ਮੇਰੇ ਪਿੰਡ ਦੀ ਅੰਦਰਲੀ ਫਿਰਨੀ ਤੇ ਘੁੰਮਦੇ ਹੋਏ ਜਦੋਂ ਘੜਿਆਲੇ ਛੱਪੜ ਕੋਲ ਦੀ
ਹੋ ਕੇ ਅੱਗੇ ਲੰਘਦੇ ਹਾਂ ਤਾਂ ਦੋ ਪੁਰਾਣੇ ਦਰਵਾਜ਼ੇ ਨਜ਼ਰੀਂ ਪੈਂਦੇ ਨੇ।
ਪਹਿਲਾ ਜੋ ਦਰਵਾਜ਼ਾ ਹੈ ਉਸ ਉੱਤੇ ਖੱਬੇ ਪਾਸੇ ਉਰਦੂ ਵਿੱਚ ਲਿਖਿਆ ਹੋਇਆ ਹੈ,”ਇੱਕ
ਓਅੰਕਾਰ ਸਤਿਗੁਰ ਪ੍ਰਸਾਦ, ਮਾਲਕ ਮਕਾਨ ਸਰਦਾਰ ਕੇਹਰ ਸਿੰਘ”। ਵਿਚਕਾਰ ਗੁਰੂ ਨਾਨਕ
ਦੇਵ ਜੀ ਦਾ ਰੰਗੀਨ ਚਿੱਤਰ ਬਣਿਆਂ ਹੋਇਆ ਹੈ, ਤੇ ਸੱਜੇ ਪਾਸੇ ਗੁਰਮੁਖੀ ਵਿੱਚ ਲਿਖਿਆ
ਹੋਇਆ ਹੈ,”ਸਤਿਨਾਮ, ਮਾਲਕ ਸਰਦਾਰ ਕੇਹਰ ਸਿੰਘ”।
ਦਰਵਾਜ਼ੇ ਦੀ ਬਣਤਰ
ਬਿਲਕੁਲ ਪੁਰਾਣੇ ਜ਼ਮਾਨੇ ਦੀ ਹੈ। ਇਸ ਉੱਪਰ ਕੀਤਾ ਹੋਇਆ ਰੰਗ ਸ਼ਾਇਦ ਉਦੋਂ ਦਾ ਹੀ
ਹੈ। ਸਮੇਂ ਨਾਲ ਰੰਗ ਭਾਂਵੇ ਫਿੱਕਾ ਪੈ ਗਿਆ ਹੈ, ਪਰ ਅੱਜ ਵੀ ਚੰਗੀ ਤਰਾਂ ਜੋ ਲਿਖਿਆ
ਹੈ ਪੜ੍ਹਿਆ ਜਾ ਸਕਦਾ ਹੈ।
ਇਸ ਤੋਂ ਬਿਨ੍ਹਾਂ ਅਦਭੁੱਤ ਕਲਾ ਦੇ ਨਮੂਨੇ ਨੇ
ਜੋ ਉਸ ਜ਼ਮਾਨੇ ਦੇ ਕਾਰੀਗਰਾਂ ਦੀ ਕੀਤੀ ਮਿਹਨਤ ਤੇ ਹੁਨਰ ਦੀ ਗਵਾਹੀ ਭਰਦੇ ਨੇ। ਇਸ
ਦਰਵਾਜ਼ੇ ਵਾਲੇ ਘਰ ਦੇ ਅੰਦਰ ਕੌਣ ਪਰਿਵਾਰ ਹੁਣ ਰਹਿ ਰਿਹਾ ਹੈ ਜਾਂ ਇਹ ਘਰ ਹੁਣ
ਕਿਸਦੀ ਮਲਕੀਅਤ ਹੈ ਇਸ ਬਾਬਤ ਕੋਈ ਜਾਣਕਾਰੀ ਨਹੀਂ ਹੈ। ਜਦੋਂ ਕਿ ਬਿਲਕੁਲ ਇਸਦੇ ਨਾਲ
ਲੱਗਦੇ ਹਰੇ ਰੰਗ ਵਾਲੇ ਪੁਰਾਣੇ ਦਰਵਾਜ਼ੇ ਵਾਲਾ ਘਰ ਪਿੰਡ ਦੇ ਹੀ ਸ੍ਰ. ਠਾਣਾ ਸਿੰਘ
ਦਾ ਹੈ ਜਿੰਨ੍ਹਾਂ ਦਾ ਪੂਰਾ ਪਰਿਵਾਰ ਵਿਦੇਸ਼ ਰਹਿੰਦਾ ਹੈ। ਕੁਝ ਸਾਲ ਪਹਿਲਾਂ
ਉਨ੍ਹਾਂ ਨੇ ਇਸ ਦਰਵਾਜ਼ੇ ਤੇ ਦਲਾਨ ਦੀ ਲੋੜੀਂਦੀ ਮੁਰੰਮਤ ਕਰਵਾਕੇ ਰੰਗ ਕਰਵਾ
ਦਿੱਤਾ। ਇਸ ਦਰਵਾਜ਼ੇ ਉੱਪਰ ਵਿਚਕਾਰ ਗੁਰੂ ਗੋਬਿੰਦ ਸਿੰਘ ਜੀ ਦੀ ਉੱਭਰਵੀ ਤਸਵੀਰ
ਬਣੀ ਹੋਈ ਹੈ ਅਤੇ ਥੱਲੇ ਇਸ ਦਰਵਾਜ਼ੇ ਦੇ ਬਣਨ ਦਾ ਸਾਲ ਤੇ ਮਹੀਨਾ ਲਿਖਿਆ ਹੋਇਆ ਹੈ(
ਜੂਨ, 1941)। ਜਿਸਤੋਂ ਇਹ ਸਾਫ਼ ਪਤਾ ਲੱਗ ਰਿਹਾ ਹੈ ਕਿ ਇਹ ਦੋਵੇਂ ਦਰਵਾਜ਼ੇ
ਸੰਤਾਲੀ ਦੀ ਵੰਡ ਤੋਂ ਪਹਿਲਾਂ ਤਾਮੀਰ ਹੋਏ ਨੇ।
ਬਜ਼ੁਰਗਾਂ ਮੁਤਾਬਕ ਇਹੋ
ਜਿਹੇ ਦਰਵਾਜ਼ੇ ਬਣਾਉਣ ਦੇ ਮਾਹਰ ਜਿਆਦਾਤਰ ਮੁਸਲਮਾਨ ਕਾਰੀਗਰ ਹੁੰਦੇ ਸਨ। ਵੰਡ ਵੇਲੇ
ਅਜਿਹੇ ਕਾਰੀਗਰ ਸਦਾ ਲਈ ਚੜ੍ਹਦੇ ਪੰਜਾਬ ਨੂੰ ਅਲਵਿਦਾ ਆਖਕੇ ਚਲੇ ਗਏ ਸਨ।
ਪਹਿਲਾਂ ਜਦੋਂ ਇਹ ਪੁਰਾਣੇ ਘਰਾਂ ਵਾਲੀ ਗਲੀ ਪਿੰਡ ਦੀ ਬਾਹਰਲੀ ਫਿਰਨੀ ਹੁੰਦੀ ਸੀ
ਤਾਂ ਇਹ ਸਿਰਫ ਮਹਿਸੂਸ ਕੀਤਾ ਜਾ ਸਕਦਾ ਹੈ ਕਿ ਇਹੋ ਜਿਹੇ ਸ਼ਾਇਦ ਹੋਰ ਵੀ ਘਰ ਹੁੰਦੇ
ਹੋਣ, ਜੋ ਤਰੱਕੀ ਦੀ ਭੇਂਟ ਚੜ੍ਹ ਗਏ ਨੇ ਜਦੋਂਕਿ ਇਹ ਦੋ ਘਰ ਤੇ ਦਰਵਾਜ਼ੇ ਬਚੇ ਹੋਏ
ਨੇ। ਲਖਵਿੰਦਰ ਜੌਹਲ ‘ਧੱਲੇਕੇ’
|