|
ਛੋਟੋ ਛੋਟੇ ਲਾਲਚ |
ਜਦ
ਮਨੁੱਖ ਜੰਮ ਹੀ ਪਿਆ ਤਾਂ ਉਸ ਅੰਦਰ ਚੀਜ਼ਾਂ ਨੂੰ, ਸਹੂਲਤਾਂ ਨੂੰ ਪਾਣ ਦੀ ਇੱਛਾ
ਹੋਣੀ, ਕੁਦਰਤੀ ਵਰਤਾਰਾ ਵੀ ਕਿਹਾ ਜਾ ਸਕਦਾ ਹੈ। ਇਹ ਕੁਝ ਵੀ ਹੋ ਸਕਦੀਆਂ ਹਨ।
ਇਹਨਾਂ ਵਿਚੋਂ ਭੁੱਖ ਸਭ ਤੋਂ ਵੱਡੀ ਤਾਕਤ ਹੈ। ਇਸਦੀ ਪੂਰਤੀ ਲਈ ਹੀ ਮਨੁੱਖ
ਘਰੋਂ ਬਾਹਰ ਨਿਕਲਦਾ ਹੈ, ਫੇਰ ਭਾਂਵੇ ਉਹ ਨੌਕਰੀ ਹੋਵੇ ਜਾਂ ਸ਼ਿਕਾਰ। ਨੌਕਰੀ
ਤੋਂ ਸ਼ਾਇਦ ਹੀ ਕੋਈ ਕਦੇ ਸੰਤੁਸ਼ਟ ਹੋਇਆ ਹੋਵੇ, ਸ਼ਿਕਾਰ ਤਾਂ ਭੱਟਕਣ ਹੀ ਭੱਟਕਣ
ਹੈ, ਇਹ ਸ਼ਿਕਾਰ ਦੀ ਕੋਈ ਵੀ ਕਿਸਮ ਹੋ ਸਕਦੀ ਹੈ, ਗਿੱਦੜਾਂ, ਕੁੱਕੜਾਂ ਤੋਂ
ਲੈਕੇ ਸਿਆਸਤ ਤਕ। ਸ਼ਿਕਾਰ ਆਮ ਤੌਰ ਤੇ ਲੋੜ ਤੋਂ ਵੱਧ ਹੀ ਕੀਤਾ ਜਾਂਦਾ ਹੈ। ਪਰ
ਇਹ ਸਭ ਉਪਰੋਕਤ ਗੱਲਾਂ ਤਾਕਤਵਰ ਲੋਕਾਂ ਦੀਆਂ ਹੀ ਹਨ। ਆਮ ਲੋਕ ਤਾਂ ਰੋਟੀ ਤੇ
ਮਸਲੇ ਵਿਚ ਹੀ ਐਨੇ ਉਲਝੇ ਪਏ ਹਨ ਕਿ ਉਹ ਕਈ ਗਲਤ ਕੰਮ ਅਚੇਤ ਰੂਪ ਵਿਚ ਹੀ ਕਰੀ
ਜਾ ਰਹੇ ਹਨ। ਲਾਲਚ ਬੜਾ ਛੋਟਾ ਹੁੰਦਾ ਹੈ, ਪਰ ਸਮਾਜ ਨੂੰ ਭੁੱਗਤਣਾ ਵੱਡੇ ਰੂਪ
ਵਿਚ ਪੈਂਦਾ ਹੈ। ਉਦਾਹਰਣ ਵਜੋਂ ਇਹ ਫੋਟੋ ਹੀ ਲੈ ਲਵੋ। ਇਸ ਨਹਿਰ ਦੇ ਕੰਢੇ
ਵਸਦੇ ਲੋਕ ਆਪਣਾ ਗੰਦਾ ਪਾਣੀ, ਸਾਫ ਪਾਣੀ ਵਿਚ ਸੁੱਟ ਰਹੇ ਹਨ। ਕਿਉਂਕਿ ਇੰਝ
ਕਰਨਾ ਸੌਖਾ ਹੈ ਤੇ ਪਖਾਨੇ ਆਦਿ ਨੂੰ ਬਨਾਉਣ ਦਾ ਖਰਚਾ ਬੱਚਦਾ ਹੈ, ਪਰ ਇਹ ਲੋਕ
ਨਹੀਂ ਸੋਚਦੇ ਕਿ ਇਸ ਗੰਦੇ ਪਾਣੀ ਨੇ ਕਿੰਨੇ ਹੋਰ ਲੋਕਾਂ ਦੇ ਲੱਖਾਂ ਰੁਪਏ, ਇਸ
ਪਾਣੀ ਦੇ ਪੀਣ ਜਾਂ ਵਰਤਣ ਨਾਲ ਹੋਣ ਵਾਲੀਆਂ ਬਿਮਾਰੀਆਂ ਤੇ ਖਰਚਵਾ ਦੇਣੇ ਹਨ।
ਮਹਿਕਮੇ ਦੇ ਬੇਈਮਾਨ ਲੋਕ ਆਪਣੇ ਚਾਰ ਛਿੱਲੜਾਂ ਲਈ ਇਸ ਪਾਪ ਤੇ ਭਾਗੀਦਾਰ ਬਣੀ
ਜਾ ਰਹੇ ਹਨ। ਇਹੋ ਜਿਹੇ ਛੋਟੇ ਛੋਟੇ ਲਾਲਚ ਅਸੀ ਬਾਕੀ ਥਾਵਾਂ ਜਾਂ ਕੰਮਾਂ ਤੇ
ਵੀ ਕਰੀ ਜਾ ਰਹੇ ਹਾਂ, ਤੇ ਸੱਚੀ ਗੱਲ ਤਾਂ ਇਹ ਹੈ, ਕਿ ਨਾ ਤਾਂ ਕੋਈ ਇਹ ਕਿਸੇ
ਨੂੰ ਸਮਝਾਉਂਦਾ ਹੈ, ਤੇ ਨਾ ਹੀ ਕੋਈ ਇਹ ਸਭ ਕੁੱਝ ਸਮਝਣ ਲਈ ਰਾਜ਼ੀ ਹੀ ਹੈ। |
ਕਾਲੇਧਨ ਦੀ ਵਾਪਸੀ |
ਭਾਦੋਂ
ਦਾ ਭਰਵਾਂ ਦਿਨ ਸੀ । ਹਵਾ ਚਲ ਜਿਹੀ ਰਹੀ ਸੀ। ਮਾਸਟਰ ਰਤਨ ਜਿਓਂ ਹੀ ਝੱਗਾ ਲਾਹ
ਕੇ ਬੈਠਿਆ । ਜੀਤੂ ਕਰਿਆਨੇ ਆਲਾ , ਅਮਲੀ ਤੇ ਕਾਲੇ ਕੇਆਂ ਦਾ ਬੀਰਾ ਵੀ ਆ
ਬੈਠੈ।
'ਮਾਸਟਰ ਜੀ ਆ ਕੀ ਰੌਲਾ ਆ ? ਅਖੇ, ਕਾਲਾ ਧਨ ਬਾਹਰੋਂ ਲਿਆਓ, ਕੀ ਸਾਡੇ ਕੋਲ ਹੈ
ਨੀਂ ?' ਬੀਰੇ ਨੇ ਪੁਛਿਆ।
'ਕਾਲਾ ਧਨ ਲਿਆਓ ,'ਕਾਲਾ ਧਨ ਲਿਆਓ' ਮੈਨੂੰ ਤਾਂ ਐਂ ਲਗਦਾ ਜਿਵੇ ਕਹਿੰਦੇ ਹੋਣ
ਡੀਪੂ ਤੋਂ ਤੇਲ ਲਿਆਓ, ਡੀਪੂ ਤੋਂ ਤੇਲ ਲਿਆਓ,' ਅਮਲੀ ਨੇ ਟੋਕਿਆ ।
ਓਏ ਅਮਲੀਆ, ਕਿੱਥੇ ਕਾਲਾ ਧਨ ਤੇ ਕਿੱਥੇ ਡੀਪੂ ਦਾ ਤੇਲ? ਜੀਤੂ ਨੇ ਅਮਲੀ ਨੂੰ
ਸੁਆਲ ਵਰਗਾ ਜਵਾਬ ਦਿੱਤਾ ।
'ਭਾਈ ਤੁਸੀਂ ਆਪਣੀ ਆਪਣੀ ਜਗਾ੍ਹ ਸਾਰੇ ਠੀਕ ਹੋ। ਪਰ ਕਾਲਾ ਧਨ ਦੇਸ਼ ਵਿੱਚ ਆਉਣਾ
ਜ਼ਰੂਰੀ ਹੈ। ਮਾਸਟਰ ਨੇ ਦਸਿਆ।
'ਮਾਸਟਰ ਜੀ ਫੇਰ ਆਉਂਦਾ ਕਿਉਂ ਨਹੀਂ? ਬੈਕਾਂ ਵਾਲੇ ਦਸ ਦੇਣ ਬਈ ਕਿਸਦਾ ਹੈ'
'ਐਥੇ ਤਾਂ ਚਾਰ ਪੈਸੇ ਪਏ ਹੋਣ ਬੈਂਕ ,ਟੈਕਸਾਂ ਵਾਲੇ ਆ ਗਿਚੀ ਨਪਦੇ ਆ, ਕਿਉਂ
ਨਹੀਂ ਦਸਦੇ ਵਿਦੇਸ਼ੀ ਬੈਕਾਂ ਆਲੇ? ਕਰਿਆਨੇ ਵਾਲੇ ਨੇ ਸਿਆਣੀ ਗਲ ਕਰਨ ਦੀ ਕੋਸ਼ਿਸ਼
ਕੀਤੀ।
'ਸੁਣ ਐਥੇ ਬੈਕਾਂ ਆਲੇ ਦਿੰਦੇ ਆ ਵਿਆਜ 3 ਤੋਂ 10 ਪਰਸੈਂਟ ਤੇ, ਕਰਜਾ ਦਿੰਦੇ ਆ
9 ਤੋਂ 18 ਪਰਸੈਂਟ ਤੇ। ਇਥੇ ਥੋਡੇ ਪੈਸੇ ਨਾਲ ਉਹਨਾਂ ਦਾ ਗੁਜਾਰਾ ਚਲਦਾ, ਪੈਸੇ
ਦੀ ਚਕਰੀ ਘੁੰਮਦੀ ਆ ਤੇ ਇਸੇ ਲਈ ਉਹਨਾਂ ਤੇ ਸਰਕਾਰੀ ਹੁਕਮ ਚਲਦੇ।'
'ਪਰ ਵਿਦੇਸ਼ੀ ਵੀ ਤਾਂ ਇਵੇਂ ਕਮਾਉਂਦੇ ਹੋਣਗੇ?' ਬੀਰਾ ਬੋਲਿਆਂ,
'ਨਹੀਂ ਬਈ ਪੈਸਾ ਰਖਣ ਵਾਲੇ ਤੋਂ ਖਰਚਾ ਲੈਦੇ ਆ, ਜਿੰਨਾਂ ਵਧ ਪੈਸਾ ਉਨੀ ਵਧ
ਉਹਨਾਂ ਦੀ ਆਮਦਨੀ, ਹੁਣ ਜੇ ਉਹ ਦਸ ਦੇਣ ਸਰਕਾਰਾਂ ਨੂੰ ਕਿ ਸਾਡੇ ਕੋਲ ਕਿਹਦਾ
ਕਿਹਦਾ ਪੈਸਾ? ਤਾਂ ਆਪਣੇ ਪੈਰ ਆਪ ਕੁਹਾੜਾ ਮਾਰਨਗੇ। ਬਿਨਾਂ ਤਕਲੀਫ, ਬਿਨਾਂ
ਮੇਹਨਤ ਕੀਤੇ ਜਿਹਦਾ ਪੈਸਾ ਬਣੇ ਉਹ ਕਿਉਂ ਨਾ ਰਖੁ ਗੁਪਤ', ਮਾਸਟਰ ਨੇ ਦਸਿਆ।
'ਇਹ ਤਾਂ ਭਾਈ ਫੇਰ ਐਵੇਂ ਹੜਤਾਲਾਂ ਕਰ ਕਰ ਭੁਖੇ ਮਰੀ ਜਾਂਦੇ ਆ', ਬੀਰੁ ਨੇ
ਆਪਣੀ ਸਮਝ ਦਰਸਾਈ।
'ਮੈ ਤਾਂ ਕਹਿਨਾ ਵੀਜ਼ੇ ਲੈਕੇ ਠੰਡੇ ਮੁਲਕਾਂ 'ਚ ਜਾਣ, ਘੱਟੋ ਘੱਟ ਆ ਭਾਦੋਂ ਦੀ
ਗਰਮੀ ਤੋ ਬਚਣਗੇ।' ਅਮਲੀ ਨੇ ਸਲਾਹ ਦਿੱਤੀ।
'ਓਏ ਅਮਲੀਆ ਤੇਰੀ ਸਲਾਹ ਨਿਆਰੀ ਹੁੰਦੀ ਆ, ਨਾ ਵੀਜ਼ੇ ਮਿਲਣ ਤੇ ਨਾ ਤੇਰੀ ਗੱਲ
ਪੁੱਗੇ।' ਜੀਤੂ ਨੇ ਕਿਹਾ।
'ਪਰ ਦੇਖ ਲੈ ਜੇ ਵੀਜ਼ੇ ਦੇਣ ਲੱਗ ਪੈਣ ਤਾਂ ਸਾਡੇ ਏਜੰਟਾਂ ਨੇ ਜਹਾਜ਼ ਭਰ-ਭਰ ਕੇ
ਚੜਾ ਦੇਣੇ ਆ, ਅਖੇ ਹੜਤਾਲਾਂ ਤੇ ਚੱਲੇ ਆਂ । ਫੇਰ ਦੇਖੀ ਕਿਦਾਂ ਓਥੋ ਟਿੱਬਦੇ
ਆਪਣੇ ਲੋਕ, ਸਮਝ ਲੋ ਜਿਵੇ ਕਦੇ ਬਰਮਾ ਖੁੱਲੀ ਸੀ ,ਐਂ ਹੋ ਜੂ,' ਅਮਲੀ ਬੋਲਿਆ ।
ਇਨੇ ਚਿਰ ਨੂੰ ਕਣੀਆਂ ਪੈਣ ਲੱਗ ਪਈਆਂ ਤੇ ਚਾਰੋ ਕਾਲੇ ਧਨ ਦੀ ਸੋਚ ਨੂੰ ਓਥੇ ਹੀ
ਛੱਡ ਕੇ ਘਰਾਂ ਨੂੰ ਤੁਰ ਗਏ। |
ਪਿੰਡ ਜਦੋਂ ਜਹਾਜ਼ ਆਉਂਦਾ ਹੈ |
ਵੱਡੀਆਂ
ਵੱਡੀਆਂ ਚੀਜ਼ਾਂ ਜਾਂ ਵੱਡੇ ਸੁਪਨੇ ਵੇਖਣ ਵਿਚ ਮਨੁੱਖ ਨੇ ਹਮੇਸ਼ਾਂ ਆਨੰਦ ਲਿਆ
ਹੈ। ਜਦੋਂ ਵੀ ਕੋਈ ਵੱਡੀ ਤੇ ਬਾਹਰੀ ਚੀਜ਼ ਦੇਖਣ ਨੂੰ ਮਿਲੇ ਤਾਂ ਇਲਾਕਾ ਜਾਂ
ਪਿੰਡ ਵਾਸੀਆਂ ਦਾ ਇੱਕਠੇ ਹੋ ਜਾਣਾ ਸੁਭਾਵਿਕ ਹੀ ਹੈ। ਮਿਸਾਲ ਦੇ ਤੌਰ ਤੇ ਜਦੋਂ
ਕੋਈ ਹਾਥੀ ਪਿੰਡ ਵਿਚ ਆ ਜਾਵੇ ਤਾਂ ਬੱਚੇ ਇੱਕਠੇ ਹੋਣੇ ਲਾਜ਼ਮੀ ਹਨ। ਹਰ ਕੋਈ
ਹਾਥੀ ਤੇ ਝੂਟਾ ਲੈਣਾ ਹੈ। ਪਰ ਇਸ ਝੂਟੇ ਦਾ ਮੁੱਲ ਵੀ ਤਾਰਨਾ ਪੈਂਦਾ ਹੈ। ਇਸਦਾ
ਮਤਲਬ ਇਹ ਹੋਇਆ ਕਿ ਵਿਲੱਖਣ ਤੇ ਵੱਡੀ ਚੀਜ਼, ਜੋ ਸੁਪਨਾ ਤੇ ਝੂਟਾ ਦੇਂਦੀ ਹੈ,
ਕੁਝ ਪੈਸੇ ਖਰਚ ਕੇ ਪ੍ਰਾਪਤ ਕੀਤੀ ਜਾ ਸਕਦੀ ਹੈ।
ਲੋਕਾਂ ਦੀ ਇਸੇ ਲੋੜ ਤੇ ਖਾਹਿਸ਼ ਨੂੰ ਮੁੱਖ ਰੱਖਕੇ ਸਾਡੇ ਕੁਝ ਅਸਰ
ਰਸੂਖ ਵਾਲੇ ਵਪਾਰੀਆਂ ਨੇ ਇਕ ਐਸਾ ਜਹਾਜ਼ ਈਜ਼ਾਦ ਕੀਤਾ ਹੈ ਜੋ ਸਕੂਟਰ ਦੇ ਇੰਜਨ
ਨਾਲ ਚਲਦਾ ਹੈ ਤੇ ਪਿੰਡਾਂ ਦੀਆਂ ਗਲੀਆਂ ਵਿਚ ਦੇਰ ਸਵੇਰ ਗੇੜਾ ਮਾਰਦਾ ਹੈ। ਇਹ
ਨੌਜਵਾਨਾਂ ਨੂੰ ਐਸੀ ਲੋਰ ਵਾਲੀ ਤੇ ਸੁਪਨਮਈ ਝੂਟਾ ਦੇਣ ਵਾਲੀ ਵਸਤੂ ਵੇਚਦਾ ਹੈ,
ਜੋ ਉਸ ਅੰਦਰਲੀ ਭੱਟਕਣ ਨੂੰ ਕੁਝ ਦੇਰ ਲਈ ਬਿਲਕੁਲ ਭੁਲਾਅ ਦੇਂਦੀ ਹੈ।
ਬੇਰੁਜ਼ਗਾਰੀ ਨਾਲ ਜੂਝਦੇ ਇਹ ਲੋਕ, ਲੁਟਾਂ ਖੋਹਾਂ ਕਰਕੇ ਇਹਨਾਂ ਸਕੂਟਰੀ ਜਹਾਜ਼ਾਂ
ਦਾ ਢਿੱਡ ਭਰਦੇ ਹਨ।ਪਿੰਡਾਂ ਦੇ ਸਿਆਣੇ ਖਫ਼ਾ ਹਨ, ਪਰ ਇਹਨਾਂ ਤਾਕਤਵਰ
ਜਹਾਜ਼ਾਂ ਵਾਲਿਆਂ ਅੱਗੇ ਬੇਵਸ ਹਨ। ਇਹਨਾਂ ਦੀਆਂ ਬੋਰੀਆਂ ਵੱਲ ਵੇਖ ਕੇ ਹਰ ਤਾਕਤ
ਕਬੂਤਰ ਵਾਂਗ ਅੱਖਾਂ ਮੀਚ ਲੈਂਦੀ ਹੈ। ਬਸ ਇਹੋ ਸੋਚਦੇ ਹਨ ਕਿ ਲੋਕਾਂ ਨੇ ਕਿਹੜਾ
ਨਿਆਣੇ ਜੰਮਣੋਂ ਹੱਟ ਜਾਣਾ ਹੈ, ਪਿੰਡ ਚੋਂ ਚਾਰ ਦਸ ਮਰ ਵੀ ਗਏ ਤਾਂ ਕੀ ਫਰਕ
ਪੈਂਦਾ ਹੈ। ਉਮੀਦ ਹੈ ਪੰਜਾਬੀ ਜੁੱਸੇ ਵਾਲੇ ਨੌਜਵਾਨਾਂ ਦੀਆਂ ਤਸਵੀਰਾਂ ਛੇਤੀ
ਹੀ ਅਜਾਇਬ ਘਰਾਂ ਵਿਚ ਵੀ ਦੇਖਣ ਨੂੰ ਮਿਲਿਆ ਕਰਨਗੀਆਂ।
05/08/2012 (629) |
ਡਰਨੇ ਤੋਂ ਕੀ ਡਰਨਾ |
ਮਨੁੱਖ
ਨੇ ਆਪਣੇ ਬਚਾਅ ਤੇ ਲਾਲਚ ਲਈ ਕਈ ਕਿਸਮ ਦੇ ਉਪਰਾਲੇ ਕਰਨੇ ਸਿੱਖੇ ਹੋਏ ਹਨ।
ਮਨੁੱਖ ਦੀ ਸਭ ਤੋਂ ਵੱਡੀ ਲੋੜ ਭੁੱਖ ਤੋਂ ਬਚਣਾ ਹੈ। ਇਸੇ ਲਈ ਉਸਨੇ ਖੇਤੀ ਦੀ
ਕਾਢ ਕੱਢੀ। ਧਰਤੀ ਉਸਦੀ ਭੁੱਖ ਮਿਟਾਉਣ ਵਿਚ ਅਹਿਮ ਯੋਗਦਾਨ ਪਾਉਂਦੀ ਹੈ। ਧਰਤੀ
ਵਿਚ ਹੁੰਦੀਆਂ ਫਸਲਾਂ ਤੇ ਇਸ ਥੱਲਿਓਂ ਮਿਲਦੇ ਖਣਿਜ ਮਨੁੱਖ ਦੀ ਜ਼ਿੰਦਗੀ ਨੂੰ
ਸੁਖਾਲਾ ਤੇ ਮਾਲੋਮਾਲ ਕਰਦੇ ਹਨ। ਨਾਲ ਦੀ ਨਾਲ ਕੁਦਰਤ ਦੇ ਸਿਰਜੇ ਹੋਏ ਹੋਰ ਜੀਵ
ਵੀ ਇਸ ਉੱਪਜ ਦੇ ਹਿੱਸੇਦਾਰ ਬਨਣਾ ਲੋਚਦੇ ਹਨ। ਇਹ ਅਕਾਸ਼ ਵਿਚ ਉਡਾਰੀਆਂ ਮਾਰਦੇ
ਪੰਛੀ ਵੀ ਹੋ ਸਕਦੇ ਹਨ। ਧਰਤੀ ਉੱਤੇ ਦੁੜੰਗੇ ਮਾਰਦੇ ਜਾਨਵਰ ਵੀ, ਮਿੱਟੀ ਵਿਚ
ਪਲਦੇ ਕੀੜੇ ਮਕੌੜੇ ਤੇ ਅਦਿੱਖ ਰੂਪ ਵਿਚ ਰਹਿੰਦੇ ਬੈਕਟੀਰੀਏ ਤੇ ਵਾਇਰਸ ਆਦਿ
ਵੀ। ਫਸਲਾਂ ਤੇ ਛਿੜਕਾਈਆਂ ਦਵਾਈਆਂ ਇਹਨਾਂ ਛੋਟੇ ਛੋਟੇ ਜੀਵਾਂ ਤੋਂ ਛੁਟਕਾਰਾ
ਦੁਆ ਦੇਂਦੀਆਂ ਹਨ। ਪਰ ਤਕੜੇ ਤੇ ਤਾਕਤਵਰ ਜਾਨਵਰਾਂ ਜਾਂ ਪੰਛੀਆਂ ਤੇ ਇਹਨਾਂ ਦਾ
ਕੋਈ ਅਸਰ ਨਹੀਂ। ਉਹ ਤਾਂ ਸਿਰਫ ਮਨੁੱਖ ਦੀ ਹੋਂਦ ਤੋਂ ਹੀ ਡਰਦੇ ਹਨ। ਪੁਰਾਣੇ
ਸਮੇਂ ਵਿਚ ਡੰਡੇ ਉੱਤੇ ਤੋੜੀ ਬੰਨ ਕਿ ਤੇ ਉਸ ਤੇ ਕੰਨ, ਬੁੱਲ੍ਹ, ਜੀਭ, ਅੱਖਾਂ
ਵਾਹ ਕਿ ਪੰਛੀ ਆਦਿ ਡਰਾਏ ਜਾਂਦੇ ਸਨ। ਹੌਲੀ ਹੌਲੀ ਇਹਨਾਂ ਦਾ ਡਰ ਵੀ ਪੱਕੀਆਂ
ਰਸੀਆਂ ਛੱਲੀਆਂ ਦੀ ਭੁੱਖ ਨੇ ਪੰਛੀਆਂ ਲਈ ਖਤਮ ਕਰ ਦਿੱਤਾ। ਮਨੁੱਖਾਂ ਵਿਚ ਵੀ
ਕਿਤੇ ਕਿਤੇ ਕਲਾਕਾਰ ਕਿਸਮਾਂ ਹੁੰਦੀਆਂ ਹਨ। ਗੁਜਰਾਤ ਦੇ ਧੁਰ ਅੰਦਰ ਨੀਲ ਗਾਏ
ਤੇ ਪੰਛੀਆਂ ਦੀ ਭਰਮਾਰ ਹੈ। ਉੱਥੇ ਦੇ ਕਿਸਾਨਾਂ ਨੇ ਇਹੋ ਜਿਹੇ ਡਰਨੇ ਬਣਾਏ ਹਨ
ਕਿ, ਸੱਚਮੁੱਚ ਹੀ ਜਾਨਵਰ ਡਰਨ ਲੱਗ ਪੈਣ। ਫੇਰ ਵੀ ਸਮੇਂ ਸਮੇਂ ਤੇ ਇਹਨਾਂ ਦੇ
ਰੂਪ ਬਦਲਣੇ ਪੈਂਦੇ ਹਨ, ਕਿਉਂਕਿ ਭੁੱਖ ਵੀ ਜਾਨਵਰਾਂ ਦਾ ਡਰਨੇ ਤੋਂ ਡਰ ਚੱਕਣ
ਵਿਚ ਸਹਾਈ ਹੁੰਦੀ ਹੈ।11/07/2012 (628) |
ਧੁੰਆਂਖੀ ਸਵੇਰ |
ਪਿੰਡ
ਇਕ ਅਜਿਹਾ ਸ਼ਬਦ ਹੈ ਜਿਸਦਾ ਜ਼ਿਕਰ ਆਉਂਦੇ ਹੀ ਜੀਵਨ ਦੇ ਕਈ ਖੂਬਸੂਰਤ ਦ੍ਰਿਸ਼
ਸਾਹਮਣੇ ਆ ਜਾਂਦੇ ਹਨ। ਆਪਸੀ ਭਾਈਚਾਰਾ, ਦੂਰ ਤੱਕ ਪੱਸਰੇ ਖੇਤਾਂ ਦੀ ਹਰਿਆਲੀ,
ਸਾਫ਼ ਮਿੱਠਾ ਪਾਣੀ ਤੇ ਸਾਹਾਂ ਨੂੰ ਨਸ਼ਿਆਉਂਦੀ ਸਾਫ਼ ਹਵਾ। ਪਿੰਡ ਇਕ ਸੁਪਨਮਈ
ਜ਼ਿੰਦਗੀ ਦਾ ਪ੍ਰਤੀਕ ਹੋ ਨਿਬੜਦਾ ਹੈ। ਜੋ ਲੋਕ ਕਈ ਦਹਾਕੇ ਪਹਿਲਾਂ ਪਿੰਡ ਛੱਡ
ਆਏ, ਉਹ ਹਾਲੇ ਤੱਕ ਪਿੰਡਾਂ ਨਾਲੋਂ ਟੁੱਟੇ ਨਹੀਂ ਹਨ। ਉਹਨਾਂ ਦੇ ਰੁਝੇਵੇਂ
ਭਾਵੇਂ ਵਧ ਗਏ ਹੋਣ ਪਰ ਸੁਪਨੇ ਹਾਲੇ ਵੀ ਪਿੰਡ ਦੇ ਲੈਂਦੇ ਹਨ। ਭਾਵੇਂ ਉਹਨਾਂ
ਦੇ ਘਰਾਂ ਨੂੰ ਤਾਲੇ ਲਗ ਗਏ ਹੋਣ ਪਰ ਮਨ ਦੇ ਤਖਤੇ ਹਾਲੇ ਵੀ ਭੀੜੇ ਨਹੀਂ ਹੋਏ
ਹਨ। ਪਰ ਜੋ ਲੋਕ ਹਾਲੇ ਪਿੰਡਾਂ ਵਿਚ ਰਹਿੰਦੇ ਹਨ, ਕੀ ਉਹ ਸਚਮੁੱਚ ਇਹੋ ਜਿਹੇ
ਸੁਪਨਮਈ ਸੰਸਾਰ ਵਿਚ ਵਸਦੇ ਹਨ? ਜੀ ਹਾਂ, ਉਹਨਾਂ ਦਾ ਸੰਸਾਰ ਸੁਪਨਾ ਹੀ ਹੈ। ਇਕ
ਗੰਧਲਾ ਸੁਪਨਾ। ਸ਼ਹਿਰਾਂ ਦੇ ਲਾਗਲੇ ਪਿੰਡ ਤਾਂ ਲਗਭਗ ਖ਼ਤਮ ਹੀ ਹਨ। ਸਭ ਵੱਡੀਆਂ
ਸੜਕਾਂ ਤੇ ਜ਼ਮੀਨਾਂ ਦੇ ਮਾਲਕ ਪੈਸੇ ਵਾਲੇ ਸ਼ਹਿਰੀ ਬਣ ਗਏ ਹਨ। ਜੇ ਕਾਰਖਾਨਾ
ਨਹੀਂ ਲਾਇਆ ਜਾਂ ਮੈਰਿਜ ਪੈਲਿਸ ਨਹੀਂ ਬਣਾਇਆ ਤਾਂ ਫਿਰ ਕਮਰਾ ਪਾਕੇ ਭਈਆ ਮਜ਼ਦੂਰ
ਹੀ ਬਿਠਾ ਦਿੰਦੇ ਹਨ। ਪੰਜਾਬ ਦੇ 130 ਕਸਬੇ ਜਾਂ ਸ਼ਹਿਰਾਂ ਦਾ ਗੰਦਾ ਪਾਣੀ,
ਪਿੰਡਾਂ ਦੀਆਂ ਡਰੇਨਾਂ, ਨਾਲਿਆਂ ਜਾਂ ਨਹਿਰਾਂ ਵਿਚ ਪੈਂਦਾ ਹੈ। ਇਹਨਾਂ ਬਸਤੀਆਂ
ਦੁਆਲੇ ਲੱਗੇ ਹਜ਼ਾਰਾਂ ਕਾਰਖਾਨੇ ਧੂੰਏ ਦੇ ਅੰਬਰ ਛੱਡਦੇ ਹਨ। ਉਤੋਂ ਤਕਰੀਬਨ
2700 ਭੱਠੇ ਜੋ ਇਹਨਾਂ 130 ਕਸਬਿਆਂ ਦੁਆਲੇ ਹਨ, ਧੂੰਆਂ ਤਾਂ ਦੇਂਦੇ ਹੀ ਹਨ
ਫਸਲਾਂ ਦੀ ਆਕਸੀਜਨ ਰੋਕਣ ਵਿਚ ਸਹਾਈ ਵੀ ਹੁੰਦੇ ਹਨ। ਪਿੰਡਾਂ ਦੇ ਪਿੰਡ ਸਰੀਰਕ
ਤੌਰ 'ਤੇ ਧੁੰਆਂਖੇ ਗਏ ਹਨ, ਹੁਣ ਤਾਂ ਮਨੁੱਖ ਵੀ ਧੁੰਆਖਿਆ ਗਿਆ ਹੈ। ਬਿਮਾਰੀਆਂ
ਨੇ ਡਾਕਟਰਾਂ ਦੀ ਆਮਦਨ ਵਧਾ ਦਿੱਤੀ ਹੈ। ਹਰ ਪਿੰਡ ਵਿਚ ਤਕਰੀਬ 2–5 ਡਾਕਟਰ
ਵਧੀਆ ਰੋਟੀ ਕਮਾ ਰਹੇ ਹਨ। ਲੱਗਦਾ ਹੈ ਇਹ ਪ੍ਰਦੂਸ਼ਣ ਦੀ ਗੁਲਾਮੀ 1947 ਤੱਕ ਦੀ
ਗੁਲਾਮੀ ਤੋਂ ਵੀ ਵੱਧ ਮਾਰੂ ਸਿੱਧ ਹੋਵੇਗੀ।
11/07/2012 (626) |
ਸੰਘਣੀ ਧੁੱਪ ਦੀ ਸੰਘਣੀ ਛਾਂ |
ਦੁਨੀਆਂ
ਵਿਚ ਮੌਸਮ ਦੀ ਤਬਦੀਲੀ ਆ ਰਹੀ, ਕੋਈ ਕਹਿੰਦਾ ਹੈ ਕਿ ਗਰਮੀ ਵੱਧ ਜਾਵੇਗੀ ਤੇ
ਕੋਈ ਕਹਿੰਦਾ ਹੈ ਕਿ ਬਰਫ਼ ਦਾ ਯੁੱਗ ਆ ਰਿਹਾ ਹੈ। ਕੁਦਰਤ ਆਪਣੇ ਕ੍ਰਿਸ਼ਮੇ ਵਿਖਾ
ਰਹੀ ਹੈ। ਸਰਦੀਆਂ ਵਿਚ ਸਰਦੀ ਵੱਧ ਰਹੀ ਹੈ, ਗਰਮੀਆਂ ਵਿਚ ਗਰਮੀ ਤੇ ਬਰਸਾਤਾਂ
ਵਿਚ ਬਰਸਾਤ ਵੱਧ ਰਹੀ ਹੈ। ਮੌਸਮ ਦਾ ਸਿੱਧਾ ਅਸਰ ਫਸਲਾਂ ਉਤੇ ਪੈਂਦਾ ਹੈ।
ਫਸਲਾਂ ਉੱਤੇ ਜਿੱਥੇ ਤਾਪਮਾਨ ਵੱਧਣ ਫੁੱਲਣ ਵਿਚ ਵਾਧਾ ਘਾਟਾ ਹੁੰਦਾ ਹੈ, ਉਥੇ
ਫਸਲੀ ਕੀੜਿਆਂ ਦੀ ਉਤਪਤੀ ਉਤੇ ਵੀ ਫਰਕ ਪੈਂਦਾ ਹੈ। ਤਾਪਮਾਨ ਵਧਣ ਘੱਟਣ ਨਾਲ
ਪੱਤੇ, ਟਾਹਣੀਆਂ ਤੇ ਫਲਾਂ ਦੇ ਸੁਆਦ ਦਾ ਵੀ ਫਰਕ ਹੋ ਜਾਂਦਾ ਹੈ। ਉਹਨਾਂ ਵਿਚਲੇ
ਤੱਤਾਂ ਦੀਆਂ ਤਾਕਤਾਂ ਵੀ ਵੱਧਦੀਆਂ ਘੱਟਦੀਆਂ ਹਨ। ਜਿਸ ਨਾਲ ਕੀੜੇ ਮਕੌੜਿਆਂ ਦਾ
ਹਮਲਾ ਵੀ ਪ੍ਰਭਾਵਤ ਹੁੰਦਾ ਹੈ। ਭਾਰਤ ਵਿਚ ਬੀ.ਟੀ. ਕਾਟਨ (ਨਰਮਾ) ਦੀ ਕਾਸ਼ਤ ਇਸ
ਲਈ ਵੱਧ ਗਈ ਸੀ ਕਿ ਇਸਨੂੰ ਬਾਲਵਾਰਮ (ਗੋਲ ਕੀੜੇ) ਦੀ ਬੀਮਾਰੀ ਨਹੀਂ ਸੀ
ਪੈਂਦੀ। ਪੰਜਾਬ ਵਿਚ ਬੀ.ਟੀ. ਕਾਟਨ ਦੇ ਬੀਜ ਨੂੰ ਦੂਜੇ ਸੂਬਿਆਂ ਦੇ ਮੁਕਾਬਲੇ
ਮਹਿੰਗਾ ਵੇਚਿਆ ਜਾਂਦਾ ਰਿਹਾ ਹੈ। ਪਰ ਹੁਣ ਖ਼ਤਰੇ ਵਾਲੀ ਗੱਲ ਪੈਦਾ ਹੋ ਗਈ ਹੈ।
ਭਾਰਤੀ ਕਾਟਨ ਦੀ ਇਕ ਸੰਸਥਾ ਦੇ ਵਿਗਿਆਨੀ ਡਾ. ਮਹੇ ਨੇ ਦੱਸਿਆ ਕਿ ਪਿਛਲੇ ਸਾਲ
ਬੀ.ਟੀ. ਕਾਟਨ ਉੱਤੇ ਬਾਲਵਾਰਮ ਦਾ ਹਮਲਾ ਵੇਖਿਆ ਗਿਆ ਹੈ। ਇਹ ਕੁਦਰਤੀ ਵਰਤਾਰਾ
ਹੈ। ਹਰ ਚੀਜ਼ ਤੇ ਹੌਲੀ ਹੌਲੀ ਕਿਸੇ ਵੀ ਕ੍ਰਿਆ ਦਾ ਅਸਰ ਘਟਣਾ ਹੁੰਦਾ ਹੈ।
ਉਨ੍ਹਾਂ ਅਨੁਸਾਰ ਕਿਸਾਨਾਂ ਨੂੰ ਅਵੇਸਲੇ ਨਹੀਂ ਰਹਿਣਾ ਚਾਹੀਦਾ। ਹੋਰ ਬਿਮਾਰੀਆਂ
ਵੀ ਸਿਰ ਚੁੱਕ ਰਹੀਆਂ ਹਨ। ਇਹ ਸਮਾਂ ਹੈ ਕਿ ਅਸੀਂ ਸੁਚੇਤ ਹੋ ਜਾਈਏ, ਵਿਗਿਆਨੀ
ਤੇ ਕਿਸਾਨ ਮਿਲ ਕੇ ਨਵੇਂ ਸਿਰਿਓਂ ਪੈਦਾ ਹੋ ਰਹੀ ਇਸ ਸਮੱਸਿਆ ਬਾਰੇ ਹੁਣ ਹੀ
ਸੋਚਣ ਲੱਗ ਪੈਣ। ਕਿਤੇ ਇਹ ਨਾ ਹੋਵੇ ਕਿ ਸਾਡੇ ਅਵੇਸਲੇਪਣ ਵਿਚ ਬੀਮਾਰੀ ਦੀ
ਧੁੱਪ ਸਾਡੀ ਸਾਰੀ ਛਾਂ ਖਾ ਜਾਵੇ।14/06/2012 |
ਝੋਨੇ 'ਚੋਂ ਤੇਲ ਕੱਢ ਲੋ |
ਬੋਹੜ ਹੇਠਲੇ ਪੱਕੇ ਥੜੇ ਤੇ ਤਾਸ਼ ਦੀ ਬਾਜ਼ੀ ਚਾਲੂ ਨਹੀਂ ਸੀ ਹੋਈ, ਘਰਾਂ ਤੋਂ
ਛੱਕ ਛਕਾਅ ਕਿ ਬਾਬੇ ਹਾਲੇ ਕੱਠੇ ਹੋ ਰਹੇ ਸਨ। ਦੋ ਤਿੰਨ ਅਖਬਾਰਾਂ ਦੇ ਕੱਲੇ
ਕੱਲੇ ਹੋਏ ਵਰਕੇ ਵੱਖ ਵੱਖ ਹੱਥਾਂ ਵਿਚ ਸਨ। ਮਾਸਟਰ ਕੇਹਰ ਸਿੰਘ ਨੇ ਪਹਿਲੀ ਖ਼ਬਰ
ਪੜ੍ਹੀ,''ਪੈਟਰੋਲ 8 ਰੁਪਏ ਮਹਿੰਗਾ, ਰਾਤ ਨੂੰ ਪੰਪਾਂ 'ਤੇ ਰੌਣਕ ਲੱਗੀ।''
''ਵਾਹ ਬਈ ਵਾਹ ਆਹ ਤਾਂ ਫੇਰ ਸਰਕਾਰ ਨੇ ਮੇਲਾ ਈ ਲਾਤਾ।'' ਇੱਕ ਬੋਲਿਆ, ''ਬਈ
ਚੰਦ ਤਾਂ ਅਜੇ ਹੋਰ ਵੀ ਚੜੂ, ਦੇਖੀ ਚੱਲ ਮੱਸਿਆ ਆਉਂਦੀ ਨੂੰ'' ਫੇਰ ਇਕ ਚੁੱਪ
ਜਿਹੀ ਪਸਰ ਗਈ, ਹਰ ਕੋਈ ਆਪੋ ਆਪਣੇ ਸਫ਼ੇ ਤੇ ਖਬਰ ਦਾ ਹੋਰ ਵਿਸਥਾਰ ਲੱਭਣ ਲੱਗ
ਪਿਆ। 'ਨਾ ਕੇਹਰ ਸਿਆਂ, ਆਹ ਡੀਜ਼ਲ ਤਾਂ ਵਧਣੋਂ ਬਚ ਗਿਆ', 'ਹਾ ਹਾ ਹਾ' ਕੇਹਰ
ਸਿੰਘ ਹੱਸਿਆ। 'ਬਚਿਆ ਨੀ, ਇਹ ਤਾਂ ਇਕ ਇਕ ਕਰਕੇ ਵਾਲੀਬਾਲ ਮਾਰਦੇ ਆਂ। ਜੇ
ਇੱਕੋ ਵਾਰੀ ਹਮਲਾ ਕਰਤਾ, ਲੋਕਾਂ ਤਾਂ ਭੜਕ ਉੱਠਣਾ।' 'ਅੱਛਾ ਭਲਾ ਕਿਉਂ ਕਰਦੇ ਆ
ਇਹ ਤੇਲ ਮਹਿੰਗਾ?' 'ਉਏ ਤੈਨੂੰ ਨੀਂ ਪਤਾ, ਕੰਪਨੀ ਨੂੰ ਜਦੋਂ ਘਾਟਾ ਪੈਂਦਾ,
ਤੇਲ ਮਹਿੰਗਾ ਕਰਨਾ ਪੈਂਦਾ'। 'ਆਹ ਦੇਖੋ ਖਬਰ ਨੂੰ', 'ਤੇਲ ਦੇ ਰੇਟ ਵਧਣ ਨਾਲ
ਸਰਕਾਰ ਨੂੰ 300 ਕਰੋੜ ਦੀ ਆਮਦਨ ਵਧੂ।' 'ਉਹ ਕਿਦਾਂ?' ਜਦੋਂ ਤੇਲ ਦਾ ਰੇਟ
ਵਧੂ, ਟੈਕਸ ਵੀ ਵਧੂ, ਹੁਣ ਦੇਖੋ ਤੇਲ ਦੀ ਅਸਲ ਕੀਮਤ ਅੱਧੇ ਤੋਂ ਵੀ ਘੱਟ, ਬਾਕੀ
ਆ ਪੰਜ ਕਿਸਮ ਦੇ ਟੈਕਸ ਲਾਕੇ ਤੇਲ ਕਰਤਾ ਅਸਮਾਨ ਦੇ ਭਾਅ।' ਫੇਰ ਇਹ ਟੈਕਸ ਘਟਾ
ਕਿ ਕੰਪਨੀ ਦਾ ਘਾਟਾ ਕਿਉਂ ਨੀਂ ਪੂਰਾ ਕਰਦੇ? 'ਦੇਖ ਬਈ ਕੌਣ ਚਾਹੁੰਦਾ ਉਹਦੀ
ਆਮਦਨ ਘਟੇ, ਸਰਕਾਰ ਦੇ ਕਿਹੜੇ ਹੱਲ ਚਲਦੇ ਆਂ। ਹੂਟਰਾਂ ਵਾਲੀਆਂ ਕਾਰਾਂ 'ਚ
ਕਿਹੜੇ ਤੇਲ ਦੇ ਖੂਹ ਲੱਗੇ ਆ।' ਇਹ ਤੇਰੀ ਮੇਰੀ ਜੇਬ 'ਚੋਂ ਹੀ ਜਾਣੇ।' 'ਇਹ
ਤਾਂ ਬਈ ਇੰਝ ਹੀ ਚੱਲੂ' ਅਮਲੀ ਜੀਤਾ ਚੁੱਪ ਬੈਠਾ ਸੋਚੀ ਜਾ ਰਿਹਾ ਸੀ। ਬਹਿਸ
ਗਰਮ ਹੁੰਦੀ ਦੇਖ ਉਸ ਤੋਂ ਰਿਹਾ ਨਾ ਗਿਆ। ''ਚੁੱਪ ਕਰੋ ਭਾਈ ਚੁੱਪ ਕਰੋ, ਆਪਾਂ
ਰਲਕੇ ਖੇਤੀ ਆਲੇ ਇੰਸਪੈਟਰ ਨੂੰ ਇਕ ਗੱਲ ਕਹਿੰਨੇ ਆ।'' ਕੀ ਕਹੇਂਗਾ ਚਾਚਾ?
'ਕੁਝ ਨਹੀਂ ਬਸ ਆਹ ਸਾਡੇ ਝੋਨੇ 'ਚੋਂ ਕਿਸੇ ਤਰ੍ਹਾਂ ਤੇਲ ਕੱਢ ਲੈਣ, ਸਾਡੇ
ਜੋਗੇ ਚਾਰ ਚੋਲ ਛੱਡ ਕਿ ਬਾਕੀ ਆਪਣਾ ਘਾਟਾ ਪੂਰਾ ਕਰ ਲੈਣ।' ਹੱਸਣਾ ਨਾ
ਚਾਹੁੰਦੇ ਹੋਏ ਵੀ ਸਾਰੇ ਹੱਸ ਰਹੇ ਸਨ। 27/05/2012 |

|
ਕੰਧਾਂ ਕਹਿਣ ਕਹਾਣੀ, ਬੋਲ ਦੱਸਣ
ਦਰਵਾਜ਼ੇ |
ਪੰਜਾਬ
ਦੇ ਕਿਸੇ ਵੀ ਪਿੰਡ ਚਲੇ ਜਾਓ, ਗਲੀਆਂ ਵਿਚ ਦੀ ਲੰਘੋ, ਅਚਾਨਕ ਹੀ ਕੋਈ ਤੌੜ ਮਿਲ
ਜਾਵੇਗਾ ਜਿਸਦਾ ਕੋਈ ਨਾ ਕੋਈ ਹਿੱਸਾ ਨਿੱਕੀ ਇੱਟ ਨਾਲ ਬਣੀ ਕੰਧ ਜਾਂ ਕਲਾਕਾਰੀ
ਵਾਲੇ ਦਰਵਾਜ਼ਿਆਂ ਦਾ ਨਿਸ਼ਾਨ ਸਾਂਭੀ ਬੈਠਾ ਹੋਵੇਗਾ। ਇਹ ਵਿਰਾਸਤੀ ਕਲਾਕਾਰੀ ਦੇ
ਨਮੂਨੇ ਸਮੇਂ ਦੇ ਮੌਸਮਾਂ ਤੇ ਪੰਜਾਬੀਆਂ ਦੀ ਬੇਰੁਖੀ ਨੇ ਖੋਰ ਦਿੱਤੇ ਹਨ। ਕਈ
ਪਿੰਡਾਂ ਵਿਚ ਤਾਂ 17ਵੀਂ ਸਦੀ ਤੱਕ ਦੇ ਨਿਸ਼ਾਨ ਵੀ ਮਿਲ ਜਾਂਦੇ ਹਨ ਪਰ ਪਿਛਲੀ
ਸਦੀ ਦੇ ਸ਼ੁਰੂਆਤੀ ਦੌਰ ਦੇ ਅਨੇਕਾਂ ਨਿਸ਼ਾਨੇ ਹਾਲੇ ਮੌਜੂਦ ਹਨ।ਸੰਤਾਲੀ ਦੀ
ਮਾਰ ਦੇ ਝੰਬੇ ਇਹ ਦਰਵਾਜ਼ੇ ਤੇ ਕੰਧਾਂ ਉਹਨਾਂ ਚੀਕਾਂ ਨੂੰ ਸਮੋਈ ਬੈਠੇ ਹਨ ਜੋ
ਇਹਨਾਂ ਦੇਸ਼ ਦੇ ਬਟਵਾਰੇ ਵੇਲੇ ਸੁਣੀਆਂ ਸਨ। ਵਿੱਛੜਿਆਂ ਦਾ ਮੋਹ ਇਹ ਉਡੀਕਦੇ
ਉਡੀਕਦੇ ਭੋਰਾ ਭੋਰਾ ਹੋ ਕਿਰ ਰਹੇ ਹਨ। ਨਵੇਂ ਆਏ ਮਾਲਕਾਂ ਨੂੰ ਇਹ ਭਾਏ ਹੀ
ਨਹੀਂ। ਉਹਨਾਂ ਨੇ ਕਲਾ ਨਹੀਂ ਦੇਖੀ, ਉਹਨਾਂ ਨੇ ਇਹਨਾਂ ਕੰਧਾਂ ਦਾ ਦਰਦ ਨਹੀਂ
ਜਾਣਿਆ ਤੇ ਨਾ ਹੀ ਦਰਵਾਜ਼ਿਆਂ ਦੇ ਦਰਦੀਲੇ ਗੀਤ ਸੁਣੇ, ਬਸ ਸਭ ਕੁਝ ਨੂੰ ਵਸਤੂ
ਸਮਝ ਲਿਆ ਤੇ ਢਾਅ ਦਿੱਤੇ ਜਾਂ ਆਪੇ ਮਰਨ ਲਈ ਛੱਡ ਦਿੱਤਾ। ਲੋਕ ਮਨਾਂ ਦਾ ਦਰਦ
ਇੱਥੇ ਆਕੇ ਤਰਕਹੀਣ ਹੋ ਗਿਆ।
ਸ਼ਾਇਦ ਇਹੋ ਕਾਰਣ ਹੈ ਕਿ ਸਮੇਂ ਦੇ ਹਾਕਮਾਂ ਨੇ ਵੀ ਕੋਈ ਬਾਤ ਨਾ ਪੁੱਛੀ। ਬਸ
ਇਕ ਪੀੜ੍ਹੀ ਹੋਰ ਤੇ ਇਹ ਸਭ ਸੁਪਨਿਆਂ ਵਿਚ ਵੀ ਨਹੀਂ ਆਉਣਗੇ। ਸੁਣਿਆ ਹੈ ਕਦੇ
ਕਦੇ ਕ੍ਰਿਸ਼ਮਾ ਹੋ ਜਾਂਦਾ ਹੈ। ਪਰ ਸਿਰਫ ਸੁਣਿਆ ਹੀ ਹੈ, ਦੇਖਣ ਦੀ ਆਸ ਜਰੂਰ
ਹੈ। ਤਦ ਤੱਕ ਐ ਕੰਧੋਂ ਆਪਣੀ ਕਹਾਣੀ ਸਾਂਭ ਕਿ ਰੱਖੋ ਤੇ ਚੁਗਾਠੋ ਤੁਸੀਂ
ਕੁਰਲਾਇਓ ਨਾ। |
ਮਹਿੰਗੀ ਹੋਵੇਗੀ ਖੇਤੀ ਮਸ਼ੀਨਰੀ |
ਅੱਜ
ਤੇਜ਼ੀ ਦਾ ਯੁੱਗ ਹੈ, ਹਰ ਖੇਤਰ ਵਿਚ ਤੇਜੀ ਆ ਰਹੀ ਹੈ। ਇੱਥੋਂ ਤੱਕ ਕਿ ਮਨੁੱਖ
ਦੀਆਂ ਲੋੜਾਂ ਵੀ ਤੇਜੀ ਨਾਲ ਵਧ ਰਹੀਆਂ ਹਨ, ਇਸਦਾ ਕਾਰਣ ਵੱਧਦੀ ਆਬਾਦੀ ਵੀ ਹੈ।
ਪਿੰਡਾਂ ਵਿੱਚ ਮਜ਼ਦੂਰ ਮਿਲਣੋ ਘਟ ਗਏ ਹਨ। ਫਿਰ ਮਜ਼ਦੂਰੀ ਵੀ ਮਹਿੰਗੀ ਹੋ ਗਈ ਹੈ।
ਉਤੋਂ ਵੱਧ ਉਤਪਾਦਨ ਲੈਣ ਲਈ ਬਹੁ ਪਰਤੀ ਖੇਤੀ ਦੀ ਲੋੜ ਵੱਧ ਗਈ ਹੈ। ਇਹ ਸਭ ਕੁਝ
ਤਾਂ ਹੀ ਸੰਭਵ ਹੋ ਸਕਦਾ ਹੈ ਜੇਕਰ ਖੇਤੀਬਾੜੀ ਦਾ ਸਵੈ ਚਾਲਨ ਤਰੀਕੇ ਨਾਲ
ਕਾਰੋਬਾਰ ਕੀਤਾ ਜਾਵੇ। ਪੱਠੇ ਵੱਢਣ ਦੀਆਂ ਮਸ਼ੀਨਾਂ, ਭਰੀਆਂ ਬੰਨ੍ਹਣ ਦੀਆਂ
ਮਸ਼ੀਨਾਂ, ਆਟੋਮੈਟਿਕ ਕੰਬਾਇਨਾਂ ਆਦਿ ਦਾ ਹੋਣਾ ਜਰੂਰੀ ਹੋ ਗਿਆ ਹੈ। ਇਸਦੇ ਨਾਲ
ਨਾਲ ਇਹ ਮਸ਼ੀਨਰੀ ਮਹਿੰਗੀ ਵੀ ਹੁੰਦੀ ਜਾ ਰਹੀ ਹੈ।
ਖੇਤੀ ਯੂਨੀਵਰਸਿਟੀਆਂ ਦੀ ਸਰਵ-ਭਾਰਤੀ
ਖੇਤੀ ਇੰਜੀਨੀਅਰਜ਼ ਸੁਸਾਇਟੀ ਦੇ ਮਾਣਯੋਗ ਫੈਲੋ ਸ. ਮਨਮੋਹਨ ਸਿੰਘ ਰਿਆਤ ਅਨੁਸਾਰ
ਇਸ ਲਈ ਕਾਰਖਾਨੇ ਵੀ ਆਧੁਨਿਕ ਤੇ ਆਟੋਮੈਟਿਕ ਕਰਨੇ ਪੈ ਰਹੇ ਹਨ। ਖੋਜ ਉਤੇ ਵੀ
ਖਰਚਾ ਵੱਧ ਗਿਆ ਹੈ। ਫੈਕਟਰੀਆਂ ਵਿਚ ਵੀ ਲੇਬਰ ਸਿਰਫ ਘਟੀ ਹੀ ਨਹੀਂ ਸਗੋਂ
ਮਹਿੰਗੀ ਹੋ ਗਈ ਹੈ। ਇਸ ਲਈ ਆਉਣ ਵਾਲੇ ਸਮੇਂ ਵਿਚ ਖੇਤੀ ਔਜ਼ਾਰ ਤੇ ਖਾਸ ਕਰਕੇ
ਆਟੋਮੈਟਿਕ ਮਸ਼ੀਨਾਂ ਦੇ ਮਹਿੰਗੇ ਹੋਣ ਦੇ ਪੱਕੇ ਆਸਾਰ ਹਨ। ਇਸਦਾ ਹੱਲ ਵੱਧ ਤੇ
ਸੁਧਰੇ ਔਜ਼ਾਰ ਪੈਦਾ ਕਰਕੇ ਹੀ ਹੋ ਸਕਦਾ ਹੈ। ਇਹ ਜ਼ਰੂਰੀ ਫੈਸਲੇ ਕਿਸਾਨਾਂ ਤੇ
ਕਾਰਖਾਨੇਦਾਰਾਂ ਨੂੰ ਲੈਣੇ ਹੀ ਪੈਣਗੇ। |
ਚਲੀ ਬਰਾਤ ਪੈਲਸ ਨੂੰ |
ਸਭਿਆਚਾਰ
ਅਸਲ ਵਿਚ ਜੀਵਨ ਦੇ ਨਾਲ ਵਿਹਾਰ ਦਾ ਦੂਸਰਾ ਨਾਮ ਹੈ। ਜਿਵੇਂ ਜਿਵੇਂ ਮਨੁਖ ਦੀਆਂ
ਲੋੜਾਂ ਵਧਦੀਆਂ ਹਨ ਜਾਂ ਫਿਰ ਨਵੀਆਂ ਪੈਦਾ ਹੁੰਦੀਆਂ ਤਾਂ ਸਮਾਜ ਆਪਣੇ ਸਾਧਨ ਵੀ
ਬਦਲ ਲੈਂਦਾ ਹੈ। ਵੈਸੇ ਵੀ ਮਨੁਖ ਦੀ ਆਦਤ ਹੈ ਕਿ ਹਰ ਕੰਮ ਦਾ ਸੌਖਾ ਬਦਲ ਲਭ
ਲਿਆ ਜਾਵੇ। ਵਿਆਹ ਜੀਵਨ ਦਾ ਇਕ ਅਹਿਮ ਮੋੜ ਹੈ। ਇਸ ਸਮੇਂ ਨੂੰ ਯਾਦਗਾਰੀ ਬਨਾਉਣ
ਲਈ ਲੋਕ ਵੀਹ ਕਿਸਮ ਦੇ ਪਾਪੜ ਵੇਲਦੇ ਹਨ। ਹਰ ਇਕ ਨੂੰ ਲਗਦਾ ਹੈ ਕਿ ਉਸਦਾ ਵਿਆਹ
ਹੀ ਇਕ ਅਲੋਕਾਰੀ ਘਟਨਾ ਹੈ।ਅਜ ਤੋਂ ਕੁਝ ਦਹਾਕੇ ਪਹਿਲੋਂ ਵਿਆਹ ਘਰਾਂ ਵਿਚ ਜਾਂ
ਖੁਲ੍ਹੇ ਵਿਹੜਿਆਂ ਵਿਚ ਹੁੰਦੇ ਸਨ।ਘਰ ਵਿਚ ਵਿਆਹ ਦਾ ਮਾਹੌਲ ਕਈ ਦਿਨ ਰਹਿੰਦਾ।
ਰਿਸ਼ਤੇਦਾਰ ਜਾਂ ਮਿਤਰ ਸਨੇਹੀ ਕਈ ਕਈ ਦਿਨ ਪਹਿਲੋਂ ਆਉਂਦੇ ਤੇ ਕਈ ਿਦਨ ਬਾਅਦ
ਜਾਂਦੇ।ਇਹ ਇਸ ਕਰਕੇ ਵੀ ਸੀ ਕਿ ਵਿਆਹ ਮਸੀਂ ਆਉਦੇ ਸਨ।ਪਰ ਅਜ ਕਲ੍ਹ ਵਿਆਹਾਂ ਦੀ
ਗਿਣਤੀ ਨੇ ਨਕ ਵਿਚ ਦਮ ਬੰਦ ਕਰ ਦਿਤਾ ਹੈ।ਅਬਾਦੀ ਦੇ ਵਧਣ ਨਾਲ ਇਹਨਾਂ ਕਾਰਜਾ
ਦੀ ਗਿਣਤੀ ਵੀ ਵਧ ਗਈ ਹੈ।ਇਸੇ ਕਰਕੇ ਹਰ ਕਿਸੇ ਕੋਲ ਪ੍ਰਤੀ ਵਿਆਹ ਸਮਾਂ ਘਟ ਗਿਆ
ਹੈ।ਲੋਕੀਂ 'ਸਮੇਂ ਦੇ ਸਮੇਂ' ਹੀ ਆAੁਂਣਾ ਚਾਹੁੰਦੇ ਹਨ।ਸ਼ਗਨ ਦਿਤਾ, ਕੁਝ ਖਾਧਾ
ਪੀਤਾ ਤੇ ਫੇਰ ਘਰੋ ਘਰੀ।ਕਈ ਵਾਰ ਜਿਸ ਮੁੰਡੇ ਕੁੜੀ ਦਾ ਵਿਆਹ ਹੁੰਦਾ ਹੈ ਉਹਨਾਂ
ਦੀ ਸ਼ਕਲ ਵੇਖਣ ਨੂੰ ਵੀ ਨਹੀਂ ਮਿਲਦੀ। ਇਹੋ ਜਿਹੇ ਤੇਜੀ ਦੇ ਯੁਗ ਵਿਆਹਾਂ ਲਈ
ਵਰਦਾਨ ਬਣਕੇ ਆਏ ਹਨ ਮੈਰਿਜ ਪੈਲਸ, ਨਾ ਹਲਵਾਈ ਨਾ ਨਾਈ, ਨਾ ਕੋਈ ਹੋਰ ਕੰਮ। ਸਭ
ਕੰਮ ਠੇਕੇ ਤੇ, ਘਰਦੇ ਵੀ ਵਿਹਲਿਆ ਵਾਂਗੂੰ ਫਿਰਦੇ ਹਨ ਵਿਆਹਾਂ ਵਿਚ। ਬਰਾਤ ਵੀ
ਕਿਸੇ ਗੈਸਟ ਹਾਊਸ ਤੋਂ ਹੀ ਤੁਰਦੀ ਹੈ ਤੇ ਕਿਸੇ ਪੈਲਸ ਵਿਚ ਆਕੇ ਖਿੰਡਰ ਜਾਂਦੀ
ਹੈ। ਸ਼ਾਇਦ ਹੁਣ ਇਹੋ ਖੰਡਰਾਅ ਸਾਡੇ ਸਭਿਆਚਾਰ ਦਾ ਹਿਸਾ ਬਣ ਗਿਆ ਹੈ। |
ਖ਼ੁਰਦੀ ਪੇਂਡੂ ਵਿਰਾਸਤ |
ਵਿਰਾਸਤ
ਕੋਈ ਵਸਤੂ ਨਹੀਂ ਹੁੰਦੀ, ਇਹ ਤਾਂ ਲੋਕ ਮਨਾਂ ਵਿਚ ਵਸੇ ਸੰਸਕਾਰਾਂ ਤੇ ਜੀਵਨ
ਚਾਲ ਦੀ ਦਿੱਖ ਤੋਂ ਅਦਿੱਖ ਰੂਪਮਾਨੀ ਹੁੰਦੀ ਹੈ। ਸਾਡੇ ਪਿੰਡਾਂ ਵਿਚ ਸਦੀਆਂ
ਤੋਂ ਇਹ ਰੀਤ ਰਹੀ ਹੈ ਕਿ ਆਪਣਿਆਂ ਪੁਰਖਿਆਂ ਨੂੰ ਯਾਦ ਰੱਖਿਆ ਜਾਵੇ ਤੇ ਉਹਨਾਂ
ਦੀ ਸੋਚ ਤੇ ਕਲਾ ਨੂੰ ਇਮਾਰਤਸਾਜ਼ੀ ਦੇ ਰੂਪ ਵਿਚ ਉਸਾਰਿਆ ਜਾਵੇ।
ਪੰਜਾਬ ਵਿਚ ਅਨੇਕਾਂ ਹੀ ਅਜਿਹੇ
ਕਲਾਤਮਿਕ ਉਸਾਰ ਹਨ ਜੋ ਸਮੇਂ ਦੀ ਵਿਰਾਸਤ ਨੂੰ ਸਾਂਭੀ ਬੈਠੇ ਹਨ। ਪੁਰਾਣੇ ਸਮੇਂ
ਦੀ ਤਕਨਾਲੋਜੀ ਨਾਲ ਬਣੇ ਇਹ ਉਸਾਰ, ਸੂਝ ਬੂਝ ਦੇ ਸੋਮੇ ਹਨ। ਜਿਵੇਂ ਨਕੋਦਰ ਦੇ
ਮਕਬਰਿਆਂ ਉਤੇ ਲੱਗੀਆਂ ਰੰਗਦਾਰ ਟਾਇਲਾਂ ਦੇ ਰੰਗ 250 ਸਾਲ ਤੋਂ ਬਾਅਦ ਵੀ
ਫਿੱਕੇ ਨਹੀਂ ਪਏ। ਇਸੇ ਤਰ੍ਹਾਂ ਸੰਘੋਲ ਦੇ ਮੱਠ ਦੀਆਂ ਇੱਟਾਂ ਦੀ ਜੜ੍ਹਤ ਇਕ
ਖਾਸ ਕਿਸਮ ਦਾ ਸਕੂਨ ਦੇਂਦੀਆਂ ਹਨ। ਇਸੇ ਤਰ੍ਹਾਂ ਹੋਰ ਵੀ ਬਹੁਤ ਥਾਵਾਂ ਤੇ
ਇਤਿਹਾਸਕ ਤੇ ਕਲਾਤਮਿਕ ਉਸਾਰ ਹਨ। ਪਰ ਹੋਣੀ ਇਹ ਹੈ ਕਿ ਆਮ ਲੋਕਾਂ, ਖਾਸ ਕਰ
ਨਵੀਂ ਪੀੜ੍ਹੀ ਤੇ ਵਿਦੇਸ਼ੀ ਮਹਿਮਾਨਾਂ ਨੂੰ ਅਸੀਂ ਇਸ ਬਾਰੇ ਜਾਣਕਾਰੀ ਹੀ ਨਹੀਂ
ਦੇਂਦੇ। ਹੋਰ ਤਾਂ ਹੋਰ ਇਹਨਾਂ ਥਾਵਾਂ ਦੀ ਪਹੁੰਚ ਵੀ ਭੰਬਲਭੂਸੇ ਵਾਲੀ ਹੈ।
ਅਸੀਂ ਧਾਰਮਿਕ ਸਥਾਨਾਂ ਨੂੰ ਤਾਂ ਸੜਕਾਂ ਚੌੜੀਆਂ ਚੌੜੀਆਂ ਬਣਾ ਦਿੱਤੀਆਂ ਹਨ ਪਰ
ਇਹਨਾਂ ਗੁਣਕਾਰੀ, ਸਿਖਿਆਤਮਕ ਅਤੇ ਇਤਿਹਾਸਿਕ ਥਾਵਾਂ ਨੂੰ ਰਾਹ ਹਾਲੇ ਕੱਚੇ
ਪਿੱਲੇ ਹੀ ਜਾਂਦੇ ਹਨ। ਸਾਡੀ ਸੋਚ ਦੀ ਤੇ ਪੁਰਾਣੇ ਸਮੇਂ ਦੀ ਤਕਨੀਕ ਦੀ ਵਿਰਾਸਤ
ਪਿੰਡ ਪਿੰਡ ਖ਼ਤਮ ਹੋ ਰਹੀ ਹੈ। ਵਿਰਾਸਤ ਦੀਆਂ ਇੱਟਾਂ ਉੱਧੜ ਰਹੀਆਂ ਹਨ, ਰੋਕਣ
ਵਾਲਾ ਕੋਈ ਨਹੀਂ, ਸਾਂਭਣ ਵਾਲੇ ਤਾਂ ਹੈ ਹੀ ਨਹੀਂ। ਸ਼ੋਰ ਦੇ ਦੌਰ ਵਿੱਚ ਵਿਰਾਸਤ
ਵੀ ਤੂਤੀ ਕੌਣ ਸੁਣਦਾ ਹੈ। |
ਸੁਣ ਕਣਕੇ – ਤੈਨੂੰ ਕਿਸ ਕਿਸ ਖਾਣਾ ! |
ਕਿਸਾਨ
ਦੀ ਜੀਵਨ ਜਾਚ ਵੀ ਅਜੀਬ ਹੈ। ਕਹਿੰਦੇ ਹਨ ਜੇ ਘਾਹ ਨਾ ਹੋਵੇ ਤਾਂ ਖਰਗੋਸ਼ ਨਹੀਂ
ਬਚਣਗੇ ਤੇ ਜੇਕਰ ਖਰਗੋਸ਼ ਜਾਂ ਘਾਹ ਖਾਣੇ ਹਿਰਨਾਂ ਦੀ ਗਿਣਤੀ ਘਟ ਜਾਵੇ ਤਾਂ ਸ਼ੇਰ
ਭੁੱਖੇ ਮਰ ਜਾਣਗੇ। ਇਹ ਚੱਕਰ ਇਵੇਂ ਹੀ ਚਲਦਾ ਹੈ। ਮੈਨੂੰ ਲੱਗਦਾ ਹੈ ਕਿ ਕਿਸਾਨ
ਵੀ ਘਾਹ ਦੇ ਵਾਂਗ ਹੀ ਹੈ। ਇਹ ਬਹੁ ਗਿਣਤੀ ਵਿਚ ਵਿਚਰਦਾ ਹੈ ਤੇ ਆਪਣੇ ਤੋਂ
ਵੱਡੇ ਜੀਵਾਂ ਲਈ ਜੀਵਨ ਖਾਧ ਦਾ ਸਾਧਨ ਬਣਦਾ ਹੈ। ਖੇਤ ਮਜ਼ਦੂਰ ਇਸ ਘਾਹ ਦਾ ਪਾਣੀ
ਹੈ। ਉਸ ਤੋਂ ਬਾਅਦ, ਮੰਡੀਆਂ ਦੇ ਕਰਿੰਦਿਆਂ ਤੋਂ ਲੈਕੇ ਮਾਲਕਾਂ ਤੱਕ ਦੀਆਂ
ਤਜੌਰੀਆਂ ਭਰਨ ਦਾ ਇਹ ਇੱਕ ਸੌਖਾ ਵਸੀਲਾ ਬਣਦਾ ਹੈ। ਮੰਡੀਆਂ ਤੋਂ ਦੂਰ ਇਸਦੀ
ਫਸਲ ਗੁਦਾਮਾਂ, ਫੈਕਟਰੀਆਂ ਤੇ ਦੁਕਾਨਾਂ ਤੇ ਹੁੰਦੀ ਹੋਈ ਆਪਣੀ ਕੀਮਤ ਇੰਨੀ ਵਧਾ
ਲੈਂਦੀ ਹੈ ਕਿ ਕਿਸਾਨ ਖ਼ੁਦ ਹੀ ਇਸਨੂੰ ਖ੍ਰੀਦਣ ਦੇ ਅਸਮਰਥ ਹੋ ਜਾਂਦਾ ਹੈ। ਇਹ
ਇੱਕ ਅਜੀਬ ਚੱਕਰ ਹੈ ਜੋ ਸਦੀਆਂ ਤੋਂ ਚੱਲਦਾ ਆਇਆ ਹੈ। ਦੁਨੀਆਂ ਵਿਚ ਨਾ ਘਾਹ ਦਾ
ਬੀਜ ਖ਼ਤਮ ਹੁੰਦਾ ਹੈ ਤੇ ਨਾ ਹੀ ਕਿਸਾਨ ਦਾ। ਪਤਾ ਨਹੀਂ ਕਿਹੜੀ ਸ਼ਕਤੀ ਇਸਨੂੰ
ਜਿੰਦਾ ਰਖ ਰਹੀ ਹੈ। ਵੱਡੇ ਲੋਕ ਭਾਵੇਂ ਸ਼ੇਰ ਵਾਂਗ ਇਸਨੂੰ ਸਿੱਧਾ ਨਹੀਂ ਖਾਂਦੇ
ਪਰ ਵਿਚ ਵਿਚਾਲੇ ਬੇਗਿਣਤ ਖਰਗੋਸ਼ ਨਾ ਇਸਨੂੰ ਜੀਣ ਦੇਂਦੇ ਹਨ ਤੇ ਨਾ ਮਰਨ ਦੇਂਦੇ
ਹਨ। ਸ਼ਾਇਦ ਇਹੋ ਕਾਦਰ ਦੀ ਮਰਜ਼ੀ ਹੈ। |
ਉਮਰਾਂ ਦੇ ਰੰਗ |
ਅਸੀਂ
ਅਕਸਰ ਹੀ ਕਹਿੰਦੇ ਹਾਂ ਕਿ ਪੁਰਾਣੇ ਸਮੇਂ ਚੰਗੇ ਸਨ। ਪਿੰਡਾਂ ਦੀ ਹਵਾ ਸ਼ੁੱਧ
ਸੀ, ਪਾਣੀ ਸਾਫ ਸੀ, ਖਾਣ ਪੀਣ ਸੁਥਰਾ ਤੇ ਕੁਦਰਤੀ ਸੀ। ਅੱਜ ਅਸੀਂ ਹਰ ਗੱਲ ਤੇ
ਅੱਜ ਦੀਆਂ ਵਸਤੂਆਂ ਨੂੰ ਭੰਡਦੇ ਹਾਂ। ਸਾਨੂੰ ਕੁਝ ਵੀ ਚੰਗਾ ਨਹੀਂ ਲੱਗਦਾ।
ਸਾਨੂੰ ਖਾਣ ਵਾਲੀਆਂ ਚੀਜ਼ਾਂ, ਕਣਕ, ਚੌਲ, ਸਬਜ਼ੀਆਂ ਵਿਚ ਜ਼ਹਿਰਾਂ ਦਾ ਡਰ, ਡਰਾਈ
ਜਾਂਦਾ ਹੈ। ਸਾਡਾ ਪੌਣ ਪਾਣੀ ਸਾਫ਼ ਨਹੀਂ ਰਿਹਾ। ਧਰਤੀ 'ਚੋਂ ਸਾਨੂੰ ਮਿੱਟੀ ਦੀ
ਮਹਿਕ ਨਹੀਂ ਆਉਂਦੀ। ਰਿਸ਼ਤੇ ਨਾਤੇ ਸਭ ਤਿੜਕ ਰਹੇ ਲੱਗਦੇ ਹਨ। ਭਾਈਚਾਰਕ ਤੇ
ਧਾਰਮਿਕ ਸਾਂਝ ਟੁੱਟਦੀ ਜਾਪ ਰਹੀ ਹੈ। ਪਿੰਡਾਂ ਦੇ ਬਨੇਰਿਆਂ ਤੇ ਕਾਂ ਸੁਨੇਹਾ
ਲੈਕੇ 'ਪ੍ਰਾਹੁਣੇ ਦਾ ਆਉਣਾ' ਦੱਸਣੋ ਹਟ ਗਏ ਹਨ। ਸਾਨੂੰ ਪੂਰੇ ਜਾਂ ਦੱਖਣ ਦੀ
ਪੋਣ ਦਾ ਪਤਾ ਹੀ ਨਹੀਂ ਚਲ ਰਿਹਾ। ਸਾਨੂੰ ਸਭ ਪਾਸੇ ਨਿਰਾਸ਼ਾ ਹੀ ਨਿਰਾਸ਼ਾ ਦਿਖ
ਰਹੀ ਹੈ। ਪਰ ਇਸ ਸਭ ਕਾਸੇ ਦੇ ਬਾਵਜੂਦ ਪੰਜਾਬੀਆਂ ਦੀ ਔਸਤ ਉਮਰ ਵਿਚ ਪਿਛਲੀ
ਅੱਧੀ ਸਦੀ ਵਿੱਚ 10 ਸਾਲ ਤੋਂ ਵੱਧ ਦਾ ਵਾਧਾ ਹੋਇਆ ਹੈ। ਇਸਦੇ ਕੀ ਕਾਰਣ ਹੋ
ਸਕਦੇ ਹਨ? ਨਿਰਾਸ਼ਾ ਦੇ ਆਲਮ ਵਿਚ ਕਦੇ ਕਦੇ ਲੱਗਦਾ ਹੈ ਕਿ ਕੁਦਰਤ ਇਸ ਸ੍ਰਿਸ਼ਟੀ
ਨੂੰ ਸੰਤੁਲਨ ਕਰਨ ਲਈ ਆਪ ਹੀ ਕੋਸ਼ਿਸ਼ ਕਰ ਰਹੀ ਹੈ। ਸਿਰਫ ਉਸ ਨੂੰ ਮਨੁੱਖ
ਅੰਦਰਲੀ ਨਿਰਾਸ਼ ਸੋਚ ਨੂੰ ਕੰਮਕਾਜੀ ਸੋਚ ਵਿਚ ਬਦਲਣ ਲਈ ਮਿਹਨਤ ਕਰਨ ਦੀ ਲੋੜ
ਹੈ। ਜੇਕਰ ਅਸੀਂ ਇਕ ਵੀ ਕੰਮ ਅਜਿਹਾ ਕਰੀਏ ਜੋ ਮਨੁੱਖਤਾ ਤੇ ਕੁਦਰਤ ਦੇ ਅਨਕੂਲ
ਹੋਵੇ ਤਾਂ ਅਸੀਂ ਉਮਰ ਦੇ ਹਜ਼ਾਰਾਂ ਰੰਗ ਦੇਖ ਸਕਦੇ ਹਾਂ, ਸਿਰਫ ਦੇਖ ਹੀ ਨਹੀਂ
ਮਾਣ ਵੀ ਸਕਦੇ ਹਾਂ। |
ਸਹਿਜੇ ਸਹਿਜੇ ਪਿੰਡ ਬੱਝਦਾ |
ਮਨੁੱਖ
ਨੇ ਜਦੋਂ ਪਿੰਡ ਬੰਨ ਕਿ ਰਹਿਣਾ ਸਿੱਖ ਲਿਆ ਸੀ। ਉਸਨੇ ਆਪਣੀਆਂ ਜਰੂਰਤਾਂ ਲਈ
ਹੁੱਨਰਮੰਦ ਲੋਕਾਂ ਨੂੰ ਆਪਣੇ ਨਾਲ ਰਲਾ ਲਿਆ। ਖੇਤੀ ਦੇ ਸੰਦਾਂ ਲਈ ਤਕਨੀਕੀ
ਲੁਹਾਰ, ਤਰਖਾਣ ਤੇ ਇਸੇ ਤਰ੍ਹਾਂ ਹੋਰ ਲੋੜਾਂ ਲਈ ਕੁਦਰਤੀ ਹੁਨਰਾਂ ਵਾਲੇ ਲੋਕ
ਉਸਦੇ ਸਾਥੀ ਬਣਦੇ ਗਏ। ਅਧਿਆਤਮਕ ਸ਼ਾਂਤੀ ਲਈ ਪੰਡਤ ਪਾਂਧੇ ਉਸਦੇ ਕੰਮ ਆਏ। ਪਿੰਡ
ਵਿਚ ਮੁੱਖ ਕਿੱਤਾ ਖੇਤੀਬਾੜੀ ਹੀ ਹੁੰਦਾ ਸੀ। ਫਸਲਾਂ ਨੇ ਸਹਿਜ ਨਾਲ ਤੇ ਸਮੇਂ
ਅਨੁਸਾਰ ਹੀ ਫੱਲਣਾ ਫੁੱਲਣਾ ਹੁੰਦਾ ਸੀ। ਇਸ ਲਈ ਪੇਂਡੂ ਮਨੁੱਖ ਵਿੱਚ ਕੁਦਰਤੀ
ਸੀ ਕਿ ਸਹਿਜ ਉਸਦੇ ਸੁਭਾਅ ਦਾ ਹਿਸਾ ਬਣੇ। ਹੌਲੀ ਹੌਲੀ ਹਲਟ ਚੱਲਣੇ, ਇਕ ਸਾਰ
ਕੁੱਤੇ ਦਾ 'ਵੱਜਣਾ' ਉਸਦਾ ਸੰਗੀਤ ਸੀ ਤੇ ਖੋਪੇ ਪਾਏ ਬਲਦਾਂ ਦੀ ਚਾਲ ਦਾ ਸੂਚਕ।
ਖੇਤਾਂ ਬੇਲਿਆਂ ਵਿਚ ਪਸ਼ੂਆਂ ਦੇ ਵੱਗ ਚਾਰਨ ਲਈ ਸਹਿਜ ਦੀ ਅਵਸਥਾ ਬਹੁਤ ਜ਼ਰੂਰੀ
ਸੀ। ਸਮਾਂ ਬਦਲਣ ਨਾਲ ਇਹ ਪਸ਼ੂ ਡੇਅਰੀਆਂ ਵਿਚ ਤੜ ਗਏ। ਪੱਠੇ, ਫੀਡ ਲਈ ਤੇਜ਼
ਟਰਾਲੀਆਂ ਤੇ ਜੀਪਾਂ ਦੌੜਨ ਲੱਗ ਪਈਆਂ। ਦੁੱਧ ਗੜਵੀਆਂ 'ਚੋਂ ਉੱਛਲ ਕਿ ਟੈਂਕਰਾਂ
ਵਿੱਚ ਪਹੁੰਚ ਗਿਆ। ਯਾਨੀ ਸਹਿਜ ਖਤਮ ਹੋਕੇ ਤੇਜ਼ੀ ਬਣ ਗਿਆ। ਇਹ ਤੇਜ਼ੀ ਪਿੰਡ ਦੇ
ਮੂਲ ਸਰੂਪ ਦੇ ਉਲਟ ਹੋ ਗਈ। ਇਸੇ ਲਈ ਅੱਜ ਇਕੱਲੇ ਪੰਜਾਬ ਵਿਚ ਹੀ 2000 ਪਿੰਡ
ਅਜ਼ਾਦੀ ਤੋਂ ਬਾਅਦ (1947) ਆਪਣੀ ਹੋਂਦ ਗੁਆ ਚੁੱਕੇ ਹਨ। ਸਹਿਜ ਨਾਲ ਬੱਝੇ
ਪਿੰਡ, ਤੇਜੀ ਨਾਲ ਉੱਜੜ ਰਹੇ ਹਨ। ਆਉਣ ਵਾਲਾ ਸਮਾਂ ਹਾਲੇ ਹੋਰ ਕੀ ਰੰਗ
ਦਿਖਾਵੇਗਾ, ਇੰਤਜ਼ਾਰ ਕਰੋ ਤਦ ਤਕ। |
ਪੱਤਝੜ ਰੁੱਤੇ ਖੇੜਾ... ! |
ਕੁਦਰਤ
ਨੇ ਦੋ ਤਰਾਂ ਦੀ ਜੀਵਨ ਵੰਡ ਕੀਤੀ ਹੈ। ਇੱਕ ਉਹ ਜੋ ਸਥਿਰ ਰਹਿੰਦੇ ਹਨ, ਜਿਵੇਂ
ਦਰਖਤ ਆਦਿ ਅਤੇ ਦੂਜੇ ਉਹ ਜੋ ਚਲਦੇ ਫਿਰਦੇ ਹਨ ਜਿਵੇਂ ਮਨੁੱਖ, ਜਾਨਵਰ, ਮੱਛੀਆਂ
ਆਦਿ। ਇਹ ਵੰਡ ਬਹੁਤ ਮਹੱਤਵਪੂਰਣ ਹੈ। ਸਾਰੀ ਸ਼੍ਰਿਸ਼ਟੀ ਦਾ ਕਾਰਵਿਹਾਰ ਇਸ ਵੰਡ
ਦੀ ਕਾਰਜਸ਼ੈਲੀ ਉਤੇ ਨਿਰਭਰ ਹੈ। ਸਥਿਰ ਜੀਵਾਂ ਉਤੇ ਧਰਤੀ ਦੀ ਖਾਧ ਖੁਰਾਕ ਦੀ
ਜ਼ਿੰਮੇਵਾਰੀ ਹੈ। ਅਸਥਿਰ ਜੀਵ, ਜੀਵਨ ਬੀਜਾਂ ਦੀ ਧਰਤੀ ਉਤੇ ਵੰਡ ਕਰਦੇ ਹਨ।
ਹਵਾ, ਪਾਣੀ ਤੇ ਰੋਸ਼ਨੀ ਇਹਨਾਂ ਪ੍ਰੀਕ੍ਰਿਆਵਾਂ ਦੇ ਵਾਹਨ ਬਣਦੇ ਹਨ।
ਇੱਕ ਹੋਰ ਗੱਲ ਹੈ ਕਿ ਸਥਿਰ
ਜੀਵ ਧਰਤੀ ਨੂੰ ਸੁੰਦਰਤਾ ਦੇਂਦੇ ਹਨ। ਉੱਗਣ ਲੱਗੇ ਵੀ, ਜਵਾਨੀ ਵਿਚ ਵੀ ਤੇ
ਬੁਢਾਪੇ ਵਿਚ ਵੀ। ਅਸਥਿਰ ਜੀਵਾਂ ਨੂੰ ਇਹ ਖੂਬਸੂਰਤੀ ਜੀਵਨ ਅਨੰਦ ਦੇਂਦੀ ਹੈ।
ਪਰ ਦੋਹਾਂ ਜੀਵਨ ਵੰਡਾਂ ਵਿੱਚ ਇੱਕ ਵੱਡਾ ਫਰਕ ਹੈ। ਸਥਿਰ ਜੀਵ ਹਰ ਬਦਲਦੇ ਮੌਸਮ
ਨਾਲ ਆਪਣਾ ਰੂਪ ਬਦਲਦੇ ਹਨ। ਬਹਾਰ ਤੋਂ ਪੱਤਝੜ ਤੱਕ ਇਹ ਹਰ ਸਾਲ ਆਪਣਾ ਪਹਿਰਾਵਾ
ਨਵਿਆ ਲੈਂਦੇ ਹਨ। ਪਰ ਅਸਥਿਰ ਜੀਵ ਪੂਰੇ ਜੀਵਨ ਵਿੱਚ ਇੱਕ ਪਹਿਰਾਵੇ ਨੂੰ ਇੱਕ
ਵਾਰ ਹੀ ਜੀਉਂਦੇ ਹਨ। ਮਸਲਨ ਮਨੁੱਖ ਤੇ ਬਚਪਨ, ਜਵਾਨੀ ਤੇ ਬੁਢਾਪਾ ਇੱਕ ਵਾਰੀ
ਹੀ ਆਉਂਦੇ ਹਨ। ਦਰਖਤਾਂ ਵਾਂਗ ਮਨੁੱਖ ਜੀਵਨ ਨੂੰ ਦੁਹਰਾਅ ਨਹੀਂ ਸਕਦਾ। ਦਰਖਤ
ਸਾਨੂੰ ਹਰ ਮੌਸਮ ਵਿਚ ਖਿੜਨਾ ਦਸਦੇ ਹਨ। ਜਿਹੜਾ ਮਨੁੱਖ ਜਾਂ ਜੀਵ ਆਪਣੇ ਹਰ
ਪੜਾਅ ਨੂੰ ਮਾਨਣ ਦੀ ਕੋਸ਼ਿਸ਼ ਕਰਦਾ ਹੈ, ਖੇੜਾ ਉਸਦਾ ਸਾਥ ਦੇਂਦਾ ਹੈ। ਕੁਦਰਤ
ਨੂੰ ਪਿਆਰ ਕਰਨ ਵਾਲੇ ਘਰਾਂ, ਖੇਤਾਂ, ਪਿੰਡਾਂ, ਸ਼ਹਿਰਾਂ ਜਾਂ ਕਹਿ ਲਵੋ ਹਰ ਥਾਂ
ਖਿੜੇ ਰਹਿੰਦੇ ਹਨ, ਏਸ ਬਾਪੂ ਵਾਂਗ। (27/01/2012) |
ਮੱਖਾਂ! ਵੋਟ ਕਿੱਥੇ ਪਾਣੀ ਐ? |
'ਆਜਾ
ਉਏ ਬਿੰਦਿਆ, ਐਥੇ ਬੈਠੇ ਸਾਰੇ', ਲਾਠੇਕੇ ਚਾਚੇ ਨੇ ਟੈਕਸੀ ਘਰੇ ਖੜੀ ਕਰਕੇ ਖੇਤ
ਜਾਂਦੇ ਬਿੰਦੇ ਡਰੈਵਰ ਨੂੰ ਵਾਜ ਮਾਰ ਲੀ।
'ਪਹਿਲੋਂ ਇਹ ਦੱਸ, ਦਿੱਲੀ, ਦੱਖਣ ਤੂੰ ਘੁੰਮਦਾ ਫਿਰਦਾ, ਵੋਟਾਂ ਦਾ ਕੀ ਹਾਲ
ਐ?'
'ਮੈਨੂੰ ਕੀ ਪਤਾ? ਮੈਂ ਤਾਂ ਸੜਕਾਂ ਦੇ ਟੋਏ ਨਾਪਦਾਂ, ਸਿਆਸੀ ਪਲਟੀਆਂ ਤਾਂ
ਤੁਸੀਂ ਐਥੇ ਪਿੰਡਾਂ 'ਚ ਦੇਖਦੇ ਹੋ?'
'ਇੱਥੇ ਤਾਂ ਭਾਈ ਵੋਟਾਂ ਦੇ ਰੇਟਾਂ ਦੀ ਹੀ ਗੱਲ ਚੱਲਦੀ ਐ' ਇੱਕ ਬੋਲਿਆ।
'ਸਾਨੂੰ ਤਾਂ 'ਕਾਲੀ ਹੀਰ' ਹਾਲੇ ਮਿਲੀ ਨੀ, ਵੋਟਾਂ ਕਾਹਦੀਆਂ', ਝੀਰੂ ਅਮਲੀ
ਬੋਲਿਆ।
'ਪਤੰਦਰਾ ਭੱਖ ਤਾਂ ਲੈਣ ਦੇ ਮੈਦਾਨ, ਜੇ ਹੁਣੇ ਦੇਤੀ ਤਾਂ, ਵੋਟਾਂ ਤੱਕ ਯਾਦ
ਕੌਣ ਰੱਖੂ?' ਜੀਤੇ ਨੇ ਅਮਲੀ ਨੂੰ ਸਮਝਾਇਆ।
'ਨਾ ਆਹ ਜੇਹੜੀ ਸੌਂਹਾਂ ਜਿਹੀਆਂ ਪੁਆ ਕਿ ਤੁਹਾਨੂੰ ਗਾਂਧੀ ਦੀਆਂ ਫੋਟੋਆਂ ਵਾਲੇ
ਕਾਗਜ ਵੰਡੇ ਆ, ਤੁਸੀਂ ਯਾਦ ਰੱਖਣੇ?' ਅਮਲੀ ਭੜਕਿਆ।
'ਭਾਈ ਉਹ ਤਾਂ ਸੋਂਹ ਖਾਧੀ ਐ, ਪੁਗਾਣੀ ਪਊ' ਬੀਰੂ ਨੇ ਸਫਾਈ ਦਿੱਤੀ।
'ਉਏ ਜਿਹੜੇ ਆਪ ਝੂਠੀਆਂ ਸੋਹਾਂ ਖਾਂਦੇ ਆ, ਅਖੇ ਅਸੀਂ ਸੱਚ ਬੋਲਾਂਗੇ, ਸਹੀ
ਕਹਾਂਗੇ ਤੇ ਫੇਰ ਵੇਚਦੇ ਆ ਨਸ਼ੇ, ਉਹਨਾਂ ਦੀਆਂ ਪੁਅਈਆਂ ਸੋਹਾਂ ਦੀ ਭਲਾ ਕੀ
ਕੀਮਤ ਆ।'
'ਇਹ ਤਾਂ ਸਾਡੇ ਭੋਲੇਪਨ ਦਾ ਨਜਾਇਜ਼ ਫੈਇਦਾ' ਰਾਜੀ ਦਾ ਵਿਚਾਰ ਸੀ।
'ਲੈ ਫੇਰ ਤਾਂ ਮੈਂ ਵੀ ਸੋਂਹ ਤੋੜਦੂ, ਝੂਠੇ ਦਾ ਝੂਠ ਹੀ ਦਾਰੂ', ਪਰ ਕਾਲੀ
ਬੇਗਮ ਵੀ ਭੋਰਾ ਦੇ ਜਾਣ ਤਾਂ ਚੰਗਾ' ਅਮਲੀ ਨੇ ਆਪਣੀ ਇੱਛਾ ਜਾਹਿਰ ਕੀਤੀ।
'ਪਰ ਚਾਚਾ, ਫੇਰ ਵੀ ਵੋਟ ਕਿਹਨੂੰ ਪਾਂਣੀ ਆ', ਬਿੰਦੇ ਨੇ ਪੁੱਛਿਆ।
'ਉਏ ਮੁੰਡਿਆ, ਤੂੰ ਨਵੇਂ ਜ਼ਮਾਨੇ ਦਾ ਕਮਲਾ ਲੱਗਦਾਂ? ਵੋਟ ਤਾਂ ਆਪਣਾ ਹਥਿਆਰ ਆ,
ਜਿਹੜਾ 5 ਸਾਲ ਬਾਅਦ ਮਿਲਦਾ ਕੁਝ ਸਕਿੰਟਾਂ ਲਈ। ਬਸ ਇੱਕ ਵਾਰ ਚੱਲਣਾ' ਚਾਚੇ ਨੇ
ਗੱਲ ਕੀਤੀ।
'ਪਰ ਚਾਚਾ ਇਹ ਚਲੂ ਕਿਹਤੇ? ਕਈ ਪਾਲਟੀਆਂ ਫਿਰਦੀਆਂ'।
'ਚਾਚਾ ਜੇ ਸਾਰੇ ਦੇ ਗਏ, ਪੈਸਾ, ਕੋਈ ਲਾਲ ਪਰੀ ਤੇ ਕੋਈ ਕਾਲੀ ਹੀਰ ਤਾਂ ਫੇਰ
ਕੀ ਕਰਾਂਗੇ।'
'ਲੈ ਇਹ ਕਿਹੜਾ ਵੱਡਾ ਮਸਲਾ ਜਿਹੜਾ ਦੇਜੂ ਵੱਧ, ਉਹਨੂੰ ਪੈਜੂ'– ਕੀੜੇ ਕੇ ਮੀਤੇ
ਨੇ ਜਵਾਬ ਦਿੱਤਾ।
'ਉਏ ਜਿਹੜਾ ਹਰਾਮ ਦੀ ਖਾਊ, ਉਹ ਪਚਾਊ ਕਿਵੇਂ? ਉਏ ਉਤੇ ਰੱਬ ਦੇਖਦਾ', ਭਗਤੂ
ਬੋਲਿਆ।
'ਭਗਤੂਆ ਫਿਕਰ ਨਾ ਕਰ, ਖਾਵਾਂਗੇ ਸਭ ਦੀ, ਪਾਵਾਂਗੇ ਫੱਬ ਦੀ' ਬੱਕਰੀਆਂ ਵਾਲਾ
ਸ਼ੇਰੂ ਉੱਚੀ ਦੇਣੀ ਕਹਿ ਗਿਆ।
'ਆ ਠੀਕ ਆ, ਧਿਆਨ ਨਾਲ ਸੁਣੋ, ਸ਼ਰਾਬ ਇੱਕ ਦਿਨ, ਨਸ਼ਾ ਦੋ ਦਿਨ ਤੇ ਪੈਸਾ ਚਾਰ
ਦਿਨ ਚੱਲੂ, ਪਰ ਤੁਹਾਡੇ ਬੱਚੇ ਪੰਜ ਸਾਲ ਰੋਣਗੇ', ਸੋਚ ਕਰੋ, ਇਹ ਜੋ ਪਵਿੱਤਰ
ਹਥਿਆਰ ਤੁਹਾਨੂੰ ਮਿਲਿਆ ਹੈ, ਸੋਚ ਕਿ ਚਲਾਓ ਐਵੇਂ ਆਪਣੈ ਹੀ ਟੱਬਰ ਦੇ ਦੁਸ਼ਮਣ
ਨਾ ਬਣ ਜਾਇਓ', ਚਾਚੇ ਨੇ ਸਭ ਨੂੰ ਸਲਾਹ ਦਿੱਤੀ।
'ਮੈਂ ਚਲਦਾਂ! ਅਮਲੀ ਨੇ ਗੱਲ ਨਾ ਬਣਦੀ ਦੇਖ ਆਪਣਾ ਫੈਸਲਾ ਸੁਣਾ ਦਿੱਤਾ।
ਸੱਥ ਵਿਚ ਹੁਣ ਚੁੱਪ ਪਸਰ ਗਈ, ਸਭ ਹੌਲੀ ਹੌਲੀ ਘਰਾਂ ਨੂੰ ਖਿਸਕਣ ਲੱਗੇ। |
ਸ਼ਹਿਰਾਂ ਦਾ ਪਿੰਡਾਂ ਨੂੰ ਤੋਹਫ਼ਾ |
ਆਮ
ਗਿਣਿਆ ਜਾਂਦਾ ਹੈ ਕਿ ਸ਼ਹਿਰੀ ਲੋਕ ਸਾਫ ਸੁਥਰੇ ਹੁੰਦੇ ਹਨ। ਪੜੇ ਲਿਖੇ ਹੁੰਦੇ
ਹਨ ਤੇ ਸਫਾਈ ਪਸੰਦ ਕਰਦੇ ਹਨ। ਪੁਰਾਣੇ ਸਮੇਂ ਵਿਚ ਜਦੋਂ ਕੋਈ ਸ਼ਹਿਰੋਂ, ਪਿੰਡ
ਆਉਂਦਾ ਸੀ ਤਾਂ ਉਹ ਮੱਖੀਆਂ, ਮੱਛਰਾਂ ਜਾਂ ਰੂੜੀਆਂ ਤੋਂ ਨੱਕ ਬੁੱਲ• ਵੱਟਦਾ
ਸੀ। ਹੌਲੀ ਹੌਲੀ ਸ਼ਹਿਰ ਵਿਚ ਸਨਅਤੀ ਅਤੇ ਘਰੇਲੂ ਪ੍ਰਦੂਸ਼ਣ ਵੱਧਣ ਲੱਗ ਗਿਆ।
ਕੂੜਾ ਤੇ ਕੱਚਰਾ ਇੱਕ ਵੱਡੀ ਤਦਾਦ ਬਣ ਗਈ। ਕਾਰਖਾਨਿਆਂ ਖਾਸ ਕਰਕੇ ਰੰਗਾਈ
ਵਾਲਿਆਂ ਨੇ ਪ੍ਰਦੂਸ਼ਤ ਪਾਣੀ ਕੱਢਣਾ ਸ਼ੁਰੂ ਕਰ ਦਿੱਤਾ। ਦੂਜੇ ਪਾਸੇ ਪਿੰਡਾਂ ਵਿਚ
ਫਸਲਾਂ ਨੂੰ ਛੂਹ ਕਿ ਆਉਂਦੀ ਸਾਫ ਹਵਾ ਵਿਚ ਸ਼ਹਿਰਾਂ ਲਈ ਇੱਟਾਂ ਬਣਾਉਂਦੇ
ਭੱਠਿਆਂ ਨੇ ਕਾਲਾ ਧੂੰਆਂ ਸ਼ਾਮਲ ਕਰ ਦਿੱਤਾ। ਛੋਟੇ ਨਾਲੇ ਜਿੱਥੋਂ ਪਿੰਡਾਂ ਦੇ
ਪਸ਼ੂ ਪਾਣੀ ਪੀਂਦੇ ਸਨ ਜਾਂ ਔਰਤਾਂ ਵੇਲੇ ਕੁਵੇਲੇ ਲੀੜੇ ਧੋ ਲਿਆਉਂਦੀਆਂ ਸਨ,
ਵਿਚ ਸ਼ਹਿਰਾਂ ਦੇ ਸੀਵਰੇਜ ਨੇ ਐਸੀ ਪੁੱਠ ਚਾੜ ਦਿੱਤੀ ਕਿ ਪਿੰਡ ਦੇ ਜਿਸ ਪਾਸੇ
ਇਹ ਨਾਲਾ ਲੱਗਦਾ ਹੈ, ਬਦਬੋ ਨੇ ਲੋਕਾਂ ਦੇ ਨੱਕ ਹੀ ਸਾੜ ਦਿੱਤੇ ਹਨ। ਵਿਚਾਰੇ
ਗਰੀਬ ਘਰ ਛੱਡ ਕੇ ਵੀ ਨਹੀਂ ਜਾ ਸਕਦੇ। ਧਰਤੀ ਹੇਠਲੇ ਲਾਗਲੇ ਪਾਣੀ ਨੇ ਨਲਕਿਆਂ
ਜਾਂ ਬੋਰਾਂ ਵਿਚੀਂ ਜ਼ਹਿਰ ਉਗਲਣਾ ਸ਼ੁਰੂ ਕਰ ਦਿੱਤਾ ਹੈ। ਸ਼ਾਮ ਨੂੰ ਜਾਂ ਸਵੇਰੇ
ਸੈਰ ਕਰਨ ਲਈ ਮੂੰਹ, ਨੱਕ ਬੰਦ ਕਰਕੇ ਪੈਂਦੇ ਹਨ। ਇਹ ਸਭ ਕੁਝ ਸਾਡੇ ਨੀਤੀਵਾਨਾਂ
ਵੱਲੋਂ 64 ਸਾਲ ਵਿਚ ਕੋਈ ਕਾਗਾਰ ਨੀਤੀ ਨਾ ਬਨਾਉਣ ਕਰਕੇ ਹੀ ਹੋ ਰਿਹਾ ਹੈ।
ਸ਼ਹਿਰਾਂ ਲਾਗਲੇ ਪਿੰਡਾਂ ਦੀ ਜਨਤਾ ਇਸ ਨਵੇਂ ਸ਼ਹਿਰੀ ਤੋਹਫੇ ਲਈ ਕਿਸਦੇ
'ਸ਼ੁਕਰਗੁਜ਼ਾਰ' ਹੋਣ, ਉਨਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ। ਪਿੰਡਾਂ ਲਈ ਲੜਾਈ
ਲੜਨ ਵਾਲੇ ਥੋੜੇ ਹਨ ਅਤੇ 'ਡੱਕੇ ਭੰਨ ਕੇ' ਸਨਮਾਨ ਕਰਵਾਉਣ ਵਾਲੇ ਵੱਧ ਪੈਦਾ ਹੋ
ਗਏ ਹਨ। ਪਿੰਡਾਂ ਵਾਲਿਆਂ ਨੂੰ ਆਪਣੀ ਲੜਾਈ ਆਪੇ ਹੀ ਲੜਨੀ ਪੈਣੀ ਹੈ, ਉਹ ਕਿਸੇ
ਮਦਦ ਦੀ ਆਸ ਨਾ ਰੱਖਣ। (09/01/2012) |
ਇਹ ਵੀ ਧਰਤੀ ਦੇ ਜਾਏ |
ਅੱਜ
ਤੋਂ ਤੀਹ ਚਾਲੀ ਸਾਲ ਪਹਿਲੋਂ ਪਿੰਡਾਂ ਵਿਚ ਅਕਸਰ ਹੀ ਜੰਗਲੀ ਜਾਨਵਰਾਂ, ਜਿਵੇਂ
ਹਿਰਨ ਜਾਂ ਰੋਜ਼ ਆਦਿ ਦੀਆਂ ਡਾਰਾਂ ਵੇਖਣ ਨੂੰ ਮਿਲ ਜਾਂਦੀਆਂ ਸਨ। ਇਹ ਜਿੱਥੇ
ਕੁਦਰਤੀ ਤਵਾਜਨ ਰੱਖਦੇ ਸਨ ਉਥੇ ਧਰਤੀ ਦੀ ਦਿੱਖ ਨੂੰ ਸੁਹੱਪਣ ਵੀ ਪ੍ਰਦਾਨ ਕਰਦੇ
ਸਨ।
ਗਿੱਦੜ ਮਾਰਾਂ, ਬਿੱਲੇ ਮਾਰਾਂ ਤੇ ਕੁਝ ਆਮ ਬੰਦੂਕਾਂ ਵਾਲਿਆਂ
ਨੇ ਇਹਨਾਂ ਨੂੰ ਮੀਟ ਵਾਸਤੇ ਮਾਰਨਾ ਸ਼ੁਰੂ ਕਰ ਦਿੱਤਾ ਤੇ ਇਹਨਾਂ ਦੇ ਸਿਰ ਘਰਾਂ
ਵਿਚ ਟੰਗ ਲਏ। ਇਹ ਜਾਨਵਰ ਡਰ ਕਿ ਦੂਰ ਭੱਜਣੇ ਸ਼ੁਰੂ ਹੋ ਗਏ ਤੇ ਹੌਲੀ ਹੌਲੀ ਘਟਣ
ਵੀ ਲੱਗ ਪਏ। ਸ਼ੋਰ ਪ੍ਰਦੂਸ਼ਣ ਨੇ ਵੀ ਇਹਨਾਂ ਦੀ ਕਾਫੀ ਬਲੀ ਲਈ ਹੈ। ਸਮੇਂ ਨਾਲ
ਪੰਜਾਬੀਆਂ ਵਿਚ ਸ਼ਿਕਾਰ ਦੀ ਬਿਰਤੀ ਘੱਟ ਗਈ ਹੈ। ਇਸੇ ਕਰਕੇ ਬਚੇ ਖੁਚੇ ਇਹ
ਜੰਗਲੀ ਜਾਨਵਰ ਨਹਿਰਾਂ ਦੁਆਲੇ ਹਾਲੇ ਮਿਲ ਜਾਂਦੇ ਹਨ। ਭਾਵੇਂ ਇਹਨਾਂ ਦੀ ਗਿਣਤੀ
ਜਿਆਦਾ ਨਹੀਂ ਹੈ। ਕੁਦਰਤ ਦੀ ਗੋਦ ਵਿਚ ਪਲਣ ਵਾਲੇ ਇਹ ਜਾਨਵਰ, ਮਨੁੱਖ ਦੀ ਲੋੜ
ਵੀ ਹਨ ਤੇ ਮਨੁੱਖ ਤੋਂ ਉਸਦੇ ਫਰਜ਼ ਦੀ ਆਸ ਵੀ ਰੱਖਦੇ ਹਨ।
ਜਿੰਨ੍ਹਾਂ ਇਲਾਕਿਆਂ ਵਿਚ ਇਹ ਹਨ, ਉੱਥੇ ਦੇ ਕਿਸਾਨ ਇਹਨਾਂ
ਤੋਂ ਫਸਲ ਦਾ ਉਜਾੜਾ ਨਹੀਂ ਚਾਹੁੰਦੇ। ਪਰ ਇਹ ਵਿਚਾਰੇ ਜਾਣ ਕਿੱਥੇ? ਇਸਦਾ ਹਲ
ਹੈ ਕਿ ਪੰਜਾਬ ਵਿਚ ਇਹਨਾਂ ਲਈ ਰੱਖਾਂ ਬਣਾਈਆਂ ਜਾਣ, ਖਾਲੀ ਥਾਵਾਂ 'ਤੇ ਖਾਣਯੋਗ
ਘਾਹ ਜਾਂ ਪੱਠਿਆਂ ਦੇ ਬੀਜ ਦਾ ਛਿੱਟਾ ਦਿੱਤਾ ਜਾਵੇ। ਕਾਇਨਾਤ ਦੀ ਮਜ਼ਬੂਤੀ ਲਈ
ਇਹੋ ਜਿਹੇ ਕਦਮ ਜ਼ਰੂਰੀ ਹਨ। |
ਪ੍ਰਦੂਸ਼ਨ ਦੀ ਵੈਰੀ, ਲਾਹੇਵੰਦ ਸੁੰਦਰਤਾ |
ਬਹੁਤੀ
ਵਾਰੀ ਅਸੀਂ ਆਪਣੇ ਕੋਲ ਪਏ ਧਨ ਤੋਂ ਅਨਜਾਣ ਹੁੰਦੇ ਹਾਂ। ਪੰਜਾਬ ਵਿਚ ਕਮਲ ਦਾ
ਫੁੱਲ ਇਕ ਇਹੋ ਜਿਹਾ ਹੀ ਧਨ ਹੈ, ਜਿਸ ਬਾਰੇ ਅਸੀਂ ਅਣਭਿੱਜ ਹੀ ਬੈਠੇ ਹਾਂ।
ਸਾਡੀਆਂ ਖੇਤੀ ਸੰਸਥਾਵਾਂ ਇਸ ਬਾਰੇ ਕੋਈ ਜਾਣਕਾਰੀ ਨਹੀਂ ਦੇ ਰਹੀਆਂ। ਬਹੁਤ ਹੀ
ਸੁੰਦਰ ਇਹ ਫੁੱਲ ਪਿੰਡਾਂ ਦੀ ਜ਼ਿੰਦਗੀ ਵਿਚ ਖੁਸ਼ੀਆਂ ਵੀ ਭਰ ਸਕਦਾ ਹੈ। ਇਸ ਫੁੱਲ
ਦੇ ਪੱਤੇ, ਪੱਤੀਆਂ, ਡੰਡੀਆਂ, ਜੜਾਂ ਆਦਿ ਕਈ ਬਿਮਾਰੀਆਂ ਦਾ ਇਲਾਜ ਹੋ ਸਕਦੀਆਂ
ਹਨ। ਇਸ ਦੀਆਂ ਜੜਾਂ, ਸਬਜ਼ੀ ਤੇ ਅਚਾਰ ਬਣਾਉਣ ਦੇ ਕੰਮ ਆਉਂਦੀਆਂ ਹਨ। ਇਹ ਇਕ
ਖੇਤ ਵਿਚ ਤਕਰੀਬਨ 150 ਕੁਇੰਟਲ ਤੱਕ ਹੋ ਜਾਂਦੀਆਂ ਹਨ। ਇਸ ਦਾ ਫੁੱਲ 25 ਰੁਪਏ
ਪ੍ਰਤੀ ਤੱਕ ਵਿਕਦਾ ਹੈ। ਇਸ ਦੇ ਬੀਜ ਜਿਹਨਾਂ ਨੂੰ ਮਖਾਣੇ ਵੀ ਆਖਦੇ ਹਨ, ਬਹੁਤ
ਗੁਣਕਾਰੀ ਹਨ। ਸਭ ਤੋਂ ਵੱਡੀ ਗਲ, ਇਹ ਪੌਦਾ ਪਾਣੀ ਵਿਚਲੇ ਧਾਤੂਆਂ ਨੂੰ ਖਾ
ਜਾਂਦਾ ਹੈ ਅਤੇ ਪਾਣੀ ਸਾਫ਼ ਕਰਦਾ ਹੈ। ਇਹ ਕੁਦਰਤੀ ਤੌਰ ਤੇ ਪਾਣੀ ਨੂੰ ਸ਼ੁੱਧ
ਕਰਦਾ ਹੈ। ਇਸ ਲਈ ਗੰਦੇ ਨਾਲੇ ਜਾਂ ਛੱਪੜਾਂ ਵਿਚ ਵੀ ਇਸ ਨੂੰ ਲਾ ਕੇ ਫਾਇਦਾ
ਲਿਆ ਜਾ ਸਕਦਾ ਹੈ। ਇਹ ਅਗਰ ਤਲਾਬ ਵਿਚ ਲਗਾ ਹੋਵੇ ਤਾਂ ਕਲੋਰਾਇਡ ਪਾਉਣ ਦੀ ਵੀ
ਜ਼ਰੂਰਤ ਨਹੀਂ। ਸਨਅਤਾਂ ਆਦਿ ਦੀ ਪ੍ਰਦੂਸ਼ਣ ਸੋਧਣ ਲਈ ਇਹ ਇਕ ਕੁਦਰਤੀ ਤਰੀਕਾ ਹੈ।
ਕਮਲ ਦੇ
ਕੋਈ 60 ਰੰਗ ਹੁੰਦੇ ਹਨ। ਇਹ ਵੀਹ ਦੇ ਕਰੀਬ ਦੇਸ਼ਾਂ ਵਿਚ ਹੁੰਦਾ ਹੈ। ਇਸ ਦੀਆਂ
16 ਤੋਂ 160 ਤੱਕ ਫੁੱਲ ਪੱਤੀਆਂ ਹੋ ਸਕਦੀਆਂ ਹਨ। ਜੋ ਬੂਟੇ ਜੜਾਂ ਤੋਂ ਲਗਾਏ
ਜਾਂਦੇ ਹਨ ਉਹ ਆਪਣਾ ਰੰਗ ਕਾਇਮ ਰੱਖਦੇ ਹਨ। ਪਰ ਜੋ ਬੂਟੇ ਬੀਜ ਤੋਂ ਤਿਆਰ
ਹੁੰਦੇ ਹਨ ਉਹ ਰੰਗ ਬਦਲ ਲੈਂਦੇ ਹਨ। ਇਸ ਦਾ ਬੀਜ ਸਖਤ ਜਾਨ ਹੁੰਦਾ ਹੈ। ਉਸ ਦੀ
ਉ¤ਗਣ ਸ਼ਕਤੀ 500 ਸਾਲ ਤੱਕ ਵੀ ਰਹਿ ਸਕਦੀ ਹੈ। ਬੀਜ ਨੂੰ ਬੀਜਣ ਤੋਂ ਪਹਿਲੋਂ
ਰੇਗਮਾਰ ਨਾਲ ਰਗੜ ਕੇ ਨਰਮ ਕਰ ਲੈਣਾ ਚਾਹੀਦਾ ਹੈ। ਇਕ ਏਕੜ ਲਈ 4-5 ਕਿਲੋ ਬੀਜ
ਦੀ ਜ਼ਰੂਰਤ ਹੈ। ਇਸ ਫੁੱਲ ਦੀ ਸੁੰਦਰਤਾ ਤੇ ਪ੍ਰਦੂਸ਼ਣ ਘਟਾਉਣ ਦੀ ਸਮਰੱਥਾ ਕਰਕੇ
ਪੰਜਾਬ ਦੇ ਵਿਚ ਇਕ ਨਵੀਂ ਕ੍ਰਾਂਤੀ ਲਿਆਂਦੀ ਜਾ ਸਕਦੀ ਹੈ। ...
26/11/2011 |
ਮਾਣ ਸੁਹਾਗੇ ਦਾ |
ਆਪਣੀ
ਚੀਜ਼ ’ਤੇ ਹਰ ਕੋਈ ਮਾਣ ਕਰਦਾ ਹੈ। ਆਪਣਾਪਨ
ਮਨੁੱਖ ਨੂੰ ਜੀਵਨ ਆਨੰਦ ਦੇਈ ਰਖਦਾ ਹੈ। ਆਪਣੀ ਕੀਤੀ ਹੋਈ ਕਿਰਤ ਤਾਂ ਬਰਕਤਾਂ
ਨਾਲ ਝੋਲੀ ਭਰ ਦੇਂਦੀ ਹੈ। ਅੱਜ ਪੰਜਾਬ ਦਾ ਲੋਕ ਸਮੂਹ ਹੱਥੀਂ ਕਿਰਤ ਕਰਨੀ ਛੱਡ
ਰਿਹਾ ਹੈ। ਪਦਾਰਥਵਾਦ ਨੇ ਮਨਾਂ ਵਿਚ ਤੇਜ਼ੀ ਲੈ ਆਂਦੀ ਹੈ। ਮਨੁੱਖ ਹਰ ਚੀਜ਼ ਤੇਜ਼ੀ
ਨਾਲ ਹਾਸਲ ਕਰਨਾ ਚਾਹੁੰਦਾ ਹੈ ਪਰ ਕੁਦਰਤ ਨੇ ਤਾਂ ਆਪਣੀ ਰਫ਼ਤਾਰ ਨਾਲ ਹੀ ਚਲਣਾ
ਹੈ। ਫੁੱਲਾਂ ਨੇ ਮੌਸਮ ਆਏ ਤੇ ਹੀ ਖਿੜਨਾ ਹੈ। ਬੀਜ ਤੋਂ ਬੂਟਾ ਬਨਣ ਤਕ
ਸੁਭਾਵਿਕ ਸਮਾਂ ਤਾਂ ਲਗਣਾ ਹੀ ਹੈ। ਕਿਸੇ ਫ਼ਸਲ ਜਾਂ ਫੱਲ ਨੂੰ ਤੇਜ਼ੀ ਨਾਲ ਨਹੀਂ
ਵਧਾਇਆ ਜਾ ਸਕਦਾ। ਬਣਦਾ ਸਮਾਂ ਤਾਂ ਉਸ ਲੈਣਾ ਹੀ ਹੈ। ਮਨੁੱਖ ਤਾਂ ਸਿਰਫ਼ ਮਾਹੌਲ
ਨੂੰ ਸੀਮਤ ਹੱਦ ਤਕ ਸਿਰਜਣ ਦੀ ਕੋਸ਼ਿਸ਼ ਹੀ ਕਰ ਸਕਦਾ ਹੈ। ਜੇ ਮਨੁੱਖ ਨੇ ਫ਼ਸਲ
ਲੈਣੀ ਹੈ ਤਾਂ ਬੀਜ ਬੀਜਣਾ ਹੀ ਪਊ। ਧਰਤੀ ਦੀ ਹਿੱਕ ਵਾਹ ਕੇ ਥਾਪੜਣੀ ਹੀ ਪਊ।
ਹੱਲ ਚਲਾਉਣਾ ਹੀ ਪਊ। ਸੁਹਾਗਾ ਫੇਰਨਾ ਹੀ ਪਊ। ਭਾਵੇਂ ਇਹ ਕੰਮ ਮਸ਼ੀਨਾਂ ਨਾਲ ਹੀ
ਹੋਣ ਲਗ ਪਏ ਹਨ, ਪਰ ਜੋ ਮਜ਼ਾ ਇਹ ਕੰਮ ਆਪ ਕਰਕੇ ਹੈ ਉਸ ਅਸੀਮ ਹੈ। ਗਲ ਸਿਰਫ਼
ਸੁਹਾਗੇ ਦੀ ਨਹੀਂ ਉਸ ਨਾਲ ਜੁੜੇ ਦੋ ਬਲਦਾਂ ਦੀ ਵੀ ਹੈ। ਇਹਨਾਂ ਦੀ ਸਾਂਭ
ਸੰਭਾਲ ਸਿਰਫ਼ ਇਕ ਦਿਨ ਦੀ ਵਰਤੋਂ ਲਈ ਹੀ ਨਹੀਂ ਹੁੰਦੀ। ਇਹਨਾਂ ਦੀ ਲੋੜ ਤੇ ਸਾਥ
ਸਾਲਾਂ ਬੱਧੀ ਚਲਦਾ ਹੈ। ਮਨੁੱਖ ਦਾ ਰਿਸ਼ਤਾ ਕੁਦਰਤ ਦੀਆਂ ਹੋਰ ਸਿਰਜਨਾਵਾਂ ਨਾਲ
ਪੱਕਾ ਹੁੰਦਾ ਹੈ। ਇਹ ਹੌਲੀ ਹੌਲੀ ਚਲਦਾ ਕਾਰਜ ਮਨੁੱਖ ਅੰਦਰ ਸਹਿਜ ਪੈਦਾ ਕਰਦਾ
ਹੈ, ਜੋ ਮਨੁੱਖ ਨੂੰ ਲੱਖਾਂ ਅਲਾਮਤਾਂ ਤੋਂ ਬਚਾਈ ਰੱਖਦਾ ਹੈ। ਸੁਹਾਗਾ ਇਸੇ
ਸਹਿਜ ਹੋਣ ਦੀ ਪ੍ਰਕਿਰਿਆ ਦਾ ਇੱਕ ਹਿੱਸਾ ਹੈ। ਇਸੇ ਲਈ ਸੁਹਾਗੇ ਤੇ ਮਾਣ ਦੀ
ਬਿਰਤੀ ਸਦੀਆਂ ਤੋਂ ਕਾਇਮ ਹੈ।...15/11/11 |
ਤਨ ਅਮਰੀਕਾ, ਮਨ ਪੰਜਾਬ |
ਜਦੋਂ
ਟੱਬਰਾਂ ਦੇ ਟੱਬਰ ਵਿਦੇਸ਼ਾਂ ਵਿਚ ਚਲੇ ਜਾਣ ਤਾਂ 60
ਸਾਲ ਦੀ ਉਮਰ ਟੱਪ ਚੁੱਕੇ, ਰਿਟਾਇਰ ਮਾਪਿਆਂ ਲਈ ਕੋਈ ਰਾਹ ਨਹੀਂ ਰਹਿ ਜਾਂਦਾ।
ਮਜ਼ਬੂਰਨ ਵਸ ਪੰਜਬ ਛੱਡ ਕਿ ਵਿਦੇਸ਼ੀਂ ਵਸਣਾ ਪੈਂਦਾ ਹੈ। ਪੰਜਾਬ ਦੇ ਤੱਤੇ ਠੰਡੇ
ਮੌਸਮ, ਖੁੱਲੀਆਂ ਹਵਾਵਾਂ, ਬੇਰੋਕ ਮਨ ਦਾ ਵੇਗ, ਯਾਰਾਂ ਦੋਸਤਾਂ ਦੀ ਮਹਿਫਲ,
ਸਿਆਸਤ ਦੀਆਂ ਚੁੱਟਕੀਆਂ, ਛੇਵੇਂ ਦਰਿਆ ਦੀਆਂ ਚੁਸਕੀਆਂ ਤੇ
ਰਿਸ਼ਤੇਦਾਰਾਂ/ਮਿੱਤਰਾਂ ਦੇ ਦਰਸ਼ਨ ਤੋਂ ਇਕ ਦਮ ਵਾਂਝੇ ਹੋਕੇ ਦੂਰ ਦੂਰ ਤੱਕ
ਦਿਸਦੀ ਹਰਿਆਲੀ, ਸਾਫ ਸੁਥਰੇ ਰਾਹ, ਸ਼ਿਸਟਾਚਾਰ ਦੀਆਂ ਖੂਬਸੂਰਤ ਹੱਦਾਂ, ਹਰ ਗੱਲ
ਤੇ ਥੈਂਕ ਯੂ, ਆਦਿ ਮਨ ਵਿਚਲੀ ਇਕੱਲਤਾ ਨੂੰ ਦੂਰ ਨਹੀਂ ਕਰ ਸਕਦੇ। ਆਪਣੀ ਮਿੱਟੀ
ਦਾ ਮੋਹ ਤੇ ਉਸ ਵਿਚ ਆਖਰ ਸਮਾਉਣ ਦੀ ਤਮੰਨਾ ਮਨੁੱਖ ਨੂੰ ਕਾਫੀ ਹੱਦ ਤੱਕ ਤੋੜ
ਕਿ ਰੱਖ ਦੇਂਦੀ ਹੈ। ਬੇਗਾਨੀ ਧਰਤੀ ਤੇ ਸਭ ਕੁੱਝ ਹੈ ਪਰ ਪੈਰਾਂ ਹੇਠ ਜੜ੍ਹਾਂ
ਨਾ ਹੋਣ ਦਾ ਅਹਿਸਾਸ ਖਤਮ ਹੀ ਨਹੀਂ ਹੁੰਦਾ। ਰਿਸ਼ਤਿਆਂ ਦੀ ਘਾਟ ਨਹੀਂ ਪਰ
ਰਿਸ਼ਤਿਆਂ ਵਿਚ ਬੇਗਾਨਗੀ ਦਾ ਅੰਸ਼ ਰਹਿੰਦਾ ਹੈ। ਮਾਇਆ ਦੇ ਦੌਰ ਵਿਚ ਘਰਾਂ ਵਿਚ
ਵੀ ਡਰ ਬੈਠੇ ਹੋਏ ਹਨ। ਰਿਸ਼ਤੇ ਨਿੱਭ ਰਹੇ ਹਨ ਪਰ ਜਿਵੇਂ ਰਸੋਈ ਵਿਚ ਕੋਲ ਕੋਲ
ਪਏ ਭਾਂਡੇ। ਮਾੜੀ ਜਿਹੀ ਹਿੱਲਜੁਲ ਉੱਤੇ ਖ਼ੜਕ ਪੈਂਦੇ ਹਨ, ਝੱਟ ਟੁੱਟ ਜਾਂਦੇ
ਹਨ। ਦਰਦ ਦਾ ਅਹਿਸਾਸ ਹੀ ਨਹੀਂ ਹੁੰਦਾ। ਜੋ ਹੋ ਗਿਆ, ਸੋ ਹੋ ਗਿਆ। ਆਖਰ ਹਰ
ਧਰਤੀ ਦਾ ਆਪਣਾ ਪ੍ਰਕਾਸ਼ ਹੈ। ਉਸ ਵਿਚ ਇਕਮਿੱਕ ਹੋਣਾ ਆਸਾਨ ਨਹੀਂ। ਤਨ ਨੂੰ ਤਾਂ
ਸਮੋਇਆ ਜਾ ਸਕਦਾ ਹੈ ਮਨ ਨੂੰ ਨਹੀਂ। ਸੁਪਨਿਆਂ ਦੀ ਧਰਤੀ, ਨਵੇਂ ਸੁਪਨੇ ਦੇਣ ਲਗ
ਪੈਂਦੀ ਹੈ। ਬਸ ਜਿਸ ਆਸ ਨੂੰ ਲੈਕੇ ਜਾਂਦੇ ਹਨ, ਉਸੇ ਆਸ ਨੂੰ ਲੈਕੇ ਵਾਪਸੀ ਦੀ
ਉਡੀਕ ਰਹਿੰਦੀ ਹੈ।...
20/09/2011 |
|
|
|
|