WWW 5abi.com  ਪੰਨਿਆ ਵਿੱਚ ਸ਼ਬਦ ਭਾਲ

hore-arrow1gif.gif (1195 bytes)

 

‘ਬਾਰ’ ਵਾਲੇ ਚੱਕ 200 ਕਰਤਾਰਪੁਰ ਦੀਆਂ ਕੁਝ ਯਾਦਾਂ 
ਲਖਵਿੰਦਰ ਜੌਹਲ ਧੱਲੇਕੇ       26/09/2022

lakwinder johal

019ਜਦੋਂ ਕਦੇ ਮਾਸੀ ਕੇ ਪਿੰਡ ਰਣੀਏ(ਰਣੀਆਂ,ਜ਼ਿਲ੍ਹਾ ਮੋਗਾ) ਜਾਣਾ ਤਾਂ ਉੱਥੇ ਬਾਪੂ ਗੁਰਬਚਨ ਸਿੰਘ ਜੀ (ਮਾਸੀ ਜੀ ਦੇ ਸਹੁਰਾ ਸਾਹਿਬ) ਦੀ ਕਿਸੇ ਨਾ ਕਿਸੇ ਗੱਲ ਵਿੱਚ ‘ਬਾਰ’ ਦਾ ਜ਼ਿਕਰ ਲਾਜ਼ਮੀ ਹੋਣਾ। ਪਹਿਲਾਂ ਤਾਂ ਕਦੇ ਇਸ ਵੱਲ ਧਿਆਨ ਨਹੀਂ ਸੀ ਦਿੱਤਾ, ਪਰ ਪਿਛਲੇ ਕੁਝ ਸਮੇਂ ਤੋਂ ਪੰਜਾਬ ਦੀਆਂ ‘ਬਾਰਾਂ’ ਬਾਰੇ ਪੜ੍ਹਿਆ ਤਾਂ ਪਤਾ ਲੱਗਾ ਕਿ ‘ਬਾਰਾਂ’ ਦਾ ਇਲਾਕਾ ਹੁਣ ਲਹਿੰਦੇ ਪੰਜਾਬ ਵਿੱਚ ਹੈ। ਸੰਤਾਲੀ ਦੀ ਵੰਡ ਵੇਲੇ ਲੱਖਾਂ ਪੰਜਾਬੀ ਲਹਿੰਦੇ ਪੰਜਾਬ ਦੀਆਂ ‘ਬਾਰਾਂ’ ਵਿੱਚੋਂ ਉੱਜੜ ਕੇ ਭਾਰਤ ਆ ਗਏ ਸਨ, ਪਰ ‘ਬਾਰ’ ਦਾ ਇਲਾਕਾ ਤੇ ਉੱਥੋਂ ਦੀਆਂ ਮਿੱਠੀਆਂ ਯਾਦਾਂ ਉਨ੍ਹਾਂ ਨੂੰ ਕਦੇ ਨਾ ਭੁੱਲੀਆਂ। ਬਾਪੂ ਜੀ ਤੋਂ ਇਲਾਵਾ ਹੋਰ ਮੈਂ ਸ਼ਾਇਦ ਕਿਸੇ ਬਜ਼ੁਰਗ ਨੂੰ ਕਦੇ ਨਹੀਂ ਮਿਲਿਆ ਜੋ ‘ਬਾਰ’ ਦਾ ਜੰਮਪਲ ਹੋਵੇ, ਬੱਸ ਇਹੀ ਸੋਚਕੇ ਮੈਂ ਇਸ ਵਾਰ ਰਣੀਏ ਗਿਆ ਕਿ ਬਾਪੂ ਜੀ ਕੋਲੋਂ ‘ਬਾਰ’ ਬਾਰੇ ਅਤੇ ਉਨ੍ਹਾਂ ਦੇ ਪਿਛਲੇ ਚੱਕ ਬਾਰੇ ਹੋਰ ਤਫ਼ਸੀਲ ਨਾਲ ਜਾਣਕਾਰੀ ਇਕੱਠੀ ਕਰਾਂ। ਨੱਬੇ ਸਾਲ ਦੀ ਉਮਰ ਨੂੰ ਜਾ ਪਹੁੰਚੇ ਬਾਪੂ ਗੁਰਬਚਨ ਸਿੰਘ ਜੀ ਨੂੰ ਆਪਣੇ ‘ਬਾਰ’ ਵਾਲੇ ਚੱਕ ਬਾਰੇ ਜੋ ਕੁਝ ਵੀ ਯਾਦ ਹੈ ਉਹ ਇੰਜ ਦੱਸਦੇ ਨੇ।

“ਸਾਡਾ ਜੱਦੀ ਪਿੰਡ ਲੋਪੋ(ਜ਼ਿਲ੍ਹਾ ਮੋਗਾ) ਸੀ ਅਤੇ ਲੌਢਿਆਂ ਦੀ ਪੱਤੀ ਵਿੱਚ ਸਾਨੂੰ ਥੌੜਕਿਆਂ ਦੀ ਅੱਲ ਪਈ ਹੋਈ ਸੀ। ਮੇਰੇ ਪੜਦਾਦਾ ਜੀ ਮਹਿਤਾਬ ਸਿੰਘ ਦੇ ਦੋ ਪੁੱਤਰ ਦੇਵਾ ਸਿੰਘ ਅਤੇ ਸੇਵਾ ਸਿੰਘ ਸਨ। ਦਾਦਾ ਜੀ ਦੇਵਾ ਸਿੰਘ ਥੋੜਾ ਬਹੁਤਾ ਪੜ੍ਹ ਲਿਖ ਗਏ ਅਤੇ ਅੰਗਰੇਜ਼ਾਂ ਦੀ ਫੌਜ ਵਿੱਚ ਭਰਤੀ ਹੋ ਗਏ ਸਨ। ਉਨ੍ਹਾਂ ਨੇ ਆਪਣੀ ਪਲਟਨ ਨਾਲ ਜੰਗ ਵਿੱਚ ਵੀ ਹਿੱਸਾ ਲਿਆ ਸੀ। ਉਹ ਦੱਸਦੇ ਹੁੰਦੇ ਸਨ ਕਿ ਵਰ੍ਹਦੇ ਬੰਬਾਂ ਵਿੱਚ ਉਹ ਪੰਦਰਾਂ ਫ਼ੌਜੀ ਹੀ ਜਿਉੰਦੇ ਬਚੇ ਸਨ। ਫ਼ੌਜੀ ਸੇਵਾ ਬਦਲੇ ਜਦੋਂ ਫੌਜੀਆਂ ਨੂੰ ‘ਬਾਰ’ ਵਿੱਚ ਮੁਰੱਬੇ ਅਲਾਟ ਕਰਕੇ ਨਵੇਂ ਚੱਕਾਂ ਵਿੱਚ ਵਸਾਉਣਾ ਸ਼ੁਰੂ ਕੀਤਾ ਗਿਆ ਤਾਂ ਲੋਪੋ ਤੋਂ ਹੀ ਇੱਕ ਹੋਰ ਫ਼ੌਜੀ ਹਰਨਾਮ ਸਿੰਘ ਅਤੇ ਮੇਰੇ ਦਾਦਾ ਜੀ ਹੁਰਾਂ ਨੂੰ ਦੋ-ਦੋ ਮੁਰੱਬੇ ਜ਼ਮੀਨ ਚੱਕ 200 ਜੀ.ਬੀ. ਕਰਤਾਰਪੁਰ, ਤਹਿਸੀਲ ਸਮੁੰਦਰੀ, ਜ਼ਿਲ੍ਹਾ ਲਾਇਲਪੁਰ (ਹੁਣ ਫੈਸਲਾਬਾਦ) ਵਿੱਚ ਅਲਾਟ ਹੋਈ। ਦੋਵੇਂ ਫ਼ੌਜੀ ਟੱਬਰ ਛੇ ਸੱਤ ਗੱਡਿਆਂ ਤੇ ਸਮਾਨ ਲੱਦਕੇ ‘ਬਾਰ’ ਵਿੱਚ ਆਪਣੇ ਨਵੇਂ ਚੱਕ 200 ਕਰਤਾਰਪੁਰ ਜਾ ਪੁਹੰਚੇ।। ਮੇਰੇ ਪਿਤਾ ਜੀ ਸਰਦਾਰ ਠਾਕਰ ਸਿੰਘ ਤਿੰਨਾਂ ਭਰਾਵਾਂ ਵਿੱਚੋਂ ਸਭ ਤੋਂ ਵੱਡੇ ਸਨ ਅਤੇ ਦੋ ਚਾਚੇ ਇੰਦਰ ਸਿੰਘ ਅਤੇ ਸੁੱਚਾ ਸਿੰਘ ਸਨ। ਬਜ਼ੁਰਗ ਦੱਸਦੇ ਹੁੰਦੇ ਸਨ ਕਿ ਜਦੋਂ ਉਹ ‘ਬਾਰ’ ਵਿੱਚ ਆਏ ਤਾਂ ਇੱਥੇ ਬੜੇ ਭਾਰੇ ਵਣ-ਕਰੀਰ, ਝਾੜ-ਬੂਟੀਆਂ ਅਤੇ ਜੰਗਲੀ ਘਾਹ ਦੇ ਬੜੇ ਭਾਰੇ ਜੰਗਲ ਸਨ। ਅਲਾਟ ਹੋਈਆਂ ਜ਼ਮੀਨਾਂ ਵਿੱਚੋਂ ਪਹਿਲਾਂ ਤਾਂ ਇਹ ਸਭ ਕੁਝ ਬੜੀ ਮਿਹਨਤ ਅਤੇ ਸਖ਼ਤ ਜਾਨ ਸਾਫ਼ ਕੀਤਾ ਗਿਆ। ਚੱਕ ਦੇ ਸਾਰੇ ਬੰਦਿਆਂ ਨੇ ਰਲ ਮਿਲਕੇ ਕੱਸੀਆਂ ਤੋਂ ਖੇਤਾਂ ਤੱਕ ਪਾਣੀ ਲਿਆਉਣ ਲਈ ਨਵੇਂ ਖਾਲ ਪੱਟੇ। ਨਵੇਂ ਵਸਾਏ ਗਏ ਚੱਕਾਂ(ਨਵੇਂ ਪਿੰਡ) ਵਿੱਚ ਪਹਿਲਾਂ ਕੱਚੇ ਅਤੇ ਫੇਰ ਹੌਲੀ ਹੌਲੀ ਪੱਕੇ ਮਕਾਨ ਬਣਾਏ ਤੇ ਤਾਂ ਜਾ ਕੇ ਕਿਤੇ ‘ਬਾਰਾਂ’ ਅਬਾਦ ਹੋਈਆਂ। ਜਦੋਂ ਬਾਪੂ ਜੀ ਹੁਰਾਂ ਨੇ ਪੱਕਾ ਮਕਾਨ ਬਣਾਇਆ ਤਾਂ ਆਪਣੇ ਖੇਤ ਵਿੱਚ ਹੀ ਹੱਥਾਂ ਨਾਲ ਥੱਪਕੇ ਇੱਟਾਂ ਬਣਾਈਆਂ ਸਨ। ਜਿਸ ਮੁਰੱਬੇ ਵਿੱਚ ਇੱਟਾਂ ਪਕਾਉਣ ਲਈ ਭੱਠਾ ਲਾਇਆ ਸੀ ਉਸ ਮੁਰੱਬੇ ਦਾ ਨਾਂ ਹੀ ‘ਭੱਠੀਵਾਲਾ’ ਮੁਰੱਬਾ ਪੈ ਗਿਆ ਸੀ।

ਮੇਰਾ ਜਨਮ ਸਾਲ 1933 ਵਿੱਚ ‘ਬਾਰ’ ਵਿੱਚ ਹੀ ਹੋਇਆ। ਵੱਡੀਆਂ ਭੈਣਾਂ ਜਗੀਰ ਕੌਰ, ਹਮੀਰ ਕੌਰ ਤੇ ਵੱਡੇ ਭਰਾ ਪ੍ਰਤਾਪ ਸਿੰਘ ਦਾ ਜਨਮ ਵੀ ਇੱਥੋਂ ਦਾ ਹੀ ਸੀ ਅਤੇ ਵੰਡ ਤੋਂ ਪਹਿਲਾਂ ਇਹ ਤਿੰਨੇ ਉੱਧਰ ਹੀ ਵਿਆਹੇ ਵੀ ਗਏ ਸਨ। ਮੇਰੀ ਮੰਗਣੀ ਵੀ ਤੇਰਾਂ ਸਾਲ ਦੀ ਉਮਰ ਵਿੱਚ ਚੱਕ 270 ਵਿੱਚ ਹੋ ਗਈ ਸੀ ਤੇ ਸਹੁਰਿਆਂ ਦਾ ਪਿਛਲਾ ਪਿੰਡ ਰਾਓਵਾਲ(ਸਿੱਧਵਾਂ ਬੇਟ ਕੋਲ) ਸੀ। ਪਰ ਵਿਆਹ ਵੰਡ ਤੋਂ ਬਾਅਦ ਇਧਰ ਆ ਕੇ ਹੋਇਆ ਸੀ। ਮੇਰੇ ਤੋਂ ਛੋਟੀ ਭੈਣ ਗੁਰਦੇਵ ਕੌਰ ਤੇ ਭਰਾ ਹਰਭਜਨ ਦਾ ਜਨਮ ਵੀ ‘ਬਾਰ’ ਦਾ ਹੀ ਸੀ। ਸਭ ਤੋਂ ਛੋਟੇ ਗੁਰਦੀਪ ਦਾ ਜਨਮ ਲੋਪੋ ਦਾ ਸੀ, ਕਿਉਕਿ ਉਦੋਂ ਬਾਪੂ ਜੀ ਨੇ ਇੱਕ ਸਾਲ ਲੋਪੋ ਵਾਲੀ ਜ਼ਮੀਨ ਤੇ ਵਾਹੀ ਕੀਤੀ ਹੋਈ ਸੀ। ਸਾਡੇ ਚੱਕ 200 ਕਰਤਾਰਪੁਰ ਵਿੱਚ ਲਗਪਗ ਸਾਰੇ ਪੈਨਸ਼ਨੀਏ ਫੌਜੀਆਂ ਦੇ ਹੀ ਘਰ ਸਨ। ਅਸੀਂ ਦੋ ਪਰਿਵਾਰ ਲੋਪੋ ਤੋਂ ਆਏ ਸੀ, ਬਾਕੀ ਮੈਨੂੰ ਯਾਦ ਆ ਕਿ ਕੁਝ ਘਰ ਗਾਜੀਆਣਾ, ਬਾਰੇਵਾਲਾ, ਘੋਲੀਆ ਅਤੇ ਰਾਮਾ ਪਿੰਡਾਂ ਦੇ ਸਨ। ਹੋਰ ਵੀ ਬਹੁਤ ਪਿੰਡਾਂ ਦੇ ਪਰਿਵਾਰ ਸਨ ਮੈਨੂੰ ਨਾਮ ਯਾਦ ਨਹੀਂ ਰਹੇ। ਇਹ ਸਾਰਾ ਚੱਕ ਤਕਰੀਬਨ ਮਲਵਈਆਂ ਦਾ ਵਸਾਇਆ ਹੋਇਆ ਸੀ। ਬਾਰੇਵਾਲੇ ਦਾ ਇੱਕ ਘਰ ਜੰਗੀਰ ਸਿੰਘ ਨੰਬਰਦਾਰ ਦਾ ਵੀ ਸੀ ਤੇ ਇਨ੍ਹਾਂ ਨੂੰ ਇੱਕ ਮੁਰੱਬਾ ਨੰਬਰਦਾਰੀ ਦਾ ਵੀ ਮਿਲਿਆ ਹੋਇਆ ਸੀ। ਚੱਕ 200 ਤੇ ਸਾਡੇ ਗੁਆਂਢੀ ਚੱਕ 202 ਅਤੇ 203 ਪੈਨਸ਼ਨੀਏ ਫੌਜੀ ਸਿੱਖਾਂ ਦੇ ਚੱਕ ਸਨ। ਬਾਕੀ ਆਸ ਪਾਸ ਦੇ ਸਾਰੇ ਚੱਕ 199, 192, 193, 196, 491, 492, 204 ਤੇ 201(ਟੋਰਿਆਂਵਾਲੀ) ਮੁਸਲਮਾਨਾਂ ਦੇ ਸਨ। ਸਾਡਾ ਡਾਕਖ਼ਾਨਾ 204 ਚੱਕ ਵਿੱਚ ਪੈਂਦਾ ਸੀ। ਇਹ ਸਾਰੇ ਚੱਕ ਆਪਸ ਵਿੱਚ ਸਿੱਧੀਆਂ ਸੜਕਾਂ ਨਾਲ ਜੁੜੇ ਹੋਏ ਸਨ। ਚੱਕ ਵੀ ਬਿਲਕੁਲ ਚੌਰਸ ਨਕਸ਼ੇ ਦੇ ਮੁਤਾਬਕ ਹੁੰਦੇ ਸਨ ਅਤੇ ਲੋਕਾਂ ਦੇ ਘਰ, ਪਸ਼ੂਆਂ ਵਾਲੇ ਵਾੜੇ ਤੋਂ ਹੋਰ ਸਾਂਝੀਆਂ ਥਾਂਵਾਂ ਵੀ ਬਿਲਕੁਲ ਚੌਰਸ ਸਨ। ਹਰੇਕ ਚੱਕ ਦੀ ਫਿਰਨੀ ਅਤੇ ਗਲ਼ੀਆਂ ਵੀ ਸਿੱਧੀਆਂ ਤੇ ਬਹੁਤ ਜਿਆਦਾ ਚੌੜੀਆਂ ਸਨ, ਗਲੀ ਦੇ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਸਾਰਾ ਚੱਕ ਦਿਸਦਾ ਸੀ। ਇੰਨ੍ਹਾਂ ਚੱਕਾਂ ਦੀਆਂ ਜ਼ਮੀਨਾਂ ਨੂੰ ਲੋਅਰ ਚਨਾਬ ਨਹਿਰ ਦਾ ਪਾਣੀ ਮਿਲਦਾ ਸੀ(ਲੋਅਰ ਚਨਾਬ ਨਹਿਰ ਦੀ ਗੁਗੇਰਾ ਬ੍ਰਾਂਚ ਦਾ ਪਾਣੀ ਮਿਲਣ ਕਰਕੇ ਚੱਕਾਂ ਦੇ ਨੰਬਰਾਂ ਨਾਲ ਜੀ.ਬੀ. ਵੀ ਲੱਗਦਾ ਸੀ)।ਕਈ ਚੱਕਾਂ ਦੇ ਨਾਂ ਲੋਕਾਂ ਨੇ ਆਪਣੇ ਪੁਰਾਣੇ ਪਿੰਡਾਂ ਜਾਂ ਸ਼ਹਿਰਾਂ ਦੇ ਨਾਵਾਂ ਤੇ ਵੀ ਰੱਖੇ ਹੋਏ ਸਨ। ਭੈਣ ਹਮੀਰ ਕੌਰ ਸੱਤਰ ਚੱਕ ਟੂਟੀਆਂ ਵਾਲੇ (ਚੱਕ 470 ਜੀ ਬੀ) ਵਿਆਹੀ ਹੋਈ ਸੀ। ਉੱਥੇ ਖੂਹ ਕੋਲ ਪਾਣੀ ਦੀਆਂ ਡਿੱਗੀਆਂ ਬਣਾ ਕੇ ਟੂਟੀਆਂ ਲਾਈਆਂ ਗਈਆਂ ਸਨ ਜਿਸ ਕਰਕੇ ਚੱਕ ਦਾ ਨਾਂ ਸੱਤਰ ਚੱਕ ‘ਟੂਟੀਆਂ ਵਾਲਾ’ ਪੈ ਗਿਆ ਸੀ।

ਚੱਕ 200 ਵਿੱਚ ਇੱਕ ਮੁਸਲਮਾਨ ਲੁਹਾਰ ਦਾ ਘਰ ਹੁੰਦਾ ਸੀ, ਜਿਸਦਾ ਨਾਂ ਮੈਨੂੰ ਯਾਦ ਨਹੀਂ। ਸਾਡੇ ਸਾਰੇ ਚੱਕ ਦੇ ਖੇਤੀ-ਬਾੜੀ ਵਾਲੇ ਸੰਦ ਉਹੀ ਬਣਾਉਂਦਾ ਹੁੰਦਾ ਸੀ। ਇੱਕ ਘਰ ਮਿਰਾਸੀਆਂ ਦਾ ਵੀ ਸੀ। ਚੱਕ ਦੇ ਵਿਚਕਾਰ ਗੁਰਦੁਆਰਾ ਸੀ ਤੇ ਇਸਦੇ ਕੋਲ ਹੀ ਜਿਉਣ ਸਿੰਘ ਅਰੋੜੇ ਦੇ ਮੁੰਡਿਆਂ ਦੀ ਹੱਟੀ ਹੁੰਦੀ ਸੀ। ਚੱਕ ਵਿੱਚ ਹੀ ਚੌਥੀ ਜਮਾਤ ਤੱਕ ਸਕੂਲ ਵੀ ਸੀ ਜਿੱਥੇ ਮੈਂ ਉਰਦੂ ਦੀਆਂ ਚਾਰ ਜਮਾਤਾਂ ਤੱਕ ਪੜ੍ਹਿਆ ਸੀ। ਮੈਨੂੰ ਆਪਣੇ ਇੱਕ ਜਮਾਤੀ ਚੰਦ ਸਿੰਘ ਦਾ ਨਾਂ ਹੀ ਹੁਣ ਯਾਦ ਹੈ, ਬਾਕੀ ਤਕਰੀਬਨ ਸਭ ਭੁੱਲ ਗਏ। ਇੱਥੇ ਮਾਸਟਰ ਸ਼ਾਹ ਮੁਹੰਮਦ ਸੀ ਜੋ ਨਾਲ ਦੇ ਹੀ ਕਿਸੇ ਚੱਕ ਵਿੱਚੋਂ ਆਉਂਦਾ ਹੁੰਦਾ ਸੀ। ਜਿਸ ਸਾਲ ਵੰਡ ਹੋਈ ਉਸ ਸਾਲ ਤਿੰਨੇ ਚੱਕਾਂ ਦੇ ਸਿੱਖਾਂ ਨੇ ਰਲਕੇ ਚੱਕ 202 ਵਿੱਚ ‘ਖਾਲਸਾ ਮਿਡਲ ਸਕੂਲ’ ਖੋਲ੍ਹਿਆ, ਜਿੱਥੇ ਮੈਂ ਪੰਜਵੀਂ ਜਮਾਤ ਵਿੱਚ ਦਾਖਲ ਹੋਇਆ ਸੀ। ਸਕੂਲ ਦੀ ਬਿਲਡਿੰਗ ਕੱਚੀ ਸੀ ਅਤੇ ਬੂਹੇ-ਬਾਰੀਆਂ ਵੀ ਨਹੀਂ ਸਨ ਲੱਗੇ ਹੋਏ ਪਰ ਜਮਾਤਾਂ ਸ਼ੁਰੂ ਹੋ ਗਈਆਂ ਸੀ। ਇੱਥੇ ਇੱਕ ਮਾਸਟਰ ਦਾ ਨਾਂ ਰਣਧੀਰ ਸਿੰਘ ਸੀ। ਸਕੂਲ ਚੱਕ ਤੋਂ ਮੁਰੱਬਾ ਦੂਰ ਸੂਏ(ਛੋਟੀ ਨਹਿਰ ਜਾਂ ਰਜਬਾਹਾ) ਕੋਲ ਸੀ ਤੇ ਇਸ ਵਿੱਚੋਂ ਇੱਕ ਖਾਲ ਨਿਕਲਦਾ ਤੇ ਸਕੂਲ ਦੇ ਕੋਲੋਂ ਦੀ ਹੋ ਕੇ ਲੰਘਦਾ ਸੀ। ਬੱਚਿਆਂ ਨੇ ਰੋਟੀ ਤੇ ਚੂਰੀ ਖਾ ਕੇ ਇਹਦੇ ਵਿੱਚੋਂ ਹੀ ਪਾਣੀ ਪੀ ਲੈਣਾ, ਝਨਾਂ ਦਰਿਆ ਵਿੱਚੋਂ ਆਉਂਦਾ ਇਹ ਪਾਣੀ ਬੜਾ ਸਾਫ਼ ਅਤੇ ਠੰਢਾ-ਠਾਰ ਹੁੰਦਾ ਸੀ। ਕੋਈ ਤਿੰਨ ਕੁ ਮਹੀਨੇ ਇਹ ਸਕੂਲ ਚੱਲਿਆ ਤਾਂ ਉਜਾੜਾ ਪੈ ਗਿਆ, ਤਿੰਨੇ ਚੱਕਾਂ ਦੇ ਸਿੱਖ ਇਧਰ ਆ ਗਏ। ਬਾਅਦ ਵਿੱਚ ਇਸ ਸਕੂਲ ਦਾ ਕੀ ਬਣਿਆਂ ਇਸ ਬਾਰੇ ਕਦੇ ਕੁਝ ਪਤਾ ਨਹੀਂ ਲੱਗਿਆ। ਸਾਡੇ ਆਸ-ਪਾਸ ਦੇ ਸਾਰੇ ਚੱਕਾਂ ਨੂੰ ‘ਮਾਮੂਕਾਂਜਣ’ ਦਾ ਰੇਲਵੇ ਸਟੇਸ਼ਨ ਅਤੇ ਮੰਡੀ ਨੇੜੇ ਲੱਗਦੇ ਸਨ। ਲਾਹੌਰ-ਮੁਲਤਾਨ ਰੇਲ ਪਟੜੀ ਤੇ ਪੈਂਦੇ ਇਸ ਛੋਟੇ ਜਿਹੇ ਕਸਬੇ ਵਿੱਚ ਦੁਕਾਨਾਂ ਵੀ ਸਨ ਜਿੱਥੋਂ ਮੇਰੇ ਬਾਪੂ ਹੁਰਾਂ ਨੇ ਘੋੜੀਆਂ ਤੇ ਸੌਦਾ ਲੈਣ ਜਾਣਾ, ਕਦੇ ਕਦੇ ਅਸੀਂ ਵੀ ਨਾਲ ਚਲੇ ਜਾਂਦੇ ਸੀ।

ਜਦੋਂ ਤੱਕ ਮੈਂ ਹੋਸ਼ ਸੰਭਾਲੀ ਸੀ ਤਾਂ ਉਦੋਂ ਤੱਕ ਇੱਥੇ ਤਕਰੀਬਨ ਸਾਰੇ ਮੁਰੱਬੇ ਅਬਾਦ ਹੋ ਚੁੱਕੇ ਸਨ। ਹਰ ਮੁਰੱਬੇ ਦੇ ਦੁਆਲੇ ਰਸਤਾ ਹੁੰਦਾ ਸੀ। ਇੱਕ ਮੁਰੱਬਾ 40X40 ਕਰਮਾਂ ਦੇ ਬਿਲਕੁਲ ਚੌਰਸ ਪੱਚੀ ਕਿੱਲਿਆਂ ਦਾ ਹੁੰਦਾ ਸੀ, ਸਾਰੇ ਮੁਰੱਬਿਆਂ ਨੂੰ ਨਹਿਰ ਦਾ ਪਾਣੀ ਹੀ ਲੱਗਦਾ ਸੀ। ਸਮੁੰਦਰੀ ਤਹਿਸੀਲ ਦੀਆਂ ਇਹ ਉਪਜਾਊ ਜ਼ਮੀਨਾਂ ਉਦੋਂ ਸਪੈਸ਼ਲ ਗ੍ਰੇਡ ਦੀਆਂ ਮੰਨੀਆਂ ਜਾਂਦੀਆਂ ਸਨ ਅਤੇ ਸਵਾ ਰੁਪਈਆ ਪ੍ਰਤੀ ਸਟੈਂਡਰਡ ਏਕੜ ਕੀਮਤ ਹੁੰਦੀ ਸੀ। ਕਣਕ, ਮੱਕੀ ਅਤੇ ਨਰਮਾ ਇੱਥੇ ਬਹੁਤ ਜਿਆਦਾ ਹੁੰਦਾ ਸੀ। ਲੋਕਾਂ ਦੇ ਦੋ-ਦੋ ਕੋਠੇ ਦਾਣਿਆਂ ਅਤੇ ਨਰਮੇ ਨਾਲ ਭਰੇ ਰਹਿੰਦੇ ਸਨ। ਕਮਾਦ ਵੀ ਬਹੁਤ ਜਿਆਦਾ ਬੀਜਿਆ ਜਾਂਦਾ ਸੀ ਤੇ ਗੁੜ ਬਣਾਉਣ ਲਈ ਸਾਡੇ ਚੱਕ ਵਿੱਚ ਹਰੇਕ ਕਾਸ਼ਤਕਾਰ ਦੀ ਆਪਣੀ ਘੁਲਾੜੀ ਲਾਈ ਹੁੰਦੀ ਸੀ। ਸਾਡੇ ਕੋਲ ਹੱਥਾਂ ਨਾਲ ਗੇੜਨ ਵਾਲੀ ਘੁਲਾੜੀ ਵੀ ਹੁੰਦੀ ਸੀ। ਸਾਰੇ ਲੋਕ ਘਰ ਦਾ ਗੁੜ ,ਸ਼ੱਕਰ ਅਤੇ ਦੇਸੀ ਖੰਡ ਬਣਾਉਂਦੇ ਸਨ। ਵੱਡੀਆਂ ਵੱਡੀਆਂ ਸਬਾਤਾਂ ਗੁੜ, ਸ਼ੱਕਰ ਅਤੇ ਦੇਸੀ ਖੰਡ ਦੀਆਂ ਬੋਰੀਆਂ ਨਾਲ ਭਰੀਆਂ ਹੁੰਦੀਆਂ ਸਨ। ਲੋਕ ਮਿਹਨਤੀ ਹੁੰਦੇ ਸਨ, ਜ਼ਮੀਨਾਂ ਚੰਗੀਆਂ ਸੀ, ਜੇ ਕਮੀ ਸੀ ਤਾਂ ਪਾਣੀ ਦੀ ਜੋ ਕਿ ਅੰਗਰੇਜ਼ਾਂ ਦੀਆਂ ਕੱਢੀਆਂ ਨਹਿਰਾਂ ਨੇ ਪੂਰੀ ਕਰ ਦਿੱਤੀ ਸੀ। ਹਰੇਕ ਕਿਸਾਨ ਦੇ ਖੇਤ ਵਿੱਚ ਸੰਤਰੇ, ਮਾਲਟੇ, ਆੜੂ ਜਾਂ ਅੰਗੂਰਾਂ ਦੇ ਬਾਗ਼ ਹੁੰਦੇ ਸਨ। ਇਨ੍ਹਾਂ ਫਲਾਂ ਦਾ ਆਪਣਾ ਅਲੱਗ ਹੀ ਸਵਾਦ ਸੀ ਜੋ ਦੁਬਾਰਾ ਇਧਰ ਆ ਕੇ ਕਦੇ ਨਸੀਬ ਨਾ ਹੋਇਆ। ਅਲਾਟਮੈਂਟ ਵਾਲੇ ਮੁਰੱਬਿਆਂ ਤੋਂ ਬਿਨ੍ਹਾਂ ਸਿੱਖਾਂ ਨੇ ਸਖ਼ਤ ਮਿਹਨਤ ਤੇ ਕਮਾਈਆਂ ਕਰਕੇ ਹੋਰ ਮੁਰੱਬੇ ਬੈਅ ਵੀ ਲਏ, ਮੇਰੇ ਬਾਪੂ ਹੁਰਾਂ ਨੇ ਵੀ ਤਿੰਨ ਮੁਰੱਬੇ ਹੋਰ ਬੈਅ ਲੈ ਲਏ ਸਨ। ਵੰਡ ਵੇਲੇ ‘ਬਾਰ’ ਛੱਡਣ ਤੱਕ ਤਕਰੀਬਨ ਸਾਰੇ ਲੋਕਾਂ ਦੇ ਘਰ ਪੱਕੇ ਸਨ ਅਤੇ ਹਰ ਤਰ੍ਹਾਂ ਦੀਆਂ ਜ਼ਰੂਰੀ ਚੀਜ਼ਾਂ ਨਾਲ ਭਰੇ ਹੋਏ ਸਨ। ਮੌਜਾਂ ਹੀ ਮੌਜਾਂ ਸੀ, ਸਰਦਾਰੀ ਸੀ ਅਤੇ ਲੋਕ ਰਾਜਿਆਂ ਵਾਂਗ ਰਹਿੰਦੇ ਸਨ, ਪਰ ਇਹ ਮੌਜਾਂ ਤੇ ਬਾਦਸ਼ਾਹੀਆਂ ਪਿੱਛੇ ‘ਬਾਰ’ ਵਿੱਚ ਹੀ ਰਹਿ ਗਈਆਂ।

ਵਣਾਂ ਅਤੇ ਕਰੀਰਾਂ ਦੇ ਭਾਰੇ ਦਰੱਖਤ ਹਜੇ ਵੀ ਬੜੀ ਤਦਾਦ ਵਿੱਚ ਖੜ੍ਹੇ ਸਨ। ਬਚਪਨ ਵਿੱਚ ਡੰਡਾ ਡੁੱਕ ਖੇਡਦੇ ਅਸੀਂ ਸਾਰੇ ਮੁੰਡਿਆਂ ਨੇ ਭਾਰੇ ਵਣਾਂ ਤੇ ਚੜ੍ਹ ਜਾਣਾ। ਵਣਾਂ ਦੀਆਂ ਪੀਲਾਂ ਖਾ ਲੈਣੀਆਂ ਤੇ ਇਨ੍ਹਾਂ ਦੀ ਛਾਂ ਹੇਠ ਹੀ ਖੇਡਦੇ ਰਹਿਣਾ। ‘ਬਾਰ’ ਵਿੱਚ ਹਰੇਕ ਘਰ ਆਪਣੇ ਦੋ-ਤਿੰਨ ਘੋੜੇ-ਘੋੜੀਆਂ ਲਾਜ਼ਮੀ ਰੱਖਦਾ ਸੀ। ਸਾਡੇ ਕੋਲ ਵੀ ਇੱਕ ਘੋੜਾ ਤੇ ਘੋੜੀ ਹੁੰਦੇ ਸੀ। ਇੱਕ ਵਾਰ ਮੈਂ ਅਤੇ ਮੇਰੇ ਚਾਚੇ ਦਾ ਮੁੰਡਾ ਕਰਤਾਰਾ ਆਪੋ ਆਪਣੀਆਂ ਘੋੜੀਆਂ ਤੇ ਖੇਤਾਂ ਵੱਲ ਗਏ। ਉੱਥੇ ਰਾਹ ਵਿੱਚ ਜਾਂਦੇ ਬਲੋਚਾਂ ਦੇ ਊਠਾਂ ਕੋਲੋਂ ਮੇਰੀ ਘੋੜੀ ਡਰਕੇ ਭੱਜ ਗਈ। ਮੇਰੇ ਕੋਲੋਂ ਘੋੜੀ ਕਾਬੂ ਨਾ ਹੋਈ ਤੇ ਮੈਨੂੰ ਨੰਬਰਦਾਰਾਂ ਦੇ ਮੁਰੱਬੇ ਵਿੱਚ ਸੁੱਟਕੇ ਘਰ ਵੱਲ ਦੌੜ ਆਈ। ਮੈਂ ਬੇਹੋਸ਼ ਹੋ ਗਿਆ ਸੀ ਤੇ ਬਚਨ ਸਿੰਘ ਝਿਉਰ ਮੈਨੂੰ ਚੁੱਕ ਕੇ ਘਰ ਛੱਡ ਕੇ ਆਇਆ। ਇਸਤੋਂ ਬਿਨ੍ਹਾਂ ਸਾਡੇ ਕੋਲ ਦੋ ਜੋੜੀਆਂ ਬਲਦਾਂ ਦੀਆਂ, ਸੱਤ-ਅੱਠ ਮੱਝਾਂ ਤੇ ਇੱਕ ਘਰ ਦਾ ਪਾਲਿਆ ਹੋਇਆ ਝੋਟਾ ਵੀ ਸੀ। ਸਾਡੇ ਚੱਕ ਦੇ ਲੋਕ ਮੈਂ ਕਦੇ ਆਪਣੀ ਸੁਰਤ ਵਿੱਚ ਮੱਝਾਂ ਚਰਾਉਂਦੇ ਨਹੀਂ ਸਨ ਵੇਖੇ, ਦਾਣਾ-ਚਾਰਾ ਹੀ ਆਮ ਹੁੰਦਾ ਸੀ। ਪਰ ਨਹਾਉਣ ਜਾਂ ਪਾਣੀ ਪਿਆਉਣ ਲਈ ਕਿਸੇ ਛੱਪੜ ਜਾਂ ਟੋਭੇ ਤੇ ਜ਼ਰੂਰ ਲਿਜਾਂਦੇ ਸਨ। ਮੱਝਾਂ ਸਿਰਫ ਉੱਥੇ ਰਹਿੰਦੇ ‘ਜਾਂਗਲੀ’ ਚਰਾਉਂਦੇ ਸਨ ਤੇ ਇੰਨ੍ਹਾਂ ਕੋਲ ਬੜੀ ਚੰਗੀ ਨਸਲ ਦੀਆਂ ਦੁਧਾਰੂ ਮੱਝਾਂ ਅਤੇ ਗਾਵਾਂ ਹੁੰਦੀਆਂ ਸਨ। ਮੇਰੇ ਬਾਪੂ ਅਤੇ ਚਾਚੇ ਹੁਰਾਂ ਨਾਲ ਸਾਡੇ ਤਿੰਨ ਸੀਰੀ-ਸਾਂਝੀ ਵਿਸਾਖਾ ਸਿੰਘ, ਮਾਨਾ ਸਿੰਘ ਅਤੇ ਮਿਲਖਾ ਸਿੰਘ ਖੇਤਾਂ ਵਿੱਚ ਕੰਮ ਕਰਾਉਂਦੇ ਹੁੰਦੇ ਸਨ। ਇਨ੍ਹਾਂ ਵਿੱਚੋਂ ਵਿਸਾਖਾ ਸਿੰਘ ਸਾਡੇ ਪਿਛਲੇ ਪਿੰਡ ਲੋਪੋ ਤੋਂ ਹੀ ਸਾਡੇ ਬਾਪੂ ਹੁਰਾਂ ਨਾਲ ਟੱਬਰ ਸਣੇ ‘ਬਾਰ’ ਵਿੱਚ ਆਇਆ ਸੀ। ਬਾਪੂ ਜੀ ਦੱਸਦੇ ਹੁੰਦੇ ਸਨ ਕਿ ਵਿਸਾਖਾ ਸਿੰਘ ‘ਬਾਰ’ ਵਾਲੀਆਂ ਜ਼ਮੀਨਾਂ ਅਬਾਦ ਕਰਨ ਵੇਲੇ ਸਾਡੇ ਹਰ ਸੁੱਖ-ਦੁੱਖ ਦਾ ਸ਼ਰੀਕ ਬੰਦਾ ਸੀ।

‘ਬਾਰ’ ਦੇ ਮੂਲ ਵਸਨੀਕ ਜਾਂਗਲੀ ਲੋਕ ਆਪਣੇ ਲੋਕਾਂ ਨੂੰ ਵੇਖਕੇ ਹੀ ਹੌਲੀ ਹੌਲੀ ਖੇਤੀ ਕਰਨਾ ਸਿੱਖੇ ਸਨ। ਆਸ-ਪਾਸ ਦੇ ਸਾਰੇ ਚੱਕਾਂ ਕੋਲ ਜਾਂਗਲੀਆਂ ਦੀਆਂ ਕੁੱਲੀਆਂ ਜਾਂ ਝੁੱਗੀਆਂ ਹੁੰਦੀਆਂ ਸਨ। ਮੁੱਖ ਕਿੱਤਾ ਇੰਨ੍ਹਾਂ ਦਾ ਪਸ਼ੂ-ਪਾਲਣ ਹੀ ਹੁੰਦਾ ਸੀ ਪਰ ਇਨ੍ਹਾਂ ਨੂੰ ਚੋਰੀ ਦੀ ਆਦਤ ਬਹੁਤ ਸੀ ਤੇ ਚੋਰੀ ਵੀ ਜਿਆਦਾਤਰ ਮਾਲ-ਡੰਗਰ ਦੀ ਹੀ ਕਰਦੇ ਸਨ। ਮੇਰੀ ਸੁਰਤ ਵਿੱਚ ਤਾਂ ਇੰਨ੍ਹਾਂ ਵੱਲੋਂ ਘੋੜੇ ਘੋੜੀਆਂ ਚੋਰੀ ਕਰਨ ਦੀਆਂ ਘਟਨਾਵਾਂ ਹੀ ਹੋਈਆਂ ਸਨ। ਵੱਡੀ ਭੈਣ ਜਗੀਰ ਕੌਰ ਦੇ ਸਹੁਰੇ ਇਕਤਾਲੀ ਚੱਕ (ਚੱਕ 141 ਜੀ ਬੀ, ਸਮੁੰਦਰੀ ਨੇੜੇ) ਵਾਲੇ ਚੰਨਣ ਸਿੰਘ ਦੀਆਂ ਦੋ ਘੋੜੀਆਂ ਚੋਰੀ ਹੋਈਆਂ ਸਨ। ਵੰਡ ਦੇ ਦਿਨਾਂ ਵਿੱਚ ਜਦੋਂ ਹਲਾਤ ਖ਼ਰਾਬ ਸਨ ਉਨ੍ਹੀ ਦਿਨੀਂ ਵੀ ਦੋ ਜਾਂਗਲੀਆਂ ਨੇ ਮੇਰੇ ਚਚੇਰੇ ਭਰਾ ਅਰਜੁਨ ਕੋਲੋਂ ਉਸਦਾ ਕਾਲਾ ਘੋੜਾ ਖੋਹਣ ਦੀ ਕੋਸ਼ਿਸ਼ ਕੀਤੀ ਸੀ ਪਰ ਖੋਹ ਨਾ ਸਕੇ। ਇੱਕ ਵਾਰ ਜਾਂਗਲੀਆਂ ਵੱਲੋਂ ਇੱਕ ਹੋਰ ਅਨੋਖੀ ਚੋਰੀ ਵੀ ਕੀਤੀ ਗਈ, ਮੇਰੇ ਚਾਚਾ ਸੁੱਚਾ ਸਿੰਘ ਦੇ ਖੇਤ ਵਿੱਚੋਂ ਚੁਗਿਆ ਚੁਗਾਇਆ ਨਰਮਾ ਜਾਂਗਲੀਆਂ ਦੇ ਕਈ ਬੰਦੇ ਚੁੱਕ ਕੇ ਲੈ ਗਏ। ਜਦੋਂ ਕਦੇ ਪਹਿਲਾਂ ਇਨ੍ਹਾਂ ਨੇ ਕੋਈ ਚੋਰੀ ਕਰਨੀ ਤਾਂ ਇਨ੍ਹਾਂ ਨੇ ਕਦੇ ਨਾ ਮੰਨਣਾ ਕਿ ਇਨ੍ਹਾਂ ਦੇ ਬੰਦੇ ਚੋਰ ਨੇ। ਪਰ ਇਸ ਵਾਰ ਚਾਚੇ ਸੁੱਚਾ ਸਿੰਘ ਨੇ ਇਨ੍ਹਾਂ ਚੋਰਾਂ ਨੂੰ ਵੇਖ ਲਿਆ ਸੀ। ਚਾਚਾ ਜੀ ਨੇ ਉਦੋਂ ਕੁਝ ਨਾ ਕਿਹਾ ਕਿਉਂਕਿ ਉਹ ਗਿਣਤੀ ਵਿੱਚ ਜਿਆਦਾ ਸਨ। ਜਦੋਂ ਚਾਚਾ ਜੀ ਨੇ ਚੱਕ ਵਿੱਚ ਆ ਕੇ ਬਾਕੀ ਲੋਕਾਂ ਨੂੰ ਦੱਸਿਆ ਤਾਂ ਸਾਡੇ ਚੱਕ 200, 202 ਤੇ 203 ਦੇ ਸਾਰੇ ਬੰਦੇ ਇਕੱਠੇ ਹੋ ਗਏ, ਇਨ੍ਹਾਂ ਤਿੰਨਾਂ ਚੱਕਾਂ ਦੇ ਸਿੱਖਾਂ ਦਾ ਆਪਸ ਵਿੱਚ ਬਹੁਤ ਏਕਾ ਅਤੇ ਇਤਫਾਕ ਸੀ। ਇਸ ਵਾਰ ਤਿੰਨਾਂ ਚੱਕਾਂ ਦੇ ਬੰਦਿਆਂ ਨੇ ਇਕੱਠੇ ਹੋ ਕੇ ਜਾਂਗਲੀਆਂ ਦੀਆਂ ਝੁੱਗੀਆਂ ਨੂੰ ਜਾ ਘੇਰਾ ਪਾਇਆ। ਸਾਰਿਆਂ ਦੇ ਹੱਥਾਂ ਵਿੱਚ ਬੰਦੂਕਾਂ, ਕ੍ਰਿਪਾਨਾਂ ਤੇ ਮਿੱਟੀ ਦੇ ਤੇਲ ਦੀਆਂ ਪੀਪੀਆਂ ਸਨ। ਸਾਡੇ ਬੰਦਿਆਂ ਨੇ ਜਾਂਗਲੀਆਂ ਦੇ ਮੋਹਤਬਰਾਂ ਕੋਲੋਂ ਚੋਰਾਂ ਦੀ ਅਤੇ ਚੋਰੀ ਕੀਤੇ ਨਰਮੇ ਦੀ ਮੰਗ ਕੀਤੀ, ਪਰ ਉਹ ਨਾ ਮੰਨੇ। ਅਖੀਰ ਗੱਲ ਨਾ ਬਣਦੀ ਵੇਖ ਰਣਜੋਧ ਸਿੰਘ(ਮੇਰੇ ਬਾਪੂ ਅਤੇ ਚਾਚਾ ਜੀ ਦਾ ਦੋਸਤ) ਨੇ ਝੁੱਗੀਆਂ ਤੇ ਤੇਲ ਪਾਉਣਾ ਸ਼ੁਰੂ ਕੀਤਾ ਤੇ ਅੱਗ ਲਾਉਣ ਹੀ ਵਾਲਾ ਸੀ ਤਾਂ ਜਾਂਗਲੀਆਂ ਦੇ ਮੋਹਤਬਰ ਰਣਜੋਧ ਸਿੰਘ ਅਤੇ ਹੋਰ ਬੰਦਿਆਂ ਦੇ ਪੈਰੀਂ ਆ ਡਿੱਗੇ ਤੇ ਇਸ ਵਾਰ ਲਈ ਮੁਆਫੀ ਮੰਗਕੇ ਆਪਣਾ ਬਚਾਅ ਕੀਤਾ। ਜਦੋਂ ਫੇਰ ਮੰਨ ਹੀ ਗਏ ਤਾਂ ਸਾਡੇ ਬੰਦਿਆਂ ਨੇ ਵੀ ਬਾਅਦ ਵਿੱਚ ਕਿਸੇ ਦਾ ਕੋਈ ਨੁਕਸਾਨ ਨਾ ਕੀਤਾ। ਪਰ ਇਹ ਜਾਂਗਲੀ ਪੱਕੇ ਢੀਠ ਸਨ ਜਿੰਨਾਂ ਨੇ ਨਾ ਚੋਰ ਸਾਡੇ ਹਵਾਲੇ ਕੀਤੇ ਤੇ ਨਾ ਹੀ ਚੋਰੀ ਦਾ ਮਾਲ, ਇੱਥੋਂ ਪਤਾ ਲੱਗਦਾ ਸੀ ਕਿ ਇਹ ਆਪਣਾ ਕਬੀਲਾ ਪਾਲਣ ਵਾਲੇ ਲੋਕ ਨੇ ਨਾ ਕਿ ਗਾਲਣ ਵਾਲੇ। ਇਸ ਘਟਨਾ ਤੋਂ ਬਾਅਦ ਬਹੁਤ ਸਮੇਂ ਤੱਕ ਦੁਬਾਰਾ ਕੋਈ ਚੋਰੀ ਨਾ ਹੋਈ। ਇਹ ਤਿੰਨਾਂ ਚੱਕਾਂ ਦੇ ਲੋਕਾਂ ਦੀ ਏਕਤਾ ਦਾ ਨਤੀਜਾ ਸੀ ਅਤੇ ਇਹੀ ਏਕਾ ਤਿੰਨਾਂ ਚੱਕਾਂ ਦੇ ਲੋਕਾਂ ਨੇ ਵੰਡ ਵੇਲੇ ‘ਬਾਰ’ ਛੱਡਣ ਵੇਲੇ ਵੀ ਕੀਤਾ ਸੀ, ਸ਼ਾਇਦ ਇਸ ਕਰਕੇ ਹੀ ਉਸ ਮਾੜੇ ਸਮੇਂ ਵਿੱਚ ਵੀ ਕਿਸੇ ਦਾ ਕੋਈ ਜਾਨੀ ਨੁਕਸਾਨ ਨਾ ਹੋਇਆ। ਪਰ ਸਾਰੇ ਜਾਂਗਲੀ ਇੱਕੋ ਜਿਹੇ ਵੀ ਨਹੀਂ ਸਨ ਕੁਝ ਚੰਗੇ ਬੰਦੇ ਵੀ ਇੰਨ੍ਹਾਂ ਵਿੱਚ ਸਨ। ਇੱਕ ਮੁਤੱਲੀ ਨਾਂ ਦਾ ਜਾਂਗਲੀ ਮੇਰੇ ਬਾਪੂ ਹੁਰਾਂ ਦਾ ਚੰਗਾ ਦੋਸਤ ਸੀ ਅਤੇ ਉਸਦੇ ਮੁੰਡੇ ਦਾ ਨਾਂ ਨਸੀਰਾ ਸੀ ਜੋ ਵੱਡੇ ਭਰਾ ਪ੍ਰਤਾਪ ਦਾ ਹਾਣੀ ਸੀ। ਇੱਕ ਵਾਰ ਮੁਤੱਲੀ ਨੇ ਗੁੜ ਕੱਢਣ ਲਈ ਬਾਪੂ ਹੁਰਾਂ ਕੋਲੋਂ ਘੁਲਾੜੀ ਦੀ ਮੰਗ ਕੀਤੀ ਤਾਂ ਬਾਪੂ ਹੁਰਾਂ ਨੇ ਕੱਲੀ ਘੁਲਾੜੀ ਹੀ ਨਹੀਂ ਹੋਰ ਸਾਰਾ ਸਮਾਨ ਵੀ ਮੁਤੱਲੀ ਨੂੰ ਦੇ ਦਿੱਤਾ। ਕਾਫੀ ਦਿਨਾਂ ਬਾਅਦ ਜਦੋਂ ਮੁਤੱਲੀ ਸਮਾਨ ਵਾਪਸ ਕਰਨ ਆਇਆ ਤਾਂ ਇੱਕ ਖਾਕੀ ਰੰਗ ਦਾ ਕਤੂਰਾ ਵੀ ਸਾਨੂੰ ਦੇ ਕੇ ਗਿਆ ਸੀ ਜੋ ਬਾਅਦ ਵਿੱਚ ਵੱਡਾ ਹੋ ਕੇ ਤਕੜਾ ਕੁੱਤਾ ਬਣਿਆ ਸੀ।

ਸਾਡੇ ਚੱਕ ਦੇ ਲੋਕਾਂ ਨੇ ਰਲਕੇ ਇੱਕ ਰੇਡੀਓ ਖ਼ਰੀਦਿਆ ਤੇ ਚੱਕ ਦੇ ਗੁਰਦੁਆਰਾ ਸਾਹਿਬ ਵਿੱਚ ਲਿਆਕੇ ਰੱਖਿਆ ਗਿਆ। 1947 ਵਿੱਚ ਜਦੋਂ ਹਲਾਤ ਖ਼ਰਾਬ ਹੋਏ ਤਾਂ ਇਹ ਖ਼ਬਰਾਂ ਸਾਰੇ ਚੱਕ ਵਾਲਿਆਂ ਨੇ ਇਸ ਰੇਡੀਓ ਤੇ ਹੀ ਸੁਣੀਆਂ। ਸਕੂਲ ਕਾਲਜ ਸਭ ਬੰਦ ਹੋ ਗਏ। ਅਸੀਂ ਜਾਂ ਤਾਂ ਘਰਾਂ ਵਿੱਚ ਬੈਠੇ ਰਹਿਣਾ ਜਾਂ ਗੁਰਦੁਆਰੇ ਕੱਠੇ ਹੋ ਜਾਣਾ। ਵੱਡਿਆਂ ਨੇ ਨਿਆਣਿਆਂ ਨੂੰ ਬਾਹਰ ਖੇਡਣ ਵੀ ਨਾ ਜਾਣ ਦੇਣਾ। ਇੱਕ ਅਜੀਬ ਜਿਹਾ ਡਰ ਸਭ ਦੇ ਚਿਹਰਿਆਂ ਤੇ ਸੀ ਕਿ ਪਤਾ ਨਹੀਂ ਅੱਗੇ ਕੀ ਹੋਵੇਗਾ। ਮੇਰਾ ਵੱਡਾ ਭਣੋਈਆ ਵਜ਼ੀਰ ਸਿੰਘ ਫ਼ੌਜੀ ਅਫ਼ਸਰ ਸੀ ਅਤੇ ਉਸਨੇ ਇੱਥੋਂ ਨਿਕਲਣ ਲਈ ਮਿਲਟਰੀ ਤੋਂ ਦੋ ਟਰੱਕ ਲੈ ਲਏ। ਭਾਦੋਂ ਦੇ ਦਿਨ ਸਨ ਜਦੋਂ ਇੱਕ ਟਰੱਕ ਆ ਕੇ ਸਾਡੇ ਘਰ ਵੜਿਆ। ਸਾਰੇ ਟੱਬਰ ਦੇ ਜੀਆਂ ਨੇ ਵਜ਼ੀਰ ਸਿੰਘ ਨੂੰ ਪਛਾਣ ਲਿਆ ਤੇ ਇਸ ਤਰ੍ਹਾਂ ਆਉਣ ਦਾ ਕਾਰਨ ਪੁੱਛਿਆ, ਕਿਉਕਿ ਨਾਲ ਭੈਣ ਜਗੀਰ ਕੌਰ ਅਤੇ ਹਥਿਆਰਬੰਦ ਫ਼ੌਜੀ ਵੀ ਸਨ। ਵਜ਼ੀਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਟੱਬਰ ਦੇ ਕਿਸੇ ਇੱਕ ਦੋ ਜੀਆਂ ਨੂੰ ਨਾਲ ਭੇਜ ਦੇਣ ਤਾਂ ਜੋ ਟੱਬਰ ਦੀ ਵੰਸ਼ ਬਚ ਜਾਵੇ, ਕਿਉਕਿ ਆਉਣ ਵਾਲੇ ਸਮੇਂ ਵਿੱਚ ਕੋਈ ਪਤਾ ਨਹੀਂ ਕੀ ਹੋਵੇਗਾ। ਬਾਪੂ ਜੀ ਨੇ ਮੈਨੂੰ ਤੇ ਛੋਟੇ ਹਰਭਜਨ ਨੂੰ ਵਜ਼ੀਰ ਸਿੰਘ ਨਾਲ ਟਰੱਕ ਵਿੱਚ ਬਿਠਾ ਦਿੱਤਾ ਕੁਝ ਸਮਾਨ ਵੀ ਨਾਲ ਬੰਨ੍ਹਕੇ ਦਿੱਤਾ। ਟਰੱਕ ਚੱਲਿਆ ਤੇ ਅਸੀਂ ਆਪਣਾ ‘ਚੱਕ 200’ ਹਮੇਸ਼ਾਂ ਲਈ ਛੱਡ ਦਿੱਤਾ। ਸਮੁੰਦਰੀ ਤੋਂ ਹੁੰਦੇ ਹੋਏ ਅਸੀਂ ਲਾਇਲਪੁਰ ਪਹੁੰਚੇ, ਇੱਥੇ ਸਾਰੇ ਸ਼ਹਿਰ ਵਿੱਚ ਕਰਫਿਊ ਲੱਗਾ ਹੋਇਆ ਸੀ। ਟਰੱਕ ਇੱਥੇ ਵੀ ਨਾ ਰੋਕਿਆ ਗਿਆ ਤੇ ਸਿੱਧਾ ਲਾਹੌਰ ਵੱਲ ਨੂੰ ਤੋਰ ਦਿੱਤਾ। ਲਾਹੌਰ ਕੈਂਪ ਵਿੱਚ ਦੋ ਦਿਨ ਰੁਕੇ ਜਿੱਥੇ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਸੁਣਨ ਨੂੰ ਮਿਲੀਆਂ ਜੋ ਕਹਿਣ ਸੁਣਨ ਤੋਂ ਵੀ ਬਾਹਰ ਸਨ। ਤੀਜੇ ਦਿਨ ਅਸੀਂ ਸਾਰੇ ਲਾਹੌਰ ਸਟੇਸ਼ਨ ਜਾ ਪਹੁੰਚੇ ਤੇ ਇੱਥੋਂ ਅੰਮ੍ਰਿਤਸਰ ਵਾਲੀ ਗੱਡੀ ਚੜ੍ਹਨਾ ਸੀ। ਸਟੇਸ਼ਨ ਤੇ ਲੋਕਾਂ ਦਾ ਬੁਰਾ ਹਾਲ ਸੀ, ਲਾਸ਼ਾਂ ਦੇ ਢੇਰ ਲੱਗੇ ਪਏ ਸਨ ਅਤੇ ਔਰਤਾਂ ਕੋਲ ਬੈਠੀਆਂ ਵਿਰਲਾਪ ਕਰ ਰਹੀਆਂ ਸਨ। ਅੰਮ੍ਰਿਤਸਰ ਵਾਲੀ ਗੱਡੀ ਸਿਰਫ ਨਾਂ ਦੀ ਹੀ ਗੱਡੀ ਸੀ, ਕੋਲਾ ਢੋਣ ਵਾਲੇ ਖੁੱਲ੍ਹੇ ਡੱਬਿਆਂ ਵਿੱਚ ਅੱਜ ਲੋਕ ਢੋਹੇ ਜਾ ਰਹੇ ਸਨ। ਰਾਹ ਵਿੱਚ ਕਿਤੇ ਕਿਤੇ ਗੋਲੀ ਚੱਲਣ ਦੀ ਅਵਾਜ਼ ਸੁਣਨੀ ਤਾਂ ਸਾਰਿਆਂ ਨੇ ਨੀਵੇਂ ਹੋ ਜਾਣਾ। ਰੇਲਗੱਡੀ ਅੰਮ੍ਰਿਤਸਰ ਪਹੁੰਚੀ ਤਾਂ ਇੱਥੇ ਲਾਹੌਰ ਦੇ ਸਟੇਸ਼ਨ ਨਾਲ਼ੋਂ ਵੀ ਜਿਆਦਾ ਲਾਸ਼ਾਂ ਸਨ ਜਿੰਨ੍ਹਾਂ ਨੂੰ ਕਾਵਾਂ ਤੇ ਕੁੱਤਿਆਂ ਵੱਲੋਂ ਨੋਚ ਨੋਚ ਖਾਧਾ ਜਾ ਰਿਹਾ ਸੀ। ਇੱਥੇ ਕੁਝ ਲੋਕ ਟੋਕਰਿਆਂ ਵਿੱਚ ਖਾਣ ਵਾਲੀਆਂ ਚੀਜ਼ਾਂ ਡੱਬਿਆਂ ਵਿੱਚ ਸੁੱਟ ਦਿੰਦੇ ਜਿਸਨੂੰ ਅਸੀਂ ਵੀ ਚੁੱਕਕੇ ਖਾਣਾ ਚਾਹਿਆ ਪਰ ਹੱਥ ਕੁਝ ਨਾ ਲੱਗਾ। ਮੁਰੱਬਿਆਂ ਦੇ ਮਾਲਕ ਅੱਜ ਦੋ ਵਕਤ ਦੀ ਰੋਟੀ ਤੋਂ ਵੀ ਮੁਥਾਜ ਹੋ ਗਏ(ਭਾਵੁਕ ਹੁੰਦੇ ਹੋਏ), ਇੱਥੋਂ ਹੀ ਵਜ਼ੀਰ ਸਿੰਘ ਤੇ ਉਸਦੇ ਸਾਰੇ ਪਰਿਵਾਰ ਨੇ ਆਪਣੇ ਪੁਰਾਣੇ ਪਿੰਡ ਮਾਣੂੰਕੇ ਸੰਧੂਆਂ (ਜਗਰਾਵਾਂ, ਜ਼ਿਲ੍ਹਾ ਲੁਧਿਆਣਾ) ਜਾਣ ਦਾ ਫੈਸਲਾ ਕੀਤਾ। ਮੈਂ ਤੇ ਹਰਭਜਨ ਵੀ ਉਨ੍ਹਾਂ ਦੇ ਨਾਲ ਹੀ ਮਾਣੂੰਕੇ ਆ ਗਏ। ਹੁਣ ਬੱਸ ਉਡੀਕ ਸੀ ਤਾਂ ਪਿੱਛੇ ਰਹਿ ਗਏ ਬਾਕੀ ਟੱਬਰ ਦੀ ਸੀ, ਜਿੰਨ੍ਹਾਂ ਨੂੰ ਯਾਦ ਕਰਕੇ ਮੈਂ ਤੇ ਹਰਭਜਨ ਕਦੇ ਰੋ ਵੀ ਪੈਂਦੇ ਸੀ। ਨਿਆਣੀ ਮੱਤ ਸੀ ਤੇ ਉੱਪਰੋਂ ਜੋ ਵੀ ਕੁਝ ਪਿੱਛੇ ਦੇਖਕੇ ਆਏ ਸੀ ਤਾਂ ਉਸਤੋਂ ਬਾਅਦ ਡਰ ਵੀ ਬਹੁਤ ਲੱਗ ਰਿਹਾ ਸੀ। ਅਖੀਰ ਸਾਡਾ ਸਾਰਾ ਟੱਬਰ ਦੋ ਢਾਈ ਮਹੀਨਿਆਂ ਬਾਅਦ ਸਹੀ ਸਲਾਮਤ ਮਾਣੂੰਕੇ ਪਹੁੰਚ ਗਿਆ ਤਾਂ ਸਾਡੇ ਸਰੀਰ ਵਿੱਚ ਕੁਝ ਜਾਨ ਪਈ। ਇੱਥੇ ਕੁਝ ਦਿਨ ਰੁਕਣ ਤੋਂ ਬਾਅਦ ਅਸੀਂ ਵੀ ਆਪਣੇ ਪੁਰਾਣੇ ਪਿੰਡ ਲੋਪੋ ਆ ਗਏ।

ਸਾਡੇ ਆਉਣ ਤੋਂ ਬਾਅਦ ਬਾਕੀ ਟੱਬਰ ਨੇ ਆਪਣੇ ‘ਬਾਰ’ ਵਿੱਚੋਂ ਆਉਣ ਦੀਆਂ ਗੱਲਾਂ ਸਾਨੂੰ ਦੱਸੀਆਂ। ਸਾਰੇ ਦੱਸਦੇ ਸਨ ਕਿ ਸਾਡੇ ਤੁਰਨ ਤੋਂ ਕੋਈ ਪੰਜ ਸੱਤ ਦਿਨਾਂ ਬਾਅਦ ਹੀ ਪਾਕਿਸਤਾਨ ਦੀ ਮਿਲਟਰੀ ਨੇ ਸਿੱਖਾਂ ਦੇ ਤਿੰਨਾਂ ਚੱਕਾਂ ਵਿੱਚ ਹੋਕਾ ਦੇ ਦਿੱਤਾ ਕਿ ਇਹ ਚੱਕ ਖਾਲ਼ੀ ਕਰਕੇ ‘ਹਿੰਦੁਸਤਾਨ’ ਚਲੇ ਜਾਣ। ਤਿੰਨਾਂ ਚੱਕਾਂ ਦੇ ਸਿੱਖਾਂ ਨੇ ਇਕੱਠੇ ਹੋ ਕੇ ਤੁਰਨ ਦਾ ਫੈਸਲਾ ਕੀਤਾ। ਲੋਕਾਂ ਕੋਲੋਂ ਆਪਣਾ ਆਪਣਾ ਜੋ ਸਮਾਨ ਗੱਡਿਆਂ ਵਿੱਚ ਰੱਖਿਆ ਗਿਆ ਬੱਸ ਉਹੀ ਰੱਖ ਲਿਆ ਗਿਆ ਤੇ ਬਾਕੀ ਸਭ ਕੁਝ ਪਿੱਛੇ ਛੱਡ ਦਿੱਤਾ। ਤਿੰਨਾਂ ਚੱਕਾਂ ਦੇ ਹਥਿਆਰਬੰਦ ਬੰਦਿਆਂ ਨੇ ਕਾਫ਼ਲੇ ਦੀ ਰੱਖਿਆ ਕੀਤੀ ਅਤੇ ਖਾਲਸਾ ਕਾਲਜ ਲਾਇਲਪੁਰ ਪਹੁੰਚ ਗਏ। ਇੱਥੇ ਆਸ-ਪਾਸ ਦੇ ਸਾਰੇ ਇਲਾਕਿਆਂ ਦੇ ਹਿੰਦੂ ਤੇ ਸਿੱਖ ਇਕੱਠੇ ਹੋ ਰਹੇ ਸਨ। ਕਈ ਦਿਨਾਂ ਬਾਅਦ ਇਹ ਸਾਰੇ ਇੱਕ ਵੱਡੇ ਕਾਫ਼ਲੇ ਦੇ ਰੂਪ ਵਿੱਚ ਲਾਇਲਪੁਰ ਤੋਂ ਚੱਲੇ। ਰਾਹ ਵਿੱਚ ਕਿਤੇ ਵੀ ਜਦੋਂ ਕੋਈ ਹਮਲਾ ਹੁੰਦਾ ਤਾਂ ਬੰਦੂਕਾਂ ਵਾਲੇ ਅੱਗੋਂ ਮੋੜਵਾਂ ਜਵਾਬ ਦਿੰਦੇ। ਇਸ ਤਰ੍ਹਾਂ ਸਭ ਰਲ ਮਿਲਕੇ ਇੱਕ ਦੂਜੇ ਦਾ ਸਹਾਰਾ ਬਣੇ ਅਤੇ ਕਸੂਰ ਤੋਂ ਖੇਮਕਰਨ ਹੁੰਦੇ ਹੋਏ ਚੜ੍ਹਦੇ ਪੰਜਾਬ ਪਹੁੰਚੇ। ਭੈਣ ਹਮੀਰ ਕੌਰ ਦੇ ਸਹੁਰੇ ਆਪਣੇ ਪੁਰਾਣੇ ਪਿੰਡ ਬੁਰਜ ਹਰੀ ਸਿੰਘ ਵਾਲਾ(ਰਾਏਕੋਟ ਕੋਲ) ਚਲੇ ਗਏ ਅਤੇ ਬਾਅਦ ਵਿੱਚ ਖੁੱਡੀ (ਬਰਨਾਲਾ) ਜ਼ਮੀਨ ਅਲਾਟ ਹੋਈ ਤਾਂ ਉੱਥੇ ਚਲੇ ਗਏ। ਵਜ਼ੀਰ ਸਿੰਘ ਹੁਰਾਂ ਨੂੰ ਮਦਾਰਪੁਰੇ(ਸਿੱਧਵਾਂ ਬੇਟ ਕੋਲ) ਜ਼ਮੀਨ ਅਲਾਟ ਹੋ ਗਈ। ਲੋਪੋ ਵਾਲੇ ਫ਼ੌਜੀ ਹਰਨਾਮ ਸਿੰਘ ਹੁਰਾਂ ਨੂੰ ਕੋਟ ਈਸੇ ਖਾਂ ਕੋਲ ਮੰਦਰਾਂ ਪਿੰਡ ਵਿੱਚ ਜ਼ਮੀਨ ਅਲਾਟ ਹੋਈ ਪਰ ਬਾਅਦ ਵਿੱਚ ਉਹ ਰਾਏਕੋਟ ਕੋਲ ਪਿੰਡ ਕੁਤਬਾ ਜਾ ਵੱਸੇ। ਬਾਰੇਵਾਲੇ ਵਾਲਿਆਂ ਨੂੰ ਸਮਾਧ ਭਾਈ ਜ਼ਮੀਨ ਮਿਲੀ। ਬਾਰੇਵਾਲੀਏ ਨੰਬਰਦਾਰ ਜਗੀਰ ਸਿੰਘ ਦੇ ਪੁੱਤਰਾਂ ਨੇ ਮਹੇਸ਼ਰੀ ਜ਼ਮੀਨ ਅਲਾਟ ਕਰਵਾ ਲਈ। ਜਿਉਣ ਸਿੰਘ ਅਰੋੜੇ ਦੇ ਮੁੰਡਿਆਂ ਬਾਰੇ ਪਤਾ ਲੱਗਾ ਕਿ ਉਹ ਅੰਮ੍ਰਿਤਸਰ ਚਲੇ ਗਏ ਸਨ। ਮੇਰੇ ਜਮਾਤੀ ਚੰਦ ਸਿੰਘ ਦਾ ਪਰਿਵਾਰ ਅੱਜ-ਕੱਲ੍ਹ ਜਲਾਲਾਬਾਦ ਪੂਰਬੀ (ਧਰਮਕੋਟ ਕੋਲ) ਰਹਿੰਦਾ ਹੈ ਜੋ ਕਿ ਇਨ੍ਹਾਂ ਦੇ ਜੱਦੀ ਪਿੰਡ ਭਿੰਡਰ ਕਲਾਂ ਦਾ ਗੁਆਂਢੀ ਪਿੰਡ ਹੈ। ਮੈਂ ਚੰਦ ਸਿੰਘ ਨੂੰ ਬਾਅਦ ਵਿੱਚ ਮਿਲਦਾ ਵੀ ਰਿਹਾ ਤੇ ਇੱਕ ਵਾਰ ਉਸਦੇ ਘਰ ਇੱਕ ਰਾਤ ਰੁਕਿਆ ਵੀ ਸੀ। ‘ਬਾਰ’ ਵਿੱਚ ਇੱਕ ਚੱਕ ਵਿੱਚ ਵੱਸਦੇ ਲੋਕ ਇੰਜ ਖਿੱਲਰੇ ਕਿ ਬਹੁਤਿਆਂ ਦਾ ਬਾਅਦ ਵਿੱਚ ਪਤਾ ਹੀ ਨਾ ਲੱਗਾ ਕਿ ਕੌਣ ਕਿਧਰ ਚਲਾ ਗਿਆ?

ਅਸੀਂ ਸਾਲ 1949 ਤੱਕ ਲੋਪੋ ਹੀ ਰਹਿੰਦੇ ਰਹੇ। ਫੇਰ ਰਣੀਏ ਮੇਰੇ ਬਾਪੂ ਦੇ ਨਾਂ ਦੀ ਜ਼ਮੀਨ ਬਦਲੇ ਕੱਚੀ ਅਲਾਟਮੈਂਟ ਹੋਈ। ਦੋਵੇਂ ਚਾਚਿਆਂ ਨੂੰ ਉਨ੍ਹਾਂ ਦੇ ਹਿੱਸੇ ਦੀ ਜ਼ਮੀਨ ਬਦਲੇ ਦੌਲੇਵਾਲਾ(ਕੋਟ ਈਸੇ ਖਾਂ ਕੋਲ) ਜ਼ਮੀਨ ਅਲਾਟ ਹੋਈ। ਉਨ੍ਹਾਂ ਦੇ ਕਹਿਣ ਤੇ ਬਾਪੂ ਜੀ ਨੇ ਵੀ ਦੌਲੇਵਾਲੇ ਜ਼ਮੀਨ ਅਲਾਟ ਕਰਵਾ ਲਈ ਤਾਂ ਜੋ ਤਿੰਨੇ ਭਰਾ ਇੱਕ ਜਗ੍ਹਾ ਇਕੱਠੇ ਹੋ ਜਾਣ। ਪਰ ਬਾਅਦ ਵਿੱਚ ਪਤਾ ਨਹੀਂ ਕਿਉਂ ਚਾਚੇ ਇੰਦਰ ਸਿੰਘ ਤੇ ਸੁੱਚਾ ਸਿੰਘ ਨੇ ਬਾਪੂ ਨੂੰ ਬਿਨ੍ਹਾਂ ਦੱਸੇ ਹੀ ਇੱਥੋਂ ਵਾਲੀ ਜ਼ਮੀਨ ਛੱਡ ਦਿੱਤੀ ਤੇ ਕਿਲ੍ਹੇ-ਬਟੂਹੇ (ਧੂਰੀ ਕੋਲ) ਚਲੇ ਗਏ। ਇਸ ਗੱਲ ਪਿੱਛੇ ਭਰਾਵਾਂ ਦੇ ਰਿਸ਼ਤੇ ਵਿੱਚ ਅਜਿਹੀ ਦੂਰੀ ਬਣੀ ਜੋ ਦੁਬਾਰਾ ਕਦੇ ਨਾ ਮਿਟੀ। ਦੌਲੇਵਾਲੇ ਦੀ ਜ਼ਮੀਨ ਬਹੁਤ ਮਾੜੀ ਸੀ ਇਸਤੋਂ ਕਈ ਗੁਣਾ ਚੰਗੀ ਜ਼ਮੀਨ ਤਾਂ ਰਣੀਏ ਹੀ ਸੀ ਜੋ ਚਾਚਿਆਂ ਦੇ ਕਹਿਣ ਤੇ ਬਾਪੂ ਜੀ ਨੇ ਛੱਡੀ ਸੀ। ਪਰ ਬਾਅਦ ਵਿੱਚ ਮੇਰੇ ਭਣੋਈਏ ਵਜ਼ੀਰ ਸਿੰਘ ਨੇ ਦੁਬਾਰਾ ਰਣੀਏ ਵਾਲੀ ਜ਼ਮੀਨ ਦੀ ਪੱਕੀ ਅਲਾਟਮੈਂਟ ਕਰਵਾਉਣ ਵਿੱਚ ਬਹੁਤ ਮਦਦ ਕੀਤੀ ਤੇ ਫੇਰ ਅਸੀਂ ਉਦੋਂ ਤੋਂ ਹੁਣ ਤੱਕ ਰਣੀਏ ਹੀ ਰਹਿ ਰਹੇ ਹਾਂ। ਮੇਰੇ ਬਾਕੀ ਭਰਾਵਾਂ ਦੇ ਪਰਿਵਾਰ ਵੀ ਹੁਣ ਰਣੀਏ ਹੀ ਰਹਿੰਦੇ ਨੇ। ਸੱਤ ਭੈਣ ਭਰਾਵਾਂ ਵਿੱਚੋਂ ਹੁਣ ਇਕੱਲਾ ਮੈਂ ਹੀ ਇਸ ਜਹਾਨ ਵਿੱਚ ਰਹਿ ਗਿਆ ਹਾਂ ਤੇ ਬਾਕੀ ਸਭ ਅਗਲੇ ਜਹਾਨ ਚਲੇ ਗਏ। ਇਕਲੌਤੇ ਨੂੰਹ-ਪੁੱਤ(ਮੇਰੇ ਮਾਸੀ-ਮਾਸੜ) ਤੇ ਇੱਕ ਧੀ ਵੀ ਮੇਰੇ ਨਾਲ਼ੋਂ ਪਹਿਲਾਂ ਜਹਾਨੋਂ ਰੁਖ਼ਸਤ ਹੋ ਗਏ ਅਤੇ ਹੋਰ ਵੀ ਦੁੱਖਾਂ ਤਕਲੀਫ਼ਾਂ ਨਾਲ ਬੱਸ ‘ਬਾਰ’ ਐਨੀ ਕੁ ਯਾਦ ਰਹਿ ਗਈ ਤੇ ਬਹੁਤੀ ਭੁੱਲ ਗਈ। ਜਿਹੜੀ ‘ਬਾਰ’ ਦੇ ਪਹਿਲਾਂ ਕਦੇ ਸੁਪਨੇ ਆਉਣੇ ਤੇ ਭੁਲੇਖੇ ਪੈਣੇ ਉਹ ਤਾਂ ਫਿਕਰਾਂ ਵਿੱਚ ਹੀ ਗੁਆਚ ਗਏ। ਪਰ ਹਾਂ, ਆਪਣਾ ‘ਬਾਰ’ ਵਾਲਾ ਘਰ ਤਾਂ ਮੈਂ ਅੱਜ ਵੀ ਪਛਾਣ ਲਵਾਂਗਾ ਜੇ ਕਿਸੇ ਨੇ ਪਿੱਛੋਂ ਢਾਹਿਆ ਨਾ ਹੋਵੇ ਤਾਂ!! ਉੱਥੇ ਜਾਣ ਲਈ ਪਹਿਲਾਂ ਤਾਂ ਬਹੁਤ ਦਿਲ ਕਰਦਾ ਸੀ ਪਰ ਹੁਣ ਨਹੀਂ ਕਰਦਾ ਕਿਉਕਿ ਜਦੋਂ ਇਧਰ ਨਾਲ ਦਾ ਹਾਣੀ ਕੋਈ ਨਹੀਂ ਬਚਿਆ ਫੇਰ ਉਧਰ ਵੀ ਕਿਹੜਾ ਕੋਈ ਹੋਣਾ। ਨਾਲੇ ਸਾਡੇ ਤੋਂ ਬਾਅਦ ਤਾਂ ਸਾਡਾ ਸਾਰਾ ਚੱਕ ਹੀ ਇਧਰ ਆ ਗਿਆ ਸੀ।”

ਬਾਪੂ ਗੁਰਬਚਨ ਸਿੰਘ ਜੀ ਵੱਡੀ ਉਮਰ ਵਿੱਚ ਇਹੋ ਜਿਹੇ ਉਤਰਾਅ ਚੜ੍ਹਾਅ ਦੇਖਣ ਦੇ ਬਾਵਜੂਦ ਵੀ ਹਜੇ ਚੜ੍ਹਦੀ ਕਲਾ ਵਿੱਚ ਨੇ। ਗੁਰਬਾਣੀ ਪੜ੍ਹਦੇ ਨੇ ਅਤੇ ਆਮ ਬਜ਼ੁਰਗਾਂ ਵਾਂਗ ਹੀ ਰੇਡੀਓ ਸੁਣਨਾ ਪਸੰਦ ਕਰਦੇ ਨੇ। ਕਿਸੇ ਨੂੰ ਸਲਾਹ ਦੇਣ ਲਈ ਪ੍ਰਮਾਣ ਦੇ ਤੌਰ ਤੇ ਗੁਰਬਾਣੀ ਦੀ ਕਿਸੇ ਨਾ ਕਿਸੇ ਤੁਕ ਦਾ ਹਵਾਲਾ ਜ਼ਰੂਰ ਦਿੰਦੇ ਰਹਿੰਦੇ ਨੇ। ਮੇਰੇ ਕੋਲ ‘ਬਾਰ’ ਦਾ ਜ਼ਿਕਰ ਕਰਦਿਆਂ ਕਰਦਿਆਂ ਕਦੇ ਅੱਖਾਂ ਵੀ ਭਰ ਲੈਂਦੇ। ਇਸ ਗੱਲ ਦਾ ਦੁੱਖ ਵੀ ਮਨਾਉਂਦੇ ਨੇ ਕਿ ‘ਬਾਰ’ ਛੱਡਣ ਤੋਂ ਬਾਅਦ ਅੱਗੇ ਨਾ ਪੜ੍ਹ ਸਕੇ। ਰਣੀਏ ਪਿੰਡ ਵਿੱਚ ਹੁਣ ਉਹ ਆਪਣੇ ਵੱਡੇ ਪੋਤਰੇ ਗੁਰਪ੍ਰੀਤ ਸਿੰਘ ਦੇ ਪਰਿਵਾਰ ਨਾਲ ਰਹਿ ਰਹੇ ਹਨ, ਪੋਤਰੀ ਰੁਪਿੰਦਰ ਕੌਰ ਆਪਣੇ ਸਹੁਰੇ ਘਰ ਰਾਜ਼ੀ ਖ਼ੁਸ਼ੀ ਹੈ ਅਤੇ ਛੋਟਾ ਪੋਤਰਾ ਹਰਜੀਤ ਸਿੰਘ ਅੱਜ-ਕੱਲ੍ਹ ਆਸਟ੍ਰੇਲੀਆ ਰਹਿੰਦਾ ਹੈ।

ਲਖਵਿੰਦਰ ਜੌਹਲ ਧੱਲੇਕੇ
ਈਮੇਲ-johallakwinder@gmail.com
ਸੰਪਰਕ ਨੰਬਰ- 9815959476

019-1

ਬਾਪੂ ਗੁਰਬਚਨ ਸਿੰਘ ਜੀ।
019-2
ਬਾਪੂ ਗੁਰਬਚਨ ਸਿੰਘ ਜੀ ਆਪਣੇ ਪਰਿਵਾਰ ਨਾਲ
019-3
ਲਖਵਿੰਦਰ ਜੌਹਲ ‘ਧੱਲੇਕੇ’

019-2‘ਬਾਰ’ ਵਾਲੇ ਚੱਕ 200 ਕਰਤਾਰਪੁਰ ਦੀਆਂ ਕੁਝ ਯਾਦਾਂ
ਲਖਵਿੰਦਰ ਜੌਹਲ ਧੱਲੇਕੇ
019‘ਬਾਰ’ ਵਾਲੇ ਚੱਕ 200 ਕਰਤਾਰਪੁਰ ਦੀਆਂ ਕੁਝ ਯਾਦਾਂ
ਲਖਵਿੰਦਰ ਜੌਹਲ ਧੱਲੇਕੇ
018ਢਹਿੰਦੇ ਕਿੰਗਰੇ 
ਡਾ. ਗੁਰਮਿੰਦਰ ਸਿੱਧੂ
17ਕਦੇ ਸ਼ਾਨ ਨਾਲ ਜਿਉਣ ਵਾਲੇ ਅਫ਼ਗਾਨਿਸਤਾਨ ਦੇ ਸਿੱਖ ਅੱਜ ਤਰਸਯੋਗ ਹਾਲਤ ਵਿਚ/a> 
ਹਰਜਿੰਦਰ ਸਿੰਘ ਲਾਲ
16ਨਾਨਕਾ ਪਿੰਡ, ਜੈਤੋ ਮੰਡੀ ਤੇ ਪਹੁ ਫੁਟਾਲੇ ਤੋਂ ਪਹਿਲਾਂ
ਲਖਵਿੰਦਰ ਜੌਹਲ ‘ਧੱਲੇਕੇ’
Lahore Amritsar‘ਲਾਹੌਰ’ ਅਤੇ ‘ਅੰਮ੍ਰਿਤਸਰ’ ਜੋ ਕਦੇ ਵੱਖ ਹੋ ਗਏ! 
ਲਖਵਿੰਦਰ ਜੌਹਲ ‘ਧੱਲੇਕੇ’
014ਧੱਲੇਕੇ ਪਿੰਡ ਦੇ ਇਤਿਹਾਸਕ ਦਰਵਾਜ਼ੇ
ਲਖਵਿੰਦਰ ਜੌਹਲ ‘ਧੱਲੇਕੇ’ 
013ਕਮਾਂਡਰ ਨਿਧਾਨ ਸਿੰਘ ਪੰਜ-ਹੱਥਾ
ਡਾ. ਹਰਸ਼ਿੰਦਰ ਕੌਰ, ਪਟਿਆਲਾ
vandਵੰਡ, ਉਜਾੜਾ 'ਤੇ ਸੱਭਿਆਚਾਰ ਦਾ ਪਤਨ
- ਲਖਵਿੰਦਰ ਜੌਹਲ ‘ਧੱਲੇਕੇ’ 
- ਭਾਗ ੧, ੨, ੩, ੪
011ਇਕ ਪਾਠਕ ਵੱਜੋਂ ਭਗਤ ਸਿੰਘ
ਹਰਜੋਤ ਓਬਰਾਏ (ਅਨੁਵਾਦ: ਸੁਖਵੰਤ ਹੁੰਦਲ )
ਸਾਰਾਗੜੀ ਦੇ 21 ਸਿੱਖ ਯੋਧੇ
ਜਸਪ੍ਰੀਤ ਸਿੰਘ, ਲੁਧਿਆਣਾ |
kuruਸ਼ਰਧਾ ਅਤੇ ਪ੍ਰੇਮ ਦਾ ਪ੍ਰਤੀਕ ਹੈ ਗੁਰਦੁਆਰਾ ਪਹਿਲੀ ਪਾਤਸ਼ਾਹੀ
ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ
dasam15 ਅਪ੍ਰੈਲ ਐਤਵਾਰ ਲਈ
ਦਸਮਪਿਤਾ ਦੇ ਜੀਵਨ ਦੀ ਪਹਿਲੀ ਜੰਗ: ਭੰਗਾਣੀ ਦਾ ਯੁੱਧ
ਰਣਜੀਤ ਸਿੰਘ ਪ੍ਰੀਤ
kaumiਇਤਿਹਾਸਕ ਦ੍ਰਿਸ਼ਟੀ ਤੋਂ: ਸਾਡਾ ਕੌਮੀ ਝੰਡਾ
ਰਣਜੀਤ ਸਿੰਘ ਪ੍ਰੀਤ
Banda... ਤੇ ਆਖਿਰ ਬੰਦਾ ਸਿੰਘ ਬਹਾਦਰ ਫੜਿਆ ਹੀ ਕਿਓਂ ਗਿਆ ?
ਡਾ ਗੁਰਮੀਤ ਸਿੰਘ ਬਰਸਾਲ ਸੈਨਹੋਜ਼ੇ
Loonaਲੂਣਾ ਦਾ ਪਿੰਡ: ਚਮਿਆਰੀ
ਜਤਿੰਦਰ ਸਿੰਘ ਔਲ਼ਖ
Sarhindਮਰਣੁ ਮੁਣਸਾਂ ਸੂਰਿਆ ਹਕੁ ਹੈ, ਜੋ ਹੋਇ ਮਰਨਿ ਪਰਵਾਣੋ॥ ਸਾਕਾ ਸਰਹੰਦ
ਇਕਵਾਕ ਸਿੰਘ ਪੱਟੀ
Katakਕੱਤਕ ਕਿ ਵੈਸਾਖ?
ਇਕਵਾਕ ਸਿੰਘ ਪੱਟੀ ਮੂਲ ਲੇਖਕ: ਕਰਮ ਸਿੰਘ ਹਿਸਟੋਰੀਅਨ
Roor singhਗਦਰੀ ਬਾਬਾ ਰੂੜ ਸਿੰਘ
ਦਰਸ਼ਨ ਸਿੰਘ ਭੁੱਲਰ

ਇਤਿਹਾਸਕ ਪੰਨੇ: ਹੋਰ ਲੇਖ

hore-arrow1gif.gif (1195 bytes)


Terms and Conditions/a>
Privacy Policy
© 1999-2022, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਸਾਹਿਤ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2022, 5abi.com