“
ਹਾਏ..ਏ..ਏ..!” ਹੱਸ ਹੱਸ ਕੇ ਗੱਲਾਂ ਕਰਦੀ ਭੂਪੀ ਅਚਾਨਕ ਜ਼ੋਰ ਨਾਲ਼ ਚੀਕੀ, ਉਹਦਾ
ਹੱਥ ਆਪ-ਮੁਹਾਰੇ ਛਾਤੀ ’ਤੇ ਜਾ ਟਿਕਿਆ ਸੀ। 11 ਸਤੰਬਰ 2001 ਦਾ ਦਿਨ,
ਮੰਗਲ਼ਵਾਰ ਦੀ ਸੱਜਰੀ ਸੁਹਾਵਣੀ ਸਵੇਰ। ਅਸੀਂ ਮੇਰੀ ਡਾਕਟਰ ਸਖੀ ਭੂਪਿੰਦਰ ਉਰਫ ਭੂਪੀ
ਤੇ ਉਹਦੇ ਪਤੀ ਡਾ. ਦਰਸ਼ਨ ਕੋਲ਼ ਅਮਰੀਕਾ ਦੇ ਛੋਟੇ ਜਿਹੇ ਸ਼ਹਿਰ ‘ਟੈਂਪਾ’ ਵਿਖੇ ਠਹਿਰੇ
ਹੋਏ ਸਾਂ। ਪਿਛਲੇ ਦੋ ਕੁ ਹਫ਼ਤਿਆਂ ਵਿੱਚ ਉਨ੍ਹਾਂ ਨੇ ਫਲੋਰਿਡਾ ਦੀਆਂ ਕਿੰਨੀਆਂ ਹੀ
ਦੇਖਣਯੋਗ ਥਾਵਾਂ ਘੁੰਮਾ ਦਿੱਤੀਆਂ ਸਨ, ‘ਕੈਨੇਡੀ ਸਪੇਸ ਸੈਂਟਰ’
, ‘ ਯੂਨੀਵਰਸਲ ਸਟੂਡੀਓ’, ‘ਕਲੀਅਰ ਵਾਟਰ ਲੇਕ’, ਔਰਲੈਂਡੋ ਦਾ
‘ਬਿਲੀਵ ਇਟ ਔਰ ਨਾਟ’ ਤੇ ਹੋਰ ਵੀ ਬਹੁਤ ਸਾਰੀਆਂ...ਸ਼ਾਪਿੰਗ
ਮਾਲਾਂ ਦੇ ਵੀ ਬਥੇਰੇ ਗੇੜੇ ਲਾ ਲਏ ਸਨ। ਸਾਡੇ ਜਾਣ ਕਰਕੇ ਉਨ੍ਹਾਂ ਆਪਣੇ
ਕਲੀਨਿਕਾਂ ਤੋਂ ਛੁੱਟੀਆਂ ਲੈ ਰੱਖੀਆਂ ਸਨ, ਨਿੱਤ ਹੀ ਕਿਤੇ ਨਾ ਕਿਤੇ ਨੂੰ
ਨਿੱਕਲ਼ ਪੈਂਦੇ। ਅੱਜ ਵੀ ਨਾਸ਼ਤੇ ਤੋਂ ਬਾਅਦ ਚਾਹ ਦੇ ਕੱਪ ਫੜੀ ਸੋਫ਼ਿਆਂ ਉੱਤੇ ਪਸਰੇ
ਅਗਲੇ ਦਿਨਾਂ ਦਾ ਪ੍ਰੋਗਰਾਮ ਬਣਾ ਰਹੇ ਸਾਂ, ਵਿੱਚ ਵਿੱਚ ਕੰਧ ਉੱਤੇ ਲੱਗੇ ਆਦਮਕੱਦ
ਟੈਲੀਵਿਜ਼ਨ ਵੱਲ ਝਾਤ ਮਾਰ ਲੈਂਦੇ। ਮੈਂ ਚੌਂਕ ਕੇ ਭੂਪੀ ਵੱਲ ਦੇਖਦਿਆਂ
ਬੋਲੀ, “ ਕੀ ਹੋ ਗਿਆ ਤੈਨੂੰ? ਠੀਕ ਤਾਂ ਹੈਂ?” “ ਓਇ
ਔਧਰ ਦੇਖ! ‘ਡਬਲਿਊ.ਟੀ.ਸੀ. ਟਾਵਰ’ ਵੱਲ...ਫਾਇਰ…!” ਉਹਨੇ ਪੋਲੇ ਜਿਹੇ ਹੱਥ ਨਾਲ਼
ਮੇਰਾ ਚਿਹਰਾ ਟੀ.ਵੀ. ਵੱਲ ਘੁੰਮਾ ਦਿੱਤਾ। ਸਕਰੀਨ ਉੱਤੇ ਕਾਲ਼ੇ ਕਾਲ਼ੇ ਧੂੰਏ ਦੇ ਲੱਛੇ
ਦਿਖਾਈ ਦੇ ਰਹੇ ਸਨ, ‘ਸੀ ਐਨ ਐਨ’ ਚੈਨਲ ਉੱਤੇ ਬ੍ਰੇਕਿੰਗ ਨਿਊਜ਼ ਆ ਰਹੀ
ਸੀ : “ ਪਲੇਨ ਕਰੈਸ਼ਜ਼ ਇੰਟੂ ਵਰਲਡ ਟਰੇਡ ਸੈਂਟਰ ਟਾਵਰ…” ਦਰਸ਼ਨ ਨੇ
ਰਿਮੋਟ ਨਾਲ਼ ਆਵਾਜ਼ ਉੱਚੀ ਕਰ ਦਿੱਤੀ, ਦੱਸਿਆ ਜਾ ਰਿਹਾ ਸੀ ਕਿ ਅੱਜ ਪੌਣੇ ਕੁ
ਨੌਂ ਵਜੇ 110 ਮੰਜ਼ਿਲੀ ਗਗਨ-ਚੁੰਬੀ ਉੱਤਰੀ ਮੀਨਾਰ ਦੀ ਅੱਸੀਵੀਂ ਮੰਜ਼ਿਲ ਨਾਲ਼ ਚਾਣਚੱਕ
'ਅਮਰੀਕਨ ਏਅਰਲਾਈਨਜ਼' ਦਾ ਜਹਾਜ਼ ਆ ਟਕਰਾਇਆ ਸੀ, ਉਸ ਸ਼ਖ਼ਸ ਨਾਲ਼ ਗੱਲਬਾਤ ਵੀ ਸੁਣਾਈ ਜਾ
ਰਹੀ ਸੀ, ਜਿਸਨੇ ਇਸ ਜਹਾਜ਼ ਨੂੰ ਟਕਰਾਉਂਦੇ ਦੇਖਿਆ ਸੀ, ਉਸ ਥਾਂ ਇੱਕ ਵੱਡਾ ਮਘੋਰਾ
ਜਿਹਾ ਬਣ ਗਿਆ ਸੀ, ਜਿਸ ਵਿੱਚੋਂ ਧੂੰਏਂ ਦੇ ਕੁੰਡਲ ਉੱਪਰ ਨੂੰ ਉੱਠਦੇ ਹੋਏ ਇੱਕ
ਦਿਸ਼ਾ ਵੱਲ ਫੈਲ ਰਹੇ ਸਨ, ਫਿਰ ਇਹ ਧੂੰਆਂ ਸਾਰੀ ਇਮਾਰਤ ਵਿੱਚੋਂ ਨਿੱਕਲ਼ਦਾ ਜਾਪਣ
ਲੱਗਿਆ, ਨੀਲਾ ਅਸਮਾਨ ਧੁਆਂਖਿਆ ਜਾ ਰਿਹਾ ਸੀ। ਸੂਝਵਾਨ ਹਸਤੀਆਂ ਦਾ ਵਿਚਾਰ-ਵਟਾਂਦਰਾ
ਦਿਖਾਇਆ ਜਾਣ ਲੱਗਾ, ਇਸ ਨੂੰ ਬਹੁਤ ਵੱਡੀ ਤੇ ਗੰਭੀਰ ਦੁਰਘਟਨਾ ਵਰਣਨ ਕੀਤਾ ਜਾ ਰਿਹਾ
ਸੀ, ਜਹਾਜ਼ ਦੇ ਇਮਾਰਤ ਵਿੱਚ ਹੀ ਡਿੱਗ ਪੈਣ ਬਾਰੇ ਲੱਖਣ ਲਾਏ ਜਾ ਰਹੇ ਸਨ, ਇਸ ਟਕਰਾ
ਦੇ ਕਾਰਨਾਂ ਦੀਆਂ ਕਿਆਸਰਾਈਆਂ ਲੱਗ ਰਹੀਆਂ ਸਨ, ਮੀਨਾਰਾਂ ਨੂੰ ਖ਼ਾਲੀ ਕਰਾਉਣ ਦੀਆਂ
ਸੂਚਨਾਵਾਂ ਆ ਰਹੀਆਂ ਸਨ, ਰੰਗਲੀ ਜਿਹੀ ਸਵੇਰ ਅੱਖ ਦੇ ਫੋਰ ਵਿੱਚ ਗੰਧਲ਼ੀ ਹੋ ਗਈ।
ਤਾਂਹੀਉਂ ਖ਼ਬਰ ਅਸਮਾਨ ਵਿੱਚ ਇੱਕ ਹੋਰ ਜਹਾਜ਼ ਦਿਸਿਆ, ਤੇਜ਼ੀ ਨਾਲ਼ ਦੱਖਣੀ
ਟਾਵਰ ਵੱਲ ਵਧਿਆ ਤੇ ਸੱਠਵੀਂ ਮੰਜ਼ਿਲ ਦੇ ਨੇੜੇ ਇਸ ਦੇ ਵਿੱਚ ਨੂੰ ਵੜ ਗਿਆ,
ਅੱਗ ਦੇ ਭਬੂਕੇ ਨਿੱਕਲੇ, ਫਿਰ ਜਿਵੇਂ ਅੱਗ ਦੀ ਤਲਵਾਰ ਨੇ ਮੀਨਾਰ ਨੂੰ ਚੀਰ ਦਿੱਤਾ
ਹੋਵੇ, ਕੰਨ ਪਾੜਵਾਂ ਚੀਕ ਚਿਹਾੜਾ ਸੁਣਨ ਲੱਗਾ। ਪਲ ਪਲ ਦ੍ਰਿਸ਼ ਬਦਲ ਰਿਹਾ ਸੀ,
ਜਿਵੇਂ ਅੱਗ ਦਾ ਕੋਈ ਗੋਲ਼ਾ ਉੱਪਰ ਵੱਲ ਵਧ ਰਿਹਾ ਹੋਵੇ, ਬਲ਼ਦਾ ਹੋਇਆ ਮਲਬਾ ਆਲ਼ੇ
ਦਵਾਲ਼ੇ ਗਲ਼ੀਆਂ ਅਤੇ ਦੂਜੀਆਂ ਇਮਾਰਤਾਂ ਉੱਤੇ ਡਿੱਗਣ ਲੱਗਿਆ। “ ਓਇ ਮੇਰੇ
ਰੱਬਾ!…ਦਿਸ ਇਜ਼ ਨਾਟ ਐਕਸੀਡੈਂਟ..ਦਿਸ ਇਜ਼ ਸਮਥਿੰਗ ਐਲਸ…!” ਦਰਸ਼ਨ ਨੇ
ਹਥਲਾ ਭਰਿਆ ਕੱਪ ਉਵੇਂ ਜਿਵੇਂ ਮੇਜ਼ ਉੱਤੇ ਰੱਖ ਦਿੱਤਾ। ਖ਼ਬਰਾਂ ਪੜ੍ਹਨ
ਵਾਲ਼ੇ ਦੇ ਬੋਲ ਵੀ ਥਿੜਕਣ ਲੱਗੇ, ਵਾਰਤਾਲਾਪ ਵਿੱਚ ਸ਼ਾਮਿਲ ਬੁਲਾਰੇ ‘ਓ
ਮਾਈ ਗੌਡ’, ‘ਓ ਮਾਈ ਗੁੱਡਨੈਸ’ ਕਹੀ ਜਾ ਰਹੇ ਸਨ, ਦੋਵਾਂ ਟਕਰਾਵਾਂ ਦਾ ਵਕਫ਼ਾ
ਸਿਰਫ਼ ਅਠਾਰਾਂ ਮਿੰਟ ਦੱਸਿਆ ਜਾ ਰਿਹਾ ਸੀ। ਹੁਣ ਇਸ ਨੂੰ ਇੱਕ ਦੁਰਘਟਨਾ ਦੀ
ਥਾਂ ਆਤਮਘਾਤੀ ਹਮਲਾ ਸਮਝਿਆ ਜਾਣ ਲੱਗਾ ਸੀ, ਮੁੜ ਮੁੜ ਧੂੰਆਂ ਛੱਡਦੇ ਮੀਨਾਰ ਦਿਖਾਏ
ਜਾ ਰਹੇ ਸਨ, ਕਦੀ ਬਿਲਕੁਲ ਨੇੜਿਉਂ, ਕਦੀ ਦੂਰੋਂ, ਵੱਖ ਵੱਖ ਦਿਸ਼ਾਵਾਂ ਤੋਂ…। ਅਸੀਂ
ਚਾਰੇ ਜਿਵੇਂ ਬੈਠੇ ਸੀ, ਉਵੇਂ ਹੀ ਸੁੰਨਵੱਟਾ ਜਿਹੇ ਹੋ ਗਏ। ਟੀ.ਵੀ. ਮਿੰਟ ਮਿੰਟ ਦੀ
ਸੂਹ ਦੇ ਰਿਹਾ ਸੀ, ਹਜ਼ਾਰਾਂ ਲੋਕਾਂ ਦੇ 'ਵਿਸ਼ਵ ਵਪਾਰ ਕੇਂਦਰ' ਵਿਚ ਫਸੇ ਹੋਣ ਬਾਰੇ,
ਐਲੀਵੇਟਰਾਂ ਦੇ ਖਰਾਬ ਹੋਣ ਕਾਰਨ ਹਫ਼ਦਿਆਂ ਹੌਂਕਦਿਆਂ ਪੌੜੀਆਂ ਉੱਤਰਨ
ਬਾਰੇ, ਅੰਦਰ ਮੱਚੀ ਭਗਦੜ ਬਾਰੇ...ਨਾਲ਼ ਨਾਲ਼ ਕੋਈ ਝਲਕ ਵੀ ਦਿਖਾਈ ਜਾਂਦੀ। ਨੇੜਲੀਆਂ
ਇਮਾਰਤਾਂ ਵੀ ਖ਼ਾਲੀ ਕਰਵਾਈਆਂ ਜਾਣ ਲੱਗੀਆਂ। “ ਹੇ ਵਾਹਿਗੁਰੂ! ਇਹ ਕੀ ਹੋ
ਗਿਆ?” ਭੂਪੀ ਦੇ ਹੋਂਠ ਥਰਥਰਾਏ, ਮਸਾਣਾਂ ਵਰਗੀ ਚੁੱਪ ਛਾਈ ਰਹੀ। “ ਥੋਨੂੰ ਪਤੈ ਆਪਾਂ ਅੱਜ ਏਥੇ ਹੋਣਾ ਸੀ?”
ਉਹਨੇ ਮੇਰਾ ਮੋਢਾ ਹਲੂਣਿਆ। “ ਜਾ ਕੋ ਰਾਖੇ ਸਾਈਂਆਂ… ਚੌਥ ਜਿਹੜੀਆਂ
ਟਿਕਟਾਂ ਕੈਂਸਲ ਕਰਵਾਈਆਂ ਸੀ, ਨਿਊਯਾਰਕ ਦੀਆਂ ਹੀ ਸੀ।” ਦਰਸ਼ਨ ਛੱਤ ਵੱਲ ਝਾਕਦਾ ਹੱਥ
ਜੋੜਦਾ ਬੋਲਿਆ। “ ਅੱਛਾ?.ਏਥੇ ਜਾਣਾ ਸੀ ਆਪਾਂ?” “ ਤੇ ਹੋਰ
ਕੀ…? ਤੁਹਾਨੂੰ ਸਰਪ੍ਰਾਈਜ਼ ਦੇਣਾ ਸੀ, ਲਓ ਹੋ ਗਿਆ ਸਰਪ੍ਰਾਈਜ਼!”
ਇੱਕ ਸ਼ਾਮ ਭੂਪੀ ਨੇ ਕੁਝ ਦਿਨਾਂ ਵਾਸਤੇ ਕਿਤੇ ਬਾਹਰ ਜਾਣ ਲਈ ਤਿਆਰੀ ਰੱਖਣ
ਬਾਰੇ ਕਿਹਾ ਸੀ, ਪਰ ਉਸੇ ਰਾਤ ਉਹਦੀ ਬਾਂਹ ਵਿਚ ਏਨੀ ਜ਼ੋਰ ਨਾਲ਼ ਦਰਦ ਸ਼ੁਰੂ ਹੋ ਗਿਆ
ਕਿ ਇਹ ਟੂਰ ‘ਫੇਰ ਕਦੀ’ ਦੇ ਬਸਤੇ ਵਿਚ ਪੈ ਗਿਆ। ਰੱਬ ਦਾ ਸ਼ੁਕਰ ਕਰ ਕੇ ਅਸੀਂ ਫਿਰ
ਵਰਤਮਾਨ ਵਿੱਚ ਆ ਗਏ। ਦੇਸ਼ ਦਾ ਪ੍ਰਧਾਨ 'ਜਾਰਜ ਬੁਸ਼' ਏਧਰ ਫਲੋਰਿਡਾ ਵਿੱਚ ਹੀ ਸੀ, ਕਿਸੇ
ਸਿਖਿੱਅਕ ਅਦਾਰੇ ਦੇ ਸਮਾਰੋਹ ਵਿੱਚ, ਉਥੋਂ ਹੀ ਉਹਦਾ ਰਾਸ਼ਟਰ ਦੇ ਨਾਂ ਸੰਦੇਸ਼
ਟੈਲੀਕਾਸਟ ਕੀਤਾ ਗਿਆ, ਉਹ ਕਹਿ ਰਿਹਾ ਸੀ, “ ਇਹ ਅਮਰੀਕਾ ਲਈ ਮੁਸ਼ਕਿਲ ਘੜੀ
ਹੈ, ਅਸੀਂ ਵੱਡੇ ਕੌਮੀ ਦੁਖਾਂਤ ਵਿੱਚੋਂ ਗ਼ੁਜ਼ਰ ਰਹੇ ਹਾਂ, ਅਮਰੀਕਾ ਉੱਤੇ ਅੱਤਵਾਦੀ
ਹਮਲਾ ਹੋ ਗਿਐ ਤੇ ਮੈਨੂੰ ਹੁਣੇ ਵਾਸ਼ਿੰਗਟਨ ਜਾਣਾ ਪਏਗਾ, ਹਾਦਸਾ ਗ੍ਰਸਤ ਲੋਕਾਂ ਤੇ
ਉਨ੍ਹਾਂ ਦੇ ਪਰਿਵਾਰਾਂ ਨੂੰ ਰਾਹਤ ਦੇਣ ਲਈ, ਇਹ ਕਾਰਾ ਕਰਨ ਵਾਲ਼ਿਆਂ ਦੀ ਨਿਸ਼ਾਨਦੇਹੀ
ਕਰਨ ਲਈ।”… ਵਗੈਰਾ ਵਗੈਰਾ। ਪਿਛਲੇ ਪਾਸੇ ਉਹਨੂੰ ਘੇਰਾ ਘੱਤੀ ਖੜ੍ਹੇ ਵਿਦਿਆਰਥੀ
ਆਪਣੇ ਪ੍ਰਧਾਨ ਨੂੰ ਬੋਲਦਾ ਸੁਣ ਰਹੇ ਸਨ, ਮਾਸੂਮ ਦਿਲਾਂ ਵਿੱਚ ਖ਼ੌਫ਼ ਦੇ ਸਿਰਨਾਵੇਂ
ਬੀਜੇ ਜਾ ਰਹੇ ਸਨ। 'ਨਿਊਯਾਰਕ' ਵਿੱਚ ਹੋਣ ਵਾਲ਼ੇ ਸਾਰੇ ਸਮਾਗਮ, ਮੀਟੰਗਾਂ
ਤੇ ਹੋਰ ਕਾਰਜ ਮੁਲਤਵੀ ਹੋਣ ਬਾਰੇ ਖ਼ਬਰਾਂ ਆ ਗਈਆਂ, ਅਦਾਰੇ ਬੰਦ ਹੋਣ ਦੀਆਂ
ਸੂਚਨਾਵਾਂ ਫਲੈਸ਼ ਹੋਣ ਲੱਗੀਆਂ, ਹਜ਼ਾਰਾਂ ਲੋਕਾਂ ਦੇ ਫੱਟੜ ਹੋਣ ਬਾਰੇ ਤੇ
ਉਹਨਾਂ ਲਈ ਸਹਾਇਤਾ-ਕੇਂਦਰ ਕਾਇਮ ਕਰਨ ਬਾਰੇ ਜਾਣਕਾਰੀ ਆ ਗਈ, ਖ਼ੂਨ-ਦਾਨ ਹੋਣ ਲੱਗੇ,
ਵੱਡੇ ਪੱਧਰ ਉਤੇ ਤਫ਼ਤੀਸ਼ ਸ਼ੁਰੂ ਹੋ ਗਈ। ਸਾਡੇ ਲਾਗੇ ਹੀ ਖਾਣੇ ਦੀ ਮੇਜ਼
ਉੱਤੇ ਮੱਖਣ, ਜੈਮ, ਉੱਬਲੇ ਅੰਡੇ, ਜੂਸ ਤੇ ਜੂਠੀਆਂ ਪਲੇਟਾਂ ਪਈਆਂ
ਸਨ, ਚਾਹ ਪੀਣ ਤੋਂ ਬਾਅਦ ਹੀ ਅਸੀਂ ਦੋਵੇਂ ਰਸੋਈ ਸਾਂਭਦੀਆਂ ਸਿੱਕਰਦੀਆਂ ਹੁੰਦੀਆਂ
ਸਾਂ, ਮੈਂ ਭੂਪੀ ਵੱਲ ਝਾਕੀ, ਉਹਦੇ ਤਿੜਕੇ ਮੁੱਖ ਉੱਤੇ ਪੀੜਾਂ ਦੀ ਇਬਾਰਤ ਗੂੜ੍ਹੀ
ਹੋਈ ਪਈ ਸੀ। “ ਉੱਠ ਵੇ ਮਨਾਂ!” ਖ਼ੁਦ ਨੂੰ ਆਖ ਕੇ ਮੈਂ ਮੇਜ਼ ਵੱਲ ਓਕੜੀ ਹੀ
ਸੀ ਕਿ ਪੈਰਾਂ ਨੂੰ ਜਿਵੇਂ ਸੰਗਲ਼ ਪੈ ਗਏ। ਕੁਝ ਬਹੁਤ ਭਿਆਨਕ ਵਾਪਰਨ ਵਾਲ਼ਾ ਸੀ,
ਅਮਰੀਕਾ ਦੇ ਵਿਸ਼ੇਸ਼ ਸੁਰੱਖਿਅਤ ਸਥਾਨ 'ਮਿਲਟਰੀ ਹੈਡ ਕੁਆਟਰ' ‘ਪੈਂਟਾਗਨ’ ਵਿੱਚ ਹੋਏ
ਵੱਡੇ ਧਮਾਕੇ ਦੀ ਸੂਚਨਾ ਆ ਰਹੀ ਸੀ, ਉੱਥੋਂ ਨਿੱਕਲ਼ਦਾ ਧੂੰਆਂ ਕੋਈ ਹੋਰ ਕਾਲ਼ੀ ਗਾਥਾ
ਕਹਿ ਰਿਹਾ ਸੀ, ਅੱਗ ਲੰਬੀਆਂ ਲੰਬੀਆਂ ਜੀਭਾਂ ਕੱਢ ਰਹੀ ਸੀ, ਟੀ.ਵੀ. ਵਾਰਤਾਲਾਪ
ਵਿੱਚ ਹੁਣ ਉਸ ਬਾਰੇ ਫ਼ਿਕਰਮੰਦੀ ਸ਼ੁਰੂ ਹੋ ਗਈ, ਹੋਰ ਮਹੱਤਵਪੂਰਨ ਭਵਨਾਂ ਬਾਰੇ ਵੀ।
‘ਵਾਈਟ ਹਾਊਸ’ ਦੀ ਪਹਿਰੇਦਾਰੀ ਦਿਖਾਈ ਜਾਣ ਲੱਗੀ, ਉਸਦੀ ਸੁਰੱਖਿਆ ਬਾਰੇ ਚਿੰਤਾ
ਉੱਘੜਨ ਲੱਗੀ, ਜਹਾਜ਼ ਅਗਵਾ ਹੋਣ ਦੀਆਂ ਸੋਆਂ ਮਿਲਣ ਲੱਗੀਆਂ। ਕਦੀ ਪੈਂਟਾਗਨ,
ਵਾਸ਼ਿੰਗਟਨ ਦਿਖਾਇਆ ਜਾਂਦਾ ਕਦੀ ਨਿਊਯਾਰਕ, ਗੂੰਜਦੇ ਸਾਇਰਨ ਦਹਿਸ਼ਤ ਨੂੰ
ਜਰਬਾਂ ਦੇ ਰਹੇ ਸਨ, ਬੰਬ ਸਕੁਐਡ ਟੀਮਾਂ ਦੇ ਗਤੀਸ਼ੀਲ ਹੋਣ ਬਾਰੇ ਇਤਲਾਹਾਂ
ਆ ਗਈਆਂ, ਬਾਰਡਰ ਸੀਲ ਕਰ ਦਿੱਤੇ ਗਏ, ਉਡਾਣਾਂ ਰੱਦ ਹੋ ਗਈਆਂ, ਸਾਰੇ ਹਵਾਈ ਅੱਡੇ
ਖ਼ਾਲੀ ਕਰਾ ਲਏ ਗਏ… ‘ਡਿਜ਼ਨੀ ਵਰਲਡ’ ਬੰਦ.. ‘ਰਿਪਲੇ ਮਿਊਜ਼ੀਅਮ’ ਬੰਦ..ਸਕੂਲ ਕਾਲਜ
ਬੰਦ.. ਕਸੀਨੋ ਬੰਦ.....ਬੰਦ…ਬੰਦ..ਸਾਰਾ ਦੇਸ਼ ਇੱਕ ਤਰਾਂ ਅਹਿੱਲ ਹੋ
ਗਿਆ, ਜਿਵੇਂ ਕਿਸੇ ਦੀ ਧੌਣ ਨੂੰ ਨਾਗਵਲ਼ ਪੈ ਜਾਵੇ। ਪੈਂਟਾਗਨ, ਵਾਈਟ ਹਾਊਸ,
ਯੂਨਾਈਟਡ ਨੇਸ਼ਨਜ਼ ਦੇ ਦਫਤਰ, ਫੈਡਰਲ ਦਫਤਰ ਆਦਿ ਸਭ ਖ਼ਾਲੀ ਕਰਵਾਏ
ਜਾਣ ਲੱਗੇ, ਹਾਈ ਐਲਰਟ ਤੇ ਐਮਰਜੈਂਸੀ ਦਾ ਜ਼ਿਕਰ ਹੋਣ ਲੱਗਿਆ,
ਵਿੱਚੇ ਧੁਖਦੇ ਮੀਨਾਰ ਦਿਖਾਏ ਜਾਂਦੇ, ਇਉਂ ਲੱਗਦਾ ਜਿਵੇਂ ਦੋ ਵਿਸ਼ਾਲ ਭੱਠਿਆਂ
ਵਿੱਚੋਂ ਬੇਸ਼ੁਮਾਰ ਧੂੰਆਂ ਨਿੱਕਲ਼ ਰਿਹਾ ਹੋਵੇ, ਜਿਵੇਂ ਵਹਿਸ਼ਤ ਪੌਣਾਂ ਵਿੱਚ ਕਾਲ਼ੇ
ਅੱਖਰ ਲਿਖਣ ਲੱਗੀ ਹੋਵੇ। ਵੇਂਹਦਿਆਂ ਵੇਂਹਦਿਆਂ ਦੱਖਣੀ ਮੀਨਾਰ ਧੂੰਏਂ
ਅਤੇ ਗਰਦ ਦਾ ਗ਼ੁਬਾਰ ਛੱਡਦਾ ਢਹਿ-ਢੇਰੀ ਹੋ ਗਿਆ, ਦਿਲ ਦਹਿਲਾਉਂਦੀਆਂ ਚੀਕਾਂ
ਕੁਰਲਾਹਟਾਂ ਆਂਦਰਾਂ ’ਚੋਂ ਰੁੱਗ ਭਰਨ ਲੱਗੀਆਂ। ਕੈਮਰਾ ਅੰਤਾਂ ਦੀ ਹਰਫ਼ਲ਼ੀ ਇੱਕ
ਚਸ਼ਮਦੀਦ ਮੁਟਿਆਰ ਉੱਤੇ ਫੋਕਸ ਹੋ ਗਿਆ, ਉਹ ਸੁਬ੍ਹਕਦੀ ਹੋਈ ਜ਼ੋਰਦਾਰ ਧਮਾਕਿਆਂ, ਮੱਦਦ
ਲਈ ਪੁਕਾਰਦੇ ਲੋਕਾਂ ਤੇ ਉਹਨਾਂ ਦੇ ਖਿੜਕੀਆਂ ਵਿੱਚੋ ਛਾਲ਼ਾਂ ਮਾਰਨ ਬਾਰੇ ਦੱਸਣ
ਲੱਗੀ। ਸਾਢੇ ਕੁ ਦਸ ਵਜੇ ਦੂਜਾ ਮੀਨਾਰ ਵੀ ਧਰਾਸ਼ਾਈ ਹੋ ਗਿਆ...ਵਿਸ਼ਾਲ 'ਵਿਸ਼ਵ
ਵਪਾਰ ਕੇਂਦਰ' ਮਲੀਆਮੇਟ ਹੋ ਗਿਆ ਸੀ…ਟੀ.ਵੀ. ਇੱਕਦਮ ਖ਼ਾਮੋਸ਼…ਵਕਤ ਨੂੰ ਜਿਵੇਂ ਦੰਦਲ਼
ਪੈ ਗਈ...ਕੁਝ ਗੁੰਗੇ ਦਹਿਲੇ ਪਲ…ਤੇ ਫਿਰ ਮੱਧਮ ਜਿਹੇ ਸੁਰ ਸੁਣਾਈ ਦਿੱਤੇ:
‘ਦੇਅਰ ਆਰ ਨੋ ਵਰਡਜ਼…’ ਅਗਲੇ ਛਿਣ ਪਰਦੇ ਉੱਤੇ ਹਫੜਾ-ਦਫੜੀ ਦਿਸਣ
ਲੱਗੀ…ਭੱਜੇ ਆਉਂਦੇ ਮਰਦ ਔਰਤਾਂ…ਸਾਹੋ-ਸਾਹ ਹੋਏ... ਹੌਂਕਦੇ...ਅੱਖਾਂ ਮਲ਼ਦੇ…। ਦੋ
ਅੱਧਖੜ ਮੇਮਾਂ ਦੀ ਤਾਂ ਬਾਹਲ਼ੀ ਹੀ ਤਰਸਯੋਗ ਹਾਲਤ, ਡਿੱਗਦੀਆਂ ਢਹਿੰਦੀਆਂ
ਕੁਰਲਾਉਂਦੀਆਂ, ਕੋਈ ਕਿਸੇ ਤਰਫ਼ ਭੱਜਿਆ ਜਾ ਰਿਹਾ, ਕੋਈ ਕਿਸੇ ਤਰਫ਼। ਧੂੰਆਂ ਹੀ
ਧੂੰਆਂ...ਧੂੜ ਹੀ ਧੂੜ…ਵਿੱਚੇ ਪੀੜ-ਪਰੁੱਚੀ ਲੱਫ਼ਾਜ਼ੀ ਸੁਣੀਂਦੀ…ਅੱਗ ਦੀਆਂ
ਲਪਟਾਂ...ਕੂਕਾਂ ਮਾਰਦੇ ਫਾਇਰ ਬਰਿਗੇਡ…ਏਧਰ ਓਧਰ ਦੌੜ ਰਹੇ ਅੱਗ ਨਾਲ਼
ਜੂਝਣ ਵਾਲ਼ੇ ਦਸਤੇ...ਪੁਲੀਸ ਦੀਆਂ ਟੋਲੀਆਂ… ਹੂਟਰ ਵਜਾਉਂਦੀਆਂ
ਐਂਬੂਲੈਂਸਾਂ…ਦੂਰ ਇੱਕ ਪਾਸੇ ਸਹਿਮੀਆਂ ਚੌੜੀਆਂ ਅੱਖਾਂ ਨਾਲ਼ ਇਹ ਸਭ ਦੇਖ ਰਹੇ
ਗੁੰਮਸੁੰਮ ਡੈਂਬਰੇ ਖੜ੍ਹੇ ਲੋਕ। ਪਰ ਇਹ ਅੰਤ ਨਹੀਂ ਸੀ, ਕੈਮਰੇ ਦੀ ਅੱਖ
'ਪੈਨਸਿਲਵਾਨੀਆ' ਦੇ ਖੇਤਾਂ ਤੱਕ ਜਾ ਪਹੁੰਚੀ ਸੀ, 'ਪੀਟਸਬਰਗ' ਦੇ ਨੇੜੇ, ਜਿੱਥੇ
ਇੱਕ ਹੋਰ ਜਹਾਜ਼ ਡਿੱਗਾ ਪਿਆ ਸੀ, ਧੜਕਣਾਂ ਰੁਕ ਗਈਆਂ, ਸਾਹ ਚੱਲਣਾ ਭੁੱਲ ਗਏ, ਕਹਿਰ
ਆਪਣੇ ਸਿਖ਼ਰ ’ਤੇ ਸੀ। ਤੇ ਫਿਰ 'ਵਿਸ਼ਵ ਵਪਾਰ ਕੇਂਦਰ' ਦੇ ਨੇੜਲੀ
‘ਬਿਲਡਿੰਗ-7’ ਦੇ ਧਮਾਧਮ ਡਿੱਗਣ ਬਾਰੇ ਕੈਪਸ਼ਨ ਆ ਗਈ, ਨਾਸਾ ਦੇ
ਬੰਦ ਹੋਣ ਦੀਆਂ ਖ਼ਬਰਾਂ ਆ ਗਈਆਂ, ਸਾਰੀ ਦੁਨੀਆਂ ਦੀਆਂ ਅੱਖਾਂ ਟੀ.ਵੀ. ਉਤੇ ਜੰਮੀਆਂ
ਹੋਈਆਂ ਸਨ। ਤੇ ਟੀ.ਵੀ. ਦਹਿਸ਼ਤ ਬਿਖੇਰੀ ਜਾ ਰਿਹਾ ਸੀ, ‘ਅਟੈਕ ਔਨ
ਅਮੈਰਿਕਾ’, ‘ਵਾਰ ਵਿਦ ਅਮੈਰਿਕਾ’, ‘ਟੈਰਰ ਇਨ ਅਮੈਰਿਕਾ’
ਦੇ ਫੱਟੇ ਵਾਰ ਵਾਰ ਲੱਗ ਰਹੇ ਸਨ, ਹਰ ਚੈਨਲ ਦਾ ਏਹੋ ਹਾਲ ਸੀ। ਅਮਰੀਕਾ ਦਾ ਅਸਮਾਨ
ਖ਼ਾਲੀ ਕਰਾ ਲਿਆ ਗਿਆ ਸੀ, ਉੱਡ ਰਹੇ ਜਹਾਜ਼ ਨੇੜਲੇ ਹਵਾਈ ਅੱਡਿਆਂ ਉੱਤੇ ਉਤਾਰ ਲਏ ਗਏ
ਸਨ, ਗੁਆਂਢੀ ਦੇਸ਼ ਕੈਨੇਡਾ ਨੇ ਵੀ ਇਸ ਪਾਸੇ ਨੂੰ ਆਵਾਜਾਈ ਬੰਦ ਕਰ ਦਿੱਤੀ ਸੀ, ਅਜੀਬ
ਬੇਵਸੀ ਦਾ ਆਲਮ ਸੀ। ਏਹੋ ਜਿਹੇ ਆਲਮ ਵਿੱਚ ਫੋਨ ਦੀ ਘੰਟੀ ਸੁਣ ਕੇ ਸਾਰੇ
ਹੀ ਤ੍ਰਭਕ ਗਏ, ‘ਹੈਲੋ’ ਤੋਂ ਬਾਅਦ ਭੂਪੀ ਕਿਸੇ ਨੂੰ ਧੀਰਜ ਬੰਨ੍ਹਾਉਣ ਲੱਗੀ: “
ਐਵਰੀਥਿੰਗ ਵਿਲ ਬੀ ਫਾਈਨ…ਡੌਂਟ ਕਰਾਈ ਸੂਜ਼ਨ…ਔਰ ਕਮ ਟੂ ਆਵਰ ਪਲੇਸ…ਪਲੀਜ਼ ਸੂਜ਼ਨ…ਹੈਵ
ਕਰੇਜ…!” ਕਿੰਨੀ ਦੇਰ ਬਾਅਦ ਫੋਨ ਬੰਦ ਕਰ ਕੇ ਉਹ ਸਾਨੂੰ ਮੁਖ਼ਾਤਿਬ ਹੋਈ, “
ਮੇਰੇ ਕਲੀਨਕ ਵਿਚ ਰਿਸੈਪਸ਼ਨਿਸਟ ਐ, ਸ਼ੀ ਇਜ਼ ਸੋ ਮੱਚ ਸਕੇਅਰਡ।”
“ ਉਹਦਾ ਕੋਈ ਆਪਣਾ ਫਸ ਗਿਐ ਕਿਤੇ?” “
ਨਹੀਂ, ਉਹ ਸਿੰਗਲ ਮਦਰ ਐ, ਪੁਅਰ ਸੋਲ, ਗੱਲ ਈ ਐਨੀ ਸ਼ਾਕਿੰਗ
ਐ, ਸਾਰੀ ਦੁਨੀਆਂ ‘ਸ਼ਾਕ’ ’ਚ ਐ, ਖ਼ਾਸ ਕਰਕੇ ਯੂ ਐਸ…!” “ ਸ਼ਾਕ
ਵਰਗਾ ਸ਼ਾਕ? ਸੋਚਿਆ ਸੀ ਕਿਸੇ ਨੇ ਕਿਤੇ ਏਦਾਂ?
ਅਨਬਿਲੀਵੇਬਲ…ਅਨਬਿਲੀਵੇਬਲ …ਹੇ ਸੱਚੇ ਪਾਤਸ਼ਾਹ…!” ਦਰਸ਼ਨ ਹੱਥ ਜਿਹੇ ਮਲ਼ਦਾ
ਬਾਥਰੂਮ ਵੱਲ ਤੁਰ ਪਿਆ। ਫੋਨ ਨੇ ਜਿਵੇਂ ਦਹਿਸ਼ਤ ਦਾ ਤਲਿਸਮ ਤੋੜ ਕੇ
ਆਪਣੇ-ਆਪ ਦੀ ਸੋਝੀ ਕਰਵਾ ਦਿੱਤੀ ਸੀ। ਪਰ ਸਥਾਨਕ ਸੂਚਨਾਵਾਂ ਦਾ ਐਲਾਨ
ਸੁਣਦਿਆਂ ਹੀ ਉਹਨੀਂ ਪੈਰੀਂ ਪਰਤ ਆਇਆ। “ ਲਓ! ਏਥੇ ਵੀ ਸਭ ਕੁਸ਼ ਬੰਦ ਹੋਣ
ਲੱਗਿਐ, ਹੋਣਾ ਈ ਸੀ।” ਉਹ ਸੋਫ਼ੇ ’ਤੇ ਪਿੱਛੇ ਵੱਲ ਸਿਰ ਸੁੱਟਦਾ ਥੱਕਿਆ ਜਿਹਾ
ਬੋਲਿਆ। “…‘ਯੂਨੀਵਰਸਲ ਸਟੂਡੀਓ’ ਕਲੋਜ਼ਡ…‘ਸੀ-ਵਰਲਡ’ ਕਲੋਜ਼ਡ...ਜ਼ੂ
ਕਲੋਜ਼ਡ…।” ਸਕਰੀਨ ਦੀ ਹੇਠਲੀ ਪੱਟੀ ਉਤੇ ਕੈਪਸ਼ਨਾਂ ਆਉਣ ਲੱਗੀਆਂ।
“ ਓ ਮੈਡਮ! ਚੈੱਕ ਡਿਪਾਜ਼ਿਟ ਕਰਾਉਣਾ ਸੀ, ਸਾਰਾ ਕਰੈਡਿਟ
ਸਪੌਇਲ ਹੋ ਜਾਣੈਂ, ਬਟ ਫਾਰਗੈਟ ਇਟ, ਜਦੋਂ ਹੁਣ ਸਭ ਕੁਸ਼ ਈ
ਸਪੌਇਲ ਹੋ ਗਿਆ, ਵਟ ਏ ਬੈਡ ਡੇ!” ਦਰਸ਼ਨ ਦੀ ਅਚਾਨਕ ਉੱਚੀ ਹੋਈ
ਆਵਾਜ਼ ਚਿੰਤਾ ਵਿਚ ਡੁੱਬ ਕੇ ਬੁਝ ਜਿਹੀ ਗਈ। “ ਭਾਈ ਸਾਹਿਬ! ਆਪਾਂ ਗੁਰੂ
ਦੇ ਸਿੱਖ ਆਂ ਤੇ ਗੁਰੂ ਦੇ ਸਿੱਖ ਏਦਾਂ ਡੋਲਦੇ ਨੀ ਹੁੰਦੇ।” ਬਲਦੇਵ ਨੇ ਦਰਸ਼ਨ ਦੀ
ਪਿੱਠ ਉਤੇ ਥਾਪੀ ਦਿੱਤੀ। “ ਨਹੀਂ ਨਹੀਂ, ਏਦਾਂ ਦਾ ਤਾਂ ਕੋਈ ਮਸਲਾ
ਨਹੀਂ, ਉਹ ਤਾਂ ਟ੍ਰੈਜਿਡੀ ਈ ਐਹੋ ਜਿਹੀ ਹੋ’ਗੀ।” ਬੁਝੀ ਹੋਈ ਆਵਾਜ਼ ਨੇ
ਹੌਸਲਾ ਫੜ ਲਿਆ। “ ਚਲ ਉੱਠ ਭੂਪੀ ਚੱਲੀਏ! ਜ਼ਿੰਦਗੀ ਇਉਂ ਨੀ ਖੜ੍ਹਦੀ
ਹੁੰਦੀ, ਸ਼ੋਅ ਮਸਟ ਗੋ ਔਨ…!” ਕਿੰਨੇ ਵਰ੍ਹੇ ਪਹਿਲਾਂ ਇਕੱਠਿਆਂ ਦੇਖੀ
ਫਿਲਮ ‘ਮੇਰਾ ਨਾਮ ਜੋਕਰ’ ਦਾ ਡਾਇਲਾਗ ਸੱਤ ਸਮੁੰਦਰ ਪਾਰ ਆ ਕੇ ਗਿਰਦੇ
ਮਨੋਬਲਾਂ ਲਈ ਠੁੰਮ੍ਹਣਾ ਬਣ ਗਿਆ। “ ਓ ਯੈੱਸ! ਲੈਟ’ਸ ਰਨ, ਅਜੇ
ਬੈਂਕ ਨਹੀਂ ਬੰਦ ਹੋਏ।” ਭੂਪੀ ਸੋਫ਼ੇ ਉੱਤੋਂ ਕਰੰਟ ਲੱਗਣ ਵਾਂਗ ਉੱਛਲ਼ੀ। “
ਆ ਜਾ, ਹਰੀ ਅਪ!” ਉਹ ਅਲਮਾਰੀ ਵਿੱਚੋਂ ਪਰਸ ਕੱਢ ਕੇ ਗੈਰਜ ਵੱਲ ਸ਼ੂਟ
ਵੱਟਦੀ ਬੋਲੀ, ਮੈਂ ਉਵੇਂ ਜਿਵੇਂ ਸੈਂਡਲ ਅੜਾ ਕੇ ਉਹਦੇ ਪਿੱਛੇ ਪਿੱਛੇ ਹੋ ਗਈ।
ਬੈਂਕ ਵਿਚ ਤਾਂ ਜਿਵੇਂ ਕੋਈ ਦਿਓ ਫਿਰ ਗਿਆ ਸੀ, ਸਾਰੇ ਕਾਊਂਟਰ ਖ਼ਾਲੀ, ਨਾ ਬੰਦਾ ਨਾ
ਬੰਦੇ ਦੀ ਜ਼ਾਤ। “ ਪਰ ਬਾਹਰ ਤਾਂ ‘ਓਪਨ’
ਦਾ ਬੋਰਡ ਲੱਗਿਐ!” ਕਹਿੰਦੀ ਭੂਪੀ ਅੰਦਰ ਵੱਲ ਨੂੰ ਤੁਰ ਪਈ, ਇੱਕ ਖੂੰਜੇ ਵਿੱਚ ਸਾਰਾ
ਸਟਾਫ ਟੀ.ਵੀ. ਉੱਤੇ ਨਜ਼ਰਾਂ ਗੱਡੀ ਖੜ੍ਹਾ ਸੀ, ਆਏ ਗਏ ਦੀ ਕੋਈ ਹੋਸ਼ ਨਹੀਂ, ਸਿਓ
ਵਰਗੀਆਂ ਗੱਲ੍ਹਾਂ ਉਤੇ ਪਿਲੱਤਣ ਫਿਰੀ ਹੋਈ, ਭਮੱਤਰੇ ਹੋਏ। ਸਾਹਮਣੇ ਕਮਰੇ ਵਿੱਚ ਚਾਰ
ਪੰਜ ਜਣੇ ਕੰਪਿਊਟਰ ਤੋਂ ਘਟਨਾਵਾਂ ਵਾਚ ਰਹੇ ਸਨ। ਇੱਕ ਵਾਕਿਫ਼ ਨੂੰ “ਐਕਸਕਿਊਜ਼
ਮੀ!” ਕਹਿਕੇ ਭੂਪੀ ਨੇ ਚੈੱਕ ਦਿਖਾਉਂਦਿਆਂ ਆਪਣੀ ਸਮੱਸਿਆ ਦੱਸੀ, “ ਸਾਈਨ
ਐਂਡ ਕੀਪ ਇਟ ਦੇਅਰ…!” ਉਹ ਕੈਬਿਨ ਵੱਲ ਇਸ਼ਾਰਾ ਕਰਦਾ ਰੋਣਹਾਕਾ
ਜਿਹਾ ਬੋਲਿਆ।
ਗਨੀਮਤ ਇਹ ਕਿ ਏ.ਟੀ.ਐਮ. ਚੱਲਦਾ ਸੀ, ਭੂਪੀ
ਡਾਲਰਾਂ ਦਾ ਥੱਬਾ ਪਰਸ ਵਿਚ ਪਾਉਂਦਿਆਂ ਬੋਲੀ, “ ਚਲ ਕੁਸ਼ ਗਰੌਸਰੀ ਲੈ
ਚੱਲੀਏ! ਗੌਡ ਨੋਜ਼ ਵਟ’ਸ ਗੋਇੰਗ ਟੂ ਹੈਪਨ?” ਸ਼ਾਪਿੰਗ ਮਾਲ
ਵਿੱਚ ਸ਼ੈਲਫਾਂ ਤੋਂ ਕਾਹਲ਼ੀ ਕਾਹਲ਼ੀ ਚੀਜ਼ਾਂ ਵਸਤਾਂ ਚੁੱਕ ਕੇ ਟੋਕਰੀਆਂ
ਵਿੱਚ ਰੱਖਣ ਵਾਲ਼ੇ ਸਾਊਥ ਏਸ਼ੀਅਨ ਦਿੱਖ ਵਾਲ਼ੇ ਗਾਹਕ ਸਨ, ਗੋਰੇ ਤਾਂ
ਝੁੰਡਾਂ ਵਿੱਚ ਖੜ੍ਹੇ ਕੰਧਾਂ ’ਤੇ ਲੱਗੇ ਟੀ.ਵੀਆਂ ਵੱਲ ਡੌਰ ਭੌਰੇ ਜਿਹੇ ਝਾਕ ਰਹੇ
ਸਨ। ਇੱਕ ਥਮ੍ਹਲੇ ਨਾਲ਼ ਢੋਅ ਲਾ ਕੇ ਖੜ੍ਹੀ ਮੈਂ ਏਧਰ ਓਧਰ ਨਜ਼ਰਾਂ ਸੁੱਟਦੀ ਹੋਈ ਖ਼ੌਰੇ
ਕੀ ਜਾਣਨ ਦੀ ਕੋਸ਼ਿਸ਼ ਕਰ ਰਹੀ ਸਾਂ। ਸਾਹਮਣੇ ਐਸਕਲੇਟਰ ਰਾਹੀਂ ਉੱਤਰਦੀ
ਆਉਂਦੀ ਮੇਮ ਹੂਬਹੂ ਉਸ ਸਕਿਊਰਿਟੀ ਕਰਮਚਾਰਨ ਵਰਗੀ ਲੱਗੀ ਜਿਸ ਨੇ ਅਮਰੀਕਾ
ਆਉਣ ਵੇਲ਼ੇ ਹਵਾਈ ਅੱਡੇ ’ਤੇ ਮੈਨੂੰ ਥਾਂ-ਕੁਥਾਂ ਤੋਂ ਟੋਹ ਕੇ ਜ਼ਲੀਲ ਕੀਤਾ ਸੀ, ਕੁਝ
ਇਸ ਤਰ੍ਹਾਂ ਕਿ ਮੇਰੀਆਂ ਅੱਖਾਂ ਨਮ ਹੋ ਗਈਆਂ ਸਨ ਤੇ ਮੈਂ ਮਨ ਹੀ ਮਨ ਉਸ ਘੜੀ ਨੂੰ
ਲਾਹਣਤਾਂ ਪਾ ਰਹੀ ਸਾਂ ਜਦੋਂ ਮੈਂ ਇਸ ਦੇਸ ਵੱਲ ਮੂੰਹ ਕੀਤਾ ਸੀ। ਮੈਂ ਦੁਬਾਰਾ ਨਜ਼ਰ
ਭਰ ਕੇ ਉਹਨੂੰ ਦੇਖਿਆ, ਪਤਾ ਨਹੀਂ ਇਹ ਉਹੀ ਸੀ ਜਾਂ ਹੋਰ ਕੋਈ, ਪਰ ਉਹਦੀ
ਰੁਆਂਸੀ ਸੂਰਤ ਨੂੰ ਦੇਖ ਕੇ ਮੇਰੇ ਅੰਦਰੋਂ ਉੱਠ ਰਹੀ ਤਰਸ ਦੀ ਭਾਵਨਾ ਇੱਕਦਮ
ਖ਼ੁਦਕੁਸ਼ੀ ਕਰ ਗਈ। ਫਿਰ ਖ਼ਬਰਨੀ ਕੀ ਹੋਇਆ, ਸਾਹਮਣੇ ਚੜ੍ਹਦੇ ਉੱਤਰਦੇ ਭੈਭੀਤ ਅਮਰੀਕੀ
ਮੈਨੂੰ ਇਮੀਗਰੇਸ਼ਨ ਅਫਸਰਾਂ ਵਰਗੇ ਲੱਗਣ ਲੱਗੇ। ਉਨ੍ਹਾਂ ਵੀ ਸਾਨੂੰ ਬੜੇ
ਪੁੱਠੇ ਸਿੱਧੇ ਸਵਾਲਾਂ ਵਿੱਚ ਉਲਝਾਇਆ ਸੀ ਤੇ ਸਬੰਧਤ ਅਫਸਰ ਨੇ ਦਾਖ਼ਿਲ ਹੋਣ ਦੀ
ਇਜ਼ਾਜ਼ਤ ਦੇਣ ਲੱਗਿਆਂ ਸਾਡੇ ਵੱਲ ਇੰਝ ਹਿਕਾਰਤ ਤੇ ਅਹਿਸਾਨ ਜਿਹੇ ਨਾਲ਼ ਤੱਕਿਆ ਸੀ ਕਿ
ਮੇਰਾ ਅੰਦਰ ਵਿਲਕ ਉੱਠਿਆ ਸੀ, “ ਰੱਖ ਆਪਣਾ ਅਮਰੀਕਾ ਆਵਦੇ ਕੋਲ਼, ਹੁਣ ਗ਼ਲਤੀ ਨਾਲ ਆ
ਗਏ, ਫੇਰ ਨਹੀਂ ਆਉਂਦੇ।” ਦੋਸਤਾਂ ਰਿਸ਼ਤੇਦਾਰਾਂ ਨੂੰ ਆਪਣੇ ਵਿਦੇਸ਼ੀ ਅਨੁਭਵ
ਦੱਸਦਿਆਂ ਜਦੋਂ ਅਸੀਂ ਇਹ ਹੱਡਬੀਤੀ ਸੁਣਾਈ ਸੀ ਤਾਂ ਉਹਨਾਂ ਵੀ ਇਹੋ ਜਿਹੇ ਕੌੜੇ
ਵਾਕੇ ਸਾਂਝੇ ਕੀਤੇ ਸਨ, ਅਮਰੀਕਾ ਵਿੱਚ ਵਸਣ ਵਾਲ਼ਿਆਂ ਨੇ ਤਾਂ ਆਪਣੇ ਮੁਢਲੇ ਦਿਨਾਂ
ਦੇ ਹੰਢਾਏ ਸੰਤਾਪ ਦੱਸਦਿਆਂ ਬੋਲ ਸਿੱਲ੍ਹੇ ਕਰ ਲਏ ਸਨ। “ ਇਹ ਆਪਣੇ ਆਪ ਨੂੰ ਸਭ ਤੋਂ
ਉੱਚੇ ਤੇ ਵਧੀਆ ਸਮਝਦੇ ਐ, ਬਹੁਤ ਹੈਂਕੜ ਐ ਇਹਨਾਂ ’ਚ, ਦੂਜੇ ਤਾਂ ਇਹਨਾਂ ਭਾਣੇ
ਕੁੱਤੇ ਬਿੱਲੇ ਈ ਐ।” ਆਖਦੀ ਇੱਕ ਸਖੀ ਤਾਂ ਹੁਬ੍ਹਕੀਂ ਰੋ ਵੀ ਪਈ ਸੀ। ਤੇ
ਅੱਜ ਉਹ ਲੋਕ ਜਿਵੇਂ ਕੱਖੋਂ ਹੌਲ਼ੇ ਹੋਏ ਇੱਕ ਦੂਜੇ ਵਿੱਚ ਵੱਜਦੇ ਫਿਰਦੇ ਸਨ। ਉਂਝ
ਸਾਰੇ ਦੇ ਸਾਰੇ ਮਾੜੇ ਵੀ ਨਹੀਂ, ਭੂਪੀ ਹੁਣਾਂ ਦੇ ਕਈ ਅਮਰੀਕੀ ਦੋਸਤ ਸਾਨੂੰ ਬੜੇ
ਪਿਆਰ ਤੇ ਸਤਿਕਾਰ ਨਾਲ਼ ਮਿਲ਼ੇ ਸਨ, ਸੈਰਗਾਹਾਂ ਵਿੱਚ ਬਹੁਤ ਸਾਰੇ ਗੋਰਿਆਂ ਨੇ
ਪਿਆਰੀਆਂ ਜਿਹੀਆਂ ਮੁਸਕੁਰਾਹਟਾਂ ਦਿੱਤੀਆਂ ਸਨ, ਸ਼ੁੱਭ-ਇਛਾਵਾਂ ਵਰਸਾਈਆਂ ਸਨ, ਪਰ
ਪਹਿਲੇ ਦਿਨ ਵਾਲ਼ੀ ਕੁੜੱਤਣ ਧੋਤੀ ਨਹੀਂ ਸੀ ਗਈ ਤੇ ਅੱਜ ਤਾਂ ਪਤਾ ਨਹੀਂ
ਕਿਉਂ, ਇਹ ਹੋਰ ਗਾੜ੍ਹੀ ਹੋ ਗਈ ਸੀ। ਨਾ ਚਾਹੁੰਦਿਆਂ ਹੋਇਆਂ ਵੀ ਮੇਰੇ ਅੰਦਰ ਇਕ ਅਜਬ
ਤਰ੍ਹਾਂ ਦੀ ਸ਼ਾਂਤੀ ਸਿਰ ਚੁੱਕ ਰਹੀ ਸੀ, ਜਿਵੇਂ ਮੈਂ ਹੰਕਾਰ ਦੇ ਕਿੰਗਰੇ ਢਹਿੰਦੇ
ਦੇਖ ਰਹੀ ਸਾਂ, ਡਰੇ ਹੋਏ ਇਨਸਾਨਾਂ ਵਿੱਚ ਮੈਨੂੰ ਬਿਲਕੁਲ ਵੀ ਡਰ ਨਹੀਂ ਸੀ ਲੱਗ
ਰਿਹਾ, ਮੇਰੀਆਂ ਅੱਖਾਂ ਉੱਤੇ ਇਸ ਦੇਸ ਦੇ ਬਾਕੀ ਦੁਨੀਆਂ ਨਾਲ਼ ਵਤੀਰੇ ਦੀ ਐਨਕ ਚੜ੍ਹ
ਗਈ ਸੀ, ਮੇਰੇ ਮਨ ਦਾ ਕੋਈ ਟੋਟਾ ਸ਼ਾਇਦ ਇਸ ਸਥਿਤੀ ਨੂੰ ਮਾਣ ਰਿਹਾ ਸੀ। ਇੰਝ ਹੋਣਾ
ਨਹੀਂ ਸੀ ਚਾਹੀਦਾ, ਪਰ ਇੰਝ ਹੋ ਰਿਹਾ ਸੀ, ਇਹ ਬਾਰੂਦ ਦੇ ਢੇਰ ਉੱਤੇ ਖੜ੍ਹੇ ਹੋ ਕੇ
ਮੁਸਕੁਰਾਉਣ ਵਾਲ਼ੀ ਗੱਲ ਸੀ। “ ਤੂੰ ਏਧਰ ਖੜ੍ਹੀ ਐਂ ਸਟੈਚੂ
ਬਣੀ, ਮੈਂ ਕਿੱਧਰ ਕਿੱਧਰ ਤੈਨੂੰ ਲੱਭ ਕੇ ਆਈ ਆਂ।” ਭੂਪੀ ਦੇ ਦੋਹਾਂ ਹੱਥਾਂ ਵਿੱਚ
ਭਾਰੇ ਭਾਰੇ ਬੈਗ ਚੁੱਕੇ ਹੋਏ ਸਨ। “ ਸੌਰੀ…ਬੱਸ ਜਾਣੀ ਕੁਸ਼
ਸੁੱਝ ਜਿਹਾ ਨਹੀਂ ਰਿਹਾ।” ਮੈਂ ਉਹਦੇ ਹੱਥੋਂ ਇੱਕ ਬੈਗ ਫੜਦਿਆਂ ਕਿਹਾ। “
ਆ ਜਾ! ਹਾਲ ਤਾਂ ਮੇਰਾ ਵੀ ਮਾੜਾ ਈ ਐ, ਸਿਰ ’ਚ ਠਾਹ ਠਾਹ ਹਥੌੜੇ ਵੱਜ ਰਹੇ ਐ।” ਰਸਤੇ ਵਿੱਚ ਸਾਈਕਲ
ਵਾਹੋਦਾਹੀ ਭਜਾਈ ਆਉਂਦੇ ਦੋ ਪਸੀਨੋ-ਪਸੀਨੀ ਹਾਕਲ਼-ਬਾਕਲ਼ ਗਭਰੀਟਾਂ ਵੱਲ ਦੇਖ ਕੇ
ਦਿਮਾਗ ਫਿਰ ਪੁੱਠੀ ਭੌਣੀ ਭੌਂ ਗਿਆ। ਏਹੋ ਜਿਹੇ ਇੱਕ ਮੁੰਡੇ ਨੇ ਹੀ ਇੱਕ ਦਿਨ ਸਾਡੀ
ਚਾਰ ਜਣਿਆਂ ਦੀ ਟੋਲੀ ਨੂੰ ਕ੍ਰੋਧ-ਭਰੀਆਂ ਸੂਹੀਆਂ ਅੱਖਾਂ ਦਿਖਾ ਕੇ ਗੰਦੀ ਜਿਹੀ ਗਾਲ਼
ਕੱਢਦਿਆਂ, “ਗੋ ਬੈਕ ਯੂ ਬਲੱਡੀ…!” ਕਿਹਾ ਸੀ, ਉਸ ਦਿਨ ਪੰਜਾਬੀ ਅਖਬਾਰ
ਦਾ ਇੱਕ ਸੰਪਾਦਕ ਤੇ ਉਹਦੀ ਬੀਵੀ ਸਾਨੂੰ ਬਾਗ ਵਿੱਚ ਘੁੰਮਾ ਰਹੇ ਸਨ। ਉਹ ਸੰਪਾਦਕ, “
ਖੜੋ ਤੇਰੀ…!” ਚੀਕਦਿਆਂ ਉਹਦੇ ਮਗਰ ਭੱਜਿਆ, ਉਹਦੀ ਬੀਵੀ ਨੇ ਦੌੜ ਕੇ ਅੱਗੋਂ ਵਲ਼ ਕੇ
ਆਪਣੇ ਪਤੀ ਨੂੰ ਪਿੱਛੇ ਵੱਲ ਧੱਕਿਆ ਤੇ ਜੱਫ਼ੀ ਪਾਈ ਸਾਡੇ ਵੱਲ ਲੈ ਆਈ, ਗੁੱਸੇ ਵਿੱਚ
ਲਾਲ ਪੀਲ਼ੇ ਹੋਏ ਆਪਣੇ ਇਸ ਦੋਸਤ ਨੂੰ ਮਸਾਂ ਹੀ ਠੰਢਾ ਕਰਦੇ ਹੋਏ ਅਸੀਂ ਤਿੰਨਾਂ ਨੇ
ਅਗਲੇ ਰਾਹ ਵੱਲ ਤੋਰਿਆ। ਹੈਰਾਨ ਸਾਂ ਕਿ ਅੱਜ ਦੇ ਦਿਨ ਇਹ ਹੋਈਆਂ ਬੀਤੀਆਂ ਕਿਉਂ
ਚੇਤੇ ਆ ਰਹੀਆਂ ਸਨ। ਘਰੇ ਆਈਆਂ ਤਾਂ ਬਲਦੇਵ ਤੇ ਦਰਸ਼ਨ ਉਸੇ ਤਰ੍ਹਾਂ ਬੁੱਤ
ਬਣੇ ਬੈਠੇ ਸਨ, ਕੱਪਾਂ ਵਿੱਚ ਪਈ ਚਾਹ ਠੰਢੀ ਸ਼ਰਬਤ ਹੋ ਗਈ ਸੀ। ਅਸੀਂ ਰਸੋਈ ਵਿੱਚੋਂ
ਪਾਣੀ ਦੇ ਗਲਾਸ ਲਿਆਈਆਂ, ਉਹਨਾਂ ਦੋਵਾਂ ਨੂੰ ਪਿਆਇਆ, ਆਪ ਪੀਤਾ ਤੇ ਟ੍ਰੇਅ
ਉੱਥੇ ਹੀ ਤਿਪਾਈ ਉੱਤੇ ਰੱਖ ਕੇ ਬਹਿ ਗਈਆਂ। ਇਸ ਅਰਸੇ ਦੌਰਾਨ ਬੜਾ ਕੁਝ ਵਾਪਰ ਗਿਆ
ਸੀ, ਸਵੇਰ ਵਾਲ਼ੀਆਂ ਘਟਨਾਵਾਂ ਵਿਸਥਾਰ ਸਹਿਤ ਦੁਹਰਾਈਆਂ ਜਾ ਰਹੀਆਂ ਸਨ, ਇੱਕ ਜਹਾਜ਼
ਵਾਸ਼ਿੰਗਟਨ ਡੀ.ਸੀ.ਦੇ ਬਾਹਰਵਾਰ ਨਰਵ ਸੈਂਟਰ ਆਫ ਯੂ ਐਸ ਵਜੋਂ
ਜਾਣੇ ਜਾਂਦੇ ਪੈਂਟਾਗਨ ਮਿਲਟਰੀ ਹੈਡਕੁਆਟਰ ਦੇ ਪੱਛਮੀ ਹਿੱਸੇ ਨਾਲ਼
ਟਕਰਾਇਆ ਸੀ, ਜਿਹੜਾ ਕਿ ਪੌਣੇ ਕੁ ਦਸ ਵਜੇ ਵਾਪਰਿਆ ਕਿਹਾ ਜਾ ਰਿਹਾ ਸੀ। ਜ਼ਬਰਦਸਤ
ਅੱਗ ਨਾਲ਼ ਇਸ ਕੰਕਰੀਟ ਇਮਾਰਤ ਦੇ ਇੱਕ ਹਿੱਸੇ ਦਾ ਡਿੱਗਣਾ ਘੜੀ ਮੁੜੀ
ਦਿਖਾਇਆ ਜਾ ਰਿਹਾ ਸੀ, ਘਾਇਲਾਂ ਦਾ 'ਵਰਜੀਨੀਆ' ਹਸਪਤਾਲ ਵਿੱਚ ਇਲਾਜ ਕੀਤਾ ਜਾ ਰਿਹਾ
ਸੀ। ਫਿਰ 'ਪੈਨਸਿਲਵਾਨੀਆ' ਵਿੱਚ ਹਾਦਸਾਗ੍ਰਸਤ ਹੋਏ ਚੌਥੇ ਜਹਾਜ਼ ਦੇ
ਦਿਲ-ਕੰਬਾਊ ਦ੍ਰਿਸ਼ ਪਰਦੇ ਉੱਤੇ ਆ ਗਏ, ਟੁੱਟਾ ਭੱਜਾ ਮੱਚਿਆ ਜਹਾਜ਼ ਬਿਲਕੁਲ ਨੇੜਿਉਂ
ਦਿਖਾਇਆ ਜਾ ਰਿਹਾ ਸੀ, ਖਿੱਲਰਿਆ ਮਲਬਾ, ਧੁਖ ਰਹੀ ਰਾਖ, ਸੜਿਆ ਘਾਹ, ਕਿਸੇ ਸਵਾਰੀ
ਦੇ ਬਚਣ ਦਾ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ, ਸਭ ਸੁਆਹ ਦਾ ਢੇਰ ਬਣ ਗਏ ਸਨ। ਆਪਣਾ
ਆਪ ਜਿਵੇਂ ਅੱਗ ਦੇ ਵੇਲਣੇ ਵਿਚ ਪੀੜਿਆ ਜਾਂਦਾ ਮਹਿਸੂਸ ਹੋਇਆ, ਹਾਦਸੇ ਦੀ ਪੁਣ-ਛਾਣ
ਹੋ ਰਹੀ ਸੀ, ਦਰਦ ਲਫ਼ਜ਼ਾਂ ਨੂੰ ਤਲਾਸ਼ ਰਹੇ ਸਨ, ਸ਼ਾਪਿੰਗ ਮਾਲ ਅਤੇ ਰਸਤੇ
ਵਿੱਚ ਆਪਣੇ ਮਨ ਦੇ ਪੁੱਠੇ ਵਤੀਰੇ ਉੱਤੇ ਮੈਨੂੰ ਗੁੱਸਾ ਆਉਣ ਲੱਗਿਆ, ਪਰ ਇਸ ਅੱਥਰੇ
ਮਨ ਨੂੰ ਕੋਈ ਵੱਸ ਵਿੱਚ ਤਾਂ ਰੱਖ ਹੀ ਨਹੀਂ ਸਕਿਆ, ਇਸ ਦੀਆਂ ਡੂੰਘੀਆਂ ਧਰਾਤਲਾਂ
ਵਿੱਚ ਡਿੱਗੇ ਬੀਜ ਕਦੋਂ, ਕਿਵੇਂ ਤੇ ਕਿਸ ਰੂਪ ਵਿਚ ਉੱਗ ਪੈਣ, ਕੌਣ ਜਾਣੇ?
ਭੂਪੀ ਹੋਰਾਂ ਨੇ ਬਾਹਰ ਕਿਤੇ ਡਾਕਟਰੀ ਪੜ੍ਹਦੇ ਬੇਟੇ ਨੂੰ ਦੋ ਤਿੰਨ ਵਾਰ ਫੋਨ ਕੀਤਾ,
ਜਵਾਨ ਲਹੂ ਚੜ੍ਹਦੀ ਕਲਾ ਵਿੱਚ ਸੀ, ਉਹ ਤਾਂ ਸਗੋਂ ਆਪਣੇ ਮਾਪਿਆਂ ਨੂੰ ਫ਼ਿਕਰ ਨਾ ਕਰਨ
ਦੀ ਸਲਾਹ ਦੇ ਰਿਹਾ ਸੀ। ਯੂਨੀਵਰਸਿਟੀ ਪੜ੍ਹਦਾ ਛੋਟਾ ਬੇਟਾ ਨਾਲ਼ ਦੇ ਕਮਰੇ ਵਿੱਚ
ਕੰਪਿਊਟਰ ਨੂੰ ਚੁੰਬੜਿਆ ਹੋਇਆ ਸੀ, ਜਦੋਂ ਬਾਹਰ ਆਉਂਦਾ, ‘ਇਟਸ ਹੌਰੀਬਲ, ਇਟਸ
ਸੋ ਹੌਰੀਬਲ’ ਕਰਦਾ ਅੰਦਰ ਵੜ ਜਾਂਦਾ। ਦੁਪਹਿਰ ਦੀ ਰੋਟੀ ਦਾ ਤਾਂ
ਕਿਸੇ ਨੂੰ ਚਿੱਤ-ਚੇਤਾ ਵੀ ਨਹੀਂ ਆਇਆ, ਟੀ.ਵੀ. ਰਾਹੀਂ ਦਿਖ ਰਿਹਾ ਸੰਸਾਰ ਹੀ ਜਿਵੇਂ
ਸਭ ਕੁਝ ਹੋ ਗਿਆ ਸੀ, ਆਤੰਕ ਦੇ ਖੰਭ ਫ਼ੈਲਦੇ ਹੀ ਜਾ ਰਹੇ ਸਨ, ਸੂਰਜ ਢਲ਼ਦਿਆਂ ਭੂਪੀ
ਨੂੰ ਮਹਿਮਾਨ ਨਿਵਾਜ਼ੀ ਦੀ ਸੁਰਤ ਆਈ, “ ਡਿਨਰ ਤਾਂ ਨੀ ਬਣਾਉਣ ਨੂੰ ਚਿੱਤ
ਕਰਦਾ, ਜੋ ਫਰਿੱਜ ’ਚ ਪਿਐ ਗਰਮ ਕਰ ਲੈਨੇ ਆਂ।” ਉਹ ਉੱਠ ਖੜ੍ਹੀ ਹੋਈ।
“ ਤੇ ਹੋਰ ਕੀ…!” ਉਹਦੀ ਹਾਂ ਵਿਚ ਹਾਂ ਮਿਲਾਉਂਦਿਆਂ ਮੈਂ ਵੀ ਰਸੋਈ ਵਿਚ ਆ
ਗਈ। “ ਹੇ ਬਖ਼ਸ਼ਣਹਾਰ, ਬਖ਼ਸ਼ੀਂ!” ਕਹਿੰਦਿਆਂ ਉਹ ਫਰਿਜ ਫਰੋਲਣ ਲੱਗੀ।
ਮੈ ਤਵੇ ’ਤੇ ਡਬਲਰੋਟੀ ਸੇਕਣੀ ਸ਼ੁਰੂ ਕਰ ਦਿੱਤੀ, ਮਾਈਕਰੋਵੇਵ
ਵਿੱਚ ਸਬਜ਼ੀ ਧਰ ਕੇ ਉਹਨੇ ਹਾਕ ਮਾਰੀ, “ ਆ ਜੋ ਹੁਣ! ਕਿੰਨੀ ਵਾਰੀ ਤਾਂ ਸਾਰਾ ਕੁਸ਼
ਰਿਪੀਟ ਹੋ ਚੁੱਕਿਐ, ਫਿਰ ਭੁੱਖਿਆਂ ਨੂੰ ਨੀਂਦ ਵੀ ਨਹੀਂ ਆਉਣੀ।” ਪਰ
ਭੁੱਖ ਤਾਂ ਸਭ ਦੀ ਹੀ ਮਰ ਚੁੱਕੀ ਸੀ, ਫਿਰ ਵੀ ਢਿੱਡ ਨੂੰ ਝੁਲ਼ਕਾ ਤਾਂ ਦੇਣਾ ਹੀ ਸੀ।
ਸਾਰਿਆਂ ਨੇ ਰੋਟੀ ਖਾਣ ਦਾ ਸਗਨ ਜਿਹਾ ਕਰ ਲਿਆ। “ ਚਲੋ! ਬਾਹਰ ਤੁਰ ਫਿਰ
ਕੇ ਆਉਨੇ ਆਂ, ਰੁਟੀਨ ਨਹੀਂ ਤੋੜਨਾ ਚਾਹੀਦਾ।” ਤਨਾਓ ਨੂੰ ਢਿੱਲਾ ਕਰਨ ਦੀ
ਕੋਸ਼ਿਸ਼ ਵਿਚ ਬਲਦੇਵ ਬੋਲਿਆ। “ ਆ ਜੋ ਭੂਪੀ ਦਰਸ਼ਨ! ਚੱਲੀਏ, ਕੋਈ ਚੱਜ ਦਾ
ਸਾਹ ਆਵੇ!” ਮੈਂ ਨੈਪਕਿਨ ਨਾਲ਼ ਹੱਥ ਪੂੰਝਦਿਆਂ ਕਿਹਾ। ਰਾਤ ਦੇ
ਖਾਣੇ ਤੋਂ ਬਾਅਦ ਅਸੀਂ ਚਾਰੇ ਰੋਜ਼ ਹੀ ਟਹਿਲਣ ਜਾਇਆ ਕਰਦੇ ਸਾਂ, ਪਰ ਉਸ
ਗਹਿਮਾ-ਗਹਿਮੀ ਵਾਲ਼ੀ ਸੜਕ ਉੱਤੇ ਅੱਜ ਕੋਈ ਵੀ ਨਹੀਂ ਸੀ, ਆਸੇ-ਪਾਸੇ ਸਾਰੇ ਘਰ
ਗੋਰਿਆਂ ਦੇ ਸਨ, ਜਿਹੜੇ ਅਕਸਰ ਸੈਰ ਸਮੇਂ ਮਿਲ਼ਦੇ ਸਨ, ਪਰ ਅੱਜ ਅਸੀਂ ਕਿੰਨੀ ਦੂਰ
ਤੱਕ ਨਿੱਕਲ਼ ਗਏ, ਕੋਈ ਸਰੀਰ ਨਹੀਂ ਦਿਸਿਆ, “ ਗਲ਼ੀਆਂ ਹੋਵਣ ਸੁੰਨੀਆਂ, ਵਿੱਚ ਮਿਰਜ਼ਾ
ਯਾਰ ਫਿਰੇ!” ਵਾਲ਼ੀ ਸਥਿਤੀ ਬਣੀ ਪਈ ਸੀ। ਆ ਕੇ
ਫਿਰ ਟੀ.ਵੀ. ਲਗਾ ਲਿਆ, ਰਾਤ ਦੇ ਨੌਂ ਵੱਜ ਚੁੱਕੇ ਸਨ, ਪ੍ਰਧਾਨ 'ਜਾਰਜ ਬੁਸ਼' ਦਾ
ਭਾਸ਼ਨ ਆ ਰਿਹਾ ਸੀ: “ Terrorist attacks can shake the foundations of our
biggest buildings, but they cannot touch the foundation of America.
These acts shatter steel, but they cannot dent the steel of American
resolve. We will make no distinction between the terrorists who
committed these acts and those who harbor them.” ਵਰਗਾ ਕਈ ਕੁਝ ਕਿਹਾ ਜਾ
ਰਿਹਾ ਸੀ। ਬੁਸ਼ ਨੂੰ ਸੁਰੱਖਿਆ ਕਾਰਨਾਂ ਕਰਕੇ ਵਾਸ਼ਿੰਗਟਨ ਨਹੀਂ ਸੀ ਜਾਣ ਦਿੱਤਾ ਗਿਆ
ਸਗੋਂ ਕਿਸੇ ਅਣਦੱਸੀ ਮਹਿਫ਼ੂਜ਼ ਜਗਾਹ ਲੁਕੋ ਲਿਆ ਗਿਆ ਸੀ ਤੇ ਹੁਣ ਉਹ ਟੀ.ਵੀ. ਰਾਹੀਂ
ਸਭ ਦੇ ਸਾਹਮਣੇ ਆ ਕੇ ਆਪਣੇ ਦੇਸ਼ ਵਾਸੀਆਂ ਨੂੰ ਦਿਲਾਸਾ ਦੇ ਰਿਹਾ ਸੀ। ਵੱਖ ਵੱਖ
ਮੁਲਕਾਂ ਦੀਆਂ ਸਰਕਾਰਾਂ ਦੇ ਬਿਆਨ ਅਤੇ ਹਮਦਰਦੀਆਂ ਆਉਣ ਲੱਗ ਪਈਆਂ ਸਨ। ਹੇਠਾਂ ਆ
ਰਹੀ ਕੈਪਸ਼ਨ ਵਿੱਚ ਇਸ ਦੇ ਪਿੱਛੇ ਓਸਾਮਾ ਬਿਨ ਲਾਦਿਨ ਦਾ ਹੱਥ ਸਮਝਿਆ ਜਾ ਰਿਹਾ ਸੀ।
ਅਗਲੀ ਸੁਬਾਹ ਜਾਗੇ ਤਾਂ ਕੱਲ੍ਹ ਨਾਲ਼ੋਂ ਸਹਿਜ ਸਾਂ, ਕਾਫੀ ਪਲਸੇਟੇ ਮਾਰਨ ਬਾਅਦ
ਆਈ ਨੀਂਦ ਨੇ ਤਨ-ਮਨ ਨੂੰ ਧਰਵਾਸ ਦੇ ਦਿੱਤਾ ਸੀ। ਖ਼ਬਰਾਂ ਤਾਂ ਉਹੀ ਸਨ, ਕੱਲ੍ਹ
ਵਾਲ਼ੀਆਂ ਪਰ ਵਿੱਚ ਕਈ ਕੁਝ ਨਵਾਂ ਸ਼ਾਮਿਲ ਹੋ ਗਿਆ ਸੀ, ਗਿਣਤੀਆਂ ਦੱਸੀਆਂ ਜਾ ਰਹੀਆਂ
ਸਨ, ਅੰਦਰ ਫਸੇ ਲੋਕਾਂ ਨੂੰ ਬਚਾਉਣ ਗਏ ਤੇ ਆਪ ਵੀ ਪਰਤ ਕੇ ਨਾ ਆਏ ਕਾਮਿਆਂ ਦੀਆਂ,
ਗੁੰਮ ਹੋ ਗਏ ਅੱਗ-ਬੁਝਾਊ ਕਾਰਿੰਦਿਆਂ ਦੀਆਂ, ਲਾਸ਼ਾਂ ਦੀਆਂ ਤੇ ਇਹ ਸਿਲਸਿਲਾ ਕਈ ਦਿਨ
ਜਾਰੀ ਰਿਹਾ। ਰੋਜ਼ ਨਵੇਂ ਵਿਸਥਾਰ ਆ ਰਹੇ ਸਨ, 'ਪੈਨਸਿਲਵਾਨੀਆ' ਵਿਚ ਡਿੱਗਿਆ ਜਹਾਜ਼
ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ, 'ਸਨਫਰਾਂਸਿਸਕੋ' ਨੂੰ ਜਾਣ ਵਾਲ਼ਾ ਇਹ 'ਯੂਨਾਈਟਡ
ਫਲਾਈਟ-93' ਨਿਊਜਰਸੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉੱਡਣ ਦੇ ਤਕਰੀਬਨ 46 ਮਿੰਟ
ਬਾਅਦ ਹੀ ਅਗਵਾ ਕਰ ਲਿਆ ਗਿਆ ਸੀ, ਯਾਤਰੂਆਂ ਨੂੰ ਸੈੱਲਫੋਨਾਂ ਰਾਹੀਂ
'ਨਿਊਯਾਰਕ' ਤੇ 'ਪੈਂਟਾਗਨ' ਦੀਆਂ ਘਟਨਾਵਾਂ ਬਾਰੇ ਪਤਾ ਲੱਗ ਚੁੱਕਿਆ ਸੀ, ਆਪਣੀ
ਹੋਣੀ ਨੂੰ ਸਮਝਦਿਆਂ ਕੁਝ ਯਾਤਰੀਆਂ ਅਤੇ ਜਹਾਜ਼ੀ ਅਮਲੇ ਨੇ ਅਗਵਾਕਾਰਾਂ ਨਾਲ਼ ਜੂਝਣ ਦਾ
ਹੌਸਲਾ ਕਰ ਲਿਆ ਸੀ, ਕਈਆਂ ਨੇ ਆਪਣੇ ਨਜ਼ਦੀਕੀਆਂ ਨੂੰ ਫੋਨ ਵੀ ਕਰ ਲਏ ਸਨ, ਇਹ
ਰਿਕਾਰਡਿੰਗਾਂ ਸੁਣਾਈਆਂ ਜਾਣ ਲੱਗੀਆਂ, ਕਿਸੇ ਨੇ ਕਿਹਾ ਕਿ ਅਗਵਾਕਾਰਾਂ ਕੋਲ਼ੇ
ਬੰਬ ਹੈ ਤੇ ਉਹਨਾਂ ਜਹਾਜ਼ ਉਡਾਉਣ ਦੀ ਧਮਕੀ ਦਿੱਤੀ ਹੈ, ਕਿਸੇ ਨੇ ਇੱਕ ਅਗਵਾਕਾਰ
ਵੱਲੋਂ ਕਿਸੇ ਯਾਤਰੀ ਨੂੰ ਤੇਜ਼ਧਾਰ ਹਥਿਆਰ ਨਾਲ਼ ਫੱਟੜ ਕਰਨ ਬਾਰੇ ਆਖਿਆ। ਏਅਰ
ਹੌਸਟੈਸ 'ਸੈਂਡੀ ਬਰਾਡਸ਼ਾਅ' ਨੇ ਆਪਣੇ ਪਤੀ ਨੂੰ ਫੋਨ ਕਰਕੇ ਦੱਸਿਆ ਸੀ
ਕਿ ਉਹ ਗੈਲਰੀ ਵੱਲ ਖਿਸਕ ਗਈ ਹੈ ਤੇ ਅਗਵਾਕਾਰਾਂ ਉਤੇ ਸੁੱਟਣ ਲਈ ਭਾਂਡਿਆਂ ਵਿਚ
ਉੱਬਲਦਾ ਪਾਣੀ ਭਰ ਰਹੀ ਐ, ਉਹਦੇ ਆਖ਼ਰੀ ਲਫ਼ਜ਼ ਸਨ: “Everyone’s running to first
class. I’ve got to go. Bye.” ਇੱਕ ਹੋਰ ਯਾਤਰੀ 'ਟੌਡ ਬੀਮਰ'
ਦੀ ਰਿਕਾਰਡਿੰਗ ਸੁਣਾਈ ਗਈ : “Are you guys ready? Let’s roll.”
ਇੱਕ ਲੜਕੇ ਨੇ ਹਾਦਸੇ ਤੋਂ ਸਿਰਫ਼ ਇੱਕ ਮਿੰਟ ਪਹਿਲਾਂ ਆਪਣੀ ਮਾਂ 'ਐਲਿਸ
ਹੌਲਗੇਨ' ਨੂੰ ਫੋਨ ਕੀਤਾ ਸੀ, ਪੀੜਾਂ ਨਾਲ਼ ਵਲੂੰਧਰੀ ਮਾਂ ਵਾਰ ਵਾਰ ਅੱਖਾਂ ਪੂੰਝਦੀ
ਤੇ ਹਉਕੇ ਭਰਦੀ ਆਪਣੇ ਬੇਟੇ ਦੇ ਸ਼ਬਦ ਦੁਹਰਾ ਰਹੀ ਸੀ: “ Mom, I love you so
much, but I won’t see you again. Our plane has been hijacked.” ਇਕ
ਹੋਰ ਚਿੱਟੇ ਲਿਬਾਸ ਵਾਲ਼ੀ ਡਿਡੋਲਿਕੀ ਗੋਰੀ ਦਲੇਰ ਦਿਸਣ ਦੀ ਕੋਸ਼ਿਸ਼ ਵਿਚ ਹੰਝੂਆਂ ਨੂੰ
ਅੰਦਰੇ ਅੰਦਰ ਲੁਕਾਉਂਦੀ ਹੋਈ ਆਪਣੇ ਪਤੀ 'ਥੌਮਸ ਬਰਨੈਟ' ਦੇ ਜਹਾਜ਼ ਵਿੱਚੋਂ ਫੋਨ
ਰਾਹੀਂ ਭੇਜੇ ਬੋਲ ਸੁਣਾ ਰਹੀ ਸੀ: “I know we’re all going to die. There’s
three of us who are going to do something about it. I love you
Honey.” ਪਰ ਆਖ਼ਰੀ ਵਾਕ ਬੋਲਦਿਆਂ ਉਹਦਾ ਜ਼ਬਤ ਟੁੱਟ ਹੀ ਗਿਆ ਤੇ ਉਹ ਭੁੱਬਾਂ ਮਾਰਨ
ਲੱਗੀ। ਆਪਣੇ ਸਦਾ ਲਈ ਵਿੱਛੜ ਗਏ ਅਜ਼ੀਜ਼ਾਂ ਵੱਲੋਂ ਸਹੇ ਮਾਨਸਿਕ ਤੇ ਜਿਸਮਾਨੀ ਤਸੀਹੇ
ਦੀ ਵੇਦਨਾ ਉਹਨਾਂ ਦੇ ਸਕੇ ਸਬੰਧੀਆਂ ਦੇ ਚਿਹਰਿਆਂ ਉੱਤੇ ਦੁਗਣੀ, ਚੌਗੁਣੀ, ਸੌਗੁਣੀ
ਹੋ ਕੇ ਝਲਕ ਰਹੀ ਸੀ। ਸਮੇਂ ਨੇ ਸ਼ਾਇਦ ਇਹੋ ਜਿਹਾ ਸੰਤਾਪ ਕਦੀ ਨਹੀਂ ਦੇਖਿਆ ਹੋਣਾ।
ਇਹ ਸਭ ਦੇਖ ਸੁਣ ਕੇ ਕਾਲ਼ਜਾ ਮੂੰਹ ਨੂੰ ਆ ਰਿਹਾ ਸੀ, ਦਰਦ ਸਾਰੀਆਂ ਹੱਦਾਂ ਸਰਹੱਦਾਂ
ਟੱਪ ਗਏ ਸਨ, ਹੰਝੂਆਂ ਨੂੰ ਆਪਣੀ ਹੋਂਦ ਦਾ ਅਹਿਸਾਸ ਭੁੱਲ ਗਿਆ ਸੀ, ਉਦਾਸੀਆਂ ਦੀ
ਮੁਹਾਠ ਉੱਤੇ ਖੜੋ ਕੇ ਵਾਪਰਦਾ ਦੇਖਣ ਤੋਂ ਸਿਵਾਇ ਕੋਈ ਚਾਰਾ ਨਹੀਂ ਸੀ।
ਬੀਰ-ਯਾਤਰੀ ਚਾਰ ਅਗਵਾਕਾਰਾਂ ਨਾਲ਼ ਸਿਰ ’ਤੇ ਕਫ਼ਨ ਬੰਨ੍ਹ ਕੇ ਲੜੇ ਸਨ, ਉਹਨਾਂ ਵੱਲੋਂ
ਅੱਗ-ਬੁਝਾਊ ਯੰਤਰ ਨਾਲ਼ ਕੌਕਪਿਟ ਉੱਤੇ ਹਮਲਾ ਕੀਤਾ ਵੀ ਕਿਆਸਿਆ ਜਾ ਰਿਹਾ
ਸੀ, ਅਗਵਾਕਾਰਾਂ ਨੂੰ ਕਾਬੂ ਕਰਨ ਦਾ ਭਰਪੂਰ ਯਤਨ ਕੀਤਾ ਸੀ ਉਹਨਾਂ ਨੇ, ਇਸ ਜਦੋਜਹਿਦ
ਦੌਰਾਨ ਜਹਾਜ਼ ਪੱਛਮੀ 'ਪੈਨਸਿਲਵਾਨੀਆ' ਵਿੱਚ 'ਸ਼ੈਂਕਸਵਿਲੇ' ਟਾਊਨ ਕੋਲ਼
ਇੱਕ ਖੇਤ ਵਿੱਚ ਜਾ ਡਿਗਿਆ ਸੀ, ਅਗਵਾਕਾਰਾਂ ਸਮੇਤ 44 ਸਵਾਰ ਮੌਤ ਦੇ ਮੂੰਹ ਵਿੱਚ ਜਾ
ਪਏ ਸਨ। ਅੰਦਾਜ਼ੇ ਲੱਗ ਰਹੇ ਸਨ ਕਿ ਸ਼ਾਇਦ ਇਸ ਜਹਾਜ਼ ਦਾ ਨਿਸ਼ਾਨਾ 'ਵਾਈਟ ਹਾਊਸ', ਕੋਈ
ਨਿਊਕਲੀਅਰ ਪਾਵਰ ਪਲਾਂਟ ਜਾਂ ਕੋਈ ਏਹੋ ਜੇਹਾ ਵਿਸ਼ੇਸ਼ ਸਥਾਨ ਸੀ, ਪਰ
ਯਾਤਰੂਆਂ ਨੇ ਆਪਣੀ ਜਾਨ ਉੱਤੇ ਖੇਡ ਕੇ ਉਹਨੂੰ ਬਚਾ ਲਿਆ ਸੀ। ਮੌਤ ਦੀ ਖੇਡ
ਕਿੰਨੀ ਵੀ ਭਿਅੰਕਰ ਹੋਵੇ, ਹਯਾਤੀ ਦੀ ਹੁਸੀਨ ਖੇਡ ਉਵੇਂ ਹੀ ਚੱਲਦੀ ਰਹਿੰਦੀ ਹੈ,
ਏਹੋ ਕੁਦਰਤ ਦਾ ਅਸੂਲ ਹੈ, ਜ਼ਿੰਦਗੀ ਦਾ ਧੁਰਾ ਹੈ। ਦਰਸ਼ਨ 'ਗੌਲਫ' ਖੇਡਣ ਦਾ ਸ਼ੁਕੀਨ
ਹੈ ਤੇ ਉਹਨੇ ਕਾਫੀ ਦਿਨ ਪਹਿਲਾਂ ਸਾਨੂੰ ਵੀ ਆਪਣੇ ਨਾਲ਼ 'ਗੌਲਫ ਕਲੱਬ' ਲਿਜਾਣ ਲਈ
ਲੋੜੀਂਦੀ ਕਾਰਵਾਈ ਕੀਤੀ ਸੀ, ਉਹ ਤੈਅ-ਸ਼ੁਦਾ ਦਿਨ ਆ ਗਿਆ ਤੇ ਨਾਲ਼ ਹੀ ਸਵੇਰੇ ਸਵੇਰੇ
ਉਹਦੇ ਮਿੱਤਰ ਦਾ ਫੋਨ: “ ਅੱਜ ਦੀ ਗੇਮ ਕੈਂਸਲ ਕਰ ਦਿਓ, ਸਗੋਂ ਕਿਤੇ ਵੀ ਬਾਹਰ ਨਾ
ਜਾਇਓ!” “ ਕਿਉਂ ਸੁੱਖ ਤਾਂ ਹੈ?” ਦਰਸ਼ਨ ਨੇ ਪੁੱਛਿਆ। ਫੋਨ ਸਪੀਕਰ ’ਤੇ
ਸੀ।br>& “
ਗੁਰਦੁਆਰੇ ਦੇ ਗ੍ਰੰਥੀ ਨੂੰ ਮੁਸ਼ਟੰਡਿਆਂ ਨੇ ਕੁੱਟਿਐ, ਉਹਦੀ ਪੱਗ ਲਾਹ ਕੇ ਬੁਰੀ ਬਾਬ
ਕੀਤੀ ਐ, ਵੁਈ ਸੇਵਡ ਹਿਮ ਵਿਦ ਗਰੇਟ ਡਿਫੀਕਲਟੀ।” “ ਮੈਂ
ਆਉਨਾਂ ਹੁਣੇ ਗੁਰਦੁਆਰੇ!”br> ਇਇੱਕ ਐਤਵਾਰ ਇਸ ਗੁਰਦੁਆਰੇ ਉਹ ਸਾਨੂੰ ਵੀ ਲੈ ਕੇ ਗਏ ਸਨ, ਇਹ
ਛੋਟਾ ਜਿਹਾ ਗੁਰੂਘਰ ਉਥੋਂ ਦੇ ਸਥਾਨਕ ਸਿੱਖਾਂ ਨੇ ਚੰਦਾ ਜਮ੍ਹਾ ਕਰਕੇ ਬਣਾਇਆ ਸੀ,
ਗ੍ਰੰਥੀ ਦੀ ਤਨਖਾਹ ਤੇ ਰਿਹਾਇਸ਼ ਆਦਿ ਦਾ ਪ੍ਰਬੰਧ ਵੀ ਉਹ ਸਾਰੇ ਮਿਲ਼ ਕੇ ਕਰਦੇ ਸਨ,
ਦਰਸ਼ਨ ਮੁੱਖ ਪ੍ਰਬੰਧਕ ਸੀ, ਐਤਵਾਰ ਨੂੰ ਸਾਰੇ ਇਕੱਠੇ ਹੁੰਦੇ, ਕਥਾ-ਕੀਰਤਨ ਹੁੰਦਾ,
ਲੰਗਰ ਤਿਆਰ ਕੀਤਾ ਜਾਂਦਾ, ਛਕਿਆ ਜਾਂਦਾ, ਇਹ ਆਨੰਦ ਉਸ ਦਿਨ ਅਸੀਂ ਵੀ ਮਾਣਿਆ ਸੀ।
ਪਰ ਅੱਜ ਸਿੱਧਾ ਜਵਾਬ ਆਇਆ, “ਨੋ ਨੋ, ਪਲੀਜ਼ ਡੌਂਟ ਕਮ, ਸਿਕਿਊਰਿਟੀ ਰੀਜ਼ਨ
ਲਈ ਗੁਰਦੁਆਰਾ ਬੰਦ ਕਰਵਾ ਦਿੱਤਾ ਗਿਐ, ਹੋਰ ਵੀ ਇਨਸੀਡੈਂਟਸ ਹੋਈਐਂ,
ਸਾਰੇ ਪੱਗ ਵਾਲ਼ੇ ਨਿਸ਼ਾਨੇ ’ਤੇ ਨੇ।” “ ਓ ਮੇਰੇ ਸਤਿਗੁਰੂ! ਤੇਰੇ ਸਿੱਖਾਂ
ਨੂੰ ਕਿਤੇ ਵੀ ਸੁੱਖ ਚੈਨ ਨਹੀਂ? ਨਾ ਦੇਸ ਵਿੱਚ ਨਾ ਪਰਦੇਸ ਵਿੱਚ?” ਮੇਰੇ ਅੰਦਰੋਂ
ਹੂਕ ਜਿਹੀ ਨਿੱਕਲੀ।br> ਟਟੈਲੀਵਿਜ਼ਨ ਦੀ ਭਾਸ਼ਾ ਵੀ ਤੱਤੀ ਤੱਤੀ ਹੋ ਰਹੀ ਸੀ, ਬੁਲਾਰਿਆਂ ਦੀ
ਜ਼ੁਬਾਨ ਮਿਰਚਾਂ ਛਿੜਕਣ ਲੱਗ ਪਈ ਸੀ, ਨਿੱਤ ਆ ਰਹੇ ਨਵੇਂ ਅੰਕੜੇ ਸੀਨਿਆਂ ਵਿਚ
ਮੋਰੀਆਂ ਕਰ ਰਹੇ ਸਨ, 'ਪੈਂਟਾਗਨ' ਵਿਚ ਜਹਾਜ਼ ਦੇ 64 ਯਾਤਰੂਆਂ ਸਮੇਤ 125 ਮਿਲਟਰੀ
ਬੰਦੇ ਤੇ ਆਮ ਸ਼ਹਿਰੀ ਅਣਿਆਈ ਮੌਤੇ ਮਰ ਗਏ ਸਨ। 'ਵਿਸ਼ਵ ਵਪਾਰ ਕੇਂਦਰ' ਤੇ ਇਹਦੇ ਆਲ਼ੇ
ਦਵਾਲ਼ੇ ਤਕਰੀਬਨ 3,000 ਹੱਸਦੀਆਂ ਖੇਡਦੀਆਂ ਜਿੰਦਾਂ ਪਲਾਂ ਵਿੱਚ ਲੋਥਾਂ ਬਣ ਗਈਆਂ
ਸਨ, ਜਿਹਨਾਂ ਵਿੱਚ 343 ਅੱਗ ਨਾਲ਼ ਜੂਝਣ ਵਾਲ਼ੇ ਅਤੇ ਸਿਹਤ ਕਾਮੇ, 23 ਨਿਊਯਾਰਕ ਸ਼ਹਿਰ
ਦੀ ਪੁਲੀਸ ਦੇ ਅਫਸਰ ਤੇ 37 'ਪੋਰਟ ਅਥਾਰਿਟੀ ਪੁਲੀਸ ਅਫਸਰ' ਵੀ ਸ਼ਾਮਿਲ ਸਨ।
ਮੀਨਾਰਾਂ ਦੇ ਤਬਾਹ ਹੋਣ ਵਕਤ ਸਿਰਫ਼ 6 ਬੰਦਿਆਂ ਦੇ ਠੀਕ ਠਾਕ ਬਚਣ ਦੀ ਖਬਰ ਸੀ, ਛੇ
ਹਜ਼ਾਰ ਦੇ ਕਰੀਬ ਜ਼ਖ਼ਮੀ ਸਨ, ਜਿਹਨਾਂ ਵਿੱਚੋਂ ਬਹੁਤੇ ਹਸਪਤਾਲਾਂ ਵਿੱਚ ਮੌਤ ਨਾਲ਼ ਲੜ
ਰਹੇ ਸਨ। ਹਮਲਿਆਂ ਅਤੇ ਇਸ ਹੌਲਨਾਕ ਦੁਖਾਂਤ ਲਈ ਜ਼ਿੰਮੇਵਾਰ ਇਸਲਾਮਿਕ ਦਹਿਸ਼ਤਗਰਦ
ਜੱਥੇਬੰਦੀ ‘ਅਲ ਕਾਇਦਾ’ ਦਾ ਨਾਮ ਹਰ ਜ਼ੁਬਾਨ ’ਤੇ ਆ ਗਿਆ ਸੀ, ਉਹਨਾਂ ਨੂੰ ਫਨਾਹ ਕਰਨ
ਦੀਆਂ ਤਰਕੀਬਾਂ ਬਣ ਰਹੀਆਂ ਸਨ, ਤਾਲਿਬਾਨ ਨੂੰ ਯਾਦਗਾਰੀ ਸਬਕ ਸਿਖਾਉਣ ਦੇ ਮਸ਼ਵਰੇ ਹੋ
ਰਹੇ ਸਨ, ਹੋਸ਼ ਪਰਤਦਿਆਂ ਹੀ ਜ਼ਖ਼ਮੀ ਸ਼ੇਰ ਬਦਲਾ ਲੈਣ ਲਈ ਉਤਾਵਲੇ ਹੋ ਗਏ ਸਨ…ਤੇ ਫਿਰ
ਅਫਗਾਨਿਸਤਾਨ ਉੱਤੇ ਧਾਵੇ ਦੀਆਂ ਹਵਾਈਆਂ ਉਡਣ ਲੱਗੀਆਂ, ਅਮਰੀਕੀ ਜ਼ਹਿਰ ਨਾਲ਼
ਨੱਕੋ-ਨੱਕ ਭਰੇ ਪਏ ਸਨ, ਨਿਰਦੋਸ਼ ਨੈਣਾਂ ਵਿੱਚੋਂ ਵਗੇ ਪਾਣੀ-ਰੰਗੇ ਹੰਝੂ ਖ਼ੂਨ ਦੇ
ਹੰਝੂਆਂ ਵਿੱਚ ਵਟ ਰਹੇ ਸਨ, ਵਾਰ ਵਾਰ ਦਿਖਾਈਆਂ ਜਾ ਰਹੀਆਂ ਝਲਕੀਆਂ ਬਲ਼ਦੀ ਉੱਤੇ ਤੇਲ
ਬਣ ਬਣ ਡੁੱਲ੍ਹ ਰਹੀਆਂ ਸਨ। ਤੀਜੀ ਵਿਸ਼ਵ ਜੰਗ ਬਰੂਹਾਂ ਉੱਤੇ ਆ ਗਈ ਲੱਗਦੀ ਸੀ।
“ ਆਪਾਂ ਵਾਪਿਸ ਘਰ ਚੱਲੀਏ!” ਬਲਦੇਵ ਨੇ ਮੇਰੇ ਦਿਲ ਦੀ ਗੱਲ ਕਹਿ ਦਿੱਤੀ। br>““ ਪਾਗਲ ਹੋ ਗਏ ਓ? ਦੇਖੋ
ਤਾਂ ਕਿਵੇਂ ਅੱਗ ਵਰ੍ਹ ਰਹੀ ਐ? ਟਿਕ ਕੇ ਬਹਿ ਜਾਓ!” “ ਨਹੀਂ ਭੂਪੀ!
ਉਡਾਣਾਂ ਸ਼ੁਰੂ ਹੁੰਦੀਆਂ ਹੀ ਸਾਡੀ ਟਿਕਟ ਬਣਵਾ ਦੇ ਪਲੀਜ਼!” “
ਪਰ ਤੁਹਾਡੀ ਵਾਪਿਸੀ ਤਾਂ ਯੂ.ਕੇ. ਦੀ ਐ, ਉੱਥੋਂ ਕਾਫੀ ਚਿਰ ਬਾਅਦ ਜਾਣੈਂ ਤੁਸੀਂ
ਇੰਡੀਆ , ਤੂੰ ਆਪ ਈ ਤਾਂ ਦੱਸਿਆ ਸੀ।” “ ਹਾਂ..ਪਰ ਉਹ ਪਹਿਲਾ
ਪ੍ਰੋਗਰਾਮ ਸੀ, ਹੁਣ ਤਾਂ ਸਭ ਕੁਛ ਬਦਲ ਗਿਆ।”br>““ ਜਿਹਨਾਂ ਕੋਲ਼ ਜਾਣਾ ਸੀ ਤੁਸੀਂ, ਉਹ ਕੀ ਸੋਚਣਗੇ? ਉਹਨਾਂ
ਵੀ ਅੱਗੇ ਰੈਜ਼ਰਵੇਸ਼ਨ ਕਰਵਾਈ ਹੋਣੀ ਐ, ਇਉਂ ਕਰਨਾ ਚੰਗਾ ਨਹੀਂ ਸਮਝਿਆ
ਜਾਂਦਾ ਇਹਨਾਂ ਦੇਸਾਂ ’ਚ।” “ ਦੇਖਦੀ ਆਂ ਗੱਲ ਕਰ ਕੇ!”br> ਮਮੈਂ 'ਸਕਾਟਲੈਂਡ'
ਵਸਦੇ ਲੇਖਕ ਦੋਸਤ ਗੁਰਦੀਪ ਸਿੰਘ ਪੁਰੀ ਨੂੰ ਫੋਨ ਮਿਲ਼ਾ ਲਿਆ। ਉਹਨਾਂ ਨੇ ਸੱਚਮੁਚ ਕਈ
ਦੇਖਣਯੋਗ ਥਾਵਾਂ ਦੀਆਂ ਅਗਾਊਂ ਟਿਕਟਾਂ ਖਰੀਦੀਆਂ ਹੋਈਆਂ ਸਨ। “ ਗੁਰਦੀਪ
ਜੀ! ਸੌਰੀ..ਆਪਾਂ ਫੇਰ ਕਦੀ ਦਾ ਪ੍ਰੋਗਰਾਮ ਨਾ ਬਣਾ ਲਈਏ? ਹੁਣ ਤਾਂ ਖ਼ੌਰੇ
ਕੀ ਹੋਣ ਵਾਲ਼ੈ ? ਕੀ ਬਹੁਤ ਨੁਕਸਾਨ ਹੋਊਗਾ ਟਿਕਟਾਂ ਕੈਂਸਲ ਕਰਾਉਣ ਦਾ?” “
ਉਹ ਤਾਂ ਕੋਈ ਐਡੀ ਪ੍ਰਾਬਲਮ ਨਹੀਂ ਭੈਣ ਜੀ! ਪਰ ਤੁਸੀਂ ਆ ਜਾਂਦੇ ਤਾਂ…?
ਮੈਂ ਲੇਖਕ- ਮਿਲਣੀਆਂ ਦਾ ਪ੍ਰਬੰਧ ਕਰਕੇ ਅਨਾਊਂਸਮੈਂਟਾਂ ਕਰਵਾਈਆਂ
ਹੋਈਐਂ।” “ ਪਰ ਹੁਣ ਤਾਂ ਸਾਰਿਆਂ ਨੂੰ ਹੀ ਹਾਲਾਤ ਨੇ ਡਿਸਟਰਬ
ਕੀਤਾ ਹੋਊਗਾ, ਰਿਲੈਕਸ ਤਾਂ ਕੋਈ ਵੀ ਨਹੀਂ ਹੋਣਾ।” “ ਉਹ ਤਾਂ
ਖ਼ੈਰ ਹੈ ਹੀ!”br> ਮਮੁੜ ਕੇ ਛੇਤੀ ਗੇੜਾ ਮਾਰਨ ਦਾ
ਵਾਅਦਾ ਲੈਂਦਿਆਂ ਉਹਨਾਂ ਸਾਨੂੰ ਯਾਤਰਾ ਰੱਦ ਕਰਨ ਦੀ ਆਗਿਆ ਦੇ ਹੀ ਦਿੱਤੀ। ਹੁਣ
ਸਮੱਸਿਆ ਚਾਚਾ ਜੀ ਗੁਰਚਰਨ ਸਿੰਘ ਜੀ ਦੀ ਸੀ, ਉਹ ਮੇਅਰ ਸਨ ਬਰਮਿੰਘਮ
ਵਿੱਚ, ਅਸੀਂ ਆਉਣ ਵੇਲ਼ੇ ਉਹਨਾਂ ਕੋਲ਼ ਦਸ ਕੁ ਦਿਨ ਹੀ ਰੁਕੇ ਸਾਂ, ਵਾਪਿਸੀ ਉੱਤੇ ਹੋਰ
ਮਹੀਨਾ ਕੁ ਠਹਿਰਨ ਅਤੇ ਵਲੈਤੀਏੇ ਰਿਸ਼ਤੇਦਾਰਾਂ ਨੂੰ ਮਿਲਣ ਦੀ ਯੋਜਨਾ ਸੀ, ਅੱਧਾ
ਸਮਾਨ ਵੀ ਉਥੇ ਹੀ ਛੱਡ ਆਏ ਸਾਂ। “ ਪਰ ਬੇਟਾ! ਰੋਜ਼ ਰੋਜ਼ ਕਿਹੜਾ ਆਇਆ
ਜਾਂਦੈ, ਮਸਾਂ ਤਾਂ ਆਏ ਓ ਤੁਸੀਂ, ਨਾਲ਼ੇ ਤੁਸੀਂ ਤਾਂ ਚਾਰ ਮਹੀਨਿਆਂ ਦੀਆਂ ਛੁੱਟੀਆਂ
ਲੈ ਕੇ ਆਏ ਸੀ ਹਸਪਤਾਲੋਂ!”br> “ ਹਾਂ ਚਾਚਾ ਜੀ! ਪਰ ਇਹ ਜੋ ਕੁਝ ਵਾਪਰ ਰਿਹੈ ਨਾ! ਲੱਗਦੈ
ਛੇਤੀ ਤੋਂ ਛੇਤੀ ਘਰੇ ਉੱਪੜੀਏ।” ““ ਹਵਾਈ ਸਫ਼ਰ ਬਹੁਤ ਰਿਸਕੀ ਐ ਹੁਣ,
ਵੈਰੀ ਡੇਂਜਰਸ…।” “ ਜੋ ਕਿਸਮਤ ’ਚ ਹੋਇਆ ਉਹ ਤਾਂ ਹੋਣਾ ਈ ਐ ਚਾਚਾ
ਜੀ! ਪਰ ਹੁਣ ਇੰਡੀਆ ਜਾਣ ਨੂੰ ਜੀਅ ਕਰਦੈ!” “ ਵਿਚਾਰ ਲਓ! ਤੁਹਾਡੀ
ਮਰਜ਼ੀ ਐ…।”br>ਤੇ ਓਧਰੋਂ
ਵੀ ਇੱਕ ਤਰ੍ਹਾਂ ਹਰੀ ਝੰਡੀ ਮਿਲ਼ ਗਈ, ਉਡਾਣਾਂ ਸ਼ੁਰੂ ਹੁੰਦਿਆਂ ਹੀ ਮੈਂ ਭੂਪੀ ਦੇ
ਦਵਾਲ਼ੇ ਹੋ ਗਈ। ““ ਜਸਟ ਥਿੰਕ ਅਗੇਨ, ਜ਼ਬਰਦਸਤ ਅਟੈਕ
ਦੀਆਂ ਨਿਊਜ਼ ਆ ਰਹੀਐਂ, ਓਥੇ ਅਫਗਨਿਸਤਾਨ ’ਚ ਅੱਗ ਲੱਗੀ ਹੋਊ ਤੇ ਤੁਸੀਂ
ਉੱਪਰੋਂ ਦੀ ਲੰਘਣੈਂ!” ਭੂਪੀ ਨੇ ਆਖ਼ਿਰੀ ਹਥਿਆਰ ਵਰਤਿਆ। “ ਦੇਖੀ ਜਾਊ, ਜੋ
ਹੋਊ, ਨਾਲ਼ੇ ਐਨੀ ਛੇਤੀ ਨਹੀਂ ਕੁਸ਼ ਹੁੰਦਾ, ਅਸੀਂ ਲੜਾਈ ਤੋਂ ਪਹਿਲਾਂ ਪਹੁੰਚ ਜਾਈਏ,
ਜੇ ਮਰਨੈਂ ਤਾਂ ਆਪਣੀ ਮਿੱਟੀ ’ਚ ਮਰੀਏ!”br> “ ਓ ਲੈ ਬਾਬਾ! ਕਰਵਾ ਦਿੰਨੀ ਐਂ, ਐਹੋ ਜਹੇ ਮਾੜੇ ਬੋਲ ਤਾਂ
ਨਾ ਮੂੰਹੋਂ ਕੱਢ!” ਪਹਿਲੀਆਂ ਟਿਕਟਾਂ ਰੱਦ ਕਰਵਾਈਆਂ, ਨਵੀਆਂ ਮਿਲ਼ ਗਈਆਂ,
ਰੁਪਏ ਤਾਂ ਕਾਫੀ ਸਾਰੇ ਹੋਰ ਦੇਣੇ ਪਏ, ਪਰ ਦੇਸ਼ ਵਾਪਿਸੀ ਸਾਹਮਣੇ ਇਹ ਸੌਦਾ ਮਹਿੰਗਾ
ਨਹੀਂ ਸੀ। ਜਹਾਜ਼ ਲੰਡਨ ਤੋਂ ਬਦਲਣਾ ਸੀ, ਚਾਚਾ ਜੀ ਆਪਣੇ ਬੇਟੇ ਜੌਨ ਨਾਲ਼ ਬਰਮਿੰਘਮ
ਤੋਂ ਸਾਡਾ ਸਮਾਨ ਲੈ ਕੇ ਹਵਾਈ ਅੱਡੇ ’ਤੇ ਪਹੁੰਚ ਗਏ ਸਨ, ਦੇਸ਼ ਨੂੰ ਜਾਂਦੇ ਜਹਾਜ਼
ਵਿੱਚ ਬੈਠਦਿਆਂ ਹੀ ਰੂਹ ਤਸੱਲੀ ਵਿਚ ਨਹਾ ਗਈ। ਜਦੋਂ ਅਸੀਂ ਦਿੱਲੀ ਹਵਾਈ
ਅੱਡੇ ਤੋਂ ਨਿੱਕਲ਼ ਕੇ ਟੈਕਸੀ ਵਿੱਚ ਬੈਠੇ, ਖ਼ਬਰਾਂ ਤਾਂ ਰੇਡੀਓ ਏਥੇ ਵੀ ਲੱਗਣ ਵਾਲ਼ੀ
ਜੰਗ ਦੀਆਂ ਸੁਣਾ ਰਿਹਾ ਸੀ, ਪਰ ਬਾਰੀ ਵਿੱਚੋਂ ਬਾਹਰ ਦੇਖਦਿਆਂ ਅਸੀਂ ਅੰਤਾਂ ਦਾ
ਸਕੂਨ ਮਹਿਸੂਸ ਕਰ ਰਹੇ ਸਾਂ। ਜਾਣੂ ਡਰਾਈਵਰ ਵਾਰ ਵਾਰ ਸਾਡੇ ਸਫ਼ਰ ਬਾਰੇ, ਵਿਦੇਸ਼ੀ
ਮਾਹੌਲ ਬਾਰੇ, ਅਮਰੀਕਾ ਦੇ ਢੱਠੇ ਕੋਠਿਆਂ ਬਾਰੇ ਪੁੱਛ ਰਿਹਾ ਸੀ ਤੇ ਅਮਰੀਕਨਾਂ ਦੇ
ਖ਼ੌਫ਼ਜ਼ਦਾ, ਸਹਿਮੇ ਚਿਹਰਿਆਂ ਨੂੰ ਬਿਆਨਣ ਲਈ ਮੈਨੂੰ ਹਾਣ ਦੇ ਸ਼ਬਦ ਨਹੀਂ ਲੱਭ ਰਹੇ ਸਨ।
& ਡਾ. ਗੁਰਮਿੰਦਰ ਸਿੱਧੂ 12573,
70 ਏ ਐਵੇਨਿਊੇ, ਸਰੀ, ਬ੍ਰਿਟਿਸ਼ ਕੋਲੰਬੀਆ,ਕੈਨੇਡਾ ਮੋਬਾਈਲ ਫੋਨ :1 236 518
5952
gurmindersidhu13@gmail.com
|