ਜਿੱਥੇ ਸ਼ਿਵ ਲੂਣਾ ਲਿੱਖ ਕੇ ਅਮਰ ਹੋ ਗਿਆ ਉਥੇ ਲੂਣਾ ਨੇ ਪਤਾ ਨਹੀਂ ਕਿੰਨੇ ਕਵੀ ਅਮਰ
ਕਰ ਦਿੱਤੇ। ਕਿੰਨੇ ਕਵੀਆਂ ਨੇ ਲੂਣਾ 'ਤੇ ਕਲਮ
ਅਜ਼ਮਾਈ ਕਰਕੇ ਸ਼ਾਹਕਾਰ ਪੈਦਾ ਕੀਤੇ। ਆਉ ਤੁਹਾਨੂੰ ਲੂਣਾ ਦੇ ਪਿੰਡ ਚਮਿਆਰੀ
ਲੈ ਚੱਲਦੇ ਹਾਂ।
ਪਿੰਡ
ਚਮਿਆਰੀ ਅੰਮ੍ਰਿਤਸਰ ਜਿਲੇ ਦੀ ਅਜਲਾਲਾ ਤਹਿਸੀਲ ਤੋਂ ਕੁਝ ਕਿਲੋਮੀਟਰ ਦੀ ਵਿੱਥ ਤੇ
ਹੈ। ਉਂਝ ਚਮਿਆਰੀ ਕਦੀ 2500 ਤੋਂ 3000 ਹਜਾਰ ਸਾਲ ਪਹਿਲਾਂ ਮੱਧ ਏਸ਼ੀਆ ਦਾ ਉਘਾ
ਵਪਾਰਿਕ ਸ਼ਹਿਰ ਸੀ। ਪਰ ਰਾਵੀ ਦੇ ਹੜ੍ਹਾਂ ਦੀ ਮਾਰ ਅਤੇ ਰਾਜਨੀਤਕ ਬਖੇੜਿਆਂ ਕਾਰਨ
ਇੱਥੋਂ ਦੇ ਬਾਸ਼ਿੰਦੇ ਹੋਰ ਥਾਂਵਾਂ ਵੱਲ ਹਿਜਰਤ ਕਰ ਗਏ। ਪਰ ਤਕਰੀਬਨ ਚਾਰ ਸਦੀਆਂ
ਪਹਿਲਾਂ ਇਹ ਪਿੰਡ ਮੁੜ ਅਬਾਦ ਹੋਇਆ ਤੇ ਮੁੜ ਸਭਿਅਤਾ ਧੜਕਣ ਲੱਗੀ। ਕਹਿੰਦੇ ਹਨ ਕਿ
ਚਮਿਆਰੀ ਦਾ ਪੁਰਾਣਾ ਨਾਮ ਪੱਕਾ ਸ਼ਹਿਰ ਸੀ।
ਲੂਣਾ ਸਾਂਬੇ ਦੇ ਰਾਜੇ ਦੀ ਧੀ ਸੀ। ਜਦੋਂ ਲੂਣਾ
ਜਨਮੀ ਤਾਂ ਪੰਡਿਤ ਨੇ ਟੇਵਾ ਲਾ ਕੇ ਦੱਸਿਆ ਕਿ "ਇੱਸ ਲੜਕੀ ਤੋਂ ਰਾਜੇ ਦੀ ਜਾਨ ਨੂੰ
ਖਤਰਾ ਹੈ ਇੱਸ ਔਲਾਦ ਦਾ ਜਨਮ ਤੇਰੇ ਲਈ ਸ਼ੁੱਭ ਨਹੀਂ ਹੈ ਰਾਜਨ ਇੱਸ ਤੋਂ ਕਿਸੇ
ਤਰ੍ਹਾਂ ਛੁਟਕਾਰਾ ਪਾ"। ਰਾਜੇ ਨੇ ਇੱਕ ਸੰਦੂਕ ਬਣਵਾਇਆਂ ਜਿੱਸਦੇ ਦੋ ਭਾਗ ਬਣਾਏ ਗਏ।
ਹੇਠਲੇ ਭਾਗ ਵਿੱਚ ਸੋਨੇ ਦੀਆਂ ਮੋਹਰਾਂ, ਗਹਿਣੇ, ਹੀਰੇ ਆਦਿ ਪਾ ਦਿੱਤੇ ਗਏ ਅਤੇ
ਉਪਰਲੇ ਭਾਗ ਵਿੱਚ ਲੂਣਾ ਨੂੰ ਲਿਟਾ ਦਿੱਤਾ ਗਿਆ 'ਤੇ
ਸੰਦੂਖ ਦਰਿਆ ਬੁਰਦ ਕਰ ਦਿੱਤਾ ਗਿਆ। ਰੁੜਦਾ ਹੋਇਆ
ਸੰਦੂਖ ਪਿੰਡ ਚਮਿਆਰੀ ਦੀ ਘਾਟ ਤੇ ਪੀਪੇ ਚਮਿਆਰ ਅਤੇ ਇੱਕ ਧੋਬੀ ਦੀ ਨਜ਼ਰ ਪਿਆ।
ਦੋਹਾਂ ਨੇ ਸੰਦੂਖ ਦਰਿਆ ਵਿੱਚੋਂ ਕੱਢ ਲਿਆ ਅਤੇ ਪੀਪੇ ਅਤੇ ਧੋਬੀ ਵਿਚਾਲੇ ਸੰਦੂਖ ਦੀ
ਮਾਲਕੀ ਨੂੰ ਲੈ ਕੇ ਝਗੜਾ ਹੋ ਗਿਆ। ਅੰਤ ਫੈਸਲਾ
ਹੋਇਆ ਕਿ ਸੰਦੂਖ ਦਾ ਉਪਰਲਾ ਹਿੱਸਾ ਪੀਪਾ ਚਮਿਆਰ ਰੱਖ ਲਵੇਗਾ ਤੇ ਹੇਠਲਾ ਧੋਬੀ।
ਲੂਣਾ ਪੀਪੇ ਚਮਿਆਰ ਦੇ ਪਲ ਕੇ ਜਵਾਨ ਹੋਈ। ਉਸਦੀ ਸੁੰਦਰਤਾ ਬਾਰੇ ਬਿਆਨ ਕਰਨਾ
ਸ਼ਾਇਦ ਉਚਿਤ ਨਹੀਂ ਕਿਉਂਕਿ ਕਵੀਆਂ ਨੇ ਕੋਈ ਬਿੰਬ, ਅਲੰਕਾਰ ਅਜਿਹਾ ਨਹੀਂ ਛੱਡਿਆ ਜੋ
ਲੂਣਾ ਦੀ ਸੁੰਦਰਤਾ ਬਿਆਨ ਕਰਨ ਲਈ ਨਾ ਵਰਤਿਆ ਹੋਵੇ। ਸਿਆਲਕੋਟ ਦਾ ਰਾਜਾ ਚਮਿਆਰੀ ਦੇ
ਕੋਲ਼ ਸ਼ਿਕਾਰ ਖੇਡਿਆ ਕਰਦਾ ਸੀ। ਉਸਨੇ ਅਚਾਨਿਕ ਇੱਕ ਦਿਨ ਘਾਟ ਤੇ ਲੂਣਾ ਨੂੰ ਵੇਖ ਲਿਆ
ਤੇ ਉਸਤੇ ਮੋਹਿਤ ਹੋ ਗਿਆ। ਉਸਨੇ ਲੂਣਾ ਕੋਲ ਵਿਆਹ
ਦੀ ਪੇਸ਼ਕਸ਼ ਕੀਤੀ ਪਰ ਲੂਣਾ ਨੇ ਸ਼ਰਤ ਲਾਈ ਕਿ ਰਾਜਾ ਉਸਦੇ ਪਿੰਡ ਵਿੱਚ 12 ਖੂਹ ਲਵਾਏ
ਅਤੇ ਚਮਿਆਰੀ ਤੋਂ ਸਿਆਲਕੋਟ ਤੱਕ ਪੱਕੀ ਸੜਕ ਬਣਾਏ। ਰਾਜੇ ਨੇ ਏਸੇ ਤਰ੍ਹਾਂ ਹੀ
ਕੀਤਾ। ਪਿੰਡ ਦੇ ਇੱਕ ਬਜੁਰਗ ਦੇ ਦੱਸਣ ਅਨੁਸਾਰ ਇੱਕ ਖੇਤ ਦੀ ਖੁਦਾਈ ਦੇ ਦੌਰਾਨ
ਹੇਠੋਂ ਪੁਰਾਣੀਆਂ ਇੱਟਾਂ ਦਾ ਖੂਹ ਨਿਕਲਿਆ। ਇੱਕ ਹੋਰ ਬਜੁਰਗ ਸ੍ਰ: ਪ੍ਰੀਤਮ ਸਿੰਘ
ਨੇ ਦੱਸਿਆ ਕਿ ਉਹਨਾਂ ਦੇ ਬਜੁਰਗਾਂ ਨੇ ਸਿਆਲਕੋਟ ਤੱਕ ਪੱਕੀ ਸੜਕ ਖੁਦ ਵੇਖੀ ਸੀ।
ਸ੍ਰ: ਪ੍ਰੀਤਮ ਸਿੰਘ ਨੇ ਇਹ ਵੀ ਦੱਸਿਆ ਕਿ ਪਾਕਿਸਤਾਨ ਬਣਨ ਤੋਂ ਪਹਿਲਾਂ ਉਹਨਾ ਨੇ
ਸੜਕ ਦਾ ਕੁਝ ਹਿੱਸਾ ਖੁਦ ਵੇਖਿਆ ਸੀ ।
ਚਮਿਆਰੀ ਦੀ ਮਸ਼ਹੂਰ ਸ਼ਖਸੀਅਤ ਕਾਮਰੇਡ ਰਾਜੇਸ਼ਵਰ ਸਿੰਘ ਹਨ। ਉਹ ਦੇਸ਼ਭਗਤ ਲਹਿਰ
ਵਿੱਚ ਕੁਰਬਾਨੀ ਦੇ ਪੁੰਜ ਵਜੋਂਹ ਨਾਮਵਰ ਜੀਂਉਂਦੇ-ਜਾਗਦੇ ਹਸਤਾਖਰ ਹਨ ਉਹਨਾਂ ਨੂੰ
ਕਾਮਰੇਡ ਦਲੀਪ ਸਿੰਘ ਟਪਿਆਲਾ ਨੇ ਦੇਸ਼ਭਗਤੀ ਦੀ ਲਗਨ ਲਗਾਈ। ਅਤੇ ਉਹਨਾਂ ਨੇ ਸਾਰੀ
ਉਮਰ ਲੋਕਾਂ ਦੀ ਸੇਵਾ ਕਰਦਿਆਂ ਲਗਾ ਦਿੱਤੀ। ਉਹ ਚਮਿਆਰੀ ਦੇ ਖਾਂਦੇ-ਪੀਂਦੇ ਪਰਿਵਾਰ
ਵਿੱਚੋਂ ਸਨ। ਜਵਾਨੀ ਵੇਲੇ ਉਹਨਾਂ ਦੇ ਪਰਿਵਾਰ ਵਾਲੇ ਉਹਨਾਂ 'ਤੇ ਸ਼ਾਦੀ ਕਰਨ ਦਾ
ਦਬਾਅ ਪਾਉਣ ਲੱਗੇ। ਪਰ ਵਿਆਹ ਵਾਲੇ ਦਿਨ ਉਹ ਘਰੋਂ ਦੌੜ ਗਏ ਕਿਉਂਕਿ ਉਹ ਸਮਝਦੇ ਸਨ
ਕਿ ਘਰ-ਗ੍ਰਿਸਤੀ ਉਹਨਾਂ ਦੇ ਦੇਸ਼ਭਗਤੀ ਦੀ ਲਗਨ ਵਿੱਚ ਰੁਕਾਵਟ ਬਣੇਗੀ। ਉਸ ਤੋਂ ਬਾਅਦ
ਉਹ ਪਾਰਟੀ ਦੇ ਕੁਲਵਕਤੀ ਦੇ ਤੌਰ 'ਤੇ ਕੰਮ ਕਰਦੇ ਆ ਰਹੇ ਹਨ। ਸੀ.ਪੀ.ਐਮ ਦੇ
ਅੰਮ੍ਰਿਤਸਰ ਐਲਬਰਟ ਰੋਡ ਵਾਲੇ ਦਫਤਰ ਵਿੱਚ ਕਾਫੀ ਸਮਾਂ ਬਿਤਾਉਣ ਮਗਰੋਂ ਉਹ ਅਜਕਲ
ਦੇਸ਼ਭਗਤ ਯਾਦਗਾਰ ਹਾਲ ਜਲੰਧਰ ਵਿਖੇ ਰਹਿ ਰਹੇ ਹਨ।
ਲਗਭਗ 2000 ਤੋਂ 2500 ਸਾਲ ਪਹਿਲਾਂ ਚਮਿਆਰੀ ਚਮੜੇ ਤੋਂ ਬਣਨ ਵਾਲੀਆਂ ਵਸਤਾਂ ਦਾ
ਤਿਜਾਰਤੀ ਕੇਂਦਰ ਸੀ। ਇੱਥੋਂ ਬਣਨ ਵਾਲ਼ੀਆਂ ਚਮੜੇ ਦੀਆਂ ਵਸਤਾਂ ਨਾ ਸਿਰਫ ਉੱਤਰੀ
ਭਾਰਤ ਬਲਕਿ ਮੁਲਤਾਨ, ਕੰਧਾਰ, ਖਾੜੀ ਫਾਰਸ ਤੇ ਕੁਝ ਅਰਬ ਦੇਸ਼ਾਂ ਨੂੰ ਵੀ ਸਾਗਰ ਦੇ
ਜ਼ਰੀਏ ਸਪਲਾਈ ਹੁੰਦੀਆਂ ਸਨ। ਜਿੰਹਨਾਂ ਵਿੱਚ ਘੋੜਿਆਂ ਦੀਆਂ ਲਗਾਮਾਂ, ਜੁੱਤੀਆਂ,
ਮਸ਼ਕਾਂ ਤੇ ਫੌਜੀਆਂ ਦੀਆਂ ਵਿਸ਼ੇਸ਼ ਕਿਸਮ ਦੀਆਂ ਪੁਸ਼ਾਕਾਂ ਆਦਿ ਸ਼ਮਿਲ ਹਨ। ਦਿੱਲੀ ਤੋਂ
ਜੋ ਵਪਾਰੀ ਕਾਫਲੇ ਖਾੜੀ ਫਾਰਸ ਵੱਲ ਲਾਹੌਰ ਰਾਹੀਂ ਨਹੀਂ ਜਾਇਆ ਕਰਦੇ ਸਨ। ਉਹਨਾਂ ਦਾ
ਪੜਾਅ ਚਮਿਆਰੀ- ਸਿਆਲਕੋਟ ਆਦਿ ਹੁੰਦੇ ਸਨ। ਇੱਸ ਤਰ੍ਹਾਂ ਕਰਨ ਦੇ ਕਈ ਕਾਰਨ ਸਨ
ਵਪਾਰੀਆਂ ਦੇ ਦਿੱਲੀ ਲਾਹੌਰ ਵਾਲੇ ਰਾਹ 'ਤੇ ਲੁਟੇਰਿਆਂ ਦੀ ਜਿਆਦਾ ਨਿਗਾਹ ਰਹਿੰਦੀ
ਸੀ ਤੇ ਮਸੂਲ ਵਗੈਰਾ ਵੱਧ ਤਾਰਨਾ ਪੈਂਦਾ ਸੀ।
ਜਦੋਂ ਬੰਦਾ ਬਹਾਦਰ ਨੇ ਸਰਹੰਦ ਫਤਹਿ ਕਰਕੇ ਬਾਕੀ ਪੰਜਾਬ ਵੱਲ ਕੂਚ ਕੀਤਾ ਤਾਂ
ਫੌਜਾਂ ਸਣੇ ਇੱਥੇ ਪੜਾਅ ਕੀਤਾ। ਬੰਦਾ ਬਹਾਦਰ ਨੇ ਇੱਥੋਂ ਚੜਾਈ ਕਰਕੇ ਭੀਲੋਵਾਲ਼ ਦੇ
ਇਲਾਕੇ 'ਚ ਗਿਲਜੇ ਵੱਢੇ। ਜਿੱਥੇ ਬੰਦਾ ਬਹਾਦਰ ਨੇ ਪੜਾਅ ਕੀਤਾ ਉੱਥੇ ਅੱਜ ਗੁਰਦੁਆਰਾ
ਵਿਦਮਾਨ ਹੈ। ਪਿੰਡ ਵਿੱਚ ਇੱਕ ਤੁਲਸੀ ਦਾਸ ਨਾਮ ਦੇ ਭਗਤ ਦੀ ਸਮਾਧ ਹੈ ਜੋ ਸਾਰੀ ਉਮਰ
ਇੱਸਤਰੀ ਦੇ ਮੱਥੇ ਨਹੀਂ ਸੀ ਲੱਗਾ।
ਚਮਿਆਰੀ
ਪਿੰਡ ਦੇ ਦੋ ਜਰਨੈਲ ਸ੍ਰ: ਨਾਹਰ ਸਿੰਘ ਅਤੇ ਮਾਖੇ ਖਾਂ ਮਹਾਰਜਾ ਰਣਜੀਤ ਸਿੰਘ ਦੇ
ਵਿਸ਼ਵਾਸ਼ ਪਾਤਰ ਉੱਘੇ ਜਰਨੈਲ ਸਨ। ਅੰਗਰਜ਼ਾਂ ਨਾਲ਼ ਹੋਈਆਂ ਲੜਾਈਆਂ ਵਿੱਚ ਦੋਹਾਂ ਨੇ
ਕਮਾਲ ਦੀ ਬਹਾਦਰੀ ਵਿਖਾਈ। ਜਰਨੈਲ ਮਾਖੇ ਖਾਂ ਦਾ ਜ਼ਿਕਰ ਸ਼ਾਹਮੁਹੰਮਦ ਦੇ ਜੰਗਨਾਮਾ
ਸਿੰਘਾਂ ਤੇ ਫਰੰਗੀਆਂ 'ਚ ਵੀ ਆਉਂਦਾ ਹੈ:
'ਮੇਵਾ ਸਿੰਘ ਤੇ ਮਾਖੇ ਖਾਂ ਹੋਏ ਸਿੱਧੇ
ਹੱਲੇ ਤਿੰਨ ਫਰੰਗੀ ਦੇ ਮੋੜ ਸੁੱਟੇ'
ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ
ਵਾਂਗ ਨਿੰਬੂਆਂ ਲਹੂ ਨਿਚੋੜ ਸੁੱਟੇ'
ਜੰਗ ਹਾਰ ਜਾਣ ਪਿੱਛੋਂ ਮਾਖੇ ਖਾਂ ਪਿੰਡ ਆ ਗਿਆ। ਇੱਕ ਦਿਨ ਪਿੰਡ ਚਮਿਆਰੀ ਉੱਤੇ
ਡਾਕੂਆਂ ਹਮਲਾ ਕਰ ਦਿੱਤਾ। ਮਾਖੇ ਖਾਂ ਨੇ ਆਪਣੇ ਸਾਥੀਆਂ ਨਾਲ਼ ਡਾਕੂਆਂ ਦਾ ਡਟ ਕੇ
ਟਾਕਰਾ ਕੀਤਾ। ਡਾਕੂ ਚਿੱਲਿਆਂ ਵਾਲੀ ਦੀ ਲੜਾਈ ਦੇ ਇਹਨਾਂ ਨਾਇਕਾਂ ਸਾਹਵੇਂ ਟਿੱਕ ਨਾ
ਸਕੇ ਅਤੇ ਮਾਖੇ ਖਾਂ ਨੇ ਪਿੰਡ ਦੀ ਰਾਖੀ ਕੀਤੀ। ਮਹਾਰਜਾ ਰਣਜੀਤ ਸਿੰਘ ਨੇ ਮਾਖੇ ਖਾਂ
ਅਤੇ ਸ੍ਰ: ਨਾਹਰ ਸਿੰਘ ਨੂੰ ਜਗੀਰ ਦਿੱਤੀ ਹੋਈ ਸੀ। ਸਿੱਖ ਫੌਜਾਂ ਵੱਲੋਂ ਕੰਧਾਰ ਦਾ
ਕਿਲਾ ਫਤਹਿ ਕਰਨ ਸਮੇਂ ਮਾਖੇ ਖਾਂ ਤੋਪਚੀ ਸਨ। ਅਤੇ ਕਿਲਾ ਫਤਿਹ ਕਰਨਵਿੱਚ ਮਾਖੇ ਖਾਂ
ਦਾ ਬਹੁਤ ਵੱਡਾ ਹੱਥ ਸੀ। ਮਾਖੇ ਖਾਂ ਦੇ ਮਹਿਲਦੀ ਨਾਨਕਸ਼ਾਹੀ ਇੱਟਾਂ ਦੀ ਚਾਰਦਿਵਾਰੀ
ਅਤੇ ਬਚੇ ਹੋਏ ਦੋ ਕਮਰਿਆਂ ਵਿੱਚ ਇੱਕ ਕਿਸਾਨ ਪਰਿਵਾਰ ਰਹਿ ਰਿਹਾ ਹੈ। ਮਕਾਨ ਦਾ
ਵਿਸ਼ਾਲ ਦਰਵਾਜਾ ਵੀ ਮੌਜੂਦ ਹੈ। ਚਾਰਦਿਵਾਰੀ ਇੰਨੀ ਮਜਬੂਤ ਹੈ ਕਿ ਮਾਖੇ ਖਾਂ ਵਰਗੇ
ਬਹਾਦਰ ਯੋਧੇ ਅਤੇ ਫੌਜੀ ਦਿਮਾਗ ਦੀ ਕਾਢ ਹੈ। ਮਾਖੇ ਖਾਂ ਦਾ ਪੋਤਰਾ ਅਨਵਰ ਹੁਸੈਨ
1947 ਵਿਚ ਪਰਿਵਾਰ ਸਮੇਤ ਸ਼ੇਖੂਪੁਰੇ ਪਾਕਿਸਤਾਨ ਵੱਸ ਗਿਆ। ਅਨਵਰ ਹੁਸੈਨ ਦਾ ਪੋਤਰਾ
ਕੁਝ ਸਮਾਂ ਪਹਿਲਾਂ ਚਮਿਆਰੀ ਆਇਆ ਤੇ ਆਪਣੇ ਢੱਠੇ ਮਹਿਲਾਂ ਤੇ ਨਤਮਸਤਕ ਹੋ ਕੇ ਗਿਆ।
ਪ੍ਰਸਿੱਧ ਪੰਜਾਬੀ ਲੇਖਕ ਅਤੇ ਵਿਚਾਰਵਾਨ ਅਮੀਨ ਮਲਿਕ ਚਮਿਆਰੀ ਪਿੰਡ ਦੇ ਜੰਮਪਲ ਹਨ
ਜੋ ਅੱਜਕਲ ਲੰਡਨ ਰਹਿ ਰਹੇ ਹਨ।
ਜਤਿੰਦਰ ਸਿੰਘ ਔਲ਼ਖ.
ਪਿੰਡ ਤੇ ਡਾਕ: ਕੋਹਾਲ਼ੀ,
ਤਹਿ: ਅਜਨਾਲ਼ਾ, ਜਿਲਾ ਅੰਮ੍ਰਿਤਸਰ।
143109- ਪੰਜਾਬ।
ਫੋਨ: 9815534653 |