ਉੱਤਰੀ
ਭਾਰਤ ਦਾ ਪ੍ਰਸਿੱਧ ਤੀਰਥ ਅਸਥਾਨ ਰਾਮ ਤੀਰਥ
- ਮੁਖਤਾਰ ਗਿੱਲ
ਅੰਮ੍ਰਿਤਸਰ ਤੋਂ ਦਸ ਕਿਲੋਮੀਟਰ ਦੂਰ ਹਿੰਦ-ਪਾਕਿ ਸਰਹੱਦ ਨੇੜੇ ਉੱਤਰੀ ਭਾਰਤ ਦਾ
ਉੱਘਾ ਤੀਰਥ ਅਸਥਾਨ ਸ੍ਰੀ ਰਾਮ ਤੀਰਥ ਸਥਿਤ ਹੈ। ਇਹ ਧਰਤੀ ਮਹਾਂਰਿਸ਼ੀ ਬਾਲਮੀਕ ਜੀ ਦੀ
ਤਪ ਭੂਮੀ ਹੈ। ਤਮਸਾ ਨਦੀ (ਜੋ ਰਾਵੀ ਨਦੀ ਦੀ ਸ਼ਾਖੋਸੀ) ਦੇ ਕੰਢੇ ਮਹਾਂਰਿਸ਼ੀ ਬਾਲਮੀਕ
ਜੀ ਦਾ ਆਸ਼ਰਮ ਸੀ ਜਿਥੇ ਉਨ੍ਹਾਂ ਅਮਰ ਗ੍ਰੰਥ ਆਦਿ ਰਾਮਾਇਣ ਦੀ ਰਚਨਾ ਕੀਤੀ। ਰਾਮ
ਤੀਰਥ ਦੀ ਪਾਵਨ ਧਰਤੀ (ਸ੍ਰੀ ਰਾਮ ਤੀਰਥ ਜਿਸ ਨੂੰ ਭਗਵਾਨ ਬਾਲਮੀਕ ਤੀਰਥ ਵੀ ਕਿਹਾ
ਜਾਂਦਾ ਹੈ) 'ਤੇ ਰਚੀ ਗਈ ਆਦਿ ਰਮਾਇਣ ਪਹਿਲੀ ਰਾਮ ਕਥਾ ਹੈ, ਜਿਸ ਵਿੱਚ ਰਾਮ ਨਾਂ ਦੇ
ਪਾਤਰ ਨੂੰ ਵੱਖ-ਵੱਖ ਸੰਘਰਸ਼ਾਂ ਵਿੱਚੋਂ ਦੀ ਲੰਘਦਾ ਵਿਖਾਇਆ ਗਿਆ ਹੈ ਜੋ 'ਭਗਵਾਨ
ਰਾਮ' ਬਣ ਜਾਂਦਾ ਹੈ। ਸ੍ਰੀ ਰਾਮ ਤੀਰਥ ਨੂੰ ਭਗਵਾਨ ਸ੍ਰੀ ਰਾਮ, ਮਾਤਾ ਸੀਤਾ, ਲਕਸ਼ਮਣ
ਜੀ, ਹਨੂੰਮਾਨ ਜੀ, ਲਵ ਕੁਸ਼ ਦੀ ਚਰਨ ਛੂਹ ਅਤੇ ਮਹਾਂਰਿਸ਼ੀ ਬਾਲਮੀਕ ਜੀ ਦਾ ਅਸ਼ੀਰਵਾਦ
ਪ੍ਰਾਪਤ ਹੈ।
ਇਥੇ
ਹਰ ਸਾਲ ਕੱਤਕ ਦੀ ਪੂਰਨਮਾਸ਼ੀ ਨੂੰ ਭਾਰੀ ਮੇਲਾ ਲੱਗਦਾ ਹੈ ਜਿਸ ਵਿੱਚ ਦੇਸ਼ ਵਿਦੇਸ਼
ਤੋਂ ਹਰ ਧਰਮ, ਹਰ ਫਿਰਕੇ ਦੇ ਲੱਖਾਂ ਰਾਮ ਭਗਤ ਪੂਜਾ ਅਰਚਨਾ ਲਈ ਪਹੁੰਚਦੇ ਹਨ। ਇਹ
ਮੇਲਾ 7 ਦਿਨ ਚੱਲਦਾ ਹੈ। ਪੂਰਨਮਾਸ਼ੀ ਦੀ ਰਾਤ ਨੂੰ ਮੇਲਾ ਜੋਬਨ 'ਤੇ ਹੁੰਦਾ ਹੈ।
ਸਾਰੀ ਰਾਤ ਕਥਾ ਕੀਰਤਨ ਦਾ ਪ੍ਰਵਾਹ ਚੱਲਦਾ ਹੈ।
ਇਕ ਪੁਰਾਤਨ ਕਥਾ ਅਨੁਸਾਰ ਇਕ ਧੋਬੀ-ਧੋਬਣ ਲੜ ਪਏ ਤਾਂ ਧੋਬੀ ਨੇ ਧੋਬਣ ਨੂੰ ਧਮਕੀ
ਦਿੱਤੀ ''ਉਹ ਰਾਮ ਨਹੀਂ ਜਿਹੜਾ ਰਾਵਣ ਦੀ ਕੈਦ 'ਚ ਰਹਿ ਆਈ ਸੀਤਾ ਨੂੰ ਮੁੜ ਸਵੀਕਾਰ
ਕਰ ਲਵੇਗਾ, ਜੇ ਤੂੰ ਇਕ ਵਾਰ ਚਲੀ ਗਈ ਤਾਂ ਮੈਂ ਨਹੀਂ ਤੈਨੂੰ ਰੱਖਣ ਵਾਲਾ।'' ਧੋਬੀ
ਦੇ ਮਿਹਣੇ ਬਾਰੇ ਜਦੋਂ ਸ੍ਰੀ ਰਾਮ ਨੂੰ ਪਤਾ ਲੱਗਾ ਤਾਂ ਉਸ ਨੇ ਮਾਤਾ ਸੀਤਾ ਨੂੰ
ਬਨਵਾਸ ਦੇ ਦਿੱਤਾ। ਸੀਤਾ ਜੀ ਨੇ ਉਸ ਵੇਲੇ ਰਾਵੀ ਨਦੀ ਕੰਢੇ ਮਹਾਂਰਿਸ਼ੀ ਬਾਲਮੀਕ ਜੀ
ਆਸ਼ਰਮ 'ਚ ਸ਼ਰਨ ਲੈ ਲਈ। ਸੀਤਾ ਜੀ ਜੰਗਲ ਵਿੱਚ ਬਣੇ ਆਸ਼ਰਮ ਦੀ ਇਕ ਕੁਟੀਆ ਵਿੱਚ ਆਪਣੇ
ਪੁੱਤਰ ਲਵ ਨਾਲ ਰਹਿਣ ਲੱਗ ਪਏ। ਇਕ ਦਿਨ ਜਦੋਂ ਮਹਾਂ ਰਿਸ਼ੀ ਬਾਲਮੀਕ ਜੀ ਨੂੰ ਸੀਤਾ
ਜੀ ਆਪਣੇ ਪੁੱਤਰ ਲਵ ਦਾ ਖਿਆਲ ਰੱਖਣ ਲਈ ਆਖ, ਆਪ ਨਦੀ 'ਤੇ ਕੱਪੜੇ ਧੋਣ ਅਤੇ ਇਸ਼ਨਾਨ
ਲਈ ਗਏ ਤਾਂ ਉਨ੍ਹਾਂ ਸੋਚਿਆ ਕਿ ਜੇ ਮਹਾਂਰਿਸ਼ੀ ਪਿੱਛੋਂ ਸਮਾਧੀ 'ਚ ਚਲੇ ਗਏ ਤਾਂ ਲਵ
ਨੂੰ ਕਿਧਰੇ ਕੋਈ ਜੰਗਲੀ ਜਾਨਵਰ ਉਠਾ ਕੇ ਨਾ ਲੈ ਜਾਵੇ-ਸੀਤਾ ਜੀ ਗਏ ਅਤੇ ਲਵ ਨੂੰ
ਚੁੱਕ ਲਿਆ। ਮਹਾਂਰਿਸ਼ੀ ਦੀ ਸਮਾਧੀ ਲੱਗ ਚੁੱਕੀ ਸੀ। ਜਦੋਂ ਉਨ੍ਹਾਂ ਦੀ ਸਮਾਧੀ
ਖੁੱਲ੍ਹੀ ਤਾਂ ਲਵ ਨੂੰ ਨਾ ਦੇਖ ਕੇ ਸੀਤਾ ਦੇ ਕਰੋਧ ਤੋਂ ਡਰਦਿਆਂ ਬਾਲਮੀਕ ਜੀ ਨੇ
ਕੱਖ ਕਾਨ ਇਕੱਠਾ ਕੀਤਾ ਅਤੇ ਭਗਤੀ ਦੀ ਸ਼ਕਤੀ ਨਾਲ ਉਸ ਵਿੱਚ ਜਾਨ ਪਾ ਦਿੱਤੀ। ਸੀਤਾ
ਜੀ ਨੇ ਲਵ ਵਰਗਾ ਇਕ ਬਾਲਕ ਵੇਖ ਮਹਾਂਰਿਸ਼ੀ ਨੂੰ ਪੁੱਛਿਆ, ਇਹ ਕਿਸ ਦਾ ਬਾਲਕ ਹੈ ਤਾਂ
ਮਹਾਂਰਿਸ਼ੀ ਨੇ ਕਿਹਾ, ''ਇਹ ਬਾਲਕ ਵੀ ਤੇਰਾ ਹੀ ਹੈ।''
ਮਹਾਂਰਿਸ਼ੀ
ਬਾਲਮੀਕ ਜੀ ਨੇ ਦੋਹਾਂ ਬਾਲਾਂ ਨੂੰ ਸ਼ਾਸਤਰ ਵਿਦਿਆ ਦੇ ਕੇ ਨਿਪੁੰਨ ਅਤੇ ਨਿੱਡਰ ਯੋਧੇ
ਬਣਾ ਦਿੱਤਾ। ਜਦੋਂ ਸ੍ਰੀ ਰਾਮ ਨੇ ਅਸਮੇਧ ਯੱਗ ਲਈ ਆਪਣਾ ਘੋੜਾ ਛੱਡਿਆ ਤਾਂ ਬਹਾਦਰ
ਬਾਲਕਾਂ ਨੇ ਘੋੜਾ ਫੜ ਕੇ ਜੰਗ ਦੀ ਚੁਣੌਤੀ ਸਵੀਕਾਰ ਕੀਤੀ। ਰਾਮ ਦੀ ਫੌਜ ਦੀ ਅਗਵਾਈ
ਲਕਸ਼ਮਣ ਅਤੇ ਮਹਾਂਵੀਰ ਹਨੂੰਮਾਨ ਕਰ ਰਹੇ ਸਨ। ਦੋਹਾਂ ਬਾਲਕਾਂ ਨੇ ਬੜੀ ਬਹਾਦਰੀ ਨਾਲ
ਰਾਮ ਸੈਨਾ ਦਾ ਮੁਕਾਬਲਾ ਕੀਤਾ। ਸੂਰਬੀਰ ਬਾਲਕਾਂ ਲਕਸ਼ਮਣ, ਹਨੂੰਮਾਨ ਸਮੇਤ ਸੈਨਾ ਨੂੰ
ਮੂਰਛਤ ਕਰ ਦਿੱਤਾ। ਸ੍ਰੀ ਰਾਮ ਨੇ ਸੀਤਾ ਜੀ ਨੂੰ ਪੁੱਛਿਆ, ਇਹ ਬਹਾਦਰ ਬਾਲਕ ਕੌਣ
ਹਨ? ਤਾਂ ਸੀਤਾ ਜੀ ਨੇ ਕਿਹਾ, 'ਇਹ ਸੂਰਬੀਰ ਯੋਧੇ ਰਾਮ ਪੁੱਤਰ ਹਨ।
ਬਾਲਮੀਕ ਜੀ ਨੇ ਧਰਤੀ ਦੀ ਕੁੱਖ ਵਿੱਚੋਂ ਅੰਮ੍ਰਿਤ ਦਾ ਕੁੰਡ ਕੱਢ ਕੇ ਮੂਰਛਤ
ਲਕਸ਼ਮਣ, ਹਨੂੰਮਾਨ ਜੀ ਅਤੇ ਸੈਨਾ 'ਤੇ ਛਿੜਕ ਕੇ ਜੀਵਤ ਕਰ ਦਿੱਤਾ। ਹਨੂੰਮਾਨ ਨੇ ਇਥੇ
ਢਾਈ ਟੱਪ ਲਾ ਕੇ ਤਲਾਬ ਪੁੱਟ ਦਿੱਤਾ। ਇਥੇ ਸੀਤਾ ਮਾਤਾ, ਰਾਮ, ਲਕਸ਼ਮਣ, ਬਜਰੰਗ ਬਲੀ
ਹਨੂੰਮਾਨ ਜੀ, ਲਵ-ਕੁਸ਼ ਦੇ ਪ੍ਰਾਚੀਨ ਮੰਦਰਾਂ ਤੋਂ ਇਲਾਵਾ ਬਾਬਾ ਭੋੜੇ ਵਾਲਾ, ਮੰਦਰ
ਸ੍ਰੀ ਸੱਤਿਆ ਨਰਾਇਣ, ਮਾਤਾ ਲਾਲ ਦੇਵੀ ਟਰਸਟ ਵੱਲੋਂ ਬਣਾਇਆ ਮੰਦਰ ਹੈ। ਮਾਤਾ ਸੀਤਾ
ਇਥੇ ਸਮਾ ਗਏ ਸਨ। ਲਵ ਦੇ ਨਾਂ 'ਤੇ ਇਥੋਂ ਨੇੜੇ ਸ਼ਹਿਰ ਲਾਹੌਰ ਅਤੇ ਕੁਸ਼ ਦੇ ਨਾਂ 'ਤੇ
ਸ਼ਹਿਰ ਕਸੂਰ ਵਸਾਇਆ ਗਿਆ ਜਿਹੜੇ ਅੱਜ ਕੱਲ੍ਹ ਪਾਕਿਸਤਾਨ ਵਿੱਚ ਹਨ। ਵਿਸ਼ਾਲ ਸਰੋਵਰ ਦੇ
ਦੁਆਲੇ ਲਾਲ ਪੱਥਰ ਦੀ ਪਰਿਕਰਮਾ ਹੈ। ਸ੍ਰੀ ਰਾਮ ਤੀਰਥ ਸਰਕਾਰ ਦੀ ਅਣਦੇਖੀ ਦਾ ਸ਼ਿਕਾਰ
ਹੈ ਜਿਸ ਕਰਕੇ ਵਿਕਾਸ ਨਹੀਂ ਹੋ ਰਿਹਾ। ਪਰਿਕਰਮਾ ਟੁੱਟੀ ਹੈ। ਪਵਿੱਤਰ ਸਰੋਵਰ ਦੇ ਜਲ
ਦੀ ਸਫਾਈ ਜ਼ਰੂਰੀ ਹੈ ਅਤੇ ਰੌਸ਼ਨੀ ਦੇ ਪ੍ਰਬੰਧ ਦੀ ਸਖਤ ਜ਼ਰੂਰਤ ਹੈ।
|