ਬੱਚਿਆਂ
ਲਈ ਨਾਨਕਾ ਪਿੰਡ ਸਵਰਗ ਵਰਗਾ ਹੁੰਦਾ ਏ, ਅੱਜ-ਕੱਲ੍ਹ ਬਦਲਦੇ ਦੌਰ ਨਾਲ ਭਾਂਵੇ
ਰਿਸ਼ਤਿਆਂ ਵਿੱਚ ਫ਼ਰਕ ਪੈਣ ਲੱਗ ਗਏ ਨੇ, ਵੱਡੇ ਹੋ ਕੇ ਭਾਂਵੇ ਆਪਸੀ ਦੂਰੀਆਂ ਵੀ
ਵੱਧ ਜਾਂਦੀਆਂ ਨੇ ਪਰ ਇਹ ਵੀ ਸੱਚ ਏ ਕਿ ਬਚਪਨ ਵਾਲਾ ਨਾਨਕਿਆਂ ਦਾ ਘਰ ਤੇ ਪਿੰਡ ਕਦੇ
ਵੀ ਨਹੀਂ ਭੁੱਲਦੇ। ਨਾਨਕਿਆਂ ਦਾ ਪਿੰਡ ਅਜਿਹੀ ਜਗ੍ਹਾ ਜਿੱਥੇ ਸਾਨੂੰ ਸਾਡੇ ਪਿਓ
ਦਾਦੇ ਦੇ ਨਾਂ ਦੀ ਬਜਾਏ ਮਾਂ ਦੇ ਨਾਂ ਨਾਲ ਜਾਣਿਆਂ ਜਾਂਦਾ ਏ। ਕੋਟਕਪੂਰਾ ਅਤੇ ਜੈਤੋ
ਤੋਂ ਲਗਪਗ
ਇੱਕੋ ਜਿਹੀ ਦੂਰੀ ਤੇ ਗੁਰੂ ਗੋਬਿੰਦ ਸਿੰਘ ਜੀ ਮਾਰਗ ਉੱਤੇ
ਸਥਿਤ ਹੈ ਮੇਰੇ ਨਾਨਕਿਆਂ ਦਾ ਪਿੰਡ ‘ਰੋਮਾਣਾ ਅਲਬੇਲ ਸਿੰਘ (ਜ਼ਿਲ੍ਹਾ ਫਰੀਦਕੋਟ)’,
ਇਸ ਪਿੰਡ ਦਾ ਕੋਈ ਬਹੁਤਾ ਲੰਮਾ ਚੌੜਾ ਇਤਿਹਾਸ ਤਾਂ ਨਹੀਂ ਪਰ ਐਨਾ ਕੁ ਜ਼ਿਕਰ ਮਿਲਦਾ
ਏ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਦਾ ਕਿਲਾ ਛੱਡਣ ਤੋਂ ਬਾਅਦ ਜਦੋਂ
ਮਾਲਵੇ ਵਿੱਚ ਵਿਚਰ ਰਹੇ ਸਨ ਤਾਂ ਕੁਝ ਪਲ ਲਈ ਇਸ ਪਿੰਡ ਦੇ ਬਾਹਰਵਾਰ ਰੁਕੇ ਸਨ
ਜਿੱਥੇ ਗੁਰੂ ਸਾਹਿਬ ਜੀ ਦੀ ਯਾਦ ਵਿੱਚ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਬਣਿਆ ਹੋਇਆ
ਏ।
ਪਿੰਡ ਦੇ ਚੜ੍ਹਦੇ ਪਾਸੇ ਪੁਰਾਣਾ ਰੇਲਵੇ ਸਟੇਸ਼ਨ ਵੀ ਹੈ ਅਤੇ ਇੱਥੋਂ
ਗੁਜ਼ਰਦੀ ਰੇਲ ਪਟੜੀ ਇਸ ਨਿੱਕੇ ਜਿਹੇ ਪਿੰਡ ਨੂੰ ਫ਼ਿਰੋਜ਼ਪੁਰ, ਬਠਿੰਡਾ ਅਤੇ ਦਿੱਲੀ
ਨਾਲ ਜੋੜਦੀ ਹੈ। ਪੰਜਾਬ ਵੰਡ ਤੋਂ ਪਹਿਲਾਂ ਇਹ ਰੇਲ ਪਟੜੀ ਇਸ ਪਿੰਡ ਨੂੰ ਵਾਇਆ
ਫ਼ਿਰੋਜ਼ਪੁਰ-ਕਸੂਰ ਰਾਹੀਂ ‘ਲਾਹੌਰ’ ਨਾਲ ਵੀ ਜੋੜਦੀ ਸੀ, ਅਤੇ ਉਸ ਸਮੇਂ ਇਹ ਪਿੰਡ
ਰਿਆਸਤ ਫਰੀਦਕੋਟ ਦਾ ਹਿੱਸਾ ਸੀ।
ਮੇਰੀ ਜੰਮਣ ਭੋਇ, ਮੇਰੇ ਨਾਨਕਿਆਂ ਦਾ ਘਰ
ਪਿੰਡ ਤੋਂ ਬਾਹਰਵਾਰ ‘ਕੋਠਿਆਂ’ ਵਿੱਚ ਹੈ। ਛੋਟੇ ਹੁੰਦਿਆਂ ਜਦੋਂ ਨਾਨਕੇ ਜਾਣਾ ਤਾਂ
ਆਸ ਪਾਸ ਘਰਾਂ ਦੀ ਗਿਣਤੀ ਕੋਈ ਖ਼ਾਸ ਨਹੀਂ ਸੀ ਹੁੰਦੀ ਪਰ ਹੁਣ ਕਾਫੀ ਨਵੇਂ ਘਰ ਬਣ
ਗਏ ਨੇ ਤੇ ਹੁਣ ਇਨ੍ਹਾਂ ਕੋਠਿਆਂ ਦੀ ਪੰਚਾਇਤ ਵੀ ਪਿੰਡ ਨਾਲ਼ੋਂ ਅਲੱਗ ਬਣਨ ਲੱਗ ਪਈ
ਹੈ। ਅਬੋਹਰ ਬ੍ਰਾਂਚ ਵਾਲੀ ਵੱਡੀ ਨਹਿਰ ਵੀ ਇਸ ਪਿੰਡ ਦੇ ਕੋਲ ਦੀ ਹੋ ਕੇ ਗੁਜ਼ਰਦੀ
ਹੈ, ਜਿੱਥੇ ਛੋਟੇ ਹੁੰਦੇ ਇਸ ਨਹਿਰ ਦੀ ਡੰਡੀ ਤੇ ਘੁੰਮਣ ਚਲੇ ਜਾਣਾ। ਲੰਘਦੀ ਹੋਈ
ਰੇਲ ਦੇ ਹਾਰਨ ਦੀ ਅਵਾਜ਼ ਸੁਣਕੇ ਭੱਜਕੇ ਦਰਵਾਜ਼ੇ ਵਿੱਚ ਚਲੇ ਜਾਣਾ ਤੇ ਉਨ੍ਹਾਂ ਚਿਰ
ਉਸਨੂੰ ਦੇਖੀ ਜਾਣਾ ਜਦੋਂ ਤੱਕ ਦੂਰ ਨਾ ਚਲੀ ਜਾਏ। ਨਾਨਕਿਆਂ ਦੇ ਪਰਿਵਾਰ ਵਿੱਚੋਂ
ਕੁਝ ਘਰ ਪਿੰਡ ਵਿੱਚ ਵੀ ਹਨ। ਕੋਠਿਆਂ ਤੋਂ ਪਿੰਡ ਦੇ ਵਿਚਕਾਰ ਪੈਂਦੀ ਰੇਲ ਪਟੜੀ ਤੇ
ਸਟੇਸ਼ਨ ਕੋਲੋਂ ਲੰਘਦੇ ਹੁਣ ਵੀ ਬਚਪਨ ਦੀਆਂ ਕਈ ਯਾਦਾਂ ਤਾਜ਼ੀਆਂ ਹੋ ਜਾਂਦੀਆਂ ਨੇ।
ਮੇਰੀ ਨਾਨੀ ਤੇ ਉਨ੍ਹਾਂ ਦੀ ਭੈਣ (ਮੇਰੀ ਵੱਡੀ ਨਾਨੀ) ਇੱਥੇ ਦੋਵੇਂ ਇੱਕੋ ਪਿੰਡ
ਵਿੱਚ ਹਨ। ਦੋਵੇਂ ਨਾਨੀਆਂ ਦਾ ਜਨਮ ਵੰਡ ਤੋਂ ਪਹਿਲਾਂ ਰਿਆਸਤ ਬਹਾਵਲਪੁਰ ਦਾ ਹੈ।
ਹੁਣ ਵੀ ਜਦੋਂ ਦੋਨੇ ਇਕੱਠੀਆਂ ਹੁੰਦੀਆਂ ਹਨ ਤਾਂ ਆਪਸੀ ਗੱਲਾਂ ਬਾਤਾਂ ਬਹਾਵਲਪੁਰੀ
ਲਹਿਜ਼ੇ ਵਿੱਚ ਹੀ ਹੁੰਦੀਆਂ ਨੇ।
ਨਾਨਕਿਆਂ ਦੇ ਪਿੰਡ ਤੋਂ ਅੱਗੇ ਆਉਂਦਾ ਹੈ
ਸ਼ਹਿਰ ‘ਗੰਗਸਰ ਜੈਤੋ’ ਜਿਸਨੂੰ ਇੱਥੋਂ ਦੇ ਉੱਘੇ ਲੇਖਕ ਮਰਹੂਮ ਗੁਰਦਿਆਲ ਸਿੰਘ
ਆਪਣੀਆਂ ਰਚਨਾਵਾਂ ਵਿੱਚ ‘ਜੈਤੋ ਮੰਡੀ’ ਵੀ ਲਿਖਦੇ ਨੇ ਕਿਉਕਿ ਲਫ਼ਜ਼ ‘ਮੰਡੀ’ ਮੇਰੇ
ਰਿਸ਼ਤੇਦਾਰ ਵੀ ਵਰਤਦੇ ਸੁਣੇ ਨੇ। ਇਹ ਸ਼ਹਿਰ 1923-24 ਈਸਵੀ ਵਿੱਚ ਇੱਥੇ ਲੱਗਣ
ਵਾਲੇ ਮੋਰਚੇ ਕਰਕੇ ਵੀ ਮਸ਼ਹੂਰ ਹੈ ਜਿਸਨੂੰ ਇਤਿਹਾਸ ਵਿੱਚ ‘ਜੈਤੋ ਦਾ ਮੋਰਚਾ’ ਕਰਕੇ
ਪੜ੍ਹਿਆ ਜਾਂਦਾ ਹੈ। ਇਹ ਸ਼ਹਿਰ ਵੰਡ ਤੋਂ ਪਹਿਲਾਂ ਰਿਆਸਤ ਨਾਭਾ ਦਾ ਹਿੱਸਾ ਹੁੰਦਾ
ਸੀ। ਇਸ ਸ਼ਹਿਰ ਨੂੰ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਚਰਨ ਛੋਹ
ਪ੍ਰਾਪਤ ਹੈ। ਇੱਥੇ ਗੁਰਦੁਆਰਾ ਟਿੱਬੀ ਸਾਹਿਬ ਅਤੇ ਗੁਰਦੁਆਰਾ ਗੰਗਸਰ ਸਾਹਿਬ
(ਜਿਸਨੂੰ ਜੈਤੋ ਵਾਲੇ ਵੱਡਾ ਗੁਰਦੁਆਰਾ ਵੀ ਕਹਿੰਦੇ ਹਨ) ਗੁਰੂ ਸਾਹਿਬ ਦੀ ਯਾਦ ਵਿੱਚ
ਸ਼ੁਸ਼ੋਭਿਤ ਹਨ। ਮੇਰੀਆਂ ਦੋਵੇਂ ਮਾਸੀਆਂ ਇਸੇ ਸ਼ਹਿਰ ਵਿੱਚ ਹੀ ਹਨ (ਛੋਟੀ ਮਾਸੀ ਜੀ
ਹੁਣ ਇਸ ਦੁਨੀਆਂ ਵਿੱਚ ਨਹੀਂ ਹਨ)। ਜਦੋਂ ਵੀ ਇੱਥੇ ਮਾਸੀ ਹੁਰਾਂ ਕੋਲ ਆਉਣਾ ਤਾਂ
ਦੋਨੋਂ ਗੁਰਦੁਆਰਾ ਸਾਹਿਬ ਵੀ ਆਉਣਾ ਹੀ ਹੁੰਦਾ ਸੀ।
ਹੁਣ ਅੱਗੇ ਗੱਲ ਕਰਦੇ
ਹਾਂ ਯਾਦਾਂ ਦੀ ਅਗਲੀ ਕੜੀ ਦੀ, ਜਦੋਂ ਨੌਂਵੀਂ ਦਸਵੀਂ ਕਲਾਸ ਵਿੱਚ ਹੋਏ ਤਾਂ ਸਾਨੂੰ
ਪੰਜਾਬੀ ਦੇ ਸਿਲੇਬਸ ਵਿੱਚ ਇੱਕ ਨਾਵਲ ਹੁੰਦਾ ਸੀ ‘ਪਹੁ ਫੁਟਾਲੇ ਤੋਂ ਪਹਿਲਾਂ’ ਜੋ
ਜੈਤੋ ਵਾਲੇ ਗੁਰਦਿਆਲ ਸਿੰਘ ਦੀ ਹੀ ਰਚਨਾ ਹੈ।
ਨਾਵਲ ਦੀ ਕਹਾਣੀ ਦੇ ਪਾਤਰ
ਤਿੰਨ ਦੋਸਤ ਨੱਥਾ, ਜਗਨਾ ਅਤੇ ਦੀਨਾ ਜੋ ਕਿ ਤਿੰਨੇ ਅਲੱਗ ਅਲੱਗ ਮਜ਼੍ਹਬਾਂ ਨਾਲ
ਸੰਬੰਧ ਰੱਖਦੇ ਸਨ। ਨਾਵਲ ਦੇ ਪਹਿਲੇ ਕਾਂਡਾਂ ਵਿੱਚ ‘ਜੈਤੋ ਦੇ ਮੋਰਚੇ’ ਦਾ ਬਿਰਤਾਂਤ
ਨੰਦ ਸਿੰਘ ਆਪਣੇ ਪੁੱਤਰ ਨੱਥੇ ਨੂੰ ਸੁਣਾਉਂਦੇ ਹੋਏ ਜੈਤੋ ਦੇ ਆਸ ਪਾਸ ਵਾਲੇ
ਪਿੰਡਾਂ, ਦੋਵੇਂ ਗੁਰਦੁਆਰਿਆਂ ਅਤੇ ਟਿੱਬੀ ਸਾਹਿਬ ਵਿੱਚ ਲੱਗੀ ਸ਼ਹੀਦਾਂ ਦੇ ਨਾਵਾਂ
ਵਾਲੀ ਸਿੱਲ ਦਾ ਜ਼ਿਕਰ ਕਰਦਾ ਹੈ। ਮੋਰਚੇ ਦੀਆਂ ਘਟਨਾਵਾਂ ਸੁਣਕੇ ਪੰਡਿਤ ਜਵਾਹਰ ਲਾਲ
ਨਹਿਰੂ ਵੀ ਜੈਤੋ ਪਹੁੰਚਦਾ ਹੈ ਤੇ ਗ੍ਰਿਫਤਾਰ ਹੁੰਦਾ ਹੈ। ਜਿੱਥੇ ਕੈਦ ਕਰਕੇ ਰੱਖਿਆ
ਜਾਂਦਾ ਹੈ ਉਸ ਜੇਲ ਦਾ ਵੀ ਜ਼ਿਕਰ ਕਰਦਾ ਹੈ।
ਮੈਂ ਇਹ ਸਾਰੀਆਂ ਥਾਂਵਾਂ
ਵੇਖੀਆਂ ਹੋਈਆਂ ਨੇ, ਜਿਸ ਕਰਕੇ ਮੈਂ ਇਸ ਕਹਾਣੀ ਨੂੰ ਮਹਿਸੂਸ ਵੀ ਕਰਦਾ ਹਾਂ ਤੇ
ਉਨ੍ਹਾਂ ਥਾਂਵਾਂ ਤੇ ਜਾ ਕੇ ਕਲਪਨਾ ਕਰਦਾ ਹਾਂ ਕਿ ਇੱਥੇ ਇੱਥੇ ਇਹ ਹੋਇਆ ਹੋਵੇਗਾ।
ਨਾਵਲ ਵਿਚਲੀ ਅਗਲੀ ਘਟਨਾ 1946 ਈਸਵੀ ਦੀ ਹੈ ਜਦੋਂ ਪਰਜਾ ਮੰਡਲੀਏ ਮੰਡੀ ਤੋਂ ਰੇਲਾਂ
ਭਰਕੇ ਫਰੀਦਕੋਟ ਜਾਂਦੇ ਸਨ। ਇਹ ਰੇਲਾਂ ਮੇਰੇ ਨਾਨਕਿਆਂ ਦੇ ਪਿੰਡ ਵਿੱਚੋਂ ਹੋ ਕੇ
ਲੰਘਦੀਆਂ ਸਨ। ਇਹ ਨਾਵਲ ਮੇਰੇ ਕੋਲ ਅੱਜ ਵੀ ਸੰਭਾਲ ਕੇ ਰੱਖਿਆ ਹੋਇਆ ਹੈ। ਇਸਦਾ
ਪਹਿਲਾ ਕਾਰਨ ਇਹ ਕਿ ਇਹ ਮੇਰੇ ਨਾਨਕਿਆਂ ਦੇ ਪਿੰਡਾਂ ਦੀ ਕਹਾਣੀ ਹੈ। ਸਿੱਧੀ ਸਾਦੀ
ਜ਼ਿੰਦਗੀ ਜਿਉਣ ਵਾਲੇ ਉਨ੍ਹਾਂ ਮਲਵਈਆਂ ਦੀ ਕਹਾਣੀ ਹੈ ਜੋ ਕਿ ਬਹੁਤੇ ਹੁਣ ਇਸ
ਦੁਨੀਆਂ ਵਿੱਚ ਨਹੀਂ ਹਨ। ਹੁਣ ਵੀ ਕਦੇ ਕਦੇ ਮੈਂ ਇਸ ਨਾਵਲ ਨੂੰ ਪੜ੍ਹਦਾ ਹਾਂ ਤਾਂ
ਸਾਰੀਆਂ ਘਟਨਾਵਾਂ ਕਿਸੇ ਫ਼ਿਲਮ ਵਾਂਗ ਅੱਖਾਂ ਸਾਹਵੇਂ ਆ ਜਾਂਦੀਆਂ ਨੇ।
ਗੁਰਦਿਆਲ ਸਿੰਘ ਆਪਣੀਆਂ ਹੋਰ ਸਾਰੀਆਂ ਰਚਨਾਵਾਂ ਵਿੱਚ ਵੀ ਹਮੇਸ਼ਾ ‘ਜੈਤੋ ਮੰਡੀ’
ਅਤੇ ਇਸਦੇ ਆਸ ਪਾਸ ਦੇ ਪਿੰਡਾਂ ਦਾ ਆਮ ਜ਼ਿਕਰ ਕਰਦਾ ਹੁੰਦਾ ਸੀ ਕਿਉਕਿ ਉਹ ਮਾਲਵੇ
ਦੀ ਇਸ ਮਿੱਟੀ ਦਾ ਪੁੱਤਰ ਸੀ ਅਤੇ ਉਸਦੀਆਂ ਕਹਾਣੀਆਂ ਦੇ ਪਾਤਰ ਵੀ ਆਮ ਜਿਹੇ ਸਿੱਧ
ਪੱਧਰੇ ਅਤੇ ਆਪਣੀਆਂ ਜੜ੍ਹਾਂ ਨਾਲ ਜੁੜੇ ਹੋਏ ਮਲਵਈ ਹੀ ਹੁੰਦੇ ਸਨ। ਮਾਲਵੇ ਦੇ
ਇਨ੍ਹਾਂ ਇਲਾਕਿਆਂ ਦੀ ਬੋਲੀ ਅਤੇ ਸੱਭਿਆਚਾਰ ਦੀ ਝਲਕ ਵੀ ੳਨ੍ਹਾਂ ਦੀਆਂ ਰਚਨਾਵਾਂ
ਵਿੱਚ ਬਹੁਤ ਮਿਲਦੀ ਹੈ।
ਗੁਰਦਿਆਲ ਸਿੰਘ ਨੂੰ ਪੜ੍ਹਦਿਆਂ ਮਾਲਵੇ ਦੇ ਅਤੀਤ
ਦੀ ਸੋਹਣੀ ਤਸਵੀਰ ਅੱਖਾਂ ਸਾਹਮਣੇ ਆਪਣੇ ਆਪ ਬਣ ਜਾਂਦੀ ਹੈ ਕਿਉਕਿ ਮਾਲਵੇ ਦੇ
ਪਿੰਡਾਂ-ਸ਼ਹਿਰਾਂ, ਕੱਸੀਆਂ-ਨਹਿਰਾਂ, ਰੋਹੀਆਂ,ਧੋੜੇ ਟਿੱਬਿਆਂ, ਵਣਾਂ, ਕਰੀਰਾਂ,
ਜੰਡਾਂ, ਕਿੱਕਰਾਂ ਆਦਿ ਦਾ ਜ਼ਿਕਰ ਬੜੇ ਸੋਹਣੇ ਢੰਗ ਤਰੀਕੇ ਨਾਲ ਗੁਰਦਿਆਲ ਸਿੰਘ ਨੇ
ਆਪਣੀਆਂ ਰਚਨਾਵਾਂ ਵਿੱਚ ਕੀਤਾ ਹੋਇਆ ਹੈ। ਇਨ੍ਹਾਂ ਸਾਰੇ ਕਾਰਨਾਂ ਕਰਕੇ ‘ਪਹੁ
ਫੁਟਾਲੇ ਤੋਂ ਪਹਿਲਾਂ’ ਮੈਨੂੰ ਉਦੋਂ ਵੀ ਬਹੁਤ ਚੰਗਾ ਲੱਗਦਾ ਸੀ ਜਦੋਂ ਪਹਿਲੀ ਵਾਰ
ਸਕੂਲ ਵਿੱਚ ਪੜ੍ਹਿਆ ਸੀ ਅਤੇ ਅੱਜ ਉਸਤੋਂ ਵੀ ਕਿਤੇ ਵੱਧ ਲਗਾਵ ਇਸ ਨਾਲ ਹੈ ਕਿਉਂਕਿ
ਬਚਪਨ ਵਾਲੇ ਨਾਨਕਿਆਂ ਦੇ ਪਿੰਡ ਅਤੇ ਜੈਤੋ ਦੀਆਂ ਕਈ ਯਾਦਾਂ ਦੀ ਕੜੀ ਇਸ ਨਾਲ ਜੁੜਦੀ
ਹੈ।
ਮੇਰਾ ਨਾਨਕਾ ਪਿੰਡ ‘ਰੋਮਾਣਾ’, ਜੈਤੋ ਮੰਡੀ ਅਤੇ ਨਾਵਲ ‘ਪਹੁ ਫੁਟਾਲੇ
ਤੋਂ ਪਹਿਲਾਂ’ ਆਖਰੀ ਸਾਹ ਤੱਕ ਹਮੇਸ਼ਾ ਮੇਰੇ ਜ਼ਿਹਨ ਵਿੱਚ ਸਦਾ ਲਈ ਰਹਿਣਗੇ ਭਾਂਵੇ
ਮੈਂ ਕਿਤੇ ਵੀ ਕਿਉਂ ਨਾ ਹੋਵਾਂ ਅਤੇ ਦਿਲੀਂ ਅਰਦਾਸ ਕਰਦਾ ਹਾਂ ਕਿ ਰਹਿੰਦੀ ਦੁਨੀਆਂ
ਤੱਕ ਇੰਨ੍ਹਾਂ ਤਿੰਨਾਂ ਦੀ ਹੋਂਦ ਕਾਇਮ ਦਾਇਮ ਰਹੇ। ਬਚਪਨ ਵਾਲਾ ਨਾਨਕਾ ਪਿੰਡ ਹੁਣ
ਕਿਧਰੇ ਗੁਆਚ ਗਿਆ ਏ, ਜੈਤੋ ਮੰਡੀ ਵੀ ਹੁਣ ਭਾਂਵੇ ਉਹੋ ਜਿਹੀ ਨਹੀਂ ਰਹੀ ਪਰ ‘ਪਹੁ
ਫੁਟਾਲੇ ਤੋਂ ਪਹਿਲਾਂ’ ਜਿਹੋ ਜਿਹਾ ਪਹਿਲਾਂ ਸੀ ਓਹੋ ਜਿਹਾ ਹੀ ਅੱਜ ਵੀ ਹੈ ਤੇ
ਸਾਰੀਆਂ ਯਾਦਾਂ ਤਾਜ਼ੀਆਂ ਕਰਵਾ ਦਿੰਦਾ ਹੈ। ਹਾਂ ਸੱਚ! ਇਹ ਵੀ ਕਿ ਇਹ ਮੇਰੀ
ਜ਼ਿੰਦਗੀ ਦਾ ਪਹਿਲਾ ਨਾਵਲ ਵੀ ਹੈ ਜਿਸਨੇ ਨਾਵਲਾਂ ਨਾਲ ਜਾਣ ਪਹਿਚਾਣ ਕਰਵਾਈ ਸੀ ਕਿ
ਇਹ ‘ਨਾਵਲ’ ਭਲਾ ਕੀ ਸ਼ਹਿ ਹੁੰਦੇ ਨੇ!!?
ਲਖਵਿੰਦਰ ਜੌਹਲ ‘ਧੱਲੇਕੇ’ ਫ਼ੋਨ ਨੰ:- +91 9815959476 ਈਮੇਲ:-
johallakwinder@gmail.com
|