ਚਾਹ ਦੀ ਰਾਜਧਾਨੀ: ਦਾਰਜੀਲਿੰਗ
ਪ੍ਰੋ. ਹਰਦੇਵ ਸਿੰਘ ਵਿਰਕ
ਜਦੋਂ
ਅੰਗਰੇਜ਼ ਭਾਰਤ ਵਿਚ ਆਏ ਤਾਂ ਵਪਾਰਕ ਰੁਚੀ ਪ੍ਰਧਾਨ ਸੀ। ਹੌਲੀ-ਹੌਲੀ ਉਨ੍ਹਾਂ
ਫਰਾਂਸੀਸੀ ਅਤੇ ਡੱਚ ਲੋਕਾਂ ਤੋਂ ਭਾਰਤ ਦੇ ਸਮੁੰਦਰੀ ਕੰਢੇ ਨਾਲ ਲਗਦੇ ਇਲਾਕੇ ਖੋਹ
ਲਏ। ਪਲਾਸੀ ਦੀ ਲੜਾਈ ਵਿਚ ਅੰਗਰੇਜ਼ਾਂ ਨੇ ਫੈਸਲਾਕੁਨ ਜਿੱਤ ਪ੍ਰਾਪਤ ਕਰਕੇ ਭਾਰਤ ਉਪਰ
ਰਾਜ ਕਰਨ ਦਾ ਸੁਪਨਾ ਸਾਕਾਰ ਕਰ ਲਿਆ। ਬੰਗਾਲ ਉਪਰ ਪੂਰੀ ਤਰ੍ਹਾਂ ਕਬਜ਼ਾ ਹੋਣ ਉਪਰੰਤ
18ਵੀਂ ਸਦੀ ਦੇ ਅੰਤ ਤਕ ਕਲਕੱਤਾ ਅੰਗਰੇਜ਼ ਸਾਮਰਾਜ ਦੀ ਰਾਜਧਾਨੀ ਬਣ ਗਿਆ ਜਦ ਕਿ
ਮੁਗਲ ਬਾਦਸ਼ਾਹ ਦਿੱਲੀ ਤੋਂ ਪਾਲਮ ਤਕ ਹੀ ਮਹਿਦੂਦ ਹੋ ਕੇ ਰਹਿ ਗਿਆ ਸੀ। ਕਹਾਵਤ
ਪ੍ਰਸਿੱਧ ਹੈ: ਬਾਦਸ਼ਾਹ ਸ਼ਾਹ ਆਲਮ, ਜਿਸ ਦਾ ਰਾਜ
ਦਿੱਲੀ ਤੋਂ ਪਾਲਮ। ਅੰਗਰੇਜ਼ਾਂ ਨੇ ਭਾਰਤ ਉਪਰ ਪੂਰੀ ਤਰ੍ਹਾਂ ਕਾਬਜ਼ ਹੋਣ
ਉਪਰੰਤ ਵੀਹਵੀਂ ਸਦੀ ਦੇ ਸ਼ੁਰੂ ਵਿਚ ਆਪਣੀ ਰਾਜਧਾਨੀ ਨਵੀਂ ਦਿੱਲੀ ਬਣਾਈ ਜਿਸ ਦਾ
ਠੇਕਾ ਖੁਸ਼ਵੰਤ ਸਿੰਘ ਦੇ ਪਿਤਾ ਸਰਦਾਰ ਸੋਭਾ ਸਿੰਘ ਨੂੰ ਦਿੱਤਾ ਗਿਆ ਸੀ। ਲਗਪਗ ਡੇਢ
ਸੌ ਸਾਲ ਕਲਕੱਤਾ ਹੀ ਅੰਗਰੇਜ਼ੀ ਹਕੂਮਤ ਦਾ ਕੇਂਦਰ ਰਿਹਾ।
ਭਾਰਤ ਦੀ ਗਰਮੀ ਅਤੇ ਚੁਮਾਸਾ ਅੰਗਰੇਜ਼ਾਂ ਲਈ ਸਹਿਨਸ਼ੀਲ
ਨਹੀਂ ਸੀ। ਇਸ ਕਰਕੇ ਉਨ੍ਹਾਂ ਨੇ ਪਹਾੜਾਂ ਵੱਲ ਰੁਖ ਮੋੜਿਆ। ਦੱਸਿਆ ਜਾਂਦਾ ਹੈ ਕਿ
ਦਾਰਜੀਲਿੰਗ ਦਾ ਪਹਾੜੀ ਇਲਾਕਾ ਨੇਪਾਲ ਦੇ ਅਧੀਨ ਸੀ। ਅੰਗਰੇਜ਼ਾਂ ਨੂੰ ਉਹ ਪਸੰਦ ਆ
ਗਿਆ ਤੇ ਆਪਣੇ ਕਬਜ਼ੇ ਵਿਚ ਕਰ ਲਿਆ। ਕਲਕੱਤੇ ਦੇ ਹੁੰਮਸ ਤੋਂ ਬਚਣ ਲਈ ਅੰਗਰੇਜ਼ਾਂ ਨੇ
ਦਾਰਜੀਲਿੰਗ ਨੂੰ ਹਿੱਲ ਸਟੇਸ਼ਨ ਵਿਚ ਤਬਦੀਲ ਕਰ ਦਿੱਤਾ। ਸਿਲੀਗੁੜੀ ਤਾਂ ਹੁਣ ਇਕ
ਵੱਡਾ ਸ਼ਹਿਰ ਅਤੇ ਵਪਾਰਕ ਕੇਂਦਰ ਬਣ ਗਿਆ ਹੈ। ਇਥੋਂ ਹੀ ਦਾਰਜੀਲਿੰਗ, ਸਿੱਕਮ,
ਭੂਟਾਨ, ਨੇਪਾਲ ਅਤੇ ਆਸਾਮ ਨੂੰ ਪਹੁੰਚ ਮਾਰਗ ਸ਼ੁਰੂ ਹੁੰਦੇ ਹਨ। 17 ਮਈ ਨੂੰ ਮੈਂ
ਆਪਣੇ ਖੋਜ ਸਹਾਇਕ ਨਾਲ ਸਿਲੀਗੁੜੀ ਪਹੁੰਚ ਗਿਆ। ਇਥੇ ਕਾਫੀ ਸਿੱਖ ਵਪਾਰੀ ਅਤੇ
ਟਰਾਂਸਪੋਰਟਰ ਆਬਾਦ ਹੋ ਚੁੱਕੇ ਹਨ। ਸ਼ਹਿਰ ਵਿਚ ਸਿੰਘ ਸਭਾ ਗੁਰਦੁਆਰਾ ਆਲੀਸ਼ਾਨ ਇਮਾਰਤ
ਵਿਚ ਕਾਇਮ ਹੈ। ਪੰਜਾਬ ਦੇ ਟਰੱਕ ਡਰਾਈਵਰ ਆਸਾਮ ਅਤੇ ਨੇਪਾਲ ਜਾਂਦੇ ਹੋਏ ਇਥੇ ਰੁਕਦੇ
ਹਨ ਅਤੇ ਗੁਰੂ ਘਰ ਦੀ ਸੇਵਾ ਸੰਭਾਲ ਵਿਚ ਯੋਗਦਾਨ ਪਾ ਰਹੇ ਹਨ।
18 ਮਈ
ਨੂੰ ਸਿਲੀਗੁੜੀ ਤੋਂ ਦਾਰਜੀਲਿੰਗ ਜਾਣ ਲਈ ਦੋ ਤਰੀਕੇ ਸਨ; ਸੜਕ ਦੇ ਰਸਤੇ ਜਾਂ ਰੇਲ
ਗੱਡੀ ਰਾਹੀਂ ਸਫਰ। ਪਤਾ ਲੱਗਾ ਕਿ ਖਿਡੌਣਾ-ਗੱਡੀ ਸਿਲੀਗੁੜੀ ਤੋਂ ਦਾਰਜੀਲਿੰਗ ਦਾ 80
ਕਿਲੋਮੀਟਰ ਦਾ ਸਫਰ ਅੱਠ ਘੰਟੇ ਵਿਚ ਤੈਹ ਕਰਦੀ ਹੈ ਅਤੇ ਜੀਪਾਂ ਤਿੰਨ ਘੰਟੇ ਵਿਚ
ਪਹੁੰਚ ਜਾਂਦੀਆਂ ਹਨ। ਸੋ ਅਸੀਂ ਇਕ ਮਿੰਨੀ ਬੱਸ 'ਤੇ ਸਵਾਰ ਹੋ ਕੇ ਚਾਰ ਘੰਟੇ ਵਿਚ
ਦਾਰਜੀਲਿੰਗ ਪੁਹੰਚ ਗਏ। ਦਰਅਸਲ ਰੇਲ ਦੀ ਪਟੜੀ ਅਤੇ ਸੜਕ ਧੁਰ ਤਕ ਨਾਲ ਨਾਲ ਹੀ
ਚਲਦੀਆਂ ਹਨ। ਰਸਤੇ ਵਿਚ ਖਿਡੌਣਾ-ਗੱਡੀ ਦਾ ਕਈ ਵਾਰ ਟਾਕਰਾ ਹੋ ਜਾਂਦਾ ਹੈ।
ਅੰਗਰੇਜ਼ਾਂ ਦੇ ਹੁਨਰ ਦੀ ਦਾਦ ਦੇਣੀ ਬਣਦੀ ਹੈ ਜਿਨ੍ਹਾਂ ਨੇ ਇਸ ਦੁਰਗਮ ਪਹਾੜੀ ਰਸਤੇ
ਉਪਰ ਰੇਲ ਗੱਡੀ ਚਾਲੂ ਕੀਤੀ। ਇਹ ਵਿਸ਼ਵ ਭਰ ਵਿਚ ਸਭ ਤੋਂ ਪੁਰਾਣੀ ਰੇਲ ਪਟੜੀ ਹੈ ਜੋ
ਪਹਾੜਾਂ ਵਿਚ ਵਿਛਾਈ ਗਈ ਸੀ। ਦਾਰਜੀਲਿੰਗ ਦੇ ਰਸਤੇ ਵਿਚ ਕਈ ਪਿੰਡ ਆਉਂਦੇ ਹਨ ਅਤੇ
ਕੁਰਸੀਆਂਗ ਦਾ ਕਸਬਾ। ਵਸੋਂ ਸਾਰੀ ਦੀ ਸਾਰੀ ਨੇਪਾਲੀ ਹੈ ਜਿਸ ਕਰਕੇ ਦਾਰਜੀਲਿੰਗ
ਜ਼ਿਲੇ ਲਈ ਹਿੱਲ ਕੌਂਸਿਲ ਬਣਾ ਰੱਖੀ ਹੈ। ਨੇਪਾਲੀਆਂ ਨੇ ਬਹੁਤ ਜਦੋਜਹਿਦ ਕਰਕੇ ਕੁਝ
ਸਹੂਲਤਾਂ ਭਾਰਤ ਸਰਕਾਰ ਤੋਂ ਪ੍ਰਾਪਤ ਕੀਤੀਆਂ ਹਨ ਵਰਨਾ ਬੰਗਾਲੀ ਲੋਕ ਇਨ੍ਹਾਂ ਉਪਰ
ਹਰ ਤਰ੍ਹਾਂ ਨਾਲ ਹਾਵੀ ਰਹਿੰਦੇ ਸਨ। ਸੁਭਾਸ਼ ਗੀਸ਼ਿੰਗ ਨੇਪਾਲੀਆਂ ਦਾ ਹਰਮਾਨ ਪਿਆਰਾ
ਨੇਤਾ ਹੈ। ਦਾਰਜੀਲਿੰਗ ਪਹੁੰਚ ਕੇ ਪਤਾ ਲੱਗਾ ਕਿ ਸ਼ਹਿਰ ਦੀ ਖਸਤਾ ਹਾਲਤ ਦਾ ਕਾਰਨ ਵੀ
ਹੁਣ ਨੇਪਾਲੀ ਲੋਕ ਹਨ।
ਸ਼ਾਮ ਦੇ ਸੱਤ ਵਜੇ ਅਸੀਂ ਦਾਰਜੀਲਿੰਗ ਬੱਸ ਅੱਡੇ 'ਤੇ ਜਾ ਉਤਰੇ। ਹਰ ਰੋਜ਼ ਸ਼ਾਮ
ਨੂੰ ਹਲਕੀ ਬਾਰਸ਼ ਹੋ ਜਾਂਦੀ ਹੈ। ਬੂੰਦਾ ਬਾਂਦੀ ਵਿਚ ਹੀ ਮੈਂ ਹੋਟਲ ਦੀ ਤਲਾਸ਼ ਕਰਨ
ਲੱਗਾ। ਯਾਤਰੀਆਂ ਦੀ ਏਨੀ ਭੀੜ ਸੀ ਕਿ ਬਾਜ਼ਾਰ ਖਚਾ-ਖਚ ਭਰਿਆ ਪਿਆ ਸੀ ਅਤੇ ਸਾਰੇ
ਹੋਟਲ ਭਰੇ ਹੋਏ ਸਨ। ਮੁਸ਼ਕਿਲ ਨਾਲ ਰੈਣ ਬਸੇਰੇ ਲਈ ਇਕ ਲਾਜ ਵਿਚ ਹੀ ਕਮਰਾ ਮਿਲਿਆ।
ਅਗਲੀ ਸਵੇਰ ਮੇਰਾ ਸਾਥੀ ਬੀਮਾਰ ਹੋ ਗਿਆ ਨਹੀਂ ਤਾਂ ਕੰਚਨ ਜੰਗਾ ਦੀ ਬਰਫ ਲੱਦੀ ਚੋਟੀ
ਦੇਖਣ ਚਾਰ ਵਜੇ ਜਾਣਾ ਸੀ। ਸਾਰੇ ਯਾਤਰੀ ਅੰਮ੍ਰਿਤ ਵੇਲੇ ਉੱਠ ਕੇ ਸ਼ਹਿਰੋਂ ਬਾਹਰ ਇਕ
ਟੀਸੀ 'ਤੇ ਜਾ ਪਹੁੰਚਦੇ ਹਨ ਅਤੇ ਪੰਜ ਵਜੇ ਦੇ ਕਰੀਬ ਸੂਰਜ ਦੀਆਂ ਪਹਿਲੀਆਂ ਕਿਰਨਾਂ
ਕੰਚਨਜੰਗਾ ਨੂੰ ਰੁਸ਼ਨਾ ਦਿੰਦਿਆਂ ਹਨ।
ਇਹ ਨਜ਼ਾਰਾ
ਵਿਸਮਾਦ- ਮਈ ਅਤੇ ਰੌਚਕ ਦ੍ਰਿਸ਼ ਪੇਸ਼ ਕਰਦਾ ਹੈ। ਸਾਥੀ ਨੂੰ ਛੱਡ ਕੇ ਮੈਂ ਸ਼ਹਿਰ
ਘੁੰਮਣ ਚਲਾ ਗਿਆ। ਸਮਾਂ ਬਤੀਤ ਕਰਨ ਲਈ ਦਾਰਜੀਲਿੰਗ ਦਾ ਰੇਲਵੇ ਸਟੇਸ਼ਨ ਵੀ ਵਧੀਆ ਥਾਂ
ਹੈ। ਇਥੋਂ ਯਾਤਰੀਆਂ ਦੀ ਸਹੂਲਤ ਲਈ ਗੱਡੀਆਂ ਚੱਲਦੀਆਂ ਹਨ ਅਤੇ ਪਹਾੜਾਂ ਦੀ ਸੈਰ
ਕਰਕੇ ਪਰਤ ਆਈ ਦਾ ਹੈ। ਸ਼ਹਿਰ ਦੇ ਬਾਹਰ ਚਾਹ ਦੇ ਬਾਗ ਹਨ ਜਿਸ ਕਰਕੇ ਦਾਰਜੀਲਿੰਗ
ਸਾਰੇ ਵਿਸ਼ਵ ਭਰ ਵਿਚ ਚਾਹ ਦੀ ਰਾਜਧਾਨੀ ਹੋਣ ਕਰਕੇ ਪ੍ਰਸਿੱਧ ਹੈ। ਇਥੇ ਚਾਹ ਦੇ
ਕਾਰਖਾਨੇ ਵੀ ਹਨ ਜੋ ਅੰਗਰੇਜ਼ਾਂ ਨੇ ਲਗਾਏ। ਸ਼ਹਿਰ ਦੀ ਸਫਾਈ ਦਾ ਮਾੜਾ ਹਾਲ ਹੈ। ਹਰ
ਹਫਤੇ ਹੜਤਾਲ ਜਾਂ ਬੰਦ ਲੱਗਾ ਰਹਿੰਦਾ ਹੈ ਅਤੇ ਯਾਤਰੀ ਵੀ ਤੰਗ ਆ ਜਾਂਦੇ ਹਨ। ਗਰਮੀ
ਦੇ ਮੌਸਮ ਤੋਂ ਬਾਅਦ ਸਤੰਬਰ-ਅਕਤੂਬਰ ਵਿਚ ਭੀੜ ਘਟ ਜਾਂਦੀ ਹੈ। ਮਨ ਵਿਚ ਤਮੰਨਾ ਸੀ
ਕਿ ਦਾਰਜੀਲਿੰਗ ਦੀ ਸੁੰਦਰਤਾ ਦਾ ਅਨੰਦ ਮਾਣਿਆ ਜਾਵੇ ਪ੍ਰੰਤੂ ਹੁਣ ਤਾਂ ਇਹ ਹਿੱਲ
ਸਟੇਸ਼ਨ ਦਮ ਤੋੜ ਰਿਹਾ ਹੈ। ਇਸ ਦੀ ਸਾਂਭ-ਸੰਭਾਲ ਕਰਨੀ ਬਣਦੀ ਹੈ।
|