WWW 5abi.com  ਪੰਨਿਆ ਵਿੱਚ ਸ਼ਬਦ ਭਾਲ

... ਤੇ ਆਖਿਰ ਬੰਦਾ ਸਿੰਘ ਬਹਾਦਰ ਫੜਿਆ ਹੀ ਕਿਓਂ ਗਿਆ ?
ਡਾ ਗੁਰਮੀਤ ਸਿੰਘ ਬਰਸਾਲ ਸੈਨਹੋਜ਼ੇ

ਬੰਦਾ ਸਿੰਘ ਬਹਾਦਰ

ਬੰਦਾ ਸਿੰਘ ਬਹਾਦਰ ਦੀ ਸ਼ਤਾਬਦੀ ਕਾਰਣ ਬਹੁਤ ਸਾਰੇ ਲੇਖਕਾਂ ਅਤੇ ਵਿਦਵਾਨਾ ਨੇ ਇਤਿਹਾਸ ਦੀਆਂ ਅਨੇਕਾਂ ਪਰਤਾਂ ਨੂੰ ਮੁੜ ਤੋਂ ਫਰੋਲਦਿਆਂ, ਵਿਚਾਰ ਚਰਚਾ ਕਰਦਿਆਂ ਬਹੁਤ ਨਵੀਆਂ ਗੱਲਾਂ ਸੁਆਲੀਆ ਰੂਪ ਵਿੱਚ ਸਾਹਮਣੇ ਰੱਖੀਆਂ ਹਨ। ਲਿਖੇ ਹੋਏ ਅਤੇ ਲਿਖਾਏ ਹੋਏ ਇਤਿਹਾਸ ਦਾ ਅੰਤਰ ਮਹਿਸੂਸਦਿਆਂ ਜਿਆਦਾ ਲਿਖਾਰੀਆਂ ਇਤਿਹਾਸਿਕ ਹਵਾਲਿਆਂ ਨਾਲੋਂ ਗੁਰਮਤਿ ਸਿਧਾਂਤ ਅਤੇ ਗੁਰਮਤਿ ਫਿਲਾਸਫੀ ਦੇ ਦ੍ਰਿਸ਼ਟੀਕੋਣ ਨੂੰ ਉੱਪਰ ਰੱਖਿਆ ਹੈ ਜਿਸ ਨਾਲ ਭਵਿੱਖ ਵਿੱਚ ਇਤਿਹਾਸ ਦਾ ਮਿਥਿਹਾਸ ਬਣਨ ਤੋਂ ਠੱਲ ਪੈਣ ਦੇ ਆਸਾਰ ਨਜਰ ਆਉਣ ਲੱਗੇ ਹਨ। ਇਹ ਇੱਕ ਸਿਹਤਮੰਦ ਅਤੇ ਜਾਗਰੁਕਤਾ ਭਰਿਆ ਰੁਝਾਨ ਹੈ।

ਗੁਰਮਤਿ ਦੀ ਕਸਵੱਟੀ ਤੇ ਪਰਖਦਿਆਂ ਗੁਰੂ ਕਾਲ ਨਾਲ ਸਬੰਧਤ ਲਿਖਿਆ ਗਿਆ ਇਤਿਹਾਸ ਵੀ ਜਿਆਦਾਤਰ ਦੂਜੇ ਮਜਹਬਾਂ ਦੀ ਰੀਸੇ ਕਰਿਸ਼ਮੇ ਭਰਪੂਰ ਆਕਰਸ਼ਣ ਵਾਲਾ ਮਿਥਿਹਾਸ ਹੀ ਜਾਪਣ ਲਗਦਾ ਹੈ, ਤਾਂ ਬਾਅਦ ਵਾਲੇ ਇਤਿਹਾਸ ਦਾ ਠੀਕ ਹੋਣਾ ਕਿੰਝ ਵਿਚਾਰਿਆ ਜਾ ਸਕਦਾ ਹੈ। ਗੁਰਮਤਿ ਸਿਧਾਂਤ ਤੋਂ ਸਖਣੇ, ਕੇਵਲ ਇਤਿਹਾਸਕ ਹਵਾਲਿਆਂ ਦੀ ਮਦਦ ਅਤੇ ਹਕੂਮਤਾਂ ਦੇ ਥਾਪੜੇ ਨਾਲ ਲਿਖੇ ਗਏ ਸਿੱਖ ਇਤਿਹਾਸ ਦਾ ਮੰਤਵ ਹੁਣ ਗੁੱਝਾ ਨਹੀਂ ਰਿਹਾ।

ਜਿਆਦਾਤਰ ਇਤਿਹਾਸਕਾਰ ਬੰਦਾ ਸਿੰਘ ਬਹਾਦਰ ਨੂੰ ਪਹਿਲਾਂ ਗੁਰੁ ਗੋਬਿੰਦ ਸਿੰਘ ਜੀ ਤੋਂ ਥਾਪੜਾ ਲੈ ਚੜਦੀ ਕਲਾ ਵਾਲਾ, ਫਿਰ ਗੁਰੁ ਹੁਕਮਾਂ ਤੋਂ ਡੋਲਣ ਵਾਲਾ ਅਤੇ ਆਖਿਰ ਪਛਤਾਕੇ ਦੁਬਾਰਾ ਗੁਰੂ ਚਰਨਾਂ ਨਾਲ ਜੁੜਨ ਲਈ ਹਰ ਤਰਾਂ ਦੇ ਅਸਹਿ ਤੇ ਅਕਹਿ ਜੁਲਮ ਖਿੜੇ ਮੱਥੇ ਝੱਲਣ ਵਾਲਾ ਸੂਰਮਾਂ ਲਿਖਦੇ ਹਨ। ਜਦ ਕਿ ਕੁਝ ਲਿਖਾਰੀ ਆਖਿਰ ਤੱਕ ਗੁਰਮਤਿ ਸਿਧਾਂਤਾਂ ਤੇ ਪਹਿਰਾ ਦੇਣ ਵਾਲਾ ਗੁਰੂ ਗੋਬਿੰਦ ਸਿੰਘ ਜੀ ਦਾ ਵਿਸ਼ਵਾਸ ਪਾਤਰ ਅਤੇ ਬਹੁਤ ਵੱਡਾ ਸਿੱਖ ਜਰਨੈਲ ਮੰਨਦੇ ਹਨ।

ਸਭ ਇਤਿਹਾਸਕਾਰ ਇਹ ਮੰਨਦੇ ਹਨ ਕਿ ਗੁਰੁ ਗੋਬਿੰਦ ਸਿੰਘ ਜੀ ਨੇ ਖੁਦ ਬੰਦਾ ਸਿੰਘ ਨੂੰ ਸਿਖਾਂ ਦਾ ਜਰਨੈਲ ਥਾਪਕੇ ਸਾਰੇ ਸਿੱਖਾਂ ਨੂੰ ਉਸ ਦੀ ਮਦਦ ਕਰਨ ਲਈ ਹੁਕਮਨਾਮੇ ਭੇਜੇ। ਜਦੋਂ ਗੁਰੁ ਜੀ ਨੇ ਬੰਦਾ ਸਿੰਘ ਨੂੰ ਸਿੱਖਾਂ ਦਾ ਆਗੂ ਚੁਣਿਆਂ ਉਸ ਸਮੇ ਵੀ ਗੁਰੁ ਜੀ ਨਾਲ ੳਹਨਾ ਦੇ ਹਰ ਸੰਘਰਸ ਵਿੱਚ ਸਾਥ ਦੇਣ ਵਾਲੇ ਦੁਖ-ਸੁਖ ਦੇ ਸਾਥੀ, ਉਹਨਾ ਦੇ ਭਰੋਸੇਯੋਗ ਜਾਨੋ ਪਿਆਰੇ ਸਿੰਘ ਹਾਜਰ ਸਨ। ਗੁਰੁ ਜੀ ਨੇ ਬੰਦਾ ਸਿੰਘ ਵਿੱਚ ਕੋਈ ਖਾਸ ਗੁਣ ਦੇਖ ਹੀ ਇਹ ਸੇਵਾ ਬਖਸ਼ੀ ਹੋਵੇਗੀ। ਜਦੋਂ ਅਸੀਂ ਕਹਿੰਦੇ ਹਾਂ ਕਿ ਬੰਦਾ ਸਿੰਘ ਗੁਰੁ ਬਚਨਾ ਤੋਂ ਬਾਗੀ ਹੋ ਗਿਆ ਸੀ ਤਾਂ ਅਸੀਂ ਅਸਿੱਧੇ ਤੌਰ ਤੇ ਇਹ ਕਹਿ ਰਹੇ ਹੁੰਦੇ ਹਾਂ ਕਿ ਗੁਰੂ ਜੀ ਦੀ ਦੂਰ ਦ੍ਰਿਸ਼ਟਤਾ ਅਤੇ ਚੋਣ ਗਲਤ ਸੀ। ਗੁਰੂ ਜੀ ਉਸ ਵੇਲੇ ਸਰੀਰਾਂ ਦੀ ਦੁਨੀਆਂ ਤੋਂ ਪਰੇ ਜਾ ਚੁੱਕੇ ਸੀ ਨਹੀਂ ਤਾਂ ਦਸਮ ਗ੍ਰੰਥ ਦਾ ਲਿਖਾਰੀ ਜਿਸ ਤਰਾਂ ਲਿਖਦਾ ਹੈ ਕਿ ਰੱਬ ਵੀ ਔਰਤ ਨੂੰ ਬਣਾਕੇ ਪਛਤਾਇਆ ਉਸੇ ਤਰਾਂ ਲਿਖਾਰੀਆਂ ਬੰਦਾ ਸਿੰਘ ਬਹਾਦਰ ਨੂੰ ਜਰਨੈਲ ਬਣਾਉਣ ਤੋਂ ਬਾਅਦ ਗੁਰੁ ਜੀ ਨੂੰ ਪਛਤਾਉਂਦਿਆਂ ਦਿਖਾ ਦੇਣਾ ਸੀ।

ਦੁਨੀਆਂ ਜਾਣਦੀ ਹੈ ਕਿ ਹਕੂਮਤਾਂ ਵਿਰੋਧੀ ਸ਼ਕਤੀਆਂ ਨਾਲ ਨਜਿੱਠਣ ਲਈ ਉਸਦੇ ਅੰਦਰੂਨੀ ਧੜੇ ਬਣਾ ਪਹਿਲਾਂ ਇੱਕ ਦਾ ਸਾਥ ਦਿੰਦੀਆਂ ਹਨ ਪਿੱਛੋਂ ਉਸ ਨੂੰ ਵੀ ਬਿਲੇ ਲਗਾ ਦਿੰਦੀਆਂ ਹਨ। ਏਹੋ ਫਾਰਮੂਲਾ ਪਠਾਣ, ਮੁਗਲ, ਗੋਰੇ ਵਰਤਦੇ ਆਏ ਹਨ ਅੱਜ ਕਲ ਆਪਣੇ ਵਰਤ ਰਹੇ ਹਨ। ਏਸੇ ਨੀਤੀ ਦਾ ਸ਼ਿਕਾਰ ਬੰਦਈ ਅਤੇ ਤੱਤ ਖਾਲਸੇ ਦੇ ਰੂਪ ਵਿੱਚ ਸਿੱਖ ਵੀ ਹੋਏ ਸਨ।

ਜਦੋਂ ਅਸੀਂ ਬੰਦਾ ਸਿੰਘ ਬਹਾਦਰ ਦੀਆਂ ਜਿੱਤਾਂ ਤੋਂ ਬਾਅਦ ੳਸਦੀ ਸਾਥੀਆਂ ਸਮੇਤ ਗਰਿਫਤਾਰੀ ਵਾਰੇ ਪੜਦੇ ਹਾਂ ਤਾਂ ਇੱਕ ਵਾਰ ਮਨ ਇਹ ਸੋਚਣ ਲਈ ਮਜਬੂਰ ਹੋ ਜਾਂਦਾ ਹੈ ਕਿ ਜਿਸ ਬੰਦਾ ਸਿੰਘ ਨੂੰ ਗੁਰੁ ਜੀ ਨੇ ਜਰਨੈਲ ਬਣਾਇਆ ਕੀ ਉਸਨੂੰ ਸਿੱਖਾਂ ਦੀ ਯੁੱਧ ਨੀਤੀ ਨਹੀਂ ਸਮਝਾਈ ਹੋਵੇਗੀ। ਕੀ ਉਸਨੇ ਦਸਮੇਸ ਜੀ ਦਿਆਂ ਯੁੱਧਾਂ ਵਾਰੇ ਨਾਂ ਜਾਣਿਆਂ ਹੋਵੇਗਾ ਕਿ ਕਿਸ ਤਰਾਂ ਚਮਕੌਰ ਦੀ ਗੜ੍ਹੀ ਅਤੇ ਖਿਰਦਾਨੇ ਦੀ ਢਾਬ ਤੇ ਮੂਠੀ ਭਰ ਸਿੰਘਾ ਦੁਆਰਾ ਸ਼ਾਹੀ ਸੈਨਾ ਨਾਲ ਬਿਨਾ ਕਿਸੇ ਗਰਿਫਤਾਰੀ ਦੇ ਗਹਿ ਗੱਚ ਜੰਗ ਦੋਰਾਨ ਕੱਲੇ –ਕੱਲੇ ਸਿੰਘ ਨੇ ਸ਼ਹਾਦਤ ਦਾ ਜਾਮ ਪੀਤਾ ਸੀ। ਕੀ ਬੰਦਾ ਸਿੰਘ ਜਾਣਦਾ ਨਹੀਂ ਸੀ ਕਿ ਜੰਗ ਦੌਰਾਨ ਗਰਿਫਤਾਰੀ ਬਾਅਦ ਕੀ ਹੁੰਦਾ ਹੈ ਅਤੇ ਜੰਗ ਦੌਰਾਨ ਸਿੰਘ ਸ਼ਹੀਦ ਹੋ ਸਕਦਾ ਹੈ ਪਰ ਗਰਿਫਤਾਰ ਨਹੀਂ ਹੁਦਾ। ਕੀ ਬੰਦਾ ਸਿੰਘ ਨਹੀਂ ਜਾਣਦਾ ਸੀ ਕਿ ਕਿਲੇ ਵਿੱਚ ਭੁਖਿਆਂ ਰਹਿਕੇ ਮਰਨ ਨਾਲੋਂ ਜੰਗ ਵਿੱਚ ਲੜਦਿਆਂ ਸ਼ਹੀਦ ਹੋਣਾ ਗੁਰੂ ਵੱਲ ਮੁੱਖ ਕਰਨ ਬਰਾਬਰ ਹੈ।

ਸਾਰਾਗੜ੍ਹੀ ਦੇ ਇਤਿਹਾਸ ਨੂੰ ਕੌਣ ਭੁਲਿਆ ਹੈ ਜਦੋਂ ਬਾਈ ਸਿੱਖ ਫੋਜੀਆਂ ਦੇ ਸਭ ਪਾਸਿਆਂ ਤੋਂ ਦਸ ਹਜਾਰ ਕਬਾਇਲੀਆਂ ਵਿੱਚ ਘਿਰ ਜਾਣ ਤੇ ਵੀ ਉਹਨਾ ਗਰਿਫਤਾਰ ਹੋਣ ਨਾਲੋਂ ਜੂਝ ਮਰਨ ਨੂੰ ਪਹਿਲ ਦਿੱਤੀ ਸੀ। ਅਸਲਾ ਖਤਮ ਹੋਣਤੇ ਵੀ ਸਿੰਘ ਬਦੂਖਾਂ ਅੱਗੇ ਲੱਗੀਆਂ ਸੰਗੀਨਾਂ ਨਾਲ ਹੱਥੋ-ਹੱਥੀ ਦੁਸ਼ਮਣ ਫੌਜਾਂ ਨਾਲ ਜੂਝਦੇ ਸ਼ਹੀਦ ਹੋ ਗਏ ਸਨ। ਇਸੇ ਤਰਾਂ ਸੰਸਾਰ ਜੰਗ ਵੇਲੇ ਫਰਾਂਸ ਵਿੱਚ ਵੀ ਗਿਆਰਾਂ ਸਿੰਘ ਦੁਸ਼ਮਣ ਦੀ ਇੱਕ ਵੱਡੀ ਟੁਕੜੀ ਨਾਲ ਜੂਝਦੇ ਸ਼ਹੀਦ ਹੋ ਗਏ ਸਨ ਪਰ ਗਰਿਫਤਾਰ ਨਹੀਂ ਸਨ ਹੋਏ। ਅਜੋਕੇ ਸਮੇ ਵੀ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲੇ ਆਪਣੇ ਕੁਝ ਸਾਥੀਆਂ ਸਮੇਤ ਸਰਕਾਰੀ ਫੌਜਾਂ ਨਾਲ ਲੋਹਾ ਲੈਂਦੇ ਸ਼ਹੀਦ ਹੋ ਗਏ ਸਨ ਪਰ ਗਰਿਫਤਾਰ ਨਹੀਂ ਹੋਏ। ਬੰਦਾ ਸਿੰਘ ਦਾ ਸੈਕੜੇ ਸਿੱਖਾਂ ਨਾਲ ਗਰਿਫਤਾਰ ਹੋ ਜਾਣਾ ਅਜੀਬ ਲੱਗਦਾ ਹੈ। ਜੇ ਭੁੱਖ ਜਾਂ ਅਸਲੇ ਦੀ ਕਮੀ ਕਾਰਣ ਸਿੰਘ ਗਰਿਫਤਾਰ ਹੋ ਜਾਇਆ ਕਰਦੇ ਰਹੇ ਹੁੰਦੇ ਤਾਂ ਇਹਨਾ ਜੰਗਾਂ ਦੋਰਾਨ ਸਿੰਘਾ ਵਿੱਚ ਅਣਖ ਨਾਲ ਮਰ-ਮਿਟਣ ਦੀ ਸਪਿਰਟ ਕਿੱਦਾਂ ਅਤੇ ਕਿਥੋਂ ਆਈ ਸਮਝੀ ਜਾਵੇ। ਬੋਤਾ ਸਿੰਘ ਅਤੇ ਗਰਜਾ ਸਿੰਘ ਨਾਮਕ ਕੇਵਲ ਦੋ ਸਿੰਘ, ਬਿਨਾ ਕਿਸੇ ਅਸਲੇ ਦੇ, ਕੇਵਲ ਸੋਟਿਆਂ ਸਹਾਰੇ, ਸਿਪਾਹੀਆਂ ਦੀ ਟੁਕੜੀ ਨਾਲ ਬਿਨਾ ਗਰਿਫਤਾਰ ਹੋੲ ਲੜਦੇ ਹੋਏ ਸ਼ਹੀਦ ਹੋ ਗਏ ਸਨ। ਤਨਖਾਹ ਲਈ ਲੜਨ ਵਾਲੇ ਆਮ ਸਿਪਾਹੀਆਂ ਅਤੇ ਕਿਸੇ ਮਿਸ਼ਨ ਲਈ ਜੁਝਾਰੂਆਂ ਦੇ ਜੂਝਣ ਵਿੱਚ ਬਹੁਤ ਫਰਕ ਹੁੰਦਾ ਹੈ।

ਇੱਕ ਪਾਸੇ ਦੇ ਇਤਿਹਾਸਕਾਰ ਬੰਦਾ ਸਿੰਘ ਦੀ ਗਰਿਫਤਾਰੀ ਨੂੰ ਰੱਬੀ ਸਜਾ ਬਿਆਨਦੇ ਉਸਦੇ ਫੜੇ ਜਾਣ ਦਾ ਕਾਰਣ ਉਸ ਦੁਆਰਾ ਮੁਸਲਮਾਨਾ ਤੇ ਕੀਤੇ ਅਤਿਆਚਾਰ ਦਸਦੇ ਹਨ ਜਦ ਕਿ ਦੂਜੇ ਪਾਸੇ ਵਾਲੇ ਗੁਰਮਤਿ ਵਰੋਧੀ ਕਾਰਵਾਈਆਂ ਕਾਰਣ ਉਸਦੀ ਗਰਿਫਤਾਰੀ ਹੋਣਾ ਦਸਦੇ ਹਨ। ਜਾਪਦਾ ਹੈ ਕਿ ਦੋਵਾਂ ਤਰਫਾਂ ਦੇ ਇਤਿਹਾਸਕਾਰਾਂ ਦਾ ਮਕਸਦ ਸਚਾਈ ਲਿਖਣ ਨਾਲੋਂ ਜਿਆਦਾ ਆਪੋ-ਆਪਣੀ ਸਥਾਪਤੀ ਨੂੰ ਖੁਸ਼ ਕਰਨਾ ਹੀ ਸੀ। ਜਦੋਂ ਅਸੀਂ ਬੰਦਾ ਸਿੰਘ ਨੂੰ ਗੁਰੂ ਦਾ ਅਸ਼ੀਰਬਾਦ ਪ੍ਰਾਪਤ ਸੱਚਾ ਜਰਨੈਲ ਮੰਨਕੇ ਗੁਰੂ ਗ੍ਰੰਥ ਸਾਹਿਬ ਦੀ ਰੋਸ਼ਨੀ ਵਿੱਚ ਇਹ ਵਿਚਾਰਦੇ ਹਾਂ ਕਿ ਉਸਨੇ ਤਾਂ ਗੁਰਮਤਿ ਸਿਧਾਂਤਾਂ ਖਿਲਾਫ ਕੁਝ ਵੀ ਨਹੀਂ ਕੀਤਾ ਤਾਂ ਉਸ ਦੁਆਰਾ ਵੱਡੇ-ਵੱਡੇ ਕਸ਼ਟ ਝੱਲਕੇ ਸ਼ਹੀਦ ਹੋ ਗੁਰੂ ਪਿਤਾ ਦੇ ਚਰਨਾਂ ਵਿੱਚ ਸੁਰਖੁਰੂ ਹੋਕੇ ਜਾਣ ਵਾਲੀ ਦਲੀਲ ਵੀ ਖਤਮ ਹੋ ਜਾਂਦੀ ਹੈ। ਜਿਨਾ ਲਿਖਾਰੀਆਂ ਉਸ ਨੂੰ ਗੁਰੂ ਬਚਨਾਂ ਤੋਂ ਭਗੌੜਾ ਲਿਖਿਆ ਉਹਨਾ ਲਈ ਉਸਦੀ ਗਰਿਫਤਾਰੀ ਅਤੇ ਮਹਾਂ- ਤਸ਼ੱਦਦ ਝਲਣਾ ਉਸਦੇ ਪਸ਼ਤਾਵਾ ਕਰਨ ਲਈ ਜਰੂਰੀ ਸੀ ਭਾਵ ਕਿ ਉਸਦੇ ਗਲਤ ਹੋਣ ਤੇ ਮੋਹਰ ਲਗਾਉਣੀ ਜਰੂਰੀ ਸੀ। ਕੁਝ ਲੋਕ ਬੰਦਾ ਸਿੰਘ ਦੀ ਬਹਾਦਰੀ ਉਸਦੇ ਵਸ ਕੀਤੇ ਕਹੇ ਜਾਂਦੇ ਅਖਾਉਤੀ ਵੀਰਾਂ ਯਾਨੀ ਭੂਤਾਂ-ਪਰੇਤਾਂ ਕਾਰਣ ਦਸਦੇ ਹਨ। ਫਿਰ ਉਸਦੇ ਤਸੀਹੇ ਝਲਣ ਨੂੰ ਵੀ ਉਹਨਾ ਗੈਬੀ ਸ਼ਕਤੀਆਂ ਦਾ ਪਰਤਾਪ ਦਸਦੇ ਹਨ। ਉਸਨੂੰ ਕਈ ਵਾਰ ਹਵਾ ਵਿੱਚ ਵੀ ਉਡਾਉਂਦੇ ਹਨ। ਹਕੂਮਤ ਅਤੇ ਫੌਜਾਂ ਵਿੱਚ ਡਰ ਵੀ ਉਸਦੇ ਵਸ ਕੀਤੇ ਪਰੇਤਾਂ ਕਾਰਣ ਹੀ ਦਸਦੇ ਹਨ। ਫਿਰ ਉਹਨਾ ਪਰੇਤਾਂ ਦੇ ਹੁੰਦਿਆਂ ,ਬਿਨਾ ਉਹਨਾ ਦੇ ਡਰ ਤੋਂ ਸਿਪਾਹੀਆਂ ਦੁਆਰਾ ਉਸਨੂੰ ਗਰਿਫਤਾਰ ਵੀ ਕਰਵਾਉਂਦੇ ਹਨ।

ਬੰਦਾ ਸਿੰਘ ਨੂੰ ਹਕੂਮਤ ਦਾ ਪੁਛਣਾ ਕਿ ਤੂੰ ਤਾਂ ਕਹਿੰਦਾ ਸੀ ਮੈਨੂੰ ਕੋਈ ਗਰਿਫਤਾਰ ਨਹੀਂ ਕਰ ਸਕਦਾ ਤਾਂ ਬੰਦੇ ਕੋਲੋਂ ਇਹ ਅਖਵਾਉਣਾ ਕਿ ਮੈ ਤਾਂ ਆਪਣੀਆਂ ਗਲਤੀਆਂ ਦੀ ਸਜਾ ਭੁਗਤਕੇ ਸੁਰਖੁਰੂ ਹੋਣ ਲਈ ਗਰਿਫਤਾਰ ਹੋਇਆਂ ਹਾਂ ਕਿਓਂਕਿ ਮੈ ਗੁਰੂ ਤੋਂ ਬੇਮੁੱਖ ਹੋ ਗਿਆ ਸੀ। ਪਰ ਬੰਦਾ ਸਿੰਘ ਦੇ ਜਾਂਬਾਜ ਸਿਪਾਹੀਆਂ ਨੇ ਤਾਂ ਕਹੀਆਂ ਜਾਂਦੀਆਂ ਗਲਤੀਆਂ ਨਹੀਂ ਕੀਤੀਆਂ ਸਨ ਤਾਂ ੳਹ ਕਿਹੜੀ ਗਲੋਂ ਸੁਰਖਰੂ ਹੋਣ ਲਈ ਗਰਿਫਤਾਰ ਹੋਏ। ਕੀ ਬੰਦਾ ਸਿੰਘ ਨੇ ਆਪਦੇ ਮਤਲਬ ਲਈ ਆਪਣੇ ਸਾਥੀਆਂ ਨੂੰ ਵੀ ਗਰਿਫਤਾਰ ਹੋ ਜਾਣ ਦਿੱਤਾ।

ਕੀ ਬੰਦਾ ਸਿੰਘ ਗਰਿਫਤਾਰ ਹੋਇਆ ਵੀ ਸੀ ਜਾਂ ਸੈਕੜੇ ਸਾਲਾਂ ਤੋਂ ਰਾਜ ਕਰ ਰਹੀ ਵਿਸ਼ਾਲ ਹਕੂਮਤ ਨਾਲ ਸਿਰ ਤੇ ਕੱਫਣ ਬੰਨ ਕੇ ਜੂਝਦਾ ਸ਼ਹੀਦ ਹੋ ਗਿਆ ਸੀ ਜਾਂ ਅਜੋਕੇ ਮੁਖਬਰਾਂ ਵਾਂਗ ਜੰਗ ਤੋਂ ਬਾਹਰ ਕਿਸੇ ਨੇ ੳਸਦੀ ਗਰਿਫਤਾਰੀ ਵਿੱਚ ਕੋਈ ਬਣਦਾ ਹਿੱਸਾ ਪਾਇਆ ਸੀ, ਸਪਸ਼ਟ ਨਹੀਂ ਹੋ ਰਿਹਾ ਕਿਓਂਕਿ ਸਭ ਲਿਖਾਰੀਆਂ ਉਸਦੀ ਸ਼ਹੀਦੀ ਵਖਰੀ-ਵਖਰੀ ਤਰਾਂ ਬਿਆਂਨ ਕੀਤੀ ਹੈ। ਕਿਸੇ ਲਿਖਿਆ ਹੈ ਕਿ ਉਸਦਾ ਮਾਸ ਜਮੂਰਾਂ ਨਾਲ ਨੋਚਿਆ ਸੀ ਕਿਸੇ ਲਿਖਿਆ ਹੈ ਉਸਦੀਆਂ ਅੱਖਾਂ ਕੱਢ ਦਿੱਤੀਆਂ ਸਨ ਉਸਦੀਆਂ ਲੱਤਾਂ ਬਾਂਹਾਂ ਅਲੱਗ ਕਰ ਪਿਛੋਂ ਧੌਣ ਅਲੱਗ ਕਰ ਦਿੱਤੀ ਸੀ ਕਿਸੇ ਲਿਖਿਆ ਕਿ ਉਸਨੂੰ ਹਾਥੀ ਦੇ ਪੈਰਾਂ ਨਾਲ ਬੰਨ ਕੇ ਘੜੀਸਿਆ ਸੀ ਉਸ ਨੇ ਆਪਣੇ ਸਾਹ ਦਸਵੇਂ ਦੁਆਰ ਚੜ੍ਹਾ ਲਏ ਸਨ ਜਦੋਂ ਸਿਪਾਹੀ ਉਸਨੂੰ ਮਰਿਆ ਸਮਝ ਸੁੱਟ ਆਏ ਤਾਂ ਕੁਝ ਸਿੰਘ ਉਸਨੂੰ ਚੂਕ ਕੇ ਲੈ ਗਏ ਸਨ ਉਹਨਾ ਉਸਦਾ ਇਲਾਜ ਕਰ ਲਿਆ ਸੀ ਉਸਤੋਂ ਬਾਅਦ ਬੰਦਾ ਸਿੰਘ ਜੰਮੂ ਦੀਆਂ ਪਹਾੜੀਆਂ ਵੱਲ ਚਲਿਆ ਗਿਆ ਸੀ। ਕਈ ਕਹਿੰਦੇ ਹਨ ਉਹ ਤੱਤ ਖਾਲਸੇ ਵਾਲੇ ਸਨ, ਕਈ ਕਹਿੰਦੇ ਹਨ ਬੰਦਈ ਖਾਲਸੇ ਭੇਸ ਬਦਲਾਈ ਫਿਰਦੇ ਸਨ। ਸੋ ਆਖਰੀ ਸਮੇ ਵਾਰੇ ਹਾਲੇ ਸਪੱਸ਼ਟਤਾ ਨਹੀਂ ਬਣਦੀ।

ਸਿਰਫ ਨਮੋਸ਼ੀ ਮਾਰੀਆਂ ਹਕੂਮਤਾਂ ਹੀ ਆਪਣੀ ਝੂਠੀ ਪਤ ਦੇਸ ਦੇ ਨਾਗਰਿਕਾਂ ਕੋਲੋਂ ਬਚਾਉਣ ਦੀ ਖਾਤਿਰ ਹਮੇਸ਼ਾਂ ਹੀ ਆਮ ਲੋਕਾਂ ਅਤੇ ਘਟ ਗਿਣਤੀਆਂ ਨੂੰ ਮਾਰਕੇ ਕੋਰਮ ਪੂਰਾ ਕਰਦੀਆਂ ਆਈਆਂ ਹਨ। ਜੂਨ 1984 ਵੇਲੇ ਵੀ ਹਜਾਰਾਂ ਫੌਜੀਆਂ ਦੇ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਊਹਨਾ ਦੇ ਕੁਝ ਸਾਥੀਆਂ ਨਾਲ ਮੁਕਾਬਲੇ ਤੋਂ ਸ਼ਰਮਸ਼ਾਰ ਹੋਏ ਹਾਕਮਾ ਨੇ ਵੀ ਮੱਥਾ ਟੇਕਣ ਆਏ ਹਜਾਰਾਂ ਨਿਰਦੋਸ ਸ਼ਰਧਾਲੂ ਸੰਗਤਾਂ ਨੂੰ ਖਾੜਕੂਆਂ ਦੇ ਸਾਥੀ ਕਹਿ ਕੇ ਗੋਲੀਆਂ ਬੰਬਾਂ ਨਾਲ ਭੁੰਨ ਸੁਟਿਆ ਸੀ। ਬਾਬਾ ਬੰਦਾ ਸਿੰਘ ਬਹਾਦਰ ਤੋਂ ਵੀ ਹਿੰਦੋਸਤਾਨ ਹਕੂਮਤ ਨੇ ਬਹੁਤ ਭਾਰੀ ਨੁਕਸਾਨ ਕਰਵਾਉਣ ਤੋਂ ਬਾਅਦ ਭਵਿੱਖ ਵਿੱਚ ਸਿੱਖਾਂ ਦੀ ਆਜਾਦਾਨਾ ਸਪਿਰਟ ਖਤਮ ਕਰਨ ਦੇ ਮਨਸੂਬੇ ਨਾਲ ਪਿੰਡਾਂ ਵਿੱਚ ਅਮਨ ਚੈਨ ਨਾਲ ਵਸਦੇ ਸੈਂਕੜੇ ਬੰਦਾ ਸਿੰਘ ਬਹਾਦਰ ਦੇ ਪ੍ਰਸ਼ੰਸ਼ਕਾਂ ਨੂੰ ਬਿਨਾ ਕਸੂਰ ਤੋਂ ਫੜਕੇ ਵੱਖ-ਵੱਖ ਤਰੀਕਿਆਂ ਨਾਲ ਜਲੀਲ ਕਰਕੇ ਵੱਖ-ਵੱਖ ਥਾਵਾਂ ਤੇ ਲੈ ਜਾ ਕੇ ਸ਼ਹੀਦ ਕੀਤਾ।

ਜੂਨ 1984 ਵਿੱਚ ਜੋ ਸ਼ਰਧਾਲੂ ਸੰਗਤਾਂ ਹੱਥ ਖੜੇ ਕਰ ਕੇ ਬਾਹਰ ਆਈਆਂ ਸਨ ਉਹਨਾ ਦਾ ਹਕੂਮਤ ਨੇ ਕੀ ਹਾਲ ਕੀਤਾ ਸਭ ਜਾਣਦੇ ਹਨ ਤਾਂ ਬੰਦਾ ਸਿੰਘ ਨੂੰ ਕਿਲੇ ਵਿੱਚ ਛੱਡ ਕੇ ਬਾਹਰ ਜਾਣ ਵਾਲੇ ਸਿੰਘਾ ਨੂੰ ਕਿਸ ਤਰਾਂ ਹਕੂਮਤ ਨੇ ਅਰਾਮ ਨਾਲ ਜਾਣ ਦਿੱਤਾ ਵਿਚਾਰਨਾ ਬਣਦਾ ਹੈ।

ਇਤਿਹਾਸ ਗਵਾਹ ਹੈ ਕਿ ਧਾਰਮਿਕ,ਰਾਜਨੀਤਕ,ਆਰਥਿਕ ਤੇ ਸਮਾਜਿਕ ਖੇਤਰ ਵਿੱਚ ਸਥਾਪਿਤ ਹੋ ਚੁੱਕੇ ਲੋਕ ਕਦੇ ਵੀ ਬਗਾਵਤ ਜਾਂ ਬਦਲਾਵ ਬਰਦਾਸ਼ਤ ਨਹੀਂ ਕਰਦੇ। ਬੰਦਾ ਸਿੰਘ ਦੇ ਹਰ ਖੇਤਰ ਵਿੱਚ ਚੁੱਕੇ ਇੰਕਲਾਬੀ ਕਦਮਾਂ ਕਾਰਣ ਜਗੀਰੂ ਰੁਚੀਆਂ ਵਾਲੇ ਲੋਗ ਅੰਦਰੋਂ ਉਸ ਵਰੁੱਧ ਹੋ ਗਏ ਸਨ।ਉਹ ਇੱਕ ਤਰਾਂ ਨਾਲ ਪੰਜਾਬ ਦਾ ਹੀਰੋ ਬਣ ਗਿਆ ਸੀ। ਇਕ ਬਾਹਰੋਂ ਆਏ ਬੰਦੇ ਦਾ ਕੌਮ ਵਿੱਚ ਏਨਾ ਸਤਿਕਾਰ ਆਪਣੇ ਆਪ ਨੂੰ ਵੱਡੇ ਸਰਦਾਰ ਕਹਾਉਂਦੇ ਸਥਾਪਤ ਲੋਗਾਂ ਨੂੰ ਪਸੰਦ ਨਹੀਂ ਸੀ। ਉਸਦੇ ਵੱਡੇ ਕੰਮਾ ਵਿੱਚ ਜਾਤ-ਪਾਤ ਰੱਦ ਕਰਦਿਆਂ ਕਈ ਜਿੱਤੇ ਇਲਾਕਿਆਂ ਤੇ ਕਹੀਆਂ ਜਾਂਦੀਆਂ ਹੇਠਲੀਆਂ ਜਾਤਾਂ ਵਿੱਚੋ਼ ਸਿੱਖਾਂ ਨੂੰ ਪ੍ਰਬੰਧਕ ਬਣਾਉਣਾ ਅਤੇ ਜਗੀਰਦਾਰੂ ਪ੍ਰਬੰਧ ਖਤਮ ਕਰਕੇ ਕਿਸਾਨਾ ਨੂੰ ਜਮੀਨਾ ਦੇ ਮਾਲਕ ਬਣਾ ਅਸਲ ਲੋਕ ਰਾਜ ਬਣਾਉਣਾ ਸ਼ਾਮਿਲ ਸਨ। ਜੋ ਇਤਿਹਾਸਕਾਰ ਬੰਦਾ ਸਿੰਘ ਦੇ ਵਿਆਹ ਕਰਵਾਉਣ ਨੂੰ ਗੁਰੂ ਹੁਕਮ ਵਰੋਧੀ ਮੰਨ ਕੇ ਉਸਦੀ ਸਜਾ ਵਜੋਂ ਉਸਦਾ ਫੜਿਆ ਜਾਣਾ ਦਸਦੇ ਸਨ ਉਹ ਗੁਰਮਤਿ ਸਿਧਾਂਤਾਂ ਪ੍ਰਤੀ ਕਿੰਨੇ ਜਾਗਰੂਕ ਸਨ ਸਮਝਿਆ ਜਾ ਸਕਦਾ ਹੈ। ਗੁਰਮਤਿ ਦ੍ਰਿਸਟੀਕੋਣ ਅਤੇ ਸਿੱਖ ਫਿਲਾਸਫੀ ਨੂੰ ਛੱਡਕੇ ਕੇਵਲ ਸਥਾਪਤੀ ਦੇ ਮਨ ਪਸੰਦ ਹਵਾਲਿਆਂ ਨਾਲ ਲਿਖਿਆ ਗਿਆ ਇਤਿਹਾਸ ਸਿੱਖ ਮਾਨਸਿਕਤਾ ਵਿੱਚ ਕਦੇ ਵੀ ਪਰਵਾਣ ਨਹੀਂ ਹੋਇਆ ਅਤੇ ਨਾ ਹੀ ਕਦੇ ਹੋਵੇਗਾ।

hore-arrow1gif.gif (1195 bytes)


Terms and Conditions
Privacy Policy
© 1999-2010, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2010, 5abi.com