ਆਓ ਤੁਹਾਨੂੰ ਯੂਰਪ ਲੈ ਚਲੀਏ
ਤਸਵੀਰਾਂ ਅਤੇ ਲੇਖਕ: ਹਰਦੀਪ ਸਿੰਘ ਮਾਨ, ਆਸਟਰੀਆ
mann-hardeep1.jpg (2495 bytes)

ਹਰਦੀਪ ਸਿੰਘ ਮਾਨ

ਜਦੋਂ ਪ੍ਰਵਾਸੀ ਪੰਜਾਬੀ, ਪੰਜਾਬ ਵਾਪਸ ਜਾ ਕੇ ਬੇਹਿਸਾਬੇ ਪੈਸੇ ਖਰਚਦੇ ਹਨ, ਭਾਵੇਂ ਕਰਜ਼ਾ ਚੁੱਕ ਕੇ ਹੀ ਗਏ ਹੋਣ, ਅਤੇ ਬਾਹਰਲੇ ਮੁਲਕਾਂ ਦੀਆਂ ਸਿਫ਼ਤਾਂ ਕਰਦੇ ਨਹੀ ਥੱਕਦੇ ਤਾਂ ਪੰਜਾਬੀ ਨੌਜੁਆਨ ਉਨ੍ਹਾਂ ਦੀਆਂ ਗੱਲਾਂ ਤੋਂ ਪ੍ਰਭਾਵਿਤ ਹੋ ਕੇ ਵਿਦੇਸ ਆਉਣ ਲਈ ਹਰ ਸੰਭਵ ਤਰੀਕਾ ਅਪਣਾਉਂਦੇ ਹਨ। ਚਾਹੇ ਉਹ ਤਰੀਕਾ ਆਸਾਨ (ਕਿਸੇ ਕਲਾਕਾਰਾਂ ਦੇ ਗਰੁੱਪ ਨਾਲ) ਜਾਂ ਖ਼ਤਰਨਾਕ (ਅਸਿੱਧੇ ਢੰਗ ਨਾਲ ਚੋਰੀ ਬਾਡਰ ਪਾਰ ਕਰਦੇ ਹੋਏ ਪਹੁੰਚ-ਸਥਾਨ ਤੱਕ ਪਹੁੰਚਣਾ) ਹੋਵੇ।

ਵਿਦੇਸਾਂ ਨੂੰ ਆਉਣ ਜਾਂ ਮੰਗਵਾਉਣ ਦੀ ਖ਼ਾਤਿਰ ਤਾਂ ਲੋਕੀਂ ਰਿਸ਼ਤਿਆਂ ਦੀ ਪਵਿੱਤਰਤਾ ਨੂੰ ਛਿੱਕੇ ਤੇ ਟੰਗ ਕੇ ਸਕੀਆਂ ਭੈਣਾਂ ਅਤੇ ਹੋਰ ਰਿਸ਼ਤਿਆਂ ਨਾਲ ਵੀ ਕਾਗਜ਼ੀ ਵਿਆਹ ਕਰਵਾਕੇ ਇੰਮੀਗ੍ਰੇਸ਼ਨ ਲੈਣ ਲਈ ਉਤਵਲੇ ਹਨ। ਬਾਹਰ ਆਉਣ ਦੀ ਦੌੜ ਵਿਚ ਕਾਨੂੰਨੀ ਸਹੂਲਤਾਂ ਦੀ ਰੱਜਕੇ ਦੁਰਵਰਤੋਂ ਕੀਤੀ ਜਾ ਰਹੀ ਹੈ; ਜਿਵੇ ਜੇਕਰ ਕਿਸੇ ਦੀ ਮੌਤ ਵਿਦੇਸ ਵਿਚ ਹੋ ਜਾਵੇ ਜਾਂ ਮਰਨ ਕੰਡੇ ਪਿਆ ਹੋਵੇ ਤਾਂ ਉਸਦੀ ਲੋਥ ਲੈਣ ਆਏ ਜਾਂ ਮਿਲਣ ਆਏ ਰਿਸ਼ਤੇਦਾਰ ਮੁੜਕੇ ਵਾਪਸ ਹੀ ਨਹੀਂ ਜਾਂਦੇ। ਕਿਸੇ ਦੀ ਮੌਤ ਦਾ ਫ਼ਾਇਦਾ ਉਠਾਉਣਾਂ ਇਨਸਾਨੀਅਤ ਦੇ ਨਾਂ ਤੇ ਬਹੁਤ ਵੱਡਾ ਕਲੰਕ ਹੈ।

escape1.jpg (26668 bytes)ਕੁਝ ਨੌਜੁਆਨਾਂ ਦਾ ਤਾਂ ਪੰਜਾਬ ਵਿਚ ਚੰਗਾ ਕੰਮ-ਕਾਰ ਚਲਦਿਆਂ ਹੋਣ ਦੇ ਬਾਵਜੂਦ, ਉਹ ਹੋਰ ਪੈਸਾ ਕਮਾਉਣ ਦੇ ਲਾਲਚ ਅਤੇ ਬਾਹਰਲੇ ਮੁਲਕਾਂ ਦੀ ਐਸ਼ੋਂ-ਅਰਾਮ ਦੇ ਸੁਫ਼ਣੇ ਘੜ੍ਹਨ ਲੱਗ ਪੈਂਦੇ ਹਨ। ਪਰ ਉਹ ਇਹ ਭੁੱਲ ਜਾਂਦੇ ਹਨ ਕਿ ਜਿੰਨੀ ਮਿਹਨਤ ਬਾਹਰ ਜਾ ਕੇ ਕਰਨੀ ਪੈਂਦੀ ਹੈ, ਉੱਨੀ ਮਿਹਨਤ ਆਪਣੀ ਖੇਤੀ ਜਾਂ ਹੋਰ ਕੰਮ ਲਈ ਕਰਨ ਤਾਂ ਭਾਰਤ ਵਿਚ ਹੀ ਲਹਿਰਾਂ-ਬਹਿਰਾਂ ਹੋ ਸਕਦੀਆਂ ਹਨ। ਕੁਝ ਬੇਰੁਜ਼ਗਾਰੀ ਤੋਂ ਤੰਗ ਜ਼ਮੀਨ ਗਹਿਣੇ ਰੱਖ ਕੇ ਜਾਂ ਰਿਸ਼ਤੇਦਾਰਾਂ ਕੋਲੋਂ ਪੈਸਿਆਂ ਦਾ 'ਬੰਦੋਬਸਤ' ਕਰਦੇ ਹਨ। ਕਈ ਏਜੰਟਾਂ ਦੇ ਲਾਰਿਆਂ ਵਿਚ ਆ ਕੇ ਕਿ ਦੋ ਦਿਨਾਂ ਵਿਚ ਫਲਾਨੇ ਦੇਸ ਵਿਚ ਪਹੁੰਚਾ ਦਊਗਾਂ ਜਾਂ ਜਾਂਦੇ ਹੀ ਕੰਮ ਤੇ ਲਵਾ ਦਊਗਾਂ, ਉਨ੍ਹਾਂ ਦੇ ਜਾਲ ਵਿਚ ਫਸ ਜਾਂਦੇ ਹਨ। ਪਰ ਬਹੁਤ ਵਾਰੀ ਇਹ ਦੋ ਦਿਨ, ਮਹੀਨਿਆਂ ਜਾਂ ਸਾਲਾਂ ਵਿਚ ਬਦਲ ਜਾਂਦੇ ਹਨ। ਜੇ ਕੋਈ ਨੌਜੁਆਨ ਪਹੁੰਚ-ਸਥਾਨ ਤੇ ਏਜੰਟਾਂ ਰਾਹੀ ਸਹੀ ਸਲਾਮਤ ਪਹੁੰਚ ਜਾਂਦਾ ਹੈ ਤਾਂ ਏਜੰਟਾਂ ਦੀ 'ਬੱਲੇ, ਬੱਲੇ' ਹੋ ਜਾਂਦੀ ਹੈ ਜੇ ਨਹੀਂ ਤਾਂ ਏਜੰਟ, ਨੌਜੁਆਨ ਦੀ 'ਮਾੜੀ ਕਿਸਮਤ' ਕਹਿ ਕੇ ਪਿੱਛਾ ਛੁਡਾ ਲੈਂਦੇ ਹਨ।

ਮਾਲਟਾ ਕਿਸ਼ਤੀ ਹਾਦਸੇ ਨੂੰ ਹਾਲੇ ਵੀ ਪੰਜਾਬੀਆਂ ਨੇ ਦਿਲੋਂ ਨਹੀਂ ਭੁਲਾਇਆ ਹੋਵੇਗਾ ਕਿ ਕਿਸ ਤਰਾਂ ਕਿੰਨੇ ਹੀ ਪੰਜਾਬੀ ਨੌਜੁਆਨ ਭਵਿੱਖ ਦੇ ਸੁਨਿਹਰੇ ਸੁਫ਼ਣੇ ਲੈ ਕੇ ਡੂੰਘੇ ਪਾਣੀਆਂ ਦੇ ਭੇਟ ਚੜ੍ਹ ਗਏ। ਮਾਪੇ ਆਪਣੇ ਪੁੱਤਾਂ ਦੀਆਂ ਲਾਸ਼ਾਂ ਨੂੰ ਦੇਖਣ ਲਈ ਤਰਸਦੇ ਰਹਿ ਗਏ। ਪਰ ਕੀ ਅਸੀਂ ਇਸ ਦਰਦਨਾਕ ਹਾਦਸੇ ਤੋਂ ਕੁਝ ਸਿਖਿਆ? ਨਹੀ! ਹਾਲੇ ਵੀ ਪੰਜਾਬ ਦੇ ਹਰ ਜ਼ਿਲੇ ਤੋਂ ਰੋਜ਼ਾਨਾਂ ਹੀ ਦਰਜਨਾਂ ਨੌਜੁਆਨ ਅਸਿੱਧੇ ਢੰਗ ਨਾਲ ਯੂਰਪ ਲਈ ਉਡਾਨ ਭਰਦੇ ਹਨ। ਇਹ ਅਸਿੱਧੇ ਢੰਗ ਹਨ; ਪਹਿਲਾਂ ਭਾਰਤ ਤੋਂ ਮਾਸਕੋ (ਰੂਸਲੈਂਡ) ਤੱਕ ਜਹਾਜ਼ ਰਾਹੀ ਆਉਣਾਂ ਫੇਰ ਡੌਕੀ (ਚੋਰੀ ਬਾਡਰ ਪਾਰ ਕਰਨਾ) ਲਾ ਕੇ ਕੀਵ (ਯੂਕਰੇਨ) - ਉਚਗਰਾਡ (ਯੂਕਰੇਨ) - ਕੋਸਿਸ (ਸਲਵਾਕੀਆ) - ਬਰਾਤੀਸਲਾਵਾ (ਸਲਵਾਕੀਆ) ਤੋਂ ਵਿਆਨਾ (ਆਸਟਰੀਆ) ਜਾਂ ਜਰਮਨ ਲਈ ਪਰਾਗ (ਚੇਕੋ), ਵਿਆਨਾ ਤੋਂ ਇਟਲੀ, ਫਰਾਂਸ ਤੇ ਸਵੀਜ਼ਰਲੈਂਡ ਲਈ ਵੱਖ ਵੱਖ ਤਰੀਕਿਆਂ ਨਾਲ ਡੌਕੀਆਂ ਲਾਈਆਂ ਜਾਂਦੀਆਂ ਹਨ।

ਜਿਵੇਂ ਕਿ ਤੁਸੀਂ ਉਪਰ ਪੜ੍ਹਿਆ, ਪਹੁੰਚ-ਸਥਾਨ ਤੱਕ ਪਹੁੰਚਣ ਲਈ ਨੌਜੁਆਨਾਂ ਨੂੰ ਲੰਬਾ ਸਫ਼ਰ ਤਹਿ ਕਰਨਾ ਪੈਂਦਾ ਹੈ ਤੇ ਇਸ ਲੰਬੇ ਸਫ਼ਰ ਵਿਚ ਹਰ ਵਾਰ ਡੌਕੀਆਂ ਲਾਉਂਦੇ ਸਮੇਂ ਉਨ੍ਹਾਂ ਨੂੰ ਆਪਣੀਆਂ ਜਾਨਾਂ ਨਾਲ ਖੇਲਣਾਂ ਪੈਂਦਾ ਹੈ। ਮਾਸਕੋ ਪਹੁੰਚਦਿਆਂ ਹੀ ਏਜੰਟਾਂ ਦੀ ਸਚਾਈ ਮੁੰਡਿਆਂ ਸਾਹਮਣੇ ਆ ਜਾਂਦੀ ਹੈ। ਜਦ ਉਨ੍ਹਾਂ ਕੋਲੋਂ ਭਰਾਵਾਂ ਜਾਂ ਦੋਸਤਾਂ ਵਰਗਾ ਏਜੰਟ, ਪੁਲਿਸ ਦਾ ਡਰਾਵਾ ਦੇ ਕੇ ਸੋਨਾ, ਡਾਲਰ, ਟਿਕਟਾਂ ਤੇ ਪਾਸਪੋਰਟ ਕੱਢਵਾ ਲੈਂਦਾ ਹੈ ਅਤੇ ਪਹਿਲਾਂ ਤੋਂ ਹੀ ਭਰੇ ਕਮਰੇ ਵਿਚ ਉਨ੍ਹਾਂ ਨੂੰ ਵਾੜ ਦਿੰਦਾ ਹੈ। ਉਥੇ ਉਨ੍ਹਾਂ ਨੂੰ ਸਿਰਫ਼ ਪਾਣੀ ਵਰਗੀ ਦਾਲ ਤੇ ਬਰੈਂਡ ਨਾਲ ਦਿਨ ਅਤੇ ਇਕ ਦੂਜੇ ਦੇ ਪੈਰਾਂ-ਢਿੱਡਾਂ ਤੇ ਸਿਰ ਰੱਖ ਕੇ ਰਾਤਾਂ ਕੱਟਣੀਆਂ ਪੈਂਦੀਆਂ ਹਨ।

euro-map1.jpg (32097 bytes)

ਮਾਸਕੋ ਤੋਂ ਡੌਕੀਆਂ ਦਾ ਸਫ਼ਰ ਸ਼ੁਰੂ ਹੁੰਦਾ ਹੈ। ਜ਼ਿਆਦਾਤਰ ਮੁੰਡਿਆਂ ਨੂੰ ਯੂਕਰੇਨ ਦੀ ਰਾਜਧਾਨੀ ਕੀਵ ਤੱਕ ਵੱਡੇ-ਵੱਡੇ ਟਰਾਲਿਆਂ ਵਿਚ ਬੰਦ ਕਰ ਕੇ ਲਿਜਾਇਆ ਜਾਂਦਾ ਹੈ। ਟਰਾਲੇ ਹੱਦੋਂ ਵੱਧ ਭਰੇ ਹੋਣ ਕਰਕੇ ਕਈ ਵਾਰੀ ਸਾਹ ਲੈਣਾ ਵੀ ਔਖਾ ਹੋ ਜਾਂਦਾ ਹੈ। ਮਾਸਕੋ ਤੋਂ ਕੀਵ ਦਾ 24 ਘੰਟਿਆਂ ਦਾ ਸਫ਼ਰ ਮੁੰਡਿਆਂ ਨੂੰ ਭੁੱਖੇ-ਤਿਹਾਏ ਪੈਰਾਂ ਭਾਰ ਕੱਟਣਾਂ ਪੈਂਦਾ ਹੈ। ਬੋਲਣ ਤੱਕ ਦੀ ਵੀ ਇਜ਼ਾਜਤ ਨਹੀਂ ਹੁੰਦੀ।

ਕੀਵ ਸ਼ਹਿਰ ਪਹੁੰਚ ਕੇ ਕਈ ਵਾਰ ਏਜੰਟ, ਮੁੰਡਿਆਂ ਨੂੰ ਤਰਾਂ ਤਰਾਂ ਤਸੀਹੇ ਦੇ ਕੇ; ਜਿਵੇਂ ਪਿੱਠਾਂ ਤੇ ਗਰਮ ਪ੍ਰੈਸਾਂ ਲਾਉਣੀਆਂ ਜਾਂ ਕੁੱਟ ਮਾਰ ਕਰਨੀ, ਪੂਰੀ ਜਾਂ ਦੋਹਰੀ ਪੇਮੰਟ ਲਈ ਮਜ਼ਬੂਰ ਕਰਦੇ ਹਨ। ਜਦ ਤੱਕ ਪੂਰੀ ਜਾਂ ਦੋਹਰੀ ਪੇਮੰਟ ਨਹੀਂ ਹੋ ਜਾਂਦੀ ਤਦ ਤੱਕ ਉਨ੍ਹਾਂ ਨੂੰ ਬੰਦ ਭੋਰੇ ਵਿਚ ਭੁੱਖੇ-ਤਿਹਾਏ ਰੱਖਿਆ ਜਾਂਦਾ ਹੈ। ਉਨ੍ਹਾਂ ਨੂੰ ਕਿਹਾ ਜਾਂਦਾ ਹੈ ਕਿ ਜੇ ਕਮਰੇ ਚੋਂ ਬਾਹਰ ਨਿਕਲੂਗੇ ਤੇ ਪੁਲਿਸ ਜਾਂ ਮਾਫਿਆ ਦੇ ਬੰਦੇ ਤੁਹਾਨੂੰ ਕੁੱਟਣਗੇ ਅਤੇ ਡਾਲਰ ਸੋਨਾ ਮੰਗਣਗੇ। ਉਸ ਸਮੇਂ ਉਨ੍ਹਾਂ ਕੋਲ ਸਿਵਾਏ ਮਾਪਿਆਂ ਦੀ ਯਾਦਾਂ ਤੇ ਰੱਬ ਦੇ ਆਸਰੇ ਤੋਂ ਬਿਨ੍ਹਾਂ ਕੁਝ ਨਹੀਂ ਹੁੰਦਾ।

ਕੀਵ ਤੋਂ ਉਚਗਰਾਡ (ਯੂਕਰੇਨ) ਤੱਕ ਮੁੰਡਿਆਂ ਨੂੰ ਕਾਰਾਂ ਨਾਲ ਪਹੁੰਚਾਇਆ ਜਾਂਦਾ ਹੈ। ਉਥੌਂ ਉਨ੍ਹਾਂ ਨੂੰ ਪੈਂਦਲ ਉਚਾਗੋਰਡ ਤੋਂ ਯੂਕਰੇਨ ਦਾ ਬਾਡਰ ਪਾਰ ਕਰਵਾ ਕੇ ਸਲਵਾਕੀਆ ਦੇ ਸ਼ਹਿਰ ਕੋਸਿਸ ਪਹੁੰਚਾਉਣਾਂ ਹੁੰਦਾ ਹੈ। ਇਸ ਡੌਕੀ ਨੂੰ ਸਭ ਤੋਂ ਖ਼ਤਰਨਾਕ ਮੰਨਿਆ ਜਾਂਦਾ ਹੈ। ਗਰਮੀਆਂ ਨੂੰ ਤਾਂ ਪੈਂਦਲ ਡੌਕੀ ਲਾਉਂਦੇ ਸਮੇਂ ਬਹੁਤੀ ਪ੍ਰੇਸ਼ਾਨੀ ਨਹੀਂ ਆਉਂਦੀ ਪਰ ਸਰਦੀਆਂ ਨੂੰ ਇਹ ਮੌਤ ਨਾਲ ਖੇਲਣ ਦੇ ਬਰਾਬਰ ਹੈ। ਮੁੰਡਿਆਂ ਨੂੰ ਅੰਤਾਂ ਦੀ ਠੰਡ ਵਿਚ ਆਮ ਸਾਧਰਣ ਕੱਪੜਿਆਂ ਤੇ ਬੂਟਾਂ ਨਾਲ ਗੋਡੇ-ਗੋਡੇ ਬਰਫ਼ਾਂ ਨਾਲ ਲੱਦੀਆਂ ਉੱਚੀਆਂ-ਨੀਵੀਆਂ ਪਹਾੜੀਆਂ, ਗੰਦੇ ਪਾਣੀ ਅਤੇ ਸੰਘਣੇ ਜੰਗਲ ਪਾਰ ਕਰਨੇ ਪੈਂਦੇ ਹਨ। ਡੌਕਰਾਂ ਦਾ ਤਾਂ ਨਿੱਤ ਦਾ ਕੰਮ ਹੁੰਦਾ ਹੈ ਅਤੇ ਉਨ੍ਹਾਂ ਨੇ ਨਸ਼ੇ ਵੀ ਕੀਤੇ ਹੁੰਦੇ ਹਨ, ਇਸ ਕਰਕੇ ਉਨ੍ਹਾਂ ਲਈ ਡੌਕੀ ਲਾਉਣੀ ਸਾਧਰਣ ਜਿਹੀ ਗੱਲ ਹੈ ਪਰ ਕਈ ਕਮਜ਼ੋਰ ਮੁੰਡੇ ਬੇਹੱਦ ਠੰਢ, ਥਕਾਵਟ ਅਤੇ ਭੁੱਖ ਨੂੰ ਨਾ ਸਹਾਰਦੇ ਹੋਏ ਰਾਹ ਵਿਚ ਹੌਸਲਾ ਛੱਡ ਜਾਂਦੇ ਹਨ ਅਤੇ ਉੱਥੇ ਹੀ ਛੱਡਣ ਨੂੰ ਤਰਲਾ ਪਾਉਣ ਲੱਗ ਪੈਂਦੇ ਹਨ।

ਇੰਝ ਹੀ ਇਕ ਵਾਰ ਸਰਦੀਆਂ ਨੂੰ ਡੌਕੀ ਲਾਉਂਦੇ ਸਮੇਂ ਇਕ ਮੁੰਡੇ ਦੀਆਂ ਲੱਤਾਂ ਜਵਾਬ ਦੇ ਗਈਆਂ ਸਨ। ਉਹ ਹੋਰਨਾਂ ਮੁੰਡਿਆਂ ਨੂੰ ਆਪਣੀ ਬੇਵਸੀ ਦੱਸਦਿਆਂ ਹੋਇਆਂ ਅੱਗੇ ਜਾਣ ਲਈ ਕਹਿਣ ਲੱਗਾ। ਹਾਲਾਂਕਿ ਡੌਕਰ ਕਹਿ ਰਿਹਾ ਸੀ ਕਿ ਮੈਂ ਇਸ ਨੂੰ ਬਾਅਦ ਵਿਚ ਲੈ ਜਾਵਾਂਗਾ ਪਰ ਕੁਝ ਮੁੰਡਿਆਂ ਨੂੰ ਉਸ ਤੇ ਯਕੀਨ ਨਹੀਂ ਸੀ। ਕਿਉਂਕਿ ਉਨ੍ਹਾਂ ਨੇ ਪਹਿਲਾਂ ਵੀ ਡੌਕੀਂਆਂ ਲਾਈਆਂ ਸਨ ਤੇ ਉਨ੍ਹਾਂ ਨੂੰ ਪਤਾ ਸੀ ਜੇ ਅਸੀਂ ਇਸ ਨੂੰ ਪਿੱਛੇ ਛੱਡ ਦਿੱਤਾ, ਡੌਕਰ ਨੇ ਇਸ ਨੂੰ ਮੁੜ ਲੈਂਣ ਨਹੀਂ ਆਉਣਾਂ ਜਾਂ ਡੌਕਰ ਨੇ ਇਸ ਨੂੰ ਗੋਲੀ ਮਾਰ ਦੇਣੀ ਹੈ ਕਿਉਂਕਿ ਜੇ ਪੁਲਿਸ ਨੇ ਇਸ ਨੂੰ ਇਥੇ ਜੀਂਦਾ ਫੜ ਲਿਆ ਤਾਂ ਰਾਹ ਬੰਦ ਹੋ ਜਾਣਾ। ਇਹ ਸਭ ਸੋਚ ਕੇ ਉਨ੍ਹਾਂ ਨੇ ਹਿੰਮਤ ਕੀਤੀ ਤੇ ਦੋ ਲੱਕੜਾਂ ਲੱਭੀਆਂ, ਉਹਨਾਂ ਵਿਚਾਲੇ ਆਪਣੀਆਂ ਜੈਕਟਾਂ ਬੰਨੀਆਂ ਅਤੇ ਉਸ ਤੇ ਮੁੰਡੇ ਨੂੰ ਪਾ ਕੇ ਪਾਰ ਲੰਘਾਇਆ।

ਪੰਜਾਬ ਤੋਂ ਤਾਂ ਨੌਜੁਆਨ ਮੁੰਡੇ ਹੀ ਆਉਂਦੇ ਹਨ ਪਰ ਅਫ਼ਗਾਨੀਸਤਾਨ ਤੋਂ ਜਾਂ ਇਰਾਕ ਤੋਂ ਟੱਬਰਾਂ ਦੇ ਟੱਬਰ ਤੁਰੇ ਹੁੰਦੇ ਹਨ। ਬੱਚੇ, ਬੁੱਢੇ ਤੇ ਔਰਤਾਂ ਸਭ ਸ਼ਾਮਿਲ ਹੁੰਦੇ ਹਨ। ਬੱਚਿਆਂ ਨੂੰ ਨੋਜੁਆਨ ਮੁੰਡੇ ਹੀ ਮੋਢਿਆਂ ਤੇ ਬਿਠਾ ਕੇ ਪੈਂਦਲ ਡੌਕੀਆਂ ਲਵਾਉਂਦੇ ਹਨ ਤੇ ਹੋਰ ਜਿਹੜੇ ਡੌਕੀ ਲਾਉਣ ਲਈ ਅਸਮਰਥ ਹੋ ਜਾਂਦੇ ਉਨ੍ਹਾਂ ਦੀ ਮਦਦ ਵੀ ਮੁੰਡੇ ਹੀ ਕਰਦੇ ਹਨ। ਰਾਹ ਵਿਚ ਕਈ ਮੁੰਡਿਆਂ ਨੇ ਬਰਫ਼ਾਂ ਤੇ ਮਨੁੱਖੀ ਪਿੰਜਰ ਪਏ ਵੀ ਦੇਖੇ ਹਨ ਜਿਨ੍ਹਾਂ ਦੀਆਂ ਬਾਹਾਂ ਵਿਚ ਕੜੇ ਪਾਏ ਹੋਣ ਤੋਂ ਪਤਾ ਲੱਗਦਾ ਹੈ ਕਿ ਇਹ ਪੰਜਾਬੀ ਸੀ। ਡੌਕਰ ਕਿਸੇ ਦੀ ਵੀ ਜਾਨ ਦੀ ਪਰਵਾਹ ਨਹੀਂ ਕਰਦੇ। ਉਹ ਗੋਲੀ ਮਾਰਨ ਲੱਗੇ ਮਿੰਟ ਨਹੀਂ ਲਾਉਂਦੇ ਕਿਉਂਕਿ ਉਥੇ ਕਿਹੜਾ ਕਿਸੇ ਨੇ ਪੁਛ-ਪੜਤਾਲ ਕਰਨੀ ਹੁੰਦੀ ਹੈ। ਉਨ੍ਹਾਂ ਨੇ ਤਾਂ ਆਪਣਾ ਉਲੂ ਸਿੱਧਾ ਕਰਨਾ ਹੁੰਦਾ ਹੈ।

ਪਿੱਛੇ ਜਿਹੇ ਹੀ ਇਕ ਮੁੰਡੇ ਨਾਲ ਮੁਲਕਾਤ ਹੋਈ ਜੋ ਲੰਗੜਾ ਕੇ ਤੁਰਦਾ ਸੀ। ਪੁੱਛਣ ਤੇ ਪਤਾ ਲੱਗਾ ਕਿ ਉਸ ਨੂੰ ਤੇ ਕੁਝ ਹੋਰ ਮੁੰਡਿਆਂ ਨੂੰ ਇਕ ਜੰਗਲ ਦੀ ਠੰਡੀ ਗੁਫਾ ਵਿਚ ਡੌਕਰ ਬਿਠਾ ਕੇ ਚਲਾ ਗਏ ਸਨ। ਉਨ੍ਹਾਂ ਨੂੰ ਕਈ ਘੰਟੇ ਉੱਥੇ ਹੀ ਰਹਿਣਾਂ ਪਿਆ। ਠੰਡ ਜ਼ਿਆਦਾ ਹੋਣ ਕਰਕੇ ਸਾਰਿਆਂ ਦੇ ਪੈਰ ਬੂਟਾਂ ਵਿਚ ਸੁੰਨ ਹੋ ਗਏ ਸਨ ਤੇ ਬਾਅਦ ਵਿਚ ਪੈਰਾਂ ਦੀਆਂ ਉਗਲਾਂ ਗਲ ਗਈਆਂ। ਇਸੇ ਹੀ ਤਰ੍ਹਾਂ ਇਕ ਮੁੰਡੇ ਨੇ ਡੌਕੀ ਲਾਉਣ ਤੋਂ ਬਾਅਦ ਆਪਣੇ ਹੱਥ ਗਰਮ-ਸਰਦ ਕਰ ਲਏ ਸਨ ਤੇ ਉਹ ਹੱਥੋਂ ਨਾਕਾਮ ਹੋ ਗਿਆ ਸੀ। ਇਸ ਕਰਕੇ ਡੌਕਰ ਨੇ ਉਸ ਨੂੰ ਭਾਰਤ ਵਾਪਸ ਚੜ੍ਹਾ ਦਿੱਤਾ। ਭਾਰਤ ਵਿਚ ਉਸਦੇ ਹੱਥ ਕੱਟਣੇ ਪੈ ਗਏ ਸਨ। ਇਹ ਅੱਖੀ ਦੇਖੇ ਦਰਦਨਾਕ ਹਾਦਸੇ ਮੁੰਡਿਆਂ ਲਈ ਜ਼ਿੰਦਗੀ ਭਰ ਲਈ ਅਭੁੱਲ ਯਾਦਾਂ ਬਣ ਜਾਂਦੀਆਂ ਹਨ।

ਯੂਕਰੇਨ ਤੇ ਸਲਵਾਕੀਆ ਦੇ ਬਾਡਰ ਤੇ ਜੇ ਮੁੰਡੇ ਡੌਕੀ ਲਾਉਂਦੇ ਫੜੇ ਜਾਣ ਤਾਂ ਉਨ੍ਹਾਂ ਨੂੰ ਯੂਕਰੇਨ ਦੇ ਮੁਕਾਚੀਵ ਪੁਲਿਸ ਸਟੇਸ਼ਨ ਵਿਚ ਠਾਈਆ (28 ਦਿਨ ਦੀ ਜੇਲ੍ਹ) ਕੱਟਣਾਂ ਪੈਂਦਾ ਹੈ। ਉਥੇ ਪੁਲਿਸ, ਮੁੰਡਿਆਂ ਦੀਆਂ ਫੋਟੂਆਂ ਤੇ ਫਿੰਗਰ ਪਰੈਂਟ ਲੈਣ ਤੋਂ ਬਾਅਦ ਤਲਾਸ਼ੀ ਲਈ ਅਲਫ਼ ਨੰਗੇ ਕਰਾ ਲੈਂਦੀ ਹੈ। ਕੱਪੜਿਆਂ ਵਿਚ ਜਿੱਥੇ ਵੀ ਉਨ੍ਹਾਂ ਨੂੰ ਸ਼ੱਕ ਪੈਂਦਾ ਹੈ, ਉਥੇ ਕੈਂਚੀ ਮਾਰ ਦਿੰਦੇ ਹਨ। ਉਨ੍ਹਾਂ ਨੂੰ ਡਾਲਰਾਂ ਦੀ ਤਲਾਸ਼ ਹੁੰਦੀ ਹੈ। ਵਧੀਆ ਕੱਪੜੇ ਅਤੇ ਸਮਾਨ ਪੁਲਿਸ ਆਪਣੇ ਕੋਲ ਰੱਖ ਲੈਂਦੀ ਹੈ। ਕਈ ਮੁੰਡੇ ਤਾਂ ਇੱਥੋਂ ਤੱਕ ਗਿਰ ਜਾਂਦੇ ਹਨ ਕਿ ਉਹ ਡਾਲਰ ਗੋਲ ਕਰ ਕੇ ਪਿੱਛੇ (ਟੱਟੀ ਵਾਲੀ ਥਾਂ) ਪਾ ਲੈਂਦੇ ਹਨ, ਕਿਉਂਕਿ ਉਨ੍ਹਾਂ ਨੂੰ ਪਤਾ ਹੁੰਦਾ ਹੈ ਕਿ ਜੇ ਛੁੱਟ ਗਏ ਤਾਂ ਇਹੀ ਡਾਲਰ ਟੈਲੀਫ਼ੋਨ ਜਾਂ ਟੈਕਸੀ ਲਈ ਕੰਮ ਆਉਣੇ ਹਨ। ਇਸ ਕਰਕੇ ਉਨ੍ਹਾਂ ਤੋਂ ਬੈਠਕਾਂ ਕੱਢਵਾਈਆਂ ਜਾਂਦੀਆਂ ਹਨ। ਜਿਨ੍ਹਾਂ ਤੋਂ ਡਾਲਰ ਨਿਕਲਦੇ ਹਨ ਉਨ੍ਹਾਂ ਨਾਲ ਨਰਮੀ ਵਰਤੀ ਜਾਂਦੀ ਹੈ ਤੇ ਜਿਸ ਕੋਲੋਂ ਏਜੰਟ ਨੇ ਡਾਲਰ ਪਹਿਲਾਂ ਹੀ ਕੱਢਵਾ ਲਏ ਹੁੰਦੇ ਹਨ ਉਸ ਨੂੰ ਪੁਲਿਸ ਬੇਦਰਦੀ ਨਾਲ ਇੰਨਾ ਕੁੱਟਦੀ ਹੈ ਕਿ ਜਦ ਤੱਕ ਉਹ ਬੇਹੋਸ਼ ਨਾ ਹੋ ਜਾਵੇ ਜਾਂ ਕੁੱਟਣ ਵਾਲੇ ਹਫ਼ ਨਹੀਂ ਜਾਂਦੇ। ਹਰ ਰਾਤ ਪੁਲਿਸ ਵਾਲੇ ਸ਼ਰਾਬ ਪੀ ਕੇ ਆਪਣੀ ਮੌਜ-ਮਸਤੀ ਲਈ ਦੋ-ਤਿੰਨ ਮੁੰਡਿਆਂ ਨੂੰ ਅਲਫ਼ ਨੰਗੇ ਕਰ ਕੇ ਕੁੱਟਦੇ ਹਨ ਅਤੇ ਦਿਨ ਨੂੰ ਕੰਮ ਕਰਵਾਉਂਦੇ ਹਨ; ਜਿਵੇਂ ਸਰਦੀਆਂ ਨੂੰ ਬਰਫ ਚੁੱਕਵਾਉਣੀ।

ਕਈ ਮੁੰਡਿਆਂ ਨਾਲ ਮੁਲਕਾਤਾਂ ਹੋਈਆਂ ਜਿਨ੍ਹਾਂ ਦੇ ਸਿਰਾਂ ਵਿਚ ਜੂੰਆਂ ਪਈਆਂ ਹੋਈਆਂ ਸਨ ਤੇ ਸਰੀਰ ਖੁਰਕਿਆਂ ਹੋਇਆ ਸੀ ਕਿਉਂਕਿ ਉਨ੍ਹਾਂ ਨੂੰ ਡੌਕੀਆਂ ਦੇ ਚੱਕਰਾਂ ਵਿਚ ਨਹਾਉਣਾਂ ਹੀ ਨਹੀਂ ਸੀ ਨਸੀਬ ਹੋਇਆ। ਕਈ ਵਾਰ ਜਦ ਮੁੰਡੇ ਸਾਰੀਰਕ ਤੇ ਮਾਨਸਿਕ ਦੁੱਖ-ਤਕਲੀਫ਼ਾਂ ਝੱਲ ਕੇ ਵਾਪਸ ਆਪਣੇ ਏਜੰਟਾਂ ਕੋਲ ਪਹੁੰਚਦੇ ਤਾਂ ਉਹ ਇੰਡੀਆ ਵਾਪਸ ਭੇਜਣ ਨੂੰ ਕਹਿੰਦੇ ਹਨ। ਪਰ ਏਜੰਟ ਵਾਪਸ ਭੇਜਣ ਦੇ ਵੀ ਦੁਗਣੇ-ਤੀਗਣੇ ਡਾਲਰ ਮੰਗਦੇ ਹਨ। ਜਿਹੜੇ ਪਹਿਲਾਂ ਤੋਂ ਕਰਜ਼ਾਈ ਹੁੰਦੇ ਹਨ ਉਹ ਹੋਰ ਪੈਸਿਆਂ ਦਾ ਬੰਦੋਬਸਤ ਕਿਥੋਂ ਕਰ ਸਕਦੇ ਹਨ? ਉਸ ਸਮੇਂ ਪਾਣੀ ਸਿਰ ਤੋਂ ਲੰਘ ਚੁੱਕਾ ਹੋਣ ਕਰਕੇ ਮੁੜ ਉਨ੍ਹਾਂ ਰਾਹਾਂ ਤੇ ਜਾਣ ਤੋਂ ਸਿਵਾ ਹੋਰ ਕੋਈ ਚਾਰਾ ਨਹੀਂ ਰਹਿ ਜਾਂਦਾ।

ਕੋਸਿਸ ਤੇ ਬਰਾਤੀਸਲਾਵਾ ਸ਼ਹਿਰ ਇਕੋਂ ਦੇਸ ਵਿਚ ਹੋਣ ਕਰਕੇ ਮੁੰਡਿਆਂ ਨੂੰ ਇਕ ਥਾਂ ਤੋਂ ਦੂਸਰੀ ਥਾਂ ਤੇ ਲਿਜਾਣ ਵਿਚ ਬਹੁਤੀ ਮੁਸ਼ਕਲ ਨਹੀਂ ਆਉਂਦੀ। ਸਲਵਾਕੀਆ ਤੋਂ ਆਸਟਰੀਆ ਦੇ ਬਾਡਰ ਤੇ ਇਕ ਦਰਿਆ ਪੈਂਦਾ ਹੈ। ਇਸ ਤੇਜ਼ ਬਹਾਓ ਵਾਲੇ ਦਰਿਆ ਨੂੰ ਪਾਰ ਕਰਾ ਕੇ ਮੁੰਡਿਆਂ ਨੂੰ ਆਸਟਰੀਆ ਪਹੁੰਚਾਇਆ ਜਾਂਦਾ ਹੈ। ਮੁੰਡੇ ਆਪਣੀ ਜਾਨ ਮੁੱਠੀ 'ਚ ਲੈਕੇ, ਹਵਾ ਵਾਲੀਆਂ ਕਿਸ਼ਤੀਆਂ ਰਾਹੀ ਆਸਟਰੀਆ ਪਹੁੰਚਦੇ ਹਨ। ਜੇ ਆਸਟਰੀਅਨ ਪੁਲਿਸ ਫੜ੍ਹ ਲਵੇ ਤਾਂ ਮੁੰਡੇ ਭੁੱਖ-ਹੜਤਾਲਾਂ ਕਰ ਕੇ ਛੁੱਟਦੇ ਹਨ। ਔਕੜਾਂ ਦਾ ਅੰਤ ਇਥੇ ਹੀ ਨਹੀਂ ਹੋ ਜਾਂਦਾ। ਜੇਲ੍ਹ ਚੋਂ ਨਿਕਲ ਕੇ ਆਸਟਰੀਅਨ ਬੋਲੀ, ਸਖ਼ਤ ਕੰਮ ਅਤੇ ਵੀਜ਼ਾ ਵਰਗੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਨਵੇਂ ਮੁੰਡੇ ਖ਼ੁਦ ਕਹਿੰਦੇ ਹਨ ਕਿ ਜਦੋਂ ਅਸੀ ਇੰਡੀਆ ਹੁੰਦੇ ਸੀ ਤਾਂ ਸਾਨੂੰ ਇਨ੍ਹਾਂ ਗੱਲਾਂ ਤੇ ਯਕੀਨ ਨਹੀਂ ਸੀ ਆਉਂਦਾ ਤੇ ਹੁਣ ਜਦੋਂ ਅਸੀਂ ਇੰਡੀਆ ਸਾਡੇ ਹਮਉਮਰ ਦੇ ਦੋਸਤਾਂ ਜਾਂ ਰਿਸ਼ਤੇਦਾਰਾਂ ਨੂੰ ਦੱਸਦੇ ਹਾਂ ਤਾਂ ਉਹ ਸਾਡੇ ਤੇ ਯਕੀਨ ਨਹੀਂ ਕਰਦੇ ਤੇ ਕਹਿੰਦੇ ਹਨ ਕਿ ਹੁਣ ਆਪ ਪਹੁੰਚ ਕੇ ਸਾਨੂੰ ਨਾ ਆਉਣ ਦੀ ਸਲਾਹ ਦਿੰਦੇ ਹਨ। ਇਹ ਗੇੜ ਤਾਂ ਇਸੇ ਤਰਾਂ ਹੀ ਚਲਦਾ ਰਹਿਣਾ। ਪਰ ਕਈ ਮੁੰਡੇ ਵਿਦੇਸਾਂ ਵਿਚ ਝੱਲੀਆਂ ਦੁੱਖ-ਤਕੀਲਫ਼ਾਂ ਬਾਰੇ ਸਚਾਈ ਨਾ ਦੱਸ ਕੇ ਆਪਣੇ ਆਪ ਨੂੰ ਅਤੇ ਭਾਰਤੀ ਰਿਸ਼ਤੇਦਾਰਾਂ ਨੂੰ ਧੋਖੇ ਵਿਚ ਰੱਖਦੇ ਹਨ।

ਪ੍ਰਵਾਸੀ ਪੰਜਾਬੀਆਂ ਨੂੰ ਚਾਹੀਦਾ ਹੈ ਕਿ ਉਹ ਬਾਹਰੋਂ ਪੈਸਾ ਭੇਜ ਕੇ ਨੌਜੁਆਨਾਂ ਨੂੰ ਪੰਜਾਬ ਵਿਚ ਹੀ ਕੋਈ ਵਿਉਪਾਰ ਖੋਲਣ ਲਈ ਮਦਦ ਕਰਨ ਨਾਕਿ ਉਨ੍ਹਾਂ ਦੀ ਮੌਤ ਦੇ ਜ਼ਿੰਮੇਵਾਰ ਬਣਨ। ਉਹ ਪੰਜਾਬ ਵਾਪਸ ਜਾ ਕੇ ਬਾਹਰਲੇ ਮੁਲਕਾਂ ਦੀਆਂ ਸਹੂਲਤਾਂ ਦੇ ਨਾਲ-ਨਾਲ ਇਥੌਂ ਦੀ ਹੱਡ-ਭੰਨਵੀਂ ਮਿਹਨਤ ਤੇ ਮੁਸ਼ਕਲਾਂ ਬਾਰੇ ਵੀ ਦੱਸਣ ਅਤੇ ਏਜੰਟਾਂ ਦੇ ਚੁੰਗਲ ਤੋਂ ਬਚਣ ਦੀ ਸਲਾਹ ਦੇਣ। ਏਜੰਟਾਂ ਦੀ ਅਸਲੀਅਤ ਲੋਕਾਂ ਸਾਹਮਣੇ ਲਿਆਉਣਾਂ ਸਾਡਾ ਫਰਜ਼ ਬਣਦਾ ਹੈ ਤਾਂ ਕਿ ਇਹ ਲੋਕ ਆਪਣੀਆਂ ਜੇਬਾਂ ਭਰਨ ਦੀ ਖ਼ਾਤਿਰ ਸਾਡੇ ਪੰਜਾਬ ਦੀ ਜਵਾਨੀ ਬਾਹਰਲੇ ਮੁਲਕਾਂ ਦੀਆਂ ਪਹਾੜੀਆਂ, ਜੰਗਲਾਂ, ਨਦੀਆਂ ਅਤੇ ਜੇਲ੍ਹਾਂ ਦੀ ਭੇਟ ਨਾ ਚੜਾਉਣ।

ਤੁਸੀਂ ਇਹ ਕਹੋਂਗੋ ਕਿ ਆਪ ਬਾਹਰ ਬੈਠੇ ਐਸ਼ਾਂ ਕਰਦੇ, ਸਾਨੂੰ ਬਾਹਰ ਆਉਣ ਤੋਂ ਰੋਕਦੇ ਹਨ। ਆਓ ਜੀ ਸਦਕੇ ਆਓ। ਇਕ ਤਾਂ ਸਿੱਧਾ ਵੀਜ਼ਾ ਲੈ ਕੇ ਆਓ। ਜਿਹੜੇ ਦੇਸ ਆਉਣਾ। ਏਜੰਟ ਲੱਖ ਕਹਿਣ ਰੂਸ ਤੋਂ ਵੀਜ਼ਾਂ ਮਿਲਜੂ, ਹੰਗਰੀ ਤੋਂ ਵੀਜ਼ਾ ਮਿਲਜੂ। ਇਹ ਸਭ ਚਾਲਾਂ ਨੇ ਤੁਹਾਨੂੰ ਜਾਲ 'ਚ ਫਸਾਉਣ ਦੀਆਂ। ਇਸ ਤੋਂ ਵੀ ਵਧੀਆ ਤਰੀਕਾ ਹੈ ਬਾਹਰ ਆਉਣ ਦਾ ਉਹ ਹੈ ਉੱਚ-ਸਿੱਖਿਆ। ਲਗਭਗ ਸਭ ਅਮੀਰ ਮੁਲਕਾਂ ਵਿਚ ਕੰਪਿਊਟਰ ਇੰਜਨੀਅਰ, ਡਾਕਟਰ ਤੇ ਹੋਰ ਅਨੇਕਾਂ ਸਾਇੰਸਟੈਸਟਾਂ ਦੀ ਹਮੇਸ਼ਾਂ ਲੋੜ ਰਹਿੰਦੀ ਹੈ ਤੇ ਰਹੇਗੀ। ਆਸਟਰੀਆ ਨੇ ਪਿਛਲੇ ਸਾਲ ਤਿੰਨ ਹਜ਼ਾਰ ਭਾਰਤੀ ਕੰਪਿਊਟਰ ਮਾਹਰਾਂ ਨੂੰ ਇੱਥੇ ਭਾਰਤ ਤੋਂ ਸਿੱਧੇ ਵੀਜ਼ੇ ਦੇ ਕੇ ਸੱਦਿਆ। ਕਿਉਂ ਨਹੀਂ ਤੁਸੀਂ ਵੀ ਉੱਚ-ਸਿੱਖਿਆ ਪ੍ਰਾਪਤ ਕਰਕੇ ਕਿਸੇ ਵਧੀਆ ਦੇਸ ਵਿਚ ਪੱਕੇ ਤੌਰ ਤੇ ਆਉਂਦੇ। ਬਿਨਾਂ ਚੰਗੀ ਪੜ੍ਹਾਈ ਦੇ ਬਾਹਰ ਆ ਕੇ ਧੱਕੇ ਹੀ ਖਾਣੇ ਪੈਂਦੇ ਹਨ। ਇਹ ਕੋਰਾ ਸੱਚ ਹੈ।

ਹੁਣ ਸੋਚਣਾਂ ਤੁਸੀਂ ਹੈ ਕਿ ਤੁਸੀਂ ਕਿਵੇਂ ਬਾਹਰਲੇ ਮੁਲਕਾਂ ਵਿਚ ਆਉਣਾਂ?

hore-arrow1gif.gif (1195 bytes)

Terms and Conditions
Privacy Policy
© 1999-2005, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2005, 5abi.com