾਈ ਤੋਂ ਫਸਲ ਵੇਚਣ
ਤਕ ਤਕਰੀਬਨ 2 ਮਹੀਨੇ ਤਾਂ ਸਮਾਂ ਆਰਾਮ ਨਾਲ ਕੱਢਿਆ ਜਾ ਸਕਦਾ ਹੇ। ਅਕਸਰ ਸਾਡੇ
ਪੇਂਡੂੰ ਇਹ ਸਮਾਂ ਮੌਜ ਮੇਲਾ, ਸਿਆਸੀ ਗੱਲਾਂ ਜਾਂ ਫਿਰ ਤੁਰ ਕੇ ਬਤੀਤ ਕਰ
ਦੇਂਦੇ ਹਨ। ਇਸੇ ਲਈ ਜਿਹੜਾ ਪੈਸਾ ਫਸਲ ਚੋਂ ਮਿਲਿਆ ਹੁੰਦਾ ਹੈ, ਉਹ ਅਗਲੀ ਆਮਦਨ
ਆਉਣ ਤੋਂ ਕਾਫੀ ਪਹਿਲਾਂ ਹੀ ਮੁੱਕ ਜਾਂਦਾ ਹੈ। ਸਿਆਣੇ ਲੋਕ ਇਸ ਸਮੇਂ ਦਾ ਫਾਇਦਾ
ਉਠਾ ਲੈਂਦੇ ਹਨ। ਹਰ ਪਿੰਡ ਦੇ ਲਾਗੇ ਕੋਈ ਨਾ ਕੋਈ ਐਹੋ ਜਿਹੀ ਥਾਂ ਹੁੰਦੀ ਹੈ
ਜਿੱਥੇ ਛੋਟੀਆਂ ਛੋਟੀਆਂ ਪੇਂਡੂ ਵਸਤਾਂ ਰਾਹਗੀਰਾਂ ਨੂੰ ਸਹੀ ਭਾਅ ਉੱਤੇ ਵੇਚੀਆਂ
ਜਾ ਸਕਦੀਆਂ ਹਨ, ਜਿਵੇਂ ਘਰ ਦਾ ਸ਼ਹਿਦ, ਕਢਾਈ ਵਾਲੇ ਕਪੜੇ, ਤਾਜ਼ਾ ਸਬਜ਼ੀਆਂ, ਘਰ
ਦੇ ਮਸਾਲੇ, ਜਾਂ ਹੋਰ ਪੇਂਡੂੰ ਵਸਤਾਂ। ਇਹਨਾਂ ਤੋਂ ਰੋਜ਼ਾਨਾ ਅਮਦਨ ਹੋ ਸਕਦੀ
ਹੈ। ਜੇ ਹੋਰ ਕੁਝ ਨਹੀਂ ਤਾਂ, ਵਧੀਆ ਚੌਲ ਕਢਵਾ ਕੇ ਥੋੜੇ ਥੋੜੇ ਵੇਚੇ ਜਾ ਸਕਦੇ
ਹਨ। ਆਰਗੈਨਿਕ ਕਣਕ ਦਾ ਆਟਾ ਵੀ ਵੇਚਿਆ ਜਾ ਸਕਦਾ ਹੈ। ਮੁਰਗੀ
ਫਾਰਮ ਦੇ ਅੰਡੇ ਵੀ ਵੇਚੇ ਜਾ ਸਕਦੇ ਹਨ। ਲੋਕ ਇਹ ਸਭ ਲੈਣਾ ਪਸੰਦ ਕਰਨਗੇ,
ਕਿਉਂਕਿ, ਲੋਕਾਂ ਅਨੁਸਾਰ ਪੇਂਡੂ ਲੋਕ ਹੇਰਾ ਫੇਰੀ ਨਹੀਂ ਕਰਦੇ ਤੇ ਲਾਭ ਵੀ
ਬੇਹਿਸਾਬਾ ਨਹੀਂ ਲੈਣਾ ਚਾਹੁੰਦੇ। ਚੰਗੀ ਗੱਲ ਇਹ ਹੋਵੇਗੀ ਕਿ, ਘਰ ਦੇ ਬਜ਼ੁਰਗਾਂ
ਤੋਂ ਵੀ ਇਹ ਸੇਵਾ ਲਈ ਜਾ ਸਕਦੀ ਹੈ, ਇਕ ਤਾਂ ਉਹਨਾਂ ਦਾ ਟਾਇਮ ਪਾਸ ਹੋ
ਜਾਵੇਗਾ, ਦੂਜਾ ਪੈਸੇ ਦੀ ਸਹੀ ਸੰਭਾਲ ਹੋ ਜਾਵੇਗੀ। ਸਮੇਂ ਨਾਲ ਤਜਰਬਾ ਹਾਸਿਲ
ਹੋਣ ਤੋਂ ਬਾਅਦ, ਇਸ ਕੰਮ ਨੂੰ ਵਧਾਇਆ ਵੀ ਜਾ ਸਕਦਾ ਹੈ। (04/12/15) |
|
ਪਰਾਲੀ ਦੀ ਕਲਾਕਾਰੀ |
ਝੋਨੇ ਦੀ ਪਰਾਲੀ ਇਕ ਬਹੁਤ ਵੱਡੀ ਸਮੱਸਿਆ
ਹੈ। ਇਸਨੂੰ ਸਾੜਨ ਨਾਲ ਧਰਤੀ ਕੇ ਗੁਣਕਾਰੀ ਤੱਤ ਸੇਕੇ ਜਾਂਦੇ ਹਨ ਤੇ ਜੇਕਰ
ਦੁਧਾਰੂ ਪਸ਼ੂਆਂ ਨੂੰ ਖਵਾਈ ਜਾਵੇ ਤਾਂ ਪਸ਼ੂ ਦੀ ਉਮਰ ਘੱਟਦੀ ਹੈ। ਜੇਕਰ ਸਟੋਰ
ਕੀਤੀ ਜਾਵੇ ਤਾਂ ਇਸ ਵਿਚਲੇ ਸਿਲਕਾ ਤੱਤ ਦਾ ਸੇਕ ਵੱਧਣ ਨਾਲ, ਇਸਨੂੰ ਆਪੇ ਅੱਗ
ਲੱਗ ਜਾਂਦੀ ਹੈ। ਗੱਤਾ ਬਨਾਉਣ ਵਾਲੀ ਬਾਹਰ ਪਈ ਪਰਾਲੀ 4 ਮਹੀਨੇ ਬਾਅਦ ਮਿੱਟੀ
ਬਣ ਜਾਂਦੀ ਹੈ ਤੇ ਵਰਤੀ ਨਹੀ਼ ਜਾ ਸਕਦੀ। ਅਸਲ ਵਿਚ ਕਿਸਾਨ ਕੋਲ ਕੋਈ ਵੀ ਸਸਤਾ
ਤੇ ਸੌਖਾ ਤਰੀਕਾ ਨਹੀਂ ਹੈ ਹਾਲੇ ਤਕ, ਇਸੇ ਲਈ ਪਰਾਲੀ ਨੂੰ ਤਰਕੀਬਨ ਹਰ ਦੇਸ਼
ਵਿਚ ਅੱਗ ਹੀ ਲਾਈ ਜਾਂਦੀ ਹੈ। ਇਸ ਵਿਚੋਂ ਸਾਡੇ ਕਲਾਕਾਰਾਂ ਨੇ ਕੁਝ ਹੱਲ ਲੱਭਿਆ
ਹੇ, ਉਹ ਹੈ ਪਰਾਲੀ ਦੇ ਬੁੱਤ ਬਨਾਉਣੇ, ਬੱਤਖਾਂ, ਸ਼ੇਰ, ਗੈਂਡੇ, ਕਾਕਰੋਚ,
ਕੀੜੇ, ਹਾਥੀ, ਘੋੜੇ ਜਾਂ ਮਨੁੱਖੀ ਜੀਵਨ ਦੀਆਂ ਝਲਕੀਆਂ। ਜਾਪਾਨ ਦੇ ਕਲਾਕਾਰਾਂ
ਦੀ ਇਸ ਸੋਚ ਨੇ ਨਾ ਸਿਰਫ ਵੱਖ ਵੱਖ ਇਲਾਕਿਆਂ ਵਿਚ ਸੁੰਦਰਤਾ ਹੀ ਵਧਾਈ ਹੈ,
ਬਲਕਿ ਰੋਜ਼ਗਾਰ ਵਿਚ ਵੀ ਵਾਧਾ ਕੀਤਾ ਹੈ। ਲੋਕ ਟਿਕਟ ਲੈਕੇ, ਆਪਣੇ ਬੱਚਿਆਂ ਨੂੰ
ਇਹ ਜਾਣਕਾਰੀ ਦਿਖਾਉਂਦੇ ਹਨ। ਸਾਡੇ ਪੇਂਡੂ ਸਕੂਲਾਂ ਵਿਚ ਵੀ ਪਰਾਲੀ ਨਾਲ ਮਾਡਲ
ਬਣਾਏ ਜਾ ਸਕਦੇ ਹਨ। ਊੜਾ ਐੜਾ ਤੋਂ ਲੈਕੇ ਇਤਿਹਾਸਕ ਇਮਾਰਤਾਂ ਤਕ। ਮੰਨਿਆ ਕੇ
ਇਹ ਕੋਈ ਵੱਡਾ ਹੱਲ ਨਹੀਂ, ਪਰ ਛੋਟੀ ਕੋਸ਼ਿਸ਼ ਕਰਨ ਵਿਚ ਹਰਜ਼ ਵੀ ਕੀ ਹੈ।
(19/11/15) |
|
ਯੁਵਕ ਮੇਲੇ ਤੇ ਪੇਂਡੂੰ ਬੱਚੇ |
ਕਾਲਜਾਂ ਜਾਂ ਯੂਨੀਵਰਸਿਟੀਆ ਦੇ ਯੁਵਕ ਮੇਲੇ
ਹਰ ਸਾਲ ਕਰਵਾਏ ਜਾਂਦੇ ਹਨ। ਦੋ ਮਹੀਨੇ ਦਾ ਸਮਾਂ ਤੇ ਲੱਖਾਂ ਰੁਪਏ ਖਰਚੇ ਜਾਂਦੇ
ਹਨ। ਮੈਂ ਵੀ ਇਹਨਾ ਮੇਲਿਆਂ ਨਾਲ ਬਹੁਤ ਸਮੇਂ ਤੋਂ ਜੁੜਿਆ ਹੋਇਆ ਹਾਂ। ਅਕਸਰ
ਵੇਖਣ ਵਿਚ ਆਉਂਦਾ ਹੇ ਕਿ ਬਹੁਤਾਤ ਵਿਚ ਇਨਾਮ ਵੱਡੇ ਸ਼ਹਿਰੀ ਕਾਲਜ ਲੈ ਜਾਦੇ ਹਨ
ਤੇ ਪੇਂਡੂ ਕਾਲਜ ਪਿੱਛੇ ਰਹਿ ਜਾਦੇ ਹਨ। ਇਸਦੇ ਕਾਰਣ ਸਪਸ਼ਟ ਹਨ। ਸ਼ਹਿਰੀ ਕਾਲਜ
ਪੇਸੇ ਖਰਚ ਕੇ ਵੱਡੇ ਵੱਡੇ ਕਲਾਕਾਰਾ ਕੋਲੋਂ ਆਇਟਮਾਂ ਤਿਆਰ ਕਰਵਾਉਂਦੇ ਹਨ ਤੇ
ਬੱਚੇ ਵਿਚਾਰੇ ਤੇ ਇਕ ਮੋਹਰੇ ਵਾਂਗ ਹੀ ਵਰਤੇ ਜਾਂਦੇ ਹਨ। ਦੁਸਰੇ ਪਾਸੇ ਪੇਂਡੂੰ
ਕਾਲਜਾਂ ਦੇ ਬੱਚੇ ਆਪਣੇ ਦਮ ਤੇ ਹੀ ਭਾਗ ਲੈੱਦੇ ਹਨ । ਜੇ ਸੋਚਿਆ ਜਾਵੇ ਤਾਂ
ਮੇਲੇ ਦਾ ਮਕਸਦ ਬੱਚੇ ਵਿਚਲੀ ਕੁਦਰਤੀ ਖੂਬੀ/ਕਲਾ ਨੂੰ ਪਛਾਨਣਾ ਹੁੰਦਾ ਹੈ, ਪਰ
ਮਸ਼ਹੂਰੀ ਦੀ ਦੌੜ ਵਿਚ ਕਾਲਜਾਂ ਵਾਲੇ, ਉਸ ਕਲਾ ਨੂੰ ਦੁਜੇ ਦਰਜੇ ਤੇ ਖੜਾ ਕਰ
ਦੇਂਦੇ ਹਨ। ਲੋੜ ਹੈ ਕਿ ਯੁਨੀਵਰਸਿਟੀਆਂ, ਐਹੋ ਜਿਹੇ ਮਾਪ ਦੰਢ ਅਪਣਾਉਣ ਕਿ
ਕੁਦਰਤੀ ਕਲਾ ਦੇ ਚਸ਼ਮੇ ਫੁੱਟਣ। ਇਹ ਸਮਾਜ ਲਈ ਵੀ ਤੇ ਜਾਤੀ ਤੋਰ ਤੇ ਬੱਚੇ ਲਈ
ਵੀ ਲਾਹੇਵੰਦ ਰਹੇਗਾ। ਲੱਖਾਂ ਰੁਪਿਆ ਜੋ ਬਚ ਜਾਵੇਗਾ, ਗਰੀਬ ਬੱਚਿਆਂ ਦੀਆਂ
ਫੀਸਾਂ ਮਾਫ ਕਰਨ ਦੇ ਕੰਮ ਆ ਸਕੇਗਾ। ਵੈਸੇ ਜੋ ਪੇਂਡੂੱ ਕਲਾਵਾਂ ਤੇ ਉਹਨਾਂ ਦੀ
ਸੂਝ ਪਿੰਡਾਂ ਦੇ ਵਿਦਿਆਥੀਆ ਕੋਲ ਹੁੰਦੀ, ਉਹ ਅਗਰ ਪਕੜੀ ਜਾਵੇ ਤਾਂ ਕਮਾਲ ਦੇ
ਨਤੀਜੇ ਨਿਕਲ ਸਕਦੇ ਹਨ। (04/11/15) |
|
ਅੰਬਰ ਚੋਵੇ, ਕੋਣ ਬਚਾਵੇ |
ਖੇਤੀ ਇਕੋ ਇਕ ਅਜਿਹਾ ਧੰਧਾ ਹੈ ਜਿਸਨੂੰ
ਨੀਲੀ ਛੱਤਰੀ ਵਾਲਾ ਹੀ ਬਚਾਉਂਦਾ ਹੈ ਜਾਂ ਡੋਬਦਾ ਹੈ। ਧਰਤੀ ਲਈ ਮੀਂਹ ਜ਼ਰੂਰੀ
ਹੈ ਪਰ ਜੇ ਇਹ ਵਕਤ ਸਿਰ ਪਵੇ। ਇਕ ਬੇਮੌਸਮੀ ਬਰਸਾਤ, ਲੱਖਾਂ ਦਾ ਨੁਕਸਾਨ ਕਰ
ਜਾਂਦੀ ਹੈ। ਉੱਤੋਂ ਸਿਤਮ ਇਹ ਕੇ ਕਿਸਾਨ ਦੀ ਬਾਂਹ ਫੜਨ ਵਾਲਾ ਕੋਈ ਨਹੀਂ। ਬੀਮਾ
ਕੰਪਨੀਆਂ, ਹਰ ਚੀਜ਼ ਜਾਂ ਕੰਮ ਦਾ ਬੀਮਾ ਕਰ ਦੇਂਦੀਆਂ ਹਨ, ਪਰ ਫਸਲ ਦਾ ਬੀਮਾ
ਕਰਨ ਤੋਂ ਟਾਲਾ ਵੱਟਦੀਆਂ ਹਨ। ਸਰਕਾਰੀ ਮੁਆਵਜ਼ਾ, ਕਿਸਾਨਾਂ ਨਾਲ ਮਜ਼ਾਕ ਦੇ ਸਮਾਨ
ਹੁੰਦਾ ਹੈ। ਪੱਕੀ, ਸੁੱਕੀ ਫਸਲ ਦਾ ਤਾਂ ਹਰ ਕੋਈ ਗਾਹਕ ਹੈ, ਪਰ ਵਸੋਂ ਬੇਵੱਸ
ਹੋਕੇ ਭਿੱਜੀ ਜਾਂ ਖਰਾਬ ਫਸਲ ਲਈ ਕਸੂਰਵਾਰ ਮਜ਼ਬੂਰ ਕਿਸਾਨ ਹੀ ਹੈ, ਲੋਕਾਂ ਦੇ
ਢਿੱਡ ਦੀ ਅੱਗ ਬੁਝਾਉਣ ਵਾਲਾ ਬੇਵੱਸ ਹੋ, ਭੁੱਖਾ ਮਰਨ ਜਾਂ ਖੁਦਕਸ਼ੀ ਲਈ ਤਿਆਰ
ਹੋ ਜਾਂਦਾ ਹੈ। ਪਤਾ ਨਹੀਂ ਕਿਉਂ ਸਾਡੇ ਦੇਸ਼ ਦੇ ਹਾਕਮ ਪਿਛਲੇ 70 ਸਾਲ ਤੋਂ,
ਬੀਮਾ ਕੰਪਨੀਆਂ ਨੂੰ ਕਾਬੂ ਨਹੀਂ ਕਰ ਸਕੇ ? ਸ਼ਾਇਦ ਇਹੀ ਕਾਰਣ ਹੈ ਕਿ ਦੇਸ਼ ਦਾ
ਕਿਸਾਨ, ਆਪਣੀ ਅਗਲੀ ਪੀੜ੍ਹੀ ਨੂੰ ਵਿਦੇਸ਼ੀ ਧੱਕਣ ਲੱਗਾ ਹੋਇਆ ਹੈ। ਉਹ ਸਮਾਂ
ਦੂਰ ਨਹੀਂ , ਜਦੋਂ ਦੇਸ਼ ਪੰਜਾਬ ਵਿਚ ਬੰਜਰ ਖੇਤ ਦਿਖਿਆ ਕਰਨਗੇ ਅਤੇ ਅਨਾਜ ਲਈ
ਦੂਸਰੇ ਦੇਸ਼ਾਂ ਵੱਲ ਦੇਖਣਾ ਪਵੇਗਾ। ਹਾਲੇ ਵੀ ਸਮਾਂ ਹੈ ਕਿ ਖੇਤੀ ਨੂੰ ਸਨਅਤ ਦਾ
ਦਰਜਾ ਦਿੱਤਾ ਜਾਵੇ ਤੇ ਸਭ ਸਹੂਲਤਾਂ ਦਿੱਤੀਆਂ ਜਾਣ
17/10/15 |
|
ਨਵੀਆਂ ਕਿਸਮਾਂ ਦਾ ਚਾਅ |
ਹਰ ਕਿਸਾਨ ਦੀ ਖ਼ਾਹਿਸ਼ ਹੁੰਦੀ ਹੈ ਕਿ ਉਸ ਕੋਲ
ਨਵੇਂ ਤੋਂ ਨਵਾਂ ਬੀਜ ਹੋਵੇ , ਜੋ ਝਾੜ ਤਾਂ ਵੱਧ ਦੇਵੇ ਹੀ। ਉਸਨੂੰ ਬੀਮਾਰੀ ਵੀ
ਘੱਟ ਲੱਗੇ, ਖਾਦ ਵੀ ਘੱਟ ਪਵੇ ਤੇ ਮੰਡੀ ਵਿਚ ਮੁੱਲ ਵੀ ਵੱਧ ਮਿਲੇ। ਇਹ ਇਕ
ਸੁਪਨਮਈ ਗੱਲ ਹੀ ਹੋ ਸਕਦੀ ਹੈ, ਕਿਸਾਨ ਦੀ ਇਹ ਸੁਪਨਮਈ ਇੱਛਾ ਹੀ ਉਸਦਾ ਘਾਣ
ਕਰਦੀ ਹੈ। ਖੋਜਾਂ ਵਾਲੇ, ਬੀਜਾਂ ਵਾਲੇ, ਦਵਾਈਆਂ ਵਾਲੇ, ਖਾਦਾਂ ਵਾਲੇ, ਤੇ
ਵੇਚਣ ਵਾਲੇ ਤਕਰੀਬਨ ਬਹੁ ਗਿਣਤੀ ਲੋਕ ਕਿਸਾਨ ਦੀ ਇਸ ਇੱਛਾ ਦਾ ਭਰਪੂਰ ਲਾਭ
ਉਠਾਉਂਦੇ ਹਨ। ਉਹ ਦਿਲ ਲੁਭਾਵਣੇ ਇਸ਼ਤਿਹਾਰ ਦੇਂਦੇ ਹਨ। ਸਬਜ਼ ਬਾਗ ਦਿਖਾਊਂਦੇ
ਹਨ। ਪਰ ਆਖਰ ਜਦ ਮਾਰ ਪੈਂਦੀ ਹੈ ਕਿਸਾਨ ਨੂੰ ਤਾਂ ਮੁੰਡੇ ਦੇਣ ਵਾਲੇ ਸਾਧ ਵਾਂਗ
ਕਿਸਾਨ ਦਾ ਹੀ ਕਸੂਰ ਕੱਢ ਦੇਂਦੇ ਹਨ। ਹੁਣ ਕਣਕ ਦੇ ਬੀਜਾਂ ਦਾ ਸਮਾਂ ਆ ਗਿਆ
ਹੈ। ਕਿਸਾਨ ਘੱਟੋ ਘੱਟ ਇਹ ਜ਼ਰੂਰ ਦੇਖ ਲੈਣ ਕਿ ਕੀ ਬੀਜ ਵਿਕਰੇਤਾ ਨੇ ਕਿੱਥੋਂ
ਬੀਜ ਲਿਆਂਦਾ ਹੈ, ਜਿਹੜਾ ਬੀਜ 200 ਮੀਲ ਦੀ ਦੂਰੀ ਤੌ ਆਵੇਗਾ, ਉਸਦਾ ਝਾੜ ਫਰਕ
ਕਰੇਗਾ। ਇਸੇ ਤਰਾਂ ਨਵੇਂ ਬੀਜ ਵਿਚ ਵੇਖ ਲਵੋ ਕਿ ਉਹ ਬੀਜ ਘੱਟੋ ਘੱਟ ਚਾਰ ਸਾਲ
ਤਕ ਟੈਸਟ ਕੀਤਾ ਹੋਇਆ ਹੋਵੇ । ਬੀਜ ਦਾ ਬਿੱਲ ਜ਼ਰੂਰ ਲਵੋ, ਨਾਲ ਦੀ ਨਾਲ ਬੀਜ
ਦੀਆਂ ਉਗਾਊਣ ਵਿਧੀਆਂ ਤੇ ਖਾਦ , ਦਵਾਈਆਂ ਸਬੰਧੀ ਲਿਖਤੀ ਜਾਣਕਾਰੀ ਵੀ ਜ਼ਰੂਰ
ਮੰਗ ਕੇ ਲਵੋ, ਬਾਅਦ ਵਿਚ ਮੁਕਰ ਜਾਣ ਦਾ ਰਾਹ ਨਾ ਛੱਡੋ। ਇਹ ਥੋੜੇ ਜਿਹੇ ਧਿਆਨ,
ਤੁਹਾਡੇ ਵੱਡੇ ਨੁਕਸਾਨ ਹੋਣ ਤੋਂ ਬਚਾਅ ਕਰ ਸਕਦੇ ਹਨ।
(24/09/15) |
|
ਅਸੀਂ ਤਾਂ ਲੁੱਟੇ ਗਏ |
ਅੱਜ ਨਰਮੇ 'ਤੇ ਚਿੱਟੇ ਮੱਛਰ ਨੇ ਉਹ ਤਬਾਹੀ
ਮਚਾਈ ਹੈ ਕਿ ਰਹੇ ਰੱਬ ਦਾ ਨਾ। ਅਬੋਹਰ ਦੇ ਇਲਾਕ ਵਿਚ ਇਹ ਕਿੰਨੂੰ ਦੀ ਫਸਲ ਤੋਂ
ਨਰਮੇ ਤੇ ਆਇਆ। ਚਿੱਟੇ ਰੰਗ ਦੇ ਇਸ ਕੀਟ ਦੀਆਂ 1550 ਕਿਸਮਾਂ ਹਨ। ਕੋਈ ਵੀ
ਦਵਾਈ ਇਸਤੇ ਅਸਰ ਕਰਨੋ ਹੱਟ ਗਈ ਹੈ। ਇਲਾਕੇ ਦੀਆਂ ਫਸਲਾਂ ਦੇਖਣ ਅਤੇ ਕਿਸਾਨਾਂ
ਨਾਲ ਗੱਲਬਾਤ ਤੋਂ ਪਤਾ ਲੱਗਾ ਹੈ ਕਿ ਕਪਾਹ ਨੂੰ ਇਹ ਨਹੀਂ ਪੈਂਦਾ ਹੈ। ਜਿਹਨਾਂ
ਨੇ ਹਰਿਆਣੇ ਤੌਂ ਬੀਟੀ ਦਾ ਬੀਜ ਲਿਆ ਹੈ, ਉਹਨਾ ਦਾ ਵੀ ਕਾਫੀ ਬਚਾਅ ਹੈ। ਪੰਜਾਬ
ਚੋਂ ਖਰੀਦੇ ਬੀਜ ਨੂੰ ਹੀ ਨੁਕਸਾਨ ਪਹੁੰਚਾਇਆ ਹੈ। ਇਹ ਜਾਣਕਾਰੀ ਕਿਸਾਨਾਂ ਦੇ
ਮਨ ਵਿਚ ਸ਼ੰਕੇ ਪੈਦਾ ਕਰਦੀ ਹੈ ਕਿ ਕਿਤੇ ਨਾ ਕਿਤੇ ਕੋਈ ਗੜਬੜੀ ਹੋਈ ਹੈ। ਸਰਕਾਰ
ਦੀ ਮੁਆਵਜ਼ੇ ਦੇ ਨਾਲ ਨਾਲ ਇਸਦੀ ਵੀ ਪੜਤਾਲ ਕਰਨੀ ਬਣਦੀ ਹੈ। ਦੂਹਰੀ ਮਾਰ ਹੈ ਕਿ
ਪਿਛਲੇ ਸਾਲ 5000 ਦਾ ਭਾਅ ਡਿੱਗ ਕੇ 3800 ਆ ਗਿਆ ਹੈ। ਆੜ੍ਹਤੀਆਂ ਨੇ ਕਿਸਾਨਾਂ
ਨੂੰ ਅਡਵਾਂਸ ਦੇਣਾ ਵੀ ਬੰਦ ਕਰ ਦਿੱਤਾ ਹੈ। ਇਸ ਹਾਲਾਤ ਦੇ ਵਿਚ ਕਿਸਾਨ ਆਪਦੇ
ਆਪ ਨੂੰ ਲੁਟਿਆ ਗਿਆ ਮਹਿਸੂਸ ਕਰ ਰਿਹਾ ਹੈ ਤੇ ਹੁਣ ਖੇਤੀ ਵਰਸਿਟੀ ਵੀ ਇਸ ਸਭ
ਕਾਸੇ ਲਈ ਕਿਸਾਨ ਨੂੰ ਹੀ ਦੋਸ਼ੀ ਕਹਿਣ ਲਗ ਪਈ ਹੈ। ਵਿਚਾਰਾ ਕਿਸਾਨ ਜਾਵੇ ਕਿੱਥੇ
? (18/09/15) |
|
|
ਮਾਲਵਾ ਹਿੱਲ ਦੇ ਯੋਗੀ |
ਪੰਜਾਬ ਵਿਚ ਹਮੇਸ਼ਾਂ ਹੀ ਯੋਗੀਆਂ ਦੀ ਭਰਮਾਰ
ਵੀ ਰਹੀ ਹੈ ਤੇ ਲੋਕਾਂ ਨੇ ਇਜ਼ਤ ਵੀ ਦਿੱਤੀ ਹੈ, ਲੋਕ ਸਮਝਦੇ ਹਨ ਕਿ ਇਹਨਾਂ ਕੋਲ
ਕਰਾਮਾਤੀ ਵਸਤੂਆਂ ਹੁੰਦੀਆਂ ਹਨ, ਜੋ ਉਹਨਾ ਦੇ ਦੁੱਖਾਂ ਨੂੰ ਦੂਰ ਕਰ ਸਕਦੀਆਂ
ਹਨ ਜਾਂ ਉਹਨਾਂ ਦੇ ਸੁਫ਼ਨੇ ਪੂਰੇ ਕਰ ਸਕਦੀਆਂ ਹਨ। ਇਹ ਕਦੇ ਸੱਚ ਹੋਇਆ ਜਾਂ
ਨਹੀਂ, ਇਹ ਕਿਸੇ ਕਦੇ ਨਹੀਂ ਦਸਿਆ। ਯੋਗ ਲੈਣ ਲਈ ਸੱਜਰੀ ਉਮਰੇ, ਪਹਾੜਾਂ ਵਿਚ
ਜਾਂ ਕਿਸੇ ਟਿੱਲੇ ਤੇ ਜਾਣਾ ਪੈਂਦਾ ਸੀ, ਇਸਨੂੰ ਗਿਆਨ ਪ੍ਰਾਪਤੀ ਕਹਿੰਦੇ ਸਨ,
ਪਰ ਸ਼ਰਤ ਇਹੋ ਹੁੰਦੀ ਸੀ ਕਿ ਵਾਪਸ ਔਣਾ ਪੈਂਦਾ ਸੀ। ਪਰ ਪਿਛਲੇ ਕਾਫੀ ਸਮੇਂ ਤੋਂ
ਪੱਕੀ ਉਮਰੇ ਲੋਕ ਵਿਦੇਸ਼ਾਂ ਵਿਚ ਯੋਗ ਲੈਣ ਜਾ ਰਹੇ ਹਨ। ਪਰਿਵਾਰਾਂ ਦੇ ਪਰਿਵਾਰ
ਪੰਜਾਬ ਛੱਡ ਤੁਰ ਗਏ ਹਨ। ਪਿੱਛੇ ਜੋ ਬਜ਼ੁਰਗ ਬੱਚ ਜਾਂਦੇ ਹਨ, ਉਹਨਾਂ ਨੂੰ
ਮਜ਼ਬੂਰੀ ਵੱਸ ਜ਼ਹਾਜ਼ਾਂ ਤੇ ਝੂਟਾ ਲੈਣਾ ਹੀ ਪੈਂਦਾ ਹੈ। ਇਹ ਇਕ ਇਹੋ ਜਿਹੀ ਸਥਿਤੀ
ਵਿਚ ਫੱਸ ਜਾਂਦੇ ਹਨ ਕਿ ਨਾ ਤਾਂ ਯੋਗ ਮਿਲਦਾ ਹੈ ਤੇ ਨਾ ਹੀ ਆਪਣੇ ਜਾਂ ਕਿਸੇ
ਹੋਰ ਦੇ ਘਰ ਵਿਚ ਅਲਖ਼ ਜਗਾਉਣ ਜੋਗੇ ਬਣਦੇ ਹਨ। ਆਖਰ ਇਹ ਸ਼ਹਿਰ ਦੀ ਕਿਸੇ ਪਾਰਕ
ਦੀ ਧੋੜੀ ਨੂੰ ਨਾਮਕਰਨ ਕਰਕੇ 'ਮਾਲਵਾ ਹਿੱਲ' ਦਾ ਨਾਮ ਦੇ ਦੇਂਦੇ ਹਨ। ਇਹਨਾਂ
ਵਿਚੋਂ ਹੀ ਕਿਸੇ ਨੇ ਆਪਣੀ ਜਾਣ ਪਹਿਚਾਣ ਕਰਾਂਉਂਦੇ ਹੋਏ ਕਿਹਾ ਸੀ, ' ਪੰਜਾਬ
ਤੋਂ ਯੋਗੀਆਂ ਵਾਂਗ ਹੀ ਆਕੜੀ ਧੌਣ ਲੈਕੇ ਆਉਂਦੇ ਹਨ ਤੇ ਧੂਣੀ ਤੇ ਬੈਠੇ ਸਾਧ
ਵਾਂਗ ਇੱਥੇ ਸਿਰ ਲਟਕਾ ਕਿ ਅੰਦਰੋਂ ਅਸ਼ਾਤ ਪਰ ਸਰੀਰਕ ਪੱਖੋਂ ਸੀਲ ਹੋਕੇ ਬਹਿ
ਜਾਂਦੇ ਹਨ।' (23/08/15) |
|
ਜੇ ਫੋਨ ਆ ਜਾਵੇ |
20ਵੀਂ ਸਦੀ ਦੀ ਸਭ ਤੋ ਵੱਡੀ ਕਰਾਂਤੀ, ਫੋਨ
ਸੰਚਾਰ ਦਾ ਵਿਕਸਤ ਹੋਣਾ ਹੈ, ਇਸ ਦੀ ਬਦੌਲਤ ਹੀ ਸੰਸਾਰ ਨੇ ਇਕ ਦੂਜੇ ਨੂੰ ਨੇੜੇ
ਕੀਤਾ ਹੈ। ਦੁਨੀਆ ਹਰੇਕ ਦੀ ਮੁੱਠੀ ਵਿਚ ਆ ਗਈ ਲੱਗਦੀ ਹੈ। ਫੋਨ ਨੇ ਹੀ
ਇੰਟਰਨੈੱਟ ਵਰਗੀ ਤਕਨੀਕ ਨੂੰ ਲੋਕਾਂ ਤਕ ਪਹੁੰਚਾਇਆ ਹੈ। ਫੋਨ ਦੇ ਲੱਖਾਂ ਫਾਇਦੇ
ਹਨ। ਪਰ ਕੁਦਰਤ ਦਾ ਨੇਮ ਹੈ ਕਿ ਜਿੱਥੇ ਚੰਗੀਆਈ ਹੋਵੇਗੀ, ਉੱਥੇ ਹੀ ਬੁਰਆਈ ਵੀ
ਪੈਦਾ ਹੋਵੇਗੀ। ਫੋਨ ਦਾ ਇਕ ਵੱਡਾ ਨੁਕਸ ਹੈ ਕਿ ਕਰਨ ਵਾਲੇ ਨੂੰ ਇਕ ਦਮ
ਪਹਿਚਾਨਣਾ ਥੋੜਾ ਸਮਾਂ ਮੰਗਦਾ ਹੈ। ਫੋਨ ਤੁਹਾਨੂੰ ਕਿਤੇ ਵੀ ਆ ਸਕਦਾ ਹੈ,
ਸੁੱਤੇ ਪਏ , ਕੰਮ ਕਰਦੇ ਤੋਂ ਲੈਕੇ ਸ਼ਮਸ਼ਾਨ ਘਾਟ ਤਕ। ਬਸ ਇਹੋ ਹੀ ਠੱਗਾਂ ਦੀ
ਸ਼ਕਤੀ ਹੈ। ਅੱਜ ਕਲ ਪਿੰਡਾਂ ਵਿਚ ਸਵੇਰੇ ਸਵੇਰੇ ਫੋਨ ਆਉਂਦੇ ਹਨ ਕਿ ਅਸੀਂ
ਤੁਹਾਡੀ ਬੈਂਕ ਤੋਂ ਬੋਲ ਰਹੇ ਹਾਂ, ਅਸੀਂ ਦਿਨ ਰਾਤ ਲਾ ਕੇ ਆਪਣੇ ਗਾਹਕਾਂ ਦੇ
ਖਾਤਿਆਂ ਦੀ ਰਾਖੀ ਕਰ ਰਹੇ ਹਾਂ, ਤੁਹਾਡੀ ਵਾਰੀ ਹੁਣ ਆਈ ਹੈ, ਕਿ੍ਰਪਾ ਕਰਕੇ
ਆਪਣਾ ਬੈਂਕ ਜਾਂ ਏ ਟੀ ਐਮ ਦਾ ਨੰਬਰ ਦੱਸੋ ਤਾਂ ਕਿ ਤੁਹਾਡਾ ਪਾਸਵਰਡ ਬਦਲ ਕੇ
ਤੁਹਾਡੇ ਖਾਤੇ ਦੀ ਰਖਿਆ ਕੀਤੀ ਜਾਵੇ। ਇਹੋ ਜਿਹੀਆਂ ਗੱਲਾਂ ਕਰਨਗੇ ਕੇ ਬੰਦਾ
ਸੋਚਦਾ ਆ ਤਾਂ ਚੰਗਾ ਕੰਮ ਆ ਤੇ ਆਪਣੇ ਖਾਤੇ ਦੀ ਜਾਣਕਾਰੀ ਦੇ ਦੇਂਦਾ ਹੈ। ਇਹ
ਕੰਮ ਤਾਂ ਚੰਗਾ ਹੈ, ਪਰ ਉਹਨਾਂ ਲਈ , ਕਿਉਂਕਿ ਉਹ ਕੁਝ ਸਕਿੰਟਾਂ ਵਿਚ ਹੀ
ਤੁਹਾਡਾ ਖਾਤਾ ਸਾਫ ਕਰ ਜਾਂਦੇ ਹਨ। ਅਸਲੀਅਤ ਇਹ ਹੈ ਕਿ ਕੋਈ ਵੀ ਬੈਂਕ ਕਦੇ ਵੀ
ਕਿਸੇ ਨੂੰ ਇੰਝ ਫੋਨ ਨਹੀਂ ਕਰਦਾ, ਪਰ ਪਿੰਡਾਂ ਦੇ ਲੋਕ ਉਹਨਾਂ ਦੇ ਝਾਂਸੇ ਵਿਰ
ਆ ਜਾਂਦੇ ਹਨ। ਔਰਤਾਂ ਨੂੰ ਇਹ ਲੋਕ ਪਹਿਲ ਦੇ ਅਧਾਰ ਤੇ ਸ਼ਿਕਾਰ ਬਣਾਉਂਦੇ ਹਨ।
ਮਾੜੀ ਗੱਲ ਹੈ ਕਿ ਇਸ ਠੱਗੀ ਦਾ ਬਾਅਦ ਵਿਚ ਕੋਈ ਇਲਾਜ ਨਹੀਂ, ਸਿਰਫ ਪਹਿਲੋਂ ਹੀ
ਜਵਾਬ ਦੇ ਦੇਵੋ ਜਾਂ ਦੂਸਰੇ ਫੋਨ ਤੋਂ ਪੁਲਿਸ ਨੂੱ ਸੁਚਿਤ ਵੀ ਕਰ ਸਕਦੇ ਹੋ। ਪਰ
ਯਾਦ ਰੱਖੋ ਫੋਨ ਮਿੱਤਰ ਪਿਆਰਿਆਂ ਦੇ ਵੀ ਆਉਂਦੇ ਹਨ, ਪਰ ਕਈ ਇੰਨੇ ਕੰਜੂਸ
ਹੁੰਦੇ ਹਨ ਕਿ 'ਮਿਸ ਕਾਲ' ਕਰਕੇ ਹੀ ਗੱਲ ਕਰਦੇ ਹਨ। ਇਹੋ ਜਿਹੇ ਦੋਸਤਾਂ ਤੋਂ
ਵੀ ਤੋਬਾ। (30/04/15) |
|
ਕੋਣ ਇਹਨਾਂ ਦਾ ਬੇਲੀ? |
ਪੰਜਾਬ ਦੇ ਤਕਰੀਬਨ ਹਰ ਪਿੰਡ ਵਿਚ ਇਕ ਜਾਂ
ਵੱਧ ਮੰਦ ਬੁੱਧੀ ਬੱਚਾ ਹੁੰਦਾ ਹੀ ਹੈ। ਇਸਦੇ ਕਈ ਕਾਰਣ ਹੋ ਸਕਦੇ ਹਨ। ਕੁਦਰਤੀ
ਤੌਰ ਦੇ ਦਿਮਾਗ ਦਾ ਪੁਰਾ ਵਿਕਸਤ ਨਾ ਹੋਣਾ, ਇਕ ਵੱਡਾ ਕਾਰਣ ਹੈ। ਸਰੀਰਕ ਤੋਰ
ਤੇ ਇਹ ਬੱਚੇ ਪੂਰੇ ਸੂਰੇ ਹੁੰਦੇ ਹਨ, ਪਰ ਦਿਮਾਗੀ ਤੌਰ ਤੇ ਮੰਦ ਬੁੱਧੀ ਹੋਣ
ਕਾਰਣ, ਇਹਨਾਂ ਦਾ ਸਰੀਰ ਤੇ ਪੂਰਾ ਕੰਟਰੋਲ ਨਹੀਂ ਹੁੰਦਾ ਹੈ। ਪਿੰਡਾਂ ਵਿਚ
ਅਸੀਂ ਇਹਨਾਂ ਨੂੰ ਅਣਗੌਲਿਆਂ ਕਰ ਦੇਂਦੇ ਹਾਂ ਜਾਂ ਅੰਧ ਵਿਸ਼ਵਾਸ਼ ਵਿਚ ਫਸ ਕੇ
ਇਹਨਾਂ ਨੂੰ 'ਮਸਤ' ਦਾ ਦਰਜਾ ਦੇ ਦਿੰਦੇ ਹਾਂ। ਅਸੀਂ ਇਹਨਾਂ ਪ੍ਰਤੀ ਆਪਣਾ ਫਰਜ਼
ਨਿਭਾਉਣ ਤੋਂ ਕੰਨੀ ਕਤਰਾਅ ਜਾਂਦੇ ਹਾਂ ਤੇ ਇਹਨਾਂ ਨੂੰ ਸਾਰੀ ਜ਼ਿੰਦਗੀ ਦੁੱਖ
ਭੋਗਣ ਜੋਗਾ ਹੀ ਮੰਨ ਕੇ ਛੱਡ ਦੇਂਦੇ ਹਾਂ। ਇਹ ਸਾਡੇ ਸਮਾਜ ਲਈ ਇਕ ਲਾਹਨਤ ਦੇ
ਬਰਾਬਰ ਹੈ। ਸਾਡਾ ਫਰਜ਼ ਹੈ ਕਿ ਅਸੀਂ ਇਹਨਾਂ ਬੱਚਿਆਂ ਦੀ ਨਿਸ਼ਾਨਦੇਹੀ ਕਰਕੇ,
ਇਹਨਾਂ ਲਈ ਖੁੱਲ੍ਹੇ ਕਿਸੇ ਨਾ ਕਿਸੇ ਹਸਪਤਾਲਾਂ ਤੋਂ ਢੁੱਕਵਾਂ ਇਲਾਜ ਕਰਵਾਈਏ।
ਹਰ ਸ਼ਹਿਰ ਵਿਚ ਇਹੋ ਜਿਹੇ ਕਈ ਸਮਾਜ ਸੇਵੀ ਅਦਾਰੇ ਹਨ ਜੋ ਇਹ ਸੇਵਾ ਮੁਫਤ ਕਰਦੇ
ਹਨ। ਕਾਫੀ ਹੱਦ ਤਕ ਇਹ ਬੱਚੇ ਠੀਕ ਹੋ ਸਕਦੇ ਹਨ। ਇਹ ਕਈ ਕਿਸਮ ਦੀ ਕਾਰੀਗਿਰੀ
ਵੀ ਸਿੱਖ ਸਕਦੇ ਹਨ। ਆਪਣੇ ਆਪ ਨੂੰ ਸਾਂਭਣ ਦੇ ਯੋਗ ਵੀ ਹੋ ਜਾਂਦੇ ਹਨ। ਸਭ ਤੋਂ
ਵੱਡੀ ਗਲ ਨਿਮਰਤਾ ਤੇ ਸਹਿਜ ਇਹਨਾਂ ਦੇ ਗੁਣ ਬਣ ਜਾਂਦੇ ਹਨ। ਆਓ ਆਪਾਂ ਸਾਰੇ ਰਲ
ਕਿ, ਆਪੋ ਆਪਣੇ ਇਲਾਕੇ ਵਿਚੋਂ ਇਹੋ ਜਿਹੇ ਬੱਚਿਆਂ ਨੂੰ ਪਹਿਲੋਂ ਲੱਭੀਏ ਤੇ ਫੇਰ
ਉਹਨਾਂ ਨੂੰ ਜਿਊਣ ਦਾ ਇਕ ਮੌਕਾ ਦੇਈਏ। (13/03/15) |
|
ਸਾਈਂਆਂ ਵੇ ਹੋਲ਼ੀ ਚੱਲ |
ਕਮਾਲ ਦੀ ਗੱਲ ਇਹ ਹੈ ਕਿ ਜਿਸਨੂੰ ਅਸੀਂ
ਦੇਸੀ ਕੁੱਕੜ ਜਾਂ ਦੇਸੀ ਕੁੱਕੜੀ ਕਹਿੰਦੇ ਹਾਂ, ਉਹ ਦੇਸੀ ਨਹੀਂ ਹਨ। ਇਹ
ਰੰਗਦਾਰ ਪੰਛੀ ਨੁਮਾ ਜਾਨਵਰ ਦੁਨੀਆਂ ਦੇ ਲੱਗਭਗ ਹਰ ਹਿੱਸੇ ਵਿਚ ਪਾਇਆ ਜਾਂਦਾ
ਹੈ। ਗਰਮੀ ਸਰਦੀ ਵਾਲੇ ਦੇਸ਼ਾਂ ਵਿਚ ਵੀ, ਉੱਚੇ ਹਿਮਾਲੀ ਪਹਾੜਾਂ ਵਿਚ ਵੀ ਤੇ
ਅਮਰੀਕਾ, ਕਨੇਡਾ, ਅਸਟਰੇਲੀਆ, ਜਪਾਨ, ਰਸ਼ੀਆ, ਵਰਗੇ ਦੇਸ਼ਾਂ ਵਿਚ ਵੀ। ਇਸ ਲਈ
ਸ਼ਾਇਦ ਇਹ ਹਰ ਧਰਤੀ ਦੇ ਵਸਨੀਕਾਂ ਲਈ 'ਦੇਸੀ' ਹੁੰਦਾ ਹੈ, ਜਦ ਕਿ ਅਸਲ ਵਿਚ ਇਹ
ਅੰਤਰਰਾਸ਼ਟਰੀ ਹੁੰਦਾ ਹੈ। ਮਨੁੱਖ ਦੀ ਸੋਚ ਦੇ ਛੋਟੇ ਦਾਇਰੇ ਨੂੰ ਸਿੱਧ ਕਰਨ ਲਈ,
ਇਸਨੂੰ ਇਕ ਉਦਾਹਰਣ ਵਜੋਂ ਵੀ ਲਿਆ ਜਾ ਸਕਦਾ ਹੈ ਅਤੇ ਆਪਣੇ ਆਲੇ ਦੁਆਲੇ ਨਾਲ
ਜੁੜੀਆਂ 'ਮੋਹ ਦੀਆਂ ਤੰਦਾਂ' ਦੇ ਤੌਰ ਤੇ ਵੀ ਦੇਖਿਆ ਜਾ ਸਕਦਾ ਹੈ। ਇਹ ਕੁੱਕੜ
ਦੀ ਕਿਸਮ ਬੜੀ ਲੜਾਕੀ ਹੁੰਦੀ ਹੈ, ਇਹ ਇਕੋ ਵੇਲੇ ਆਪਣੀ 10 ਕੁਕੱੜੀਆਂ ਤਕ ਦੀ
ਰਾਖੀ ਕਰ ਸਕਦਾ ਹੈ, ਇਹ 5 ਤੋਂ 7 ਫੁੱਟ ਉੱਚੀ ਥਾਂ ਤੇ ਬੈਠਣਾ ਪਸੰਦ ਕਰਦਾ ਹੈ,
ਤਾਂ ਕਿ ਰਾਖੀ ਰੱਖ ਸਕੇ। ਇਸਦੇ ਖੰਭਾਂ ਦੇ ਰੰਗ ਹਜ਼ਾਰਾਂ ਵਿਚ ਹੁੰਦੇ ਹਨ, ਪਰ
ਸਾਰੀ ਦੁਨੀਆ ਵਿਚ ਕਾਲੇ ਰੰਗ ਦਾ ਮੁੱਲ ਵੱਧ ਪੈਂਦਾ ਹੈ, ਕਈ ਕਿਸਮ ਦੀਆਂ
ਧਾਰਮਿਕ ਰੀਤਾਂ ਤੇ ਵਹਿਮ ਵੀ ਇਸ ਨਾਲ ਜੁੜੇ ਹੋਏ ਹਨ, ਕਈ ਅਫਰੀਕਨ ਦੇਸ਼ਾਂ ਵਿਚ
ਕਾਲੇ ਕੁੱਕੜ ਨੂੰ ਪਰੇਤਾਂ ਦਾ ਦੂਤ ਤਕ ਸਮਝਿਆ ਜਾਂਦਾ ਹੈ। 4 ਮਹੀਨੇ ਦਾ ਕੁੱਕੜ
ਬਾਂਗ ਦੇਣ ਲੱਗ ਪੈਂਦਾ ਹੈ, ਇਹ ਦਿਨ ਵਿਚ ਇਕ ਖਾਸ ਵਕਫੇ ਪਿਛੋਂ ਕਈ ਵਾਰ
ਬਾਂਗਾਂ ਦੇਂਦਾ ਹੈ, ਪਰ ਅਸੀਂ ਸਿਰਫ ਸਵੇਰ ਦੀ ਬਾਂਗ ਸੁਨਣ ਦੇ ਆਦੀ ਹਾਂ।
ਜਿਹੜੇ ਲੋਕ ਇਹਨਾਂ ਦੀਆਂ ਕੁਝ ਕਿਸਮਾਂ ਨੂੰ ਕੁਸ਼ਤੀਆਂ ਮੁਕਾਬਲੇ ਲਈ ਵਰਤਦੇ ਹਨ,
ਉਹ ਇਸਦੀ ਖੂਬਸੂਰਤ ਕਲਗੀ ਤੇ ਦਾੜੀ (ਵਿਲਟ) ਕੱਟ ਦੇਂਦੇ ਹਨ, ਭਾਂਵੇਂ ਉਸਦਾ
ਮੁੱਲ ਲੱਖਾਂ ਵਿਚ ਪਹੁੰਚ ਜਾਂਦਾ ਹੈ। ਇਹ ਹਰ ਮੁਰਗੇ ਦਾ ਖਾਸ ਨਾਮ ਵੀ ਰੱਖਦੇ
ਹਨ ਤੇ ਪੁਸ਼ਤ ਦਾ ਵੇਰਵਾ ਵੀ ਦਰਜ ਕਰਦੇ ਹਨ। ਅਸੀਂ ਕਹਿ ਸਕਦੇ ਹਾਂ ਕਿ ਦੇਸੀ
ਕਹਿਣਾ ਤਾਂ ਸਾਡੇ ਪਿਆਰ ਦੀ ਨਿਸ਼ਾਨੀ ਹੀ ਹੈ, ਇਸ ਧਰਤੀ ਦੇ ਜੀਵ ਲਈ।
(05/03/15) |
|
ਕੱਚਿਆਂ ਦਾ ਵਪਾਰ |
ਰੁੱਖ ਸਾਨੂੰ ਫਲ ਦੇਂਦੇ ਹਨ, ਤਾਂ ਕਿ ਉਹਨਾਂ
ਦਾ ਕਟੁੰਬ ਵਧੇ ਤੇ ਸਾਡੀ ਸਿਹਤ ਆਰੋਗ ਰਹੇ। ਪਹਾੜਾਂ ਤੇ ਮੈਦਾਨੀ ਇਲਾਕਿਆਂ ਵਿਚ
ਮੌਸਮ ਅਨੁਸਾਰ ਫ਼ਲਾਂ ਵਾਲੇ ਰੁੱਖਾਂ ਦੀ ਖੇਤੀ ਕੀਤੀ ਜਾਂਦੀ ਹੈ, ਜਾਣੀ ਬਾਗ ਲਾਏ
ਜਾਂਦੇ ਹਨ। ਅਸੂਲ ਤਾਂ ਇਹ ਬਣਦਾ ਹੈ ਕਿ ਜਦੋਂ ਫਲ ਖਾਣ ਲਾਈ ਤਿਆਰ ਹੋ ਜਾਵੇ,
ਤਾਂ ਹੀ ਤੋੜ ਕੇ ਵੇਚਿਆ ਜਾਵੇ। ਇਸ ਤਰਾਂ ਉਸਦੇ ਗੁਣ ਬਰਕਰਾਰ ਰਹਿੰਦੇ ਹਨ ਤੇ
ਸੁਆਦ ਵੀ ਪੂਰਾ ਤੇ ਸਹੀ ਮਿਲਦਾ ਹੈ। ਬਜ਼ਾਰ ਵਿਚ ਖਾਣ ਯੋਗ ਫਲ ਦੀ ਨਿਸ਼ਾਨੀ ਉਸਦਾ
ਰੰਗ ਤੇ ਪਿਲਪਲਾ ਪਨ ਵੇਖ ਕੇ ਹੀ ਗਾਹਕ ਖਰੀਦਦਾ ਹੈ। ਪਰ ਸਾਡੇ ਪੈਸੇ ਦੇ ਲਾਲਚੀ
ਵਪਾਰੀ ਸਾਨੂੰ ਧੋਖਾ ਦੇਣੋ ਨਹੀਂ ਹੱਟਦੇ। ਚਾਹੀਦਾ ਤਾਂ ਇਹ ਹੈ ਕਿ ਸਹੀ ਪੱਕੇ
ਫਲਾਂ ਨੂੰ ਤੋੜ ਕੇ ਦਰਜਾਬੰਦੀ ਕਰ, ਵਾਤਾਅਨਕੂਲ ਸਾਧਨਾਂ ਰਾਂਹੀ ਮੰਡੀ ਜਾਂ
ਬਜ਼ਾਰ ਵਿਚ ਭੇਜਣ। ਪਰ ਉਹ ਤਾਂ ਖਰਚਾ ਬਚਾਉਂਦੇ ਹਨ। ਇਸ ਲਈ ਉਹ ਕੱਚੇ ਫਲ ਤੋੜ
ਕਿ ਆਮ ਪੇਟੀਆਂ ਵਿਚ ਭਰ ਲੈਂਦੇ ਹਨ। ਖਤਰਨਾਕ ਕੰਮ ਉਹ ਇਹ ਕਰਦੇ ਹਨ ਕਿ ਪੈਕਿੰਗ
ਵੇਲੇ ਥੱਲੇ ਉਹ ਕਾਰਬਾਇਡ ਕੈਮੀਕਲ ਦੀ ਪੁੜੀ ਰੱਖ ਦੇਂਦੇ ਹਨ। ਇਸ ਨਾਲ 5 ਤੋ 7
ਦਿਨਾਂ ਵਿਚ ਇਹ ਫਲ ਪੱਕਿਆ ਲੱਗਣ ਲੱਗ ਪੈਂਦਾ ਹੈ, ਜਦਕਿ ਅਸਲ ਵਿਚ ਇਹ ਗਲ਼ ਰਿਹਾ
ਹੁੰਦਾ ਹੈ। ਇਹ ਕੈਮੀਕਲ ਵਰਤਣ ਦੀ ਮਨਾਹੀ ਵੀ ਹੈ, ਕਿਉਂਕਿ ਇਹ ਕੈਂਸਰ ਪੈਦਾ ਕਰ
ਸਕਦਾ ਹੈ। ਇਸਦੀ ਨਿਸ਼ਾਨੀ ਹੈ ਕਿ ਬੰਦ ਪੇਟੀ ਦੇ ਥੱਲੇ ਇਹ ਪੁੜੀ ਪਈ ਹੁੰਦੀ ਹੈ,
ਖੁਲ੍ਹੀਆਂ ਪੇਟੀਆਂ ਚੋਂ ਵਪਾਰੀ ਇਹ ਕੱਢ ਲੈਂਦੇ ਹਨ। ਫਲ ਖਰੀਦਣ ਵੇਲੇ ਇਹ ਛੋਟਾ
ਜਿਹਾ ਧਿਆਨ ਤੁਹਾਡੀ ਸਿਹਤ ਠੀਕ ਰੱਖੇਗਾ। (01/03/15) |
|
ਮਾਂਵਾਂ ਉਡੀਕਣਗੀਆਂ |
ਮਾਂਵਾਂ ਤਾਂ ਉਦੋਂ ਤਕ ਉਡੀਕਣਗੀਆਂ, ਜਦੋਂ
ਤਕ ਘਰ ਦੇ ਸਾਰੇ ਜੀਅ, ਪਰਤ ਨਹੀਂ ਆਉਂਦੇ। ਭਾਂਵੇਂ ਕੋਈ ਗੱਡੀ ਲੈ ਕੇ ਕੱਲਕੱਤੇ
ਗਿਆ ਹੋਵੇ, ਭਾਵੇਂ ਵੀਜ਼ਾ ਲੈ ਵਿਦੇਸ਼ ਗਿਆ ਹੋਵੇ, ਭਾਂਵੇਂ ਧੀ ਸਹੁਰੇ ਘਰ ਮਸਰੂਫ਼
ਹੋ ਗਈ ਹੋਵੇ, ਭਾਂਵੇ ਨੂੰਹ ਨੌਕਰੀ ਕਰਨ ਕਿਸੇ ਦਫ਼ਤਰ ਗਈ ਹੋਵੇ ਜਾਂ ਪੋਤੇ
ਪੋਤੀਆਂ ਕਿਸੇ ਸਕੂਲ ਕਾਲਜ਼ਾਂ ਦੇ ਰੁਝੇਂਵੇਆਂ ਵਿਚ ਫਸੇ ਹੋਣ। ਮਾਂਵਾਂ ਦਾ ਕੰਮ
ਤਾਂ ਘਰ ਦੇ ਜੀਆ ਦੀ ਸੁੱਖ ਮੰਗਣਾ ਹੀ ਹੈ। ਅੱਜ ਪੰਜਾਬ ਦੇ ਪਿੰਡਾਂ ਵਿਚ ਘਰ ਘਰ
ਇਕਲਾਪੇ ਦਾ ਦੌਰ ਚੱਲ ਰਿਹਾ ਹੈ। ਬਜ਼ੁਰਗ ਬੰਦੇ ਤਾਂ ਸੱਥਾਂ ਵਿਚ ਜਾ ਬੈਠਦੇ ਹਨ,
ਪਰ ਬਜ਼ੁਰਗ ਐਰਤਾਂ ਘਰਾਂ ਨੂੰ ਸੁੰਨਾ ਛੱਡ ਨਹੀਂ ਸਕਦੀਆਂ, ਦਲਾਨਾਂ ਅੰਦਰ ਜਾਂ
ਬੈਠਕਾਂ ”ਚ ਬੈਠ, ਕਿਸੇ ਆਉਂਦੇ ਦੀ ਬਿੜਕ ਨਹੀਂ ਲੈ ਸਕਦੀਆਂ, ਗਰਮੀ ਹੋਵੇ ਜਾਂ
ਸਰਦੀ, ਬੂਹੇ ਵਿਚ ਬੈਠ ਆਪਣੇ ਪਿਆਰਿਆਂ ਨੂੰ ਉਡੀਕਣਾ ਹੀ ਇਕੱਲਤਾ ਨੂੰ ਦੂਰ ਕਰਨ
ਦੀ ਦਾਰੂ ਹੈ। ਆਮ ਪਰਿਵਾਰ ਬਿਖਰ ਰਿਹਾ ਹੈ। ਇਕ ਤਾਂ ਪਹਿਲੋਂ ਹੀ ਪਰਿਵਾਰ ਛੋਟੇ
ਹੋ ਗਏ ਹਨ, ਉਤੋਂ ਘਰੋਂ ਦੂਰ ਜਾ ਚੰਗੇ ਰੋਜ਼ਗਾਰ ਲੱਭਣ ਦੀ ਹੋੜ। ਥਾਂ ਥਾਂ ਖਾਲੀ
ਪਏ ਮਕਾਨ ਤੇ ਦਰਾਂ ਵਿਚ ਬੈਠੀਆਂ ਮਾਂਵਾਂ, ਬਦਲਦੇ ਸਮਾਜਿਕ ਸਰੂਪ ਦਾ ਸੰਕੇਤ
ਹਨ। ਜੇਕਰ ਪੰਜਾਬ ਵਿਚ ਆਉਣ ਵਾਲੇ ਸਮੇਂ ਵਿਚ ਚੰਗੇ ਰੁਜ਼ਗਾਰ ਦੇ ਹਾਲਾਤ ਪੈਦਾ
ਨਾ ਹੋਏ ਤਾਂ। ਇਹ ਮਾਂਵਾਂ ਦੇ ਸਿਵੇ ਵੀ ਇਕੱਲਤਾ ਦੀ ਅੱਗ ਵਿਚ ਬਲਣਗੇ। |
|
ਮੁੱਲ ਪੈਂਦਾ ਸ਼ੋਂਕਾਂ ਦਾ |
ਪੰਜਾਬ ਤੇ ਸਦੀਆਂ ਤਕ ਧਾੜਵੀ ਹਮਲੇ ਕਰਦੇ
ਰਹੇ ਤੇ ਰਾਜ ਵੀ ਕਰਦੇ ਰਹੇ। ਹਰ ਰਾਜੇ ਨੇ ਆਪੋ ਆਪਣੀ ਸਮਝ, ਸਮਰੱਥਾ ਤੇ ਸਲਾਹ
ਅਨੁਸਾਰ ਇਥੇ ਕਾਰਜ ਕੀਤੇ। ਇਹਨਾਂ ਲੋੜਾਂ ਥੋੜਾਂ ਚੋਂ ਬਹੁਤ ਕੁਝ ਉਪਜਿਆ, ਕਈ
ਕਿਸਮ ਦੇ ਕਲਾਤਿਮਿਕ ਕੰਮ ਹੋਏ, ਬਹੁਤ ਸਾਰੀਆਂ ਚੀਜ਼ਾਂ ਦਾ ਨਿਰਮਾਣ ਹੋਇਆ।
ਕਹਿੰਦੇ ਹਨ ਕਿ ਗਲਾਸਾਂ ਉੱਤੇ ਪਏ ਫੁੱਲਾਂ ਤੋਂ ਪਤਾ ਲੱਗ ਜਾਂਦਾ ਸੀ ਕਿ ਇਹ
ਹਿੰਦੂਆਂ ਦੇ ਭਾਂਡੇ ਹਨ ਕਿ ਮੁਸਲਮਾਨਾਂ ਦੇ। ਇਸੇ ਤਰਾਂ ਰਾਣੀਆਂ ਦੀਆਂ
ਸੁਰਮੇਦਾਨੀਆਂ ਤੋਂ ਉਸਦੇ ਰੁਤਬੇ ਦਾ ਪਤਾ ਲੱਗਦਾ ਸੀ। ਸਿੱਕਿਆਂ ਦੇ ਸਾਂਚੇ
ਬਨਾਉਣ ਲਈ ਅਫਗਾਨਿਸਤਾਨ ਤੋ ਕਲਾਕਾਰ ਸੱਦੇ ਜਾਂਦੇ ਸਨ। ਪਰ ਸਮੇਂ ਨਾਲ ਇਹ ਸਭ
ਕੁਝ ਮਿੱਟੀ ਹੇਠ ਦੱਬਦਾ ਗਿਆ। ਪੰਜਾਬ ਦੇ ਪਿੰਡਾਂ ਵਿਚ ਇਹਨਾਂ ਨੂੰ ਥੇਹ ਕਿਹਾ
ਜਾਣ ਲੱਗ ਪਿਆ। ਲੋਕਾਂ ਨੇ ਇਹ ਥੇਹ ਵੀ ਵਾਹ ਲਏ ਤੇ ਇਹਨਾਂ ਵਿਚੋਂ ਨਿਕਲੀਆਂ
ਚੀਜ਼ਾਂ ਨੂੰ ਸੁੱਟ ਬਸੁੱਟ ਕਰ ਦਿੱਤਾ, ਪਰ ਇਕ ਅੰਬਰਸਰ ਦੇ ਸਪੂਤ ਤੇ ਕਵੀ ਮਨ
ਦੇਵ ਦਰਦ ਨੇ 40 ਸਾਲ ਤੋਂ ਇਹ ਸਭ ਕੁਝ ਸਾਂਭਣ ਦਾ ਬੀੜਾ ਚੁਕਿਆ ਹੋਇਆ ਹੈ।
ਆਪਣੇ ਕੰਮ ਕਾਜ ਦੇ ਨਾਲ ਨਾਲ ਉਹ ਇਹਨਾਂ ਉਜਾੜ ਥਾਵਾਂ ਤੇ ਜਾਂਦਾ ਹੈ ਤੇ ਸਮਾਨ
ਸਾਂਭਦਾ ਹੈ। ਉਸਦੇ ਘਰ ਵਿਚ ਰਹਿਣ ਲਈ ਥਾਂ ਘੱਟ ਹੈ ਪਰ ਲੱਖਾਂ ਦੀ ਗਿਣਤੀ ਵਿਚ
ਸਭਿਆਚਾਰ ਦੇ ਪ੍ਰਤੀਕ, ਇਹ ਮੁਜੱਸਮੇ, ਮਹਿਮਾਨ ਬਣ ਕਾਬਜ਼ ਹਨ। ਉਸਦੀ ਇੱਛਾ ਹੈ
ਕਿ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣੇ ਵਰਗੇ ਕੇਂਦਰੀ ਸ਼ਹਿਰ ਵਿਚ ਇਕ ਅਜਾਇਬ ਘਰ
ਬਣਾਵੇ, ਜਿੱਥੇ ਉਹ ਪੰਜਾਬ ਦੀ ਪੇਂਡੂ ਸਭਿਅਤਾ ਦੀਆਂ ਨਿਸ਼ਾਨੀਆਂ ਭੇਂਟ ਕਰ ਸਕਦਾ
ਹੈ। ਦੇਖੋ ਇਸ ਸੋਚ ਨੂੰ ਬੂਰ ਕਦ ਪੈਂਦਾ ਹੈ?
(14/02/15) |
|
ਪੈਰ ਸੋਚ ਕੇ ਧਰੀਂ |
ਕਿਸਾਨ ਤੇ ਟਟਹੀਰੀ ਦਾ ਰਿਸ਼ਤਾ ਸਦੀਆਂ
ਪੁਰਾਣਾ ਹੈ। ਜਿਓਂ ਹੀ ਕਿਸਾਨ ਕਣਕ ਦੀ ਫ਼ਸਲ ਵੱਢਦਾ ਹੈ, ਟਟਹੀਰੀ , ਕਣਕ ਦੀਆਂ
ਸੁੱਕੀਆਂ , ਰੋੜੀਆਂ ਵਾਲੀਆਂ ਵੱਟਾਂ ਦੇ ਥਾਂ ਮਲ੍ਹ ਲੈਂਦੀ ਹੈ। ਬਸ ਰੋੜ ਕੁੱਝ
ਏਧਰ ਉੱਧਰ ਕਰ ਇਕ ਡੱਬ ਖੜਬਾ ਆਲਹਣਾ ਬਣਾ ਕੇ ਡੱਬ ਖੜੱਬੇ ਜਿਹੇ ਚਾਰ ਜਾਂ ਪੰਜ
ਅੰਡੇ ਦੇ ਦਿੰਦੀ ਹੈ। ਫੇਰ ਦੋਵੇ ਜੀਅ ਇਕੱਠੇ ਰਾਖੀ ਕਰਦੇ ਹਨ, ਨਰ 20 ਕੁ ਫੁੱਟ
ਦੀ ਦੂਰੀ ਤੇ ਬੈਠ ਦੁਸ਼ਮਆਂ ਤੇ ਨਜ਼ਰ ਰੱਖਦਾ ਹੈ। ਵਾਰੀ ਵਾਰੀ ਭੋਜਨ ਵੀ ਲੱਭ
ਲਿਆਉਂਦੇ ਹਨ। ਜਦੋਂ ਖਤਰਾ ਭਾਂਪਦੇ ਹਨ ਤਾਂ ਚੁੱਪ ਚਾਪ 25 ਤੋਂ 30 ਫੁੱਟ ਦੂਰ
ਜਾਕੇ ਅਵਾਜ਼ਾਂ ਕੱਢ ਕੇ ਦੁਸ਼ਮਣ ਨੂੰ ਆਂਡਿਆਂ ਦੇ ਸਥਾਨ ਬਾਰੇ ਗੁਮਰਾਹ ਕਰਦੇ ਹਨ।
ਸਿਆਣੇ ਜੱਟ ਹਮੇਸ਼ਾਂ ਵਾਹੀ ਕਰਨ ਲੱਗੇ ਇਹਨਾਂ ਆਂਡਿਆਂ ਨੂੰ ਬਚਾ ਕੇ ਹੱਲ
ਵਾਹੁੰਦੇ ਹਨ। ਟਟਹੀਰੀ ਕਿਸਾਨ ਦਾ ਮਿੱਤਰ ਪੰਛੀ ਹੈ, ਇਹ ਫਸਲਾਂ ਦੇ ਖਤਰਨਾਕ
ਕੀੜੇ ਖਾ ਜਾਂਦਾ ਹੈ। ਜਦੋਂ ਛੋਟੇ ਬੱਚੇ ਨਿਕਲਦੇ ਹਨ ਤਾਂ ਉਹ ਇਕਦਮ ਤੇਜ਼ ਦੋੜ
ਸਕਦੇ ਹਨ। ਮਿੱਟੀ ਰੰਗੇ ਹੌਣ ਕਰਕੇ ਝੱਟ ਤੁਹਾਡੇ ਦੇਖਦੇ ਦੇਖਦੇ ਗੁੰਮ ਹੋ
ਜਾਂਦੇ ਹਨ। ਇਸ ਪੰਛੀ ਦੀ ਆਂਡਿਆ ਨਾਲ ਫੋਟੋ ਖਿਚਣੀ ਬੜੀ ਮੁਸ਼ਕਲ ਹੈ। ਇਹ ਫੋਟੋ
ਵੀ ਵਾਈ ਫਾਈ ਵਾਲੀ ਨਵੀਂ ਤਕਨੀਕ ਨਾਲ 100 ਫੁੱਟ ਦੂਰ ਤੋਂ ਖਿੱਚੀ ਗਈ ਹੈ।
(06/02/15) |
|
|
|
|
|