ਗਿਆਨੀ ਅਮੋਲਕ ਸਿੰਘ ਜੀ ਦੀ ਹਸਤੀ
ਅਤੇ ਨਾਂ ਕਿਸੇ ਜਾਣ-ਪਛਾਣ ਦੀ ਮੁਥਾਜ ਨਹੀ । ਆਪ ਜੀ ਖਾਲਸਾ ਪੰਥ ਦੀਆਂ ਮਹਾਨ
ਹਸਤੀਆਂ ਵਿੱਚੋਂ ਇੱਕ ਸਰਬ- ਪੱਖੀ ਹਸਤੀ ਸਨ, ਜਿਨ੍ਹਾਂ ਨੇ ਬਚਪਨ ਤੋਂ ਸਿੱਖੀ ਦੀ
ਗੁੜਤੀ ਲੈ ਕੇ ਅਖੀਰਲੇ ਸਵਾਸਾਂ ਤੱਕ ਸਿੱਖੀ ਜੀਵਨ ਲਈ ਪੂਰਨ ਗੌਰਵਤਾ ਬਣਾਈ ਅਤੇ
ਸਿੱਖੀ ਦੇ ਪ੍ਰਚਾਰ ਨੂੰ ਵੀ ਜੀਵਨ ਉਦੇਸ਼ ਬਣਾਈ ਰੱਖਿਆ । ਇਸ ਗੱਲ ਦਾ ਪ੍ਰਤੱਖ
ਸਬੂਤ ਉਸ ਸਮੇਂ ਮਿਲਦਾ ਹੈ, ਜਦੋਂ ਉਂਨ੍ਹਾ ਨੇ ਆਪਣਾ ਸਰੀਰਕ ਚੋਲਾ ਛੱਡਣ ਤੋਂ ਕੁਝ
ਸਮਾਂ ਪਹਿਲਾਂ ਆਪਣੇ ਸਾਰੇ ਪ੍ਰਵਾਰ ਨੂੰ ਕੋਲ ਸੱਦ ਕੇ ਸਿੱਖੀ ‘ਚ ਪ੍ਰੱਪਕ ਰਹਿਣ
ਲਈ ਦ੍ਰਿੜ ਕਰਵਾਇਆ ।
ਆਪ
ਜੀ ਦਾ ਜਨਮ ਲੁਧਿਆਣੇ ਦੇ ਇੱਕ ਛੋਟੇ ਜਿਹੇ ਨਗਰ ਢੱਟ ਵਿਖੇ 1927 ਨੂੰ ਹੋਇਆ ।
ਇਸੇ ਪਿੰਡ ਵਿਚ ਢੱਟ ਗੋਤ ਦੇ ਜਿਮੀਂਦਾਰ ਵੱਸਦੇ ਹਨ । ਗਿਆਨੀ ਜੀ ਨੂੰ ਸਿੱਖੀ ਦੀ
ਜਾਗ ਆਪਣੇ ਪਿਤਾ ਸ੍ਰ. ਬੋਘਾ ਸਿੰਘ ਤੇ ਮਾਤਾ ਧੰਨ ਕੌਰ ਪਾਸੋਂ ਲੱਗੀ। ਇਸ ਪ੍ਰਵਾਰ
ਦਾ ਸੁਭਾਗ ਸੀ ਕਿ ਜ਼ਿਆਦਾ ਰਿਸ਼ਤੇਦਾਰ ਸਿੱਖੀ ਰਹਿਤ-ਬਹਿਤ ਵਾਲੇ ਸਨ। ਜਾਪਦਾ ਹੈ
ਕਿ ਇਨ੍ਹਾਂ ਦੇ ਨਾਮਕਰਣ ਸੰਸਕਾਰ ਦੌਰਾਨ ਵਿਲੱਖਣ ਤੇ ਸੁੰਦਰ ਨਾਮ “ ਅਮੋਲਕ ਸਿੰਘ”
ਰੱਖਣ ਦਾ ਫੈਸਲਾ ਇਨ੍ਹਾਂ ਦੇ ਮਾਮਾ ਜੀ ਮਾਸਟਰ ਜੋਗਿੰਦਰ ਸਿੰਘ ਜੀ ਬੜੂੰਦੀ ਨੇ ਹੀ
ਕੀਤਾ ਹੋਵੇ । ਇਸ ਦਾ ਅਰਥ ਹੈ ਕਿ ਭਰਪੂਰ ਨਾਂਮ ਤੋਂ ਸਿਆਣੇ ਆਦਮੀ ਅਨੁਭਵ ਕਰ
ਸਕਦੇ ਹਨ ਕਿ ਗਿਆਨੀ ਜੀ ਦੇ ਆਲੇ-ਦੁਆਲੇ ਧਾਰਮਿਕ ਹਸਤੀਆਂ ਦੀ ਮੌਜੂਦਗੀ ਸੀ ਅਤੇ
ਇਨ੍ਹਾਂ ਦਾ ਪਾਲਣ-ਪੋਸ਼ਣ ਵੀ ਧਾਰਮਕ ਵਾਤਾਵਰਣ ਵਿਚ ਹੋਇਆ। ਜਦੋਂ ਇਨ੍ਹਾਂ ਨੇ
ਸੁਰਤ ਸੰਭਾਲੀ ਤਾਂ ਇਨ੍ਹਾਂ ਦੇ ਮਾਮਾ ਜੀ ਮਾਸਟਰ ਜੋਗਿੰਦਰ ਸਿੰਘ ਜੀ ਨੇ ਗੁਰਮਤ
ਦੀ ਸਿੱਖਿਆ ਦੇਣੀ ਸ਼ੁਰੂ ਕਰ ਦਿੱਤੀ । ਬਾਲ ਵਰੇਸ ਤੋਂ ਆਪ ਜੀ ਨੂੰ ਪੰਥ ਦੀਆਂ
ਮਹਾਨ ਗੁਰਮੁਖ ਆਤਮਾਵਾਂ ਦੀ ਗੋਦ ਤੇ ਸੰਗਤ ਮਾਨਣ ਦਾ ਖੂਬ ਅਵਸਰ ਮਿਲਦਾ ਰਹਿੰਦਾ
ਸੀ । ਜਿੱਥੇ ਆਪ ਦੇ ਮਾਮਾ ਜੀ ਮਾਸਟਰ ਜੋਗਿੰਦਰ ਸਿੰਘ ਪੂਰਨ ਗੁਰਸਿੱਖ ਤੇ ਵਿਦਵਾਨ
ਹਸਤੀ ਸਨ, ਉਥੇ ਉਹ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ( ਨਾਰੰਗਵਾਲ ) ਦੇ ਵੀ
ਨਿਕਟਵਰਤੀ ਸਨ। ਇਨ੍ਹਾਂ ਗੁਰਮੁਖਾਂ ਦੀ ਆਪਸੀ ਸਾਂਝ ਕਾਰਨ ਗਿਆਨੀ ਅਮੋਲਕ ਸਿੰਘ ਜੀ
ਨੂੰ ਭਾਈ ਰਣਧੀਰ ਸਿੰਘ ਜੀ ਦੀ ਸੰਗਤ ਦਾ ਅਵਸਰ ਮਿਲਿਆ ਅਤੇ ਭਾਈ ਰਣਧੀਰ ਸਿੰਘ ਜੀ
ਨੇ ਗਿਆਨੀ ਜੀ ਨੂੰ ਅਥਾਹ ਪਿਆਰ ਕੀਤਾ ।
ਸਾਲ 1936 ਵਿੱਚ ਮਾਸਟਰ ਜੋਗਿੰਦਰ ਸਿੰਘ ਜੀ
ਦਰਬਾਰ ਸਾਹਿਬ, ਤਰਨਤਾਰਨ ਵਿਖੇ ਮੈਨੇਜਰ ਲਗ ਗਏ । ਉਥੇ ਉਨ੍ਹਾਂ ਨੇ ਆਪਣੇ ਭਾਣਜੇ
ਗਿਆਨੀ ਅਮੋਲਕ ਸਿੰਘ ਜੀ ਨੂੰ ਵੀ ਨਾਲ ਹੀ ਰੱਖਿਆ। ਤਰਨਤਾਰਨ ਵਿਖੇ ਸੰਗੀਤ ਉਸਤਾਦ
ਪਾਸੋਂ ਗਿਆਨੀ ਅਮੋਲਕ ਸਿੰਘ ਜੀ ਨੂੰ ਗੁਰਬਾਣੀ ਸੰਗੀਤ ਦੀ ਸਿਖਲਾਈ ਸ਼ੁਰੂ ਕਰਵਾਈ।
ਇਸ ਅਸਥਾਨ ਤੇ ਲਗਾਤਾਰ ਚਾਰ ਸਾਲ ਸੰਗੀਤ ਸਿੱਖਿਆ ਅਤੇ ਕੁਝ ਸਮਾਂ ਫਿਰੋਜ਼ਪੁਰ
ਵਿਖੇ ਗੁਰਮਤ ਸੰਗੀਤ ਦੀ ਵਿਦਿਆ ਲਈ। ਗੁਰਬਾਣੀ ਸੰਗੀਤ ਦੇ ਨਾਲ ਨਾਲ ਆਪਣੇ ਮਾਮਾ
ਜੀ ਪਾਸੋਂ ਗੁਰਮਤਿ ਵਿਦਿਆ ਵਿਚ ਨਿਪੁੰਨਤਾ ਹਾਸਲ ਕੀਤੀ । ਗੁਰਮੁਖ ਤੇ ਵਿਦਵਾਨ
ਹਸਤੀਆਂ ਦੇ ਅੰਗ-ਸੰਗ ਰਹਿਣ ਕਾਰਨ ਆਪ ਜੀ ਇਕ ਚੰਗੇ ਬੁਲਾਰੇ ਤੇ ਕਥਾਕਾਰ ਵੀ ਬਣ
ਗਏ। ਗੁਰਮਤਿ ਸਿੱਖਣ ਦੇ ਨਾਲ ਨਾਲ ਆਪਣੇ ਮਾਮਾ ਜੀ ਦੀ ਪ੍ਰੇਰਨਾ ਸਦਕਾ ਪੰਜਾਬ
ਯੁਨੀਵਰਸਿਟੀ ਤੋਂ ਦਸਵੀਂ ਦਾ ਇਮਤਿਹਾਨ, ਬੁੱਧੀਮਾਨ ਤੇ ਗਿਆਨੀ ਪਾਸ ਕਰ ਲਏ।
ਤਕਰੀਵਨ 1940 ਵਿਚ ਮਾਸਟਰ ਜੋਗਿੰਦਰ ਸਿੰਘ ਜੀ
ਨੇ ਤਰਨਤਾਰਨ ਵਿਖੇ ਮੈਨੇਜਰ ਪਦ ਦੀ ਸੇਵਾ ਤਿਆਗ ਦਿੱਤੀ ਅਤੇ ਗੁਰੂ ਹਰਿਗੋਬਿੰਦ
ਖਾਲਸਾ ਹਾਈ ਸਕੂਲ ਗੁਰੂਸਰ ਸੁਧਾਰ ਵਿਖੇ ਬਤੌਰ ਅਧਿਆਪਕ ਲਗ ਗਏ ਅਤੇ ਕਦੀ ਕਦੀ
ਨੌਜਵਾਨ ਗਿਆਨੀ ਅਮੋਲਕ ਸਿੰਘ ਜੀ ਨੂੰ ਵੀ ਸਕੂਲ ਲੈ ਆਉਂਦੇ। ਇਕ ਦਿਨ ਸਕੂਲ ਦੇ
ਪ੍ਰਿੰਸੀਪਲ ਤੇ ਪ੍ਰਬੰਧਕਾਂ ਨੇ ਗਿਆਨੀ ਅਮੋਲਕ ਸਿੰਘ ਜੀ ਬਾਰੇ ਪੁੱਛ-ਗਿੱਛ ਕੀਤੀ
। ਉਨ੍ਹਾਂ ਤੋਂ ਸਿੱਧੇ ਤੌਰ ਤੇ ਇਲਮ ਤੇ ਤਾਲੀਮ ਸਬੰਧੀ ਜਾਣਿਆ ਅਤੇ ਆਪ ਜੀ ਨੂੰ
ਕੀਰਤਨ ਕਰਨ ਲਈ ਕਿਹਾ, ਜਦੋਂ ਗਿਆਨੀ ਅਮੋਲਕ ਸਿੰਘ ਜੀ ਨੇ ਕੀਰਤਨ ਕੀਤਾ ਤਾਂ
ਪ੍ਰਿੰਸੀਪਲ ਤੇ ਹੋਰ ਪ੍ਰਬੰਧਕ ਕੀਰਤਨ ਕਲਾ ਤੋ ਬਹੁਤ ਪਭਾਵਿਤ ਹੋਏ ਅਤੇ ਆਪ ਨੰ
ਖਾਲਸਾ ਹਾਈ ਸਕੂਲ ਗੁਰੂਸਰ ਸੁਧਾਰ ਵਿਖੇ ਧਾਰਮਿਕ ਅਧਿਆਪਕ ਨਿਯੁਕਤ ਕਰ ਲਿਆ। ਇਹ
ਨਿਯੁਕਤੀ 1945 ਵਿਚ ਹੋਈ ਅਤੇ ਗਿਆਨੀ ਪਾਸ ਕਰਨ ਪਿਛੋਂ ਆਪ ਪੰਜਾਬੀ ਦੇ ਅਧਿਆਪਕ
ਬਣ ਗਏ।
ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਗਿਆਨੀ
ਅਮੋਲਕ ਸਿੰਘ ਜੀ ਦੀ ਗੁਰਮਤ ਰਹਿਣੀ ਬਹਿਣੀ , ਗੁਰਮਤਿ ਸੂਝ ਅਤੇ ਕੀਰਤਨ ਕਲਾ ਤੋਂ
ਬਹੁਤ ਪ੍ਰਭਾਵਤ ਸਨ। ਇਸ ਦਾ ਨਤੀਜਾ ਇਹ ਹੋਇਆ ਕਿ ਭਾਈ ਸਾਹਿਬ ਹੋਰਾਂ ਨੇ ਆਪਣੇ ਇਕ
ਨਿਕਟਵਰਤੀ ਪ੍ਰਵਾਰ ਦੀ ਲੜਕੀ ਬੀਬੀ ਸੁਰਜੀਤ ਕੌਰ ਨਾਲ ਨਰੰਗਵਾਲ ਵਿਖੇ ਆਪ ਜੀ ਦਾ
ਅਨੰਦ ਕਾਰਜ ਕਰ ਦਿੱਤਾ। ਇਹ ਅਨੰਦ ਕਾਰਜ 1949 ਵਿਚ ਹੋਇਆ, ਜਦੋਂ ਆਪ ਗੁਰੂਸਰ
ਸੁਧਾਰ ਵਿਖੇ ਬਤੌਰ ਧਾਰਮਿਕ ਅਧਿਆਪਕ ਸੇਵਾ ਕਰਦੇ ਸਨ। ਆਪ ਗੁਰੂਸਰ ਸੁਧਾਰ ਵਿਖੇ
ਤਕਰੀਬਨ 10 ਸਾਲ ਧਾਰਮਿਕ ਅਧਿਆਪਕ ਅਤੇ ਪੰਜਾਬੀ ਦੇ ਅਧਿਆਪਕ ਦੀ ਸੇਵਾ ਨਿਭਾਉਂਦੇ
ਰਹੇ।
ਇਨ੍ਹਾਂ ਸਮਿਆਂ ਦੌਰਾਨ ਗੁਰੂਸਰ ਸੁਧਾਰ ਦੇ
ਪ੍ਰਬੰਧਕਾਂ ਵਲੋਂ ਇਕ ਜੱਥਾ ਅਫਰੀਕਾ ਲਈ ਰਵਾਨਾ ਹੋਇਆ, ਜਿਸ ਜੱਥੇ ਦਾ ਮੁੱਖ ਮੰਤਵ
ਕਾਲਜ ਲਈ ਉਗਰਾਹੀ ਕਰਨਾ ਸੀ । ਉੱਥੇ ਸਿੱਖਾਂ ਦੀ ਅਬਾਦੀ ਵੱਧ ਰਹੀ ਸੀ ਤੇ ਸੁੰਦਰ
ਗੁਰਦਵਾਰਾ ਸਾਹਿਬ ਵੀ ਉਸਾਰਿਆ ਗਿਆ, ਪਰ ਕੋਈ ਯੋਗ ਤੇ ਵਿਦਵਾਨ ਗਰੰਥੀ ਲੱਭਣ ਤੋਂ
ਅਸਮਰਥ ਸਨ । ਅਫਰੀਕਾ ਦੇ ਸਿੱਖਾਂ ਨੇ ਗੁਰੂਸਰ ਸੁਧਾਰ ਤੋਂ ਆਏ ਜੱਥੇ ਨੂੰ ਕਿਸੇ
ਯੋਗ ਗ੍ਰੰਥੀ ਦੀ ਦੱਸ ਪਾਉਂਣ ਲਈ ਕਿਹਾ। ਜੱਥੇ ਦੇ ਸਿੰਘਾਂ ਦੇ ਖਿਆਲ ਵਿੱਚ ਗਿਆਨੀ
ਅਮੋਲਕ ਸਿੰਘ ਜੀ ਤੋਂ ਬਿਨ੍ਹਾਂ ਕੋਈ ਹੋਰ ਸਰਬ-ਪੱਖੀ ਸ਼ਖਸ਼ੀਅਤ ਨਜ਼ਰ ਨਾ ਆਈ ।
ਸੋ ਪ੍ਰਬੰਧਕਾਂ ਵਲੋਂ ਬੇਨਤੀ ਕਰਨ ਤੇ ਗਿਆਨੀ ਅਮੋਲਕ ਸਿੰਘ ਜੀੰ ਨੂੰ ਧਾਰਮਿਕ
ਅਧਿਆਪਕ ਦਾ ਕਿੱਤਾ ਛੱਡ ਕੇ ਜੁਲਾਈ 1956 ਵਿਚ ਅਫਰੀਕਾ ਜਾਣਾ ਪਿਆ। ਉਸ ਸਮੇਂ
ਅਫਰੀਕਾ ਵਿੱਚ ਨਾਮਧਾਰੀਆਂ ਦਾ ਬਹੁਤ ਜ਼ੋਰ ਸੀ ਅਤੇ ਗੁਰੂਡੰਮ ਦਾ ਵੀ ਬੂਹੁਤ
ਪ੍ਰਭਾਵ ਸੀ, ਪਰ ਗਿਆਨੀ ਅਮੋਲਕ ਸਿੰਘ ਜੀ ਨੇ ਗੁਰਮਤਿ ਦੇ ਪ੍ਰਚਾਰ ਦੁਆਰਾ ਲੋਕਾਂ
ਨੂੰ ਗੁਰਮਤਿ ਧਾਰਨ ਉਪਰੰਤ ਗੁਰੂ ਖਾਲਸਾ ਪੰਥ ਨਾਲ ਜੁੜੇ ਰਹਿਣ ਲਈ ਪ੍ਰੇਰਿਆ । ਆਪ
ਜੀ ਨੇ ਸਾਰੀ ਉਮਰ ਕੀਰਤਨ ਭੇਟਾ ਨਹੀਂ ਲਈ ਅਤੇ ਨਾ ਹੀ ਕਦੇ ਕਿਸੇ ਕੋਲੋਂ ਤਬਲਾ
ਜਾਂ ਕੀਰਤਨ ਸਿਖਾਉਣ ਦੀ ਕਦੀ ਕੋਈ ਫੀਸ ਲਈ। ਆਪ ਆਪਣੇ ਪ੍ਰਵਾਰ ਦਾ ਨਿਰਬਾਹ
ਪ੍ਰਬੰਧਕਾਂ ਵਲੋਂ ਨੀਯਤ ਤਨਖਾਹ ਨਾਲ ਕਰਦੇ ਅਤੇ ਅੱਜਕਲ੍ਹ ਦੇ ਪ੍ਰਚਾਰਕਾਂ ਵਾਂਗੂੰ
ਮਾਇਆ ਦੀ ਪਕੜ ਨਹੀਂ ਕਰਦੇ ਸਨ।
ਗਿਆਨੀ ਜੀ 1967 ਵਿੱਚ ਅਫ਼ਰੀਕਾ ਛੱਡ ਕੇ
ਇੰਗਲੈਂਡ ਆ ਗਏ , ਜਿਥੇ ਪਹਿਲਾਂ ਵਾਂਗ ਹੀ ਗੁਰਮਤ ਦੇ ਪ੍ਰਚਾਰ ਲਈ ਸਰਗਰਮ ਰਹੇ।
ਅੰਮ੍ਰਿਤ ਸੰਚਾਰ ਸਮਾਗਮਾਂ ਵਿੱਚ ਆਪ ਨੇ ਵੱਧ-ਚੜ ਕੇ ਹਿੱਸਾ ਲਿਆ । ਆਪ ਅਜੇ
ਕਿਸ਼ੋਰ ਅਵਸਥਾ ਵਿੱਚ ਸਨ, ਕਿ ਆਪ ਨੂੰ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਨਾਲ
ਪੰਚਾਂ ਵਿੱਚ ਸ਼ਾਮਲ ਹੋਣ ਦਾ ਸੁਭਾਗ ਪ੍ਰਾਪਤ ਹੋਇਆ। ਇਸ ਤੋਂ ਪ੍ਰਤੱਖ ਹੁੰਦਾ ਹੈ
ਕਿ ਆਪ ਵਡਭਾਗੇ ਸਨ, ਜਿਨ੍ਹਾਂ ਨੂੰ ਬਚਪਨ ਤੋਂ ਹੀ ਪੰਥ ਦੀਆਂ ਮਹਾਨ ਗੁਰਮੁਖ
ਹਸਤੀਆਂ ਦੀ ਸੰਗਤ ਕਰਨ ਦਾ ਅਵਸਰ ਮਿਲਦਾ ਰਹਿੰਦਾ ਸੀ । ਇਸ ਪ੍ਰਤੀ ਕੋਈ ਦੋ ਰਾਵਾਂ
ਨਹੀਂ ਕਿ ਆਪ ਜੀ ਭਾਈ ਰਣਧੀਰ ਸਿੰਘ ਜੀ ਦਾ ਦਿਲੋਂ ਸਤਿਕਾਰ ਕਰਦੇ ਸਨ ਤੇ ਸਦਾ ਹੀ
ੳਨ੍ਹਾ ਦੇ ਪ੍ਰਸੰਸਕ ਰਹੇ, ਪਰ ਨਾਲ ਹੀ ਆਪ ਪੰਥਕ ਏਕਤਾ ਤੇ ਪੰਥ ਦੀ ਚੜ੍ਹਦੀ ਕਲਾ
ਹਰ ਸਮੇਂ ਲੋਚਦੇ । ਗਿਆਨੀ ਅਮੋਲਕ ਸਿੰਘ ਜੀ ਨੇ ਕਦੇ ਕਿਸੇ ਜੱਥੇ ਦਾ ਮੈਂਬਰ ਹੋਣ
ਦਾ ਗੌਰਵ ਨਹੀਂ ਕੀਤਾ , ਸਗੋਂ ਪੰਥ ਦੇ ਸਿਪਾਹੀ ਹੋਣ ਦਾ ਮਾਣ ਕਰਦੇ ਸਨ । ਆਪ ਨੇ
ਇਸ ਨਿਸਚੇ ਨੂੰ ਸਾਰੀ ਉਮਰ ਬ-ਖੂਬੀ ਨਿਬਾਇਆ। ਇਗਲੈਂਡ ਦੇ ਵਿੱਚ ਸੰਗਤਾਂ ਨੇ ਆਪ
ਜੀ ਦੀ ਸਿੱਖੀ ਪ੍ਰਤੀ ਸ਼ਰਧਾ ਤੇ ਦ੍ਰਿੜਤਾ ਦੇਖ ਕੇ ਪੰਥਕ ਜੱਥੇਬੰਦੀਆਂ ਵਿੱਚ
ਉੱਚ-ਪਦਾਂ ਤੇ ਸੇਵਾ ਕਰਨ ਦਾ ਅਨੇਕਾਂ ਵਾਰ ਮੌਕਾ ਦਿੱਤਾ। ਸਿੰਘ ਸਭਾ ਸਾਊਥਹਾਲ
ਕਮੇਟੀ ਦੇ ਪ੍ਰਧਾਨ ਵੀ ਰਹੇ ਅਤੇ ਕਾਫੀ ਸਮਾਂ ਯੂ ਕੇ ਅਕਾਲੀਦਲ ਦੇ ਪਰਧਾਨ ਵੀ
ਰਹੇ। ਇਗਲੈਂਡ ਵਿੱਚ ਗੁਰੂ ਨਾਨਕ ਨਿਸ਼ਕਾਮ ਸੇਵਕ ਜੱਥੇ ਵਿਚ ਸ਼ਾਮਲ ਹੋ ਕੇ ਪੰਥਕ
ਕਾਰਜਾਂ ਲਈ ਸੇਵਾ ਕਰਨ ਲਈ ਤਤਪਰ ਰਹਿੰਦੇ । ਇਗਲੈਂਡ ਵਿੱਚ ਸਿੱਖਾਂ ਵਲੋਂ ਧਾਰਮਕ
ਅਜ਼ਾਦੀ ਲਈ ਲਗਾਏ ਮੋਰਚਿਆਂ ਵਿਚ ਮੋਹਰਲੀ ਕਤਾਰ ਵਿਚ ਰਹੇ, ਭਾਵੇਂ ਇਹ ਮੋਰਚਾ
ਖਾਲਸਈ ਕਕਾਰਾਂ ਲਈ ਸੀ ਜਾਂ ਲੋਹਟੋਪ ਦੇ ਵਿਰੋਧ ਤੇ ਜਾਂ ਦਸਤਾਰ ਪਹਿਨਣ ਦੀ ਖੁਲ੍ਹ
ਦੀ ਪ੍ਰਾਪਤੀ ਲਈ ।
ਖਾਲਸਾ ਪੰਥ ਵੱਲੋਂ 1980 ਵਿਚ ਆਪ ਜੀ ਨੂੰ
ਸ੍ਰੀ ਅਕਾਲ ਤਖਤ ਸਾਹਿਬ ਦੀ ਜਥੇਦਾਰੀ ਲਈ ਪੇਸ਼ਕਸ਼ ਹੋਈ , ਪਰ ਆਪ ਨੇ ਇਸ ਉੱਚੇ
ਪਦ ਦੀ ਜ਼ਿਮੇਦਾਰੀ ਨਿਭਾਉਣ ਤੋਂ ਅਸਮਰਥਾ ਪ੍ਰਗਟਾਈ । ੳਪਰੋਕਤ ਉੱਚ ਪਦ ਲਈ ਦੂਸਰੀ
ਵਾਰ ਵੀ ਕਿਹਾ ਗਿਆ ਪਰ ਆਪ ਨੇ ਪਰਵਾਨ ਨਾ ਕੀਤਾ । ਆਪ ਜੀ ਦੀ ਪੰਥਕ ਨੇਤਾਵਾਂ ਤੇ
ਵਿਦਵਾਨਾਂ ਨਾਲ ਵੀ ਬਹੁਤ ਨੇੜਤਾ ਰਹੀ । ਜਥੇਦਾਰ ਗੁਰਚਰਨ ਸਿੰਘ ਟੌਹੜਾ, ਗਿਆਨੀ
ਗੁਰਦਿੱਤ ਸਿੰਘ ਜੀ, ਭਾਈ ਜੋਗਿੰਦਰ ਸਿੰਘ ਜੀ ਤਲਵਾੜਾ, ਗਿਆਨੀ ਮੇਵਾ ਸਿੰਘ
(ਭਿੰਡਰਾਂਵਾਲੇ), ਗਿਆਨੀ ਜੋਗਿੰਦਰ ਸਿੰਘ ਜੀ ਵੇਦਾਂਤੀ। ਅਨੇਕਾਂ ਹੋਰ ਵਿਦਵਾਨ ਤੇ
ਨੇਤਾ ਵੀ ਆਪ ਜੀ ਦੀ ਸਰਬ-ਪੱਖੀ ਸ਼ਖਸ਼ੀਅਤ ਤੋਂ ਪ੍ਰਭਾਵਿਤ ਸਨ।
ਕੀਰਤਨ ਕਲਾ ਤੇ ਗੁਰਬਾਣੀ ਸੰਗੀਤ
ਜਿਵੇਂ ਕਿ ਪਹਿਲਾਂ ਹੀ ਉਲੇਖ ਹੋ ਚੁੱਕਾ ਹੈ
ਕਿ ਗਿਆਨੀ ਜੀ ਨੇ ਗੁਰਬਾਣੀ ਸੰਗੀਤ ਨੂੰ ਆਪਣੇ ਮਾਮਾ ਜੀ (ਮਾਸਟਰ ਜੋਗਿੰਦਰ ਸਿੰਘ
ਜੀ ਬੜੂੰਦੀ) ਦੇ ਸੰਗ ਰਹਿੰਦਿਆਂ 9 ਕੁ ਸਾਲ ਦੀ ਉਮਰ ਵਿਚ ਸਿੱਖਣਾ ਸ਼ੁਰੂ ਕਰ
ਦਿੱਤਾ ਸੀ। ਆਪ ਜੀ ਨੇ ਗੁਰਬਾਣੀ ਸੰਗੀਤ ਨੂੰ ਹੀ ਕੀਰਤਨ ਦਾ ਅਧਾਰ ਬਣਾਇਆ । ਆਪ
ਤਬਲਾ ਵਾਦਕ ਦੇ ਤੌਰ ਤੇ ਵੀ ਪ੍ਰਬੀਨ ਸਨ ਅਤੇ ਤੰਤੀ-ਸਾਜ਼ , ਦਿਲ-ਰੁਬਾ ਵੀ ਬਹੁਤ
ਸੁੰਦਰ ਵਜਾਉਂਦੇ ਸਨ । ਛੋਟੇ ਹੁੰਦਿਆਂ ਆਪ ਮਾਮਾ ਜੀ ਦੀ ਅਗਵਾਈ ਵਿਚ ਗੁਰਬਾਣੀ
ਕੰਠ ਕਰਨ ਤੇ ਗੁਰਬਾਣੀ ਦਾ ਸੁੱਧ ੳਚਾਰਨ ਵੀ ਮਾਮਾ ਜੀ ਕੋਲੋਂ ਹੀ ਸਿੱਖਆ । ਆਪ ਜੀ
ਦੀ ਭਰਵੀਂ ਅਵਾਜ਼ ਰਾਗਾਂ ਅਨੁਸਾਰ ਕੀਰਤਨ ਕਰਨ ਲਈ ਬਹੁਤ ਢੁਕਵੀਂ ਸੀ। ਪੰਥ ਦੇ
ਮਹਾਨ ਰਾਗੀ ਸਵਰਗਵਾਸੀ ਭਾਈ ਦੀਦਾਰ ਸਿੰਘ ਜੀ (ਨੰਗਲ) ਅਨੁਸਾਰ ਗਿਆਨੀ ਅਮੋਲਕ
ਸਿੰਘ ਜੀ ਪਾਸ ਗੁਰਬਾਣੀ ਕੀਰਤਨ ਦੀਆਂ ਬਹੁਤ ਸੁੰਦਰ ਰੀਤਾਂ ਸਨ ਅਤੇ ਉਹ ਕੀਰਤਨ
ਸਿੱਖ ਪ੍ਰੰਪਰਾਵਾਂ ਅਨੁਸਾਰ ਕਰਦੇ ਸਨ। ਉਨ੍ਹਾਂ ਦੀ ਕੀਰਤਨ ਕਲਾ ਉੱਚ ਕੋਟੀ ਦੀ
ਸੀ।
ਕੁਝ ਸਾਲ ਪਹਿਲਾਂ ਗਿਆਨੀ ਅਮੋਲਕ ਸਿੰਘ ਜੀ ਨੇ
ਭਾਈ ਜੋਗਿੰਦਰ ਸਿੰਘ (ਇਗਲੈਂਡ) ਸੰਧੂ ਦੇ ਲੜਕੇ ਦੇ ਅਨੰਦ ਕਾਰਜ ਸਮੇਂ ਲਾਵਾਂ ਤੇ
ਹੋਰ ਸ਼ਬਦ ਗਾਇਨ ਕੀਤੇ। ਉਸ ਸਮੇਂ ਅਨੰਦ ਕਾਰਜ ਵਿੱਚ ਹਾਜ਼ਰ ਇਕ ਪੰਥ ਦੇ ਵਿਦਵਾਨ
ਡਾਕਟਰ ਗੁਰਬਖਸ਼ ਸਿੰਘ ਜੀ ਨੇ ਦਾਸ ਨੂੰ ਦੱਸਿਆ ਕਿ “ਗਿਆਨੀ ਅਮੋਲਕ ਸਿੰਘ ਜੀ ਨੇ
ਅਨੰਦ ਕਾਰਜ ਦੌਰਾਨ ਪੁਰਾਤਨ ਸਿੱਖ ਪ੍ਰੰਪਰਾਵਾਂ ਅਨੁਸਾਰ ਕੀਰਤਨ ਕਰਨ ਵਿੱਚ ਕਮਾਲ
ਹੀ ਕਰ ਦਿੱਤੀ। ਮੇਰੀ ਤਾਂ ਰੂਹ ਖੁਸ਼ ਹੋ ਗਈ।” “ਉਨ੍ਹਾਂ ਦਾ ਕੀਰਤਨ ਕਰਨ ਦਾ ਢੰਗ
ਵਿਲੱਖਣ ਸੀ, ਭਾਵ ਉਹ ਅਖੰਡ ਕੀਰਤਨੀਏ ਜੱਥੇ ਵਾਲਿਆਂ ਨਾਲੋਂ ਭਿੰਨ ਕੀਰਤਨ ਕਰਦੇ
ਸਨ। (ਹਰਿਦੀਪ ਸਿੰਘ)” । ਜੇ ਕਰ ਉਹ ਰੈਣ ਸਬਾਈ ਕੀਰਤਨ ਵਿੱਚ ਹਾਜ਼ਰੀ ਭਰਦੇ ਸਨ
ਤਾਂ ਵੀ ਗੁਰਬਾਣੀ ਸੰਗੀਤ ਦੀ ਪੁਰਾਤਨ ਸਿੱਖ ਪ੍ਰੰਪਰਾ ਨੂੰ ਹੀ ਕੀਰਤਨ ਕਰਨ ਦਾ
ਅਧਾਰ ਬਣਾਉਂਦੇ। ਉਹ ਗੁਣੀ ਕੀਰਤਨੀਆਂ ਦਾ ਦਿਲੋਂ ਸਤਿਕਾਰ ਕਰਦੇ ਸਨ ਅਤੇ ਕਦੇ ਵੀ
ਕਿਸੇ ਰਾਗੀ ਦੇ ਗਾਇਨ ਪ੍ਰੰਪਰਾ ਤੇ ਈਰਖਾ ਨਹੀਂ ਕੀਤੀ।
ਅੱਜ ਭਾਵੇਂ ਸਰੀਰ ਕਰਕੇ ਗਿਆਨੀ ਅਮੋਲਕ ਸਿੰਘ
ਜੀ ਸਾਡੇ ਨਾਲੋਂ ਵਿਛੜ ਗਏ ਹਨ, ਪਰ ਉਨ੍ਹਾਂ ਦੀ ਸਿੱਖੀ ਸ਼ਰਧਾ ਪੰਥਕ ਕਾਰਜਾਂ ਲਈ
ਤਤਪਰ ਰਹਿਣਾ, ਗੁਰਮਤਿ ਸਬੰਧੀ ਉੱਚ ਵਿਚਾਰਾਂ ਦੇ ਧਾਰਨੀ ਹੋਣਾ ਅਤੇ ਗੁਰਬਾਣੀ
ਕੀਰਤਨ ਨੂੰ ਬਹੁਤ ਚਾਉ ਨਾਲ ਕਰਨਾ ਹਮੇਸ਼ਾਂ ਯਾਦ ਰਹੇਗਾ। ਦਾਸ ਜਦੋੰ ਵੀ ਉਨ੍ਹਾਂ
ਪਾਸ ਬੈਠਦਾ ਤਾਂ ਗੁਰਮਤਿ ਸਬੰਧੀ ਵਿਚਾਰ ਹੁੰਦੀ। ਉਨ੍ਹਾਂ ਨੂੰ ਗੁਰਮਿਤ ਸਾਹਿਤ
ਪੜ੍ਹਨ ਦੀ ਬਹੁਤ ਚੇਟਕ ਸੀ। ਜਦੋਂ ਵੀ ਕਿਸੇ ਨਵੀਂ ਪੁਸਤਕ ਬਾਰੇ ਪਤਾ ਲਗਦਾ ਤਾਂ
ਲੈ ਕੇ ਜਰੂਰ ਪੜ੍ਹਦੇ , ਉਨ੍ਹਾਂ ਨੇ ਆਪਣੀ ਨਿੱਜੀ ਲਾਇਬ੍ਰੇਰੀ ਵਿੱਚ ਗੁਰਮਤਿ
ਸਾਹਿਤ ਦੀਆਂ ਅਨੇਕਾਂ ਪੁੱਸਤਕਾਂ ਰੱਖੀਆਂ ਹੋਈਆਂ ਸਨ।
ਗਿਆਨੀ ਅਮੋਲਕ ਸਿੰਘ ਜੀ ਆਪਣੇ ਪ੍ਰੀਵਾਰ ਅਤੇ
ਸਾਕ-ਸਬੰਧੀਆਂ ਕਈ ਰੋਲ ਮਾਡਲ ਸਨ । ਉਨ੍ਹਾਂ ਦੇ ਸਮੂੰਹ ਪ੍ਰੀਵਾਰ ਉੱਤੇ ਵਹਿਗੁਰੂ
ਦੀ ਅਪਾਰ ਕ੍ਰਿਪਾ ਹੈ ਤੇ ਪੁੱਤਰ-ਪੋਤਰੇ ਆਗਿਆਕਾਰੀ ਹਨ । ਮੇਰੀ ਤਾਂ ਇਹੀ ਅਰਦਾਸ
ਹੈ ਕਿ ਉਨ੍ਹਾਂ ਦੇ ਬੱਚੇ ਵੀ ਉਨ੍ਹਾਂ ਵਾਂਗ ਪੰਥਕ ਕਾਰਜਾਂ ਅਤੇ ਸਿੱਖੀ ਦੇ
ਪ੍ਰਚਾਰ ਦੀਆਂ ਪ੍ਰੰਪਰਾਵਾਂ ਨੂੰ ਆਪਣੇ ਜੀਵਨ ਦਾ ਉਦੇਸ਼ ਬਣਾਉਂਣ। ਆਖਰ ਵਿੱਚ
ਮੇਰਾ ਵਿਸ਼ਵਾਸ਼ ਹੈ ਕਿ ਉਨ੍ਹਾਂ ਵਲੋਂ ਪੰਥਕ ਸੇਵਾਵਾਂ ਅਤੇ ਉਨ੍ਹਾਂ ਦੀ ਕੀਰਤਨ
ਕਰਨ ਦੀ ਕਲਾ ਨੂੰ ਬੜੀ ਸਿ਼ਦਤ ਨਾਲ ਯਾਦ ਕੀਤਾ ਜਾਵੇਗਾ। |