ਸਿੱਕਮ: ਵਿਸ਼ਾਲ ਘਾਟੀਆਂ ਦੀ ਖੂਬਸੂਰਤ ਧਰਤੀ
ਪੇਸ਼: ਆਰ.ਐਸ. ਥਿੰਦ
ਸ਼ਾਹਾਨਾ
ਪਹਾੜੀਆਂ ਦੀ ਧਰਤੀ ਦਰਿਆਵਾਂ ਤੇ ਡੂੰਘੇ ਨਾਲਿਆਂ, ਬਰਫ ਨਾਲ ਢਕੀਆਂ ਚੋਟੀਆ ਅਤੇ
ਵਿਸ਼ਾਲ ਘਾਟੀਆਂ ਦੀ ਧਰਤੀ। ਮੱਠਾਂ ਦੀ ਧਰਤੀ, ਗੁੱਝੀ ਅਤੇ ਰਹੱਸ ਭਰੀ ਧਰਤੀ। ਧਰਮ
ਅਤੇ ਵਿਰਸੇ ਨਾਲ ਜੁੜੀ ਧਰਤੀ, ਜਿਥੋਂ ਦੇ ਲੋਕ ਦੁਨੀਆਂ ਦੇ ਹਰ ਇਨਸਾਨ ਵੱਲ ਦੋਸਤੀ
ਦਾ ਹੱਥ ਵਧਾਉਣ ਤੇ ਹਰ ਇਕ ਦਾ ਨਿੱਘਾ ਸਵਾਗਤ ਕਰਦੇ ਹਨ।
ਕਿੱਥੇ ਹੈ ਇਹ ਧਰਤੀ? ਇਹ ਹੈ ਕਿਸੇ ਵੇਲੇ ਦਾ ਸ਼ਾਹੀ ਤੇ ਹੁਣ ਭਾਰਤ ਦਾ
ਅਨਿੱਖੜਵਾਂ ਅੰਗ, ਚਮਕਾਂ ਮਾਰਦੀ ਸਿੱਕਮ ਸੂਬੇ ਦੀ ਧਰਤੀ।
ਪੂਰਬੀ ਹਿਮਾਲਿਆ 'ਚ ਸਥਿਤ, ਦੁਨੀਆਂ ਦੀ ਤੀਜੀ ਸਭ ਤੋਂ ਉੱਚੀ ਚੋਟੀ ਕੰਚਨਜੁੰਗਾ
ਦੇ ਖੰਭਾਂ ਹੇਠ 7300 ਵਰਗ ਕਿਲੋਮੀਟਰ 'ਚ ਫੈਲਿਆ ਹੈ ਸਿੱਕਮ ਦਾ ਖੇਤਰ। ਸਮੁੰਦਰੀ ਤਲ
ਤੋਂ 244 ਮੀਟਰ ਤੋਂ ਲੈ ਕੇ 8540 ਮੀਟਰ ਤਕ ਉੱਚੀਆਂ ਗੌਰਵਸ਼ਾਲੀ ਪਹਾੜੀਆਂ, ਨਿੱਘੇ
ਮਸਤੀ ਭਰੇ ਮੌਸਮ ਤੋਂ ਲੈ ਕੇ ਬਰਫ ਵਰਗਾ ਠੰਢਾ ਮੌਸਮ। ਜਿਸ ਆਦਮੀ ਕੋਲ ਖੁੱਲ੍ਹਾ
ਸਮਾਂ ਹੈ, ਉਸ ਦੀ ਝੋਲੀ ਪਾਉਣ ਲਈ ਬਹੁਤ ਕੁਝ ਹੈ ਇਸ ਧਰਤੀ ਕੋਲ।
ਸਿੱਕਮ ਦੇ ਉਤਰ ਵਿਚ ਚੀਨ, ਪੂਰਬ ਵੱਲ ਭੁਟਾਨ, ਦੱਖਣ ਵੱਲ
ਪੱਛਮੀ ਬੰਗਾਲ ਤੇ ਪੱਛਮ ਵੱਲ ਨਿਪਾਲ ਦੀਆਂ ਸਰਹੱਦਾਂ ਖਹਿੰਦੀਆਂ ਹਨ। ਇਥੇ ਭੂਟਾਨੀ,
ਨੇਪਾਲੀ ਤੇ ਲੈਪਚਾਸ ਆਦਿ ਕੌਮਾਂ ਦੇ ਲੋਕਾਂ ਦਾ ਬਸੇਰਾ ਹੈ ਅਤੇ ਖੁਸ਼ਕਿਸਮਤੀ ਨਾਲ
ਸਾਰੇ ਵਰਗਾਂ ਦੇ ਲੋਕ ਆਪਣੇ ਆਪਣੇ ਸਭਿਆਚਾਰ, ਰੀਤੀ-ਰਿਵਾਜਾਂ ਦੇ ਖੂਬਸੂਰਤ ਰੰਗ
ਬਿਖੇਰਦੇ ਬੜੇ ਦੋਸਤਾਨਾ ਤੇ ਪਿਆਰ ਭਰੇ ਮਾਹੌਲ 'ਚ ਵਿਚਰਦੇ ਹਨ। ਸਾਰੇ ਇਕੱਠੇ
ਪ੍ਰਾਰਥਨਾ ਕਰਦੇ ਇਹ ਲੋਕ ਮਨਮੋਹਣੀਆਂ ਪੁਸ਼ਾਕਾਂ ਪਹਿਨੀ ਕੁਦਰਤ ਦੀ ਖੂਬਸੂਰਤੀ ਨੂੰ
ਹੋਰ ਚਾਰ ਚੰਨ ਲਾ ਦਿੰਦੇ ਹਨ।
ਬਨਸਪਤੀ ਦੇ ਪੱਖੋਂ ਇਹ ਧਰਤੀ ਇੰਨੀ ਅਮੀਰ ਹੈ ਕਿ 4000 ਕਿਸਮਾਂ ਦੇ ਪੌਦੇ,
ਜੜ੍ਹੀਆਂ-ਬੂਟੀਆਂ ਤੇ ਫਲ-ਫੁੱਲ ਇਥੇ ਮਿਲਦੇ ਹਨ। 10 ਹਜ਼ਾਰ ਫੁੱਟ ਦੀ ਉਚਾਈ ਤੋਂ ਉਪਰ
ਵੀ ਖੂਬਸੂਰਤ ਖਿੜੇ ਫੁੱਲ ਮਨ ਮੋਹ ਲੈਂਦੇ ਹਨ। ਸੂਰਜ ਦੀ ਗਰਮੀ ਨਾਲ ਜਿਉਂ ਜਿਉਂ ਬਰਫ
ਪਿਘਲਦੀ ਹੈ, ਥੱਲਿਓ ਲੱਖਾਂ ਫੁੱਲ, ਹੱਸਦੇ ਮੁਖੜਿਆਂ ਵਾਂਗ ਪਤਾ ਨਹੀਂ ਕਿੱਥੋਂ (ਬਰਫ
ਦੇ ਥੱਲਿਓਂ) ਪ੍ਰਗਟ ਹੋ ਜਾਂਦੇ ਹਨ। ਮਈ ਮਹੀਨੇ ਦੇ ਅੱਧ ਤੋਂ ਲੈ ਕੇ ਅਕਤੂਬਰ ਤਕ
ਇਨ੍ਹਾਂ ਪਹਾੜੀ ਰਸਤਿਆਂ 'ਚੋਂ ਗੁਜ਼ਰਨਾ ਸਿਰਫ ਸ਼ਾਂਤੀ ਹੀ ਪ੍ਰਦਾਨ ਨਹੀਂ ਕਰਦਾ ਸਗੋਂ
ਬਨਸਪਤੀ ਨਾਲ ਵਿਚਰਨ ਦਾ ਵੀ ਇਕ ਖਾਸ ਮੌਕਾ ਪ੍ਰਦਾਨ ਹੁੰਦਾ ਹੈ।
ਜੀਵ-ਜੰਤੂਆਂ ਦੀਆਂ ਅਨੇਕਾਂ ਕਿਸਮਾਂ ਇਥੇ ਵਿਚਰਦੀਆਂ ਹਨ ਜਿਵੇਂ ਕਸਤੂਰੀ ਮਿਰਗ,
ਲਾਲ ਪਾਂਡਾ, ਹਿਮਾਲੀਅਨ ਕਾਲਾ ਰਿੱਛ, ਨੀਲੀਆਂ ਭੇਡਾਂ, ਪਹਾੜੀ ਚੀਤੇ ਤੇ ਯਾਕ ਆਦਿ।
205 ਹੈਕਟੇਅਰ 'ਚ ਫੈਲਿਆ ਹਿਮਾਲੀਅਨ ਜ਼ੂਲੋਜੀਕਲ ਪਾਰਕ ਵਿਚ
ਵੀ ਅਨੇਕਾਂ ਪ੍ਰਕਾਰ ਦੇ ਜੀਵ-ਜੰਤੂ ਤੇ ਪੌਦੇ ਹਨ। ਇਸੇ ਤਰ੍ਹਾਂ 'ਫੈਂਬੌਂਗ ਲਾ
ਵਾਈਲਡ ਲਾਈਫ ਸੈਂਕਚੁਰੀ' ਵਿਚ ਵੀ ਬਹੁਤ ਪਸ਼ੂ-ਪੰਛੀ ਤੇ ਬਨਸਪਤੀ ਵੇਖਣ ਨੂੰ ਮਿਲਦੀ
ਹੈ। ਇਹ ਜੰਗਲੀ ਜਾਨਵਰਾਂ ਅਤੇ ਪੰਛੀਆਂ ਦਾ ਖੂਬਸੂਰਤ ਰੈਣ ਬਸੇਰਾ ਹੈ।
ਇਹ ਪ੍ਰਾਂਤ ਹਰ ਉਮਰ ਦੇ ਲੋਕਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਦਾ ਹੈ। ਜਵਾਨ ਅਤੇ
ਸਾਹਸੀ ਲੋਕਾਂ ਲਈ ਹੈਂਗ ਗਲਾਈਡਿੰਗ, ਪਹਾੜਾਂ 'ਤੇ ਸਾਈਕਲ ਚਲਾਉਣਾ, ਰਣਜੀਤ ਤੇ
ਤੀਸਤਾ ਦਰਿਆ 'ਚ ਬੇੜੀਆ ਚਲਾਉਣ , ਜੰਗਲਾਂ ਦੇ ਬਿਖਮ ਪੈਂਡਿਆਂ 'ਚੋਂ ਅਤੇ ਬਰਫ ਢਕੇ
ਪਹਾੜਾਂ 'ਤੇ ਤੁਰਨਾ, ਅੱਧਖੜ ਉਮਰ ਦੇ ਲੋਕਾਂ ਲਈ ਕੁਦਰਤ ਵਲੋਂ ਬਖਸ਼ੀ ਮਣਾਂ-ਮੂੰਹੀਂ
ਸੁੰਦਰਤਾ ਦੇ ਰਸਤਿਆਂ 'ਚੋਂ ਸੈਰ ਕਰਨੀ, ਗੱਡੀ ਚਲਾਉਣਾ ਤੇ ਬਜ਼ੁਰਗ ਲੋਕਾਂ ਲਈ ਇਹ
ਪ੍ਰਾਂਤ ਸ਼ਾਂਤ ਤੇ ਇਕਾਂਤ ਮਾਹੌਲ ਪੇਸ਼ ਕਰਦਾ ਹੈ।
ਸਿੱਕਮ
ਦੀ ਰਾਜਧਾਨੀ ਗੰਗਟੋਕ ਦੀ ਸ਼ਾਨ ਵੀ ਨਿਰਾਲੀ ਹੈ। ਇਥੇ ਮਨੁੱਖ ਕੁਦਰਤ ਦੀਆਂ ਬਖਸ਼ਿਸ਼ਾਂ
'ਤੇ ਮਾਣ ਕਰ ਸਕਦੈ। ਸਵੇਰ ਤੋਂ ਸ਼ਾਮ ਤਕ ਇਕ ਖਾਸ ਕਿਸਮ ਦਾ ਦ੍ਰਿਸ਼ਟਾਂਤ ਅੱਖਾਂ
ਅੱਗਿਓਂ ਗੁਜ਼ਰਦਾ ਹੈ। ਸਵੇਰੇ ਸੋਨੇ ਰੰਗੀ ਭਾਹ ਮਾਰਦਾ ਸੂਰਜ ਉਦੈ ਹੁੰਦੈ ਤੇ ਸ਼ਾਮ
ਨੂੰ ਬੱਦਲਾਂ ਦੀ ਗਰਜਵੀਂ ਆਵਾਜ਼ ਨਾਲ ਮੁਸਲਾਧਾਰ ਮੀਂਹ ਤੇ ਕਦੀ ਰੁਮਕਦੀ ਹਵਾ ਨਾਲ
ਪੈਦਾ ਹੋਇਆ, ਕੰਨਾਂ ਵਿਚ ਰਸ ਘੋਲਦਾ ਸੰਗੀਤ, ਸ਼ਹਿਰ ਦੀ ਰੂਹ ਨਾਲ ਇਕਮਿਕ ਹੋ ਜਾਂਦੈ।
ਇਸ ਸ਼ਹਿਰ ਦੀਆਂ ਖੁੱਲ੍ਹੀਆਂ ਸੜਕਾਂ, ਚੰਗੀਆਂ ਪ੍ਰਸ਼ਾਸਨਿਕ ਸੇਵਾਵਾਂ, ਰਾਤੀਂ
ਜਗਮਗ ਕਰਦੀਆਂ ਰੌਸ਼ਨੀਆਂ ਤੇ ਨਿਯਮਬੱਧ ਆਵਾਜਾਈ ਵੇਖ ਕੇ ਮਨ ਖੁਸ਼ ਹੋ ਉਠਦੈ। ਕੋਈ ਵੀ
ਕਾਹਲੀ 'ਚ ਨਹੀਂ, ਲਾਲ ਬੱਤੀਆਂ ਹੋਣ 'ਤੇ ਸਾਰੀਆਂ ਗੱਡੀਆਂ ਲਾਈਨ 'ਚ ਖੜ੍ਹੀਆਂ, ਨਾ
ਹੀ ਕੋਈ ਹਾਰਨਾਂ ਦੀ ਕੰਨ ਪਾੜਵੀਂ ਆਵਾਜ਼, ਨਾ ਚੀਕ ਚਿਹਾੜਾ, ਨਾ ਇਕ ਦੂਜੇ ਤੋਂ ਅੱਗੇ
ਨਿਕਲਣ ਦੀ ਕਾਹਲੀ। ਇਹ ਸਭ ਵੇਖ ਕੇ ਇਕ ਸਭਿਅਕ ਮਾਹੌਲ ਅੱਖਾਂ ਸਾਹਮਣੇਂ ਸਿਰਜ
ਜਾਂਦੈ।
ਖੂਬਸੂਰਤ
ਇਮਾਰਤਾਂ ਵੀ ਬਹੁਤ ਹਨ ਜਿਨ੍ਹਾਂ ਵਿਚੋਂ ਲੰਮੇ ਦਰਖਤਾਂ 'ਚ ਘਿਰੀ ਰਾਜ ਭਵਨ ਦੀ
ਇਮਾਰਤ ਇਥੋਂ ਦੀਆਂ ਖੂਬਸੂਰਤ ਇਮਾਰਤਾਂ 'ਚੋਂ ਇਕ ਹੈ, ਜਿਸ ਵਿਚ ਖੂਬਸੂਰਤ ਘਾਹ ਦੇ
ਵੱਡੇ ਵੱਡੇ ਲਾਅਨ ਤੇ ਪਿਛੋਕੜ 'ਚ ਸ਼ਾਹਾਨਾ ਦਿੱਖ ਪ੍ਰਦਾਨ ਕਰਦੇ ਖੂਬਸੂਰਤ ਪਹਾੜ ਹਨ।
ਰਾਜ ਭਵਨ 'ਚ ਰਹਿੰਦੇ ਪ੍ਰਾਂਤ ਦੇ ਰਾਜਪਾਲ ਰਣਜੀਤ ਸਿੰਘ 'ਤੇ ਉਨ੍ਹਾਂ ਦੀ ਪਤਨੀ
ਸ੍ਰੀਮਤੀ ਵਿਜੈ ਲਕਸ਼ਮੀ ਚੌਧਰੀ ਦਾ ਵਿਸ਼ਾਲ ਹਿਰਦਾ ਤੇ ਮਹਿਮਾਨ ਨਿਵਾਜ਼ੀ ਤਾਂ ਖਿੱਚ
ਪਾਉਂਦੀ ਹੀ ਹੈ, ਉਨ੍ਹਾਂ ਦਾ ਨਿੱਘਾ ਸੁਭਾਅ, ਚੰਗੀ ਸਿਹਤ, ਮਿਲਣਸਾਰਤਾ ਉਨ੍ਹਾਂ ਦੀ
ਵਿਲੱਖਣ ਸ਼ਖਸੀਅਤ ਪੇਸ਼ ਕਰਦੀ ਹੈ।
ਸਕੱਤਰੇਤ, ਵਿਧਾਨ ਸਭਾ, ਹਸਪਤਾਲ ਤੇ ਕੁਝ ਹੋਰ ਇਮਾਰਤਾਂ ਵੀ ਵੇਖਣਯੋਗ ਹਨ। ਸਭ
ਕੁਝ ਸਿਰਫ ਸ਼ਾਹਾਨਾ ਦਿੱਖ ਹੀ ਨਹੀਂ, ਕਿਰਿਆਸ਼ੀਲ ਵੀ ਹੈ। ਲੋਕ ਸ਼ਾਂਤ, ਨਰਮ ਸੁਭਾਅ
ਵਾਲੇ ਤੇ ਮਿੱਠ ਬੋਲੜੇ ਹਨ। ਕੋਈ ਹੁੱਲੜਬਾਜ਼ੀ ਨਹੀਂ। ਮਨਮੋਹਕ ਚੁੱਪ ਦਾ ਪਸਾਰਾ ਅਤੇ
ਇਹ ਚੁੱਪ ਦਾ ਪਸਾਰਾ ਚੁਫੇਰੇ ਪਸਰੇ ਕੁਦਰਤ ਦੇ ਸ਼ਾਂਤ ਮਾਹੌਲ ਨਾਲ ਇਕਮਿਕ ਹੋ ਜਾਂਦੈ।
ਸੈਲਾਨੀਆਂ ਲਈ ਇਥੋਂ ਦੇ ਮੰਦਰ, ਗਿਰਜ਼ਾਘਰ ਤੇ ਮਸਜਿਦਾਂ
ਕੁਝ ਹੋਰ ਵੇਖਣਯੋਗ ਥਾਵਾਂ ਹਨ। ਅਨੇਕਾਂ ਕਿਸਮਾਂ ਦੇ ਪੌਦਿਆਂ ਤੇ ਜੀਵ-ਜੰਤੂਆਂ ਦੀਆਂ
ਨਰਸਰੀਆਂ ਤੋਂ ਬਿਨਾਂ ਰੁਮਟੇਕ ਮੱਠ ਖਾਸ ਵੇਖਣਯੋਗ ਥਾਂ ਹੈ। ਇਹ ਇਮਾਰਤ 70 ਏਕੜ ਥਾਂ
ਵਿਚ ਫੈਲੀ ਹੋਈ ਹੈ। ਇਸ ਵਿਚ 'ਧਰਮ ਚੱਕਰ ਸੈਂਟਰ' ਤੇ 'ਕਰਮ ਸ੍ਰੀਨਾਲੰਦਾ
ਇੰਸਟੀਚਿਊਟ' ਸਥਿਤ ਹਨ। ਇਹ ਥਾਂ ਗੰਗਟੋਕ ਤੋਂ 24 ਕਿਲੋਮੀਟਰ ਦੂਰ ਸਥਿਤ ਹੈ। ਇਹ
ਇਮਾਰਤ ਭਾਵੇਂ ਆਧੁਨਿਕ ਸਾਜ਼ੋ- ਸਮਾਜ, ਜਿਵੇਂ ਸੀਮਿੰਟ, ਬਜਰੀ, ਇੱਟਾਂ ਤੇ ਸਟੀਲ ਨਾਲ
ਬਣਾਈ ਗਈ ਹੈ ਪਰ ਇਸ ਦਾ ਡਿਜ਼ਾਈਨ ਇਸ ਤਰ੍ਹਾਂ ਤਿਆਰ ਕੀਤਾ ਗਿਆ ਹੈ ਕਿ ਪੁਰਾਤਨ
ਤਿੱਬਤੀਅਨ ਇਮਾਰਤਸਾਜ਼ੀ ਦਾ ਝਉਲਾ ਪੈਂਦਾ ਹੈ। 'ਵਜਰਧਾਰਾ' ਪਵਿੱਤਰ ਖਜ਼ਾਨੇ ਦਾ
ਉੱਤਰਾਧਿਕਾਰੀ ਗਿਆਲਵਾ ਕਰਮਾਪਾ ਰੰਗੂਜੁੰਗ ਰਿਗਪੇ ਦੌਰਜੀ ਦੀ ਗੱਦੀ ਇਸੇ ਮੱਠ 'ਚ
ਸਥਿਤ ਹੈ। ਉਹ ਤਿੱਬਤੀ ਬੁੱਧ ਧਰਮ ਦੇ ਕੈਗਿਊ ਦੇ ਤੌਰ 'ਤੇ ਇਕੱਤਰ ਸੰਗਤਾਂ ਵੀ ਦੈਵੀ
ਸ਼ਕਤੀ ਨਾਲ ਜੋੜਦਾ ਹੈ। ਇਸ ਸੈਂਟਰ ਦਾ ਮਕਸਦ ਬੁੱਧ ਦੀਆਂ ਸਿੱਖਿਆਵਾਂ ਤੋਂ ਮਨੁੱਖ
ਨੂੰ ਜਾਣੂ ਕਰਾਉਣਾ ਤੇ ਉਸ ਅਨੁਭਵ ਨਾਲ ਜੋੜਨਾ ਹੈ।
ਇਹ ਇੰਸਟੀਚਿਊਟ ਇਕ ਯੂਨੀਵਰਸਿਟੀ ਹੈ। ਇਸ ਦਾ ਉਦਘਾਟਨ 18
ਨਵੰਬਰ 1918 ਨੂੰ ਹੋਇਆ ਸੀ ਜਿਸ ਦਾ ਉਦੇਸ਼ ਤਿੱਬਤੀ ਭਾਸ਼ਾ ਵਿਚ ਬੁੱਧ ਧਰਮ ਦੀ ਉੱਚ
ਸਿੱਖਿਆ ਪ੍ਰਦਾਨ ਕਰਨਾ ਹੈ। ਮਾਸਟਰ ਡਿਗਰੀ ਦਾ ਇਹ ਕੋਰਸ 9 ਸਾਲਾਂ ਦਾ ਹੈ। ਇਸ ਦਾ
ਪੂਰਾ ਖੇਤਰ ਦੁਨੀਆਂ ਦੇ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਹੈ। ਸ਼ਰਧਾਲੂ ਵੱਡੀ ਗਿਣਤੀ
ਵਿਚ ਇਥੇ ਪਹੁੰਚਦੇ ਹਨ, ਤੰਗ ਅਤੇ ਉਭੜ-ਖਾਬੜ ਰਸਤਿਆਂ ਦੇ ਬਾਵਜੂਦ। ਉਮੀਦ ਹੈ ਕਿ ਇਸ
ਵੱਲ ਲੋੜੀਂਦਾ ਧਿਆਨ ਦਿੱਤਾ ਜਾਵੇਗਾ।
ਇਸੇ ਤਰ੍ਹਾਂ ਨਾਮਗੀਅਲ ਰਿਸਰਚ ਇੰਸਟੀਚਿਊਟ ਆਫ ਤਿੱਬਤੀਆਲੋਜੀ ਹੈ। ਬੁੱਧ ਧਰਮ 'ਚ
ਵਰਤੇ ਜਾਣ ਵਾਲੇ ਸਜਾਵਟੀ ਕੱਪੜਿਆਂ ਦਾ ਇਥੇ ਦੁਰਲਭ ਭੰਡਾਰ ਹੈ ਅਤੇ ਲਿਪਚਾ,
ਸੰਸਕ੍ਰਿਤ ਤੇ ਤਿੱਬਤੀ ਲਿੱਪੀਆਂ 'ਚ ਲਿਖੇ ਹੱਥ ਲਿਖਤ ਖਰੜੇ ਸਾਂਭੇ ਹੋਏ ਹਨ, ਜੋ ਕਿ
ਜ਼ਹਿਰੀਲੀ ਬਨਪਸਤੀ ਤੋਂ ਤਿਆਰ ਕੀਤੇ ਕਾਗਜ਼ ਉਤੇ ਲਿਖੇ ਗਏ ਹਨ ਤਾਂ ਕਿ ਕੀੜੇ ਮਕੌੜੇ
ਜਾਂ ਸਿਉਂਕ ਇਸ ਨੂੰ ਖਰਾਬ ਨਾ ਕਰ ਸਕਣ ਹਾਲਾਂਕਿ ਮਨੁੱਖੀ ਹੱਥਾਂ ਜਾਂ ਚਮੜੀ 'ਤੇ ਇਸ
ਦਾ ਕੋਈ ਬੁਰਾ ਅਸਰ ਨਹੀਂ ਹੁੰਦਾ। ਦੋ ਸੌ ਸਾਲ ਪੁਰਾਣੇ ਇਸ ਕਾਗਜ਼ ਦਾ ਅੱਜ ਵੀ ਚਮਕਦਾ
ਸਫੈਦ ਰੰਗ ਵਧੀਆ ਤਕਨੀਕ ਦੀ ਗਵਾਹੀ ਭਰਦੈ।
ਡੋ-ਡਰੁਲ ਕੌਰਟਨ (ਸਤੂਪ) 'ਚ ਵੀ ਕਿਤਾਬਾਂ ਦੇ ਸੈੱਟ ਮੌਜੂਦ ਹਨ। ਇਥੇ 108
ਪ੍ਰਾਰਥਨਾ ਚੱਕਰ ਵੀ ਹਨ ਜਿਵੇਂ ਕਿ ਮਾਲਾ ਦੇ 108 ਮਣਕੇ ਹੁੰਦੇ ਹਨ। ਸ਼ਰਧਾਲੂ ਬੋਧੀ
ਜਾਪ ਕਰਦੇ ਹੋਏ ਇਨ੍ਹਾਂ ਚੱਕਰਾਂ ਨੂੰ ਘੁੰਮਾਉਂਦੇ ਹਨ।
ਗੰਗੋਟਕ ਤੋਂ 38 ਕਿਲੋਮੀਟਰ ਦੂਰ 'ਤਸੌਂਗੋ ਲੇਕ' ਦੀ
ਡਰਾਈਵ ਹੋਰ ਵੀ ਸੁੱਧ ਤੇ ਤਾਜ਼ੀ ਹਵਾ ਦੇ ਚਾਹਵਾਨਾਂ ਲਈ ਬੜੀ ਹੁਲਾਸਪੂਰਨ ਹੈ। ਇਕਦਮ
ਸਿੱਧੀ ਚੜ੍ਹਾਈ ਚੜ੍ਹ ਕੇ ਆਉਂਦੀ ਇਕ ਕਿਲੋਮੀਟਰ ਦੇ ਘੇਰੇ 'ਚ ਫੈਲੀ ਇਹ ਝੀਲ
ਸਮੁੰਦਰੀ ਤਲ ਤੋਂ 12,500 ਫੁੱਟ ਦੀ ਉਚਾਈ 'ਤੇ ਸਥਿਤ ਹੈ। ਸੂਰਜ ਦੀ ਤੇਜ਼ ਰੋਸ਼ਨੀ ਦੇ
ਬਾਵਜੂਦ ਇਕਦਮ ਠੰਢਾ ਮੌਸਮ ਹੈ ਇਥੇ। ਫੁੱਲਾਂ ਨਾਲ ਲਹਿਲਹਾਉਂਦੇ ਇਸ ਖੇਤਰ ਤੋਂ
ਥੋੜ੍ਹਾ ਅੱਗੇ 'ਨਥੂਲਾ' ਦੱਰਾ ਹੈ ਜੋ 14,500 ਫੁੱਟ ਦੀ ਉਚਾਈ 'ਤੇ ਹੈ। ਇਸ ਦੱਰੇ
'ਤੇ ਪਹੁੰਚ ਕੇ ਚੀਨ ਦੀ ਸਰਹੱਦ ਵਾਲੇ ਪਾਸੇ ਕੰਡਿਆਲੀ ਤਾਰ ਨਜ਼ਰੀਂ ਪੈਂਦੀ ਹੈ। ਬਰਫ
ਨਾਲ ਲੱਦੀਆਂ ਚੋਟੀਆਂ ਵਿਚੋਂ ਲੰਘਦੀ ਸੜਕ ਤੋਂ ਮੋਟਰ ਗੱਡੀ ਚਲਾਉਂਦਿਆਂ ਅੱਖਾਂ
ਸਾਹਮਣੇ ਇਕ ਅਨੌਖਾ ਦ੍ਰਿਸ਼ ਪੇਸ਼ ਹੁੰਦਾ ਹੈ ਜਿਸ ਨਾਲ ਮਨ ਖਿੜ ਉਠਦਾ ਹੈ। ਮਨਫੀ ਤੋਂ
ਨੀਵੇਂ ਜਮਾਅ ਦੇਣ ਵਾਲੇ ਠੰਢੇ ਤਾਪਮਾਨ ਵਾਲੀ ਇਸ ਥਾਂ 'ਤੇ ਫੌਜੀ ਜਵਾਨਾਂ ਨੂੰ ਵੇਖ
ਕੇ ਭਾਰਤੀ ਜਾਂਬਾਜ਼ ਸੈਨਿਕਾਂ ਦੀ ਬਹਾਦਰੀ ਦਾ ਸਬੂਤ ਅੱਖਾਂ ਸਾਹਮਣੇ ਤੈਰ ਜਾਂਦਾ ਹੈ
ਤੇ ਉਨ੍ਹਾਂ ਦੇ ਮਾਣ 'ਚ ਹਰ ਭਾਰਤੀ ਨੂੰ ਉਨ੍ਹਾਂ ਨੂੰ ਸਲੂਟ ਕਰਨਾ ਬਣਦਾ ਹੈ।
ਸ਼ਹਿਰੀ ਜੀਵਨ ਤੋਂ ਬੇਲਾਗ, ਪ੍ਰਦੂਸ਼ਣ-ਮੁਕਤ ਇਸ ਪ੍ਰਾਂਤ ਨੂੰ ਕੁਦਰਤ ਨੇ ਜਿਵੇਂ
ਸਵਰਗ ਦਾ ਜਾਮਾ ਪਹਿਨਾ ਦਿੱਤਾ ਹੋਵੇ। ਇਕ ਸਾਫ-ਸੁਥਰੀ ਦਿੱਖ, ਸਾਹ ਲੈਣ ਲਈ ਸ਼ੁੱਧ
ਹਵਾ, ਇਕ ਵਿਲੱਖਣ ਕੁਦਰਤੀ ਖੁਸ਼ਬੂ ਵਾਲੀ ਇਹ ਥਾਂ ਖੁਦ ਤੰਦਰੁਸਤ ਹੈ ਤੇ ਤੰਦਰੁਸਤੀ
ਬਖਸ਼ਣ ਵਾਲੀ ਹੈ।
ਗਰਮੀਆਂ ਦੀ ਰੁੱਤ ਸ਼ੁਰੂ ਹੈ ਤੇ ਸਿੱਕਮ ਦੀ ਧਰਤੀ ਬਾਹਾਂ ਫੈਲਾਈ ਤੁਹਾਨੂੰ ਬੁਲਾ
ਰਹੀ ਹੈ। ਜਾਣ ਦੀ ਇੱਛਾ ਨੂੰ ਦਬਾਉ ਨਾ। ਛੁੱਟੀਆਂ ਦਾ ਲੁਤਫ ਲੈਣ ਲਈ ਤਪਦੀਆਂ ਲੂਆਂ
ਨੂੰ ਤਿਲਾਂਜਲੀ ਦੇ ਕੇ ਹਿਮਾਲਿਆ ਦੀਆਂ ਵਾਦੀਆਂ ਦੇ ਠੰਢੇ ਮੌਸਮ 'ਚ ਪਹੁੰਚੋ,
ਤੁਹਾਨੂੰ ਕਦੇ ਵੀ ਅਫਸੋਸ ਨਹੀਂ ਹੋਵੇਗਾ।
|