ਸ਼੍ਰੋਮਣੀ ਪੱਤਰਕਾਰ ਸ. ਹਰਜਿੰਦਰ ਸਿੰਘ ਲਾਲ ਦੀ ਕਾਬੁਲ ਤੋਂ ਵਿਸ਼ੇਸ਼ ਰਿਪੋਰਟ
ਅਫਗਾਨੀ
ਸਿੱਖ ਜੋ ਕਦੇ ਦੁਨੀਆਂ ਦੇ ਅਮੀਰ ਸਿੱਖਾਂ ਵਿਚ ਗਿਣੇ ਜਾਂਦੇ ਸਨ। ਅੱਜ ਬਹੁਤ ਬੁਰੇ
ਦਿਨਾਂ ਵਿਚੋਂ ਗੁਜ਼ਰ ਰਹੇ ਹਨ। ਕਦੇ ਉਨ੍ਹਾਂ ਦੀਆਂ ਅੱਖਾਂ ਭਾਰਤ ਸਰਕਾਰ ਵੱਲ ਮਦਦ ਲਈ
ਦੇਖਦੀਆਂ ਹਨ, ਕਦੇ ਇਹ ਆਸ਼ਾ ਕਰਦੀਆਂ ਹਨ ਕਿ ਭਾਰਤ ਦਾ ਇਕ ਸਿੱਖ ਪ੍ਰਧਾਨ ਮੰਤਰੀ
ਉਨ੍ਹਾ ਦੀ ਸਾਰ ਲਵੇਗਾ ਤੇ ਕਦੇ ਉਹ ਸ਼੍ਰੋਮਣੀ ਕਮੇਟੀ ਵਲੋਂ ਮਦਦ ਦੀ ਆਸ ਕਰਦੇ ਨਜ਼ਰ
ਆਉਂਦੇ ਹਨ। ਭਾਵੇਂ 'ਤਾਲਿਬਾਨ' ਦੇ ਪਤਨ ਤੋਂ ਬਾਅਦ 'ਅਹਿਮਦ ਕਰਜਈ' ਦੀ
ਸਰਕਾਰ ਨੇ ਉਨ੍ਹਾਂ ਦੇ ਨਾਗਰਿਕਾਂ ਵਾਲੇ ਕਾਨੂੰਨੀ ਹੱਕ ਬਹਾਲ ਕਰ ਦਿੱਤੇ ਹਨ ਪਰ
'ਤਾਲਿਬਾਨ' ਦੇ ਕਬਜ਼ੇ ਦੇ ਦਿਨਾਂ ਵਿਚ ਉਨ੍ਹਾਂ ਦੀਆਂ ਖੋਹੀਆਂ ਜਾਇਦਾਦਾਂ, ਮਕਾਨ ਅੱਜ
ਵੀ ਉਨ੍ਹਾਂ ਨੂੰ ਨਹੀਂ ਮਿਲੇ। ਉਨ੍ਹਾ ਦੇ 8 ਵਿਚੋਂ 7 ਗੁਰਦੁਆਰੇ ਅੱਜ ਵੀ ਖੰਡਰ ਬਣੇ
ਨਜ਼ਰ ਆਉਂਦੇ ਹਨ। ਅੱਜ ਵੀ ਉਹ ਆਪਣੇ ਮ੍ਰਿਤਕ ਰਿਸ਼ਤੇਦਾਰਾਂ ਦੀਆਂ ਲਾਸ਼ਾਂ ਦਾ ਅੰਤਿਮ
ਸੰਸਕਾਰ ਗੁਰਦੁਆਰਾ ਸਾਹਿਬ ਦੇ ਅੰਦਰ ਹੀ ਕਰਨ ਤੇ ਮਜ਼ਬੂਰ ਹਨ। ਨਵੀਂ ਜਗ੍ਹਾ ਅਲਾਟ
ਹੋਣ ਵਾਲੀ ਸਮਸ਼ਾਨ ਭੂਮੀ ਦਾ ਕਬਜ਼ਾ ਉਨ੍ਹਾ ਨੂੰ ਅਜੇ ਨਹੀਂ ਮਿਲਿਆ ਤੇ ਪੁਰਾਣੇ
ਸ਼ਮਸ਼ਾਨਘਾਟ ਵਿਚ ਮੁਸਲਿਮ ਪਠਾਣ ਉੁਨ੍ਹਾਂ ਨੂੰ ਲਾਸ਼ਾਂ ਦਾ ਅਤਿੰਮ ਸੰਸਕਾਰ ਕਰਨ ਨਹੀਂ
ਦਿੰਦੇ। ਫਿਰ ਨਵੀਂ ਅਲਾਟ ਹੋਈ ਸ਼ਮਸ਼ਾਨ ਭੂਮੀ ਤੱਕ ਪਹੁੰਚਣ ਲਈ ਬਣਨ ਵਾਲਾ ਪੁਲ ਬਣਾਉਣ
ਦੀ ਸਮਰਥਾ ਉਨ੍ਹਾਂ ਕੋਲ ਨਹੀਂ। ਸ਼ਹਿਰ ਤੋਂ 15 ਕਿਲੋਮੀਟਰ ਦੂਰ ਇਲਾਕਾ 'ਪੁਲ ਏ
ਚਰਖੀ' ਵਿਚ ਬਣਨ ਵਾਲੇ ਨਵੇਂ ਸਮਸ਼ਾਨ ਘਾਟ ਤੱਕ ਲਾਸ਼ ਨੂੰ ਢੋਅ ਕੇ ਲੈ ਜਾਣ ਵਾਲੀ
ਪੂਰੀ ਤਰ੍ਹਾਂ ਨਕਾਰਾ ਹੋ ਚੁੱਕੀ ਗੱਡੀ ਦੀ ਜਗ੍ਹਾ ਨਵੀਂ ਗੱਡੀ ਲੈਣ ਦੀ ਗੱਲ ਅਜੇ ਉਹ
ਸੋਚ ਵੀ ਨਹੀਂ ਸਕਦੇ। ਬੱਚਿਆਂ ਦੀ ਪੜਾਈ ਲਈ ਸਕੂਲ ਨਹੀਂ, ਟੀਚਰ ਨਹੀਂ, ਪੈਸੇ ਨਹੀਂ।
ਉਨ੍ਹਾਂ ਦੀਆਂ ਸਮੱਸਿਆਵਾਂ ਦਾ ਅੰਤ ਨਹੀਂ, ਪਰ ਅਸ਼ਕੇ ਗੁਰੂ ਦੇ ਸਿੱਖਾਂ ਦੇ ਹੌਸਲੇ
ਦੇ ਕਿ ਇਸ ਦੇ ਬਾਵਜੂਦ ਉਹ ਜਿੰਨਾ ਕਮਾਉਂਦੇ ਹਨ ਉਸ ਵਿਚੋਂ ਅੱਜ ਵੀ ਦਸਵੰਧ ਕੱਢਦੇ
ਹਨ ਤੇ ਗੁਰਪੁਰਬ ਮਨਾਉਂਦੇ ਹਨ। ਬਾਵਜੂਦ ਇਸ ਦੇ ਕਿ ਕਦੇ ਅਫਗਾਨਿਸਤਾਨ ਵਿਚ 3 ਲੱਖ
ਤੋਂ ਵਧੇਰੇ ਦੀ ਵਸੋਂ ਵਾਲੇ ਹਿੰਦੂ ਸਿੱਖਾਂ ਦੀ ਗਿਣਤੀ ਅੱਜ ਪੂਰੇ ਅਫਗਾਨਿਸਤਾਨ ਵਿਚ
ਸਿਰਫ 3330 ਬੰਦੇ ਰਹਿ ਗਈ ਹੈ।br> ਅਫਗਾਨਿਸਤਾਨ ਤੇ ਖਾਸਕਰ ਕਾਬੁਲ, ਕੰਧਾਰ ਤੇ ਗਜ਼ਨੀ ਸੈਂਕੜੇ ਸਾਲ ਬੀਤ
ਜਾਣ ਦੇ ਬਾਅਦ ਵੀ ਪੰਜਾਬੀਆਂ, ਖਾਸਕਰ ਸਿੱਖਾਂ ਦੇ ਮਨਾਂ ਵਿਚ ਅੱਜ ਵੀ ਉੱਕਰੇ ਹੋਏ
ਹਨ। ਸਿੱਖ ਇਤਿਹਾਸ ਕਾਬੁਲ, ਕੰਧਾਰ ਤੇ ਗਜ਼ਨੀ ਦੇ ਜ਼ਿਕਰ ਬਿਨ੍ਹਾਂ ਅਧੂਰਾ ਹੈ। ਸ਼ਾਇਦ
ਹੀ ਕੋਈ ਸਿੱਖ ਹੋਵੇ ਜਿਸ ਨੇ ਇਨ੍ਹਾਂ ਸ਼ਹਿਰਾਂ ਦੇ ਨਾਮ ਨਾ ਸੁਣੇ ਹੋਣ। ਸਿੱਖ ਧਰਮ
ਦੇ ਬਾਨੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਹਿੰਦੋਸਤਾਨ ਤੇ ਮੁਗਲ ਸਲਤਨਤ ਕਾਇਮ ਕਰਨ
ਵਾਲੇ ਬਾਦਸ਼ਾਹ ਬਾਬਰ ਦੇ ਸਮਕਾਲੀ ਸਨ। ਬਾਬਰ ਨੇ ਭਾਰਤ 'ਤੇ ਹਮਲੇ ਵੇਲੇ ਜੋ ਜ਼ੁਲਮ
ਕੀਤੇ ਗੁਰੂ ਸਾਹਿਬ ਨੇ ਉਨ੍ਹਾਂ ਦਾ ਵਿਰੋਧ ਕੀਤਾ ਤੇ ਕਿਹਾ 'ਪਾਪ ਕੀ ਜੰਜ ਲੈ
ਕਾਬਲੋਂ ਧਾਇਆ, ਜੋਰੀ ਮੰਗੇ ਦਾਨ ਵੇ ਲਾਲੋ' ਭਾਵ ਸਿੱਖ ਇਤਿਹਾਸ ਦੀ ਸ਼ੁਰੂਆਤ ਵਿਚ ਹੀ
ਕਾਬੁਲ ਦਾ ਜ਼ਿਕਰ ਹੈ। ਬਾਬਰ ਦੇ ਜ਼ੁਲਮ ਵਿਰੁੱਧ ਗੁਰੂ ਨਾਨਕ ਸਾਹਿਬ ਨੇ ਜਿਥੇ ਇਹ ਕਹਿ
ਕੇ ਅਵਾਜ਼ ਬੁਲੰਦ ਕੀਤੀ ਕਿ 'ਰਾਜੇ ਸ਼ੀਹ ਮੁਕੱਦਮ ਕੁੱਤੇ, ਜਾਇ ਜਗਾਇਣ ਬੈਠੇ
ਸੁੱਤੇ' ਉਥੇ ਇਸ ਜ਼ੁਲਮ ਦੀ ਇੰਤਹਾ ਵੇਖ ਕੇ ਗੁਰੂ ਸਾਹਿਬ ਪ੍ਰਮਾਤਮਾ ਨੂੰ ਨਿਹੋਰਾ
ਦੇਣੋਂ ਵੀ ਰਹਿ ਨਾ ਸਕੇ 'ਏਤੀ ਮਾਰ ਪਈ ਕੁਰਲਾਣੈ ਤੈਂ ਕੀ ਦਰਦ ਨਾ ਆਇਆ'।
'ਵਲੀ ਕੰਧਾਰੀ' ਦੀ ਗੁਰੂ ਨਾਨਕ ਸਾਹਿਬ ਨੂੰ ਪਹਾੜ ਦਾ ਵੱਡਾ ਪੱਥਰ ਸੁੱਟ ਕੇ ਮਾਰਨ
ਦੀ ਅਸਫ਼ਲ ਕੋਸ਼ਿਸ਼ 'ਤੇ ਗੁਰਦੁਆਰਾ ਪੰਜਾ ਸਾਹਿਬ ਦੀ ਸਥਾਪਤੀ ਦੀ ਨਿਸ਼ਾਨੀ, ਸਿੱਖ ਮਨਾਂ
ਨੂੰ 'ਕੰਧਾਰ' ਜੋ ਅਫਗਾਨਿਸਤਾਨ ਦਾ ਹੀ ਇਕ ਹੋਰ ਵੱਡਾ ਸ਼ਹਿਰ ਹੈ ਦੀ ਯਾਦ ਸਦਾ
ਦੁਆਉਂਦੀ ਹੀ ਰਹਿੰਦੀ ਹੈ। ਧਾੜਵੀ 'ਕਾਬੁਲ' ਤੇ 'ਗਜ਼ਨੀ' ਤੋਂ ਭਾਰਤ ਨੂੰ ਲੁੱਟਣ
ਆਉਂਦੇ ਰਹੇ। 'ਮਹਿਮੂਦ ਗਜ਼ਨਵੀ' ਦੇ ਭਾਰਤ 'ਤੇ ਹਮਲੇ ਤੇ ਸੋਮਨਾਥ ਦੇ ਮੰਦਰ ਦੀ ਲੁੱਟ
ਭਾਰਤੀ ਇਤਿਹਾਸ ਦਾ ਇਕ ਹਿੱਸਾ ਹੈ। 'ਗਜ਼ਨੀ' ਦੇ ਇਕ ਜ਼ਾਲਿਮ 'ਅਹਿਮਦਸ਼ਾਹ ਅਬਦਾਲੀ' ਦੇ
ਭਾਰਤ 'ਤੇ 17 ਹਮਲੇ, ਸਿੱਖਾਂ ਦੀਆਂ ਅਥਾਹ ਕੁਰਬਾਨੀਆਂ ਦਾ ਇਤਿਹਾਸ ਤਾਂ ਹਨ ਹੀ, ਪਰ
ਨਾਲ ਦੀ ਨਾਲ ਹੀ ਇਹ ਸਿੱਖਾਂ ਲਈ ਗੌਰਵਮਈ ਇਤਿਹਾਸ ਵੀ ਹਨ ਕਿ ਜਦੋਂ ਸਾਰਾ ਦੇਸ਼
'ਅਹਿਮਦਸ਼ਾਹ ਅਬਦਾਲੀ' ਦੇ ਜ਼ੁਲਮਾਂ ਅੱਗੇ ਨਤਮਸਤਕ ਹੋ ਗਿਆ ਤੇ ਉਹ ਭਾਰਤ ਦੀਆਂ
ਖੂਬਸੂਰਤ ਬਹੂ ਬੇਟੀਆਂ ਨੂੰ 'ਗਜ਼ਨੀ' ਦੇ ਬਜ਼ਾਰਾਂ ਵਿਚ ਵੇਚਣ ਲਈ ਲੁੱਟ ਕੇ ਲੈ ਜਾਣ
ਲੱਗਾ ਤਾਂ ਸਿੱਖ ਜੰਗਲਾਂ ਵਿਚ ਰਹਿੰਦੇ ਹੋਏ ਵੀ ਅੱਧੀ ਅੱਧੀ ਰਾਤ ਨੂੰ ਉਸਦੇ
ਲਸ਼ਕਰ 'ਤੇ ਹਮਲੇ ਕਰਦੇ ਤੇ ਭਾਰਤ ਦੀਆਂ ਗੁਲਾਮ ਬਣਾਈਆਂ ਬੇਟੀਆਂ ਨੂੰ ਛੁਡਾ ਕੇ
ਉਨ੍ਹਾਂ ਦੇ ਘਰੋਂ ਘਰੀ ਪਹੁੰਚਾਉਣ ਦਾ ਉਪਰਾਲਾ ਕਰਦੇ ਰਹੇ।
ਸਮਾਂ ਬਦਲਦਾ
ਹੈ, ਬਦਲਿਆ, ਪੰਜਾਬ ਵਿਚ ਮਹਾਰਾਜਾ 'ਰਣਜੀਤ ਸਿੰਘ' ਦਾ ਰਾਜ ਹੋ ਗਿਆ। ਸਿੱਖਾਂ ਨੇ
ਅਫਗਾਨਿਸਤਾਨ ਦੀਆਂ ਸਰਹੱਦਾਂ ਤੱਕ ਕਬਜ਼ਾ ਕਰ ਲਿਆ। 'ਪੇਸ਼ਾਵਰ' ਸਿੱਖ ਰਾਜ ਦਾ ਇਕ
ਹਿੱਸਾ ਬਣ ਗਿਆ। ਪੂਰਾ ਫਰੰਟੀਅਰ ਦਾ ਇਲਾਕਾ ਸਿੱਖ ਰਾਜ ਵਿਚ ਮਿਲਾ ਲਿਆ ਗਿਆ। ਸਿੱਖ
ਫੌਜ ਨੇ ਕਾਬੁਲ 'ਤੇ ਚੜਾਈ ਕਰ ਦਿੱਤੀ। ਪਰ ਅਫਗਾਨਿਸਤਾਨ ਦੇ ਬਾਦਸ਼ਾਹ 'ਦੋਸਤ
ਮੁਹੰਮਦ' ਨੇ ਸਿੱਖਾਂ ਨਾਲ ਦੋਸਤੀ ਨੂੰ ਤਰਜੀਹ ਦਿੱਤੀ। 'ਕੋਹਿਨੂਰ' ਹੀਰਾ ਮਹਾਰਾਜਾ
ਰਣਜੀਤ ਸਿੰਘ ਨੂੰ ਭੇਂਟ ਕੀਤਾ। ਅਫਗਾਨਿਸਤਾਨ ਵਿਚ ਭਾਵੇਂ ਸਿੱਖ ਗੁਰੂ ਨਾਨਕ ਸਾਹਿਬ
ਵੇਲੇ ਤੋਂ ਹੀ ਬਣਨ ਲੱਗੇ ਸਨ। ਬਾਬਾ ਸ੍ਰੀ ਚੰਦ ਜੀ ਕਾਬੁਲ ਵਿਚ ਲੰਮਾ ਸਮਾਂ ਰਹੇ।
ਗੁਰੂ ਹਰ ਰਾਇ ਸਾਹਿਬ ਕਾਬੁਲ ਗਏ। ਭਾਈ ਗੁਰਦਾਸ ਜੀ ਨੂੰ ਗੁਰੂ ਹਰਗੋਬਿੰਦ ਸਾਹਿਬ ਨੇ
ਕਾਬੁਲ ਘੋੜੇ ਲੈਣ ਭੇਜਿਆ।
ਅਫਗਾਨਿਸਤਾਨ ਦੀਆਂ ਸਰਹੱਦਾਂ ਤਕ ਖਾਲਸਾ ਰਾਜ ਦੀ
ਸਥਾਪਤੀ ਨੇ ਸਿੱਖਾਂ ਦੀ ਗਿਣਤੀ ਵਧਾਈ ਤੇ ਉਹ ਅਫਗਾਨਿਸਤਾਨ ਦੇ ਵਿਉਪਾਰ 'ਤੇ ਹਾਵੀ
ਹੋਣ ਲੱਗੇ। ਵਕਤ ਆਉਣ 'ਤੇ ਕਾਬੁਲ ਦੇ ਕਈ ਸਿੱਖ ਏਨੇ ਅਮੀਰ ਹੋ ਗਏ ਸਨ ਕਿ ਗੁਰਦੁਆਰਾ
'ਪੰਜਾ ਸਾਹਿਬ' ਤੇ ਗੁਰਦੁਆਰਾ 'ਨਨਕਾਣਾ ਸਾਹਿਬ' ਦੇ ਗੁਰਪੁਰਬਾਂ ਦੇ ਪੂਰੇ ਦੇ ਪੂਰੇ
ਲੰਗਰਾਂ ਦਾ ਖਰਚਾ ਇਕ ਇਕ ਸਿੱਖ ਉਠਾਉਣ ਦੇ ਸਮਰਥ ਹੋ ਗਿਆ। ਕਾਬੁਲ ਦੇ ਸਭ ਤੋਂ
ਮਹਿੰਗੇ ਇਲਾਕੇ ਵਜ਼ੀਰਸਿਤਾਨ ਵਿਚ ਕਈ ਸਿੱਖਾਂ ਦੀਆਂ ਕੋਠੀਆਂ ਬਣ ਗਈਆਂ।
ਜਦੋਂ ਅਜਿਹੀਆਂ ਖ਼ਬਰਾਂ ਆਈਆਂ ਕਿ ਅਫਗਾਨਿਸਤਾਨ ਖਾਸਕਰ ਕਾਬੁਲ ਵਿਚ ਸਿੱਖਾਂ ਦੀ ਹਾਲਤ
ਬੜੀ ਤਰਸਯੋਗ ਹੈ ਤੇ ਉਨ੍ਹਾਂ ਦੀਆਂ ਲਾਸ਼ਾਂ ਦੇ ਅੰਤਿਮ ਸੰਸਕਾਰ ਵੀ ਸਮਸ਼ਾਨਘਾਟ ਵਿਚ
ਨਹੀਂ ਕਰਨ ਦਿੱਤੇ ਜਾਂਦੇ ਇਹ ਸੁਣ ਕੇ ਭਾਅ ਜੀ 'ਬਰਜਿੰਦਰ ਸਿੰਘ ਹਮਦਰਦ' (ਅਜੀਤ
ਅਖ਼ਬਾਰ ਦੇ ਮੁਖੀ) ਨੇ ਮੇਰੀ ਡਿਊਟੀ ਲਗਾਈ ਕਿ ਖੁਦ ਅਫਗਾਨਿਸਤਾਨ ਜਾ ਕੇ ਮੌਕੇ 'ਤੇ
ਹਿੰਦੂ ਸਿੱਖਾਂ ਦੇ ਹਾਲਾਤ ਦੇਖੇ ਜਾਣ। ਇਸ ਮਿਸ਼ਨ ਲਈ ਭਾਅ ਜੀ ਵਲੋਂ ਮੈਨੂੰ ਚੁਣੇ
ਜਾਣ 'ਤੇ ਬਹੁਤ ਮਾਣ ਮਹਿਸੂਸ ਹੋਇਆ। ਉਹਨਾਂ ਦੀ ਇਜ਼ਾਜ਼ਤ ਨਾਲ ਮੈਂ ਆਪਣੇ ਨਾਲ ਸ:
ਪਰਮਜੀਤ ਸਿੰਘ ਸੇਤੀਆ ਜੋ 'ਅਜੀਤ' ਦੇ ਫੋਟੋਗ੍ਰਾਫਰ ਹਨ ਨੂੰ ਨਾਲ ਲੈ ਕੇ ਜਾਣ ਦਾ
ਫੈਸਲਾ ਕਰ ਲਿਆ। ਜਿਵੇਂ ਜਿਵੇਂ ਦੋਸਤਾਂ ਨੂੰ ਪਤਾ ਲੱਗਾ ਕਿ ਅਸੀਂ ਅਫਗਾਨਿਸਤਾਨ ਜਾ
ਰਹੇ ਹਾਂ ਤਾਂ ਦੋਸਤਾਂ ਵਿਚੋਂ ਬਹੁਤਿਆਂ ਦਾ ਕਹਿਣਾ ਸੀ ਕਿ ਉਥੇ ਨਾ ਜਾਓ। ਉਥੇ
ਤਾਲਿਬਾਨ ਫਿਰ ਜ਼ੋਰ ਫੜ ਰਹੇ ਹਨ। ਦੋਸਤਾਂ ਨੇ ਕਿਹਾ ਕਿ ਤਾਲਿਬਾਨ ਪਹਿਲਾਂ ਹੀ
ਪੱਤਰਕਾਰਾਂ ਨੂੰ ਪਸੰਦ ਨਹੀਂ ਕਰਦੇ। ਉਨ੍ਹਾਂ ਵਲੋਂ ਪਹਿਲਾਂ ਹੀ ਇਕ ਦੋ ਪੱਤਰਕਾਰਾਂ
ਨੂੰ ਅਗਵਾ ਕਰਕੇ ਮਾਰ ਦਿੱਤਾ ਗਿਆ ਸੀ। ਇਸ ਲਈ ਮੌਤ ਦੇ ਮੂੰਹ ਵਿਚ ਨਾ ਜਾਓ।
ਪਰ ਅਸੀਂ ਆਪਣੇ ਇਰਾਦੇ 'ਤੇ ਦ੍ਰਿੜ ਸਾਂ ਹਾਲਾਂ ਕਿ ਭਾਅ ਜੀ ਵੀ ਸਾਡੀ ਸੁਰੱਖਿਆ
ਨੂੰ ਲੈ ਕੇ ਕਾਫੀ ਫਿਕਰਮੰਦ ਸਨ ਤੇ ਉਨ੍ਹਾਂ ਨੇ ਕਈ ਵਾਰ ਕਿਹਾ ਕਿ ਸੁਰੱਖਿਆ ਦਾ ਖਾਸ
ਖਿਆਲ ਰੱਖਣਾ। ਖਾਸਕਰ 'ਬਕਰੀਦ' ਤੋਂ ਇਕ ਦਿਨ ਪਹਿਲਾਂ 'ਇਰਾਕ' ਦੇ ਗੱਦੀਓ ਲਾਹੇ
ਪ੍ਰਧਾਨ ਸ੍ਰੀ 'ਸੱਦਾਮ ਹੁਸੈਨ' ਨੂੰ ਫਾਂਸੀ 'ਤੇ ਚੜਾਏ ਜਾਣ ਨੇ ਡਰ ਹੋਰ ਵਧਾ ਦਿੱਤਾ
ਸੀ। ਖ਼ੈਰ 2 ਜਨਵਰੀ 2007 ਨੂੰ ਅਸੀਂ ਕਾਬੁਲ ਲਈ ਜਾਣ ਵਾਸਤੇ ਸਵੇਰੇ 6 ਵਜੇ ਦਿੱਲੀ
ਦੇ 'ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ' 'ਤੇ ਪੁੱਜ ਗਏ। ਜਹਾਜ਼ ਦੀ ਉਡਾਣ ਦਾ
ਸਮਾਂ 11:45 ਸੀ। ਪਰ ਧੁੰਦ ਸੀ ਕਿ ਮਿਟਣ ਵਿਚ ਨਹੀਂ ਆ ਰਹੀ ਸੀ ਹਰ ਫਲਾਈਟ ਲੇਟ ਹੋ
ਰਹੀ ਸੀ। ਪਹਿਲਾਂ ਐਲਾਨ ਕੀਤਾ ਗਿਆ ਕਿ ਕਾਬੁਲ ਜਾਣ ਵਾਲੀ ਉਡਾਣ 843 ਅੱਧਾ ਘੰਟਾ
ਲੇਟ ਹੈ ਤੇ 12:15 'ਤੇ ਜਾਵੇਗੀ। ਫਿਰ ਕੋਈ ਐਲਾਨ ਨਹੀਂ ਕੋਈ ਸੂਚਨਾ ਨਹੀਂ।
ਕਰੀਬ 1:30 ਵਜੇ ਅਸੀਂ ਰੋਟੀ ਖਾਣ ਚਲੇ ਗਏ, ਪਿਛੋਂ ਪਤਾ ਹੀ ਨਹੀਂ ਲੱਗਾ ਕਿ ਇਸ
ਜਹਾਜ਼ ਦੀਆਂ ਸਵਾਰੀਆਂ ਦੇ ਸਕਿਊਰਿਟੀ ਚੈੱਕ ਬਾਰੇ ਕਦੋਂ ਐਲਾਨ ਹੋਇਆ। ਇਸ
ਸਬੰਧ ਵਿਚ ਲੱਗੇ ਬੋਰਡ 'ਤੇ ਵੀ ਇਸ ਸਬੰਧੀ ਕੋਈ ਸੂਚਨਾ ਨਹੀਂ ਸੀ। ਕਰੀਬ 2:30 ਵਜੇ
ਅਸੀਂ ਦੁਖੀ ਹੋ ਕੇ ਸੋਚਿਆ ਕਿ ਪਤਾ ਕਰੀਏ ਕਿ ਕਾਬੁਲ ਦੀ ਉਡਾਣ ਦਾ ਕੀ ਬਣ ਰਿਹਾ
ਹੈ। ਹਵਾਈ ਅੱਡੇ ਦੇ ਇਕ ਐਸ. ਪੀ. ਰੈਂਕ ਦੇ ਪੁਲਿਸ ਅਫ਼ਸਰ ਨੂੰ ਪੁੱਛਿਆ
ਤਾਂ ਉਸ ਦਾ ਕਹਿਣਾ ਸੀ ਕਿ ਕਾਬੁਲ ਦੀ ਉਡਾਣ ਤਾਂ ਸ਼ਾਇਦ ਚਲੀ ਗਈ। ਇਕ ਵਾਰ ਤਾਂ
ਉਪਰਲਾ ਸਾਹ ਉੱਪਰ ਤੇ ਹੇਠਲਾ ਸਾਹ ਹੇਠਾਂ ਰਹਿ ਗਿਆ। ਉਸ ਨੂੰ ਬੇਨਤੀ ਕੀਤੀ ਕਿ ਪਤਾ
ਤਾਂ ਕਰੋ। ਉਹ ਸਾਨੂੰ 'ਇੰਡੀਅਨ ਏਅਰਲਾਈਨ' ਦੇ ਅਫ਼ਸਰਾਂ ਕੋਲ ਲੈ ਗਿਆ ਤਾਂ ਪਤਾ ਲੱਗਾ
ਕਿ ਜਹਾਜ਼ ਅਜੇ ਨਹੀਂ ਉੱਡਿਆ ਤਾਂ ਸਾਹ ਵਿਚ ਸਾਹ ਆਇਆ। ਸਾਡੇ ਦੋਵਾਂ ਤੋਂ
ਬਿਨ੍ਹਾਂ 2 ਹੋਰ 'ਨਿਪਾਲੀ' ਲੜਕੇ ਜੋ ਕਾਬੁਲ ਵਿਚ ਨੌਕਰੀ ਕਰਦੇ ਸਨ ਉਹ ਵੀ ਅਜੇ
ਜਹਾਜ਼ ਵਿਚ ਨਹੀਂ ਚੜ੍ਹੇ ਸਨ। ਉਨ੍ਹਾਂ ਅਫਸਰਾਂ ਨੇ ਜਹਾਜ਼ ਦੇ ਅਮਲੇ ਨਾਲ
ਵਾਇਰਲੈਸ 'ਤੇ ਗੱਲ ਕੀਤੀ ਤੇ ਸਾਨੂੰ ਜਹਾਜ਼ ਕੋਲ ਭੇਜਣ ਦਾ ਇੰਤਜ਼ਾਮ ਕੀਤਾ। ਜਦੋਂ
ਅਸੀਂ ਜਹਾਜ਼ ਵਿਚ ਬੈਠੇ ਸੀ ਤਾਂ ਜਹਾਜ਼ ਦੇ ਪਾਇਲਟ ਨੇ ਫਿਰ ਕਹਿ ਦਿੱਤਾ ਕਿ ਕਾਬੁਲ ਦੇ
ਹਵਾਈ ਅੱਡੇ 'ਤੇ ਰੌਸ਼ਨੀ ਠੀਕ ਨਹੀਂ ਇਸ ਲਈ ਅਜੇ ਉਡਾਣ ਨਹੀਂ ਭਰੀ ਜਾ ਸਕਦੀ।
ਫਿਰ 5-7 ਮਿੰਟ ਬਾਅਦ ਅਚਾਨਕ ਹੀ ਪਾਇਲਟ ਨੇ ਜਹਾਜ਼ ਦੀ ਉਡਾਣ ਦਾ ਐਲਾਨ ਕਰ ਦਿੱਤਾ ਤੇ
ਕਰੀਬ 3:10 'ਤੇ ਉਡਾਣ ਸ਼ੁਰੂ ਹੋ ਗਈ। ਜਦੋਂ ਕਾਬੁਲ ਹਵਾਈ ਅੱਡੇ ਪਹੁੰਚੇ ਤਾਂ ਐਲਾਨ
ਕੀਤਾ ਗਿਆ ਕਿ ਅਫਗਾਨਿਸਤਾਨ ਦੇ 4 ਵੱਜੇ ਸਨ। ਅਸਲ ਵਿਚ ਇਸ ਹਵਾਈ ਜਹਾਜ਼ ਨੇ ਕਾਬੁਲ
ਪਹੁੰਚਣ ਵਿਚ 1 ਘੰਟਾ 50 ਮਿੰਟ ਲਏ ਸਨ। ਪਰ ਅਫਗਾਨਿਸਤਾਨ ਦਾ ਸਮਾਂ ਭਾਰਤ
ਨਾਲੋਂ 1 ਘੰਟਾ ਪਿਛੇ ਹੈ। ਜਦੋਂ ਉਥੇ 4 ਵੱਜੇ ਸਨ, ਉਸ ਵੇਲੇ ਭਾਰਤ ਵਿਚ 5 ਵੱਜ
ਚੁੱਕੇ ਸਨ। ਕਾਬੁਲ ਵਿਚ ਸ਼ਾਮ ਦੇ 4 ਵਜੇ ਹੀ ਮਨਫੀ 15 ਡਿਗਰੀ ਸੈਂਟੀਗਰੇਡ ਤਾਪਮਾਨ
ਸੀ। ਹਰ ਪਾਸੇ ਬਰਫ਼ ਹੀ ਬਰਫ਼ ਸੀ। ਕਾਬੁਲ ਤੋਂ ਕਈ ਹੋਰ ਸ਼ਹਿਰਾਂ ਤੱਕ ਪਹੁੰਚਣਾ ਮੁਹਾਲ
ਸੀ।
ਨਵਾਂ ਦੇਸ਼, ਨਵਾਂ ਸ਼ਹਿਰ, ਕੋਈ ਜਾਣਦਾ ਨਹੀਂ, ਕਿਸੇ ਨਾਲ ਵਕਫੀ ਨਹੀਂ।
ਭਾਵੇਂ ਕੁਝ ਟੈਲੀਫੋਨ ਨੰਬਰ ਸ: ਖਜਿੰਦਰ ਸਿੰਘ ਜੋ 'ਅਫਗਾਨ ਸਿੱਖ ਹਿੰਦੂ ਵੈਲਫੇਅਰ
ਸੁਸਾਇਟੀ' ਭਾਰਤ ਦੇ ਪ੍ਰਧਾਨ ਹਨ ਤੋਂ ਲੈ ਕੇ ਤੁਰੇ ਸਾਂ। ਪਰ ਉਨ੍ਹਾਂ ਨਾਲ ਪਿਛਲੇ
ਤਿੰਨ ਦਿਨਾਂ ਤੋਂ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਫੋਨ ਨਹੀਂ ਮਿਲ ਸਕਿਆ। ਭਾਵੇਂ
ਭਾਰਤ ਤੋਂ ਅਫਗਾਨਿਸਤਾਨ ਦੀ ਰੋਮਿੰਗ ਕਰਵਾ ਕੇ ਤੁਰੇ ਸਾਂ ਪਰ ਇਥੇ ਫੋਨ ਨਹੀਂ
ਚੱਲਿਆ। ਆਪਣੇ ਨਾਲ ਆਏ ਯਾਤਰੀਆਂ ਤੋਂ ਪੁੱਛ ਪੁਛਾ ਕੇ 'ਹੋਟਲ ਸਾਫੀ ਲੈਂਡਮਾਰਕ' ਵਿਚ
ਟੈਕਸੀ 'ਤੇ ਪਹੁੰਚੇ। ਟੈਕਸੀ ਡਰਾਈਵਰ ਨੇ 10 ਡਾਲਰ ਲਏ ਤੇ ਹੋਟਲ ਦਾ
ਕਮਰਾ 100 ਡਾਲਰ ਪ੍ਰਤੀਦਿਨ ਦੇ ਹਿਸਾਬ ਨਾਲ ਮਿਲਿਆ। ਸੁਰੱਖਿਆ ਕਾਰਨਾਂ ਕਰਕੇ ਆਮ
ਰੈਸਟ ਹਾਊਸ ਨਹੀਂ ਲੈ ਸਕਦੇ ਸੀ। ਕਿਉਂਕਿ ਉਥੇ ਕੌਣ ਕੀ ਹੈ ਕੀ ਨਹੀਂ ਇਸ ਦਾ ਕੁਝ
ਪਤਾ ਨਹੀਂ ਸੀ। ਕਾਬੁਲ ਵਿਚ ਥਾਂ ਥਾਂ ਇਮਾਰਤਾਂ ਅੱਗੇ ਫੌਜੀ ਜਵਾਨ ਪਹਿਰਾ ਦੇ ਰਹੇ
ਸਨ। ਕਈ ਟੈਂਕਾਂ ਵਰਗੀਆਂ ਫੌਜੀ ਗੱਡੀਆਂ ਸੜਕਾਂ 'ਤੇ ਹਰਲ ਹਰਲ ਕਰਦੀਆਂ ਫਿਰਦੀਆਂ
ਸਨ। ਜਿਸ ਤੋਂ ਇਹ ਸਾਫ਼ ਅਹਿਸਾਸ ਹੁੰਦਾ ਸੀ ਕਿ ਜਿਵੇਂ ਕਿਸੇ ਲੜਾਈ ਵਾਲੇ ਸ਼ਹਿਰ ਵਿਚ
ਆ ਵੜੇ ਹੋਈਏ।
ਹੋਟਲ ਦੇ ਕਮਰੇ ਵਿਚ ਬੈਠ ਕੇ ਇਥੋਂ ਦੇ ਸਿੱਖ
ਨੇਤਾਵਾਂ, ਰਵਿੰਦਰ ਸਿੰਘ, ਅਵਤਾਰ ਸਿੰਘ, ਅਫਗਾਨਿਸਤਾਨ ਦੀ ਰਾਜ ਸਭਾ ਦੇ ਇਕੋ ਇਕ
ਹਿੰਦੂ ਮੈਂਬਰ ਸ੍ਰੀ ਗੰਗਾ ਰਾਮ ਮਥਰੀਜਾ ਅਤੇ ਭਾਰਤੀ ਰਾਜਦੂਤ ਸ੍ਰੀ ਹਰੀਸ਼ ਸੂਦ ਨਾਲ
ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ। ਭਾਰਤੀ ਰਾਜਦੂਤ ਸ੍ਰੀ ਸੂਦ ਅਤੇ ਐਮ. ਪੀ. ਸ੍ਰੀ ਗੰਗਾ
ਰਾਮ ਤਾਂ ਭਾਰਤ ਗਏ ਹੋਏ ਸਨ। ਰਾਜਦੂਤ ਦਾ ਮੋਬਾਇਲ ਨੰਬਰ ਉਨ੍ਹਾਂ ਦੇ ਪੀ. ਏ. ਸ:
ਹਰਪਾਲ ਸਿੰਘ ਨੇ ਚੁੱਕਿਆ। ਹਰਪਾਲ ਦਾ ਵਿਵਹਾਰ ਬਹੁਤ ਵਧੀਆ ਸੀ। ਉਨ੍ਹਾ ਨ
ਸਫਾਰਤਖਾਨੇ ਦੇ ਸੈਕਿੰਡ ਸਕੱਤਰ ਸ੍ਰੀ ਆਰ. ਕੇ. ਵਰਮਾ ਨਾਲ ਗੱਲ ਕਰਵਾਈ। ਜਿਨ੍ਹਾਂ
ਨੇ ਅਗਲੇ ਦਿਨ ਸਫਾਰਤਖਾਨੇ ਵਿਚ ਆ ਕੇ ਮਿਲਣ ਦਾ ਸਮਾਂ ਦੇ ਦਿੱਤਾ। ਬਾਅਦ ਵਿਚ
ਅਫਗਾਨਿਸਤਾਨ ਦੇ ਸਿੱਖ ਲੀਡਰ ਸ: ਰਵਿੰਦਰ ਸਿੰਘ ਨਾਲ ਵੀ ਗੱਲ ਹੋ ਗਈ ਤਾਂ ਉਨ੍ਹਾ ਨੇ
ਅਗਲੇ ਦਿਨ ਸਵੇਰੇ 9 ਵਜੇ ਸਾਡੇ ਹੋਟਲ ਵਿਚ ਮਿਲਣ ਦਾ ਵਾਅਦਾ ਕੀਤਾ। 3 ਜਨਵਰੀ ਨੂੰ
ਅਸੀਂ ਸ: ਰਵਿੰਦਰ ਸਿੰਘ ਨਾਲ ਭਾਰਤੀ ਸਫਾਰਤਖਾਨੇ ਵਿਚ ਗਏ ਜਿਥੇ ਸ੍ਰੀ ਵਰਮਾ ਨੇ
ਭਾਰਤੀ ਰਾਜਦੂਤ ਦੀ ਗੈਰ ਹਾਜ਼ਰੀ ਵਿਚ ਸਫਾਰਤਖਾਨੇ ਦਾ ਕੰਮ ਦੇਖ ਰਹੇ ਸਭ ਤੋਂ ਵੱਡੇ
ਅਫ਼ਸਰ ਪਹਿਲੇ ਦਰਜੇ ਦੇ ਸਕੱਤਰ ਸ੍ਰੀ ਰਾਮ ਰਤਨ ਨਾਲ ਸਾਡੀ ਮੁਲਾਕਾਤ ਕਰਵਾਈ। ਭਾਵੇਂ
ਸ੍ਰੀ ਰਾਮ ਰਤਨ ਅਫਗਾਨਿਸਤਾਨ ਦੇ ਸਿੱਖਾਂ ਤੇ ਹਿੰਦੂਆਂ ਦੀਆਂ ਸਮੱਸਿਆਵਾਂ ਪ੍ਰਤੀ
ਹਮਦਰਦੀ ਭਰਿਆ ਵਤੀਰਾ ਦਰਸਾ ਰਹੇ ਸਨ ਪਰ ਉਨ੍ਹਾਂ ਦਾ ਕਹਿਣਾ ਸੀ ਕਿ ਭਾਵੇਂ ਇਹ ਲੋਕ
ਸਿੱਖ ਅਤੇ ਹਿੰਦੂ ਹਨ ਪਰ ਫਿਰ ਵੀ ਇਹ ਭਾਰਤੀ ਨਾਗਰਿਕ ਨਹੀਂ ਹਨ। ਇਸ ਲਈ ਭਾਰਤੀ
ਸਫਾਰਤਖਾਨਾ ਉਨ੍ਹਾ ਦੀ ਮਦਦ ਇਕ ਹੱਦ ਵਿਚ ਰਹਿ ਕੇ ਹੀ ਕਰ ਸਕਦਾ ਹੈ। ਉਨ੍ਹਾ ਕਿਹਾ
ਕਿ ਭਾਰਤ ਸਰਕਾਰ ਅਫਗਾਨ ਨਾਗਰਿਕਾਂ ਨੂੰ ਵੀਜ਼ੇ ਜਾਰੀ ਕਰਨ ਵਿਚ ਅਸੀਂ ਬਹੁਤ ਹੀ
ਖੁੱਲਦਿਲੀ ਅਪਣਾ ਰਹੇ ਹਾਂ।
ਅਫਗਾਨੀ ਸਿੱਖਾਂ ਦੀ ਹਾਲਤ
ਕਾਬੁਲ ਵਿਚ ਪਹਿਲਾਂ ਸਾਰੇ ਗੁਰਦੁਆਰੇ ਕੱਚੇ ਸਨ ਪਰ ਜਦੋਂ 'ਬਬਰਕ ਕਰਮਾਲ' ਦਾ ਸ਼ਾਸ਼ਨ
ਆਇਆ ਤਾਂ ਹਿੰਦੂ ਸਿੱਖਾਂ ਨੂੰ ਪੱਕੇ ਮੰਦਰ ਤੇ ਗੁਰਦੁਆਰੇ ਬਣਾਉਣ ਦੀ ਇਜ਼ਾਜ਼ਤ ਮਿਲ
ਗਈ। ਸਿੱਖਾਂ ਨੇ ਵੱਡੇ ਵੱਡੇ ਤਿੰਨ ਮੰਜਿਲਾਂ ਗੁਰਦੁਆਰੇ ਉਸਾਰੇ। ਗੁਰਦੁਆਰਿਆਂ ਦੇ
ਨਾਲ ਨਾਲ ਸਕੂਲ ਤੇ ਸਰਾਵਾਂ ਵੀ ਬਣਾਈਆਂ। ਪਰ ਅਫਗਾਨਿਸਤਾਨ 'ਤੇ ਜਦੋਂ 'ਮੁਜ਼ਾਹਦੀਨ'
ਨੇ ਕਬਜ਼ਾ ਕਰ ਲਿਆ ਤਾਂ ਗੁਰਦੁਆਰੇ ਖੋਹ ਲਏ ਗਏ। ਲੜਾਈ ਵਿਚ ਗੁਰਦੁਆਰਿਆਂ ਦੀਆਂ
ਬਿਲਡਿੰਗਾਂ ਦਾ ਬੁਰਾ ਹਾਲ ਹੋਇਆ। ਭਾਵੇਂ ਇਹ ਗੁਰਦੁਆਰੇ ਸਿੱਖਾਂ ਨੂੰ ਵਾਪਸ ਕਰ
ਦਿੱਤੇ ਗਏ ਹਨ ਪਰ ਇਨ੍ਹਾ ਨਾਲ ਲੱਗਦੀ ਜ਼ਮੀਨ 'ਤੇ ਉਥੋਂ ਦੇ ਮੁਸਲਮਾਨਾਂ ਦਾ ਕਬਜ਼ਾ
ਹੈ। ਗੁਰਦੁਆਰਿਆਂ ਦੀਆਂ ਖੰਡਰ ਦਿਖਦੀਆਂ ਇਮਾਰਤਾਂ ਦੇਖ ਕੇ ਮਨ ਨੂੰ ਧੂਹ ਪੈਂਦੀ ਹੈ।
ਅਫਗਾਨੀ ਸਿੱਖ ਪ੍ਰੇਸ਼ਾਨ ਹਨ ਕਿਉਂਕਿ ਅਫਗਾਨ ਸਰਕਾਰ ਉਨ੍ਹਾ ਨੂੰ ਅਫਗਾਨੀ ਨਾਗਰਿਕ
ਹੋਣ ਦੇ ਬਾਵਜੂਦ ਅਫਗਾਨੀ ਨਹੀਂ ਮੰਨਦੀ ਜੋ ਸਹੂਲਤਾਂ ਆਪਣੇ ਪੈਰਾਂ 'ਤੇ ਖੜ੍ਹਾ ਹੋਣ
ਲਈ ਮੁਸਲਮਾਨਾਂ ਨੂੰ ਦਿੱਤੀਆਂ ਗਈਆਂ ਹਨ ਉਹ ਕਿਸੇ ਸਿੱਖ ਜਾਂ ਹਿੰਦੂ ਪਰਿਵਾਰ ਨੂੰ
ਨਹੀਂ ਮਿਲੀਆਂ। ਮੁਸਲਮਾਨਾਂ ਨੂੰ ਰਹਿਣ ਲਈ ਮਕਾਨ ਤੇ ਜਗ੍ਹਾ ਅਲਾਟ ਕੀਤੀਆਂ ਗਈਆਂ
ਹਨ। ਪਰ ਕਿਸੇ ਸਿੱਖ ਤੇ ਹਿੰਦੂ ਨੂੰ ਜਗ੍ਹਾ ਨਹੀਂ ਮਿਲੀ। ਉਹ ਜਾਂ ਤਾਂ ਕਿਰਾਏ ਦੇ
ਮਕਾਨਾਂ ਵਿਚ ਧੱਕੇ ਖਾ ਰਹੇ ਹਨ ਜਾਂ ਗੁਰਦੁਆਰਿਆਂ ਵਿਚ ਰਹਿ ਰਹੇ ਹਨ। ਭਾਰਤੀ
ਸਫਾਰਤਖਾਨਾ ਉਨ੍ਹਾ ਦੀ ਇਹ ਕਹਿ ਕੇ ਨਹੀਂ ਕਰਦਾ ਕਿ ਉਹ ਭਾਰਤੀ ਨਹੀਂ ਅਫਗਾਨੀ ਹਨ।
ਕਾਬੁਲ ਦੀ ਹਾਲਤ ਕਾਬੁਲ ਦੀ ਹਾਲਤ ਦਾ ਅੰਦਾਜਾ ਇਸ ਗੱਲ
ਤੋਂ ਹੋ ਜਾਵੇਗਾ ਕਿ ਸਾਰੀਆਂ ਦੁਕਾਨਾਂ ਰਾਤੀ 7 ਵਜੇ ਹੀ ਬੰਦ ਹੋ ਜਾਂਦੀਆਂ
ਹਨ। 7 ਵਜੇ ਤੋਂ ਬਾਅਦ ਕੋਈ ਟਾਵਾਂ ਟੱਲਾ ਆਦਮੀ ਹੀ ਸੜਕਾਂ ਤੇ ਨਜ਼ਰ ਆਉਦਾ ਹੈ ਚਾਰੇ
ਪਾਸੇ ਨੀਮ ਹਨ੍ਹੇਰਾ ਨਜ਼ਰ ਆਉਂਦਾ ਹੈ। ਕੋਈ ਕੋਈ ਬੱਤੀ ਹੀ ਜੱਗਦੀ ਹੈ ਸੜਕਾਂ ਤੇ
ਫੌਜੀ ਹਥਿਆਰਬੰਦ ਗੱਡੀਆਂ ਦੀ ਆਵਾਜਾਈ ਵੱਧ ਜਾਂਦੀ ਹੈ। ਹੋਟਲਾਂ ਤੇ ਹੋਰ ਸੰਸਥਾਵਾਂ
ਅੱਗੇ 'ਕਲਾਸ਼ਨੀਕੋਵ' ਅਤੇ ਕਈ ਹੋਰ 'ਆਟੋਮੈਟਿਕ ਰਾਈਫਲਾਂ' ਲਈ ਖੜੇ ਗਾਰਡਾਂ ਦੀ
ਗਿਣਤੀ ਜੋ ਦਿਨ ਵੇਲੇ ਇਕ ਜਾਂ 2 ਹੁੰਦੀ ਹੈ ਰਾਤੀ 2 ਤੋਂ ਚਾਰ ਹੋ ਜਾਂਦੀ ਹੈ।
ਇਨ੍ਹਾਂ ਗਾਰਡਾਂ ਦੀ ਜਾਂ ਫੌਜੀ ਗੱਡੀਆਂ ਦੀ ਫੋਟੋ ਖਿੱਚਣ ਦੀ ਮਨਾਹੀ ਹੈ।
ਜਦੋਂ ਪਹਿਲੀ ਹੀ ਰਾਤ ਅਸੀਂ ਆਪਣੇ ਹੀ ਹੋਟਲ ਅੱਗੇ 'ਆਟੋਮੈਟਿਕ ਰਾਈਫਲਾਂ' ਲਈ ਖੜੇ
ਗਾਰਡਾਂ ਦੀ ਫੋਟੋ ਖਿਚਣ ਦੀ ਕੋਸ਼ਿਸ਼ ਕੀਤੀ ਤਾਂ ਇਕ ਦਮ ਗੰਨਾ ਸਾਡੇ ਵੱਲ ਸਿਧੀਆਂ
ਕਰਕੇ ਸਖ਼ਤੀ ਨਾਲ ਫੋਟੋ ਖਿੱਚਣ ਤੋਂ ਰੋਕ ਦਿੱਤਾ ਗਿਆ। ਜਦੋਂ ਅਸੀਂ ਦੱਸਿਆ ਕਿ ਅਸੀਂ
ਇਸੇ ਹੋਟਲ ਵਿਚ ਹੀ ਠਹਿਰੇ ਹਾਂ ਤੇ ਪੱਤਰਕਾਰ ਹਾਂ ਤਾਂ ਹੀ ਸਾਨੂੰ ਛਡਿਆ ਗਿਆ।
ਉਨ੍ਹਾਂ ਦੱਸਿਆ ਕਿ ਉਨ੍ਹਾ ਨੂੰ ਇਹ ਅਧਿਕਾਰ ਪ੍ਰਾਪਤ ਹੈ ਕਿ ਉਹ ਕਿਸੇ ਵੀ ਵਿਅਕਤੀ
ਜਾਂ ਗੱਡੀ ਨੂੰ ਆਪਣੇ ਤੇ 20 ਮੀਟਰ ਦੀ ਦੂਰੀ ਤੇ ਜਾਣ ਲਈ ਕਹਿ ਸਕਦੇ ਹਨ ਜੋ ਉਹ
ਤਿੰਨ ਵਾਰ ਕਹਿਣ ਤੇ ਵੀ ਅਜਿਹਾ ਨਹੀਂ ਕਰਦਾ ਤਾਂ ਉਹ ਗੋਲੀ ਮਾਰ ਕੇ ਉਸਨੂੰ ਮਾਰ ਵੀ
ਸਕਦੇ ਹਨ। ਉਨ੍ਹਾਂ ਦੱਸਿਆ ਕਿ ਅਜਿਹਾ ਤਾਲਿਬਾਨ ਦੇ ਆਤਮਘਾਤੀ ਦਹਿਸ਼ਤਗਰਦਾਂ ਤੋਂ ਬਚਣ
ਲਈ ਕੀਤਾ ਜਾਂਦਾ ਹੈ। ਭਾਵੇਂ ਉਨ੍ਹਾਂ ਦਾ ਰਵੀਈਆ ਸਾਡੇ ਪ੍ਰਤੀ ਦੋਸਤਾਨਾ ਹੋ ਗਿਆ ਸੀ
ਪਰ ਉਨ੍ਹਾਂ ਨੇ ਫੋਟੋ ਖਿੱਚਣ ਦੀ ਇਜਾਜਤ ਫਿਰ ਵੀ ਨਹੀਂ ਦਿੱਤੀ।
ਕਾਬੁਲ ਜੋ
ਦੇਸ਼ ਦੀ ਰਾਜਧਾਨੀ ਹੈ ਵਿਚ ਜਗ੍ਹਾ ਜਗ੍ਹਾ ਨਵੀਆਂ ਉਸਾਰੀਆਂ ਹੋ ਰਹੀਆਂ ਹਨ। ਲੋਕਾਂ
ਵਿਚ ਭਾਰਤ ਦੇ ਦੋਸਤ ਮੁਲਕ ਹੋਣ ਦੀ ਭਾਵਨਾ ਪ੍ਰਬਲ ਹੋ ਰਹੀ ਹੈ। ਭਾਰਤ ਵਲੋਂ
ਕਰੀਬ 600 ਮਿਲੀਅਨ ਡਾਲਰ ਦੀ ਵੱਡੀ ਮਦਦ ਦੀ ਚਰਚਾ ਹਰ ਪਾਸੇ ਹੈ। ਭਾਰਤ ਨੇ ਅਫਗਾਨ
ਏਅਰ ਲਾਈਨ 'ਆਰਿਆਨਾ' ਦੀ ਮੁੜ ਉਸਾਰੀ ਲਈ ਹਵਾਈ ਜਹਾਜ਼ਾਂ ਦਾ ਬੇੜਾ ਦਿੱਤਾ
ਹੈ। 200 ਬੱਸਾਂ, 300 ਟਰੱਕ ਮੁਫ਼ਤ ਦਿੱਤੇ ਹਨ। ਬਾਰਡਰ ਤੇ 'ਬੰਦਰ ਅਬਾਸ' ਤੱਕ
ਪਾਕਿਸਤਾਨ ਦੇ ਵਿਰੋਧ ਅਤੇ ਤਾਲਿਬਾਨ ਦੇ ਹਮਲਿਆਂ ਦੇ ਬਾਵਜੂਦ ਸੜਕ ਦੀ ਉਸਾਰੀ ਭਾਰਤੀ
ਫੌਜ ਦੇ ਜਵਾਨ ਕਰ ਰਹੇ ਹਨ। ਕਰਨਲ ਵੀ. ਕੇ. ਸ਼ਰਮਾ ਪ੍ਰੋਜੈਕਟ ਮੈਨੇਜਰ ਦੀ ਅਗਵਾਈ
ਵਿਚ ਇਕ ਡੈਮ ਦਾ ਕੰਮ ਚੱਲ ਰਿਹਾ ਹੈ। ਅਫਗਾਨ ਪਾਰਲੀਮੈਂਟ ਦੀ ਬਿਲਡਿੰਗ ਭਾਰਤ ਬਣਾ
ਕੇ ਦੇ ਰਿਹਾ ਹੈ।
ਗੁਰਦੁਆਰਿਆਂ ਦੀ ਹਾਲਤ ਕਾਬੁਲ
ਵਿਚ ਪੁਰਾਣੇ ਸ਼ਹਿਰ ਵਿਚ ਸ਼ੋਰ ਬਜ਼ਾਰ ਦੇ ਨੇੜੇ ਹੀ ਪ੍ਰਮੁੱਖ ਗੁਰਦੁਆਰੇ ਹਨ। ਸਭ ਤੋਂ
ਵੱਡਾ ਗੁਰਦੁਆਰਾ ਸੱਤਵੇਂ ਗੁਰੂ ਸ੍ਰੀ ਹਰ ਰਾਇ ਸਾਹਿਬ ਦਾ ਹੈ। ਇਹ ਇਕ ਇਤਿਹਾਸਕ
ਗੁਰਦੁਆਰਾ ਹੈ। ਇਥੇ ਗੁਰੂ ਹਰ ਰਾਏ ਸਾਹਿਬ ਦੇ ਆਉਣ ਦੀ ਗੱਲ ਕਹੀ ਜਾਂਦੀ ਹੈ। ਇਸ
ਗੁਰਦੁਆਰੇ ਦੀਆਂ ਉਪਰਲੀਆਂ ਮੰਜ਼ਿਲਾਂ ਕਈ ਸਾਲ ਤੋਂ ਅਜੇ ਵੀ ਬੁਰੀ ਤਰ੍ਹਾਂ ਟੁੱਟੀਆਂ
ਹੋਈਆਂ ਤੋਪਾਂ ਦੇ ਗੋਲਿਆਂ ਦੀ ਮਾਰ ਨਾਲ ਟੁੱਟੀ ਇਮਾਰਤ ਬਾਹਰੋਂ ਇਕ ਖੰਡਰ ਦਾ ਰੂਪ
ਧਾਰ ਚੁੱਕੀ ਹੈ ਪਰ ਅੰਦਰੋਂ ਹੌਲੀ ਹੌਲੀ ਜਿੰਨੀ ਕੁ ਸਥਾਨਕ ਸਿੱਖ ਕਰ ਸਕੇ ਹਨ ਉਸ ਦੀ
ਮੁਰੰਮਤ ਕਰ ਚੁੱਕੇ ਹਨ। ਇਹ ਮੁਰੰਮਤ ਦੁਬਈ ਰਹਿੰਦੇ ਸਿੱਖਾਂ ਦੀ ਮਦਦ ਨਾਲ ਹੋਈ। ਇਥੇ
ਹੁਣ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਹੁੰਦਾ। ਪਰ ਗੁਰੂ ਹਰ ਰਾਏ
ਸਾਹਿਬ ਦੇ ਗੁਰਪੁਰਬ ਵਾਲੇ ਦਿਨ ਸਿੱਖ ਏਥੇ ਪ੍ਰਕਾਸ਼ ਕਰਦੇ ਹਨ। 33 ਕਮਰਿਆਂ ਦੀ ਸਰਾਂ
ਅਜੇ ਵੀ ਸਾਬਤ ਖੜ੍ਹੀ ਹੈ। ਗੁਰਦੁਆਰਾ ਸਾਹਿਬ ਦੀ ਛੱਤ 'ਤੇ ਅਜੇ ਵੀ ਨਿਸ਼ਾਨ ਸਾਹਿਬ
ਝੂਲਦਾ ਹੈ। ਇਹ ਗੁਰਦੁਆਰਾ ਮੁੱਖ ਸੜਕ 'ਤੇ ਸਥਿਤ ਹੈ ਇਥੇ ਕੁਝ ਸਿੱਖ ਪਰਿਵਾਰ ਸਿਰ
ਲੁਕਾ ਰਹੇ ਹਨ। ਇਸ ਗੁਰਦੁਆਰੇ ਤੋਂ ਥੋੜ੍ਹਾ ਪਿਛੇ ਹਟ ਕੇ ਕੱਚੀਆਂ ਗਲੀਆਂ ਵਿਚ
ਗੁਰਦੁਆਰਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਹੈ। ਇਹ ਗੁਰਦੁਆਰਾ ਵੀ ਗੋਲਿਆਂ ਦੀ ਮਾਰ
ਨਾਲ ਟੁੱਟ ਚੁੱਕਾ ਹੈ। ਪਰ ਅੰਦਰੋਂ ਹੇਠਲੀ ਮੰਜ਼ਿਲ ਦੀ ਥੋੜ੍ਹੀ ਬਹੁਤ ਮੁਰੰਮਤ ਹੋ
ਚੁੱਕੀ ਹੈ ਇਥੇ ਵੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਅਜੇ ਸ਼ੁਰੂ ਨਹੀਂ ਹੋ ਸਕਿਆ ਹਾਂ
ਕੁਝ ਖਾਸ ਦਿਨਾਂ 'ਤੇ ਸਿੱਖ ਇਕੱਠੇ ਹੋ ਕੇ ਇਥੇ ਪ੍ਰਕਾਸ਼ ਕਰਦੇ ਹਨ। ਇਹ ਗੁਰਦੁਆਰਾ
ਵੀ ਇਤਿਹਾਸਕ ਗੁਰਦੁਆਰਾ ਹੈ ਇਹ ਉਸ ਅਸਥਾਨ 'ਤੇ ਬਣਿਆ ਹੈ ਜਿਥੇ ਗੁਰੂ ਹਰਗੋਬਿੰਦ
ਸਾਹਿਬ ਵਲੋਂ ਭੇਜੇ ਭਾਈ ਗੁਰਦਾਸ ਜੀ ਉਸ ਵਕਤ ਠਹਿਰੇ ਸਨ ਜਦੋਂ ਉਹ ਗੁਰੂ ਸਾਹਿਬ ਲਈ
ਕਾਬੁਲ ਤੋਂ ਘੋੜੇ ਖਰੀਦਣ ਆਏ ਸਨ।
ਇਸ ਗੁਰਦੁਆਰਾ ਸਾਹਿਬ ਦੇ ਸਾਹਮਣੇ ਚੱਲਦਾ
ਖਾਲਸਾ ਸਕੂਲ ਜੋ ਅਜੇ ਕੱਚੀਆਂ ਇੱਟਾਂ ਦਾ ਬਣਿਆ ਹੋਇਆ ਸੀ। 'ਨੇਸਤੋ-ਨਾਬੂਦ' ਹੀ ਹੋ
ਚੁੱਕਾ ਹੈ। ਇਸਦੀਆਂ ਸਿਰਫ 2 ਕੰਧਾਂ ਦੇ ਪਿੱਲਰ ਅਜੇ ਵੀ ਦਿਸਦੇ ਹਨ ਜੋ
ਇਕ ਨਿਸ਼ਾਨੀ ਵਜੋਂ ਦੇਖੇ ਜਾ ਸਕਦੇ ਹਨ ਕਿ ਇਥੇ ਕਦੇ ਸਕੂਲ ਸੀ। ਗੁਰਦੁਆਰਾ ਸ੍ਰੀ
ਗੁਰੂ ਹਰਗੋਬਿੰਦ ਸਾਹਿਬ ਦੇ ਪਿਛੇ ਹੀ ਸਥਿਤ ਬਾਬਾ ਸ੍ਰੀ ਚੰਦ ਦਾ ਇਤਿਹਾਸਕ
ਗੁਰਦੁਆਰਾ ਹੈ ਜਿਥੇ ਅੱਜ ਵੀ ਭਾਵੇਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਪਰ ਅਜੇ
ਵੀ ਪੀੜਾ ਸਾਹਿਬ ਉਸੇ ਤਰ੍ਹਾਂ ਹੀ ਰੱਖਿਆ ਹੋਇਆ ਹੈ ਅਤੇ ਜੋਤ ਵੀ ਰੋਜ਼ ਜਗਾਈ ਜਾ ਰਹੀ
ਹੈ। ਪਰ ਇਸ ਦੀ ਇਮਾਰਤ ਵੀ ਅਜੇ ਤੱਕ ਕਈ ਥਾਵਾਂ ਤੋਂ ਟੁੱਟੀ ਹੋਈ ਹੈ। ਬਾਬਾ ਸ੍ਰੀ
ਚੰਦ ਜੀ ਇਥੇ ਕਈ ਸਾਲ ਰਹੇ ਦੱਸੇ ਜਾਂਦੇ ਹਨ। ਕਾਬੁਲ ਵਿਚ ਭਾਈ ਮਨਸਾ ਸਿੰਘ ਦਾ
ਗੁਰਦੁਆਰਾ, ਬਾਬਾ ਖੇਮ ਸਿੰਘ ਦਾ ਗੁਰਦੁਆਰਾ, ਗੁਰਦੁਆਰਾ ਗਨ ਬਖਸ਼ੀ ਅਤੇ ਗੁਰਦੁਆਰਾ
ਜੋਤੀ ਸਰੂਪ ਵੀ ਅੱਜ ਕਲ੍ਹ ਬੇਅਬਾਦ ਪਏ ਹਨ। ਪਰ ਕਾਬੁਲ ਵਿਚ ਜਿਥੇ ਕਦੇ 50 ਹਜ਼ਾਰ
ਹਿੰਦੂ ਸਿੱਖਾਂ ਦੀ ਅਬਾਦੀ ਸੀ ਅੱਜ ਉਥੇ ਸਿਰਫ 340 ਪਰਿਵਾਰ ਰਹਿੰਦੇ ਹਨ, ਜਿਨ੍ਹਾਂ
ਵਿਚ 1132 ਸਿੱਖ ਤੇ ਸਿਰਫ 40 ਹਿੰਦੂ ਵਸ ਰਹੇ ਹਨ। ਹਿੰਦੂਆਂ ਦਾ ਆਸਾ ਮਾਈ ਦਾ ਮੰਦਰ
ਹੈ। ਅਸਲ ਵਿਚ ਕਾਬੁਲ ਵਿਚ ਆਸਾ ਮਾਈ ਦੇ 2 ਮੰਦਰ ਹਨ ਇਕ ਉਪਰ ਪਹਾੜ ਦੀ ਚੋਟੀ ਤੇ ਜੋ
ਕਿ ਅਸਲ ਮੰਦਰ ਦੱਸਿਆ ਜਾਂਦਾ ਹੈ। ਪਰ ਹਾਲਾਤ ਦੀ ਮਾਰ ਤੋਂ ਬਚਣ ਲਈ ਹਿੰਦੂਆਂ ਨੇ
ਆਸਾ ਮਾਈ ਦੇ ਮੰਦਰ ਤੋਂ ਜੋਤ ਲਿਆ ਕੇ ਆਸਾ ਮਾਈ ਦੇ ਨਾਮ 'ਤੇ ਹੀ ਇਕ ਹੋਰ ਮੰਦਰ
ਹੇਠਾਂ ਵਾਦੀ ਵਿਚ ਬਣਾਇਆ ਹੈ। ਇਹ ਮੰਦਰ ਇਕ ਮਸੀਤ ਦੇ ਬਿਲਕੁਲ ਪਿਛੇ ਨਾਲ ਸਾਂਝੀ
ਕੰਧ ਨਾਲ ਬਣਿਆ ਹੋਇਆ ਹੈ। ਜਿਸ ਕਰਕੇ ਇਹ ਲੜਾਈ ਦੇ ਬਾਵਜੂਦ ਟੁੱਟਣੋਂ ਬਚ ਗਿਆ ਹੈ।
ਭਾਵੇਂ ਹਿੰਦੂਆਂ ਵਲੋਂ ਆਸਾ ਮਾਈ ਮੰਦਰ ਵਿਚ ਰੋਜ਼ ਪੂਜਾ ਕੀਤੀ ਜਾਂਦੀ ਹੈ ਇਸ
ਤੋਂ ਬਿਨ੍ਹਾਂ ਹਿੰਦੂਆਂ ਦੀ ਇਕ ਦਰਗਾਹ ਅਤੇ ਇਕ ਹੋਰ ਮੰਦਰ ਵੀ ਹੈ। ਪਰ ਕਾਬੁਲ ਦੇ
ਹਿੰਦੂ ਰੋਜ਼ ਗੁਰਦੁਆਰੇ ਵੀ ਜਾਂਦੇ ਹਨ ਤੇ ਉਨ੍ਹਾਂ ਦੇ ਸਿੱਖਾਂ ਨਾਲ ਰਿਸ਼ਤੇ ਵੀ ਠੀਕ
ਹਨ। ਬਲਕਿ ਮੰਦਰ ਵਿਚ ਰਹਿੰਦੇ ਇਕ ਹਿੰਦੂ ਪਰਿਵਾਰ ਦੇ ਇਕ ਬਜ਼ੁਰਗ ਦੀ ਮੌਤ ਹੋ
ਜਾਣ 'ਤੇ ਉਸ ਦਾ ਸੰਸਕਾਰ ਵੀ ਗੁਰਦੁਆਰਾ ਕਰਤੇ ਪ੍ਰਵਾਨ ਦੇ ਵਿਚ ਬਣੇ ਸੰਸਕਾਰ
ਅਸਥਾਨ 'ਤੇ ਹੀ ਕੀਤਾ ਗਿਆ ਜਿਸ ਵਿਚ ਸਿੱਖ ਤੇ ਹਿੰਦੂ ਦੋਵੇਂ ਸ਼ਾਮਿਲ ਹੋਏ। ਅਸਲ ਵਿਚ
ਸਿੱਖਾਂ ਹਿੰਦੂਆਂ ਦਾ ਇਕ ਸਾਂਝਾ ਸ਼ਮਸ਼ਾਨ ਘਾਟ ਗੁਰਦੁਆਰਾ 'ਕਰਤੇ ਪ੍ਰਵਾਨ' ਤੋਂ ਕਰੀਬ
ਤਿੰਨ ਕਿਲੋਮੀਟਰ ਦੀ ਦੂਰੀ 'ਤੇ ਕਾਬੁਲ ਦੇ ਜ਼ਿਲ੍ਹਾ ਨੰਬਰ 8 ਦੇ ਕਲਾਚਾ ਨਾਮਕ
ਸਥਾਨ 'ਤੇ ਸਥਿਤ ਹੈ। 'ਅਹਿਮਦ ਕਰਜ਼ਈ' ਸਰਕਾਰ ਨੇ ਭਾਵੇਂ ਇਸ ਦਾ ਕਬਜ਼ਾ ਸਿੱਖਾਂ ਦੀ
'ਗੁਰਦੁਆਰਾ ਕਰਤੇ ਪ੍ਰਵਾਨ' ਨੂੰ ਦੇ ਦਿੱਤਾ ਹੈ। ਸ: ਰਵਿੰਦਰ ਸਿੰਘ ਜਿਹੜਾ ਇਥੋਂ ਦੇ
ਸਿੱਖਾਂ ਦੇ ਨੇਤਾ ਹਨ ਤੇ ਉਨ੍ਹਾਂ ਨੂੰ ਰਵਿੰਦਰ ਸਿੰਘ ਵਕੀਲ ਕਿਹਾ ਜਾਦਾ ਹੇ ਨੇ
ਦੱਸਿਆ ਕਿ ਉਨ੍ਹਾ ਦੀ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਇਥੇ ਜਦੋਂ ਵੀ ਸਿੱਖ ਜਾਂ
ਹਿੰਦੂ ਕਿਸੇ ਲਾਸ਼ ਦਾ ਅੰਤਿਮ ਸੰਸਕਾਰ ਕਰਨ ਪਹੁੰਚਦੇ ਹਨ ਤਾਂ ਇਲਾਕੇ ਦੇ ਮੁਸਲਿਮ
ਪਠਾਨ ਇਸ ਦਾ ਵਿਰੋਧ ਕਰਦੇ ਹਨ ਤੇ ਉਹ ਲੜਨ ਮਰਨ ਲਈ ਤਿਆਰ ਹੋ ਜਾਂਦੇ ਹਨ। ਉਨ੍ਹਾਂ
ਦੱਸਿਆ ਕਿ ਇਸ ਵਿਚ ਕੋਈ ਸ਼ੱਕ ਨਹੀਂ ਕਿ ਸੰਸਕਾਰ ਕਰਨ ਲਈ ਪੁਲਿਸ ਨਾਲ ਜਾ ਕੇ ਸੰਸਕਾਰ
ਕਰਵਾਉਣ ਲਈ ਤਿਆਰ ਹੈ ਪਰ ਅਸੀਂ ਇਸ ਤਰ੍ਹਾਂ ਜ਼ਬਰਦਸਤੀ ਮੁਸਲਿਮ ਅਬਾਦੀ ਦੀ ਨਰਾਜ਼ਗੀ
ਮੁੱਲ ਲੈਣ ਦੀ ਸਥਿਤੀ ਵਿਚ ਨਹੀਂ ਹਾਂ। ਕਿਉਂਕਿ ਪੁਲਿਸ ਹਰ ਵਕਤ ਸਾਡੀ ਰੱਖਿਆ ਨਹੀਂ
ਕਰ ਸਕਦੀ। ਫਿਰ ਅਫਗਾਨਿਸਤਾਨ ਦੀ ਸਥਿਤੀ ਦਾ ਕੀ ਪਤਾ ਕਦੋਂ ਬਦਲ ਜਾਵੇ ਕਲ੍ਹ ਕੀ ਪਤਾ
ਕਿਸਦੀ ਹਕੂਮਤ ਹੋਵੇ।
ਕਾਬੁਲ ਵਿਚ ਅੱਜ ਵੀ 'ਗੁਰਦੁਆਰਾ ਕਰਤੇ ਪ੍ਰਵਾਨ' ਵਿਚ
ਰੋਜ਼ਾਨਾ ਕੀਰਤਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ, ਜਿਥੇ ਸਿੱਖ
ਤੇ ਹਿੰਦੂ ਦੋਵੇਂ ਹਾਜ਼ਰ ਹੁੰਦੇ ਹਨ ਰੋਜ਼ ਸਵੇਰੇ ਕੀਰਤਨ ਹੁੰਦਾ ਤੇ ਲੰਗਰ ਬਣਦਾ
ਹੈ। 5 ਜਨਵਰੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸ਼ਵ ਦੇ ਸਬੰਧ ਵਿਚ
ਹੋਏ ਸਮਾਗਮ ਵਿਚ ਹੈਰਾਨੀ ਭਰੀ ਖੁਸ਼ੀ ਹੋਈ ਕਿ ਕਾਬੁਲ ਵਿਚ ਸਿੱਖਾਂ ਦੇ ਹਿੰਦੂਆਂ
ਦੀ 1200 ਤੋਂ ਵੀ ਘੱਟ ਅਬਾਦੀ ਵਿਚੋਂ ਕਰੀਬ 700 ਆਦਮੀ ਔਰਤਾਂ ਤੇ ਬੱਚੇ ਗੁਰਦੁਆਰਾ
ਵਿਚ ਹਾਜ਼ਰ ਸਨ। ਇਸ ਮੌਕੇ 'ਤੇ ਹਰ ਸਾਲ ਵਾਂਗ ਗੁਰਦੁਆਰਾ ਸਾਹਿਬ ਦੇ ਨਿਸ਼ਾਨ ਸਾਹਿਬ
ਦਾ ਨਵਾਂ ਚੋਲਾ ਵੀ ਚੜ੍ਹਾਇਆ ਗਿਆ। ਇਸ ਮੌਕੇ 'ਤੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸ:
ਅਵਤਾਰ ਸਿੰਘ ਨੇ ਅਤੇ ਇਕ ਹੋਰ ਸਿੱਖ ਨੇਤਾ ਰਵਿੰਦਰ ਸਿੰਘ ਵਕੀਲ ਨੇ ਸਿੱਖਾਂ ਦੀਆਂ
ਸਮੱਸਿਆਵਾਂ ਦੱਸੀਆਂ। ਇਸ ਮੌਕੇ 'ਤੇ ਰੋਜ਼ਾਨਾ 'ਅਜੀਤ' ਅਤੇ 'ਅਜੀਤ' ਦੇ ਮੁੱਖ
ਸੰਪਾਦਕ ਸ: ਬਰਜਿੰਦਰ ਸਿੰਘ ਹਮਦਰਦ ਦੀ ਪੰਜਾਬੀਆਂ ਅਤੇ ਖਾਸਕਰ ਦੇਸ਼ ਵਿਦੇਸ਼ ਵਿਚ
ਵਸਦੇ ਸਿੱਖਾਂ ਦੀਆਂ ਸਮੱਸਿਆਵਾਂ ਨੂੰ ਸੁਲਝਾਉਣ ਲਈ ਕੀਤੇ ਜਾਂਦੇ ਯਤਨਾਂ ਦੀ ਸ਼ਲਾਘਾ
ਕੀਤੀ ਗਈ ਅਤੇ ਇਸ ਮੌਕੇ 'ਤੇ 'ਅਜੀਤ' ਦੀ ਟੀਮ ਦੇ ਮੈਂਬਰਾਂ ਨੂੰ ਸਿਰੋਪਾਓ ਦੇ ਕੇ
ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਤੇ 'ਅਜੀਤ' ਦੀ ਸਾਈਟ ਬਾਰੇ ਵੀ
ਦੱਸਿਆ ਗਿਆ ਤੇ ਸਥਾਨਕ ਸਿੱਖਾਂ ਵਲੋਂ ਵਿਸ਼ੇਸ਼ ਦੇਖਣ ਵਿਚ ਦਿਲਚਸਪੀ ਦਿਖਾਈ ਗਈ।
ਗਜ਼ਨੀ ਵਿਚ ਚਾਰ ਗੁਰਦੁਆਰੇ ਕਾਬੁਲ ਤੋਂ
ਕਰੀਬ 160 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਸ਼ਹਿਰ 'ਗਜ਼ਨੀ' ਵਿਚ ਇਸ ਵੇਲੇ
ਸਿਰਫ 170 ਸਿੱਖ ਪਰਿਵਾਰ ਰਹਿ ਰਹੇ ਹਨ। ਇਥੇ ਤਾਲਿਬਾਨ ਦਾ ਅਜੇ ਵੀ ਜ਼ੋਰ ਹੈ। ਸਿੱਖ
ਇਥੇ ਬਹੁਤ ਸਹਿਮੇ ਸਹਿਮੇ ਰਹਿੰਦੇ ਹਨ। ਗਜ਼ਨੀ ਵਿਚ 4 ਗੁਰਦੁਆਰੇ ਹਨ। ਇਥੇ 10ਵੇਂ
ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਵਿਚ ਗੁਰਦੁਆਰਾ 'ਕੋਟਲਾ ਸਾਹਿਬ' ਹੈ
ਜਿਸ ਬਾਰੇ ਕਿਹਾ ਜਾਂਦਾ ਹੈ ਕਿ ਗੁਰੂ ਸਾਹਿਬ ਏਥੇ ਖੁਦ ਚੱਲਕੇ ਆਏ ਸਨ। ਦੂਸਰਾ
ਇਤਿਹਾਸਕ ਗੁਰਦੁਆਰਾ ਭਾਈ ਨੰਦ ਲਾਲ ਜੀ ਦਾ ਜਨਮ ਅਸਥਾਨ ਹੈ। ਇਹ ਭਾਈ ਨੰਦ ਲਾਲ ਉਹੀ
ਹਨ ਜਿਨ੍ਹਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਉਸਤਤ ਵਿਚ ਗਜ਼ਲਾਂ ਰਚੀਆਂ
ਸਨ। 2 ਹੋਰ ਗੁਰਦਆਰਾ 'ਸਿੰਘ ਸਭਾ ਸ਼ਮੀਰ' ਅਤੇ ਦੂਸਰਾ 'ਸਿੰਘ ਸਭਾ ਪਲਾਨੇ ਸੇਹ'।
ਇਹੀ ਇਕ ਗੁਰਦੁਆਰਾ ਗਜ਼ਨੀ ਵਿਚ ਹੈ ਜਿਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼
ਹੁੰਦਾ ਹੈ।
ਜਲਾਲਾਬਾਦ ਕਾਬੁਲ ਤੋਂ
ਕਰੀਬ 175 ਕਿਲੋਮੀਟਰ ਦੂਰ ਜਲਾਲਬਾਦ ਦਾ ਸ਼ਹਿਰ ਹੈ। ਇਥੋਂ ਦੇ ਪ੍ਰਮੁੱਖ ਵਿਉਪਾਰੀ ਸ:
ਕਰਤਾਰ ਸਿੰਘ ਨੇ ਦੱਸਿਆ ਕਿ ਇਸ ਸ਼ਹਿਰ ਨੂੰ ਗੁਰੂ ਨਾਨਕ ਦੇਵ ਜੀ ਦੀ ਛੋਹ ਪ੍ਰਾਪਤ
ਹੈ। ਜਿਥੇ ਗੁਰੂ ਨਾਨਕ ਦੇਵ ਜੀ 40 ਦਿਨ ਠਹਿਰੇ ਸਨ। ਉਨ੍ਹਾ ਦੀ ਯਾਦ ਵਿਚ ਗੁਰਦੁਆਰਾ
'ਗੁਰੂ ਨਾਨਕ ਦਰਬਾਰ' ਹੈ। ਨੇੜੇ ਹੀ ਉਹ ਗੁਰਦੁਆਰਾ ਹੈ ਜਿਥੋਂ ਗੁਰੂ ਸਾਹਿਬ ਨੇ
ਪਾਣੀ ਦਾ ਚਸ਼ਮਾ ਪ੍ਰਗਟ ਕੀਤਾ ਸੀ। ਇਸ ਦਾ ਨਾਮ ਗੁਰਦੁਆਰਾ 'ਚਸ਼ਮਾ ਸਾਹਿਬ' ਹੈ। ਇਕ
ਹੋਰ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਹੈ ਜੋ ਕਿ ਜਲਾਲਬਾਦ ਦੇ ਇਲਾਕੇ
'ਰੇਗ ਏ ਸ਼ਾਹ ਮੁਹੰਮਦ' ਵਿਚ ਹੈ। ਸ਼ਹਿਰ ਦੇ ਦੋਵਾਂ ਗੁਰਦੁਆਰਿਆਂ ਵਿਚ ਸ੍ਰੀ ਗੁਰੂ
ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ। ਇਥੇ ਇਸ ਵੇਲੇ ਸਿਰਫ 100 ਸਿੱਖ
ਅਤੇ 30 ਹਿੰਦੂ ਪਰਿਵਾਰ ਰਹਿ ਰਹੇ ਹਨ। ਇਥੇ ਇਕ ਮੰਦਰ ਵੀ ਹੈ। ਸ: ਕਰਤਾਰ ਸਿੰਘ ਨੇ
ਦੱਸਿਆ ਕਿ ਇਥੋਂ ਦੇ ਮੁਸਲਮਾਨਾਂ ਦਾ ਵਿਵਹਾਰ ਸਿੱਖਾਂ ਪ੍ਰਤੀ ਬੇਇੱਜ਼ਤੀ ਭਰਿਆ ਹੈ ਤੇ
ਉਹ ਬੱਚਿਆਂ ਦਾ ਵੀ ਲਿਹਾਜ਼ ਨਹੀਂ ਕਰਦੇ। ਉਨ੍ਹਾਂ ਇਲਜ਼ਾਮ ਲਾਇਆ ਕਿ ਅਸਲ ਵਿਚ ਇਕ
ਕੁਮਨਦਾਨ (ਕਮਾਂਡਰ) ਨਜ਼ੀਰ ਗੁਰਦੁਆਰੇ ਵੀ ਜਗ੍ਹਾ ਜਿਸ ਵਿਚ ਇਸ ਵੇਲੇ 18 ਸਿੱਖ
ਪਰਿਵਾਰਾਂ ਨੇ ਸ਼ਰਨ ਲਈ ਹੋਈ ਹੈ। ਸਿੱਖਾਂ 'ਤੇ ਦਬਾਅ ਪਾ ਰਿਹਾ ਹੈ ਕਿ ਉਹ ਇਹ ਜਗ੍ਹਾ
ਖਾਲੀ ਕਰ ਦੇਣ ਤਾਂ ਜੋ ਉਹ ਇਥੇ ਆਪਣੀ ਮਾਰਕੀਟ ਬਣਾ ਸਕਣ।
ਹਿਲਮੰਡ
ਸ਼ਹਿਰ ਹਿਲਮੰਡ ਸ਼ਹਿਰ ਵਿਚ 63 ਸਿੱਖ ਪਰਿਵਾਰ ਰਹਿੰਦੇ ਹਨ ਹਿੰਦੂ ਕੋਈ
ਨਹੀਂ। ਇਥੇ 2 ਗੁਰਦੁਆਰੇ ਹਨ। ਇਥੇ ਵੀ ਕਿਸੇ ਵੀ ਸਿੱਖ ਕੋਲ ਆਪਣਾ ਘਰ ਨਹੀਂ।
ਮੁਤੱਸਬੀ ਮੁਸਲਮਾਨ ਸਿੱਖਾਂ ਨਾਲ ਚੰਗੇ ਵਿਵਹਾਰ ਨਹੀਂ ਕਰਦੇ। ਹਿਲਮੰਡ ਦੇ ਸ: ਹਰਜੀਤ
ਸਿੰਘ ਨੇ ਦੱਸਿਆ ਹਾਲਾਂਕਿ ਇਕ ਗੁਰਦੁਆਰਾ ਜੋ ਕਿਰਾਏ ਦੀ ਬਿਲਡਿੰਗ ਵਿਚ ਚੱਲਦਾ ਹੈ
ਦੇ ਬਦਲੇ ਵਿਚ ਸਰਕਾਰ ਨੇ ਜਗ੍ਹਾਂ ਅਲਾਟ ਕੀਤੀ ਹੈ ਪਰ ਪੈਸਿਆਂ ਦੀ ਘਾਟ ਕਾਰਨ ਬਣਾਇਆ
ਨਹੀਂ ਜਾ ਸਕਿਆ।
ਕੰਧਾਰ ਕੰਧਾਰ ਜੋ ਅਫਗਾਨਿਸਤਾਨ
ਦਾ ਮਸ਼ਹੁਰ ਸ਼ਹਿਰ ਹੈ ਵਿਚ ਸਿਰਫ 12 ਸਿੱਖ ਪਰਿਵਾਰ ਹਨ। ਇਹ ਕਾਬੁਲ ਤੋਂ
ਕਰੀਬ 500 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਇਥੇ ਬਾਬਾ ਸ੍ਰੀ ਚੰਦ ਜੀ ਦਾ
ਗੁਰਦੁਆਰਾ ਅਤੇ ਗੁਰਦੁਆਰਾ ਸਿੰਘ ਸਭਾ ਹੈ ਜਿਥੇ ਪ੍ਰਕਾਸ਼ ਹੁੰਦਾ ਹੈ।
ਕਿੱਧਰ ਗਏ ਅਫਗਾਨੀ ਸਿੱਖ ਤੇ ਹਿੰਦੂ? 1997-98 ਤੱਕ
ਅਫਗਾਨਿਸਤਾਨ ਵਿਚ ਸਿੱਖਾਂ ਤੇ ਹਿੰਦੂਆਂ ਦੀ ਗਿਣਤੀ 3 ਲੱਖ ਦੇ ਆਸ ਪਾਸ ਹੁਣ ਸਿਰਫ
ਤਿੰਨ ਹਜ਼ਾਰ ਤਾਂ ਕਿਧਰ ਗਏ ਉਹ? ਅਸਲ ਵਿਚ 'ਜਹੀਰ ਸ਼ਾਹ' ਨੂੰ ਗੱਦੀਓ ਉਤਾਰਨ ਤੋਂ
ਬਾਅਦ ਜਿਵੇਂ ਹੀ ਗੜਬੜ ਵੱਧਣੀ ਸ਼ੁਰੂ ਹੋਈ ਅਮੀਰ ਸਿੱਖਾਂ ਤੇ ਹਿੰਦੂਆਂ ਦਾ ਪਲਾਇਨ
ਸ਼ੁਰੂ ਹੋ ਗਿਆ। ਜਿਵੇਂ ਜਿਵੇਂ ਹਲਾਤ ਵਿਗੜਦੇ ਗਏ ਹਿੰਦੂ ਸਿੱਖ ਅਫਗਾਨਿਸਤਾਨ ਛੱਡਦੇ
ਗਏ। ਇਸ ਵੇਲੇ ਅਫਗਾਨ ਸਿੱਖ ਤੇ ਹਿੰਦੂ ਦੁਬਈ, ਅਮਰੀਕਾ, ਇੰਗਲੈਂਡ, ਯੂਰਪ ਦੇ ਦੇਸ਼ਾਂ
ਅਤੇ ਭਾਰਤ ਵਿਚ ਵੱਡੀ ਗਿਣਤੀ ਵਿਚ ਵਸੇ ਹੋਏ ਹਨ।
ਬਹੁਤ ਸਾਰੇ ਅਫਗਾਨ ਸਿੱਖ
ਪਾਕਿਸਤਾਨ ਵਿਚ ਵੀ ਰਹਿ ਰਹੇ ਹਨ। ਇਨ੍ਹਾਂ ਵਿਚੋਂ ਬਹੁਤੇ ਸ਼ਰਨਾਰਥੀ ਕੈਂਪ ਵਿਚ ਰੁਲ
ਰਹੇ ਹਨ। ਇਕ ਵੇਲਾ ਇਕ ਅਜਿਹੇ ਵੀ ਆਇਆ ਸੀ ਜਦੋਂ ਅਫਗਾਨਿਸਤਾਨ ਵਿਚ ਸਿੱਖਾਂ ਅਤੇ
ਹਿੰਦੂਆਂ ਦੀ ਗਿਣਤੀ ਇਕ ਹਜ਼ਾਰ ਤੋਂ ਵੀ ਘੱਟ ਗਈ ਸੀ। ਪਰ ਸ੍ਰੀ ਹਾਮਿਦ ਕਰਜ਼ਈ ਦੀ
ਸਰਕਾਰ ਬਣਨ ਤੇ ਜਿਹੜੇ ਲੋਕ ਬਾਹਰਲੇ ਦੇਸ਼ਾਂ ਵਿਚ ਆਪਣਾ ਕੰਮ ਨਹੀਂ ਚਲਾ ਸਕੇ। ਉਹ
ਵਾਪਸ ਅਫਗਾਨਿਸਤਾਨ ਪਰਤ ਆਏ। ਅੱਜ ਵੀ ਅਫਗਾਨਿਸਤਾਨ ਵਿਚ ਰਹਿ ਰਹੇ ਕਈ ਹਿੰਦੂ ਅਤੇ
ਸਿੱਖਾਂ ਦੇ ਪਰਿਵਾਰ ਤਾਂ ਹਿੰਦੂਸਤਾਨ ਵਿਚ ਹਨ ਅਤੇ ਉਹ ਆਪ ਅਫਗਾਨਿਸਤਾਨ ਵਿਚ ਕੰਮ
ਕਰ ਰਹੇ ਹਨ।
ਕੀ ਚਾਹੁੰਦੇ ਹਨ ਅਫਗਾਨੀ ਸਿੱਖ ਅਤੇ ਹਿੰਦੂ?
ਭਾਵੇਂ ਇਸ ਵੇਲੇ ਅਫਗਾਨਿਸਤਾਨ ਦੀ ਰਾਜਸਭਾ ਵਿਚ ਸ੍ਰੀ ਗੰਗਾ ਰਾਮ ਮਥਰੀਜਾ ਨਾਮ ਦੇ
ਇਕ ਹਿੰਦੂ ਮੈਂਬਰ ਹਨ, ਪਰ ਅਫਗਾਨਿਸਤਾਨ ਦੀ ਲੋਕ ਸਭਾ ਅਤੇ ਰਾਜ ਸਭਾ ਵਿਚ ਕਿਸੇ
ਹਿੰਦੂ ਜਾਂ ਸਿੱਖ ਲਈ ਕੋਈ ਸੀਟ ਸੁਰੱਖਿਅਤ ਨਹੀਂ ਹੈ। ਸ੍ਰੀ ਗੰਗਾ ਰਾਮ ਵੀ ਅਸਲ
ਵਿਚ 102 ਮੈਂਬਰੀ ਰਾਜ ਸਭਾ ਵਿਚ ਸਿਰਫ ਇਸ ਲਈ ਸ਼ਾਮਿਲ ਕਰ ਲਏ ਗਏ ਕਿਉਂਕਿ ਉਹ
ਅਫਗਾਨਿਸਤਾਨ ਦੇ ਮੌਜੂਦਾ ਰਾਸ਼ਟਰਪਤੀ ਸ੍ਰੀ ਅਹਿਮਦ ਕਰਜ਼ਈ ਦੇ ਨਿੱਜੀ ਦੋਸਤ ਹਨ।
ਅਫਗਾਨਿਸਤਾਨ ਦੇ ਸਿੱਖ ਇਹ ਚਾਹੁੰਦੇ ਹਨ ਕਿ ਜਿਵੇਂ ਅਫਗਾਨਿਸਤਾਨ ਦੀ ਲੋਕ ਸਭਾ ਵਿਚ
ਕੋਚੀਆਂ (ਵਣਜਾਰਿਆਂ) ਲਈ ਦਸ ਸੀਟਾਂ ਸੁਰੱਖਿਅਤ ਹਨ, ਉਸੇ ਤਰ੍ਹਾਂ ਸਿੱਖਾਂ ਅਤੇ
ਹਿੰਦੂਆਂ ਲਈ ਵੀ ਘੱਟੋ ਘੱਟ ਤਿੰਨ ਸੀਟਾਂ ਸੁਰੱਖਿਅਤ ਕੀਤੀਆਂ ਜਾਣ। ਇਹੀ ਮੰਗ
ਅਫਗਾਨਿਸਤਾਨ ਦੇ ਰਾਜ ਸਭਾ ਮੈਂਬਰ ਸ੍ਰੀ ਗੰਗਾ ਰਾਮ ਨੇ ਇਸ ਪੱਤਰਕਾਰ ਨਾਲ ਗੱਲ
ਕਰਦਿਆਂ ਦੁਹਰਾਈ। ਸਿੱਖ ਨੇਤਾ ਸ: ਰਵਿੰਦਰ ਸਿੰਘ ਨੇ ਕਿਹਾ ਕਿ ਅਫਗਾਨਿਸਤਾਨ ਵਿਚ
ਵਸਦੀ ਹਰ ਕੌਮੀਅਤ ਦਾ ਨਾਮ ਅਫਗਾਨ ਕੌਮੀ ਗੀਤ ਵਿਚ ਹੈ। ਪਰ ਸਿੱਖਾਂ ਤੇ ਹਿੰਦੂਆਂ ਦਾ
ਨਹੀਂ, ਇਹ ਵੀ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਰਿਹਾਇਸ਼ ਵਾਸਤੇ ਜਿਵੇਂ ਹੋਰ
ਸਾਰੇ ਧਰਮਾਂ ਦੇ ਲੋਕਾਂ ਨੂੰ ਜ਼ਮੀਨ ਦਿੱਤੀ ਗਈ ਹੈ ਉਸੇ ਤਰ੍ਹਾਂ ਅਫਗਾਨ ਸਿੱਖਾਂ ਨੂੰ
ਦੇਣੀ ਚਾਹੀਦੀ ਹੈ। ਅਤੇ ਲੁੱਟ ਮਾਰ ਦਾ ਸ਼ਿਕਾਰ ਹੋਏ ਸਿੱਖਾਂ ਹਿੰਦੂਆਂ ਨੂੰ ਵੀ ਮਾਲੀ
ਮਦਦ ਦਿੱਤੀ ਜਾਣੀ ਚਾਹੀਦੀ ਹੈ।
ਇਸ ਸਬੰਧ ਵਿਚ ਐਮ. ਪੀ. ਗੰਗਾ ਰਾਮ ਨੇ
ਦੱਸਿਆ ਕਿ ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ 2005 ਵਿਚ
ਅਫਗਾਨਿਤਸਾਨ ਆਏ ਸੀ ਤਾਂ ਅਸੀਂ ਉਨ੍ਹਾਂ ਨੂੰ ਆਪਣੀਆਂ ਮੰਗਾਂ ਦਾ ਮੈਮੋਰੰਡਮ ਦਿੱਤਾ
ਸੀ ਪਰ ਅਜੇ ਤੱਕ ਇਸ ਦਾ ਕੋਈ ਨਤੀਜਾ ਨਹੀਂ ਨਿਕਲਿਆ। ਉਨ੍ਹਾ ਕਿਹਾ ਕਿ ਭਾਵੇਂ ਅਫਗਾਨ
ਸਰਕਾਰ ਸਿੱਖਾਂ ਤੇ ਹਿੰਦੂਆਂ ਪ੍ਰਤੀ ਦਿਆਲੂ ਹੈ ਪਰ ਆਰਥਿਕ ਸਹਾਇਤਾ ਨਾ ਮਾਤਰ ਹੈ।
ਭਾਰਤ, ਜਿਸ ਨੇ ਅਫਗਾਨਿਸਤਾਨ ਦੀ ਪਿਛਲੇ ਸਾਲਾਂ ਵਿਚ 600/700 ਮਿਲੀਅਨ ਅਮਰੀਕੀ
ਡਾਲਰ ਦੀ ਮਦਦ ਵੱਖ ਵੱਖ ਖੇਤਰਾਂ ਵਿਚ ਕੀਤੀ ਹੈ ਉਸ ਨੂੰ ਚਾਹੀਦਾ ਹੈ ਕਿ ਆਪਣਾ ਅਸਰ
ਰਸੂਖ ਵਰਤ ਕੇ ਹਿੰਦੂ ਸਿੱਖਾਂ ਨੂੰ ਦੁਬਾਰਾ ਆਪਣੇ ਵਪਾਰ ਨੂੰ ਸਥਾਪਿਤ ਕਰਨ, ਸਕੂਲ
ਬਣਾਉਣ ਅਤੇ ਮਕਾਨਾਂ ਲਈ ਜਗ੍ਹਾ ਦਿਵਾਉਣ ਦੀ ਕੋਸ਼ਿਸ ਕਰੇ। ਕਿਉਂਕਿ ਅਸੀਂ ਭਾਵੇਂ
ਅਫਗਾਨ ਨਾਗਰਿਕ ਹਾਂ ਪਰ ਅਸੀਂ ਮਾਨਸਿਕ ਅਤੇ ਨਸਲੀ ਤੌਰ'ਤੇ ਭਾਰਤ ਨਾਲ ਜੁੜੇ ਹੋਏ
ਹਾਂ।
ਸਿੱਖ ਨੇਤਾਵਾਂ ਸ: ਅਵਤਾਰ ਸਿੰਘ, ਰਵਿੰਦਰ ਸਿੰਘ ਅਤੇ ਕਰਤਾਰ ਸਿੰਘ
ਨੇ ਕਿਹਾ ਕਿ ਅਫਸੋਸ ਦੀ ਗੱਲ ਹੈ ਕਿ 'ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ' ਜੋ
ਸਿੱਖਾਂ ਦੀ ਨੁਮਾਇੰਦਾ ਜਥੇਬੰਦੀ ਹੈ ਨੇ ਵੀ ਸਾਡੀ ਸਾਰ ਨਹੀਂ ਲਈ। ਉਨ੍ਹਾ ਕਿਹਾ ਕਿ
ਘੱਟੋ ਘੱਟ ਸ਼੍ਰੋਮਣੀ ਕਮੇਟੀ ਨੂੰ ਇਥੋਂ ਦੇ ਗੁਰਦੁਆਰਿਆਂ ਦੀ ਮੁਰੰਮਤ, ਸਾਡੇ ਸ਼ਮਸ਼ਾਨ
ਘਾਟ ਦੀ ਉਸਾਰੀ ਅਤੇ ਸ਼ਮਸ਼ਾਨ ਘਾਟ ਵਿਚ ਲਾਸ਼ ਲੈ ਕੇ ਜਾਣ ਵਾਲੀ ਗੱਡੀ ਮੁਹੱਈਆ ਕਰਵਾਉਣ
ਵਿਚ ਸਾਡ ਮਦਦ ਕਰੇ ਤਾਂ ਜੋ ਇਥੋਂ ਦੇ ਸਿੱਖ ਇਹ ਮਹਿਸੂਸ ਕਰ ਸਕਣ ਕਿ ਭਾਰਤੀ ਸਿੱਖ
ਉਨ੍ਹਾ ਦੇ ਨਾਲ ਹਨ। ਰਾਜ ਸਭਾ ਮੈਂਬਰ ਸ੍ਰੀ ਗੰਗਾ ਰਾਮ ਨੇ ਭਾਰਤ ਦੇ ਪ੍ਰਧਾਨ ਮੰਤਰੀ
ਡਾ: ਮਨਮੋਹਣ ਸਿੰਘ ਨੂੰ ਅਫਗਾਨੀ ਸਿੱਖਾਂ ਦੀ ਮੱਦਦ ਲਈ ਇਕ ਮੈਮੋਰੈਡਮ ਹੁਣ ਫਿਰ
ਭੇਜਿਆ ਹੈ ਜਿਸ ਦੀ ਕਾਪੀ ਉਨ੍ਹਾਂ ਨੇ 'ਅਜੀਤ' ਨੇ ਵੀ ਭੇਜੀ ਹੈ। ਅਫਗਾਨਿਸਤਾਨ ਦੇ
ਆਮ ਲੋਕ ਭਾਰਤ ਵਲੋਂ ਦਿੱਤੇ ਜਾਂਦੇ ਇਕ ਮਹੀਨੇ ਦੇ ਵੀਜੇ ਤੋਂ ਬਹੁਤ ਪ੍ਰੇਸ਼ਾਨ ਹਨ।
ਉਨ੍ਹਾਂ ਦੀ ਮੰਗ ਹੈ ਕਿ ਸਿੱਖਾਂ ਤੇ ਹਿੰਦੂਆਂ ਨੇ ਘੱਟੋ 6 ਮਹੀਨੇ ਤੋਂ 2 ਸਾਲ ਦਾ
ਮਲਟੀਪਲ ਵੀਜਾ ਦਿੱਤਾ ਜਾਇਆ ਕਰੇ। 'ਅਫਗਾਨ ਹਿੰਦੂ ਸਿੱਖ ਵੈਲਫੇਅਰ
ਸੁਸਾਇਟੀ' ਦੇ ਪ੍ਰਧਾਨ ਸ: ਖਜਿੰਦਰ ਸਿੰਘ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ
ਭਾਰਤ ਵਿਚ ਵਸਦੇ ਅਫਗਾਨ ਸਿੱਖਾਂ ਤੇ ਹਿੰਦੂਆਂ ਨੂੰ ਭਾਰਤੀ ਨਾਗਰਿਕਤਾ ਦੇਣ ਵਿਚ
ਕੀਤੀ ਜਾ ਰਹੀ ਟਾਲ ਮਟੋਲ ਬੰਦ ਕੀਤੀ ਜਾਵੇ।
ਸ: ਖਜਿੰਦਰ ਸਿੰਘ ਨੇ ਦੱਸਿਆ
ਕਿ ਭਾਰਤ ਵਿਚ ਕਰੀਬ 20,000 ਅਫਗਾਨ ਸਿੱਖ ਵਸਦੇ ਹਨ। ਉਨ੍ਹਾਂ ਕਿਹਾ ਕਿ ਪਹਿਲਾ
ਭਾਰਤੀ ਨਾਗਰਿਕਤਾ ਲਈ ਸਿਰਫ 5 ਸਾਲ ਦਾ ਸਮਾਂ ਲਿਆ ਜਾਂਦਾ ਸੀ। ਜੋ ਵਧਾ ਕੇ 12 ਸਾਲ
ਕਰ ਦਿੱਤਾ ਗਿਆ ਸੀ ਇਸ ਤੋਂ ਬਾਅਦ ਵੀ ਦੋ ਤਿੰਨ ਸਾਲ ਨਾਗਰਿਕਤਾ ਹਾਸਿਲ ਕਰਨ ਵਿਚ
ਲੱਗ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਪਾਰਲੀਮੈਂਟ ਵਿਚ ਉਨ੍ਹਾਂ ਦਾ ਕੇਸ ਘੱਟ ਗਿਣਤੀ
ਕਮਿਸ਼ਨ ਦੇ ਸਾਬਕ ਚੇਅਰਮੈਨ ਸ: ਤਰਲੋਚਨ ਸਿੰਘ ਉਠਾ ਰਹੇ ਹਨ। ਅਸੀਂ ਉਨ੍ਹਾਂ ਦੇ
ਧੰਨਵਾਦੀ ਹਾਂ। ਸ: ਖਜਿੰਦਰ ਸਿੰਘ ਨੇ ਕਿਹਾ ਕਿ ਭਾਰਤੀ ਨਾਗਰਿਕਤਾ ਦੀ ਫੀਸ
ਵੀ 2,100 ਰੁਪਏ ਤੋਂ ਵਧਾ ਕੇ 15,000 ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਅਫਗਾਨ
ਸਿੱਖ ਤੇ ਹਿੰਦੂ ਭਾਰਤ ਦੇ ਆਰਥਿਕਤਾ ਵਿਚ ਬਹੁਤ ਵਧੀਆ ਰੋਲ ਨਿਭਾ ਰਹੇ ਹਨ। ਪਰ
ਉਨ੍ਹਾਂ ਨੂੰ ਜਦੋਂ ਤੱਕ ਨਾਗਰਿਕਤਾ ਨਹੀਂ ਦਿੱਤੀ ਜਾਂਦੀ ਉਦੋਂ ਤੱਕ ਉਨ੍ਹਾਂ ਦੀਆਂ
ਪ੍ਰੇਸ਼ਾਨੀਆਂ ਦੂਰ ਨਹੀਂ ਹੋ ਸਕਦੀਆਂ। ਭਾਵੇਂ ਉਹ ਆਪਣੇ ਪੈਰਾਂ 'ਤੇ ਖੜ੍ਹੇ ਹਨ ਪਰ
ਉਨ੍ਹਾਂ ਕੋਲ ਭਾਰਤੀ ਨਾਗਰਿਕਤਾ ਨਾ ਹੋਣ ਕਾਰਨ ਉਹ ਪੂਰੀ ਦੁਨੀਆ ਵਿਚ ਫੈਲੇ ਆਪਣੇ
ਰਿਸ਼ਤੇਦਾਰ ਅਫਗਾਨ ਸਿੱਖਾਂ ਨਾਲ ਮੇਲ ਜੋਲ ਨਹੀਂ ਵਧਾ ਸਕਦੇ।
(ਨੋਟ:
ਇਹ ਰਿਪੋਟ 2007 ਵਿੱਚ 'ਅਜੀਤ' ਵਿੱਚ ਛਪੀ ਸੀ। ਕੁੱਝ ਅਰਸਾ ਬਾਦ ਇਸ ਜਾਣਕਾਰੀ ਵਿੱਚ
ਹੋਰ ਵਾਧਾ ਕਰਨ ਉਪ੍ਰੰਤ ਇਹ ਸ਼੍ਰੋ.ਗੁ.ਪ.ਕ ਦੇ ਮਾਸਕ ਰਸਾਲੇ “ਗੁਰਮਤਿ
ਪ੍ਰਕਾਸ਼” ਵਿੱਚ ਵੀ ਛਾਪੀ ਗਈ ਸੀ !)
|