ਅੱਖੀਂ ਵੇਖਿਆ ਵਾਹਗਾ ਬਾਰਡਰ
ਸੁਖਜਿੰਦਰ ਸਿੰਘ
ਅਸੀਂ ਆਪਣੇ ਸਕੂਲ ਦੇ ਬੱਚਿਆਂ ਨਾਲ ਇਕਰਾਰ ਕੀਤਾ ਸੀ ਕਿ ਜਿਹੜੇ ਬੱਚੇ ਇਸ ਵਾਰ
ਆਪਣੀ ਕਲਾਸ ਵਿਚ ਕ੍ਰਮਵਾਰ ਪਹਿਲੀ, ਦੂਜੀ ਤੇ ਤੀਜੀ ਪੁਜ਼ੀਸ਼ਨ ਹਾਸਲ ਕਰਨਗੇ ਉਨ੍ਹਾਂ
ਨੂੰ ਅਕੈਡਮੀ ਵਲੋਂ ਬਾਬਾ ਬਕਾਲਾ, ਬੀੜ ਬਾਬਾ ਬੁੱਢਾ ਸਾਹਿਬ, ਦਰਬਾਰ ਸਾਹਿਬ,
ਜਲ੍ਹਿਆਂ ਵਾਲਾ ਬਾਗ ਤੇ ਵਾਹਗਾ ਬਾਰਡਰ ਇਨਾਮ ਵਜੋਂ ਵਿਖਾਵਾਂਗੇ।
ਇਸ ਸਾਰਾ ਕੁਝ ਸਲਾਹ-ਮਸ਼ਵਰਿਆਂ ਤੋਂ ਬਾਅਦ ਅਤੇ ਬੱਚਿਆਂ ਦੀ
ਹਰ ਤਰ੍ਹਾਂ ਨਾਲ ਸੰਭਾਲ ਕਰਨ ਦੇ ਵਸੀਲੇ ਪੂਰੇ ਕਰਕੇ ਅੰਜਾਮ 'ਤੇ ਪਹੁੰਚਿਆ 5 ਮਈ,
ਸ਼ਨਿਚਰਵਾਰ ਨੂੰ। ਬੱਚੇ ਸਵੇਰੇ 2 ਵਜੇ ਜਾਗੇ। ਜੈਮ ਤੇ ਬਰੈਡ ਦਾ ਨਾਸ਼ਤਾ, ਨਾਲ ਚਾਹ
ਦਾ ਕੱਪ। ਤਿੰਨ ਬੱਸਾਂ ਅਕੈਡਮੀ ਦੇ ਬੱਚਿਆਂ ਨਾਲ ਭਰ ਕੇ ਅਸੀਂ ਕਰੀਬ 3.30 ਵਜੇ
ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਰਵਾਨਾ ਹੋਏ। ਸਭ ਤੋਂ ਪਹਿਲਾਂ ਬਾਬਾ ਬਕਾਲਾ ਪਹੁੰਚੇ।
ਉਥੇ ਸੇਵਾਦਾਰਾਂ ਨੇ ਬੱਚਿਆਂ ਨੂੰ ਬਹੁਤ ਆਦਰ-ਮਾਣ ਦਿੱਤਾ। ਉਨ੍ਹਾਂ ਬੱਚਿਆਂ ਨੂੰ
ਲੰਗਰ ਛਕਾਇਆ। ਜਿਵੇਂ ਕਿ ਅਕੈਡਮੀ ਦੀ ਰਵਾਇਤ ਹੈ, ਲੰਗਰ ਦੀ ਮਰਿਆਦਾ ਦਾ ਪਾਲਣ ਕਰਦੇ
ਹੋਏ, ਲੰਗਰ ਲਈ ਸੇਵਾ, ਲੰਗਰ ਵਿਚ ਲੱਗੀ ਗੋਲਕ ਵਿਚ ਪਾਈ। ਫਿਰ ਅਸੀਂ ਚੱਲੇ ਤਰਨ
ਤਾਰਨ ਲਈ। ਗਰਮੀ ਦਾ ਮੌਸਮ ਹੋਣ ਕਰ ਕੇ ਸਾਨੂੰ ਪ੍ਰੋਗਰਾਮ ਵਿਚ ਕਾਫੀ ਅਦਲਾ-ਬਦਲੀ
ਕਰਨੀ ਪੈ ਰਹੀ ਸੀ। ਅਸੀਂ ਡਰ ਰਹੇ ਸਾਂ ਕਿ ਕੋਈ ਬੱਚਾ ਗਰਮੀ ਵਿਚ ਉਲਝ ਨਾ ਜਾਵੇ।
ਖੈਰ 9.30 ਵਜੇ ਅਸੀਂ ਤਰਨ ਤਾਰਨ ਸਾਹਿਬ, ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ। ਉਸ
ਉਪਰੰਤ ਅਸੀਂ ਦਰਬਾਰ ਸਾਹਿਬ ਆ ਗਏ। ਉਥੇ ਮੱਥਾ ਟੇਕਿਆ। ਪਰਸ਼ਾਦ ਕਰਵਾਇਆ। ਦੁਪਹਿਰ ਦਾ
ਲੰਗਰ ਇਥੇ ਛਕਿਆ। ਗਰਮੀ ਜ਼ੋਰਾਂ ਦੀ ਪੈ ਰਹੀ ਸੀ। 3.30 ਵਜੇ ਤਕ ਆਰਾਮ ਕਰਨ ਦਾ
ਪ੍ਰੋਗਰਾਮ ਬਣਾ, ਅਸੀਂ ਬੱਚਿਆਂ ਨੂੰ ਆਰਾਮ ਕਰਨ ਲਈ ਗੁਰੂ ਰਾਮਦਾਸ ਸਰਾਂ ਵਿਚ ਲੈ
ਗਏ। 3.30 ਵਜੇ ਫਿਰ ਲੰਗਰ ਵਿਚ ਚਾਹ ਛਕ ਕੇ ਅਸੀਂ ਜਲ੍ਹਿਆਂ ਵਾਲੇ ਬਾਗ ਗਏ। ਉਥੇ
ਬੱਚਿਆਂ ਨੂੰ ਇਸ ਬਾਗ ਦੀ ਅਹਿਮੀਅਤ ਦੱਸੀ। ਜਾਂਦੇ ਸਾਰ ਖੱਬੇ ਪਾਸੇ ਇਕ ਬੋਰਡ 'ਤੇ
ਪੰਜਾਬੀ ਵਿਚ ਲਿਖਿਆ ਹੋਇਆ ਸੀ, '13 ਅਪਰੈਲ 1919 ਨੂੰ ਇਹ ਧਰਤੀ ਹਜ਼ਾਰਾਂ ਹਿੰਦੂਆਂ
ਤੇ ਸਿੱਖਾਂ ਦੇ ਖੂਨ ਨਾਲ ਪਵਿੱਤਰ ਹੋਈ ਸੀ।'
ਬੱਚੇ ਕਾਹਲੇ ਸਨ ਵਾਹਗਾ ਬਾਰਡਰ ਵੇਖਣ ਜਾਣ ਨੂੰ। ਅਸੀਂ
ਸ਼ਾਮੀ 4.30 ਵਜੇ ਉਨ੍ਹਾਂ ਨੂੰ ਲੈ ਤੁਰੇ ਵਾਹਗਾ ਬਾਰਡਰ ਵੱਲ। 5.30 ਵਜੇ ਅਸੀਂ
ਵਾਹਗਾ ਬਾਰਡਰ 'ਤੇ ਸਾਂ। ਬੱਚਿਆਂ ਨੂੰ ਬੱਸਾਂ ਤੋਂ ਉਤਾਰ, ਉਨ੍ਹਾਂ ਨੂੰ ਪਾਣੀ ਪਿਆ
ਕੇ ਅਸੀਂ ਅੱਗੇ ਚੱਲ ਪਏ ਉਨ੍ਹਾਂ ਨੂੰ ਹਿੰਦੁਸਤਾਨ ਪਾਕਿਸਤਾਨ ਦੀ ਝੰਡਾ ਉਤਾਰਨ ਦੀ
ਰਸਮ ਵਿਖਾਉਣ। ਭੀੜ ਕਾਫੀ ਸੀ। ਵਿਦੇਸ਼ਾਂ ਤੋਂ ਕਾਫੀ ਸੈਲਾਨੀ ਆਏ ਹੋਏ ਸਨ। ਅਸੀਂ
ਅੰਦਰ ਚਲੇ ਗਏ। ਉਥੇ ਦੋਨਾਂ ਦੇਸ਼ਾਂ ਤੋਂ ਇਹ ਰਸਮਾਂ ਵੇਖਣ ਆਉਣ ਵਾਲਿਆਂ ਲਈ ਜਿਵੇਂ
ਸਟੇਡੀਅਮ ਵਿਚ ਪੌੜੀਆਂ ਬਣੀਆਂ ਹੁੰਦੀਆਂ ਹਨ, ਇਸ ਤਰ੍ਹਾਂ ਬੈਠਣ ਦਾ ਇੰਤਜ਼ਾਮ ਸੀ।
ਅਸੀਂ ਬੱਚਿਆਂ ਨੂੰ ਪੌੜੀਆਂ 'ਤੇ ਬਹਾ ਕੇ ਨਾਪਣ-ਤੋਲਣ ਲੱਗੇ ਕਿ ਕੀ ਹੋਣ ਵਾਲਾ ਹੈ।
ਗਰਮੀ ਬਹੁਤ ਸੀ। ਲੋਕ ਕਾਫੀ ਉਤਸੁਕਤਾ ਨਾਲ ਰਸਮ ਦੀ ਉਡੀਕ ਕਰ ਰਹੇ ਸਨ। ਅਸੀਂ ਆਪਣੇ
ਬੱਚਿਆਂ ਨੂੰ ਪਹਿਲਾਂ ਦੱਸਿਆ ਸੀ ਕਿ ਇਹ ਰਸਮ ਬਹੁਤ ਪਿਆਰੀ ਹੁੰਦੀ ਹੈ। ਹਿੰਦੁਸਤਾਨ
ਤੇ ਪਾਕਿਸਤਾਨ ਦੇ ਰੇਂਜਰਜ਼ ਬਹੁਤ ਸੋਹਣੀ ਪੁਸ਼ਾਕ ਵਿਚ ਰਸਮੀ ਪਰੇਡ ਕਰਦੇ ਹਨ। ਫਿਰ
ਬਿਗਲ ਵੱਜਦੇ ਹਨ। ਝੰਡੇ ਉਤਰਦੇ ਹਨ। ਇਕ ਅਲਵਿਦਾ ਹੁੰਦੀ ਹੈ ਤੇ ਹਿੰਦੁਸਤਾਨ ਤੇ
ਪਾਕਿਸਤਾਨ ਦੋਵੇਂ ਚਾਚੇ ਤਾਇਆਂ ਦੇ ਪੁੱਤਰ, ਆਪਣੇ-ਆਪਣੇ ਇਲਾਕੇ ਵਿਚ ਆਰਾਮ ਕਰਨ ਚਲੇ
ਜਾਂਦੇ ਹਨ ਪ੍ਰੰਤੂ ਸਾਨੂੰ ਵੇਖਣ ਨੂੰ ਉਥੇ ਕੁਝ ਹੋਰ ਹੀ ਮਿਲਿਆ। ਬਹੁਤ ਸੋਹਣੀਆਂ
ਵਰਦੀਆਂ ਵਿਚ ਸਜੇ ਬੀ.ਐਸ.ਐਫ. ਦੇ ਜਵਾਨ ਜਿਨ੍ਹਾਂ ਦੀ ਗਿਣਤੀ ਕੋਈ 8 ਜਾਂ 10 ਸੀ,
ਟਹਿਲ ਰਹੇ ਸਨ। ਲੋਕਾਂ ਨੂੰ ਕੰਟਰੋਲ ਕਰ ਰਹੇ ਸਨ। ਲਾਊਡ ਸਪੀਕਰ 'ਤੇ ਦੇਸ਼ ਪ੍ਰੇਮ ਦੇ
ਗਾਣੇ ਚੱਲ ਰਹੇ ਸਨ। ਦੇਸ਼ ਪ੍ਰੇਮ ਦੇ ਗਾਣੇ ਬੰਦ ਹੋਏ, ਕੁਝ ਆਦੇਸ਼ ਦੇਣ ਲਈ
ਬੀ.ਐਸ.ਐਫ. ਦੇ ਜਵਾਨ ਲੋਕਾਂ ਵਿਚ ਆਏ, ਜਵਾਨਾਂ ਨੇ ਦੱਸਿਆ ਕਿ ਸਭ ਲੋਕ ਆਰਾਮ ਨਾਲ
ਆਪਣੀ-ਆਪਣੀ ਜਗ੍ਹਾ ਬੈਠੇ ਰਹਿਣ। ਜਦੋਂ ਰਸਮ ਹੋਵੇ ਤਾਂ ਸਾਰੇ ਲੋਕਾਂ ਨੇ ਹਿੰਦੁਸਤਾਨ
ਦੀ ਜੈ, ਹਿੰਦੁਸਤਾਨ ਜ਼ਿੰਦਾਬਾਦ ਦੇ ਨਾਅਰੇ ਲਾਉਣੇ ਹਨ ਤੇ ਪਾਕਿਸਤਾਨ ਦੀ ਹਾਏ-ਹਾਏ
ਕਰਨੀ ਹੈ। ਇੰਨੇ ਜ਼ੋਰ ਨਾਲ ਬੋਲਣਾ ਹੈ ਕਿ ਲਾਹੌਰ ਤਕ ਆਵਾਜ਼ ਜਾਵੇ।
ਮੈਂ ਇਸ ਤੋਂ ਪਹਿਲਾਂ ਆਲਮੀ ਪੰਜਾਬੀ ਕਾਨਫਰੰਸ ਲਾਹੌਰ ਜਾ ਕੇ ਆਇਆ ਸੀ। ਉਥੇ
ਅਸੀਂ ਸਾਰੇ ਤੇ ਪਾਕਿਸਤਾਨੀ ਪੰਜਾਬੀ ਭਰਾ ਰੋਂਦੇ ਰਹੇ, ਜੱਫੀਆਂ ਪਾਉਂਦੇ ਰਹੇ, ਇਕ
ਦੂਜੇ ਨੂੰ ਆਖੀਏ-ਅਸੀਂ ਭਰਾ-ਭਰਾ ਹਾਂ, ਸਾਡਾ ਕੀ ਵੰਡਿਆ। ਅਸੀਂ ਕਿਉਂ ਲੜੀਏ, ਜੇਕਰ
ਚੀਨੀ ਆਦਾਨ-ਪ੍ਰਦਾਨ ਕਰ ਸਕਦੇ ਹਾਂ ਤਾਂ ਹੋਰ ਵਪਾਰ ਕਿਉਂ ਨਹੀਂ। ਅਸੀਂ ਦੋਵੇਂ ਦੇਸ਼
ਇਕ ਦੂਜੇ ਨੂੰ ਬਹੁਤ ਘੱਟ ਰੇਟ 'ਤੇ ਰੋਜ਼ ਦੀਆਂ ਲੋੜਾਂ ਦਾ ਸਾਮਾਨ ਇਕ ਦੂਜੇ ਨੂੰ ਦੇ
ਸਕਦੇ ਹਾਂ। ਕਿਉਂ ਅਸੀਂ ਇਹ ਸਾਮਾਨ ਕਿਸੇ ਤੀਜੇ ਪਾਸੋਂ ਮਹਿੰਗੇ ਭਾਅ ਲੈਂਦੇ ਹਾਂ।
ਮਨ ਬਹੁਤ ਉਦਾਸ ਹੋਇਆ, ਇਹ ਕੀ ਹੋਣ ਵਾਲਾ ਹੈ। ਇਹ ਨਾਅਰੇ ਲਾਉਣਗੇ। ਉਹ
ਨਾਅਰੇ ਲਾਉਣਗੇ। ਫਿਰ ਨਾਅਰਿਆਂ ਤੋਂ ਬਾਅਦ ਇਹ ਉਨ੍ਹਾਂ ਦੀਆਂ ਧੀਆਂ-ਭੈਣਾਂ ਨੂੰ
ਗਾਲ੍ਹਾਂ ਕੱਢਣਗੇ ਤੇ ਉਹ ਇਨ੍ਹਾਂ ਦੀਆਂ ਧੀਆਂ-ਭੈਣਾਂ ਨੂੰ। ਇਹ ਕਿਹੜੀ ਰਸਮ ਹੈ
ਝੰਡਾ ਉਤਾਰਨ ਦੀ? ਰੱਬ ਖੈਰ ਕਰੇ, ਅਸੀਂ ਵਿਦਿਆਰਥੀਆਂ ਨੂੰ ਕੁਝ ਚੰਗਾ ਸਿਖਾਉਣ ਲਈ
ਲਿਆਏ ਸਾਂ ਪਰ ਇਹ ਸਾਡੇ ਬੱਚਿਆਂ ਨੂੰ ਅੱਜ ਕੀ ਸਿਖਾਉਣਗੇ? ਖੈਰ, ਰਸਮ ਆਰੰਭ ਹੋਈ।
ਕੁਝ ਸੁਣਾਈ ਨਾ ਦੇਵੇ, ਕੁਝ ਵਿਖਾਈ ਨਾ ਦੇਵੇ। ਸਾਡੇ ਮੁਲਕ ਦੀ ਲਿਆਕਤ ਦੀ ਬਹੁਤ
ਭੱਦੀ ਤਸਵੀਰ ਨਸ਼ਰ ਹੋ ਰਹੀ ਸੀ। ਲੋਕ ਆਪਣੀਆਂ-ਆਪਣੀਆਂ ਥਾਵਾਂ 'ਤੇ ਖੜ੍ਹੋ ਗਏ ਸਨ।
ਨਾਅਰੇ ਲੱਗ ਰਹੇ ਸਨ। ਜ਼ਿੰਦਾਬਾਦ-ਮੁਰਦਾਬਾਦ ਹੋ ਰਹੀ ਸੀ। ਮੈਂ ਨਾਅਰੇ ਲਾਉਣ ਵਾਲਿਆਂ
ਨੂੰ ਧਿਆਨ ਨਾਲ ਵੇਖਿਆ। ਇਹ, ਉਹ ਸਾਰੇ ਲੋਕ ਸਨ ਜਿਨ੍ਹਾਂ ਦੇ ਘਰਾਂ ਦਾ ਕੋਈ ਫੌਜ
ਵਿਚ ਨੌਕਰੀ ਕਰਨ ਨਹੀਂ ਗਿਆ ਸੀ। ਇਹ ਉਹ ਲੋਕ ਸਨ ਜਿਨ੍ਹਾਂ ਦੇ ਘਰਾਂ ਵਿਚ ਬਾਰਡਰ
ਤੋਂ ਕੋਈ ਲਾਸ਼ ਨਹੀਂ ਆਈ ਸੀ। ਕਿਸੇ ਦਾ ਜਵਾਨ ਪੁੱਤਰ ਭਾਵੇਂ ਉਹ ਪਾਕਿਸਤਾਨੀ ਮਾਂ ਦਾ
ਮਰਿਆ ਹੋਵੇ, ਭਾਵੇਂ ਹਿੰਦੁਸਤਾਨੀ ਮਾਂ ਦਾ। ਕੀ ਫਰਕ ਹੈ? ਸਿਰਫ ਜਵਾਨ ਹੀ ਨਹੀਂ
ਮਰਦਾ, ਉਸ ਦੇ ਬੱਚੇ ਮਰਦੇ ਹਨ, ਜਿਨ੍ਹਾਂ ਦੇ ਸਿਰ ਤੋਂ ਪਿਤਾ ਉਠ ਜਾਂਦਾ ਹੈ, ਉਸ ਦੇ
ਮਾਂ-ਪਿਓ ਮਰਦੇ ਹਨ ਜਿਹੜੇ ਰੋ-ਰੋ ਕੇ ਅੰਨ੍ਹੇ ਹੋ ਜਾਂਦੇ ਹਨ, ਉਸ ਦੀ ਪਤਨੀ ਮਰਦੀ
ਹੈ ਜਿਹੜੀ ਕਿ ਸਾਰੀ ਉਮਰ ਜਾਹਲ ਲੋਕਾਂ ਦੀਆਂ ਕਮੀਨੀਆਂ ਨਜ਼ਰਾਂ ਸਹਿੰਦੀ ਹੈ। ਲੋਕ
ਸਮਝਦੇ ਹਨ ਕਿ ਹੁਣ ਇਹ ਸਭ ਦੀ ਬਣ ਗਈ ਹੈ, ਇਸ ਨੂੰ ਕੋਈ ਕੁਝ ਵੀ ਕਹਿ ਸਕਦਾ ਹੈ।
ਅਸੀਂ ਬੱਚਿਆਂ ਨਾਲ ਕੋਈ ਦਸ ਦੇ ਕਰੀਬ ਅਧਿਆਪਕ ਸਾਂ। ਬੱਚੇ ਸਾਡੇ ਮੂੰਹਾਂ ਵੱਲ ਵੇਖ
ਰਹੇ ਸਨ। ਉਧਰ ਪਾਕਿਸਤਾਨ ਵਾਲੇ, ਜਿਹੜੇ ਪਹਿਲਾਂ ਤਾਂ ਬਹੁਤ ਸਲੀਕੇ ਨਾਲ ਬੈਠੇ ਸਨ,
ਰਹਿ ਨਾ ਸਕੇ, ਉਹ ਵੀ ਨਾਅਰੇ ਲਾਉਣ ਲੱਗੇ। ਫਿਰ ਫੌਜੀਆਂ ਜ਼ੀਰੋ ਲਾਈਨ 'ਤੇ ਬਣੇ ਗੇਟ
ਖੋਲ੍ਹੇ। ਉਨ੍ਹਾਂ ਨੂੰ ਠਾਹ-ਠਾਹ ਕੰਧਾਂ ਨਾਲ ਮਾਰਿਆ। ਬਚਪਨ ਵਿਚ ਮੁਰਗਿਆਂ,
ਭੇਡੂਆਂ, ਸਾਨ੍ਹਾਂ ਤੇ ਝੋਟਿਆਂ ਦੇ ਭੇੜ ਵੇਖੇ ਸਨ। ਇਹੋ ਜਿਹੀ ਤਸਵੀਰ ਮਨ ਵਿਚ ਬਣ
ਰਹੀ ਸੀ। ਦੋਨਾਂ ਮੁਲਕਾਂ ਦੇ ਜਵਾਨ ਜ਼ੋਰ-ਜ਼ੋਰ ਨਾਲ ਪੈਰ ਜ਼ਮੀਨ 'ਤੇ ਮਾਰ ਕੇ ਇਕ ਦੂਜੇ
ਸਾਹਮਣੇ ਛਾਤੀਆਂ ਫੁਲਾ ਕੇ ਖੜ੍ਹਦੇ। ਇਹ ਕੀ ਦਿਖਾ ਰਹੇ ਸਨ ਲੋਕਾਂ ਨੂੰ? ਅਸੀਂ ਤੇ
ਸਾਡੇ ਬੱਚੇ ਕੀ ਸਿੱਖ ਰਹੇ ਸਾਂ ਇਨ੍ਹਾਂ ਤੋਂ?
ਰਸਮ ਆਖਰੀ ਪੜਾਅ 'ਤੇ ਪਹੁੰਚੀ। ਲੋਕ ਬੀ.ਐਸ.ਐਫ. ਜਵਾਨਾਂ ਤੋਂ ਵਾਰੇ-ਵਾਰੇ ਜਾ
ਰਹੇ ਸਨ। ਪਤਾ ਨਹੀਂ ਉਨ੍ਹਾਂ ਨੇ ਕਿੱਡਾ ਵੱਡਾ ਕਾਰਨਾਮਾ ਕਰ ਵਿਖਾਇਆ ਸੀ। ਕੁਝ ਲੋਕ
ਉਨ੍ਹਾਂ ਨਾਲ ਖੜ੍ਹੇ ਹੋ-ਹੋ ਕੇ ਫੋਟੋਆਂ ਖਿਚਵਾ ਰਹੇ ਸਨ।
ਲੋਕ ਹੁਣ ਜ਼ੀਰੋ ਥਾਂ 'ਤੇ ਹਿੰਦੁਸਤਾਨ ਦੇ ਗੇਟ 'ਤੇ ਇਕੱਠੇ ਹੋਣੇ ਸ਼ੁਰੂ ਹੋ ਗਏ,
ਲੱਗੇ ਪਾਕਿਸਤਾਨ ਨੂੰ ਕੰਜਰੀ, ਲੁੱਚੀ ਕਰਨ, ਬਿਲਕੁਲ ਉਸੇ ਤਰ੍ਹਾਂ ਜਿਸ ਤਰ੍ਹਾਂ
ਪਿੰਡਾਂ ਵਿਚ ਅਨਪੜ੍ਹ ਔਰਤਾਂ ਬਾਹਵਾਂ ਕੱਢ ਲੜਦੀਆਂ ਹਨ। ਪਾਕਿਸਤਾਨ ਵਾਲੇ ਵੀ ਕਿਥੋਂ
ਪਿੱਛੇ ਰਹਿੰਦੇ, ਇਕ ਦੀਆਂ ਚਾਰ ਚਾਰ ਸੁਣਾ ਰਹੇ ਸਨ। ਦੋਨਾਂ ਪਾਸੇ ਕਲਯੁਗ ਵਰਤ ਰਿਹਾ
ਸੀ। ਸਾਡੇ ਵਿਦਿਆਰਥੀ ਦੂਰ ਖੜ੍ਹੇ ਸਨ ਪ੍ਰੰਤੂ ਬਹੁਤ ਹੀ ਖਾਹਿਸ਼ਮੰਦ ਸਨ ਕਿ ਇਹ
ਤਮਾਸ਼ਾ ਜ਼ੀਰੋ ਗੇਟ ਕੋਲ ਜਾ ਕੇ ਉਨ੍ਹਾਂ ਨੂੰ ਵੀ ਵੇਖਣ ਨੂੰ ਮਿਲੇ। ਪ੍ਰੰਤੂ ਕੀ
ਵਿਖਾਉਣ ਲਈ ਲੈ ਕੇ ਜਾਂਦੇ ਉਨ੍ਹਾਂ ਨੂੰ ਉਥੇ? ਬੋਝਲ ਗਰਦਨਾਂ ਨੂੰ ਆਪਣੇ ਮੋਢਿਆਂ
'ਤੇ ਸੁੱਟ, ਬੇਜਾਨ ਹੋਈਆਂ ਲੱਤਾਂ ਨੂੰ ਖਿੱਚਦੇ ਹੋਏ ਬੜੀ ਮੁਸ਼ਕਲ ਨਾਲ ਆਪਣੀਆਂ
ਬੱਸਾਂ ਤਕ ਪਹੁੰਚੇ। ਮਨ ਬਹੁਤ ਖਰਾਬ ਸੀ। ਕੁਝ ਵੀ ਚੰਗਾ ਨਹੀਂ ਲੱਗ ਰਿਹਾ ਸੀ। ਨਾ
ਰੋਟੀ ਦੀ ਭੁੱਖ। ਨਾ ਪਾਣੀ ਦੀ ਪਿਆਸ। ਸੋਚ ਰਹੇ ਸਾਂ ਕਿ ਇਹ ਹੈ ਸਾਡੇ ਹਿੰਦੁਸਤਾਨ
ਦੀ ਪਰੰਪਰਾ, ਸਾਡੀ ਸਭਿਅਤਾ?
ਸੋਮਵਾਰ ਨੂੰ ਵਿਦਿਆਰਥੀ ਸਕੂਲ ਆਏ। ਬੱਚੇ ਆਪਣੇ ਸਹਿਪਾਠੀਆਂ ਨਾਲ ਅੰਮ੍ਰਿਤਸਰ
ਦੀਆਂ ਗੱਲਾਂ ਕਰ ਰਹੇ ਸਨ। ਬਹੁਤ ਖੁਸ਼ ਸਨ। ਪ੍ਰੰਤੂ ਉਹ ਵਾਹਗਾ ਬਾਰਡਰ ਬਾਰੇ ਕਿਸੇ
ਨੂੰ ਕੁਝ ਨਹੀਂ ਦੱਸ ਰਹੇ ਸਨ।
ਮੇਰਾ ਵਾਸਤਾ ਹੈ ਦੋਨਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ, ਬੁੱਧੀਜੀਵੀਆਂ ਨੂੰ ਤੇ
ਦੋਨਾਂ ਦੇਸ਼ਾਂ ਦੇ ਲੇਖਕਾਂ ਨੂੰ, ਭਲੇ ਪੁਰਸ਼ੋ! ਇਨਸਾਨੀਅਤ 'ਤੇ ਤਰਸ ਕਰੋ, ਲੋਕਾਂ
ਨੂੰ ਗੁੰਮਰਾਹ ਨਾ ਕਰੋ। ਇਨ੍ਹਾਂ ਦੋਵਾਂ ਮੁਲਕਾਂ ਦੇ ਵਸਨੀਕ, ਇਕੋ ਮਾਂ ਦੇ ਜਾਏ,
ਇਨ੍ਹਾਂ 'ਚ ਕੁੜੱਤਣ ਨਾ ਭਰੋ।
ਸੁਖਜਿੰਦਰ ਸਿੰਘ
|