WWW 5abi.com  ਸ਼ਬਦ ਭਾਲ

ਤੁਹਾਡੇ ਵਿਚਾਰਾਂ ਦਾ ਸੁਆਗਤ ਹੈ... ਸਾਨੂੰ ਲਿਖੋ

ਪਾਠਕਾਂ ਦੇ ਵਿਚਾਰਾਂ ਨਾਲ 5abi.com ਅਦਾਰੇ ਦਾ
ਸਹਿਮਤ ਹੋਣਾ ਕੋਈ ਜ਼ਰੂਰੀ ਨਹੀ।

ਖਾਸ ਸੂਚਨਾ !

''ਸ਼ੁੱਧ ਪੰਜਾਬੀ'' ਦਾ ਮਨੋਰਥ ਲੈ ਕੇ, ਅਸੀਂ ਅੱਜ ਤੋਂ ਪੰਜ ਸਾਲ ਪਹਿਲਾਂ,  5abi.com ਦਾ ਇਹ ਇੰਟਰਨੈੱਟ ਪੋਰਟਲ ਸ਼ੁਰੂ ਕੀਤਾ ਸੀ। ਦੁਨੀਆਂ ਭਰ ਵਿੱਚ ਰਹਿੰਦੇ ਪੰਜਾਬੀਆਂ ਨੇ ਇਸ ਪਹਿਲ-ਕਦਮੀ ਦਾ ਬੜੇ ਉਤਸ਼ਾਹ ਨਾਲ ਹੁੰਗਾਰਾ ਭਰਿਆ ਅਤੇ ਸਾਥ ਦਿੱਤਾ। ਸ਼ੁਰੂ ਵਿਚ, ਹਰ ਪੰਜਾਬੀ ਪਾਠਕ ਨੂੰ ਪੰਜਾਬੀ ਟਾਈਪ ਕਰਨ ਦਾ ਅਭਿਆਸ ਨਾ ਹੋਣ ਕਰਕੇ, ਸਾਨੂੰ ਕਈ ਵਾਰ (ਆਪਣੇ ਅਸੂਲਾਂ ਦੇ ਵਿਰੁੱਧ) ਰੋਮਨ ਲਿੱਪੀ ਆਧਾਰਤ ਹੋਰ ਭਾਸ਼ਾਵਾਂ (ਖਾਸ ਕਰ ਅੰਗਰੇਜ਼ੀ) ਵਿੱਚ ਭੇਜੇ ਖਤ ਵੀ ਛਾਪਣੇ ਪੈਂਦੇ ਸਨ। ਹੁਣ ਸਾਨੂੰ, ਇਹ ਜਾਣ ਕੇ ਬੜੀ ਖੁਸ਼ੀ ਹੋ ਰਹੀ ਹੈ (ਅਤੇ ਮਾਣ ਵੀ!) ਕਿ ਸਾਡੇ ਪਾਠਕਾਂ ਨੇ ਹੰਬਲਾ ਮਾਰ ਕੇ ਪੰਜਾਬੀ ਟਾਈਪਿੰਗ ਹੀ ਨਹੀ ਸਿੱਖੀ ਬਲਕੇ ਕੰਪੂਟਰ ਤਕਨੀਕ ਦੇ ਮਾਹਰ ਵੀ ਬਣ ਗਏ ਹਨ। Windows XP ਦੇ ਆਉਣ ਨਾਲ ਤਾਂ ਪੰਜਾਬੀ ਭਾਸ਼ਾਂ ਨੂੰ ਦੂਸਰੀਆਂ ਅਧੁਨਿਕ ਭਾਸ਼ਾਵਾਂ ਦੇ ਬਰਾਬਰ ਦਾ ਦਰਜਾ ਮਿਲਿਆ ਹੈ ਅਤੇ ਪੰਜਾਬੀਆਂ ਨੂੰ ਆਪਣੀ ਭਾਸ਼ਾ ਨੂੰ ਤਰੱਕੀ ਦੀਆਂ ਬੇਹੱਦ ਉਚਾਈਆ ਵਲ ਲੈ ਜਾਣ ਦਾ ਸੁਨਹਿਰੀ ਮੌਕਾ ਵੀ!  ਹੁਣ, ਕਿਸੇ ਵੀ ਕਿਸਮ ਦੀ ਤਕਨੀਕੀ ਮੁਸ਼ਕਲ ਨਹੀਂ ਕਿ ਦੁਨੀਆਂ ਭਰ ਦੇ ਪੰਜਾਬੀਆਂ ਨੂੰ ਆਪਸੀ ਤਾਲ-ਮੇਲ ਲਈ ਕਿਸੇ ਬਦੇਸ਼ੀ ਭਾਸ਼ਾ ਦਾ ਸਹਾਰਾ ਲੈਣਾ ਪਵੇ। ਇਸ ਨਵੇ ਤਕਨੀਕ ਦਾ ਵੱਧ ਤੋਂ ਵੱਧ ਫਾਇਦਾ ਉਠਾਉਣ ਲਈ ਅਸੀਂ ਪਿਛਲੇ ਸਾਲ 5abi.com  ਨੂੰ ਸੰਪੂਰਨ ਤੌਰ ਤੇ ਯੂਨੀਕੋਡ ਤਕਨੀਕ ਵਿਚ ਬਦਲ ਦਿੱਤਾ ਹੈ।

ਇਨ੍ਹਾਂ ਉੱਪਲਭਦੀਆਂ ਨੂੰ ਮੁੱਖ ਰੱਖਦੇ ਹੋਏ, 5ਆਬੀ.ਕਾਮ ਦੇ ਪਾਠਕਾਂ ਦੀਆਂ ਖਾਸ ਤਜਵੀਜ਼ਾਂ ਮੁਤਾਬਕ, ਅਤੇ ਨਾਲ ਹੀ ਆਪਣੇ ''ਸ਼ੁੱਧ ਪੰਜਾਬੀ'' ਦੇ ਮਨੋਰਥ ਨੂੰ ਬਰਕਰਾਰ ਰੱਖਣ ਲਈ ਹੁਣ ਤੋਂ ਸਿਰਫ ਪੰਜਾਬੀ (ਗੁਰਮੁੱਖੀ ਲਿੱਪੀ) ਵਿੱਚ ਲਿਖੇ ਖਤ ਹੀ ਛਾਪੇ ਜਾਣਗੇ। ਸਾਡੀ ਉਮੀਦ ਹੈ ਕਿ 5ਆਬੀ ਪਾਠਕ ਪਹਿਲਾਂ ਦੀ ਤਰ੍ਹਾਂ ਆਪਣਾ ਸਾਥ ਦਿੰਦੇ ਰਹਿਣਗੇ!  ਸ਼ੁੱਭ ਇਛਾਵਾਂ ਨਾਲ, ਤੁਹਾਡਾ ....

- ਡਾ: ਬਲਦੇਵ ਸਿੰਘ ਕੰਦੋਲਾ  (23/01/05)         

5_cccccc1.gif (41 bytes)

ਇਂਜ: ਮਾਂਗਟ ਵੈਨਕੋਵਰ

29/01/05

ਪਰਵਾਸੀ ਠੱਗ ਲਾੜੇ:

ਅਜ ਇਕ ਸਥਾਨਕ ਰੇਡੀਓ ਤੇ ਖ਼ਬਰ ਪ੍ਰਸਾਰਤ ਕੀਤੀ ਗਈ ਕੇ ਹੁਣ ਪੰਜਾਬ ਦੀਆਂ ਲੜਕੀਆਂ ਨਾਲ ਪ੍ਰਵਾਸੀ ਲਾੜੇ ਠੱਗੀਆਂ ਨਹੀਂ ਕਰ ਸਕਣਗੇ ।ਇਸ ਖ਼ਬਰ ਵਿਚ ਦਸਿਆਂ ਗਿਆ ਕੇ ਜੋ ਪ੍ਰਵਾਸੀ ਲਾੜੇ ਵਿਆਹ ਤੋਂ ਬਾਅਦ ਲੜਕੀ ਦੇ ਕਾਗਜ਼ ਨਹੀਂ ਭਰਨਗੇ ਦੇ ਖਿਲਾਫ਼ 420/376 ਦੇ ਕੇਸ ਦਰਜ ਕੀਤੇ ਜਾਣਗੇ ਜਿਸ ਤੋਂ ਭਾਵ ਧੋਖਾ ਅਤੇ ਬਲਾਤਕਾਰ ਹੈ। ਇਸ ਖ਼ਬਰ ਅਨੁਸਾਰ 15000 ਅਜੇਹੀਆਂ ਲੜਕੀਆਂ ਪੰਜਾਬ ਵਿਚ ਹਨ ਜੋ ਆਪਣੇ ਪਰਦੇਸੀ ਲਾੜਿਆਂ ਨੂੰ ਲਭਦੀਆਂ ਖਜਲ ਖੁਆਰ ਹੋ ਰਹੀਆਂ ਹਨ ।

ਪੰਜਾਬ ਕੈਬਨਿਟ ਵਿਚ ਪਾਸ ਕੀਤੇ ਮਤੇ ਅਨੁਸਾਰ ਅਜੇਹੇ ਠੱਗ ਲਾੜਿਆਂ ਨੂੰ ਕਾਨੂੰਨੀ ਤੌਰ ਤੇ ਵਾਪਸ ਪੰਜਾਬ ਬੁਲਾਅ ਕੇ ਸਬੰਧਤ ਧਾਰਾਵਾਂ ਅਧੀਨ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾਵੇਗੀ।ਕੁਝ ਅਜੇਹੇ ਲਾੜੇ ਪ੍ਰਦੇਸਾਂ ਵਿਚ ਰੂਹ ਪੋਸ਼ ਹੋ ਗਏ ਹਨ।ਲਗਪਗ 30 ਕੇਸ ਹੁਣ ਪੰਜਾਬ ਵਿਚ ਚਲ ਰਹੇ ਹਨ ਅਤੇ ਕਾਫੀ ਕੇਸ ਛਾਣ ਬੀਣ ਅਧੀਨਂ ਹਨ । ਸ਼੍ਰੀ ਸੰਜੀਵ ਗੁਪਤਾ ਆਈ ਜੀ ਇਹਨਾਂ ਮੁਆਂਮਲਿਆਂ ਦੇ ਇਨਚਾਰਜ ਹਨ ।ਅਜੇਹੀ ਠੱਗੀ ਦੇ ਬਹੁਤੇ ਕੇਸ ਅਮਰੀਕਾ,ਕੈਨੇਡਾ ਅਤੇ ਇੰਗਲੈਂਡ ਵਿਚਲੇ ਲਾੜਿਆਂ ਦੇ ਹਨ।ਹੁਣ ਪ੍ਰਦੇਸੀ ਲਾੜਿਆਂ ਦੇ ਵਿਆਹ ਵੇਲੇ ਉਹਨਾਂ ਦੇ ਪ੍ਰਦੇਸੀ ਕਾਗ਼ਜ਼ਾਤ ਦੀ ਪਹਿਲਾਂ ਪੂਰੀ ਜਾਂਚ ਕੀਤੀ ਜਾਵੇਗੀ।

ਇਂਜ: ਮਾਂਗਟ ਵੈਨਕੋਵਰ

ਅਮਰਜੀਤ ਟਾਂਡਾ

ਫੋਟੋ: ਟ੍ਰੀਬਿਊਨ, ਸਈਦ ਅਹਮਦ

29/01/05

ਪਿਆਰੇ ਦੋਸਤੋ,
ਤੁਸੀਂ ਰੋਜ ਕਹਿੰਦੇ ਹੋ ਕਿ ਹੁਣ ਜਾ ਕੇ ਦੇਖੋ ਜਰਾ ਪੰਜਾਬ ਦੀ ਤਰੱਕੀ-ਤੁਸੀਂ ਦੇਖ ਕੇ ਹੈਰਾਨ ਹੋ ਜਾਓਗੇ, ਹੁਣ ਵਾਲਾ ਪੰਜਾਬ ਦੇਖ ਕੇ!!

ਯਾਰ !ਮੇਰੇ ਘਰ ਚ ਤਾਂ ਹਰ ਪਾਸੇ ਪਾਣੀ ਹੀ ਪਾਣੀ ਹੈ-ਰਾਤ ਸੌਣ ਲਈ ਕੋਈ ਟਿਕਾਣਾ ਨਹੀਂ ਹੈ? ਭਿੱਜ ਗਈਆਂ ਹਨ ਮੇਰੀਆਂ ਆਸਾਂ-ਦੱਸੋ ਦਾਲ ਰੋਟੀ ਕਿੱਥੇ ਪਕਾਵਾਂ? ਭੁੱਖੀਆਂ ਆਂਦਰਾਂ ਨੂੰ ਕਾਹਦਾ ਝੁਲਕਾ ਦੇਵਾਂ?

ਯਾਰ ਮੂਰਤਾਂ ਕਦੇ ਗਲਤ ਨਹੀਂ ਬੋਲਦੀਆਂ ਹੁੰਦੀਆਂ?

ਅਮਰਜੀਤ ਟਾਂਡਾ

ਰਾਜ ਭੁਪਿੰਦਰ ਸਿੰਘ, ਭਾਰਤ

28/01/05

ਸਤਿਕਾਰਯੋਗ ਗਿਆਨੀ ਕਰਨੈਲ ਸਿੰਘ ਜੀ,
ਸਤਿ ਸ੍ਰੀ ਅਕਾਲ,
ਤੁਹਾਡੀ ਚਿੱਠੀ ਪੜ੍ਹੀ ਤੇ ਮੇਰੇ ਵਿਚਾਰ ਹੇਠ ਲਿਖੇ ਅਨੁਸਾਰ ਹਨ ਜੀ :-
1. ਤੁਹਾਡਾ ਕਹਿਣਾ ਬਿਲਕੁਲ ਠੀਕ ਹੈ ਕਿ ਪ੍ਰਸ਼ਾਸ਼ਨ ਸੁੱਤਾ ਪਿਆ ਹੈ । ਲੀਡਰ ਆਪੋ ਆਪਣੀ ਡਫਲੀ ਵਜਾ ਕੇ ਜਨਤਾ ਨੂੰ ਬੇਵਕੂਫ ਬਣਾ ਰਹੇ ਹਨ । ਬਹੁਤੇ ਪੰਚ , ਸਰਪੰਚ ਵੀ ਲੀਡਰੀ ਖਾਤਰ ਝੋਲੀ ਚੁੱਕ ਬਣੇ ਹੋਏ ਹਨ । ਮਾਸਟਰ ਵੀ ਆਪੋ ਆਪਣੀ ਰੋਜੀ-ਰੋਟੀ ਕਮਾਉਣ ਵਿਚ ਰੁੱਝੇ ਹੋਏ ਹਨ । ਟਿਉਸ਼ਨਾਂ ਵੱਧ ਪੜਾਈਆਂ ਜਾਂਦੀਆਂ ਹਨ ਤੇ ਸਕੂਲ਼ ਵਿਚ ਗੱਪਾਂ ਮਾਰ ਕੇ ਸਾਰ ਲਿਆ ਜਾਂਦਾ ਹੈ । ਕਿਸੇ ਸਿਵਲ ਹਸਪਤਾਲ ਵਿਚ ਚਲੇ ਜਾਓ । ਬਹੁਤੇ ਡਾਕਟਰ ਮਰੀਜ ਨੂੰ ਇਹ ਕਹਿੰਦੇ ਹੋਏ ਮਿਲਣਗੇ ਕਿ ਸ਼ਾਮ ਨੂੰ ਉਨ੍ਹਾਂ ਦੀ ਕੋਠੀ ਆ ਕੇ ਵਿਖਾਉਣ , ਜਿਥੇ ਮੋਟੀ ਫੀਸ ਲਈ ਜਾਂਦੀ ਹੈ । ਮਤਲਬ ਕਿ ਸਾਰੇ ਪਾਸੇ ਆਪੋ ਧਾਪੀ ਪਈ ਹੋਈ ਹੈ । ਇਸ ਕਾਰਨ ਸਕੂਲੀ ਗਰੀਬ ਬੱਚਿਆਂ ਦਾ ਤਾਂ ਰਬ ਹੀ ਰਾਖਾ ਹੈ ।

2. ਗੱਲ ਇੰਜ ਹੈ ਕਿ " ਵੰਡੋ ਵਿਦਿਆ ਦੀ ਲੋਅ " ਪ੍ਰੋਜੈਕਟ ਨੇ ਕੀ ਕਰਨਾ ਹੈ ? ਸਾਰੇ ਆਪੋ ਆਪਣੀ ਸੇਵਾ ਪਾਉਣ ਲਈ ਤਿਆਰ ਹਨ। ਪਰ ਇਸ ਸੇਵਾ ਦਾ ਸਦ-ਉਪਯੋਗ ਕਿਵੇਂ ਕੀਤਾ ਜਾਵੇ ? ਇਹੀ ਮੁੱਖ ਮਸਲਾ ਹੈ ।

3. ਮੇਰੀ ਜਾਚੇ ਪੰਜਾਬ ਦੇ ਵੱਖੋ ਵੱਖ ਜਿਲਿਆਂ ਵਿਚ ਰਹਿੰਦੇ ਪੰਜਾਬੀ ਪਾਠਕ, ਆਪੋ ਆਪਣਾ ਜਿਲ੍ਹਾਂ ਮੱਲ ਲੈਣ। ਆਪਣੇ ਕੀਮਤੀ ਸਮੇਂ ਵਿਚੋਂ, ਕਾਫੀ ਸਾਰਾ ਹਿੱਸਾ ਕੱਢਣ । ਸਵੇਰ ਤੋਂ ਸ਼ਾਮ ਤੱਕ ਕਾਰ ਜਾਂ ਸਕੂਟਰ ਦੀ ਵਰਤੋਂ ਕਰ ਕੇ ਸਾਰੇ ਸਰਕਾਰੀ ਸਕੂਲਾਂ ਦਾ ਚੱਕਰ ਲਾਉਣ ( ਇਸ ਕਾਰਜ ਲਈ 10 ਤੋਂ 15 ਦਿਨ ਜਾਂ ਇਸ ਤੋਂ ਵੀ ਵੱਧ ਸਮਾਂ ਵੀ ਲੱਗ ਸਕਦਾ ਹੈ ) । ਸਾਰੇ ਸਕੂਲਾਂ ਵਿਚਲੇ ਤੱਪੜ ਤੇ ਡੈਸਕਾਂ ਦੀ ਹਾਲਤ ਵੇਖ ਕੇ, ਮੰਗ ਨੋਟ ਕਰ ਲਈ ਜਾਵੇ ਤੇ ਨਾਲ ਹੀ ਹਰ ਸਕੂਲ ਦੇ ਮੁੱਖ- ਅਧਿਆਪਕ ਤੋਂ ਇਹ ਪਤਾ ਕਰ ਲਿਆ ਜਾਵੇ ਕਿ ਜੇ ਉਨ੍ਹਾਂ ਦੇ ਸਕੂਲ਼ ਨੂੰ ਤੱਪੜ ਤੇ ਡੈਸਕ ਮੁਫਤ ਮੁਹਈਆ ਕਰਵਾਏ ਜਾਣ ਤਾਂ ਉਨ੍ਹਾਂ ਨੂੰ ਕੋਈ ਮੁਸ਼ਕਲ ਤਾਂ ਨਹੀਂ ਹੋਵੇਗੀ । ਉਨ੍ਹਾਂ ਨੂੰ ਸਿਰਫ ਪ੍ਰਾਪਤ ਕੀਤੇ ਸਮਾਨ ਦੀ ਇੱਕ ਰਸੀਦ ਦੇਣੀ ਹੋਵੇਗੀ, ਜਿਸ ਵਿਚ ਮੁੱਖ-ਅਧਿਆਪਕ ਦੇ ਦਸਤਖਤ, ਮੋਹਰ, ਪੂਰਾ ਨਾਂ, ਪਤਾ , ਟੈਲੀਫੋਨ ਨੰਬਰ, ਈ-ਮੇਲ ਪਤਾ ( ਜੇ ਕੋਈ ਹੋਵੇ ) ਸ਼ਾਮਲ ਹੋਣਗੇ । ਇਸ ਸਾਰੀਆਂ ਰਸੀਦਾਂ ਦਾ ਵੇਰਵਾ ਬਾਅਦ ਵਿਚ ਸਕੈਨ ਕਰ ਕੇ 5ਆਬੀ.ਕਾਮ ਦੇ ਕਿਸੇ ਖਾਸ ਕਾਲਮ ਵਿਚ ਛਾਪ ਦਿਤਾ ਜਾਵੇਗਾ ਤਾਂ ਕਿ ਕੋਈ ਇਨ੍ਹਾਂ ਤੋਂ ਫੋਨ ਜਾਂ ਈ-ਮੇਲ ਰਾਹੀਂ ਲੋੜੀਂਦੀ ਜਾਣਕਾਰੀ ਹਾਸਲ ਕਰ ਸਕੇ ।

3. ਉਪਰੰਤ ਕੁੱਲ ਟਾਟ ਜਾਂ ਤੱਪੜ ਤੇ ਡੈਸਕਾਂ ਦੀ ਗਿਣਤੀ ਕੀਤੀ ਜਾਵੇ । ਬਜਾਰ ਦੇ ਥੋਕ ਵਿਕਰੇਤਾਵਾਂ ਤੋਂ ਰੇਟ ਲਏ ਜਾਣ । ਸਾਰੀ ਕੀਮਤ ਪਤਾ ਲਗਾ ਕੇ ਉਸ ਵਿਚ 10 ਪ੍ਰਤੀਸ਼ਤ ( ਬਤੌਰ ਅਣ-ਦੇਖੇ ਖਰਚੇ ) ਹੋਰ ਜੋੜ ਲਿਆ ਜਾਵੇ, ਜਿਸ ਦਾ ਵੇਰਵਾ ਵੀ ਨੈੱਟ ਤੇ ਸਮੇਂ ਸਮੇਂ ਅਨੁਸਾਰ ਦਿਤਾ ਜਾਵੇ । ਮੰਨ ਲਓ ਕੁਲ ਕੀਮਤ 20 ਲੱਖ ਰੁਪਏ ਆਉਂਦੀ ਹੈ । ਫਿਰ ਸਾਰੇ ਉਦਮੀ ਪੰਜਾਬੀ ਪਾਠਕ ਆਪੋ ਆਪਣੇ ਵਿਤ ਅਨੁਸਾਰ ਹਿੱਸਾ ਪਾਉਣ । ਫੰਡ ਇੱਕਠੇ ਕਰਨ ਵਿਚ ਕੁਝ ਹੱਫਤਿਆਂ ਤੋਂ ਲੈ ਕੇ ਕੁਝ ਮਹੀਨੇ ਲੱਗ ਸਕਦੇ ਹਨ ।

4. ਜਦੋਂ ਲੋੜੀਂਦੇ ਫੰਡ ਇਕੱਠੇ ਹੋ ਜਾਣ ਤਾਂ ਪੰਜਾਬ ਵਿਚ ਰਹਿੰਦੇ ਪਾਠਕ (ਜਿਨ੍ਹਾਂ ਵਿਚ ਬਾਹਰ ਤੋਂ ਵੀ ਕੋਈ ਪਾਠਕ ਆ ਕੇ ਸ਼ਾਮਲ ਹੋ ਸਕਦਾ ਹੈ ) ਰੱਲ ਕੇ ਸਮਾਨ ਦੀ ਥੋਕ ਖਰੀਦ ਕਰਨ ਤੇ ਵੱਖ ਵੱਖ ਜਿਲਿਆਂ ਵਿਚ ਹਰ ਲੋੜਵੰਦ ਸਕੂਲ ਵਿਚ ਸਮਾਨ ਵੰਡ ਕੇ ਰਸੀਦਾਂ ਪ੍ਰਾਪਤ ਕੀਤੀਆਂ ਜਾਣ । ਜਿਸ ਦੀਆਂ ਸਕੈਨ ਕੀਤੀਆਂ ਹੋਈਆਂ ਕਾਪੀਆਂ ਨੈੱਟ ਤੇ ਛਾਪੀਆਂ ਜਾਣਗੀਆਂ।

5. ਚੰਗਾ ਕੰਮ ਕਰਨਾ ਕੋਈ ਮੁਸ਼ਕਲ ਨਹੀਂ । ਸਿਰਫ ਨੀਅਤ ਸਾਫ ਚਾਹੀਦੀ ਹੈ । ਅਸੀਂ ਆਪਣੇ ਬਾਲਾਂ ਲਈ ਹਜਾਰਾਂ ਰੁਪਏ/ਡਾਲਰ/ਪੌਂਡ ਖਰਚ ਕਰਦੇ ਹਾਂ । ਇਸ ਵਾਰ ਇਨ੍ਹਾਂ ਗਰੀਬ ਬਾਲਾਂ ਲਈ ਵੀ ਕੁਝ ਕਰ ਵਿਖਾਈਏ ।

6. ਕਿਸੇ ਸਰਕਾਰ, ਕਿਸੇ ਮੰਤਰੀ, ਪੰਚ, ਸਰਪੰਚ, ਮਾਸਟਰ ਨੇ ਕੁਝ ਨਹੀਂ ਜੇ ਕਰਨਾ । ਇਹ ਸਾਰਾ ਸਾਨੂੰ ਆਪ ਹੀ ਕਰਨਾ ਪੈਣਾ ਹੈ। ਫਿਰ ਹੋ ਸਕਦਾ ਹੈ ਕਿ ਇਹ ਸਭ ਵੇਖਾ ਵੇਖੀ, ਕੁਝ ਪੰਚਾਇਤਾਂ ਵੀ ਇਸ ਕਾਰਜ ਵਿਚ ਹਿੱਸਾ ਪਾਉਣ ਲਈ ਅੱਗੇ ਆਉਣ ।

7. ਗਿਆਨੀ ਜੀ ਦਾ ਇਹ ਕਹਿਣਾ ਕਿ ਸੁਰਿੰਦਰ ਮਾਹਲ ਜੀ ਦੇ ਸੁਝਾਏ ਕਾਲਮ 'ਗੰਭੀਰ ਪੰਜਾਬੀ ਮਸਲੇ' ਵਿਚ ਇਹ ਕਾਰਜ ਸ਼ਾਮਲ ਕਰਨਾ ਚਾਹੀਦਾ ਹੈ । ਇਸ ਬਾਰੇ ਤਾਂ ਸੰਪਾਦਕ ਜੀ ਨੇ ਹੀ ਫੈਸਲਾ ਕਰਨਾ ਹੈ ।

ਰਾਜੇਸ਼ ਜਲੌਟਾ, ਕਮਲਜੀਤ ਕੌਰ ਤੇ ਭੂਵਿੰਦਰ ਕੌਰ ਜੀ ਦਾ ਵਿਚਾਰ ਦੇਣ ਲਈ ਬਹੁਤ ਬਹੁਤ ਧੰਨਵਾਦ ।

ਬਾਕੀ ਪਾਠਕ ਵੀ ਆਪੋ ਆਪਣੇ ਵਿਚਾਰ ਦੇਣ ।
ਰਾਜ ਭੁਪਿੰਦਰ ਸਿੰਘ, ਭਾਰਤ ।

ਰਾਜੇਸ਼ ਜਲੌਟਾ ਅਤੇ ਕਮਲਜੀਤ ਕੌਰ

27/01/05

ਆਦਣੀਯ ਕੰਦੋਲਾ ਜੀ,
ਸ਼੍ਰੀ ਰਾਜ ਭੁਪਿੰਦਰ ਜੀ ਦਾ ਪਤੱਰ ਪੜ ਕੇ ਮਨ ਬਹੁੱਤ ਦੁਖੀ ਹੋਇਆ। ਮੈਂ ਰਾਜ ਹੋਰਾਂ ਨਾਲ ਪੂਰੀ ਤਰਾਂ ਸਹਿਮਤ ਹਾਂ ਕਿ ਪੰਜਾਬ ਦੇ
ਪ੍ਰਾਇਮਰੀ ਸਕੂਲਾਂ ( ਜਿਨ੍ਹਾਂ ਵਿਚ ਜਿਆਦਾਤਰ ਗਰੀਬ ਬੱਚੇ ਹੀ ਮੁੱਢਲੀ ਸਿਖਿਆ ਪ੍ਰਾਪਤ ਕਰਦੇ ਹਨ ) ਦੀਆਂ ਲੋੜਾਂ ਪੂਰੀਆਂ ਕਰਨ ਹਿਤ ਉਪਰਾਲਾ ਕੀਤਾ ਜਾਵੇ । ਇਸ ਜਰੂਰੀ ਕਾਰਜ ਲਈ ਅਸੀ ਅਪਨੇ ਪਰਿਵਾਰ ਸਮੇਤ ਹਰ ਪ੍ਰਕਾਰ ਦੀ ਸਹਾਇਤਾ ਕਰਨ ਲਈ ਤਿਆਰ ਹਾਂ।

ਰਾਜੇਸ਼ ਜਲੌਟਾ ਅਤੇ ਕਮਲਜੀਤ ਕੌਰ

ਭੂਵਿੰਦਰ ਕੌਰ ਗਿੱਲ, ਐਡਮੰਟਨ, ਕੈਨੇਡਾ

ਕਾਸ਼! ਸਾਡੇ ਸਕੂਲ ਵੀ ਅਮਰੀਕਾ ਵਰਗੇ ਹੋਣ! - ਡਾ. ਚਰਨਜੀਤ ਸਿੰਘ ਗੁਮਟਾਲਾ 

27/01/05

ਪਿਆਰੇ ਕੰਦੋਲਾ ਸਾਹਿਬ ਜੀਓ,

ਡਾਕਟਰ ਚਰਨਜੀਤ ਸਿੰਘ ਗੁਮਟਾਲਾ ਹੋਰਾਂ ਦਾ ਲੇਖ ਪੜਿਆ ਤਾਂ ਕੋਈ ਹੈਰਾਨੀ ਨਹੀਂ ਹੋਈ ਕਿਉਂਕਿ ਪੰਜਾਬ ਦੇ ਸਕੂਲਾਂ ਦੀ ਹਾਲਤ ਤੋਂ ਅਸੀਂ ਸਾਰੇ ਹੀ ਜਾਣੂ ਹਾਂ। ਰਾਜ ਭੁਪਿੰਦਰ ਸਿੰਘ, ਭਾਰਤ ਹੋਰਾਂ ਵਲੋਂ ਪੇਸ਼ ਕੀਤੀ ਰਿਪੋਰਟ ਤੇ ਅੰਕੜੇ ਵੀ ਸਹੀ ਹੀ ਜਾਪਦੇ ਹਨ। ਮੈਨੂੰ ਹੈਰਾਨੀ ਇਸ ਗੱਲ ਦੀ ਹੈ ਕਿ ਪਰਵਾਸੀ ਪੰਜਾਬੀ ਭਾਈਚਾਰਾ ਇਸ ਵਾਰੇ ਬਹੁਤਾ ਕੁਝ ਨਹੀਂ ਕਰ ਰਿਹਾ।

ਬਾਹਰਲੇ ਪੌਂਡ ਤੇ ਡਾਲਰ ਪੰਜਾਬ ਵਿਚ ਜਾ ਕੇ ਕਈ ਗੁਣਾਂ ਹੋ ਜਾਂਦੇ ਹਨ। ਜੇ ਅਸੀਂ ਸਾਰੇ ਆਪਣੇ ਆਪਣੇ ਪਿੰਡ ਜਾਂ ਸ਼ਹਿਰ ਦੇ ਸਕੂਲ ਨੂੰ ਸੁਧਾਰਨ ਦੀ ਕੋਸ਼ਿਸ਼ ਕਰੀਏ ਤਾਂ ਪੰਜਾਬ ਦੀ ਤਸਵੀਰ ਬਦਲ ਸਕਦੇ ਹਾਂ। ਅਸੀਂ ਜਦੋਂ ਵੀ ਪੰਜਾਬ ਦਾ ਗੇੜਾ ਮਾਰਦੇ ਹਾਂ ਤਾਂ ਪੈਸਾ ਪਾਣੀ ਵਾਂਗ ਵਹਾ ਦਿੰਦੇ ਹਾਂ। ਵਿਆਹਾਂ-ਪਾਰਟੀਆਂ, ਅਖੰਡ ਪਾਠਾਂ, ਲੰਗਰਾਂ ਆਦਿ ਵਿਚ ਪੈਸਾ ਖਰਚ ਕਰਨ ਲੱਗੇ ਕਦੀ ਭਾਅ ਵੀ ਨਹੀਂ ਪੁੱਛਿਆ। ਪਰ ਸਾਡੇ ਵਿਚੋਂ ਕਿੰਨੇ ਕੁ ਹਨ ਜਿਹੜੇ ਇੱਕ ਵਾਰੀ ਵੀ ਆਪਣੇ ਪਿੰਡ ਦੇ ਸਕੂਲ ਜਾ ਕੇ ਅਧਿਆਪਕਾਂ ਕੋਲ ਬੈਠਕੇ ਉਹਨਾਂ ਦੀਆਂ ਮੰਗਾਂ ਵਾਰੇ ਸੁਣਦੇ ਹਨ। ਮੈਂ ਆਪਣੀ ਸਿਫਤ ਆਪ ਨਹੀਂ ਕਰਨੀ ਚਾਹੁੰਦੀ, ਪਰ ਪਾਠਕਾਂ ਦੀ ਜਾਣਕਾਰੀ ਲਈ ਇਹ ਦੱਸਣਾਂ ਜਰੂਰੀ ਸਮਝਦੀ ਹਾਂ ਕਿ ਸਾਡੇ ਛੋਟੇ ਜਿਹੇ ਪਿੰਡ ਵਿਚ ਪੰਜਵੀਂ ਤੱਕ ਸਰਕਾਰੀ ਸਕੂਲ ਹੈ। ਪਿੰਡ ਦੇ ਅਮੀਰ ਘਰਾਣੇ ਦੇ ਬੱਚੇ ਤਾਂ ਸਵੇਰ ਨੂੰ ਰਿਕਸ਼ਿਆਂ ਤੇ ਵੈਨਾਂ ਰਾਹੀਂ ਨਾਲ ਦੇ ਕਸਬਿਆਂ ਵਿਚ ਪ੍ਰਾਈਵੇਟ ਸਕੂਲਾਂ ਵਿਚ ਪੜਨ ਚਲੇ ਜਾਂਦੇ ਹਨ ਪਰ ਗਰੀਬ ਤਬਕੇ ਦੇ ਬੱਚੇ, ਨੰਗੇ ਪੈਰੀਂ, ਹੱਥਾਂ ਵਿਚ ਫੱਟੀਆਂ ਬਸਤੇ ਫੜੀ ਸਰਕਾਰੀ ਸਕੂਲ ਵੱਲ। ਕੁਝ ਸਾਲ ਪਹਿਲਾਂ ਜਦੋਂ ਅਸੀਂ ਸਕੂਲ ਜਾ ਕੇ ਦੇਖਿਆ ਤਾਂ ਪਤਾ ਲੱਗਾ ਕਿ ਸਕੂਲ ਵਿਚ ਪੀਣ ਦੇ ਪਾਣੀ ਜਾਂ ਬਾਥਰੂਮ ਵਗੈਰਾ ਦਾ ਨਾਮ ਨਿਸ਼ਾਨ ਵੀ ਨਹੀਂ ਹੈ। ਸਕੂਲ ਦੀਆਂ ਕੁੜੀਆਂ ਨੂੰ ਬਾਥਰੂਮ ਲਈ ਵੀ ਘਰ ਜਾਣਾ ਪੈਂਦਾ ਸੀ। ਇਸ ਲੋੜ ਨੂੰ ਜਰੂਰੀ ਸਮਝ ਕੇ ਪਾਣੀ ਦੀਆਂ ਟੂਟੀਆਂ ਲਗਵਾਈਆਂ ਤੇ ਬਾਥਰੂਮ ਬਣਵਾਏ। ਜਿਸ ਦਾ ਖਰਚਾ ਬਾਹਰ ਦੇ ਹਿਸਾਬ ਨਾਲ ਸਿਰਫ ਨਾ-ਮਾਤਰ ਹੀ ਸੀ।

ਫਿਰ ਪਤਾ ਲੱਗਾ ਕਿ ਪੰਜਾਬ ਵਿਚ ਸਰਕਾਰ, ਸਕੂਲ ਦੇ ਵਿਦਿਆਰਥੀਆਂ ਦੀ ਗਿਣਤੀ ਦੇ ਹਿਸਾਬ ਨਾਲ ਅਧਿਆਪਕ ਮੁਹੱਈਆ ਕਰਦੀ ਹੈ। ਸਕੂਲ ਵਿਚ 65 ਵਿਦਿਆਰਥੀ ਸਨ ਤੇ ਸਰਕਾਰ ਨੇ ਇੱਕ ਹੈਡਮਾਸਟਰ ਤੇ ਇੱਕ ਅਧਿਆਪਕ ਦੀ ਜਿੰਮੇਵਾਰੀ ਲਗਾਈ ਹੋਈ ਸੀ। ਹੈਡਮਾਸਟਰ ਦਾ ਸਾਰਾ ਦਿਨ ਕਾਗਜ਼ੀ ਕਾਰਵਾਈ ਵਿਚ ਹੀ ਰਹਿੰਦਾ ਕਿਉਂਕਿ ਉਸੇ ਸਕੂਲ ਨੂੰ ਬਲਾਕ ਦੇ ਸਕੂਲਾਂ ਦਾ ਸੈਂਟਰ ਵੀ ਬਣਾਇਆ ਹੋਇਆ ਸੀ ਤੇ ਸਾਰਾ ਕੰਮ ਇੱਥੇ ਹੀ ਹੁੰਦਾ ਸੀ, ਉਪਰੋਂ ਇੱਕ ਹੋਰ ਜਿੰਮੇਵਾਰੀ ਹੈਡਮਾਸਟਰ ਦੀ ਹੁੰਦੀ ਹੈ ਕਿ ਗਰੀਬਾਂ ਦੇ ਬੱਚਿਆਂ ਨੂੰ ਮਹੀਨੇ ਵਿਚ ਜਿਹੜੇ ਤਿੰਨ ਕਿੱਲੋ ਦਾਣੇ ਮਿਲਦੇ ਹਨ ਉਹ ਹੈਡਮਾਸਟਰ ਆਪ ਸ਼ਹਿਰੋਂ ਮੋਟਰਸਾਈਕਲ ਤੇ ਜਾ ਕੇ ਲਿਆਉਂਦਾ ਹੈ ਤੇ ਵੰਡਣ ਨੂੰ ਵੀ ਸਾਰਾ ਦਿਨ ਲੱਗ ਜਾਂਦਾ ਹੈ। ਇੱਥੇ ਲੋੜ ਮਹਿਸੂਸ ਕਰਦੇ ਹੋਏ ਆਪਣੇ ਵਲੋਂ ਪਿੰਡ ਦੀ ਕੁੜੀ ਨੂੰ ਅਧਿਆਪਕਾ ਦੇ ਤੌਰ ਤੇ ਰੱਖਿਆ ਹੈ ਜਿਸ ਦੀ ਤਨਖਾਹ ਕੈਨੇਡਾ ਦੇ ਹਿਸਾਬ ਨਾਲ ਸਿਰਫ 25-30 ਡਾਲਰ ਮਹੀਨਾ ਬਣਦੀ ਹੈ। ਇੰਨੇ ਪੈਸੇ ਅਸੀਂ ਇੱਧਰ ਹਫਤੇ ਵਿਚ ਕੌਫੀ ਤੇ ਲਾ ਦਿੰਦੇ ਹਾਂ। ਜਦੋਂ ਬੱਚਿਆਂ ਨੂੰ ਟੁੱਟੀਆਂ ਹੋਈਆਂ ਇੱਟਾਂ ਤੇ ਬੈਠਿਆਂ ਦੇਖਿਆ ਤਾਂ ਦੂਸਰੇ ਦਿਨ ਹੀ ਆਪ ਸ਼ਹਿਰ ਜਾ ਕੇ ਤੱਪੜ ਲਿਆ ਕੇ ਦਿੱਤੇ। ਸਕੂਲ ਨੂੰ ਰੰਗ ਕਰਵਾਇਆ ਤੇ ਵਿਹੜੇ ਵਿਚ ਫਰਸ਼ ਲਗਵਾਇਆ ਤਾਂ ਕਿ ਬੱਚਿਆਂ ਮੀਂਹ ਕਣੀ ਵਿਚ ਚਿੱਕੜ ਵਿਚ ਨਾਂ ਲਿੱਬੜਨ। ਲੋੜ ਅਨੁਸਾਰ ਬੱਚਿਆਂ ਨੂੰ ਜੂਨੀਫਾਰਮ, ਕੋਟੀਆਂ, ਜੁੱਤੀਆਂ, ਜੁਰਾਬਾਂ ਤੇ ਕਾਪੀਆਂ ਮੁਹੱਈਆ ਕੀਤੀਆਂ ਜਾਂਦੀਆਂ ਹਨ। ਜਿੰਨਾ ਚਿਰ ਅਸੀਂ ਸਰਕਾਰ ਕੋਲ ਰਿਪੋਰਟਾਂ ਭੇਜਣ ਤੇ ਜਾਂ ਅੰਕੜੇ ਇੱਕਠੇ ਕਰਨ ਤੇ ਲਾਉਂਦੇ ਹਾਂ ਉਨੇ ਚਿਰ ਵਿਚ ਇਹਨਾਂ ਬੱਚਿਆਂ ਦੇ ਪੰਜ ਸਾਲ ਪੂਰੇ ਹੋ ਜਾਂਦੇ ਹਨ, ਪੜਾਈ ਲਿਖਾਈ ਕੁਝ ਨਹੀਂ ਕੀਤੀ ਹੁੰਦੀ ਤੇ ਇਹ ਦਿਹਾੜੀਆਂ ਕਰਨ ਲਈ ਮਜਬੂਰ ਹੋ ਜਾਂਦੇ ਹਨ।

ਕਹਿਣ ਦਾ ਮਤਲਵ ਹੈ ਕਿ ਆਓ ਆਪ ਹੰਭਲਾ ਮਾਰੀਏ, ਜੇ ਸਾਡੀ ਸਰਕਾਰ ਮਾੜੀ ਹੈ ਤਾਂ ਬੱਚਿਆਂ ਦਾ ਕੀ ਕਸੂਰ? ਇਸੇ ਸਬੰਧ ਵਿਚ ਚਾਰ ਲਾਈਨਾਂ ਲਿਖੀਆਂ ਸਨ ਕਿ

ਆਓ ਬਣਾਈਏ ਕਾਫਲਾ, ਤੇ ਬਦਲੀਏ ਸੰਸਾਰ ਨੂੰ।
ਆਓ ਘੜੀਏ ਕਲਮ ਨੂੰ, ਕਰੀਏ ਤਿੱਖੀ ਇਹਦੀ ਧਾਰ ਨੂੰ।

ਆਓ ਲਗਾਈਏ ਉਂਗਲੀ, ਸੜਕਾਂ ਤੇ ਮੰਗਦੇ ਬਾਲ ਨੂੰ।
ਜਿਹਦਾ ਕੋਈ ਕਸੂਰ ਨਾ, ਕੱਟੀਏ ਉਹਦੇ ਜੰਜਾਲ ਨੂੰ।

ਬੱਚਿਆਂ ਦੇ ਵਿਚ ਬੈਠ ਕੇ, ਵਿਦਿਆ ਦੇ ਪਾਏ ਦਾਨ ਨੂੰ।
ਕੱਟਕੇ ਗਰੀਬੀ ਬਾਪ ਦੀ, ਰੋਸ਼ਨ ਕਰੇ ਖਾਨਦਾਨ ਨੂੰ।

ਸੋਚਣਾਂ ਕੋਈ ਮਾੜੀ ਗੱਲ ਨਹੀਂ ਪਰ ਸੋਚ ਤੇ ਪਹਿਰਾ ਦੇਣਾਂ ਉਸ ਤੋਂ ਵੀ ਚੰਗਾ। ਹੋਰ ਵੀ ਕਈ ਪਿੰਡਾਂ ਵਿਚ ਪਰਵਾਸੀ ਪੰਜਾਬੀਆਂ ਨੇ ਇਹੋ ਜਿਹੇ ਹੰਭਲੇ ਮਾਰੇ ਹਨ ਪਰ ਇਹ ਰਿਵਾਜ ਹਰੇਕ ਪਿੰਡ ਵਿਚ ਪੈਣਾਂ ਚਾਹੀਦਾ ਹੈ। ਜੇ ਅਸੀਂ ਇੱਕ ਇੱਕ ਜਣਾ ਦੋ ਦੋ ਬੱਚਿਆਂ ਨੂੰ ਵਿਦਿਆ ਦਾ ਦਾਨ ਦੇ ਸਕੀਏ ਤਾਂ ਪੰਜਾਬ ਦਾ ਕੋਈ ਬੱਚਾ ਦਿਹਾੜੀਆਂ ਕਰਨ ਲਈ ਮਜਬੂਰ ਨਹੀਂ ਹੋਵੇਗਾ।
ਧੰਨਵਾਦ ਸਹਿਤ,
ਭੂਵਿੰਦਰ ਕੌਰ ਗਿੱਲ, ਐਡਮੰਟਨ, ਕੈਨੇਡਾ

ਕਰਨੈਲ ਸਿੰਘ

27/01/05

ਪਿਆਰੇ ਰਾਜ ਭੁਪਿੰਦਰ ਸਿੰਘ ਜੀ,

ਤੁਹਾਡੇ ਵੱਲੋਂ ਦੱਸੀ 24 ਜਨਵਰੀ 2005 ਦੀ ਪੰਜਾਬੀ ਟ੍ਰੀਬਿਊਂਨ ਵਿਚ ਛਪੀ ਖਬਰ, ਭਾਰਤੀ ਪਾਰਲੀਮੈਂਟ ਵਿਚ ਇਕ ਹਨੇਰੀ ਲਿਆ ਸਕਦੀ ਹੈ।

ਆਪ ਜੀ ਦੇ ਪੱਤਰ ਰਾਹੀਂ ਪੰਜਾਬ ਦੇ ਸਕੂਲਾਂ ਦੀ ਇਤਨੀ ਬੁਰੀ ਹਾਲਤ ਬਾਰੇ ਜਾਣਕੇ ਦਿਲ ਬੜਾ ਦੁਖਦਾ ਹੈ, ਕਿ ਸਾਡਾ ਪ੍ਰਸ਼ਾਸਨ ਕਿੱਥੇ ਸੁੱਤਾ ਹੈ।

ਇਸ ਮੁਆਮਲੇ ਬਾਰੇ ਮੈਂ ਆਪ ਜੀ ਨੂੰ ਇਹ ਤਾਂ ਨਹੀਂ ਕਹਿ ਸਕਦਾ ਕਿ ਅਸ਼ੀਂ ਵਿਦੇਸ਼ ਦੇ ਹਰ ਗੁਰਦਵਾਰੇ ਦੇ ਪ੍ਰਬੰਧਕਾਂ ਕੋਲ ਝੋਲੀ ਅੱਡ ਕੇ ਕੁੱਝ ਸਹਾਇਤਾ ਮੰਗਣ ਤੁਰ ਪਈਏ। ਕਿਓਂਕਿ ਏਥੋਂ ਦਾ ਹਰ ਧਾਰਮਕ ਗਰੁੱਪ ( ਆਪਣੀ ਭੱਲ ਬਨਾਉਣ ਲਈ) ਕਿਸੇ ਨਾ ਕਿਸੇ ਨੇਤਾ ਦੀ, ਜੀ-ਹਜ਼ੂਰੀ ਨਾਲ ਬੱਝਾ ਹੈ। ਭਾਵੇਂ ਉਹ ਬਾਦਲ ਹੈ ਜਾਂ ਸਿਮਰਣਜੀਤ ਸਿੰਘ। ਵੱਡੇ ਵੱਡੇ ਗੁਰਦਵਾਰੇ ਕੀ ਦਸਦੇ ਹਨ, ਜੇ ਤੁਹਾਡੇ ਪਿੱਛੋਕੜ ਦੀ ਹਾਲਤ ਏਨੀਂ ਸ਼ਰਮਨਾਕ ਹੈ? ਪਰ ਇਹ ਲੋਕ ਕਦੇ ਵੀ ਕੁਝ ਨਹੀਂ ਕਰ ਸਕਣਗੇ। ਕੇਵਲ ਏਥੇ ਆਏ ਲੀਡਰਾਂ ਦੀ ਝੋਲੀ ਭਰਨ ਵਿਚ ਆਪਣਾ ਫ਼ਖਰ ਸਮਝਣਗੇ। ਚਿਰਾਂ ਤੋਂ ਏਹੀ ਵੇਖਣ ਵਿਚ ਆ ਰਿਹਾ ਹੈ।

ਇਹ ਕੰਮ ਤਾਂ ਪਿੰਡਾਂ ਦੇ ਲੋਕਾਂ ਦੇ ਜਾਗਣ ਅਤੇ ਆਪਣੀ ਵੋਟ ਦਾ ਅਧਿਕਾਰ ਮੰਗ ਸਕਣ ਨਾਲ ਤਅੱਲਕ ਰੱਖਦਾ ਹੈ।

ਅਮੀਰ ਜਾਂ ਸਰਪੰਚ ਪੱਧਰ ਦੇ ਲੋਕ,( ਜਿਹੜੇ ਵੱਡੀਆਂ ਗਰਾਂਟਾਂ, ਸਰਕਾਰ ਜਾਂ ਨੇਤਾਵਾਂ ਤੋਂ ਲੈ ਕੇ ਹੜੱਪ ਜਾਂਦੇ ਹਨ) ਆਪਣੇ ਬੱਚੇ ਪਰਾਈਵੇਟ ਸਕੂਲਾ ਵਿਚ ਭੇਜਦੇ ਹਨ।

ਉਹ ਅਤੇ ਚਾਲਾਕ ਨੇਤਾ, ਕਿਸਾਨਾਂ ਤੇ ਦਲਿਤ ਵਰਗਾਂ ਦੀ ਅਨਪੜ੍ਹਤਾ ਦਾ ਨਾ-ਜਾਇਜ਼ ਫ਼ਾਇਦਾ ਉਠਾ ਕੇ, ਸੱਤਾ ਤਾਂ ਹਾਸਲ ਕਰ ਲੈਂਦੇ ਹਨ, ਐਪਰ ਕੌਮ ਦੀ ਪਨੀਰੀ ਦੀ ਬੇਸਿਕ ਤਾਲੀਮ ਬਾਰੇ ਕਦੇ ਨਹੀਂ ਸੋਚਦੇ। ਨਾਲੇ ਮਾਇਆਵਤੀ ਜਿਹੇ ਦਲਿਤ ਲੀਡਰ ਕੀ ਕਰਦੇ ਹਨ?

ਉਹਨਾਂ ਕਿਸਾਨਾਂ ਦੀ ਬੇਚਾਰਗੀ ਦਾ ਫ਼ਾਇਦਾ ਉਠਾ ਕੇ ਬਾਦਲ ਹੋਰੀਂ ਆਪਣੇ ਭਰਿਸ਼ਟਾਚਾਰ ਦੇ ਕੇਸਾਂ ਤੇ ਪੜਦਾ ਪਾਉਣ ਲਈ, ਉਹਨਾਂ ਵੱਲੋਂ ਰੇਲ ਮਾਰਗ ਜਾਂ ਬਸਾਂ ਦੇ ਰਾਸਤੇ ਤਾਂ ਰੋਕਣ ਨੂੰ ਕਹਿੰਦੇ ਰਹਿੰਦੇ ਹਨ, ਐਪਰ ਸਕੂਲ਼ਾਂ ਦੇ ਤੱਪੜਾ ਬਾਰੇ ਕਦੇ ਰੈਲੀਆਂ ਨਹੀਂ ਕਰਵਾਉਂਦੇ।

ਜਿਵੇਂ ਬਿਹਾਰ ਵਿਚ ਚਾਰੇ ਦਾ ਪੈਸਾ ਖਾਣ ਦਾ ਅਪਰਾਧ ਲਾਲੂ ਯਾਦਵ ਦੇ ਸਿਰ ਆਉਂਦਾ ਹੈ, ਬਾਦਲ ਜਿਹੇ ਲੋਕਾਂ ਨੇ 5 ਸਾਲ ਰਾਜ ਕਰਕੇ, ਕੀ ਕਰ ਵਿਖਾਇਆ?

ਪੰਜਾਬ ਦੇ ਸਕੂਲਾਂ ਲਈ, ਹਰ ਸਾਲ ਤੱਪੜਾ ਜਾਂ ਸਕੂਲ ਖਰਚਿਆਂ, ਅਧਿਆਪਕਾਂ ਦੀਆਂ ਤਨਖਾਹਾਂ ਆਦਿ ਲਈ ਕਰੋੜਾਂ ਰੁਪਈਆ ਸਰਾਕਾਰਾਂ ਵੱਲੋਂ ਗਰਾਂਟਾਂ ਰਾਹੀਂ ਸਿਖਿਆ ਮਹਿਕਮੇ ਦੇ ਮਨਿਸਟਰਾਂ ਦੇ ਹੱਥਾਂ ਵਿਚ ਜਾਂਦਾ ਹੈ। ਪਰ ਉਹ ਕੌਣ ਖਾ ਜਾਂਦਾ ਹੈ?

ਕੀ ਕਿਸੇ ਸਰਪੰਚ ਨੇ ਇਸ ਬਾਰੇ ਧਰਨਾ ਮਾਰਿਆ ਹੈ? ਉਹਨਾਂ ਨੂੰ ਆਏ ਮਨਿਸਟਰਾਂ ਦਾ, ਫੁੱਲਾਂ ਦੇ ਹਾਰਾਂ ਦੀ ਥਾਂ ਕਾਲੀਆਂ ਝੰਡੀਆਂ ਨਾਲ ਸੁਆਗਤ ਕਰਨਾ ਚਾਹੀਦੈ।

ਕੀ ਬਾਦਲ ਜਾਂ ਉਸ ਦੇ ਮੁੰਡੇ ਨੇ ਜਾਂ ਸਿਮਰਣਜੀਤ ਸਿੰਘ ਨੇ, ਸਕੂਲਾਂ ਲਈ ਕਦੇ ਭੁੱਖ ਹੜਤਾਲ ਕੀਤੀ ਹੈ? ਓਥੇ ਤਾਂ ਆਪਣੀਆਂ ਵਾਜਬ ਤਨਖਾਹਾਂ ਲਈ ਹੜਤਾਲ ਕਰਦੇ ਅਧਿਆਂਪਕਾਂ ਨੂੰ ਹੀ ਝੂਠੇ ਸੱਚੇ ਵਾਹਦੇ ਕਰਕੇ ਹੜਤਾਲ ਖੋਲ੍ਹਣ ਦੇ ਮਨਸੂਬੇ ਬਣਦੇ ਰਹਿੰਦੇ ਹਨ। ਤੇ ਮੁੜ ਘਿੜ ਖੋਤੀ ਬੋਹੜ ਥੱਲੇ।

ਡਾਕਟਰ ਚਰਨਜੀਤ ਸਿੰਘ ਗੁਮਟਾਲਾ ਦਾ ਲੇਖ ਕਾਸ਼ ਸਾਡੇ ਸਕੂਲ ਵੀ ਅਮਰੀਕਾ ਵਰਗੇ ਹੁੰਦੇ ਪੜ੍ਹ ਕੇ ਉਹਨਾ ਦੀ ਵਿਦਵਤਾ ਦਾ ਰੰਗ ਤਾਂ ਬੱਝਦਾ ਹੈ, ਐਪਰ ਡਾਕਟਰ ਕੰਦੋਲਾ ਸਾਹਿਬ ਰਾਹੀਂ ਉਹਨਾਂ ਨਾਲ ਸੰਪਰਕ ਕਰਕੇ ਵੇਖੋ, ਉਹ ਇਸ ਸਥਿਤੀ ਦੇ ਹੱਲ ਬਾਰੇ ਕੀ ਰਾਏ ਦਿੰਦੇ ਹਨ।

ਮੈਂ ਚਾਹਵਾ ਗਾ ਕਿ ਜੇਕਰ ਮਾਹਲ ਸਾਹਿਬ ਦੀ ਕਿਰਪਾ ਨਾਲ ਪੰਜਾਬ ਦੇ ਮਸਲਿਆਂ ਬਾਰੇ ਕੋਈ ਚੰਗੀ ਬਹਿਸ ਦਾ ਰਾਹ ਇਖਤਿਆਰ ਕੀਤਾ ਜਾਣ ਲੱਗਾ ਹੈ ਤਾਂ ਇਸ ਵਿਸ਼ੇ ਨੂੰ ਲੈ ਕੇ ਵੀ ਉਹਨਾ ਦਾ ਹੁੰਗਾਰਾ ਲੈ ਕੇ ਵੇਖਿਆ ਜਾਵੇ। ਮੇਰੀ ਜਾਚੇ ਉਹਨਾਂ ਵਰਗੇ ਜਵਾਨ ਸੱਜਣਾ ਦੇ ਹੱਥੀਂ ਅਜੇਹੀਆ ਸਥਿਤੀਆਂ ਦਾ ਹੱਲ ਲੱਭਣਾ ਕਾਫ਼ੀ ਆਸਾਨ ਹੋਵੇਗਾ।

ਮੈਂ ਤਾਂ ਆਪਣੀ ਸਵਾਸਥ ਦੀ ਨਾਜ਼ੁਕ ਹਾਲਤ ਕਾਰਨ, ਕੇਵਲ ਹਮਦਰਦੀ ਹੀ ਅਰਪਣ ਕਰ ਸਕਦਾ ਹਾਂ। ਜਾਂ ਕਦੇ ਕੋਈ ਤਿਲ ਫੁਲ ਇਕੱਠਾ ਕਰੋ ਤਾਂ ਹਾਜ਼ਰ ਹਾਂ। ਜਿਵੇਂ ਪਿੱਛੇ ਜਿਹੇ ਸੁਨਾਮੀ ਪੀੜਤਾਂ ਨੂੰ ਯਥਾ ਸ਼ਕਤੀ...।

ਕਰਨੈਲ ਸਿੰਘ

ਰਾਜ ਭੁਪਿੰਦਰ ਸਿੰਘ, ਭਾਰਤ

ਕਾਸ਼! ਸਾਡੇ ਸਕੂਲ ਵੀ ਅਮਰੀਕਾ ਵਰਗੇ ਹੋਣ! - ਡਾ. ਚਰਨਜੀਤ ਸਿੰਘ ਗੁਮਟਾਲਾ 

26/01/05

ਕਾਸ਼! ਸਾਡੇ ਸਕੂਲ ਵੀ ਅਮਰੀਕਾ ਵਰਗੇ ਹੋਣ!
ਡਾ. ਚਰਨਜੀਤ ਸਿੰਘ ਗੁਮਟਾਲਾ

ਇਸ ਲੇਖ ਵਿਚ ਲੇਖਕ ਨੇ ਅਮਰੀਕੀ ਸਕੂਲਾਂ ਦਾ ਵੇਰਵਾ ਦਿਤਾ ਹੈ ਤੇ ਆਸ ਕੀਤੀ ਹੈ ਕਿ ਸਾਡੇ ਸਕੂਲ ਵੀ ਉਨ੍ਹਾਂ ਵਰਗੇ ਹੋਣ ।

ਮੈਂ 24 ਜਨਵਰੀ 2005 ਦੀ "ਪੰਜਾਬੀ ਟ੍ਰਿਬਿਊਨ" ਵਿਚ ਛੱਪੀ ਪੰਜਾਬ ਦੇ ਸਕੂਲਾਂ ਦੀ ਹਾਲਤ ਦਰਸਾਉਂਦੀ ਖਬਰ ਹੂ-ਬਹੂ ਹੇਠ ਦੇਣ ਜਾ ਰਿਹਾ ਹਾਂ :-
----------------------------------------
ਅੰਤਾਂ ਦੀ ਸਰਦੀ ‘ਚ ਭੁੰਜੇ ਬੈਠ ਕੇ ਪੜ੍ਹਦੇ ਨੇ ਲੱਖਾਂ ਸਕੂਲੀ ਬੱਚੇ

ਪੰਜਾਬ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਪੜ੍ਹਦੇ ਕਰੀਬ 5 ਲੱਖ ਬੱਚੇ ਭੁੰਜੇ ਬੈਠ ਕੇ ਪੜ੍ਹਨ ਲਈ ਮਜਬੂਰ ਹਨ । ਅਜ਼ਾਦੀ ਦੇ 55 ਵਰ੍ਹਿਆਂ ਬਾਅਦ ਵੀ ਤੱਪੜਾਂ ਵਾਲੇ ਸਕੂਲਾਂ ਵਿਚ ਪੜ੍ਹਨ ਵਾਲੇ ਗਰੀਬ ਬੱਚਿਆਂ ਨੂੰ ਤੱਪੜ ਨਸੀਬ ਨਹੀਂ ਹੋਏ । ਗਰਮੀ ਹੋਵੇ ਜਾਂ ਸਰਦੀ, ਦੋਵੇਂ ਰੁਤਾਂ ਇੰਨਾਂ ਬਚਿੱਆਂ ਲਈ ਕਹਿਰ ਤੋਂ ਘੱਟ ਨਹੀਂ , ਕਿਉਂ ਜੋ ਇਨ੍ਹਾਂ ਦੇ ਬੈਠਣ ਲਈ ਸਰਕਾਰ ਹਾਲੇ ਤੱਕ ਤੱਪੜ ਵੀ ਮੁਹਈਆ ਨਹੀਂ ਕਰਾ ਸਕੀ । ਦੱਖਣੀ ਪੰਜਾਬ ਦੇ 5 ਜਿਲ੍ਹਿਆਂ ਦੇ ਸਕੂਲਾਂ ਦੇ ਬੁਨਿਆਦੀ ਢਾਚੇ ‘ਚ ਏਨਾਂ ਨਿਘਾਰ ਹੈ ਕਿ ਕਈ ਸਕੂਲਾਂ ਵਿਚ ਬੱਚਿਆਂ ਨੂੰ ਬਦਲ ਦੀ ਗਰਜ ਨਾਲ ਹੀ ਛੁੱਟੀ ਹੋ ਜਾਂਦੀ ਹੈ ਕਿਉਂਕਿ ਸਕੂਲਾਂ ਦੀਆਂ ਇਮਾਰਤਾਂ ਨੂੰ ਅਣ-ਸੁਰੱਖਿਅਤ ਘੋਸ਼ਿਤ ਕੀਤਾ ਗਿਆ ਹੈ । ਇਨ੍ਹਾਂ ਜਿਲ੍ਹਿਆਂ ਵਿਚ ਇਸ ਵੇਲੇ 173 ਲੱਖ ਬੱਚੇ ਤੱਪੜਾਂ ਤੋਂ ਵਾਂਝੇ ਹਨ । ਸਰਦੀ ਦੇ ਦਿਨਾਂ ਵਿਚ ਉਨ੍ਹਾਂ ਨੂੰ ਸੂਰਜ ਦੀ ਤਪਸ਼ ਤਾਂ ਮਿਲਦੀ ਹੈ ਲੇਕਿਨ ਹੇਠ ਤੱਪੜ ਨਾਂ ਹੋਣ ਕਰ ਕੇ ਧਰਤੀ ਦੀ ਠੰਡ ਵੀ ਬਰਦਾਸ਼ਤ ਕਰਨੀ ਪੈਂਦੀ ਹੈ ।

· ਜਿਲ੍ਹਾ ਬਠਿੰਡਾ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ 36500 ਤੱਪੜ ਨਾ ਹੋਣ ਕਰ ਕੇ ਬੱਚੇ ਭੁੰਜੇ ਬੈਠ ਕੇ ਮੁੱਢਲੀ ਵਿਦਿਆ ਹਾਸਿਲ ਕਰਦੇ ਹਨ । ਜਿਲ੍ਹੇ ਭਰ ਦੇ ਸਕੂਲਾਂ ਵਿਚ ਕਰੀਬ 57 ਫੀਸਦੀ ਬੱਚੇ ਦਲਿਤ ਘਰਾਂ ਦੇ ਹਨ । ਇਨ੍ਹਾਂ ‘ਚੋਂ ਬਹੁਤੇ ਤਾਂ ਬੈਠਣ ਦਾ ਆਪਣਾ ਇੰਤਜਾਮ ਕਰਨ ਜੋਗੇ ਵੀ ਨਹੀਂ ਹਨ । ਬਹੁਤੇ ਬੱਚੇ ਤਾਂ ਇਨ੍ਹਾਂ ਕਮੀਆਂ ਦਾ ਟਾਕਰਾ ਕਰਦੇ ਹੋਏ, ਸਕੂਲ ਅੱਧ ਵਿਚਕਾਰ ਹੀ ਛੱਡ ਜਾਂਦੇ ਹਨ ।

· ਜਿਲ੍ਹਾ ਮਾਨਸਾ ਦੇ 275 ਪ੍ਰਾਇਮਰੀ ਸਕੂਲਾਂ ‘ਚੋਂ ਸਿਰਫ 55 ਸਕੂਲਾਂ ਵਿਚ ਹੀ ਤੱਪੜ ਹਨ । 220 ਸਕੂਲਾਂ ਦੇ 17400 ਬੱਚੇ ਕੱਕੇ ਰੇਤ ਤੇ ਬੈਠ ਕੇ ਪੜ੍ਹਾਈ ਕਰਦੇ ਹਨ । ਚੌਥੀ ਤੇ ਪੰਜਵੀ ਕਲਾਸ ਦੇ ਬੱਚਿਆਂ ਲਈ ਤਾਂ ਡੈਸਕ ਵੀ ਨਹੀਂ ਹਨ । ਇਸ ਜਿਲ੍ਹੇ ‘ਚ 8700 ਮੀਟਰ ਤੱਪੜ ਅਤੇ 12090 ਡੈਸਕਾਂ ਦੀ ਲੋੜ ਹੈ । ਇਸ ਜਿਲ੍ਹੇ ਦੇ ਬੈਠਣ ਦਾ ਇੰਤਜਾਮ ਕਰਨ ਲਈ 75 ਲੱਖ ਰੁਪਏ ਦੀ ਜਰੂਰਤ ਹੈ ।

· ਜਿਲ੍ਹਾ ਮੁਕਤਸਰ ਦੇ 305 ਪ੍ਰਾਇਮਰੀ ਸਕੂਲਾਂ ‘ਚੋਂ ਸਿਰਫ 41 ਸਕੂਲਾਂ ਕੋਲ ਤੱਪੜ ਹਨ, ਜਦੋਂ ਕਿ 264 ਸਕੂਲਾਂ ਦੇ ਬੱਚਿਆਂ ਲਈ 1800 ਮੀਟਰ ਤੱਪੜਾਂ ਦੀ ਲੋੜ ਹੈ । ਇਸ ਜਿਲ੍ਹੇ ਦੇ 279 ਸਕੂਲਾਂ ਵਲੋਂ ਵੱਡੇ ਬੱਚਿਆਂ ਲਈ 12635 ਡੈਸਕਾਂ ਦੀ ਮੰਗ ਵੀ ਸਰਕਾਰ ਨੂੰ ਭੇਜੀ ਗਈ ਹੈ ।

· ਜਿਲ੍ਹਾ ਫਰੀਦਕੋਟ ਦੇ 220 ਸਕੂਲਾਂ ਵਿੱਚ 18036 ਮੀਟਰ ਤੱਪੜਾਂ ਅਤੇ 11000 ਡੈਸਕਾਂ ਦੀ ਮੰਗ ਹੈ ।

· ਜਿਲ੍ਹਾ ਸੰਗਰੂਰ ਦੇ 863 ਸਕੂਲਾਂ ‘ਚੋਂ 600 ਸਕੂਲਾਂ ਵਿਚ ਟਾਟ ( ਤੱਪੜਾਂ) ਦਾ ਢੁਕਵਾਂ ਪ੍ਰਬੰਧ ਨਹੀਂ ਹੈ । ਇਸ ਜਿਲ੍ਹੇ ਦੇ 1083 ਪ੍ਰਾਇਮਰੀ ਸਕੂਲਾਂ ‘ਚ 108000 ਬੱਚੇ ਪੜ੍ਹਦੇ ਹਨ । 872 ਸਕੂਲਾਂ ਵਿਚ ਤੱਪੜ ਨਹੀਂ ਹਨ , ਜਿਨ੍ਹਾਂ ਲਈ 43282 ਮੀਟਰ ਟਾਟ ਦੀ ਲੋੜ ਹੈ । ਪੰਜਾਬ ਦੇ ਬਾਕੀ ਜਿਲ੍ਹਿਆ ਦੀ ਪੁਜੀਸ਼ਨ ਵੀ ਕੋਈ ਬਹੁਤੀ ਚੰਗੀ ਨਹੀਂ ਹੈ ।

· ਜਿਲ੍ਹਾ ਬਠਿੰਡਾ ਦੀ ਤਲਵੰਡੀ ਸਾਬੋ ਡਵੀਜਨ ‘ਚ ਹਾਲੇ ਵੀ ਟਿੱਬੇ ਹਨ । ਇਸ ਇਲਾਕੇ ਦੇ 59 ਪ੍ਰਾਇਮਰੀ ਸਕੂਲਾਂ ‘ਚ ਪੜ੍ਹਦੇ 11500 ਬੱਚਿਆਂ ‘ਚੋਂ ਸਿਰਫ 2000 ਬੱਚਿਆਂ ਦੇ ਬੈਠਣ ਦਾ ਪ੍ਰਬੰਧ ਹੈ । ਅਧਿਆਪਕਾਂ ਨੇ ਦਸਿਆ ਹੈ ਕਿ ਜੋ ਤੱਪੜ ਸਕੂਲਾਂ ਕੋਲ ਹੈ ਵੀ ਹਨ, ਉਹ ਵੀ ਫਟੇ ਹੋਏ ਹਨ । ਉਨ੍ਹਾਂ ਦੱਸਿਆ ਕਿ ਕਈ ਸਕੂਲਾਂ ਵਿਚ ਦਾਨੀ ਪੁਰਸ਼ਾਂ ਦੇ ਸਹਾਰੇ ਨਾਲ ਤੱਪੜਾਂ ਦਾ ਪ੍ਰਬੰਧ ਕੀਤਾ ਗਿਆ ਹੈ ।

· ਹਰਿ ਆਣੇ ਦੀ ਸੀਮਾ ਨੇੜਲੇ ਪਿੰਡ ਗੋਲੇਵਾਲਾ, ਕਲਾਲਵਾਲਾ, ਮਲਕਾਨਣਾ, ਜੱਜਲ ਆਦਿ ਦਰਜਨਾਂ ਪਿੰਡਾਂ ਤੇ ਸਕੂਲਾਂ ਦੇ ਬੱਚੇ ਮਿੱਟੀ ਤੇ ਬੈਠ ਕੇ ਪੜ੍ਹਾਈ ਕਰਦੇ ਹਨ । ਪਿੰਡ ਢੱਡੇ, ਬਾਲਿਆਂ ਵਾਲੀ, ਮਹਿਮਾ ਸਰਜਾ , ਗੁਨਿਆਣਾ, ਭੋਖੜਾ, ਬਲਾਹੜ ਵਿੰਝੂ, ਨਹੀਆਂਵਾਲਾ, ਅਮਰਗੜ੍ਹ, ਚਨਾਰਥਲ, ਮਾਈਸਰਖਾਨਾ ਆਦਿ ਸਕੂਲਾਂ ਦੇ ਬੱਚਿਆਂ ਕੋਲ ਫੱਟੇ ਹੋਏ ਤੱਪੜ ਹਨ ।

· ਵਿਦਿਅਕ ਮਾਹਿਰ ਕਰਮ ਸਿੰਘ ਗਰੇਵਾਲ ਹੋਰਾਂ ਦਾ ਕਹਿਣਾ ਸੀ ਕਿ ਸਰਕਾਰ ਹੋਰਨਾਂ ਸਕੀਮਾਂ ਤੇ ਪਾਣੀ ਵਾਂਗ ਪੈਸੇ ਵਹਾ ਰਹੀ ਹੈ, ਲੇਕਿਨ ਮੁੱਢਲੀ ਵਿਦਿਆ ਹਾਸਿਲ ਕਰਨ ਵਾਲੇ ਬੱਚਿਆਂ ਨੂੰ ਅੱਖੋ ਪਰੋਖੇ ਕਰ ਰਹੀ ਹੈ । ਉਨ੍ਹਾਂ ਮੰਗ ਕੀਤੀ ਕਿ ਸਰਕਾਰ ਨੂੰ ਹੋਰਨਾਂ ਵਿਦਿਅਕ ਸਕੀਮਾਂ ਦੀ ਬਜਾਏ ਪਹਿਲ ਦੇ ਅਦਾਰ ‘ਤੇ ਮੁਢਲਾ ਢਾਂਚਾ ਕਾਇਮ ਕਰਨਾ ਚਾਹੀਦਾ ਹੈ । ਸਰਕਾਰ ਨੇ ਧਿਆਨ ਨਾ ਦਿਤਾ ਤਾਂ ਉਹ ਦਿਨ ਦੂਰ ਨਹੀਂ , ਜਦੋਂ ਇਹ ਸਕੂਲ ਗਰੀਬ ਬੱਚਿਆਂ ਤੋਂ ਵੀ ਦੂਰ ਹੋ ਜਾਣੇ ਹਨ ।

· ਬਠਿੰਡਾ ਜਿਲ੍ਹੇ ਦੇ 3 ਦਰਜਨ ਸਕੂਲਾਂ ਦੀਆਂ ਇਮਾਰਤਾਂ ਅਣ-ਸੁਰਖਿਅਤ ਕਰਾਰ ਦਿਤੀਆਂ ਗਈਆਂ ਹਨ । ਪਿੰਡ ਬੁਰਜ ਮਹਿਮਾ ਦੇ 3 ਕਮਰੇ, ਪਿੰਡ ਕੋਟ ਸਮੀਰ ਦੇ ਸਕੂਲ ਦਾ ਸਾਰਾ ਵਰਾਂਡਾ ਖਤਰੇ ਹੇਠ ਹੈ , ਲੇਕਿਨ ਬੱਚਿਆਂ ਦਾ ਇਨ੍ਹਾਂ ਹੇਠ ਬੈਠਣਾ ਮਜਬੂਰੀ ਹੈ । ਪਿੰਡ ਕੁੱਤੀਵਾਲ ਦੇ ਸਕੂਲ ਦੇ 2 ਕਮਰੇ ਤੇ ਵਰਾਂਡੇ ਦੀ ਹਾਲਤ ਵੀ ਬਹੁਤ ਮਾੜੀ ਹੈ ।

· ਟੀਚਰਜ ਹੋਮ ਵਿਦਿਅੱਕ ਟਰੱਸਟ ਦੇ ਚੇਅਰਮੈਨ ਜਗਮੋਹਨ ਕੌਸ਼ਲ ਦਾ ਕਹਿਣਾ ਹੈ ਕਿ ਇਸ ਵੇਲੇ ਤਾਂ ਤੱਪੜਾਂ ਵਾਲੇ ਸਕੂਲ , ਤੱਪੜਾਂ ਬਿਨਾ ਹੀ ਖਾਲੀ ਹਨ । ਜੋ ਸਰਕਾਰ ਬੱਚਿਆਂ ਦੇ ਬੈਠਣ ਦਾ ਇੰਤਜਾਮ ਵੀ ਨਹੀਂ ਕਰ ਸਕਦੀ, ਉਸ ਨੂੰ ਅਜ਼ਾਦੀ ਦਿਹਾੜੇ ਮਨਾਉਣ ਦਾ ਕੋਈ ਹਕ ਨਹੀਂ । ਉਨ੍ਹਾਂ ਨੇ ਕਿਹਾ ਕਿ ਇਹ ਇੱਕ ਵੱਡਾ ਕਾਰਨ ਹੈ ਕਿ ਇੰਨ੍ਹਾਂ ਸਕੂਲਾਂ ਦੇ ਬੱਚੇ ਮੁਕਾਬਲੇ ਵਿਚ ਪਿੱਛੇ ਰਹਿ ਜਾਂਦੇ ਹਨ । ਪਿੰਡਾਂ ਦੇ ਸਰਪੰਚਾ ਦੀ ਮੰਗ ਸੀ ਕਿ ਸਰਕਾਰ ਬੱਚਿਆਂ ਨੂੰ ਪੱਕਿਆ ਭੋਜਨ ਦੇਣ ਤੋਂ ਪਹਿਲਾਂ, ਉਨ੍ਹਾਂ ਦੇ ਬੈਠਣ ਦੇ ਵੀ ਇੰਤਜਾਮ ਕਰੇ ।

----------------------------------

ਉਪਰੋਕਤ ਖਬਰ ਪੜ੍ਹ ਕੇ ਕਈ ਨਰਮ ਦਿਲ ਪਾਠਕਾਂ ਦੀਆਂ ਅੱਖਾਂ ਨਮ ਹੋ ਗਈਆਂ ਹੋਣਗੀਆਂ । ਸਰਕਾਰ ਵਲੋਂ ਤਾਂ ਇਸ ਬਾਬਤ ਆਟੇ 'ਚ ਲੂਣ ਬਰਾਬਰ ਹੀ ਉਦੱਮ ਕੀਤੇ ਜਾ ਰਹੇ ਹਨ । ਸੋ ਮੇਰੀ ਗਿਆਨੀ ਕਰਨੈਲ ਸਿੰਘ ਜੀ ਨੂੰ ਤੇ "ਵੰਡੋ ਵਿਦਿਆ ਦੀ ਲੋਅ" ਪ੍ਰੋਜੈਕਟ ਦੇ ਹੋਰ ਮੈਬਰਾ ਅਤੇ ਬਾਕੀ ਸਾਰੇ ਪਾਠਕਾਂ ਨੂੰ ਬੇਨਤੀ ਹੈ ਕਿ ਪੰਜਾਬ ਦੇ ਪ੍ਰਾਇਮਰੀ ਸਕੂਲਾਂ ( ਜਿਨ੍ਹਾਂ ਵਿਚ ਜਿਆਦਾਤਰ ਗਰੀਬ ਬੱਚੇ ਹੀ ਮੁੱਢਲੀ ਸਿਖਿਆ ਪ੍ਰਾਪਤ ਕਰਦੇ ਹਨ ) ਦੀਆਂ ਲੋੜਾਂ ਪੂਰੀਆਂ ਕਰਨ ਹਿਤ ਉਪਰਾਲਾ ਕੀਤਾ ਜਾਵੇ । ਇਹ ਕਾਰਜ ਕਰਨਾ ਬਹੁਤ ਹੀ ਜਰੂਰੀ ਹੈ । ਇਸ ਕਾਰਜ ਹਿਤ ਇਨ੍ਹਾਂ ਸਕੂਲਾਂ ਵਿਚ ਪਹਿਲਾਂ ਟਾਟ (ਤੱਪੜ) ਤੇ ਡੈਸਕ ਮੁਹਈਆ ਕਰਵਾਏ ਜਾਣ । ਉਪਰੰਤ ਮਾੜੀਆਂ ਤੇ ਅਣ-ਸੁਰਖਿਅਤ ਇਮਾਰਤਾਂ ਦੀ ਉਸਾਰੀ ਕਰਵਾਈ ਜਾਏ ।

ਸੋ ਮੇਰੀ ਸਾਰੇ ਪਾਠਕਾਂ ਨੂੰ ਬੇਨਤੀ ਹੇ ਕਿ ਉਹ ਇਸ ਕਾਰਜ ਵਿਚ ਸਹਾਈ ਹੋਣ ਲਈ ਅੱਗੇ ਆਉਣ । ਗਿਆਨੀ ਕਰਨੈਲ ਸਿੰਘ ਜੀ ਤੇ ਡਾ: ਬਲਦੇਵ ਸਿੰਘ ਜੀ ਇਸ ਕਾਰਜ ਵਿਚ ਅਗਵਾਈ ਕਰਨ ਦੀ ਖੇਚਲ ਕਰਨ । ਮੇਰੀਆਂ ਸੇਵਾਵਾਂ ਵੀ ਹਾਜਰ ਹਨ ।

ਆਓ ਸਾਰੇ ਰਲ ਕੇ , ਆਪਣੇ ਦੇਸ਼ ਪੰਜਾਬ ਦੀ ਨਵੀਂ ਪਨੀਰੀ ਨੂੰ ਵਧਣ ਫੁੱਲਣ ਦਾ ਸਹੀ ਵਾਤਾਵਰਣ ਮੁਹਈਆ ਕਰਵਾਈਏ ।

ਰਾਜ ਭੁਪਿੰਦਰ ਸਿੰਘ, ਭਾਰਤ

ਗੁਰਤੇਜ ਸਿੰਘ, ਵੈਲਿੰਗਟਨ-ਨਿਊਜ਼ੀਲੈਂਡ

26/01/05

ਪਿਆਰੇ ਅਨਿਲ ਕੁਮਾਰ ਜੀਓ,

ਪੰਜਾਬੀ ਵਿੱਚ ਲਿਖਣ ਦੀ ਬਹਿਸ ਕੋਈ ਨਵੀਂ ਨਹੀਂ ਅਤੇ ਨਾ ਹੀ ਕਦੀ ਬਲਦੇਵ ਕੰਦੋਲਾ ਜੀ ਨੇ ਸਕੈਨ ਕੀਤੇ ਖੁਸ਼ਖਤ ਲਾਉਣ ਤੋਂ ਨਾ ਕੀਤੀ ਹੈ। ਇਥੋਂ ਤਕ ਕਿ ਦੋ-ਤਿੰਨ ਸਾਲ ਪਹਿਲਾਂ ਆਪਣੀ ਅਵਾਜ਼ ’ਚ ਭਰ ਕੇ ਭੇਜੇ ਵਿਚਾਰ ਵੀ ਤਜ਼ਰੁਬੇ ਤੇ ਤੌਰ ਤੇ ਲਾਏ ਗਏ ਪਰ ਪਰਨਾਲਾ ਉਥੇ ਦਾ ਉਥੇ ਹੀ ਰਿਹਾ। ਕਿਸੇ ਵਿਸ਼ੇ ਤੇ ਤਾਂ ਬਹਿਸ ਭਰਵੀਂ ਚੱਲਦੀ ਹੈ ਤੇ ਕਈ ਵਿਸ਼ੇ ਸੋਕਾ ਹੰਢਾਉਂਦੇ ਹੀ ਰਹਿ ਜਾਂਦੇ ਹਨ। ਪਰ ਚਲੋ, ਇਕ ਵਾਰ ਮੁੜ ਕੇ ਹੰਭਲਾ ਵੱਜਾ ਹੈ ਜਿਸ ਵਾਸਤੇ ਤੁਹਾਨੂੰ ਸਾਰਿਆਂ ਨੂੰ ਵਧਾਈ।

ਧੰਨਵਾਦ ਸਹਿਤ,

ਗੁਰਤੇਜ ਸਿੰਘ, ਵੈਲਿੰਗਟਨ-ਨਿਊਜ਼ੀਲੈਂਡ

ਹਰਜੀਤ ਸਿੰਘ ਹੌਲ਼ੈਂਡ:

26/01/05

ਹੌਲੈਂਡ ਵਿੱਚ 160,5 ਮਿਲੀਅਨ ਯੁਰੋ ਭੁਚਾਲ ਪੀੜਤਾ ਦੇ ਨਾ ਉੱਪਰ ਇਕੱਠਾ ਕੀਤਾ

ਹਰਜੀਤ ਸਿੰਘ ਹੌਲ਼ੈਂਡ:-- ਹੌਲੈਂਡ ਦੀ ਸਾਝੀ ਕੰਮ ਕਰਨ ਵਾਲੀ ਸਹਾਇਤਾ ਸੰਸਥਾ ( Samenwrkende HulpOrganisaties)(SHO)  ਵਲੋ ਖੀਰੋ 555  (Giro 555)  ਨੰਬਰ ਉੱਪਰ ਟੈਲੀਵੀਜਨ ਸ਼ੋਆ ਰਾਹੀ ਅਤੇ ਹੋਰ ਤਰੀਕਿਆ ਰਾਹੀ ਪ੍ਰਚਾਰ ਕਰਕੇ 1650 ਲੱਖ ਯੁਰੋ ਏਸ਼ੀਆ ਵਿੱਚ ਆਏ ਭੁਚਾਲ ਪੀੜਤਾ ਲਈ ਇਕੱਠਾ ਕੀਤਾ ਹੈ।। ਇਸ ਸੰਸਥਾ ਦੇ ਅਨੁਸਾਰ ਇਹ ਆਉਣ ਵਾਲੇ 2 ਸਾਲਾ ਲਈ ਬਹੂਤ ਹੈ। ਹੁਣ ਇਸ ਸੰਸਥਾ ਨੇ ਹੋਰ ਪੈਸਾ ਇੱਕੱਠਾ ਕਰਨਾ ਰੋਕ ਦਿੱਤਾ ਹੈ। ਕਿਉਕਿ ਹਾਲੇ ਸ਼ਾਇਦ ਹੋਰ ਵੀ ਯੁਰੋ ਇੱਕਠੇ ਹੋ ਜਾਣ ਕਿੳਕਿ ਜਿਹਨਾਂ ਤਰੀਕਿਆਂ ਨਾਲ ਜਾਂ ਲੋਕਾ ਨੇ ਆਪਣੇ ਬੈਂਕ ਅਕਾਉਟਾ ਰਾਹੀ ਪੈਸੇ ਜਮਾ ਕਰਵਾਏ ਹਨ ਉਹ ਹਾਲੇ ਜਮਾ ਹੋ ਰਹੇ ਹਨ।

ਅਨਿਲ ਕੁਮਾਰ (ਪਿੰਡ ਘੱਗਾ)

25/01/05

ਪੰਜਾਬੀ ‘ਚ ਖੱਤ ਲਿਖਣ ਵਾਲੀ ਗੱਲ ਲੋੜ ਨਾਲੋਂ ਵੱਧ ਲੰਬੀ ਹੁੰਦੀ ਚਲੀ ਗਈ – ਪਰ ਇਹ ਸਵਾਲ ਕਿ ਕੀ ਇਸ ਵੈੱਬ ਸਾਇਟ ਉਪਰ ਖਤ ਕੇਵਲ ਪੰਜਾਬੀ ਵਿਚ ਹੀ ਛਾਪੇ ਜਾਣ, ਕੋਈ ਛੋਟਾ ਨਹੀਂ ਸੀ। ਇਸ ਵਿਸ਼ੇ ਉਪਰ ਇਥੇ ਅੱਗੇ ਵੀ ਕਈ ਵਾਰ ਬਹਿਸ ਹੋ ਚੁੱਕੀ ਹੈ। ਸੰਪਾਦਕ ਜੀ ਦੇ ਹੁਣ ਦੇ ਫੈਸਲੇ ਨਾਲ ਮੈਂ ਪੂਰੀ ਤਰਾਂ ਸਹਿਮਤ ਨਹੀਂ ਹਾਂ ਪਰ ਮੇਰੇ ਖਿਆਲ ਹੋਰ ਕੋਈ ਚਾਰਾ ਵੀ ਨਹੀਂ ਸੀ ਰਿਹਾ।

ਅੰਗਰੇਜ਼ੀ ਵਿਚ ਚਿੱਠੀਆਂ ਲਿਖਣੀਆਂ ਆਸਾਨ ਤਾਂ ਹੈ ਪਰ ਫੇਰ ਅਸੀਂ ਪੰਜਾਬੀ ਦੇ ਵਿਸਥਾਰ ਵਾਲੇ ਅਸਲੀ ਮੰਤਵ ਤੋਂ ਵੀ ਪਾਸੇ ਹੱਟ ਰਹੇ ਸੀ। ਪਾਠਕਾਂ ਨੂੰ ਇਸ ਗੱਲ ਲਈ ਰਾਜ਼ੀ ਕਰਨਾ ਕਿ ਇਸ ਵੈੱਬ ਸਾਇਟ ਉਪਰ ਸਿਰਫ ਪੰਜਾਬੀ ਵਿਚ ਹੀ ਖਤ ਘੱਲੇ ਜਾਣ, ਕੋਈ ਸੌਖਾ ਕੰਮ ਨਹੀਂ ਸੀ। ਆਖਰ ਹੁਣ ਸੰਪਾਦਕ ਹੁਰਾਂ ਨੂੰ ਆਪ ਹੀ ਇਹ ਸਖਤ ਕਦਮ ਚੁੱਕਣਾ ਪਿਆ ਹੈ। ਮੇਰੇ ਵਿਚਾਰਾਂ ਵਿਚ ਸਾਨੂੰ ਆਪਣੀ ਮਾਂ-ਬੋਲੀ ਵਿਚ ਲਿਖਣਾ ਇਕ ਚੰਗਾ ਸ਼ਗਨ ਸਮਝਣਾ ਚਾਹੀਦਾ ਹੈ ਅਤੇ ਸਾਨੂੰ ਮਾਣ ਹੋਣਾ ਚਾਹੀਦਾ ਹੈ ਕਿ ਘੱਟੋ-ਘੱਟ ਕਿਤੇ ਤਾਂ ਅਸੀਂ ਸ਼ੁਧ ਪੰਜਾਬੀ ‘ਚ ਵਿਚਰ ਸਕਦੇ ਹਾਂ ਤੇ ਸਾਨੂੰ ਇਸ ਵਿਚ ਖੁਸ਼ੀ ਮਹਿਸੂਸ ਹੋਣੀ ਚਾਹੀਦੀ ਹੈ ਪਰ ਸਾਡੇ ਨਸੀਬੀਂ ਇਹ ਸੁੱਖ ਨਹੀਂ ਸੀ ਲਿਖਿਆ। ਜਿਸਦਾ ਮੇਰੇ ਖਿਆਲ ਵਿਚ ਇਕ ਮੁੱਖ ਕਾਰਨ ਹੈ ਕਿ ਬਹੁਤ ਸਾਰੇ ਪੰਜਾਬੀ ਆਪ ਹੀ ਆਪਣੀ ਮਾਂ-ਬੋਲੀ ਵਿਚ ਬੋਲਣ ਤੋਂ ਕਤਰਾਉਂਦੇ ਹਨ- ਪੰਜਾਬੀ ਨੂੰ ਆਪ ਹੀ ਗਵਾਰਾਂ ਦੀ ਭਾਸ਼ਾ ਆਖ ਕੇ ਸੰਬੋਧਤ ਹੁੰਦੇ ਹਨ। ਇਥੋਂ ਤੱਕ ਕਿ ਮਰਦਮ-ਸ਼ੁਮਾਰੀਆਂ ਵੇਲੇ ਆਪਣੀ ਮਾਂ ਬੋਲੀ ਹਿੰਦੀ ਹੀ ਲਿਖਵਾਂਦੇ ਰਹੇ ਹਨ। ਖਾਸ ਕਰਕੇ ਸ਼ਹਿਰੀ ਲੋਕ, ਪੰਜਾਬੀ ਦੀ ਬਜਾਏ ਹਿੰਦੀ ਨੂੰ ਬੜਾ ਮੂੰਹ ਸਵਾਰ-ਸਵਾਰ ਕੇ ਬੋਲਣ ਵਿਚ ਸ਼ਾਨ ਸਮਝਦੇ ਹਨ – ਇਹ ਵਤੀਰਾ ਮੈਂ ਤਕਰੀਬਨ ਹਰ ਪੜੇ-ਲਿਖੇ ਮੱਧ-ਵਰਗੀ ਜਾਂ ਉੱਚ-ਪੱਧਰ ਦੇ ਪ੍ਰੀਵਾਰ ਵਿਚ ਦੇਖਿਆ ਹੈ ਜੋ ਕਿ ਬਹੁਤ ਹੀ ਘਾਤਕ ਹੈ ਕਿਉਂਕਿ ਇਸੇ ਤਬਕੇ ਦੀ ਰੀਸੋ-ਰੀਸ ਇਹ ਬੀਮਾਰੀ ਪਿੰਡਾਂ ਵੱਲ ਵੀ ਫੈਲਦੀ ਜਾ ਰਹੀ ਹੈ। ਇਹ ਲੋਕ ਪਹਿਲਾਂ ਅਗਲੇ ਤੇ ਰੌਅਬ ਜਮਾਉਣ ਲਈ ਗੱਲ ਅੰਗਰੇਜ਼ੀ ਵਿਚ ਸ਼ੁਰੂ ਕਰਦੇ ਹਨ ਤੇ ਫੇਰ ਜਦੋਂ ਰਟੀ ਹੋਈ ਅੰਗਰੇਜ਼ੀ ਦਾ ਕੋਟਾ ਮੁੱਕ ਜਾਂਦਾ ਹੈ ਤਾਂ ਝੱਟ ਹਿੰਦੀ ਵਾਲੀ ਲੀਹ ਪੈ ਜਾਂਦੇ ਹਨ। ਇਹ ਬੜਾ ਸ਼ਰਮਨਾਕ ਅਤੇ ਦੁਖਦਾਈ ਵਤੀਰਾ ਹੈ।

ਇਸ ਵਤੀਰੇ ਤੋਂ ਮੇਰੇ ਵਾਂਗ ਸੁਰਿੰਦਰਪਾਲ ਵਿਰਕ ਜੀ ਵੀ ਦੁੱਖੀ ਲੱਗਦੇ ਨੇ। ਪਰ ਫਿਰ ਵੀ ਮੈਂ ਉਨਾਂ ਦੀ ਇਸ ਗੱਲ ਨਾਲ ਸਹਿਮਤ ਨਹੀਂ ਹਾਂ ਕਿ ਜਨਮੇਜਾ ਸਾਹਿਬ ਨੇ ਕਿੰਨੇ ਲੱਖ ਕਿਵੇਂ ਬਣਾਏ। ਦੋਸਤੋ ਸਾਨੂੰ ਇਕ ਦੂਸਰੇ ਉਪਰ ਨਿੱਜੀ ਵਾਰ ਜਾਂ ਨਿੱਜੀ ਸਵਾਲ ਖੜੇ ਨਹੀਂ ਕਰਨੇ ਚਾਹੀਦੇ ਸਗੋਂ ਆਪਣੇ ਪਾਏਦਾਰ ਵਿਚਾਰਾਂ ਨਾਲ ਪੰਜਾਬੀਆਂ ਦੇ ਵਿਚਾਰ ਮੰਚ ਨੂੰ ਉਚ-ਦਰਜੇ ਦਾ ਬਣਾਉਣ ਵਿਚ ਵੱਧ ਤੋਂ ਵੱਧ ਕੋਸ਼ਿਸ਼ ਕਰਨੀ ਚਾਹੀਦੀ ਹੈ। ਜਨਮੇਜਾ ਜੀ ਮੈਂ ਆਪ ਜੀ ਨੂੰ ਉਨਾਂ ਪ੍ਰਦੇਸੀਆਂ ਦੇ ਨਾਮ ਜਾਂ ਗਿਣਤੀ ਨਹੀਂ ਦੇ ਸਕਦਾ ਜੋ ਲੋਕ ਆਪ ਜੀ ਵਾਂਗ ਬਹੁਤ ਵੱਡੀਆਂ-ਵੱਡੀਆਂ ਕੁਰਬਾਨੀਆਂ ਕਰਕੇ ਪੰਜਾਬੀ ਮਾਂ-ਬੋਲੀ ਦੀ ਸੇਵਾ ਵਿਚ ਜਾ ਲੱਗੇ ਹਨ। ਘੱਟੋ-ਘੱਟ ਮੈਂ ਖੁੱਦ ਐਸੇ ਖੁਸ਼ਨਸੀਬਾਂ ਦੀ ਕਤਾਰ ਵਿਚ ਸ਼ਾਮਲ ਨਹੀਂ ਹਾਂ। ਜੇ ਆਪ ਜੀ ਕੋਲੋਂ ਪੰਜਾਬੀ ਵਿਚ ਖਤ ਦੀ ਆਸ ਕਰਨ ਵਿਚ ਕੋਈ ਕੁਤਾਹੀ ਹੋਈ ਹੋਵੇ ਤਾਂ ਮਾਫ਼ ਕਰਨ ਵਿਚ ਵਡੱਪਣ ਹੀ ਸਮਝਣਾ ਜੀ।

ਉਪਰੋਕਤ ਵਿਸ਼ੇ ਤੇ ਹੋਈ ਬਹਿਸ ਉਪਰ ਮੇਰਾ ਇਕ ਪਹਿਲਾ ਖਤ ਗਿਆਰਾਂ ਜੂਨ 2004 ਨੂੰ ਛੱਪਿਆ ਸੀ (ਜੋ ਹੁਣ 2004 ਸਾਲ ਦੇ 18 ਨੰਬਰ ਸੰਪਰਕ ਤੇ ਹੈ) ਜਿਸਦੇ ਅੰਸ਼ ਹੇਠਾਂ ਦੇ ਰਿਹਾਂ ਹਾਂ:

……ਮੇਰੇ ਵਿਚਾਰਾਂ ਅਨੁਸਾਰ - 1. ਜਿਵੇਂ ਕਿ ਇਸ ਵੈਬ ਸਾਇਟ ਉਪਰ ਪਾਠਕਾਂ ਦੇ ਵਿਚਾਰਾਂ ਵਾਲੇ ਪੰਨੇ ਉੱਪਰ ਸਿਖਰ ਤੇ ਪੰਜਾਬੀ ਦੇ ਫ਼ੌਂਟ ਦੇ ਲਈ ਸੰਪਰਕ ਦਿੱਤਾ ਗਿਆ ਹੈ, ਉਵੇਂ ਹੀ ਦੋ ਸਤਰਾਂ ਸੰਪਾਦਕ ਹੁਰਾਂ ਵਲੋਂ ਹੋਣੀਆਂ ਚਾਹੀਦੀਆਂ ਹਨ ਕਿ ਖ਼ਤ ਪੰਜਾਬੀ ਵਿਚ ਹੀ ਘੱਲੇ ਜਾਣ ਜਾਂ ਕੋਈ ਐਸੀ ਬੇਨਤੀ ਕਿ ਪਾਠਕ ਪੰਜਾਬੀ 'ਚ ਲਿਖਣ ਨੂੰ ਹੀ ਪਹਿਲ ਦੇਣ - ਜਿਵੇਂ ਵੀ ਸੰਪਾਦਕ ਸਾਹਿਬ ਠੀਕ ਸਮਝਣ।

ਇਹ ਫੈਸਲਾ ਸੰਪਾਦਕ ਹੁਰਾਂ ਦਾ ਹੈ ਕਿ ਇਸ ਵੈਬ ਸਾਇਟ ਨੂੰ ਨਿਰੋਲ ('ਰੋਜ਼ਾਨਾ ਅਜੀਤ' ਵਾਂਗ ਨਿਰੋਲ ਨਹੀਂ) ਪੰਜਾਬੀ ਰੱਖਣਾ ਹੈ ਜਾਂ ਸਮੂਹ ਪੰਜਾਬੀਆਂ ਨੂੰ ਸ਼ਿਰਕਤ ਕਰਨ ਦਾ ਹੱਕ ਦੇਣਾ ਹੈ। ਕਿਉਂਕਿ ਕਈ ਪੰਜਾਬੀ ਐਸੇ ਵੀ ਹਨ ਜੋ ਬਿਲਕੁਲ ਹੀ ਮਾੜੀ ਮੋਟੀ ਟਾਈਪ ਜਾਣਦੇ ਨੇ ਤੇ ਉਹ ਵੀ ਅੰਗਰੇਜ਼ੀ ਦੀ ਹੀ । ਇਕ ਹੋਰ ਸਹੂਲਤ ਜਿਸ ਬਾਰੇ ਪਾਠਕਾਂ ਨੂੰ ਦੱਸਿਆ ਜਾਵੇ ਕਿ ਉਹ ਖ਼ਤ ਪੰਜਾਬੀ 'ਚ ਲਿਖ ਕੇ ਤੇ ਸਕੈਨ (SCAN) ਕਰ ਕੇ ਉਸ ਦੀ ਫੋਟੋ ਕਾਪੀ ਘੱਲ ਸਕਦੇ ਹਨ -ਇਹ ਵੀ ਜੇ ਸੰਪਾਦਕ ਹੁਰੀਂ ਠੀਕ ਸਮਝਣ ਤਾਂ ਹੀ।

2. ਕਿਸੇ ਨੂੰ ਵੀ ਮਾੜੇ ਸ਼ਬਦ ਨਾ ਬੋਲੇ ਜਾਣ ਅਤੇ ਇਸ ਬਾਰੇ ਵੀ ਸੰਪਾਦਕ ਹੁਰੀਂ 'ਰੋਜ਼ਾਨਾ ਅਜੀਤ' ਵਾਲਿਆਂ ਵਾਂਗ ਤਾੜਨਾ ਕਰ ਸਕਦੇ ਹਨ (ਵੈਸੇ ਤਾਂ ਐਸੀ ਤਾੜਨਾ ਕਰਨੀ ਕਿਸੇ ਅਸੱਭਿਅਕਪੁਣੇ ਦਾ ਅਹਿਸਾਸ ਦਵਾਉਂਦੀ ਹੈ ਤੇ ਕਹਿੰਦੇ ਨੇ ਕਿ ਹਿੰਦੁਸਤਾਨ ਵਿਚ ਪੰਜਾਬੀਆਂ ਨੂੰ ਇਹ ਤਾੜਨਾ ਅਕਸਰ ਕਰਨੀ ਪੈਂਦੀ ਹੈ - ਸਣੇ ਕਈ ਬੁੱਧੀਜੀਵੀਆਂ ਦੇ ) ਜਦ ਅਸੀਂ ਕੋਈ ਮਾੜੇ ਸ਼ਬਦ ਬੋਲ ਰਹੇ ਹੁੰਦੇ ਹਾਂ ਤਾਂ ਅਸੀਂ ਇਹ ਹਾਰ ਮੰਨ ਚੁੱਕੇ ਹੁੰਦੇ ਹਾਂ ਕਿ ਸਾਡੇ ਕੋਲ ਦਲੀਲ ਨਾ ਦੀ ਕੋਈ ਚੀਜ਼ ਨਹੀਂ ਹੈ।ਨਾ ਹੀ ਮਾੜਾ ਬੋਲਣ ਵਾਲਿਆਂ ਦਾ ਸਾਥ ਦਿੱਤਾ ਜਾਵੇ ਤਾਂ ਜੋ ਹੋਰਨਾਂ ਨੂੰ ਉਤਸ਼ਾਹ ਨਾ ਮਿਲੇ।……….

ਸਤਿਕਾਰ ਸਹਿਤ, ਅਨਿਲ ਕੁਮਾਰ (ਪਿੰਡ ਘੱਗਾ) ।

ਸਤਨਾਮ ਸਿੰਘ ਚਾਹਲ ਕੈਲੇਫੋਰਨੀਆ

ਗਿਆਨੀ ਅਮੋਲਕ ਸਿੰਘ ਜੀ: ਮਹਾਨ ਕਰੀਤਨੀਏ ਤੇ ਸਰਬ–ਪੱਖੀ ਵਿਦਵਾਨ - ਡਾ ਪੂਰਨ ਸਿੰਘ ਗਿੱਲ 

25/01/05

ਡਾ: ਪੂਰਨ ਸਿੰਘ ਗਿਲ ਨੇ ਗਿਆਨੀ ਅਮੋਲਕ ਜੀ ਬਾਰੇ ਲਿਖਿਆ ਹੈ। ਨਿਰਸੰਦੇਹ ਗਿਆਨੀ ਜੀ ਇਕ ਮਹਾਨ ਵਿਦਵਾਨ ਸਨ। ਮੈਨੂੰ ਵੀ ਉਹਨਾਂ ਦਾ ਸਾਥ ਨਸੀਬ ਹੋਇਆ ਹੈ। ਉਹ ਮੇਰੀ ਇੰਗਲੈਂਡ ਯਾਤਰਾ ਦੌਰਾਨ ਜਿਥੇ ਹਮੇਸ਼ਾਂ ਹੀ ਦੋਸਤਾਂ ,ਮਿਤਰਾਂ ਨੂੰ ਮਿਲਾਉਣ ਲਈ ਮੈਂਨੂੰ ਸਹਿਯੋਗ ਦਿੰਦੇ ਰਹੇ ਉਥੇ ਉਹਨਾਂ ਦੀ ਰਸਨਾ ਤੋਂ ਗੁਰਬਾਣੀ ਕੀਰਤਨ ਦਾ ਆਨੰਦ ਮਾਨਣ ਦਾ ਮੌਕਾ ਵੀ ਮਿਲਿਆ ਹੈ। ਉਹ ਇਕ ਵਿਅਕਤੀ ਨਹੀਂ ਸੰਸਥਾ ਸਨ। ਸਿੱਖ ਪੰਥ ਦੀ ਨਿਸ਼ਕਾਮ ਸੇਵਾ ਉਹਨਾਂ ਦੀ ਮਹਾਨ ਦੇਣ ਹੈ। ਉਹਨਾਂ ਦਾ ਨਾਮ ਪੰਥਕ ਹਲਕਿਆਂ ਵਿਚ ਹਮੇਸ਼ਾਂ ਬੜੇ ਸਤਿਕਾਰ ਨਾਲ ਲਿਆ ਜਾਂਦਾ ਰਹੇਗਾ

ਸਤਨਾਮ ਸਿੰਘ ਚਾਹਲ ਕੈਲੇਫੋਰਨੀਆ

ਸੁਰਿੰਦਰ ਮਾਹਲ

24/01/05

ਪਿਆਰੇ ਲੇਖਕ/ਪਾਠਕੋ !

ਮੇਰੇ ਖ਼ਿਆਲ ਨਾਲ ਸਾਨੂੰ ਸਾਰਿਆਂ ਨੂੰ ਰਲ ਕੇ ਸੰਪਾਦਕ ਵਲੋਂ ਚੁੱਕੇ ਗਏ ਫ਼ੈਸਲਾਕੁਨ ਕਦਮ ਦੀ ਸ਼ਲਾਘਾ ਕਰਨੀ ਚਾਹੀਦੀ ਹੈ ਜਿਸ ਦੀ ਸਾਡੀ ਮਾਂ ਬੋਲੀ ਨੂੰ ਬਹੁਤ ਚਿਰ ਦੀ ਉਡੀਕ ਸੀ। ਪਰ ਗੱਲ ਕਿਸੇ ਨੂੰ ਕੋਈ ਲੜਾਈ ਜਿੱਤਣ ਵਰਗਾ ਵੀ ਨਹੀਂ ਲੱਗਣਾ ਚਾਹੀਦਾ। ਇਹ ਬਹੁਤ ਮਮੂਲੀ ਗੱਲ ਵੀ ਹੈ ਕਿਉਂਕਿ ਅਸਲ ਮਸਲੇ ਹੋਰ ਵੀ ਬਹੁਤ ਅਤੇ ਬਹੁਤ ਮੁਸ਼ਕਲ ਵੀ ਹਨ। ਜਨਮੇਜਾ ਜੀ ਨੇ ਦਰੁਸਤ ਫੁਰਮਾਇਆ ਹੈ ਕਿ ਸਾਡੀ ਸ਼ਕਤੀ ਖਾਹਖਾਹ ਰਾਹ ਵਿੱਚ ਹੀ ਨਾ ਖ਼ਰਚ ਹੋ ਜਾਵੇ।

ਮੇਰੀ ਤੁੱਛ ਜਹੀ ਬੁੱਧੀ ਮੁਤਾਬਿਕ ਪੰਜਾਬ ਦੀਆਂ ਯੁਨੀਵਰਸਿਟੀਆਂ ਨੇ ਪੰਜਾਬੀ ਜ਼ੁਬਾਨ ਦੇ ਪਰਸਾਰ ਲਈ ਮਾਅਰਕੇ ਵਾਲਾ ਕੰਮ ਅਜੇ ਤੱਕ ਤੇ ਕੋਈ ਕੀਤਾ ਨਹੀਂ। ਬਾਕੀ ਜੋ ਜਨਮੇਜਾ ਜੀ ਨੇ ਆਪਣੇ ਬਾਰੇ ਲਿਖਿਆ ਹੈ ਉਸਦੀ ਮੈਂ ਦੋਨੋ ਹੱਥ ਖੜ੍ਹੇ ਕਰਕੇ ਪ੍ਰੜ੍ਹੋਤਾ ਕਰਦਾ ਹਾਂ। ਮੈਂ ਸ਼੍ਰੀ ਸ.ਪ. ਵਿਰਕ ਸਾਹਬ ਦੇ ਜਨਮੇਜਾ ਜੀ ਬਾਰੇ ਵਿਓਪਾਰਕ ਬਿਆਨ ਨਾਲ ਸਹਿਮਤ ਨਹੀਂ ਕਿਓਂਕਿ ਹਰ ਮਿਹਨਤ ਕਰਨ ਵਾਲੇ ਨੂੰ ਮਿਹਨਤ ਦਾ ਮੁੱਲ ਮਿਲਣਾ ਚਾਹੀਦਾ ਹੈ। ਏਸੇ ਲਈ ਹੀ ਤਾਂ ਸਾਡੇ ਬਹੁਤ ਸਾਰੇ ਲੇਖਕ ਭੁੱਖ-ਨੰਗ ਨਾਲ ਹੀ ਘੁਲਦੇ/ਖਪਦੇ ਇਸ ਜਹਾਨੋਂ ਕੂਚ ਕਰ ਗਏ ਹਨ। ਖ਼ੈਰ! ਆਓ ਏਨੇ ਵੀ ਜਜ਼ਬਾਤੀ ਨਾ ਹੋਇਆ ਜਾਵੇ ਜਿਸ ਨਾਲ ਕਿਸੇ ਦਾ ਬੇ-ਵਜਾਹ ਦਿਲ ਹੀ ਦੁਖ ਜਾਵੇ।

ਮੈਨੂੰ ਜੌਹਲ ਸਾਹਬ ਦੇ 11 ਜਨਵਰੀ ਵਾਲੇ ਅਤੇ ਆਹ ਤਾਜ਼ੇ ਖ਼ਤ ਤੋਂ ਪਹਿਲਾਂ ਹੀ ਉਹਨਾਂ ਤੋਂ ਪੂਰੀਆਂ ਆਸਾਂ ਸਨ ਜੋ ਕਿ ਹੁਣ ਹੋਰ ਵੀ ਪੱਕ ਗਈਆਂ ਹਨ। ਆਸ ਹੈ ਉਹ ਹਰ ਉਸਾਰੂ ਵਿਚਾਰ ਵਟਾਂਦਰੇ ਵਿੱਚ ਭਰਵਾਂ ਤੇ ਬਣਦਾ ਯੋਗਦਾਨ ਪਾਉਂਦੇ ਰਹਿਣਗੇ। ਮੈਂ ਉਹਨਾਂ ਦੇ ਲੇਖ ਬਾਰੇ ਅਗਲੀ ਵਾਰ ਲਿਖਾਂਗਾ ਜੋ ਕਿ ਉਹਨਾਂ ਬੜੀ ਮਿਹਨਤ ਨਾਲ ਭਾਸ਼ਾ ਦੀ ਬਹੁਤ ਹੀ ਵਿਸਤ੍ਰਿਤ ਪਰਿਭਾਸ਼ਾ ਬਾਰੇ ਲਿਖਿਆ ਹੈ ਜਾਂ ਤਿਆਰ ਕੀਤਾ ਹੈ।

ਮੈਨੂੰ ਸਾਥੀ ਲੁਧਿਆਣਵੀ ਦੀ ਗੱਲ ਯਾਦ ਆ ਗਈ, ਜਦੋਂ ਉਹਨਾਂ 5ਆਬੀ.ਕੌਮ ਨੂੰ ਪੰਜਾਬੀ ਵਿੱਚ ਚਿੱਠੀ ਲਿਖਣ ਦਾ ਨਵਾਂ ਨਵਾਂ ਤਜਰਬਾ ਹਾਸਲ ਕੀਤਾ ਸੀ, ਕਿ ਆਓ ਹੁਣ ਪੰਜਾਬੀ ਨੂੰ ਦਰਪੇਸ਼ ਮਸਲਿਆਂ ਦੀ ਵੀ ਗੱਲ ਕਰੀਏ। ਸੰਪਾਦਕ ਸਾਹਬ ਨੂੰ ਇੱਕ ਵੱਖਰਾ ਖ਼ਤ ਚਰਚਾ ਲਈ ਲਿਖ ਰਿਹਾ ਹਾਂ।

ਇਸਤੋਂ ਪੰਜਾਬੀ ਸਿਖਾਂਦਰੂਆਂ ਨੂੰ ਨਿਰਾਸ਼ਤਾ ਬਿਲਕੁਲ ਨਹੀਂ ਹੋਣੀਂ ਚਾਹੀਦੀ। ਮੈਂ ਅਨੁਵਾਦ ਲਈ ਆਪਣੀਆਂ ਸੇਵਾਵਾਂ ਪ੍ਰਦਾਨ ਕਰਨ ਲਈ ਤਿਆਰ ਹਾਂ, ਪਰ ਹਰ ਪਾਠਕ ਲਈ ਸੀਮਤ ਸਮੇਂ ਤੱਕ, ਉਦੋਂ ਤੱਕ ਜਦ ਤੱਕ ਉਹ ਆਪਣੇ ਆਪ ‘ਚ ਸਮਰੱਥ ਨਹੀਂ ਹੋ ਜਾਂਦਾ। ਮੈਨੂੰ ਵਿਸ਼ਵਾਸ਼ ਹੈ ਕਿ ਪੰਜਾਬੀ ਨਾ ਲਿਖ ਸਕਣ ਦਾ ਡਰ ਉਹਨਾਂ ਦਾ ਬਹੁਤ ਜਲਦੀ ਦੂਰ ਕਰ ਦਿੱਤਾ ਜਾਵੇਗਾ। (ਬਿਨਾਂ ਕਿਤੇ ਧਾਗੇ-ਤਵੀਤ ਦੇ)

ਸਿਆਣੇ ਕਹਿ ਗਏ ਹਨ ਕਿ ਵਹਿਮ ਦਾ ਕੋਈ ਇਲਾਜ ਨਹੀਂ, ਪਰ ਇਸ ਵਹਿਮ ਦਾ ਜ਼ਰੂਰ ਹੱਲ ਹੈ ਅਤੇ ਉਹ ਵੀ ਬਹੁਤ ਸੌਖਾ…

ਸਭ ਦਾ ਸ਼ੁੱਭ ਚਿੰਤਕ…
- ਸੁਰਿੰਦਰ ਮਾਹਲ

ਭੂਵਿੰਦਰ ਕੌਰ ਗਿੱਲ, ਐਡਮੰਟਨ , ਕੈਨੇਡਾ

24/01/05

ਸਤਿਕਾਰਯੋਗ ਕੰਦੋਲਾ ਸਾਹਿਬ,
ਸਤਿ ਸ੍ਰੀ ਅਕਾਲ ਪ੍ਰਵਾਨ ਹੋਵੇ।

ਕਈ ਦਿਨਾਂ ਤੋਂ ਪੰਜਾਬੀ-ਅੰਗਰੇਜੀ ਦੇ ਪੱਤਰਾਂ ਦਾ ਵਾਦ ਵਿਵਾਦ ਪੜ ਰਹੀ ਸੀ ਪਰ ਇਸ ਕਸ਼ਮਕਸ਼ ਵਿਚ ਭਾਗ ਲੈਣਾ ਯੋਗ ਨਹੀਂ ਸਮਝਿਆ। ਮੈਂ ਬਲਜੀਤ ਸਿੰਘ ਘੁੰਮਣ ਹੁਣਾਂ ਦੇ ਵਿਚਾਰ ਨਾਲ ਬਿਲਕੁਲ ਸਹਿਮਤ ਹਾਂ ਕਿ ਇਸ ਨੂੰ ਖਤਮ ਕਰਨ ਲਈ ਸੰਪਾਦਕ ਸਾਹਿਬ ਨੂੰ ਹੀ ਫੈਸਲਾ ਲੈਣਾ ਚਾਹੀਦਾ ਹੈ। ਵਕਤ ਸਿਰ ਇਸ ਸਭ ਕੁਝ ਦਾ ਨਿਸਚਾ ਕਰਨ ਤੇ ਆਪ ਵਧਾਈ ਦੇ ਪਾਤਰ ਹੋ ਤਾਂ ਕਿ ਅਸੀਂ ਕੋਈ ਅਗਾਂਹ ਵਧੂ ਗੱਲ ਵਾਰੇ ਲਿਖ ਪੜ ਸਕੀਏ। 5ਆਬੀ.ਕਾਮ ਦੇ ਸਾਰੇ ਹੀ ਲਿਖਾਰੀ ਤੇ ਪਾਠਕ ਬਹੁਤ ਸੂਝਵਾਨ ਹਨ ਤੇ ਇਹਨਾਂ ਗੱਲਾਂ ਵਿਚ ਸਮਾਂ ਨਾ ਗੁਆ ਕੇ ਆਓ ਮੁੜ ਠੀਕ ਲੀਹ ਤੇ ਪਈਏ।

ਪਿਆਰ ਸਹਿਤ,

ਭੂਵਿੰਦਰ ਕੌਰ ਗਿੱਲ, ਐਡਮੰਟਨ , ਕੈਨੇਡਾ

ਸਰਵਜੀਤ ਸਿੰਘ

24/01/05

ਡਾ ਬਲਦੇਵ ਸਿੰਘ ਜੀ ,

ਬਲਜੀਤ ਸਿੰਘ ਘੁਮੱਣ ਜੀ ਦੇ ਸੁਝਾਓ ਉੱਤੇ ਆਪ ਜੀ ਵਲੋ ਕੀਤੇ ਸਪੱਸ਼ਟ ਐਲਾਨ ਲਈ ਆਪ ਜੀ ਦਾ ਬੁਹਤ-ਬੁਹਤ ਧੰਨਵਾਦ। ਆਸ ਕਰਦੇ ਹਾ ਕਿ ਸਾਰੇ ਪਾਠਕ ਪਿਛਲੇ ਗਿਲੇ-ਸ਼ਿਕਵੇ ਭੁਲ ਕੇ ਅੱਗੇ ਤੋ ਸਿਰਫ ਗੁਰਮੁੱਖੀ ਲਿੱਪੀ ਵਿਚ ਹੀ ਪੱਤਰ ਲਿਖਣਗੇ ਤਾਂ ਜੋ ਕਿਸੇ ਨੁੰ ਨਿਰਾਸ਼ ਨਾ ਹੋਣਾ ਪਵੇ।

ਆਦਰ ਸਾਹਿਤ
ਸਰਵਜੀਤ ਸਿੰਘ

ਬਲਜੀਤ ਸਿੰਘ ਘੁਮੱਣ, ਟੋਰਾਂਟੋ

24/01/05

ਡਾ. ਬਲਦੇਵ ਸਿੰਘ ਕੰਦੋਲਾ ਜੀ,

ਹੁਣ ਤੋਂ 5ਆਬੀ.ਕਾਮ ਤੇ ਸਿਰਫ ਪੰਜਾਬੀ ਵਿੱਚ ਲਿਖੇ ਖਤ ਹੀ ਛਾਪੇ ਜਾਣਗੇ,

ਕੁਝ ਸਮੇ ਤੋ 5ਆਬੀ.ਕਾਮ ਤੇ ਅੰਗਰੇਜ਼ੀ ਅਤੇ ਪੰਜਾਬੀ ਵਿਚ ਲਿਖਣ ਬਾਰੇ ਚੱਲ ਰਿਹੇ ਵਿਵਾਦ ਨੂੰ ਤੁਸੀ ਅਪਣੇ ਏਸ ਫੈਂਸਲਾ ਨਾਲ ਖਤਮ ਕਰ ਦਿਤਾ ਹੈ! ਬਹੁਤ ਚਾੰਗਾ ਕੀਤਾ! ਬਾਕੀ ਮੈ ਤਾ ਸਭ ਨੂੰ ਇਹ ਕਹਾਂਗਾ ਕੇ ਜੋ ਵੀ ਲਿਖਣਾ ਹੈ ਚੰਗਾ ਲਿਖੋ ਤਾ ਕਿ ਕਿਸੇ ਦੇ ਸਨਮਾਨ ਨੂੰ ਠੇਸ ਨਾ ਪਾਹੁਚੇ!

ਬਲਜੀਤ ਸਿੰਘ ਘੁਮੱਣ
ਟੋਰਾਂਟੋ

ਇੰਜ:ਮਾਂਗਟ ਵੈਨਕੋਵਰ

ਨਵੇਂ ਕਿਸਮ ਦਾ ਵਿਆਹ ਸਾਡੀ ਧਰਤੀ ਤੇ - ਕੁਲਬੀਰ ਸਿੰਘ ਸ਼ੇਰਗਿੱਲ  

24/01/05

ਸਮਲਿੰਗੀ ਵਿਆਹਾਂ ਸਬੰਧੀ

ਸਮਲਿੰਗੀ ਵਿਆਹਾਂ ਬਾਰੇ ਅਜ ਕਲ ਭਾਰਤੀ ਅਤੇ ਕੈਨੇਡੀਅਨ ਮੀਡੀਆ ਵਿਚ ਬਹੁਤ ਚਰਚਾ ਹੋ ਰਹੀ ਹੈ । ਇਸ ਦੌੜ ਵਿਚ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਵੀ ਪਿਛੇ ਨਹੀਂ ਰਹੇ ਜਦੋਂ ਉਹਨਾਂ ਨੇ ਕੈਨੇਡਾ ਦੇ ਪ੍ਰਧਾਨ ਮੰਤ੍ਰੀ ਦੇ ਭਾਰਤ ਦੌਰੇ ਤੇ ਪਹੁੰਚਣ ਤੋਂ ਤਿੰਨ ਦਿਨ ਪਹਿਲਾਂ ਇਕ ਸ਼ੰਦੇਸ਼ ਜਾਰੀ ਕਰ ਦਿਤਾ ਕੇ ਸਿੱਖ ਧਰਮ ਸਮ-ਲਿੰਗੀ ਵਿਆਹਾਂ ਦੀ ਆਗਿਆ ਨਹੀਂ ਦਿੰਦਾ ਅਤੇ ਅਜੇਹੇ ਵਿਆਹਾਂ ਦੀ ਗੁਰਦੁਆਰਿਆਂ ਵਿਚ ਆਗਿਆ ਨਹੀਂ ਦਿਤੀ ਜਾਵੇਗੀ। ਕਿਹਾ ਜਾਂਦਾ ਹੈ ਕੇ ਪਰਧਾਨ ਮੰਤ੍ਰੀ ਪਾਲ ਮਾਰਟਨ ਵਲੋ ਦਰਬਾਰ ਸਾਹਿਬ ਦਾ ਦੌਰਾ ਅਕਾਲ ਤਖ਼ਤ ਦੀ ਬੇਲੋੜੀ ਮੁਦਾਖ਼ਲਤ ਕਾਰਨ ਅਖ਼ਰੀ ਸਮੇਂ ਰੱਦ ਕਰ ਦਿਤਾ ਗਿਆ। ਇਸ ਵਿਸ਼ੇ ਨਾਲ ਸਬੰਧਤ ਬਿਲ ਅਜੇ ਕੈਨੇਡੀਅਨ ਪਾਰਲੀਮੈਂਟ ਵਿਚ ਪੇਸ਼ ਕੀਤਾ ਜਾਣਾ ਹੈ ਤੇ ਇਹ ਵੀ ਪੇਸ਼ੀਨਗੋਈ ਕੀਤੀ ਜਾ ਰਹੀ ਹੈ ਕੇ ਇਸ ਭਖਦੇ ਮਸਲੇ ਤੇ ਕੈਨੇਡਾ ਵਿਚ ਮਾਰਟਨ ਸਾਹਿਬ ਵਲੋਂ ਨਵੇਂ ਸਿਰੇ ਤੋਂ ਇਲੈਕਸ਼ਨ ਦੀ ਕਾਲ ਵੀ ਦਿਤੀ ਜਾ ਸਕਦੀ ਹੈ, ਕਿਉਂਕੇ ਸਰਕਾਰ ਹੁਣ ਘੱਟ  ਗਿਣਤੀ ਵਿਚ ਹੀ ਚਲ ਰਹੀ ਹੈ । ਅਕਾਲ ਤਖ਼ਤ ਸਾਹਿਬ ਆਮ ਤੌਰ ਤੇ ਅਜੇਹੇ ਧਾਰਮਿਕ ਮਸਲਿਆਂ ਵਿਚ ਦਖ਼ਲ ਤਾਂ ਦਿੰਦਾ ਹੈ ਜੇ ਕਿਸੇ ਸ਼ੰਸਥਾ ਵਿਚ ਸਿੱਖ ਧਰਮ ਦੇ ਅਸੂਲਾਂ ਦੀ ਅਵਗਿਆ ਬਾਰੇ ਸ਼ਕਾਇਤ ਪ੍ਰਾਪਤ ਹੋਵੇ ਜਾਂ ਕਿਸੇ ਅਦਾਰੇ ਵਲੋਂ ਕੋਈ ਸਪਸ਼ਟੀ ਕਰਨ ਮੰਗਿਆਂ ਗਿਆ ਹੋਵੇ। ਪਰ ਅਚਾਨਕ ਅਜੇਹੇ ਅੰਤ੍ਰਾਸ਼ਟਰੀ ਮਸਲੇ ਤੇ ਅਕਾਲ ਤਖ਼ਤ ਵਲੋਂ ਸੰਦੇਸ਼ ਜਾਰੀ ਹੋਣਾ ਕੋਈ ਗੁੱਝੀ ਅੰਤ੍ਰਾਸ਼ਟਰੀ ਰਾਜਨੀਤਕ ਕੂਟ ਨੀਤੀ ਜਾਪਦੀ ਹੈ। ਫ਼ਰਾਂਸ ਵਿਚ ਛਿੜੇ ਪੱਗੜੀ ਦੇ ਮਸਲੇ ਬਾਰੇ ਅਜੇ ਤੱਕ ਅਕਾਲ ਤਖ਼ਤ ਸਾਹਿਬ ਵਲੋਂ ਕੋਈ ਢੁਕਵੀਂ ਸੇਧ ਨਹੀਂ ਦਿਤੀ ਗਈ ਜਦੋਂ ਕੇ ਦੁਨੀਆਂ ਭਰ ਦੀਆਂ ਸਿੱਖ ਸੰਸਥਾਵਾਂ ਵਲੋਂ ਇਸ ਮਸਲੇ ਨੂੰ ਹਲ ਕਰਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾਇਆਂ ਜਾ ਰਿਹਾ ਹੈ। ਦਸਮ ਗ੍ਰੰਥ ਦੇ ਮਸਲੇ ਤੇ ਇਕ ਕਥਿਤ ਲੇਖਕ ਨੂੰ ਛੇਕਣ ਤੋਂ ਬਾਅਦ ਮਸਲਾ ਠੰਡੇ ਬਸਤੇ ਚ' ਪਾ ਦਿਤਾ ਗਿਆ ਹੈ। ਰਾਗਮਾਲਾ ਦਾ ਗੰਭੀਰ ਵਿਸ਼ਾ ਜਥੇਦਾਰ ਸਾਹਿਬ ਦੇ ਨਿਜੀ ਤੌਰ ਤੇ ਆਪ ਹੀ ਵਿਚ ਉਲਝਣ ਕਾਰਨ ਗੁਪਤ ਮੀਟਿੰਗਾਂ ਕਰਕੇ ਖੁਰਦਬੁਰਦ ਕਰ ਦਿਤਾ ਗਿਆਂ ਹੈ। ਪਰ ਸਮ-ਲਿੰਗੀ ਸਬੰਧਾ ਬਾਰੇ ਆਦੇਸ਼ ਜਾਰੀ ਕਰਨ ਵਿਚ ਕਿਉਂ ਕਾਹਲੀ ਕੀਤੀ ਗਈ ਇਕ ਚਿੰਤਾਜਨਕ ਵਿਸ਼ਾ ਹੈ।

ਗਲ ਏਥੇ ਹੀ ਮੁੱਕ ਜਾਣ ਵਾਲੀ ਨਹੀਂ ਕਿਉਂਕੇ ਕੈਨੇਡਾ ਵਿਚ ਵਿਰੋਧੀ ਧਿਰ ਦੇ ਨੇਤਾ ਸਟੀਫ਼ਨ ਹਾਰਪਰ ਵਲੋਂ ਐਲਾਨ ਕੀਤਾ ਗਿਆ ਹੈ ਕੇ ਜੇ ਕਰ ਸਰਕਾਰ ਵਲੋਂ ਸਮ-ਲਿੰਗੀ ਵਿਆਹਾਂ ਦਾ ਬਿਲ ਪੇਸ਼ ਕੀਤਾ ਗਿਆ ਤਾਂ ਪੁਰਸ਼ਾਂ ਲਈ ਇਕ ਤੋਂ ਵਧ, ਬਿਨਾ ਤਲਾਕ ਤੋਂ ਵਿਆਹ ਕਰਾਉਣ ਦਾ ਬਿਲ ਲਿਆਂਦਾ ਜਾਵੇਗਾ। ਜੇ ਅਜੇਹਾ ਬਿਲ ਵੀ ਪਾਸ ਹੋ  ਗਿਆ ਤਾਂ ਅਕਾਲ ਤਖ਼ਤ ਕਸੂਤੀ ਸਥਿਤੀ ਵਿਚ ਆਂ ਜਾਵੇਗਾ ਅਤੇ ਐਲਾਨ ਕਰਨਾ ਪਵੇਗਾ ਕੇ ਸਿੱਖ ਇਕ ਤੋਂ ਵੱਧ ਵਿਆਂਹ ਨਹੀਂ ਕਰਵਾ ਸਕਦਾ। ਚੰਗਾ ਇਹੋ ਸੀ ਕੇ ਅਕਾਲ ਤਖ਼ਤ ਸਾਹਿਬ ਅਜੇ ਸਮ-ਲਿੰਗੀ ਵਿਆਹਾਂ ਬਾਰੇ ਸੰਦੇਸ਼ ਜਾਰੀ ਨਾ ਕਰਦਾ ।

ਇੰਜ:ਮਾਂਗਟ ਵੈਨਕੋਵਰ

ਸੰਤੋਖ ਸਿੰਘ

ਕੁਦਰਤ ਦਾ ਕਹਿਰ
- ਸੰਤੋਖ ਸਿੰਘ  

24/01/05

ਡਾ. ਕੰਦੋਲਾ ਜੀਓ

ਉਘੜ-ਦੁਘੜੇ ਪਰ ਦਿਲ ਦੀ ਹੂਕ ਨੂੰ ਦਰਸਾਉਣ ਵਾਲ਼ੇ ਵਿਚਾਰਾਂ ਨੂੰ ਏਨੇ ਖ਼ੂਬਸੂਰਤ ਕਲਾਤਮਿਕ ਤਰੀਕੇ ਨਾਲ਼, ਸਮੇਤ ਢੁਕਵੀਆਂ ਫੋਟੋਜ਼ ਨਾਲ਼, ਸਜਾ ਕੇ ਪੇਸ਼ ਕਰਨ ਲਈ ਧੰਨਵਾਦ।

ਸੰਤੋਖ ਸਿੰਘ

ਬਲਜੀਤ ਸਿੰਘ ਘੁਮੱਣ, ਟੋਰਾਂਟੋ

23/01/05

ਕੁਝ ਸਮੇ ਤੋ 5abi.com ਤੇ ਅੰਗਰੇਜ਼ੀ ਅਤੇ ਪੰਜਾਬੀ ਵਿਚ ਲਿਖਨ ਬਾਰੇ ਵਿਵਾਦ ਚੱਲ ਰਿਹਾ ਹੈ! ਮੇਰੇ ਖਿਆਲ ਵਿਚ ਏਸ ਵਿਵਾਦ ਦਾ ਫੈਂਸਲਾ ਡਾ. ਕੰਦੋਲਾ ਜੀ ਤੇ ਛੱਡ ਦੇਣਾ ਚਾਹਿਦਾ ਹੈ! ਡਾ. ਕੰਦੋਲਾ ਜੀ 5abi.com ਦੇ ਸੰਨਚਾਲਕ ਹਨ ਤੇ ਉਹ ਹੀ ਇਸ ਮਸਲੇ ਦਾ ਅਖਰੀ ਫੈਂਸਲਾ ਕਰਨ.

ਬਲਜੀਤ ਸਿੰਘ ਘੁਮੱਣ, ਟੋਰਾਂਟੋ

ਜਨਮੇਜਾ ਸਿੰਘ ਜੌਹਲ

23/01/05

ਪੰਜਾਬੀ ਪਿਆਰਿਓ

ਤੁਸੀਂ ਤਾਂ ਬਾਈ ਹੱਦ ਹੀ ਕਰਤੀ, ਮੈਂ ਤਾਂ ਕਦੇ ਵੀ ਪੰਜਾਬੀ ਦੀ ਥਾਂ ਅੰਗਰੇਜ਼ੀ ਵਰਤਣ ਦੀ ਗਲ ਨਹੀਂ ਕੀਤੀ। ਸਗੋਂ ਦੁਨੀਆਂ ਦੀ ਪਹਿਲੀ ਪੰਜਾਬੀ ਵੈਬਸਾਇਟ ਤੇ ਰੋਜ਼ਾਨਾ ਅਖਬਾਰ ਪੰਜਾਬੀ ਵਿਚ 1996 ਤੋ 1998 ਤੱਕ ਮੈਂ ਹੀ ਚਲਾਈ ਸੀ। ਪੈਸੇ ਧੇਲੇ ਦੀ ਘਾਟ ਕਰਕੇ ਗੱਲ ਅਗੇ ਨਹੀਂ ਤੁਰੀ। ਮੇਰੇ ਸਾਰੇ ਲੇਖ ਤੇ ਕਾਲਮ ਸਿਰਫ ਪੰਜਾਬੀ ਵਿਚ ਹੀ ਹੁੰਦੇ ਹਨ। ਮੈਨੂੰ ਜਾਣੇ ਬਗੈਰ ਹੀ ਤੁਸੀਂ ਮੇਰੀ ਦੁਰਗਤ ਕਰੀ ਜਾ ਰਹੇ ਹੋ। ਜਿਹਨਾਂ ਹਜਾਰਾਂ ਲਖਾਂ ਦੀ ਤੁਸੀ ਗੱਲ ਕਰਦੇ ਹੋ ਉਹ ਮੈਂ ਨਹੀਂ ਪੰਜਾਬ ਦੀਆਂ ਯੂਨੀਵਰਸਿਟੀਆਂ ਨੇ ਬਿਨ੍ਹਾਂ ਪੰਜਾਬੀ ਲਈ ਕੋਈ ਕੰਮ ਕੀਤੇ ਡਕਾਰੇ ਹਨ। ਕਾਸ਼ ਮੇਰੇ ਪ੍ਰੋਗਰਮਾ ਤੋਂ ਮੈਨੂੰ ਲੱਖਾਂ ਮਿਲੇ ਹੁੰਦੇ ਤਾਂ ਮੈਂ ਪੇਂਡੂ ਲੋਕਾਂ ਲਈ ਚਲਦੇ ਖੇਤ ਖਲਵਾੜ ਮੈਗਜ਼ੀਨ ਨੂੰ ਬੰਦ ਨਾ ਕਰਦਾ। ਸਾਹਿਤ ਅਕਾਡਮੀ ਦਾ ਮੈਂ ਸਕਤਰ ਜ਼ਰੂਰ ਹਾਂ, ਪਰ ਕਿਸੇ ਕੋਲੋਂ ਵੋਟ ਨਹੀਂ ਸੀ ਮੰਗੀ, ਇਹ ਗਲ ਸਭ ਜਾਣਦੇ ਹਨ। ਜੇ ਮੈਂ ਵਡੇ ਮਸਲਿਆ ਦੀ ਗੱਲ ਕੀਤੀ ਹੈ ਤਾਂ ਉਸ ਦੀ ਜ਼ਰੂਰਤ ਸਮਝੋ।  ਹੋ ਸਕਦਾ ਹੈ ਤੁਹਾਨੂੰ ਮੇਰੇ ਨਾਲੋ ਪੰਜਾਬੀ ਨਾਲ ਵਧ ਮੋਹ ਹੋਵੇ, ਪਰ ਘਟ ਮੇਰਾ ਵੀ ਨਹੀਂ। ਪ੍ਰਦੇਸੀ ਵਸਦਿਓ ਮੈਨੂੰ ਇਹ ਜਾਣ ਕਿ ਖੁਸ਼ੀ ਹੋਵੇਗੀ ਕਿ ਕਿਨ੍ਹੇ ਹਨ ਮੇਰੇ ਵਰਗੇ ਜੋ ਪੰਜਾਬੀ ਤੇ ਪੰਜਾਬੀ ਸੋਚ, ਭਾਸ਼ਾ ਤੇ ਸਭਿਆਚਾਰਕ ਦੀ ਡਾਕੁਮੈਂਟੇਸ਼ਨ ਕਰਨ ਲਈ 1972 ਵਿਚ ਅਮਰੀਕਾ ਤੋਂ ਸਟੇਟ ਸਕਾਲਰਸ਼ਿਪ ਛੱਡ ਕਿ ਪੰਜਾਬ ਦੇ ਪਿੰਡ  ਪਿੰਡ ਮੋਟਰ ਸਾਇਕਲ ਤੇ ਗਾਹੁੰਦੇ ਰਹੇ ਹਨ। ਖੈਰ ਇਹ ਸਭ ਕੁਝ ਮੈਂ ਕਿਸੇ ਲਈ ਨਹੀ ਆਪਣੇ ਮਨ ਦੀ ਭਾਵਨਾ ਲਈ ਕੀਤਾ ਹੈ।

ਰਹੀ ਗੱਲ ਖਤਾਂ ਦੀ, ਵੀਰੇਓ ਸੰਵਾਦ ਨੂੰ ਖਤਮ ਨਾ ਕਰੀਏ ਆਪਾਂ ਸਾਰੇ ਪੜ੍ਹੇ ਲਿਖੇ ਹਾਂ। ਗਲਾਂ ਕੰਮ ਦੀਆਂ ਤੇ ਨੀਤੀ ਦੀਆਂ ਕਰੀਏ। ਕਿਤੇ ਸਾਡੀ ਤਾਕਤ ਇਸ ਲੜਾਈ ਵਿਚ ਹੀ ਨਾ ਖਤਮ ਹੋ ਜਾਵੇ।

ਕਿਸੇ ਰੁਖੇ ਸ਼ਬਦਾਂ ਲਈ ਖਿਮਾ ਦਾ ਜਾਚਕ ਹਾਂ। ਆਪ ਸਭ ਦਾ ਸਨੇਹੀ

ਜਨਮੇਜਾ ਸਿੰਘ ਜੌਹਲ

5_cccccc1.gif (41 bytes)

ਪੱਤਰ 2004

1 2 3 4 5 6 7 8  9  10  11 12  13  14  15  16 17 18 19 20 | 21 22 23 24 25 26 27
28 29 30 31 32 33 34 35 36 37 38 39

ਪੱਤਰ 2005

1 2 3

Terms and Conditions
Privacy Policy
© 1999-2005, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2005, 5abi.com