ਫਰਾਂਸ
ਦੇ ਦੱਖਣ ਵਿੱਚ ਪੱਛਮ ਵਾਲੇ ਪਾਸੇ ਆਵੇਰੋਨ ਨਾਂ ਦੀ ਸਟੇਟ ਵਿੱਚ ਮਿਲਾਉ ਸ਼ਹਿਰ ਦੇ ਕੋਲ
ਉੱਚੇ ਉੱਚੇ ਪਹਾੜਾਂ ਤੇ ਦਰਿਆਵਾਂ ਦੇ ਵਿੱਚਕਾਰ ਇੱਕ (ਵਾਹਲੇ ਦਾ ਤਾਰਨ) ਨਾਂ ਦਾ ਇੱਲਾਕਾ
ਹੈ, ਜਿਥੇ (ਵਾਇਆਡੱਕ ਦਾ ਮਿਲਾਉ) ਨਾਂ ਦਾ ਦੁੱਨੀਆਂ ਦਾ ਸਭ ਤੋਂ ਉਚਾ ਪੁੱਲ ਬਣਿਆ ਹੋਇਆ
ਹੈ। ਜਿਸ ਨੁੰ ਇੰਗਲਿਸ਼ ਵਿੱਚ (ਮਿਲਾਉ ਬਰਿਜ਼) ਕਹਿੰਦੇ ਹਨ। ਇਹ ਪੈਰਿਸ ਤੋਂ ਬੇਜ਼ੀਏ ਜਾਣ
ਵਾਲੇ ਹਾਈਵੇ ਏ75 ਨੂੰ ਉਚੀਆ ਚੋਟੀਆਂ ਵਾਲੇ ਪਹਾੜਾਂ ਤੇ ਡੂੰਘੇ ਨਦੀਆਂ ਨਾਲਿਆਂ ਦੇ ਉਪਰ
ਦੀ ਬਣਿਆ ਹੋਇਆ ਪੁੱਲ ਇੱਕ ਸਿਰੇ ਤੋਂ ਦੂਸਰੇ ਸਿਰੇ ਨਾਲ ਜੋੜ ਦਿੰਦਾ ਹੈ।
1991 ਵਿੱਚ ਇਥੋਂ ਦੀ ਸਰਕਾਰ ਨੇ ਉਚੇ ਡੂੰਘੇ ਪਹਾੜੀ ਇਲਾਕਿਆਂ ਵਿੱਚਕਾਰ ਇੱਕ ਪੁੱਲ
ਬਣਾਉਣ ਦਾ ਪ੍ਰਸਤਾਵ ਪਾਸ ਕੀਤਾ ਸੀ। ਫਿਰ 1996 ਵਿੱਚ ਇੰਜ਼ੀਨੀਅਰਾਂ ਨੇ ਵੱਖ ਵੱਖ ਧਰਾਵਾਂ
ਤੋਂ ਬਹੁਤ ਸਾਰੇ ਨਕਸ਼ੇ ਤਿਆਰ ਕੀਤੇ, ਜਿਹਨਾਂ ਵਿੱਚ ਇੱਕ ਇੰਜ਼ੀਨੀਅਰ ਮਿਸ਼ਲ ਵੀਰਲੋਜੋਸ ਸੀ।
14 ਦਸੰਬਰ 2001 ਨੂੰ ਫਰਾਂਸ ਦੇ ਟਰਾਸਪੋਰਟ ਮਨਿਸਟਰ ਜੇ ਸੀ ਗੇਸੋਟ ਨੇ ਇਸ ਦਾ ਨੀਹ ਪੱਥਰ
ਰੱਖਿਆ। ਮੇਰੇ ਦੇਸ਼ ਦੇ ਨੀਹ ਪੱਥਰਾਂ ਵਾਂਗ ਇੱਕਲਾ ਪੱਥਰ ਹੀ ਨਹੀ ਪਿਆ ਰਿਹਾ, ਅਗਲੇ ਸਾਲ
ਭਾਵ 2002 ਵਿੱਚ ਕੰਪਨੀਆ ਨੂੰ ਠੇਕਾ ਦੇਕੇ ਇਸ ਦੀਆ ਨੀਹਾਂ ਦੀ ਖੁਦਾਈ ਸ਼ੁਰੂ ਕਰ ਦਿੱਤੀ।
25 ਦਸੰਬਰ 2003 ਨੂੰ ਇਸ ਦੇ ਦੱਖਣ ਵਾਲੇ ਪਾਸੇ ਦਾ 247 ਮੀਟਰ ਉਚਾ ਥੰਮਲਾ ਬਣ ਕੇ ਤਿਆਰ
ਹੋ ਗਿਆ ਸੀ। 9 ਮਹੀਨਿਆਂ ਵਿੱਚ 25 ਨਵੰਬਰ 2003 ਨੂੰ ਇਸ ਦੇ ਸੱਤ ਥੰਮ 247 ਮੀਟਰ ਉੱਚੇ
ਬਣ ਗਏ ਸਨ। 28 ਮਈ 2004 ਨੂੰ ਦੋਵਾਂ ਸਾਈਡਾਂ ਤੋਂ ਭਾਵ ਉਤਰ ਤੋਂ ਦੱਖਣ ਵਾਲੇ ਪਾਸੇ ਤੋਂ
ਬਣ ਰਹੇ ਪੁੱਲ ਦੇ ਜੰਕਸ਼ਨ ਨੁੰ ਜੋੜ ਦਿੱਤਾ ਸੀ।
ਪੁੱਲ ਦੇ ਉਪਰ ਹੋਰ ਉੱਚੇ ਥਮਲੇ ਬਣਾ ਕੇ ਮੋਟੀਆ ਤਾਰਾਂ ਨਾਲ ਬੰਨ ਕੇ ਮਜਬੂਤ ਬਣਾਇਆ
ਗਿਆ। ਇਸ ਨੂੰ ਆਮ ਪਬਲਿੱਕ ਲਈ ਖੋਲਣ ਤੋਂ ਪਹਿਲਾਂ ਬਕਾਇਦਾ ਇਸ ਉਪਰ ਕਈ ਟੈਸਟ ਪਾਸ ਕੀਤੇ
ਗਏ। ਉਸ ਵਕਤ ਦੇ ਪ੍ਰੈਜ਼ੀਡੈਂਟ ਜੈਕ ਸ਼ੀਰਾਕ ਨੇ ਆਪਣੇ ਚਰਨ ਕਮਲਾ ਨਾਲ 14 ਦਸੰਬਰ 2004
ਨੂੰ ਇਸ ਦਾ ਉਦਘਾਟਨ ਕੀਤਾ। ਬਾਅਦ ਵਿੱਚ 16 ਦਸੰਬਰ 2004 ਨੂੰ ਆਵਾਜਾਈ ਚਾਲੂ ਕਰ ਦਿੱਤੀ
ਗਈ ।
ਇਹ 2460 ਮੀਟਰ ਲੰਬਾ ਤੇ 30 ਮੀਟਰ ਚੌੜਾ ਪੁੱਲ ਧਰਤੀ ਦੇ ਤਲ ਤੋਂ 270 ਮੀਟਰ ਉੱਚਾ
ਹੈ,ਪੁੱਲ ਦੇ ਉਪਰ ਇਸ ਦੀ ਪਕੜ ਮਜਬੂਤ ਕਰਨ ਲਈ ਜਿਹੜੇ ਥਮਲੇ ਬਣੇ ਹੋਏ ਹਨ, ਉਹ ਧਰਤੀ ਤਲ
ਤੋਂ 343 ਮੀਟਰ ਉੱਚੇ ਹਨ, 36000 ਟਨ ਇਸ ਨੂੰ ਲੋਹਾ ਲੱਗਿਆ ਹੋਇਆ ਹੈ। ਭਾਵ ਇਹ ਆਈਫਲ
ਟਾਵਰ ਤੋਂ 20 ਮੀਟਰ ਉੱਚਾ ਹੈ, ਅਤੇ ਉਸ ਤੋਂ ਚਾਰ ਗੁਣਾ ਵੱਧ ਲੋਹਾ ਲੱਗਿਆ ਹੋਇਆ ਹੈ।
205000 ਟਨ ਚੂਨਾ ਬਜ਼ਰੀ ਰੇਤਾ ਵੀ ਲੱਗਿਆ ਹੈ। ਸਿਰਫ ਇਸ ਦੇ 3 ਪ੍ਰਤੀਸ਼ਤ ਹਿਸੇ ਨੂੰ ਹੀ
ਰੰਗ ਕੀਤਾ ਹੋਇਆ ਹੈ। 200 ਕਿ.ਮਿ. ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲ ਰਹੀ ਹਵਾ ਵੀ ਇਸ
ਦਾ ਕੁਝ ਨਹੀ ਵਿਗਾੜ ਸਕਦੀ।ਇਹ ਚਾਰ ਲਾਈਨਾਂ ਵਾਲੇ ਪੁੱਲ ਨੂੰ ਬਣਾਉਣ ਲਈ ਕੁਲ
400,000,000, ਏਰੋ ਲੱਗੇ ਹਨ। ਈਫਾਜ਼ ਨਾਂ ਦੀ ਕੰਪਨੀ ਨੇ ਇਸ ਦਾ 75 ਸਾਲ ਠੇਕਾ ਲੈਣਾ ਵੀ
ਕੀਤਾ ਹੋਇਆ ਹੈ।
ਕੁਲ ਮਿਲਾ ਇਸ ਵਾਇਆਡੱਕ ਦਾ ਮਿਲਾਉ ਬਰਿਜ਼ ਨੇ ਦੁਨੀਆ ਦਾ ਉਚਾ ਪੁੱਲ ਹੋਣ ਦੀ
ਪ੍ਰਸਿੱਧੀ ਹਾਸਲ ਕਰ ਲਈ ਹੈ।
ਸੁਖਵੀਰ ਸਿੰਘ ਸੰਧੂ ਪੈਰਿਸ
|