wcar_logo-80.jpg (3093 bytes)ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ॥
21 ਮਾਰਚ ਦਾ ਮਹੱਤਵ - ਪ੍ਰੋ. ਪ੍ਰੀਤਮ ਸਿੰਘ ਗਰੇਵਾਲ

ਇਨਸਾਨੀ ਬਰਾਬਰੀ ਦੇ ਹੱਕ ਅਤੇ ਨਸਲਵਾਦ ਦੇ ਵਿਰੋਧ ਦੇ ਖੇਤਰ ਵਿੱਚ 21 ਮਾਰਚ ਦਾ ਖ਼ਾਸ ਮਹੱਤਵ ਹੈ। ਯੂ.ਐਨ.ਓ. ਨੇ 1966 ਵਿਚ 21 ਮਾਰਚ ਨੂੰ ਅੰਤਰ-ਰਾਸ਼ਟ੍ਰੀ ਤੌਰ 'ਤੇ ਨਸਲਵਾਦੀ ਵਿਤਕਰੇ ਵਿਰੋਧੀ ਦਿਨ ਵਜੋਂ ਮਨਾਉਣ ਦਾ ਐਲਾਨ ਕੀਤਾ। 1989 ਤੋਂ ਕੈਨੇਡਾ ਸਰਕਾਰ ਨੇ ਇਸ ਦਿਨ ਨੂੰ ਨਸਲੀ ਸੁਮੇਲ ਵਧਾਉਣ ਦੀ ਮੁਹਿੰਮ ਦੇ ਪ੍ਰਤੀਕ ਵਜੋਂ ਅਪਣਾਇਆ।

ਭਾਵੇਂ ਨਸਲੀ ਭੇਦ ਭਾਵ ਦੀ ਬੁਰਾਈ ਬਾਰੇ ਜਨਤਕ ਜਾਗ੍ਰਤੀ ਵਧੀ ਹੈ ਪਰ ਸੰਸਾਰ ਵਿਚ ਅਜੇ ਵੀ ਇਹ ਲਾਹਣਤ ਕਿਸੇ ਨਾ ਕਿਸੇ ਰੂਪ ਵਿਚ ਇਨਸਾਨੀ ਬਰਾਬਰੀ ਲਈ ਘਾਤਕ ਬਣੀ ਹੋਈ ਹੈ। ਅਨੇਕਾਂ ਲੋਕਰਾਜੀ ਮੁਲਕਾਂ ਨੇ ਅਪਣੇ ਸੰਵਿਧਾਨਾਂ ਵਿਚ ਇਨਸਾਨੀ ਹੱਕਾਂ ਦੀ ਸਮਾਨਤਾ ਦੀ ਗਰੰਟੀ ਸ਼ਾਮਲ ਕੀਤੀ ਹੋਈ ਹੈ। ਪਰ ਇਸ ਨੂੰ ਅਮਲੀ ਰੂਪ ਦੇਣ ਵਿਚ ਢਿਲ ਮਠ ਪੂਰਨ ਤੌਰ 'ਤੇ ਦੂਰ ਨਹੀਂ ਹੋ ਸਕੀ।

ਇਨਸਾਨਾਂ ਵਿਚ ਵਿਤਕਰੇ ਨਸਲ, ਰੰਗ, ਮਜ਼੍ਹਬ, ਸਭਿਆਚਾਰ, ਜਾਤ ਪਾਤ ਆਦਿ ਦੇ ਆਧਾਰ 'ਤੇ ਹੁੰਦੇ ਆਏ ਹਨ ਅਤੇ ਹੋ ਰਹੇ ਹਨ। ਇਨ੍ਹਾਂ ਵਿਤਕਰਿਆਂ ਕਾਰਨ ਦੁਨੀਆ ਦੇ ਇਤਿਹਾਸ ਨੂੰ ਜੰਗਾਂ ਜੁਧਾਂ, ਨਫਰਤ, ਉਜਾੜੇ, ਨਸਲਕੁਸ਼ੀ, ਗੁਲਾਮੀ ਵਰਗੇ ਧੱਬਿਆਂ ਨੇ ਕਈ ਵਾਰ ਕਲੰਕਤ ਕੀਤਾ ਹੈ। ਗਿਆਨ ਵਿਗਿਆਨ ਦੀ ਉਨਤੀ ਦੇ ਬਾਵਜੂਦ ਅਸੀਂ ਸਮੁਚੇ ਇਨਸਾਨੀ ਭਾਈਚਾਰੇ ਨੂੰ ਵਿਸ਼ਵ ਪ੍ਰੀਵਾਰ ਨਹੀਂ ਸਵੀਕਾਰ ਸਕੇ।

ਸੰਸਾਰ ਵਿਚ ਅੰਤਰ-ਰਾਸ਼ਟ੍ਰੀ ਵਪਾਰ, ਸੈਰ ਸਪਾਟੇ, ਖੇਡ ਮੁਕਾਬਲੇ ਅਤੇ ਤਕਨਾਲੋਜੀ ਦੇ ਖੇਤਰ ਵਿਚ ਅੰਤਰ-ਨਿਰਭਰਤਾ ਕੁਝ ਅਜਿਹੇ ਕਾਰਨ ਹਨ ਜਿਨ੍ਹਾਂ ਸਦਕਾ ਇਨਸਾਨੀ ਨੇੜਤਾ ਤੇ ਆਪਸੀ ਜਾਣਕਾਰੀ ਵਧਣ ਨਾਲ ਬੇਗਾਨਗੀ ਅਤੇ ਨਫਰਤ ਦੇ ਘਟਣ ਦੀ ਆਸ ਬਝਦੀ ਹੈ।

ਸਿੱਖ ਅਖਵਾਉਣ ਦੇ ਨਾਤੇ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਗੁਰੂ ਸਾਹਿਬਾਨ ਦੀ ਸਾਰੀ ਖ਼ਲਕਤ ਦਾ ਕੇਵਲ ਇਕ ਰੱਬ ਹੋਣ ਅਤੇ ਸਭ ਇਨਸਾਨਾਂ ਦੀ ਬਰਾਬਰੀ ਦੀ ਸਿਖਿਆ ਨੂੰ ਅਪਣਾਈਏ ਤੇ ਪ੍ਰਚਾਰੀਏ। ਗੁਰੂ ਸਾਹਿਬਾਨ ਨੇ ਊਚ ਨੀਚ, ਜਾਤ ਪਾਤ ਅਤੇ ਇਸਤ੍ਰੀਆਂ ਨਾਲ ਹੁੰਦੇ ਵਿਤਕਰੇ ਨੂੰ ਦੂਰ ਕਰਨ ਲਈ ਸੰਗਤ ਪੰਗਤ ਵਿਚ ਇਨਸਾਨੀ ਬਰਾਬਰੀ ਆਦਿ ਨੂੰ ਸਿੱਖੀ ਦਾ ਵਿਸ਼ੇਸ਼ ਅੰਗ ਬਣਾਇਆ।

ਇਸ ਬਾਰੇ ਹੇਠ ਲਿਖੀਆਂ ਗੁਰਬਾਣੀ ਦੀਆਂ ਤੁਕਾਂ ਦੇ ਭਾਵ ਤੇ ਮਹੱਤਵ ਨੂੰ ਮੁੜ ਵੀਚਾਰਨ ਦੀ ਲੋੜ ਹੈ।

ਹਿੰਦੂ ਤੁਰਕ ਕੋਊ ਰਾਫਜ਼ੀ ਇਮਾਮ ਸਾਫੀ
ਮਾਣਸ ਕੀ ਜਾਤ ਸਭੈ ਏਕੈ ਪਹਿਚਾਨਬੋ॥
(ਗੁਰੂ ਗੋਬਿੰਦ ਸਿੰਘ ਜੀ)

ਸਭ ਮਹਿ ਜੋਤਿ ਜੋਤਿ ਹੈ ਸੋਇ॥
ਤਿਸਦੈ ਚਾਨਣਿ ਸਭ ਮਹਿ ਚਾਨਣੁ ਹੋਇ॥
(ਗੁਰੂ ਨਾਨਕ ਸਾਹਿਬ)

ਤੂੰ ਸਾਂਝਾ ਸਾਹਿਬੁ ਬਾਪੁ ਹਮਾਰਾ॥….
ਸਭੈ ਸਾਂਝੀਵਾਲ ਸਦਾਇਨ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ॥
(ਗੁਰੂ ਅਰਜਨ ਸਾਹਿਬ)

ਅਵਲਿ ਅਲਹ ਨੂਰੁ ਉਪਾਇਆ ਕੁਦਰਤ ਕੇ ਸਭ ਬੰਦੇ॥
ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ॥
(ਭਗਤ ਕਬੀਰ ਜੀ)

hore-arrow1gif.gif (1195 bytes)

Terms and Conditions
Privacy Policy
© 1999-2005, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2005, 5abi.com