WWW 5abi.com  ਪੰਨਿਆ ਵਿੱਚ ਸ਼ਬਦ ਭਾਲ

hore-arrow1gif.gif (1195 bytes)

 

ਸਿੰਧ ਤੇ ਮਾਰੂ ਦੇਸ਼ ਦੀ ਪ੍ਰੀਤ ਕਹਾਣੀ ‘ਮੂਮਲ ਅਤੇ ਰਾਣਾ ਮਹੇਂਦਰ’ 
ਲਖਵਿੰਦਰ ਜੌਹਲ ਧੱਲੇਕੇ       14/10/2024

lakwinder johal

023
ਪਿੰਡ ਲੌਦਰਵਾ ਵਿੱਚ ਮੌਜੂਦ ਮੂਮਲ ਦੀ ਮਾੜੀ
ਰਾਜਸਥਾਨ ਦੇ ਪੱਛਮੀ ਹਿੱਸੇ ਦੀਆਂ ਰਿਆਸਤਾਂ ਬੀਕਾਨੇਰ, ਜੋਧਪੁਰ ਅਤੇ ਜੈਸਲਮੇਰ ਦਾ ਰੇਗਿਸਤਾਨੀ ਇਲਾਕਾ ਕਿਸੇ ਵੇਲੇ ‘ਮਾਰੂ ਦੇਸ਼’ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਵਰਤਮਾਨ ਜੈਸਲਮੇਰ ਸ਼ਹਿਰ ਤੋਂ ਪੰਦਰਾਂ ਕਿਲੋਮੀਟਰ ਉੱਤਰ ਪੱਛਮ ਵਾਲੇ ਪਾਸੇ ਲੌਦਰਵਾ ਨਾਂ ਦਾ ਇੱਕ ਪਿੰਡ ਹੈ। ਸਥਾਨਕ ਲੋਕਾਂ ਦਾ ਮੰਨਣਾ ਹੈ ਕਿ ਜੈਸਲਮੇਰ ਸ਼ਹਿਰ ਦੇ ਵੱਸਣ ਤੋਂ ਪਹਿਲਾਂ ਲੌਦਰਵਾ ਹੀ ਇੱਥੋਂ ਦਾ ਪ੍ਰਸਿੱਧ ਸ਼ਹਿਰ ਸੀ ਜੋ ਕਿਸੇ ਜ਼ਮਾਨੇ ਵਿੱਚ ਇੱਥੇ ਵਗਦੀ ਕਾਕ ਨਦੀ ਦੇ ਕੰਢੇ ਵੱਸਿਆ ਹੋਇਆ ਸੀ। ਪਰ ਹੁਣ ਇੱਥੇ ਦੂਰ ਤੱਕ ਪੁਰਾਣੇ ਖੰਡਰ ਅਤੇ ਕਾਕ ਨਦੀ ਦਾ ਸੁੱਕਿਆ ਵਹਿਣ ਹੀ ਮੌਜੂਦ ਹੈ ਜੋ ਬਰਸਾਤਾਂ ਦੇ ਮੌਸਮ ਵਿੱਚ ਕਦੇ-ਕਦੇ ਥੋੜ੍ਹਾ ਬਹੁਤ ਵਗਦਾ ਹੈ। ਇਸ ਪ੍ਰੀਤ ਕਹਾਣੀ ਦੀ ਨਾਇਕਾ ‘ਮੂਮਲ’ ਇੱਥੇ ਹੀ ਰਹਿੰਦੀ ਸੀ ਜਦੋਂ ਕਿ ਉਸਦਾ ਪ੍ਰੀਤਮ ‘ਰਾਣਾ ਮਹੇਂਦਰ ਸੋਢਾ (ਰਾਣਾ ਮੇਂਧਰੋ)’ ਪਾਕਿਸਤਾਨ ਦੇ ਸੂਬਾ ਸਿੰਧ ਦੇ ਉਮਰਕੋਟ ਇਲਾਕੇ ਦਾ ਵਸਨੀਕ ਸੀ ਜੋ ਇੱਥੋਂ ਤਕਰੀਬਨ ਪੌਣੇ ਤਿੰਨ ਸੌ ਕਿਲੋਮੀਟਰ ਦੂਰ ਹੈ।

ਰਾਜਸਥਾਨ ਵਿੱਚ ਰਾਣਾ ਮਹੇਂਦਰ ਸੋਢਾ ਅਤੇ ਮੂਮਲ ਦੀ ਪ੍ਰੀਤ ਦਾ ਜ਼ਿਕਰ ਸਭ ਤੋਂ ਪਹਿਲਾਂ ਇੱਥੋਂ ਦੇ ਲੋਕ ਗੀਤਾਂ ਵਿੱਚ ਹੀ ਮਿਲਦਾ ਰਿਹਾ ਹੈ। ਇਨ੍ਹਾਂ ਲੋਕ ਗੀਤਾਂ ਅਤੇ ਜ਼ੁਬਾਨੀ ਕਹਾਣੀਆਂ ਤੋਂ ਹੀ ਸੇਧ ਲੈ ਕੇ ਇੱਥੋਂ ਦੇ ਕਈ ਲੇਖਕਾਂ ਨੇ ਇਸ ਪ੍ਰੀਤ ਕਹਾਣੀ ਨੂੰ ਕਿਤਾਬਾਂ ਦੇ ਰੂਪ ਵਿੱਚ ਪਾਠਕਾਂ ਤੱਕ ਪਹੁੰਚਾਇਆ। ਜਦੋਂਕਿ ਸਿੰਧ ਵਿੱਚ ਇਸ ਪ੍ਰੀਤ ਕਹਾਣੀ ਦਾ ਕਾਵਿ ਰੂਪ ਵਿੱਚ ਵਰਨਣ, ਸਤਾਰਵੀਂ-ਅਠਾਰਵੀਂ ਸਦੀ ਦੌਰਾਨ ਹੋਏ ਸਿੰਧ ਦੇ ਪ੍ਰਸਿੱਧ ਸੂਫ਼ੀ ਸ਼ਾਇਰ ‘ਸ਼ਾਹ ਅਬਦੁਲ ਲਤੀਫ਼ ਭਿਟਾਈ’ ਦੇ ਸ਼ਾਹਕਾਰ ਸਿੰਧੀ ਕਾਵਿ-ਸੰਗ੍ਰਹਿ ‘ਸ਼ਾਹ ਜੋ ਰਸਾਲੋ’ ਵਿੱਚ ਮਿਲਦਾ ਹੈ ਜਿਸ ਮੁਤਾਬਕ ਸਿੰਧ ਦੇ ਇਲਾਕੇ 'ਮੀਰਪੁਰ ਮਾਥੇਲਾ' (ਵਰਤਮਾਨ ਜ਼ਿਲ੍ਹਾ ਘੋਟਕੀ) ਵਿੱਚ ਰਾਜਾ ਨੰਦ ਨਾਂ ਦਾ ਗੁੱਜਰ ਸਰਦਾਰ ਰਾਜ ਕਰਦਾ ਸੀ, ਜਿਸਦੀਆਂ ਨੌਂ ਧੀਆਂ ਸਨ। ਇਨ੍ਹਾਂ ਨੌਂਆਂ ਵਿੱਚੋਂ ‘ਮੂਮਲ’ ਬੜੀ ਗੁਣੀ, ਰੂਪਵਤੀ ਅਤੇ ‘ਸੂਮਲ’ ਬਹੁਤ ਹੀ ਅਕਲਮੰਦ ਤੇ ਜਾਦੂਗਰਨੀ ਸੀ।

ਰਾਜਾ ਨੰਦ ਦੇ ਕੋਲ ਇੱਕ ਜੰਗਲੀ ਸੂਰ ਦਾ ਕਰਾਮਾਤੀ ਦੰਦ ਸੀ, ਜਿਸਦੀ ਸਹਾਇਤਾ ਨਾਲ ਰਾਜੇ ਨੰਦ ਨੇ ਦਰਿਆ ਦਾ ਪਾਣੀ ਸੁਕਾ ਕੇ ਉਸਦੇ ਥੱਲੇ ਆਪਣਾ ਸਾਰਾ ਖ਼ਜ਼ਾਨਾ ਦੱਬ ਕੇ ਸੁਰੱਖਿਅਤ ਕੀਤਾ ਹੋਇਆ ਸੀ। ਇੱਕ ਵਾਰ ਇੱਕ ਫ਼ਕੀਰ ਨੇ ਆਪਣੀਆਂ ਜਾਦੂਈ ਤਾਕਤਾਂ ਨਾਲ ਰਾਜੇ ਦੇ ਖ਼ਜ਼ਾਨੇ ਦਾ ਸਾਰਾ ਭੇਤ ਪਾ ਲਿਆ। ਉਹ ਫ਼ਕੀਰ ਮੰਗਦਾ ਮੰਗਾਉਂਦਾ ਰਾਜੇ ਦੇ ਮਹਿਲ ਅੱਗੇ ਆਇਆ ਅਤੇ ਉੱਚੀ-ਉੱਚੀ ਰੋਣ ਕੁਰਲਾਉਣ ਲੱਗਾ। ਉਸਦਾ ਰੋਣ ਸੁਣਕੇ ਮੂਮਲ ਬਾਹਰ ਆਈ ਅਤੇ ਉਸਨੇ ਫ਼ਕੀਰ ਕੋਲ਼ੋਂ ਰੋਣ ਦਾ ਕਾਰਨ ਪੁੱਛਿਆ। ਫ਼ਕੀਰ ਨੇ ਕਿਹਾ ਕਿ ਉਸਨੂੰ ਇੱਕ ਰੋਗ ਲੱਗਾ ਹੋਇਆ ਹੈ ਜੋ ਕਿ ਸੂਰ ਦੇ ਦੰਦ ਨਾਲ ਹੀ ਠੀਕ ਹੋਵੇਗਾ। ਮੂਮਲ ਨੂੰ ਰਾਜੇ ਨੰਦ ਵੱਲੋਂ ਸੰਭਾਲ਼ ਕੇ ਰੱਖੇ ਸੂਰ-ਦੰਦ ਦਾ ਪਤਾ ਸੀ। ਉਹਨੇ ਫ਼ੌਰਨ ਉਹ ਦੰਦ ਲਿਆਂਦਾ ਅਤੇ ਫ਼ਕੀਰ ਦੀ ਝੋਲੀ ਪਾ ਦਿੱਤਾ। ਫ਼ਕੀਰ ਉੱਥੋਂ ਦੰਦ ਲੈ ਕੇ ਚਲਾ ਗਿਆ।

ਇੱਕ ਦਿਨ ਰਾਜੇ ਨੰਦ ਨੂੰ ਖ਼ਜ਼ਾਨੇ ਵਿੱਚੋਂ ਕੁਝ ਹੀਰੇ-ਜਵਾਹਰਾਤਾਂ ਦੀ ਲੋੜ ਪਈ ਤਾਂ ਦੰਦ ਲੱਭਣ ਲੱਗਾ, ਪਰ ਕਿਤੋਂ ਵੀ ਦੰਦ ਨਾ ਮਿਲਿਆ ਤਾਂ ਰਾਜਾ ਪ੍ਰੇਸ਼ਾਨ ਰਹਿਣ ਲੱਗਾ। ਜਦੋਂ ਮੂਮਲ ਨੇ ਪਿਓ ਅੱਗੇ ਫ਼ਕੀਰ ਵਾਲੀ ਘਟਨਾ ਦਾ ਜ਼ਿਕਰ ਕੀਤਾ ਤਾਂ ਰਾਜੇ ਦਾ ਗੁੱਸਾ ਸੱਤਵੇਂ ਅਸਮਾਨ ਜਾ ਪੁੱਜਿਆ। ਆਪਣੀ ਤਲਵਾਰ ਨਾਲ ਉਹ ਮੂਮਲ ਨੂੰ ਮਾਰਨ ਹੀ ਲੱਗਾ ਸੀ ਕਿ ਸੂਮਲ ਨੇ ਆਪਣੀ ਭੈਣ ਨੂੰ ਰਾਜੇ ਦੇ ਗੁੱਸੇ ਕੋਲ਼ੋਂ ਬਚਾਇਆ ਅਤੇ ਉਹਨੇ ਆਪਣੇ ਪਿਓ ਨਾਲ ਵਾਅਦਾ ਕੀਤਾ ਕਿ ਉਹ ਜਲਦੀ ਹੀ ਉਸਨੂੰ ਉਸਦਾ ਸਾਰਾ ਖ਼ਜ਼ਾਨਾ ਕਿਤੋਂ ਲੱਭ ਕੇ ਦੇਵੇਗੀ।

ਪਰ ਰਾਜੇ ਦੇ ਗੁੱਸੇ ਤੋਂ ਡਰਦੀਆਂ ਦੋਵੇਂ ਭੈਣਾਂ ਨੇ ਆਪਣੀ ਇੱਕ ਵਫ਼ਾਦਾਰ ਗੋਲੀ ਨਾਤਰ ਅਤੇ ਕੁਝ ਹੋਰ ਨੌਕਰਾਂ ਨਾਲ 'ਮੀਰਪੁਰ ਮਾਥੇਲਾ' ਨਗਰ ਛੱਡ ਦਿੱਤਾ ਅਤੇ ਮਾਰੂ ਦੇਸ਼ ਵਿੱਚ ਕਾਕ ਨਦੀ ਦੇ ਕੰਢੇ ਵੱਸੇ ਲੁਡਾਣੋ ਨਗਰ (ਸ਼ਾਹ ਜੋ ਰਸਾਲੋ ਵਿੱਚ ਲੌਦਰਵਾ ਦਾ ਨਾਂ ਲੁਡਾਣੋ ਲਿਖਿਆ ਗਿਆ ਹੈ) ਵਿੱਚ ਆ ਗਈਆਂ। ਇੱਥੇ ਨਦੀ ਦੇ ਕੰਢੇ ਸੂਮਲ ਨੇ ਆਪਣੀ ਸੂਝ-ਬੂਝ ਅਤੇ ਜਾਦੂਈ ਸ਼ਕਤੀਆਂ ਨਾਲ ਭੁਲੇਖਿਆਂ ਨਾਲ ਭਰਪੂਰ ਇੱਕ ਤਲਿਸਮੀ ‘ਕਾਕ ਮਹਿਲ’ ਤਿਆਰ ਕੀਤਾ। ਮਹਿਲ ਦੇ ਬਾਹਰ ਭੁੱਲ-ਭੁਲਈਆਂ ਵਾਲਾਂ ਬਾਗ਼ ਲਗਵਾਇਆ। ਬਾਗ਼ ਵਿੱਚ ਜਾਦੂਈ ਝੂਲੇ ਲਗਵਾਏ ਗਏ। ਮਹਿਲ ਦੇ ਦਰਵਾਜ਼ਿਆਂ ਅੱਗੇ ਅਸਲੀ ਸ਼ੇਰਾਂ ਦਾ ਭੁਲੇਖਾ ਪਾਉਂਦੇ ਨਕਲੀ ਸ਼ੇਰ ਖੜ੍ਹੇ ਕੀਤੇ ਗਏ, ਮਹਿਲ ਦੀ ਡਿਓੜ੍ਹੀ ਵਿੱਚ ਆਉਣ ਵਾਲੇ ਵੱਲੋਂ ਸੂਚਨਾ ਦੇਣ ਲਈ ਨਗਾਰਾ ਰੱਖਿਆ ਗਿਆ।

ਇਸਤੋਂ ਬਿਨ੍ਹਾਂ ਮਹਿਲ ਅੰਦਰ ਤਰ੍ਹਾਂ ਤਰ੍ਹਾਂ ਦੇ ਘਾਤਕ ਫ਼ੰਦੇ ਤਿਆਰ ਕੀਤੇ ਗਏ। ਬਾਅਦ ਵਿੱਚ ਸੂਮਲ ਨੇ ਨੇੜਲੇ ਇਲਾਕਿਆਂ ਵਿੱਚ ਢਿੰਡੋਰਾ ਪਿਟਵਾਇਆ ਕਿ ਜੋ ਵੀ ਰਾਜਾ ਜਾਂ ਰਾਜਕੁਮਾਰ ਕਾਕ ਮਹਿਲ ਦੇ ਸਾਰੇ ਭੁਲੇਖਿਆਂ ਨੂੰ ਹੱਲ ਕਰਕੇ ਮੂਮਲ ਦੇ ਸਾਰੇ ਸਵਾਲਾਂ ਦੇ ਸਹੀ ਜਵਾਬ ਦੇਵੇਗਾ ਤਾਂ ਮੂਮਲ ਉਸਦੀ ਹੋ ਜਾਵੇਗੀ। ਮੂਮਲ ਦੇ ਹੁਸਨ ਦੀਆਂ ਧੁੰਮਾਂ ਇਰਦ ਗਿਰਦ ਦੇ ਇਲਾਕੇ ਵਿੱਚ ਪੈ ਗਈਆਂ। ਕਹਿੰਦੇ ਕਹਾਉਂਦੇ ਸੂਰਬੀਰ ਅਤੇ ਰੂਪ ਦੇ ਮਤਵਾਲੇ ਰਾਜੇ, ਰਾਜਕੁਮਾਰ ਅਤੇ ਸਰਦਾਰ ਆਪਣੀ ਕਿਸਮਤ ਅਜ਼ਮਾਉਣ ਕਾਕ ਮਹਿਲ ਆਉਂਦੇ। ਪਰ ਕੋਈ ਭੁੱਲ-ਭੁਲਈਆਂ ਵਿੱਚ ਉਲਝ ਜਾਂਦਾ ਤੇ ਕੋਈ ਨਕਲੀ ਸ਼ੇਰਾਂ ਤੋਂ ਡਰਦਾ ਅੱਗੇ ਨਾ ਵੱਧਦਾ, ਕੋਈ ਜਾਦੂਈ ਝੂਲਿਆਂ ਤੋਂ ਥੱਲੇ ਡਿੱਗ ਆਪਣੀ ਜਾਨ ਗੁਆਉਂਦਾ, ਕੋਈ ਕੱਚ ਦੀ ਸਤ੍ਹਾ ਵਾਲੇ ਤਲਾਅ ਵਿੱਚ ਡਿੱਗ ਥੱਲੇ ਪਤਾਲ ਵਿੱਚ ਜਾਂਦਾ ਜਾਂ ਫਿਰ ਕੋਈ ਨਕਲੀ ਪਲੰਘਾਂ ਤੋਂ ਡਿੱਗ ਥੱਲੇ ਬਣੀ ਕਾਲ ਕੋਠੜੀ ਵਿੱਚ ਜਾ ਡਿੱਗਦਾ। ਇਸ ਤਰ੍ਹਾਂ ਕਈਆਂ ਨੇ ਜਾਨਾਂ ਗਵਾਈਆਂ ਅਤੇ ਕਈ ਝੱਲੇ ਹੋਕੇ ਇੱਧਰ ਉੱਧਰ ਫਿਰਨ ਲੱਗੇ। ਉੱਧਰ ਸੂਮਲ ਆਪਣੇ ਨੌਕਰਾਂ ਦੀ ਮਦਦ ਨਾਲ ਇਨ੍ਹਾਂ ਸਭਨਾਂ ਦਾ ਮਾਲ ਅਸਬਾਬ ਲੁੱਟ ਲੈਂਦੀ।

ਦੂਜੇ ਪਾਸੇ ਸਿੰਧ ਦੇਸ਼ ਦੇ ਥਰ ਇਲਾਕੇ ਦੀ ਰਿਆਸਤ 'ਉਮਰਕੋਟ' ਵਿੱਚ ਰਾਜਾ ਹਮੀਰ ਸੂਮਰੋ ਦਾ ਰਾਜ ਸੀ। ਰਾਜੇ ਹਮੀਰ ਦੇ ਤਿੰਨ ਮੰਤਰੀ ਡੂਨਰ ਭੱਟੀ, ਸੂਨਰੋ ਧਮਾਰਾਨੀ ਅਤੇ ਰਾਣਾ ਮਹੇਂਦਰ ਸੋਢਾ ਜਾਂ ਰਾਣਾ ਮੇਂਧਰੋ ਸਨ (ਰਾਜਸਥਾਨ ਵਿੱਚ ਰਾਣਾ ਮਹੇਂਦਰ ਅਤੇ ਸਿੰਧ ਵਿੱਚ ਰਾਣਾ ਮੇਂਧਰੋ ਨਾਂ ਪ੍ਰਚਲਿਤ ਨੇ)। ਇੰਨ੍ਹਾਂ ਵਿੱਚੋਂ ਰਾਣਾ ਮਹੇਂਦਰ ਸੂਰਬੀਰ, ਅਕਲਮੰਦ, ਸੁਨੱਖਾ ਅਤੇ ਚੰਗੀ ਡੀਲ-ਡੌਲ ਵਾਲਾ ਇੱਕ ਰਾਜਪੂਤ ਨੌਜਵਾਨ ਸੀ ਅਤੇ ਰਿਸ਼ਤੇ ਵਿੱਚ ਰਾਜੇ ਹਮੀਰ ਦਾ ਸਾਲਾ ਲੱਗਦਾ ਸੀ। ਇਹ ਚਾਰੇ ਜਾਣੇ ਹਾਣੋ-ਹਾਣੀ ਅਤੇ ਪੱਕੇ ਮਿੱਤਰ ਸਨ, ਚਾਰੇ ਜਣੇ ਬਹੁਤਾ ਸਮਾਂ ਇਕੱਠੇ ਹੀ ਬਿਤਾਉਂਦੇ, ਇਕੱਠੇ ਹੀ ਸ਼ਿਕਾਰ ਖੇਡਣ ਜਾਂਦੇ।

ਇੱਕ ਦਿਨ ਚਾਰੇ ਮਿੱਤਰ ਥਰ ਵਿੱਚ ਸ਼ਿਕਾਰ ਖੇਡਣ ਗਏ, ਉਸ ਦਿਨ ਇਨ੍ਹਾਂ ਦੇ ਹੱਥ ਕੁਝ ਵੀ ਨਾ ਲੱਗਾ। ਸ਼ਿਕਾਰ ਦੀ ਭਾਲ ਵਿੱਚ ਸਿੰਧ ਦੀ ਸੀਮਾ ਪਾਰ ਕਰਕੇ ਮਾਰੂ ਦੇਸ਼ ਦੇ ਮਾਰੂਥਲ ਵਿੱਚ ਵੜ ਗਏ। ਮਾਰੂਥਲ ਵਿੱਚ ਹੀ ਇਨ੍ਹਾਂ ਦਾ ਮੇਲ ਇੱਕ ਜੋਗੀ ਨਾਲ ਹੋਇਆ ਜੋ ਝੱਲਿਆਂ ਵਾਂਗ ਮਾਰੂਥਲ ਵਿੱਚ ਭਟਕ ਰਿਹਾ ਸੀ। ਚਾਰਾਂ ਜਾਣਿਆਂ ਨੇ ਜੋਗੀ ਨੂੰ ਪੁੱਛਿਆ ਕਿ ਉਹ ਕੌਣ ਹੈ ਤੇ ਮਾਰੂਥਲ ਵਿੱਚ ਕਿਵੇਂ ਇਕੱਲਾ ਭਟਕਦਾ ਫਿਰਦਾ ਹੈ। ਜੋਗੀ ਨੇ ਚਾਰਾਂ ਦੇ ਰਾਜਸੀ ਠਾਠ ਵਾਲੇ ਹੁਲੀਏ ਨੂੰ ਵੇਖਦਿਆਂ ਉਨ੍ਹਾਂ ਨੂੰ ਦੱਸਿਆ ਕਿ ਉਹ ਵੀ ਉਨ੍ਹਾਂ ਵਾਂਗ ਕਸ਼ਮੀਰ ਦੇਸ਼ ਦਾ ਰਾਜਕੁਮਾਰ ਹੈ ਅਤੇ ਮੂਮਲ ਦੇ ਹੁਸਨ ਦੀ ਚਰਚਾ ਸੁਣਕੇ ਉਸਨੂੰ ਆਪਣੀ ਰਾਣੀ ਬਣਾਉਣ ਲਈ ਲੌਦਰਵਾ ਆਇਆ ਸੀ। ਪਰ ਸੂਮਲ ਦੇ ਬਣਾਏ ਜਾਦੂਈ ਮਹਿਲ ਵਿਚਲੀਆਂ ਬੁਝਾਰਤਾਂ ਹੱਲ ਨਾ ਕਰ ਸਕਿਆ। ਮੂਮਲ ਤੇ ਸੂਮਲ ਦੇ ਨੌਕਰਾਂ ਨੇ ਬੁਝਾਰਤਾਂ ਹੱਲ ਕਰਾਉਣ ਦੇ ਬਦਲੇ ਮੇਰਾ ਸਾਰਾ ਧਨ ਲੁੱਟ ਲਿਆ, ਕੰਗਾਲ ਹੋਇਆ, ਸ਼ਰਮ ਦਾ ਮਾਰਿਆ ਅਤੇ ਹਾਰਿਆ ਪਿੱਛੇ ਆਪਣੇ ਦੇਸ਼ ਮੁੜਨ ਜੋਗਾ ਨਾ ਰਿਹਾ ਤਾਂ ਜੋਗੀ ਬਣਕੇ ਮਾਰੂਥਲ ਦੀ ਖ਼ਾਕ ਛਾਣਦਾ ਫਿਰਦਾ ਹਾਂ।

ਜੋਗੀ ਵੱਲੋਂ ਸੁਣਾਈ ਰੌਚਕ ਵਿਥਿਆ ਸੁਣ ਕੇ ਚਾਰਾਂ ਜਾਣਿਆ ਨੇ ਰਾਏ ਕੀਤੀ ਕਿ ਉਮਰਕੋਟ ਮੁੜਨ ਦੀ ਬਜਾਏ ਹੁਣ ਲੌਦਰਵਾ ਜਾ ਕੇ ਤਲਿਸਮੀ ਕਾਕ ਮਹਿਲ ਵੇਖਿਆ ਜਾਵੇ। ਜੋਗੀ ਕੋਲ਼ੋਂ ਲੌਦਰਵਾ ਦਾ ਰਾਹ ਪੁੱਛ ਕੇ ਚਾਰੇ ਜਾਣੇ ਕਾਕ ਨਦੀ ਦੇ ਕੰਢੇ ਬਣੇ ਕਾਕ ਮਹਿਲ ਦੇ ਬਾਹਰ ਪਹੁੰਚ ਗਏ। ਚਾਰਾਂ ਨੂੰ ਵੇਖ ਨੌਕਰਾਂ ਨੇ ਮੂਮਲ ਤੇ ਸੂਮਲ ਨੂੰ ਇਸ ਬਾਰੇ ਸੂਚਨਾ ਦਿੱਤੀ। ਦੋਵਾਂ ਭੈਣਾਂ ਨੇ ਆਪਣੀ ਚਤੁਰ ਗੋਲੀ ਨਾਤਰ ਹੱਥ ਚਾਰਾਂ ਜਾਣਿਆ ਲਈ ਕੜਾਹ ਦਾ ਭਰਿਆ ਥਾਲ ਭੇਜਿਆ। ਹਮੀਰ, ਡੂਨਰ ਅਤੇ ਸੂਨਰੋ ਤਿੰਨੇ ਜਣੇ ਕੜਾਹ ਖਾਣ ਹੀ ਲੱਗੇ ਸਨ ਕਿ ਰਾਣੇ ਮਹੇਂਦਰ ਨੇ ਉਨ੍ਹਾਂ ਨੂੰ ਰੋਕ ਦਿੱਤਾ। ਉਹਨੇ ਥਾਲ ਵਿੱਚੋਂ ਥੋੜ੍ਹਾ ਜਿਹਾ ਕੜਾਹ ਇੱਕ ਕੁੱਤੇ ਅੱਗੇ ਸੁੱਟਿਆ ਤਾਂ ਉਹ ਸਾਰੇ ਹੈਰਾਨ ਰਹਿ ਗਏ ਕਿ ਕੁੱਤਾ ਕੜਾਹ ਖਾਂਦੇ ਹੀ ਮਰ ਗਿਆ। ਸਣੇ ਨਾਤਰ ਸਾਰਿਆਂ ਨੇ ਰਾਣੇ ਦੀ ਸੂਝ-ਬੂਝ ਦੀ ਤਰੀਫ਼ ਕੀਤੀ।

ਨਾਤਰ ਨੇ ਇਹ ਸਾਰਾ ਹਾਲ ਮੂਮਲ ਤੇ ਸੂਮਲ ਨੂੰ ਜਾ ਸੁਣਾਇਆ। ਹੁਣ ਵਾਰੋ-ਵਾਰੀ ਸਾਰੇ ਕਾਕ ਮਹਿਲ ਅੰਦਰ ਜਾ ਕੇ ਆਪਣੀ ਕਿਸਮਤ ਅਜ਼ਮਾਉਣ ਲੱਗੇ, ਸਭ ਤੋਂ ਪਹਿਲਾਂ ਹਮੀਰ ਦੀ ਵਾਰੀ ਆਈ ਤੇ ਉਸਤੋਂ ਬਾਅਦ ਡੂਨਰ ਅਤੇ ਸੂਨਰੋ ਨੇ ਕੋਸ਼ਿਸ਼ ਕੀਤੀ। ਤਿੰਨੇ ਟੱਕਰਾਂ ਮਾਰਦੇ ਰਹੇ ਪਰ ਮੂਮਲ ਤੱਕ ਕੋਈ ਅੱਪੜ ਨਾ ਸਕਿਆ। ਬੜੀ ਮੁਸ਼ਕਿਲ ਨਾਲ ਤਿੰਨਾਂ ਨੇ ਬਾਹਰ ਦਾ ਰਾਹ ਲੱਭਿਆ ਅਤੇ ਬਾਹਰ ਨਿਕਲ ਕੇ ਸਲਾਹ ਕੀਤੀ ਕਿ ਜਲਦੀ ਤੋਂ ਜਲਦੀ ਇੱਥੋਂ ਪੱਤਰਾ ਵਾਚਿਆ ਜਾਵੇ। ਪਰ ਰਾਣਾ ਆਪਣੀ ਵਾਰੀ ਲਈ ਇਨ੍ਹਾਂ ਤਿੰਨਾਂ ਅੱਗੇ ਅੜ ਗਿਆ ਅਤੇ ਜ਼ਿੱਦ ਕਰਕੇ ਅੰਦਰ ਚਲਾ ਗਿਆ। ਰਾਣੇ ਨੇ ਆਪਣੀ ਸੂਝ-ਬੂਝ ਅਤੇ ਦਲੇਰੀ ਨਾਲ ਤਲਿਸਮੀ ਮਹਿਲ ਦੀਆਂ ਸਾਰੀਆਂ ਮੁਸ਼ਕਲਾਂ ਨੂੰ ਪਾਰ ਕੀਤਾ ਅਤੇ ਮੂਮਲ ਪਾਸ ਜਾ ਪਹੁੰਚਿਆ। ਰਾਣੇ ਦਾ ਰੂਪ ਅਤੇ ਡੀਲ-ਡੌਲ ਮੂਮਲ ਨੂੰ ਭਾ ਗਏ, ਇਹੀ ਹਾਲ ਰਾਣੇ ਦਾ ਮੂਮਲ ਨੂੰ ਵੇਖ ਕੇ ਹੋਇਆ। ਬਾਅਦ ਵਿੱਚ ਮੂਮਲ ਦੇ ਸਾਰੇ ਸਵਾਲਾਂ ਦਾ ਜਵਾਬ ਵੀ ਰਾਣੇ ਨੇ ਬੜੀ ਸਿਆਣਪ ਨਾਲ ਦਿੱਤਾ, ਮੂਮਲ ਬੜੀ ਖ਼ੁਸ਼ ਹੋਈ ਅਤੇ 'ਜੈ ਮਾਲਾ' ਰਾਣੇ ਦੇ ਗਲ ਪਾ ਦਿੱਤੀ। ਰੱਬ ਨੂੰ ਜਾਮਨ ਮੰਨ ਦੋਵਾਂ ਨੇ ਗੰਧਰਵ ਵਿਆਹ ਕੀਤਾ ਅਤੇ ਇੱਕ ਦੂਜੇ ਨੂੰ ਪਤੀ ਪਤਨੀ ਦੇ ਰੂਪ ਵਿੱਚ ਸਵੀਕਾਰ ਕੀਤਾ।

ਬਾਅਦ ਵਿੱਚ ਮਹਿਲ ਤੋਂ ਬਾਹਰ ਆ ਰਾਣੇ ਨੇ ਆਪਣੇ ਸਾਥੀਆਂ ਨੂੰ ਆਪਣੀ ਸਫਲਤਾ ਬਾਰੇ ਦੱਸਿਆ ਤਾਂ ਉਨ੍ਹਾਂ ਨੇ ਮੂਮਲ ਨੂੰ ਵੇਖਣ ਦੀ ਇੱਛਾ ਜਤਾਈ। ਮੂਮਲ ਨੂੰ ਮਿਲ ਕੇ ਸਾਰੇ ਬੜੇ ਖੁਸ਼ ਸਨ ਤੇ ਰਾਣੇ ਨੂੰ ਵਧਾਈਆਂ ਦਿੰਦੇ ਸਨ ਪਰ ਰਾਜਾ ਹਮੀਰ ਅੰਦਰੋਂ ਅੰਦਰ ਰਾਣੇ ਨਾਲ ਖ਼ਾਰ ਖਾਣ ਲੱਗਾ। ਮਹਿਲ ਤੋਂ ਬਾਹਰ ਆ ਕੇ ਉਹਨੇ ਡੂਨਰ ਅਤੇ ਸੂਮਰੋ ਨੂੰ ਡਰਾ ਧਮਕਾ ਕੇ ਨਾਲ ਮਿਲਾ ਲਿਆ। ਰਾਣੇ ਨੂੰ ਨਸ਼ੀਲੀ ਚੀਜ਼ ਖੁਆ ਬੇਸੁੱਧ ਕੀਤਾ ਗਿਆ, ਧੋਖੇ ਨਾਲ ਹੱਥ ਪੈਰ ਬੰਨ੍ਹ ਕੇ ਊਠ ‘ਤੇ ਲੱਦਿਆ ਅਤੇ ਉਮਰਕੋਟ ਲਿਆ ਰਾਣੇ ਨੂੰ ਕੈਦ ਕਰ ਦਿੱਤਾ। ਰਾਣਾ ਕੈਦ ਵਿੱਚ ਮੂਮਲ ਨੂੰ ਮਿਲਣ ਲਈ ਤੜਫਦਾ ਰਿਹਾ। ਜਦੋਂ ਇਸਦੀ ਖ਼ਬਰ ਰਾਣੇ ਦੀ ਭੈਣ ਤੇ ਰਾਜੇ ਹਮੀਰ ਦੀ ਪਤਨੀ ਨੂੰ ਲੱਗੀ ਤਾਂ ਉਹਨੇ ਰਾਜੇ ਹਮੀਰ ਦੀਆਂ ਮਿੰਨਤਾਂ ਤਰਲੇ ਕਰਕੇ ਰਾਣੇ ਨੂੰ ਅਜ਼ਾਦ ਕਰਵਾਇਆ। ਅਜ਼ਾਦ ਹੁੰਦਿਆਂ ਹੀ ਰਾਣਾ ਮਹੇਂਦਰ ਨੇ ਰਾਮੂੜੇ ਰਾਇਕਾ (ਰਾਜਸਥਾਨ ਅਤੇ ਸਿੰਧ ਵਿੱਚ ਵੱਸਦਾ ਰਾਇਕਾ ਕਬੀਲਾ ਜੋ ਅੱਜ ਵੀ ਵਧੀਆ ਤੋਂ ਵਧੀਆ ਨਸਲ ਦੇ ਊਠ ਪਾਲਦਾ ਹੈ) ਕੋਲ਼ੋਂ ‘ਚੀਤਲ’ ਨਾਂ ਦਾ ਇੱਕ ਤੇਜ਼ ਦੌੜਨ ਵਾਲਾ ਊਠ ਖ਼ਰੀਦਿਆ ਜੋ ਹਵਾ ਵਾਂਗ ਤੇਜ਼ ਦੌੜ ਸਕਦਾ ਸੀ।

ਰਾਣਾ ਰਾਤ ਦੇ ਪਹਿਲੇ ਪਹਿਰ ਚੀਤਲ ‘ਤੇ ਸਵਾਰ ਹੁੰਦਾ ਅਤੇ ਕਾਕ ਮਹਿਲ ਜਾ ਪਹੁੰਚਦਾ। ਸਾਰੀ ਰਾਤ ਮੂਮਲ ਕੋਲ ਗੁਜ਼ਾਰਦਾ ਤੇ ਰਾਤ ਦੇ ਆਖਰੀ ਪਹਿਰ ਸੂਰਜ ਚੜ੍ਹਨ ਤੋਂ ਪਹਿਲਾਂ ਵਾਪਸ ਉਮਰਕੋਟ ਆ ਜਾਂਦਾ। ਕਈ ਮਹੀਨੇ ਇਵੇਂ ਹੀ ਰਾਣਾ ਮਹੇਂਦਰ ਤੇ ਮੂਮਲ ਮਿਲਦੇ ਰਹੇ। ਆਖ਼ਰ ਇੱਕ ਦਿਨ ਇਹ ਖ਼ਬਰ ਰਾਜੇ ਹਮੀਰ ਨੂੰ ਪਤਾ ਲੱਗੀ ਤਾਂ ਉਸਨੇ ਆਪਣੇ ਸਿਪਾਹੀਆਂ ਨੂੰ ਹੁਕਮ ਦਿੱਤਾ ਕਿ ਹੁਣ ਜਦੋਂ ਰਾਣਾ ਘਰ ਆਇਆ ਤਾਂ ਚੀਤਲ ਦੇ ਪੈਰ ਜ਼ਖਮੀ ਕਰ ਦਿੱਤੇ ਜਾਣ। ਅਜਿਹਾ ਹੀ ਕੀਤਾ ਗਿਆ, ਚੀਤਲ ਦੇ ਪੈਰਾਂ ਵਿੱਚ ਲੋਹੇ ਦੇ ਕਿੱਲ ਠੋਕ ਦਿੱਤੇ ਗਏ, ਲੱਤਾਂ ਤੋੜ ਦਿੱਤੀਆਂ ਗਈਆਂ ਤੇ ਬੇਜ਼ੁਬਾਨ ਜਾਨਵਰ ਜ਼ਖ਼ਮਾਂ ਦੀ ਤਾਬ ਨਾ ਝੱਲਦਾ ਮਰ ਗਿਆ।

ਜਿੱਥੇ ਪਿਛਲੇ ਕੁਝ ਦਿਨਾਂ ਤੋਂ ਰਾਣਾ ਮੂਮਲ ਨੂੰ ਨਾ ਮਿਲ ਸਕਣ ਕਰਕੇ ਦੁਖੀ ਸੀ ਤਾਂ ਰਾਣੇ ਨੂੰ ਚੀਤਲ ਦਾ ਵੀ ਬੜਾ ਦੁੱਖ ਲੱਗਾ। ਇੱਕ ਦਿਨ ਰਾਣੇ ਨੂੰ ਤੇਜ਼ ਦੌੜਨ ਵਾਲਾ ਇੱਕ ਹੋਰ ਊਠ ਮਿਲ ਗਿਆ, ਇਹ ਭਾਂਵੇ ਚੀਤਲ ਜਿੰਨਾ ਤੇਜ਼ ਤਾਂ ਨਹੀ ਸੀ ਪਰ ਰਾਣਾ ਖ਼ੁਸ਼ ਸੀ ਕਿ ਅੱਜ ਰਾਤ ਉਹ ਮੂਮਲ ਕੋਲ ਜਾ ਸਕਦਾ ਸੀ। ਉੱਧਰ ਮੂਮਲ ਰਾਣੇ ਨੂੰ ਰੋਜ਼ ਉਡੀਕਦੀ ਰਹਿੰਦੀ ਪਰ ਰਾਣਾ ਨਾ ਆਉਂਦਾ। ਰਾਣੇ ਦੀ ਜੁਦਾਈ ਵਿੱਚ ਉਸਦੀ ਸਾਰੀ ਰਾਤ ਰੋਂਦੀ ਦੀ ਲੰਘਦੀ। ਸੂਮਲ ਤੋਂ ਆਪਣੀ ਪਿਆਰੀ ਭੈਣ ਮੂਮਲ ਦਾ ਇਹ ਹਾਲ ਬਹੁਤਾ ਚਿਰ ਨਾ ਵੇਖਿਆ ਗਿਆ। ਇੱਕ ਰਾਤ ਉਹ ਮੂਮਲ ਦਾ ਦਿਲ ਬਹਿਲਾਉਣ ਲਈ ਰਾਣੇ ਵਾਂਗ ਮਰਦਾਵੇਂ ਲੀੜੇ ਪਾ ਕੇ ਅਤੇ ਨਕਲੀ ਮੁੱਛਾਂ ਲਾ ਕੇ ਮੂਮਲ ਦੇ ਕਮਰੇ ਵਿੱਚ ਆਈ। ਦੋਵੇਂ ਭੈਣਾਂ ਹੱਸਦੀਆਂ ਖੇਡਦੀਆਂ ਓਵੇਂ ਹੀ ਸੌਂ ਗਈਆਂ। ਇਹ ਉਹੀ ਰਾਤ ਸੀ ਜਦੋਂ ਰਾਣੇ ਨੂੰ ਦੂਜਾ ਊਠ ਮਿਲਿਆ ਤੇ ਉਹ ਇਸ ਤੇ ਸਵਾਰ ਹੋ ਕੇ ਖ਼ੁਸ਼ੀ-ਖ਼ੁਸ਼ੀ ਲੌਦਰਵਾ ਆ ਰਿਹਾ ਸੀ।

ਕਾਕ ਮਹਿਲ ਪਹੁੰਚ ਕੇ ਜਦੋਂ ਰਾਣਾ ਮੂਮਲ ਦੇ ਕਮਰੇ ਵਿੱਚ ਵੜਿਆ ਤਾਂ ਮੂਮਲ ਨਾਲ ਮਰਦ ਦੇ ਭੇਸ ਵਿੱਚ ਪਈ ਉਸਦੀ ਭੈਣ ਸੂਮਲ ਨੂੰ ਪਛਾਣ ਨਾ ਸਕਿਆ। ਰਾਣੇ ਨੇ ਮੂਮਲ ਦੇ ਚਰਿੱਤਰ ਨੂੰ ਦਾਗ਼ਦਾਰ ਸਮਝਿਆ ਤੇ ਉਨ੍ਹੀਂ ਪੈਰੀਂ ਮੁੜ ਗਿਆ। ਕਾਹਲੀ ਵਿੱਚ ਮੁੜਿਆ ਰਾਣਾ ਆਪਣੀ ਸੋਟੀ ਮੂਮਲ ਦੇ ਕਮਰੇ ਵਿੱਚ ਹੀ ਛੱਡ ਗਿਆ। ਜਦੋਂ ਸਵੇਰੇ ਮੂਮਲ ਨੂੰ ਜਾਗ ਆਈ ਤਾਂ ਰਾਣੇ ਦੀ ਸੋਟੀ ਵੇਖਕੇ ਉਹ ਸਮਝ ਗਈ ਕਿ ਬੀਤੀ ਰਾਤ ਰਾਣਾ ਆਇਆ ਸੀ ਪਰ ਮਰਦਾਵੇਂ ਭੇਸ ਵਿੱਚ ਨਾਲ ਸੁੱਤੀ ਸੂਮਲ ਨੂੰ ਓਪਰਾ ਮਰਦ ਸਮਝ ਕੇ ਹੀ ਮੁੜ ਗਿਆ ਅਤੇ ਯਕੀਨ ਹੋ ਗਿਆ ਕਿ ਰਾਣੇ ਦੀ ਰਾਜਪੂਤੀ ਅਣਖ ਨੂੰ ਧੱਕਾ ਲੱਗਾ ਹੈ। ਮੂਮਲ ਨੇ ਆਪਣੇ ਨੌਕਰਾਂ ਹੱਥ ਰਾਣੇ ਵੱਲ ਕਈ ਲਿਖਤੀ ਸੁਨੇਹੇ ਘੱਲੇ ਪਰ ਰਾਣੇ ਨੇ ਕੋਈ ਪਰਵਾਹ ਨਾ ਕੀਤੀ।

ਥੱਕ ਹਾਰ ਕੇ ਇੱਕ ਦਿਨ ਮੂਮਲ ਉਮਰਕੋਟ ਆ ਗਈ ਤੇ ਇੱਕ ਸੌਦਾਗਰ ਦਾ ਭੇਸ ਵਟਾ ਲਿਆ ਅਤੇ ਰਾਣੇ ਦੇ ਮਹਿਲ ਸਾਹਮਣੇ ਇੱਕ ਘਰ ਵਿੱਚ ਰਹਿਣ ਲੱਗੀ। ਸੌਦਾਗਰ ਬਣੀ ਮੂਮਲ ਨੇ ਹੌਲੀ ਹੌਲੀ ਰਾਣੇ ਨਾਲ ਮਿੱਤਰਤਾ ਗੰਢ ਲਈ। ਇੱਕ ਦਿਨ ਦੋਵੇਂ ਚੌਸਰ ਖੇਡ ਰਹੇ ਸਨ ਕਿ ਮੂਮਲ ਦੇ ਮੋਢਿਆਂ ਤੋਂ ਕੱਪੜਾ ਖਿਸਕ ਗਿਆ। ਰਾਣੇ ਨੇ ਮੂਮਲ ਨੂੰ ਪਛਾਣ ਲਿਆ ਅਤੇ ਗੁੱਸੇ ਵਿੱਚ ਉੱਠ ਕੇ ਤੁਰ ਪਿਆ। ਮੂਮਲ ਨੇ ਰਾਣੇ ਦੇ ਪੈਰੀਂ ਪੈ ਕੇ ਆਪਣੀ ਪਾਕ ਦਾਮਨੀ ਦੇ ਵਾਸਤੇ ਪਾਏ ਅਤੇ ਸਬੂਤ ਦੇਣ ਦੀ ਗੱਲ ਵੀ ਕਹੀ, ਪਰ ਰਾਣੇ ਨੇ ਉਸਦੀ ਇੱਕ ਨਾ ਮੰਨੀ। ਮੂਮਲ ਰੋਂਦੀ ਕੁਰਲਾਉਂਦੀ ਤੇ ਨਿਰਾਸ਼ਾ ਆਪਣੇ ਪੱਲੇ ਬੰਨ੍ਹ ਕੇ ਵਾਪਸ ਕਾਕ ਮਹਿਲ ਆ ਗਈ। ਇੱਥੇ ਉਸਨੇ ਇੱਕ ਚਿਤਾ ਤਿਆਰ ਕੀਤੀ, ਚਿਤਾ ਨੂੰ ਲਾਂਬੂ ਲਾ ਕੇ ਉਸ ਵਿੱਚ ਛਾਲ ਮਾਰ ਦਿੱਤੀ। ਓਧਰ ਮੂਮਲ ਦੇ ਨੌਕਰਾਂ ਨੇ ਰਾਣੇ ਨੂੰ ਇਸਦੀ ਖ਼ਬਰ ਭੇਜੀ ਤਾਂ ਰਾਣਾ ਕਾਹਲੀ ਵਿੱਚ ਕਾਕ ਮਹਿਲ ਪਹੁੰਚਿਆ, ਪਰ ਜਦੋਂ ਤੱਕ ਰਾਣਾ ਅੱਪੜਿਆ ਤਾਂ ਮੂਮਲ ਅੱਗ ਵਿੱਚ ਸੜ ਰਹੀ ਸੀ। ਉਸੇ ਅੱਗ ਵਿੱਚ ਹੀ ਰਾਣੇ ਨੇ ਛਾਲ ਮਾਰੀ ਅਤੇ ਮੂਮਲ ਦੇ ਨਾਲ ਹੀ ਸੜ ਕੇ ਸੁਆਹ ਹੋ ਗਿਆ।

ਜਜੈਸਲਮੇਰ ਇਲਾਕੇ ਦੇ ਲੋਕ ਗੀਤਾਂ ਅਤੇ ਕਥਾਵਾਂ ਵਿੱਚ 'ਰਾਣਾ ਮਹੇਂਦਰ' ਅਤੇ 'ਮੂਮਲ' ਦੀ ਪ੍ਰੀਤ ਕਹਾਣੀ ਸਿੰਧ ਵਿੱਚ ਪ੍ਰਚਲਿਤ ਕਹਾਣੀ ਨਾਲੋਂ ਕੁਝ ਵੱਖਰੀ ਹੈ। ਇੰਨ੍ਹਾਂ ਵਿੱਚ ਜ਼ਿਕਰ ਮਿਲਦਾ ਹੈ ਕਿ ਰਾਣਾ ਮਹੇਂਦਰ ਉਮਰਕੋਟ ਦੇ ਰਾਜੇ ਵੀਸਲਦੇ ਸੋਢਾ ਦਾ ਇਕਲੌਤਾ ਪੁੱਤਰ ਸੀ। ਬਚਪਨ ਵਿੱਚ ਹੀ ਰਾਜੇ ਵੀਸਲਦੇ ਨੇ ਰਾਣਾ ਮਹੇਂਦਰ ਦੇ ਸੱਤ ਵਿਆਹ ਅਲੱਗ-ਅਲੱਗ ਰਾਜਪੂਤ ਘਰਾਣਿਆਂ ਵਿੱਚ ਕਰਵਾ ਦਿੱਤੇ ਸਨ। ਰਾਣੇ ਦੀ ਭੈਣ ਗੁਜਰਾਤ ਦੇ ਕੱਛ ਇਲਾਕੇ ਦੇ ਰਾਜੇ ਹਮੀਰ ਜੁਡੇਜਾ ਨਾਲ ਵਿਆਹੀ ਗਈ ਸੀ। ਰਾਜਾ ਹਮੀਰ ਤੇ ਰਾਣਾ ਹਾਣੋ ਹਾਣੀ ਅਤੇ ਗੂੜ੍ਹੇ ਮਿੱਤਰ ਸਨ ਤੇ ਇਹੀ ਦੋਵੇਂ ਸ਼ਿਕਾਰ ਖੇਡਦੇ ਮਾਰੂ ਦੇਸ਼ ਵਿੱਚ ਕਾਕ ਮਹਿਲ ਪਹੁੰਚੇ ਸਨ।

ਬਾਅਦ ਵਿੱਚ ਜਦੋਂ ਚੀਤਲ ‘ਤੇ ਸਵਾਰ ਹੋ ਹਰ ਰਾਤ ਰਾਣਾ ਮੂਮਲ ਨੂੰ ਮਿਲਣ ਕਾਕ ਮਹਿਲ ਜਾਂਦਾ ਤਾਂ ਰਾਣੇ ਦੀ ਸਭ ਤੋਂ ਛੋਟੀ ਰਾਣੀ ਨੇ ਇਹ ਭੇਦ ਆਪਣੇ ਸੱਸ ਸਹੁਰੇ ਤੇ ਹੋਰਨਾਂ ਰਾਣੀਆਂ ਨਾਲ ਸਾਂਝਾ ਕੀਤਾ। ਉਸਨੇ ਦੱਸਿਆ ਕਿ ਜਦੋਂ ਰਾਣਾ ਰਾਤ ਮੁੱਕਣ ਵੇਲੇ ਵਾਪਸ ਆਉਂਦਾ ਹੈ ਤਾਂ ਪਾਣੀ ਨਾਲ ਭਿੱਜਿਆ ਆਉਂਦਾ ਹੈ। ਰਾਜਾ ਵੀਸਲਦੇ ਨੇ ਛੋਟੀ ਰਾਣੀ ਨੂੰ ਕਿਹਾ ਕਿ ਜਦੋਂ ਰਾਣਾ ਹੁਣ ਆਵੇ ਤਾਂ ਉਹ ਪਾਣੀ ਕਿਸੇ ਭਾਂਡੇ ਵਿੱਚ ‘ਕੱਠਾ ਕਰਕੇ ਉਸ ਕੋਲ ਲਿਆਵੇ। ਛੋਟੀ ਰਾਣੀ ਨੇ ਅਜਿਹਾ ਹੀ ਕੀਤਾ, ਸੌ ਕੋਹ ਦੇ ਸਫ਼ਰ ਤੋਂ ਥੱਕਿਆ ਰਾਣਾ ਜਦੋਂ ਸੁੱਤਾ ਤਾਂ ਛੋਟੀ ਰਾਣੀ ਨੇ ਰਾਣੇ ਦੇ ਕੇਸਾਂ ਵਿੱਚੋਂ ਪਾਣੀ ਨਿਚੋੜ ਕੇ ਕੌਲੀ ਵਿੱਚ ਪਾਇਆ। ਰਾਜਾ ਵੀਸਲਦੇ ਨੇ ਜਦੋਂ ਇਹ ਪਾਣੀ ਦੀ ਘੁੱਟ ਭਰੀ ਤਾਂ ਉਹ ਬੁੱਝ ਗਿਆ ਕਿ ਇਹ ਪਾਣੀ ਕਾਕ ਨਦੀ ਦਾ ਹੈ। ਕਾਕ ਨਦੀ ਦਾ ਨਾਂ ਸੁਣਕੇ ਸਾਰੇ ਸਮਝ ਗਏ ਕਿ ਰਾਣਾ ਰੋਜ਼ ਰਾਤ ਕਿੱਥੇ ਜਾਂਦਾ ਹੈ, ਕਿਉਂਕਿ ਮੂਮਲ ਦੇ ਰੂਪ ਅਤੇ ਤਲਿਸਮੀ ਕਾਕ ਮਹਿਲ ਦੀਆਂ ਖ਼ਬਰਾਂ ਸਭ ਨੇ ਸੁਣੀਆਂ ਸਨ।

ਰਾਣੇ ਦੀਆਂ ਸਾਰੀਆਂ ਰਾਣੀਆਂ ਨੇ ਮੂਮਲ ਤੋਂ ਈਰਖਾ ਖਾਧੀ ਤੇ ਇੱਕ ਦਿਨ ਚੀਤਲ ਜ਼ਖਮੀ ਕਰਵਾ ਦਿੱਤਾ ਤਾਂ ਕਿ ਰਾਣਾ ਲੌਦਰਵਾ ਨਾ ਜਾ ਸਕੇ। ਬਾਅਦ ਵਿੱਚ ਰਾਣੇ ਦਾ ਸ਼ੱਕ ਦੂਰ ਕਰਨ ਲਈ ਜਦੋਂ ਮੂਮਲ ਉਮਰਕੋਟ ਆਈ ਤਾਂ ਗਵੱਈਆਂ ਦੀ ਇੱਕ ਟੋਲੀ ਨਾਲ ਲਿਆਈ। ਰਾਤ ਨੂੰ ਮਹਿਫ਼ਲ ਵਿੱਚ ਜਦੋਂ ਗਵੱਈਆਂ ਨੇ ਸਾਰਾ ਹਾਲ ਗਾ ਕੇ ਸੁਣਾਇਆ ਤਾਂ ਰਾਣੇ ਨੂੰ ਯਕੀਨ ਹੋ ਗਿਆ ਕਿ ਮੂਮਲ ਪਾਕ ਦਾਮਨ ਹੈ। ਰਾਣੇ ਨੇ ਹੋਰ ਪਤਿਆਉਣ ਲਈ ਮੂਮਲ ਵੱਲ ਝੂਠੀ ਖ਼ਬਰ ਭਿਜਵਾਈ ਕਿ ਰਾਣੇ ਨੂੰ ਕਾਲੇ ਨਾਗ ਨੇ ਡੰਗ ਲਿਆ ਅਤੇ ਜ਼ਹਿਰ ਚੜ੍ਹਨ ਕਰਕੇ ਉਹ ਮਰ ਗਿਆ ਹੈ। ਮੂਮਲ ਨੇ ਜਦੋਂ ਇਹ ਖ਼ਬਰ ਸੁਣੀ ਤਾਂ ਉਸਨੇ ਉੱਥੇ ਹੀ ਦਮ ਤੋੜ ਦਿੱਤਾ। ਜਦੋਂ ਰਾਣੇ ਨੂੰ ਇਹ ਖ਼ਬਰ ਸੁਣਾਈ ਗਈ ਤਾਂ ਰਾਣਾ ਆਪਣੇ ਕੀਤੇ ਤੇ ਪਛਤਾਇਆ। ਮੂਮਲ ਦੀ ਮੌਤ ਦੇ ਦੁੱਖ ਵਿੱਚ ਰਾਣਾ ਪਾਗਲ ਹੋ ਗਿਆ ਅਤੇ ਥਰ ਦੇ ਰੇਤਲੇ ਟਿੱਬਿਆਂ ਵਿੱਚ ਭਟਕਦਾ ਮਰ ਗਿਆ।

ਕਈ ਸਾਲਾਂ ਬਾਅਦ ਲੌਦਰਵਾ ਸ਼ਹਿਰ ਉਜਾੜ ਗਿਆ। ਕਾਕ ਨਦੀ ਦਾ ਸਾਰਾ ਪਾਣੀ ਤਪਦਾ ਮਾਰੂਥਲ ਹੌਲੀ ਹੌਲੀ ਪੀ ਗਿਆ ਪਰ ਨਦੀ ਦੇ ਸੁੱਕੇ ਕੰਢਿਆਂ ਤੇ ਅੱਜ ਵੀ ਮੂਮਲ ਦੀ ਮਾੜੀ (ਮਹਿਲ) ਦੀਆਂ ਕੁਝ ਨਿਸ਼ਾਨੀਆਂ ਖੰਡਰਾਂ ਦੇ ਰੂਪ ਵਿੱਚ ਮੌਜੂਦ ਹਨ। ਸਥਾਨਕ ਲੋਕਾਂ ਦਾ ਸਦੀਆਂ ਤੋਂ ਇਹ ਵਿਸ਼ਵਾਸ ਹੈ ਕਿ ਇਹ ਖੰਡਰ ਕਾਕ ਮਹਿਲ ਦੇ ਹੀ ਹਨ ਜੋ ਇਸ ਅਮਰ ਪ੍ਰੀਤ ਕਹਾਣੀ ਦੇ ਗਵਾਹ ਹਨ। ਕਾਕ ਨਦੀ, ਕਾਕ ਮਹਿਲ, ਰਾਣਾ ਮਹੇਂਦਰ, ਮੂਮਲ, ਸੂਮਲ ਅਤੇ ਚੀਤਲ ਲੋਕ ਗੀਤਾਂ ਅਤੇ ਕਹਾਣੀਆਂ ਦੇ ਰੂਪ ਵਿੱਚ ਅੱਜ ਵੀ ਸਿੰਧੀ ਅਤੇ ਰਾਜਸਥਾਨੀ ਲੋਕ-ਧਾਰਾ ਵਿੱਚ ਜਿਉਂ ਦੇ ਤਿਉਂ ਮੌਜੂਦ ਹਨ।

‘ਹਾਲੇ ਨੀ ਮੂਮਲ ਮਾਹਰੀ ਅਮਰਾਣੇ ਰੇ ਦੇਸ….’
(ਮੇਰੀ ਮੂਮਲ ਮੇਰੇ ਨਾਲ ਮੇਰੇ ਦੇਸ਼ ਉਮਰਕੋਟ ਚੱਲ)-   ਰਾਜਸਥਾਨੀ ਗੀਤ

‘ਆਓ ਰਾਣਾ ਰਹੁ ਰਾਤ, ਤੁਹਜੇ ਚਾਂਗੇ ਕੇ ਚੰਦਨ ਚਾਰਿਆ….’
(ਰਾਣੇ ਆ ਕੇ ਰਾਤ ਗੁਜ਼ਾਰ, ਤੇਰੇ ਊਠ ਨੂੰ ਚੰਦਨ ਚਾਰਾਂਗੀ)-  ਸ਼ਾਹ ਜੋ ਰਸਾਲੋ

ਸਿੰਧ ਅਤੇ ਰਾਜਸਥਾਨ ਵਿਚਕਾਰ ਭਾਂਵੇ ਭਾਰਤ-ਪਾਕ ਦੀ ਅੰਤਰਰਾਸ਼ਟਰੀ ਸਰਹੱਦ ਬਣਨ ਨਾਲ ਲੋਕ ਵੰਡੇ ਗਏ, ਪਰ ਮੂਮਲ ਤੇ ਰਾਣਾ ਮਹੇਂਦਰ ਦੀ ਪ੍ਰੀਤ ਕਹਾਣੀ ਸਿੰਧ ਅਤੇ ਰਾਜਸਥਾਨ ਦੀਆਂ ਫਿਜ਼ਾਵਾਂ ਵਿੱਚ ਅੱਜ ਵੀ ਸਾਂਝੇ ਤੌਰ ਤੇ ਗੂੰਜਦੀ ਹੈ। ਮਾਰੂ ਦੇਸ਼ ਵਿੱਚ ਅੱਜ ਵੀ ਕਿਸੇ ਰੂਪਵਤੀ ਮੁਟਿਆਰ ਦੀ ਤੁਲਨਾ ਮੂਮਲ ਨਾਲ ਕੀਤੀ ਜਾਂਦੀ ਹੈ।

ਲਖਵਿੰਦਰ ਜੌਹਲ ‘ਧੱਲੇਕੇ’
ਫ਼ੋਨ ਨੰ:- +919815959476
ਈਮੇਲ:- johallakwinder@gmail.com

 

 

023ਸਿੰਧ ਤੇ ਮਾਰੂ ਦੇਸ਼ ਦੀ ਪ੍ਰੀਤ ਕਹਾਣੀ ‘ਮੂਮਲ ਅਤੇ ਰਾਣਾ ਮਹੇਂਦਰ’ 
ਲਖਵਿੰਦਰ ਜੌਹਲ ਧੱਲੇਕੇ
022ਰੋਹੀ ਦਾ ਪੈਦਲ ਸਫ਼ਰ
ਲਖਵਿੰਦਰ ਜੌਹਲ ਧੱਲੇਕੇ
021ਮਾਂ ਜੀ ਤੇਰੇ ਦੋ ਪਿੰਡ ਆ? 
ਲਖਵਿੰਦਰ ਜੌਹਲ ਧੱਲੇਕੇ
020-1ਸਾਂਝੇ ਪੰਜਾਬ ਦੇ ਸਾਂਝੇ ਨਾਇਕ ਚੌਧਰੀ ਛੋਟੂ ਰਾਮ
ਲਖਵਿੰਦਰ ਜੌਹਲ ਧੱਲੇਕੇ
019-2‘ਬਾਰ’ ਵਾਲੇ ਚੱਕ 200 ਕਰਤਾਰਪੁਰ ਦੀਆਂ ਕੁਝ ਯਾਦਾਂ
ਲਖਵਿੰਦਰ ਜੌਹਲ ਧੱਲੇਕੇ
019‘ਬਾਰ’ ਵਾਲੇ ਚੱਕ 200 ਕਰਤਾਰਪੁਰ ਦੀਆਂ ਕੁਝ ਯਾਦਾਂ
ਲਖਵਿੰਦਰ ਜੌਹਲ ਧੱਲੇਕੇ
018ਢਹਿੰਦੇ ਕਿੰਗਰੇ 
ਡਾ. ਗੁਰਮਿੰਦਰ ਸਿੱਧੂ
17ਕਦੇ ਸ਼ਾਨ ਨਾਲ ਜਿਉਣ ਵਾਲੇ ਅਫ਼ਗਾਨਿਸਤਾਨ ਦੇ ਸਿੱਖ ਅੱਜ ਤਰਸਯੋਗ ਹਾਲਤ ਵਿਚ/a> 
ਹਰਜਿੰਦਰ ਸਿੰਘ ਲਾਲ
16ਨਾਨਕਾ ਪਿੰਡ, ਜੈਤੋ ਮੰਡੀ ਤੇ ਪਹੁ ਫੁਟਾਲੇ ਤੋਂ ਪਹਿਲਾਂ
ਲਖਵਿੰਦਰ ਜੌਹਲ ‘ਧੱਲੇਕੇ’
Lahore Amritsar‘ਲਾਹੌਰ’ ਅਤੇ ‘ਅੰਮ੍ਰਿਤਸਰ’ ਜੋ ਕਦੇ ਵੱਖ ਹੋ ਗਏ! 
ਲਖਵਿੰਦਰ ਜੌਹਲ ‘ਧੱਲੇਕੇ’
014ਧੱਲੇਕੇ ਪਿੰਡ ਦੇ ਇਤਿਹਾਸਕ ਦਰਵਾਜ਼ੇ
ਲਖਵਿੰਦਰ ਜੌਹਲ ‘ਧੱਲੇਕੇ’ 
013ਕਮਾਂਡਰ ਨਿਧਾਨ ਸਿੰਘ ਪੰਜ-ਹੱਥਾ
ਡਾ. ਹਰਸ਼ਿੰਦਰ ਕੌਰ, ਪਟਿਆਲਾ
vandਵੰਡ, ਉਜਾੜਾ 'ਤੇ ਸੱਭਿਆਚਾਰ ਦਾ ਪਤਨ
- ਲਖਵਿੰਦਰ ਜੌਹਲ ‘ਧੱਲੇਕੇ’ 
- ਭਾਗ ੧, ੨, ੩, ੪
011ਇਕ ਪਾਠਕ ਵੱਜੋਂ ਭਗਤ ਸਿੰਘ
ਹਰਜੋਤ ਓਬਰਾਏ (ਅਨੁਵਾਦ: ਸੁਖਵੰਤ ਹੁੰਦਲ )
ਸਾਰਾਗੜੀ ਦੇ 21 ਸਿੱਖ ਯੋਧੇ
ਜਸਪ੍ਰੀਤ ਸਿੰਘ, ਲੁਧਿਆਣਾ |
kuruਸ਼ਰਧਾ ਅਤੇ ਪ੍ਰੇਮ ਦਾ ਪ੍ਰਤੀਕ ਹੈ ਗੁਰਦੁਆਰਾ ਪਹਿਲੀ ਪਾਤਸ਼ਾਹੀ
ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ
dasam15 ਅਪ੍ਰੈਲ ਐਤਵਾਰ ਲਈ
ਦਸਮਪਿਤਾ ਦੇ ਜੀਵਨ ਦੀ ਪਹਿਲੀ ਜੰਗ: ਭੰਗਾਣੀ ਦਾ ਯੁੱਧ
ਰਣਜੀਤ ਸਿੰਘ ਪ੍ਰੀਤ
kaumiਇਤਿਹਾਸਕ ਦ੍ਰਿਸ਼ਟੀ ਤੋਂ: ਸਾਡਾ ਕੌਮੀ ਝੰਡਾ
ਰਣਜੀਤ ਸਿੰਘ ਪ੍ਰੀਤ
Banda... ਤੇ ਆਖਿਰ ਬੰਦਾ ਸਿੰਘ ਬਹਾਦਰ ਫੜਿਆ ਹੀ ਕਿਓਂ ਗਿਆ ?
ਡਾ ਗੁਰਮੀਤ ਸਿੰਘ ਬਰਸਾਲ ਸੈਨਹੋਜ਼ੇ
Loonaਲੂਣਾ ਦਾ ਪਿੰਡ: ਚਮਿਆਰੀ
ਜਤਿੰਦਰ ਸਿੰਘ ਔਲ਼ਖ
Sarhindਮਰਣੁ ਮੁਣਸਾਂ ਸੂਰਿਆ ਹਕੁ ਹੈ, ਜੋ ਹੋਇ ਮਰਨਿ ਪਰਵਾਣੋ॥ ਸਾਕਾ ਸਰਹੰਦ
ਇਕਵਾਕ ਸਿੰਘ ਪੱਟੀ
Katakਕੱਤਕ ਕਿ ਵੈਸਾਖ?
ਇਕਵਾਕ ਸਿੰਘ ਪੱਟੀ ਮੂਲ ਲੇਖਕ: ਕਰਮ ਸਿੰਘ ਹਿਸਟੋਰੀਅਨ
Roor singhਗਦਰੀ ਬਾਬਾ ਰੂੜ ਸਿੰਘ
ਦਰਸ਼ਨ ਸਿੰਘ ਭੁੱਲਰ

ਇਤਿਹਾਸਕ ਪੰਨੇ: ਹੋਰ ਲੇਖ

hore-arrow1gif.gif (1195 bytes)


Terms and Conditions/a>
Privacy Policy
© 1999-2022, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਸਾਹਿਤ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2022, 5abi.com