|
ਜਦੋਂ ਹੱਥ ਬਣੇ ਔਜ਼ਾਰ |
|
ਮਨੁੱਖੀ ਹੱਥ ਇਕ ਐਸੀ ਚੀਜ਼
ਹੈ, ਜਿਹੜੀ ਹਰ ਔਜ਼ਾਰ ਦਾ ਮੁੱਢਲਾ ਸਰੋਤ ਹੈ। ਹੱਥ ਹਰ ਕੰਮ ਕਰ ਸਕਦਾ ਹੈ। ਅੱਜ
ਦੀ ਹਰ ਮਸ਼ੀਨ, ਹੱਥ ਦੇ ਕੰਮ ਨੂੰ ਛੋਹਲ਼ਾ ਕਰਨ ਦਾ ਹੀ ਇਕ ਤਰੀਕਾ ਹੈ। ਭਾਂਵੇ ਕਿ
ਸੁਪਰ ਮਸ਼ੀਨੀ ਯੁੱਗ ਆ ਗਿਆ ਹੈ, ਪਰ ਹੱਥ ਦੇ ਕੰਮ ਦੀ ਕਦਰ ਹਾਲੇ ਘਟੀ ਨਹੀਂ।
ਅੱਜ ਵੀ ਹੱਥ ਦੀ ਪੱਕੀ ਰੋਟੀ ਤੋਂ ਲੈਕੇ, ਇੱਟਾਂ ਦੀ ਚਿਣਾਈ ਤਕ ਹਰ ਕੰਮ
ਕਲਾਤਮਿਕ ਤੇ ਫਾਇਦੇਮੰਦ ਹੈ। ਪੁਰਾਣੇ ਸਮੇਂ ਵਿਚ ਔਰਤਾਂ ਨੂੰ ਘਰਾਂ ਦੇ ਵੀਹ
ਕੰਮ ਹੁੰਦੇ ਸਨ ਪਰ ਫੇਰ ਵੀ ਉਹ ਕਢਾਈ ਦਾ ਕੰਮ ਕਰਨ ਲਈ ਵਿਹਲ ਕੱਢ ਲੈਂਦੀਆਂ
ਸਨ। ਅੱਜ ਸਾਡੀ ਮੱਧ ਵਰਗੀ ਜਮਾਤ ਵਿਹਲੀ ਤਾਂ ਰਹਿ ਲੈਂਦੀ ਹੈ, ਪਰ ਸੂਈ ਧਾਗੇ
ਨੂੰ ਫੜ੍ਹਨਾ ਹੱਤਕ ਸਮਝਦੀ ਹੈ। ਦੂਸਰੇ ਪਾਸੇ ਨਿਮਨ ਵਰਗ ਨੂੰ ਕੰਮ ਦੀ ਲੋੜ ਹੈ।
ਜੇਕਰ ਉਹ ਔਰਤਾਂ ਆਪਣੇ ਦਿਨ ਵਿਚ 2–4 ਘੰਟੇ ਕੱਢ ਕਿ ਕਰੋਸ਼ੀਏ ਦਾ ਕੰਮ ਕਰ ਲੈਣ
ਤਾਂ ਉਸ ਸਮਾਨ ਤੋਂ 200 ਤੋਂ ਹਜ਼ਾਰ ਰੁਪਏ ਤਕ ਕਮਾਇਆ ਜਾ ਸਕਦਾ ਹੈ। ਚੰਗੀ ਗੱਲ
ਇਹ ਹੈ ਕਿ ਕਈ ਲੋਕਾਂ ਨੇ ਭਲਾਈ ਗਰੁੱਪ ਬਣਾਏ ਹੋਏ ਹਨ, ਜੋ ਪੇਂਡੂ ਔਰਤਾਂ ਨੂੰ
ਰੁਜ਼ਗਾਰ ਦੇਂਦੇ ਹਨ। ਦੇਸ਼ ਵਿਦੇਸ਼ ਵਿਚ ਹੱਥ ਦੇ ਬਣੇ ਹੋਏ, ਕਾਂਟੇ, ਚੂੜੀਆਂ,
ਦਸਤਾਨੇ, ਟੋਪੀਆਂ, ਬੈਗ, ਛੱਤਰੀ ਕਵਰ, ਸ਼ਾਲ ਤੇ ਪਰਸ ਆਦਿ ਲੋਕ ਬਹੁਤ ਪਸੰਦ
ਕਰਦੇ ਹਨ। ਇਸ ਕੰਮ ਲਈ ਕੇਂਦਰ ਸਰਕਾਰ ਦੀਆਂ ਕਈ ਸਕੀਮਾਂ ਹਨ ਤੇ ਸਾਰਸ ਮੇਲਾ ਵੀ
ਵੀ ਲਗਾਉਂਦੇ ਹਨ, ਜਿੱਥੇ ਇਹਨਾਂ ਕਲਾਕਾਰਾਂ ਨੂੰ ਮੁਫਤ ਸਟਾਲ ਵੀ ਦਿੱਤੇ ਜਾਂਦੇ
ਹਨ। ਹੱਥ ਦੇ ਕੰਮ ਦੀ ਕਦਰ ਕਰਨ ਵਾਲੇ ਹਾਲੇ ਘੱਟ ਨਹੀਂ ਹਨ, ਬਸ ਤੁਹਾਨੂੰ ਹੀ
ਥੋੜੀ ਹਿੰਮਤ ਦੀ ਲੋੜ ਹੈ। (05/01/18) |
|
|
|
ਗੁੜ ਨਾਲੋਂ ਕੁਝ ਨਾ ਮਿੱਠਾ |
|
ਗੁੜ ਪੰਜਾਬੀਆਂ ਦੀ
ਮਨਪਸੰਦ ਖੁਰਾਕ ਹੈ। ਜਿੰਨੀ ਮਰਜ਼ੀ ਰੱਜ ਕੇ ਰੋਟੀ ਖਾ ਲੈਣ, ਬਾਅਦ ਵਿਚ ਗੁੜ ਲਈ
ਥਾਂ ਹੁੰਦੀ ਹੀ ਹੈ। ਇਹ ਇਕ ਸਿਹਤ ਲਈ ਗੁਣਕਾਰੀ ਚੀਜ਼ ਹੈ। ਪਾਚਣ ਸ਼ਕਤੀ ਲਈ
ਵਰਦਾਨ ਹੈ। ਮਾਨਤਾ ਹੈ ਕਿ ਇਸ ਦੇ ਕੋਈ ਮਾਰੂ ਅਸਰ ਨਹੀਂ ਹਨ। ਸੁਆਦ ਦੀ ਗੱਲ
ਕਰੀਏ ਤਾਂ ਪੰਜ ਤਾਰਾ ਹੋਟਲਾਂ ਦੀਆਂ ਮਿਠਾਈਆਂ, ਇਸਦੇ ਮੁਕਾਬਲੇ ਖੜ੍ਹਦੀਆਂ ਹੀ
ਨਹੀਂ ਹਨ। ਪਹਿਲੋਂ ਪਿੰਡਾਂ ਵਿਚ ਵੇਲਣੇ ਜਾਂ ਘੁਲਾੜੀਆਂ ਚੱਲਦੀਆਂ ਆਮ ਮਿਲ
ਜਾਂਦੀਆਂ ਸਨ, ਜੋ ਕਿਸਾਨ ਆਪ ਚਲਾਉਂਦੇ ਸਨ। ਪਰ ਪਿਛਲੇ ਤਿੰਨ ਦਹਾਕੇ ਦੀ
ਵਿਦੇਸ਼ੀ ਜਾਣ ਦੀ ਹੋੜ ਨੇ ਇਹ ਵਪਾਰਕ ਕਰ ਦਿੱਤੇ ਹਨ ਤੇ ਪਰਵਾਸੀ ਕਾਮੇ ਸੜਕਾਂ
ਦੇ ਕੰਢੇ ਗੁੜ ਵੇਚਣ ਲੱਗ ਪਏ ਹਨ। ਪਰ ਸਾਵਧਾਨ ? ਸਾਰਿਆਂ ਦਾ ਗੁੜ ਸਹੀ ਨਹੀਂ
ਹੁੰਦਾ। ਇਸ ਵਿਚ ਸਸਤੀ ਖੰਡ ਤਾਂ ਮਿਲਾਉਂਦੇ ਹੀ ਹਨ, ਨਾਲ ਦੀ ਨਾਲ ਇਕ ਐਸਾ
ਪਾਊਡਰ ਵੀ ਮਿਲਾਉਂਦੇ ਹਨ, ਜੋ ਰਸ ਨੂੰ ਪੱਕਣ ਤੋਂ ਪਹਿਲੋਂ ਹੀ ਸਖਤ ਕਰ ਦੇਂਦਾ
ਹੈ। ਸਹੀ ਗੁੜ ਇਕ ਕੁਇੰਟਲ ਗੰਨੇ ਚੋਂ 9 ਤੋਂ 11 ਕਿਲੋ ਤਕ ਹੀ ਨਿਕਲਦਾ ਹੈ, ਪਰ
ਇਹ ਮਿਲਾਵਟ ਵਾਲਾ 15 ਤੋਂ 20 ਕਿਲੋ ਤਕ ਨਿਕਲਦਾ ਹੈ। ਇਹ ਦੇਖਣ ਨੂੰ ਵੀ ਸੋਹਣਾ
ਹੁੰਦਾ ਹੈ, ਪਰ ਜੇ ਚਾਹ ਬਣਾਓਗੇ ਤਾਂ ਦੁੱਧ ਫੱਟ ਜਾਵੇਗਾ। ਬਰਸਾਤਾਂ ਵਿਚ ਬੋਰੀ
ਚੋਣ ਲੱਗ ਪੈਂਦੀ ਹੈ। ਸਹੀ ਗੁੜ ਘੱਟੋ ਘੱਟ 4 ਸਾਲ ਖਰਾਬ ਨਹੀਂ ਹੁੰਦਾ। ਇਸ ਲਈ
ਥੋੜਾ ਸੁਚੇਤ ਹੋ ਕੇ ਹੀ ਗੁੜ ਖਰੀਦਣਾ ਚਾਹੀਦਾ ਹੈ। ਪੁਰਾਣੇ ਹਕੀਮ, ਕਾਲਾ ਗੁੜ
ਗੁਣਕਾਰੀ ਮੰਨਦੇ ਸਨ। (22/12/2017) |
|
|
ਸੁਨਹਿਰੀ ਕਿੱਕ ਦੀ ਆਸ ਵਿਚ |
ਅੱਜਕਲ ਸਾਰੇ ਪੰਜਾਬ ਦੇ
ਪਿੰਡਾਂ ਵਿਚ ਖੇਡ ਟੂਰਨਾਮੈਂਟ ਚੱਲ ਰਹੇ ਹਨ। ਹਰ ਪਾਸੇ ਰੌਣਕਾਂ ਲੱਗੀਆਂ ਹੋਈਆਂ
ਹਨ। ਮਿੱਠਾ ਤੇ ਵੇਹਲਾ ਮੌਸਮ ਹੈ। ਸੁੱਖ ਨਾਲ ਐਨ ਆਰ ਆਈ ਵੀ ਕਾਫੀ ਆਏ
ਹੋਏ ਹਨ। ਉਹ ਵੀ ਚਾਹੁੰਦੇ ਹਨ ਕਿ ਪੰਜਾਬੀ ਜੁੱਸੇ ਵਾਲੇ ਨੌਜਵਾਨ ਖੇਡਾਂ ਵਿਚ
ਨਾਮਣਾ ਖੱਟਣ। ਹਰ ਖਿਡਾਰੀ ਵੀ ਆਪਣਾ ਜ਼ੋਰ ਲਾ ਰਿਹਾ ਹੈ। ਦੁਨੀਆ ਵਿਚ ਸਭ ਤੋਂ
ਵੱਧ ਖੋਡਣ ਤੇ ਦੇਖੀ ਜਾਣ ਵਾਲੀ ਖੇਡ ਫੁੱਟਬਾਲ ਹੀ ਹੈ, ਭਾਂਵੇਂ ਕਿ ਇਹ ਦੋ
ਕਿਸਮ ਦੀ ਹੈ; ਅਮਰੀਕਨ ਰਗਬੀ ਤੇ ਵਲੈਤੀ ਸੌਕਰ।
ਖਿਡਾਰੀਆਂ ਨੂੰ ਪੈਸਾ ਵੀ ਇਸੇ ਖੇਡ ਵਿਚ ਸਭ ਤੋਂ ਵੱਧ ਮਿਲਦਾ ਹੈ। ਬਾਕੀ ਸਭ
ਖੇਡਾਂ ਨਾਲੋਂ ਕੌਮਾਂਤਰੀ ਮੁਕਾਬਲੇ ਵੀ ਇਸੇ ਖੇਡ ਦੇ ਹੁੰਦੇ ਹਨ। ਪਰ ਭਾਰਤ
ਹਾਲੇ ਪੌੜੀ ਵੀ ਨਹੀਂ ਚੜ੍ਹ ਸੱਕਿਆ। ਪੰਜਾਬੀਆਂ ਦੀ ਮਨਪਸੰਦ ਖੇਡ ਵੀ ਫੁੱਟਬਾਲ
ਤੇ ਹਾਕੀ ਹੈ। ਹੋਰ ਵੀ ਖੇਡਾਂ ਖੇਡਦੇ ਹਨ, ਪਰ ਅੰਤਰਰਾਸ਼ਟਰੀ ਮੰਚ ਤੇ ਇਹ ਦੋਨੋਂ
ਵੱਧ ਮਕਬੂਲ ਹਨ। ਪਰ ਹਰ ਵਾਰ ਜ਼ੋਰ, ਜਵਾਨੀ ਤੇ ਜੁੱਸਾ ਫੇਲ ਹੋ ਜਾਂਦੇ ਹਨ। ਇਹ
ਜਾਨਣ ਲਈ ਸਾਨੂੰ ਕਿਸੇ ਵੀ ਟੂਰਨਾਮੈਂਟ ਵਿਚੋਂ ਜਵਾਬ ਮਿਲ ਜਾਵੇਗਾ। ਧਿਆਨ ਨਾਲ
ਵੇਖਿਓ, ਖਿਡਾਰੀ ਬਹੁਤ ਜ਼ੋਰ ਲਾਉਂਦੇ ਹਨ ਤੇ ਇਕ ਗੇਮ ਵਿਰ 50 ਤੋਂ ਵੱਧ ਵਾਰ
ਆਲੇ ਦੁਆਲੇ ਦੇ ਕੰਧਾਂ ਕੋਠਿਆਂ ਦੇ ਉੱਤੋਂ ਦੀ ਕਿੱਕ ਮਾਰ ਕੇ ਬਾਲ ਟਪਾ ਦੇਂਦੇ
ਹਨ। ਮਤਲੱਬ ਕਿ ਉਹਨਾਂ ਦਾ ਸਾਰਾ ਟੀਚਾ ਬਾਲ ਨੂੰ ਆਪਣੇ ਪਾਸੇ ਨਾ ਰਹਿਣ ਦੇਣਾ
ਹੈ। ਇਸੇ ਤਰਾਂ ਧਿਆਨ ਨਾਲ ਵੇਖਿਓ, ਹਰ ਖਿਡਾਰੀ ਕੱਲਾ ਕੱਲਾ ਖੇਡ ਰਿਹਾ ਹੁੰਦਾ
ਹੈ। ਟੀਮ ਵਰਕ ਦੀ ਬਹੁਤ ਲੋੜ ਹੁੰਦੀ ਹੈ ਮੈਚ ਜਿੱਤਣ ਲਈ। ਟੀਵੀ ਤੇ ਆਉਂਦੇ
ਇੰਗਲੈਂਡ ਦੇ ਮੈਚ ਵੇਖਿਓ ਕਿਵੇਂ ਬਾਲ ਮੈਦਾਨ ਵਿਚ ਹੀ ਰਹਿੰਦੀ ਹੈ ਤੇ ਅੱਖ ਦੇ
ਫੌਰ ਵਿਚ ਹੀ ਪਾਸ ਦਿੱਤੇ ਜਾਂਦੇ ਹਨ। ਇਸੇ ਲਈ ਫਸਵੇਂ ਤੇ ਰੌਚਿਕ ਮੈਚ ਹੁੰਦੇ
ਹਨ। ਮੈਨੂੰ ਨਹੀਂ ਪਤਾ ਕਿ ਕਿੱਥੋਂ ਇਸਦਾ ਸਿਰਾ ਫੜਿਆ ਜਾਵੇ, ਪਰ ਇਹਨਾਂ ਪਤਾ
ਹੈ ਕਿ, ਕੱਲੇ ਜੋਸ਼ ਨੇ ਨਹੀਂ, ਹੋਸ਼ ਨੂੰ ਨਾਲ ਲੈਕੇ ਹੀ ਸੁਨਹਿਰੀ ਕਿੱਕ ਵੱਜਣੀ
ਹੈ। ਜੀਵੇ ਪੰਜਾਬ (15/12/2017) |
|
ਰੰਗ ਬਿਰੰਗੇ ਠੱਗ |
ਪਿਛਲੇ ਅੰਕ ਵਿਚ ਕੇਲੇ ਦੀ ਕਾਸ਼ਤ ਵਿਚ ਕਿਸਾਨਾਂ ਨੂੰ ਪਏ ਘਾਟੇ ਦੀ ਗੱਲ
ਕੀਤੀ ਗਈ ਸੀ। ਬਹੁਤ ਹੋਰ ਕਿਸਾਨਾਂ ਨੇ ਇਸਦੇ ਬਾਰੇ ਗੱਲ ਕੀਤੀ ਤੇ ਅੱਜ ਹੋ ਰਹੇ
ਨਵੇਂ ਨਵੇਂ ਠੱਗੀ ਦੇ ਤਰੀਕਿਆਂ ਬਾਰੇ ਦੱਸਿਆ। ਪੰਜਾਬ ਦਾ ਕਿਸਾਨ ਚਾਹੁੰਦਾ ਹੈ
ਕਿ ਕੁਝ ਨਵਾਂ ਕੀਤਾ ਜਾਵੇ, ਤਾਂ ਜੋ ਆਮਦਨ ਵੱਧ ਸਕੇ। ਇਸ ਲਈ ਉਹ ਨਵੇਂ ਤਜੁਰਬੇ
ਕਰਨ ਲਈ ਤਿਆਰ ਰਹਿੰਦਾ ਹੈ। ਉਹ ਖੁੱਲ੍ਹੇ ਦਿਲ ਨਾਲ ਪੈਸੇ ਵੀ ਖਰਚ ਦੇਂਦਾ ਹੈ
ਤੇ ਸਭ ਤੋਂ ਵੱਡੀ ਗੱਲ, ਕੋਟ ਪੈਂਟ ਪਾਈ ਲੋਕਾਂ ਨੂੰ ਸਿਆਣੇ ਸਮਝ, ਉਹਨਾਂ ਤੇ
ਯਕੀਨ ਵੀ ਕਰ ਲੈਂਦਾ ਹੈ। ਬਸ ਇਹੋ ਗੁਣ ਹੀ ਉਸਦੇ ਲੁੱਟੇ ਜਾਣ ਦਾ ਕਾਰਣ ਬਣਦੇ
ਹਨ। ਕਦੇ ਕੁਝ ਤੇ ਕਦੇ ਕੁਝ, ਲੋਕ ਸਕੀਮਾਂ ਬਣਾ ਦੇ ਲੁੱਟਦੇ ਹਨ, ਕੇਲੇਆਂ ਵਾਂਗ
ਅੱਜ ਕਲ, ਸਾਗਵਾਨ ਤੇ ਚੰਦਨ ਦੇ ਰੁੱਖ ਵੇਚਣ ਵਾਲੇ ਪਿੰਡੋਂ ਪਿੰਡ ਤੁਰੇ ਫਿਰਦੇ
ਹਨ, ਸਾਗਵਾਨ 50 ਤੋਂ 100 ਸਾਲ ਵਿਚ ਹੁੰਦਾ ਹੈ, ਇਹ ਲੋਕ 10 ਸਾਲ ਹੀ ਕਹੀ
ਜਾਂਦੇ ਹਨ। ਇਸੇ ਤਰਾਂ ਚੰਦਨ ਦੇ ਰੁੱਖ ਬਾਰੇ ਵੀ ਝੂਠ ਬੋਲਦੇ ਹਨ। ਇਹ ਦੋਵੇ
ਰੁੱਖ ਪੰਜਾਬ ਵਿਚ ਪੂਰੀ ਤਰਾਂ ਵੱਧ ਨਹੀਂ ਸਕਦੇ, ਕਿਉਂਕਿ ਇੱਥੇ ਦੀ ਧਰਤੀ ਤੇ
ਪੌਣ ਪਾਣੀ ਅਨੁਕੂਲ ਨਹੀਂ ਹੈ। ਇਹ ਰੰਗ ਬਿਰੰਗੇ ਠੱਗ ਗਿਣਤੀਆਂ ਜਿਹੀਆਂ ਦੱਸੀ
ਜਾਣਗੇ। ਨਾ ਇਹ ਠੇਕੇ ਤੇ ਜ਼ਮੀਨ ਲੈਂਦੇ ਹਨ ਨਾ ਅਗਾਂਓ ਖਰੀਦ ਕਰਦੇ ਹਨ। ਬਾਅਦ
ਵਿਚ ਸਵੇਦੇ ਵਾਂਗ ਲੱਕੜ 3 ਰੁਪਏ ਕਿਲੋ ਵੀ ਨਹੀਂ ਵਿਕਦੀ। ਯਾਦ ਰਵੇ ਕਿ ਇਸੇ
ਤਰਾਂ ਕਿਸਾਨਾਂ ਨੂੰ ਕਈ ਠੱਗ, 'ਈਮੂ' ਜਾਨਵਾਰ ਵੇਚ ਗਏ ਸਨ। ਇਹਨਾਂ ਦਾ ਕੰਮ
ਹੈ, ਆਪਣੇ ਪੈਸੇ ਲਏ ਤੇ ਫੇਰ ਛੂੰ ਮੰਤਰ ਹੋ ਜਾਣਾ। ਹੈਰਾਨ ਹਾਂ ਕਿ ਸਾਡੇ ਖੇਤੀ
ਨਾਲ ਸਬੰਧਤ ਮਹਿਕਮੇ ਤੇ ਅਦਾਰੇ ਕਿਸਾਨਾਂ ਨੂੰ ਕਿਉਂ ਨਹੀਂ ਸੁਚੇਤ ਕਰਦੇ। ਖੈਰ
ਕੁਝ ਵੀ ਹੋਵੇ, ਹੁਣ ਕਿਸਾਨਾਂ ਨੂੰ ਆਪ ਹੀ ਸੁਚੇਤ ਰਹਿਣਾ ਪਵੇਗਾ ਤੇ ਆਪਣੇ
ਸਾਥੀਆਂ ਨੂੰ ਵੀ ਦੱਸਣਾ ਹੋਵੇਗਾ। (09/12/2017)
|
|
ਘਾਟੇ ਦਾ ਸੌਦਾ |
|
ਪੰਜਾਬ ਵਿਚ ਫਸਲੀ ਚੱਕਰ ਦੇ ਗੇੜ ਵਿਚੋਂ
ਕੱਢਣ ਲਈ, ਕੇਲੇ ਦੀ ਕਾਸ਼ਤ ਨੂੰ ਬਹੁਤ ਜ਼ੋਰ ਸ਼ੋਰ ਨਾਲ ਲਾਗੂ ਕੀਤਾ ਗਿਆ ਸੀ। ਬੜੇ
ਕਿਸਾਨਾਂ ਨੇ ਇਸ 14 ਤੋਂ 16 ਮਹੀਨੇ ਦੀ ਫਸਲ ਨੂੰ ਥਾਂ ਦਿੱਤੀ। ਪਰ ਆਖਰ ਖੇਤ
ਖਾਲੀ ਹੀ ਕਰਨੇ ਪਏ ਤੇ ਘਾਟਾ ਸਹਾਰਨਾ ਪਿਆ, ਕੇਲੇ ਦੀ ਬਜ਼ਾਰ ਵਿਚ ਮੰਗ ਹੋਣ ਦੇ
ਬਾਵਜੂਦ। ਕੇਲਾ ਮੂਲ ਰੂਪ ਵਿਚ ਪੰਜਾਬ ਦੀ ਫਸਲ ਨਹੀਂ ਹੈ। ਇਸ ਦੀਆਂ 100 ਤੋਂ
ਉੱਤੇ ਕਿਸਮਾਂ ਹਨ। ਇਹ ਲਾਵਾ ਮਿੱਟੀ ਵਾਲੀ ਧਰਤੀ ਪਸੰਦ ਕਰਦਾ ਹੈ। ਜਿਸ ਵਿਚ
ਪਾਣੀ ਖੜਾ ਨਾ ਹੋਵੇ। ਇਸਦੀ ਸਹੀ ਉਪਜ ਲਈ 12 ਤੋਂ 28 ਡਿਗਰੀ ਤਾਪਮਾਨ ਚਾਹੀਦਾ
ਹੈ। ਜੇ ਤਾਪਮਾਨ 38 ਡਿਗਰੀ ਹੋ ਜਾਵੇ ਤਾਂ ਫਸਲ ਦਾ ਝਾੜ ਤੀਜਾ ਹਿੱਸਾ ਰਹਿ
ਜਾਂਦਾ ਹੈ। ਹੁਣ ਆਪ ਸੋਚੋ ਇਥੇ ਤਾਂ ਤਾਪਮਾਨ 45 ਡਿਗਰੀ ਤਕ ਵੀ ਚਲੇ ਜਾਂਦਾ ਹੈ
ਤੇ ਮਿੱਟੀ ਵੀ ਇਸਦੇ ਅਨੁਕੂਲ ਨਹੀਂ, ਘਾਟਾ ਤਾਂ ਪੈਣਾ ਹੀ ਹੈ। ਇਸ ਵਿਚ ਕੋਈ ਸ਼ਕ
ਨਹੀਂ ਕਿ ਪੰਜਾਬ ਨੂੰ ਬਦਲਵੀਆਂ ਫਸਲਾਂ ਦੀ ਲੋੜ ਹੈ, ਪਰ ਫਸਲ ਦੀ ਜਾਣਕਾਰੀ ਹੋਣ
ਦੇ ਬਾਵਜੂਦ ਪੰਜਾਬੀ ਕਿਸਾਨਾਂ ਦਾ ਕਿਸੇ ਮਹਿਕਮੇ ਨੇ ਆਪਣੇ ਨੰਬਰ ਬਨਾਉਣ ਖਾਤਰ
ਨੁਕਸਾਨ ਕਰ ਦਿੱਤਾ। ਪੰਜਾਬੀਆਂ ਨੂੰ ਚਾਹੀਦਾ ਹੈ ਕਿ ਕਿਸੇ ਵੀ ਮਹਿਕਮੇ ਉੱਤੇ
ਰੱਬ ਵਰਗਾ ਯਕੀਨ ਨਾ ਕਰਨ। ਹਰ ਫਸਲ ਬਾਰੇ ਕਿਤਾਬਾਂ ਤੇ ਨੈੱਟ ਤੇ ਜਾਣਕਾਰੀ
ਸੌਖੇ ਹੀ ਮਿਲ ਜਾਂਦੀ ਹੈ। ਜੇਕਰ ਤਜੁਰਬਾ ਕਰਨਾ ਹੀ ਹੈ ਤਾਂ ਉਸ ਇਲਾਕੇ ਵਿਚ ਵੀ
ਜ਼ਰੂਰ ਜਾਕੇ ਪਤਾ ਕਰ ਆਉਣ, ਜਿੱਥੇ ਉਸ ਫਸਲ ਦੀ ਕਾਸ਼ਤ ਹੁੰਦੀ ਹੈ। ਕਈਆਂ ਨੂੰ
ਯਾਦ ਹੋਵੇਗਾ, ਇਹੋ ਜਿਹੇ ਧੋਖੇ ਹੋਰ ਫਸਲਾਂ ਨਾਲ ਵੀ ਕੀਤੇ ਗਏ ਸਨ, ਜਿਵੇਂ
ਮੂਸਲੀ, ਸਟੀਵੀਆ, ਕਾਲੀ ਗਾਜਰ ਆਦਿ। ਬਦਲਵੀਂ ਫਸਲ ਲਈ ਕੋਸ਼ਿਸ਼ ਜ਼ਰੂਰ ਕਰੋ, ਪਰ
ਅੱਖਾਂ ਖੋਲ੍ਹ ਕੇ। (01/12/2017) |
|
|
|
ਸੁਫਨੇ ਰੰਗਦਾਰ |
|
ਆਮ ਮਨੁੱਖ ਹਰ ਰਾਤ ਨੂੰ ਤਕਰੀਬਨ 500 ਸੁਫਨਾ
ਲੈਂਦਾ ਹੈ, ਤੇ ਦਿਨੇ ਹਰ ਘੰਟੇ ਵਿਚ 100 ਤੋਂ ਵੱਧ, ਦੋਹਾਂ ਵਿਚ ਫਰਕ ਇਹ
ਹੁੰਦਾ ਹੈ ਕਿ ਮਨੁੱਖ ਰਾਤ ਵਾਲੇ ਸੁਫਨੇ ਤੋਂ ਡਰ ਜਾਂਦਾ ਹੈ ਤੇ ਦਿਨ ਵਾਲਾ
ਪੂਰਾ ਨਾ ਹੋਣ ਦਾ ਡਰ ਉਸਨੂੰ ਜੀਣ ਨਹੀਂ ਦੇਂਦਾ। ਕੌਣ ਗਰੀਬ ਦੇ ਘਰ ਤੇ ਕੌਣ
ਅਮੀਰ ਦੇ ਘਰ ਜੰਮਣਾ ਹੈ ? ਇਹ ਕਿਸੇ ਦੇ ਵਸ ਨਹੀਂ, ਪਰ ਇਕੋ ਜਿਹੇ ਸੁਫਨੇ ਤਾਂ
ਲਏ ਹੀ ਜਾ ਸਕਦੇ ਹਨ। ਮੱਧ ਵਰਗ ਦੇ ਲੋਕ, ਮਾੜੇ ਨੂੰ ਧੱਫਾ ਤੇ ਤਕੜੇ ਨੂੰ ਜਫਾ
ਪਾਉਣ ਦੀ ਨੀਤੀ ਤੇ ਚੱਲਦੇ ਹਨ, ਪਰ ਇਹ ਮਾੜੇ ਨੂੰ ਅੱਗੇ ਵੱਧਣ ਤੋਂ ਰੋਕ ਨਹੀਂ
ਸਕਦੇ। ਜੋ ਬੱਚੇ ਗੁਬਾਰਿਆਂ ਵਰਗੇ ਸੁਫਨੇ ਲੈਂਦੇ ਹਨ, ਆਖਰ ਉਹ ਵੀ ਆਸਮਾਨ ਨੂੰ
ਛੂਹ ਲੈਂਦੇ ਹਨ। ਜੇ ਹਿੰਮਤ ਹੋਵੇ ਤਾਂ ਹਾਲਾਤ ਬਦਲੇ ਵੀ ਜਾ ਸਕਦੇ ਹਨ। ਆਪਣੇ
ਆਪ ਤੇ ਯਕੀਨ ਹੋਵੇ ਤੇ ਹਾਰਨ ਦਾ ਡਰ ਨਾ ਹੋਵੇ, ਤਾਂ ਦੁਨੀਆਂ ਦੀ ਕੋਈ ਤਾਕਤ
ਤੁਹਾਨੂੰ ਸੁਫਨੇ ਰੰਗੀਨ ਕਰਨ ਤੋਂ ਰੋਕ ਨਹੀਂ ਸਕਦੀ।
(24/11/17) |
|
ਹੋਂਦ ਬਾਕੀ ਹੈ |
ਸਾਡੀਆਂ ਬਹੁਤ ਸਾਰੀਆਂ ਪੁਰਾਤਨ ਵਸਤੂਆਂ
ਆਪਣੀ ਉਮਰ ਪੁਗਾਅ ਚੁੱਕੀਆਂ ਹਨ। ਹਰ ਵਸਤੂ ਦੀ ਜਦ ਤਕ ਲੋੜ ਬਣੀ ਰਹੇਗੀ, ਉਹ
ਵੱਧਦੀ ਫੁੱਲਦੀ ਰਹੇਗੀ ਜਾਂ ਬਚੀ ਰਹੇਗੀ। ਬਦਲਦੇ ਸਮੇਂ ਨੇ ਬਹੁਤ ਸਾਰੀਆਂ
ਚੀਜ਼ਾਂ, ਜਿਹਨਾਂ ਨੂੰ ਅਸੀਂ ਸਭਿਆਚਾਰਕ ਚਿੰਨਾਂ ਦੇ ਤੌਰ ਤੇ ਜਾਣਦੇ ਹਾਂ, ਅੱਜ
ਆਮ ਵਰਤੋਂ ਵਿਚ ਨਹੀਂ ਰਹੀਆਂ ਹਨ, ਇਸੇ ਲਈ ਉਹ ਹੌਲੀ ਹੌਲੀ ਅਲੋਪ ਹੋ ਗਈਆਂ ਹਨ
ਜਾਂ ਹੋ ਰਹੀਆਂ ਹਨ। ਪਰ ਸਮੇਂ ਤੇ ਤਕਨੌਲਜੀ ਦੀ ਮਾਰ ਝੱਲ ਕਿ ਵੀ ਸਾਡੇ ਕੋਲ
ਇੰਨੂ ਉਰਫ ਬਿੰਨੂ ਬਚਿਆ ਹੋਇਆ ਹੈ। ਇਹ ਪੰਜ ਤੋਂ ਸਤ ਇੰਚ ਦੇ ਆਕਾਰ ਦਾ ਰਿੰਗ
ਸਾਰੀ ਦੁਨੀਆ ਵਿਚ ਵਰਤਿਆ ਜਾਂਦਾ ਹੈ। ਕੰਮਕਾਜੀ ਐਰਤਾਂ ਤੇ ਮਜ਼ਦੂਰਾਂ ਲਈ ਸਿਰ
ਤੇ ਟੋਕਰੀ, ਤੱਸਲਾ ਜਾਂ ਘੜਾ ਟਿਕਾਉਣਾ ਬਹੁਤ ਆਸਾਨ ਕਰ ਦਿੰਦਾ ਹੈ। ਸ਼ੋਕੀਨ
ਔਰਤਾਂ ਇਸਨੂੰ ਸ਼ਿੰਗਾਰ ਕੇ ਬਣਾਉਂਦੀਆਂ ਸਨ/ਹਨ। ਆਮ ਤੌਰ ਤੇ ਇਸਦੇ ਅੰਦਰ ਕਾਹੀ
ਦਾ ਗੋਲਾ ਭਰਿਆ ਜਾਂਦਾ ਹੈ ਤੇ ਉੱਤੇ ਲੀਰਾਂ ਕੱਸ ਕਿ ਲਪੇਟੀਆਂ ਜਾਂਦੀਆਂ ਹਨ।
ਸਭ ਤੋਂ ਖੁਸ਼ੀ ਦੀ ਗੱਲ ਹੈ ਕਿ ਹੁਣ ਇਸਨੂੰ ਬਣਾਉਣ ਦੇ ਮੁਕਾਬਲੇ ਲਈ, ਵਿਸ਼ਵ
ਵਿਦਆਲਿਆਂ ਤੇ ਕਾਲਜਾਂ ਵਿਰ ਵੀ ਸ਼ਾਮਲ ਕਰ ਲਿਆ ਗਿਆ ਹੈ। ਇਹ ਇਸ ਨਿਮਾਣੀ ਜਿਹੀ,
ਭਾਰ ਸਹਿਣ ਵਾਲੀ ਵਸਤੂ ਦੀ ਹੋਂਦ ਕਾਇਮ ਰੱਖਣ ਵੱਲ ਇਕ ਸਾਰਥਿਕ ਕਦਮ ਹੈ।
(18/11/17) |
|
ਜਿੰਨ ਪਹਾੜੋਂ ਲੱਭਾ |
ਪੁਰਾਣੇ ਸਮੇਂ 'ਚ ਗੱਲ ਸੁਣਦੇ ਹੁੰਦੇ ਸੀ,
ਇਕ ਸਾਧੂ, ਜੰਗਲਾਂ, ਪਹਾੜਾਂ ਚ ਘੁੰਮਦਾ ਫਿਰਦਾ ਸੀ। ਇਕ ਦਿਨ ਉਹ ਥੱਕ ਗਿਆ ਤੇ
ਇਕ ਵੱਡੇ ਰੁੱਖ ਨਾਲ ਢਾਸਣਾ ਲਾ ਕਿ ਬਹਿ ਗਿਆ। ਜਦੋਂ ਉਸਨੂੰ ਜਾਗ ਆਈ ਤਾਂ ਕੀ
ਵੇਖਦਾ ਹੈ ਕਿ ਮਿੱਟੀ ਨਾਲ ਲਿਬੜਿਆ ਇਕ ਭਾਂਡਾ ਥੋੜੀ ਦੂਰ ਪਿਆ ਸੀ। ਉਸਨੇ ਉਹ
ਭਾਂਡਾ ਚੱਕ ਲਿਆ ਤੇ ਸੋਚਣ ਲੱਗ ਪਿਆ ਕਿ ਹੁਣ ਨਦੀ ਤੋਂ ਪਾਣੀ ਨਾਲ ਭਰ ਕਿ ਕੋਲ਼
ਰਖਿਆ ਕਰਾਂਗਾ। ਥੋੜੀ ਦੂਰ ਹੀ ਨਦੀ ਆ ਗਈ। ਉਹ ਪਾਣੀ ਭਰਨ ਤੋਂ ਪਹਿਲੋਂ, ਭਾਂਡੇ
ਨੂੰ ਮਾਂਜਣ ਲੱਗ ਪਿਆ। ਜਿਉਂ ਹੀ ਉਸਨੇ ਹੱਥ ਫੇਰਿਆ, ਤਦੇ ਹੀ ਇਕ ਜਿੰਨ ਪ੍ਰਗਟ
ਹੋ ਗਿਆ। ਜਿੰਨ ਕਹਿੰਦਾ ਕਿ ਅੱਜ ਤੋਂ ਤੂੰ ਮੇਰਾ ਮਾਲਕ, ਜੋ ਮਰਜ਼ੀ ਕੰਮ ਕਰਾ,
ਬਸ ਵਿਹਲਾ ਨਾ ਛੱਡੀ, ਨਹੀਂ ਤੇ ਮੈ ਤੈਨੂੰ ਖਾ ਜਾਊਂ। ਕੁਝ ਸਮਾਂ ਤਾਂ ਚੰਗਾ
ਲੰਘ ਗਿਆ, ਤੇ ਫੇਰ ਇਕ ਦਿਨ ਉਹ ਜਿੰਨ ਦਾ ਭੋਜਨ ਬਣ ਗਿਆ। ਅੱਜ ਫੇਰ ਲੋਕਾਂ ਨੂੰ
ਇਕ ਜਿੰਨ ਮਿਲ ਗਿਆ ਹੈ, ਜੋ ਸਭ ਕੁਝ ਖਾ ਚੁੱਕਾ ਹੈ। ਸਿਨਮਾ, ਨਾਟਕ, ਨਾਚ,
ਕੰਮਪੀਊਟਰ, ਟੀਵੀ, ਫੋਨ, ਰਿਸ਼ਤੇ ਨਾਤੇ ਆਦਿ ਆਦਿ। ਕੀ ਪਿੰਡ, ਕੀ ਸ਼ਹਿਰ ਇਹ ਹਰ
ਇਕ ਦੇ ਹੱਥ ਬੰਨੀ ਬੈਠਾ ਹੈ। ਦਿਨ ਹੈ ਜਾਂ ਰਾਤ, ਬੱਚਾ ਹੈ ਜਾਂ ਬਜ਼ੁਰਗ ਸਭ
ਆਪਣੇ ਆਪ ਨੂੰ ਮਾਲਕ ਸਮਝ ਰਹੇ ਹਨ। ਹਾਲੇ ਜਿੰਨ ਵੀ ਬਹੁਤ ਰੁਝਿਆ ਹੋਇਆ ਹੈ। ਪਰ
ਜਲਦੀ ਹੀ ਇਸ ਨੂੰ ਮਨੁਖੱਤਾ ਦਾ ਮਾਸ ਮਿਲਣ ਵਾਲਾ ਹੈ। ਕਾਸ਼ ਕੋਈ ਇਸ ਤਕਨੋਲਜੀ
ਦੇ ਪੈਦਾ ਕੀਤੇ ਜਿੰਨ ਨੂੰ ਵਾਪਸ ਪਹਾੜਾਂ ਵਿਚ ਦੱਬ ਆਵੇ।
(09/11/17) |
|
ਉੱਜੜੇ ਵਾਰੋ ਵਾਰੀ |
ਦੁਨੀਆ ਵਿਚ ਸਭ ਤੋਂ ਅਸਥਿਰ ਵਰਤਾਰਾ,
ਸਭਿਆਚਾਰ ਹੀ ਹੁੰਦਾ ਹੈ। ਇਹ ਪਾਣੀ ਦੀਆਂ ਲਹਿਰਾਂ ਵਾਂਗ ਹੁੰਦਾ ਹੈ। ਆਉਂਦੀ
ਲਹਿਰ ਬੜੀ ਸੋਹਣੀ ਤੇ ਤਾਕਤਵਾਰ ਲੱਗਦੀ ਹੈ ਪਰ ਛੇਤੀ ਹੀ ਸਮੁੰਦਰ ਵਿਚ ਗੁੰਮ ਹੋ
ਜਾਂਦੀ ਹੈ। ਇੰਝ ਹੀ ਸਭਿਆਚਾਰ ਦੀ ਰਵਾਨੀ ਹੁੰਦੀ ਹੈ। ਭੋਤਿਕ ਲੋੜਾਂ ਚੋ ਪੈਦਾ
ਹੋਈਆਂ ਵਸਤੂਆਂ ਤੇ ਪਹਿਰਾਵੇ, ਇਕੋ ਝੱਟਕੇ ਨਾਲ ਬਦਲ ਜਾਂਦੇ ਹਨ। ਚਾਦਰੇ
ਕੁੜਤੇ, ਪੈਂਟਾਂ ਕਮੀਜ਼ਾਂ ਵਿਚ ਬਦਲ ਗਏ। ਜੀਨਾਂ ਨੇ ਸਲਵਾਰਾਂ ਘਗਰੇ ਪਿੱਛੇ
ਸੁੱਟ ਦਿੱਤੇ। ਦਾਤੀਆਂ ਨੂੰ ਕੰਬਾਇਨਾਂ ਨੇ ਵਿਹਲੇ ਕਰ ਦਿੱਤਾ। ਗੱਲ ਕੀ ਹਰ
ਯੁੱਗ ਦੇ ਵਿਚ ਕੁਝ ਨਾ ਕੁਝ ਬਦਲ ਜਾਂਦਾ ਹੈ। ਘਰਾਂ ਵਿਚ ਪਏ ਸੰਦੂਕ, ਔਰਤਾਂ ਦੇ
ਮੋਹ ਤੋਂ ਮੁਕਤ ਹੋ ਕੇ ਬੈਂਕਾਂ ਦੇ ਲਾਕਰ ਬਣ ਗਏ ਹਨ। ਕਦੇ ਜੋ ਪੱਕੀ ਲੱਕੜ ਦਾ
ਮਹਿੰਗਾ ਸੰਦੂਕ ਹੁੰਦਾ ਸੀ, ਅੱਜ ਸਿਰਫ, ਅਜਾਇਬ ਘਰਾਂ ਦਾ ਹਿੱਸਾ ਹੀ ਰਹਿ ਗਿਆ
ਹੈ। ਘਰਾਂ ਵਿਚੋਂ ਸਫਾਈ ਦੇ ਨਾਮ ਤੇ ਕਈ ਤਾਂ ਚੁੱਲ੍ਹੇ ਦੀ ਭੇਂਟ ਵੀ ਚੜ੍ਹ
ਚੁੱਕੇ ਹਨ। ਸਮਾਂ ਹੀ ਤਬਦੀਲੀ ਲਿਆਉਂਦਾ ਹੈ ਤੇ ਤਬਦੀਲੀ ਹੀ ਸਮਾਂ ਹੈ। ਘੜੀ
ਤਾਂ ਬਸ ਸਿਰਫ ਘੁੰਮਣ ਜੋਗੀ ਹੀ ਹੈ। ਇਹ
ਮਨੁੱਖੀ ਮਨ ਦੀ ਚਾਲ ਹੀ ਹੈ, ਜੋ ਸਭ ਨੂੰ ਘੁਮਾਈ ਫਿਰਦੀ ਹੈ।
(27/10/17) |
|
|
|
|
|