WWW 5abi.com  ਪੰਨਿਆ ਵਿੱਚ ਸ਼ਬਦ ਭਾਲ

hore-arrow1gif.gif (1195 bytes)

 

ਰੋਹੀ ਦਾ ਪੈਦਲ ਸਫ਼ਰ
ਲਖਵਿੰਦਰ ਜੌਹਲ ਧੱਲੇਕੇ       07/08/2023

lakwinder johal

022-1ਕੋਈ ਚਾਰ ਜਾਂ ਪੰਜ ਸਾਲ ਪਹਿਲਾਂ ਦੀ ਗੱਲ ਹੋਵੇਗੀ, ਮੈਂ ਚੱਕ 1 ਬੀ. ਆਰ. ਡਬਲਿਊ. (ਰਾਜਸਥਾਨ) ਵਿੱਚ ਸੀ। ਰਾਜਸਥਾਨ-ਹਰਿਆਣਾ ਦੀ ਹੱਦ ਤੇ ਪੈਂਦੇ ਇਸ ਚੱਕ ਤੋਂ ਪਿੱਛੇ ਹਰਿਆਣੇ ਦਾ ਆਖ਼ਰੀ ਪਿੰਡ ਕੋਈ ਚਾਰ ਕਿਲੋਮੀਟਰ ਅਤੇ ਰਾਜਸਥਾਨ ਦਾ ਪਹਿਲਾ ਪਿੰਡ ਸੱਤ ਕਿਲੋਮੀਟਰ ਦੂਰ ਹੈ। ਇਸ ਫ਼ਾਸਲੇ ਦੇ ਵਿੱਚ ਦੂਰ ਤੱਕ ਸਥਾਨਕ ਬਾਗੜੀ ਲੋਕਾਂ ਦੀਆਂ ਛੋਟੀਆਂ ਢਾਣੀਆਂ ਜਾਂ ਫਿਰ ਕੋਈ ਕੱਲਾ-ਕਹਿਰਾ ਘਰ ਹੈ। ਜਿਹੜੇ ਡੇਰੇ ਮੈਂ ਰੁਕਿਆ ਸੀ ਉਸਦੀਆਂ ਛੱਤਾਂ ਤੇ ਚੜ੍ਹਕੇ ਦੂਰ ਤੱਕ ਦੇਖਣਾ ਤਾਂ ਨਿਗ੍ਹਾ ਦੀ ਹੱਦ ਤੱਕ ਸਿਰਫ ਰੇਤਲੇ ਟਿੱਬੇ ਹੀ ਦਿਸਦੇ ਸਨ। ਸਥਾਨਕ ਲੋਕਾਂ ਮੁਤਾਬਕ ਇਸ ਇਲਾਕੇ ਵਿੱਚ ਮੀਂਹ ਕਦੇ ਕਦੇ ਹੀ ਪੈੰਦੇ ਹਨ ਤੇ ਜੇ ਕਦੇ ਥੋੜ੍ਹਾ ਬਹੁਤਾ ਮੀਂਹ ਪੈ ਜਾਂਦਾ ਤਾਂ ਟਿੱਬਿਆਂ ਤੇ ਕੋਈ ਮਾੜੀ ਮੋਟੀ ਫ਼ਸਲ ਦੀ ਹਰਿਆਲੀ ਦਿਸਣ ਲੱਗ ਪੈੰਦੀ ਸੀ। ਧਰਤੀ ਹੇਠਲਾ ਪਾਣੀ ਹੱਦੋਂ ਵੱਧ ਖਾਰਾ ਹੋਣ ਕਰਕੇ ਕਿਸੇ ਕੰਮ ਦਾ ਨਹੀਂ। ਪੀਣ ਲਈ ਅਤੇ ਥੋੜ੍ਹਾ ਬਹੁਤਾ ਧਰਤੀ ਸਿੰਜਣ ਲਈ ਨਹਿਰੀ ਪਾਣੀ ਹੀ ਵਰਤਿਆ ਜਾਂਦਾ ਹੈ। ਜੇ ਪਾਣੀ ਦੀ ਹਜੇ ਲੋੜ ਨਾ ਹੋਵੇ ਤਾਂ ਨਿੱਕੇ ਅਤੇ ਡੂੰਘੇ ਬਣੇ ਤਲਾਬਾਂ ਜਾਂ ਪੱਕੀਆਂ ਖੂਹਨੁਮਾ ਡਿੱਗੀਆਂ ਵਿੱਚ ਜਮ੍ਹਾਂ ਕਰ ਲਿਆ ਜਾਂਦਾ, ਜਿੱਥੋਂ ਲੋੜ ਪੈਣ ਵੇਲੇ ਪਾਣੀ ਵਰਤਿਆ ਜਾ ਸਕੇ।

ਮਈ ਮਹੀਨੇ ਦੇ ਪਹਿਲੇ ਦਿਨਾਂ ਵਿੱਚ ਹੀ ਗਰਮੀ ਬਹੁਤ ਜ਼ਿਆਦਾ ਪੈਣ ਲੱਗੀ ਤਾਂ ਅਸੀਂ ਸਾਰਾ ਕੰਮ ਸਾਝਰੇ ਹੀ ਨਿਬੇੜ ਦਿੰਦੇ ਅਤੇ ਦੁਪਿਹਰ ਹੋਣ ਤੋਂ ਪਹਿਲਾਂ ਸ਼ਾਮ ਹੋਣ ਤੱਕ ਅਰਾਮ ਕਰਦੇ। ਰਾਤ ਨੂੰ ਜਿੱਥੇ ਰੇਤਾ ਦੇ ਠੰਢੇ ਹੋਣ ਨਾਲ ਥੋੜ੍ਹੀ ਠੰਢਕ ਮਹਿਸੂਸ ਹੁੰਦੀ ਤਾਂ ਦਿਨ ਵੇਲੇ ਇਹੀ ਰੇਤਾ ਦਗਦੇ ਕੋਲਿਆਂ ਵਾਂਗ ਤਪਦਾ। ਇਸ ਲਈ ਕੋਈ ਵੀ ਜੋ ਕੰਮ ਕਰਦਾ ਸਵੇਰੇ ਜਾਂ ਸ਼ਾਮ ਨੂੰ ਹੀ ਕਰਦਾ।

ਸਾਡੇ ਡੇਰੇ ਇੱਕ ਸਥਾਨਕ ਬਾਗੜੀ ਲੜਕਾ ਰਾਮ ਮੂਰਤੀ ਅਕਸਰ ਆਇਆ ਕਰਦਾ ਸੀ, ਉਸਨੇ ਇੱਕ ਦਿਨ ਮੈਨੂੰ ਦੱਸਿਆ ਉਸਦਾ ਡੇਰਾ ਇੱਥੋਂ ਜਾਂਦੇ ਕੱਚੇ ਰਾਹ ਤੇ ਅੱਗੇ ਕੋਈ ਪੰਜ ਕਿਲੋਮੀਟਰ ਹੈ। ਇੱਕ ਸਵੇਰੇ ਜਦੋਂ ਉਹ ਡੇਰਿਓ ਤੁਰਨ ਲੱਗਾ ਤਾਂ ਮੈਂ ਕਿਸੇ ਨੂੰ ਬਿਨ੍ਹਾਂ ਦੱਸੇ ਉਸਦੇ ਦੇ ਨਾਲ ਕੱਚੇ ਰਾਹ ਹੋ ਤੁਰਿਆ। ਸੱਚ ਮੁੱਚ ਹੀ ਮੂਰਤੀ ਦੇ ਘਰ ਤੱਕ ਸਾਰਾ ਰਾਹ ਕੱਚਾ ਅਤੇ ਰੇਤਲਾ ਸੀ। ਸਾਰੇ ਰਾਹ ਵਿੱਚ ਉੱਚੇ ਨੀਵੇਂ ਰੇਤਲੇ ਟਿੱਬੇ ਅਤੇ ਦੂਰ ਤੱਕ ਪਾਣੀ ਦਾ ਕੋਈ ਨਾਮੋ ਨਿਸ਼ਾਨ ਨਹੀਂ ਸੀ। ਕਿਤੇ ਕੋਈ ਹਿਰਨਾਂ ਅਤੇ ਰੋਝਾਂ ਦੀ ਡਾਰ ਤੁਰੀ ਫਿਰਦੀ ਦਿਸ ਜਾਂਦੀ ਸੀ।

ਧੁੱਪ ਤੇਜ਼ ਹੋਣ ਤੋਂ ਪਹਿਲਾਂ ਹੀ ਅਸੀਂ ਮੂਰਤੀ ਦੇ ਡੇਰੇ ਪਹੁੰਚ ਗਏ। ਮੂਰਤੀ ਦਾ ਘਰ ਇਸ ਰੋਹੀ ਬੀਆਬਾਨ ਵਿੱਚ ਦੂਰ ਤੱਕ ਇੱਕੋ ਇੱਕ ਘਰ ਸੀ। ਮੂਰਤੀ ਦੇ ਮਾਤਾ ਜੀ ਨੇ ਪਾਣੀ ਪਿਆਉਣ ਤੋਂ ਬਾਅਦ ਰੋਟੀ ਦੀ ਪੇਸ਼ਕਸ਼ ਕੀਤੀ, ਪਰ ਰੋਟੀ ਮੈਂ ਵਾਪਸ ਡੇਰੇ ਆ ਕੇ ਹੀ ਖਾਣੀ ਚਾਹੁੰਦਾ ਸੀ। ਆਪਣਾ ਫੋ਼ਨ ਮੈਂ ਡੇਰੇ ਭੁੱਲ ਆਇਆ ਅਤੇ ਮੂਰਤੀ ਦੇ ਇਸ ਘਰ ਤੱਕ ਨੈੱਟਵਰਕ ਕੋਈ ਬਹੁਤ ਚੰਗਾ ਨਹੀਂ ਸੀ। ਇਸ ਲਈ ਪਿੱਛੇ ਡੇਰੇ ਤੇ ਕਿਸੇ ਨੂੰ ਮੇਰੀ ਕੋਈ ਖ਼ਬਰ ਨਹੀਂ ਸੀ। ਇਸ ਫ਼ਿਕਰ ਵਿੱਚ ਮੈਂ ਵਾਪਸ ਡੇਰੇ ਉਸੇ ਵਕਤ ਮੁੜਨ ਦਾ ਫੈਸਲਾ ਕੀਤਾ। ਮੂਰਤੀ ਅਤੇ ਉਸਦੇ ਪਰਿਵਾਰ ਨੇ ਤੇਜ਼ ਹੁੰਦੀ ਜਾ ਰਹੀ ਧੁੱਪ ਵਿੱਚ ਮੈਨੂੰ ਜਾਣੋਂ ਰੋਕਿਆ ਅਤੇ ਸ਼ਾਮ ਤੱਕ ਇੱਥੇ ਰੁਕਣ ਲਈ ਕਿਹਾ ਪਰ ਮੈਂ ਸੋਚਿਆ ਕਿ ਜੇ ਸ਼ਾਮ ਤੱਕ ਪਿੱਛੇ ਮੇਰਾ ਕਿਸੇ ਨੂੰ ਕੋਈ ਪਤਾ ਨਾ ਲੱਗਾ ਤਾਂ ਵੱਡੇ ਫਿਕਰ ਵਾਲੀ ਕੋਈ ਗੱਲ ਨਾ ਬਣ ਜਾਏ। ਮੇਰੇ ਜ਼ਿੱਦ ਕਰਨ ਤੇ ਉਨ੍ਹਾਂ ਨੇ ਮੈਨੂੰ ਨਾ ਰੋਕਿਆ ਅਤੇ ਮੂਰਤੀ ਦੇ ਮਾਤਾ ਜੀ ਨੇ ਪਾਣੀ ਦੀ ਇੱਕ ਥਰਮਸ ਮੇਰੇ ਕੋਲ ਲਿਆ ਰੱਖੀ।

ਮੂਰਤੀ ਦੇ ਡੇਰਿਓ ਨਿਕਲ਼ ਕੇ ਮੈਂ ਵਾਪਸ ਉਸੇ ਕੱਚੇ ਰਾਹ ਪੈ ਗਿਆ। ਧੁੱਪ ਹਜੇ ਐਨੀ ਤੇਜ਼ ਨਹੀਂ ਸੀ, ਇਸ ਲਈ ਰੇਤਾ ਕੁਝ ਜ਼ਿਆਦਾ ਤੱਤਾ ਨਹੀਂ ਸੀ। ਪਰ ਜਦੋਂ ਥੋੜ੍ਹਾ ਅੱਗੇ ਹੋਰ ਤੁਰਿਆ ਤਾਂ ਰੇਤਾ ਇਵੇਂ ਲੱਗਣ ਲੱਗਾ ਜਿਵੇਂ ਇੱਕ ਦਮ ਕਿਸੇ ਨੇ ਭੱਠੀ ‘ਚ ਪਾ ਕੇ ਤਪਾਉਣਾ ਸ਼ੁਰੂ ਕੀਤਾ ਹੋਵੇ। ਸੂਰਜ ਥੋੜ੍ਹਾ ਉੱਚਾ ਹੋਇਆ ਤਾਂ ਤੇਹ ਵੀ ਲੱਗਣ ਲੱਗੀ। ਪਾਣੀ ਤਾਂ ਨੇੜੇ ਕਿਤੇ ਵੀ ਨਹੀਂ ਸੀ, ਮੇਰੀ ਮਾੜੀ ਕਿਸਮਤ ਕਹਿ ਲਓ ਕਿ ਤੁਰਨ ਲੱਗਿਆਂ ਗੱਲਾਂ-ਗੱਲਾਂ ਵਿੱਚ ਮੈਂ ਥਰਮਸ ਚੁੱਕਣਾ ਭੁੱਲ ਗਿਆ। ਜਿਸ ਰੇਤੇ ‘ਤੇ ਸਵੇਰੇ ਆਉਂਦੇ ਵਕਤ ਮੈਂ ਬੜੇ ਅਰਾਮ ਨਾਲ ਆਇਆ ਸੀ ਹੁਣ ਮੁੜਦੇ ਵਕਤ ਅੱਗੇ ਵੱਧਦੇ ਵੀ ਪੈਰ ਪਿਛਾਂਹ ਵੱਲ ਜਾਂਦੇ ਲੱਗਦੇ ਸਨ। ਰਾਹ ਅਤੇ ਆਸ-ਪਾਸ ਦੇ ਸਾਰੇ ਟਿੱਬਿਆਂ ਦਾ ਰੇਤਾ ਹੁਣ ਐਨਾ ਕੁ ਤਪ ਚੁੱਕਿਆ ਸੀ ਕਿ ਮੈਂ ਸਮਝ ਗਿਆ ਪੈਰਾਂ ਵਿੱਚ ਪਾਈਆਂ ਚੱਪਲਾਂ ਨੇ ਹੁਣ ਮੇਰਾ ਬਚਾਅ ਨਹੀਂ ਕਰਨਾ। ਰਾਹ ਵਿੱਚ ਜੰਡਾਂ ਦੀ ਛਾਂਵੇ ਹਿਰਨ ਤੇ ਰੋਝ ਹੁਣ ਅਰਾਮ ਫਰਮਾ ਰਹੇ ਸਨ।

ਅਕਸਰ ਸਾਇੰਸ ਦੀਆਂ ਕਿਤਾਬਾਂ ਵਿੱਚ ਮਾਰੂਥਲ ਅਤੇ ਊਠਾਂ ਦੇ ਪੈਰਾਂ ਬਾਰੇ ਪੜ੍ਹਦੇ ਸੀ ਕਿ ਰੇਤੇ ਤੇ ਤੁਰਨਾ ਊਠ ਲਈ ਸੌਖਾ ਅਤੇ ਬੰਦੇ ਲਈ ਥੋੜ੍ਹਾ ਔਖਾ ਕੰਮ ਹੈ। ਸਵੇਰੇ ਆਉਂਦੇ ਵਕਤ ਤਾਂ ਇਹ ਨਹੀਂ ਸੀ ਲੱਗਾ ਪਰ ਹੁਣ ਇਹ ਖਿਆਲ ਆ ਰਿਹਾ ਸੀ ਕਿ ਲਿਖਣ ਵਾਲੇ ਨੂੰ ‘ਕੱਲੇ ਰੇਤੇ ਤੇ ਨਹੀਂ ਬਲਕਿ ਤੱਤੇ ਰੇਤੇ ਤੇ ਔਖਾ ਤੁਰਨ ਬਾਰੇ ਲਾਜ਼ਮੀ ਲਿਖਣਾ ਚਾਹੀਦਾ ਸੀ। ਵਾਪਸ ਮੂਰਤੀ ਦੇ ਡੇਰੇ ਤੇ ਮੁੜਨ ਦਾ ਖਿਆਲ ਵੀ ਆਇਆ ਪਰ ਪਿੱਛੇ ਕਿਸੇ ਨੂੰ ਬਿਨ੍ਹਾਂ ਪੁੱਛੇ ਦੱਸੇ ਆਉਣ ਦਾ ਡਰ ਹੁਣ ਵਾਪਸ ਵੀ ਮੁੜਨ ਨਹੀਂ ਸੀ ਦਿੰਦਾ।

ਸੂਰਜ ਹੁਣ ਸਿਰ ਤੇ ਆ ਗਿਆ ਅਤੇ ਅੱਗੇ ਤੁਰਨਾ ਹੋਰ ਔਖਾ ਹੋ ਗਿਆ। ਰਾਹ ਵਿੱਚ ਕਿਸੇ ਜੰਡ ਦੀ ਛਾਂ ਥੱਲੇ ਦੋ-ਤਿੰਨ ਮਿੰਟ ਰੁਕਣਾ ਤੇ ਅੱਗੇ ਤੁਰ ਪੈਣਾ। ਡੇਰਿਓ ਤੁਰਨ ਲੱਗੇ ਮੈਂ ਇੱਕ ਪਰਨਾ ਜ਼ਰੂਰ ਨਾਲ ਲਿਆਂਦਾ ਸੀ ਕਿਉਂਕਿ ਬਾਹਰ ਕਿਸੇ ਕੰਮ ਧੰਦੇ ਨਿਕਲਦਿਆਂ ਇਹ ਆਦਤ ਬਣ ਗਈ ਸੀ। ਪਰਨਾ ਸਿਰ ‘ਤੇ ਵਲੇਟ ਕੇ ਮੈਂ ਸਿਰ ਨੂੰ ਤਾਂ ਤੇਜ਼ ਧੁੱਪ ਤੋਂ ਬਚਾ ਲਿਆ ਪਰ ਪੈਰਾਂ ਦਾ ਤੱਤੇ ਰੇਤੇ ਨਾਲ ਬੁਰਾ ਹਾਲ ਹੋ ਗਿਆ। ਪਾਣੀ ਵੀ ਨੇੜੇ ਕਿਤੇ ਨਹੀਂ ਸੀ ਤੇ ਤੇਹ ਨਾਲ ਸੰਘ ਸੁੱਕਿਆ ਪਿਆ ਸੀ। ਹੁਣ ਕਿਤੇ ਅੱਗੇ ਨੇੜੇ ਕੋਈ ਜੰਡ ਵੀ ਨਹੀਂ ਸੀ ਤੇ ਰੇਤੇ ਵਿੱਚ ਪੈਰ ਅੱਗੇ ਪੱਟਿਆ ਵੀ ਪਿਛਾਂਹ ਨੂੰ ਜਾਂਦਾ ਮਹਿਸੂਸ ਹੋ ਰਿਹਾ ਸੀ।

ਰੇਤ ਦੇ ਇਸ ਸਮੁੰਦਰ ਵਿੱਚ ਧੁੱਪ ਅਤੇ ਤੇਹ ਨਾਲ ਹੁਣ ਜਾਨ ਨਿਕਲਦੀ ਮਹਿਸੂਸ ਹੋ ਰਹੀ ਸੀ। ਪਰ ਥੋੜ੍ਹਾ ਅੱਗੇ ਜਾ ਕੇ ਇੱਕ ਜੰਡ ਦਿਸਿਆ ਤਾਂ ਭੱਜ ਕੇ ਉਸਦੀ ਛਾਂ ਥੱਲੇ ਜਾ ਡਿੱਗਿਆ। ਅੱਖਾਂ ਵੀ ਬੰਦ ਹੋ ਰਹੀਆਂ ਸਨ। ਪਰ ਮੁੜ ਹਿੰਮਤ ਕਰਕੇ ਉੱਠਿਆ ਤੇ ਡੇਰੇ ਦੇ ਰਾਹ ਪੈ ਗਿਆ। ਇਹ ਮੈਨੂੰ ਪਤਾ ਸੀ ਕਿ ਜੇ ਜਲਦੀ ਕਿਤੋਂ ਪਾਣੀ ਨਾ ਮਿਲਿਆ ਤਾਂ ਸ਼ਾਇਦ ਹੁਣ ਕਿਤੇ ਡਿੱਗੇ ਤੋਂ ਮੁੜ ਉੱਠਿਆ ਵੀ ਨਾ ਜਾਵੇ। ਇਹ ਕੱਚਾ ਰਾਹ ਅੱਗੋਂ ਭਾਵੇਂ ਹੋਰ ਵੀ ਪਿੰਡਾਂ ਤੇ ਢਾਣੀਆਂ ਨੂੰ ਜਾਂਦਾ ਸੀ ਪਰ ਮਾਰੂਥਲ ਦੀ ਇਸ ਸਿਖਰ ਦੁਪਿਹਰ ਵਿੱਚ ਕਿਸੇ ਬੰਦੇ ਦਾ ਮਿਲਨਾ ਤਾਂ ਦੂਰ ਦੀ ਗੱਲ ਅਸਮਾਨ ਵਿੱਚ ਕੋਈ ਪਰਿੰਦਾ ਵੀ ਨਹੀਂ ਸੀ ਦਿਸਦਾ।

ਸਦੀਆਂ ਤੋਂ ਇੱਥੇ ਰਹਿੰਦੇ ਬੰਦੇ ਅਤੇ ਜੀਅ-ਜੰਤ ਵੀ ਇਸ ਕਹਿਰ ਦੀ ਗਰਮੀ ਵਿੱਚ ਦੁਪਹਿਰੇ ਵੇਖਣ ਨੂੰ ਨਹੀਂ ਸੀ ਮਿਲ ਰਹੇ। ਦੂਰ ਦੂਰ ਤੱਕ ਸਿਰਫ਼ ਰੇਤਾ, ਕੋਈ ਵਿਰਲਾ ਜੰਡ ਅਤੇ ਝਾੜੀਆਂ-ਬੂਟੀਆਂ ਤੋਂ ਇਲਾਵਾ ਹੋਰ ਕੁਝ ਨਹੀਂ ਸੀ। ਡਿੱਗਦੇ ਢਹਿੰਦੇ ਮੈਂ ਕਿਵੇਂ ਨਾ ਕਿਵੇਂ ਡੇਰੇ ਤੋਂ ਬਾਹਰਵਾਰ ਬਣੇ ਪਾਣੀ ਵਾਲੇ ਤਲਾਅ ਕੋਲ ਪਹੁੰਚ ਗਿਆ। ਬਾਹਰਵਾਰ ਬਣਿਆ ਇਹ ਤਲਾਅ ਜ਼ਿਆਦਾ ਡੂੰਘਾ ਨਾ ਹੋਣ ਕਰਕੇ ਅਤੇ ਪਾਸਿਆਂ ਤੇ ਵਾੜ ਨਾ ਕੀਤੀ ਹੋਣ ਕਰਕੇ ਇਸ ਵਿੱਚ ਅਕਸਰ ਜਾਨਵਰ ਤੇ ਅਵਾਰਾ ਕੁੱਤੇ ਵੀ ਵੜ ਜਾਂਦੇ ਸਨ। ਡੇਰਾ ਵੀ ਭਾਂਵੇ ਹੁਣ ਦਿਸ ਰਿਹਾ ਸੀ, ਪਰ ਪਾਣੀ ਵੇਖਕੇ ਅੱਗੇ ਇੱਕ ਪੈਰ ਵੀ ਨਾ ਪੁੱਟਿਆ ਗਿਆ। ਮੈਂ ਇਸੇ ਤਲਾਅ ਵਿੱਚੋਂ ਹੀ ਪਾਣੀ ਪੀਤਾ ਅਤੇ ਕੁਝ ਅਰਾਮ ਮਹਿਸੂਸ ਕੀਤਾ। ਜਿਹੜਾ ਪੰਧ ਜਾਂਦੇ ਵਕਤ ਅਸੀਂ ਅੱਧੇ ਪੌਣੇ ਘੰਟੇ ਵਿੱਚ ਪੂਰਾ ਕੀਤਾ ਓਸੇ ਤੇ ਹੀ ਮੈਂ ਕੋਈ ਡੇਢ ਦੋ ਘੰਟਿਆਂ ਵਿੱਚ ਵਾਪਸ ਡੇਰੇ ਪਹੁੰਚਿਆ। ਵਾਪਸ ਮੁੜਦਿਆਂ ਝਿੜਕਾਂ ਦਾ ਵੀ ਸਾਹਮਣਾ ਕਰਨਾ ਪਿਆ। ਪਰ ਪੈਰਾਂ ਵਿੱਚ ਛਾਲੇ ਤੇ ਪਸੀਨੇ ਵਿੱਚ ਗੜੁੱਚ ਵੇਖਕੇ ਸਾਰਿਆਂ ਨੇ ਥੋੜ੍ਹੀ ਨਰਮੀ ਵਰਤੀ ਅਤੇ ਅਰਾਮ ਕਰਨ ਲਈ ਕਿਹਾ। ਮੁੜ ਸਦਾ ਲਈ ਮੈਂ ਅਜਿਹੀ ਬੇਵਕੂਫ਼ੀ ਤੋਂ ਤੌਬਾ ਕੀਤੀ। ਰੱਬ ਦੀ ਕਰਨੀ ਕਿ ਮੈਂ ਬਚ ਗਿਆ ਕਿਉਂਕਿ ਉਜਾੜਾਂ ਵਿੱਚ ਅਕਸਰ ਬੰਦੇ ਦੇ ਇਸ ਤਰ੍ਹਾਂ ਭੁੱਖੇ ਤਿਹਾਏ ਮਰਨ ਦੀਆਂ ਗੱਲਾਂ ਸੁਣੀਆਂ ਸਨ।

ਰੋਹੀ ਦੇ ਇਸ ਪੈਦਲ ਸਫ਼ਰ ਦੀ ਅੱਜ ਵੀ ਕਦੇ ਯਾਦ ਆਵੇ ਤਾਂ ਲੱਖ ਲੱਖ ਵਾਰ ਰੱਬ ਦਾ ਸ਼ੁਕਰਾਨਾ ਕਰਦਾ ਹਾਂ ਜਿਸ ਨੇ ਉਸ ਦਿਨ ਬਚਾ ਲਿਆ। ਉਸ ਦਿਨ ਰਾਹ ਵਿੱਚ ਵਾਪਸ ਮੁੜਦਿਆਂ ਇੱਕ ਇਹ ਵੀ ਡਰ ਸੀ ਕਿ ਕੋਈ ਹਨੇਰੀ ਨਾ ਆ ਜਾਵੇ। ਕਿਉਂਕਿ ਇੱਥੇ ਰਹਿੰਦਿਆਂ ਹੁਣ ਤੱਕ ਮਈ-ਜੂਨ ਦੀਆਂ ਹਨੇਰੀਆਂ ਨਾਲ ਚੰਗੀ ਵਾਕਫੀ ਹੋ ਚੁੱਕੀ ਸੀ। ਪੰਜਾਬ ਦੀਆਂ ਹਨੇਰੀਆਂ ਨਾਲੋਂ ਇਹ ਕਈ ਪੱਖੋਂ ਬੜੀਆਂ ਭਿਆਨਕ ਹੁੰਦੀਆਂ ਸਨ, ਇਸ ਲਈ ਇਨ੍ਹਾਂ ਦਾ ਜ਼ਿਕਰ ਕਦੇ ਫੇਰ ਸਹੀ।

ਲਖਵਿੰਦਰ ਜੌਹਲ ‘ਧੱਲੇਕੇ’
ਈਮੇਲ-johallakwinder@gmail.com
ਸੰਪਰਕ- 9815959476

022-1

 
022-2
 
022-3
 
022-4

  022ਰੋਹੀ ਦਾ ਪੈਦਲ ਸਫ਼ਰ
ਲਖਵਿੰਦਰ ਜੌਹਲ ਧੱਲੇਕੇ
021ਮਾਂ ਜੀ ਤੇਰੇ ਦੋ ਪਿੰਡ ਆ? 
ਲਖਵਿੰਦਰ ਜੌਹਲ ਧੱਲੇਕੇ
020-1ਸਾਂਝੇ ਪੰਜਾਬ ਦੇ ਸਾਂਝੇ ਨਾਇਕ ਚੌਧਰੀ ਛੋਟੂ ਰਾਮ
ਲਖਵਿੰਦਰ ਜੌਹਲ ਧੱਲੇਕੇ
019-2‘ਬਾਰ’ ਵਾਲੇ ਚੱਕ 200 ਕਰਤਾਰਪੁਰ ਦੀਆਂ ਕੁਝ ਯਾਦਾਂ
ਲਖਵਿੰਦਰ ਜੌਹਲ ਧੱਲੇਕੇ
019‘ਬਾਰ’ ਵਾਲੇ ਚੱਕ 200 ਕਰਤਾਰਪੁਰ ਦੀਆਂ ਕੁਝ ਯਾਦਾਂ
ਲਖਵਿੰਦਰ ਜੌਹਲ ਧੱਲੇਕੇ
018ਢਹਿੰਦੇ ਕਿੰਗਰੇ 
ਡਾ. ਗੁਰਮਿੰਦਰ ਸਿੱਧੂ
17ਕਦੇ ਸ਼ਾਨ ਨਾਲ ਜਿਉਣ ਵਾਲੇ ਅਫ਼ਗਾਨਿਸਤਾਨ ਦੇ ਸਿੱਖ ਅੱਜ ਤਰਸਯੋਗ ਹਾਲਤ ਵਿਚ/a> 
ਹਰਜਿੰਦਰ ਸਿੰਘ ਲਾਲ
16ਨਾਨਕਾ ਪਿੰਡ, ਜੈਤੋ ਮੰਡੀ ਤੇ ਪਹੁ ਫੁਟਾਲੇ ਤੋਂ ਪਹਿਲਾਂ
ਲਖਵਿੰਦਰ ਜੌਹਲ ‘ਧੱਲੇਕੇ’
Lahore Amritsar‘ਲਾਹੌਰ’ ਅਤੇ ‘ਅੰਮ੍ਰਿਤਸਰ’ ਜੋ ਕਦੇ ਵੱਖ ਹੋ ਗਏ! 
ਲਖਵਿੰਦਰ ਜੌਹਲ ‘ਧੱਲੇਕੇ’
014ਧੱਲੇਕੇ ਪਿੰਡ ਦੇ ਇਤਿਹਾਸਕ ਦਰਵਾਜ਼ੇ
ਲਖਵਿੰਦਰ ਜੌਹਲ ‘ਧੱਲੇਕੇ’ 
013ਕਮਾਂਡਰ ਨਿਧਾਨ ਸਿੰਘ ਪੰਜ-ਹੱਥਾ
ਡਾ. ਹਰਸ਼ਿੰਦਰ ਕੌਰ, ਪਟਿਆਲਾ
vandਵੰਡ, ਉਜਾੜਾ 'ਤੇ ਸੱਭਿਆਚਾਰ ਦਾ ਪਤਨ
- ਲਖਵਿੰਦਰ ਜੌਹਲ ‘ਧੱਲੇਕੇ’ 
- ਭਾਗ ੧, ੨, ੩, ੪
011ਇਕ ਪਾਠਕ ਵੱਜੋਂ ਭਗਤ ਸਿੰਘ
ਹਰਜੋਤ ਓਬਰਾਏ (ਅਨੁਵਾਦ: ਸੁਖਵੰਤ ਹੁੰਦਲ )
ਸਾਰਾਗੜੀ ਦੇ 21 ਸਿੱਖ ਯੋਧੇ
ਜਸਪ੍ਰੀਤ ਸਿੰਘ, ਲੁਧਿਆਣਾ |
kuruਸ਼ਰਧਾ ਅਤੇ ਪ੍ਰੇਮ ਦਾ ਪ੍ਰਤੀਕ ਹੈ ਗੁਰਦੁਆਰਾ ਪਹਿਲੀ ਪਾਤਸ਼ਾਹੀ
ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ
dasam15 ਅਪ੍ਰੈਲ ਐਤਵਾਰ ਲਈ
ਦਸਮਪਿਤਾ ਦੇ ਜੀਵਨ ਦੀ ਪਹਿਲੀ ਜੰਗ: ਭੰਗਾਣੀ ਦਾ ਯੁੱਧ
ਰਣਜੀਤ ਸਿੰਘ ਪ੍ਰੀਤ
kaumiਇਤਿਹਾਸਕ ਦ੍ਰਿਸ਼ਟੀ ਤੋਂ: ਸਾਡਾ ਕੌਮੀ ਝੰਡਾ
ਰਣਜੀਤ ਸਿੰਘ ਪ੍ਰੀਤ
Banda... ਤੇ ਆਖਿਰ ਬੰਦਾ ਸਿੰਘ ਬਹਾਦਰ ਫੜਿਆ ਹੀ ਕਿਓਂ ਗਿਆ ?
ਡਾ ਗੁਰਮੀਤ ਸਿੰਘ ਬਰਸਾਲ ਸੈਨਹੋਜ਼ੇ
Loonaਲੂਣਾ ਦਾ ਪਿੰਡ: ਚਮਿਆਰੀ
ਜਤਿੰਦਰ ਸਿੰਘ ਔਲ਼ਖ
Sarhindਮਰਣੁ ਮੁਣਸਾਂ ਸੂਰਿਆ ਹਕੁ ਹੈ, ਜੋ ਹੋਇ ਮਰਨਿ ਪਰਵਾਣੋ॥ ਸਾਕਾ ਸਰਹੰਦ
ਇਕਵਾਕ ਸਿੰਘ ਪੱਟੀ
Katakਕੱਤਕ ਕਿ ਵੈਸਾਖ?
ਇਕਵਾਕ ਸਿੰਘ ਪੱਟੀ ਮੂਲ ਲੇਖਕ: ਕਰਮ ਸਿੰਘ ਹਿਸਟੋਰੀਅਨ
Roor singhਗਦਰੀ ਬਾਬਾ ਰੂੜ ਸਿੰਘ
ਦਰਸ਼ਨ ਸਿੰਘ ਭੁੱਲਰ

ਇਤਿਹਾਸਕ ਪੰਨੇ: ਹੋਰ ਲੇਖ

hore-arrow1gif.gif (1195 bytes)


Terms and Conditions/a>
Privacy Policy
© 1999-2022, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਸਾਹਿਤ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2022, 5abi.com