ਪਿਆ ਵਖਤ, ਪੰਜਾਬੀ ਫੌਂਟਾਂ ਅਤੇ ਕੀ-ਬੋਰਡ
ਲੇਅ-ਆਊਟ ਦੇ ਵਖਰੇਵੇਂ ਦਾ
- ਕਿਰਪਾਲ ਸਿੰਘ ਪੰਨੂੰ, ਕਨੇਡਾ
ਅਰੰਭ ਵਿੱਚ ਇਹ ਵਰਨਣ ਕਰਨਾ ਜਰੂਰੀ ਹੋ ਜਾਂਦਾ ਹੈ ਕਿ ਅੱਖਰਾਂ ਦੀ ਸ਼ਕਲ ਨੂੰ
ਫੌਂਟ ਕਿਹਾ ਜਾਂਦਾ ਹੈ ਅਤੇ ਜਿਸ ਨਾਲ਼ ਅਸੀਂ ਇਹ ਅੱਖਰ ਲਿਖਦੇ ਹਾਂ ਉਸ ਨੂੰ ਕੀ-ਬੋਰਡ
ਕਿਹਾ ਜਾਂਦਾ ਹੈ।
ਪੰਜਾਬੀ ਫੌਂਟ ਅਤੇ ਉਸਦਾ ਕੀ-ਬੋਰਡ ਲੇਅ-ਆਊਟ ਭਾਵੇਂ ਇੱਕ ਨਹੀਂ ਪਰ ਇੱਕ-ਮਿੱਕ
ਜਰੂਰ ਹਨ। ਇਸ ਵਿਚਾਰ ਨੂੰ ਇਸ ਤਰ੍ਹਾਂ ਦਰਸਾਇਆ ਜਾ ਸਕਦਾ ਹੈ ਕਿ 'ਮੈਂ ਤੇ ਮਾਹੀਆ
ਇੱਕ-ਮਿੱਕ, ਅਸੀਂ ਦੇਖਣ ਨੂੰ ਭਾਵੇਂ ਦੋ।' ਪੰਜਾਬੀ ਫੌਂਟ ਦੇ ਅੱਖਰ ਇਸ ਦੇ ਕੀ-ਬੋਰਡ
ਦੇ ਉਦਰ ਵਿੱਚੋਂ ਹੀ ਜਨਮ ਲੈਂਦੇ ਹਨ। ਅੱਗੇ ਆਉਂਦੇ ਹਾਂ ਅਸਲੀ ਮੁੱਦੇ ਵੱਲ।
ਕੋਈ ਸਮਾਂ ਸੀ ਜਦੋਂ ਪੰਜਾਬੀ ਲਿਖਣ ਵਾਲ਼ਿਆਂ ਲਈ ਕੰਪਿਊਟਰ ਇੱਕ ਨਵਾਂ ਹੀ ਯੰਤਰ
ਸੀ ਜੋ ਕੇਵਲ ਅੰਗਰੇਜ਼ੀ ਵਿੱਚ ਹੀ ਲਿਖ-ਪੜ੍ਹ ਸਕਦਾ ਸੀ। ਪੰਜਾਬੀ ਪਿਆਰਿਆਂ ਦੇ ਮਨਾਂ
ਵਿੱਚ ਕੰਪਿਊਟਰ ਦੀ ਪੰਜਾਬੀ ਲਈ ਵਰਤੋਂ ਦੀ ਚਾਹਤ ਦਾ ਪੈਦਾ ਹੋ ਜਾਣਾ ਕੁਦਰਤੀ ਹੀ
ਸੀ। ਸਿਆਣੇ ਕਹਿੰਦੇ ਹਨ ਕਿ ਜਿੱਥੇ ਚਾਹ ਉੱਥੇ ਰਾਹ। ਤੇ ਉਨ੍ਹਾਂ ਨੇ ਆਪੋ ਆਪਣੀ
ਸੁੱਚੀ ਸੋਚ ਅਨੁਸਾਰ ਆਪਣੀ ਚਾਹ ਦੇ ਨਵੇਂ ਰਾਹ ਲੱਭੇ। ਜਿਵੇਂ ਕਿ ਅਰੰਭ ਵਿੱਚ ਹੁੰਦਾ
ਹੀ ਹੈ, ਇਸ ਦਾ ਸਿੱਟਾ ਬਹੁਤ ਸਾਰੀਆਂ ਪੰਜਾਬੀ ਫੌਂਟਾਂ ਦੇ ਜਨਮ ਵਿੱਚ ਹੋਇਆ।
ਇਨ੍ਹਾਂ ਦੇ ਅੱਖਰ ਤਾਂ ਪੰਜਾਬੀ ਵਰਣਮਾਲ਼ਾ ਅਨੁਸਾਰ ਹੀ ਰਹੇ, ਪਰ, ਕਿਉਂਕਿ ਇਹ
ਫੌਂਟਾਂ ਵੱਖੋ-ਵੱਖ ਥਾਵਾਂ ਅਤੇ ਵੱਖੋ-ਵੱਖ ਉੱਦਮੀਆਂ ਵੱਲੋਂ ਬਣਾਈਆਂ ਗਈਆਂ ਸਨ ਇਸ
ਲਈ ਇਨ੍ਹਾਂ ਦੇ ਕੀਅ-ਬੋਰਡ ਲੇਅ-ਆਊਟ ਦਾ ਵੱਖੋ-ਵੱਖ ਹੋਣਾ ਵੀ ਉਤਨਾ ਹੀ ਕੁਦਰਤੀ ਸੀ।
ਪਰ ਇਹ ਵਰਤਾਰਾ ਅੰਗਰੇਜੀ ਕੰਪਿਊਟਰ ਨਾਲ਼ ਨਹੀਂ ਵਰਤਿਆ। ਕਿਉਂਕਿ ਕੰਪਿਊਟਰ ਨੇ ਬਣਦੇ
ਸਾਰ ਹੀ ਆਪਣਾ ਇੱਕ ਕੀ-ਬੋਰਡ ਲੇਅ-ਆਊਟ ਅਪਨਾ ਲਿਆ। ਅੱਜ ਭਾਵੇਂ ਕਿ ਅੰਗਰੇਜੀ ਦੀਆਂ
ਸੈਂਕੜੇ ਫੌਂਟਾਂ ਹਨ ਪਰ ਉਨ੍ਹਾਂ ਦਾ ਕੀ-ਬੋਰਡ ਲੇਅ-ਆਊਟ ਇੱਕੋ ਹੀ ਹੈ। ਹਰ ਇੱਕ
ਫੌਂਟ ਦੀ 'ਏ' ਇੱਕੋ ਥਾਂ ਤੋਂ ਪੈਂਦੀ ਹੈ। ਪਰ ਪੰਜਾਬੀ ਦਾ 'ਪੱਪਾ' ਕਿਸੇ ਫੌਂਟ ਦਾ
ਕਿਤੇ ਅਤੇ ਦੂਸਰੀ ਦਾ ਹੋਰ ਕਿਤੇ ਜਾ ਕੇ ਪੈਂਦਾ ਹੈ। ਜਦੋਂ ਲੋੜ ਅਨੁਸਾਰ ਪੰਜਾਬੀ ਦੀ
ਇੱਕ ਫੌਂਟ ਨੂੰ ਦੂਸਰੀ ਵਿੱਚ ਬਦਲੀ ਕਰਦੇ ਹਾਂ ਤਾਂ ਸਾਰੀ ਲਿਖਤ ਦਾ ਕੁੱਝ ਹੋਰ ਹੀ
ਬਣ ਜਾਂਦਾ ਹੈ। ਜਿਵੇਂ 'ਪੰਜਾਬੀ' ਸ਼ਬਦ ਦਾ 'ਗੁਲਾਬੀ' ਬਣ ਜਾਣਾ।
ਜਦੋਂ ਪੰਜਾਬੀ ਦੀ ਕੰਪਿਊਟਰੀ ਲਿਖਤ ਦਾ ਆਦਾਨ-ਪਰਦਾਨ ਈਮੇਲ ਪਰਬੰਧ ਨੇ ਇੱਕ
ਬੱਚਿਆਂ ਦੀ ਖੇਲ੍ਹ ਬਣਾ ਦਿੱਤਾ ਤਾਂ ਪੰਜਾਬੀ ਫੌਂਟਾਂ ਦੇ ਇਸ ਕੀਅ-ਬੋਰਡ ਲੇਅ-ਆਊਟ
ਦੇ ਵਖਰੇਵੇਂ ਦੀਆਂ ਔਕੜਾਂ ਉਜਾਗਰ ਹੋਣ ਲੱਗੀਆਂ। ਇਸ ਦੇ ਨਾਲ਼-ਨਾਲ਼ ਤਕਨਾਲੋਜੀ ਦੇ
ਵਿਕਾਸ ਨਾਲ਼ ਫੌਂਟੋਗਰਾਫਰ ਮੰਡੀ ਵਿੱਚ ਆ ਜਾਣ ਕਰਕੇ ਨਵੀਂ ਫੌਂਟ ਬਨਾਉਣੀ ਜਾਂ ਉਸ
ਨੂੰ ਨਵਾਂ ਰੂਪ ਦੇਣਾ ਹੋਰ ਵੀ ਇੱਕ ਖੇਲ੍ਹ ਬਣ ਗਿਆ। ਜਿਸ ਨਾਲ਼ ਪੰਜਾਬੀ ਫੌਂਟਾਂ ਅਤੇ
ਉਨ੍ਹਾਂ ਦੇ ਕੀਅ-ਬੋਰਡ ਲੇਅ-ਆਊਟਾਂ ਦੀ ਗਿਣਤੀ ਅਨਗਿਣਤ ਹੀ ਹੋ ਗਈ। ਕਿਉਂਕਿ ਮੈਂ ਵੀ
ਇਸ ਸਬੰਧ ਵਿੱਚ ਰੁਚੀ ਰੱਖਦਾ ਹਾਂ, ਮੇਰੇ 15 ਕੁ ਜੀਆਂ ਦੇ ਪਰਵਾਰ ਵਿੱਚ ਕੋਈ ਵੀ
ਨਾਂ ਐਸਾ ਨਹੀਂ ਜਿਸ ਦੇ ਉੱਤੇ ਕਿਸੇ ਨਾ ਕਿਸੇ ਫੌਂਟ ਦਾ ਨਾਂ ਨਾ ਹੋਵੇ, ਭਾਵੇਂ ਉਹ
ਤਜਰਬੇ ਦੇ ਤੌਰ ਤੇ ਜਾਂ ਕਿਸੇ ਉਸਾਰੀ ਦੇ ਮੁਢਲੇ ਪੜਾ ਉੱਤੇ ਹੀ ਹੋਵੇ।
|
ਗੁਰਬਾਣੀ ਲਿੱਪੀ |
ਇਸ ਈਮੇਲ ਦੇ ਪਰਬੰਧ ਕਰਕੇ ਪੰਜਾਬੀ ਲਿਖਣਾ, ਪੜ੍ਹਨਾ, ਵੈੱਬ ਸਾਈਟ ਬਨਾਉਣਾ,
ਅਖਬਾਰ, ਰਸਾਲੇ ਆਦਿ ਛਾਪਣਾ ਵੀ ਗਲੋਬਲ ਹੀ ਬਣ ਗਿਆ ਹੈ। ਇਸ ਦੀ ਲੋੜ ਅਨੁਸਾਰ
ਚਾਹੀਦਾ ਤਾਂ ਇਹ ਸੀ ਕਿ ਪੰਜਾਬੀ ਦੀਆਂ ਸਾਰੀਆਂ ਫੌਂਟਾਂ ਦਾ ਇੱਕ ਗਲੋਬਲ ਕੀ-ਬੋਰਡ
ਲੇਅ-ਆਊਟ ਹੁੰਦਾ। ਪਰ ਅਜੇਹਾ ਹੋ ਨਹੀਂ ਸਕਿਆ। ਕਿਉਂ ਨਹੀਂ ਹੋ ਸਕਿਆ, ਇਹ ਮੁੱਦਾ ਇਸ
ਲੇਖ ਦਾ ਵਿਸ਼ਾ ਨਹੀਂ ਹੈ। ਪਰ ਇਹ ਯਕੀਨ ਨਾਲ਼ ਕਿਹਾ ਜਾ ਸਕਦਾ ਹੈ ਕਿ ਜਦੋਂ ਤੀਕਰ ਇਹ
ਅਜੇਹਾ ਨਹੀਂ ਹੋ ਜਾਂਦਾ ਉਦੋਂ ਤੀਕਰ ਪੰਜਾਬੀ ਪਿਆਰੇ ਇਸ ਦਾ ਘੋਰ ਸੰਤਾਪ ਭੋਗਦੇ
ਰਹਿਣਗੇ। ਇਹ ਵੀ ਪਤਾ ਲੱਗਿਆ ਹੈ ਕਿ ਕਈ ਵਪਾਰਕ ਵਿਰਤੀ ਦੇ ਸੱਜਣਾਂ ਨੇ ਤਾਂ ਇਸ ਨੂੰ
ਆਪਣੀ ਕਮਾਈ ਦੇ ਇੱਕ ਸਾਧਨ ਵਜੋਂ ਵੀ ਅਪਣਾ ਲਿਆ ਹੈ। ਸੋ ਉਹ ਕਦੋਂ ਚਾਹੁਣਗੇ ਕਿ ਇਸ
ਬੀਮਾਰੀ ਦਾ ਸਦੀਵੀ ਇਲਾਜ ਹੋਵੇ।
ਮੇਰੇ ਵਿਚਾਰ ਅਨੁਸਾਰ ਇਸ ਅਪਰਾਧ ਦੀਆਂ ਸਭ ਤੋਂ ਵੱਧ ਦੋਸੀ ਪੰਜਾਬ ਸਰਕਾਰ,
ਪੰਜਾਬ ਦੀਆਂ ਯੂਨੀਵਰਸਿਟੀਆਂ, ਪੰਜਾਬ ਦਾ ਭਾਸ਼ਾ ਵਿਭਾਗ ਅਤੇ ਸ਼੍ਰੋਮਣੀ ਗੁਰਦੁਆਰਾ
ਪਰਬੰਧਕ ਕਮੇਟੀ ਹੈ। ਜਿਨ੍ਹਾਂ ਕੋਲ਼ ਸਮਰੱਥਾ ਵੀ ਹੈ ਅਤੇ ਜਿਨ੍ਹਾਂ ਦਾ ਫਰਜ਼ ਵੀ ਬਣਦਾ
ਹੈ।
ਇਸ ਦੇ ਦੋਸ਼ੀ ਪੰਜਾਬੀ ਕੰਪਿਊਟਰ ਜਾਣਦੇ ਪੰਜਾਬੀ ਬੁੱਧੀ ਜੀਵੀ ਵੀ ਕੋਈ ਘੱਟ ਨਹੀਂ
ਹਨ। ਇਸ ਬਹੁਤ ਹੀ ਜਰੂਰੀ ਮੁੱਦੇ ਉੱਤੇ ਇੱਕ ਤਕੜਾ ਸੰਵਾਦ ਰਚਾਕੇ ਕਿਸੇ ਤਰਕ ਪੂਰਨ
ਸਿੱਟਿਆਂ ਉੱਤੇ ਪਹੁੰਚਣਾ ਚਾਹੀਦਾ ਸੀ ਅਤੇ ਉਸ ਉੱਤੇ ਅਮਲ ਲਈ ਸਾਰਥਕ ਯਤਨ ਹੋਣੇ
ਚਾਹੀਦੇ ਸਨ। ਮੈਂ ਆਪਣੇ ਤੌਰ ਤੇ ਕੁੱਝ ਯਤਨ ਕੀਤੇ ਜਿਨ੍ਹਾਂ ਤੋਂ ਮੈਂ ਸਿੱਟਾ ਇਹ
ਕੱਢਿਆ ਹੈ ਕਿ:
1. ਪੰਜਾਬੀ ਆਪਣੇ ਭਵਿੱਖ ਤੋਂ ਬਹੁਤ ਬੇਪਰਵਾਹ ਹਨ।
2. ਪੰਜਾਬੀਆਂ ਦੇ ਨਿੱਜੀ ਹਿਤ ਜਨਤਕ ਅਤੇ ਸਮੁੱਚ ਦੇ ਹਿਤਾਂ ਨਾਲ਼ੋਂ ਭਾਰੂ ਹਨ।
3. ਪੰਜਾਬੀ ਸਮੁੱਚ ਵਿੱਚ ਰੂੜ੍ਹੀਵਾਦੀ ਹਨ। ਜੋ ਜਿੱਥੇ ਬੈਠਾ ਹੈ ਉਹ ਉਸ ਤੋਂ ਇੱਕ
ਕਦਮ ਵੀ ਅੱਗੇ ਤੁਰਨ ਲਈ ਤਿਆਰ ਨਹੀਂ ਹੈ। ਜਦੋਂ ਤੀਕਰ ਕਿ ਉਸ ਦੀ ਕੋਈ ਅਟੱਪ ਮਜਬੂਰੀ
ਨਾ ਬਣ ਜਾਏ।
4. ਪੰਜਾਬੀ ਸਰਕਾਰ ਅਤੇ ਇਸ ਦੇ ਮਹਿਕਮਿਆਂ ਵਿੱਚ ਬੈਠੀ ਅਫਸਰ ਸ਼ਾਹੀ ਲਈ ਉਸਾਰੂ ਕੰਮ
ਨਹੀਂ ਸਗੋਂ ਵਾਧੂ ਦੰਮ ਕਮਾਉਣੇ ਜਾਂ ਆਪਣਾ ਚੰਮ ਬਚਾਊ ਪਿਆਰੇ ਹਨ।
ਖੈਰ ਇਹ ਤਾਹਨੇ ਮਿਹਣੇ ਮਾਰਨ ਦਾ ਕੋਈ ਲਾਭ ਨਹੀਂ ਜੇ ਹੋਣ ਲੱਗਾ। ਇਸ ਵੇਲ਼ੇ ਲਾ
ਪਾ ਕੇ ਜੇ ਕੋਈ ਆਸ ਹੈ ਤਾਂ ਉਹ ਪੰਜਾਬੀ ਦੇ ਬੁੱਧੀ ਜੀਵੀਆਂ ਉੱਤੇ ਹੀ ਬਣਦੀ ਹੈ। ਸੋ
ਉਨ੍ਹਾਂ ਅੱਗੇ ਇਹ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਪੰਜਾਬੀ ਫੌਂਟਾਂ ਦੇ ਇੱਕ ਤਰਕ
ਪੂਰਨ ਕੀਅ-ਬੋਰਡ ਲੇਅ-ਆਊਟ ਉੱਤੇ ਆਪਣੇ ਵਿਚਾਰ ਖੁੱਲ੍ਹ ਕੇ ਪਰਗਟ ਕਰਨ ਅਤੇ ਆਪੋ
ਆਪਣਾ ਪਰਭਾਵ ਵਰਤ ਕੇ ਇਸ ਨੂੰ ਕਿਸੇ ਵਿਸ਼ੇਸ਼ ਨਿਰਨੇ ਤੇ ਪਹੁੰਚਾਉਣ ਵਿੱਚ ਸਹਾਈ ਹੋਣ।
ਕਿਸੇ ਵੀ ਕੀਅ-ਬੋਰਡ ਲੇਅ-ਆਊਟ ਉੱਤੇ ਸੋਚ ਵਿਚਾਰ ਕਰਨ ਤੋਂ ਪਹਿਲੋਂ ਅੱਗੇ ਲਿਖੇ
ਗਏ ਮੁੱਦਿਆਂ ਨੂੰ ਧਿਆਨ ਵਿੱਚ ਰੱਖਣਾ ਲਾਹੇਵੰਦ ਰਹੇਗਾ।
1. ਪੰਜਾਬੀ ਦੀ ਵਰਤੋਂ ਕੇਵਲ ਪੰਜਾਬ ਵਿੱਚ ਹੀ ਨਹੀਂ ਸਗੋਂ ਸਾਰੇ ਹੀ ਸੰਸਾਰ
ਵਿੱਚ, ਜਿੱਥੇ ਕਿਤੇ ਵੀ ਕੋਈ ਪੰਜਾਬੀ ਬੈਠਾ ਹੈ, ਕੀਤੀ ਜਾਂਦੀ ਹੈ।
2. ਪੰਜਾਬੀ ਕੰਪਿਊਟਰ ਦੀ ਵਰਤੋਂ ਪੰਜਾਬ ਨਾਲ਼ੋਂ ਵੱਧ ਬਿਦੇਸ਼ੀ ਪੰਜਾਬ ਵਿੱਚ ਕੀਤੀ
ਜਾਂਦੀ ਹੈ।
3. ਪੰਜਾਬੀ ਕੰਪਿਊਟਰ ਪਰਬੰਧ ਦਾ ਸਬੰਧ ਅੰਗਰੇਜ਼ੀ ਕੰਪਿਊਟਰ ਪਰਬੰਧ ਨਾਲ਼ ਅਟੁੱਟ
ਹੈ। ਭਾਸ਼ਾਵਾਂ ਦੋ ਜਾਂ ਦੋ ਹਜਾਰ ਹੋ ਸਕਦੀਆਂ ਹਨ ਪਰ ਕੰਪਿਊਟਰ ਪਰਬੰਧ ਇੱਕ ਹੀ
ਰਹੇਗਾ। ਇਸ ਵੇਲ਼ੇ ਸੰਸਾਰ ਵਿੱਚ ਦੋ ਪਰਕਾਰ ਦੇ ਕੰਪਿਊਟਰ ਪਰਬੰਧ ਹਨ;
ੳ) ਆਈ. ਬੀ. ਐੱਮ., ਅਤੇ
ਅ) ਮੈਕਨੀਤੋਸ਼
ਇਨ੍ਹਾਂ ਦੋਹਾਂ ਨੇ ਹੀ ਸੰਸਾਰ ਨੂੰ ਬੇਮਤਲਬਾ ਵਕਤ ਪਾਇਆ ਹੋਇਆ ਹੈ। ਇਸ ਵਿੱਚ ਵੀ
ਆਮ ਵਰਤਣ ਵਾਲ਼ਾ ਆਈ. ਬੀ. ਐੱਮ. ਹੁਣ ਮੁਖੀ ਹੋ ਰਿਹਾ ਹੈ।
ਸੋ ਨਵੇਂ ਕੀਅ-ਬੋਰਡ ਲੇਅ-ਆਊਟ ਉੱਤੇ ਸੋਚ ਵਿਚਾਰ ਕਰਨ ਵੇਲ਼ੇ ਇਹ ਮੁੱਦੇ ਜਰੂਰ
ਵਿਚਾਰਨੇ ਹੋਣਗੇ:
1. ਜਿੱਥੇ ਵੀ ਪੰਜਾਬੀ ਅਤੇ ਅੰਗਰੇਜ਼ੀ ਕੀਅ ਦਾ ਸੁਮੇਲ ਹੋ ਰਿਹਾ ਹੋਵੇ ਉਸਦਾ ਲਾਭ
ਉਠਾਇਆ ਜਾਵੇ। ਜਿਵੇਂ 'ਕੇ' ਅਤੇ 'ਕੱਕਾ', 'ਪੀ' ਅਤੇ 'ਪੱਪਾ', 'ਜੇ' ਅਤੇ 'ਜੱਜਾ'
ਆਦਿ।
2. ਅੰਗਰੇਜ਼ੀ ਦੀਆਂ ਕੀਆਂ ਦਾ ਵਿਰੋਧ ਬਿਲਕੁੱਲ ਨਾ ਸਹੇੜਿਆ ਜਾਵੇ। ਜਿਹੜਾ ਕਿ
ਅੱਜ ਦੀਆਂ ਕਈ ਫੌਂਟਾਂ ਨੇ ਸਹੇੜਿਆ ਹੋਇਆ ਹੈ। ਜਿਵੇਂ ਕੋਟ ਕੌਮਿਆਂ ਉੱਤੇ ਪੰਜਾਬੀ
ਅੱਖਰੀ ਕੀਆਂ ਪਾ ਕੇ। ਇਹ ਕੰਮ ਹਵਾ ਹੀ ਨਹੀਂ ਸਗੋਂ ਹਨੇਰੀ ਦੇ ਉਲਟੇ ਰੁਖ ਸਾਈਕਲ
ਚਲਾਉਣ ਦੇ ਤੁੱਲ ਹੈ। ਉੱਥੋਂ ਸਹਾਇਕ ਰੁਖ ਦਿਸ਼ਾ ਬਦਲਿਆਂ ਸਵਾਰ ਦੀ ਦਸਾ ਵਿੱਚ ਜਮੀਨ
ਅਸਮਾਨ ਦਾ ਫਰਕ ਪੈ ਜਾਂਦਾ ਹੈ। ਉਹੋ ਹੀ ਪਰਬੰਧ ਤੁਹਾਡੇ ਪੈਰ-ਪੈਰ ਤੇ ਔਕੜਾਂ
ਖੜ੍ਹੀਆਂ ਕਰਨ ਦੀ ਥਾਂ ਤੇ ਤੁਹਾਡਾ ਤੱਤਪਰ ਸੇਵਾਦਾਰ ਬਣ ਖਲੋਂਦਾ ਹੈ।
3. ਪੰਜਾਬੀ ਵਿੱਚ ਕੰਪਿਊਟਰੀ ਸ਼ਬਦ ਜੋੜ ਕੋਸ਼ ਦੀ ਸਖਤ ਲੋੜ ਹੈ। ਇਹ ਇੱਕ ਐਸਾ
ਵਰਦਾਨ ਹੈ ਜਿਸ ਤੋਂ ਪੰਜਾਬੀ ਕੰਪਿਊਟਰ ਅੜੀਅਲ ਖੋਤੀ ਵਾਂਗ ਬੇਮੁੱਖ ਹੋਇਆ ਖੜੋਤਾ
ਹੈ। ਇਸ ਕੰਮ ਲਈ ਪੰਜਾਬੀ ਦੇ ਸਾਰੇ ਅੱਖਰ 26 + 26 ਕੀਆਂ ਉੱਤੇ ਹੀ ਰੱਖਣੇ ਹੋਣਗੇ।
ਜੋ ਸੰਭਵ ਹਨ।
4. ਪੰਜਾਬੀ ਪੰਕਚੂਏਸ਼ਨ ਅਤੇ ਅੰਗਰੇਜੀ ਪੰਕਚੂਏਸ਼ਨ ਵਿੱਚ ਰਤੀ ਭਰ ਵੀ ਫਰਕ ਨਹੀਂ
ਹੈ। ਫਿਰ ਕਿਉਂ ਨਾ ਉਸ ਨੂੰ ਉਸੇ ਤਰ੍ਹਾਂ ਰੱਖਿਆ ਜਾਏ? ਇਹ ਕੀ ਸਿਆਣਪ ਹੋਈ ਕਿ
ਪੰਕਚੂਏਸ਼ਨ ਦੀਆਂ ਕੀਆਂ ਨੂੰ ਅੱਖਰਾਂ ਲਈ ਵਰਤ ਲਵੋ ਅਤੇ ਅੱਖਰਾਂ ਦੀਆਂ ਕੀਆਂ
ਪੰਕਚੂਏਸ਼ਨ ਲਈ। ਇਸ ਦੀ ਦਲੀਲ ਪੰਜਾਬੀ ਟਾਈਪ-ਰਾਈਟਰ ਦੀ ਸਿੱਖਿਆ ਵਜੋਂ ਦਿੱਤੀ ਜਾਂਦੀ
ਹੈ। ਸਹੀ ਗੱਲ ਤਾਂ ਇਹ ਹੈ ਕਿ ਜਦੋਂ ਗੱਡੇ ਦੀ ਸਵਾਰੀ ਕਰਨੀ ਹੋਵੇ ਤਾਂ ਉਸਦਾ ਢੰਗ
ਤਰੀਕਾ ਸਿੱਖਣਾ ਅਤੇ ਅਪਨਾਉਣਾ ਪਵੇਗਾ ਪਰ ਜਦੋਂ ਹਵਾਈ ਜਹਾਜ ਦਾ ਸਫਰ ਕਰਨਾ ਹੋਵੇ
ਤਾਂ ਉਸਦਾ। ਕੋਈ ਪੰਜਾਬੀ ਪਾਇਲਟ ਜਹਾਜ ਚਲਾਉਣ ਲੱਗਿਆਂ ਆਪਣੇ ਹੱਥ ਵਿੱਚ ਬੈਲਾਂ ਨੂੰ
ਹੱਕਣ ਵਾਲ਼ੀ ਪਰਾਣੀ ਲੈ ਕੇ ਨਹੀਂ ਚੜ੍ਹਦਾ। ਟਾਈਪ ਰਾਈਟਰ ਤੋਂ ਕੰਪਿਊਟਰ ਉੱਤੇ ਬਦਲੀ
ਕਰਦਿਆਂ ਕਿਤਨਾ ਕੁ ਸਮਾਂ ਲੱਗਦਾ ਹੈ? ਕੁੱਝ ਦਿਨ ਜਾਂ ਵੱਧ ਤੋਂ ਵੱਧ ਇੱਕ ਮਹੀਨਾ?
ਇਸ ਮਾਮੂਲੀ ਖੇਚਲ਼ ਲਈ ਸਾਰੀ ਪੰਜਾਬੀਅਤ ਨੂੰ ਸੂਲ਼ੀ ਤੇ ਟੰਗੀ ਰੱਖਣਾ ਕਦੀ ਵੀ ਸਿਆਣਪ
ਦੀ ਗੱਲ ਨਹੀਂ ਹੋ ਸਕਦੀ।
5 . ਵੱਧ ਵਰਤੋਂ ਵਿੱਚ ਆਉਣ ਵਾਲ਼ੇ ਅੱਖਰ
ਪਹਿਲੀਆਂ ਕੀਆਂ ਤੇ ਰੱਖੇ ਜਾਣ ਅਤੇ ਘੱਟ ਵਰਤੋਂ ਵਾਲ਼ੇ ਥੋੜੇ ਦੂਰ ਹੋ ਸਕਦੇ ਹਨ।
ਨਿਗੂਣੀ ਵਰਤੋਂ ਵਾਲ਼ੇ ਹੋਰ ਵੀ ਦੂਰ ਰੱਖੇ ਜਾ ਸਕਦੇ ਹਨ। ਬਾਕੀ ਦੇ ਸਿੰਬਲ ਚਾਰਟ
ਵਿੱਚ ਪਾਏ ਜਾ ਸਕਦੇ ਹਨ।
ਉਪਰੋਕਤ ਸਾਰੇ ਨੁਕਤਿਆਂ ਦਾ ਧਿਆਨ ਰੱਖਦਿਆਂ ਧਨੀ ਰਾਮ ਚਾਤਰਿਕ, ਜੋ ਛਾਪੇ ਲਈ
ਤਿਆਰ ਕਰਨ ਵਾਲ਼ੇ ਪੰਜਾਬੀ ਦੇ ਅੱਖਰਾਂ ਦਾ ਨਿਰਮਾਤਾ ਅਤੇ ਪੰਜਾਬੀ ਦਾ ਸਿਰਮੌਰ ਕਵੀ
ਹੈ, ਦੇ ਨਾਂ ਉੱਤੇ ਬਣਾਈ ਗਈ ਫੌਂਟ ਡੀ-ਆਰ-ਚਾਤ੍ਰਿਕ-ਵੈੱਬ ਫੌਂਟ ਦਾ ਕੀਅ-ਬੋਰਡ
ਲੇਅ-ਆਊਟ ਸੈੱਟ ਕੀਤਾ ਗਿਆ ਹੈ। ਪੂਰੀ ਛਾਣਬੀਣ ਅਤੇ ਲੋੜੀਂਦੇ ਸੁਧਾਰਾਂ ਪਿੱਛੋਂ ਇਸ
ਦਾ ਨਾਂ ਮਿਆਰੀ ਪੰਜਾਬੀ ਕੀਅ-ਬੋਰਡ ਲੇਅ-ਆਊਟ ਵੀ ਰੱਖਿਆ ਜਾ ਸਕਦਾ ਹੈ। (ਨੋਟ: ਇਸ
ਲੇਖ ਦਾ ਮੰਤਵ ਧਨੀ ਰਾਮ ਚਾਤ੍ਰਿਕ ਫੌਂਟ ਦੀ ਮਸ਼ਹੂਰੀ ਕਰਨਾ ਬਿਲਕੁੱਲ ਨਹੀਂ ਹੈ।
ਸਗੋਂ ਇਸ ਨੂੰ ਇੱਕ ਮਾਡਲ ਵਜੋਂ ਪੇਸ਼ ਕੀਤਾ ਗਿਆ ਹੈ।)
ਧਨੀ ਰਾਮ ਚਾਤ੍ਰਿਕ ਫੌਂਟ ਇਸ ਵੇਲ਼ੇ ਟਰਾਂਟੋ ਦੇ ਦੋ ਅਖਬਾਰਾਂ 'ਅਜੀਤ ਵੀਕਲੀ' ਤੇ
'ਪੰਜ ਪਾਣੀ' ਅਤੇ ਤਿੰਨ ਵੈੱਬ ਸਾਈਟਾਂ, 'ਅਜੀਤਵੀਕਲੀ ਡਾਟ ਕਾਮ', 'ਗਲੋਬਲਪੰਜਾਬ
ਡਾਟ ਕਾਮ' ਅਤੇ 'ਲਿਖਾਰੀ ਡਾਟ ਔਰਗ' ਵਿੱਚ ਪੂਰੀ ਸਫਲਤਾ ਨਾਲ਼ ਚੱਲ ਰਹੀ ਹੈ। ਭਾਵ ਇਸ
ਨੇ ਆਪਣਾ 'ਕਰਮ-ਭੂਮੀ-ਖੇਤਰੀ' ਇਮਤਿਹਾਨ ਵੀ ਪਾਸ ਕਰ ਲਿਆ ਹੈ।
ਇਹ ਅਟੱਲ ਵਰਤਾਰਾ ਹੈ ਕਿ ਪੰਜਾਬੀ ਕੀਅ-ਬੋਰਡ ਲੇਅ-ਆਊਟ ਨੇ ਇੱਕ ਨਾ ਇੱਕ ਦਿਨ
ਇੱਕ ਹੋਣਾ ਹੀ ਹੋਣਾ ਹੈ। ਫਿਰ ਪੰਜਾਬੀ ਪਿਆਰਿਓ ਕਿਉਂ ਐਵੇਂ ਇਸ ਕੀਅ-ਬੋਰਡ ਦੀਆਂ
ਕੀਆਂ ਦੇ ਵਖਰੇਵੇਂ ਦੇ ਨਰਕ ਨੂੰ ਭੋਗੀਏ ਅਤੇ ਲਮਕਾਈਏ?
ਅੰਤ ਵਿੱਚ ਪੰਜਾਬੀ ਨਾਲ਼ ਹਰ ਮੋਹ ਰੱਖਣ ਵਾਲ਼ੇ, ਜਿਸ ਵਿੱਚ ਸ਼ਾਮਲ ਹਨ ਬੁੱਧੀ
ਜੀਵੀ, ਕੰਪਿਊਟਰ ਨੂੰ ਵਰਤਣ ਵਾਲ਼ੇ, ਪੰਜਾਬੀ ਨੂੰ ਬਧਦਾ-ਫੁਲਦਾ ਦੇਖਣ ਦੇ ਚਾਹਵਾਨ,
ਨੂੰ ਇਹ ਅਪੀਲ ਕੀਤੀ ਜਾਂਦੀ ਹੈ ਕਿ ਇਸ ਮੁੱਦੇ ਨੂੰ ਜੰਗੀ ਪੱਧਰ ਉੱਤੇ ਉਠਾਇਆ ਜਾਵੇ
ਅਤੇ ਆਪਣੀ ਸਮਰੱਥਾ ਅਨੁਸਾਰ ਇਸ ਵਿੱਚ ਵਿਚਾਰਧਾਰਕ ਯੋਗਦਾਨ ਪਾ ਕੇ ਇਸ ਨੂੰ ਅੰਤਮ ਤੇ
ਵਿਜਈ ਨਿਰਨੇ ਉੱਤੇ ਪੁਚਾਇਆ ਜਾਵੇ। ਇਹ ਮਹਾਨ ਕਾਰਜ ਤੁਸੀਂ ਆਪਣੇ ਵਿਚਾਰ ਪੁਰਜੋਰ
ਢੰਗ ਨਾਲ਼ ਅਖਬਾਰਾਂ, ਰੇਡੀਓ, ਟੀ. ਵੀ. ਅਤੇ ਭਾਸ਼ਨਾਂ ਰਾਹੀਂ ਪੇਸ਼ ਕਰਕੇ ਨਜਿੱਠਿ
ਸਕਦੇ ਹੋ।
ਮਾਈਕਰੋਸੌਫਟ ਅਤੇ ਭਾਰਤ ਸਰਕਾਰ ਵਲੋਂ ਪੇਸ਼ ਹੱਲ
(UNICODE) |
|
|
|
|
INSCRIPT (Microsoft) |
|
|
|
INSCRIPT (Microsoft) |
|
|
|
INSCRIPT (Microsoft) |
|