|
ਮਨੁੱਖ ਦੀਆਂ ਸੇਵਾਦਾਰ |
ਧਰਤੀ ਤੇ ਮਨੁੱਖ ਆਪਣੇ ਆਪ ਨੂੰ ਸਰਵ ਸ਼੍ਰੇਸ਼ਟ
ਜੀਵ ਮੰਨਦਾ ਹੈ। ਉਹ ਚਾਹੁੰਦਾ ਹੈ ਕਿ ਬਾਕੀ ਦੇ ਸਾਰੇ ਜੀਵ ਉਸ ਦੀ ਸੇਵਾ ਵਿਚ
ਲੱਗੇ ਰਹਿਣ, ਤੇ ਜੋ ਉਸਨੂੰ ਆਪੇ ਨਹੀਂ ਦੇਂਦਾ, ਉਸ ਤੋਂ ਖੋਹ ਲੈ਼ਦਾ ਹੈ। ਸ਼ਹਿਦ
ਦੀਆਂ ਮੱਖੀਆਂ ਵੀ ਉਹਨ ਪੀੜਤ ਜੀਵਾਂ ਵਿਚੋਂ ਹਨ। ਮੱਖੀਆਂ ਦੀਆਂ ਤਕਰੀਬਨ
20,000 ਕਿਸਮਾਂ ਵਿਚੋਂ 44 ਕਿਸਮਾਂ ਹੀ ਸ਼ਹਿਦ ਪੈਦਾ ਕਰਦੀਆਂ ਹਨ। ਇਹ ਕਈ ਕਿਸਮ
ਦਾ ਸ਼ਹਿਦ ਪੈਦਾ ਕਰਦੀਆਂ ਹਨ। ਕੁਝ ਯੋਰਪ ਤੇ ਅਫਰੀਕਨ ਕਿਸਮਾਂ ਏਨਾ ਸ਼ਹਿਦ ਪੈਦਾ
ਕਰਦੀਆਂ ਹਨ ਕਿ ਮਨੁੱਖ ਦੀਆਂ ਲੋੜਾਂ ਪੂਰੀਆਂ ਹੋ ਜਾਂਦੀਆਂ ਹਨ। ਪਹਾੜਾਂ
ਵਿਚਲੀ ਚਿੱਟੀ ਮੱਖੀ ਦਾ ਸ਼ਹਿਦ ਬਹੁਤ ਗੁਣਕਾਰੀ ਗਿਣਿਆ ਗਿਆ ਹੈ। ਪਰ ਸ਼ਹਿਦ ਹਰਇਕ
ਲਈ ਗੁਣਕਾਰੀ ਨਹੀਂ ਹੁੰਦਾ, ਅਗਰ ਜਿਸ ਪਦਾਰਥ ਨਾਲ ਛੱਤੇ ਵਿਚਲੇ ਸ਼ਹਿਦ ਨੂੰ
ਢੰਕਿਆ ਹੁੰਦਾ ਹੈ, ਖਾਧਾ ਜਾਵੇ ਤਾਂ ਨੁਕਸਾਨ ਵੀ ਕਰ ਸਕਦਾ ਹੈ। ਮੱਖੀਆਂ
ਗਰਮੀਆਂ ਨਾਲੋਂ ਸਰਦੀਆਂ ਵਿਚ ਵੱਧ ਮਰਦੀਆਂ ਹਨ। ਇਸ ਲਈ ਜੰਗਲੀ ਮੱਖੀਆਂ
ਦਰੱਖਤਾਂ ਦੀਆਂ ਖੋੜ੍ਹਾਂ ਵਿਚ ਵੀ ਛੱਤੇ ਬਣਾ ਲੈਂਦੀਆਂ ਹਨ। ਇਹਨਾਂ ਦਾ ਡੰਗ
ਘੱਟ ਅਸਰ ਕਰਦਾ ਹੈ, ਇਸੇ ਲਈ ਇਹ, ਖੋੜ੍ਹਾਂ, ਚਟਾਨਾ ਦੇ ਅੰਦਰ ਜਾਂ ਕੰਢੇਦਾਰ
ਝਾੜੀਆਂ ਵਿਚ ਛੱਤੇ ਬਣਾਉਂਦੀਆਂ ਹਨ। ਇਹਨਾਂ ਦਾ ਸ਼ਹਿਦ ਥੋੜ੍ਹਾ ਪਰ ਵੱਧ
ਗੁਣਕਾਰੀ ਹੁੰਦਾ ਹੈ। ਇਹ ਗੱਲ ਵੀ ਯਾਦ ਰੱਖਣ ਵਾਲੀ ਹੈ ਕਿ ਸ਼ਹਿਦ ਜਰੂਰੀ ਨਹੀਂ
ਹਰ ਬੰਦੇ ਦੇ ਮਾਫਿਕ ਆਵੇ। ਦੁਨੀਆ ਵਿਚ ਹਾਲੇ ਕਿਸੇ ਵੀ ਥਾਂ ਤੇ ਸ਼ਹਿਦ ਦੇ ਸਹੀ
ਗੁਣਾਂ ਜਾਂ ਔਗਣਾ ਬਾਰੇ ਪੱਕੀ ਖੋਜ ਨਹੀਂ ਹੋਈ ਹੈ। ਇਸ ਲਈ ਖਾਣ ਤੋਂ ਪਹਿਲੋਂ
ਸਾਵਧਾਨੀ ਜ਼ਰੂਰ ਵਰਤ ਲੈਣੀ ਚਾਹੀਦੀ ਹੈ। (01/02/2019)
|
|
ਹੁਣ ਲੱਭਣੀ ਨਾ ਮੋਤੀਆ ਢਾਲ |
ਹਰ ਯੁੱਗ ਦੀ ਆਪਣੀ ਤਕਨੀਕ ਹੁੰਦੀ ਹੈ, ਆਪਣੀ
ਸੋਚ ਹੁੰਦੀ ਹੈ, ਆਪਣਾ ਤਰਕ ਹੁੰਦਾ ਹੈ ਤੇ ਆਪਣੀਆਂ ਲੋੜਾਂ ਅਨੁਸਾਰ ਵਸਤੂਆਂ
ਹੁੰਦੀਆਂ ਹਨ । ਜਿਵੇਂ ਹੀ ਮਨੁੱਖ ਅਗਲੇ ਯੁੱਗ ਵਿਚ ਪੈਰ ਧਰਦਾ ਹੈ, ਸਭ ਕੁਝ
ਬਦਲ ਜਾਂਦਾ ਹੈ। ਡਾਕ ਕਬੂਤਰਾਂ ਤੋਂ ਸ਼ੁਰੂ ਹੋਕੇ ਵੱਟਸਐਪ ਤਕ ਆ ਗਈ ਹੈ। ਲੜਾਈ,
ਤਲਵਾਰਾਂ, ਭਾਲਿਆਂ ਤੋਂ ਚਲਕੇ ਆਵਾਜ਼ੀ ਹੱਥਿਆਰਾਂ ਤਕ ਪਹੁੰਚ ਗਈ ਹੈ। ਸੋਚ
ਸਰਬੱਤ ਦੇ ਭਲੇ ਤੋਂ ਖਿਸਕ ਕੇ, ਆਪਣੇ ਭਲੇ ਤਕ ਸੀਮਤ ਹੋ ਗਈ ਹੈ। ਪੜੂਏ ਦੀ
ਇਤਹਾਸਿਕ ਖੋਜ, ਹਵਾ ਰਹਿਤ ਵਾਹਨਾ ਤਕ ਨੂੰ ਰੋੜ੍ਹਨ ਲੱਗ ਪਈ ਹੈ। 4–4 ਸਾਲ
ਕਾਲਜਾਂ ਲਾਉਣ ਦੀ ਥਾਂ, ਹਰ ਕਿਸਮ ਦੀ ਪੜ੍ਹਾਈ ਚਿੱਪਾਂ ਵਿਚ ਆਉਣ ਲੱਗ ਪਈ ਹੈ।
ਮਨੁੱਖ ਬਦਲ ਰਿਹਾ ਹੈ ਤੇ ਉਹਦੀਆਂ ਲੋੜਾਂ ਵੀ ਬਦਲ ਰਹੀਆਂ ਹਨ। ਲੋਕ ਧੜਾ ਧੜ ਇਹ
ਵਸਤੂਆਂ ਨਸ਼ਟ ਕਰ ਰਿਹੇ ਹਨ। ਕੀ ਸਾਨੂੰ ਇਹ ਸਭ ਕੁਝ ਸਾਂਭਣਾ ਨਹੀਂ ਚਾਹੀਦਾ ?ਇਹ
ਸੋਚਣ ਦੀ ਗੱਲ ਹੈ। ਮੇਰੇ ਖਿਆਲ ਅਨੁਸਾਰ ਸਾਨੂੰ ਇਹਨਾਂ ਨਾ ਵਰਤੋਂ ਵਾਲੀਆਂ
ਵਸਤੂਆਂ ਨੂੰ ਇਸ ਕਰਕੇ ਵੀ ਸਾਂਭਣਾ ਚਾਹੀਦਾ ਹੈ, ਕਿਉਂਕਿ ਇਹ ਸਾਡੀ ਸਮਝ ਦੀ
ਤਰੱਕੀ ਦੀ ਰਫਤਾਰ ਨੂੰ ਮਾਪਣ ਦੇ ਸਬੂਤ ਹਨ। ਤੇ ਆਉਣ ਵਾਲਾ ਭਵਿੱਖ ਕਿਹੋ ਜਿਹਾ
ਹੋਵੇਗਾ, ਇਸ ਨੂੰ ਭਾਂਪਣ ਵਿਚ ਵੀ ਇਹ ਸਹਾਈ ਹੋ ਸਕਦੇ ਹਨ।
(25/01/2019, 1075)
|
|
ਇੱਕਲੌਤਾ ਨਹੀਂ ਹੈ ਬੁੱਢਾ ਨਾਲਾ |
ਅੱਜ ਕੱਲ ਕੋਸ਼ਿਸ਼ਾਂ ਹੋ ਰਹੀਆਂ ਹਨ ਕੇ
ਲੁਧਿਆਣੇ ਦੇ ਬੁੱਢੇ ਨਾਲੇ ਨੂੰ ਸਾਫ ਕੀਤਾ ਜਾਵੇ ਕਿਉਂਕਿ ਇਸ ਦਾ ਗੰਦਾ ਪਾਣੀ,
ਲਾਗਲੇ ਪਿੰਡਾਂ ਦੇ ਵਾਸੀਆਂ ਤੇ ਫਸਲਾਂ ਲਈ ਖਤਰਨਾਕ ਹੈ। ਇਸ ਕੰਮ ਲਈ ਸਰਕਾਰ ਨੇ
ਵੀ ਇਕ ਸੰਸਥਾ ਨੂੰ ਕੁਝ ਕਰੋੜ ਰੂਪੈ ਵੀ ਦਿੱਤੇ ਹਨ। ਇਹ ਇਕ ਚੰਗੀ ਗੱਲ ਹੈ। ਪਰ
ਇਹਨਾਂ ਨਾਲਿਆਂ ਦਾ ਸੱਚ ਜਾਨਣਾ ਵੀ ਜ਼ਰੂਰੀ ਹੈ। ਇਹ ਕੋਈ ਨਵੀਂ ਸਮੱਸਿਆ ਨਹੀਂ
ਹੈ। ਮੈਨੂੰ ਯਾਦ ਹੈ, ਪ੍ਰਦੂਸ਼ਣ ਬੋਰਡ ਨੇ 1987 ਵਿਚ ਇਸਤੇ ਇਕ ਫਿਲਮ ਮੇਰੇ
ਕੋਲੋਂ (ਸੇਵਾ ਭਾਵਨਾ) ਬਣਾ ਕੇ ਉਹਨਾ ਥਾਵਾਂ ਦੀ ਸ਼ਨਾਖਤ ਕੀਤੀ ਸੀ, ਜਿੱਥੋਂ
ਪ੍ਰਦੂਸ਼ਣ ਸ਼ੁਰੂ ਹੁੰਦਾ ਹੈ। ਕਮਾਲ ਦੀ ਗੱਲ ਹੈ ਕੇ 30 ਸਾਲ ਬਾਅਦ ਵੀ ਕਾਰਣ ਉਹੀ
ਹੈ। ਜੋ ਕਾਰਖਾਨੇ ਉਦੋਂ ਗੰਦ ਪਾਉਂਦੇ ਸਨ, ਅੱਜ ਵੀ ਉਹੀ ਹਨ। ਸਿਆਸੀ ਦਬਾਅ
ਕਰਕੇ 30 ਸਾਲ ਤੋਂ ਉਹਨਾ ਤੇ ਬਣਦੀ ਕਾਰਵਾਈ, ਨਾ ਬਿਜਲੀ ਬੋਰਡ ਕਰ ਸਕਿਆ ਤੇ ਨਾ
ਹੀ ਪ੍ਰਦੂਸ਼ਣ ਬੋਰਡ। ਪਰ ਇਹ ਮਸਲਾ ਸਿਰਫ ਬੁੱਢੇ ਨਾਲੇ ਤਕ ਹੀ ਸੀਮਤ ਨਹੀਂ,
ਪੰਜਾਬ ਵਿਚ 33 ਹੋਰ ਵੱਡੇ ਨਾਲੇ ਤੇ 40 ਦੇ ਕਰੀਬ ਛੋਟੇ ਨਾਲੇ ਤਿੰਨ ਦਰਿਆਵਾਂ
ਵਿਚ ਪੈਂਦੇ ਹਨ। ਜਿਵੇਂ, ਸਤਲੁਜ ਵਿਚ 12 ਨਾਲੇ– ਮਹਿਮੂਦਪੁਰ, ਚਰਨ, ਰਾਹੋਂ,
ਫੰਬਰਾਂ, ਥੀਓਂਗ, ਧੈਨੀਂ, ਕੋਟ ਬਾਦਲ, ਬੁੱਢਾ ਨਾਲਾ, ਪੂਰਬੀ ਵੇਈਂ, ਪੱਛਮੀ
ਵੇਈਂ, ਚਮਕੌਰ–ਮਾਛੀਵਾੜਾ, ਤੇ ਕਰਿਸ਼ਨਾਪੁਰ। ਬਿਆਸ ਦਰਿਆ ਵਿਚ 13 ਨਾਲੇ, ਜਿਵੇਂ
ਚੱਕੀ, ਘੁਰਲ, ਗਾਜ਼ੀ, ਮਨਸਰ, ਕਾਹਨੂੰਵਾਂ, ਟਾਂਡਾ ਰਾਮ ਸਹਾਏ, ਸੇਵਾ ਨਾਲਾ,
ਸਦਰਪੁਰ, ਲੌਂਗਰ ਚੋਅ, ਦਸੂਹਾ, ਸਠਿਆਲਾ, ਧੀਰੋਵਾਲ ਤੇ ਨੁਸ਼ਿਹਰਾ। ਇਸੇ
ਤਰਾਂ ਰਾਵੀ ਵਿਰ ਨੌਮਨੀ ਨਾਲਾ। ਘੱਗਰ ਦਾ ਤਾਂ ਪੁੱਛੋ ਨਾ, 7 ਨਾਲਿਆਂ
ਰੱਲ ਕਿ, ਪਟਿਆਲਾ ਨਦੀ, ਜੰਬੋਵਾਲ, ਲਹਿਰਾ ਗਾਗਾ, ਧਨਾਕਸੂ, ਸਰਹੰਦ, ਮੀਰਾਪੁਰ
ਚੋਅ ਤੇ ਝਰਾਮਲ ਨਦੀ ਨੇ ਤਾਂ ਘੱਗਰ ਨੂੰ ਨਦੀ ਤੋਂ ਨਾਲਾ ਬਣਾ
ਦਿੱਤਾ ਹੈ। ਇਸੇ ਤਰਾਂ 40 ਦੇ ਕਰੀਬ ਹੋਰ ਛੋਟੇ ਨਾਲੇ ਹਨ ਜੋ ਸਰਕਾਰ ਦਾ ਧਿਆਨ
ਮੰਗਦੇ ਹਨ। ਅੱਜ ਲੋੜ ਹੈ ਕੇ ਪੰਜਾਬੀਆਂ ਦੀ ਸਿਹਤ ਅਤੇ ਧਰਤੀ ਦੀ ਬਰਬਾਦੀ ਨੂੰ
ਰੋਕਣ ਲਈ ਇਕ ਵਿਸਥਾਰਤ ਯੋਜਨਾ ਬਣਾਈ ਜਾਵੇ ਤੇ ਸਖਤੀ ਨਾਲ ਲਾਗੂ ਕੀਤੀ ਜਾਵੇ ।
ਕਿਤੇ ਇਹ ਨਾ ਹੋਵੇ ਕੇ ਇਕਾ ਦੁੱਕਾ ਹੰਭਲੇ ਸਿਰਫ, ਧਨ ਤੇ ਸਮੇਂ ਦੀ ਬਰਬਾਦੀ ਹੀ
ਨਾ ਹੋ ਨਿਬੜਨ। (17/01/2019)
|
|
ਖੂਬਸੂਰਤ ਪੰਜਾਬ |
ਅੱਜ ਕੱਲ ਇਹੋ ਜਿਹਾ ਮੌਸਮ ਹੈ ਕਿ ਪੰਜਾਬ ਦੇ
ਖੇਤਾਂ ਵਿਚ ਮਹਿਕ ਖਿੱਲਰੀ ਪਈ ਹੈ। ਹਰੀ ਕਚੂਰ ਕਣਕ, ਜਿੱਥੇ ਸੁਪਨੇ
ਸਿਰਜ ਰਹੀ ਹੈ। ਉੱਥੇ ਹੀ ਅੱਖਾਂ ਨੂੰ ਸੁੱਖਦ ਆਰਾਮ ਵੀ ਦੇ ਰਹੀ ਹੈ।
ਰੋਜ਼ਾਨਾ ਜਿਵੇਂ ਹੀ ਧੁੰਦ ਛੱਟਦੀ ਹੈ, ਹਰਾ ਰੰਗ ਆਪਣੇ ਜੋਬਨ ਤੇ ਆ
ਜਾਂਦਾ ਹੈ। ਕਣਕ ਦੀ ਹਰਿਆਲੀ ਦਾ ਮੁਕਾਬਲਾ, ਆਲੂਆਂ ਦੇ ਨਾਲ ਫੱਸਵਾਂ ਹੈ।
ਦੋਵੇਂ ਫਸਲਾਂ, ਸਮਾਜ ਵਿਚ ਵਾਪਰ ਰਹੀ ਸਿਆਸੀ ਤੇ ਆਰਥਿਕ ਉੱਥਲ ਪੁੱਥਲ ਤੋਂ ਬੇ
ਖਬਰ ਹਨ। ਦੋਵਾਂ ਨੇ ਹੀ ਮੰਡੀਆਂ ਵਿਚ ਬੁਰੇ ਦਿਨ ਵੇਖਣੇ ਹਨ, ਇਹਨਾਂ ਨੂੰ ਇਸਦੀ
ਭਿਣਕ ਵੀ ਨਹੀਂ, ਪਰ ਫੇਰ ਵੀ ਇਹ ਆਸ ਤੇ ਖੂਬਸੂਰਤੀ ਬਿਖੇਰ ਰਹੀਆਂ ਹਨ। ਇਹਨਾਂ
ਵਿਚ ਖੜ੍ਹੀ ਕਮਾਦ ਦੀ ਫਸਲ, ਆਪਣੇ ਵਿਚਲੇ ਮਿੱਠੇ ਦੇ ਕਣਾਂ ਨੂੰ ਸਿਖਰ ਤੇ ਲਈ
ਬੈਠੀ ਹੈ। ਇਸ ਮੌਸਮ ਵਿਚ ਨਿੱਕਲਿਆ ਗੁੜ ਸਭ ਤੋਂ ਉੱਤਮ ਹੁੰਦਾ ਹੈ। ਮੂਲੀਆਂ,
ਸ਼ਲਗਮ ਤੇ ਪਿਆਜ਼, ਸੁਆਦ ਦੀ ਉੱਤਲੀ ਪੌੜੀ ਤੇ ਹੁੰਦੇ ਹਨ। ਕੁਲ ਮਿਲਾ ਕੇ ਇਹ
ਮੌਸਮ, ਖੇਤਾਂ ਨਾਲ ਪਿਆਰ ਕਰਨ ਦਾ ਸਮਾਂ ਹੈ। (11/01/2019)
|
|
ਭੁੱਖ ਤਾਂ ਲੱਗੇ ਸਭ ਨੂੰ |
ਹਰ ਜੀਵ ਜੰਤੂ ਨੂੰ ਜੀਵਤ ਰਹਿਣ ਲਹੀ ਭੋਜਨ
ਦੀ ਤਲਾਸ਼ ਕਰਨੀ ਪੈਂਦੀ ਹੈ। ਇਹੋ ਕਾਰਣ ਹੈ ਕਿ ਲੱਖਾਂ ਪੰਛੀ ਤੇ ਮਨੁੱਖ,
ਹਜ਼ਾਰਾਂ ਮੀਲ ਚੱਲਕੇ, ਚੋਗ ਲੱਭਣ ਲਈ ਉਡਾਰੀਆਂ ਲਾਉਂਦੇ ਹਨ। ਮਨੁੱਖ ਸਣੇ ਇਹ ਇਸ
ਤਲਾਸ਼ ਵਿਚ ਰਹਿੰਦੇ ਹਨ ਕਿ, ਕਿਹੜੀ ਧਰਤੀ, ਉਹਨਾਂ ਦਾ ਮਨਪਸੰਦ ਚੋਗ ਪੈਦਾ ਕਰਦੀ
ਹੈ। ਇੰਝ ਕਰਨਾ ਹਰ ਜੀਵ ਦੀ ਲੋੜ ਵੀ ਹੈ ਤੇ ਹੱਕ ਵੀ। ਆਪਣੇ ਘਰਾਂ ਵਿਚ
ਦੋ–ਚਾਰ–ਛੇ ਕਬੂਤਰ ਅਸੀਂ ਆਮ ਹੀ ਦੇਖਦੇ ਹਾਂ, ਜੋ ਸਾਡੇ ਬਨੇਰਿਆਂ ਤੇ ਬੈਠੇ
ਹੁੰਦੇ ਹਾਂ। ਪਰ ਇਸ ਸੁੱਕਣੀ ਪਾਈ ਕਣਕ ਤੇ, ਇਹ ਦਰਜਨਾਂ ਪੰਛੀ ਕਿੱਥੋਂ ਆ ਗਏ?
ਮਨੁੱਖ ਨੂੰ ਕਿਤੇ ਕੁੱਝ ਲੱਭ ਪਵੇ ਤਾਂ ਉਹ ਕਿਸੇ ਦੂਸਰੇ ਨੂੰ ਦੱਸਦਾ ਹੀ ਨਹੀਂ,
ਤੇ ਜੇ ਕਿਤੇ ਕੱਠੇ ਹੋ ਵੀ ਜਾਣ ਤਾਂ ਇਕ ਦੂਜੇ ਨਾਲ ਧੱਕਾ ਮੁੱਕੀ ਤੋਂ ਲੈ ਕੇ
ਮਾਰਨ ਤੱਕ ਜਾਂਦਾ ਹੈ। ਅਸੀਂ ਪਤਾ ਨਹੀਂ ਕਿਉਂ? ਆਪਣੇ ਆਲੇ ਦੁਆਲੇ ਦੇ ਪੰਛੀਆਂ
ਤੋਂ ਵੀ ਨਹੀਂ ਸਿੱਖਦੇ । ਦੇਖੋ ਕਿੰਨੇ ਪੰਛੀ, ਆਪਸੀ ਸਹਿਯੋਗ ਨਾਲ ਅਚਾਨਕ ਮਿਲੇ
ਭੋਜਨ ਲਈ, ਨਾਲੇ ਤਾਂ ਸੈਨਤਾਂ ਨਾਲ ਹੋਰਨਾਂ ਨੂੰ ਸੱਦ ਲਿਆਏ, ਨਾਲੇ ਕਿਵੇਂ
ਆਰਾਮ ਨਾਲ ਗੁੱਲਛਰੇ ਉੱਡਾ ਰਹੇ ਹਨ। ਉਹ ਮਨੁੱਖੋ, ਕੁੱਝ ਤਾਂ ਪੰਛੀਆ
ਤੋਂ ਸਿੱਖੋ, ਕਿਉਂ ਐਵੇਂ ਲੜ ਲੜ ਮਰੀ ਜਾਂਦੇ ਹੋ । (30/12/2018)
|
|
ਪਿੰਡਾਂ ਦੀ ਹੋਂਦ ਨੂੰ ਖਤਰਾ |
ਸਮੇਂ ਨਾਲ ਪਿੰਡਾਂ ਦਾ ਰੂਪ ਬਦਲ ਰਿਹਾ ਹੈ।
ਹੁਣ ਪਿੰਡਾਂ ਵਿਚ "ਉਹ ਗੱਲ" ਨਹੀਂ ਰਹਿ ਗਈ। ਪਿੰਡ ਬੜੀ ਤੇਜ਼ੀ ਨਾਲ ਕਸਬਿਆਂ
ਵਿਚ ਤੇ ਕਸਬੇ ਸ਼ਹਿਰ ਬਣਦੇ ਜਾ ਰਹੇ ਹਨ। ਅਧੁਨਿਕਤਾ ਦੀ ਹਨ੍ਹੇਰੀ ਨੇ ਪਿੰਡਾਂ
ਤੋਂ ਬਹੁਤ ਕੁਝ ਖੋਹ ਲਿਆ ਹੈ, ਸਾਫ ਹਵਾ, ਮਿੱਠਾ ਪਾਣੀ, ਸਹਿਜ ਸੁਭਾਅ ਤੇ
ਭਾਈਚਾਰਾ, ਬਹੁਤ ਹੀ ਬੁਰੀ ਤਰ੍ਹਾਂ ਪ੍ਰਭਾਵਤ ਹੋਏ ਹਨ। ਮੂਲ ਰੂਪ ਵਿਚ ਜੇ ਇਹ
ਜਾਣ ਲਿਆ ਜਾਵੇ ਕਿ ਪਿੰਡ ਹੁੰਦਾ ਕੀ ਸੀ ਤੇ ਬੱਝਦਾ ਕਿਵੇਂ ਸੀ ਤਾਂ ਪਿੰਡਾ ਦਾ
ਕੁੱਝ ਬਚਾਅ ਹੋ ਸਕਦਾ ਹੈ। ਪੁਰਾਤਨ ਸਮੇਂ ਵਿਚ ਜਦ ਧਰਤੀ ਨੂੰ ਆਬਾਦ ਕਰਨ ਦੀ
ਲੋੜ ਹੁੰਦੀ ਸੀ ਤਾਂ ਪਿੰਡ ਦੇ ਹਰ ਪਰਿਵਾਰ ਚੋਂ ਇਕ ਇਕ ਜੀਅ ਨੂੰ ਨਵੇਂ ਪਿੰਡ
ਵਿਚ ਵਸਣ ਲਈ ਭੇਜ ਦਿੱਤਾ ਜਾਂਦਾ ਸੀ, ਹਰ ਜਾਤੀ ਤੇ ਕਿਰਤੀ ਪਰਿਵਾਰ ਵਿਚੋਂ ਵੀ
ਇਕ ਇਕ ਜੀਅ ਨਵੇਂ ਪਿੰਡ ਦਾ ਹਿੱਸਾ ਬਣਦੇ ਸਨ। ਇਹੋ ਕਾਰਣ ਸੀ ਕਿ ਸਾਰੇ ਇਕ
ਦੂਜੇ ਨਾਲ ਸਾਂਝ ਰੱਖਦੇ ਤੇ ਨਿਰਭਰ ਹੁੰਦੇ ਸਨ । ਇਹ ਸਿਲਸਲਾ ਉਦੋਂ ਤਕ ਠੀਕ
ਚਲਦਾ ਰਿਹਾ ਜਦ ਤਕ ਆਜੋਕੀਆਂ ਸਿਆਸੀ ਪਾਰਟੀਆਂ ਨੇ ਪਿੰਡ ਦੇ ਲੋਕਾਂ ਵਿਚ
ਧੜੇਬੰਦੀ ਪੈਦਾ ਨਹੀਂ ਸੀ ਕੀਤੀ। ਅੱਜ ਆਰਥਿਕ ਤਮੰਨਾਵਾਂ, ਸਰੀਰਕ ਸੁੱਖ ਦੀ
ਭਾਲ, ਦੂਜੇ ਨਾਂਲ ਕਿੜਾਂ ਰੱਖਣਾ, ਤੇ ਚੌਧਰ ਦੀ ਭੁੱਖ, ਸਭ ਰਲ ਕੇ ਪਿੰਡਾਂ ਦੀ
ਹੋਂਦ ਲਈ ਵੱਡਾ ਖਤਰਾ ਬਣੇ ਹੋਏ ਹਨ। ਇਸ ਮੁਸ਼ਕਲ ਦੀ ਘੜੀ ਲਈ ਅਸੀਂ ਆਪ ਹੀ
ਜ਼ਿਮੇਵਾਰ ਹਾਂ, ਕਿਸੇ ਨੂੰ ਦੋਸ਼ ਕੀ ਦੇਈਏ । (21/12/2018)
|
|
ਚਲੋ ਕੁੱਝ ਸੁਣੀਏ |
ਗੀਤ ਸੰਗੀਤ ਪੰਜਾਬੀਆ ਦੀ ਰੂਹ ਦੀ ਖੁਰਾਕ
ਹੈ। ਜਨਮ ਤੋਂ ਲੈ ਕੇ ਮਰਨ ਤਕ ਹਰ ਮੌਕੇ ਤੇ ਗੀਤ ਹਨ। ਪੰਜਾਬੀਆ ਦੇ ਤਾਂ
ਧਰਮ ਵੀ ਸੰਗੀਤ ਵਿਚ ਪਰੋਏ ਹੋਏ ਹਨ। ਹਰ ਉਮਰ ਦੇ ਗੀਤ ਅਲੱਗ ਅਲੱਗ ਹਨ। ਇੱਥੋਂ
ਤਕ ਕੇ ਸਾਜ਼ ਵੀ ਉਮਰ ਦੀਆਂ ਸੁਰਾਂ ਅਨੁਸਾਰ ਹਨ। ਬਚਪਨ, ਜਵਾਨੀ, ਅੱਧਖੜ ਤੇ
ਬੁਢਾਪੇ ਦਾ ਸੰਗੀਤ ਤੇ ਸ਼ਬਦ ਵਿਲੱਖਣ ਰੰਗ ਬਿਖੇਰਦੇ ਹਨ। ਕੁੱਲ 51 ਸਾਜ਼ ਇਹ
ਕਾਰਜ ਨਿਭਾਉਂਦੇ ਹਨ। ਪਰ ਪਤਾ ਨਹੀਂ ਕਿਹੋ ਜਿਹੀ ਵਾਅ ਚੱਲੀ ਹੈ ਕਿ ਅੱਜ ਸਿਰਫ
ਤੇ ਸਿਰਫ ਰੁਮਾਂਸਵਾਦ ਹੀ ਭਾਰੂ ਹੋ ਗਿਆ ਹੈ। ਸ਼ੋਰ ਨਾਲ ਪੈਰ ਹੀ ਥਿੜਕਦੇ ਹਨ,
ਦਿਲ ਦਾ ਕੋਈ ਲੈਣਾ ਦੇਣਾ ਨਹੀਂ ਰਹਿ ਗਿਆ। ਬਚਪਨ, ਅੱਧਖੜ ਤੇ ਬੁਢਾਪੇ ਦਾ
ਸੰਗੀਤ ਆਲੋਪ ਹੋ ਗਿਆ ਹੈ। ਢੋਲ ਦੇ ਸ਼ੋਰ ਵਿਚ ਸਰੰਗੀ ਤੇ ਹੋਰ ਕਈ ਕੁੱਝ ਗੁਆਚ
ਗਿਆ, ਹੋਰ ਤਾਂ ਹੋਰ ਢੋਲ ਦਾ ਪੁੜਾ ਵੀ ਖੱਲ ਦੀ ਥਾਂ ਟੀਨ ਦਾ ਹੋ ਗਿਆ ਹੈ।
ਉੱਤੋਂ ਖੁੰਬਾਂ ਵਾਂਗ ਉੱਗੇ ਗਾਇਕਾਂ ਚੋਂ ਟਾਵੇਂ ਟਾਵੇਂ ਨੂੰ ਹੀ ਕੋਈ ਸਾਜ਼
ਵਜਾਉਣਾ ਆਉਂਦਾ ਹੋਵੇਗਾ। ਇਸ ਸ਼ੋਰ ਦੀ ਦੌੜ ਵਿਚ, ਬੋਹੜਾਂ ਥੱਲੇ ਅਖਾੜੇ ਲਾਉਣ
ਦੀ ਕਿਸੇ ਕੋਲ ਹਿੰਮਤ ਹੀ ਕਿੱਥੇ ਹੈ ? ਹੋ ਸਕਦਾ ਇਸ ਸਭ ਕਾਸੇ ਤੋਂ ਅੱਕੇ ਹੋਏ
ਲੋਕ, ਪਿੰਡਾਂ ਵਿਚ ਮੁੜ ਗੌਣ ਮੰਡਲੀਆਂ ਪੈਦਾ ਕਰ ਲੈਣ। (13/12/2018)
|
|
ਜਿੰਨ੍ਹਾਂ ਕੰਮ ਕਰਨਾ ਹੁੰਦੈ |
ਅਸੀਂ ਪੰਜਾਬੀ ਖੇਤੀ ਤਾਂ ਕਰਦੇ ਹਾਂ, ਪਰ ਇਸ
ਪ੍ਰਤੀ ਸਾਡਾ ਵਤੀਰਾ, ਗੈਰ ਸੰਜੀਦਾ ਹੈ। ਅਸੀਂ ਖੇਤੀ ਉਪਜ ਨੂੰ ਦੂਜਿਆਂ ਦੇ
ਰਹਿਮ ਤੇ ਛੱਡ ਦੇਂਦੇ ਹਾਂ। ਖੇਤੀ ਨੂੰ ਅਸੀਂ ਕਦੀ ਵੀ ਵਪਾਰ ਨਹੀਂ ਸਮਝਦੇ ਤੇ
ਬਜ਼ਾਰ ਦੀਆਂ ਲੋੜਾਂ ਨੂੰ ਜਾਨਣ ਦੀ ਕੋਸ਼ਿਸ਼ ਹੀ ਨਹੀਂ ਕਰਦੇ। ਆਪਣੀ ਇਸ ਨਾਸਮਝੀ
ਨੂੰ ਲੁਕਾਉਣ ਲਈ ਸਾਡੇ ਕੋਲ ਸੌ ਬਹਾਨੇ ਹਨ। ਜੇ ਹੋਰ ਕੁਝ ਨਾ ਸੁੱਝੇ ਤਾਂ,
ਵਿਆਹ ਸ਼ਾਦੀ ਜਾਂ ਭੋਗ ਦਾ ਬਹਾਨਾ ਤਾਂ ਵੱਟ ਤੇ ਪਿਆ ਹੈ। ਪਰ ਇੱਥੇ ਹੀ ਪਿਆਰਾ
ਸਿੰਘ ਵਰਗੇ ਕੁਝ ਇਹੋ ਜਿਹੇ ਲੋਕ ਵੀ ਹਨ, ਜਿਹਨਾਂ ਦੀ ਆਪਣੀ ਪੈਲੀ ਭਾਵੇਂ ਘੱਟ
ਹੀ ਹੋਵੇ, ਪਰ ਠੇਕੇ ਤੇ ਦਰਜਨਾਂ ਖੇਤ ਲੈ ਲੈਂਦੇ ਹਨ। ਇਹ ਲੁਧਿਆਣੇ ਸ਼ਹਿਰ ਦੇ
ਲਾਗੇ, ਆਏ ਸਾਲ ਤੋਰੀਆ ਬੀਜਦੇ ਹਨ ਤੇ ਪੰਜ ਜਾਂ ਛੇ ਪੱਠਿਆਂ ਦੇ ਲੌਅ ਲੈ ਲੈਂਦੇ
ਹਨ। ਇੰਝ ਰਵਾਇਤੀ ਫਸਲਾਂ ਨਾਲੋਂ ਕਮਾਈ ਵੀ ਵੱਧ ਹੁੰਦੀ ਹੈ ਤੇ ਲੋੜ ਅਨੁਸਾਰ
ਭਾਅ ਵੀ ਆਪੇ ਘੱਟ ਵੱਧ ਕਰ ਲੈਂਦੇ ਹਨ। ਇਲਾਕੇ ਵਿਚ ਸੈਂਕੜੇ ਏਕੜ ਤੋਰੀਏ ਦੇ
ਫੁੱਲਾਂ ਕਰਕੇ ਸ਼ਹਿਦ ਵੀ ਵੱਧ ਤੇ ਵਧੀਆ ਬਣਦਾ ਹੈ। ਇਹ ਤਾਂ ਇਕ ਉਦਾਹਰਣ ਹੈ। ਹਰ
ਕਿਸਾਨ, ਥੋੜੀ ਆਲੇ ਦੁਆਲੇ ਪੁੱਛ ਤਾਛ ਕਰਕੇ, ਆਪਣੇ ਆਪਣੇ ਇਲਾਕੇ ਵਿਚ, ਕਾਮਯਾਬ
ਹੋ ਸਕਦਾ ਹੈ। (08/12/2018)
|
|
ਰੇਤ ਦੇ ਜਹਾਜ਼ਾਂ ਨਾਲ |
ਇਹ ਦੁਨੀਆ, ਸਣੇ ਪੰਜਾਬ, ਰੇਤ ਦੀ ਬਣੀ ਹੁੰਦੀ ਸੀ। ਚਾਰੇ ਪਾਸੇ ਰੇਤਾ ਹੀ
ਰੇਤਾ। ਇਸ ਰੇਤ ਨੂੰ ਚੀਰ ਕੇ ਜੇ ਕੋਈ ਲੰਘਣ ਦੀ ਸਮਰੱਥਾ ਰੱਖਦਾ ਸੀ ਤਾਂ, ਉਹ
ਸਿਰਫ ਊਠ ਉਰਫ ਊਂਠ ਉਰਫ ਬੋਤਾ ਹੀ ਹੁੰਦਾ ਸੀ। ਪੰਜਾਬ ਵਿਚ ਊਠ ਆਮ ਮਿਲ ਜਾਂਦੇ
ਸਨ, ਹਰ ਪਿੰਡ ਦੇ ਕਈ ਘਰਾਂ ਵਿਚ ਹੁੰਦੇ ਸਨ। ਖੇਤੀ ਦੇ ਕੰਮਾਂ ਤੋਂ ਇਲਾਵਾ,
ਇਹਨਾਂ ਦੀਆਂ ਅੱਖਾਂ ਤੇ ਖੋਪੇ ਬੰਨ ਕੇ ਹਲਟ ਤੇ ਜੋੜੇ ਜਾਂਦੇ ਸਨ। ਪਰ 70ਵੇਂਆ
ਤੋਂ ਬਾਅਦ ਇਹ ਪੰਜਾਬ ਚੋਂ ਖਤਮ ਹੋਣੇ ਸ਼ੁਰੂ ਹੋ ਗਏ। ਜਿਵੇਂ ਜਿਵੇਂ ਬੇਲੋੜੇ
ਟਰੈਕਟਰ ਵੱਧਦੇ ਗਏ, ਊਠ ਰਾਜਸਥਾਨ ਵੱਲ ਨੂੰ ਧੱਕੇ ਗਏ। ਹੁਣ ਤਾਂ ਇਹਨਾਂ ਦੀ
ਲੋੜ ਉੱਥੇ ਵੀ ਘੱਟਦੀ ਜਾ ਰਹੀ ਹੈ। ਪੁਸ਼ਕਰ ਦਾ ਮਸ਼ਹੂਰ ਮੇਲਾ ਕਦੇ ਸਿਰਫ
ਊਠਾਂ ਕਰਕੇ ਭਰਦਾ ਸੀ। ਪਰ ਅਜਕੱਲ ਉੱਥੇ ਵੀ ਘੋੜੀਆਂ ਤੇ ਹੋਰਨਾਂ ਪਸ਼ੂਆਂ
ਦੇ ਸੌਦੇ ਜ਼ਿਆਦਾ ਹੁੰਦੇ ਹਨ। ਵਪਾਰੀ ਮੰਨਦੇ ਹਨ ਕਿ ਊਠ ਖਰੀਦਣ ਵਾਲਿਆਂ
ਨਾਲੋਂ ਵੇਚਣ ਵਾਲੇ ਜ਼ਿਆਦਾ ਹੁੰਦੇ ਹਨ। ਖੇਤੀਬਾੜੀ ਦਾ ਮਸ਼ੀਨੀਕਰਨ ਇਕ ਦਿਨ
ਇਹਨਾਂ ਨੂੰ ਵੀ ਲੋਕਾਂ ਚੋਂ ਖਤਮ ਕਰਕੇ, ਸਿਰਫ ਅਜਾਇਬ ਘਰਾਂ ਜੋਗੇ ਕਰ ਦੇਵੇਗਾ।
ਹੋ ਸਕਦਾ, ਪੰਜਾਬੀ ਕੈਦਿਆ ਵਿਚੋਂ ਵੀ, ਊੜਾ–ਊਠ ਬਦਲਣਾ ਪੈ ਜਾਵੇ ।
(01/12/2018)
|
|
ਪਰਾਲੀ ਪੜੂੰਆਂ ਵਾਲੀ |
'ਅੱਗ ਨਾ ਲਾਓ' ਦੇ ਸ਼ੋਰ ਨੇ, ਕਾਫੀ ਲੋਕਾਂ
ਨੂੰ ਸੁਚੇਤ ਤਾਂ ਕੀਤਾ ਹੈ ਪਰ ਅੱਜ ਵੀ ਖੇਤੀ ਅਦਾਰੇ ਤੇ ਸਰਕਾਰ, ਇਸਦਾ ਠੋਸ ਤੇ
ਵਾਜਬ ਬਦਲ ਦੇਣ ਦੇ ਕਾਬਲ ਨਹੀਂ ਹੋਏ। ਸਾਰਾ ਜ਼ੋਰ ਭਾਰੀ, ਮਹਿੰਗੀਆਂ
ਮਸ਼ੀਨਾਂ ਵਰਤ ਕੇ ਪਰਾਲੀ ਨੂੰ ਜ਼ਮੀਨ ਵਿਚ ਵਾਹੁਣ ਤੇ ਲੱਗਾ ਹੋਇਆ ਹੈ। ਕੋਈ
ਕਿਸਾਨ ਨੂੰ ਨਹੀਂ ਪੁੱਛਦਾ ਕਿ ਆਖਰ ਉਹ ਇਹ ਕਿਉਂ ਨਹੀਂ ਕਰਦਾ। ਪਹਿਲੀ ਗੱਲ ਇਹ
ਇਕ ਮਹਿੰਗਾ ਕਾਰਜ ਹੈ, ਮਸ਼ੀਨਰੀ ਦੀ ਕੀਮਤ ਤੇ ਕੋਈ ਕੰਟਰੋਲ ਨਹੀਂ ਤੇ ਨਾ ਹੀ
ਕੋਈ ਕੁਆਲਟੀ ਮਾਪਦੰਡ ਹਨ। ਕਿਰਾਏ ਤੇ ਵੀ ਮਹਿੰਗੀ ਪੈਂਦੀ ਹੈ। 4,000 ਦੇ ਕਰੀਬ
ਪ੍ਰਤੀ ਖੇਤ ਖਰਚਾ ਹੈ। ਜੋ 5–10 ਖੇਤਾਂ ਵਾਲੇ ਕਿਸਾਨ ਨੂੰ ਚੁੱਭਦਾ ਹੈ।
ਦੂਸਰਾ, ਪਰਾਲੀ ਵਿਚਲਾ ਸਿਲਕਾ ਆਦਿ ਜਿਹੇ ਸਖਤ (ਇਨਅਰਟ) ਤੱਤ ਲੰਮੇ
ਸਮੇਂ ਵਿਚ ਧਰਤੀ ਖਰਾਬ ਕਰ ਸਕਦੇ ਹਨ। ਪਰ ਇਸਦਾ ਮਤਲਬ ਇਹ ਨਹੀਂ ਕਿ ਕੁਝ ਹੋ
ਨਹੀਂ ਸਕਦਾ। ਪਰਾਲੀ ਤੋਂ ਗੱਤਾ ਤਾਂ (1987–2014) ਮੈਂ ਖੁੱਦ ਬਣਾਉਂਦਾ ਰਿਹਾ
ਹਾਂ। ਪਰਾਲੀ ਤੋਂ ਸਭ ਤੋਂ ਪਹਿਲੀ, ਫਿਊਲ ਗੋਲੀ (1993) ਵੀ ਮੈਂ ਬਣਾਈ ਸੀ।
ਹੁਣ ਖੰਨੇ ਕੋਲ ਕਿਸੇ ਨੇ ਪਰਾਲੀ ਤੋਂ ਕੋਲੇ ਦੀ ਫੈਕਟਰੀ ਲਗਾਈ ਹੈ , ਜਿਹਨਾਂ
ਨੇ ਕਿਸਾਨਾਂ ਤੋਂ ਖੇਤਾਂ ਚੋਂ ਕੋਈ ਵੀ ਖਰਚਾ ਲਏ ਬਗੈਰ ਪਰਾਲੀ ਕੱਠੀ ਕੀਤੀ ਹੈ।
ਪਰਾਲੀ ਦੇ ਕੋਲੇ ਦੀ ਜਲੱਣਸ਼ੀਲਤਾ ਅੰਕ 5,200 ਹੈ ਜਦ ਕਿ ਭਾਰਤੀ ਕੋਲੇ ਦਾ ਅੰਕ
3,500 ਹੈ। ਵਿਦੇਸ਼ੀ ਕੋਲੇ ਦਾ ਅੰਕ 6,500 ਦੇ ਕਰੀਬ ਹੈ। ਇਸ ਲਈ ਇਹ ਇਕ ਚੰਗੇ
ਸਮੇਂ ਦਾ ਸੂਚਕ ਹੈ। ਇਸੇ ਤਰ੍ਹਾਂ ਅਬੋਹਰ ਵਿਚ ਇਕ ਕੰਪਨੀ, ਪਰਾਲੀ ਤੋਂ ਖਾਦ
ਵਗੈਰਾ ਬਨਾਉਣ ਵਿਚ ਕਾਮਯਾਬ ਹੋ ਚੁੱਕੀ ਹੈ। ਪਰ ਇਹ ਸਭ ਕੁਝ ਹਾਲੇ ਕਾਫੀ ਨਹੀਂ।
ਉਮੀਦ ਹੈ, ਆਉਣ ਵਾਲਾ ਭਵਿੱਖ ਰੋਸ਼ਨ ਹੋਵੇਗਾ, ਤੇ ਇਹ ਕਰਨਾ ਵੀ ਲੋਕਾਂ ਨੇ ਆਪ
ਹੀ ਹੈ। (23/11/2018)
|
|
ਬਦਲ ਰਿਹਾ ਪੰਜਾਬ |
ਬਦਲਾਓ ਕੁਦਰਤ ਦਾ ਅਸੂਲ ਹੈ। ਚੰਗਾ ਹੈ ਜਾਂ ਮਾੜਾ, ਇਹ ਤਾਂ ਹਰ ਕਿਸੇ ਦੀ
ਦੂਰ ਦ੍ਰਿਸ਼ਟੀ ਦੀ ਸੋਚਣ ਸ਼ਕਤੀ ਤੇ ਨਿਰਭਰ ਕਰਦਾ ਹੈ। ਅੱਜ ਪੁਰਾਣੀ ਪੰਜਾਬੀ
ਦਿੱਖ ਵਿਚ ਵੱਡਾ ਰੂਪਕ ਬਦਲਾਓ ਆ ਰਿਹਾ ਹੈ। ਇਤਿਹਾਸ ਦੱਸਦਾ ਹੈ ਕਿ ਪੰਜਾਬੀ
5,000 ਪਹਿਲੋਂ ਯੂਰਪ ਦੇ ਉੱਤਲੇ ਦੇਸ਼ਾ ਤੋਂ, ਨਵੇਂ ਜੀਵਨ ਦੀ ਭਾਲ ਵਿਚ
ਇੱਥੇ ਆਏ ਸਨ। ਕਿਆ ਇਤਫਾਕ ਹੈ ਕਿ ਉਹਨਾਂ ਦੇਸ਼ਾਂ ਦੇ ਲੋਕ ਵੀ ਅੱਜ ਨਵੀਆਂ
ਧਰਤੀਆਂ ਤੇ ਜਾ ਰਿਹੇ ਹਨ ਤੇ ਬਿਲਕੁਲ ਉਹਨਾਂ ਹੀ ਧਰਤੀਆਂ ਤੇ ਪੰਜਾਬੀ ਵੀ
ਉਹਨਾਂ ਵਾਲੀ ਹੀ ਰਫਤਾਰ ਨਾਲ ਜਾ ਰਿਹੇ ਹਨ। ਅੱਜ ਪੰਜਾਬ ਦੇ ਕਿਸੇ ਵੀ ਸ਼ਹਿਰ
ਕਸਬੇ ਦੇ ਚੌਂਕ ਵਿਚ ਘੜੀ ਖੜ੍ਹ ਕੇ ਵੇਖ ਲਵੋ, ਤੁਹਾਨੂੰ ਮੂਲ ਪੰਜਾਬੀ ਸਿਰਫ
ਕੰਧ ਤੇ ਪਏ ਛਿੱਟੇਆਂ ਵਾਂਗ ਹੀ ਦਿੱਸਣਗੇ। ਜਦ ਕਿ ਵਿਦੇਸ਼ਾਂ ਦੇ ਕਈ ਸ਼ਹਿਰਾਂ
ਵਿਚ ਇਹ ਵੱਡੀ ਗਿਣਤੀ ਵਿਚ ਦਿੱਸਣਗੇ। ਮਾਲਵਾ ਤੇ ਦੁਆਬੇ ਦੇ ਪਿੰਡਾਂ ਦੇ ਪਿੰਡ
ਪੰਜਾਬੀ ਨੌਜਵਾਨਾਂ ਤੋਂ ਮਹਿਰੂਮ ਹੋ ਚੁੱਕੇ ਹਨ। ਹਰ ਕਿਸਮ ਦੀ ਛੋਟੀ
ਕਿੱਤਾਕਾਰੀ ਵਿਚ ਪੰਜਾਬੀ ਨਹੀਂ ਲੱਭਦੇ ਹਨ। ਸਭ ਤਿਓਹਾਰਾਂ ਦੇ ਰੂਪ ਬਦਲ ਚੁੱਕੇ
ਹਨ। ਸੱਭਿਆਚਾਰਕ, ਧਾਰਮਿਕ ਤੇ ਸਿਆਸੀ ਸੋਚ ਅਸਤ ਵਿਅਸਤ ਹੋ ਗਈ ਹੈ। ਸਰਕਾਰੀ
ਸਕੂਲਾਂ ਕਾਲਜਾਂ ਵਿਚ ਪੰਜਾਬੀ ਚਿਹਰੇ, ਟਾਂਵੇ ਟਾਂਵੇ ਰਹਿ ਗਏ ਹਨ। ਹੁਣ ਇਸ
ਪੰਜਾਬ ਦੇ ਬਦਲਦੇ ਰੂਪ ਨੂੰ ਕੀ ਨਾਮ ਦਿੱਤਾ ਜਾ ਸਕਦਾ ਹੈ ? ਜਾਂ ਫਿਰ ਇਸਨੂੰ
ਕਿਸ ਆਉਣ ਵਾਲੇ ਭਵਿੱਖ ਨਾਲ ਜੋੜਿਆ ਜਾਵੇ ? ਇਹ ਸਾਡੇ ਸਭ ਲਈ ਸੋਚਣ ਦਾ
ਵਿਸ਼ਾ ਹੈ। (16/11/2018)
|
|
ਮੌਤ ਦੇ ਫਰਿਸ਼ਤੇ |
ਬੜੀ ਮਸ਼ਹੂਰ ਕਹਾਵਤ ਹੈ ਕਿ ਪੰਜਾਬੀ ਤਾਂ ਮੌਤ
ਨੂੰ ਮਖੌਲ ਕਰ ਦੇਂਦੇ ਨੇ। ਇਹ ਬਿਲਕੁਲ ਸੱਚ ਹੈ। ਖਾਸ ਕਰਕੇ ਜਦ ਸ਼ਾਮ ਪੈਂਦੀ
ਹੈ। ਇਹ ਸੱਚ ਪੰਜਾਬ ਦੀਆਂ ਸੜਕਾਂ ਤੇ ਆਮ ਵੇਖਣ ਨੂੰ ਮਿਲਦਾ ਹੈ। ਸ਼ਾਮ ਦੀ ਹਲਕੀ
ਰੰਗੀਨੀ ਨਾਲ ਲਬਰੇਜ਼ ਵੱਡੀਆਂ ਕਾਰਾਂ ਦੀ ਸਪੀਡ ਕਿਸੇ ਜਹਾਜ਼ ਤੋਂ ਘੱਟ ਨਹੀਂ
ਹੁੰਦੀ। ਸੜਕ ਦੀ ਬਰਮ ਤੇ ਜਾ ਰਹੇ ਸਾਇਕਲ, ਸਕੂਟਰ ਜਾਂ ਰਿਕਸ਼ੇ, ਜੇ ਉਲਟ ਵੀ
ਜਾਣ ਤਾਂ, ਇਹ ਰੁੱਕਦੇ ਤੱਕ ਨਹੀਂ। ਇਕ ਹੋਰ ਕ੍ਰਿਸ਼ਮਾ ਕਰਦੇ ਹਨ, ਪੰਜਾਬ ਵਿਚ
ਚੱਲਦੇ ਟਰੱਕ, ਟਰਾਲੀਆਂ ਤੇ ਟੈਂਪੂ (ਜਿਵੇਂ ਛੋਟਾ ਹਾਥੀ ਆਦਿ)। ਇਹਨਾਂ ਦੇ ਜੇ
ਕਿਸੇ ਦੀ ਪਿਛਲੀ ਬੱਤੀ ਜਲਦੀ ਹੋਵੇ ਜਾਂ ਰਿਫਲੈਕਟਰ ਟੇਪ ਲੱਗੀ ਹੋਵੇ ਤਾਂ,
ਉਸਨੂੰ ਨੋਬਲ ਇਲਾਮ ਦੇਣ ਨੂੰ ਦਿਲ ਕਰਦਾ ਹੈ। ਇਹ ਸਿਰਫ ਪੰਜਾਬ ਦੀਆਂ ਵਪਾਰਕ
ਗੱਡੀਆਂ ਦਾ ਹੀ ਹਾਲ ਹੈ। ਲੰਬੇ ਰੂਟ ਦੀਆਂ ਗੱਡੀਆਂ ਦੇ ਸਹੀ ਲਾਇਟਾਂ ਹੁੰਦੀਆਂ
ਹਨ, ਕਿਉਂਕਿ ਦੂਜੇ ਸੂਬਿਆਂ ਵਿਚ 'ਗੱਡੀ ਪਾਸ ਕਰਨ ਵਾਲੇ' ਅਧਿਕਾਰੀ ਪੰਜਾਬੀਆਂ
ਜਿੰਨੇ ਬੇਈਮਾਨ ਨਹੀਂ ਹਨ। ਸੜਕਾਂ ਤੇ ਸਭ ਤੇ ਵੱਧ ਐਕਸੀਡੈਂਟ , ਬਿੰਨਾਂ ਪਿੱਛੇ
ਲਾਈਟਾਂ ਵਾਲੇ, ਟਰਕਾਂ, ਟੈਪੂਆਂ ਤੇ ਟਰਾਲੀਆਂ ਨਾਲ ਹੀ ਹੁੰਦੇ ਹਨ। ਪਰ ਮਜ਼ਾਲ
ਹੈ ਕੋਈ ਅਧਿਕਾਰੀ ਆਪਣੀ ਨੀਂਦ ਖਰਾਬ ਕਰ ਜਾਵੇ। ਹਾਂ ਇਹਨਾਂ ਤੋਂ ਐਂਟਰੀ ਲੈਣ
ਵਾਲੇ ਥਾਂ ਥਾਂ ਮਿਲ ਜਾਣਗੇ। ਕਾਸ਼ ਕਿਤੇ ਇਹ ਸਰਕਾਰੀ ਤੇ ਗੈਰਸਰਕਾਰੀ 'ਮੌਤ ਦੇ
ਫਰਿਸ਼ਤੇ, ਨੋਟਾਂ ਦੀ ਲਿਆਂਦੀ ਘੂਕੀ ਤੋਂ ਸੁਰਤ ਵਿਚ ਵਾਪਸ ਆ ਜਾਣ।
(02/11/2018)
|
|
ਕਣਕ ਦੀ ਗੱਲ |
ਕਣਕ ਕਿਵੇਂ ਬੀਜਣੀ ਹੈ, ਕਿਹੜੀ ਬੀਜਣੀ ਹੈ,
ਕਦੋਂ ਬੀਜਣੀ ਹੈ? ਇਹ ਸਭ ਤੁਹਾਨੂੰ, ਬੀਜਾਂ ਵਾਲੇ ਜਾਂ ਖੇਤੀ ਮਹਿਕਮਾ ਦੱਸ
ਦੇਵੇਗਾ। ਪਰ ਕਿਸੇ ਨਹੀਂ ਦੱਸਣਾ ਕਿ ਇਹ 10,000 ਘਾਹ ਦੀਆਂ ਹੀ ਕਿਸਮਾਂ ਚੋਂ
ਹੀ ਹੈ। ਮੁੱਖ ਤੌਰ 'ਤੇ ਇਸਦੀਆਂ ਛੇ ਕਿਸਮਾਂ ਹੀ ਖਾਣ ਵਾਲੀਆਂ ਹਨ। ਸੰਸਾਰ
ਵਿਚ ਮੱਕੀ ਪਹਿਲੇ ਨੰਬਰ ਦੀ ਫਸਲ ਹੈ 'ਤੇ ਕਣਕ ਦੂਜੇ ਨੰਬਰ 'ਤੇ 54 ਕਰੋੜ ਏਕੜ
ਵਿਚ ਬੀਜੀ ਜਾਂਦੀ ਹੈ। ਇਸਦਾ ਇਤਿਹਾਸ 11,000 ਸਾਲ ਪੁਰਾਣਾ ਹੈ। ਭਾਰਤ ਵਿਰ ਇਹ
8,500 ਸਾਲ ਪਹਿਲੋਂ ਆਈ। ਇਸਦਾ ਮੂਲ ਤੁਰਕੀ ਕਿਹਾ ਜਾਂਦਾ ਹੈ । ਇਸ ਵਿਚ ਵਾਹਵਾ
ਖੁਰਾਕੀ ਤੱਤ ਹੁੰਦੇ ਹਨ, ਪਰ ਤਾਂ, ਜੇ ਸਣੇ ਛਿਲਕੇ ਖਾਧੀ ਜਾਵੇ। ਬਿੰਨਾਂ
ਛਿਲਕੇ ਵਾਲਾਂ ਆਟਾ (ਰੂਲੇ ਵਾਲਾ) ਦੇਖਣ ਨੂੰ ਸੋਹਣਾ ਤੇ ਸਵਾਦੀ ਹੁੰਦਾ ਹੈ, ਪਰ
ਇਹ ਸਰੀਰ ਲਈ ਚੰਗਾ ਨਹੀਂ ਹੁੰਦਾ, ਕਈ ਬਿਮਾਰੀਆਂ 'ਤੇ ਅਲਰਜੀਆਂ ਨੂੰ ਜਨਮ
ਦੇਂਦਾ ਹੈ। ਕਣਕ ਇਕ ਸਵੈ ਪਰਾਗਣ ਵਾਲੀ ਫਸਲ ਹੈ, ਇਸ ਲਈ ਇਸਦੇ ਹਾਈਬਰਡ
ਬੀਜ ਬਨਾਉਣੇ ਬਹੁਤ ਹੀ ਮੁਸ਼ਕਲ ਹਨ। ਭਾਵੇਂ ਕਿ 2012 ਵਿਚ ਇਸਦੇ 96,000 ਜੀਨ
ਇੰਗਲੈਂਡ ਦੇ ਵਿਗਿਆਨੀਆਂ ਲੱਭ ਲਏ ਹਨ, ਪਰ ਉਹਨਾਂ ਨੂੰ ਬੀਜ ਸੋਧਣ ਲਈ ਵਰਤਣਾ,
ਹਾਲੇ ਦੂਰ ਦੀ ਬਾਤ ਹੈ, ਇਸ ਲਈ ਹਾਲੇ ਸਾਨੂੰ ਸ਼ੁਧ ਕਣਕ ਨਾ ਮਿਲਣ ਦੇ ਅਸਾਰ
ਘੱਟਦੇ ਨਜ਼ਰ ਨਹੀਂ ਆਉਂਦੇ। ਆਖਰ ਵਿਚ ਹੋਰ ਬਹੁਤ ਜਾਣਕਾਰੀਆਂ ਚੋ, ਅਹਿਮ ਹੈ ਕਿ
ਬੀਜੀ ਹੋਈ ਕਣਕ ਦਾ ਸਭ ਤੋਂ ਵੱਧ ਨੁਕਸਾਨ ਚੂਹੇ ਤੇ ਲੰਬੀ ਪੂੰਛ ਵਾਲੀ ਕਾਲੀ
ਚਿੜੀ ਕਰਦੇ ਹਨ. ਇਹ ਧਰਤੀ ਚੋਂ ਰਾਤ ਵੇਲੇ ਬੀਜ ਚੁੱਗ ਲੈੰਦੇ ਹਨ। ਚੂਹੇ ਕਿਵੇਂ
ਭਜਾਉਣੇ ਹਨ ਤੁਹਾਨੂੰ ਪਤਾ ਹੀ ਹੈ, ਚਿੜੀ ਨੂੰ ਚਮਕਣੀਆਂ ਹਿੱਲਦੀਆਂ ਡੋਰੀਆਂ
ਲਾਕੇ ਡਰਾਇਆ ਜਾ ਸਕਦਾ ਹੈ। (26/10/2018)
|
|
ਇਹ ਰੁੱਤ ਕੇਹੀ ਵੇ ਸੱਜਣਾ ! |
ਜਿਵੇਂ ਹੀ ਕੱਤਾ ਚੜ੍ਹਦਾ ਹੈ, ਬੜੀ ਹੀ ਅਜੀਬ
ਕਿਸਮ ਦੀ ਰੁੱਤ ਆ ਜਾਂਦੀ ਹੈ। ਨਾ ਬਰਸਾਤ ਹੁੰਦੀ ਹੈ , ਨਾ ਪੱਤਝੜ ਤੇ ਨਾ
ਬਹਾਰ। ਨਾ ਅਸਮਾਨ ਸਾਫ਼ ਹੁੰਦਾ ਹੈ ਨਾ ਹੀ ਧੁੰਦ ਜਾਂ ਗਹਿਰ। ਧੁੱਪ ਚੁੱਭਦੀ
ਨਹੀਂ ਤੇ ਸਵਾਟਰ ਪੈਂਦਾ ਨਹੀਂ। ਕਈ ਰੁੱਖਾਂ ਉੱਤੇ ਪੀਲੇ, ਜਾਮਣੀ ਤੇ ਲਾਲ ਫੁੱਲ
ਆਉਣ ਲੱਗ ਪੈਂਦੇ ਹਨ ਤੇ ਫਲ ਦੇ ਚੁੱਕੇ ਰੁੱਖ ਪੱਤੇ ਝਾੜਨ ਲੱਗ ਪੈਂਦੇ ਹਨ।
ਰੁੱਖ, ਝਾੜੀਆਂ ਆਦਿ ਸਭ ਫਲ ਰਹਿਤ ਹੋ ਜਾਂਦੇ ਹਨ ਤੇ ਪੰਛੀਆਂ ਨੂੰ ਕੀਟ
ਪਤੰਗਿਆਂ ਤੇ ਨਿਰਭਰ ਹੋਣਾ ਪੈ ਜਾਂਦਾ ਹੈ। ਬੁਖਾਰ, ਮਨੁੱਖ ਉੱਤੇ ਆਪਣੀ ਪਕੜ
ਪੱਕੀ ਕਰ ਲੈਂਦਾ ਹੈ। ਜਿਸ ਨੇ ਵੀ ਥੋੜੀ ਲਾਪਰਵਾਹੀ ਕੀਤੀ, ਬਿਮਾਰ ਹੋ ਜਾਂਦਾ
ਹੈ। ਡਾਕਟਰਾਂ, ਹਕੀਮਾਂ, ਵੈਦਾਂ ਦਾ ਇਹ ਕਮਾਈ ਦਾ ਮੌਸਮ ਹੋ ਨਿਬੜਦਾ ਹੈ। ਪਰ
ਕੁਦਰਤ ਉੰਚੇ ਰੁੱਖਾਂ ਨੂੰ ਧੁੰਦ ਜਿਹੀ ਵਿਚ ਲਪੇਟ ਕੇ ਹਜ਼ਾਰਾਂ ਕਿਸਮ ਦੇ
ਅਲੌਕਿਕਿ ਨਜ਼ਾਰੇ ਪੇਸ਼ ਕਰਦੀ ਹੈ। ਹਰ ਰੰਗ ਆਪਣੀ ਚਮਕ ਗੁਆ ਕੇ ਦੂਸਰੇ ਰੰਗਾਂ
ਨਾਲ ਗਲਵਕੜੀ ਪਾਉ਼ਦਾ ਹੈ। ਇਸ ਮੌਸਮ ਨੂੰ ਮਾਨਣ ਦਾ ਵਲ ਸਿਰਫ ਸੂਖਮ ਬਿਰਤੀ
ਵਾਲੇ ਲੋਕਾਂ ਦੇ ਹੀ ਹਿੱਸੇ ਆਉਂਦਾ ਹੈ। (18/10/2018, kcn 1059)
|
|
ਸਭ ਦੇ ਹੱਕ ਬਰਾਬਰ |
ਇਹ ਧਰਤੀ ਸਿਰਫ ਮਨੁੱਖ ਲਈ ਹੀ ਨਹੀਂ ਹੈ।
ਇਸਤੇ ਵਸਦੇ ਅਰਬਾਂ ਖਰਬਾਂ ਜੀਵਾਂ ਦਾ ਵੀ ਬਰਾਬਰ ਦਾ ਹੱਕ ਹੈ। ਇਸ ਧਰਤੀ ਦੇ
ਪਦਾਰਥ, ਇਸ ਧਰਤੀ ਦੇ ਸੁਆਦ ਤੇ ਇਸ ਧਰਤੀ ਦਾ ਸੁਹਜ, ਸਭ ਲਈ ਬਰਾਬਰ ਦਾ ਹੈ।
ਮਨੁੱਖ ਐਵੇਂ ਹੀ ਹਰ ਚੀਜ਼ ਤੇ ਕਬਜ਼ਾ ਕਰੀ ਬੈਠਾ ਹੈ। ਜੇ ਕੁਦਰਤ ਨੇ ਭੌਤਿਕ
ਸੁਹਪਣ ਪੈਦਾ ਕੀਤਾ ਹੈ ਤਾਂ ਸਭ ਲਈ ਹੈ। ਜੇ ਝਰਨੇ ਚਲਾ ਕੇ ਮਿੱਠੀ ਠੰਡ ਪੈਦਾ
ਕੀਤੀ ਹੈ ਤਾਂ ਉਹ ਵੀ ਸਭ ਲਈ ਹੈ। ਪਰ ਅਸੀਂ ਬਾਕੀ ਜੀਵ ਜੰਤੂਆਂ ਦਾ ਹੱਕ ਖੋਹਣ
ਦੇ ਆਦੀ ਹੋ ਗਏ ਹਾਂ। ਅਸੀਂ ਇਹੋ ਜਿਹੇ ਸਾਧਨ ਤੇ ਸੰਦ ਬਣਾ ਲਏ ਹਨ ਕਿ ਇਹ
ਕੁਦਰਤ ਦੇ ਪ੍ਰਾਣੀ ਸਾਡੇ ਮੁਹਥਾਜ ਹੋ ਗਏ ਹਨ। ਜੰਗਲੀ ਜੀਵ ਤਾਂ ਸਾਡੀ ਭੁੱਖ ਦੀ
ਭੇਟਾ ਚੜ੍ਹ ਚੁੱਕੇ ਹਨ। ਕੀੜੇ ਮਕੌੜੇ ਅਦਿ ਤਾਂ ਪੱਕੀਆਂ ਸੜਕਾਂ ਥੱਲੇ
ਹੀ ਦੱਬ ਗਏ ਹਨ। ਮੇਰਾ ਮੇਰਾ ਕਰਦਾ, ਕੁਦਰਤ ਨੂੰ ਤਹਿਸ ਨਹਿਸ ਕਰਦਾ, ਇਕ
ਉਮਰ ਬਾਅਦ ਸਭ ਕੁਝ ਇੱਥੇ ਹੀ ਹੋਰਨਾਂ ਲਈ ਛੱਡ, ਓਸ ਅਗਿਆਤ ਵਾਸੇ ਚ ਚਲਾ ਜਾਂਦਾ
ਹੈ, ਜਿਸਦਾ ਕੋਈ ਥਹੁ ਪਤਾ ਨਹੀਂ। ਆਓ ਇਸ ਕੁਦਰਤ ਤੋਂ ਸਿਰਫ ਓਨਾਂ ਹੀ ਲਈਏ,
ਜਿੱਨਾਂ ਕੇ ਸਾਡੇ ਹਿੱਸੇ ਆਉਂਦਾ ਹੈ, ਬਾਕੀ ਕਾਇਨਾਤ ਨੂੰ ਵੀ ਬਰਾਰਬ ਦਾ ਮੌਕਾ
ਦੇਈਏ । (05/10/2018)
|
|
ਸੁਣ ਸੋਨੇ ਦਿਆ ਕੰਙਣਾ |
ਕੋਈ ਅਮੀਰ ਹੋਵੇ ਜਾਂ ਨਾ, ਪਰ ਹਰ ਕੋਈ ਅਮੀਰ
ਦਿੱਖਣਾ ਚਾਹੁੰਦਾ ਹੈ। ਦਿੱਖਣਾ ਹੀ ਨਹੀਂ, ਦੱਸਣਾ ਵੀ ਚਾਹੁੰਦਾ ਹੈ। ਚਾਰ
ਕਨਾਲਾਂ ਵਾਲਾ ਵੀ ਦੂਜੇ ਪਿੰਡ ਜਾ ਕੇ ਚਾਰ ਖੇਤਾਂ ਦਾ ਟੱਕ ਦੱਸੂ। ਆਪਣੀ ਗਰੀਬੀ
ਨੂੰ ਹਰ ਕੋਈ ਛੁਪਾਉਣਾ ਚਾਹੁੰਦਾ ਹੈ। ਇਹ ਕੰਮ ਹਰ ਕੋਈ ਕਰਦਾ ਹੈ। ਵਧਾਅ
ਚੜ੍ਹਾਅ ਕੇ ਦੱਸਣਾ ਇਕ ਬਿਮਾਰੀ ਹੈ। ਜੇ ਪੁਰਾਣੇ ਰਾਜੇ ਫੌਜਾਂ ਦੀ ਗਿਣਤੀ ਵੱਧ
ਦੱਸਦੇ ਹੁੰਦੇ ਸਨ ਤਾਂ ਅੱਜ ਦੇ ਰਾਜੇ ਵਿਕਾਸ ਦਾ ਵੱਧ ਸ਼ੋਰ ਪਾਉਂਦੇ ਹਨ। ਇਹ ਸਭ
ਤਾਂਬੇ ਤੇ ਚੜ੍ਹੀ ਸੋਨੇ ਦੀ ਝਾਲ ਵਾਂਗ ਹਨ। ਬਾਹਰੋਂ ਵੀ ਪੂਰਾ ਸੱਚ ਤੇ ਅੰਦਰੋਂ
ਵੀ ਪੂਰਾ ਝੂਠ। ਮੈਨੂੰ ਤੁਰਦੇ ਫਿਰਦੇ ਨੂੰ ਇਕ ਐਹੋ ਜਿਹਾ ਪਰਿਵਾਰ ਮਿਲ ਗਿਆ ਹੋ
ਤਾਂਬੇ ਦੇ ਗਹਿਣੇ ਬਣਾ ਕੇ ਉੱਤੇ ਅਸਲੀ ਸੋਨੇ ਦੀ ਅਜਿਹੀ ਪਰਤ ਲਾਉਂਦਾ ਹੈ ਕਿ
ਸੋਨਾ ਟੈਸਟ ਕਰਨ ਵਾਲੀ ਮਸ਼ੀਨ ਵੀ ਧੋਖਾ ਖਾ ਜਾਂਦੀ ਹੈ। ਤਿੰਨਾਂ ਪੁਸ਼ਤਾਂ ਤੋਂ
ਇਹ ਕੰਮ ਹੁਸ਼ਿਆਰਪੁਰ ਵਿਚ ਕਰਦਾ ਪਰਵਾਰ ਹੁਣ ਲੋਕ ਕਲਾਵਾਂ ਮੇਲਿਆਂ ਵਿਚ ਸਰਕਾਰੀ
ਤੌਰ ਤੇ ਜਾਂਦਾ ਹੈ। ਉਹਨਾਂ ਦਾ ਕਹਿਣਾ ਹੈ ਕਿ ਵੱਡੇ ਵੱਡੇ ਅਮੀਰ ਲੋਕ ਵੀ
ਡਿਜ਼ਾਇਨ ਦਿਖਾ ਕਿ 60 ਲੱਖ ਵਾਲਾ ਹਾਰ 3–4 ਲੱਖ ਵਿਚ ਬਣਵਾ ਕੇ ਪਾਰਟੀਆਂ ਵਿਚ
ਸ਼ੇਖੀ ਮਾਰਨ ਲੱਗ ਪਏ ਹਨ। ਇਹ ਕੰਮ ਬੜਾ ਰਿਸਕੀ ਹੈ, ਇਸ ਲਈ ਉਹ ਹਰ ਗਹਿਣੇ ਨਾਲ
, ਸੋਨੇ ਤੇ ਤਾਂਬੇ ਦੀ ਮਾਤਰਾ ਦਾ ਪ੍ਰਮਾਣ ਪੱਤਰ, ਅਤੇ ਗਾਹਕ ਦਾ ਪ੍ਰਮਾਣ
ਪੱਤਰ, ਐਡਰਸ ਵਗੈਰਾ ਦੀ ਫੋਟੋ ਖਿੱਚ ਕੇ ਰੱਖਦੇ ਹਨ ਤਾਂ ਕਿ ਕੋਈ ਧੋਖਾ ਨਾ ਕਰ
ਸਕੇ। ਸੋਚਦਾ ਕਾਸ਼ ਪ੍ਰਮਾਤਮਾ ਵੀ ਸੋਨੇ ਵਰਗੇ ਦਿੱਸਦੇ ਬੰਦਿਆਂ ਵਿਚਲੇ ਤਾਂਬੇ
ਦਾ ਕੋਈ ਪ੍ਰਮਾਣ ਪੱਤਰ ਨਾਲ ਭੇਜ ਦਿਆ ਕਰੇ ਤਾਂ ਦੁਨੀਆ ਸੌਖੀ ਹੋ ਜੂ।
(15/09/2018, kcn1054 )
|
|
ਹਰ ਸ਼ੈਅ ਹੋਈ ਵਿਕਾਊ ਸੱਜਣਾ |
ਅੱਜ ਪੰਜਾਬ ਨੂੰ ਪਤਾ ਨਹੀਂ ਕੌਣ ਨਜ਼ਰ ਲਾ ਗਿਆ ਕਿ ਪਿੰਡੋ ਪਿੰਡ, ਸ਼ਹਿਰੋ
ਸ਼ਹਿਰ ਹਰ ਥਾਂ ਵਿਕਾਊ ਹੈ। ਹਰ ਕੋਈ ਗਾਹਕ ਦੀ ਉਡੀਕ ਵਿਚ ਹੈ। ਮਰਲਾ ਜ਼ਮੀਨ ਵਾਲਾ
ਵੀ ਤੇ ਮੁਰੱਬੇ ਵਾਲਾ ਵੀ ਵੇਚਣ ਨੂੰ ਤਿਆਰ ਹੈ। ਆਖਰ ਇਹ ਕਿਉਂ ਹੋ ਰਿਹਾ ਹੈ।
ਕੀ ਗੱਲ ਹੈ ਕਿ ਪੰਜਾਬ ਦਾ ਹਰ ਨੋਜਵਾਨ ਵਿਦੇਸ਼ ਵੱਲ ਨੂੰ ਮੂੰਹ ਕਰੀ ਬੈਠਾ ਹੈ।
ਕਿਉਂ ਉਸਨੂੰ ਇੱਥੇ ਭਵਿੱਖ ਦਿਸ ਨਹੀਂ ਰਿਹਾ ਹੈ। ਅੰਦਾਜ਼ਾ ਹੈ ਕੇ ਅਗਲੇ ਪੰਜ
ਸਾਲ ਤਕ ਪੰਜਾਬ ਦੇ 75 ਪ੍ਰਤੀਸ਼ਤ ਨੌਜਵਾਨ ਦੇਸ਼ ਛੱਡ ਜਾਣਗੇ ਤੇ ਇਸਦੇ ਨਾਲ ਹੀ
ਕੁਝ ਸਾਲਾਂ ਬਾਅਦ ਮਾਪੇ ਵੀ ਜਾਣਗੇ ਹੀ। ਅੱਜ ਪੰਜਾਬ ਦੇ ਬਹੁਤੇ ਕਾਲਜ ਬੰਦ ਹੋਣ
ਕਿਨਾਰੇ ਹਨ। ਹੋਰ ਸਤਾਂ ਸਾਲਾਂ ਨੂੰ ਮੱਧ ਵਰਗ ਦੇ ਬੱਚਿਆਂ ਵਾਲੇ ਸਕੂਲ ਵੀ
ਖਾਲੀ ਹੋ ਜਾਣਗੇ, ਕਿਉਂਕਿ ਬੱਚੇ ਕਿੱਥੋਂ ਆਣਗੇ? ਬਸ ਪਿੰਡਾਂ ਸ਼ਹਿਰਾਂ ਦੇ
ਸਰਕਾਰੀ ਸਕੂਲ ਹੀ ਬਚਣਗੇ, ਜਿੱਥੇ ਪਰਵਾਸੀਆਂ ਤੇ ਗਰੀਬਾਂ ਦੇ ਬੱਚੇ
ਪੜ੍ਹਦੇ ਹਨ। ਨਾਲ ਦੀ ਨਾਲ ਮਹਿੰਗੇ ਸਕੂਲਾਂ ਤੇ ਮਹਿੰਗੀਆਂ
ਦੁਕਾਨਦਾਰੀਆਂ ਵੀ ਬੰਦ ਹੋਣ ਲਗ ਪੈਣਗੀਆਂ। ਮੈਂ ਤੁਹਾਨੂੰ ਡਰਾ ਨਹੀਂ ਰਿਹਾ,
ਆਉਣ ਵਾਲੇ ਸੱਚ ਦਾ ਸ਼ੀਸ਼ਾ ਵਿਖਾ ਰਿਹਾ। ਇਹ ਵੀ ਅੱਤਕੱਥਨੀ ਨਹੀਂ ਹੋਵੇਗੀ, ਜੇ
ਮੈਂ ਕਹਿ ਦੇਵਾਂ ਕਿ 2027 ਦੀਆਂ ਚੋਣਾਂ ਵਿਚ 70–80 ਵਿਧਾਇਕ ਪਰਵਾਸੀ
ਹੋਣਗੇ। ਇਸ ਸਭ ਲਈ ਅਸੀਂ ਤੇ ਸਾਡਾ ਸਿਆਸੀ, ਸਰਕਾਰੀ ਤੇ ਸਮਾਜਿਕ ਢਾਂਚਾ ਬਰਾਬਰ
ਦੇ ਦੋਸ਼ੀ ਹਾਂ। ਬੱਚੇ ਤਾਂ ਵੱਗਦੇ ਪਾਣੀ ਵਾਂਗ ਉੱਧਰ ਹੀ ਜਾਣਗੇ, ਜਿੱਥੇ ਸਹੀ
ਤੇ ਲੋੜੀਂਦਾ ਰੁਜ਼ਗਾਰ ਮਿਲੇਗਾ। ਹਾਲਾਤ ਇਹੋ ਜਿਹੇ ਬਣ ਗਏ ਹਨ ਕਿ ਪੰਜਾਬ ਦੇ
ਵੱਡੇ ਵੱਡੇ ਵਪਾਰਕ ਘਰਾਣਿਆਂ, ਤਕਰੀਬਨ ਬਹੁਤੇ ਵਿਧਾਇਕਾਂ ਤੇ ਅਫਸਰਾਂ ਦੇ ਬੱਚੇ
ਵਿਦੇਸ਼ਾਂ ਵਿਚ ਜਾ ਚੁੱਕੇ ਹਨ, ਮੋਟੇ ਪੈਸਿਆਂ ਸਣੇ । (07/09/2018, kcn1053)
|
|
ਜੱਟ ਦੀ ਦਿੱਲੀ |
ਕਿਸੇ ਵੀ ਖੇਤੀ ਕਰਨ ਵਾਲੇ ਲਈ, ਖੂਹ ਵਾਲਾ
ਥਾਂ, ਜਾਨ ਤੋਂ ਵੱਧ ਪਿਆਰਾ ਹੁੰਦਾ ਹੈ, ਕਬੀਲਦਾਰੀ ਦਾ ਸਤਾਇਆ ਹੋਵੇ ਜਾਂ
ਬੈਂਕਾਂ/ ਸੁਸਾਇਟੀਆਂ ਦਾ ਤਪਾਇਆ ਹੋਵੇ, ਜਦ ਜੱਟ ਆਪਣੇ ਖੂਹ ਜਾਂ ਮੋਟਰ ਤੇ ਆ
ਜਾਂਦਾ ਹੈ ਤਾਂ ਉਹ ਆਪਣੇ ਆਪ ਨੂੰ ਕਿਸੇ ਬਾਦਸ਼ਾਹ ਤੋਂ ਘੱਟ ਨਹੀਂ ਸਮਝਦਾ।
ਇੱਥੇ ਆ ਕੇ ਉਹ ਕੁਦਰਤ ਦੀ ਗੋਦ ਵਿਚ ਬੈਠਾ ਮਹਿਸੂਸ ਕਰਦਾ ਹੈ ਤੇ ਉਹਨੂੰ ਲੱਗਦਾ
ਹੈ ਕਿ ਉਹ ਹੁਣ ਕੁਝ ਵੀ ਕਰਨ ਲਈ ਆਜ਼ਾਦ ਹੈ। ਕੰਮ ਵੀ ਕਰੀ ਜਾਂਦਾ ਹੈ ਤੇ ਆਪਣੇ
ਆਪ ਨਾਲ ਗੱਲਾਂ ਵੀ ਕਰੀ ਜਾਂਦਾ ਹੈ, ਘਰਾਂ ਦੇ ਤੇ ਹੋਰ ਮਸਲਿਆਂ ਦੇ ਹੱਲ, ਇਸੇ
ਇਕੱਲਤਾ ਚੋਂ ਭਾਲ ਲੈਂਦਾ ਹੈ। ਜਦ ਮਨ ਸ਼ਾਂਤ ਤੇ ਸਹਿਜ ਹੋ ਜਾਵੇ ਤਾਂ ਮਿਰਜ਼ਾ
ਗਲੇ ਦਾ ਸ਼ਿੰਗਾਰ ਬਣ ਜਾਂਦਾ ਹੈ ਤੇ ਫੇਰ ਜਦ ਸ਼ਾਮ ਦੀ ਰੰਗੀਨੀ ਵੱਧ ਜਾਵੇ ਤਾਂ
ਹੀਰ ਦੀ ਹੇਕ ਚੋਂਹ ਕੋਹਾਂ ਤਕ ਸੁਣਾਈ ਦਿੰਦੀ ਹੈ। ਸਾਰੀ ਦੁਨੀਆ ਦੇ ਸੁੱਖ ਇਕ
ਪਾਸੇ ਤੇ ਮੋਟਰ ਤੇ ਆਈ ਨੀਂਦ ਝੱਪਕੀ ਸਰਵ ਉੱਤਮ ਗਿਣੀ ਜਾਂਦੀ ਹੈ। ਇਸ ਰਾਜ ਭਾਗ
ਦਾ ਅਨੰਦ ਜਿਹੜਾ ਮਾਣ ਗਿਆ, ਉਹ ਤਾਂ ਦਿਲੀ ਦੇ ਤਖਤ ਨੂੰ ਵੀ ਟਿੱਚ ਜਾਣਦਾ।
ਕਾਸ਼ ਇਹ ਹਰੇਕ ਨੂੰ ਨਸੀਬ ਹੋਵੇ। (31/08/2018, kcn1051)
|
|
ਰੰਗਾਂ ਦੀ ਕੈਨਵਸ |
ਸਾਉਣ-ਭਾਦੋਂ ਦੋ ਅਜਿਹੇ ਮਹੀਨੇ ਹੁੰਦੇ ਹਨ ,
ਜਦ ਕੁਦਰਤ ਪੰਜਾਬ ਦੀ ਧਰਤੀ ਤੇ ਰੰਗਾਂ ਦੀ ਛੱਤਰੀ ਤਾਣ ਦੇਂਦੀ ਹੈ। ਸੂਰਜ ਤੇ
ਬੱਦਲ ਇਕ ਦੂਜੇ ਨਾਲ ਲੁੱਕਣਮੀਟੀ ਖੇਲਦੇ ਹਨ। ਦਿਨੇ ਵਰ੍ਹਦੇ ਬਦਲ ਜਦੋਂ ਥੱਕ
ਜਾਂਦੇ ਹਨ ਤਾਂ ਸ਼ਾਮ ਨੂੰ ਦੋਮੇਲ ਤੋਂ ਸੂਰਜ ਆਪਣਾ ਖੇਲ ਰਚਦਾ ਹੈ ਤੇ ਅਸਮਾਨ
ਵਿਚ ਤੈਰਦੇ ਬੱਦਲਾਂ ਨੂੰ ਅਨੇਕਾਂ ਰੰਗਾਂ ਵਿਚ ਰੰਗ ਦੇਂਦਾ ਹੈ। ਕੁਦਰਤ ਕੋਲ
328 ਲੱਖ ਰੰਗ ਪੈਦਾ ਕਰਨ ਦੀ ਸਮਰੱਥਾ ਹੈ, ਪਰ ਮਨੁੱਖ ਦੀ ਅੱਖ ਸਿਰਫ 167 ਲੱਖ
ਰੱਗ ਹੀ ਵੇਖ ਸਕਦੀ ਹੈ। ਵਧੀਆ ਕੰਮਪੀਊਟਰ ਤੇ ਵੀ 164 ਲੱਖ ਤੋਂ ਵੱਧ ਰੰਗ ਨਹੀਂ
ਹੁੰਦੇ ਹਨ। ਮਾੜੇ ਫੋਨਾਂ ਜਾਂ ਟੀਵੀ ਤੇ 2 ਲੱਖ ਤੋਂ ਵੀ ਘੱਟ ਰੰਗ ਹੁੰਦੇ ਹਨ,
ਇਸੇ ਕਰਕੇ ਇਹ ਅੱਖਾਂ ਦਾ ਨੁਕਸਾਨ ਕਰਦੇ ਹਨ। ਇਸ ਸਾਰੇ ਕੁਝ ਦੇ ਬਾਵਜੂਦ ਐਹੋ
ਜਿਹੇ ਮਨੁੱਖ ਵੀ ਹਨ ਜੋ ਸ਼ਾਮ ਨੂੰ ਇਸ ਰੰਗਾਂ ਦੀ ਕੈਨਵਸ ਨੂੰ ਮਾਨਣ ਦੀ ਬਜਾਏ,
ਮਨ ਦੇ ਵਿਕਾਰਾਂ ਦੇ ਵੱਸ ਹੋ, ਆਪਣੇ ਤਨ ਦਾ ਨਾਸ ਕਰਦੇ ਹਨ। ਜਿਹੜੇ ਲੋਕ ਦੋ
ਮਹੀਨੇ ਕੁਦਰਤ ਨਾਲ ਇਕਮਿੱਕ ਹੋ ਜਾਣ, ਉਹ ਸਾਰਾ ਸਾਲ ਆਪਣੇ ਆਲੇ ਦੁਆਲੇ
ਖੁਸ਼ੀਆਂ ਦੇ ਰੰਗ ਬਿਖੇਰਨ ਦੇ ਕਾਬਲ ਹੋ ਜਾਂਦੇ ਹਨ। ਜਿਸ ਜੀਵਨ ਵਿਚ ਰੰਗ
ਨਹੀਂ, ਉਹ ਸਿਰਫ ਦਿਨਕਟੀ ਹੀ ਹੋਵੇਗਾ । (24/08/18, kcn1050)
|
|
ਤੁਸੀਂ ਕਿਉਂ ਨਹੀਂ ਕਰਦੇ ? |
ਅੱਜ ਦੇ ਯੁਗ ਵਿਚ ਜੋ ਲੋਕ ਨੌਕਰੀਆਂ ਦੀ
ਤਲਾਸ਼ ਵਿਚ ਭਟਕਦੇ ਹਨ, ਤੇ ਚਾਹੁੰਦੇ ਹਨ ਕਿ ਪੱਕੀ ਪਕਾਈ ਮਿਲ ਜਾਵੇ, ਯਾਦ ਰੱਖੋ
ਤੁਸੀਂ ਗਲਤ ਰਾਹ ਤੇ ਚੱਲ ਰਿਹੇ ਹੋ। ਪਿੰਡਾਂ ਵਿਚ ਜ਼ਮੀਨਾਂ ਖਾਲੀ ਪਈਆਂ ਹਨ,
ਬਹੁਤਾਤ ਲੋਕ ਧੋਤਾ ਝੱਗਾ ਪਾ ਕੇ ਸ਼ਹਿਰ ਨੂੰ ਤੁਰ ਪੈਂਦੇ ਹਨ। ਘਰਦਿਆਂ ਦੇ ਪੈਸੇ
ਖਰਾਬ ਕਰ ਸ਼ਾਮ ਨੂੰ ਉਹ ਕੰਮ ਕਰਦੇ ਹਨ, ਜੋ ਉਹਨਾਂ ਨੂੰ ਨਹੀਂ ਕਰਨਾ ਚਾਹੀਦਾ।
ਪਰ ਲੁਧਿਆਣੇ ਲਾਗਲੇ ਕੁਝ ਪਿੰਡਾਂ ਦੇ ਨੌਜਵਾਨਾਂ ਨੇ ਆਪਣੇ ਖੇਤਾਂ ਵਿਰ ਲੋੜ ਤੇ
ਸਮੇਂ ਅਨੁਸਾਰ ਸਬਜ਼ੀਆਂ ਦੀ ਖੇਤੀ ਸ਼ੁਰੂ ਕੀਤੀ ਹੈ। ਰੋਜ਼ ਸਵੇਰੇ ਸਬਜ਼ੀ ਇਕ ਥਾਂ
ਕੱਠੀ ਕਰ ਲਈ ਜਾਂਦੀ ਹੈ ਤੇ ਫੇਰ ਸ਼ਹਿਰ ਵਿਚ ਮਿੱਥੀ ਥਾਂ ਤੇ ਜਾ ਖੜ੍ਹੋਂਦੇ ਹਨ।
ਤਾਜ਼ੀ ਤੇ ਦਵਾਈ ਰਹਿਤ ਸਬਜ਼ੀ ਵਧੀਆ ਮੁੱਲ ਤੇ ਹੱਥੋ ਹੱਥ ਵਿਕ ਜਾਂਦੀ ਹੈ। ਨਾਲ
ਸ਼ਹਿਦ, ਚਾਟੀ ਦੀ ਲੱਸੀ ਤੇ ਦੇਸੀ ਦਾਲਾਂ ਵੀ ਵਿਕ ਜਾਂਦੀਆਂ ਹਨ। ਹਰ ਕਿਸਾਨ 2
ਤੋਂ 5 ਹਜ਼ਾਰ ਦੀ ਕਮਾਈ ਕਰਕੇ ਘਰ ਪਰਤਦਾ ਹੈ। ਇਸ ਕੰਮ ਵਿਚ ਸਰਕਾਰੀ ਤੇ
ਗੈਰਸਰਕਾਰੀ ਸੰਸਥਾਵਾਂ, ਜਿਵੇ, ਆਤਮਾ ਤੇ ਵਾਚਨ, ਕਿਸਾਨਾਂ ਦੀ ਮਦਦ ਕਰਦੀਆਂ ਹਨ
ਤੇ ਕੁਆਲਟੀ ਕੰਟਰੋਲ ਵੀ ਕਰਦੀਆਂ ਹਨ। ਇਹ ਕੰਮ ਹਰ ਸ਼ਹਿਰ, ਕਸਬੇ ਜਾਂ ਵਸੋਂ ਵਿਚ
ਕੀਤਾ ਜਾ ਸਕਦਾ ਹੈ। ਇਸ ਲਈ ਪੈਸੇ ਨਾਲੋਂ ਹਿੰਮਤ ਦਿਖਾਉਣ ਦੀ ਵੱਧ ਲੋੜ ਹੈ,
ਤੁਸੀਂ ਵੀ ਕਰ ਸਕਦੇ ਹੋ, ਮਾਰੋ ਹੰਭਲਾ। (03/08/2018)
|
|
ਬਗੀਚੀ ਦੀ ਸ਼ਾਨ ਲਾਲ ਭਿੰਡੀ |
ਹਰੇ ਰੰਗ ਦੀ ਭਿੰਡੀ ਤੋਂ ਤਾਂ ਹਰ ਕੋਈ ਜਾਣੂ
ਹੈ। ਬਹੁਤ ਲੋਕ ਸ਼ੋਕ ਨਾਲ ਖਾਂਦੇ ਹਨ ਤੇ ਇਸਦੀ ਸਬਜ਼ੀ ਕਈ ਤਰ੍ਹਾਂ ਬਣਦੀ ਹੈ। ਆਹ
ਲਾਲ ਭਿੰਡੀ ਵੀ ਇਸਦੀ ਸਕੀ ਭੈਣ ਹੈ। ਇਹ ਵੀ ਖਾਣ ਲਈ ਹਰੀ ਭਿੰਡੀ ਜਿੰਨੀ ਹੀ
ਗੁਣਕਾਰੀ ਹੈ। ਇਹ ਅਫਰੀਕਾ ਦੇ ਦੇਸ਼ ਇਥੋਪੀਆ ਦੀ ਮੂਲ ਵਾਸੀ ਹੈ। ਇਹ ਤਿੰਨ
ਕਿਸਮਾਂ ਦੀ ਹੁੰਦੀ ਹੈ, ਬਰਗੰਡੀ, ਲਾਲ ਵੈਲਵਟ ਤੇ ਲਿਟਲ ਲੂਸੀ। ਇਹ ਬਿਲਕੁਲ ਆਮ
ਭਿੰਡੀ ਵਾਂਗ ਹੀ ਉਗਾਈ ਜਾ ਸਕਦੀ ਹੈ, ਬਸ ਇਸਦਾ ਬੀਜ ਸਖਤ ਹੁੰਦਾ ਹੈ, ਇਸ ਲਈ
ਇਕ ਦਿਨ ਭਿਉਂ ਕੇ ਰੱਖਣਾ ਪੈਂਦਾ ਹੈ। ਇਸਦਾ ਬੀਜ ਆਮ ਦੁਕਾਨਾ ਤੋਂ ਨਹੀਂ ਮਿਲਦਾ
ਪਰ, 15 ਤੋ 20 ਬੀਜਾਂ ਦਾ ਪੈਕਟ ਇੰਟਰਨੈੱਟ ਤੋਂ 67 ਤੋਂ 100 ਰੁਪਏ ਵਿਚ ਮਿਲ
ਜਾਂਦਾ ਹੈ। ਘਰ ਦੇ ਬਗੀਚੇ ਵਿਚ ਲੱਗੀ ਹੋਈ ਬਹੁਤ ਸੋਹਣੀ ਲੱਗਦੀ ਹੈ। ਹੋ ਸਕਦਾ
ਜੇਕਰ ਵਪਾਰਕ ਤੌਰ ਤੇ ਖੇਤੀ ਕੀਤੀ ਜਾਵੇ ਤਾਂ, ਵੱਧ ਮੁਨਾਫਾ ਵੀ ਮਿਲ ਜਾਵੇ।
(26/07/2018)
|
|
ਕਿਸ ਕਿਸ ਦੇਖੀ ਹੈ ? |
ਕੋਈ ਜ਼ਮਾਨਾ ਸੀ , ਪਿੰਡੋ ਪਿੰਡ ਸਫਰ ਦਾ
ਸਾਥੀ ਸ਼ੈਂਕਲ (ਸਾਇਕਲ) ਹੀ ਹੁੰਦਾ ਸੀ। ਲੋਕ ਵੀ ਤਕੜੇ ਹੁੰਦੇ ਸਨ ਤੇ ਵਾਟ ਵੀ
ਲੰਬੀ ਕੱਢ ਲੈਂਦੇ ਸਨ। ਸਾਡੇ ਬਾਬਾ ਜੀ ਦੱਸਦੇ ਸਨ ਕਿ ਉਹਨਾਂ ‘47 ਤੋਂ ਪਹਿਲੋਂ
ਕਈ ਵਾਰ ਸੈਕਲ ਤੇ ਹੀ ਲਾਇਲਪੁਰ ਤੋਂ ਜਲੰਧਰ ਗੇੜਾ ਮਾਰ ਜਾਣਾ। ਉਹਨਾਂ ਸਾਇਕਲਾਂ
ਦੀ ਕੀਮਤ ਕੁਝ ਰੁਪਏ ਹੀ ਸੀ ਪਰ ਭਾਰੀ ਲੋਹੇ ਦੇ ਸਨ। ਮਜ਼ਬੂਤ ਬੰਦਿਆਂ ਲਈ
ਮਜ਼ਬੂਤ ਸਾਇਕਲ। ਅੱਜ ਸਾਇਕਲ ਲੱਖਾਂ ਦੇ ਵੀ ਹਨ ਤੇ ਭਾਰ ਐਵੇਂ ਕਿਲੋ ਖੰਡ।
ਸੈਕਲ ਤੇ ਪਿੱਛੇ ਸਮਾਨ ਬੰਨਣ ਲਈ ਕੈਰੀਅਰ ਹੁੰਦਾ ਸੀ। ਪਰ ਲੇਡੀ ਸਾਇਕਲਾਂ ਦੇ
ਅੱਗੇ ਬੈਂਤ ਦੀ ਬਹੁਤ ਹੀ ਖੂਬਸੂਰਤ ਟੋਕਰੀ ਹੁੰਦੀ ਸੀ। ਕਹਿੰਦੇ ਹਨ ਕਿ ਇਹ
ਟੋਕਰੀ ਦੀ ਕਾਢ ਮੇਮਾਂ ਦੇ ਸਾਇਕਲਾਂ ਵਾਸਤੇ ਵਲੈਤ ਵਿਚ ਕੱਢੀ ਗਈ ਸੀ। 60ਵੇਆਂ
ਦੇ ਦੌਰ ਵਿਚ ਇਹ ਟੋਕਰੀ ਹਰ ਸਾਇਕਲ ਦੀ ਸ਼ਾਨ ਸੀ। ਫੇਰ ਇਸਦੀ ਥਾਂ ਲੋਹੇ ਦੀ
ਟੋਕਰੀ ਨੇ ਲੈ ਲਈ। ਸਮੇਂ ਨਾਲ ਸਾਇਕਲਾਂ ਦਾ ਭਾਰ ਘੱਟਦਾ ਗਿਆ ਤੇ ਭਾਅ ਵੱਧਦਾ
ਗਿਆ। ਇਸ ਦੌਰਾਨ ਇਹ ਖੂਬਸੂਰਤ ਟੋਕਰੀ ਕਿੱਥੇ ਗੁੰਮ ਹੋ ਗਈ, ਪਤਾ ਹੀ ਨਾ
ਚੱਲਿਆ। (21/07/2018)
|
|
100 ਸਾਲ ਜੀਣ ਦਾ ਰਾਜ਼ |
ਆਮ ਤੌਰ ਤੇ 60 ਸਾਲ ਦੀ ਉਮਰ ਬਾਅਦ ਬੰਦੇ
ਨੁੰ ਕੋਈ ਨਾ ਕੋਈ ਰੋਗ ਚਿੰਬੜ ਹੀ ਜਾਂਦਾ ਹੈ। ਲੱਖ ਕੋਸ਼ਿਸ਼ ਕਰਨ ਦੇ ਬਾਵਜੂਦ ਵੀ
ਪਾਰੀ 100 ਸਾਲ ਤਕ ਨਹੀਂ ਪਹੁੰਚਦੀ ਹੈ। ਪਿਛਲੇ ਦਿਨੀ ਪੰਜਾਬੀ ਲੇਖਕ ਜਸਵੰਤ
ਸਿੰਘ ਕੰਵਲ ਜੀ ਦਾ 100ਵਾਂ ਜਨਮ ਦਿਨ ਸੀ। ਇਸੇ ਬਹਾਨੇ ਆਪਣੇ ਆਲੇ ਦੁਆਲੇ ਨਜ਼ਰ
ਮਾਰੀ ਤਾਂ ਬੜੇ ਹੈਰਾਨੀ ਕੁਨ ਤੱਥ ਸਾਹਮਣੇ ਆਏ। ਸਭ ਤੋਂ ਵੱਡਾ ਕਾਰਣ ਸੀ, ਇਹਨਾ
ਲੋਕਾਂ ਦਾ ਆਪਣੇ ਪਿੰਡ ਲਾਲ ਜੁੜੇ ਰਹਿਣਾ ਜਾਂ ਪਿੰਡ ਵਿਚ ਰਹਿਣਾ। ਦੂਜਾ ਤੇਜ਼
ਤਰਾਰ ਸੋਚ ਦਾ ਤਿਆਗਣਾ, ਤੀਜਾ ਸਭ ਕੁਝ ਖਾਣਾ ਪਰ ਸੰਜਮ ਵਿਚ ਰਹਿ ਕੇ ਤੇ ਚੌਥਾ
ਇਕੱਲਤਾ ਨੂੰ ਮਾਨਣਾ । ਜੀਵਨ ਸ਼ੈਲੀ ਹੀ ਜੀਵਨ ਦੀ ਉਮਰ ਨਿਰਧਾਰਤ ਕਰਦੀ ਹੈ। ਜੋ
ਲੋਕ ਹਰ ਕਿਸੇ ਨਾਲ ਸ਼ਕ , ਨਫਰਤ ਜਾਂ ਗੁੱਸੇ ਨਾਲ ਹੀ ਵਰਤਦੇ ਹਨ, ਉਹ ਆਪਣੀ ਹੀ
ਉਮਰ ਦੇ ਸਾਲ ਘਟਾ ਲੈਂਦੇ ਹਨ। ਬੇਲੋੜਾ ਲਾਲਚ ਤਾਂ ਲਾਲ ਮਿਰਚਾਂ ਵਾਂਗ ਉਮਰ ਦਾ
ਹਾਜ਼ਮਾ ਖਰਾਬ ਕਰਦਾ ਹੈ। ਭਾਵੇਂ ਉਪਰੋਕਤ ਗੱਲਾਂ ਸਿਆਣਿਆਂ ਨੇ ਪਹਿਲੋਂ ਵੀ
ਕਹੀਆਂ ਹੋਈਆਂ ਹਨ, ਪਰ ਅਸੀਂ ਮੰਨਦੇ ਕਦੋਂ ਹਾਂ। ਇੱਥੇ ਹੀ ਤਾਂ ਬਸ ਮਾਰ ਪੈਂਦੀ
ਹੈ। ਚਲੋ ਹੋਰ ਕੁਝ ਨਹੀਂ ਤਾਂ ਇਕ ਗੇੜਾ ਪਿੰਡ ਦਾ ਹੀ ਮਾਰ ਆਇਆ ਕਰੋ, ਆਪਣਾ
ਨਹੀਂ ਵੀ ਹੈ ਤਾਂ, ਕਿਸੇ ਨੂੰ ਆਪਣਾ ਬਣਾ ਲੋ। (30/06/2018)
|
|
ਇਕ ਵਾਰ ਫੇਰ ਝੋਨਾ |
ਹਰ ਸਾਲ ਝੋਨਾ ਲੱਗਦਾ ਹੈ। ਹਰ ਵਾਰ ਵਾਤਾਵਰਣ
ਪ੍ਰੇਮੀ (?) ਸ਼ੋਰ ਮਚਾਉਂਦੇ ਹਨ ਕਿ ਝੋਨਾ ਬੰਦ ਕਰੋ। ਸਰਕਾਰਾਂ ਨੂੰ ਸਮਝ ਨਹੀਂ
ਲੱਗ ਰਹੀ ਕਿ ਕੀ ਕਰਨ। ਕਦੇ ਉਹ ਝੋਨੇ ਦੀਆਂ ਪੰਜਾਬੋਂ ਬਾਹਰਲੀਆਂ ਕਿਸਮਾਂ ਨੂੰ
ਨਿੰਦਦੇ ਹਨ ਤੇ ਕਦੇ ਪਨੀਰੀ ਤੇ ਪਾਬੰਦੀ ਲਾਉਂਦੇ ਹਨ, ਐਤਕੀ ਤਾਂ ਝੋਨਾ ਲਾਉਣ
ਦੀ ਤਰੀਕ ਹੀ ਮਿੱਥ ਦਿੱਤੀ ਗਈ। ਚਲੋ ਮੰਨ ਲੈਂਦੇ ਹਾਂ ਕਿ ਕੋਈ ਖੋਜ ਹੋਈ
ਹੋਵੇਗੀ, ਪਰ ਇਹ ਖੇਤੀ ਅਧਿਕਾਰੀਆਂ ਦਾ ਫਰਜ਼ ਤਾਂ ਬਣਦਾ ਸੀ ਕਿ ਕਿਸਾਨਾਂ ਨੂੰ
ਕਿਸੇ ਤਰਕ ਜਾਂ ਸੇਧ ਨਾਲ ਸਮਝਾਉਂਦੇ। ਸਿੱਧਾ ਸਰਕਾਰੀ ਡੰਡਾ ਹੀ ਚਲਾ ਦਿੱਤਾ।
ਕਿਸਾਨਾਂ ਵਿਚ ਬੇਵਿਸ਼ਵਾਸ਼ੀ ਹੈ। ਪੰਜਾਬ ਵਿਚ ਜ਼ਿਆਦਾ ਝੋਨਾ ਪੰਜਾਬੋਂ ਬਾਹਰਲੀਆਂ
ਕਿਸਮਾਂ ਦਾ ਹੀ ਲਾਇਆ ਜਾਂਦਾ ਹੈ। ਉਹਨਾਂ ਨੂੰ ਡਰ ਹੈ ਕਿ ਇਹ ਝੋਨਾ ਸਮੇਂ ਸਿਰ
ਪੱਕੇਗਾ ਨਹੀਂ ਤੇ ਫੇਰ ਵੱਧ ਨਮੀ ਦੇ ਬਹਾਨੇ ਕਿਸਾਨਾਂ ਦਾ ਮੰਡੀਆਂ ਵਿਚ ਸ਼ੋਸ਼ਣ
ਹੋਵੇਗਾ। ਸਰਕਾਰ ਨੂੰ ਚਾਹੀਦਾ ਹੈ ਕਿ ਕਿਸਾਨਾਂ ਨੂੰ ਇਸ ਡਰ ਤੋਂ ਮੁਕਤ ਕਰੇ।
ਕਿਸਾਨਾਂ ਨੂੰ ਭਰੋਸੇ ਵਿਚ ਲਵੇ। ਪਾਣੀ ਜ਼ਰੂਰ ਬਚਾਓ, ਪਰ ਕਿਸਾਨ ਨੂੰ ਮਾਨਸਿਕ
ਤੌਰ ਤੇ ਨਾ ਤੜਫਾਓ। (25/06/2018)
|
|
ਮੋੜ ਦਿਓ ਮੇਰੀ ਲੱਝ ਤੇ ਡੋਲ਼ |
ਜੇ ਸਮੇਂ ਨੇ ਆਪਣਾ ਬਦਲਦਾ ਰੰਗ ਦਿਖਾਇਆ ਹੈ
ਤਾਂ ਉਹ ਪਿੰਡਾਂ ਤੇ ਸ਼ਹਿਰਾਂ ਲਈ ਇਕੋ ਜਿਹਾ ਹੈ। ਜੇ ਪਿੰਡ ਚੋਂ ਖੂਹ ਸੁੱਕੇ ਹਨ
ਤਾਂ ਸ਼ਹਿਰਾਂ ਵਿਚੋਂ ਨਲਕੇ ਹੱਥੀਆਂ ਸਣੇ ਗਾਇਬ ਹੋ ਗਏ। ਹਰ ਚੀਜ਼, ਹਰ ਕੰਮ ਦੇ
ਵਿਚ ਬਦਲਾਵ ਆਇਆ ਹੈ ਤੇ ਇਸ ਨੂੰ ਰੋਕਣ ਵਾਲਾ ਵੀ ਕੋਈ ਜੰਮ ਨਹੀਂ ਸਕਿਆ। ਇਸ
ਬਦਲਾਵ ਦੀ ਹਨ੍ਹੇਰੀ ਅੱਗੇ ਕਦੋਂ ਕੋਈ ਟਿਕ ਸਕਿਆ ਹੈ। ਇਸਦੇ ਕਈ ਕਾਰਣ ਹੋ ਸਕਦੇ
ਹਨ, ਪਰ ਸਾਡੇ ਸੁਭਾਅ ਵਿਚ ਆਈ ਕਾਹਲ਼ੀ, ਇਸ ਦਾ ਸਭ ਤੋਂ ਵੱਡਾ ਕਾਰਣ ਹੈ।
ਲੱਖਾਂ ਕਰੋੜਾਂ ਰੁਪਏ ਦੀ ਮਸ਼ੀਨਰੀ ਬੇਕਾਰ ਹੋ ਗਈ। ਇਹ ਵਰਤਾਰਾ ਸਾਰੀ ਦੁਨੀਆ
ਵਿਚ ਵਾਪਰਿਆ ਹੈ, ਮਿਸਾਲ ਦੇ ਤੌਰ ਤੇ ਡਿਜ਼ਟਲ ਫੋਟੋਗਰਾਫੀ ਆਉਣ ਨਾਲ, ਕੈਮਰੇ
ਫਿਲਮਾਂ ਬਨਾਉਣ ਵਾਲੀ ਕੰਪਨੀ ‘ਕੋਡਕ' ਦਾ ਦਿਵਾਲਾ ਨਿਕਲ ਗਿਆ। ਉਸ ਦੇ
ਮੁਕਾਬਲੇ, ਸਾਡੀ ਭੌਣੀ, ਲੱਝ ਤੇ ਡੋਲ਼ ਤਾਂ ਬਹੁਤ ਨਿੱਕੇ ਨੁਕਸਾਨ ਹਨ, ਪਰ ਉਹ
ਛੱਲ ਛੱਲ ਤੇ ਮੌਣ ਨਾਲ ਟਕਰਾ ਕਿ ਠੱਲ ਦੀਆਂ ਆਵਾਜ਼ਾਂ ਦਾ ਬੰਦ ਹੋ ਜਾਣਾ ਅਸਹਿ
ਹੈ। ਬੁੱਲਬੁੱਲ ਵੀ ਹੁਣ ਤਾਜ਼ੇ ਮਿੱਠੇ ਪਾਣੀ ਨੂੰ ਤਰਸਦੀ ਹੈ। (17/06/2018)
|
|
ਅਮਲਤਾਸ ਦੀ ਰੁੱਤੇ |
ਜੇ ਕਿਸੇ ਨੇ ਪੰਜਾਬ ਦੇ ਰੁੱਖਾਂ ਦੀ
ਖੂਬਸੂਰਤੀ ਵੇਖਣੀ ਹੋਵੇ ਤਾਂ ਅਮਲਤਾਸ ਦੀ ਰੁੱਤੇ ਆਵੇ। ਮਿੱਠੇ ਪੀਲੇ ਰੰਗ ਦੇ
ਗੁੱਛੇ, ਸੰਗੀਤਕ ਨਜ਼ਾਰਾ ਪੇਸ਼ ਕਰਦੇ ਹਨ ਤੇ ਮਨੁੱਖ ਨਸ਼ਿਆ ਜਾਂਦਾ ਹੈ। ਜਿੱਥੇ ਇਹ
ਰੁੱਤ ਹਲਕੇ ਰੰਗਾਂ ਦੇ ਫੁੱਲ ਪੇਸ਼ ਕਰਦੀ ਹੈ, ਉੱਥੇ ਹੀ ਸਾਨੂੰ ਯਾਦ ਵੀ
ਕਰਾਉਂਦੀ ਹੈ ਕਿ ਸਾਡੇ ਲਈ ਇਕ ਖਾਸ ਕੰਮ ਕਰਨ ਦੀ ਰੁੱਤ ਵੀ ਆ ਗਈ ਹੈ। ਹੁਣ ਸਭ
ਰੁੱਖਾਂ ਨੂੰ ਫਲ ਲੱਗ ਚੁੱਕਾ ਹੈ, ਪਰ ਹੈ ਹਾਲੇ ਕੱਚਾ। ਅੱਗਲੇ 2 ਹਫਤੇ ਵਿਚ ਸਭ
ਫਲ ਪੱਕਣੇ ਸ਼ੁਰੂ ਹੋ ਜਾਣੇ ਹਨ। ਬਸ ਇਹੀ ਸਮਾਂ ਹੈ, ਗਿੱਟਕਾਂ ਇਕੱਠੀਆਂ ਕਰਨ
ਦਾ। ਜਾਮਣ, ਅੰਬ, ਡੇਕ, ਨਿੰਮ ਆਦਿ ਅਨੇਕਾਂ ਰੁੱਖ ਹਨ, ਜੋ ਗਿੱਟਕ ਤੋਂ ਆਸਾਨੀ
ਨਾਲ ਉਗਾਏ ਜਾਂ ਸਕਦੇ ਹਨ। ਇਸ ਲਈ ਜ਼ਿਆਦਾ ਥਾਂ ਵੀ ਨਹੀਂ ਚਾਹੀਦੀ। ਜੇ ਘੱਟ ਤੋਂ
ਘੱਟ ਵੀ ਕਰੀਏ ਤਾਂ ਹਰ ਘਰ ਵਿਚ 100 ਰੁੱਖ ਦੀ ਪਨੀਰੀ ਤਿਆਰ ਕੀਤੀ ਜਾ ਸਕਦੀ ਹੈ
ਜੋ ਬਾਅਦ ਵਿਚ ਧਰਤੀ ਦੀਆਂ ਖਾਲੀ ਥਾਵਾਂ ਤੇ ਲਗਾ ਕੇ ਪੁੰਨ ਖੱਟਿਆ ਜਾ ਸਕਦਾ
ਹੈ। ਇਹਨਾਂ ਦੇਸੀ ਰੁੱਖਾਂ ਤੇ ਹੀ ਬਾਅਦ ਵਿਚ ਕਲਮ ਲਗਾ ਕੇ ਕਿਸਮ ਬਦਲੀ ਜਾ
ਸਕਦੀ ਹੈ। ਇਸ ਕੰਮ ਲਈ ਸਾਰੇ ਤਿਆਰ ਹੋ ਜਾਵੇ, ਨਹੀਂ ਤਾਂ ਅਮਲਤਾਸ ਦੀ ਰੁੱਤ
ਸਾਲ ਬਾਅਦ ਹੀ ਆਵੇਗੀ, ਤੇ ਰੁੱਖਾਂ ਤੋਂ ਮਿਲਣ ਵਾਲੀ ਅਾਕਸੀਜਨ ਵੀ ਸਾਲ ਲੇਟ ਹੋ
ਜਾਵੇਗੀ । ਸਾਲ ਕੋਈ ਥੋੜਾ ਸਮਾਂ ਨਹੀਂ ਹੁੰਦਾ, ਜੀਵਨ ਵਿਚ ਬਹੁਤ ਕੁਝ ਬਦਲ
ਜਾਂਦਾ ਹੈ। (08/06/2018)
|
|
ਮੇਰਾ ਰੁੰਡ ਮਰੁੰਡ ਪੰਜਾਬ |
ਜਿਉਂ ਜਿਉਂ ਆਬਾਦੀ ਵੱਧੇਗੀ, ਆਵਾਜਾਈ ਵੀ ਵੱਧੇਗੀ ਤੇ ਇਸਦੇ ਨਾਲ ਹੀ ਸੜਕਾਂ
ਦੇ ਜਾਲ ਵਿਛਾਉਣੇ ਪੈਣਗੇ ਤੇ ਮੌਜੂਦਾ ਸੜਕਾਂ ਨੂੰ ਚੌੜਾ ਕਰਨਾ ਪਵੇਗਾ। ਇਸ
ਕਾਰਜ ਲਈ ਸੜਕਾਂ ਕੰਢੇ ਲੱਗੇ ਰੁੱਖ ਪੁੱਟਣੇ ਹੀ ਪੈਣਗੇ, ਇਹ ਵਿਕਾਸ ਅਧਿਕਾਰੀਆਂ
ਦਾ ਮੰਨਣਾ ਹੈ। ਪਰ ਇਹ ਸਾਰਾ ਕੁਝ ਬਹੁਤ ਨੁਕਸਾਨ ਕਰ ਰਿਹਾ ਹੈ। ਖੇਤਾਂ ਵਿਚੋਂ
ਛਾਂ ਦੀ ਮਾਰ ਤੋਂ ਫਸਲਾਂ ਨੂੰ ਬਚਾਉਣ ਦੇ ਬਹਾਨੇ, ਪਹਿਲੋਂ ਹੀ ਲੋਕ ਰੁੱਖ
ਪੁੱਟੀ ਜਾਂਦੇ ਨੇ ਤੇ ਹੁਣ ਸੜਕਾਂ ਦੁਆਲੇ ਲੱਗੇ 50 ਸਾਲ ਤੋਂ ਵੀ ਪੁਰਾਣੇ ਰੁੱਖ
ਸੜਕਾਂ ਦੀ ਹੀ ਭੇਟਾ ਚੜ੍ਹ ਰਹੇ ਨੇ। ਦੁੱਖ ਦੀ ਗੱਲ ਹੈ ਕਿ ਕੋਈ ਵੀ ਸੰਸਥਾ ਜਾਂ
ਮਹਿਕਮਾ ਇਹਨਾਂ ਦੇ ਬਦਲੇ ਰੁੱਖ ਨਹੀਂ ਲਾ ਰਿਹਾ। ਜਦ ਕਈ ਸਾਲ ਪਹਿਲੋਂ ਹੀ (
ਘੱਟੋ ਘੱਟ 5 ਸਾਲ ਤਾਂ) ਪਤਾ ਹੀ ਹੁੰਦਾ ਹੈ ਕਿ ਇਹ ਸੜਕ ਚੌੜੀ ਕਰਨੀ ਹੈ ਜਾਂ
ਨਵੀਂ ਕੱਢਣੀ ਹੈ ਤਾਂ ਕਿਉਂ ਨਹੀ ਉਸ ਅਨੁਸਾਰ ਪਹਿਲੋਂ ਜਦੇ ਹੀ ਰੁੱਖ ਲਾਏ
ਜਾਂਦੇ ? ਸੜਕ ਬਣਦੇ ਵੀ 2–4 ਸਾਲ ਲੱਗ ਜਾਂਦੇ ਹਨ। ਏਨੇ ਚਿਰ ਵਿਚ ਰੁੱਖ
ਆਰਾਮ ਨਾਲ ਛਾਂ ਦੇਣ ਲੱਗ ਜਾਂਦੇ ਹਨ। ਪਰ ਏਥੇ ਕਾਗਜ਼ਾਂ ਚ ਤਾਂ ਹੋ ਸਕਦਾ ਇਹ
ਕਨੂੰਨ ਹੋਵੇ ਪਰ ਅਮਲ ਲਈ ਕਿਸੇ ਕੋਲ ਸਮਾਂ ਨਹੀਂ । ਸਾਰਾ ਢਾਂਚਾ ਹੀ ਵਿਗੜ
ਚੁੱਕਾ ਹੈ, ਹੁਣ ਪੰਜਾਬ ਨੂੰ ਰੁੰਡ ਮਰੁੰਡ ਹੋਣ ਤੋਂ ਬਚਾਉਣਾ ਜੇ ਅਸੰਭਵ ਨਹੀਂ
ਤਾ ਮੁਸ਼ਕਲ ਜ਼ਰੂਰ ਹੈ। (10/05/2018)
|
|
ਭੀੜੇ ਪੁੱਲਾਂ ਤੇ ਹੋ ਗਏ ਟਾਕਰੇ |
ਛੋਟੇ ਹੁੰਦੇ ਕਹਾਣੀ ਸੁਣਦੇ ਹੁੰਦੇ ਸੀ
ਬਈ ਕਿਵੇੱ ਦੋ ਸ਼ੇਰ ਇਕ ਇਕਹਰੀ ਲਕੱੜ ਦੇ ਪੁੱਲ ਤੇ ਦੋਵੇੱ ਪਾਸਿਓਂ ਕੱਠੇ ਆ ਗਏ।
ਹਾਓਮੇ ਤੇ ਨਾਸਮਝੀ ਦੇ ਮਾਰੇ ਲੱੜ ਪਏ ਤੇ ਦੋਵੇਂ ਪਾਣੀ ਵਿਚ ਡਿੱਗ ਪਏ। ਕਦੇ
ਯਕੀਨ ਹੀ ਨਹੀਂ ਸੀ ਆਇਆ ਕਿ ਇੰਝ ਕਿਵੇਂ ਹੋ ਸਕਦਾ ਹੈ। ਇਹ ਗੱਲ ਪ੍ਰਤੱਖ ਦੇਖਣ
ਨੂੰ ਪੰਜਾਹ ਸਾਲ ਲੱਗ ਗਏ। ਪੰਜਾਬੀਆਂ ਦੇ ਸੁਭਾਅ ਵਿਚ ਕਾਹਲ ਤੇ ਬਸ ਇਹ ਸੋਚਣਾ
ਕਿ 'ਮੈਂ ਹੀ ਮੈਂ ' ਹਾਂ। ਸਭ ਥਾਂ ਤੇ ਮੇਰਾ ਹੀ ਹੱਕ ਹੈ, ਕੋਈ ਹੋਰ ਕਿਵੇਂ
ਮੇਰੇ ਤੋਂ ਫਾਇਦਾ ਲੈ ਜੂ, ਖਾਸ ਕਰਕੇ ਜਿਹਦਾ ਪਿੱਛਾ ਪੰਜਾਬੀ ਨਾ ਹੋਵੇ। ਸੜਕਾਂ
ਤੇ ਹੁੰਦੀਆਂ ਰੋਜ਼ ਘਟਨਾਵਾਂ ਦੇ ਪਿੱਛੇ ਇਹੀ ਸੋਚ ਮੂਲ ਰੂਪ ਵਿਚ ਭਾਰੂ ਹੈ।
ਸਦੀਆਂ ਤੋਂ ਅਸੀਂ ਵੱਟਾਂ ਪਿੱਛੇ ਲੜਦੇ ਆ ਰਹੇ ਹਾਂ। ਕਤਲ, ਮਾਰਧਾੜ ਕਰਦੇ ਆ
ਰਹੇ ਹਾਂ, ਧਰਤੀ ਤੇ ਕਬਜ਼ਾ ਕਰਨ ਦੀ ਰੀਝ ਰੱਖਦੇ ਆ ਰਿਹੇ ਹਾਂ, ਜਦ ਕਿ ਸਚ ਇਹ
ਹੈ ਕਿ ਧਰਤੀ ਕਿਸੇ ਦੀ ਨਹੀਂ ਹੁੰਦੀ। ਲੱਖਾਂ ਰਾਜੇ ਮਾਹਰਾਜੇ ਲੱੜਦੇ ਮਰ ਗਏ,
ਪਰ ਅੱਜ ਕਿੱਥੇ ਹਨ, ਉਹਨਾਂ ਦੇ ਕਬਜ਼ੇ ? ਵੱਡੇ ਵੱਡੇ ਕਿਲਿਆਂ ਵਿਚ ਵੀ ਮਾਲਕ
ਕਬੂਤਰ ਤੇ ਤੋਤੇ ਹੀ ਹਨ। ਸਹਿਜ ਨਾਲ ਤੇ ਸਮਝ ਨਾਲ ਜੀਣਾ ਜੋ ਜੋ ਪੰਜਾਬੀ ਸਿੱਖ
ਗਏ, ਸਮਝੋ, ਉਹ ਦੁਨੀਆ ਤੇ ਰਾਜ ਕਰ ਜਾਣਗੇ। (04/05/2018)
|
|
ਕੌਣ ਪਿਲਾਊ ਪਾਣੀ |
ਗਰਮੀ ਦਾ ਮੌਸਮ ਸ਼ੁਰੂ ਹੋ ਚੁੱਕਾ ਹੈ। ਹਰੇਕ
ਜੀਵ ਨੂੰ ਪਿਆਸ ਲੱਗਦੀ ਹੈ ਤੇ ਪਾਣੀ ਪੀਣ ਦੀ ਲੋੜ ਮਹਿਸੂਸ ਹੁੰਦੀ ਹੈ। ਮਨੁੱਖ
ਤਾਂ ਤਰੱਦਦ ਕਰਕੇ ਆਪਣੇ ਘਰ ਜਾਂ ਕੰਮ ਤੇ ਪਾਣੀ ਦਾ ਪ੍ਰਬੰਧ ਕਰ ਹੀ ਲੈਂਦਾ ਹੈ।
ਪਰ ਪੰਛੀ, ਪਰਿੰਦੇ, ਜਾਨਵਰ ਕਿੱਥੇ ਜਾਣ। ਸਾਡੇ ਪਿੰਡਾਂ ਵਿਚ ਛੱਪੜ ਜਾਂ ਟੋਬੇ
ਇਹਨਾਂ ਲਈ ਹੁੰਦੇ ਸਨ, ਹੁਣ ਵੀ ਹਨ। ਪਰ, ਇਹਨਾਂ ਵਿਚਲਾ ਪਾਣੀ
ਅਸੀਂ ਗੰਦੀਆਂ ਨਾਲੀਆਂ ਪਾਕੇ ਪੀਣ ਜੋਗਾ ਰਹਿਣ ਹੀ ਨਹੀ ਦਿੱਤਾ। ਇਹ ਪਾਣੀ ਹਰ
ਤਰ੍ਹਾਂ ਦੀ ਬਿਮਾਰੀ ਦਾ ਘਰ ਹੈ। ਇਹਨੂੰ ਪੀਣ ਨਾਲ ਪੰਛੀਆਂ ਦੀ ਮੌਤ ਯਕੀਨੀ ਹੈ।
ਇਹੋ ਜਿਹੇ ਸਮੇਂ ਵਿਚ ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਅਸੀਂ, ਕਿਸੇ ਨਾ ਕਿਸੇ
ਭਾਂਡੇ ਵਿਚ ਪਾਣੀ ਪਾ ਕੇ, ਕਿਸੇ ਕੰਧ ਕੋਠੇ ਤੇ ਰੱਖੀਏ। ਖੇਤਾਂ ਵਿਚ ਵੀ ਅੱਧੇ
ਝੱਕਰੇ ਰੱਖੇ ਜਾ ਸਕਦੇ ਹਨ। ਟਿਊਵੈੱਲ ਦਾ ਚੁਬੱਚਾ ਜਾਂ ਚਲ੍ਹਾ ਪਾਣੀ ਭਰ ਕੇ
ਛੱਡਿਆ ਜਾ ਸਕਦਾ ਹੈ। ਪਾਣੀ ਦੀ ਲੋੜ ਸਿਰਫ ਪੰਛੀਆਂ ਨੂੰ ਹੀ ਨਹੀਂ ਹੁੰਦੀ,
ਕਾਟੋ, ਬਿੱਲੀਆਂ, ਕਤੂਰੇ ਆਦਿ ਨੂੰ ਵੀ ਚਾਹੀਦਾ ਹੁੰਦਾ। ਇਹ ਕੰਮ ਕਰ ਕੇ ਦੇਖੋ,
ਮਨ ਨੂੰ ਸ਼ਾਂਤੀ ਤੇ ਸਕੂਨ ਮਿਲੇਗਾ। (27/04/2018)
|
|
ਪਿੰਡ ਪਹੁੰਚੇ ਪ੍ਰਦੇਸ |
ਪੰਜਾਬੀ ਜਿੱਥੇ ਵੀ ਜਾਂਦੇ ਹਨ, ਆਪਣੇ
ਪਿਛੋਕੜ ਨੂੰ ਨਾਲ ਹੀ ਲੈ ਜਾਂਦੇ ਹਨ। ਆਪਣੀਆਂ ਚੰਗੀਆਂ ਜਾਂ ਮੰਦੀਆਂ ਆਦਤਾਂ
ਵੀ। ਖਾਣ ਪੀਣ ਦਾ ਸੁਭਾਅ ਵੀ। ਹੁਣ ਵਿਦੇਸ਼ਾਂ ਵਿਚ ਸਾਗ ਮੱਕੀ ਦੀ ਰੋਟੀ ਵੀ
ਦੁਰਲੱਭ ਵਸਤੂ ਨਹੀਂ ਹੈ। ਕਾਰਾਂ ਤੇ ਖੰਡੇ, ਜਾਂ ਦੇਸੀ ਨੰਬਰ ਪਲੇਟਾਂ ਆਮ ਹਨ।
ਖੇਡ ਮੇਲਿਆਂ ਤੇ ਲੱਖਾਂ ਦੇ ਕੱਠ ਹੋਣ ਲੱਗ ਪਏ ਹਨ। ਗਿੱਧੇ, ਭੰਗੜੇ ਆਮ ਹਨ।
ਕਬੱਡੀ ਤੇ ਦਾਅ ਲੱਗਣ ਲੱਗ ਪਏ ਹਨ। ਇਕ ਇਕ ਸ਼ਹਿਰ ਵਿਚ ਕਈ ਕਈ ਪੰਜਾਬੀ ਰੇਡੀਓ
ਟੀਵੀ ਚੈਨਲ ਆਮ ਹਨ। ਕਈ ਅਖਬਾਰਾਂ ਨਿਕਲਣ ਲੱਗ ਪਈਆਂ ਹਨ। ਸਿਆਸੀ ਗਲਿਆਰਿਆਂ
ਵਿਚ ਪੰਜਾਬੀਆਂ ਨੇ ਥਾਂ ਬਣਾ ਲਈ ਹੈ। ਬਹੁਤੇ ਇਮਾਨਦਾਰੀ ਤੇ ਮਿਹਨਤ ਦੀ ਕਮਾਈ
ਕਰਦੇ ਹਨ, ਪਰ ਕਈ ਵਿਚੋਂ ਕੁੰਢੀ ਵੀ ਲਾ ਜਾਂਦੇ ਹਨ। ਘਰ ਵੀ ਇਕੱਠੇ ਲੈਂਦੇ ਹਨ
ਤੇ ਫਿਰ ਦੇਸੀ ਪਿੰਡਾਂ ਵਾਲੇ ਨਾਮ ਰੱਖ ਲੈਂਦੇ ਹਨ। ਅੱਜ ਦਾ ਸੱਚ ਇਹ ਵੀ ਹੈ ਕਿ
ਪੰਜਾਬ ਦੇ ਮੱਧ ਵਰਗੀ ਪ੍ਰੀਵਾਰਾਂ ਦੇ ਬਹੁਤੇ ਬੱਚੇ ਬਾਹਰ ਚੱਲੇ ਗਏ ਹਨ ਜਾਂ
ਜਾਣ ਲਈ ਤਿਆਰ ਬੈਠੇ ਹਨ। ਘਰਾਂ ਦੇ ਘਰ ਖਾਲੀ ਹੋ ਰਹੇ ਹਨ। ਕਾਲਜਾਂ ਵਿਚ ਹਾਜ਼ਰੀ
ਘੱਟ ਰਹੀ ਹੈ। ਆਉਣ ਵਾਲੇ ਸਮੇਂ ਵਿਚ ਕਈ ਕਾਲਜ ਬੰਦ ਹੋਣ ਦੀ ਉਮੀਦ ਹੈ। ਇਸ
ਪਿੱਛੇ, ਸਿਆਸੀ ਦੂਰ ਅੰਦੇਸ਼ੀ ਦੀ ਘਾਟ ਤੇ ਆਰਥਿਕ ਲੋੜਾਂ ਦਾ ਪੂਰਾ ਨਾ ਹੋਣਾ
ਮੁੱਖ ਕਾਰਣ ਮੰਨੇ ਜਾ ਸਕਦੇ ਹਨ। ਖੈਰ ਜੋ ਵੀ ਹੈ, ਜਿਵੇਂ ਵੀ ਹੈ, ਜਿੱਥੇ ਵੀ
ਹੈ, ਇਕ ਗੱਲ ਤਾਂ ਪੱਕੀ ਹੈ ਕਿ ਪੰਜਾਬੀਆਂ ਨੇ ਪੰਜਾਬੀ ਤੇ ਪੰਜਾਬੀਅਤ
ਮਰਨ ਨਹੀਂ ਦੇਣੀ। (17/04/2018)
|
|
ਗੂੰਦ ਨਾ ਜੋੜੇ ਟੁੱਟੇ ਦਿਲ |
ਸਾਡੇ ਪਿੰਡਾਂ ਵਿਚ ਲੋਕ ਆਮ ਤੌਰ ਤੇ ਦੋ ਹੀ
ਤਰ੍ਹਾਂ ਦੀ ਗੂੰਦ ਬਾਰੇ ਜਾਣਦੇ ਹਨ, ਜੋੜਨ ਵਾਲੀ ਕਿੱਕਰ ਦੀ ਗੂੰਦ ਤੇ ਖਾਣ
ਵਾਲਾਂ ਗੂੰਦ ਕਤੀਰਾ। ਪਰ ਗੂੰਦ ਦੀਆਂ ਸੈਂਕੜੇ ਕਿਸਮਾਂ ਹਨ। ਹਰ ਰੁੱਖ ਜਾਂ
ਪੌਦਾ ਗੂੰਦ ਪੈਦਾ ਕਰਦਾ ਹੈ। ਮੁੱਖ ਤੌਰ ਤੇ ਸਮੁੰਦਰੀ ਜਾਂ ਦਰਿਆਈ ਪੌਦੇ
ਚਾਰ ਕਿਸਮ ਦੀ ਤੇ ਧਰਤੀ ਦੇ ਰੁੱਖ 10 ਕਿਸਮ ਅਤੇ ਬਾਕੀ ਚੀਜ਼ਾਂ ਵੀ ਚਾਰ ਕਿਸਮ
ਦੇ ਗੂੰਦ ਪੈਦਾ ਕਰਦੇ ਹਨ। ਇਹਨਾਂ ਨੂੰ ਵਿਗਿਆਨਕ ਤੌਰ ਤੇ E400 ਤੋਂ ਨੰਬਰ
ਦਿੱਤੇ ਜਾਂਦੇ ਹਨ। ਗੂੰਦ ਇਕ ਅਜਿਹੀ ਵਸਤੂ ਹੈ ਜੋ ਦੋ ਚੀਜ਼ਾਂ ਨੂੰ ਆਪਸ ਵਿਚ
ਜੋੜ ਦਿੰਦੀ ਹੈ। ਪਰ ਮਨੁੱਖ ਦੇ ਟੁੱਟੇ ਦਿਲਾਂ ਨੂੰ ਗੂੰਦ ਨਹੀਂ , ਮੁਆਫੀ ਹੀ
ਜੋੜ ਸਕਦੀ ਹੈ। ਫੇਰ ਵੀ ਜੇਕਰ ਕੋਈ ਧੋਖਾ ਕਰੇ, ਨੁਕਸਾਨ ਕਰੇ, ਬਦਨਾਮੀ
ਕਰੇ, ਜਾਂ ਦੁਖੀ ਕਰੇ, ਉਸਨੂੰ ਮੁਆਫ ਤਾਂ ਕੀਤਾ ਜਾ ਸਕਦਾ ਹੈ, ਪਰ
ਭੁਲਾਇਆ ਨਹੀਂ ਜਾ ਸਕਦਾ। ਕਾਸ਼ ਕੋਈ ਇਹਨਾਂ ਦਰਦਾਂ ਨੂੰ ਭੁਲਾਉਣ
ਵਾਲੀ ਗੂੰਦ ਲੱਭ ਪਵੇ। (22/03/2018)
|
|
ਖਾ ਕੇ ਛੱਲੀਆਂ, ਉੱਡ ਗਏ ਕਾਂ |
ਕਾਂ ਇਕ ਸ਼ੈਤਾਨ ਪੰਛੀ ਹੈ। ਇਸ ਨੂੰ ਪਤਾ ਹੁੰਦਾ ਕੇ, ਕਿੱਥੇ ਭੋਜਨ ਪਿਆ
ਹੈ ਅਤੇ ਉਹ ਪ੍ਰਾਪਤ ਕਿਵੇਂ ਕਰਨਾ ਹੈ। ਜਦੋਂ ਵੀ ਫਸਲਾਂ ਖਾਣ ਯੋਗ ਹੋ ਜਾਂਦੀਆਂ
ਹਨ ਤਾਂ ਇਸਦੀ ਤੇਜ਼ ਅੱਖ ਤੇ ਤਰਾਰ ਦਿਮਾਗ ਵਾਧੂ ਕੰਮ ਕਰਨ ਲੱਗ ਪੈਂਦੇ ਹਨ। ਇਹ
ਕਾਰਣ ਹੈ ਕਿ ਇਹ ਕਦੇ ਭੁੱਖਾ ਨਹੀਂ ਮਰਦਾ। ਆਪ ਇਹ ਉਹਨਾਂ ਰੁੱਖਾਂ ਤੇ ਆਲਹਣਾ
ਪਾਉਂਦਾ ਹੈ, ਜਿੱਥੋਂ, ਕਿਸੇ ਨੂੰ , ਕਦੇ ਵੀ, ਕੁਝ ਵੀ ਪ੍ਰਾਪਤ ਨਹੀਂ ਹੋ
ਸਕਦਾ। ਇਸ ਦੇ ਕੋੜਮੇ ਵਿਚ ਹੋਰ ਪਰਜੀਵ ਵੀ ਆਉਂਦੇ ਹਨ। ਧਿਆਨ ਨਾਲ ਵੇਖੋ, ਸਾਡੇ
ਧਨ ਉੱਤੇ, ਕਿੰਨੇ ਹੋਰ ਲੋਕਾਂ ਦੀ ਅੱਖ ਹੁੰਦੀ ਹੈ। ਸਾਨੂੰ ਤਾਂ ਪਤਾ ਵੀ ਨਹੀ
ਲੱਗਦਾ ਕਿ ਕਦੋਂ ਕੋਈ ਠੂੰਗਾ ਮਾਰ ਗਿਆ। ਛੋਟੀ ਉਮਰੇ ਤਾਂ , ਬੱਚੇ ਦੇ ਹੱਥ ਚੋਂ
ਕੁੱਤਾ ਵੀ ਰੋਟੀ ਖੋਹ ਕੇ ਭੱਜ ਜਾਂਦਾ ਹੈ। ਬਾਕੀ ਉਮਰੇ ਵੀ, ਕਈ ਤਰ੍ਹਾਂ
ਦੇ ਲਾਲਚ ਦੇਕੇ, ਕਦੇ ਨੋਕਰੀ ਦੇ ਸੁਪਨੇ, ਕਦੇ ਰਾਤੋ ਰਾਤ ਅਮੀਰ ਬਨਾਉਣ ਦਾ
ਲਾਲਚ, ਕਦੇ ਵਿਦੇਸ਼ੀ ਝਾਂਸੇ, ਕਦੇ ਬਿਜਲੀ ਮਾਫ਼, ਕਦੇ ਕਰਜ਼ੇ ਮਾਫ਼, ਕਦੇ
ਅੱਛੇ ਦਿਨਾਂ ਦੇ ਵਾਅਦੇ, ਕਦੇ ਆਹ, ਕਦੇ ਓਹ, ਗੱਲ ਕੀ ਸਭ ਸਾਡੀਆਂ
ਛੱਲੀਆਂ ਚੁੱਗਣ ਦੇ ਫਾਰਮੂਲੇ ਹਨ। ਕਮਾਈਏ ਅਸੀਂ ਤੇ ਖਾਣ ਉਹ। ਵਾਹ ਤੇਰੀ
ਕੁਦਰਤ। (14/03/2018)
|
|
ਜਦੋਂ ਉੱਲਝ ਜਾਵੋਂ ! |
ਦੇਰ ਸਵੇਰ ਹਰ ਬੰਦੇ ਤੇ ਇਕ ਸਮਾਂ ਆਉਂਦਾ ਹੈ, ਜਦੋਂ ਉਸਨੂੰ ਇਹ ਨਹੀਂ
ਪਤਾ ਲੱਗਦਾ ਕੇ, ਹੁਣ ਕੀ ਕੀਤਾ ਜਾਵੇ ? ਇਹ ਜਾਤੀ ਰਿਸ਼ਤੇਆਂ ਨਾਲ ਸੰਚਾਰ ਵੀ ਹੋ
ਸਕਦਾ ਹੈ। ਇਹ ਕੰਮ ਕਾਰ ਵਿਚ ਅੱਗੇ ਵੱਧਣ ਜਾਂ ਬੰਦ ਕਰਨ ਦਾ ਫੈਸਲਾ ਵੀ ਹੋ
ਸਕਦਾ ਹੈ। ਇਹ ਕਿਹੜੀ ਫਸਲ ਬੀਜਣ ਦਾ ਉੱਲਝਾਅ ਵੀ ਹੋ ਸਕਦਾ ਹੈ। ਰਵਾਇਤੀ
ਝੋਨੇ–ਕਣਕ ਚੋਂ ਨਿਕਲਣ ਲਈ ਹੱਥ ਪੈਰ ਮਾਰਨਾ ਵੀ ਹੋ ਸਕਦਾ ਹੈ। ਮਨੁੱਖੀ ਮਨ ਨੂੰ
ਉੱਲਝਾਣ ਲਈ ਲੱਖਾਂ ਹਾਲਾਤ ਬਣ ਸਕਦੇ ਹਨ। ਬਹੁਤੀ ਵਾਰੀ ਅਸੀਂ, ਦੂਸਰਿਆਂ ਵੱਲ
ਵੇਖ ਕੇ ਨਕਲ ਕਰਨਾ ਚਾਹੁੰਦੇ ਹਾਂ, ਜਾਂ ਫੇਰ ਅੱਧੇ ਗਿਆਨ ਵਾਲੇ ਦੇ ਮਗਰ ਲੱਗ
ਜਾਂਦੇ ਹਾਂ। ਕਈ ਵਾਰੀ ਤਾਂ ਸਾਨੂੰ ਦੂਜੇ ਦੀ ਥਾਲੀ ਵਿਚ ਪਿਆ ਲੱਡੂ, ਵੱਡਾ
ਲੱਗਣ ਲੱਗ ਪੈਂਦਾ ਹੈ। ਅਸਲ ਵਿਚ ਉਲਝਾਅ ਉਦੋਂ ਪੈਦਾ ਹੁੰਦਾ ਹੈ ਜਦ ਅਸੀਂ
ਮਿਹਨਤ ਕੀਤੇ ਬਗੈਰ ਹੀ ਫ਼ਲ ਪਾਉਣਾ ਚਾਹੁੰਦੇ ਹਾਂ ਤੇ ਉਹ ਵੀ ਦੂਸਰਿਆਂ ਤੋਂ
ਪਹਿਲੋਂ। ਸਾਡਾ ਲਾਲਚ ਤੇ ਸਾਡੀ ਕਾਹਲ਼ੀ ਹੀ ਸਾਡੇ ਲਈ ਗਲ਼ ਦੀ ਹੱਡੀ ਬਣ ਜਾਂਦੇ
ਹਨ। ਜਦੋਂ ਵੀ ਕਿਸੇ ਨੇ ਸਬਰ ਤੇ ਸਹਿਜ ਨਾਲ ਕੰਮ ਕੀਤਾ ਹੈ, ਸਫ਼ਲਤਾ ਜ਼ਰੂਰ ਮਿਲੀ
ਹੈ। ਜੇ ਮੰਜ਼ਿਲ ਦਾ ਟੀਚਾ ਪਤਾ ਹੋਵੇ ਤੇ ਮਿਹਨਤ ਕਰੋ ਤਾਂ, ਸੂਰਜ ਦੀਆਂ ਕਿਰਨਾਂ
ਦੇ ਦਰਸ਼ਨ ਜ਼ਰੂਰ ਹੋਣਗੇ। (08/03/2018)
|
|
ਸਸਤੇ ਭਾਅ, ਮਹਿੰਗਾ ਫ਼ਲ |
ਜੇ ਬਜ਼ਾਰ ਚੋਂ ਸਟਰਾਅਬੈਰੀ ਦਾ ਫ਼ਲ ਲੈਣਾ ਹੋਵੇ ਤਾਂ ਜੇਬ ਵਿਚ ਮੋਰੀ ਹੋ
ਜਾਂਦੀ ਹੈ। ਦਿਲ ਤਾਂ ਹਰੇਕ ਦਾ ਕਰਦਾ ਹੈ ਕਿ ਸੋਹਣਾ ਤੇ ਮਹਿੰਗਾ ਫ਼ਲ ਖਾਧਾ
ਜਾਵੇ। ਜੇ ਥੋੜੀ ਜਿਹੀ ਹਿੰਮਤ ਕਰ ਲਵੋ ਤਾਂ ਇਹ ਬਹੁਤ ਸੌਖਾ ਹੈ। ਇਕ ਚੌੜਾ
ਗਮਲਾ ਤਿਆਰ ਕਰ ਲਵੋ। ਆਮ ਨਰਸਰੀਆਂ ਚੋਂ ਸਟਰਾਅ ਬੈਰੀ ਦੇ ਬੂਟੇ 10 ਤੋਂ
20 ਰੁਪਏ ਦੇ ਹਿਸਾਬ ਮਿਲ ਜਾਂਦੇ ਹਨ। ਕੋਸ਼ਿਸ਼ ਕਰੋ ਕਿ ਫਰਵਰੀ ਦੇ ਅੱਧ ਤਕ ਲੱਗ
ਜਾਣ। ਵੈਸੇ ਮਾਰਚ ਵਿਚ ਵੀ ਲੱਗ ਜਾਂਦੀ ਹੈ। ਇਸਦੇ ਪੱਤਿਆਂ ਅਤੇ ਫ਼ਲ ਥੱਲੇ
ਪਲਾਸਟਿਕ ਵਿਛਾਅ ਦੇਵੋ। ਪਾਣੀ ਕੋਸ਼ਿਸ਼ ਕਰੋ ਕਿ ਸਿਰਫ ਜੜ੍ਹਾਂ ਨੂੰ ਹੀ ਦਿੱਤਾ
ਜਾਵੇ। ਇਹ ਬਹੁਤ ਹੀ ਗੁਣਕਾਰੀ ਫ਼ਲ ਹੈ। ਇਸ ਵਿਚ ਫੈਟ 0.3, ਸ਼ੂਗਰ 5 ਅਤੇ
ਵਿਟਾਮਿਨ 97 ਪ੍ਰਤੀਸ਼ਤ ਹੁੰਦਾ ਹੈ। ਇਸਦੀਆਂ 200 ਦੇ ਕਰੀਬ ਕਿਸਮਾਂ ਹਨ ਤੇ ਇਹ
80 ਕਿਸਮ ਦੀ ਮਹਿਕ ਦੇ ਸਕਦੀ ਹੈ। ਚਿੱਲੀ ਦੇਸ਼ ਵਿਚ ਇਸਦੀ ਖੇਤੀ ਸੰਨ 1550 ਤੋਂ
ਹੋ ਰਹੀ ਹੈ। ਥੋੜੀ ਸੰਭਾਲ ਤਾਂ ਕਰਨੀ ਪਵੇਗੀ, ਕਿਉਂਕਿ ਕਈ ਆਮ ਕੀੜੇ ਇਸ ਨੂੰ
ਲੱਗ ਸਕਦੇ ਹਨ, ਨਾਲੇ ਕਈ ਵਾਰੀ ਛੋਟੀਆਂ ਚਿੜੀਆਂ, ਸਾਡੇ ਤੋੜਨ ਤੋਂ ਪਹਿਲੋਂ ਹੀ
ਠੁੰਗ ਮਾਰ ਜਾਂਦੀਆਂ ਹਨ। (02/03/2018)
|
|
ਚੀਸ ਹਾਲੇ ਬਾਕੀ ਹੈ |
ਜਿਵੇਂ ਸ਼ੇਰਾਂ ਦੀ ਖੁਰਾਕ ਖਰਗੋਸ਼ ਹੁੰਦੇ ਹਨ, ਬਿਲਕੁਲ ਇਵੇਂ ਹੀ ਸਿਆਸਤ
ਦੀ ਖੁਰਾਕ, ਆਮ ਖਲਕਤ ਹੁੰਦੀ ਹੈ। ਖਲਕਤ ਨੇ ਕੰਮ ਕਰਨਾ ਹੁੰਦਾ ਹੈ ਤੇ ਸਿਆਸਤ
ਦੇ ਖਰਚੇ ਚੁੱਕਣੇ ਹੁੰਦੇ ਹਨ। ਇਹ ਸਦੀਆਂ ਤੋਂ ਚੱਲਦਾ ਆ ਰਿਹਾ ਤੇ ਸ਼ਾਇਦ ਸਦੀਆਂ
ਤਕ ਚੱਲਦਾ ਰਹੇ। ਸਿਆਸਤ ਨੇ ਹੀ ਮਾੜੇ ਡਾਕਟਰ ਵਾਂਗ, ਲੋਕਾਂ ਨੂੰ ਡਰਾ ਕੇ
ਰੱਖਣਾ ਹੁੰਦਾ ਕਿ ਤੁਹਾਡੀ ਹੋਂਦ ਨੂੰ, ਤੁਹਾਡੀ ਆਸਥਾ ਨੂੰ, ਬਾਹਰੀ ਖਤਰਾ ਹੈ।
ਅਸੀਂ ਹੀ ਤੁਹਾਨੂੰ ਬਚਾਉਣ ਦੇ ਸਮਰੱਥ ਹਾਂ। ਡਰਦੇ ਲੋਕ, ਕਦੇ ਕਿਸੇ ਨੂੰ ਤੇ
ਕਦੇ ਕਿਸੇ ਨੂੰ ਸਤਾ ਸੌਂਪਦੇ ਰਹਿੰਦੇ ਹਨ, ਪਰ ਨਤੀਜੇ ਚ ਕਦੇ ਵੀ ਬਦਲਾਵ ਨਹੀਂ
ਆਉਂਦਾ। ਇਹੀ ਵਰਤਾਰਾ ਥੌੜੇ ਬਹੁਤੇ ਫਰਕ ਨਾਲ, ਸਾਰੀ ਦੁਨੀਆ ਦੇ ਵਿਚ ਵਾਪਰਦਾ
ਹੈ। ਵੱਡਾ ਮਸਲਾ ਉਦੋਂ ਪੈਦਾ ਹੁੰਦਾ ਹੈ, ਜਦ ਰਾਜ ਸੱਤਾ ਲੈਣ ਲਈ, ਲੋਕਾਂ ਨੂੰ,
ਕਿਸੇ ਨਾ ਕਿਸੇ ਬਹਾਨੇ ਵੰਡ ਦਿੱਤਾ ਜਾਂਦਾ ਹੈ, ਘਰੋਂ, ਬੇਘਰ ਕਰ ਦਿੱਤਾ ਜਾਂਦਾ
ਹੈ। ਬਚਪਨ, ਜੁਆਨੀ, ਬੁਢਾਪਾ ਖਤਮ ਕਰ ਦਿੱਤਾ ਜਾਂਦਾ ਹੈ। ਪਿਛਲੀ ਸਦੀ ਦਾ ਸਭ
ਤੋਂ ਵੱਡਾ ਦੁਖਾਂਤ 1947 ਵਿਚ ਹੋਇਆ। ਬੜੀ ਹੀ ਬੇਦਰਦੀ ਨਾਲ ਘੁੱਗ ਵੱਸਦੇ
ਲੋਕਾਂ ਨੂੰ ਲਹੂ ਲੁਹਾਨ ਕਰ ਦਿੱਤਾ ਗਿਆ। ਸਰਹੱਦ ਦੇ ਦੋਵੇਂ ਪਾਸੇ, ਆਸਥਾ ਲੀਰੋ
ਲੀਰ ਕਰ ਦਿੱਤੀ ਗਈ। ਲੱਖਾਂ ਲਾਸ਼ਾਂ, ਕਾਵਾਂ, ਕੁੱਤਿਆਂ ਦੀ ਖੁਰਾਕ ਬਣੀਆਂ।
ਛੋਟੇ ਬੱਚੇ, ਜੋ ਚਰੀਆਂ, ਮੱਕੀਆਂ, ਕਮਾਦਾਂ ਚ ਲੁੱਕ ਕੇ ਬੱਚ ਗਏ, ਅੱਜ ਸਰਹੱਦ
ਦੇ ਦੋਵੇ ਪਾਸੇ, 80 ਤੋਂ 90 ਸਾਲ ਨੂੰ ਢੁੱਕ ਚੁੱਕੇ ਹਨ। ਅੱਜ ਵੀ ਉਹਨਾਂ ਦੇ
ਵਡੇਰੇ ਉਹਨਾਂ ਨੂੰ ਖੂਨ ਨਾਲ ਲੱਥ ਪੱਥ ਹੋਏ ਦਿਸ ਰਹੇ ਹਨ। ਇਕ ਚੀਸ ਅੱਜ ਵੀ
ਉਹਨਾਂ ਦੇ ਅੰਦਰੋਂ ਉੱਠ ਪੈਂਦੀ ਹੈ, ਜਦ ਮੇਰੇ ਵਰਗਾ ਕੋਈ, ਉਹਨਾਂ ਨਾਲ
ਇਤਿਹਾਸ ਦਾ ਸੱਚ ਜਾਨਣ ਲਈ ਗੱਲ ਕਰਦਾ ਹੈ। (28/02/2018)
|
|
ਆਪਣੀ ਪੰਜਾਬੀ ਹੋਵੇ |
|
ਅੱਜ ਹਰ ਪਾਸੇ ਆਪੋ
ਆਪਣੀ ਮਾਤ ਭਾਸ਼ਾ ਨੁੰ ਬਚਾਉਣ ਦਾ ਰੌਲਾ ਹੈ। ਕੀ ਪਿੰਡ ਤੇ ਕੀ ਸ਼ਹਿਰੀ, ਸਭ
ਸਮਝਦੇ ਤਾਂ ਹਨ, ਪਰ ਜਦੋਂ ਅਮਲ ਦੀ ਵਾਰੀ ਆਉਂਦੀ ਹੈ ਤਾਂ ਸਭ ਅੱਗ ਲੱਗੀ ਵਾਂਗ
ਇਸ ਤੋਂ ਦੂਰ ਭੱਜ ਜਾਂਦੇ ਹਨ। ਪਤਾ ਨਹੀਂ ਕਿਉਂ ਅਸੀਂ ਇਹੀ ਆਪਣੇ ਅੰਦਰ ਭਰਮ
ਪਾਲ਼ੀ ਬੈਠੇ ਹਾਂ ਕਿ ਪੰਜਾਬੀ ਸਿੱਖਣ ਨਾਲ ਗੁਜ਼ਾਰਾ ਨਹੀਂ ਹੋਣਾ। ਇਹ ਬਿਲਕੁਲ
ਸੱਚ ਹੋ ਸਕਦਾ ਹੈ, ਪਰ ਯਾਦ ਰੱਖੋ, ਜਿਹਨੂੰ ਆਪਣੀ ਪੂਰੀ ਮਾਤ ਭਾਸ਼ਾ ਨਹੀਂ
ਆਉਂਦੀ ਉਹ ਦੂਜੀ ਭਾਸ਼ਾ ਵੀ ਸਹੀ ਨਹੀਂ ਸਿੱਖ ਸਕਦਾ। ਇਹ ਸਾਡੇ ਲਈ ਮਾਣ ਵਾਲੀ
ਗੱਲ ਹੈ ਕਿ ਅਸੀਂ ਪੰਜਾਬੀ , ਦੁਨੀਆਂ ਦੀਆਂ ਉਹਨਾਂ 5 ਕੌਮਾਂ ਵਿਚੋਂ ਹਾਂ, ਜੋ
ਹਰ ਤਰ੍ਹਾਂ ਦੀ ਆਵਾਜ਼ ਪੈਦਾ ਕਰ ਸਕਦੇ ਹਾਂ। ਬਹੁਤ ਸਾਰੀਆਂ ਕੌਮਾਂ, ਕਈ ਅੱਖਰ
ਹੀ ਨਹੀਂ ਬੋਲ ਸਕਦੀਆਂ, ਖਾਸ ਕਰਕੇ, ਡ, ਢ, ੜ, ਣ, ਟ, ਙ, ਞ ਥ ਆਦਿ। ਇਸੇ
ਕਰਕੇ ਮੇਰੇ ਵਰਗਾ ਵੀ ਜੋ ਦੇਸੀ ਤੇ ਸਰਕਾਰੀ ਸਕੂਲ ਚ ਪੜਿਆ ਵੀ, ਬਹੁਤੇ
ਅੰਗਰੇਜ਼ੀ ਪ੍ਰੋਫੈਸਰਾਂ ਨਾਲੋਂ ਵਧੀਆ ਅੰਗਰੇਜ਼ੀ ਬੋਲ ਲੈਂਦਾ ਹਾਂ। ਭਾਸ਼ਾ ਰੁਜ਼ਗਾਰ
ਵਿਚ ਸਹਾਈ ਹੁੰਦੀ ਹੈ, ਰੁਜ਼ਗਾਰ ਭਾਸ਼ਾ ਨਾਲ ਨਹੀਂ ਮਿਲਦਾ। ਰੁਜ਼ਗਾਰ ਲਈ ਸਮਝ
ਚਾਹੀਦੀ ਹੈ ਤੇ ਸਮਝ ਦਾ ਮੂਲਮੰਤਰ, ਮਾਤ ਭਾਸ਼ਾ ਦੀ ਜਾਣਕਾਰੀ ਹੋਣਾ ਹੁੰਦਾ ਹੈ।
ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਉਡਾਰੀ ਮਾਰਨ ਤੋਂ ਪਹਿਲੋਂ, ਖੰਭਾਂ ਨੂੰ ਵਿਕਸਤ
ਹੋਣ ਦੇਈਏ। ਇਸੇ ਵਿਚ ਹੀ ਸਾਡੀ ਭਲਾਈ ਹੈ, ਨਹੀਂ ਤਾਂ ਕਿਸੇ ਬਾਜ਼ ਦੇ ਅੜਿੱਕੇ ਆ
ਜਾਵਾਂਗੇ। (16/02/2018)
|
|
|
|
ਫੂਕਾਂ ਮਾਰ ਅੱਗ ਵਧਾਵੇਂ |
|
ਕਹਿੰਦੇ ਜੇ ਬਾਲਣ ਅੱਗ
ਨਾ ਫੜ੍ਹੇ ਤਾਂ, ਭੂਕਣੇ ਨਾਲ ਫੂਕ ਮਾਰਕੇ, ਭਾਂਬੜ ਮਚਾਇਆ ਜਾ ਸਕਦਾ ਹੈ। ਪਰ ਇਸ
ਲਈ ਚੁੱਲ੍ਹੇ ਵਿਚ ਅੱਗ ਹੋਣੀ ਜ਼ਰੂਰੀ ਹੈ। ਸਾਡੀ ਜ਼ਿੰਦਗੀ ਵਿਚ ਵੀ ਅਸੀਂ ਕੁਝ ਨਾ
ਕੁਝ ਤਾਂ ਧੁੱਖਦੇ ਹੀ ਰਹਿਨੇ ਹਾਂ। ਇਹ ਕਿਸੇ ਵਸਤੂ ਦੀ ਪ੍ਰਾਪਤੀ ਨਾ ਹੋਣਾ ਜਾਂ
ਕਿਸੇ ਦਾ ਤੁਹਾਡੀ ਇੱਛਾ ਅਨੁਸਾਰ ਕੰਮ ਨਾ ਕਰਨਾ, ਜਾਂ ਫੇਰ ਸਾਡੇ ਅੰਦਰਲੇ ਫਤੂਰ
ਨੂੰ ਸਾਂਭ ਨਾ ਸੱਕਣ ਕਰਕੇ ਵੀ ਹੋ ਸਕਦਾ ਹੈ। ਬਹੁਤੀ ਵਾਰੀ ਸਾਡੀ ਅਗਿਆਨਤਾ ਤੇ
ਆਪਣੇ ਆਪ ਨੂੰ ਬਾਹਲਾ ਸਿਆਣਾ ਸਮਝਣ ਨਾਲ ਵੀ ਇਹ ਮਨ ਧੁੱਖਣ ਲੱਗ ਪੈਂਦਾ ਹੈ।
ਅਸੀਂ ਦੂਸਰਿਆਂ ਨੂੰ ਬੇਲੋੜੀ ਨਫਰਤ ਕਰਨ ਲੱਗ ਪੈਂਦੇ ਹਾਂ। ਦੂਸਰੇ ਨੂੰ ਤਹਿਸ
ਨਹਿਸ ਕਰਨਾ ਲੋਚਦੇ ਹਾਂ। ਪਰ ਕੋਈ ਵੀ ਪੈਰ ਪੁੱਟਣ ਤੋਂ ਪਿੱਛੇ ਹੱਟਦੇ ਰਹਿੰਦੇ
ਹਾਂ, ਹੌਂਸਲਾ ਕਰਨ ਦਾ ਹੀਆਂ ਨਹੀਂ ਪੈਂਦਾ। ਸਾਡਾ ਚੇਤਨ ਮਨ ਸਾਨੂੰ ਮਾੜਾ ਕਾਰਜ
ਕਰਨ ਤੋਂ ਰੋਕਦਾ ਰਹਿੰਦਾ ਹੈ। ਇਹੋ ਜਿਹੇ ਧੁੱਖਦੇ ਹੋਏ ਬੰਦੇ ਨੂੰ ਜੇ ਕੋਈ
ਭੂਕਣਾ ਰੂਪੀ ਇਨਸਾਨ ਟੱਕਰ ਜਾਵੇ ਤਾਂ, ਫੇਰ ਖੈਰ ਨਹੀਂ। ਬਹੁਤੇ ਜੁਰਮ ਦੂਜਿਆਂ
ਵਲੋਂ ਦਿੱਤੀ ਜਾਂ ਮਾਰੀ ਫੂਕ ਕਰਕੇ ਹੀ ਹੁੰਦੇ ਹਨ। ਫੂਕ ਵਾਲਾ ਅਕਸਰ ਕਹੇਗਾ, '
ਤੂੰ ਫਿਕਰ ਨਾ ਕਰ, ਮੈਂ ਹੈ ਗਾਂ, ਮੈਂ ਆਪੇ ਸਾਂਭ ਲੂੰ ' ਤੇ ਬਾਅਦ ਵਿਚ ਜਦ
ਭਾਂਬੜ ਮੱਚ ਜਾਂਦਾ ਹੈ ਤਾਂ ਇਹ ਮਨੁੱਖੀ ਭੂਕਣੇ ਪਾਥੀਆਂ ਦੇ ਟੋਕਰੇ ਥੱਲੇ ਜਾ
ਲੁੱਕਦੇ ਹਨ। ਤੇ ਧੁੱਖਦਾ ਧੁੱਖਦਾ ਇਨਸਾਨ ਆਪ ਵੀ ਮੱਚ ਜਾਂਦਾ ਹੈ।
(09/02/2018)
|
|
|
|
ਨਿੱਕੀ ਜਿਹੀ ਖੁਸ਼ੀ |
|
ਨਾ ਮੈਨੂੰ ਇਸ ਚਿੜੀ ਦਾ ਨਾਮ ਪਤਾ ਹੈ ਤੇ ਨਾ ਹੀ ਪਤਾ
ਹੈ ਕਿ ਇਹ ਕਿੱਥੋਂ ਆਉਂਦੀ ਹੈ। ਪਰ ਜਦ ਇਹ ਵਿਹੜੇ ਵਿਚ ਲੱਗੇ ਹੋਏ ਪੌਦਿਆਂ ਦੇ
ਪੱਤਿਆਂ ਵਿਚ ਲੁੱਕ ਕੇ ਚਿਰਪ ਚਿਰਪ ਕਰਦੀ ਹੈ ਤੇ ਅੱਖ ਦੇ ਫੌਰ ਤੋਂ ਪਹਿਲੋਂ
ਟਪੂਸੀ ਮਾਰ ਦੌੜ ਜਾਂਦੀ ਹੈ ਤਾਂ, ਕੁਦਰਤ ਦੇ ਇਸ ਘਸਮੈਲੇ ਰੰਗੇ ਪੰਛੀ ਤੇ ਬੜਾ
ਪਿਆਰ ਆਉਂਦਾ ਹੈ। ਜੇ ਕਰ ਅਸੀਂ ਆਪਣੇ ਖੇਤ, ਬਗੀਚੇ ਜਾਂ ਫੁੱਲਵਾੜੀ ਵਿਚ ਆਰਾਮ
ਨਾਲ ਬਹਿ ਜਾਈਏ ਤਾਂ ਅਨੇਕਾਂ ਹੀ ਅਜਿਹੇ ਕਈ ਰੰਗੇ ਪੰਛੀ ਸਾਨੂੰ ਦਿੱਸ ਪੈਣਗੇ।
ਇਹ ਸਾਡਿਆਂ ਵਿਹੜਿਆਂ ਵਿਚ ਖੁਸ਼ੀਆਂ ਵੰਡਣ ਕਿਉਂ ਆਉਂਦੇ ਹਨ ? ਇਹ ਸਵਾਲ ਦੇ ਇਕ
ਹਿੱਸੇ ਦਾ ਜਵਾਬ ਤਾਂ ਵਿਗਿਆਨੀ ਦੇ ਸਕਦੇ ਹਨ, ਪਰ ਇਹਨਾਂ ਦਾ ਸਾਡੇ ਨਾਲ ਕੀ
ਨਾਤਾ ਹੈ ? ਇਹ ਵਿਗਿਆਨ ਦੀ ਪਹੁੰਚ ਤੋਂ ਬਾਹਰ ਦੀ ਗੱਲ ਹੈ। ਜੇ ਅਸੀਂ ਕਹੀਏ ਕਿ
ਇਹ ਸਾਡਾ ਪਾਇਆ ਚੋਗਾ ਚੁੱਗਣ ਆਉਂਦੇ ਹਨ, ਤਾਂ ਇਹ ਗਲਤ ਗੱਲ ਹੈ, ਜਿੰਨੇ ਵੀ
ਇਹੋ ਜਿਹੇ ਰੰਗ ਬਿਰੰਗੇ ਨਿੱਕੇ ਪੰਛੀ ਹਨ, ਇਹ ਕਦੇ ਪਾਇਆ ਚੋਗਾ ਨਹੀਂ ਖਾਂਦੇ।
ਇਹ ਹਮੇਸ਼ਾ, ਪੱਤਿਆਂ ਪਿਛੇ ਲੱਗੇ ਕੀੜੇ ਜਾਂ ਧਰਤੀ ਵਿਚੋਂ ਜੀਵ ਹੀ ਚੁੱਗਦੇ ਹਨ।
ਦਾਣੇ ਵਗੈਰਾ ਤਾਂ ਥੋੜੇ ਵੱਡੇ ਪੰਛੀ ਹੀ ਖਾਂਦੇ ਹਨ, ਜਿਵੇਂ ਕਬੂਤਰ, ਘੁੱਗੀ,
ਸਾਰਖ਼ ਆਦਿ। ਇਹ ਤਾਂ ਮਨੁੱਖ ਤੇ ਪੌਦਿਆਂ ਨੂੰ ਬੀਮਾਰੀਆਂ ਤੋਂ ਬਚਾਉਂਦੇ ਹਨ।
ਇਹਨਾਂ ਦੀ ਇਹ ਸੇਵਾ ਨਿਰਸਵਾਰਥ ਹੈ। ਭਾਵੇਂ ਸਾਨੂੰ ਇਹਨਾਂ ਦੀ ਬੋਲੀ (ਗੀਤ)
ਸਾਨੂੰ ਸਮਝ ਨਹੀ਼ ਲੱਗਦੀ, ਪਰ ਮੈਨੂੰ ਯਕੀਨ ਹੈ ਕਿ ਇਹ ਕੁਦਰਤ ਦਾ ਗੁਣਗਾਣ ਹੀ
ਕਰਦੇ ਹੋਣਗੇ। (03/02/2018)
|
|
|
|
ਗੁੰਮ ਹੈ ਹਾਸਾ ਠੱਠਾ |
|
ਕਹਿੰਦੇ ਹਨ, ਹੱਸਣ ਨਾਲ ਬੰਦੇ ਦੇ ਸਾਰੇ ਰੋਮ ਖੁੱਲ੍ਹ ਜਾਂਦੇ ਹਨ ਤੇ
ਅੱਧੀਆਂ ਸਰੀਰਕ ਬਿਮਾਰੀਆਂ, ਆਪੇ ਭੱਜ ਜਾਂਦੀਆਂ ਹਨ। ਹੱਸਣਾ, ਰੋਟੀ ਖਾਣ ਨਾਲੋਂ
ਵੀ ਜ਼ਰੂਰੀ ਹੈ। ਹਾਸਾ ਦੋ ਤਰ੍ਹਾਂ ਦਾ ਗਿਣਿਆ ਜਾਂਦਾ ਹੈ: ਕਿਸੇ ਤੇ ਹੱਸਣਾ ਤੇ
ਆਪਣੇ ਆਪ ਤੇ ਹੱਸਣਾ। ਕਿਸੇ ਤੇ ਤਾਂ ਕੋਈ ਵੀ ਹੱਸ ਸਕਦਾ ਹੈ, ਇਹ ਥੋੜ ਚਿਰਾ
ਹੁੰਦਾ ਹੈ ਤੇ ਇਸਦਾ ਅਸਰ ਵੀ ਬਹੁਤ ਨਹੀਂ ਹੁੰਦਾ, ਸਮਝੋ ਇਹ ਘੱਟ ਤਾਕਤ ਵਾਲੀ
ਦਵਾਈ ਵਾਂਗ ਹੈ, ਡਾਕਟਰ ਨੂੰ ਵਾਰ ਵਾਰ ਪੈਸੇ ਦੇਣ ਵਾਂਗ। ਪਰ ਆਪਣੇ ਆਪ ਤੇ
ਹੱਸਣਾ ਸਭ ਤੋਂ ਉੱਤਮ ਹੈ, ਇਸ ਲਈ ਢੇਰ ਸਾਰਾ ਜੇਰਾ ਚਾਹੀਦਾ ਹੈ। ਇਸ ਵਿਚ
ਤੁਹਾਡਾ ਸੁਭਾਅ, ਇਮਾਨਦਾਰੀ ਤੇ ਦੂਸਰੇ ਲਈ ਫਿਕਰ, ਬਹੁਤ ਅਹਿਮੀਅਤ ਰੱਖਦੇ ਹਨ।
ਪੁਰਾਣੇ ਸਮੇਂ, ਜੋ ਮੀਰਜ਼ਾਦੇ ਪਰਿਵਾਰ ਨਾਲ ਜੋੜ ਕੇ ਗੱਲਬਾਤ ਸੁਣਾਉਂਦੇ ਸਨ, ਉਸ
ਦਾ ਅਸਰ ਦੇਰ ਤਕ ਰਹਿੰਦਾ ਸੀ। ਅੱਜ ਦੇ ਯੁੱਗ ਦੇ ਸਟੇਜੀਏ, ਘੜੀ ਦੀ ਘੜੀ ਤਾਂ
ਹਸਾ ਸਕਦੇ ਹਨ, ਪਰ ਘਰ ਤਕ ਜਾਂਦੇ ਸਭ ਭੁੱਲ ਜਾਈਦਾ। ਜੀਵਨ ਚ ਆਈ ਤੇਜ਼ੀ ਦੀ
ਹਨ੍ਹੇਰੀ, ਸਾਡੇ ਹਾਸੇ ਵੀ ਉੱਡਾ ਕੇ ਲੈ ਗਈ ਹੈ। ਜੇ ਕਈ ਉੱਚੀ ਹੱਸ ਵੀ ਪਏ ਤਾਂ
ਆਲਾ ਦੁਆਲਾ ਹੀ ਪ੍ਰੇਸ਼ਾਨੀ ਮਹਿਸੂਸ ਕਰਨ ਲੱਗ ਪੈਂਦਾ ਹੈ। ਜਿਓਂ ਜਿਓਂ ਯੁੱਗ
ਅੱਗੇ ਵੱਧ ਰਿਹਾ ਹੈ, ਮੈਂਨੂੰ ਲੱਗਦਾ ਹਾਸੇ ਵਾਲੀਆਂ ਮਸ਼ੀਨਾਂ ਦੀ ਮਦਦ ਲੈਣੀ
ਪਿਆ ਕਰੂ, ਡਾਕਟਰ ਤੋਂ ਪਰਚੀ ਲਿਖਵਾ ਕੇ। (26/01/2018)
|
|
|
|
ਸੂਈ ਅੱੜਗੀ ਰਕਾਟ ਦੇ ਉੱਤੇ |
|
ਮਨੁੱਖੀ ਜੀਵਨ ਦੇ ਰਹਾਓ ਦਾ ਮੂਲ ਸਰੋਤ ਸੰਗੀਤ ਹੈ। ਸੰਗੀਤ ਪੈਦਾ ਹੁੰਦਾ ਹੈ
ਤਾਂ, ਸਰੀਰ ਨੂੰ ਰਵਾਨਗੀ ਮਿਲਦੀ ਹੈ, ਸੰਗੀਤ ਹੀ ਮਨ ਨੂੰ ਸੰਸਾਰ ਨਾਲ ਜੋੜਦਾ
ਹੈ। ਸੰਗੀਤ ਹੀ ਬੋਧਿਕਤਾ ਦਾ ਮੂਲ ਹੈ। ਸੰਗੀਤ ਦਾ ਮੁੱਢਲਾ ਰੂਪ ਭੌਤਿਕਤਾ ਨਹੀਂ
ਹੁੰਦਾ। ਇਹ ਆਨੰਦਮਈ ਅਵਸਥਾ ਦਾ ਅਦਿੱਖ ਅੰਗ ਹੈ। ਇਸੇ ਵਿਚ ਜੀਵਨ ਦੀਆਂ
ਖੁਸ਼ੀਆਂ, ਗਮੀਆਂ ਦੇ ਰਾਜ਼ ਛੁਪੇ ਪਏ ਹਨ। ਪਰ ਮਨੁੱਖ ਜਦੋਂ ਆਵਾਜ਼ ਨਾਲ ਇਸਨੂੰ
ਜੋੜ ਲੈਂਦਾ ਹੈ ਤਾਂ, ਸਾਰੀ ਗੜਬੜ ਹੋ ਜਾਂਦੀ ਹੈ। ਰੂਹ ਤੋਂ ਨਿਕਲ ਕੇ ਇਹ ਸਰੀਰ
ਦੀ ਕੈਦ ਵਿਚ ਆ ਜਾਂਦਾ ਹੈ। ਸੁਰ ਤੇ ਗਲ਼ੇ ਦਾ ਰਸ, ਕੁਦਰਤ ਦੀ ਦੇਣ ਹੈ, ਪਰ
ਸ਼ਬਦਾਂ ਦੀ ਚੋਣ ਸਾਡੀ ਸਮਝ ਦੀ ਸੀਮਾ ਹੋ ਸਕਦੀ ਹੈ। ਕੋਈ ਸਮਾਂ ਸੀ ਕਿ ਗੀਤ,
ਸੰਗੀਤ ਵੀ ਹੁੰਦਾ ਸੀ। ਪਰ ਅੱਜ ਨਾ ਗੀਤ ਹੈ ਨਾ ਸੰਗੀਤ। ਜੇ ਕੋਈ ਤਾਰਾ ਕਿਤੇ
ਚਮਕਦਾ ਵੀ ਹੈ, ਤਾਂ ਉਹ ਡੀ ਜੇ ਦੇ ਸ਼ੋਰ ਵਿਚ ਦੱਬ ਕੇ ਰਹਿ ਜਾਂਦਾ ਹੈ। ਸਮੇਂ
ਸਮੇਂ ਤੇ ਕਈ ਸੰਸਥਾਵਾਂ ਜਾਂ ਲੋਕਾਂ ਨੇ ਮੋੜਾ ਪਾਉਣ ਦੀ ਕੋਸ਼ਿਸ਼ ਕੀਤੀ ਹੈ, ਪਰ
ਸਭ ਵਿਅਰਥ। ਰਾਤੋ ਰਾਤ ਸਟਾਰ ਬਨਣ ਦੀ ਹੋੜ ਨੇ, ਰਕਾਟਾਂ ਦੀ ਅੜੀ ਸੂਈ ਵਾਂਗ,
ਸੰਗੀਤ ਨੂੰ ਐਸਾ ਸਰੀਰਾਂ ਵਿਚ ਵਾੜ ਦਿੱਤਾ ਹੈ ਕਿ ਰੂਹ ਦਾ ਨਾਮੋ ਨਿਸ਼ਾਨ ਨਹੀਂ
ਰਿਹਾ। ਉਂਜ ਉਮੀਦ ਕਦੇ ਛੱਡਣੀ ਨਹੀਂ ਚਾਹੀਦੀ। (13/01/18) |
|
|
ਜਦੋਂ ਹੱਥ ਬਣੇ ਔਜ਼ਾਰ |
|
ਮਨੁੱਖੀ ਹੱਥ ਇਕ ਐਸੀ ਚੀਜ਼
ਹੈ, ਜਿਹੜੀ ਹਰ ਔਜ਼ਾਰ ਦਾ ਮੁੱਢਲਾ ਸਰੋਤ ਹੈ। ਹੱਥ ਹਰ ਕੰਮ ਕਰ ਸਕਦਾ ਹੈ। ਅੱਜ
ਦੀ ਹਰ ਮਸ਼ੀਨ, ਹੱਥ ਦੇ ਕੰਮ ਨੂੰ ਛੋਹਲ਼ਾ ਕਰਨ ਦਾ ਹੀ ਇਕ ਤਰੀਕਾ ਹੈ। ਭਾਂਵੇ ਕਿ
ਸੁਪਰ ਮਸ਼ੀਨੀ ਯੁੱਗ ਆ ਗਿਆ ਹੈ, ਪਰ ਹੱਥ ਦੇ ਕੰਮ ਦੀ ਕਦਰ ਹਾਲੇ ਘਟੀ ਨਹੀਂ।
ਅੱਜ ਵੀ ਹੱਥ ਦੀ ਪੱਕੀ ਰੋਟੀ ਤੋਂ ਲੈਕੇ, ਇੱਟਾਂ ਦੀ ਚਿਣਾਈ ਤਕ ਹਰ ਕੰਮ
ਕਲਾਤਮਿਕ ਤੇ ਫਾਇਦੇਮੰਦ ਹੈ। ਪੁਰਾਣੇ ਸਮੇਂ ਵਿਚ ਔਰਤਾਂ ਨੂੰ ਘਰਾਂ ਦੇ ਵੀਹ
ਕੰਮ ਹੁੰਦੇ ਸਨ ਪਰ ਫੇਰ ਵੀ ਉਹ ਕਢਾਈ ਦਾ ਕੰਮ ਕਰਨ ਲਈ ਵਿਹਲ ਕੱਢ ਲੈਂਦੀਆਂ
ਸਨ। ਅੱਜ ਸਾਡੀ ਮੱਧ ਵਰਗੀ ਜਮਾਤ ਵਿਹਲੀ ਤਾਂ ਰਹਿ ਲੈਂਦੀ ਹੈ, ਪਰ ਸੂਈ ਧਾਗੇ
ਨੂੰ ਫੜ੍ਹਨਾ ਹੱਤਕ ਸਮਝਦੀ ਹੈ। ਦੂਸਰੇ ਪਾਸੇ ਨਿਮਨ ਵਰਗ ਨੂੰ ਕੰਮ ਦੀ ਲੋੜ ਹੈ।
ਜੇਕਰ ਉਹ ਔਰਤਾਂ ਆਪਣੇ ਦਿਨ ਵਿਚ 2–4 ਘੰਟੇ ਕੱਢ ਕਿ ਕਰੋਸ਼ੀਏ ਦਾ ਕੰਮ ਕਰ ਲੈਣ
ਤਾਂ ਉਸ ਸਮਾਨ ਤੋਂ 200 ਤੋਂ ਹਜ਼ਾਰ ਰੁਪਏ ਤਕ ਕਮਾਇਆ ਜਾ ਸਕਦਾ ਹੈ। ਚੰਗੀ ਗੱਲ
ਇਹ ਹੈ ਕਿ ਕਈ ਲੋਕਾਂ ਨੇ ਭਲਾਈ ਗਰੁੱਪ ਬਣਾਏ ਹੋਏ ਹਨ, ਜੋ ਪੇਂਡੂ ਔਰਤਾਂ ਨੂੰ
ਰੁਜ਼ਗਾਰ ਦੇਂਦੇ ਹਨ। ਦੇਸ਼ ਵਿਦੇਸ਼ ਵਿਚ ਹੱਥ ਦੇ ਬਣੇ ਹੋਏ, ਕਾਂਟੇ, ਚੂੜੀਆਂ,
ਦਸਤਾਨੇ, ਟੋਪੀਆਂ, ਬੈਗ, ਛੱਤਰੀ ਕਵਰ, ਸ਼ਾਲ ਤੇ ਪਰਸ ਆਦਿ ਲੋਕ ਬਹੁਤ ਪਸੰਦ
ਕਰਦੇ ਹਨ। ਇਸ ਕੰਮ ਲਈ ਕੇਂਦਰ ਸਰਕਾਰ ਦੀਆਂ ਕਈ ਸਕੀਮਾਂ ਹਨ ਤੇ ਸਾਰਸ ਮੇਲਾ ਵੀ
ਵੀ ਲਗਾਉਂਦੇ ਹਨ, ਜਿੱਥੇ ਇਹਨਾਂ ਕਲਾਕਾਰਾਂ ਨੂੰ ਮੁਫਤ ਸਟਾਲ ਵੀ ਦਿੱਤੇ ਜਾਂਦੇ
ਹਨ। ਹੱਥ ਦੇ ਕੰਮ ਦੀ ਕਦਰ ਕਰਨ ਵਾਲੇ ਹਾਲੇ ਘੱਟ ਨਹੀਂ ਹਨ, ਬਸ ਤੁਹਾਨੂੰ ਹੀ
ਥੋੜੀ ਹਿੰਮਤ ਦੀ ਲੋੜ ਹੈ। (05/01/18) |
|
|
|
ਗੁੜ ਨਾਲੋਂ ਕੁਝ ਨਾ ਮਿੱਠਾ |
|
ਗੁੜ ਪੰਜਾਬੀਆਂ ਦੀ
ਮਨਪਸੰਦ ਖੁਰਾਕ ਹੈ। ਜਿੰਨੀ ਮਰਜ਼ੀ ਰੱਜ ਕੇ ਰੋਟੀ ਖਾ ਲੈਣ, ਬਾਅਦ ਵਿਚ ਗੁੜ ਲਈ
ਥਾਂ ਹੁੰਦੀ ਹੀ ਹੈ। ਇਹ ਇਕ ਸਿਹਤ ਲਈ ਗੁਣਕਾਰੀ ਚੀਜ਼ ਹੈ। ਪਾਚਣ ਸ਼ਕਤੀ ਲਈ
ਵਰਦਾਨ ਹੈ। ਮਾਨਤਾ ਹੈ ਕਿ ਇਸ ਦੇ ਕੋਈ ਮਾਰੂ ਅਸਰ ਨਹੀਂ ਹਨ। ਸੁਆਦ ਦੀ ਗੱਲ
ਕਰੀਏ ਤਾਂ ਪੰਜ ਤਾਰਾ ਹੋਟਲਾਂ ਦੀਆਂ ਮਿਠਾਈਆਂ, ਇਸਦੇ ਮੁਕਾਬਲੇ ਖੜ੍ਹਦੀਆਂ ਹੀ
ਨਹੀਂ ਹਨ। ਪਹਿਲੋਂ ਪਿੰਡਾਂ ਵਿਚ ਵੇਲਣੇ ਜਾਂ ਘੁਲਾੜੀਆਂ ਚੱਲਦੀਆਂ ਆਮ ਮਿਲ
ਜਾਂਦੀਆਂ ਸਨ, ਜੋ ਕਿਸਾਨ ਆਪ ਚਲਾਉਂਦੇ ਸਨ। ਪਰ ਪਿਛਲੇ ਤਿੰਨ ਦਹਾਕੇ ਦੀ
ਵਿਦੇਸ਼ੀ ਜਾਣ ਦੀ ਹੋੜ ਨੇ ਇਹ ਵਪਾਰਕ ਕਰ ਦਿੱਤੇ ਹਨ ਤੇ ਪਰਵਾਸੀ ਕਾਮੇ ਸੜਕਾਂ
ਦੇ ਕੰਢੇ ਗੁੜ ਵੇਚਣ ਲੱਗ ਪਏ ਹਨ। ਪਰ ਸਾਵਧਾਨ ? ਸਾਰਿਆਂ ਦਾ ਗੁੜ ਸਹੀ ਨਹੀਂ
ਹੁੰਦਾ। ਇਸ ਵਿਚ ਸਸਤੀ ਖੰਡ ਤਾਂ ਮਿਲਾਉਂਦੇ ਹੀ ਹਨ, ਨਾਲ ਦੀ ਨਾਲ ਇਕ ਐਸਾ
ਪਾਊਡਰ ਵੀ ਮਿਲਾਉਂਦੇ ਹਨ, ਜੋ ਰਸ ਨੂੰ ਪੱਕਣ ਤੋਂ ਪਹਿਲੋਂ ਹੀ ਸਖਤ ਕਰ ਦੇਂਦਾ
ਹੈ। ਸਹੀ ਗੁੜ ਇਕ ਕੁਇੰਟਲ ਗੰਨੇ ਚੋਂ 9 ਤੋਂ 11 ਕਿਲੋ ਤਕ ਹੀ ਨਿਕਲਦਾ ਹੈ, ਪਰ
ਇਹ ਮਿਲਾਵਟ ਵਾਲਾ 15 ਤੋਂ 20 ਕਿਲੋ ਤਕ ਨਿਕਲਦਾ ਹੈ। ਇਹ ਦੇਖਣ ਨੂੰ ਵੀ ਸੋਹਣਾ
ਹੁੰਦਾ ਹੈ, ਪਰ ਜੇ ਚਾਹ ਬਣਾਓਗੇ ਤਾਂ ਦੁੱਧ ਫੱਟ ਜਾਵੇਗਾ। ਬਰਸਾਤਾਂ ਵਿਚ ਬੋਰੀ
ਚੋਣ ਲੱਗ ਪੈਂਦੀ ਹੈ। ਸਹੀ ਗੁੜ ਘੱਟੋ ਘੱਟ 4 ਸਾਲ ਖਰਾਬ ਨਹੀਂ ਹੁੰਦਾ। ਇਸ ਲਈ
ਥੋੜਾ ਸੁਚੇਤ ਹੋ ਕੇ ਹੀ ਗੁੜ ਖਰੀਦਣਾ ਚਾਹੀਦਾ ਹੈ। ਪੁਰਾਣੇ ਹਕੀਮ, ਕਾਲਾ ਗੁੜ
ਗੁਣਕਾਰੀ ਮੰਨਦੇ ਸਨ। (22/12/2017) |
|
|
ਸੁਨਹਿਰੀ ਕਿੱਕ ਦੀ ਆਸ ਵਿਚ |
ਅੱਜਕਲ ਸਾਰੇ ਪੰਜਾਬ ਦੇ
ਪਿੰਡਾਂ ਵਿਚ ਖੇਡ ਟੂਰਨਾਮੈਂਟ ਚੱਲ ਰਹੇ ਹਨ। ਹਰ ਪਾਸੇ ਰੌਣਕਾਂ ਲੱਗੀਆਂ ਹੋਈਆਂ
ਹਨ। ਮਿੱਠਾ ਤੇ ਵੇਹਲਾ ਮੌਸਮ ਹੈ। ਸੁੱਖ ਨਾਲ ਐਨ ਆਰ ਆਈ ਵੀ ਕਾਫੀ ਆਏ
ਹੋਏ ਹਨ। ਉਹ ਵੀ ਚਾਹੁੰਦੇ ਹਨ ਕਿ ਪੰਜਾਬੀ ਜੁੱਸੇ ਵਾਲੇ ਨੌਜਵਾਨ ਖੇਡਾਂ ਵਿਚ
ਨਾਮਣਾ ਖੱਟਣ। ਹਰ ਖਿਡਾਰੀ ਵੀ ਆਪਣਾ ਜ਼ੋਰ ਲਾ ਰਿਹਾ ਹੈ। ਦੁਨੀਆ ਵਿਚ ਸਭ ਤੋਂ
ਵੱਧ ਖੋਡਣ ਤੇ ਦੇਖੀ ਜਾਣ ਵਾਲੀ ਖੇਡ ਫੁੱਟਬਾਲ ਹੀ ਹੈ, ਭਾਂਵੇਂ ਕਿ ਇਹ ਦੋ
ਕਿਸਮ ਦੀ ਹੈ; ਅਮਰੀਕਨ ਰਗਬੀ ਤੇ ਵਲੈਤੀ ਸੌਕਰ।
ਖਿਡਾਰੀਆਂ ਨੂੰ ਪੈਸਾ ਵੀ ਇਸੇ ਖੇਡ ਵਿਚ ਸਭ ਤੋਂ ਵੱਧ ਮਿਲਦਾ ਹੈ। ਬਾਕੀ ਸਭ
ਖੇਡਾਂ ਨਾਲੋਂ ਕੌਮਾਂਤਰੀ ਮੁਕਾਬਲੇ ਵੀ ਇਸੇ ਖੇਡ ਦੇ ਹੁੰਦੇ ਹਨ। ਪਰ ਭਾਰਤ
ਹਾਲੇ ਪੌੜੀ ਵੀ ਨਹੀਂ ਚੜ੍ਹ ਸੱਕਿਆ। ਪੰਜਾਬੀਆਂ ਦੀ ਮਨਪਸੰਦ ਖੇਡ ਵੀ ਫੁੱਟਬਾਲ
ਤੇ ਹਾਕੀ ਹੈ। ਹੋਰ ਵੀ ਖੇਡਾਂ ਖੇਡਦੇ ਹਨ, ਪਰ ਅੰਤਰਰਾਸ਼ਟਰੀ ਮੰਚ ਤੇ ਇਹ ਦੋਨੋਂ
ਵੱਧ ਮਕਬੂਲ ਹਨ। ਪਰ ਹਰ ਵਾਰ ਜ਼ੋਰ, ਜਵਾਨੀ ਤੇ ਜੁੱਸਾ ਫੇਲ ਹੋ ਜਾਂਦੇ ਹਨ। ਇਹ
ਜਾਨਣ ਲਈ ਸਾਨੂੰ ਕਿਸੇ ਵੀ ਟੂਰਨਾਮੈਂਟ ਵਿਚੋਂ ਜਵਾਬ ਮਿਲ ਜਾਵੇਗਾ। ਧਿਆਨ ਨਾਲ
ਵੇਖਿਓ, ਖਿਡਾਰੀ ਬਹੁਤ ਜ਼ੋਰ ਲਾਉਂਦੇ ਹਨ ਤੇ ਇਕ ਗੇਮ ਵਿਰ 50 ਤੋਂ ਵੱਧ ਵਾਰ
ਆਲੇ ਦੁਆਲੇ ਦੇ ਕੰਧਾਂ ਕੋਠਿਆਂ ਦੇ ਉੱਤੋਂ ਦੀ ਕਿੱਕ ਮਾਰ ਕੇ ਬਾਲ ਟਪਾ ਦੇਂਦੇ
ਹਨ। ਮਤਲੱਬ ਕਿ ਉਹਨਾਂ ਦਾ ਸਾਰਾ ਟੀਚਾ ਬਾਲ ਨੂੰ ਆਪਣੇ ਪਾਸੇ ਨਾ ਰਹਿਣ ਦੇਣਾ
ਹੈ। ਇਸੇ ਤਰਾਂ ਧਿਆਨ ਨਾਲ ਵੇਖਿਓ, ਹਰ ਖਿਡਾਰੀ ਕੱਲਾ ਕੱਲਾ ਖੇਡ ਰਿਹਾ ਹੁੰਦਾ
ਹੈ। ਟੀਮ ਵਰਕ ਦੀ ਬਹੁਤ ਲੋੜ ਹੁੰਦੀ ਹੈ ਮੈਚ ਜਿੱਤਣ ਲਈ। ਟੀਵੀ ਤੇ ਆਉਂਦੇ
ਇੰਗਲੈਂਡ ਦੇ ਮੈਚ ਵੇਖਿਓ ਕਿਵੇਂ ਬਾਲ ਮੈਦਾਨ ਵਿਚ ਹੀ ਰਹਿੰਦੀ ਹੈ ਤੇ ਅੱਖ ਦੇ
ਫੌਰ ਵਿਚ ਹੀ ਪਾਸ ਦਿੱਤੇ ਜਾਂਦੇ ਹਨ। ਇਸੇ ਲਈ ਫਸਵੇਂ ਤੇ ਰੌਚਿਕ ਮੈਚ ਹੁੰਦੇ
ਹਨ। ਮੈਨੂੰ ਨਹੀਂ ਪਤਾ ਕਿ ਕਿੱਥੋਂ ਇਸਦਾ ਸਿਰਾ ਫੜਿਆ ਜਾਵੇ, ਪਰ ਇਹਨਾਂ ਪਤਾ
ਹੈ ਕਿ, ਕੱਲੇ ਜੋਸ਼ ਨੇ ਨਹੀਂ, ਹੋਸ਼ ਨੂੰ ਨਾਲ ਲੈਕੇ ਹੀ ਸੁਨਹਿਰੀ ਕਿੱਕ ਵੱਜਣੀ
ਹੈ। ਜੀਵੇ ਪੰਜਾਬ (15/12/2017) |
|
ਰੰਗ ਬਿਰੰਗੇ ਠੱਗ |
ਪਿਛਲੇ ਅੰਕ ਵਿਚ ਕੇਲੇ ਦੀ ਕਾਸ਼ਤ ਵਿਚ ਕਿਸਾਨਾਂ ਨੂੰ ਪਏ ਘਾਟੇ ਦੀ ਗੱਲ
ਕੀਤੀ ਗਈ ਸੀ। ਬਹੁਤ ਹੋਰ ਕਿਸਾਨਾਂ ਨੇ ਇਸਦੇ ਬਾਰੇ ਗੱਲ ਕੀਤੀ ਤੇ ਅੱਜ ਹੋ ਰਹੇ
ਨਵੇਂ ਨਵੇਂ ਠੱਗੀ ਦੇ ਤਰੀਕਿਆਂ ਬਾਰੇ ਦੱਸਿਆ। ਪੰਜਾਬ ਦਾ ਕਿਸਾਨ ਚਾਹੁੰਦਾ ਹੈ
ਕਿ ਕੁਝ ਨਵਾਂ ਕੀਤਾ ਜਾਵੇ, ਤਾਂ ਜੋ ਆਮਦਨ ਵੱਧ ਸਕੇ। ਇਸ ਲਈ ਉਹ ਨਵੇਂ ਤਜੁਰਬੇ
ਕਰਨ ਲਈ ਤਿਆਰ ਰਹਿੰਦਾ ਹੈ। ਉਹ ਖੁੱਲ੍ਹੇ ਦਿਲ ਨਾਲ ਪੈਸੇ ਵੀ ਖਰਚ ਦੇਂਦਾ ਹੈ
ਤੇ ਸਭ ਤੋਂ ਵੱਡੀ ਗੱਲ, ਕੋਟ ਪੈਂਟ ਪਾਈ ਲੋਕਾਂ ਨੂੰ ਸਿਆਣੇ ਸਮਝ, ਉਹਨਾਂ ਤੇ
ਯਕੀਨ ਵੀ ਕਰ ਲੈਂਦਾ ਹੈ। ਬਸ ਇਹੋ ਗੁਣ ਹੀ ਉਸਦੇ ਲੁੱਟੇ ਜਾਣ ਦਾ ਕਾਰਣ ਬਣਦੇ
ਹਨ। ਕਦੇ ਕੁਝ ਤੇ ਕਦੇ ਕੁਝ, ਲੋਕ ਸਕੀਮਾਂ ਬਣਾ ਦੇ ਲੁੱਟਦੇ ਹਨ, ਕੇਲੇਆਂ ਵਾਂਗ
ਅੱਜ ਕਲ, ਸਾਗਵਾਨ ਤੇ ਚੰਦਨ ਦੇ ਰੁੱਖ ਵੇਚਣ ਵਾਲੇ ਪਿੰਡੋਂ ਪਿੰਡ ਤੁਰੇ ਫਿਰਦੇ
ਹਨ, ਸਾਗਵਾਨ 50 ਤੋਂ 100 ਸਾਲ ਵਿਚ ਹੁੰਦਾ ਹੈ, ਇਹ ਲੋਕ 10 ਸਾਲ ਹੀ ਕਹੀ
ਜਾਂਦੇ ਹਨ। ਇਸੇ ਤਰਾਂ ਚੰਦਨ ਦੇ ਰੁੱਖ ਬਾਰੇ ਵੀ ਝੂਠ ਬੋਲਦੇ ਹਨ। ਇਹ ਦੋਵੇ
ਰੁੱਖ ਪੰਜਾਬ ਵਿਚ ਪੂਰੀ ਤਰਾਂ ਵੱਧ ਨਹੀਂ ਸਕਦੇ, ਕਿਉਂਕਿ ਇੱਥੇ ਦੀ ਧਰਤੀ ਤੇ
ਪੌਣ ਪਾਣੀ ਅਨੁਕੂਲ ਨਹੀਂ ਹੈ। ਇਹ ਰੰਗ ਬਿਰੰਗੇ ਠੱਗ ਗਿਣਤੀਆਂ ਜਿਹੀਆਂ ਦੱਸੀ
ਜਾਣਗੇ। ਨਾ ਇਹ ਠੇਕੇ ਤੇ ਜ਼ਮੀਨ ਲੈਂਦੇ ਹਨ ਨਾ ਅਗਾਂਓ ਖਰੀਦ ਕਰਦੇ ਹਨ। ਬਾਅਦ
ਵਿਚ ਸਵੇਦੇ ਵਾਂਗ ਲੱਕੜ 3 ਰੁਪਏ ਕਿਲੋ ਵੀ ਨਹੀਂ ਵਿਕਦੀ। ਯਾਦ ਰਵੇ ਕਿ ਇਸੇ
ਤਰਾਂ ਕਿਸਾਨਾਂ ਨੂੰ ਕਈ ਠੱਗ, 'ਈਮੂ' ਜਾਨਵਾਰ ਵੇਚ ਗਏ ਸਨ। ਇਹਨਾਂ ਦਾ ਕੰਮ
ਹੈ, ਆਪਣੇ ਪੈਸੇ ਲਏ ਤੇ ਫੇਰ ਛੂੰ ਮੰਤਰ ਹੋ ਜਾਣਾ। ਹੈਰਾਨ ਹਾਂ ਕਿ ਸਾਡੇ ਖੇਤੀ
ਨਾਲ ਸਬੰਧਤ ਮਹਿਕਮੇ ਤੇ ਅਦਾਰੇ ਕਿਸਾਨਾਂ ਨੂੰ ਕਿਉਂ ਨਹੀਂ ਸੁਚੇਤ ਕਰਦੇ। ਖੈਰ
ਕੁਝ ਵੀ ਹੋਵੇ, ਹੁਣ ਕਿਸਾਨਾਂ ਨੂੰ ਆਪ ਹੀ ਸੁਚੇਤ ਰਹਿਣਾ ਪਵੇਗਾ ਤੇ ਆਪਣੇ
ਸਾਥੀਆਂ ਨੂੰ ਵੀ ਦੱਸਣਾ ਹੋਵੇਗਾ। (09/12/2017)
|
|
ਘਾਟੇ ਦਾ ਸੌਦਾ |
|
ਪੰਜਾਬ ਵਿਚ ਫਸਲੀ ਚੱਕਰ ਦੇ ਗੇੜ ਵਿਚੋਂ
ਕੱਢਣ ਲਈ, ਕੇਲੇ ਦੀ ਕਾਸ਼ਤ ਨੂੰ ਬਹੁਤ ਜ਼ੋਰ ਸ਼ੋਰ ਨਾਲ ਲਾਗੂ ਕੀਤਾ ਗਿਆ ਸੀ। ਬੜੇ
ਕਿਸਾਨਾਂ ਨੇ ਇਸ 14 ਤੋਂ 16 ਮਹੀਨੇ ਦੀ ਫਸਲ ਨੂੰ ਥਾਂ ਦਿੱਤੀ। ਪਰ ਆਖਰ ਖੇਤ
ਖਾਲੀ ਹੀ ਕਰਨੇ ਪਏ ਤੇ ਘਾਟਾ ਸਹਾਰਨਾ ਪਿਆ, ਕੇਲੇ ਦੀ ਬਜ਼ਾਰ ਵਿਚ ਮੰਗ ਹੋਣ ਦੇ
ਬਾਵਜੂਦ। ਕੇਲਾ ਮੂਲ ਰੂਪ ਵਿਚ ਪੰਜਾਬ ਦੀ ਫਸਲ ਨਹੀਂ ਹੈ। ਇਸ ਦੀਆਂ 100 ਤੋਂ
ਉੱਤੇ ਕਿਸਮਾਂ ਹਨ। ਇਹ ਲਾਵਾ ਮਿੱਟੀ ਵਾਲੀ ਧਰਤੀ ਪਸੰਦ ਕਰਦਾ ਹੈ। ਜਿਸ ਵਿਚ
ਪਾਣੀ ਖੜਾ ਨਾ ਹੋਵੇ। ਇਸਦੀ ਸਹੀ ਉਪਜ ਲਈ 12 ਤੋਂ 28 ਡਿਗਰੀ ਤਾਪਮਾਨ ਚਾਹੀਦਾ
ਹੈ। ਜੇ ਤਾਪਮਾਨ 38 ਡਿਗਰੀ ਹੋ ਜਾਵੇ ਤਾਂ ਫਸਲ ਦਾ ਝਾੜ ਤੀਜਾ ਹਿੱਸਾ ਰਹਿ
ਜਾਂਦਾ ਹੈ। ਹੁਣ ਆਪ ਸੋਚੋ ਇਥੇ ਤਾਂ ਤਾਪਮਾਨ 45 ਡਿਗਰੀ ਤਕ ਵੀ ਚਲੇ ਜਾਂਦਾ ਹੈ
ਤੇ ਮਿੱਟੀ ਵੀ ਇਸਦੇ ਅਨੁਕੂਲ ਨਹੀਂ, ਘਾਟਾ ਤਾਂ ਪੈਣਾ ਹੀ ਹੈ। ਇਸ ਵਿਚ ਕੋਈ ਸ਼ਕ
ਨਹੀਂ ਕਿ ਪੰਜਾਬ ਨੂੰ ਬਦਲਵੀਆਂ ਫਸਲਾਂ ਦੀ ਲੋੜ ਹੈ, ਪਰ ਫਸਲ ਦੀ ਜਾਣਕਾਰੀ ਹੋਣ
ਦੇ ਬਾਵਜੂਦ ਪੰਜਾਬੀ ਕਿਸਾਨਾਂ ਦਾ ਕਿਸੇ ਮਹਿਕਮੇ ਨੇ ਆਪਣੇ ਨੰਬਰ ਬਨਾਉਣ ਖਾਤਰ
ਨੁਕਸਾਨ ਕਰ ਦਿੱਤਾ। ਪੰਜਾਬੀਆਂ ਨੂੰ ਚਾਹੀਦਾ ਹੈ ਕਿ ਕਿਸੇ ਵੀ ਮਹਿਕਮੇ ਉੱਤੇ
ਰੱਬ ਵਰਗਾ ਯਕੀਨ ਨਾ ਕਰਨ। ਹਰ ਫਸਲ ਬਾਰੇ ਕਿਤਾਬਾਂ ਤੇ ਨੈੱਟ ਤੇ ਜਾਣਕਾਰੀ
ਸੌਖੇ ਹੀ ਮਿਲ ਜਾਂਦੀ ਹੈ। ਜੇਕਰ ਤਜੁਰਬਾ ਕਰਨਾ ਹੀ ਹੈ ਤਾਂ ਉਸ ਇਲਾਕੇ ਵਿਚ ਵੀ
ਜ਼ਰੂਰ ਜਾਕੇ ਪਤਾ ਕਰ ਆਉਣ, ਜਿੱਥੇ ਉਸ ਫਸਲ ਦੀ ਕਾਸ਼ਤ ਹੁੰਦੀ ਹੈ। ਕਈਆਂ ਨੂੰ
ਯਾਦ ਹੋਵੇਗਾ, ਇਹੋ ਜਿਹੇ ਧੋਖੇ ਹੋਰ ਫਸਲਾਂ ਨਾਲ ਵੀ ਕੀਤੇ ਗਏ ਸਨ, ਜਿਵੇਂ
ਮੂਸਲੀ, ਸਟੀਵੀਆ, ਕਾਲੀ ਗਾਜਰ ਆਦਿ। ਬਦਲਵੀਂ ਫਸਲ ਲਈ ਕੋਸ਼ਿਸ਼ ਜ਼ਰੂਰ ਕਰੋ, ਪਰ
ਅੱਖਾਂ ਖੋਲ੍ਹ ਕੇ। (01/12/2017) |
|
|
|
ਸੁਫਨੇ ਰੰਗਦਾਰ |
|
ਆਮ ਮਨੁੱਖ ਹਰ ਰਾਤ ਨੂੰ ਤਕਰੀਬਨ 500 ਸੁਫਨਾ
ਲੈਂਦਾ ਹੈ, ਤੇ ਦਿਨੇ ਹਰ ਘੰਟੇ ਵਿਚ 100 ਤੋਂ ਵੱਧ, ਦੋਹਾਂ ਵਿਚ ਫਰਕ ਇਹ
ਹੁੰਦਾ ਹੈ ਕਿ ਮਨੁੱਖ ਰਾਤ ਵਾਲੇ ਸੁਫਨੇ ਤੋਂ ਡਰ ਜਾਂਦਾ ਹੈ ਤੇ ਦਿਨ ਵਾਲਾ
ਪੂਰਾ ਨਾ ਹੋਣ ਦਾ ਡਰ ਉਸਨੂੰ ਜੀਣ ਨਹੀਂ ਦੇਂਦਾ। ਕੌਣ ਗਰੀਬ ਦੇ ਘਰ ਤੇ ਕੌਣ
ਅਮੀਰ ਦੇ ਘਰ ਜੰਮਣਾ ਹੈ ? ਇਹ ਕਿਸੇ ਦੇ ਵਸ ਨਹੀਂ, ਪਰ ਇਕੋ ਜਿਹੇ ਸੁਫਨੇ ਤਾਂ
ਲਏ ਹੀ ਜਾ ਸਕਦੇ ਹਨ। ਮੱਧ ਵਰਗ ਦੇ ਲੋਕ, ਮਾੜੇ ਨੂੰ ਧੱਫਾ ਤੇ ਤਕੜੇ ਨੂੰ ਜਫਾ
ਪਾਉਣ ਦੀ ਨੀਤੀ ਤੇ ਚੱਲਦੇ ਹਨ, ਪਰ ਇਹ ਮਾੜੇ ਨੂੰ ਅੱਗੇ ਵੱਧਣ ਤੋਂ ਰੋਕ ਨਹੀਂ
ਸਕਦੇ। ਜੋ ਬੱਚੇ ਗੁਬਾਰਿਆਂ ਵਰਗੇ ਸੁਫਨੇ ਲੈਂਦੇ ਹਨ, ਆਖਰ ਉਹ ਵੀ ਆਸਮਾਨ ਨੂੰ
ਛੂਹ ਲੈਂਦੇ ਹਨ। ਜੇ ਹਿੰਮਤ ਹੋਵੇ ਤਾਂ ਹਾਲਾਤ ਬਦਲੇ ਵੀ ਜਾ ਸਕਦੇ ਹਨ। ਆਪਣੇ
ਆਪ ਤੇ ਯਕੀਨ ਹੋਵੇ ਤੇ ਹਾਰਨ ਦਾ ਡਰ ਨਾ ਹੋਵੇ, ਤਾਂ ਦੁਨੀਆਂ ਦੀ ਕੋਈ ਤਾਕਤ
ਤੁਹਾਨੂੰ ਸੁਫਨੇ ਰੰਗੀਨ ਕਰਨ ਤੋਂ ਰੋਕ ਨਹੀਂ ਸਕਦੀ।
(24/11/17) |
|
ਹੋਂਦ ਬਾਕੀ ਹੈ |
ਸਾਡੀਆਂ ਬਹੁਤ ਸਾਰੀਆਂ ਪੁਰਾਤਨ ਵਸਤੂਆਂ
ਆਪਣੀ ਉਮਰ ਪੁਗਾਅ ਚੁੱਕੀਆਂ ਹਨ। ਹਰ ਵਸਤੂ ਦੀ ਜਦ ਤਕ ਲੋੜ ਬਣੀ ਰਹੇਗੀ, ਉਹ
ਵੱਧਦੀ ਫੁੱਲਦੀ ਰਹੇਗੀ ਜਾਂ ਬਚੀ ਰਹੇਗੀ। ਬਦਲਦੇ ਸਮੇਂ ਨੇ ਬਹੁਤ ਸਾਰੀਆਂ
ਚੀਜ਼ਾਂ, ਜਿਹਨਾਂ ਨੂੰ ਅਸੀਂ ਸਭਿਆਚਾਰਕ ਚਿੰਨਾਂ ਦੇ ਤੌਰ ਤੇ ਜਾਣਦੇ ਹਾਂ, ਅੱਜ
ਆਮ ਵਰਤੋਂ ਵਿਚ ਨਹੀਂ ਰਹੀਆਂ ਹਨ, ਇਸੇ ਲਈ ਉਹ ਹੌਲੀ ਹੌਲੀ ਅਲੋਪ ਹੋ ਗਈਆਂ ਹਨ
ਜਾਂ ਹੋ ਰਹੀਆਂ ਹਨ। ਪਰ ਸਮੇਂ ਤੇ ਤਕਨੌਲਜੀ ਦੀ ਮਾਰ ਝੱਲ ਕਿ ਵੀ ਸਾਡੇ ਕੋਲ
ਇੰਨੂ ਉਰਫ ਬਿੰਨੂ ਬਚਿਆ ਹੋਇਆ ਹੈ। ਇਹ ਪੰਜ ਤੋਂ ਸਤ ਇੰਚ ਦੇ ਆਕਾਰ ਦਾ ਰਿੰਗ
ਸਾਰੀ ਦੁਨੀਆ ਵਿਚ ਵਰਤਿਆ ਜਾਂਦਾ ਹੈ। ਕੰਮਕਾਜੀ ਐਰਤਾਂ ਤੇ ਮਜ਼ਦੂਰਾਂ ਲਈ ਸਿਰ
ਤੇ ਟੋਕਰੀ, ਤੱਸਲਾ ਜਾਂ ਘੜਾ ਟਿਕਾਉਣਾ ਬਹੁਤ ਆਸਾਨ ਕਰ ਦਿੰਦਾ ਹੈ। ਸ਼ੋਕੀਨ
ਔਰਤਾਂ ਇਸਨੂੰ ਸ਼ਿੰਗਾਰ ਕੇ ਬਣਾਉਂਦੀਆਂ ਸਨ/ਹਨ। ਆਮ ਤੌਰ ਤੇ ਇਸਦੇ ਅੰਦਰ ਕਾਹੀ
ਦਾ ਗੋਲਾ ਭਰਿਆ ਜਾਂਦਾ ਹੈ ਤੇ ਉੱਤੇ ਲੀਰਾਂ ਕੱਸ ਕਿ ਲਪੇਟੀਆਂ ਜਾਂਦੀਆਂ ਹਨ।
ਸਭ ਤੋਂ ਖੁਸ਼ੀ ਦੀ ਗੱਲ ਹੈ ਕਿ ਹੁਣ ਇਸਨੂੰ ਬਣਾਉਣ ਦੇ ਮੁਕਾਬਲੇ ਲਈ, ਵਿਸ਼ਵ
ਵਿਦਆਲਿਆਂ ਤੇ ਕਾਲਜਾਂ ਵਿਰ ਵੀ ਸ਼ਾਮਲ ਕਰ ਲਿਆ ਗਿਆ ਹੈ। ਇਹ ਇਸ ਨਿਮਾਣੀ ਜਿਹੀ,
ਭਾਰ ਸਹਿਣ ਵਾਲੀ ਵਸਤੂ ਦੀ ਹੋਂਦ ਕਾਇਮ ਰੱਖਣ ਵੱਲ ਇਕ ਸਾਰਥਿਕ ਕਦਮ ਹੈ।
(18/11/17) |
|
ਜਿੰਨ ਪਹਾੜੋਂ ਲੱਭਾ |
ਪੁਰਾਣੇ ਸਮੇਂ 'ਚ ਗੱਲ ਸੁਣਦੇ ਹੁੰਦੇ ਸੀ,
ਇਕ ਸਾਧੂ, ਜੰਗਲਾਂ, ਪਹਾੜਾਂ ਚ ਘੁੰਮਦਾ ਫਿਰਦਾ ਸੀ। ਇਕ ਦਿਨ ਉਹ ਥੱਕ ਗਿਆ ਤੇ
ਇਕ ਵੱਡੇ ਰੁੱਖ ਨਾਲ ਢਾਸਣਾ ਲਾ ਕਿ ਬਹਿ ਗਿਆ। ਜਦੋਂ ਉਸਨੂੰ ਜਾਗ ਆਈ ਤਾਂ ਕੀ
ਵੇਖਦਾ ਹੈ ਕਿ ਮਿੱਟੀ ਨਾਲ ਲਿਬੜਿਆ ਇਕ ਭਾਂਡਾ ਥੋੜੀ ਦੂਰ ਪਿਆ ਸੀ। ਉਸਨੇ ਉਹ
ਭਾਂਡਾ ਚੱਕ ਲਿਆ ਤੇ ਸੋਚਣ ਲੱਗ ਪਿਆ ਕਿ ਹੁਣ ਨਦੀ ਤੋਂ ਪਾਣੀ ਨਾਲ ਭਰ ਕਿ ਕੋਲ਼
ਰਖਿਆ ਕਰਾਂਗਾ। ਥੋੜੀ ਦੂਰ ਹੀ ਨਦੀ ਆ ਗਈ। ਉਹ ਪਾਣੀ ਭਰਨ ਤੋਂ ਪਹਿਲੋਂ, ਭਾਂਡੇ
ਨੂੰ ਮਾਂਜਣ ਲੱਗ ਪਿਆ। ਜਿਉਂ ਹੀ ਉਸਨੇ ਹੱਥ ਫੇਰਿਆ, ਤਦੇ ਹੀ ਇਕ ਜਿੰਨ ਪ੍ਰਗਟ
ਹੋ ਗਿਆ। ਜਿੰਨ ਕਹਿੰਦਾ ਕਿ ਅੱਜ ਤੋਂ ਤੂੰ ਮੇਰਾ ਮਾਲਕ, ਜੋ ਮਰਜ਼ੀ ਕੰਮ ਕਰਾ,
ਬਸ ਵਿਹਲਾ ਨਾ ਛੱਡੀ, ਨਹੀਂ ਤੇ ਮੈ ਤੈਨੂੰ ਖਾ ਜਾਊਂ। ਕੁਝ ਸਮਾਂ ਤਾਂ ਚੰਗਾ
ਲੰਘ ਗਿਆ, ਤੇ ਫੇਰ ਇਕ ਦਿਨ ਉਹ ਜਿੰਨ ਦਾ ਭੋਜਨ ਬਣ ਗਿਆ। ਅੱਜ ਫੇਰ ਲੋਕਾਂ ਨੂੰ
ਇਕ ਜਿੰਨ ਮਿਲ ਗਿਆ ਹੈ, ਜੋ ਸਭ ਕੁਝ ਖਾ ਚੁੱਕਾ ਹੈ। ਸਿਨਮਾ, ਨਾਟਕ, ਨਾਚ,
ਕੰਮਪੀਊਟਰ, ਟੀਵੀ, ਫੋਨ, ਰਿਸ਼ਤੇ ਨਾਤੇ ਆਦਿ ਆਦਿ। ਕੀ ਪਿੰਡ, ਕੀ ਸ਼ਹਿਰ ਇਹ ਹਰ
ਇਕ ਦੇ ਹੱਥ ਬੰਨੀ ਬੈਠਾ ਹੈ। ਦਿਨ ਹੈ ਜਾਂ ਰਾਤ, ਬੱਚਾ ਹੈ ਜਾਂ ਬਜ਼ੁਰਗ ਸਭ
ਆਪਣੇ ਆਪ ਨੂੰ ਮਾਲਕ ਸਮਝ ਰਹੇ ਹਨ। ਹਾਲੇ ਜਿੰਨ ਵੀ ਬਹੁਤ ਰੁਝਿਆ ਹੋਇਆ ਹੈ। ਪਰ
ਜਲਦੀ ਹੀ ਇਸ ਨੂੰ ਮਨੁਖੱਤਾ ਦਾ ਮਾਸ ਮਿਲਣ ਵਾਲਾ ਹੈ। ਕਾਸ਼ ਕੋਈ ਇਸ ਤਕਨੋਲਜੀ
ਦੇ ਪੈਦਾ ਕੀਤੇ ਜਿੰਨ ਨੂੰ ਵਾਪਸ ਪਹਾੜਾਂ ਵਿਚ ਦੱਬ ਆਵੇ।
(09/11/17) |
|
ਉੱਜੜੇ ਵਾਰੋ ਵਾਰੀ |
ਦੁਨੀਆ ਵਿਚ ਸਭ ਤੋਂ ਅਸਥਿਰ ਵਰਤਾਰਾ,
ਸਭਿਆਚਾਰ ਹੀ ਹੁੰਦਾ ਹੈ। ਇਹ ਪਾਣੀ ਦੀਆਂ ਲਹਿਰਾਂ ਵਾਂਗ ਹੁੰਦਾ ਹੈ। ਆਉਂਦੀ
ਲਹਿਰ ਬੜੀ ਸੋਹਣੀ ਤੇ ਤਾਕਤਵਾਰ ਲੱਗਦੀ ਹੈ ਪਰ ਛੇਤੀ ਹੀ ਸਮੁੰਦਰ ਵਿਚ ਗੁੰਮ ਹੋ
ਜਾਂਦੀ ਹੈ। ਇੰਝ ਹੀ ਸਭਿਆਚਾਰ ਦੀ ਰਵਾਨੀ ਹੁੰਦੀ ਹੈ। ਭੋਤਿਕ ਲੋੜਾਂ ਚੋ ਪੈਦਾ
ਹੋਈਆਂ ਵਸਤੂਆਂ ਤੇ ਪਹਿਰਾਵੇ, ਇਕੋ ਝੱਟਕੇ ਨਾਲ ਬਦਲ ਜਾਂਦੇ ਹਨ। ਚਾਦਰੇ
ਕੁੜਤੇ, ਪੈਂਟਾਂ ਕਮੀਜ਼ਾਂ ਵਿਚ ਬਦਲ ਗਏ। ਜੀਨਾਂ ਨੇ ਸਲਵਾਰਾਂ ਘਗਰੇ ਪਿੱਛੇ
ਸੁੱਟ ਦਿੱਤੇ। ਦਾਤੀਆਂ ਨੂੰ ਕੰਬਾਇਨਾਂ ਨੇ ਵਿਹਲੇ ਕਰ ਦਿੱਤਾ। ਗੱਲ ਕੀ ਹਰ
ਯੁੱਗ ਦੇ ਵਿਚ ਕੁਝ ਨਾ ਕੁਝ ਬਦਲ ਜਾਂਦਾ ਹੈ। ਘਰਾਂ ਵਿਚ ਪਏ ਸੰਦੂਕ, ਔਰਤਾਂ ਦੇ
ਮੋਹ ਤੋਂ ਮੁਕਤ ਹੋ ਕੇ ਬੈਂਕਾਂ ਦੇ ਲਾਕਰ ਬਣ ਗਏ ਹਨ। ਕਦੇ ਜੋ ਪੱਕੀ ਲੱਕੜ ਦਾ
ਮਹਿੰਗਾ ਸੰਦੂਕ ਹੁੰਦਾ ਸੀ, ਅੱਜ ਸਿਰਫ, ਅਜਾਇਬ ਘਰਾਂ ਦਾ ਹਿੱਸਾ ਹੀ ਰਹਿ ਗਿਆ
ਹੈ। ਘਰਾਂ ਵਿਚੋਂ ਸਫਾਈ ਦੇ ਨਾਮ ਤੇ ਕਈ ਤਾਂ ਚੁੱਲ੍ਹੇ ਦੀ ਭੇਂਟ ਵੀ ਚੜ੍ਹ
ਚੁੱਕੇ ਹਨ। ਸਮਾਂ ਹੀ ਤਬਦੀਲੀ ਲਿਆਉਂਦਾ ਹੈ ਤੇ ਤਬਦੀਲੀ ਹੀ ਸਮਾਂ ਹੈ। ਘੜੀ
ਤਾਂ ਬਸ ਸਿਰਫ ਘੁੰਮਣ ਜੋਗੀ ਹੀ ਹੈ। ਇਹ
ਮਨੁੱਖੀ ਮਨ ਦੀ ਚਾਲ ਹੀ ਹੈ, ਜੋ ਸਭ ਨੂੰ ਘੁਮਾਈ ਫਿਰਦੀ ਹੈ।
(27/10/17) |
|
|
|
|
|