niagara-p1_130.jpg (3733 bytes)ਨਿਆਗਰਾ ਫਾਲਜ਼ ਨਾਲ ਗੁਜ਼ਾਰੇ ਕੁਝ ਪਲ
- ਪ੍ਰੇਮ ਸਿੰਘ
 

ਕੈਨੇਡਾ ਦਾ ਨਾਂ ਚੇਤੇ ਕਰਦੇ ਹੀ ਨਿਆਗਰਾ ਫਾਲਸ ਦਾ ਸੁਪਨਾ ਲੈਣ ਲੱਗ ਪੈਂਦੇ ਹਾਂ। ਅਸੀਂ ਜੇਕਰ ਤੁਸੀਂ ਕੈਨੇਡਾ ਦੇ ਵਿਚ ਹੋ ਤਾਂ ਮਨ ਕਰਦਾ ਹੈ ਇਸ ਸੁਪਨੇ ਨੂੰ ਸਾਕਾਰ ਕਰਨ ਲਈ। ਜਿਸ ਤਰ੍ਹਾਂ ਹੀ ਮੈਂ ਆਪਣੀ ਪਤਨੀ ਨਾਲ ਉਨਟੇਰੀਓ ਪਹੁੰਚਿਆ ਤਾਂ ਆ ਗਏ ਮਿੱਤਰਾਂ ਦੇ ਸੁਨੇਹੇ। 11 ਸਤੰਬਰ ਨੂੰ ਅਤਿਵਾਦੀਆਂ ਵਲੋਂ ਨਸ਼ਟ ਕੀਤੀਆਂ ਵਰਲਡ ਟਰੇਡ ਸੈਂਟਰ ਦੀਆਂ ਦੋ ਇਮਾਰਤਾਂ ਨੇ ਦੁਨੀਆਂ ਦੇ ਹਰ ਕੋਨੇ ਵਿਚ ਖਲਬਲੀ ਮਚਾ ਦਿੱਤੀ। ਕੈਨੇਡਾ ਤਾਂ ਫਿਰ ਨਿਊਯਾਰਕ ਦੇ ਨਾਲ ਲਗਦਾ ਹੈ। ਬਸ ਇਕ ਲੜਾਈ ਛਿੜ ਗਈ। ਮਿੱਤਰਾਂ ਦੇ ਟੈਲੀਫੋਨ ਆਏ ''ਬਾਈ ਨਿਊਯਾਰਕ ਜਾਣ ਦਾ ਇਰਾਦਾ ਛੱਡ ਦੇ। ਉਥੇ ਸਿੱਖਾਂ ਨੂੰ ਖਤਰਾ ਹੈ"। ਕੁਝ ਹੋਈਆਂ ਵਾਰਦਾਤਾਂ ਨੇ ਡਰ ਹੋਰ ਵੀ ਵਧਾ ਦਿੱਤਾ ਲੋਕਾਂ 'ਚ। ਖੈਰ, ਇਸ ਨਵੀਂ ਛਿੜੀ ਜੰਗ ਦੇ ਸ਼ੋਰ ਵਿਚ ਕਈ ਦਿਨ ਨਿਕਲ ਗਏ। ਅਸੀਂ ਆਪਣੇ ਆਪ ਨੂੰ ਅਜੇ ਕੈਨੇਡਾ ਦੀ ਖੁੱਲ੍ਹ ਵਿਚ ਲਭ ਰਹੇ ਸਾਂ।

niagara-p2_250.jpg (12329 bytes)ਬਲਦੇਵ ਸਿੰਘ ਖਹਿਰਾ ਮੇਰਾ ਚੰਗਾ ਮਿੱਤਰ ਹੈ। ਮਨ ਦਾ ਹੀਰਾ ਹੈ ਉਹ। ਟੈਲੀਫੋਨ 'ਤੇ ਗੱਲ ਹੋਈ ਤੇ ਉਸ ਨੇ ਆਉਂਦੇ ਸ਼ਨਿਚਰਵਾਰ ਨੂੰ ਖਾਣੇ 'ਤੇ ਘਰ ਆਉਣ ਲਈ ਆਖਿਆ। ਬਲਦੇਵ ਲੁਧਿਆਣੇ ਦੇ ਮਸ਼ਹੂਰ ਗੌਰਮਿੰਟ ਕਾਲਜ (ਲੜਕੀਆਂ) ਵਿਚ ਲਲਿਤ ਕਲਾ ਵਿਭਾਗ ਦੇ ਮੁਖੀ ਉਹਦੇ ਤੋਂ ਸੇਵਾਮੁਕਤ ਹੋ ਕੇ ਕੈਨੇਡਾ ਆ ਗਿਆ ਸੀ - ਕੋਈ ਦੋ ਤਿੰਨ ਸਾਲ ਪਹਿਲਾਂ। ਗੌਰਮਿੰਟ ਆਰਟ ਕਾਲਜ ਚੰਡੀਗੜ, ਜਿਹੜਾ ਪਹਿਲਾ ਸ਼ਿਮਲੇ ਸਥਿਤ ਸੀ, ਉਥੋਂ ਦਾ ਪੁਰਾਣਾ ਵਿਦਿਆਰਥੀ ਹੈ। ਬਰਲਿੰਗਟਨ (ਓਨਟੇਰੀਓ) ਵਿਖੇ ਉਸ ਦਾ ਘਰ ਹੈ। ਪਰਿਵਾਰ ਸਮੇਤ ਉਹ ਆਪਣਾ ਚੰਗਾ ਜੀਵਨ ਗੁਜ਼ਾਰ ਰਿਹਾ ਹੈ। ਸਹੁਰਿਆਂ ਵਲੋਂ ਵੀ ਉਸ ਦਾ ਸਾਰਾ ਪਰਿਵਾਰ ਕੈਨੇਡਾ ਵਿਚ ਹੈ ਤੇ ਆਪਣੀ ਆਪਣੀ ਥਾਂ ਸਾਰੇ ਖੁਸ਼ ਹਨ। ਖਾਣੇ 'ਤੇ ਪਰਿਵਾਰ ਵੀ ਆ ਰਿਹਾ ਸੀ। ਮੇਰੀ ਛੋਟੀ ਭੈਣ ਸਾਨੂੰ ਬਰਲਿੰਗਟਨ ਲੈ ਗਈ। ਬੜਾ ਆਨੰਦ ਆਇਆ ਖਾ ਪੀ ਕੇ ਤੇ ਗੱਲਾਂ ਕਰ ਕੇ। ਇੰਗਲੈਂਡ ਵਿਚ ਵੀ ਮੈਂ ਬੜੇ ਪੰਜਾਬੀਆਂ ਨੂੰ ਮਿਲ ਕੇ ਆਇਆ ਸੀ ਪਰ ਇਥੋਂ ਦੇ ਪੰਜਾਬੀਆਂ ਦੀ ਗੱਲ ਹੀ ਕੁਝ ਹੋਰ ਹੈ। ਵਲਾਇਤ ਦੇ ਜੀਵਨ ਦੀ ਰਫਤਾਰ ਨਾਲੋਂ ਇਹ ਰਫਤਾਰ ਦਾ ਰੰਗ ਕੁਝ ਵੱਖਰਾ ਹੈ। ਆਰਥਿਕ ਤੌਰ 'ਤੇ ਇਥੋਂ ਦੇ ਪੰਜਾਬੀ ਖੁਸ਼ ਹਨ। ਇਸ ਖੁਸ਼ੀ ਦੇ ਇਜ਼ਹਾਰ ਲਈ ਉਨ੍ਹਾਂ ਕੋਲ ਰੇਡੀਓ ਸਟੇਸ਼ਨ ਹੈ, ਅਖਬਾਰ ਹਨ, ਬਾਜ਼ਾਰ ਹਨ ਤੇ ਹੋਰ ਬੜਾ ਕੁਝ।

ਬਲਦੇਵ ਦੇ ਘਰ ਪੰਜਾਬ ਨੱਚਦਾ, ਹੱਸਦਾ ਤੇ ਗਾਉਂਦਾ ਵੇਖਿਆ। ਚਿੱਤਰਕਾਰ ਰਣੀਆ ਵੀ ਮਿਸੀਸਾਗਾ ਤੋਂ ਸਾਡੇ ਨਾਲ ਹੀ ਸੀ। ਅੱਜ-ਕੱਲ੍ਹ ਉਸ ਦੀ ਕਲਾ ਨਾਲੋਂ ਉਸ ਦੀ ਨਾਸ਼ਾਦ ਤਬੀਅਤ ਦਾ ਚਰਚਾ ਵਧੇਰੇ ਹੈ। ਰਾਤ ਦੇ ਕੋਈ ਸਾਢੇ ਗਿਆਰਾਂ ਵੱਜ ਚੁੱਕੇ ਸਨ ਜਦੋਂ ਅਸੀਂ ਪਹੁੰਚੇ।

niagara-p1_250.jpg (14301 bytes)ਅਗਲੇ ਦਿਨ ਐਤਵਾਰ ਹੋਣ ਕਰਕੇ ਆਰਾਮ ਨਾਲ ਉੱਠੇ। ਸੋਚਿਆ ਕਿ ਕਿਉਂ ਨਾ ਅੱਜ ਨਿਆਗਰਾ ਫਾਲਸ ਵੇਖਿਆ ਜਾਵੇ। ਕੋਈ ਸ਼ਾਮ ਦੇ ਤਿੰਨ ਵਜੇ ਅਸੀਂ ਹੋਏ ਨਿਆਗਰਾ ਫਾਲਸ ਵੱਲ ਨੂੰ। ਬੜਾ ਸੁਣਿਆ ਹੋਇਆ ਸੀ ਇਸ ਬਾਰੇ। ਸ਼ਾਮ ਦੇ ਚਾਰ ਵਜੇ ਅਸੀਂ ਆਪਣੀ ਕਾਰ ਪਾਰਕ ਕਰਦੇ ਹੋਏ ਇਸ ਕੁਦਰਤ ਦੇ ਕ੍ਰਿਸ਼ਮੇ ਵੱਲ। ਇਥੇ ਵੱਡੇ ਵੱਡੇ ਹੋਟਲ ਹਨ। ਖੂਬਸੂਰਤ ਪਾਰਕ ਤੇ ਥੋੜ੍ਹ ਜਿਹਾ ਅੱਗੇ ਜਾ ਕੇ ਬਾਜ਼ਾਰ ਹੈ। ਖੈਰ, ਅਸੀਂ ਹੁਣ ਨਿਆਗਰਾ ਫਾਲਸ ਦੇ ਸਾਹਮਣੇ ਖਲੋਤੇ ਸਾਂ। ਥੋੜ੍ਹੀ ਦੇਰ ਲੱਗਿਆ ਕਿ ਸੁਪਨਾ ਹੈ ਜਾਂ ਯਥਾਰਥ। ਪਾਣੀਆਂ ਦੇ ਮੀਤ ਨੇ ਸਾਨੂੰ ਮੰਤਰਮੁਗਧ ਕਰ ਦਿੱਤਾ। ਧੁੱਪ ਨਾਲ ਲਿਸ਼ਕਦੀਆਂ ਇਹ ਪਾਣੀ ਦੀਆਂ ਲਗਰਾਂ ਦਾ ਸੰਗੀਤ ਅਲੌਕਿਕ ਸੀ। ਹਰ ਕੋਈ ਇਸ ਨੂੰ ਆਪਣੀ ਸੁਖਮਤਾ ਤੇ ਸੰਵੇਦਨਸ਼ੀਲਤਾ ਨਾਲ ਮਾਣ ਰਿਹਾ ਸੀ। ਇਸੇ ਪਾਣੀਆਂ ਦੀ ਖੂਬਸੂਰਤੀ ਵਿਚ ਦੋ ਰੰਗੀਆਂ ਪੀਂਘਾਂ ਵੀ ਆਪਣੇ ਰੰਗ ਭਰ ਰਹੀਆਂ ਸਨ। ਨਿਆਗਰਾ ਫਾਲਜ਼ ਅਮਰੀਕਾ ਤੇ ਕੈਨੇਡਾ ਦਾ ਇਕ ਤਰ੍ਹਾਂ ਪੁਲ ਹੈ, ਗਲਵਕੜੀ ਪਾਉਣ ਲਈ।

ਝੀਲ ਈਰੀ ਤੇ ਝੀਲ ਓਨਟੇਰੀਓ ਦੇ ਚਲਦੇ ਪਾਣੀਆਂ ਨਾਲ ਨਿਆਗਰਾ ਦਰਿਆ ਝੱਟ ਹੀ ਇਕ ਦਮ ਉਹ ਇਕ ਬਹੁਤ ਵੱਡੀ ਛਾਲ ਮਾਰਦਾ ਹੈ। ਇਸ ਤੋਂ ਪੈਦਾ ਹੁੰਦੀ ਖੂਬਸੂਰਤੀ ਨੇ ਧਰਤੀ 'ਤੇ ਇਕ ਮਹਾਨ ਅਚੰਭਾ ਰਚ ਦਿੱਤਾ ਹੈ। ਇਨ੍ਹਾਂ ਪਾਣੀਆਂ ਦੀ ਖੂਬਸੂਰਤੀ ਵਿਚ ਬਣਦੇ ਰੰਗਾਂ ਦੇ ਕਾਵਿਕ ਗੀਤ ਨੂੰ ਮਾਨਣ ਲਈ ਸੈਲਾਨੀ ਦੁਨੀਆਂ ਦੇ ਹਰ ਕੋਨੇ ਤੋਂ ਇਥੇ ਆਉਂਦੇ ਹਨ। ਕੋਈ 12 ਮਿਲੀਅਨ ਤੋਂ ਵੀ ਵੱਧ ਇਨ੍ਹਾਂ ਲੋਕਾਂ ਦੀ ਗਿਣਤੀ ਦੱਸੀ ਜਾਂਦੀ ਹੈ। ਇਥੇ ਅਸਲ ਵਿਚ ਦੋ ਫਾਲਜ਼ ਹਨ। ਇਕ ਅਮਰੀਕਨ ਫਾਲਜ਼ ਜੋ ਅਮਰੀਕਾ ਵੱਲ ਲਗਦੇ ਦਰਿਆ 'ਤੇ ਹਨ। ਕੋਈ 100 ਫੁੱਟ ਚੋੜੀ ਤੇ 160 ਫੁੱਟ ਉੱਚੀ ਹੈ। ਕੈਨੇਡੀਅਨ ਫਾਲਜ਼ ਜਾਂ ਹੋਰਸਸ਼ੂ ਫਾਲਜ਼ ਜਿਸ ਦਾ ਨਾਂ ਘੋੜੇ ਦੇ ਖੁਰ ਵਾਂਗ ਬਣਦੇ ਇਸ ਦੇ ਆਕਾਰ ਤੇ ਰੱਖਿਆ ਗਿਆ ਹੈ ਲਗਪਗ 2600 ਫੁੱਟ ਚੌੜੀ ਤੇ ਤਕਰੀਬਨ ਉਨੀ ਕੁ ਉਚੀ ਹੈ। ਕੋਈ 90 ਪ੍ਰਤੀਸ਼ਤ ਪਾਣੀ ਇਥੋਂ ਦਰਿਆ ਵਿਚ ਗਿਰਦਾ ਹੈ ਤੇ ਇਸ ਕਰਕੇ ਲੋਕੀ ਇਸ ਨੂੰ ਨਿਆਗਰਾ ਸਮਝਦੇ ਹਨ।

niagara-p3_250.jpg (13205 bytes)1678 ਵਿਚ ਲੁਇਸ ਹੇਨਿਪਿਨ ਦਾ ਨਾਂ ਦਾ ਪਹਿਲਾ ਯੂਰਪੀਅਨ ਸੀ ਜਿਸ ਨੇ ਪਹਿਲੀ ਵਾਰ ਇਸ ਨੂੰ ਵੇਖਿਆ। ਇਸ ਦਾ ਪਾਣੀ ਰਾਤ ਨੂੰ ਘਟਾ ਦਿੱਤਾ ਜਾਂਦਾ ਹੈ ਜਦੋਂ ਇਨ੍ਹਾਂ ਨੂੰ ਰੁਸ਼ਨਾਉਣ ਲਈ ਹੋਰ ਬਿਜਲੀ ਦੀ ਜ਼ਰੂਰਤ ਪੈਂਦੀ ਹੈ। ਸਰਦੀਆਂ ਵਿਚ ਕਹਿੰਦੇ ਹਨ ਕਿ ਜਦੋਂ ਪਾਣੀ ਬਰਫ ਬਣ ਜਾਂਦਾ ਹੈ ਤਾਂ ਉਸ ਵਕਤ ਇਸ ਦਾ ਨਜ਼ਾਰਾ ਹੋਰ ਵੀ ਅਦਭੁੱਤ ਹੁੰਦਾ ਹੈ। ਅਚੰਭਤ ਹੋਏ ਲੋਕ ਆਪਣੇ ਮਨ ਵਿਚ ਇਸ ਦੀ ਖੂਬਸੂਰਤੀ ਨੂੰ ਵਸਾਉਂਦੇ ਪ੍ਰਤੀਤ ਪੈਂਦੇ ਹਨ। ਕਿਹਾ ਜਾਂਦਾ ਹੈ ਕਿ ਆਉਂਦੇ 25000 ਸਾਲਾਂ ਤਕ ਜੇਕਰ ਮਨੁੱਖ ਨੇ ਇਸ ਦੀ ਸੰਭਾਲ ਵੱਲ ਧਿਆਨ ਨਾ ਦਿੱਤਾ ਤਾਂ ਇਹ ਨਿਆਗਰਾ ਫਾਲਜ਼ ਖਤਮ ਹੋ ਜਾਵੇਗੀ। ਇਸ ਦਾ ਹੋ ਰਿਹਾ ਖੋਰਾ ਸਮੇਂ ਨਾਲ ਇਸ ਨੂੰ ਨਸ਼ਟ ਕਰ ਦੇਵੇਗਾ। ਝਰਨੇ ਦੀ ਖੂਬਸੂਰਤੀ ਲੋਕ ਦਰਿਆ ਦੇ ਕੰਢੇ ਦੇ ਨਾਲ ਨਾਲ ਚਲਕੇ ਮਾਣਦੇ ਹਨ। ਕਈ ਟਾਵਰ ਵੀ ਹਨ ਜਿਥੇ ਜਾ ਕੇ ਇਸ ਦੀ ਖੂਬਸੂਰਤੀ ਨੂੰ ਹੋਰ ਵੀ ਚਾਰ ਚੰਦ ਲਗ ਜਾਂਦੇ ਹਨ। ਅਮਰੀਕਾ ਦਾ ਬੂਫਲੋਅ ਸ਼ਹਿਰ ਇਸ ਦੇ ਨਾਲ ਲੱਗਦਾ ਹੈ। ਇਸ ਨੂੰ ਜੋੜਦਾ ਪੁਲ ਹੈ ਜਿਸ ਨੂੰ ਰੇਨਬੋ ਬ੍ਰਿਜ ਆਖਿਆ ਜਾਂਦਾ ਹੈ। ਕਿਸ਼ਤੀ ਵਿਚ ਬੈਠ ਕੇ ਵੀ ਤੁਸੀਂ ਝਰਨਿਆਂ ਦਾ ਆਨੰਦ ਲੈ ਸਕਦੇ ਹੋ। ਕਿਸ਼ਤੀ ਤੁਹਾਨੂੰ ਪਾਣੀਆਂ ਦੇ ਕੋਲ ਲੈ ਜਾਂਦੀ ਹੈ। ਇਸ ਦੇ ਪਾਣੀਆਂ ਦੀ ਪੈਂਦੀ ਬੂਰ ਨੂੰ ਤੁਸੀਂ ਮਾਣਦੇ ਹੋ।

ਸਕਾਈਲੋਨ ਟਾਵਰ ਤੋਂ ਇਸ ਦਾ ਦ੍ਰਿਸ਼ ਮਨਮੋਹਕ ਹੈ। ਇਥੇ ਘੁੰਮਦਾ ਰੈਸਤੋਰਾਂਅ ਵੀ ਹੈ। ਖਾਣਾ ਖਾਂਦੇ ਤੁਸੀਂ ਇਸ ਘੁੰਮਦੇ ਰੈਸਤੋਰਾਂਅ ਵਿਚੋਂ ਨਿਆਗਰਾ ਫਾਲਜ਼ ਦਾ ਨਜ਼ਾਰਾ ਕੁਝ ਹੋਰ ਹੀ ਹੈ। ਇਸ ਦੀ ਉਚਾਈ 775 ਫੁੱਟ ਹੈ। ਰਾਤ ਦਾ ਨਜ਼ਾਰਾ ਅਸੀਂ ਇਸੇ ਟਾਵਰ ਵਿਚ ਬੈਠ ਕੇ ਖਾਣਾ ਖਾਂਦੇ ਵੇਖਿਆ। ਇਥੇ ਹੁੰਦਾ ਅਨੁਭਵ ਸ਼ਬਦਾਂ ਵਿਚ ਬਿਆਨ ਕਰਨਾ ਔਖਾ ਹੈ। ਪ੍ਰੰਤੂ ਇਕ ਵਿਸ਼ਵਾਸ ਜ਼ਰੂਰ ਬਣਦਾ ਹੈ ਕਿ ਜੀਵਨ ਅਨਮੋਲ ਹੈ ਤੇ ਕੁਦਰਤ ਦੀ ਗੋਦ ਵਿਚ ਬੈਠ ਕੇ ਜਿਉਣਾ ਹੀ ਸਵਰਗ ਹੈ। ਧਰਤੀ ਦਾ ਹੀ ਇਕ ਸਵਰਗ ਹੈ ਇਹ ਨਿਆਗਰਾ ਫਾਲਜ਼। ਇਸ ਤੋਂ ਇਲਾਵਾ ਲੋਕਾਂ ਦੇ ਮਨੋਰੰਜਨ ਇਥੇ ਬਹੁਤ ਕੁਝ ਹੈ। ਇਥੇ ਕੇਸੀਨੋ ਵੀ ਹੈ। ਇਸ ਦੀਆਂ ਬੱਸਾਂ ਤੁਹਾਨੂੰ ਸ਼ਹਿਰ ਤੋਂ ਮੁਫਤ ਲਿਆਉਂਦੀਆਂ ਹਨ। ਇਥੇ ਬੜੀ ਵੱਡੀ ਗਿਣਤੀ ਵਿਚ ਲੋਕ ਜੂਆ ਖੇਡਦੇ ਹਨ। ਕੋਈ ਜਿੱਤਦਾ ਤੇ ਕੋਈ ਹਾਰਦਾ। ਥੋੜ੍ਹੀ ਦੇਰ ਲਈ ਅਸੀਂ ਵੀ ਮਨ ਪ੍ਰਚਾਵਾ ਕੀਤਾ। ਵਾਪਸ ਘਰ ਆਉਣ ਸਮੇਂ ਮਨ ਨਿਆਗਰਾ ਫਾਲਜ਼ ਦੇ ਪਾਣੀਆਂ ਦੇ ਬੂਰ ਦੀ ਧੁੰਦ ਵਿਚ ਤਰਲ ਤੇ ਤਰੰਮਤ ਸੀ।

hore-arrow1gif.gif (1195 bytes)

Terms and Conditions
Privacy Policy
© 1999-2005, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2005, 5abi.com