ਦਾਰਸ਼ਨਿਕ ਸੂਫ਼ੀ ਸਾਧਕ ਮੌਲਾਨਾ ਜਲਾਲ-ਉਦ-ਦੀਨ ਰੂਮੀ
ਡਾ. ਗੁਲਜ਼ਾਰ ਸਿੰਘ ਕੰਗ
|
ਮੌਲਾਨਾ
ਜਲਾਲ-ਉਦ-ਦੀਨ ਰੂਮੀ |
ਜੋ ਕੁਝ ਹੈ ਮਾਅਸ਼ੂਕ ਹੈ ਸੱਭੋ, ਆਸ਼ਕ ਹੈ ਇਕ ਪਰਦਾ।
ਜ਼ਿੰਦਾ ਹੈ ਮਾਅਸ਼ੂਕ ਕਦੀਮੀ, ਤੇ ਆਸ਼ਕ ਹੈ ਮਰਦਾ।
(ਮਸਨਵੀ ਮੌਲਾਨਾ ਰੂਮ)
ਮੌਲਾਨਾ ਜਲਾਲ-ਉਦ-ਦੀਨ-ਮੁਹੰਮਦ ਰੂਮੀ ਦਾ ਜਨਮ ਖੁਰਾਸਾਨ ਦੇ ਸ਼ਹਿਰ ਬਲਖ
(ਅਫਗਾਨਿਸਤਾਨ) ਵਿਚ 30 ਸਤੰਬਰ 1207 ਨੂੰ ਹੋਇਆ। ਇਸ ਦਾ ਨਾਂ ਮੁਹੰਮਦ ਸੀ ਅਤੇ
ਜਲਾਲ-ਉਦ-ਦੀਨ ਇਸ ਦਾ ਲਕਬ ਸੀ ਪਰ ਦੁਨੀਆਂ ਵਿਚ ਪ੍ਰਸਿੱਧੀ ਮੌਲਾਨਾ ਰੂਮ ਕਰਕੇ ਹੋਈ
ਹੈ।
ਆਪ ਦੇ ਪਿਤਾ ਦਾ ਨਾਂ ਸ਼ੇਖ ਬਹਾਉਦੀਨ ਵਲਦ ਸੀ ਜੋ ਦਰਵੇਸ਼ੀ ਅਤੇ ਦੀਨੀ ਇਲਮ ਦੇ
ਗਿਆਨੀ ਸਨ। ਵਕਤ ਦੇ ਹਾਕਮ ਨਾਲ ਵਿਗੜ ਜਾਣ ਕਰਕੇ ਮੌਲਾਨਾ ਰੂਮ ਦੇ ਪਿਤਾ ਨੂੰ ਬਲਖ
ਛੱਡ ਕੇ ਨਿਸ਼ਾਪੁਰ ਵੱਲ ਜਾਣਾ ਪਿਆ। ਇਸ ਸਮੇਂ ਮੌਲਾਨਾ ਰੂਮ ਦੀ ਉਮਰ ਛੇ ਸਾਲ ਦੀ ਸੀ।
ਸ਼ੇਖ ਬਹਾਉਦੀਨ ਜਦ ਆਪਣੇ ਤਿੰਨ ਸੌ ਮੁਰੀਦਾਂ ਨਾਲ ਨਿਸ਼ਾਪੁਰਾ ਪੁੱਜਾ ਤਾਂ ਉਸ ਦੀ
ਮੁਲਾਕਾਤ ਫਰੀਦ-ਉਦ-ਦੀਨ ਅੱਤਾਰ ਨਾਲ ਹੋਈ ਜਿਸ ਨੇ ਬਾਲਕ ਰੂਮੀ ਦੇ ਸਿਰ ਉਪਰ ਮਿਹਰ
ਭਰਿਆ ਹੱਥ ਰੱਖ ਕੇ ਇਹ ਭਵਿੱਖਬਾਣੀ ਕੀਤੀ ਸੀ ਕਿ ਇਹ ਬੱਚਾ ਜਗਤ-ਪ੍ਰਸਿੱਧ ਆਲਿਮ
ਬਣੇਗਾ। ਰੂਮੀ ਨੇ ਆਪਣੀ ਮੁੱਢਲੀ ਵਿਦਿਆ ਆਪਣੇ ਪਿਤਾ ਪਾਸੋਂ ਪ੍ਰਾਪਤ ਕੀਤੀ। ਪਿਤਾ
ਦੇ ਦੇਹਾਂਤ ਪਿੱਛੋਂ ਆਪ ਨੇ ਸ਼ਾਮ ਦੇਸ਼ (ਸੀਰੀਆ) ਦਾ ਸਫਰ ਕੀਤਾ। ਉਸ ਸਮੇਂ ਦਮਿਸ਼ਕ
ਅਤੇ ਹਲਬ ਗਿਆਨ ਪ੍ਰਾਪਤੀ ਦੇ ਮਹੱਤਵਪੂਰਨ ਕੇਂਦਰ ਸਨ। ਮੌਲਾਨਾ ਰੂਮ ਨੇ ਹਲਬ ਪਹੁੰਚ
ਕੇ 'ਮਦਰਸਾ-ਇ-ਹਲਾਵੀਆ' ਵਿਚੋਂ ਅਰਬੀ, ਫਿਕਰ, ਹਦੀਸ, ਤਫਸੀਰ ਅਤੇ ਦਰਸ਼ਨ ਸ਼ਾਸਤਰ ਦੀ
ਵਿਦਿਆ ਪ੍ਰਾਪਤ ਕੀਤੀ। ਇਸ ਪਿੱਛੋਂ ਸੱਤ ਸਾਲ ਦਮਿਸ਼ਕ ਦੀ ਸੰਸਥਾ ਵਿਚੋਂ ਤਾਲੀਮ ਹਾਸਲ
ਕੀਤੀ ਅਤੇ ਧਰਮ ਸ਼ਾਸਤਰਾਂ ਦਾ ਡੂੰਘਾ ਅਧਿਅਨ ਕੀਤਾ। ਇਸ ਪਿੱਛੋਂ ਆਪ ਕੂਨੀਆ ਆ ਗਏ।
ਇਥੇ ਆ ਕੇ ਇਨ੍ਹਾਂ ਨੇ ਮਦਰਸਾ ਖੋਲ੍ਹ ਕੇ ਵਿਦਿਆਰਥੀਆਂ ਨੂੰ ਪੜ੍ਹਾਉਣਾ ਸ਼ੁਰੂ ਕੀਤਾ।
ਆਪ ਦੇ ਵਿਦਿਆਰਥੀਆਂ ਦੀ ਗਿਣਤੀ ਚਾਰ ਸੌ ਦੇ ਕਰੀਬ ਸੀ। ਇਸ ਵੇਲੇ ਆਪ ਦੀ ਉਮਰ ਭਾਵੇਂ
ਚਾਲੀ ਸਾਲ ਦੀ ਸੀ ਪਰ ਮਜ਼ਹਬੀ ਗੋਸ਼ਟੀਆਂ ਅਤੇ ਧਾਰਮਿਕ ਭਾਸ਼ਣਾਂ ਕਰ ਕੇ ਇਨ੍ਹਾਂ ਦਾ
ਲੋਕਾਂ ਵਿਚ ਏਨਾ ਸਤਿਕਾਰ ਹੋ ਗਿਆ ਆਪ ਨੂੰ 'ਅਬ-ਉਲ-ਮਆਲੀ' (ਪਤਵੰਤਿਆਂ ਦਾ ਬਾਬਾ)
ਕਿਹਾ ਜਾਣ ਲੱਗਾ। ਆਪ ਗੱਦੀਦਾਰਾਂ ਵਾਂਗ ਲੋਕਾਂ ਨੂੰ ਧਰਮ ਉਪਦੇਸ਼ ਦਿੰਦੇ ਸਨ ਅਤੇ
ਦੀਨਦਾਰ ਆਲਮਾਂ (ਵਿਦਵਾਨਾਂ) ਵਾਂਗ ਖਾਸ ਕਿਸਮ ਦੀ ਦਸਤਾਰ ਸਜਾਉਂਦੇ ਸਨ।
ਸ਼ਮਸ ਤਬਰੇਜ਼ ਦੀ ਮੁਲਾਕਾਤ ਮੌਲਾਨਾ ਰੂਮੀ ਦੇ ਜੀਵਨ ਦੀ ਅਹਿਮ ਘਟਨਾ ਸੀ ਜਿਸ ਨੇ
ਆਪ ਦੇ ਜੀਵਨ ਵਿਚ ਇਨਕਲਾਬੀ ਤਬਦੀਲੀ ਲਿਆਂਦੀ। ਆਪ ਸ਼ਮਸ ਤਬਰੇਜ਼ ਨੂੰ ਕੂਨੀਆ ਵਿਚ
ਮਿਲੇ ਸਨ। ਕਿਹਾ ਜਾਂਦਾ ਹੈ ਕਿ ਦੋਵੇਂ ਬਜ਼ੁਰਗ 6 ਮਹੀਨੇ ਸਲਾਹ-ਉਦ-ਦੀਨ ਦੀ ਕੋਠੜੀ
ਵਿਚ ਸਾਧਨਾ-ਮਗਨ ਰਹੇ। ਇਸ ਸਮੇਂ ਵਿਚ ਅੰਨ-ਪਾਣੀ ਵੀ ਬੰਦ ਰਿਹਾ। ਰੂਮੀ ਆਪ ਲਿਖਦੇ
ਹਨ ਕਿ ਮੈਂ ਕਦੀ ਵੀ ਮੌਲਾਨਾ ਰੂਮ ਦੀ ਗੌਰਵਮਈ ਪਦਵੀ ਪ੍ਰਾਪਤ ਨਾ ਕਰ ਸਕਦਾ ਜੇਕਰ
ਸ਼ਮਸ ਤਬਰੇਜ਼ ਦੀ ਗੁਲਾਮੀ ਵਿਚ ਨਾ ਆਉਂਦਾ। ਸਹੀ ਅਰਥਾਂ ਵਿਚ ਸ਼ਮਸ ਤਬਰੇਜ਼ ਹੀ ਮੌਲਾਨਾ
ਰੂਮ ਦਾ ਮੁਰਸ਼ਦ ਸੀ ਅਤੇ ਦੋਹਾਂ ਦਾ ਏਨਾ ਪ੍ਰੇਮ ਸੀ ਕਿ ਰੂਮੀ ਤਬਰੇਜ਼ੀ ਅਤੇ ਤਬਰੇਜ਼ੀ
ਰੂਮ ਹੋ ਚੁੱਕੇ ਸਨ। ਸ਼ਮਸ ਦੇ ਅਲੋਪ ਹੋ ਜਾਣ ਪਿੱਛੋਂ ਮੌਲਾਨਾ ਰੂਮ ਆਪਣੇ ਗੁਰ ਭਾਈ
ਸਲਾਹ-ਉਦ-ਦੀਨ ਦੀ ਸੁਹਬਤ ਵਿਚ ਆਤਮਿਕ ਸ਼ਾਂਤੀ ਪ੍ਰਾਪਤ ਕਰਦੇ ਰਹੇ। ਇਸ ਦੇ ਅਕਾਲ
ਚਲਾਣੇ ਪਿੱਛੋਂ ਮੌਲਾਨਾ ਰੂਮੀ ਨੇ ਆਪਣੇ ਮੁਰੀਦ ਹੁਸਾਮ-ਉਦ-ਦੀਨ ਚਿਲਪੀ ਨੂੰ ਆਪਣਾ
ਮਹਿਰਮ ਬਣਾ ਲਿਆ ਅਤੇ ਆਪਣੀ ਜਗਤ ਪ੍ਰਸਿੱਧ ਰਚਨਾ 'ਮਸਨਵੀ' ਦੇ ਲਿਖਣ ਦਾ ਪ੍ਰੇਰਨਾ
ਸਰੋਤ ਵੀ ਆਪਣੇ ਇਸੇ ਸ਼ਾਗਿਰਦ ਨੂੰ ਬਣਾਇਆ।
ਮੌਲਾਨਾ ਰੂਮ ਸੂਫ਼ੀ ਸਾਧਕ ਹੁੰਦਾ ਹੋਇਆ ਵੀ ਦੁਨੀਆਂਦਾਰ ਸੀ। ਆਪ ਦੀਆਂ ਦੋ
ਸ਼ਾਦੀਆਂ ਹੋਈਆਂ ਸਨ। ਪਹਿਲੀ ਸ਼ਾਦੀ ਸਮਰਕੰਦ ਵਾਸੀ ਖ਼ਵਾਜਾ ਸ਼ਰਫ-ਉਦ-ਦੀਨ ਦੀ ਪੁੱਤਰੀ
ਗੌਹਰ ਖ਼ਾਤੂਨ ਨਾਲ ਲਾਰਿੰਦ ਵਿਚ ਹੋਈ ਸੀ। ਇਸ ਸਮੇਂ ਮੌਲਾਨਾ ਦੀ ਉਮਰ ਉੱਨੀ ਸਾਲ ਦੀ
ਸੀ। ਇਸ ਸ਼ਾਦੀ ਤੋਂ ਮੌਲਾਨਾ ਦੇ ਘਰ ਦੋ ਪੁੱਤਰ ਅਲਾ-ਉਦ-ਦੀਨ ਅਤੇ ਬਹਾ-ਉਦ-ਦੀਨ
ਸੁਲਤਾਨ ਵਲਦ ਪੈਦਾ ਹੋਏ। ਗੌਹਰ ਖ਼ਾਤੂਨ ਦੇ ਚਲਾਣਾ ਕਰ ਜਾਣ ਪਿੱਛੋਂ ਆਪ ਨੇ ਦੂਜੀ
ਸ਼ਾਦੀ ਕੂਨੀਆ ਦੀ ਇਕ ਯੁਵਤੀ ਕਰਾ ਖ਼ਾਤੂਨ ਨਾਲ ਕੀਤੀ। ਇਸ ਤੋਂ ਇਕ ਪੁੱਤਰ
ਮੁਜ਼ਫਰ-ਉਦ-ਦੀਨ ਤੇ ਇਕ ਧੀ ਮਲਿਕਾ ਖ਼ਾਤੂਨ ਪੈਦਾ ਹੋਏ।
ਆਪ ਬਾਰੇ ਕਾਫੀ ਕਹਾਣੀਆਂ ਪ੍ਰਚਲਤ ਹਨ। 672 ਹਿਜਰੀ ਵਿਚ ਕੂਨੀਆ ਵਿਚ ਜ਼ਬਰਦਸਤ
ਭੁਚਾਲ ਆਇਆ ਸੀ ਤੇ ਚਾਲੀ ਦਿਨ ਰਿਹਾ ਸੀ। ਲੋਕ ਡਰ ਕੇ ਮੌਲਾਨਾ ਪਾਸ ਆਏ ਅਤੇ ਭੁਚਾਲ
ਬਾਰੇ ਪੁੱਛਿਆ। ਮੌਲਾਨਾ ਨੇ ਉਤਰ ਦਿੱਤਾ ਕਿ ਧਰਤੀ ਭੁੱਖੀ ਹੈ ਅਤੇ ਕੋਈ ਤਰ ਲੁਕਮਾ
(ਚੰਗਾ ਭੋਜਨ) ਚਾਹੁੰਦੀ ਹੈ। ਕੁਝ ਦਿਨਾਂ ਮਗਰੋਂ ਮੌਲਾਨਾ ਅਚਾਨਕ ਬਿਮਾਰ ਹੋ ਗਿਆ।
ਸ਼ੇਖ ਸਦਰ-ਉਦ-ਦੀਨ ਆਪਣੇ ਮੁਰੀਦਾਂ ਸਮੇਤ ਖਬਰ ਨੂੰ ਆਏ। ਸ਼ੇਖ ਨੇ ਤੰਦਰੁਸਤੀ ਲਈ ਖੁਦਾ
ਅੱਗੇ ਬੇਨਤੀ ਕੀਤੀ। ਪਰ ਮੌਲਾਨਾ ਰੂਮ ਨੇ ਕਿਹਾ ਕਿ ਤਾਲਿਬ ਅਤੇ ਮਤਲੂਬ ਵਿਚ ਮਾਮੂਲੀ
ਪਰਦਾ ਰਹਿ ਗਿਆ ਹੈ। ਕੀ ਤੁਸੀਂ ਨਹੀਂ ਚਾਹੁੰਦੇ ਕਿ ਪਰਦਾ ਚਾਕ ਹੋ ਜਾਵੇ ਤੇ
ਨੂਰ-ਨੂਰ ਵਿਚ ਮਿਲ ਜਾਵੇ।
ਅਖੀਰ ਆਪ 1273 ਈ. ਨੂੰ ਰੱਬ ਨੂੰ ਪਿਆਰੇ ਹੋ ਗਏ। ਵੇਲੇ ਦਾ ਬਾਦਸ਼ਾਹ, ਈਸਾਈ,
ਯਹੂਦੀ, ਮੁਸਲਮਾਨ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਆਪ ਦੇ ਜਨਾਜ਼ੇ ਵਿਚ ਸ਼ਾਮਲ ਹੋਏ।
ਇਲਮ-ਉਦ-ਦੀਨ ਕੈਸਰ ਜੋ ਕੂਨੀਆ ਦਾ ਪ੍ਰਸਿੱਧ ਰਈਸ ਸੀ, ਨੇ 30 ਹਜ਼ਾਰ ਦਿਰਮ ਦੀ ਰਕਮ
ਨਾਲ ਆਪ ਦੀ ਕਬਰ 'ਤੇ ਮਕਬਰਾ ਉਸਾਰਿਆ ਜਿਸ ਨੂੰ 'ਕੁਬਾ-ਇ-ਖ਼ਿਜ਼ਰਾ' ਕਿਹਾ ਜਾਂਦਾ ਹੈ।
ਆਪ ਦਾ ਵੱਡਾ ਪੁੱਤਰ ਅਲਾ-ਉਦ-ਦੀਨ ਤਾਂ ਮਰ ਗਿਆ ਸੀ, ਇਸ ਲਈ ਦੂਜਾ ਪੁੱਤਰ
ਬਹਾ-ਉਦ-ਦੀਨ ਸੁਲਤਾਨ ਵਲਦ ਆਪ ਦੀ ਗੱਦੀ ਦਾ ਵਾਰਸ ਬਣਿਆ।
ਮੌਲਾਨਾ ਰੂਮੀ ਇਕ ਆਲਿਮ ਸੂਫ਼ੀ ਸਨ। ਆਪ ਇਲਮ ਵਿਚ ਪੂਰੇ ਅਤੇ ਅਮਲ ਵਿਚ ਕਾਮਿਲ
ਸਨ। ਆਪ ਦਾ ਜੀਵਨ ਅਧਿਆਤਮਕ ਗਿਆਨ, ਅਨੁਭਵ ਅਤੇ ਕਰਮ ਦੀ ਤ੍ਰਿਵੇਣੀ ਸੀ। ਆਪ ਦੀਆਂ
ਅੱਖਾਂ ਵਿਚ ਰੂਹਾਨੀ ਅਜ਼ਮਤ ਦਾ ਜਲਾਲ ਅਤੇ ਇਸ਼ਕ ਹਕੀਕੀ ਦੀ ਮਸਤੀ ਸੀ। ਆਪ ਕਿਹਾ ਕਰਦੇ
ਸਨ ਕਿ ਸੱਚਾ ਸੁੱਚਾ ਸੂਫ਼ੀ ਮਜ਼ਹਬ ਬਾਰੇ ਰੂੜ੍ਹੀਵਾਦੀ ਮੁੱਲਾਂ ਦੇ ਮੁਕਾਬਲੇ ਵਿਚ
ਵਧੇਰੇ ਉਦਾਰਵਾਦੀ ਅਤੇ ਰਵਾਂਦਾਰ ਹੁੰਦਾ ਹੈ। ਆਪ ਦੀਆਂ ਪ੍ਰਸਿੱਧ ਰਚਨਾਵਾਂ
'ਦੀਵਾਨ-ਇ-ਸ਼ਮਸ ਤਬਰੇਜ਼', 'ਮਸਨਵੀ', 'ਰੁਬਾਈਆਤ' ਅਤੇ 'ਫੀਹੀ ਮਾ ਫੀਹੀ' ਆਦਿ ਹਨ।
ਦੀਵਾਨ-ਇ-ਸ਼ਮਸ
ਤਬਰੇਜ਼ ਆਪ ਦਾ ਗ਼ਜ਼ਲਾਂ ਦਾ ਸੰਗ੍ਰਹਿ ਹੈ ਜਿਸ ਵਿਚ ਮਾਰਫਤ ਦੇ ਰੰਗ ਵਿਚ ਰੰਗੇ ਤਕਰੀਬਨ
ਪੰਜਾਹ ਹਜ਼ਾਰ ਸ਼ਿਅਰ ਹਨ। ਇਹ ਗ਼ਜ਼ਲਾਂ ਵਧੇਰੇ ਕਰਕੇ ਸ਼ਮਸ ਤਬਰੇਜ਼ ਦੇ ਵਿਯੋਗ ਵਿਚ
ਲਿਖੀਆਂ ਗਈਆਂ ਹਨ। ਦੂਜੀ ਰਚਨਾ ਮਸਨਵੀ ਜਿਸ ਨੂੰ 'ਮਸਨਵੀ-ਇ-ਮੌਲਾਨਾ ਰੂਮ' ਵੀ ਕਿਹਾ
ਜਾਂਦਾ ਹੈ, ਜਗਤ ਪ੍ਰਸਿੱਧ ਰਚਨਾ ਹੈ। ਈਰਾਨ ਦੇ ਲੋਕ ਇਸ ਨੂੰ ਕੁਰਾਨ ਦੇ ਤੁੱਲ
ਮੰਨਦੇ ਹਨ ਜਦ ਕਿ ਸੂਫ਼ੀ ਲੋਕ ਇਸ ਨੂੰ ਦੋਜ਼ਖ ਦੀ ਅੱਗ ਕਟਣ ਵਾਲੀ ਰਚਨਾ ਦੱਸਦੇ ਹਨ।
ਇਸ ਦੇ ਸ਼ਿਅਰਾਂ ਦੀ ਗਿਣਤੀ 26,660 ਹੈ। ਇਸ ਰਚਨਾ ਦਾ ਵਿਸ਼ਾ ਆਪਣੇ ਅਸਲੇ ਨਾਲੋਂ
ਵਿਛੜੀ ਆਤਮਾ ਦੀ ਪੁਕਾਰ ਹੈ। ਮੌਲਾਨਾ ਨੇ ਇਸ ਨੂੰ ਬੰਸਰੀ ਦਾ ਰੂਪਕ ਰਾਹੀਂ ਪੇਸ਼
ਕੀਤਾ ਹੈ। ਇਹ ਰਚਨਾ ਮਾਰਫਤ ਦਾ ਇਕ ਸਾਗਰ ਹੈ ਜਿਸ ਵਿਚ ਗੋਤਾ ਲਾਉਣ ਨਾਲ ਪਾਠਕ ਇਹ
ਸੋਚਣ ਲਈ ਮਜਬੂਰ ਹੁੰਦਾ ਹੈ ਕਿ ਮੈਂ ਕੀ ਹਾਂ ਅਤੇ ਮੇਰੇ ਜੀਵਨ ਦਾ ਮਨੋਰਥ ਕੀ ਹੈ?
ਇਸ ਰਚਨਾ ਵਿਚੋਂ ਮੌਲਾਨਾ ਰੂਮ ਦਾ ਤੌਹੀਦੀ ਸਿਧਾਂਤ ਅਤੇ ਵਹਦਤ-ਉਦ-ਵਜੂਦ ਦੀ ਡਾਢੀ
ਝਲਕ ਮਿਲਦੀ ਹੈ। ਉਹ ਪਰਮਾਤਮਾ ਨੂੰ ਸਾਗਰ ਅਤੇ ਜੀਵ ਆਤਮਾ ਨੂੰ ਤਰੰਗ ਨਾਲ ਉਪਮਾ
ਦਿੰਦਾ, ਦੋਹਾਂ ਦਾ ਅਸਲਾ ਇਕ ਹੀ ਪ੍ਰਵਾਨ ਕਰਦਾ ਹੈ। ਤਰੰਗ ਤਾਂ ਅਲੋਪ ਹੋ ਜਾਂਦੀ ਹੈ
ਪਰ ਸਾਗਰ, ਸਾਗਰ ਹੀ ਰਹਿੰਦਾ ਹੈ। ਇਵੇਂ ਸਥਾਈ ਹੋਂਦ ਸਾਗਰ ਦੀ ਹੈ, ਤਰੰਗ ਦੀ ਨਹੀਂ।
ਮੌਲਾਨਾ ਰੂਮ ਮਨੁੱਖ ਦੀ ਸਮਰਥਾ ਦਾ ਬੋਧ ਕਰਵਾਉਂਦਾ ਹੋਇਆ ਉਸ ਨੂੰ ਅਜਿਹੇ
ਵਿਅਕਤੀ ਨਾਲ ਤਸ਼ਬੀਹ ਦਿੰਦਾ ਹੈ ਜੋ ਸਿਰ ਉਪਰ ਰੋਟੀਆਂ ਦਾ ਟੋਕਰਾ ਚੁੱਕੀ, ਦਰ-ਦਰ
ਭੀਖ ਮੰਗ ਰਿਹਾ ਹੋਵੇ। ਭਾਵ ਜੋ ਰਸ ਉਹ ਬਾਹਰੋਂ ਭਾਲ ਰਿਹਾ ਹੈ, ਉਹ ਉਸ ਦੇ ਅੰਦਰ
ਹੈ। ਲੋੜ ਸਿਰਫ ਮਨ ਦੇ ਸ਼ੀਸ਼ੇ ਨੂੰ ਸਾਫ ਕਰਨ ਦੀ ਹੈ। ਮੌਲਾਨਾ ਰੂਮ ਇਸ ਰਚਨਾ ਵਿਚ
ਸੂਫ਼ੀ ਦੀ ਸਾਧਨਾ ਦਾ ਸ਼ਾਹ ਰਾਹ ਇਸ਼ਕ ਨੂੰ ਪ੍ਰਵਾਨ ਕਰਦਾ ਹੈ। ਉਸ ਅਨੁਸਾਰ ਇਸ਼ਕ
ਬ੍ਰਹਿਮੰਡ ਦੀ ਜਿੰਦ-ਜਾਨ ਹੈ। ਇਹ ਉਹ ਜਜ਼ਬਾ ਹੈ ਜਿਸ ਨਾਲ ਆਪਣੇ ਮੂਲ ਦੀ ਪਹਿਚਾਣ
ਹੁੰਦੀ ਹੈ। ਅਧਿਆਤਮਵਾਦ ਵਿਚ ਇਸ਼ਕ ਮੰਜ਼ਿਲ ਵੀ ਹੈ, ਸਾਧਨ ਵੀ ਤੇ ਮਾਰਗ ਵੀ। ਇਸ਼ਕ ਦੀ
ਸਮਝ ਕਾਮਿਲ ਮੁਰਸ਼ਦ ਤੋਂ ਬਿਨਾਂ ਨਹੀਂ ਪੈਂਦੀ। ਇਸੇ ਕਰਕੇ ਉਹ ਕਹਿੰਦਾ ਹੈ:
ਬਿਨ ਮੁਰਸ਼ਿਦ ਜੋ ਵਿਚ ਤਰੀਕਤ ਵੜ ਕੇ ਹੋਇਆ ਰਾਹੀ।
ਜਾਣੀ ਤੂੰ ਇਬਲੀਸ ਨੇ ਸੁੱਟਿਆ ਅੰਦਰ ਖੂਹ ਗੁਮਰਾਹੀ।
ਮੌਲਾਨਾ ਰੂਮ ਦੀ ਤੀਜੀ ਰਚਨਾ 'ਫੀਹੀ ਮਾ ਫੀਹੀ' ਹੈ ਜੋ ਵੱਖ-ਵੱਖ ਸਮੇਂ ਵਿਚ
ਮਈਨ-ਉਦ-ਦੀਨ ਪਰਵਾਨਾ ਨੂੰ ਲਿਖੀਆਂ ਚਿੱਠੀਆਂ ਦਾ ਸੰਗ੍ਰਹਿ ਹੈ। ਇਨ੍ਹਾਂ ਚਿੱਠੀਆਂ
ਰਾਹੀਂ ਸੂਫ਼ੀ ਆਚਾਰ-ਵਿਹਾਰ ਅਤੇ ਸਾਧਨਾ ਬਾਰੇ ਰੋਸ਼ਨੀ ਪਾਈ ਗਈ ਹੈ।
ਮੌਲਾਨਾ ਰੂਮ ਦੀ ਵਿਚਾਰਧਾਰਾ ਵਹਦਤ-ਉਲ-ਵਜੂਦ ਦੀ ਧਾਰਨੀ ਸੀ। ਆਪ ਦੇ ਪ੍ਰਮੁੱਖ
ਵਿਚਾਰ ਇਸ ਪ੍ਰਕਾਰ ਹਨ:
- ਸਤਿ ਦੇ ਉਪਾਸ਼ਕਾਂ ਦੀ ਉਪਾਸਨਾ ਵਿਚ ਸਾਰੇ ਪੈਗੰਬਰਾਂ ਦਾ ਜੱਸ ਇਕੱਠਾ
ਗੁੰਨ੍ਹਿਆ ਹੁੰਦਾ ਹੈ। ਉਸ ਦੀਆਂ ਸਾਰੀਆਂ ਸਿਫਤਾਂ ਇਕੋ ਨਦੀ ਵਿਚ ਮਿਲੀਆਂ ਹੁੰਦੀਆਂ
ਹਨ। ਸਾਰੇ ਭਾਂਡੇ ਇਕ ਵੱਡੇ ਗੰਗ-ਸਾਗਰ ਵਿਚ ਖਾਲੀ ਹੁੰਦੇ ਹਨ ਕਿਉਂਕਿ ਜਿਸ ਦਾ ਜੱਸ
ਗਾਇਆ ਜਾਂਦਾ ਹੈ, ਉਹ ਅਸਲ ਵਿਚ ਇਕ ਹੈ।
- ਪਰਮ ਸਤਿ ਅਸੀਮ ਸਾਗਰ ਹੈ, ਜਿਸ ਦੀ ਝੱਗ ਨੂੰ ਅਸਲ ਪਾਣੀ ਸਮਝ ਕੇ ਲੋਕ ਆਪਣੇ
ਜੀਵਨ ਦੇ ਵਿਚਾਰਾਂ ਦੀਆਂ ਕਿਸ਼ਤੀਆਂ ਠੇਲ੍ਹ ਦਿੰਦੇ ਹਨ। ਨਤੀਜਾ ਇਹ ਹੁੰਦਾ ਹੈ ਕਿ ਇਹ
ਕਿਸ਼ਤੀਆਂ ਆਪੋ ਵਿਚ ਟਕਰਾਉਂਦੀਆਂ ਰਹਿੰਦੀਆਂ ਹਨ।
- ਇਨਸਾਨੀ ਰੂਹ ਅਤੇ ਖੁਦਾ ਦੇ ਵਿਚਕਾਰ ਸਬੰਧ ਸਿਰਜਣਹਾਰ ਅਤੇ ਸਿਰਜਣਾ ਦਾ ਨਹੀਂ।
ਖੁਦਾ ਨਿਰਵਿਕਾਰ ਹੈ ਅਤੇ ਰੂਹ ਵਿਚ ਇਲਾਹੀ ਜੋਤਿ ਹੋਣ ਦੇ ਕਾਰਨ ਸਦੀਵੀ ਹੈ। ਰੂਹਾਂ
ਜਦ ਦ੍ਰਿਸ਼ਟੀਮਾਨ ਜਗਤ ਵਿਚ ਆਉਂਦੀਆਂ ਹਨ ਤਾਂ ਅਵਿੱਦਿਆ ਦੇ ਕਾਰਨ ਉਨ੍ਹਾਂ ਵਿਚ
ਅਨੇਕਤਾ ਪ੍ਰਤੀਤ ਹੁੰਦੀ ਹੈ।
ਰੂਹ ਦਾ ਆਪਣੇ ਅਸਲੇ ਪ੍ਰਤੀ ਖਿੱਚ ਦਾ ਨਾਂ ਇਸ਼ਕ ਹੈ। ਜੇ ਇਸ਼ਕ ਨਹੀਂ ਤਾਂ ਸਾਰੇ
ਕਰਮ-ਧਰਮ ਹਨੇਰੇ ਵਿਚ ਟੱਕਰਾਂ ਮਾਰਨ ਬਰਾਬਰ ਹਨ। ਇਸ਼ਕ ਦਾ ਰਾਹ ਸਾਰੇ ਮਜ਼ਹਬਾਂ ਨਾਲੋਂ
ਵੱਖਰਾ ਹੈ।
ਭਰੋਸਾ ਬੰਦੇ ਨੂੰ ਆਪਣੇ ਕੰਮ ਉਤੇ ਅਤੇ ਜਾਂ ਫਿਰ ਖੁਦਾ ਉਪਰ ਕਰਨਾ ਚਾਹੀਦਾ ਹੈ।
ਕਿਸੇ ਹੋਰ 'ਤੇ ਭਰੋਸਾ ਕਰਨਾ ਮੂਰਖਤਾ ਹੈ।
ਮਹਾਨ ਵਿਚਾਰਾਂ ਨੂੰ ਮਹਾਨ ਸ਼ਾਇਰੀ ਰਾਹੀਂ ਰੂਪਮਾਨ ਕਰਨ ਕਰਕੇ ਆਰ.ਏ. ਨਿਕਲਸਨ
ਮੌਲਾਨਾ ਰੂਮੀ ਨੂੰ ਅਲ-ਗ਼ੱਜ਼ਾਲੀ ਤੋਂ ਵਧੇਰੇ ਗੰਭੀਰ, ਵਿਸ਼ਾਲ ਅਤੇ ਦਾਰਸ਼ਨਿਕ ਕਵੀ
ਪ੍ਰਵਾਨ ਕਰਦਾ ਹੈ। ਆਪ ਦੀ ਵਿਚਾਰਧਾਰਾ ਉਪਰ ਸ਼ਮਸ ਤਬਰੇਜ਼ ਦਾ ਪ੍ਰਛਾਵਾਂ ਸਦਾ ਰਿਹਾ
ਹੈ। ਇਸੇ ਕਰਕੇ ਉਸ ਨੇ ਇਸ ਵਿਚਾਰਧਾਰਾ ਨੂੰ ਕਾਇਮ ਰੱਖਣ ਲਈ ਸ਼ਮਸ ਤਬਰੇਜ਼ ਦੀ ਯਾਦ
ਵਿਚ ਮੌਲਵੀਆ ਜਾਂ ਜਲਾਲੀਆ ਸੰਪਰਦਾ ਚਲਾਈ ਸੀ, ਜਿਸ ਦੇ ਕੇਂਦਰ ਵਧੇਰੇ ਕਰਕੇ ਸ਼ਾਮ,
ਮਿਸਰ ਤੇ ਕੁਸਤਨਤੁਨੀਆ ਵਿਚ ਹਨ। ਇਸ ਸੰਪਰਦਾ ਦੇ ਅਨੁਯਾਈ ਟੋਪੀ ਤੇ ਲੰਮਾ ਚੋਗਾ
ਪਹਿਨਦੇ ਹਨ। ਇਹ ਟੋਪੀ ਤੇ ਚੋਗਾ ਸ਼ਮਸ ਤਬਰੇਜ਼ ਦਾ ਪਹਿਰਾਵਾ ਸੀ। ਮਸਤੀ ਵਿਚ ਆ ਕੇ
ਨੱਚਣ ਕਰਕੇ ਇਨ੍ਹਾਂ ਨੂੰ 'ਨੱਚਦੇ ਦਰਵੇਸ਼' ਕਿਹਾ ਜਾਂਦਾ ਹੈ।
ਮੌਲਾਨਾ ਰੂਮ ਆਪਣੇ ਦਾਰਸ਼ਨਿਕ ਵਿਚਾਰਾਂ ਕਰਕੇ ਸੂਫ਼ੀ ਜਗਤ ਵਿਚ ਧਰੂ ਤਾਰੇ ਵਾਂਗ
ਅਟੱਲ ਹੈ। ਅਬਦੁਲ ਰਹਿਮਾਨ ਜ਼ਾਮੀ ਸੱਚ ਕਹਿੰਦਾ ਹੈ ਕਿ ਮੈਂ ਉਸ ਉੱਚੀ ਸ਼ਾਨ ਵਾਲੇ
ਜਲਾਲ-ਉਦ-ਦੀਨ ਰੂਮੀ ਦੀ ਕੀ ਸਿਫਤ ਕਰਾਂ। ਉਹ ਪੈਗੰਬਰ ਤਾਂ ਨਹੀਂ ਪਰ ਇਲਹਾਮੀ ਕਿਤਾਬ
ਜ਼ਰੂਰ ਰੱਖਦਾ ਹੈ।
|