|
ਛੇਵੇਂ ਤੱਤ ਦਾ ਸਦ ਉਪਯੋਗ(01/02/14) |
ਪੰਜ ਤੱਤਾਂ ਦੀ ਬਣੀ ਇਸ ਦੁਨੀਆਂ ਵਿੱਚੋਂ ਹੀ
ਮਨੁੱਖ ਤੇ ਮਨੁੱਖ ਦੀ ਖੁਰਾਕ ਪੈਦਾ ਹੁੰਦੀ ਹੈ। ਧਰਤੀ ਉੱਤੇ ਮਨੁੱਖ ਸਦੀਆਂ ਤੋਂ
ਖੇਤੀ ਕਰਦਾ ਆ ਰਿਹਾ ਹੈ। ਇਸ ਉੱਤੇ ਤਰ੍ਹਾਂ ਤਰ੍ਹਾਂ ਦੇ ਤਸੀਹੇ ਵੀ ਕਰਦਾ ਆ
ਰਿਹਾ ਹੈ। ਮਿੱਟੀ, ਹਵਾ ਤੇ ਪਾਣੀ ਦੇ ਸੁਮੇਲ 'ਚੋਂ ਆਪਣਾ ਰੁਜ਼ਗਾਰ ਪੈਦਾ ਕਰਦਾ
ਰਿਹਾ ਹੈ। ਕਦੇ ਮਨੁੱਖ 'ਡੁੰਘ ਵਾਹ ਲੈ ਹੱਲ ਵੇ' ਤੇ ਕਦੇ 'ਅਕਲ ਨਾਲ ਵਾਹ' ਤੇ
ਕਦੇ 'ਜ਼ੀਰੋ ਟਿੱਲ' ਵਰਗੀਆਂ ਜੁੱਗਤਾਂ ਘੜਦਾ ਹੈ। ਪਰ ਹਰ ਵਾਰ ਮਿੱਟੀ, ਪਾਣੀ,
ਹਵਾ ਦੇ ਮੇਲ ਤੋਂ ਵਧ ਨਹੀਂ ਸੋਚਦਾ। ਉਹ ਪੌਦਿਆਂ ਦੇ ਸੁਭਾਅ ਤੇ ਸਮੇਂ ਦੀ
ਅਹਿਮੀਅਤ ਨੂੰ ਨਜ਼ਰ ਅੰਦਾਜ਼ ਕਰ ਦੇਂਦਾ ਹੈ। ਸਾਇੰਸ ਪੜ੍ਹ ਕੇ ਖੇਤੀ ਨੂੰ ਕਿੱਤਾ
ਬਨਾਉਣ ਵਾਲੇ ਫਗਵਾੜੇ ਦੇ ਕਿਸਾਨ ਅਵਤਾਰ ਸਿੰਘ ਨੇ ਇਸ ਨੂੰ ਸਮਝਣ ਦੀ ਕੋਸ਼ਿਸ਼
ਕੀਤੀ ਹੈ। ਉਸਨੇ ਪਹਿਲੋਂ 1.9 ਕੁਇੰਟਲ ਬੀਜ ਨਾਲ 8 ਫੁੱਟ ਚੋੜੇ ਤੇ 4 ਫੁੱਟ
ਦੂਰੀ ਤੇ ਕਮਾਦ ਲਾਇਆ। ਔਸਤਨ 300 ਕੁਇੰਟਲ ਦੀ ਥਾਂ ਉਸਨੇ 650 ਕੁਇੰਟਲ ਗੰਨਾ
ਪੈਦਾ ਕੀਤਾ। ਫੇਰ ਉਸਨੇ 6 ਕਨਾਲ ਬਚਦੀ (ਵਿੱਚ ਵਿਚਾਲੇ) ਵਿਚ 200 ਕੁਇੰਟਲ ਮਟਰ
ਤੇ ਗੋਭੀ ਲਈ। ਫੇਰ ਕਣਕ ਲਾਕੇ 10 ਕੁਇੰਟਲ ਦਾਣੇ ਪੈਦਾ ਕੀਤੇ। ਸਭ ਤੋਂ ਵੱਡੀ
ਗੱਲ ਪਾਣੀ ਸਿਰਫ 10 ਪ੍ਰਤੀਸ਼ਤ ਹੀ ਵਰਤਿਆ। ਇਹ ਸਭ ਉਸਨੇ ਸਮੇਂ ਦੀ ਸਹੀ ਤਰੀਕੇ
ਨਾਲ ਵੰਡ ਕਰਕੇ ਹੀ ਕੀਤਾ। ਇਹ ਤਜ਼ਰਬਾ ਉਸਨੇ ਸਿਰਫ 1-2 ਏਕੜ ਨਹੀਂ ਬਲਕਿ 50-80
ਏਕੜ ਵਿਚ ਕੀਤਾ ਤੇ ਪਿਛਲੇ ਕਈ ਸਾਲਾਂ ਤੋਂ ਕਾਮਯਾਬੀ ਨਾਲ ਕਰਦਾ ਆ ਰਿਹਾ ਹੈ।
ਵੱਡੀ ਗੱਲ ਕਿ ਉਹ ਏਨਾ ਪੱਕਾ ਹੈ ਕਿ ਸਾਰੀ ਜ਼ਮੀਨ ਠੇਕੇ ਤੇ ਲੈਕੇ ਇਹ ਕੰਮ ਕਰਦਾ
ਹੈ। ਇਸ ਸਾਰੇ ਕਾਸੇ ਵਿਚ ਮਿਹਨਤ ਤੇ ਸਕੀਮ ਬਹੁਤ ਹੈ ਪਰ ਨਤੀਜੇ ਬਾ�ਕਮਾਲ ਹਨ।
ਕਾਸ਼! ਲੋਕੀ ਉਸ ਤੋਂ ਸਿੱਖਣ। |
|
ਘਰ ਦੀਆਂ ਖੁੰਬਾਂ
(26/12/13) |
ਲਓ ਜੀ ਮੌਜ ਲੱਗ ਗਈ, ਸਰਦੀਆਂ ਵਿਚ ਖੁੰਬਾਂ
ਇਕ ਮਨਭਾਉਂਦੀ ਸਬਜ਼ੀ ਹੈ। ਇਹ ਜਿੱਥੇ ਖਾਣ ਲਈ ਸਵਾਦ ਹੈ ਉਥੇ ਪੋਸ਼ਟਿਕ ਵੀ ਬਹੁਤ
ਹੈ। ਪਰ ਬਜ਼ਾਰ ਵਿਚ ਇਸਦਾ ਭਾਅ ਅਸਮਾਨ ਨੂੰ ਜਾ ਲੱਗਦਾ ਹੈ। ਸ਼ਹਿਰਾਂ ਵਿਚ 200
ਗ੍ਰਾਮ 40 ਰੁਪਏ ਤੱਕ ਮਿਲਦੀ ਹੈ। ਪਰ ਹੁਣ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ
ਮੌਜ ਲਾ ਦਿੱਤੀ ਹੈ। ਉਨ੍ਹਾਂ ਨੇ ਵੱਡੇ ਵੱਡੇ ਲਫਾਫੇ ਤਿਆਰ ਕੀਤੇ ਹਨ। ਜਿਹਨਾਂ
ਵਿਚ ਖੁੰਬਾਂ ਦਾ ਬੀਜ ਲਗਿਆ ਹੋਇਆ ਹੈ। ਇੱਕ ਲਿਫਾਫੇ ਦੀ ਕੀਮਤ ਸਿਰਫ 40 ਰੁਪਏ
ਹੈ। ਬਸ ਇਸਨੂੰ ਆਪਣੇ ਘਰ ਲੈ ਆਵੋ ਤੇ ਬਹੁਤ ਹੀ ਘੱਟ ਸਾਂਭ ਸੰਭਾਲ ਨਾਲ, ਇਸ
ਵਿੱਚੋਂ ਖੁੰਬਾਂ ਉੱਗਣੀਆਂ ਸ਼ੁਰੂ ਹੋ ਜਾਂਦੀਆਂ ਹਨ। ਘਰ ਵਿਚ ਉੱਗਦੀਆਂ ਇੰਨਾਂ
ਦੁੱਧ ਚਿੱਟੀਆਂ ਖੁੰਬਾਂ ਨੂੰ ਦੇਖ ਕਿ ਜਿੱਥੇ ਘਰ ਦੇ ਜੀਅ ਖੁਸ਼ ਹੁੰਦੇ ਹਨ ਉਥੇ
ਇਹ ਰੌਣਕ ਵੀ ਪੈਦਾ ਕਰਦੀਆਂ ਹਨ। ਸਭ ਤੋਂ ਵੱਡੀ ਗੱਲ, ਬਜ਼ਾਰ ਵਿੱਚ ਮਿਲਦੀਆਂ
ਖੁੰਬਾਂ ਲੂਣ ਦੇ ਪਾਣੀ ਨਾਲ ਧੋ ਕਿ ਚਿੱਟੀਆਂ ਕੀਤੀਆਂ ਹੁੰਦੀਆਂ ਹਨ, ਇਸ ਲਈ ਉਹ
ਦੇਰ ਤੱਕ ਰੱਖੀਆਂ ਨਹੀਂ ਜਾ ਸਕਦੀਆਂ ਤੇ ਪੀਲੀਆਂ ਪੈ ਜਾਂਦੀਆਂ ਹਨ। ਆਖਰ ਵਿਚ
ਜਦੋਂ ਖੁੰਬਾਂ ਖਤਮ ਹੋ ਜਾਣ ਤਾਂ ਜਿਸਦੀ ਮਿੱਟੀ ਤੁਸੀਂ ਘਰ ਦੇ ਗਮਲਿਆਂ ਆਦਿ
ਵਿਚ ਪਾ ਸਕਦੇ ਹੋ ਜੋ ਹੋਰਨਾਂ ਪੌਦਿਆਂ ਲਈ ਖਾਦ ਹੋ ਨਿਬੜਦੀ ਹੈ। ਉਠਾਓ ਫਾਇਦਾ
ਇਸ ਖੂਬਸੂਰਤ ਫਸਲ ਦਾ ਤੇ ਲਵੋ ਆਨੰਦ। |
|
ਚਾਟੀਆਂ ਹੁੰਦੀਆਂ ਟੱਬਰਾਂ ਨਾਲ
(11/12/13) |
ਖੇਤੀ ਕਰਦੇ ਟੱਬਰਾਂ ਵਿਚ ਕਦੇ ਦੋ–ਦੋ ਜਾਂ
ਚਾਰ ਚਾਟੀਆਂ ਵੀ ਰਿੜਕੀਆਂ ਜਾਦੀਆਂ ਸਨ। ਵੱਡੇ ਤੇ ਇਕੱਠੇ ਟੱਬਰ ਹੁੰਦੇ ਸਨ, ਰਲ
ਮਿਲ ਕੇ ਰਹਿੰਦੇ ਸੀ। ਲੜਦੇ ਵੀ ਸੀ, ਮਰਦੇ ਵੀ ਸੀ, ਪਰ ਫੇਰ ਵੀ ਇੱਕੋ ਲਾਣਾ
ਅਖਵਾਉਂਦੇ ਸੀ। ਸ਼ਰੀਕ ਤੇ ਭੀੜ ਪਈ ਵੇਖ ਮਦਦ ਨੂੰ ਬਹੁੜਦੇ ਸੀ। ਭਾਵੇਂ ਆਰਥਿਕ
ਤੰਗੀਆਂ ਤੁਰਸ਼ੀਆਂ ਸਨ ਪਰ ਏਕਤਾ ਸੀ, ਖੁਸ਼ੀ ਸੀ, ਠਹਿਰਾਓ ਸੀ। ਪਰ ਜਦੋਂ ਦੀ
ਪਿਛਲੇ 50 ਕੁ ਸਾਲਾਂ ਤੋਂ ਪੈਸੇ ਦੀ ਹੋੜ੍ਹ ਕਰਨ ਦੀ ਹਨ੍ਹੇਰੀ ਚੱਲੀ ਹੈ, ਸਭ
ਕੁਝ ਤਹਿਸ ਨਹਿਸ ਹੋ ਗਿਆ ਹੈ। ਪਹਿਲੋਂ ਫਿਜ਼ੀ ਖੁੱਲ੍ਹੀ ਫੇਰ ਵਲੈਤ ਤੇ ਆਖਰ
ਕਨੇਡਾ ਨੇ ਤਾਂ ਟੱਬਰ, ਪੱਤਿਆਂ ਵਾਗ ਉਡਾ ਦਿੱਤੇ। ਹਰ ਕੋਈ ਬਾਹਰ ਜਾਣ ਲੱਗ
ਪਿਆ, ਜਾਇਜ਼ ਜਾਂ ਨਜਾਇਜ਼। ਪਿੱਛੇ ਘਰ ਬਾਂ–ਬਾਂ ਕਰਨ ਲੱਗ ਪਏ। ਘਰਾਂ 'ਚ
ਕਬੂਤਰਾਂ ਨੇ ਵਾਸਾ ਕਰ ਲਿਆ। ਬਜ਼ੁਰਗਾਂ ਨੂੰ ਵੀ ਮਗਰੇ ਜਾਣਾ ਪਿਆ, ਜ਼ਿੰਦਗੀ
ਕੱਟਣ ਜਾਂ ਪੋਤੇ–ਪੋਤੀਆਂ ਸਾਂਭਣ। ਬਸ ਕਿਤੇ ਕਿਤੇ ਇੱਕਾ–ਦੁੱਕਾ ਬਜ਼ੁਰਗ ਬਚੇ
ਹਨ। ਇਹੋ ਜਿਹੇ ਮਾਹੌਲ ਵਿਚ ਹੁਣ ਬੇਬੇ ਚਾਟੀ ਰਿੜਕੇ ਵੀ ਤਾਂ ਕਿਹਦੇ ਲਈ। ਫੇਰ
ਟੁੱਟੀ ਚਾਟੀ ਲਿਆਕੇ ਵੀ ਦੇਣ ਵਾਲਾ ਕੌਣ ਹੈ। ਪਰ ਉਮਰਾਂ ਦਾ ਸ਼ੌਕ ਤੇ ਆਦਤ ਕਦੇ
ਮਰਦੇ ਨਹੀਂ, ਬਸ ਚਾਟੀ ਨੇ ਰੂਪ ਬਦਲ ਲਿਆ ਹੈ। ਏਸੇ ਲਈ ਹਾਲੇ ਵੀ ਕਿਧਰੇ ਨਾ
ਕਿਧਰੇ, ਦਿਨ ਚੜ੍ਹੇ ਮਿਲ ਜਾਂਦੀ ਹੈ, ਸੁਨਣ ਨੂੰ ਘਰਰ ਘਰਰ। |
|
ਨਿਖਰਦਾ ਜਾ ਰਿਹਾ ਪੰਜਾਬ
(06/10/2013) |
ਪੰਜਾਬ ਦੀ ਭੁਗੋਲਿਕ ਸਥਿਤੀ ਅਜਿਹੀ ਹੈ ਕਿ
ਇੱਥੇ ਗਰਮੀ ਵੀ ਵੱਧ ਪੈਂਦੀ ਹੈ ਤੇ ਸਰਦੀ ਵੀ ਕਾਫੀ ਪੈ ਜਾਂਦੀ ਹੈ। ਭਾਵੇਂ ਕਿ
ਇਹ ਦੋਵੇਂ ਮੌਸਮ ਬੀਜਾਂ ਵਾਲੀਆਂ ਫਸਲਾਂ ਲਈ ਲਾਭਦਾਇਕ ਹਨ ਪਰ ਮੌਸਮ ਦਾ ਮਿਜ਼ਾਜ਼
ਸਰੀਰ ਲਈ ਕਸ਼ਟਦਾਈ ਹੋ ਉੱਠਦਾ ਹੈ। ਇਕ ਹੋਰ ਨੁਕਸਾਨ ਹੈ ਕਿ ਆਸਮਾਨ ਕਦੇ ਸਾਫ
ਨਹੀਂ ਰਹਿੰਦਾ, ਗਰਮੀਆਂ ਵਿਚ ਗਹਿਰ ਤੇ ਸਰਦੀਆਂ ਵਿਚ ਧੁੰਦ ਜਿਹੀ ਦੁਮੇਲ ਨੂੰ
ਧੁੰਦਲਾਈ ਰੱਖਦੀ ਹੈ। ਪਰ ਅੱਧ ਜੁਲਾਈ ਤੋਂ ਅਕਤੂਬਰ ਅੱਧ ਤੱਕ ਦੁਮੇਲ ਬਹੁਤ ਹੀ
ਸੁੰਦਰ ਹੁੰਦਾ ਹੈ। ਸਾਫ ਤੇ ਨੀਲਾ ਆਸਮਾਨ, ਦੁੱਧੀਆ ਚਿੱਟੇ ਬੱਦਲ ਤੇ ਢਲਦੇ ਜਾਂ
ਚੜ੍ਹਦੇ ਸੂਰਜ ਦੀਆਂ ਕਿਰਨਾਂ ਨਾਲ ਉਘੜਦੇ ਰੰਗ। ਅਕਤੂਬਰ ਦੇ ਮਹੀਨੇ ਫਸਲਾਂ
ਆਪਣੇ ਜ਼ੋਬਨ ਤੇ ਹੁੰਦੀਆਂ ਹਨ। ਗੂੜ੍ਹੇ ਹਰੇ ਰੰਗ ਦੀਆਂ ਫਸਲਾਂ, ਕਾਲੇ ਰੰਗ ਦੇ
ਵੱਡੇ ਦਰਖਤ, ਨੀਲਾ ਆਸਮਾਨ ਤੇ ਚਿੱਟੇ ਬੱਦਲ, ਥਾਂ ਥਾਂ ਦਿਲਕਸ਼ ਨਜ਼ਾਰਾ ਪੇਸ਼
ਕਰਦੇ ਹਨ। ਇਹੀ ਸਮਾਂ ਹੈ ਜਦ ਪੰਛੀਆਂ ਨੂੰ ਰੱਜਵੀਂ ਖੁਰਾਕ ਮਿਲਦੀ ਹੈ।
ਨਹਿਰਾਂ, ਦਰਿਆਵਾਂ ਦਾ ਪਾਣੀ ਵੀ ਸਾਫ ਹੋ ਜਾਂਦਾ ਹੈ। ਵਿਚ ਵਿਚ ਪੈਂਦੀਆਂ
ਕਣੀਆਂ, ਸਾਰੀ ਪ੍ਰਕਿਰਤੀ ਨੂੰ ਧੋ ਦਿੰਦੀਆਂ ਹਨ। ਇਹੋ ਜਿਹੇ ਮੌਕੇ ਹੀ ਕਵੀ ਮਨ
ਵੀ ਖਿੜ ਉੱਠਦਾ ਹੈ। ਪੰਜਾਬ ਦੀ ਧਰਤੀ ਮਹਿਕ ਉੱਠਦੀ ਹੈ। ਬਸ ਇਹੀ ਕੁਝ ਦਿਨ ਹਨ।
ਇਸ ਤੋਂ ਬਾਅਦ ਤਾਂ ਪਰਾਲੀ ਨੂੰ ਲੱਗੀਆਂ ਅੱਗਾਂ ਨੇ ਨੱਕ ਵਿਚ ਦਮ ਕਰ ਦੇਣਾ।
ਪਰਾਲੀ ਨੂੰ ਨਾ ਸਾੜਣ ਲਈ ਨਾ ਤਾਂ ਕੋਈ ਕਾਨੂੰਨ ਹੈ ਤੇ ਨਾ ਹੀ ਲੋਕ ਇੱਛਾ। ਇਸ
ਲਈ ਘਰੋਂ ਬਾਹਰ ਨਿਕਲੋ ਤੇ ਮਾਣ ਲਵੋ ਨਿਖਰਿਆ ਹੋਇਆ ਪੰਜਾਬ। |
|
ਪੰਜਾਬੀ ਕਵਿਤਾ ਕੁੰਭ, ਪੰਜਾਬੀ ਭਵਨ ਲੁਧਿਆਣਾ |
|
24 ਅਗਸਤ, 2013 - ਅੱਜ ਪੰਜਾਬੀ ਭਵਨ ਲੁਧਿਆਣਾ
ਵਿਖੇ ਪਹਿਲੇ ਉਦਾਸੀ ਕਵਿਤਾ ਕੁੰਭ ਦਾ ਪੋਸਟਰ ਰਲੀਜ਼ ਕੀਤਾ ਗਿਆ , ਜੋ ਕੇ ਉਘੀ
ਫਿਲਮੀ ਕਲਾਕਾਰ ਤੇ ਰੰਗਕਰਮੀ ਨਿਰਮਲ ਰਿਸ਼ੀ ਜੀ ਦੁਆਰਾ ਕੀਤਾ ਗਿਆ ਏਸ ਮੌਕੇ
ਉਹਨਾਂ ਦੀ ਪੂਰੀ ਟੀਮ ਸ਼ਾਮਲ ਹੋਈ ,ਇਹ ਕਵਿਤਾ ਕੁੰਭ ਪੰਜਾਬੀ ਸਾਹਿਤ ਅਕੈਡਮੀ
ਲੁਧਿਆਣਾ ਤੇ ਸੰਤ ਰਾਮ ਉਦਾਸੀ ਲਿਖਾਰੀ ਸਭਾ ਦੇ ਸਹਿਯੋਗ ਨਾਲ ਕਰਾਇਆ ਜਾ ਰਿਹਾ
ਹੈ , ਪ੍ਰਧਾਨ ਰਵਿੰਦਰ ਰਵੀ ਨੇ ਦੱਸਿਆ ਇਹ ਕਵਿਤਾ ਕੁੰਭ ਅੰਤਰਰਾਸਟਰੀ ਹੋਵੇਗਾ
ਜਿਸ ਵਿਚ ਦੇਸਾਂ ਵਿਦੇਸ਼ਾਂ ਤੋਂ ਕਵੀ ਭਾਗ ਲੈ ਰਹੇ ਹਨ ਤੇ ਇਹ ਸਿਰਫ ਨਵੇਂ
ਕਵੀਆਂ ਵਾਸਤੇ ਹੋਵੇਗਾ , ਏਸ ਤੋਂ ਇਲਾਵਾ ਉਦਾਸੀ ਜੀ ਤੇ ਇੱਕ ਸੈਮੀਨਾਰ ਹੋਵੇਗਾ
ਤੇ ਅੰਤ ਵਿਚ ਨਿਰਮਲ ਰਿਸ਼ੀ ਜੀ ਦੁਆਰਾ ਤਿਆਰ ਕੀਤਾ ਇੱਕ ਨਾਟਕ ਉਦਾਸੀ ਦੀ ਹੂਕ
ਖੇਡਿਆ ਜਾਵੇਗਾ , ਇਸ ਸਮੇ ਜਨਮੇਜਾ ਸਿੰਘ ਜੋਹਲ . ਪਰਮਜੀਤ ਬਰਸਾਲ , ਬਿਆਸ ਤੋਂ
ਡਾਕਟਰ ਸੰਦੀਪ ਤੇ ਡਾਕਟਰ ਵਿਮਲ ਸ਼ਰਮਾ ਉਚੇਚੇ ਤੌਰ ਤੇ ਸ਼ਾਮਲ ਹੋਏ , ਜਗਦੀਸ਼
ਕੌਰ ਜੀ , ਕੁਲਵਿੰਦਰ ਕਿਰਨ ,ਪਰਮਜੀਤ ਮਹਿਕ .ਅਮਰਜੀਤ ਸ਼ੇਰਪੁਰੀ ,ਰਵਿੰਦਰ
ਦੀਵਾਨਾ ,ਮੀਤ ਅਨਮੋਲ ,ਗੁਰੀ ਲੁਧਿਆਣਵੀ , ਕਰਮਜੀਤ ਗਰੇਵਾਲ , ਪ੍ਰਭਜੋਤ ਸੋਹੀ
,ਜਸਦੀਪ ਸਿੰਘ ,ਸ਼ਾਮਲ ਹੋਏ ਤੇ ਫੇਰ ਇੱਕ ਛੋਟਾ ਜਿਹਾ ਕਵੀ ਦਰਬਾਰ ਚੱਲਿਆ |
ਆਪਣਾ ਕੰਮ ਆਪਣੀ ਮੌਜ
(13/07/2013) |
|
ਮੰਜਾ ਕਿੱਥੇ ਡਾਵਾਂ
(05/07/2013) |
|
ਪੇਂਡੂ ਵਿਦਿਆਰਥੀ ਸਾਵਧਾਨ
(01/05/2013) |
ਕੀ ਤੁਸੀਂ ਹੁਣ ਕਾਲਜ ਜਾਣ ਲਈ ਤਿਆਰ ਹੋ? ਕੀ
ਤੁਸੀਂ ਆਪਣੇ ਅਗਲੇ ਜੀਵਨ ਸਫ਼ਰ ਲਈ ਕਿੱਤੇ/ਵਿਸ਼ੇ ਦੀ ਚੋਣ ਕਰ ਲਈ ਹੈ? ਕੀ
ਤੁਸੀਂ ਆਪਣੇ ਮਾਪਿਆਂ ਦੀ ਕਮਾਈ ਨੂੰ ਉਚੇਰੀ ਵਿੱਦਿਆ 'ਤੇ ਖਰਚਣ ਲਈ ਤਿਆਰ ਹੋ?
ਤਾਂ ਸਾਵਧਾਨ ਹੋ ਜਾਓ, ਤੁਹਾਨੂੰ ਲੁੱਟਣ ਲਈ ਕਈ ਵਪਾਰਕ ਅਦਾਰੇ ਤਿਆਰ ਬੈਠੇ ਹਨ।
ਚੰਗੇ ਭਵਿੱਖ ਦੀ ਆਸ ਵਿਚ ਪੈਸੇ ਖਰਚਣ ਦੀ ਮਜਬੂਰੀ ਨੂੰ ਦੇਖਦੇ ਹੋਏ ਪਿਛਲੇ
ਸਾਲਾਂ ਵਿਚ ਪੰਜਾਬ ਸਮੇਤ ਹੋਰ ਰਾਜਾਂ ਵਿਚ ਅਨੇਕਾਂ ਕਾਲਜਾਂ ਰੂਪੀ ਦੁਕਾਨਾਂ
ਖੁੱਲ੍ਹ ਗਈਆਂ ਹਨ। ਇਹ ਵਿਦਿਆਰਥੀਆਂ ਨੂੰ ਵੱਡੇ-ਵੱਡੇ ਸੁਪਨੇ ਦਿਖਾਉਂਦੇ ਹਨ।
ਹਰ ਵਿਸ਼ੇ 'ਤੇ ਪੜ੍ਹਾਈ ਦਾ ਵਾਅਦਾ ਕਰਦੇ ਹਨ ਤੇ ਕਈ ਤਾਂ ਵਿਦੇਸ਼ ਜਾਣ ਦੇ
ਸਬਜ਼ਬਾਗ ਵੀ ਦਿਖਾਉਂਦੇ ਹਨ। ਇਨ੍ਹਾਂ ਸਭ ਦਾ ਇਕੋ ਮਕਸਦ ਹੈ ਕਿ ਤੁਹਾਡੀਆਂ
ਜੇਬਾਂ ਖਾਲੀ ਹੋ ਜਾਣ। ਇਹ ਵਿਦਿਆਰਥੀਆਂ (ਖਾਸ ਕਰਕੇ ਪੇਂਡੂ) ਨਾਲ ਦੋ ਤਰ੍ਹਾਂ
ਧੋਖਾ ਕਰਦੇ ਹਨ। ਪਹਿਲਾ : ਇਹ ਵੱਡੇ-ਵੱਡੇ ਇਸ਼ਤਿਹਾਰ ਦਿੰਦੇ ਹਨ ਜਿਨ੍ਹਾਂ ਵਿਚ
ਉਹ ਵਿਸ਼ੇ ਵੀ ਲਿਖੇ ਹੁੰਦੇ ਹਨ, ਜਿਨ੍ਹਾਂ ਦੀ ਨਾ ਇਨ੍ਹਾਂ ਕੋਲ ਮਨਜ਼ੂਰੀ
ਹੁੰਦੀ ਹੈ ਤੇ ਨਾ ਹੀ ਅਧਿਆਪਕ ਹੁੰਦੇ ਹਨ। ਜਦੋਂ ਕੋਈ ਪੁੱਛਦਾ ਹੈ ਤਾਂ ਕਹਿ
ਦਿੰਦੇ ਹਨ ਕਿ ਮਨਜ਼ੂਰੀ ਲਈ ਯੂਨੀਵਰਸਿਟੀ ਨੂੰ ਲਿਖਿਆ ਹੋਇਆ ਹੈ। ਇਸੇ ਸਾਲ ਹੀ
ਸ਼ੁਰੂ ਕਰ ਰਹੇ ਹਾਂ। ਜੋ ਵਿਦਿਆਰਥੀ ਇਨ੍ਹਾਂ ਦੇ ਝਾਂਸੇ ਵਿਚ ਆ ਜਾਂਦਾ ਹੈ, ਉਸ
ਤੋਂ ਫਟਾ-ਫਟ ਮੋਟੀ ਫੀਸ ਤੇ ਉਸ ਦੇ ਅਸਲੀ ਸਰਟੀਫਿਕੇਟ ਲੈ ਲੈਂਦੇ ਹਨ।
ਵਿਦਿਆਰਥੀ ਨਿਸਚਿੰਤ ਹੋ ਜਾਂਦਾ ਹੈ ਤੇ ਕਿਤੇ ਹੋਰ ਪਤਾ ਨਹੀਂ ਕਰਦਾ। ਫਿਰ ਜਦੋਂ
ਕਾਲਜ ਲੱਗਣ ਦਾ ਸਮਾਂ ਆਉਂਦਾ ਹੈ ਤਾਂ ਇਹ ਆਖਦੇ ਹਨ, ਕਿ ਪੂਰੇ ਵਿਦਿਆਰਥੀ ਨਾ
ਹੋਣ ਕਾਰਨ ਇਹ ਵਿਸ਼ਾ ਅਸੀਂ ਚਾਲੂ ਨਹੀਂ ਕਰ ਸਕਦੇ, ਤੁਸੀਂ ਕਿਸੇ ਹੋਰ ਵਿਸ਼ੇ
ਵਿਚ ਦਾਖਲਾ ਲੈ ਲਵੋ ਜਾਂ ਫੀਸ ਵਾਪਸ ਲੈ ਲਵੋ। ਇਹ ਤੁਹਾਡੇ ਨਾਲ ਧੋਖਾ ਹੈ।
ਤੁਸੀਂ ਕੋਈ ਹੋਰ ਵਿਸ਼ਾ ਕਿਉਂ ਪੜ੍ਹੋ? ਪੈਸੇ ਵਾਪਸ ਲੈਣ ਦਾ ਮਤਲਬ ਹੈ ਕਿਸੇ
ਹੋਰ ਥਾਂ ਖੱਜਲ-ਖੁਆਰੀ ਜਾਂ ਸਾਲ ਖਰਾਬ ਹੋਣਾ। ਜੋ ਕਾਲਜ ਇਹੋ ਜਿਹਾ ਧੋਖਾ ਕਰਦੇ
ਹਨ, ਉਨ੍ਹਾਂ ਦੀ ਸ਼ਿਕਾਇਤ ਯੂਨੀਵਰਸਿਟੀ ਨੂੰ ਚਿੱਠੀ ਲਿਖ ਕੇ ਕਰ ਸਕਦੇ ਹੋ। ਪਰ
ਦਾਖਲਾ ਲੈਣ ਤੋਂ ਪਹਿਲਾਂ ਕਾਲਜ ਤੋਂ ਮਨਜ਼ੂਰੀ ਦਾ ਸਬੂਤ ਜ਼ਰੂਰ ਮੰਗੋ। ਸਿਰਫ਼
ਅਪਲਾਈ ਕੀਤੇ ਕਾਗਜ਼ਾਂ 'ਤੇ ਯਕੀਨ ਨਾ ਕਰੋ।
ਦੂਸਰਾ : ਬਹੁਤੇ ਕਾਲਜਾਂ ਕੋਲ ਚੰਗੇ
ਅਧਿਆਪਕਾਂ ਦੀ ਘਾਟ ਹੈ। ਪੜ੍ਹੇ-ਲਿਖੇ ਅਧਿਆਪਕ ਤਾਂ ਹਨ ਪਰ ਸਿੱਖਿਆ ਦੇਣ ਦੀ
ਮੁਹਾਰਤੀ ਸਿੱਖਿਅਕ ਨਹੀਂ ਹਨ। ਘੱਟ ਪੈਸਿਆਂ 'ਤੇ ਰੱਖੇ ਅਧਿਆਪਕ ਹਨ। ਯਾਦ ਰੱਖੋ
ਜਿਸ ਅਧਿਆਪਕ ਨੂੰ ਪੂਰਾ ਮਿਹਨਤਾਨਾ ਨਹੀਂ ਮਿਲਦਾ, ਉਹ ਤੁਹਾਨੂੰ ਕਿਵੇਂ ਦਿਲ ਲਾ
ਕੇ ਪੜ੍ਹਾਏਗਾ। ਇਸ ਲਈ ਜ਼ਰੂਰੀ ਹੈ ਕਿ ਕਾਲਜ ਦੇ ਅਧਿਆਪਕਾਂ ਬਾਰੇ ਪੂਰੀ
ਜਾਣਕਾਰੀ ਲਵੋ। ਇਹ ਤੁਹਾਡੇ ਭਵਿੱਖ ਦਾ ਸਵਾਲ ਹੈ। ਨਹੀਂ ਤਾਂ ਜੀਵਨ ਵਿਚ ਨਲਾਇਕ
ਹੀ ਰਹੋਗੇ ਤੇ ਹੋ ਸਕਦੇ ਨਸ਼ੇ ਤੁਹਾਡੇ ਸਾਥੀ ਬਣ ਜਾਣ। ਇਹ ਵੀ ਜਾਣਕਾਰੀ
ਜ਼ਰੂਰੀ ਹੈ ਕਿ ਅੱਜ ਕਾਲਜਾਂ ਦੀ ਬਹੁਤਾਤ ਹੋਣ ਕਰਕੇ ਵਿਦਿਆਰਥੀਆਂ ਦੀ ਘਾਟ ਹੈ।
ਇਸੇ ਲਈ ਇਹ ਕਾਲਜਾਂ ਰੂਪੀ ਦੁਕਾਨਾਂ ਕੋਈ ਵੀ ਠੱਗੀ ਦਾ ਹੱਥਕੰਡਾ ਵਰਤ ਸਕਦੀਆਂ
ਹਨ। ਤਾਂ ਹੀ ਤਾਂ ਸਿਆਣਿਆਂ ਕਿਹਾ ਹੈ ਕਿ ਸਾਵਧਾਨੀ ਵਿਚ ਹੀ ਬਚਾਓ ਹੈ।
ਜਨਮੇਜਾ ਸਿੰਘ ਜੌਹਲ
ਫੋਨ : 98159-45018 |
|
ਗੱਡੇ ਦੀ ਥਾਂ ਗੱਡੀ ਚੱਲੇ
(09/04/2013) |
|
ਧਾਗਿਆ ਖਾਧੀ ਜ਼ਮੀਰ
(09/04/2013) |
|
ਸੁੱਕੀਆਂ ਚਬਾਉਣ ਜਾਣਦੇ |
ਸਾਡੇ
ਘਰਾਂ, ਪਿੰਡਾਂ, ਸ਼ਹਿਰਾਂ ਵਿੱਚ ਅਕਸਰ ਮਿਲਣ ਵਾਲੀ ਗਲਹਿਰੀ, ਜਿਸਨੂੰ ਕਾਟੋ ਵੀ
ਆਖਦੇ ਹਨ, ਦੁਨੀਆਂ ਦੀ ਵਸੋੰਂ ਵਾਲੇ ਹਰ ਇਲਾਕੇ ਵਿੱਚ ਮਿਲਦੀ ਹੈ।ਇਹ 250
ਕਿਸਮਾਂ ਦੀ ਹੈ। 10 ਗ੍ਰਾਮ ਦੀ ਨਿੱਕੀ ਤੋਂ ਲੈ ਕੇ 10 ਕਿਲੋ ਤੱਕ ਦੀ ।ਇਸਦੇ
ਕਈ ਰੰਗ ਹੁੰਦੇ ਹਨ।
ਗਿਰੀਆਂ
ਖਾਣ ਦੀ ਸ਼ੌਕੀਨ, ਗਮਲਿਆਂ ਵਿੱਚ ਬੀਜੇ ਬੀਜਾਂ ਦੀ ਖਾਸ ਦੁਸ਼ਮਣ ਹੈ। ਦਰਖਤਾਂ
ਦੀਆਂ ਟਾਹਣੀਆਂ ਨਾਲ ਅਠਖੇਲੀਆਂ ਕਰਦੀ ਇਹ ਪਤਲੀਆਂ ਟਾਹਣੀਆਂ ਤੇ ਵੀ ਛਲਾਂਗ ਲਾ
ਦਿੰਦੀ ਹੈ। ਇਸ ਦੀ ਵੱਡੀ ਬਲੌਰੀ ਅੱਖ ਬਹੁਤ ਹੀ ਤੇਜ਼ ਤਰਾਰ ਹੈ। ਚੁਸਤੀ ਇਸਦਾ
ਗਹਿਣਾ ਹੈ। ਜਦੋਂ ਇਹ ਭੁੱਖ ਦੀ ਮਾਰੀ ਹੁੰਦੀ ਹੈ ਤਾਂ ਕੀੜੇ ਮਕੌੜੇ ਵੀ ਖਾ
ਜਾਂਦੀ ਹੈ। ਕੁਦਰਤੀ ਖੁਰਾਕ ਦੀ ਕਮੀ ਵਾਲੇ ਦਿਨਾਂ ਵਿੱਚ ਤਾਂ ਇਹ ਮਰੇ ਹੋਏ ਸੱਪ
ਨੂੰ ਵੀ ਖਾ ਜਾਂਦੀ ਹੈ। ਲੋਕਾਂ ਦੀ ਜ਼ਮੀਨ ਨੂੰ ਮਕਾਨਾਂ ਵਿਚ ਢਾਲਣ ਦੀ ਭੁੱਖ ਨੇ
ਗਲੀਆਂ, ਮੁਹੱਲੇ ਇੱਟਾਂ ਸੀਮਿੰਟ ਦੇ ਬਣਾ ਦਿੱਤੇ ਹਨ।ਇਸੇ ਕਰਕੇ ਫਲਾਂ ਵਾਲੇ
ਦਰਖਤ ਘੱਟ ਗਏ ਹਨ।
ਖਾਸ
ਕਰਕੇ ਛੋਟੇ ਫਲ, ਜਿਵੇਂ ਬੇਰ ਆਦਿ।ਇਹੋ ਜਿਹੇ ਹਾਲਾਤ ਪੈਦਾ ਹੋ ਗਏ ਹਨ ਕਿ ਸਣੇ
ਇਸ ਜਾਨਵਰ ਦੇ ਭੋਜਨ ਦੀ ਤਲਾਸ਼ ਸਭ ਨੂੰ ਵੱਧ ਕਰਨੀ ਪੈਂਦੀ ਹੈ।ਇਸੇ ਲਈ ਕਿਸੇ
ਦੀਆਂ ਸੁੱਟੀਆਂ ਰੋਟੀਆਂ ਵੀ ਖਾਣੀਆਂ ਪੈਂਦੀਆਂ ਹਨ। ਇਸਦੇ ਤਿੱਖੇ ਦੰਦ ਜੋ
ਗਿਰੀਆਂ ਕੱਟਣ ਲਈ ਬਣੇ ਹਨ, ਹੁਣ ਸੁੱਕੀਆਂ ਚਬਾਉਣਾ ਵੀ ਸਿੱਖ ਗਏ ਹਨ। |
ਰੰਗਾਂ ਦੀ ਕਾਇਨਾਤ |
ਸ੍ਰਿਸ਼ਟੀ ਦੇ ਰੰਗ ਦੋ ਤਰ੍ਹਾਂ ਦੇ ਹਨ। ਇੱਕ ਉਹ ਜੋ ਕੁਦਰਤ ਆਪ ਪੈਦਾ ਕਰਦੀ
ਹੈ , ਇੱਕ ਉਹ ਜੋ ਮਨੁੱਖ ਭਰਦਾ ਹੈ। ਇਹ ਰੰਗ ਭਰਨ ਦੇ ਤਰੀਕੇ ਵੀ ਅਜੀਬ
ਹਨ। ਸ਼ਹਿਰਾਂ ਦੇ ਲੋਕ ਅਤੇ ਪਿੰਡਾਂ ਦੇ ਲੋਕ ਅਲੱਗ ਅਲੱਗ ਤਰੀਕੇ ਰੰਗ
ਭਰਦੇ ਅਤੇ ਮਾਣਦੇ ਹਨ।ਸ਼ਹਿਰੀਆਂ ਨੇ ਆਪਣੇ ਸੁਪਨੇ ਨੂੰ ਰੰਗੀਨ ਕਰਨਾ ਹੰੁਦਾ
ਹੈ।ਵੱਡੇ ਮਕਾਨ, ਮਹਿੰਗੀਆਂ ਕਾਰਾਂ, ਬਰੈਂਡਿਡ ਕੱਪੜੇ ਤੇ ਪੈਸੇ ਨਾਲ ਪੈਸੇ ਨੂੰ
ਜਰਬ। ਪੇਂਡੂਆਂ ਨੇ ਥਾਣੇਦਾਰ ਦੀ ਘੁਰਕੀ ਜਾਂ ਪਟਵਾਰੀ ਦੀ ਕਲਮ ਤੋਂ ਡਰਨਾ
ਹੁੰਦਾ ਹੈ। ਪੱਕੀ ਸੁਨਿਹਰੀ ਫਸਲ ਦਾ ਨਸ਼ਾ, ਜਾਂ ਆੜਤੀ ਤੋਂ ਮਿਲੀ
ਗੁਲਾਬੀ ਸ਼ੀਸ਼ੀ ਨਾਲ ਸਾਰਨਾ ਹੁੰਦਾ ਹੈ । ਜਦੋਂ ਕੱਚੇ ਦਾਣਿਆਂ ਦੀ ਖੁਸ਼ਬੂ ਪੈਦਾ
ਹੁੰਦੀ ਹੈ ਤਾਂ ਅੱਖਾਂ ਨਸ਼ਿਆ ਜਾਂਦੀਆਂ ਹਨ।
ਕੁਦਰਤ ਦੇ ਰੰਗ ਅਜੀਬ ਹਨ।ਸਾਡੀ ਅੱਖ ਸਿਰਫ ਤਿੰਨ ਰੰਗ ਹੀ ਵੇਖ ਸਕਦੀ ਹੈ।
ਨੀਲਾ, ਹਰਾ ਤੇ ਲਾਲ । ਬਾਕੀ ਰੰਗ ਇਹਨਾਂ ਦੀ ਵਾਧ- ਘਾਟ ਨਾਲ ਬਣਦੇ ਹਨ।ਕੁਝ
ਮਿਲਾ ਕੇ 167 ਲੱਖ ਰੰਗ ਦੇ ਪ੍ਰਭਾਵ ਅਸੀਂ ਦੇਖ ਸਕਦੇ ਹਾਂ।ਕਹਿੰਦੇ ਹਨ ਕਿ ਅੱਖ
ਤਾਂ ਸਿਰਫ ਕਾਲਾ ਚਿੱਟਾ ਹੀ ਦੇਖਦੀ ਹੈ। ਇਹ ਤਾਂ ਉਸ ਵਿੱਚ ਲੱਗੀ ਇੱਕ ਡੰਡੀ ਹੈ
ਜੋ ਦਿਮਾਗ ਨਾਲ ਰਲ ਕੇ ਰੰਗ ਭਰਦੀ ਹੈ।
ਇੱਕ ਹੋਰ ਰੰਗ ਵੀ ਇਹਨਾਂ ਦੋਹਾਂ ਤੋਂ ਅਲੱਗ ਹੈ ਜੋ ਦੇਖਿਆ ਨਹੀਂ ਜਾਂਦਾ ,
ਬਸ ਸਮਝਿਆ ਜਾਂਦਾ ਹੈ। ਇਹ ਸੋਚ ਦਾ ਰੰਗ ਹੈ।ਜਿਸਨੇ ਕਿਸੇ ਦੀ ਜ਼ਿੰਦਗੀ ਵਿੱਚ
ਖੁਸ਼ੀ ਭਰ ਦਿੱਤੀ ਹੋਵੇ, ਉਹੀ ਇਹ ਦੇਖ ਸਕਦਾ ਹੈ ਨਹੀਂ ਤਾਂ ਮਨੁੱਖ ਆਪ ਵੀ
ਬੇਰੰਗ ਰਹਿ ਜਾਂਦਾ ਹੈ ਤੇ ਦੂਸਰਿਆਂ ਨੂੰ ਵੀ ਬੇਰੰਗ ਕਰ ਦਿੰਦਾ ਹੈ।
05/03/2013
|
|
ਹੋਲੇ ਮਹੱਲੇ ਦੀਆਂ ਤਿਆਰੀਆਂ |
|
ਤੁਰ ਪਿੰਡਾਂ ਤੋਂ ਆਏ
|
|
ਦੇਸੀ ਐਫ ਡੀ ਆਈ |
ਅੱਜ ਹਰ ਪਾਸੇ ਐਫ ਡੀ ਆਈ ਦਾ ਰੌਲਾ ਪਿਆ ਹੋਇਆ ਹੈ।
ਸਰਕਾਰਾਂ ਟੁਟੱਣ ਤੇ ਆਈਆਂ ਹੋਈਆਂ ਹਨ।
ਪਰ ਪੇਡੂ ਲੋਕਾਂ ਨੂੰ ਸਮਝ ਨਹੀਂ ਆ ਰਹੀ ਕਿ ਇਹ ਕੀ ਸ਼ੈਅ ਹੈ।ਕਈ ਲੋਕ
ਇਸ ਤੋਂ ਡਰੀ ਜਾ ਰਹੇ ਹਨ, ਤੇ ਕਈ ਲੋਕ ਇਸ ਨੂੰ ਘਰ ਵਾੜਨ ਨੂੰ ਫਿਰਦੇ ਹਨ।ਮੋਟੇ
ਤੌਰ ਤੇ ਇਸ ਨੂੰ ਸਿਧਾ ਵਿਦੇਸ਼ੀ ਨਿਵੇਸ਼ ਆਖਦੇ ਹਨ।ਇਸ ਦਾ ਮਤਲਬ ਹੈ ਕਿ
ਬਾਹਰਲੀਆਂ ਕੰਪਨੀਆਂ, ਭਾਰਤ ਵਿੱਚ ਆ ਕਿ ਮਾਲ ਵੇਚ ਸਕਦੀਆਂ ਹਨ।ਜੋ ਲੋਕ ਹੱਕ
ਵਿੱਚ ਹਨ,ਉਹ ਸਮਝਦੇ ਹਨ ਕਿ ਇਸ ਨਾਲ ਲੋਕਾਂ ਨੂੰ ਵਧੀਆ ਕਿਸਮ ਦਾ ਸਮਾਨ
ਮਿਲੇਗਾ, ਰਿਸ਼ਤੇਦਾਰਾ ਕੋਲੋ ਬਾਹਰੋ ਚੰਗੀਆਂ ਚੀਜ਼ਾ ਮੰਗਵਾਉਣ ਦੀ ਲੌੜ ਨਹੀਂ
ਰਹੇਗੀ।ਪਰ ਜੋ ਇਸ ਦੇ ਵਿਰੋਧੀ ਹਨ, ਉਹ ਸੋਚਦੇ ਹਨ,ਕਿ ਇਸ ਨਾਲ ਸਾਡੀ
ਦੁਕਾਨਦਾਰੀ ਖਰਾਬ ਹੋਵੇਗੀ।ਅਸੀਂ ਭੁੱਖੇ ਮਰ ਜਾਵਾਂਗੇ, ਕੀ ਠੀਕ ਹੈ ਕੀ ਗਲਤ
ਹੈ, ਇਹ ਤਾਂ ਐਫ ਡੀ ਆਈ ਆਉਣ ਤੋਂ ਬਾਅਦ ਹੀ ਪਤਾ ਲਗੇਗਾ। ਪਰ ਜਿਹੜੀ ਸਾਡੇ
ਪੰਜਾਬ ਵਿੱਚ ਦੇਸੀ ਐਫ ਡੀ ਆਈ ਆ ਗਈ ਹੈ, ਪਹਿਲੋਂ ਉਸ ਬਾਰੇ ਸੋਚਣ ਦੀ ਲੋੜ
ਹੈ।ਪਿਛਲੇ ਤਿੰਨ ਦਹਾਕੇ ਪੰਜਾਬ ਮਜ਼ਦੁਰੀ ਲਈ ਯੂਪੀ,ਬਿਹਾਰ,ਮਧੱਪਰਦੇਸ਼,ਬੰਗਾਲ ਤੇ
ਉੜੀਸਾ ਆਦਿ ਤੇ ਨਿਰਭਰ ਰਿਹਾ ਹੈ।ਪਰ ਪਿਛਲੇ ਚਾਰ ਸਾਲਾਂ ਤੋ ਇਸ ਵਿੱਚ ਬਦਲਾਅ ਆ
ਗਿਆ ਹੈ, ਹਰ ਤਰਾਂ ਦੇ ਕਾਮੇ ਘਟ ਗਏ ਹਨ।ਲੋਕੀ ਆਖਦੇ ਹਨ ਕਿ ਇਹ੍ਹਨਾ ਸੁਬਿਆਂ
ਵਿੱਚ ਰੁਜ਼ਗਾਰ ਵੱਧ ਗਿਆ ਹੈ।ਪਰ ਇਹ ਸੱਚ ਨਹੀਂ ਹੈ,ਕਾਮੇ ਉਨੇ ਹੀ ਹਨ,ਪਰ ਉਹਨਾਂ
ਨੇ ਦੇਸੀ ਐਫ ਡੀ ਆਈ ਕਰ ਲਈ ਹੈ।ਪੰਜਾਬ ਦੀ ਸਬਜ਼ੀ ਅਤੇ ਫਲਾਂ ਦੀ ਦੁਕਾਨਦਾਰੀ
ਪੂਰੀ ਤਰਾਂ ਇਹਨਾਂ ਦੇ ਕਬਜ਼ੇ ਹੇਠ ਹੈ।ਪੰਜਾਬੀ ਇਹ ਕੰਮ ਛੱਡ ਗਏ ਹਨ। ਕੰਪਨੀਆਂ
ਵਾਂਗ ਇਹਨਾਂ ਨੇ ਵੀ ਏਕਾ ਕੀਤਾ ਹੋਇਆਂ ਹੈ। ਮੰਡੀ ਵਿੱਚੋਂ ਫਲ ਤੇ ਸਬਜ਼ੀਆਂ
ਸਸਤੇ ਭਾਅ ਲੈ ਕਿ ਇਹ ਲੋਕ 3 ਤੋਂ 10 ਗੁਣਾ ਤੇ ਵੇਚਦੇ ਹਨ।ਜਦੋਂ ਕਿਸਾਨ ਆਲੂ
ਜਲੰਧਰ ਸ਼ਹਿਰ ਵਿੱਚ ਸੜਕਾਂ ਤੇ ਸੁੱਟ ਰਿਹਾ ਸੀ,ਉਸ ਦਿਨ ਵੀ ਲੁਧਿਆਣੇ ਆਲੁ 12
ਰੁਪਏ ਵਿਕ ਰਹੇ ਸਨ। ਕਸ਼ਮੀਰ ਤੋਂ ਚਲਦਾ ਸੇਬ ਮੰਡੀ 20-30 ਰੁਪਏ ਕਿਲੋ ਵਿਕਦਾ
ਹੈ, ਪਰ ਦੇਸੀ ਐਫ ਡੀ ਆਈ ਵਾਲੇ 80 ਤੋਂ 120 ਰੁਪਏ ਕਿਲੋ ਵੇਚਦੇ ਹਨ।ਇਹੋ ਹਾਲ
ਬਾਕੀ ਚੀਜ਼ਾਂ ਦਾ ਹੈ।ਅੱਜ ਸਾਡੀ ਪਹਿਲੀ ਲੋੜ ਹੈ ਇਸ ਦੇਸੀ ਐਫ ਡੀ ਆਈ ਨੂੰ
ਕੰਟਰੋਲ ਕਰਨ ਦੀ ਹੈ।ਵਿਦੇਸ਼ੀ ਐਫ ਡੀ ਆਈ ਜਦੋਂ ਆਊ, ਉਦੋ ਦੇਖਾਗੇ ਹਾਲੇ ਤਾਂ
ਦੇਸੀ ਐਫ ਦੀ ਆਈ ਬਾਰੇ ਸੋਚਣ ਦੀ ਲੋੜ ਹੈ |
|
ਸਮੇਂ ਸਮੇਂ ਦੀ ਗੱਲ |
ਸਮੇਂ
ਦੀ ਚਾਲ ਨਿਰੰਤਰ ਚੱਲ ਰਹੀ ਸੀ,ਚੱਲ ਰਹੀ ਹੈ ਤੇ ਚਲਦੀ ਰਹਿਣੀ ਹੈ। ਸਮਾਂ ਨਹੀਂ
ਬਦਲਦਾ ਪਰ ਵਸਤੁਆਂ ਦੇ ਰੂਪ ਤੇ ਅਕਾਰ ਬਦਲ ਜਾਂਦੇ ਹਨ। ਪਿੰਡਾਂ ਵਿੱਚ ਕਦੇ
ਹੱਲ-ਪੰਜਾਲੀ ਵਾਲੇ ਬਲਦ ਚਲਦੇ ਸਨ। ਬਲਦਾਂ ਦੀਆਂ ਕਿਸਮਾਂ ਦੀ ਕਦਰ ਸੀ। ਹੌਲੀ
ਹੌਲੀ ਗਊ ਦਾ ਜਾਇਆ ਡੰਗਰ ਹੋ ਗਿਆ, ਫੇਰ ਡੰਗਰ ਬਾਹਰ ਤੇ ਟਰੈਕਟਰ ਵਿਹੜੇ ਅੰਦਰ
ਹੋ ਗਏ।ਕਦੇ ਮੈਸੀ, ਫੋਰਡ, ਜੀਟਰਾਂ ਦੀ ਸਰਦਾਰੀ ਹੁੰਦੀ ਸੀ। ਟਿੱਲਰਾਂ ਤੋਂ
ਰੋਟਾਵੇਟਰ ਬਣ ਗਏ। ਕਰਾਹ ਦੀ ਜ੍ਹਗਾ ਲੇਜ਼ਰ ਆ ਗਏ। ਸਮਾਂ ਅਪਣੀ ਚਾਲੇ ਤੁਰਿਆ
ਰਿਹਾ। ਪੱਥਰ ਦੇ ਤਵੇ, ਤਵੀਆਂ (ਸੀ ਡੀ) ਬਣ ਗਏ।ਹੁਣ ਅਗੋਂ ਪੈਨ ਡਰਾਈਵਾਂ ਆ
ਗਈਆਂ।ਇਕ ਚੀਜ਼ ਦੁਜੀ ਨੂੰ ਬਦਲਦੀ ਜਾਂ ਨਕਾਰਦੀ ਜਾ ਰਹੀ ਹੈ। ਪੱਥਰ ਦੇ ਪਹੀਏ
ਤੋਂ ਲੱਕੜ ਦਾ ਪਹੀਆਂ ਬਾਜੀ ਲੈ ਗਿਆ। ਫੇਰ ਰਬੜ ਦੇ ਟਾਇਰਾਂ ਦੀ ਗੁੱਡੀ ਚ੍ਹੜੀ
ਰਹੀ। ਟਿਉਬਲੈਸ ਦਾ ਜ਼ਮਾਨਾ ਵੀ ਹੁਣ ਬਦਲਦਾ ਜਾ ਰਿਹਾ ਹੈ। ਹਵਾ ਨੂੰ ਪਿਛਵਾੜੇ
ਧੱਕਣ ਵਾਲੀ ਤਕਨਲੌਜੀ ਚੱਕੇ ਨੂੰ, ਟਾਇਰਾਂ ਨੂੰ, ਖਤੱਮ ਕਰ ਦੇਵੇਗੀ। ਸੋਚਣ
ਵਾਲੀ ਗੱਲ ਤਾਂ ਇਹ ਹੈ ਕਿ ਇਹ ਵਸਤੁਆਂ ਵਿੱਚ ਬਦਲਾਅ ਜਾਂ ਵਸਤੁਆਂ ਦਾ ਖਾਤਮਾ
ਕੀ ਮੱਨੁਖ ਦੀ ਸੋਚ ਵਿੱਚ ਕੋਈ ਤਬਦੀਲੀ ਲਿਆ ਰਿਹਾ ਹੈ। ਜੇ ਮੇਰੀ ਮੰਨੋ ਤਾਂ ਮੈ
ਕਹਾਂਗਾ - ਬਿਲਕੁਲ ਨਹੀਂ, ਨਾ ਤਾਂ ਮੱਨੁਖ ਨੇ ਲਾਲਚ ਛੱਡਿਆ ਹੈ, ਨਾ ਹੀ
ਇਛਾਵਾਂ ਤੇ ਕਾਬੂ ਪਾਇਆ ਹੈ।ਸਗੋਂ ਉਹ ਤਾਂ ਇਛਾਵਾਂ ਨੂੰ ਵੀ ਜਰੂਰਤਾਂ ਕਹਿਣ
ਲੱਗ ਪਿਆ ਹੈ। ਮੱਨੁਖ ਉਥੇ ਦਾ ਉਥੇ ਹੀ ਹੈ,ਬੱਸ ਭੌਤਿਕਤਾ ਹੀ ਬਦਲੀ ਹੈ। ਇਹ ਹੀ
ਸਮੇਂ ਦੇ ਰੰਗ ਹਨ। -
16/09/2012 |
ਛੋਟੋ ਛੋਟੇ ਲਾਲਚ |
ਜਦ
ਮਨੁੱਖ ਜੰਮ ਹੀ ਪਿਆ ਤਾਂ ਉਸ ਅੰਦਰ ਚੀਜ਼ਾਂ ਨੂੰ, ਸਹੂਲਤਾਂ ਨੂੰ ਪਾਣ ਦੀ ਇੱਛਾ
ਹੋਣੀ, ਕੁਦਰਤੀ ਵਰਤਾਰਾ ਵੀ ਕਿਹਾ ਜਾ ਸਕਦਾ ਹੈ। ਇਹ ਕੁਝ ਵੀ ਹੋ ਸਕਦੀਆਂ ਹਨ।
ਇਹਨਾਂ ਵਿਚੋਂ ਭੁੱਖ ਸਭ ਤੋਂ ਵੱਡੀ ਤਾਕਤ ਹੈ। ਇਸਦੀ ਪੂਰਤੀ ਲਈ ਹੀ ਮਨੁੱਖ
ਘਰੋਂ ਬਾਹਰ ਨਿਕਲਦਾ ਹੈ, ਫੇਰ ਭਾਂਵੇ ਉਹ ਨੌਕਰੀ ਹੋਵੇ ਜਾਂ ਸ਼ਿਕਾਰ। ਨੌਕਰੀ
ਤੋਂ ਸ਼ਾਇਦ ਹੀ ਕੋਈ ਕਦੇ ਸੰਤੁਸ਼ਟ ਹੋਇਆ ਹੋਵੇ, ਸ਼ਿਕਾਰ ਤਾਂ ਭੱਟਕਣ ਹੀ ਭੱਟਕਣ
ਹੈ, ਇਹ ਸ਼ਿਕਾਰ ਦੀ ਕੋਈ ਵੀ ਕਿਸਮ ਹੋ ਸਕਦੀ ਹੈ, ਗਿੱਦੜਾਂ, ਕੁੱਕੜਾਂ ਤੋਂ
ਲੈਕੇ ਸਿਆਸਤ ਤਕ। ਸ਼ਿਕਾਰ ਆਮ ਤੌਰ ਤੇ ਲੋੜ ਤੋਂ ਵੱਧ ਹੀ ਕੀਤਾ ਜਾਂਦਾ ਹੈ। ਪਰ
ਇਹ ਸਭ ਉਪਰੋਕਤ ਗੱਲਾਂ ਤਾਕਤਵਰ ਲੋਕਾਂ ਦੀਆਂ ਹੀ ਹਨ। ਆਮ ਲੋਕ ਤਾਂ ਰੋਟੀ ਤੇ
ਮਸਲੇ ਵਿਚ ਹੀ ਐਨੇ ਉਲਝੇ ਪਏ ਹਨ ਕਿ ਉਹ ਕਈ ਗਲਤ ਕੰਮ ਅਚੇਤ ਰੂਪ ਵਿਚ ਹੀ ਕਰੀ
ਜਾ ਰਹੇ ਹਨ। ਲਾਲਚ ਬੜਾ ਛੋਟਾ ਹੁੰਦਾ ਹੈ, ਪਰ ਸਮਾਜ ਨੂੰ ਭੁੱਗਤਣਾ ਵੱਡੇ ਰੂਪ
ਵਿਚ ਪੈਂਦਾ ਹੈ। ਉਦਾਹਰਣ ਵਜੋਂ ਇਹ ਫੋਟੋ ਹੀ ਲੈ ਲਵੋ। ਇਸ ਨਹਿਰ ਦੇ ਕੰਢੇ
ਵਸਦੇ ਲੋਕ ਆਪਣਾ ਗੰਦਾ ਪਾਣੀ, ਸਾਫ ਪਾਣੀ ਵਿਚ ਸੁੱਟ ਰਹੇ ਹਨ। ਕਿਉਂਕਿ ਇੰਝ
ਕਰਨਾ ਸੌਖਾ ਹੈ ਤੇ ਪਖਾਨੇ ਆਦਿ ਨੂੰ ਬਨਾਉਣ ਦਾ ਖਰਚਾ ਬੱਚਦਾ ਹੈ, ਪਰ ਇਹ ਲੋਕ
ਨਹੀਂ ਸੋਚਦੇ ਕਿ ਇਸ ਗੰਦੇ ਪਾਣੀ ਨੇ ਕਿੰਨੇ ਹੋਰ ਲੋਕਾਂ ਦੇ ਲੱਖਾਂ ਰੁਪਏ, ਇਸ
ਪਾਣੀ ਦੇ ਪੀਣ ਜਾਂ ਵਰਤਣ ਨਾਲ ਹੋਣ ਵਾਲੀਆਂ ਬਿਮਾਰੀਆਂ ਤੇ ਖਰਚਵਾ ਦੇਣੇ ਹਨ।
ਮਹਿਕਮੇ ਦੇ ਬੇਈਮਾਨ ਲੋਕ ਆਪਣੇ ਚਾਰ ਛਿੱਲੜਾਂ ਲਈ ਇਸ ਪਾਪ ਤੇ ਭਾਗੀਦਾਰ ਬਣੀ
ਜਾ ਰਹੇ ਹਨ। ਇਹੋ ਜਿਹੇ ਛੋਟੇ ਛੋਟੇ ਲਾਲਚ ਅਸੀ ਬਾਕੀ ਥਾਵਾਂ ਜਾਂ ਕੰਮਾਂ ਤੇ
ਵੀ ਕਰੀ ਜਾ ਰਹੇ ਹਾਂ, ਤੇ ਸੱਚੀ ਗੱਲ ਤਾਂ ਇਹ ਹੈ, ਕਿ ਨਾ ਤਾਂ ਕੋਈ ਇਹ ਕਿਸੇ
ਨੂੰ ਸਮਝਾਉਂਦਾ ਹੈ, ਤੇ ਨਾ ਹੀ ਕੋਈ ਇਹ ਸਭ ਕੁੱਝ ਸਮਝਣ ਲਈ ਰਾਜ਼ੀ ਹੀ ਹੈ। |
|
|
|
|