ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

    WWW 5abi.com  ਸ਼ਬਦ ਭਾਲ

  ਜਨਮੇਜਾ ਸਿੰਘ ਜੌਹਲ

ਰੱਖਣੇ ਸੌਖੇ, ਪਾਲਣੇ ਔਖੇ

ਘਰਾਂ, ਖੇਤਾਂ ਵਿਚ ਅਸੀਂ ਆਮ ਹੀ ਕੁੱਤੇ ਰੱਖ ਲੈਂਦੇ ਹਾਂ। ਰੱਖਣ ਵੇਲੇ ਆਮ ਬੰਦਾ ਇਹ ਨਹੀਂ ਸੋਚਦਾ ਕਿ , ਆਉਣ ਵਾਲਾ ਸਮਾਂ ਕਿਵੇਂ ਬੱਝ ਜਾਂਦਾ ਹੈ। ਜਾਨਵਰ ਨੂੰ ਪੂਰੀ ਤਵੱਕੋਂ ਦੇਣੀ ਪੈਂਦੀ ਹੈ। ਸੱਚੀ ਗੱਲ ਤਾਂ ਇਹ ਹੈ ਕਿ ਇਕ ਪੂਰਾ ਬੰਦਾ, ਜਾਨਵਰ ਦੀ ਦੇਖ ਭਾਲ ਲਈ ਬੱਝ ਜਾਂਦਾ ਹੈ। ਅਸੀਂ ਘਰ ਵਿਚ 7 ਗਿੰਨੀ ਪਿੱਗ (ਫੋਟੋ) ਰੱਖ ਲਏ। ਇਹ ਸਿਰਫ, ਪਾਲਕ, ਸੇਬ, ਨਾਸ਼ਪਾਤੀ ਜਾਂ ਡਬਲ ਰੋਟੀ ਹੀ ਖਾਂਦੇ ਸਨ। 7 ਸਾਲ ਹਰ ਚੌਥੇ ਦਿਨ 10–15 ਕਿਲੋ ਪਾਲਕ ਲੈਣ ਜਾਣਾ ਪਿਆ। ਬਹੁਤ ਜੱਬ ਰਿਹਾ। ਇਸੇ ਤਰਾਂ ਕਈ ਲੋਕ, ਖਰਗੋਸ਼, ਚੂਹੇ, ਸੱਪ ਜਾਂ ਚਿੜੀਆਂ–ਕਬੂਤਰ ਪਾਲ ਲੈਂਦੇ ਹਨ। ਕਨੇਡਾ ਵਿਚ ਕਈ ਸ਼ੇਰ ਵੀ ਪਾਲਦੇ ਹਨ, ਇਕ ਪੰਜਾਬੀ ਦੇ ਘਰ ਤਾਂ, ਮਗਰਮੱਛ ਵੀ ਰੱਖਿਆ ਦੇਖਿਆ। ਜਾਨਵਰਾਂ ਨਾਲ ਮੋਹ ਰੱਖਣਾ ਮਾੜੀ ਗੱਲ ਨਹੀਂ, ਪਰ ਰੱਖੇ ਜਾਨਵਰ ਦਾ ਪੂਰਾ ਖਿਆਲ ਜੋ ਨਹੀਂ ਰੱਖਦੇ, ਉਹ ਜ਼ੁਲਮ ਹੀ ਕਰਦੇ ਹਨ। ਉਸਦੇ ਦੁੱਖ ਵਿਚ ਸਾਥ ਵੀ ਦੇਣਾ ਪੈਂਦਾ ਹੈ। ਭਾਂਵੇਂ ਤੁਹਾਡੀ ਜੇਬ ਇਜ਼ਾਜਤ ਦੇਵੇ ਜਾਂ ਨਾਂ, ਦਿਲ ਤੇ ਹੱਥ ਰੱਖਕੇ ਇਲਾਜ ਕਰਵਾਉਣਾ ਹੀ ਪੈਂਦਾ ਹੈ। ਜਿਹਨਾਂ ਲੋਕਾਂ ਕੋਲ ਵਕਤ ਨਹੀਂ ਹੈ, ਉਹਨਾਂ ਨੂੰ ਪਾਲਤੂ ਜਾਨਵਰ ਨਹੀਂ ਰੱਖਣੇ ਚਾਹੀਦੇ। ਇਹ ਵੀ ਯਾਦ ਰੱਖੋ ਕਿ ਪਾਲਤੂ ਜਾਨਵਰ ਦੀ ਉਮਰ, ਜੰਗਲੀ ਜੀਵ ਨਾਲੋਂ ਦੁਗਣੀ ਤੋਂ ਵੱਧ ਹੋ ਜਾਂਦੀ ਹੈ, ਇਸ ਲਈ ਸੇਵਾ ਦਾ ਟਾਇਮ ਵੀ ਵੱਧ ਚਾਹੀਦਾ ਹੈ, ਖਾਸਕਰ ਕਿ ਜਦੋਂ ਜਾਨਵਰ ਬਿਰਧ ਹੋ ਜਾਵੇ। ਇਸੇ ਲਈ ਪਾਲਤੂ ਜਾਨਵਰ ਰੱਖਣ ਤੋਂ ਪਹਿਲੋਂ, ਵਿਚਾਰ ਕਰ ਲੈਣਾ ਚਾਹੀਦਾ ਹੈ। ਬਾਕੀ ਮੋਹ ਦਾ ਕੋਈ ਮੁੱਲ ਨਹੀਂ ਹੁੰਦਾ । (20/01/2017)

ਇਤਿਹਾਸ ਮੁੱਕਰ ਵੀ ਜਾਂਦਾ ਹੈ !

ਸਾਰੀ ਮਨੁੱਖਤਾ ਦੀ ਕੋਸ਼ਿਸ਼ ਹੈ ਕਿ, ਆਪਣੇ ਇਤਿਹਾਸ ਦਾ ਸਹੀ ਲੇਖਾ ਜੋਖਾ ਰੱਖਿਆ ਜਾਵੇ। ਪਰ ਕੀ ਇਹ ਸੰਭਵ ਹੈ ? ਸਮਾਜ ਵਿਚ ਜਦੋਂ ਕੋਈ ਘਟਨਾ ਵਾਪਰਦੀ ਹੈ ਤਾਂ ਉਸ ਵੇਲੇ ਦੇ ਹਾਲਾਤ ਜ਼ਰੂਰੀ ਨਹੀਂ ਕਿ ਕਾਰਗਰ ਜਾਂ ਅਨੁਕੂਲ ਹੋਣ। ਆਪਾਧਾਪੀ ਵੀ ਪਈ ਹੋ ਸਕਦੀ ਹੈ। ਫੇਰ ਇਹ ਵੀ ਜ਼ਰੂਰੀ ਨਹੀਂ ਕਿ ਜੋ ਕੋਈ ਲਿਖਦਾ ਹੈ, ਉਹ ਨਿਰਪੱਖ ਹੋਵੇ। ਅੱਜ ਦੇ ਯੁੱਗ ਵਿਚ ਹੀ ਦੇਖ ਲਵੋ, ਕਿਸੇ ਵੀ ਘਟਨਾ ਦਾ ਸੱਚ ਸਾਹਮਣੇ ਨਹੀਂ ਆਉਂਦਾ। ਸਰਕਾਰਾਂ ਪੜਤਾਲ ਕਮੇਟੀਆਂ ਬਣਾਕੇ ਮਸਲੇ ਨੂੰ ਦੱਬ ਦੇਂਦੀਆਂ ਹਨ ਤੇ ਜੋ ਲੋਕ ਗਵਾਹ ਹੁੰਦੇ ਹਨ, ਜਾਂ ਭੁੱਲ ਭਲਾ ਜਾਂਦੇ ਹਨ ਜਾਂ ਮੁੱਕਰ/ਮੁੱਕਰਾਅ ਜਾਂਦੇ ਹਨ। ਪਿਛਲੇ 70 ਸਾਲ ਵਿਚ ਕਿਸੇ ਪੜਤਾਲ ਕਮੇਟੀ ਨੇ ਕਿਸੇ ਨੂੰ ਕੋਈ ਵੀ ਸਜ਼ਾ ਨਹੀਂ ਦਿਵਾਈ। ਜ਼ਰਾ ਸੋਚੋ, ਸਦੀਆਂ ਪਹਿਲੋਂ ਦੀਆਂ ਘਟਨਾਵਾਂ ਦਾ ਸੱਚ ਕੀ ਹੋਵੇਗਾ ? ਇਹਨਾਂ ਢੱਠੀਆਂ ਛੱਤਾਂ ਥੱਲੇ ਕੀ ਕੀ ਜ਼ੁਲਮ ਹੁੰਦੇ ਰਿਹੇ ਹੋਣਗੇ, ਕਿਆਸ ਵੀ ਨਹੀਂ ਕੀਤੇ ਜਾ ਸਕਦੇ। ਜੇ ਅਸੀਂ ਅੱਜ ਦੇ ਸੱਚ ਵੀ ਜਾਨਣ ਦੇ ਕਾਬਲ ਨਹੀਂ ਹਾਂ, ਤਾਂ ਇਤਿਹਾਸ ਦਾ ਸੱਚ ਸਾਡੇ ਵੱਸ ਦਾ ਰੋਗ ਨਹੀਂ, ਕਿਉਂਕਿ ਹਾਕਮ ਜਮਾਤ ਦੇ ਅਸੂਲ, ਸਾਰੀ ਦੁਨੀਆ ਵਿਚ ਉਹੀ ਰਹਿੰਦੇ ਹਨ। ਅਸੀਂ ਬਸ ਆਪਣੇ ਮਨ ਨੂੰ ਧਰਵਾਸ ਦੇਣ ਲਈ, ਚਾਰ ਅੱਥਰੂ ਆਪਣੇ ਪੁਰਖਿਆਂ ਲਈ ਵਹਾਅ ਲੈਂਦੇ ਹਾਂ। (13/01/2017)

ਭਾਈਓ ਔਰ ਬਹਿਨੋ !

ਡਰੋ ਨਾ, ਮੈਂ ਕੁਝ ਵੀ ਅਜਿਹਾ ਨਹੀਂ ਕਹਿਣ ਲੱਗਾ ਕਿ ਤੁਹਾਡੇ ਸਾਹ ਸੂਤੇ ਜਾਣ। ਚੋਣਾਂ ਦਾ ਮੌਸਮ ਹੈ, ਮੈਂ ਕੋਈ ਖਤਰਾ ਮੁੱਲ ਨਹੀਂ ਲੈਣਾ ਕਿ ਲੋਕ ਮੇਰੇ ਵਿਰੁਧ ਹੋ ਜਾਣ। ਮੈਂ ਅੱਜ ਇਕ ਇਹੋ ਜਿਹੇ ਮਸਲੇ ਤੇ ਗੱਲ ਕਰਨੀ ਹੈ ਜੋ ਸਾਡੇ ਪਿੰਡਾਂ ਦੇ ਪਿੰਡ ਨੋਜੁਆਨੀ ਤੋਂ ਖਾਲੀ ਕਰੀ ਜਾ ਰਿਹਾ ਹੈ। ਇਸ ਵਿਚ ਕੋਈ ਸ਼ਕ ਨਹੀਂ ਕਿ ਸਾਡੀ ਨਵੀਂ ਪੀੜੀ ਬਹੁਤ ਤੇਜ਼, ਜਾਗਰੂਕ ਤੇ ਉੱਚ ਸਿਖਿਆ ਪ੍ਰਾਪਤ ਕਰਨ ਦੇ ਕਾਬਲ ਹੈ। ਪਰ ਉਸਨੂੰ ਐਨਾ ਗਿਆਨ ਗ੍ਰਹਿਣ ਕਰਕੇ ਮਿਲਦਾ ਕੀ ਹੈ? ਇਕ ਇੰਜਨੀਅਰਿੰਗ ਕੀਤੇ ਨੂੰ ਲੁਧਿਆਣੇ ਦੇ ਕਰੋੜਪਤੀ ਕਾਰਖਾਨੇਦਾਰ 5000 ਰੁਪਏ ਮਹੀਨਾ ਦੇ ਕੇ ਵੀ ਅਹਿਸਾਨ ਕਰਦੇ ਹਨ। ਇਕ ਰੋਸ਼ਨ ਦਿਮਾਗ ਤੇ ਇਕ ਜੁਗਾੜੀਏ ਵਿਚ ਫਰਕ ਹੀ ਨਹੀਂ ਸਮਝਦੇ ਹਨ। ਪਿੰਡਾਂ ਦੇ ਨੌਜੁਆਨਾਂ ਨੂੰ ਤਾਂ ਉਹ ਟਿੱਚ ਸਮਝਦੇ ਹਨ। ਸਰਕਾਰਾਂ ਕੋਲ ਉੱਚ ਵਿਦਿਆ ਪ੍ਰਾਪਤ ਲਈ ਕੋਈ ਸਕੀਮ ਜਾਂ ਸੋਚ ਹੀ ਨਹੀਂ ਹੈ। ਇਹੋ ਕਾਰਣ ਹੈ ਕਿ ਅੱਜ ਹਰ ਬੱਚਾ ਬਾਹਰ ਜਾਣਾ ਚਾਹੁੰਦਾ ਹੈ। ਇਸੇ ਨੂੰ ਬਰੇਨ ਡਰੇਨ  ਕਹਿੰਦੇ ਹਨ। ਆਓ ਅੱਜ ਵੋਟ ਪਾਉਣ ਤੋਂ ਪਹਿਲੋਂ ਸਿਆਸਤ ਦੇ ਖਿਲਾੜੀਆਂ ਦੇ ਕੰਨਾਂ ਦੀਆਂ ਜੂੰਆਂ ਸਰਕਾਈਏ, ਤਾਂ ਕਿ ਹਰ ਘਰ ਵਿਚ ਪੱਸਰ ਰਹੀ ਇਕਲਾਪੇ ਦੀ ਲਹਿਰ ਨੂੰ ਕੁਝ ਠੱਲ ਪਵੇ। (05/01/2017)

ਬੱਚੇ ਤੇ ਮਜ਼ਦੂਰੀ

ਮਨੁੱਖ ਦੀਆਂ ਵੱਖ ਵੱਖ ਅਵੱਸਥਾਵਾਂ ਵਿੱਚੋਂ, ਬਚਪਨ ਹੀ ਉੱਤਮ ਗਿਣਿਆ ਗਿਆ ਹੈ। ਹਰ ਮਾਂ–ਬਾਪ ਦੀ ਇੱਛਾ ਹੁੰਦੀ ਹੈ ਕਿ ਉਸਦੇ ਬੱਚੇ ਨੂੰ, ਉਸ ਨਾਲੋਂ ਬੇਹਤਰ ਜੀਵਨ ਮਿਲੇ, ਇਸ ਲਈ ਉਹ ਤਰੱਦਦ ਵੀ ਕਰਦਾ ਹੈ, ਚੰਗੇ ਮੰਦੇ ਕੰਮ ਵੀ ਕਰਦਾ ਹੈ। ਪਰ ਉਸਦੀ ਆਪਣੀ ਜੀਵਨ ਸ਼ੈਲੀ ਤੇ ਪੇਟ ਦੀ ਭੁੱਖ, ਬਹੁਤੀ ਵਾਰ ਮਜ਼ਬੂਰ ਕਰ ਦਿੰਦੀ ਹੈ ਕਿ ਉਹ ਬੱਚੇ ਤੋਂ ਬਚਪਨ ਖੋਹ ਕੇ, ਭੁੱਖ ਦੀ ਝੁੱਲਸਦੀ ਅੱਗ ਵਿਚ ਸੁੱਟ ਦੇਵੇ। ਦੁਕਾਨਾਂ, ਮਕਾਨਾਂ, ਜਾਂ ਹੋਰ ਕਿੱਤਿਆ ਵਿਚ ਬੱਚਪਨ ਰੁੱਲਦਾ ਆਮ ਦੇਖਿਆ ਜਾ ਸਕਦਾ ਹੈ। ਮੇਲੇਆਂ ਆਦਿ ਵਿਚ ਤਾਂ ਇਹ ਬੱਚੇ ਉਹ ਕਲਾਕਾਰੀ ਵੀ ਕਰ ਵਿਖਾਉਂਦੇ ਹਨ, ਜੋ ਵਿਸ਼ਵ ਪੱਧਰੀ ਮੁਕਾਬਲਿਆਂ ਵਿਚ ਵੀ ਵੇਖਣ ਨੂੰ ਨਹੀਂ ਮਿਲਦੀ। ਆਪਣੀ ਜਾਨ ਮੁਸ਼ਕਲ ਵਿਚ ਪਾਕੇ ਇਹ ਬੱਚੇ, ਇਕ ਕਿਸਮ ਦੀ ਬਾਲ ਮਜ਼ਦੂਰੀ ਹੀ ਕਰ ਰਹੇ ਹੁੰਦੇ ਹਨ। ਨਤੀਜਾ ਇਹ ਨਿਕਲਦਾ ਹੈ ਕਿ ਬੱਚੇ ਵਿਦਿਆ ਤੋਂ ਵਾਂਝੇ ਰਹਿ ਜਾਂਦੇ ਹਨ ਤੇ ਆਪਣੀ ਕਲਾ ਨੂੰ ਵੀ ਕਿਸੇ ਮੁਕਾਮ ਤੇ ਪਹੁੰਚਾਣ ਤੋਂ ਵਿਰਵੇ ਹੋ ਜਾਂਦੇ ਹਨ। ਅਸੀਂ ਵੀ ਇਕ ਸਮਾਜ ਦੇ ਤੌਰ ਤੇ ਗੈਰ ਜ਼ਿੰਮੇਵਾਰ ਕਿਰਦਾਰ ਨਿਭਾਉਂਦੇ ਹਾਂ। ਸਭ ਕੁੱਝ, ਦੇਖਦੇ ਸਮਝਦੇ ਹੋਏ ਵੀ, ਪਾਸਾ ਵੱਟ ਜਾਂਦੇ ਹਾਂ। (29/12/16)

ਚੱਲੇ ਨਾ ਸਿੱਧੀ ਜ਼ਿੰਦਗੀ

ਜੀਵਨ ਦੀ ਚਾਲ ਸੌਖੀ ਤੇ ਸਿੱਧੀ ਹੋਵੇ, ਇਹ ਹਰ ਇਨਸਾਨ ਦਾ ਸੁਪਨਾ ਹੈ। ਹਰ ਕੋਈ ਚਾਹੁੰਦਾ ਹੈ ਕਿ ਉਸ ਨੂੰ ਲਾਇਨ ਵਿਚ ਨਾ ਲੱਗਣਾ ਪਵੇ। ਉਸਦੇ ਹਰ ਕੰਮ ਨੂੰ ਪਹਿਲ ਮਿਲੇ। ਦੁਨੀਆ ਦਾ ਹਰ ਸੁੱਖ ਅਰਾਮ, ਉਸਦੀ ਪਹੁੰਚ ਵਿਚ ਹੋਵੇ। ਉਸਦੇ ਬੋਲ ਪੁਗਾਉਣ ਲਈ, ਲੋਕ ਪੱਬਾਂ ਭਾਰ ਬੈਠੇ ਹੋਣ। ਉਸਦਾ ਵਪਾਰ, ਉਸਦੀ ਆਮਦਨ, ਉਸਦੀ ਆਸ ਤੋਂ ਵੱਧ ਵੱਧੇ ਜਾਂ ਮਿਲੇ। ਪਰ ਕੀ ਇਹ ਸਭ ਕੁਝ ਹੋ ਸਕਦਾ ਹੈ? ਇਹ ਇਕ ਅਜਿਹਾ ਸੁਪਨਾ ਹੈ ਜਿਸਨੂੰ ਲੈਣਾ ਸੌਖਾ ਹੈ ਪਰ ਜਾਗਦੇ ਹੋਏ ਕਾਇਮ ਰੱਖਣਾ ਬਾਹੁਤ ਮੁਸ਼ਕਲ ਹੈ। ਕੁਦਰਤ ਨੇ ਹਰ ਇਕ ਨੂੰ ਬਣਦਾ ਸੁੱਖ, ਦੁੱਖ ਤੇ ਮੌਕਾ ਦੇਣਾ ਹੁੰਦਾ ਹੈ। ਉਹ ਤਾਂ ਰੁੱਖਾਂ ਨੂੰ ਵੀ ਇਕੋ ਜਿਹਾ ਆਕਾਰ ਨਹੀਂ ਬਖਸ਼ਦਾ, ਕੋਈ ਦੋ ਰੁੱਖਾਂ ਦਾ ਘੇਰਾ ਜਾਂ ਰੂਪ ਇਕੋ ਜਿਹਾ ਨਹੀਂ ਹੁੰਦਾ। ਕਿਸੇ ਜਾਨਵਰ ਦਾ ਮੜੰਗਾ ਦੂਸਰੇ ਨਾਲ ਨਹੀਂ ਮਿਲਦਾ। ਸੁਭਾਅ ਦੀ ਤਾਂ ਗੱਲ ਹੀ ਛੱਡੋ। ਇਹੋ ਅਸੂਲ ਮਨੁੱਖਾਂ ਵਾਸਤੇ ਹਨ। ਮੋਟੇ ਤੌਰ ਤੇ ਤਾਂ ਅਸੀਂ ਵੰਡ ਕਰ ਸਕਦੇ ਹਾਂ, ਪਰ ਕੋਈ ਦੋ ਮਨੁੱਖ ਇਕੋ ਜਿਹੇ ਨਹੀਂ ਹੁੰਦੇ। ਇਹੋ ਹੀ ਜੀਵਨ ਦੀ ਖੂਬਸੂਰਤੀ ਹੈ। ਇਹੋ ਹੀ ਸਾਡੇ ਲਈ ਚੁਣੌਤੀ ਹੈ। ਇਸੇ ਵਖਰੇਵੇਂ ਦੀ ਮਹੱਤਤਾ ਨੂੰ ਸਮਝ ਕਿ ਅਸੀਂ ਆਪੋ ਆਪਣੇ ਜੀਵਨ ਵਿਚ ਰੰਗ ਭਰਨੇ ਹਨ। ਸਾਡੇ ਬੇਢੱਬੇਪਨ ਸਾਡੀ ਮਜ਼ਬੂਰੀ ਨਹੀਂ ਹੋਣੇ ਚਾਹੀਦੇ, ਸਗੋਂ ਇਕ ਖੂਬਸੂਰਤ ਵਿਲੱਖਣਤਾ ਦਾ ਚਸ਼ਮਾ ਮੰਨਣਾ ਚਾਹੀਦਾ ਹੈ। ਆਓ ਕੁਦਰਤ ਦੇ ਕਣ ਕਣ ਨੂੰ ਮਾਣਨਾ ਸਿੱਖੀਏ। (09/12/16)

ਆਲੂਆ ਵੱਲ ਰੁਝਾਨ ਵੱਧਿਆ

ਪੂਰੇ ਪੰਜਾਬ ਵਿਚ ਆਲੂਆ ਦੀ ਫਸਲ ਛੇਵੇਂ ਸਥਾਨ ਤੇ ਹੈ, ਤੇ ਸਬੱਬੀ਼ ਭਾਰਤ ਵਿਚ ਵੀ ਪੰਜਾਬ ਦਾ ਛੇਵਾਂ ਸਥਾਨ ਹੈ। ਪਿਛਲੇ ਸਮੇਂ ਵਿਚ ਆਲੂਆ ਦਾ ਭਾਅ ਵੀ ਠੀਕ ਮਿਲਣ ਲੱਗ ਪਿਆ ਸੀ। ਸਭ ਤੋਂ ਵੱਡੀ ਗੱਲ ਪੰਜਾਬ ਦੇ ਆਲੂ ਦੇ ਕੁੱਲ ਉਤਪਾਦਨ ਦਾ 30 ਪ੍ਰਤੀਸ਼ਤ, ਦੂਜੇ ਰਾਜਾਂ ਵਿਚ ਬੀਜ ਦੇ ਤੌਰ ਤੇ ਵਿਕਦਾ ਹੈ। ਵਾਤਾਵਰਣ ਅਤੇ ਜ਼ਮੀਨ ਦੇ ਗੁਣਾਂ ਕਰਕੇ ਪ੍ਰਤੀ ਏਕੜ ਝਾੜ ਵਿਚ ਵੀ ਪੰਜਾਬ ਦਾ ਤੀਸਰਾ ਨੰਬਰ ਹੈ। ਪਰ ਹਾਲੇ ਕੁਲ ਜ਼ਮੀਨ ਦਾ ਸਿਰਫ ਇਕ ਪ੍ਰਤੀਸ਼ਤ ਹਿੱਸਾ ਹੀ ਆਲੂਆ ਹੇਠ ਹੈ। ਕਪੂਰਥਲਾ, ਜਲੰਧਰ, ਪਟਿਆਲਾ, ਫਤਿਹਗੜ੍ਹ ਅਤੇ ਮੋਗਾ ਆਲੂ ਨੂੰ ਤੀਜੇ ਥਾਂ ਤੇ ਬੀਜਦੇ ਹਨ। ਪਰ ਹੁਣ ਦੂਜੇ ਜ਼ਿਲਿਆ ਦੇ ਲੋਕ ਵੀ ਇਸਦੀ ਅਹਿਮੀਅਤ ਜਾਣ ਗਏ ਹਨ ਅਤੇ ਉਮੀਦ ਹੈ ਕਿ ਇਸ ਸਾਲ ਪੰਜਾਬ ਵਿਚ ਆਲੂ ਕਾਫੀ ਮਾਤਰਾ ਵਿਚ ਹੋਵੇਗਾ ਅਤੇ ਦੇਸ਼ ਦੇ ਬਾਕੀ ਸੂਬਿਆਂ ਦੀ ਬੀਜ ਦੀ ਲੋੜ ਨੂੰ ਪੂਰਾ ਕਰੇਗਾ। ਸ਼ਾਇਦ ਇਹ ਹੀ ਪੰਜਾਬ ਦੇ ਕਿਸਾਨਾਂ ਲਈ ਇਕ ਚੰਗਾ ਮੌਕਾ ਬਣੇ। (30/11/16)

ਮੰਗਣਾ ਵੀ ਕਲਾ ਹੈ

ਹਰ ਮਨੁੱਖ ਨੂੰ ਕਦੇ ਨਾ ਕਦੇ ਤਾਂ ਦੂਸਰਿਆਂ ਤੋ ਮੰਗਣਾ ਪੈ ਹੀ ਜਾਂਦਾ ਹੈ। ਕੋਈ ਵੀ ਮਨੁੱਖ ਆਪਣੀਆਂ ਸਾਰੀਆਂ ਲੋੜਾਂ ਕਦੇ ਵੀ ਆਪ ਪੂਰੀਆਂ ਨਹੀਂ ਕਰ ਸਕਦਾ ਹੈ। ਮੰਗਣਾ ਕਈ ਕਿਸਮ ਦਾ ਹੁੰਦਾ ਹੈ। ਕਿਸੇ ਲਈ ਮੰਗਣਾ, ਸਮਾਜ ਲਈ ਮੰਗਣਾ ਜਾਂ ਆਪਣੇ ਲਈ ਮੰਗਣਾ। ਆਪਣੀ ਪੈਸੇ ਦੀ ਮੰਗ ਮਨਮਾਉਣ ਲਈ ਕਈ ਤਰਾਂ ਦੇ ਪਾਪੜ ਵੇਲਣੇ ਪੈੰਦੇ ਹਨ। ਪਿੰਡਾਂ ਦੀਆਂ ਪੰਚਾਇਤਾ ਨੂੰ ਪਿੰਡ ਵਾਸਤੇ ਪੈਸੇ ਲੀਡਰਾਂ ਕੋਲੋਂ ਮੰਗਣੇ ਪੈਂਦੇ ਹਨ ਤੇ ਇਸ ਲਈ , ਲੀਡਰਾਂ ਦਾ ਧੂਤੂ ਵੀ ਵਜਾਉਣਾ ਪੈਂਦਾ ਹੈ। ਸਰਕਾਰੀ ਮਹਿਕਮਿਆਂ ਵਿਚ ਕੋਈ ਵੀ ਮੰਗ ਪੂਰੀ ਕਰਵਾਉਣ ਲਈ ਕਈ ਕਿਸਮ ਦੇ ਡਰਾਮੇ ਹੁੰਦੇ ਰਹਿੰਦੇ ਹਨ। ਮੰਗਣ ਦੇ ਚੱਕਰ ਵਿਚ ਪਿਆ ਬੰਦਾ ਕਈ ਵਾਰੀ ਆਪਣੀ ਇਜ਼ਤ ਵੀ ਦਾਅ ਤੇ ਲਾਅ ਦੇਂਦਾ ਹੈ। ਜਾਤੀ ਮੰਗਣਾ ਸਾਡੇ ਦੇਸ਼ ਵਿਚ ਇਕ ਵੱਡਾ ਵਪਾਰ ਹੈ। ਸੁਣਿਆ ਹੈ ਕਿ ਸ਼ਹਿਰਾਂ ਦੇ ਚੌਕਾਂ ਵਿਚ ਮੰਗਣ ਦੀ ਬੋਲੀ ਹੁੰਦੀ ਹੈ। ਇਹ ਮੰਗਤੇ ਦਾਅ ਲਾਕੇ, ਗੱਡੀ ਜਾ ਸਕੂਟਰ ਤੋਂ ਸਮਾਨ ਚੋਰੀ ਕਰਕੇ ਭੱਜ ਵੀ ਜਾਂਦੇ ਹਨ। ਇਹਨਾਂ ਤੋਂ ਵੀ ਖਤਰਨਾਕ ਉਹ ਲੋਕ ਹਨ ਜੋ ਮਿੱਠੇ ਬਣ ਕੇ, ਉਧਾਰ ਮੰਗ ਲੈਂਦੇ ਹਨ ਤੇ ਫੇਰ ਫੋਨ ਹੀ ਬੰਦ ਕਰ ਲੈਂਦੇ ਹਨ। ਵਿਦੇਸ਼ਾਂ ਵਿਚ ਵੀ ਮੰਗਤੇ ਹਨ, ਪਰ ਮੈਲੇ ਕੁਚੈਲੇ ਦੀ ਥਾਂ ਸਾਫ ਸੁਥਰੇ ਕਪੜੇ ਪਾਈ ਕਿਸੇ ਸਾਫ ਥਾਂ ਤੇ ਕੋਈ ਨਾ ਕੋਈ ਸਾਜ਼ ਵਜਾਉਂਦੇ ਮਿਲ ਜਾਣਗੇ। ਇਹ ਕਿਸੇ ਨੂੰ ਪਿੱਛੋਂ ਵਾਜਾਂ ਨਹੀ ਮਾਰਦੇ ਨਾ ਹੀ ਖਹਿੜੇ ਪੈਂਦੇ ਹਨ। ਬਸ ਆਪਣੀ ਕਲਾ ਵਿਖਾਉਂਦੇ ਹਨ ਤੇ ਸ਼ਾਮ ਤਕ ਆਪਣੇ ਗੁਜ਼ਾਰੇ ਜੋਗੇ ਪੈਸੇ ਕੱਠੇ ਕਰ ਲੈਂਦੇ ਹਨ। (25/11/16)

ਐਤਕੀਂ ਕਣਕ ਦਾ ਝਾੜ ਘੱਟੇਗਾ ?

ਇਸ ਮਹੀਨੇ ਕਣਕ ਦੀ ਬੀਜਾਈ ਪੂਰੀ ਹੋ ਜਾਂਦੀ ਹੈ। ਇਸ ਲਈ ਜ਼ਰੂਰੀ ਬਣ ਜਾਂਦਾ ਹੈ ਕਿ ਕਿਸਾਨ ਕੋਲ ਸਹੀ ਬੀਜ ਹੋਵੇ। ਇਕ ਖੇਤ ਵਿਚ ਤਕਰੀਬਨ 800 ਤੋਂ 1000 ਰੁਪਏ ਦਾ ਬੀਜ ਪੈ ਜਾਂਦਾ ਹੈ। ਛੋਟੇ ਵੱਡੇ ਕਿਸਾਨਾਂ ਲਈ ਇਹ ਇਕ 'ਰਕਮ' ਬਣ ਜਾਂਦੀ ਹੈ। ਬੀਜ ਲਈ ਕਿਸਾਨ ਨੂੰ ਉਧਾਰ ਘੱਟ ਹੀ ਮਿਲਦਾ ਹੈ। ਬੀਜਾਂ ਵਾਲੇ ਸਣੇ ਖੇਤੀ ਬਾੜੀ ਯੂਨੀਵਰਸਿਟੀ ਸੋਧਿਆ ਹੋਇਆ ਬੀਜ ਨਕਦ ਵੇਚਦੇ ਹਨ। ਚੰਗੇ ਝਾੜ ਲਈ ਜ਼ਰੂਰੀ ਹੋ ਜਾਂਦਾ ਹੈ ਕਿ ਹਰ ਸਾਲ, ਸੋਧਿਆ ਹੋਇਆ ਜਾਂ ਫਾਊਂਡੇਸ਼ਨ ਬੀਜ ਹੀ ਵਰਤਿਆ ਜਾਵੇ। ਇਸ ਨਾਲ ਬੀਮਾਰੀ ਤੋਂ ਵੀ ਬਚਾਅ ਰਹਿੰਦਾ ਹੈ। ਪਰ ਇਸ ਸਾਲ ਇਕ ਅਲੋਕਾਰੀ ਘਟਨਾ ਵਾਪਰ ਗਈ। ਦੇਸ਼ ਵਿਚ 500 ਤੇ 1000 ਦੇ ਨੋਟ ਅਚਾਨਕ ਬੰਦ ਕਰ ਦਿੱਤੇ ਗਏ। ਕਈ ਕਾਰੋਬਾਰਾਂ ਨੂੰ ਪੁਰਾਣੇ ਨੋਟ ਵਰਤਣ ਦੀ ਖੁੱਲ ਦੇ ਦਿੱਤੀ ਗਈ। ਪਰ ਦੇਸ਼ ਦਾ ਢਿੱਡ ਭਰਨ ਵਾਲੇ ਕਿਸਾਨ ਨੂੰ ਬੀਜ ਖਰੀਦਣ ਲਈ ਕੋਈ ਛੋਟ ਨਹੀਂ ਦਿੱਤੀ ਗਈ। ਇਸ ਦਾ ਵੱਡਾ ਨੁਕਸਾਨ ਵੇਖਣ ਨੂੰ ਮਿਲੇਗਾ, ਕਿਉਂਕਿ ਮੌਸਮ ਦੀ ਮਜ਼ਬੂਰੀ ਕਰਕੇ ਕਿਸਾਨਾਂ ਨੇ ਖਾਣ ਵਾਲੀ ਕਣਕ ਹੀ ਬੀਜਣੀ ਸ਼ੁਰੂ ਕਰ ਦਿੱਤੀ ਹੈ। ਇਹ ਨਾ ਤਾਂ ਸੋਧਿਆ ਬੀਜ ਹੈ ਨਾ ਹੀ ਇਕਸਾਰ ਹੈ, ਨਾ ਹੀ ਇਸਦੀ ਉੱਗਣ ਸ਼ਕਤੀ ਪਰਖੀ ਗਈ ਹੈ। ਇਸ ਕਰਕੇ ਉਮੀਦ ਹੈ ਕਿ ਇਸ ਸਾਲ ਪ੍ਰਤੀ ਏਕੜ 2 ਤੋਂ 4 ਕੁਇੰਟਲ ਝਾੜ ਘੱਟ ਹੋਵੇਗਾ। ਜਿੱਥੇ ਇਹ ਕਿਸਾਨ ਨੂੰ ਆਰਥਿਕ ਨੁਕਸਾਨ ਕਰੇਗਾ, ਉੱਥੇ ਹੀ ਦੇਸ਼ ਵਿਚ ਕਣਕ ਦੀ ਘਾਟ ਪੈਦਾ ਹੋਵੇਗੀ। ਪਰ ਸਰਕਾਰਾਂ ਨੇ ਤਾ ਆਪਣੇ ਤਰੀਕੇ ਨਾਲ ਹੀ ਚੱਲਣਾ ਹੁੰਦਾ, ਕਈ ਵਾਰੀ ਛੋਟੀ ਜਿਹੀ ਉਕਾਈ ਵੱਡਾ ਨੁਕਸਾਨ ਕਰ ਜਾਂਦੀ ਹੈ।(17/11/16)

ਪਲ ਪਲ ਉਡੀਕਦੀਆਂ ਦਹਿਲੀਜ਼ਾਂ

ਜਵਾਨੀ ਵਿਚ ਬੰਦਾ ਘਰ ਦੀ ਦਹਿਲੀਜ਼ ਟੱਪ ਦੂਰ ਤਕ ਉਡਾਰੀ ਮਾਰਨਾ ਲੋਚਦਾ ਹੈ। ਕਈ ਆਪਣੇ ਆਪ ਨੂੰ ਇਸ ਲਈ ਸਮਰੱਥ ਸਮਝਦੇ ਹਨ ਤੇ ਕਈ ਆਪਣੀ ਯੋਗਤਾ ਵਧਾਉਣ ਦੀ ਕੋਸ਼ਟ ਵਿਚ ਰਹਿੰਦੇ ਹਨ। ਪਰ ਸੁਪਨੇ ਹਰ ਕੋਈ ਲੈਂਦਾ ਹੈ। ਆਰਥਿਕ ਤੇ ਸਰੀਰਕ ਸੁੱਖ ਦੀ ਲੋਚਾ ਤੇ ਮਨ ਦੇ ਵੱਲਵੱਲਿਆਂ ਨੂੰ ਸੱਚ ਦਾ ਜਾਮਾ ਪੁਆਣ ਦੀ ਕੋਸ਼ਿਸ਼ ਸਫਲ ਵੀ ਹੋ ਜਾਂਦੀ ਹੈ ਤੇ ਕਈ ਵਾਰੀ ਨਿਫਲ ਹੋ ਘੋਰ ਨਿਰਾਸ਼ਾ ਦਾ ਕਾਰਣ ਵੀ ਬਣਦੀ ਹੈ। ਜੋ ਮਨੁੱਖ ਸਫਲ ਹੋ ਕੇ ਦੁਨੀਆ ਦੇ ਸਫਰ ਤੇ ਨਿਕਲ ਪੈਂਦੇ ਹਨ, ਉਹਨਾਂ ਵਿਚੋਂ ਬਹੁਤ ਘੱਟ ਹੁੰਦੇ ਹਨ ਜੋ ਵਾਪਸ ਪਰਤਦੇ ਹਨ। ਅਣਜਾਣੇ ਵਿਚ ਹਾਲਾਤ ਹੀ ਇਹੋ ਜਿਹੇ ਬਣ ਜਾਂਦੇ ਹਨ ਕਿ ਪੈਰਾਂ ਵਿਚ ਸਮਾਜਿਕ ਤੇ ਪਰਵਾਰਿਕ ਜ਼ੰਜ਼ੀਰ, ਲਾਸਟਿਕ ਵਾਂਗ ਘਰ ਤੇ ਪਰਵਾਸ ਵਿਚ ਝੂਟੇ ਦੇਂਦੀ ਆਖਰ ਕਿਸੇ ਥਾਂ ਦਮ ਤੋੜ ਜਾਂਦੀ ਹੈ। ਪਰ ਘਰਾਂ ਨੂੰ ਪਰਤਣ ਤੇ ਸਹਿਜ ਦਾ ਜੀਵਨ ਜੀਊਣ ਦੀ ਖਾਹਿਸ਼ ਆਖਰੀ ਦਮ ਤਕ ਬਣੀ ਰਹਿੰਦੀ ਹੈ। ਦਹਿਲੀਜ਼ਾਂ ਨੇ ਤਾਂ ਉਡੀਕਣਾਂ ਹੀ ਹੁੰਦਾ ਤੇ ਉਡੀਕਦੀਆਂ ਹੀ ਰਹਿ ਜਾਂਦੀਆਂ ਹਨ। ਘਰਾਂ ਚ ਪਈਆਂ ਵਸਤਾਂ ਵੀ, ਉਹਨਾਂ ਨੂੰ ਖਰੀਦਣ ਵਾਲੇ ਦੇ ਹੱਥਾਂ ਦੀ ਛੋਹ ਨੂੰ ਤਰਸਦੀਆਂ ਚੁੱਪ ਚਾਪ ਵਕਤ ਦਾ ਸ਼ਿਕਾਰ ਹੋ ਰਾਹ ਤੱਕਦੀਆਂ ਰਹਿੰਦੀਆਂ ਹਨ। ਦਹਿਲੀਜ਼ਾਂ ਟੱਪ ਕੇ ਜੋ ਤੁਰ ਜਾਂਦੇ ਹਨ, ਸਿਖ ਤਾਂ ਬਹੁਤ ਕੁਝ ਜਾਂਦੇ ਹਨ, ਪਰ ਵਾਪਸ ਆਉਣ, ਇਹ ਹਰ ਇਕ ਲਈ ਮੁਮਕਿਨ ਨਹੀਂ ਹੋ ਸਕਦਾ। ਮਨੁੱਖੀ ਸੁਭਾਅ ਦੇ ਇਸ ਵਰਤਾਰੇ ਦਾ ਕੋਈ ਹੋਰ ਹੱਲ ਵੀ ਤਾਂ ਨਹੀਂ ਹੈ! (10/11/16)

ਧੂੰਆਂ ਤੇ ਧੁੰਦਾਂ ਦੇ ਦਿਨ

ਨਵੰਬਰ ਦਾ ਮਹੀਨਾ ਐਸਾ ਹੁੰਦਾ ਹੈ, ਜਦ ਧਰਤੀ ਤੇ ਪਸਰੀ ਧੁੰਦ ਤੇ ਧੂਏਂ ਵਿਚ ਫਰਕ ਕਰਨਾ ਮੁਸ਼ਕਲ ਹੋ ਜਾਂਦਾ ਹੈ। ਧਰਤੀ ਦੀ ਦਿਨ ਦੀ ਤਪਸ਼ ਤੇ ਰਾਤ ਦੀ ਠੰਡੀ ਹਵਾ ਮਿਲਕੇ ਧੁੰਦ ਬਣਾਉਂਦੇ ਹਨ, ਜੇ ਇਹਨਾ ਵਿਚ 1 ਤੋਂ 5 ਡਿਗਰੀ ਤਕ ਦਾ ਫਰਕ ਹੋਵੇ। ਖੇਤਾਂ ਵਿਚਲੀ ਨਮੀ, ਛੱਪੜਾਂ, ਨਹਿਰਾਂ ਤੇ ਨਦੀਆਂ ਦੀ ਨਮੀ ਧੁੰਦ ਨੂੰ ਵਧਾਉਣ ਵਿਚ ਯੋਗਦਾਨ ਪਾਉਂਦੇ ਹਨ। ਪਹਾੜਾਂ ਤੇ ਸਮੁੰਦਰਾਂ ਵਿਚ ਇਕੋ ਜਿਹਾ ਤਾਪਮਾਨ ਹੋਣ ਕਰਕੇ ਧੁੰਦ ਨਹੀਂ ਹੁੰਦੀ ਹੈ। ਹਵਾ ਵਿਚ ਗੰਦਗੀ ਦੇ ਕਣ ਵੀ ਧੁੰਦ ਨੂੰ ਸੰਘਣੀ ਕਰ ਸਕਦੇ ਹਨ। ਖੇਤਾਂ ਵਿਚ ਝੋਨੇ ਦੀ ਰਹਿੰਦ ਖੂੰਦ ਨੂੰ ਅੱਗ, ਸਾਰੀ ਦੁਨੀਆ ਵਿਚ ਇਕ ਸਮੱਸਿਆ ਹੈ। ਅਮਰੀਕਾ ਵਰਗੇ ਦੇਸ਼ ਵਿਚ ਵੀ ਜੱਟ , ਝੋਨਾ, ਕਣਕ, ਜੌਂ ਜਾਂ ਤਿੱਲਾਂ ਦੀ ਰਹਿੰਦ ਖੂੰਦ ਨੂੰ ਵੱਡੇ ਪੱਧਰ ਤੇ ਅੱਗ ਲਾਉਂਦੇ ਹਨ। ਦੁਨੀਆ ਦੇ ਸਾਰੇ ਖੇਤੀ ਅਦਾਰੇ ਇਸ ਦੇ ਬਦਲ ਲਈ ਖੋਜਾਂ ਕਰਨ ਦੀ ਕੋਸ਼ਿਸ਼ ਕਰ ਰਿਹੇ ਹਨ, ਪਰ ਹਾਲੇ ਤਕ ਕਾਮਯਾਬੀ ਨਹੀਂ ਮਿਲੀ। ਪੰਜਾਬ ਦੇ ਇਕ ਖੋਜੀ ਨੇ , ਬਾਇਓ ਖਾਦ, ਯੂਰੀਆ ਤੇ ਮਿੱਟੀ ਦੇ ਮਿਸ਼ਰਣ ਨਾਲ ਇਕ ਤਰੀਕਾ ਕੱਢਿਆ ਸੀ, ਪਰ ਸਾਡੇ ਅਦਾਰਿਆ ਨੇ ਹਮੇਸ਼ਾਂ ਵਾਂਗ, ਨਿੱਜੀ ਖੋਜਕਾਰਾਂ ਦੀ ਖੋਜ ਹੋਣ ਕਰਕੇ ਠੰਡੇ ਬਸਤੇ ਪਾ ਦਿੱਤੀ। ਖੈਰ ਕੁਝ ਵੀ ਹੋਵੇ ਇਸ ਵੇਲੇ ਬਹੁਤ ਲੋੜ ਹੇ ਕਿ ਹੱਲ ਵਾਹੁੰਦੇ ਕਿਸਾਨ ਤੇ ਉਸਦੇ ਬਲਦ, ਧੂੰਏਂ ਨਾਲ ਹੋਣ ਵਾਲੀਆਂ ਬਿਮਾਰੀਆਂ ਤੇ ਮਿੱਠੀ ਠੰਡ ਨਾਲ ਹੋਣ ਵਾਲੇ ਬੁਖਾਰ ਤੋਂ ਬਚੇ ਰਹਿਣ। (02/11/16)

ਕਰਮ ਨਾਲ ਹੀ ਕਰਮ ਬਣਦੇ

ਅਸੀਂ ਅਕਸਰ ਹੀ ਜਦੋਂ ਕੋਈ ਕੰਮ ਨਾ ਬਣੇ ਜਾਂ ਸਾਡੇ ਵੱਸੋ ਬਾਹਰ ਹੋ ਜਾਵੇ ਤਾਂ ਆਖ ਦੇਂਦੇ ਹਾਂ, ‘ਸਭ ਕਰਮਾਂ ਦੀ ਖੇਡ ਹੈ। ਇਹ ਸਾਨੂੰ ਵੀ ਪਤਾ ਹੁੰਦਾ ਹੈ ਕਿ ਅਸੀਂ ਝੂਠੀ ਤਸੱਲੀ ਦੇ ਜਾਂ ਲੈ ਰਿਹੇ ਹੁੰਦੇ ਹਾਂ, ਪਰ ਫੇਰ ਵੀ ਅਸੀਂ ਆਪਣੇ ਕਸੂਰ ਨੂੰ ਅਗਿਆਤ ਸ਼ਕਤੀਆਂ ਤੇ ਮੜ੍ਹ ਦੇਂਦੇ ਹਾਂ। ਇਹ ਵੱਡਾ ਸੱਚ ਹੈ ਕਿ ਬਿੰਨਾ ਮਿਹਨਤ ਦੇ ਕੁਝ ਵੀ ਸੰਭਵ ਨਹੀਂ। ਬਹੁਤੀ ਵਾਰੀ ਸਾਡੀ ਮਿਹਨਤ ਘੱਟ ਹੁੰਦੀ ਹੈ ਤੇ ਆਸ ਵੱਧ ਹੁੰਦੀ ਹੈ। ਅਸੀਂ ਚਾਹੁੰਦੇ ਹਾਂ ਕਿ ਸਾਰੇ ਪੀਰ ਪੈਗੰਬਰ ਇਕ ਜਾਦੂਗਰ ਬਣ ਕੇ ਸਾਡੇ ਕੰਮ ਕਰ ਦੇਣ, ਹੁਣ ਇਹ ਤਾਂ ਹੋ ਨਹੀਂ ਸਕਦਾ। ਸਾਡੇ ਵੱਡੇ ਵਡੇਰਿਆਂ ਨੇ ਆਪ ਮਿਹਨਤ ਕੀਤੀ ਹੈ ਤੇ ਮਿਹਨਤ ਤੇ ਈਮਾਨਦਾਰੀ ਦਾ ਸੰਦੇਸ਼ ਹੀ ਦਿੱਤਾ ਹੈ। ਮੱਤ ਭੁੱਲੋ ਕੇ ਕੋਈ ਵੀ ਮਿਹਨਤ ਅਜਾਂਈ ਨਹੀਂ ਜਾਂਦੀ, ਬਸ਼ਰਤੇ ਉਸ ਵਿਚ ਈਮਾਨਦਾਰੀ ਸ਼ਾਮਲ ਹੋਵੇ। ਕੱਲੇ ਕਰਮ ਹੀ ਕੁਝ ਨਹੀਂ ਕਰਦੇ। ਕਰਮ ਕਰਨਾ ਵੀ ਪੈਂਦਾ ਹੈ। ਆਓ ਆਪੋ ਆਪਣੀ ਸਰੀਰਕ ਸੁਸਤੀ ਤੇ ਮਨ ਦਾ ਜੰਜ਼ਾਲ ਲਾਹ ਕੇ, ਸੱਚੇ ਸੁੱਚੇ ਕਰਮ ਕਰੀਏ। ਫੇਰ ਦੇਖਿਓ ਲੰਬੀ ਉਮਰ ਕਿਵੇਂ ਸਾਥ ਦੇਂਦੀ ਹੈ। (23/10/16)

ਮੇਲਾ ਲਾਉਂਦਾ ਸੀ ਜਸੋਵਾਲ

ਮੇਲੇ ਲਾਉਣਾ ਹਾਰੀ ਸਾਰੀ ਦਾ ਕੰਮ ਨਹੀਂ ਹੁੰਦਾ। ਮੇਲਾ ਲਾਉਣ ਤੋਂ ਪਹਿਲੋਂ ਉਮਰ ਲਾਉਣੀ ਪੈਂਦੀ ਹੈ। ਲੋਕ ਬੰਦਿਆ ਨਾਲ ਜੁੜਦੇ ਹਨ, ਸੰਸਥਾਵਾਂ ਨਾਲ ਨਹੀਂ। ਸੰਸਥਾਵਾਂ ਕਦੇ ਮੋਲਿਕਤਾ ਨੂੰ ਅੱਗੇ ਨਹੀਂ ਤੋਰਦੀਆਂ, ਇਹੋ ਸੱਚ ਹੈ। ਮੋਲਿਕਤਾ ਕਿਸੇ ਵੀ ਰੂਪ ਵਿਚ ਹੋਵੇ, ਕਲਾ, ਭੋਤਿਕਤਾ, ਸਿਆਸੀ ਜਾਂ ਭਰਮਣ, ਹਮੇਸ਼ਾਂ ਕਿਸੇ ਵਿਅਕਤੀ ਵਿਸ਼ੇਸ਼ ਕਰਕੇ ਹੀ ਅੱਗੇ ਵੱਧਦੀ ਹੈ। ਸੰਸਥਾਵਾਂ ਉੱਤੇ ਆਮ ਤੌਰ ਤੇ ਅਰਧ–ਗਿਆਨੀ ਲੋਕ ਹੀ ਕਾਬਜ਼ ਹੋ ਜਾਂਦੇ ਹਨ। ਲੋਕਾਂ ਵਿਚ ਨਿਰਾਸ਼ਾ ਦਾ ਮੂਲ ਕਾਰਣ, ਇਹੀ ਵਰਤਾਰਾ ਹੈ। ਮੌਲਿਕ ਲੋਕਾਂ ਦੀ ਸਮਝ ਸਮਾਂ ਪਾ ਕੇ ਲੱਗਦੀ ਹੈ, ਉਹ ਹਮੇਸ਼ਾਂ ਆਪਣੇ ਭੋਤਿਕ ਸਮੇਂ ਤੋਂ ਅੱਗੇ ਹੁੰਦੇ ਹਨ, ਇਸ ਲਈ , ਅਰਧ–ਗਿਆਨੀਆਂ ਦੇ ਗੁੱਸੇ ਦਾ ਸ਼ਿਕਾਰ ਬਣਦੇ ਹਨ। ਜਗਦੇਵ ਸਿੰਘ ਜਸੋਵਾਲ ਵਰਗੇ ਦੂਰ–ਅੰਦੇਸ਼ੀ, ਅੱਜ ਦੂਰਬੀਨ ਲਾਇਆ ਵੀ ਨਹੀਂ ਲੱਭਦੇ। (ਫੋਟੋ : 90 ਵੇ ਆਂ ਚ ਮੋਹਨ ਸਿੰਘ ਮੇਲਾ, ਪੰਜਾਬੀ ਭਵਨ, ਲੁਧਿਆਣਾ) (21/10/2016)

ਬੰਦਾ ਕੱਲਾ ਨਹੀਂ ਹੁੰਦਾ

ਪੁਰਾਣੇ ਸੱਮਿਆਂ ਵਿਚ ਔਰਤਾਂ ਦੇ ਸੁਭਾਅ 'ਤੇ ਇਕ ਚੁਟਕਲਾ ਹੁੰਦਾ ਸੀ। 'ਅਖੇ ਦੁਨੀਆ ਦਾ ਸਭ ਤੋਂ ਵੱਡਾ ਝੂਠ ਕੀ ਹੈ ?' ਜਵਾਬ ਸੀ, ' ਤਿੰਨ ਔਰਤਾਂ ਕੱਠੀਆਂ ਬੈਠੀਆਂ ਚੁੱਪ ਹਨ।' ਪਰ ਇਹ ਅੱਜ ਦਾ ਸੱਚ ਹੈ। ਅੱਜ ਤਿੰਨ ਤਾਂ ਕੀ ਜੇ ਤੀਹ ਵੀ ਹੋਣ ਤਾ ਸਭ ਚੁੱਪ ਹੁੰਦੀਆਂ ਹਨ। ਸਭ ਆਪੋ ਆਪਣੇ ਫੋਨ ਤੇ ਉਂਗਲਾਂ ਨਾਲ ਡਾਂਸ ਕਰ ਰਹੀਆਂ ਹੁੰਦੀਆਂ ਹਨ। ਪਰ ਇਸਦਾ ਮਤਲਵ ਇਹ ਨਹੀਂ ਕਿ ਬੰਦੇ ਅਕਲਮੰਦ ਹਨ। ਇਹ ਬੀਮਾਰੀ ਚਾਰੇ ਪਾਸੇ ਫੈਲ ਚੁੱਕੀ ਹੈ। ਕਿਸੇ ਨੂੰ ਵੀ ਫੋਨ ਕਰਲੋ, ਜਵਾਬੀ ਅਵਾਜ਼ ਤੋਂ ਪਤਾ ਲੱਗ ਜਾਵੇਗਾ ਕਿ ਸਾਹਿਬ ਬਾਥਰੂਮ ਵਿਚ ਹਨ। ਖੇਤ ਨੂੰ ਪਾਣੀ ਲਾਉਣ ਗਿਆ ਜੱਟ ਵੀ ਫੋਟੋਆ ਪਾਈ ਜਾਂਦਾ। ਹਾਲਾਤ ਇਹ ਹੋ ਗਏ ਹਨ ਕਿ ਅਰਥੀ ਨਾਲ, ਸ਼ਮਸ਼ਾਨ ਵਿਚਲੇ ਸਿਵੇ ਨਾਲ ਵੀ ਲੋਕ ਸੇਲਫੀਆ ਪਾਈ ਜਾਦੇ ਹਨ, ਅਖੇ ' ਸਾਡਾ ਆਖਰੀ ਸਾਥ '। ਲੋਕਾਂ ਵਾਲੀ ਤਾਂ ਕਮਾਲ ਹੀ ਹੋਈ ਪਈ ਹੈ। ਮੇਲੇ ਵਿਚ ਝੂਟੇ ਲੈਣ ਜਾਂਦੇ ਹਨ। 15 ਰੁਪਏ ਟਿਕਟ ਲਾਕੇ ਉਪਰੋਂ ਮੇਲਾ ਦੇਖਣ ਦੀ ਬਜਾਏ, ਫੋਨ ਦੇ ਨਸ਼ੇ ਵਿਚ ਟੱਲੀ ਰਹਿੰਦੇ ਹਨ। ਫੋਨ ਅੱਜ ਹਰ ਇਕ ਦਾ ਸਾਥੀ ਬਣ ਗਿਆ ਹੈ। ਹੁਣ ਕਿਸੇ ਮਨੁੱਖੀ ਸਾਥ ਦੀ ਲੋੜ ਨਹੀਂ ਰਹਿ ਗਈ। ਹੁਣ ਤਾ ਇਹ ਵੀ ਲੱਗਣ ਲੱਗ ਪਿਆ ਹੈ ਕਿ ਆਉਣ ਵਾਲੇ ਸਮੇਂ ਵਿਚ ਬੱਚੇ ਸਣੇ 'ਸਿਮ ਕਾਰਡ ' ਹੀ ਜੰਮਣ। ਬਸ ਰਿਚਾਰਜ ਹੀ ਕਰਨਾ ਬਾਕੀ ਹੋਵੇ। ਦੇਖੋ ਦੁਨੀਆ ਕੀ ਰੰਗ ਦਿਖਾਉਂਦੀ ਹੈ? (07/10/2016)

ਵਕਤ ਨਾਲ ਜੰਗ

ਜਨਮ ਤੋਂ ਹੀ ਹਰ ਜੀਵ ਜੰਗ ਲੜਨੀ ਸ਼ੁਰੂ ਕਰ ਦਿੰਦਾ ਹੈ। ਜਿਊਣ ਲਈ, ਪਹਿਲੀ ਜੰਗ ਮਾਂ ਬਾਪ ਨਾਲ ਭੁੱਖ ਮਿਟਾਉਣ ਖਾਤਰ ਲੜਦਾ ਹੈ। ਭਾਂਵੇਂ ਉਹ ਰੋ ਕੇ ਜਿੱਤ ਵੀ ਜਾਂਦਾ ਹੈ ਪਰ ਗੱਲ ਇੱਥੇ ਹੀ ਨਹੀਂ ਖਤਮ ਹੁੰਦੀ। ਆਲੇ ਦੁਆਲੇ ਨਾਲ ਜੰਗ, ਠੰਡ ਗਰਮੀ ਨਾਲ ਜੰਗ, ਬਿਮਾਰੀਆਂ ਨਾਲ ਜੰਗ, ਸਾਥੀਆਂ ਤੋਂ ਅੱਗੇ ਨਿਕਲਣ ਦੀ ਜੰਗ, ਕੰਮ ਕਾਰ ਜਾਂ ਨੌਕਰੀ ‘ਚ ਵੱਧ ਤੋਂ ਵੱਧ ਲਾਭ ਪਾਉਣ ਲਈ ਜੰਗ, ਦੁਨੀਆ ਵਿਚ ਨਾਮ ਕਮਾਉਣ ਲਈ ਜੰਗ, ਤਾਕਤ ਦੀ ਸਿਖਰਲੀ ਪੌੜੀ ਚੱੜ੍ਹ, ਥੱਲੇ ਨਾ ਖਿਸਕਣ ਦੀ ਜੰਗ। ਮਤਲਵ ਕਿ ਸਾਰੀ ਉਮਰ ਜੰਗ ਹੀ ਜੰਗ। ਤੇ ਹਰ ਜੰਗ ਢਾਅ ਜਾਂਦੀ ਹੈ, ਕਿੰਨਾਂ ਕੁਝ ? ਘਰ ਘਾਟ, ਰਿਸ਼ਤੇ ਨਾਤੇ , ਮਿੱਤਰ ਪਿਆਰੇ, ਸੋਚ ਦੇ ਦਾਇਰੇ, ਮਨ ਦੇ ਚਸ਼ਮੇ ਆਦਿ ਆਦਿ, ਸਭ ਕੁਝ ਹੀ ਤਾਂ ਤਬਾਹ ਹੋ ਜਾਂਦਾ ਹੈ। ਤੇ ਜਿਸ ਫ਼ਲ ਦੀ ਆਸ ਵਿਚ ਇਹ ਸਭ ਕੁਝ ਕੀਤਾ ਹੁੰਦਾ ਹੈ, ਉਹ ਹੋਰ ਦੂਰ ਹੋ ਜਾਂਦਾ ਹੈ। ਸਿਆਣੇ ਕਹਿੰਦੇ ਹਨ ਕਿ ‘ਜਦ ਤਰਕ ਮੁੱਕ ਜਾਵੇ, ਹਥਿਆਰ ਚਮਕਣ ਲੱਗ ਪੈਂਦੇ ਹਨ।” ਪਰ ਕੌਣ ਸੁਣਦਾ ਹੈ ਇਸ ਸਭ ਕਾਸੇ ਨੂੰ, ਅੱਖਾਂ ਵਿਚ ਉੱਤਰੇ ਖੂਨ ਨੇ ਹੀ 47–65–71 ਦਾ ਇਤਿਹਾਸ ਰੱਚਿਆ ਹੈ। ਲੱਖਾਂ ਮਾਵਾਂ ਦੇ ਪੁੱਤ ਖੂਨ ਨਾਲ ਲੱਥ ਪੱਥ ਹੋ ਧਰਤੀ ਦੀ ਗੋਦ ਵਿਚ ਜਾ ਸੁੱਤੇ। ਪਰ ਤਾਕਤ ਦੇ ਵਪਾਰੀਆਂ ਦੇ ਪੁੱਤਾਂ ਦੇ ਹੱਥ ਤਾਂ ਹਥਿਆਰਾਂ ਨੂੰ ਛੂੰਹਦੇ ਵੀ ਨਹੀਂ, ਮਤੇ ਹਥਿਆਰ ਅਪਵਿੱਤਰ ਨਾ ਹੋ ਜਾਣ। ਅੱਜ ਵੀ ਇਸ ਹਵੇਲੀ ਨੂੰ ਸਮਝ ਨਹੀਂ ਲੱਗਦੀ ਕਿ ਕਿਉਂ ਕਿਲਕਾਰੀਆਂ ਦੀਆਂ ਅਵਾਜ਼ਾਂ, ਚੀਖਾਂ ਵਿਚ ਬਦਲ ਗਈਆਂ? ਹੇ ਸਿਰਜਨਹਾਰੇ, ਆਪਣੀ ਸਿਰਜਨਾ ਨੂੰ ਸੁਮੱਤ ਬਖਸ਼ੀ। (30/09/16)

ਚੱਲ, ਢੋਲ਼ ਬਜਾਈਏ, ਰੋਟੀ ਖਾਈਏ

ਪੰਜਾਬ ਵਿਚ ਮੇਲੇ, ਲੋਕ ਆਪਣੀ ਆਸਥਾ ਦੀ ਪੂਰਤੀ ਜਾਂ ਅਣਪੂਰਨ ਖਾਹਸ਼ਾਂ ਲਈ ਅਰਦਾਸ ਕਰਨ ਲਈ ਬੜੀ ਯੋਗ ਥਾਂ ਸਮਝਦੇ ਹਨ। ਮੇਲੇਆ ਦਾ ਇਤਿਹਾਸ ਸਦੀਆ ਪੁਰਾਣਾ ਹੇ। ਹਰ ਖਿੱਤੇ ਵਿਚ ਕੋਹੀ ਨਾ ਕੋਈ ਐਹੋ ਜਿਹੀ ਥਥ ਹੁੰਦੀ ਹੈ , ਜਿੱਥੇ ਸਾਲ ਵਿਚ ਘੱਟੋ ਘੱਟ ਇਕ ਵਾਰੀ ਭਰਪੂਰ ਰੌਣਕ ਲੱਗਦੀ ਹੈ। ਜਿੱਥੇ ਇਹ ਮੇਲੇ ਲੋਕਾਂ ਦੇ ਮਾਨਸਿਕ ਤਣਾਅ ਨੂੰ ਦੂਰ ਕਰਦੇ ਹਨ, ਉੱਥੇ ਹੀ ਇਹ ਵਪਾਰ ਦੇ ਵੱਡੇ ਕੇਂਦਰ ਬਣ ਜਾਦੇ ਹਨ। ਖਾਣ ਪੀਣ ਤੋਂ ਲੈਕੇ, ਸੌਦੇ ਪੱਤੇ, ਖਿਡਾਉਣੇ, ਹਾਰ ਸ਼ਿੰਗਾਰ ਤੇ ਮੰਨੋਰੰਜਨ ਇਸ ਦੇ ਮੁੱਖ ਹਿੱਸੇ ਹੋ ਨਿਬੜਦੇ ਹਨ। ਇਸਦੇ ਨਾਲ ਹੀ ਸ਼ੁਰੂ ਹੋ ਜਾਂਦੀ ਹੈ, ਮੌਕੇ ਦਾ ਫਾਇਦਾ ਉਠਾਣ ਵਾਲੇ ਲੋਕਾਂ ਦੀ ਆਮਦ। ਅੱਜ ਹਰ ਮੇਲੇ ਵਿਚ ਸਿਆਸੀ ਕਾਨਫਰੰਸਾਂ ਇਸੇ ਲਾਲਚ ਦਾ ਹਿੱਸਾ ਹਨ। ਜਦ ਵੱਡੇ ਲੋਕ ਇਹ ਕੰਮ ਕਰ ਸਕਦੇ ਹਨ, ਤਾਂ ਭੁੱਖੇ ਗਰੀਬਾਂ ਦੇ ਬੱਚੇ ਪਿੱਛੇ ਕਿਵੇਂ ਰਹਿਣ ? ਜੇ ਕਿਸੇ ਵੀ ਮੇਲੇ ਵਿਚ ਧਿਆਨ ਨਾਲ ਵੇਖੋ ਤਾਂ ਕਈ ਬੱਚੇ ਤੁਹਾਨੂੰ ਦੇਵੀ ਦੇਵਤੇ ਬਣੇ ਨਜ਼ਰ ਆਉਣਗੇ। ਗਰਮੀ ਸਰਦੀ ਵਿਚ ਇਹ ਧਰਮ ਦੇ ਨਾਮ ਤੇ ਪੈਸਿਆਂ ਵਾਲਾ ਠੂਠਾ ਤੁਹਾਡੇ ਅੱਗੇ ਕਰ ਦੇ਼ਦੇ ਹਨ। ਜੇ ਗੱਭਰੂ ਮੇਲੇ ਵਿਚ ਢੋਲ ਤੇ ਨੱਚ ਕੇ ਇਨਾਮ ਕੱਠਾ ਕਰ ਸਕਦੇ ਹਨ, ਤਾਂ ਇਹ ਛੋਟਾ ਬੱਚਾ, ਢੋਲ ਤੇ ਡਗਾ ਲਾ ਕਿ ਰੋਟੀ ਜੋਗੇ ਪੇਸੇ ਕਮਾਉਣ ਦਾ ਪੁਰਾ ਹੱਕਦਾਰ ਹੈ। ਭਾਵੇਂ ਬਚਪਨ ਰੁੱਲ ਰਿਹਾ ਹੈ, ਪਰ ਨਿਮਰਮ ਦੇਸ਼ ਪ੍ਰਬੰਧਕ, ਇਸ ਢੋਲ਼ ਦੀ ਪੁਕਾਰ ਸੁਨਣ ਦੇ, 70 ਸਾਲਾਂ ਬਾਅਦ ਵੀ ਆਦੀ ਨਹੀਂ ਹੋਏ ਹਨ। (24/09/16)

ਜ਼ਹਿਰ ਦਾ ਵਪਾਰ

ਸਾਡੇ ਦੇਸ਼ ਵਿਚ ਆਜ਼ਾਦੀ ਦਾ ਅਸਲੀ ਫਾਇਦਾ ਤਾਂ ਉਹ ਲੋਕ ਉਠਾਉਂਦੇ ਹਨ, ਜਿਹਨਾਂ ਨੂੰ ਕਨੂੰਨ ਕਾਬੂ ਕਰਨਾ ਆਉਂਦਾ ਹੈ। ਬਾਕੀ ਤਾਂ ਸਭ ਮੱਛੀਆਂ ਵਾਂਗ ਇਹਨਾਂ ਦਾ ਖਾਜਾ ਹੀ ਬਣਦੇ ਹਨ। ਬਜ਼ਾਰ ਵਿਚ ਖਾਣ ਪੀਣ ਦਾ ਸਮਾਨ ਵੇਚਦੀਆਂ ਰੇਹੜੀਆਂ ਹੀ ਲੈ ਲਵੋ, ਕਿਸੇ ਸਬਜ਼ੀ, ਕਿਸੇ ਫੱਲ ਤੇ ਰੇਟ ਹੀ ਨਹੀਂ ਲਿਖਿਆ ਹੁੰਦਾ। ਕਾਰਣ ਸਪਸ਼ਟ ਹੈ, ਜਿਹੋ ਜਿਹਾ ਗਾਹਕ, ਉਹੋ ਜਿਹਾ ਰੇਟ। ਪੰਜਾਬੀ ਲੁੱਟ ਹੋਣ ਦੇ ਆਦੀ ਹੋ ਚੁੱਕੇ ਹਨ। ਫੱਲਾਂ ਨੂੰ ਰੰਗ ਤੇ ਨਕਲੀ ਮਿੱਠੇ ਦੇ ਟੀਕੇ ਲਾਏ ਜਾਂਦੇ ਹਨ ਤੇ ਸਿਕੇ ਨਾਲ ਸੁਰਾਖ ਬੰਦ ਕੀਤਾ ਜਾਦਾ ਹੈ। ਕੈਮੀਕਲ ਦੀਆਂ ਪੁੜੀਆਂ, ਹਿਮਾਚਲ ਜਾਂ ਕਸ਼ਮੀਰ ਵਿਚ ਹੀ ਪੇਟੀਆਂ ਵਿਚ ਰੱਖ ਦਿੱਤੀਆ ਜਾਂਦੀਆਂ ਹਨ। ਭਾਵੇਂ 2006 ਵਿਚ ਬਣੇ ਖੁਰਾਕ ਕਨੂੰਨ ਵਿਚ 10 ਲੱਖ ਤਕ ਜੁਰਮਾਨਾ ਤੇ ਉਮਰ ਕੈਦ ਤਕ ਦੀ ਸਜ਼ਾ ਦਾ ਜ਼ਿਕਰ ਹੈ, ਪਰ ਕਨੂੰਨ ਕੋਣ ਪੜ੍ਹਦਾ ਹੈ ? ਹਰ ਰੇੜੀ ਵਾਲਾ ਰੋਜ਼ਾਨਾ 40–50 ਰੁਪਏ ਅਗਿਆਤ ਸ਼ਕਤੀਆਂ ਨੂੰ ਭੇਟਾ ਕਰਦਾ ਹੈ ਤੇ ਸ਼ਾਮ ਨੂੰ, ਕਨੂੰਨ ਨੂੰ ਜਾਨਣ ਵਾਲੇ ਹਰ ਰੇੜੀ ਤੋਂ ਚੁਣ ਕੇ ਸਮਾਨ ਲੈ ਜਾਂਦੇ ਹਨ। ਹੁਣ ਆਪ ਹੀ ਸੋਚ ਲੋ, ਤੁਹਾਨੂੰ ਲੁਭਾਣ ਲਈ, ਪੁਚਕਾਰਨ ਲਈ, ਤੁਹਾਡੀਆਂ ਜੇਬਾਂ ਚ ਹੱਥ ਪਾਉਣ ਲਈ, ਜੇ ਰੰਗਦਾਰ ਜ਼ਹਿਰ ਪਾਕੇ ਤੁਹਾਨੂੰ ਫੱਲ ਜਾਂ ਸਬਜ਼ੀਆਂ ਵੇਚ ਦਿੰਦੇ ਹਨ ਤਾਂ ਕਿਹੜਾ ਮਾਈ ਕਾ ਲਾਲ, ਇਹਨਾਂ ਦਾ ਕੀ ਵਿਗਾੜ ਲੂ ? ਤੁਹਾਡੇ ਕੋਲ ਬਚਣ ਦਾ ਕੋਈ ਰਾਹ ਨਹੀਂ ਹੈ। ਇਹੋ ਜਿਹੇ ਹਾਲਾਤ ਵਿਚ ਕੈਂਸਰ ਵੀ ਜੇ ਨਾ ਫੈਲੇ ਤਾਂ ਤੁਸੀਂ ਕਿਸਮਤ ਵਾਲੇ ਹੋ। (17/09/2016)

ਚਿਹਰੇ ‘ਚ ਚਿਹਰਾ

ਪੰਜਾਬ ਦੇ ਪਿੰਡਾਂ ਵਿਚ ਹਾਲੇ ਵੀ ਕਈ ਪੁਰਾਣੇ ਰੁੱਖ ਖੜੇ ਹਨ। ਕਈ ਬੋਹੜ ਜਾਂ ਪਿੱਪਲ ਤਾਂ ਸੈਂਕੜੇ ਸਾਲਾਂ ਦੇ ਵੀ ਹਨ। ਕਈ ਸੂਝਵਾਨ ਪੇਂਡੂਆਂ ਨੇ ਇਹਨਾਂ ਦੇ ਥੱਲੇ ਥੜੇ ਬਣਾ ਦਿੱਤੇ ਹਨ ਤੇ ਉੱਥੇ ਬੈਠਦੇ ਵੀ ਹਨ। ਇਹ ਰੁੱਖ ਮਨੁੰਖ ਨੂੰ ਛਾਂ ਤਾਂ ਦੇਂਦੇ ਹੀ ਹਨ, ਨਾਲ ਦੀ ਨਾਲ ਦਰਜਣਾਂ ਪੰਛੀਆਂ ਨੂੰ ਆਸਰਾ ਵੀ ਦੇਂਦੇ ਹਨ। ਇਹਨਾਂ ਵਿਚ ਬਣੀਆਂ ਹੋਈਆਂ ਕੁਦਰਤੀ ਖੋੜ੍ਹਾਂ, ਕਈ ਤਰ੍ਹਾਂ ਦੇ ਪੰਛੀਆਂ ਲਈ ਘਰ ਬਣ ਜਾਂਦੀਆਂ ਹਨ। ਇਹ ਖੋੜ੍ਹਾਂ, ਉੱਲੂਆਂ, ਤੇ ਤੋਤੇਆਂ ਦੇ ਮਨਪਸੰਦ ਟਿਕਾਣੇ ਬਣਦੇ ਹਨ। ਪੰਛੀਆਂ ਨੂੰ ਮਨੁੱਖ ਤੋਂ ਵੀ ਵੱਧ ਡਰ, ਸਪਾਂ, ਕਾਵਾਂ ਜਾਂ ਚਿੜੀਮਾਰਾਂ ਤੋਂ ਹੁੰਦਾ ਹੈ। ਇਹ ਪੰਛੀਆਂ ਦੇ ਅੰਡੇ ਤੇ ਬੱਚਿਆਂ ਦੋਨਾਂ ਨੂੰ ਹੀ ਖਾ ਜਾਂਦੇ ਹਨ। ਜੇ ਇਹਨਾਂ ਖੁੱਡਾਂ ਨੂੰ ਧਿਆਨ ਨਾਲ ਦੇਖੋ ਤਾਂ ਪਤਾ ਚੱਲੇਗਾ ਕਿ ਪੰਛੀ ਕਦੇ ਵੀ ਅਵੇਸਲੇ ਨਹੀਂ ਹੁੰਦੇ ਹਨ। ਨਰ ਤੇ ਮਾਦਾ ਵਾਰੋ ਵਾਰੀ ਖੁਰਾਕ ਲਿਆਉਂਦੇ ਹਨ ਤੇ ਨੇੜੇ ਹੀ ਬੈਠ ਕੇ ਪਹਿਰਾ ਦੇਂਦੇ ਹਨ। ਜੇਕਰ ਕਿਸੇ ਰੁੱਖ ਕੋਲ ਪੰਛੀ ਚੀਕ ਚਿਹਾੜਾ ਪਾ ਰਿਹੇ ਹੋਣ ਤਾ ਸਮਝੋ ਕੋਈ ਸੱਪ ਆਦਿ ਤੁਰਿਆ ਫਿਰਦਾ ਹੈ। ਇਸ ਮੌਕੇ ਤੇ ਪੰਛੀਆ ਦੀ ਮਦਦ ਕਰਨਾ, ਮਨੁੱਖ ਦਾ ਫਰਜ਼ ਬਣ ਜਾਂਦਾ ਹੈ। ਪਰ ਇਸ ਦਾ ਮਤਲਬ ਇਹ ਨਹੀਂ ਕਿ ਸੱਪ ਆਦਿ ਨੂੰ ਮਾਰ ਦਿੱਤਾ ਜਾਵੇ। ਜਿਊਣ ਦਾ ਹੱਕ ਸਭ ਨੂੰ ਹੈ, ਬੇਲੋੜੀ ਬਰਬਾਦੀ ਕਰਨ ਦਾ ਕਿਸੇ ਨੂੰ ਵੀ ਨਹੀਂ। ਸਭ ਤੋਂ ਖੂਬਸੂਰਤ ਇਹ ਵੀ ਹੈ ਕਿ ਜੀਵਾਂ ਨੂੰ ਪਾਲਦੀਆਂ ਇਹ ਖੋੜਾਂ ਆਪ ਵੀ ਕਿਸੇ ਮੁਸਕਰਾਂਉਂਦੇ ਚਿਹਰੇ ਤੋਂ ਘੱਟ ਨਹੀਂ ਹੁੰਦੀਆਂ, ਬਸ ਦੇਖਣ ਵਾਲੀ ਅੱਖ ਚਾਹੀਦੀ ਹੈ। 12/09/16

ਤੈਰਦੇ ਸੁਫ਼ਨੇ

ਹਰ ਮਨੁੱਖ ਚਾਹੁੰਦਾ ਕਿ ਉਸ ਦਾ ਨਾਮ ਰਹਿੰਦੀ ਦੁਨੀਆ ਤਕ ਜਿਉਂਦਾ ਰਹੇ। ਇਸ ਲਈ ਉਹ ਹਰ ਹਰਬਾ ਵਰਤਦਾ ਹੈ। ਕੋਈ ਸਾਧ ਬਣਦਾ ਹੈ, ਕੋਈ ਕਿਲ੍ਹਾ ਬਣਵਾਉਂਦਾ ਹੈ ਤੇ ਕੋਈ ਆਪਣੇ ਸਰੀਰ ਨਾਲ ਪੁੱਠੇ ਸਿੱਧੇ ਪੰਗੇ ਲੈਂਦਾ ਹੈ ਆਦਿ ਆਦਿ। ਆਖਰ ਵਿਚ ਸਭ ਦਾ ਨਿਸ਼ਾਨਾ ਹੁੰਦਾ ਹੈ ਕਿ ਕਿਸੇ ਤਰ੍ਹਾਂ ਲੋਕੀ ਉਸਨੂੰ ਯਾਦ ਰੱਖਣ। ਹਰ ਕਿੱਤੇ ਦੇ ਲੋਕ ਆਪੋ ਆਪਣੇ ਤਰੀਕੇ ਨਾਲ ਜੇ ਮਹਾਨ ਨਹੀਂ ਤਾਂ ਘੱਟੋ ਘੱਟ ਮਸ਼ਹੂਰ ਜ਼ਰੂਰ ਹੋਣਾ ਲੋਚਦੇ ਹਨ। ਸਿਆਸਤ ਵੀ ਸਦੀਆਂ ਤੋਂ ਕਈ ਰੂਪਾਂ ਵਿਚ ਇਕ ਕਿੱਤੇ ਵਾਂਗ ਹੀ ਵਰਤੀ ਜਾਂਦੀ ਰਹੀ ਹੈ। ਪਰ ਇਸ ਕਿੱਤੇ ਦੀ ਖਾਸੀਅਤ ਹੈ ਕਿ ਵਾਅਦੇ ਭੁੱਲਣ ਲਈ ਕੀਤੇ ਜਾਂਦੇ ਹਨ। ਘੜੀ ਦੀ ਘੜੀ, ਲੋਕਾਂ ਨੁੰ ਖੁਸ਼ ਕੀਤਾ ਤੇ ਫੇਰ, ਤੂੰ ਕੌਣ ਤੇ ਮੈਂ ਕੋਣ ? ਕਿਸੇ ਇਲਾਕੇ ਵਿਚ, ਕਾਲਜ, ਸਕੂਲ, ਧਰਮਸ਼ਾਲਾ ਜਾਂ ਹਸਪਤਾਲ ਦਾ ਨੀਂਹ ਪੱਥਰ ਰੱਖਣਾ ਇਕ ਵੱਡਾ ਕੰਮ ਗਿਣਿਆ ਜਾਂਦਾ ਹੈ। ਇਤਿਹਾਸ ਫੋਲਿਆਂ ਪਤਾ ਚੱਲਦਾ ਹੈ ਕਿ ਸਦੀਆਂ ਪਹਿਲੋਂ ਮਿਸਰ ਦੀਆਂ ਇਤਿਹਾਸਕ ਇਮਾਰਤਾਂ ਦੀ ਪਹਿਲੀ ਇੱਟ ਉੱਤੇ, ਕੁੱਕੜ ਜਾਂ ਭੇਡੂ ਮਾਰ ਕਿ ਖੂਲ ਡੋਲਿਆ ਜਾਂਦਾ ਸੀ ਤਾਂ ਕਿ ਨੀਂਹ ਮਜ਼ਬੂਤ ਰਹੇ। ਇਸੇ ਤਰ੍ਹਾਂ ਵਲੈਤ ਵਿਚ ਗਾਰਾ ਸੁੱਟ ਕੇ ਇਕ ਖਾਸ ਤੋਲੀਏ ਨਾਲ ਢੱਕਿਆ ਜਾਂਦਾ ਸੀ ਜੋ ਸਥਾਨਿਕ ਕਲਾਕਾਰ ਤੇ ਸੁਨਿਆਰੇ ਬਣਾਉਂਦੇ ਸਨ। ਇਸ ਦੇ ਵਿਚ ਇਕ ਖਾਲੀ ਥਾਂ ਛੱਡੀ ਜਾਂਦੀ ਸੀ ਜਿਸ ਵਿਚ ਉਸ ਦਿਨ ਦੀ ਅਖਬਾਰ ਆਦਿ ਦੱਬ ਦਿੱਤੀ ਜਾਂਦੀ ਸੀ, ਤਾਂ ਕਿ ਸਨਦ ਰਹੇ। ਪਰ ਅੱਜ ਵੀ ਨੀਂਹ ਦੀ ਮਜ਼ਬੂਤੀ ਨੂੰ ਦਰਸਾਉਂਦਾ ਇਹ ਨੀਂਹ ਪੱਥਰ ਕਈ ਦਹਾਕੇ ਤੇ ਕਈ ਸਿਆਸੀ ਸਰਕਾਰਾਂ ਦੇ ਨਾਲ ਨਾਲ ਮੌਸਮ ਵੀ ਜਰ ਗਿਆ ਹੈ। ਕਿਸ ਨੇ, ਕਦੋਂ ਇਹ ਪੱਥਰ ਰਖਿਆ, ਇਹ ਤਾ ਮਿੱਟ ਚੁੱਕਾ ਹੈ, ਪਰ ਹੋ ਸਕਦਾ, ਥੱਲੇ ਕਿਤੇ ਕਿਸੇ ਦਾ ਸੁਫ਼ਨਾ ਤਰਨ ਲਈ ਤਰਸ ਰਿਹਾ ਹੋਵੇ। (04/09/2016)

ਇਹ ਸੁਨਹਿਰੀ ਸ਼ਾਮ

ਸ਼ਾਮ ਤਾਂ ਹਰ ਇਕ ਤੇ ਆਉਣੀ ਹੈ, ਕੀ ਬੰਦਾ, ਕੀ ਜਾਨਵਰ, ਕੀ ਰੁੱਖ ਤੇ ਕੀ ਮੌਸਮ। ਆਮ ਤੋਰ ਤੇ ਅਸੀਂ ਸ਼ਾਮ ਨੂੰ ਮਾੜੇ ਜਾਂ ਢੱਲਦੇ ਰੂਪ ਵਿਚ ਵੇਖਣ ਦੇ ਹੀ ਆਦੀ ਹਾਂ। ਅਸੀਂ ਸਮਝਣ ਲੱਗ ਜਾਂਦੇ ਹਾਂ ਕਿ ਜਿਸਦੀ ਸ਼ਾਮ ਪੈ ਗਈ, ਸਮਝੋ ਉਹ ਗਿਆ। ਪਰ ਅਸਲੀਅਤ ਇਸ ਤੋਂ ਉੱਲਟ ਹੈ। ਜਦ ਕੋਈ ਰਿਟਾਇਰ ਹੋ ਜਾਂਦਾ ਹੈ ਜਾਂ ਧੀ–ਪੁੰਤਰ ਕੰਮ ਸਾਂਭ ਲੈਂਦੇ ਹਨ ਤਾਂ ਸਮਝੋ, ਹੁਣ ਅਸਲੀ ਜੀਵਨ ਸ਼ੁਰੂ ਹੋਇਆ ਹੈ। ਬੇਫਿਕਰੀ ਮਨੁੱਖ ਦੀ ਸਿਹਤ ਨੂੰ ਠੀਕ ਕਰ ਦੇਂਦੀ ਹੈ। ਲਾਲਚ ਦਾ ਪੱਲਾ ਛੁੱਟ ਜਾਂਦਾ ਹੈ ਤੇ ਇਸੇ ਨਾਲ ਹੀ ਵੱਧ ਜਾਂਦਾ ਹੈ ਮਨੁੱਖਤਾ ਨਾਲ ਪਿਆਰ। ਹਰ ਸਾਥੀ ਹੁਣ ਸਾਨੂੰ ਗਾਹਕ ਨਹੀਂ, ਸਗੋਂ ਮਿੱਤਰ ਪਿਆਰਾ ਦਿੱਸਣ ਲੱਗ ਪੈਂਦਾ ਹੈ। ਹਰ ਸ਼ਾਮ ਪਿੰਡ ਤੋਂ ਦੂਰ ਕਿਸੇ ਖੂਹ ਜਾਂ ਝਿੱੜੀ ਦੀ ਥਾਂ ਤੇ ਹਮ ਉਮਰਾਂ ਦੀ ਹਰ ਸ਼ਾਮ ਸੂਰਜ ਤੋਂ ਵੀ ਸੁਨਹਿਰੀ ਹੋ ਨਿਬੜਦੀ ਹੈ। ਛੋਟੇ ਵੱਡੇ, ਸੁੱਖਾਂ ਦੁੱਖਾਂ ਦੀ ਸਾਂਝ ਇਹਨਾਂ ਨੁੰ ਸਹਿਣਯੋਗ ਕਰ ਦਿੰਦੀ ਹੈ। ਬੰਦਾ ਭਾਵੇ ਕਿਸੇ ਵੀ ਵੱਡੇ ਛੋਟੇ ਕੰਮ ਤੋਂ ਵਿਹਲਾ ਹੋਇਆ ਹੋਵੇ, ਇੱਥੇ ਆਕੇ ਨਿਰਛਲ ਤੇ ਨਿਰਮਲ ਹੋ ਜਾਂਦਾ ਹੈ। ਤਜੁਰਬਿਆਂ ਦੇ ਅਥਾਹ ਖਜ਼ਾਨੇ ਹੁੰਦੇ ਹਨ ਇਹਨਾਂ ਕੋਲ, ਪਰ ਪਿੰਡ ਦੀ ਜਵਾਨੀ ਕੋਲ ਵਕਤ ਹੀ ਨਹੀਂ ਹੁੰਦਾ ਇਹਨਾਂ ਤੋਂ ਫਾਇਦਾ ਲੈਣ ਦਾ। ਪਰ ਇਹ ਵੀ ਸੱਚ ਹੀ ਰਹਿਣਾ ਕਿ ਹਰਇਕ ਨੇ ਆਪਣਾ ਸੁਨਹਿਰੀ ਸਮਾਂ ਬਿਤਾਉਣ ਇੱਥੇ ਹੀ ਆਉਣਾ ਹੈ। ਜੋ ਨਹੀਂ ਆ ਸਕਣਗੇ ਉਹਨਾਂ ਦਾ ਰੱਬ ਰਾਖਾ (25/08/16)

ਨਾ ਖੁਰਨਾ, ਨਾ ਤਰਨਾ

ਘੜਾ ਸਾਡੇ ਸੱਭਿਆਚਾਰ ਦਾ ਇਕ ਪੁਰਾਤਨ ਅੰਗ ਹੈ। ਆਵੇ ਵਿਚ ਪੱਕਿਆ ਘੜਾ ਦਰਿਆਓਂ ਪਾਰ ਲਾ ਦੇਂਦਾ ਹੈ ਤਾਂ ਕੱਚਾ ਘੜਾ ਸੋਹਣੀ ਨੂੰ ਅੱਧ ਵਿਚਕਾਰ ਵੀ ਡੋਬ ਦੈਂਦਾ ਹੈ। 30–40 ਸਾਲ ਪਹਿਲੋ਼ ਤਕ ਘਰਾਂ ਦੇ ਫਰਿਜ, ਘੜੇ ਹੀ ਮੰਨੇ ਜਾਂਦੇ ਸਨ। ਗਰਮੀਆਂ ਘੜੇ ਦ ਠੰਡੇ ਮਿੱਠੇ ਪਾਣੀ ਦੇ ਸਹਾਰੇ ਹੀ ਕੱਟਦੀਆਂ ਸਨ। ਖੂਹਾਂ ਤੋਂ ਪਾਣੀ ਭਰਨ ਦਾ ਵਧੀਆਂ ਸਾਧਨ ਸਨ। ਇਹਨਾ ਮਿੱਟੀ ਦੇ ਘੜਿਆਂ ਨੂੰ ਪਹਿਲੀ ਮਾਰ ਪਲਾਸਟਿਕ ਦੇ ਰੰਗਦਾਰ ਘੜਿਆਂ ਨੇ ਦਿੱਤੀ। ਹੁਣ ਕੋਈ ਆਸ਼ਕ ਗੁਲੇਲ ਨਾ ਘੜਾ ਨਹੀਂ ਤੋੜ ਸਕਦਾ ਸੀ। ਘੜੇ ਤੇ ਹਜ਼ਾਰਾ ਗੀਤ ਤੇ ਬੋਲੀਆਂ ਹਨ। ਅਖਾਣ ਵੀ ਬਹੁਤ ਹਨ, ਪਰ ਇਕ ਅਖਾਣ ਸਭ ਤੋਂ ਅਕਲਮੰਦੀ ਦਾ ਹੈ, ' ਛੋਟੇ ਘੜੇ ਦੇ ਵੱਡੇ ਕੰਨ ਹੁੰਦੇ ਹਨ ' , ਇਸ ਬਹੁਪਰਤੀ ਅਖਾਣ ਨੂੰ ਸਮਝਣਾ ਹਾਰੀ ਸਾਰੀ ਦਾ ਕੰਮ ਨਹੀਂ। ਘੜੇ ਦਾ ਇਤਿਹਾਸ ਬਹੁਤ ਪੁਰਾਣਾ ਹੈ, ਈਸਾਈਆ ਵਿਚ ਅਬਰਾਹਮ ਦੇ ਵੇਲੇ ਵੀ ਜ਼ਿਕਰ ਹੈ ਤੇ ਈਸਵੀ ਤੋਂ 8 ਸਦੀਆਂ ਪਹਿਲਾਂ ਵੀ ਮੁਸਲਮਾਨਾਂ ਦੇ ਇਤਿਹਾਸ ਵਿਚ ਦਰਜ ਹੈ, ਬਾਕੀ ਕਨ੍ਹੈਹੀਆ ਜੀ ਬਾਰੇ ਤਾਂ ਸਭ ਨੂੰ ਪਤਾ ਹੀ ਹੈ। ਸਿੱਖਾਂ ਦੇ ਦੂਜੇ ਗੂਰੁ ਸਾਹਿਬ ਜੀ ਦੀ ਜਲ ਸੋਵਾ ਕਿਸੇ ਨੂੰ ਭੁੱਲੀ ਨਹੀਂ। ਸ਼ਾਇਦ ਮਨੁੱਖ ਨੇ ਘੜਾ ਹੀ ਸਭ ਤੋਂ ਪਹਿਲਾ ਬਰਤਨ ਬਣਾਇਆ ਹੋਵੇ। ਪਰ ਅੱਜ ਦੀ ਤਰੀਕ ਵਿਚ ਘੜੇ ਦੀ ਲੋੜ ਬਹੁਤ ਘੱਟ ਗਈ ਹੈ। ਸੱਚੀ ਮੁੱਚੀਂ ਘੜੇ ਠੀਕਰ ਬਣਦੇ ਜਾ ਰਿਹੇ ਹਨ ਜਾਂ ਬੇਆਬਾਦ ਥਾਵਾਂ ਤੇ ਆਰਾਮ ਕਰ ਰਹੇ ਹਨ, ਹੁਣ ਇਹ ਨਾ ਖੁਰਨ ਜੋਗੇ ਹਨ, ਨਾ ਤਰਨ ਜੋਗੇ  (20/08/16)

ਬੇਬੇ ਨੇ ਬਾਜ਼ੀ ਮਾਰੀ

ਅੱਜ ਕੱਲ ਤੀਆਂ ਦਾ ਮੌਸਮ ਹੈ। ਹਰ ਪਾਸੇ, ਖਾਸ ਕਰਕੇ ਸ਼ਹਿਰਾਂ ਵਿਚ ਹਰ ਸੰਸਥਾ ਜਾਂ ਸਕੂਲ-ਕਾਲਜ ਤੀਆਂ ਦਾ ਬੁਖਾਰ ਚੜ੍ਹਾਈ ਫਿਰਦਾ ਹੈ। ਨਾ ਤਾਂ ਇਹਨਾਂ ਲੋਕਾਂ ਨੂੰ ਪਤਾ ਹੈ ਕੇ ਤੀਆਂ ਕਿਓੁਂ ਮਨਾਈਆਂ ਜਾਂਦੀਆਂ ਹਨ ਤੇ ਕਿਸਨੇ ਮਨਾਉਣੀਆਂ ਹੁੰਦੀਆਂ ਹਨ। ਦੇਖਾ ਦੇਖੀ ਬਸ ਆਪੋ ਆਪਣੀ ਮਸ਼ਹੂਰੀ ਲਈ, ਇਸ ਰਸਮ ਦਾ ਘਾਣ ਕਰੀ ਜਾ ਰਿਹੇ ਹਨ। ਸਭ ਤੋਂ ਵੱਡਾ ਅਫਸੋਸ ਉਦੋਂ ਹੁੰਦਾ ਹੈ ਜਦ ਕਿਸੇ ਪੁਰਸ਼ ਨੂੰ ਮੁੱਖ ਮਹਿਮਾਨ ਬਣਾ ਲੈਂਦੇ ਹਨ। ਇਹਨਾਂ ਭਲੇ ਮਾਣਸਾਂ ਨੂੰ ਕੌਣ ਸਮਝਾਏ ਕਿ ਇਹ ਤਾ ਭਾਈ ਜਿਹੜੀਆਂ ਵਿਆਹੀਆਂ ਜਦ ਪੇਕੇ ਆਉਂਦੀਆਂ ਹਨ ਤਾਂ ਗਿੱਧੇ ਜਾਂ ਬੋਲੀਆਂ ਨਾਲ ਆਪਣਾ ਗੁੱਭ ਗਲਾਟ ਕੱਢਣਾ ਹੁੰਦਾ ਹੈ। ਹੁਮੰਸ ਦੇ ਦਿਨਾਂ ਵਿਚ ਪੀਂਘ ਠੰਡੀ ਹਵਾ ਦਾ ਬੁੱਲਾ ਬਣਦੀ ਹੈ। ਅੱਜ ਕੱਲ ਦੀਆ ਤਾਂ ਭਾਰੇ ਭਾਰੇ, ਰੰਗ ਬਿਰੰਗੇ ਕਪੜੇ ਪਾਕੇ ਪੀਂਘ ਕਿੱਥੇ ਅਸਮਾਨੀ ਲਾ ਸਕਦੀਆਂ ਹਨ। ਇਹ ਤਾਂ ਪੁਰਾਣੇ ਵੇਲੇ ਦੀ ਕੋਈ ਬੇਬੇ ਹੀ ਬੇਫਿਕਰੀ ਨਾਲ ਪੀੱਘ ਅਸਮਾਨੀ ਲਾ ਸਕਦੀ ਹੈ। ਪੀਂਘ ਮੂਲ ਰੂਪ ਵਿਚ, ਵਿਹੜੇ ਚ ਲੱਗੇ ਪਿੱਪਲ ਜਾਂ ਨਿੰਮ ਦੇ ਟਾਹਣੇ ਤੇ ਹੀ ਪਾਈ ਜਾਂਦੀ ਹੈ। ਬਹੁਤ ਘੱਟ ਬੋਹੜ ਦੀ ਵਰਤੋਂ ਕੀਤੀ ਜਾਂਦੀ ਹੈ, ਕਿਉਂਕਿ ਬੋਹੜ ਅਕਸਰ ਉਸ ਥਾਂ ਤੇ ਹੁੰਦਾ ਹੈ, ਜਿੱਥੇ ਪੁਰਸ਼ ਬੈਠਦੇ ਹਨ। ਅੱਜ ਲੋੜ ਹੈ ਕਿ ਪਿੰਡਾਂ ਦੇ ਸਿਆਣੇ ਬੰਦੇ ਤੇ ਖੇਡ ਕਲੱਬਾਂ, ਇਸ ਤਿਓਹਾਰ ਦਾ ਪ੍ਰਬੰਧ ਕਰਨ ਤਾਂ ਕਿ ਮਾਂਵਾਂ ਦੀ ਵਿਰਾਸਤ ਧੀਆਂ ਦੀ ਝੋਲੀ ਪੈ ਸਕੇ । (11/08/16)

ਕਾਹਲੀ ਅੱਗੇ ਗੱਡਾ

ਪੰਜਾਬ ਦੀ ਸ਼ਾਇਦ ਹੀ ਕੋਈ ਸੜਕ ਹੋਵੇਗੀ, ਜਿਸ ਦੀ ਹਿੱਕ ਤੇ ਮਨੁੱਖੀ ਖੂਨ ਨਾ ਡੁੱਲਿਆ ਹੋਵੇਗਾ। ਇਹ ਕੋਈ ਆਲੋਕਾਰੀ ਗੱਲ ਨਹੀਂ ਹੈ। ਜਿੱਥੇ ਸੜਕਾਂ ਵਿਚਲੇ ਟੋਏ ਆਪਣਾ ਯੋਗਦਾਨ ਪਾਉਂਦੇ ਹਨ, ਉੱਥੇ ਸਾਡਾ ਸੁਭਾਅ ਵੀ ਪੂਰਾ ਹਿੱਸਾ ਪਾਉਂਦਾ ਹੈ। ਹਰ ਕੋਈ ਕਾਹਲੀ ਵਿਹ ਹੈ। ਜੇ ਫਾਟਕ ਲੱਗ ਜਾਵੇ ਤਾ 5–5 ਲਾਇਨਾਂ ਲੱਗ ਜਾਂਦੀਆਂ ਹਨ, ਫਾਟਕ ਦੇ ਥੱਲਿਓ ਲੰਘਣ ਵਾਲੇ ਸ਼ੇਰਪੁੱਤ ਅਖਵਾਉਂਣ ਦੇ ਹੱਕਦਾਰ ਬਣ ਜਾਂਦੇ ਹਨ। ਮਾੜਾ ਜਿਹਾ ਕੋਈ ਖੱਬੇ ਨਹੀਂ ਹੋਇਆ, ਝੱਟ ਸੱਜੇ ਪਾਸਿਓ, ਠਾਹ ਰੇਲਿੰਗ ਜਾ ਕਿਸੇ ਹੋਰ ਪੁੱਠੇ ਪਾਸਿਓਂ ਆ ਰਿਹੇ ਵਾਹਨ ਨਾਲ ਗਲਵੱਕੜੀ ਪਾ ਲੈਂਦੇ ਹਨ। ਕਿਸੇ, ਦਫਤਰ, ਜਾਂ ਘਰ ਚੱਲੇ ਜਾਓ, ਕੋਈ ਕੰਮ ਕਰਕੇ ਰਾਜ਼ੀ ਨਹੀਂ, ਪਰ ਉਹੋ ਹੀ ਬੰਦੇ ਸੜਕਾਂ ਤੇ ਗੱਡੀਆਂ, ਸਕੂਟਰ ਇੰਝ ਭਜਾਉਂਦੇ ਹਨ, ਜਿਵੇਂ ਸਾਰੇ ਸਾਲ ਦੇ ਕੰਮ ਇਹਨਾਂ ਨੇ ਜਾਕੇ ਅੱਜ ਹੀ ਪੂਰੇ ਕਰਨੇ ਹੁੰਦੇ ਹਨ। ਜਦੋਂ ਬੱਤੀ ਹਰੀ ਹੁੰਦੀ ਹੈ ਤਾਂ ਕੀ ਬੱਸ, ਕੀ ਕਾਰ ਤੇ ਕੀ ਮੋਟਰਸਾਇਕਲ, ਇੰਝ ਹਾਰਨ ਵਜਾਉਣਗੇ ਕਿ ਜਿਵੇਂ ਬੱਤੀ ਮੂਹਰੇ ਖੜਾ ਬੰਦਾ ਅੰਨਾ ਹੋਵੇ ਜਾਂ ਉਹਨੂੰ ਹਰਾ ਰੰਗ ਨਾ ਦਿਸਦਾ ਹੋਵੇ। ਬਸਾਂ ਦਾ ਤਾਂ ਪੁੱਛੋ ਨਾ। ਕਿਉਂਕਿ ਬਸਾਂ ਨੂੰ ਡਰਾਵਿਰ ਤੇ ਕੰਡਕਟਰ ਕੰਪਨੀ ਤੋਂ ਠੇਕੇ ਤੇ ਲੈ ਕੇ ਆਏ ਹੁੰਦੇ ਹਨ, ਇਸ ਲਈ ਉਹਨਾਂ ਨੂੰ ਬਸ ਤੇਜ਼ ਤੇ ਗਲਤ ਚਲਾਉਣੀ ਹੀ ਪੈਂਦੀ ਹੈ। ਜੇ ਇਹ ਠੇਕੇਦਾਰੀ ਸਿਸਟਮ ਬੰਦ ਹੋ ਜੇ ਤਾਂ, ਇਕਦਮ ਸੁਧਾਰ ਹੋ ਸਕਦਾ ਹੈ, ਦੂਜਾ ਜੇ ਇੰਨਸ਼ੋਰੰਸ ਕੰਪਨੀਆਂ ਸਹੀ ਮੁਆਵਜ਼ਾ ਦੇਣ ਲੱਗ ਪੈਣ ਤਾਂ ਆਪੇ ਕੰਪਨੀ ਵਾਲਿਆਂ ਦੀ ਸੁਰਤ ਟਿਕਾਣੇ ਆ ਜੂ। ਪਰ ਸਾਡੇ ਪੰਜਾਬੀ ਅੰਦਰਲੀ ਕਾਹਲ ਦਾ ਕੋਈ ਇਲਾਜ ਨਹੀਂ। ਇਹ ਤਾਂ ਖਾਣ–ਪੀਣ ਲੱਗੇ ਵੀ ਸੋਚਦੇ ਨਹੀਂ, ਇਸੇ ਲਈ ਪੰਜਾਬ ਦੀ ਮੱਧ ਵਰਗ ਅਬਾਦੀ ਵਿਚ, ਬੇਲੋੜਾ ਮੋਟਾਪਾ, ਸ਼ੂਗਰ ਤੇ ਬਲੱਡ ਪ੍ਰੈਸ਼ਰ ਆਮ ਹੈ। ਹੁਣ ਤੁਸੀਂ ਆਪ ਅੰਦਾਜ਼ਾ ਲਾ ਲੋ ਕਿ ਰੋਜ਼ ਦੁਰਘਟਨਾਵਾਂ ਦੀ ਗਿਣਤੀ ਕਿਉਂ ਵੱਧ ਰਹੀ ਹੈ। (04/08/16)

ਕਲਾ ਹੈ ਸੁਚੱਜੀ ਖੇਤੀ

ਬਹੁਤੇ ਲੋਕਾਂ ਲਈ ਖੇਤੀ ਕਰਨਾ ਇਕ ਮਜ਼ਬੂਰੀ ਹੈ, ਇਹ ਇਕ ਆਮ ਧਾਰਨਾ ਹੇ ਜੋ ਸਾਡੇ ਅੰਦਰੋਂ ਜਾਂਦੀ ਹੀ ਨਹੀਂ। ਸਾਡੇ ਖੇਤੀ ਸਬੰਧੀ ਬਹੁਤੇ ਫੈਸਲੇ, ਸੁਣੀਆਂ ਸੁਣਾਈਆਂ ਗੱਲ ਤੇ ਨਿਰਭਰ ਹੁੰਦੇ ਹਨ ਤੇ ਅਸੀਂ ਹਰ ਕੰਮ ਸਿਰਫ ਓਸ ਵੇਲੇ ਹੀ ਕਰਦੇ ਹਾਂ, ਜਦੋਂ ਸਮਾਂ ਐਨ ਅਖੀਰ ਤੇ ਆ ਜਾਂਦਾ ਹੈ। ਵਿਹਲੇ ਸਮੇਂ ਵਿਚ ਅਸੀਂ ਕਦੇ ਕਿਸੇ ਦੁਕਾਨ ਤੇ ਜਾ ਕੇ, ਬੀਜਾਂ, ਦਵਾਈਆਂ, ਖਾਦਾਂ ਆਦਿ ਦੇ ਭਾਅ ਨਹੀਂ ਪੁੱਛਦੇ, ਸਰਕਾਰ ਕੀ ਸਕੀਮਾਂ ਦੇ ਰਹੀ ਹੈ, ਇਸ ਬਾਰੇ ਕਿਤਿਓ ਵੀ ਜਾਣਕਾਰੀ ਲੈਣ ਦੀ ਕੋਸ਼ਿਸ਼ ਨਹੀਂ ਕਰਦੇ। ਅਸੀਂ ਤਾਂ ਬਸ ਕਿਸੇ ਨਾ ਕਿਸੇ ਦਿਨ–ਸੁਧ ਨੂੰ ਹੀ ਉਡੀਕੀ ਜਾਂਦੇ ਰਹਿੰਦੇ ਹਾਂ। ਕਦੇ ਵੀ ਇਹ ਨਹੀਂ ਸੋਚਦੇ ਕਿ ਖੇਤ ਵਿਚ ਫਸਲ ਉੱਚੀ ਨੀਵੀਂ ਕਿਉਂ ਹੈ? ਫਸਲ ਦਾ ਰੰਗ ਇਕੋ ਜਿਹਾ ਕਿਉਂ ਨਹੀਂ ਹੈ ? ਅਸਲ ਵਿਚ ਅਸੀਂ ਫਸਲ ਪੈਦਾ ਤਾਂ ਕਰ ਲੈਂਦੇ ਹਾਂ ਪਰ ਉਸਦਾ ਪੂਰਾ ਫਾਇਦਾ ਲੈਣ ਲਈ, ਫਸਲ ਦੀ ਕਲਾ ਦਾ ਖਿਆਲ ਨਹੀਂ ਰੱਖਦੇ। ਪਿਛਲੇ ਦਿਨੀਂ, ਕਿਸੇ ਦੇ ਬੋਰ ਤੇ ਜਾਣ ਦਾ ਮੌਕਾ ਮਿਲਿਆ। ਆਲਾ ਦੁਆਲਾ ਦੇਖ ਰੂਹ ਖੁਸ਼ ਹੋ ਗਈ। ਸਾਰੇ ਖੇਤ ਇਕ ਬਰਾਬਰ, ਇਕੋ ਜਿਹੇ ਕੱਦ ਦੀ ਫਸਲ, ਸਾਫ ਤੇ ਕੱਖਾਂ ਰਹਿਤ ਖਾਲੇ, ਬੋਰ ਤੇ ਪੂਰੀ ਸਫਾਈ, ਇਸ ਲਈ ਨਾ ਸੱਪ ਸਪੋਲੀਏ ਨੂੰ ਲੁੱਕਣ ਦੀ ਥਾਂ। ਸਭ ਤੋਂ ਵੱਡੀ ਗੱਲ ਉਹ ਕਿਸਾਨ ਦੀ ਆਪਣੀ ਤਾਂ ਬਹੁਤ ਥੋੜੀ ਜ਼ਮੀਨ ਹੈ ਪਰ ਠੇਕੇ ਤੇ ਲੈਕੇ 60 ਖੇਤ ਵਾਹੁੰਦਾ ਹੈ। ਇਹੋ ਜਿਹੇ ਸੁਚੱਜੇ ਬੰਦੇ ਹੀ ਖੇਤੀ ਵਿਚੋਂ ਚੱਜ ਦੀ ਰੋਟੀ ਖਾਂਦੇ ਹਨ। ਹਰ ਕੰਮ ਨੂੰ ਸਮੱਝ ਤੇ ਸੁਹਜ ਨਾਲ ਕਰਨ ਵਾਲਾ ਇਨਸਾਨ ਜਾਤੀ ਤੇ ਪਰਵਾਰਿਕ ਸੁੱਖ ਵੀ ਜ਼ਰੂਰ ਹੰਡਾਉ਼ਦਾ ਹੈ। ਆਉ ਜੀਵਨ ਵਿਚ ਖੇਤੀ ਨੂੰ ਕਲਾ ਸਮਝ ਕੇ ਖੁਸ਼ਹਾਲੀ ਵੱਲ ਵਧੀਏ। (27/07/16)

ਜੰਗਲੀ ਜੀਵ ਪੰਜਾਬ ਦੇ

ਪੰਜਾਬ ਦੇ ਤਕਰੀਬਨ 50,400 ਵਰਗ ਕਿਲੋਮੀਟਰ ਧਰਾਤਲ ਚੋਂ ਲੱਗਭੱਗ 43,000 ਵਰਗ ਕਿਲੋਮੀਟਰ ਤੇ ਖੇਤੀਬਾੜੀ ਦਾ ਕੰਮ ਹੁੰਦਾ ਹੈ। ਬਾਕੀ ਦੀ ਧਰਤੀ ਉੱਤੇ, ਸ਼ਹਿਰ ਤੇ ਪਿੰਡ ਆਦਿ ਵਸੇ ਹੋਏ ਹਨ। ਬਹੁਤ ਥੋੜੀ ਥਾਂ ਬੱਚਦੀ ਹੈ ਸਾਡੇ ਜੰਗਲੀ ਜੀਵਾਂ ਲਈ। ਪੰਜਾਬ ਵਿਚ 22 ਕਿਸਮ ਦੇ ਜੰਗਲੀ ਜਾਨਵਰ ਹਨ ਤੇ 350 ਤੋਂ ਉੱਤੇ ਪੰਛੀਆਂ ਦੀਆਂ ਕਿਸਮਾਂ ਹਨ। ਪਰ ਹੁਣ ਬਹੁਤ ਸਾਰੇ ਜਾਨਵਰ ਦੂਜੇ ਪਹਾੜੀ ਰਾਜਾਂ ਵਿਚ ਚਲੇ ਗਏ ਹਨ। ਨੀਮ ਪਹਾੜੀ ਇਲਾਕਿਆਂ ਵਿਚ ਚੀਤੇ ਆਦਿ ਸ਼ਿਕਾਰ ਕਰਨ ਆਉਂਦੇ ਸਨ। ਪਰ ਲੋਕਾਂ ਨੇ ਟਰੈਪ  ਤਾਰਾਂ ਲਾ ਕੇ ਸ਼ਿਕਾਰ ਕਰਨਾ ਸ਼ੁਰੂ ਕਰ ਦਿੱਤਾ, ਜਿਸ ਨਾਲ ਜੰਗਲੀ ਸੂਰ ਵੀ ਆਉਣੋਂ ਹੱਟ ਗਏ। ਪੰਜਾਬ ਦੀਆਂ 12 ਬੀੜਾਂ (ਮਾਨਸਾ, ਪਟਿਆਲਾ–4, ਫਿਰੋਜ਼ਪੁਰ –2 ਤੇ ਸੰਗਰੂਰ, ਹੁਸ਼ਿਆਰਪੁਰ, ਰੂਪਨਗਰ, ਗੁਰਦਾਸਪੁਰ ਆਦਿ), 5 ਹਿਰਨ ਪਾਰਕ (ਛੱਤਬੀੜ, ਲੁਧਿਆਣਾ–2,ਪਟਿਆਲਾ, ਬਠਿੰਡਾ) ਤੇ 2 ਰਿਜ਼ਰਵਾਂ (ਹੁਸ਼ਿਆਰਪੁਰ ਤੇ ਗੁਰਦਾਸਪੁਰ) ਵਿਚ ਵੀ ਜੰਗਲੀ ਜੀਵਾਂ ਦੀ ਘਾਟ ਹੈ, ਇਸਦਾ ਇਕ ਕਾਰਨ ਜੰਗਲੀ ਕੁੱਤਿਆਂ ਵਲੋਂ ਗਰੁਪ ਬਣਾ ਕਿ ਦੂਜੇ ਜੀਵਾਂ ਦਾ ਸ਼ਿਕਾਰ ਕਰਨਾ ਵੀ ਹੈ। ਲੁਧਿਆਣੇ ਜ਼ਿਲੇ ਦੇ ਕਈ ਪਿੰਡਾਂ ਵਿਚ 'ਰੋਜ਼ਾਂ' ਦੀਆਂ ਡਾਰਾਂ ਘੁੰਮਦੀਆ ਆਮ ਮਿਲ ਜਾਦੀਆਂ ਹਨ, ਦੋਰਾਹੇ ਦੇ ਇਲਾਕੇ ਵਿਚ ਇਹਨਾਂ ਤੋਂ ਫਸਲਾਂ ਬਚਾਉਣ ਲਈ ਲੋਕਾਂ ਨੇ ਤਾਰਾਂ ਵੀ ਲਾਈਆਂ ਹੋਈਆਂ ਹਨ। ਪਰ ਝੋਨੇ ਦੇ ਸੀਜ਼ਨ  ਵਿਚ ਇਹ ਬਹੁਤ ਖੂਬਸੂਰਤ ਦ੍ਰਿਸ਼ ਪੇਸ਼ ਕਰਦੇ ਹਨ, ਜਿਵੇਂ ਸ਼ਹੀਦ ਕਰਤਾਰ ਸਿੰਘ ਸਰਾਭੇ ਦੇ ਲਾਗਲੇ ਪਿੰਡਾਂ ਵਿਚ ਘਾਹ ਚੁੱਗਦੇ ਤੇ ਅਠਖੇਲੀਆਂ ਕਰਦੇ ਫੋਟੋ ਵਿਚਲੇ ਰੋਜ਼। (24/07/16)

ਮੀਂਹ ਆਇਆਂ ਰੁੱੜ ਜਾਣਗੇ

ਬਰਸਾਤ ਜਿੱਥੇ ਜੀਵਨ ਨੂੰ ਨਵੀਂ ਸ਼ਕਤੀ ਦੇਂਦੀ ਹੈ, ਉੱਥੇ ਹੀ ਕਈ ਕੁਝ ਉਲੱਥ–ਪੁਲੱਥ ਕਰ ਜਾਂਦੀ ਹੈ। ਇਹ ਸਰਕਾਰਾਂ ਦੇ ਹੜਾਂ, ਜਾਂ ਸੀਵਰਜ ਸਬੰਧੀ ਦਾਹਵਿਆਂ ਦਾ ਸੱਚ, ਸਭ ਦੇ ਸਾਹਮਣੇ ਜੱਲ–ਥੱਲ ਕਰ ਦੇਂਦੀ ਹੈ। ਮਨੁੱਖ ਤਾਂ ਆਪਣੀ ਚੁਣੀ ਹੋਈ ਸਰਕਾਰ ਨੂੰ ਦੋਸ਼ ਦੇ ਸਕਦਾ ਹੈ, ਪਰ ਧਰਤੀ ਦੇ ਥੱਲੇ ਜਾਂ ਉੱਤੇ ਵਸਦੇ ਜੀਵ ਤਾਂ ਦੋਸ਼ ਦੇਣ ਦੇ ਕਾਬਲ ਹੀ ਨਹੀਂ। ਉਹਨਾਂ ਨੂੰ ਤਾਂ ਕੁਦਰਤ ਦਾ ਆਦੇਸ਼ ਮੰਨਣਾ ਹੀ ਪੈਂਦਾ ਹੈ। ਮੌਸਮ ਜਾਂ ਜਰਵਾਣਿਆਂ ਨਾਲ ਲੜਾਈ ਆਪ ਹੀ ਲੜਨੀ ਪੈਂਦੀ ਹੈ। ਆਪਣੇ ਆਪ ਨੂੰ ਸਮਰੱਥ ਬਨਾਉਣਾ ਹੀ ਪੈਂਦਾ ਹੈ। ਕੀੜੀਆਂ ਦੀ ਹੀ ਉਦਾਹਰਣ ਲੈ ਲਵੋ, ਦੁਨੀਆ ਵਿਚ ਕੋਈ 22,000 ਕਿਸਮ ਦੀਆਂ ਕੀੜੀਆਂ ਹਨ, ਪਿਛਲੇ 9ਕਰੋੜ 90 ਲੱਖ ਸਾਲ ਤੋਂ ਸਿਰਫ ਬਰਫੀਲੀ ਧਰਤੀ ਨੂੰ ਛੱਡ ਕਿ ਹਰ ਧਰਤੀ ਵਿਚ ਵੱਸਦੀਆਂ ਹਨ। ਇਹਨਾਂ ਦੀਆਂ ਖੁੱਡਾਂ ਇਸ ਤਰੀਕੇ ਨਾਲ ਬਣੀਆਂ ਹੁੰਦੀਆਂ ਹਨ, ਕਿ ਪਾਣੀ ਦਾ ਰਾਹ, ਅੰਦਰਲੀ ਹਵਾ ਹੀ ਬੰਦ ਕਰ ਦੇਂਦੀ ਹੈ। ਇਹ ਵੱਖਰੀ ਗੱਲ ਹੈ ਕਿ ਧਰਤੀ ਦੇ ਬਾਹਰ ਬਣੇ ਕਿੱਲ੍ਹੇ ਵੀ ਕੁਝ ਹੱਦ ਤਕ ਪਾਣੀ ਨੂੰ ਰੋਕ ਲੈਂਦੇ ਹਨ। ਕੀੜੀਆਂ ਦੀ ਇਕ ਹੋਰ ਖਾਸੀਅਤ ਹੈ ਕਿ ਇਹ 700 ਮੀਟਰ ਤਕ ਆਪਣਾ ਰਾਸਤਾ ਯਾਦ ਰੱਖ ਸਕਦੀਆਂ ਹਨ, ਤੇ ਖੂਬ ਘੁਮੱਕੜ ਹਨ। ਇਹਨਾਂ ਦੀ ਚਾਲ ਵੇਖ ਕਿ ਸਿਆਣੇ, ਮੀਂਹ ਦਾ ਅੰਦਾਜ਼ਾ ਵੀ ਲਗਾ ਲੈਂਦੇ ਸਨ। ਇਹ ਇਕੱਲੀਆਂ ਹੀ ਕੁਦਰਤ ਦੇ ਵਰਤਾਰੇ ਦੀਆਂ ਸੂਚਕ ਨਹੀਂ ਹਨ, ਬਾਕੀ ਪ੍ਰਕਿਰਤੀ ਵੀ ਮਨੁੱਖ ਨੂੰ ਸੂਚਨਾ ਦੇਂਦੀ ਰਹਿੰਦੀ ਹੈ, ਪਰ ਸਾਡੇ ਕੋਲ ਟਾਇਮ ਕਿੱਥੇ ਹੈ ? (17/07/16)

ਕਦੋਂ ਆਊ ਆਜ਼ਾਦੀ ?

ਦੇਸ਼ ਨੂੰ ਸਿਆਸੀ ਆਜ਼ਾਦੀ ਮਿਲਿਆਂ 7 ਦਹਾਕੇ ਹੋ ਚੱਲੇ ਹਨ। ਪਰ ਅੱਜ ਵੀ ਪਿੰਡਾਂ ਰਾਹਾਂ ਵਿਚ 70 ਸਾਲ ਪਹਿਲੋਂ ਦੇ ਨਜ਼ਾਰੇ ਮਿਲ ਜਾਂਦੇ ਹਨ। ਅੱਜ ਵੀ ਮੁਟਿਆਰਾਂ ਨੂੰ ਪਾਣੀ ਦੀ ਖਾਤਰ ਦੂਰ ਨੇੜੇ ਜਾਣਾ ਪੈਂਦਾ ਹੈ। ਅੱਜ ਵੀ ਲੋਕਾਂ ਨੂੰ ਆਪਣੇ ਪੀਣ ਵਾਲੇ ਹਿੱਸੇ ਚੋਂ ਦੁੱਧ ਵੇਚਣਾ ਪੈਂਦਾ ਹੈ। ਕੁਝ ਵੀ ਤਾਂ ਨਹੀਂ ਬਦਲਿਆ। ਨੌਕਰੀ ਲਈ ਸਿਫਾਰਸ਼ ਚਾਹੀਦੀ ਹੈ। ਹਰ ਕੰਮ ਲਈ ਰਿਸ਼ਵਤ, ਕੋਰਟਾਂ ਕਚਹਿਰੀਆਂ 'ਚ ਖੱਜਲ ਖੁਆਰੀ ਵੱਧੀ ਹੀ ਹੈ। ਹਰ ਸੜਕ ਤੇ ਟੋਲ ਟੈਕਸ। ਬੁਰਕੀ ਨਾਲ ਵੋਟਾਂ ਦੀ ਖਰੀਦਦਾਰੀ ਪੱਕੀ ਹੋ ਚੁੱਕੀ ਹੈ। ਸੈਕੜੇ ਹੋਰ ਗੱਲਾਂ ਵੀ ਕੀਤੀਆਂ ਜਾ ਸਕਦੀਆਂ ਹਨ। 70 ਸਾਲ ਵਿਚ ਪਿੰਡਾਂ ਦੀਆਂ ਗੱਲੀਆਂ ਨਾਲੀਆਂ ਹੀ ਪੱਕੀਆਂ ਨਹੀਂ ਹੋ ਸਕੀਆਂ। ਧਾਰਮਿਕ ਸਥਾਨ ਵੱਡੇ ਹੋਈ ਜਾਂਦੇ ਹਨ ਤੇ ਸਾਡੀ ਸੋਚ ਬੌਣੀ ਹੋਈ ਜਾਂਦੀ ਹੈ। ਜਾਤ ਪਾਤ ਦਾ ਭੂਤ ਦਿਨ ਬ ਦਿਨ ਸਮਾਜ ਨੂੰ ਖੋਰਾ ਲਾਈ ਜਾ ਰਿਹਾ ਹੈ। ਜੇਕਰ ਕਿਸੇ ਨੂੰ ਇਸ ਸਭ ਦਾ ਕਾਰਣ ਪੁੱਛੋ ਤਾਂ ਉਹ ਕਿਸੇ ਦੂਸਰੇ ਸਿਰ ਦੋਸ਼ ਮੜ ਦੇਂਦਾ ਹੈ। ਹੱਲ ਕਿਸੇ ਕੋਲ ਵੀ ਨਹੀਂ ਹੈ। ਪਰ ਪਿਸ ਸਭ ਰਹੇ ਹਨ। ਇਹ ਇਕ ਐਸਾ ਚੱਕਰ ਬਣ ਗਿਆ ਹੈ ਕਿ ਚਾਹੁੰਦੇ ਹੋਏ ਵੀ ਕੋਈ ਰਾਹ ਨਹੀਂ ਲੱਭ ਰਿਹਾ ਹੈ। ਸਮਝ ਨਹੀਂ ਲੱਗਦੀ ਕਿ, ਕੀ ਅਸੀਂ ਆਜ਼ਾਦ ਹੋਏ ਹਾਂ ਜਾਂ ਚੱਕਰਵਿਊ ਵਿਚ ਫੱਸ ਗਏ ਹਾਂ ? ਪਤਾ ਨਹੀਂ ਆਜ਼ਾਦੀ ਕੱਦੋਂ ਮਿਲੂ ? (07/07/16)

ਘਰਾਂ ਨੂੰ ਮੁੜਦੇ ਲੋਕ

ਪਿੰਡਾਂ, ਕਸਬਿਆਂ, ਸ਼ਹਿਰਾਂ ਤੋਂ ਹਰ ਰੋਜ਼ ਲੋਕ ਕੰਮਾਂ ਕਾਰਾਂ ਲਈ ਘਰੋਂ ਨਿਕਲਦੇ ਹਨ ਤੇ ਸ਼ਾਮ ਨੂੰ ਆਪਣੇ ਆਹਲਣਿਆ ਵਿਚ ਵਾਪਸ ਆਣਾ ਲੋਚਦੇ ਹਨ। ਬਹੁਤੇ ਪਹੁੰਚ ਜਾਦੇ ਹਨ ਤੇ ਕਈ ਪਹੁੰਚਦੇ ਹੀ ਨਹੀਂ। ਇਸੇ ਤਰ੍ਹਾਂ ਪੰਛੀ ਵੀ ਸ਼ਾਮ ਪਈ ਤੇ ਦੱਖਣ–ਪੱਛਮ ਤੋਂ ਆਪਣੇ ਉੱਤਰ–ਪੂਰਬ ਦੇ ਟਿਕਾਣਿਆ ਵੱਲ ਪਰਤਦੇ ਹਨ। ਵਾਪਸੀ ਤੇ ਕੀ ਮਨੁੱਖ, ਕੀ ਪੰਛੀ, ਕੀ ਜਾਨਵਰ ਤੇ ਕੀ ਸੂਰਜ, ਸਭ ਕਾਹਲੀ ਵਿਚ ਹੁੰਦੇ ਹਨ। ਲਾਲੀ ਵਿਚ ਢੱਲਦਾ ਸੂਰਜ ਕਦੋਂ ਛੁਪ ਜਾਂਦਾ ਹੈ, ਬਸ ਸਕਿੰਟਾਂ ਦੀ ਹੀ ਖੇਡ ਹੈ। ਪਸਰਦੇ ਹਨੇਰੇ ਵਿਚ ਬਾਕੀ ਜੀਵਨ ਨੂੰ ਮਸਨੂਈ ਰੋਸ਼ਨੀ ਦੀ ਲੋੜ ਪੈਂਦੀ ਹੈ। ਇਹ ਸਮਾਂ ਜਿਸਨੂੰ ” ਘੁਸਮੁਸਾ ” ਵੀ ਕਹਿੰਦੇ ਹਨ, ਬੜਾ ਹੀ ਖਤਰਨਾਕ ਹੁੰਦਾ ਹੈ। ਮਨ ਵਿਚਲੀ ਕਾਹਲ, ਵਾਹਨ ਨੂੰ ਤੇਜ਼ ਕਰ ਹੀ ਦੇਂਦੀ ਹੈ ਤੇ ਜੇ ਕਿਤੇ ਨਾਲ 'ਲਾਲਪਰੀ' ਦਾ ਅਸਰ ਹੋਵੇ ਤਾਂ ਇਹ ਕਿਸੇ ਲਈ ਜਾਨਲੇਵਾ ਵੀ ਬਣ ਜਾਂਦੀ ਹੈ। ਉਂਜ ਇਹ ਸਮਾਂ ਬੜਾ ਰੋਮਾਂਚਿਕ ਵੀ ਹੁੰਦਾ ਹੈ, ਤਾਰਾਂ ਤੇ ਪੰਛੀਆਂ ਦੀਆਂ ਡਾਰਾਂ, ਰੁੱਖਾਂ ਵਿਚੋਂ ਸੁਣਦੀ ਚਹਿਚਹਾਟ ਤੇ ਅਸਮਾਨ ਦੇ ਬਦਲਦੇ ਰੰਗ, ਸਿਰਜਣਹਾਰੇ ਦੀ ਕਲਾਕਾਰੀ ਦਾ ਕੌਤਿਕ ਬਣ ਜਾਂਦਾ ਹੈ। ਇਹੋ ਜਿਹੇ ਸਮੇਂ ਨੂੰ ਜੇ ਕੋਈ ਮਾਨਣ ਤੋਂ ਇਨਕਾਰੀ ਹੋ ਜਾਵੇ, ਤਾਂ ਸਮਝੋ, ਉਸਨੂੰ ਨਾ ਮਿੱਟੀ ਦੀ ਖੁਸ਼ਬੁ ਦਾ ਪਤਾ ਹੈ ਤੇ ਨਾ ਉਸ ਦੇ ਮਨ ਦੇ ਬੂਹੇ ਖੁਲ੍ਹੇ ਹਨ । (02/06/16)

ਮਿਹਨਤ ਤੇ ਸਰਦਾਰੀ

ਆਮ ਧਾਰਨਾ ਹੈ ਕਿ ਮਜ਼ਦੂਰੀ ਕੀਤੇਆ, ਸਿਰਫ ਰੋਟੀ ਦਾ ਹੀ ਜੁਗਾੜ ਬਣ ਸਕਦਾ ਹੈ, ਜੀਵਨ ਦਾ ਅਨੰਦ ਨਹੀ਼ ਮਾਣਿਆ ਜਾ ਸਕਦਾ। ਲੋਕ ਵੀ, ਕਿਸੇ ਮਜ਼ਦੂਰ ਜਾਂ ਕੰਮ ਵਾਲੇ ਨੂੰ ਬਾਹਲੀ ਇਜ਼ਤ ਨਾਲ ਨਹੀਂ ਬੁਲਾਉ਼ਦੇ। ”ਉਏ” ਕਹਿ ਕੇ ਸੱਦਣਾ ਜਾਂ ਬੁਲਾਉਣਾ, ਆਮ ਜਿਹਾ ਵਰਤਾਰਾ ਬਣ ਗਿਆ ਹੈ। ਜਿਹੜਾ ਬੰਦਾ ਆਪਣਾ ਪਸੀਨਾ ਵਹਾ ਕਿ ਤੁਹਾਡੀ ਸੇਵਾ ਕਰਦਾ ਹੈ, ਅਸੀਂ ਉਸਦੀ ਇਜ਼ਤ ਕਰਨ ਤੋਂ ਕਤਰਾਉਂਦੇ ਹਾਂ, ਜੋ ਸਾਨੂੰ ”ਕੁੰਢੀ” ਲਾ ਜਾਂਦਾ ਹੈ, ਉਸਨੂੰ ਅਸੀ ਸਲਾਮ ਕਰਦੇ ਹਾਂ। ਇਸ ਵਿਚ ਕੁਝ ਕਸੂਰ ਸਾਡੇ ਮਜ਼ਦੂਰ ਮਿਹਨਤੀ ਸਾਥੀਆਂ ਦਾ ਵੀ ਹੈ। ਅਸੀਂ ਅਕਸਰ ਹੀ ਦੇਖਦੇ ਹਾਂ ਕਿ ਉਹ ਭੱਦੇ ਤੇ ਗੰਦੇ ਕਪੜੇ ਪਾਉਂਦੇ ਹਨ। ਇਹ ਜ਼ਰੂਰੀ ਨਹੀਂ ਕਿ ਕਿਸੇ ਕੋਲ ਬਹੁਤ ਕਪੜੇ ਹੋਣ, ਧੋ ਕਿ ਸਾਫ ਤਾਂ ਕੀਤੇ ਹੀ ਜਾ ਸਕਦੇ ਹਨ। ਜੇ ਇਹ ਬਜ਼ੁਰਗ ਐਸ ਉਮਰੇ, ਸਾਫ ਸੁਥਰਾ ਰਹਿ ਕੇ ਰਿਕਸ਼ਾ ਚਲਾ ਸਕਦਾ ਹੈ ਤਾਂ, ਜਵਾਨ ਲੋਕ ਵੀ ਇੰਝ ਕਰ ਸਕਦੇ ਹਨ। ਅਸਲ ਵਿਚ ਅਸੀ ਗਰੀਬੀ ਨੂੰ ਲਾਪਰਵਾਹੀ ਨਾਲ ਜੋੜ ਲੈਂਦੇ ਹਾਂ। ਜੇਕਰ ਸਾਡਾ ਅਕਸ ਸਾਫ ਤੇ ਸੋਹਣਾ ਹੋਵੇਗਾ ਤਾਂ ਲੋਕ ਹਰ ਕਿੱਤੇ ਦੀ ਕਦਰ ਕਰਨਗੇ ਤੇ ਇਸ ਤਰ੍ਹਾਂ ਦੀ ਸਾਫ ਦਿੱਖ ਵਾਲੇ ਬੰਦੇ ਨੂੰ ਨਾ ਕੋਈ ”ੳਏ” ਕਹੇਗਾ ਤੇ ਨਾ ਹੀ ਛੇਤੀ ਕੀਤੇ ਕੋਈ ਪੁਲਸ ਵਾਲਾ ਵੀ ਡੰਡਾ ਮਾਰੇਗਾ। ਸਮਾਜ ਸੇਵੀ ਸੰਸਥਾਵਾਂ ਵੀ, ਮਜ਼ਦੂਰਾਂ ਦੀਆਂ ਕਲੋਨੀਆਂ ਵਿਚ ਜਾਕੇ ਇਸ ਬਾਰੇ ਕੰਮ ਕਰ ਸਕਦੀਆਂ ਹਨ। (27/05/16)

ਤੁਪਕੇ ਦੀ ਤਲਾਸ਼

ਹਰ ਸਾਲ ਗਰਮੀ ਦਾ ਮੌਸਮ ਕੀ ਆਉਂਦਾ ਹੈ, ਮਨੁੱਖ, ਸਣੇ ਪਸ਼ੂ ਪੰਖੀਆਂ ਦੇ ਭਾਅ ਦੀ ਬਣ ਜਾਂਦੀ ਹੈ। ਇਹਨਾਂ ਲਈ ਰੁੱਖਾਂ ਦੀ ਛਾਂ ਹੀ ਕਾਫੀ ਨਹੀਂ ਹੁੰਦੀ, ਪਾਣੀ ਦੀ ਲੋੜ ਵੀ ਇਕ ਅਹਿਮ ਜ਼ਰੂਰਤ ਬਣ ਜਾਂਦੀ ਹੈ। ਪਿੰਡਾਂ ਜਾਂ ਸ਼ਹਿਰਾਂ ਦੇ ਮਨੁੱਖੀ ਵਸੋਂ ਵਾਲੇ ਇਲਾਕੇ ਤਪਣੇ ਸ਼ੁਰੂ ਹੋ ਜਾਂਦੇ ਹਨ। ਸਰਦੇ ਪੁਜਦੇ ਘਰਾਂ ਵਿਚ ਕੂਲਰ ਜਾਂ ਏਸੀ ਚਲਾ ਕੇ ਇਸ ਕਹਿਰ ਤੋਂ ਬਚਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਨਹਿਰਾਂ, ਛਪੜਾਂ ਜਾਂ ਨਦੀਆਂ ਦੇ ਕਿਨਾਰੇ, ਜੰਗਲੀ ਜਾਨਵਰਾਂ ਜਾਂ ਪੰਖੀਆਂ ਦਾ ਸਹਾਰਾ ਬਣਦੇ ਹਨ। ਪਰ ਵਸੋਂ ਵਾਲੇ ਇਲਾਕੇ ਦੇ ਪੰਖੀ ਕਿੱਥੇ ਜਾਣ? ਉਹਨਾਂ ਨੂੰ ਮਨੁੱਖ ਵੱਲ ਹੀ ਦੇਖਣਾ ਪੈਂਦਾ ਹੈ। ਪਰ ਮਨੁੱਖ ਆਪਣੇ ਆਪ ਵਿਚ ਐਨਾ ਰੁੰਝਿਆ ਹੋਇਆ ਹੈ ਕਿ ਉਹ ਪ੍ਰਵਾਹ ਨਹੀਂ ਕਰਦਾ ਤੇ ਕਿਤੇ ਨਾ ਕਿਤੇ ਕੋਈ ਪੰਖੀ ਅਣਿਆਈ ਮੌਤ ਮਰ ਰਿਹਾ ਹੁੰਦਾ ਹੈ। ਲੋੜ ਹੈ ਕਿ ਅਸੀਂ ਆਪੇ ਆਪਣੇ ਘਰਾ ਵਿਚ ਕਿਸੇ ਭਾਡੇ ਵਿਚ ਪਾਣੀ ਪਾ ਕਿ ਰੱਖੀਏ ਤੇ ਹਰ ਰੋਜ਼ ਉਸ ਵਿਚ ਪਾਣੀ ਪਾਈਏ। ਰੋਜ਼ ਰਾਤ ਨੂੰ ਸੌਣ ਤੋਂ ਪਹਿਲੋਂ, ਪਰ ਭਰ ਲਈ ਸੋਚੀਏ ਕਿ , ਕੀ ਮੈਂ ਅੱਜ ਕਿਸੇ ਪੰਖੀ ਦੀ ਜਾਨ ਬਚਾਈ ਹੈ ? ਜੇ ਜਵਾਬ ਹਾਂ ਵਿਚ ਹੋਵਗਾ ਤਾਂ ਦੇਖਣਾ ਕਿੰਨੀ ਸਕੂਨ ਦੀ ਨੀਂਦ ਆਵੇਗੀ। ਕੋਸ਼ਿਸ਼ ਕਰੋ ਕਿ ਇ ਹ ਕੰਮ ਆਪ ਕਰੋ। ਯਾਦ ਰੱਖਿਓ ਨੌਕਰਾਂ ਤੋਂ ਕਰਵਾਏ ਕੰਮ ਦਾ ਪੁੰਨ , ਨੌਕਰ ਨੂੰ ਹੀ ਲੱਗਣਾ ਹੈ, ਤੁਹਾਨੂੰ ਨਹੀਂ। ਆਓ ਪਾਣੀ ਦੇ ਇਕ ਇਕ ਤੁਪਕੇ ਦੀ ਤਲਾਸ਼ ਵਿਚ ਭੱਟਕਦੇ ਪੰਖੀਆਂ ਦਾ ਸਹਾਰਾ ਬਣੀਏ । (24/05/16)

ਅੰਬੀਆਂ ਦਾ ਦੇਸ ਦੁਆਬਾ

ਪੰਜਾਬ ਦੇ ਦੁਆਬੇ ਦੇ ਲੋਕ ਆਪਣੇ ਇਲਾਕੇ ਦੀਆ ਅੰਬੀਆਂ ਤੇ ਬੜਾ ਮਾਣ ਕਰਦੇ ਹਨ। ਇਸੇ ਲਈ "ਅੰਬੀਆਂ ਨੂੰ ਤਰਸੇਂਗੀ, ਛੱਡ ਕੇ ਦੇਸ ਦੁਆਬਾ"  ਬੋਲੀ ਬੜੀ ਮਸ਼ਹੂਰ ਹੈ। ਪਰ ਕਦੇ ਕਿਸੇ ਇਸ ਗੱਲ ਤੇ ਗੌਰ ਕੀਤਾ ਹੈ ਕਿ ਇਹ 'ਦੁਆਬਾ' ਕੀ ਹੁੰਦਾ ਹੈ। ਭੂਗੋਲ ਦੀ ਭਾਸ਼ਾ ਵਿਚ ਦੋ ਦਰਿਆਵਾਂ ਵਿਚਲੀ ਉਹ ਤਿਕੋਣੀ ਧਰਤੀ ਹੁੰਦੀ ਹੈ , ਜੋ ਦੋ ਦਰਿਆਵਾਂ ਦੇ ਮਿਲਣ ਤੇ ਖਤਮ ਹੁੰਦੀ ਹੇ। ਪਹਾੜਾ ਚੋਂ ਚੱਲਦੇ 2 ਦਰਿਆਵਾਂ ਦੇ ਆਪਸ ਵਿਚ ਰੱਲਣ ਤਕ ਦੀ ਧਰਤੀ ਨੂੰ ਦੁਆਬ ਕਹਿੰਦੇ ਹਨ। ਤੁਸੀਂ ਹੈਰਾਨ ਹੋਵੋਗੇ ਕਿ ਭਾਰਤ ਵਿਚ ਕਈ ਦੁਆਬੇ ਹਨ। ਸਭ ਤੋਂ ਵੱਡਾ ਦੁਆਬਾ ਯੂ ਪੀ ਵਿਚ ਹੈ ਜੋ 800 ਕਿਲੋਮੀਟਰ ਲੰਬਾ ਹੈ ਅਤੇ ਇਹ ਜਮਨਾ ਤੇ ਗੰਗਾ ਨਦੀ ਵਿਚਾਲੇ ਹੈ। ਇਸੇ ਤਰ੍ਹਾਂ, ਸਿੰਧ ਸਾਗਰ ਦੁਆਬ (ਇੰਦਸ ਤੇ ਜੇਹਲਮ ਦਰਿਆ), ਜੀਚ ਦੁਆਬ (ਜੇਹਲਮ ਤੇ ਚਨਾਬ), ਰਚਨਾ ਦੁਆਬ (ਚਨਾਬ ਤੇ ਰਾਵੀ), ਬਾਰੀ ਦੁਆਬ (ਰਾਵੀ ਤੇ ਬਿਆਸ), ਬਿਸਤ ਦੁਆਬ (ਬਿਆਸ ਤੇ ਸਤਲੁਜ), ਦਿੱਲੀ ਦੁਆਬ (ਸਤਲੁਜ ਤੇ ਯਮਨਾ ਦੀਆਂ ਹੱਦਾਂ ਵਾਲਾ), ਮਾਲਵਾ ਦੁਆਬ (ਮੱਧ ਪ੍ਹਦੇਸ਼ ਤੇ ਰਾਜਸਥਾਨ) ਤੇ ਰਾਏਚੁਰ ਦੁਆਬ ( ਕਰਿਸ਼ਨਾ ਤੇ ਤੁੰਗਾਬਦਰ ਨਦੀ) ਆਦਿ, ਇਹ ਦੁਆਬਾਂ ਦੀ ਧਰਤੀ ਬੜੀ ਉਪਜਾਊ ਹੁੰਦੀ ਹੈ। ਇੱਥੇ ਕਈ ਉਪ ਬੋਲੀਆਂ ਉੱਪਜਦੀਆਂ ਹਨ। ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ ਅੱਧਾ ਭਾਰਤ ਆਪਣੇ ਆਪ ਨੂੰ ਦੁਆਬੀਆ ਅਖਵਾਉਂਦਾ ਹੈ। (12/05/16)

ਜਾਮਣ ਜੋਬਨ ਤੇ

ਪੰਜਾਬ ਦੇ ਕੁਦਰਤੀ ਰੁੱਖਾਂ ਵਿਚ ਜਾਮਣ ਦਾ ਅਹਿਮ ਸਥਾਨ ਹੈ, ਕਾਲੇ ਸ਼ਾਹ ਜਾਮਣੂ ਤਾਂ ਹਰ ਕੋਈ ਜਾਣਦਾ ਹੈ ਪਰ ਇਸਦੇ ਫੁੱਲਾਂ ਦੀ ਖੂਬਸੂਰਤੀ ਵੀ ਲਾਜਵਾਬ ਹੈ। ਅੱਜਕੱਲ ਇਹ ਪੂਰੇ ਜੋਬਨ ਤੇ ਹਨ। ਜਾਮਣਾਂ ਨੂੰ ਜੰਬੂ, ਜਾਂਬੂ, ਜਾਂਭੁਲ, ਕਾਲਾਜਾਮ, ਬੜਜਾਮ ਆਦਿ ਨਾਵਾਂ ਨਾਲ ਵੀ ਜਾਣਿਆ ਜਾਂਦਾ ਹੈ। ਜਾਮਣਾਂ ਦੇ ਦਰੱਖਤ 'ਤੇ ਫੁੱਲ ਅਪ੍ਰੈਲ ਵਿਚ ਅਤੇ ਫਲ ਜੁਲਾਈ-ਅਗਸਤ ਵਿਚ ਲਗਦੇ ਹਨ। ਇਸ ਦੇ ਫਲ ਦੀਆਂ 2 ਕਿਸਮਾਂ ਹੁੰਦੀਆਂ ਹਨ—ਵੱਡੀ ਤੇ ਛੋਟੀ। ਫਲ ਦਾ ਰੰਗ ਪੱਕਾ ਜਾਮਣੀ ਤੇ ਕਾਲੇਪਨ ਵਾਲਾ ਹੁੰਦਾ ਹੈ ਪਰ ਦੋਵਾਂ ਕਿਸਮਾਂ ਵਿਚ ਗਿਟਕ ਜ਼ਰੂਰ ਹੁੰਦੀ ਹੈ।

ਸਿਹਤ ਲਈ ਜਾਮਣ ਇਕ ਬਹੁਤ ਹੀ ਕਾਰਗਰ ਫੱਲ ਤੇ ਰੁੱਖ ਹੈ, ਜਾਮਣਾਂ ਦੇ ਸਿਰਕੇ, ਤਾਜ਼ਾ ਪੱਕੇ ਫਲ, ਜਾਮਣਾਂ ਦੇ ਰਸ ਜਾਂ ਗਿਟਕ ਦੀ ਵਰਤੋਂ ਸ਼ੂਗਰ ਦੀ ਸਮੱਸਿਆ ਵਿਚ ਸਹਾਈ ਹੁਦੀ ਹੈ। ਜਾਮਣਾਂ ਦੀਆਂ ਗਿਟਕਾਂ ਵਿਚਲਾ ਜੰਬੋਲੀਨ ਨਾਂ ਦਾ ਤੱਤ ਸਟਾਰਚ ਨੂੰ ਸ਼ੂਗਰ ਵਿਚ ਬਦਲਣ ਤੋਂ ਰੋਕਦਾ ਹੈ, ਜਿਸ ਨਾਲ ਖੂਨ ਵਿਚ ਸ਼ੂਗਰ ਦੀ ਮਾਤਰਾ ਵਧਦੀ ਨਹੀਂ। ਜ਼ਿਆਦਾ ਪਿਸ਼ਾਬ ਆਉਣਾ, ਦਸਤ ਤੇ ਪੇਚਿਸ , ਜਿਗਰ ਸੰਬੰਧੀ ਬੀਮਾਰੀਆਂ, ਜ਼ਿਆਦਾ ਪਸੀਨਾ ਆਉਣਾ ਆਦਿ ਵਰਗੀਆਂ ਬਿਮਾਰੀਆਂ ਵਿਚ ਵੀ ਇਹ ਫਲ ਜਾਂ ਇਸਦੀ ਗਿਟਕ ਸਹਾਈ ਹੁੰਦੀ ਹੈ। ਕਿਉਂਕਿ ਹਰ ਸਰੀਰ ਦੀ ਪ੍ਰਕਿਗਿਆ ਅਲੱਗ ਹੁੰਦੀ ਹੈ, ਇਸ ਲਈ ਇਸਦੀ ਵਰਤੋ਼ ਡਾਕਟਰ ਦੀ ਸਲਾਹ ਬਗੈਰ ਨਹੀ਼ ਕਰਨੀ ਚਾਹੀਦੀ। ਇਹ ਵਹ ਇਕ ਜਾਣਕਾਰੀ ਵਾਲੀ ਗੱਲ ਹੈ ਕਿ ਕਿਸੇ ਵਜ੍ਹਹ ਕਰਕੇ ਅਮਰੀਕਾ ਵਿਚ ਪਿਛਨੀ ਸਦੀ ਤੋਂ ਜਾਮਣ ਦਾ ਦਰੱਖਤ ਲਾਉਣ ਦੀ ਮਨਾਹੀ ਹੈ। ਅਸੀਂ ਖੁਸ਼ਨਸੀਬ ਹਾਂ ਕਿ ਸਾਨੂੰ ਇਹ ਕੁਦਰਤ ਦਾ ਤੋਹਫਾ ਦੋ ਮਹੀਨੇ ਲਿਦਾ ਰਹਿਣਾ ਹੈ। (30/04/16)

ਡਾਕਖਾਨਾ ਖ਼ਾਸ

ਹਰ ਆਮ ਤੇ ਖ਼ਾਸ ਮਨੁੱਖ ਹਰ ਵੇਲੇ ਕੋਈ ਨਵੀਂ ਜਾਣਕਾਰੀ ਦੀ ਭਾਲ ਵਿਚ ਰਹਿੰਦਾ ਹੈ। ਅੱਜ ਕਲ ਈਮੇਲਾਂ ਦਾ ਜ਼ੋਰ ਘੱਟ ਗਿਆ ਹੈ। ਵੈਬਸਾਇਟਾਂ ਵੀ ਪਿੱਛੇ ਰਹਿ ਗਈਆਂ ਹਨ। ਫੇਸਬੁੱਕ , ਟਵਿਟਰ ਤੇ ਵੱਟਸਐਪ ਦਾ ਬੋਲ ਬਾਲਾ ਹੈ। ਜਾਂ ਫਿਰ ਬਲਾਗ ਜਾਂ ਜਾਤੀ ਪੇਜਾਂ ਨੇ ਥਾਂ ਮੱਲੀ ਹੋਈ ਹੈ। ਮੁਫਤ ਦੇ ਫੋਨ, ਫੇਸਟਾਇਮ ਜਾਂ ਮੈਜਿਕਜੈਕ ਆਦਿ ਪਲ ਪਲ ਦੀ ਜਾਣਕਾਰੀ ਸਾਂਝੀ ਕਰ ਰਿਹੇ ਹਨ, ਫੋਟੋਆਂ, ਵੀਡੀਓ ਆਦਿ ਤਾਂ ਖਹਿੜਾ ਹੀ ਨਹੀਂ ਛੱਡਦੇ। ਪਰ ਕੋਈ ਸਮਾਂ ਹੁੰਦਾ ਸੀ, ਖ਼ਤ ਹੀ ਸਭ ਕੁਝ ਹੁੰਦੇ ਸਨ। ਦੇਸ ਵਿਦੇਸ਼ ਦੀ ਖਬਰ ਖ਼ਤਾਂ ਰਾਂਹੀ ਹੀ ਪਤਾ ਚੱਲਦੀ ਸੀ। ਕਿਸੇ ਦੇ ਜੰਮੇ ਜਾਂ ਮਰੇ ਦੀ ਖਬਰ ਖ਼ਤ ਪਹੁੰਚੇ ਤੇ ਹੀ ਬੜੇ ਤਰੀਕੇ ਨਾਲ ਸੰਕੇਤ ਦਿੰਦੀ ਸੀ। ਖ਼ਤ ਦੀ ਪਾਟੀ ਕੰਨੀ, ਮੌਤ ਦਾ ਸੁਨੇਹਾ ਸੀ। ਖ਼ਤ ਤੇ ਲੱਗੀ ਹਲਦੀ ਵਿਆਹ ਦਾ ਸੁਨੇਹਾ ਸੀ ਤੇ ਇਸੇ ਤਰਾਂ ਹੋਰ ਨਿਸ਼ਾਨੀਆਂ ਵੱਖ ਵੱਖ ਘਟਨਾਵਾਂ ਦੀਆਂ ਸੂਚਕ ਸਨ। ਚਿੱਠੀਆਂ ਨੇ ਸਾਡੇ ਸਮਾਜਿਕ ਸਾਰੋਕਾਰਾਂ ਤੇ ਸਦੀਆਂ ਰਾਜ ਕੀਤਾ। ਸੈਂਕੜੇ ਗੀਤ ਲਿਖੇ ਤੇ ਗਾਏ ਗਏ। ਫਿਲਮਾਂ ਬਣੀਆਂ। ਜਿਹਨਾਂ ਪਿੰਡਾਂ ਵਿਚ ਡਾਕਖਾਨੇ ਹੁੰਦੇ ਸਨ, ਉੱਥੇ ਸਿਰਨਾਂਵੇ ਤੇ 'ਡਾਕਖਾਨਾ ਖ਼ਾਸ' ਲਿੱਖਣਾ ਮਾਣ ਵਾਲੀ ਗੱਲ ਹੁੰਦੀ ਸੀ ਤੇ ਆਲੇ ਦੁਆਲੇ ਦੇ ਪਿੰਡਾਂ ਲਈ ' ਵਾਇਆ ' ਲਿਖਿਆ ਜਾਂਦਾ ਸੀ। ਪਰ ਹੁਣ ਇਹ ਖ਼ਾਸ ਡਾਕਖਾਨੇ ਵਾਲੇ ਬਕਸੇ ਵੀ, ਕੰਧਾਂ ਦੇ ਬਾਹਰ ਤੋਂ ਅੰਦਰ ਹੋ ਗਏ ਹਨ, ਮਤੇ ਕੋਈ ਲੋਹੇ ਦਾ ਕਬਾੜੀਆ ਇਹਨਾਂ ਨੂੰ ਖ਼ਾਸ ਤੋਂ ਆਮ ਨਾ ਕਰ ਦੇਵੇ। (20/04/16)

ਨਿੱਕੇ ਵੱਡੇ ਚੋਰ

ਕੁੱਝ ਤਾਂ ਮਜ਼ਬੂਰੀ ਹੁੰਦੀ ਹੋਵੇਗੀ ਕਿ ਬੰਦੇ 'ਚ ਚੋਰ ਬਨਣ ਦੀ ਬਿਰਤੀ ਪੈਦਾ ਹੁੰਦੀ ਹੈ। ਕਿਤੇ ਨਾ ਕਿਤੇ ਅਸੀਂ ਸਭ ਚੋਰ ਬਣ ਜਾਂਦੇ ਹਾਂ ਜਾਂ ਬਨਣਾ ਲੋਚਦੇ ਹਾਂ। ਪਰ ਕਿੱਡਾ ਕੁ ਚੋਰ ? ਇਹ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਅਸੀਂ ਕਿੱਥੇ ਤੇ ਕਿਸ ਸਮੇਂ ਵਿਚ ਹਾਂ। ਸਾਡਾ ਆਲਾ ਦੁਆਲਾ, ਸਾਡਾ ਪਰਿਵਾਰ, ਸਾਡੇ ਮਿੱਤਰ ਜਾਂ ਸਾਡਾ ਸੁਭਾਅ ਸਾਨੂੰ ਲੋੜ ਅਨੁਸਾਰ ਚੋਰ ਬਣਾਉਂਦਾ ਹੈ। ਵਪਾਰੀ ਜੇ ਤੋਲ ਚ ਫਰਕ ਕਰਦਾ ਹੈ ਤਾਂ ਠੇਕੇਦਾਰ ਕੁੰਢੀ ਲਾਉਂਦਾ ਹੈ। ਸਰਕਾਰੀ ਮੁਲਾਜ਼ਮ ਜੇ ਰਿਸ਼ਵਤ ਲੈ਼ਦਾ ਹੈ ਤਾਂ, ਪਰਾਈਵੇਟ ਵਾਲਾ ਰੇਟ ਵਧਾ ਦੈਦਾ ਹੈ। ਔਰਤ ਜੇ ਵੱਧ ਸ਼ਾਪਿੰਗ ਕਰਦੀ ਹੇ ਤਾਂ ਬੰਦਾ ਗੁਪਤ ਜੇਬ ਰੱਖਦਾ ਹੈ। ਗੱਲ ਕੀ ਅਸੀਂ ਕਿਤੇ ਨਾ ਕਿਤੇ ਆਪਣੇ ਅੰਦਰ ਛੋਟੇ ਮੋਟੇ ਚੋਰ ਬਣ ਹੀ ਜਾਂਦੇ ਹਾਂ। ਇਹ ਮਾਨਸਕਿ ਤੌਰ ਤੇ ਭੁੱਖੇ ਹੌਣ ਦੇ ਪ੍ਰਤੀਕ ਹੈ। ਇਹ ਵਿਚਾਰੇ ਨਿਆਣੇ ਤਾਂ ਢਿੱਡੋਂ ਹੀ ਭੁੱਖੇ ਹਨ, ਗੰਨੇ ਦਾ ਇਕ ਟੋਟਾ ਚੂਪ ਕਿ ਇਕ ਰਾਤ ਸੌਂ ਲੈਣਗੇ। ਪਰ ਜਿਹਨਾਂ ਨੇ ਲੱਖਾਂ ਡਕਾਰੇ ਹਨ, ਉਹਨਾ ਨੂੰ ਨੀਂਦ ਨਹੀਂ ਆਉਣੀ। ਸੁੱਖੀ ਜੀਵਨ ਦਾ ਰਾਜ਼ ਹੈ ਕਿ ਆਪਣੇ ਅੰਦਰਲੇ ਚੋਰ ਨੂੰ ਲੱਭ ਕਿ ਮਾਰੋ । (02/04/16)

ਜਦੋਂ ਤੀਸਰਾ ਨੇਤਰ ਖੁੱਲ੍ਹਦੈ

ਹਰ ਮਨੁੱਖ ਦੀ ਇੱਛਾ ਹੁੰਦੀ ਹੈ ਕਿ ਉਹ ਇਸ ਦੁਨੀਆ ਦੀ ਹਰ ਖੁਸ਼ੀ ਨੂੰ ਪਾਵੇ ਤੇ ਸਰਬਕਲਾ ਸੰਪੂਰਨ ਹੋਵੇ। ਕੁਦਰਤ ਉਸ ਤੇ ਮਿਹਰਬਾਨ ਰਹੇ ਤੇ ਲੰਮੀ ਉਮਰ ਹੋਵੇ। ਪਰ ਕੁਦਰਤ ਤਾਂ ਆਖਰ ਕੁਦਰਤ ਹੀ ਹੈ। ਉਹ ਸਭ ਨੂੰ ਇਕੋ ਜਿਹਾ ਦੇ ਕੇ ਇਸ ਕਾਇਨਾਤ ਨੂੰ ਖੜੋਤ ਵਿਚ ਨਹੀਂ ਰੱਖਣਾ ਚਾਹੁੰਦੀ। ਪਿਛਲੇ ਦਿਨੀਂ ਲੁਧਿਆਣੇ ਇਕ ਨੇਤਰਹੀਣ ਸੰਸਥਾ ਵਿਚ ਜਾਣ ਦਾ ਮੌਕਾ ਮਿਲਿਆ। ਉੱਥੇ ਹਰ ਬੱਚਾ ਤੇ ਵੱਡਾ ਚੜ੍ਹਦੀ ਕਲਾ ਵਿਚ ਸੀ। ਆਪਣੇ ਆਪ ਨੂੰ ਮਿਹਨਤ ਤੇ ਉਸਾਰੂ ਸੋਚ ਦੇ ਸਹਾਰੇ ਅੱਗੇ ਵੱਧਣ ਦੀ ਕੋਸ਼ਿਸ਼ ਕਰ ਰਿਹਾ ਸੀ। ਸਕੂਲ ਦੀ ਮੁੱਖ ਅਧਿਆਪਕਾ, ਜਿਹਨਾਂ ਨੇ 7 ਸਾਲ ਦੀ ਛੋਟੀ ਉਮਰ ਵਿਚ ਅੱਖਾਂ ਦੀ ਰੋਸ਼ਨੀ ਗੁਆ ਲਈ ਸੀ, ਦੇ ਦੱਸਣ ਅਨੁਸਾਰ ਉਹਨਾ ਦੇ ਪਿਤਾ ਜੀ (ਏਅਰ ਫੋਰਸ ਅਫਸਰ) ਦੇ ਬੋਲ ‘ਪੁੱਤਰ ਇਹ ਨਾ ਸੋਚੋ ਕਿ ਕੁਦਰਤ ਨੇ ਤੁਹਾਨੂੰ ਕੀ ਨਹੀਂ ਦਿੱਤਾ, ਇਹ ਗਿਣੋ ਕਿ ਉਸਨੇ ਹੋਰ ਕਿੰਨਾਂ ਕੁਝ ਤੁਹਾਨੂੰ ਦਿੱਤਾ ਹੈ ਸਾਰੀ ਉਮਰ ਤਰੱਕੀ ਦੀ ਮੰਜ਼ਿਲ ਵਲ ਪੈਰਾਂ ਨੂੰ ਲੈ ਜਾਂਦੇ ਰਹੇ। ਅੱਜ ਇਹ ਬੱਚੇ ਬਰੇਲ ਰਾਹੀਂ ਪੰਜਾਬੀ ਸਾਹਿਤ ਦੀਆ ਕਿਤਾਬਾਂ ਵੀ ਪੜ੍ਹ ਰਹੇ ਹਨ। ਪਰ ਇਹ ਜਾਣ ਕਿ ਹੈਰਾਨੀ ਹੋਈ ਕਿ ਪੰਜਾਬ ਵਿਚ ਦਰਜਨਾਂ ਅੱਖਾਂ ਦਾਨ ਕਰਾਉਣ ਵਾਲੇ ਹਸਪਤਾਲ ਹਨ, ਪਰ ਇੱਥੇ ਕਈ ਦਹਾਕਿਆਂ ਤੋਂ ਇਕ ਵੀ ਬੱਚੇ ਦੀ ਪੁਤਲੀ ਨਹੀਂ ਬਦਲੀ ਗਈ, ਪ੍ਰਬੰਧਕਾਂ ਅਨੁਸਾਰ ਉ਼ਂਜ ਤਾਂ ਕਈ ਜਣੇ ਬੈਟਰੀਆਂ ਮਾਰ ਮਾਰ ਚੱਲੇ ਗਏ ਹਨ। ਸਭ ਤੋਂ ਵੱਡੀ ਤਸੱਲੀ ਵਾਲੀ ਗੱਲ ਤਾਂ ਇਹੋ ਹੈ ਕਿ ਇਹਨਾਂ ਦਾ ਤੀਸਰਾ ਨੇਤਰ ਖੁੱਲ੍ਹ ਚੁੱਕਾ ਹੈ ਤੇ ਹਰ ਕੋਈ ਬੜੀ ਤੇਜ਼ੀ ਨਾਲ ਇਕ ਦੂਜੇ ਨੂੰ ਨਾਲ ਲੈ ਪੁਲਾਂਘਾਂ ਪੁੱਟ ਰਿਹਾ ਹੈ। (24/03/16)


kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

Terms and Conditions
Privay Policy
© 1999-2016, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)