WWW 5abi.com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)

 
ਕੁਦਰਤ ਦਾ ਕਹਿਰ
ਸੰਤੋਖ ਸਿੰਘ
 

ਕੁਝ ਸਮਾ ਕੰਪਿਊਟਰ ਦੀ ਖੁਲ੍ਹੀ ਪਹੁੰਚ ਤੋਂ ਪਰੇ ਰਹਿਣ ਸਦਕਾ ਕੁਝ ਝਰੀਟਿਆ ਨਹੀ ਜਾ ਸਕਿਆ। ਪਿਛਲੇ ਮਹੀਨੇ ਵਿਚ ਬਹੁਤ ਹੀ ਚੰਗੀਆਂ-ਮੰਦੀਆਂ ਘਟਨਾਵਾਂ ਵਾਪਰਦੀਆਂ ਰਹੀਆਂ। ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੀਆਂ ਤਿੰਨ ਸੌ ਸਾਲਾ ਸ਼ਤਾਬਦੀਆਂ ਨੂੰ ਸਿੱਖ ਜਗਤ ਨੇ ਬੜੇ ਉਤਸ਼ਾਹ ਨਾਲ਼ ਮਨਾਇਆ। ਨਵਾਂ ਸਾਲ ਵੀ ਆਇਆ ਤੇ ਉਸਦੇ ਭਾਣੇ ਅੰਦਰ ਬੀਤ ਰਿਹਾ ਹੈ। ਦਸਮ ਗੁਰੂ ਜੀ ਦਾ ਆਗਮਨ ਦਿਵਸ ਵੀ ਸੰਗਤਾਂ ਨੇ ਮਨਾਇਆ। ਸ੍ਰੀ ਮੁਕਤਸਰ ਸਾਹਿਬ ਵਿਖੇ ਚਾਲ਼ੀ ਮੁਕਤਿਆਂ ਦਾ ਤਿੰਨ ਸੋ ਸਾਲਾ ਸ਼ਹੀਦੀ ਦਿਹਾੜਾ ਵੀ ਕੌਮ ਨੇ ਜੋਸ਼ ਸਹਿਤ ਮਨਾਇਆ।

ਇਹਨਾਂ ਬਹੁਤ ਸਾਰੀਆਂ ਚੰਗੀਆਂ ਘਟਨਾਵਾਂ ਵਾਪਰਨ ਦੇ ਨਾਲ਼ ਨਾਲ਼ ਰੇਲ ਹਾਦਸੇ, ਸਮੁਚੇ ਪਰਵਾਰਾਂ ਦੇ ਕਤਲ, ਆਤਮ ਹੱਤਿਆਵਾਂ ਆਦਿ ਵਰਗੀਆਂ ਮੰਦਭਾਗੀਆਂ ਘਟਨਾਵਾਂ ਨੇ ਵੀ ਮਨੁਖੀ ਸੋਚ ਉਪਰ ਆਪਣਾ ਸੋਗਮਈ ਅਸਰ ਪਾਇਆ।

ਪਰ 26 ਦਸੰਬਰ ਦੀ ‘ਪਰਲੋ’ ਨੇ ਤਾਂ ਮਨੁਖਤਾ ਦਾ ਸਾਹ ਹੀ ਸੂਤ ਲਿਆ। ਜਾਂਦਾ ਜਾਂਦਾ ਸਾਲ 2004 ਦੁਲੱਤਾ ਮਾਰ ਕੇ ਐਸ਼ਾਂ ‘ਚ ਅੰਨ੍ਹੀ ਹੋਈ ਫਿਰਦੀ ਲੋਕਾਈ ਦਾ ਤ੍ਰਾਹ ਹੀ ਕਢ ਕੇ ਰੱਖ ਗਿਆ। “ਕੇਲ ਕਰੇਂਦੇ ਹੰਝ ਨੋ ਅਚਿੰਤੇ ਬਾਜ ਪਏ॥” (ਪੰਨਾ 1383) ਸ਼ੇਖ਼ ਫ਼ਰੀਦ ਜੀ ਵਾਲ਼ੀ ਗੱਲ ਹੀ ਹੋਈ। ਇਸ ਮਹਾਂ ਭਿਆਨਕ ਪਾਣੀ ਦੀ ਮਾਰ ਨੇ ਮਨੁਖ ਨੂੰ ਦਰਸਾ ਦਿਤਾ ਕਿ ਕਾਦਰ ਦੀ ਕੁਦਰਤ ਦੀ ਸ਼ਕਤੀ ਦੇ ਸਾਹਮਣੇ ਉਸਦੀ ਹਸਤੀ ਕਿੰਨੀ ਨਿਗੂਣੀ ਹੈ। ਪੁਰਾਤਨ ਧਾਰਮਿਕ ਗ੍ਰੰਥਾਂ ਵਿਚ ਜਿਸ ‘ਜਲ ਪਰਲੋ’ ਦਾ ਜ਼ਿਕਰ ਆਉਂਦਾ ਹੈ, ਸ਼ਾਇਦ ਇਹ ਵੀ ਕੋਈ ਉਸਦਾ ਹੀ ਅਗਾਊਂ ਝਲਕਾਰਾ ਹੋਵੇ! ਇਹ ਵੀ ਵਿਚਾਰਵਾਨਾਂ ਦਾ ਵਿਚਾਰ ਹੈ ਕਿ ਜੇ ਕਿਤੇ ਇਹ ਭੁਚਾਲ਼ ਦਸ ਕਿਲੋ ਮੀਟਰ ਡੂੰਘੇ ਸਮੁੰਦਰ ਵਿਚ ਨਾ ਆ ਕੇ ਧਰਤੀ ਉਪਰ ਆ ਜਾਂਦਾ ਤਾਂ ਸੱਚ-ਮੁੱਚ ਹੀ ਪਰਲੋ ਆ ਜਾਣ ਦਾ ਅਮਕਾਨ ਸੀ।

ਗੁਰਬਾਣੀ ਵਿਚ ਕਬੀਰ ਜੀ ਦੀ ਰਸਨਾ ਤੋਂ ਫੁਰਮਾਨ ਹੈ:

ਹਸਤੋ ਜਾਇ ਸੁ ਰੋਵਤੁ ਆਵੈ ਰੋਵਤੁ ਜਾਇ ਸੁ ਹਸੈ॥
ਬਸਤੋ ਹੋਇ ਹੋਇ ਸੁੋ ਊਜਰੁ ਊਜਰੁ ਹੋਇ ਸੁ ਬਸੈ ॥1॥
ਜਲ ਤੇ ਥਲ ਕਰਿ ਥਲ ਤੇ ਕੂਆ ਕੂਪ ਤੇ ਮੇਰੁ ਕਰਾਵੈ॥
ਧਰਤੀ ਤੇ ਆਕਾਸਿ ਚਢਾਵੈ ਚਢੇ ਅਕਾਸਿ ਗਿਰਾਵੈ ॥2॥
ਭੇਖਾਰੀ ਤੇ ਰਾਜੁ ਕਰਾਵੈ ਰਾਜਾ ਤੇ ਭੇਖਾਰੀ॥
ਖਲ ਮੂਰਖ ਤੇ ਪੰਡਿਤ ਕਰਿਬੋ ਪੰਡਿਤ ਤੇ ਮੁਗਧਾਰੀ॥3॥(ਪੰਨਾ1252

ਕਿਵੇਂ ਦਰਜਨ ਭਰ ਦੇਸ਼ਾਂ ਦੇ ਸਮੁੰਦਰੀ ਕਿਨਾਰਿਆਂ ਦੇ ਵਸਨੀਕ, ਅਤੇ ਰਮਣੀਕ ਸਮੁੰਦਰੀ ਸੈਰਗਾਹਾਂ ਤੇ ਪ੍ਰੇਮੀਆਂ ਤੇ ਪਰਵਾਰਾਂ ਸਮੇਤ ਛੁੱਟੀਆਂ ਮਨਾਉਣ ਗਏ ਲੋਕਾਂ ਦਾ, ਪਲ ਭਰ ਵਿਚ ਤੀਹ-ਚਾਲ਼ੀ ਫੁੱਟ ਪਾਣੀ ਦੀ ਕੰਧ, ਕਾਲ਼ ਬਣਕੇ ਆਈ ਤੇ ਆਪਣੇ ਨਾਲ਼ ਸਭ ਕੁਝ ਰੋਹੜ ਕੇ ਲੈ ਗਈ। ਕੁਝ ਦੀਆਂ ਲਾਸ਼ਾਂ ਮਿਲ਼ੀਆਂ ਤੇ ਕੁਝ ਦੀਆਂ ਉਹ ਵੀ ਨਾ। ਜੋ ਬਚੇ ਉਹ ਵੀ ਲੱਖਾਂ ਵਾਲ਼ੇ ਕੱਖਾਂ ਤੋਂ ਹੌਲ਼ੇ ਹੋ ਗਏ। “ਵਜੀਦਾ ਕੌਣ ਆਖੇ ਸਾਹਿਬ ਨੂੰ, ਇੰਜ ਨਹੀ ਤੇ ਇੰਜ ਕਰ।“
ਨਦਰ ਉਪਠੀ ਜੇ ਕਰੇ ਸੁਲਤਾਨਾਂ ਘਾਹੁ ਕਰਾਇੰਦਾ॥
ਦਰ ਮੰਗਨ ਭਿਖ ਨ ਪਾਇੰਦਾ॥

ਇਕਾ-ਦੁਕਾ ਕਰਾਮਾਤ ਵਰਗੀਆਂ ਘਟਨਾਵਾਂ ਦੀਆਂ ਖ਼ਬਰਾਂ ਵੀ ਆਈਆਂ; ਜਿਵੇਂ ਕਿ ਕੋਈ ਕੁਝ ਦਿਨਾਂ ਬਾਅਦ ਮਲਬੇ ਹੇਠੋਂ ਜੀਂਦਾ ਨਿਕਲ਼ਿਆ, ਕੋਈ ਦਰੱਖ਼ਤ ਤੋਂ ਟੰਗਿਆ ਲਾਹਿਆ, ਕੋਈ ਬੱਚਾ ਚਟਾਈ ਤੇ ਬੈਠਾ ਤੇ ਚਟਾਈ ਪਾਣੀ ਤੇ ਤਰਦੀ ਪਾਈ ਗਈ, ਕਿਸੇ ਜਵਾਨ ਬੀਬੀ ਦਾ ਮਾਰਗ ਦਰਸ਼ਨ ਵੱਡ ਆਕਾਰੀ ਸੱਪ ਨੇ ਕੀਤਾ ਤੇ ਇਸ ਤਰ੍ਹਾਂ ਉਹ ਕਿਸੇ ਹੋਰ ਦੇ ਦੋ ਜੁੜਵੇਂ ਬੱਚਿਆਂ ਨੂੰ, ਤਰ ਕੇ ਬਚਾਉਣ ਵਿਚ ਸਮਰੱਥ ਰਹੀ ਆਦਿ ਕੁਦਰਤ ਦੇ ਕਹਿਰ ਸਾਹਮਣੇ ਅਪਵਾਦ ਸਰੂਪ ਘਟਨਾਵਾਂ ਵੀ ਘਟੀਆਂ।

ਜਿਵੇਂ ਕਿ ਹਰ ਚੰਗੀ ਦਿਸਣ ਵਾਲ਼ੀ ਘਟਨਾ ਪਿਛੇ ਕੋਈ ਮਾੜਾ ਅਸਰ ਛੁਪਿਆ ਹੁੰਦਾ ਹੈ ਏਸੇ ਤਰ੍ਹਾਂ ਹਰੇਕ ਮੰਦੀ ਵਾਪਰਨਾ ਪਿਛੇ ਵੀ ਕੋਈ ਚੰਗਾ ਅਸਰ ਉਘੜ ਪੈਂਦਾ ਹੈ। ਇਸ ਪਦਾਰਥਵਾਦੀ ਤੇ ਮਹਾਂ ਸਵਾਰਥਵਾਦੀ ਯੁਗ ਵਿਚ ਵੀ ਜਿਵੇਂ ਇਸ ਕੁਦਰਤੀ ਆਫ਼ਤ ਸਮੇ ਜਨਤਾ ਵਿਚ ਪਰਉਪਕਾਰ ਤੇ ਦੁਖੀਆਂ ਦੀ ਸੇਵਾ ਤੇ ਸਹਾਇਤਾ ਲਈ ਉਤਸ਼ਾਹ ਉਮਗਿਆ ਹੈ, ਇਸ ਦੀ ਵੀ ਮਿਸਾਲ ਘੱਟ ਹੀ ਮਿਲ਼ਦੀ ਹੈ। ਵਾਹਿਗੁਰੂ ਕਰੇ ਮਨੁਖਤਾ ਦਾ ਮਾਨਵੀ ਪੱਖ ਏਸੇ ਤਰ੍ਹਾਂ ਹੀ ਪਰਗਟ ਹੁੰਦਾ ਰਹੇ ਅਤੇ ਇਸਦੇ ਨਾਲ਼ ਹੀ ਸਰਬ ਸ਼ਕਤੀਮਾਨ ਰੱਬ ਤੋਂ ਆਉ ਸਾਰੇ ਹੀ ਅਸੀਂ ਕਰਤੇ ਦੀ ਕੁਦਰਤ ਸਾਹਮਣੇ ਬੇਵੱਸ ਜੀਵ ਰਹਿਮਤ ਮੰਗੀਏ ਤਾਂ ਕਿ ਉਹ ਆਪਣੀ ਹੀ ਸਾਜੀ ਸ੍ਰਿਸ਼ਟੀ ਦੇ ਜੀਵਾਂ ਨੂੰ ਏਨੀ ਕਠਨ ਪ੍ਰੀਖਿਆ ਵਿਚ ਨਾ ਪਾਵੇ। ਸਾਰੇ ਸੰਸਾਰ ਤੇ ਸੁਖ ਵਰਤਾਵੇ। ਅਸੀਂ ਅਲਪੱਗ ਜੀਵ ਬੇਨਤੀ ਹੀ ਕਰ ਸਕਦੇ ਹਾਂ ਤੇ ਇਸ ਬੇਨਤੀ ਰਾਹੀਂ ਸਦਾ ਸੁਖ ਦੇ ਚਾਹਵਾਨ ਰਹਿੰਦੇ ਹਾਂ। ਵੈਸੇ ਗੁਰੂ ਕੇ ਸਿੱਖ ਦਾ ਸਿਦਕ ਤਾਂ ਗੁਰੂ ਨਾਨਕ ਜੀ ਦੇ ਸ਼ਬਦਾਂ ਵਿਚ, “ਜੋ ਤੁਧੁ ਭਾਵੈ ਸਾਈ ਭਲੀ ਕਾਰ॥” (ਪੰਨਾ 3) ਉਪਰ ਸ਼ਾਕਰ ਰਹਿਣਾ ਹੀ ਹੋਣਾ ਚਾਹੀਦਾ ਹੈ ਪਰ ਫੇਰ ਵੀ ਸਵਾਰਥ ਵੱਸ ਅਸੀਂ ਕੁਦਰਤੀ ਕਹਿਰ ਤੋਂ ਬਚਣ ਲਈ ਹੱਥ-ਪੈਰ ਮਾਰਦੇ ਹੀ ਰਹਿੰਦੇ ਹਾਂ।

ਸਰਬੱਤ ਜੀਆਂ ਦੀ ਭਲਾਈ ਵਾਸਤੇ, ਪੰਜਵੇਂ ਗੁਰੂ ਜੀ ਵੱਲੋਂ, ਰੱਬ ਦੀ ਸੇਵਾ ਵਿਚ ਕੀਤੀ ਗਈ ਇਸ ਪ੍ਰਾਰਥਨਾ ਦੇ ਨਾਲ਼ ਆਪਣੀ ਗੱਲ ਬੰਦ ਕਰਦਾ ਹਾਂ:

ਸਭੇ ਜੀਅ ਸਮਾਲਿ ਅਪਣੀ ਮੇਹਰ ਕਰੁ॥(ਪੰਨਾ 1251)

ਸਰਬੱਤ ਦੇ ਭਲੇ ਦੀ ਲੋਚਨਾ ਸਹਿਤ,

ਸੰਤੋਖ ਸਿੰਘ


ਤੁਹਾਡੇ ਵਿਚਾਰਾਂ ਦਾ ਸੁਆਗਤ ਹੈ

hore-arrow1gif.gif (1195 bytes)


Terms and Conditions
Privacy Policy
© 1999-2003, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2004, 5abi.com