WWW 5abi.com  ਸ਼ਬਦ ਭਾਲ

ਤੁਹਾਡੇ ਵਿਚਾਰਾਂ ਦਾ ਸੁਆਗਤ ਹੈ... ਸਾਨੂੰ ਲਿਖੋ

ਪਾਠਕਾਂ ਦੇ ਵਿਚਾਰਾਂ ਨਾਲ 5abi.com ਅਦਾਰੇ ਦਾ
ਸਹਿਮਤ ਹੋਣਾ ਕੋਈ ਜ਼ਰੂਰੀ ਨਹੀ।

ਖਾਸ ਸੂਚਨਾ !

''ਸ਼ੁੱਧ ਪੰਜਾਬੀ'' ਦਾ ਮਨੋਰਥ ਲੈ ਕੇ, ਅਸੀਂ ਅੱਜ ਤੋਂ ਪੰਜ ਸਾਲ ਪਹਿਲਾਂ,  5abi.com ਦਾ ਇਹ ਇੰਟਰਨੈੱਟ ਪੋਰਟਲ ਸ਼ੁਰੂ ਕੀਤਾ ਸੀ। ਦੁਨੀਆਂ ਭਰ ਵਿੱਚ ਰਹਿੰਦੇ ਪੰਜਾਬੀਆਂ ਨੇ ਇਸ ਪਹਿਲ-ਕਦਮੀ ਦਾ ਬੜੇ ਉਤਸ਼ਾਹ ਨਾਲ ਹੁੰਗਾਰਾ ਭਰਿਆ ਅਤੇ ਸਾਥ ਦਿੱਤਾ। ਸ਼ੁਰੂ ਵਿਚ, ਹਰ ਪੰਜਾਬੀ ਪਾਠਕ ਨੂੰ ਪੰਜਾਬੀ ਟਾਈਪ ਕਰਨ ਦਾ ਅਭਿਆਸ ਨਾ ਹੋਣ ਕਰਕੇ, ਸਾਨੂੰ ਕਈ ਵਾਰ (ਆਪਣੇ ਅਸੂਲਾਂ ਦੇ ਵਿਰੁੱਧ) ਰੋਮਨ ਲਿੱਪੀ ਆਧਾਰਤ ਹੋਰ ਭਾਸ਼ਾਵਾਂ (ਖਾਸ ਕਰ ਅੰਗਰੇਜ਼ੀ) ਵਿੱਚ ਭੇਜੇ ਖਤ ਵੀ ਛਾਪਣੇ ਪੈਂਦੇ ਸਨ। ਹੁਣ ਸਾਨੂੰ, ਇਹ ਜਾਣ ਕੇ ਬੜੀ ਖੁਸ਼ੀ ਹੋ ਰਹੀ ਹੈ (ਅਤੇ ਮਾਣ ਵੀ!) ਕਿ ਸਾਡੇ ਪਾਠਕਾਂ ਨੇ ਹੰਬਲਾ ਮਾਰ ਕੇ ਪੰਜਾਬੀ ਟਾਈਪਿੰਗ ਹੀ ਨਹੀ ਸਿੱਖੀ ਬਲਕੇ ਕੰਪੂਟਰ ਤਕਨੀਕ ਦੇ ਮਾਹਰ ਵੀ ਬਣ ਗਏ ਹਨ। Windows XP ਦੇ ਆਉਣ ਨਾਲ ਤਾਂ ਪੰਜਾਬੀ ਭਾਸ਼ਾਂ ਨੂੰ ਦੂਸਰੀਆਂ ਅਧੁਨਿਕ ਭਾਸ਼ਾਵਾਂ ਦੇ ਬਰਾਬਰ ਦਾ ਦਰਜਾ ਮਿਲਿਆ ਹੈ ਅਤੇ ਪੰਜਾਬੀਆਂ ਨੂੰ ਆਪਣੀ ਭਾਸ਼ਾ ਨੂੰ ਤਰੱਕੀ ਦੀਆਂ ਬੇਹੱਦ ਉਚਾਈਆ ਵਲ ਲੈ ਜਾਣ ਦਾ ਸੁਨਹਿਰੀ ਮੌਕਾ ਵੀ!  ਹੁਣ, ਕਿਸੇ ਵੀ ਕਿਸਮ ਦੀ ਤਕਨੀਕੀ ਮੁਸ਼ਕਲ ਨਹੀਂ ਕਿ ਦੁਨੀਆਂ ਭਰ ਦੇ ਪੰਜਾਬੀਆਂ ਨੂੰ ਆਪਸੀ ਤਾਲ-ਮੇਲ ਲਈ ਕਿਸੇ ਬਦੇਸ਼ੀ ਭਾਸ਼ਾ ਦਾ ਸਹਾਰਾ ਲੈਣਾ ਪਵੇ। ਇਸ ਨਵੇ ਤਕਨੀਕ ਦਾ ਵੱਧ ਤੋਂ ਵੱਧ ਫਾਇਦਾ ਉਠਾਉਣ ਲਈ ਅਸੀਂ ਪਿਛਲੇ ਸਾਲ 5abi.com  ਨੂੰ ਸੰਪੂਰਨ ਤੌਰ ਤੇ ਯੂਨੀਕੋਡ ਤਕਨੀਕ ਵਿਚ ਬਦਲ ਦਿੱਤਾ ਹੈ।

ਇਨ੍ਹਾਂ ਉੱਪਲਭਦੀਆਂ ਨੂੰ ਮੁੱਖ ਰੱਖਦੇ ਹੋਏ, 5ਆਬੀ.ਕਾਮ ਦੇ ਪਾਠਕਾਂ ਦੀਆਂ ਖਾਸ ਤਜਵੀਜ਼ਾਂ ਮੁਤਾਬਕ, ਅਤੇ ਨਾਲ ਹੀ ਆਪਣੇ ''ਸ਼ੁੱਧ ਪੰਜਾਬੀ'' ਦੇ ਮਨੋਰਥ ਨੂੰ ਬਰਕਰਾਰ ਰੱਖਣ ਲਈ ਹੁਣ ਤੋਂ ਸਿਰਫ ਪੰਜਾਬੀ (ਗੁਰਮੁੱਖੀ ਲਿੱਪੀ) ਵਿੱਚ ਲਿਖੇ ਖਤ ਹੀ ਛਾਪੇ ਜਾਣਗੇ। ਸਾਡੀ ਉਮੀਦ ਹੈ ਕਿ 5ਆਬੀ ਪਾਠਕ ਪਹਿਲਾਂ ਦੀ ਤਰ੍ਹਾਂ ਆਪਣਾ ਸਾਥ ਦਿੰਦੇ ਰਹਿਣਗੇ!  ਸ਼ੁੱਭ ਇਛਾਵਾਂ ਨਾਲ, ਤੁਹਾਡਾ ....

- ਡਾ: ਬਲਦੇਵ ਸਿੰਘ ਕੰਦੋਲਾ  (23/01/05)         

5_cccccc1.gif (41 bytes)

ਅਨਿਲ ਕੁਮਾਰ (ਪਿੰਡ ਘੱਗਾ)

25/01/05

ਪੰਜਾਬੀ ‘ਚ ਖੱਤ ਲਿਖਣ ਵਾਲੀ ਗੱਲ ਲੋੜ ਨਾਲੋਂ ਵੱਧ ਲੰਬੀ ਹੁੰਦੀ ਚਲੀ ਗਈ – ਪਰ ਇਹ ਸਵਾਲ ਕਿ ਕੀ ਇਸ ਵੈੱਬ ਸਾਇਟ ਉਪਰ ਖਤ ਕੇਵਲ ਪੰਜਾਬੀ ਵਿਚ ਹੀ ਛਾਪੇ ਜਾਣ, ਕੋਈ ਛੋਟਾ ਨਹੀਂ ਸੀ। ਇਸ ਵਿਸ਼ੇ ਉਪਰ ਇਥੇ ਅੱਗੇ ਵੀ ਕਈ ਵਾਰ ਬਹਿਸ ਹੋ ਚੁੱਕੀ ਹੈ। ਸੰਪਾਦਕ ਜੀ ਦੇ ਹੁਣ ਦੇ ਫੈਸਲੇ ਨਾਲ ਮੈਂ ਪੂਰੀ ਤਰਾਂ ਸਹਿਮਤ ਨਹੀਂ ਹਾਂ ਪਰ ਮੇਰੇ ਖਿਆਲ ਹੋਰ ਕੋਈ ਚਾਰਾ ਵੀ ਨਹੀਂ ਸੀ ਰਿਹਾ।

ਅੰਗਰੇਜ਼ੀ ਵਿਚ ਚਿੱਠੀਆਂ ਲਿਖਣੀਆਂ ਆਸਾਨ ਤਾਂ ਹੈ ਪਰ ਫੇਰ ਅਸੀਂ ਪੰਜਾਬੀ ਦੇ ਵਿਸਥਾਰ ਵਾਲੇ ਅਸਲੀ ਮੰਤਵ ਤੋਂ ਵੀ ਪਾਸੇ ਹੱਟ ਰਹੇ ਸੀ। ਪਾਠਕਾਂ ਨੂੰ ਇਸ ਗੱਲ ਲਈ ਰਾਜ਼ੀ ਕਰਨਾ ਕਿ ਇਸ ਵੈੱਬ ਸਾਇਟ ਉਪਰ ਸਿਰਫ ਪੰਜਾਬੀ ਵਿਚ ਹੀ ਖਤ ਘੱਲੇ ਜਾਣ, ਕੋਈ ਸੌਖਾ ਕੰਮ ਨਹੀਂ ਸੀ। ਆਖਰ ਹੁਣ ਸੰਪਾਦਕ ਹੁਰਾਂ ਨੂੰ ਆਪ ਹੀ ਇਹ ਸਖਤ ਕਦਮ ਚੁੱਕਣਾ ਪਿਆ ਹੈ। ਮੇਰੇ ਵਿਚਾਰਾਂ ਵਿਚ ਸਾਨੂੰ ਆਪਣੀ ਮਾਂ-ਬੋਲੀ ਵਿਚ ਲਿਖਣਾ ਇਕ ਚੰਗਾ ਸ਼ਗਨ ਸਮਝਣਾ ਚਾਹੀਦਾ ਹੈ ਅਤੇ ਸਾਨੂੰ ਮਾਣ ਹੋਣਾ ਚਾਹੀਦਾ ਹੈ ਕਿ ਘੱਟੋ-ਘੱਟ ਕਿਤੇ ਤਾਂ ਅਸੀਂ ਸ਼ੁਧ ਪੰਜਾਬੀ ‘ਚ ਵਿਚਰ ਸਕਦੇ ਹਾਂ ਤੇ ਸਾਨੂੰ ਇਸ ਵਿਚ ਖੁਸ਼ੀ ਮਹਿਸੂਸ ਹੋਣੀ ਚਾਹੀਦੀ ਹੈ ਪਰ ਸਾਡੇ ਨਸੀਬੀਂ ਇਹ ਸੁੱਖ ਨਹੀਂ ਸੀ ਲਿਖਿਆ। ਜਿਸਦਾ ਮੇਰੇ ਖਿਆਲ ਵਿਚ ਇਕ ਮੁੱਖ ਕਾਰਨ ਹੈ ਕਿ ਬਹੁਤ ਸਾਰੇ ਪੰਜਾਬੀ ਆਪ ਹੀ ਆਪਣੀ ਮਾਂ-ਬੋਲੀ ਵਿਚ ਬੋਲਣ ਤੋਂ ਕਤਰਾਉਂਦੇ ਹਨ- ਪੰਜਾਬੀ ਨੂੰ ਆਪ ਹੀ ਗਵਾਰਾਂ ਦੀ ਭਾਸ਼ਾ ਆਖ ਕੇ ਸੰਬੋਧਤ ਹੁੰਦੇ ਹਨ। ਇਥੋਂ ਤੱਕ ਕਿ ਮਰਦਮ-ਸ਼ੁਮਾਰੀਆਂ ਵੇਲੇ ਆਪਣੀ ਮਾਂ ਬੋਲੀ ਹਿੰਦੀ ਹੀ ਲਿਖਵਾਂਦੇ ਰਹੇ ਹਨ। ਖਾਸ ਕਰਕੇ ਸ਼ਹਿਰੀ ਲੋਕ, ਪੰਜਾਬੀ ਦੀ ਬਜਾਏ ਹਿੰਦੀ ਨੂੰ ਬੜਾ ਮੂੰਹ ਸਵਾਰ-ਸਵਾਰ ਕੇ ਬੋਲਣ ਵਿਚ ਸ਼ਾਨ ਸਮਝਦੇ ਹਨ – ਇਹ ਵਤੀਰਾ ਮੈਂ ਤਕਰੀਬਨ ਹਰ ਪੜੇ-ਲਿਖੇ ਮੱਧ-ਵਰਗੀ ਜਾਂ ਉੱਚ-ਪੱਧਰ ਦੇ ਪ੍ਰੀਵਾਰ ਵਿਚ ਦੇਖਿਆ ਹੈ ਜੋ ਕਿ ਬਹੁਤ ਹੀ ਘਾਤਕ ਹੈ ਕਿਉਂਕਿ ਇਸੇ ਤਬਕੇ ਦੀ ਰੀਸੋ-ਰੀਸ ਇਹ ਬੀਮਾਰੀ ਪਿੰਡਾਂ ਵੱਲ ਵੀ ਫੈਲਦੀ ਜਾ ਰਹੀ ਹੈ। ਇਹ ਲੋਕ ਪਹਿਲਾਂ ਅਗਲੇ ਤੇ ਰੌਅਬ ਜਮਾਉਣ ਲਈ ਗੱਲ ਅੰਗਰੇਜ਼ੀ ਵਿਚ ਸ਼ੁਰੂ ਕਰਦੇ ਹਨ ਤੇ ਫੇਰ ਜਦੋਂ ਰਟੀ ਹੋਈ ਅੰਗਰੇਜ਼ੀ ਦਾ ਕੋਟਾ ਮੁੱਕ ਜਾਂਦਾ ਹੈ ਤਾਂ ਝੱਟ ਹਿੰਦੀ ਵਾਲੀ ਲੀਹ ਪੈ ਜਾਂਦੇ ਹਨ। ਇਹ ਬੜਾ ਸ਼ਰਮਨਾਕ ਅਤੇ ਦੁਖਦਾਈ ਵਤੀਰਾ ਹੈ।

ਇਸ ਵਤੀਰੇ ਤੋਂ ਮੇਰੇ ਵਾਂਗ ਸੁਰਿੰਦਰਪਾਲ ਵਿਰਕ ਜੀ ਵੀ ਦੁੱਖੀ ਲੱਗਦੇ ਨੇ। ਪਰ ਫਿਰ ਵੀ ਮੈਂ ਉਨਾਂ ਦੀ ਇਸ ਗੱਲ ਨਾਲ ਸਹਿਮਤ ਨਹੀਂ ਹਾਂ ਕਿ ਜਨਮੇਜਾ ਸਾਹਿਬ ਨੇ ਕਿੰਨੇ ਲੱਖ ਕਿਵੇਂ ਬਣਾਏ। ਦੋਸਤੋ ਸਾਨੂੰ ਇਕ ਦੂਸਰੇ ਉਪਰ ਨਿੱਜੀ ਵਾਰ ਜਾਂ ਨਿੱਜੀ ਸਵਾਲ ਖੜੇ ਨਹੀਂ ਕਰਨੇ ਚਾਹੀਦੇ ਸਗੋਂ ਆਪਣੇ ਪਾਏਦਾਰ ਵਿਚਾਰਾਂ ਨਾਲ ਪੰਜਾਬੀਆਂ ਦੇ ਵਿਚਾਰ ਮੰਚ ਨੂੰ ਉਚ-ਦਰਜੇ ਦਾ ਬਣਾਉਣ ਵਿਚ ਵੱਧ ਤੋਂ ਵੱਧ ਕੋਸ਼ਿਸ਼ ਕਰਨੀ ਚਾਹੀਦੀ ਹੈ। ਜਨਮੇਜਾ ਜੀ ਮੈਂ ਆਪ ਜੀ ਨੂੰ ਉਨਾਂ ਪ੍ਰਦੇਸੀਆਂ ਦੇ ਨਾਮ ਜਾਂ ਗਿਣਤੀ ਨਹੀਂ ਦੇ ਸਕਦਾ ਜੋ ਲੋਕ ਆਪ ਜੀ ਵਾਂਗ ਬਹੁਤ ਵੱਡੀਆਂ-ਵੱਡੀਆਂ ਕੁਰਬਾਨੀਆਂ ਕਰਕੇ ਪੰਜਾਬੀ ਮਾਂ-ਬੋਲੀ ਦੀ ਸੇਵਾ ਵਿਚ ਜਾ ਲੱਗੇ ਹਨ। ਘੱਟੋ-ਘੱਟ ਮੈਂ ਖੁੱਦ ਐਸੇ ਖੁਸ਼ਨਸੀਬਾਂ ਦੀ ਕਤਾਰ ਵਿਚ ਸ਼ਾਮਲ ਨਹੀਂ ਹਾਂ। ਜੇ ਆਪ ਜੀ ਕੋਲੋਂ ਪੰਜਾਬੀ ਵਿਚ ਖਤ ਦੀ ਆਸ ਕਰਨ ਵਿਚ ਕੋਈ ਕੁਤਾਹੀ ਹੋਈ ਹੋਵੇ ਤਾਂ ਮਾਫ਼ ਕਰਨ ਵਿਚ ਵਡੱਪਣ ਹੀ ਸਮਝਣਾ ਜੀ।

ਉਪਰੋਕਤ ਵਿਸ਼ੇ ਤੇ ਹੋਈ ਬਹਿਸ ਉਪਰ ਮੇਰਾ ਇਕ ਪਹਿਲਾ ਖਤ ਗਿਆਰਾਂ ਜੂਨ 2004 ਨੂੰ ਛੱਪਿਆ ਸੀ (ਜੋ ਹੁਣ 2004 ਸਾਲ ਦੇ 18 ਨੰਬਰ ਸੰਪਰਕ ਤੇ ਹੈ) ਜਿਸਦੇ ਅੰਸ਼ ਹੇਠਾਂ ਦੇ ਰਿਹਾਂ ਹਾਂ:

……ਮੇਰੇ ਵਿਚਾਰਾਂ ਅਨੁਸਾਰ - 1. ਜਿਵੇਂ ਕਿ ਇਸ ਵੈਬ ਸਾਇਟ ਉਪਰ ਪਾਠਕਾਂ ਦੇ ਵਿਚਾਰਾਂ ਵਾਲੇ ਪੰਨੇ ਉੱਪਰ ਸਿਖਰ ਤੇ ਪੰਜਾਬੀ ਦੇ ਫ਼ੌਂਟ ਦੇ ਲਈ ਸੰਪਰਕ ਦਿੱਤਾ ਗਿਆ ਹੈ, ਉਵੇਂ ਹੀ ਦੋ ਸਤਰਾਂ ਸੰਪਾਦਕ ਹੁਰਾਂ ਵਲੋਂ ਹੋਣੀਆਂ ਚਾਹੀਦੀਆਂ ਹਨ ਕਿ ਖ਼ਤ ਪੰਜਾਬੀ ਵਿਚ ਹੀ ਘੱਲੇ ਜਾਣ ਜਾਂ ਕੋਈ ਐਸੀ ਬੇਨਤੀ ਕਿ ਪਾਠਕ ਪੰਜਾਬੀ 'ਚ ਲਿਖਣ ਨੂੰ ਹੀ ਪਹਿਲ ਦੇਣ - ਜਿਵੇਂ ਵੀ ਸੰਪਾਦਕ ਸਾਹਿਬ ਠੀਕ ਸਮਝਣ।

ਇਹ ਫੈਸਲਾ ਸੰਪਾਦਕ ਹੁਰਾਂ ਦਾ ਹੈ ਕਿ ਇਸ ਵੈਬ ਸਾਇਟ ਨੂੰ ਨਿਰੋਲ ('ਰੋਜ਼ਾਨਾ ਅਜੀਤ' ਵਾਂਗ ਨਿਰੋਲ ਨਹੀਂ) ਪੰਜਾਬੀ ਰੱਖਣਾ ਹੈ ਜਾਂ ਸਮੂਹ ਪੰਜਾਬੀਆਂ ਨੂੰ ਸ਼ਿਰਕਤ ਕਰਨ ਦਾ ਹੱਕ ਦੇਣਾ ਹੈ। ਕਿਉਂਕਿ ਕਈ ਪੰਜਾਬੀ ਐਸੇ ਵੀ ਹਨ ਜੋ ਬਿਲਕੁਲ ਹੀ ਮਾੜੀ ਮੋਟੀ ਟਾਈਪ ਜਾਣਦੇ ਨੇ ਤੇ ਉਹ ਵੀ ਅੰਗਰੇਜ਼ੀ ਦੀ ਹੀ । ਇਕ ਹੋਰ ਸਹੂਲਤ ਜਿਸ ਬਾਰੇ ਪਾਠਕਾਂ ਨੂੰ ਦੱਸਿਆ ਜਾਵੇ ਕਿ ਉਹ ਖ਼ਤ ਪੰਜਾਬੀ 'ਚ ਲਿਖ ਕੇ ਤੇ ਸਕੈਨ (SCAN) ਕਰ ਕੇ ਉਸ ਦੀ ਫੋਟੋ ਕਾਪੀ ਘੱਲ ਸਕਦੇ ਹਨ -ਇਹ ਵੀ ਜੇ ਸੰਪਾਦਕ ਹੁਰੀਂ ਠੀਕ ਸਮਝਣ ਤਾਂ ਹੀ।

2. ਕਿਸੇ ਨੂੰ ਵੀ ਮਾੜੇ ਸ਼ਬਦ ਨਾ ਬੋਲੇ ਜਾਣ ਅਤੇ ਇਸ ਬਾਰੇ ਵੀ ਸੰਪਾਦਕ ਹੁਰੀਂ 'ਰੋਜ਼ਾਨਾ ਅਜੀਤ' ਵਾਲਿਆਂ ਵਾਂਗ ਤਾੜਨਾ ਕਰ ਸਕਦੇ ਹਨ (ਵੈਸੇ ਤਾਂ ਐਸੀ ਤਾੜਨਾ ਕਰਨੀ ਕਿਸੇ ਅਸੱਭਿਅਕਪੁਣੇ ਦਾ ਅਹਿਸਾਸ ਦਵਾਉਂਦੀ ਹੈ ਤੇ ਕਹਿੰਦੇ ਨੇ ਕਿ ਹਿੰਦੁਸਤਾਨ ਵਿਚ ਪੰਜਾਬੀਆਂ ਨੂੰ ਇਹ ਤਾੜਨਾ ਅਕਸਰ ਕਰਨੀ ਪੈਂਦੀ ਹੈ - ਸਣੇ ਕਈ ਬੁੱਧੀਜੀਵੀਆਂ ਦੇ ) ਜਦ ਅਸੀਂ ਕੋਈ ਮਾੜੇ ਸ਼ਬਦ ਬੋਲ ਰਹੇ ਹੁੰਦੇ ਹਾਂ ਤਾਂ ਅਸੀਂ ਇਹ ਹਾਰ ਮੰਨ ਚੁੱਕੇ ਹੁੰਦੇ ਹਾਂ ਕਿ ਸਾਡੇ ਕੋਲ ਦਲੀਲ ਨਾ ਦੀ ਕੋਈ ਚੀਜ਼ ਨਹੀਂ ਹੈ।ਨਾ ਹੀ ਮਾੜਾ ਬੋਲਣ ਵਾਲਿਆਂ ਦਾ ਸਾਥ ਦਿੱਤਾ ਜਾਵੇ ਤਾਂ ਜੋ ਹੋਰਨਾਂ ਨੂੰ ਉਤਸ਼ਾਹ ਨਾ ਮਿਲੇ।……….

ਸਤਿਕਾਰ ਸਹਿਤ, ਅਨਿਲ ਕੁਮਾਰ (ਪਿੰਡ ਘੱਗਾ) ।

ਸਤਨਾਮ ਸਿੰਘ ਚਾਹਲ ਕੈਲੇਫੋਰਨੀਆ

ਗਿਆਨੀ ਅਮੋਲਕ ਸਿੰਘ ਜੀ: ਮਹਾਨ ਕਰੀਤਨੀਏ ਤੇ ਸਰਬ–ਪੱਖੀ ਵਿਦਵਾਨ - ਡਾ ਪੂਰਨ ਸਿੰਘ ਗਿੱਲ 

25/01/05

ਡਾ: ਪੂਰਨ ਸਿੰਘ ਗਿਲ ਨੇ ਗਿਆਨੀ ਅਮੋਲਕ ਜੀ ਬਾਰੇ ਲਿਖਿਆ ਹੈ। ਨਿਰਸੰਦੇਹ ਗਿਆਨੀ ਜੀ ਇਕ ਮਹਾਨ ਵਿਦਵਾਨ ਸਨ। ਮੈਨੂੰ ਵੀ ਉਹਨਾਂ ਦਾ ਸਾਥ ਨਸੀਬ ਹੋਇਆ ਹੈ। ਉਹ ਮੇਰੀ ਇੰਗਲੈਂਡ ਯਾਤਰਾ ਦੌਰਾਨ ਜਿਥੇ ਹਮੇਸ਼ਾਂ ਹੀ ਦੋਸਤਾਂ ,ਮਿਤਰਾਂ ਨੂੰ ਮਿਲਾਉਣ ਲਈ ਮੈਂਨੂੰ ਸਹਿਯੋਗ ਦਿੰਦੇ ਰਹੇ ਉਥੇ ਉਹਨਾਂ ਦੀ ਰਸਨਾ ਤੋਂ ਗੁਰਬਾਣੀ ਕੀਰਤਨ ਦਾ ਆਨੰਦ ਮਾਨਣ ਦਾ ਮੌਕਾ ਵੀ ਮਿਲਿਆ ਹੈ। ਉਹ ਇਕ ਵਿਅਕਤੀ ਨਹੀਂ ਸੰਸਥਾ ਸਨ। ਸਿੱਖ ਪੰਥ ਦੀ ਨਿਸ਼ਕਾਮ ਸੇਵਾ ਉਹਨਾਂ ਦੀ ਮਹਾਨ ਦੇਣ ਹੈ। ਉਹਨਾਂ ਦਾ ਨਾਮ ਪੰਥਕ ਹਲਕਿਆਂ ਵਿਚ ਹਮੇਸ਼ਾਂ ਬੜੇ ਸਤਿਕਾਰ ਨਾਲ ਲਿਆ ਜਾਂਦਾ ਰਹੇਗਾ

ਸਤਨਾਮ ਸਿੰਘ ਚਾਹਲ ਕੈਲੇਫੋਰਨੀਆ

ਸੁਰਿੰਦਰ ਮਾਹਲ

24/01/05

ਪਿਆਰੇ ਲੇਖਕ/ਪਾਠਕੋ !

ਮੇਰੇ ਖ਼ਿਆਲ ਨਾਲ ਸਾਨੂੰ ਸਾਰਿਆਂ ਨੂੰ ਰਲ ਕੇ ਸੰਪਾਦਕ ਵਲੋਂ ਚੁੱਕੇ ਗਏ ਫ਼ੈਸਲਾਕੁਨ ਕਦਮ ਦੀ ਸ਼ਲਾਘਾ ਕਰਨੀ ਚਾਹੀਦੀ ਹੈ ਜਿਸ ਦੀ ਸਾਡੀ ਮਾਂ ਬੋਲੀ ਨੂੰ ਬਹੁਤ ਚਿਰ ਦੀ ਉਡੀਕ ਸੀ। ਪਰ ਗੱਲ ਕਿਸੇ ਨੂੰ ਕੋਈ ਲੜਾਈ ਜਿੱਤਣ ਵਰਗਾ ਵੀ ਨਹੀਂ ਲੱਗਣਾ ਚਾਹੀਦਾ। ਇਹ ਬਹੁਤ ਮਮੂਲੀ ਗੱਲ ਵੀ ਹੈ ਕਿਉਂਕਿ ਅਸਲ ਮਸਲੇ ਹੋਰ ਵੀ ਬਹੁਤ ਅਤੇ ਬਹੁਤ ਮੁਸ਼ਕਲ ਵੀ ਹਨ। ਜਨਮੇਜਾ ਜੀ ਨੇ ਦਰੁਸਤ ਫੁਰਮਾਇਆ ਹੈ ਕਿ ਸਾਡੀ ਸ਼ਕਤੀ ਖਾਹਖਾਹ ਰਾਹ ਵਿੱਚ ਹੀ ਨਾ ਖ਼ਰਚ ਹੋ ਜਾਵੇ।

ਮੇਰੀ ਤੁੱਛ ਜਹੀ ਬੁੱਧੀ ਮੁਤਾਬਿਕ ਪੰਜਾਬ ਦੀਆਂ ਯੁਨੀਵਰਸਿਟੀਆਂ ਨੇ ਪੰਜਾਬੀ ਜ਼ੁਬਾਨ ਦੇ ਪਰਸਾਰ ਲਈ ਮਾਅਰਕੇ ਵਾਲਾ ਕੰਮ ਅਜੇ ਤੱਕ ਤੇ ਕੋਈ ਕੀਤਾ ਨਹੀਂ। ਬਾਕੀ ਜੋ ਜਨਮੇਜਾ ਜੀ ਨੇ ਆਪਣੇ ਬਾਰੇ ਲਿਖਿਆ ਹੈ ਉਸਦੀ ਮੈਂ ਦੋਨੋ ਹੱਥ ਖੜ੍ਹੇ ਕਰਕੇ ਪ੍ਰੜ੍ਹੋਤਾ ਕਰਦਾ ਹਾਂ। ਮੈਂ ਸ਼੍ਰੀ ਸ.ਪ. ਵਿਰਕ ਸਾਹਬ ਦੇ ਜਨਮੇਜਾ ਜੀ ਬਾਰੇ ਵਿਓਪਾਰਕ ਬਿਆਨ ਨਾਲ ਸਹਿਮਤ ਨਹੀਂ ਕਿਓਂਕਿ ਹਰ ਮਿਹਨਤ ਕਰਨ ਵਾਲੇ ਨੂੰ ਮਿਹਨਤ ਦਾ ਮੁੱਲ ਮਿਲਣਾ ਚਾਹੀਦਾ ਹੈ। ਏਸੇ ਲਈ ਹੀ ਤਾਂ ਸਾਡੇ ਬਹੁਤ ਸਾਰੇ ਲੇਖਕ ਭੁੱਖ-ਨੰਗ ਨਾਲ ਹੀ ਘੁਲਦੇ/ਖਪਦੇ ਇਸ ਜਹਾਨੋਂ ਕੂਚ ਕਰ ਗਏ ਹਨ। ਖ਼ੈਰ! ਆਓ ਏਨੇ ਵੀ ਜਜ਼ਬਾਤੀ ਨਾ ਹੋਇਆ ਜਾਵੇ ਜਿਸ ਨਾਲ ਕਿਸੇ ਦਾ ਬੇ-ਵਜਾਹ ਦਿਲ ਹੀ ਦੁਖ ਜਾਵੇ।

ਮੈਨੂੰ ਜੌਹਲ ਸਾਹਬ ਦੇ 11 ਜਨਵਰੀ ਵਾਲੇ ਅਤੇ ਆਹ ਤਾਜ਼ੇ ਖ਼ਤ ਤੋਂ ਪਹਿਲਾਂ ਹੀ ਉਹਨਾਂ ਤੋਂ ਪੂਰੀਆਂ ਆਸਾਂ ਸਨ ਜੋ ਕਿ ਹੁਣ ਹੋਰ ਵੀ ਪੱਕ ਗਈਆਂ ਹਨ। ਆਸ ਹੈ ਉਹ ਹਰ ਉਸਾਰੂ ਵਿਚਾਰ ਵਟਾਂਦਰੇ ਵਿੱਚ ਭਰਵਾਂ ਤੇ ਬਣਦਾ ਯੋਗਦਾਨ ਪਾਉਂਦੇ ਰਹਿਣਗੇ। ਮੈਂ ਉਹਨਾਂ ਦੇ ਲੇਖ ਬਾਰੇ ਅਗਲੀ ਵਾਰ ਲਿਖਾਂਗਾ ਜੋ ਕਿ ਉਹਨਾਂ ਬੜੀ ਮਿਹਨਤ ਨਾਲ ਭਾਸ਼ਾ ਦੀ ਬਹੁਤ ਹੀ ਵਿਸਤ੍ਰਿਤ ਪਰਿਭਾਸ਼ਾ ਬਾਰੇ ਲਿਖਿਆ ਹੈ ਜਾਂ ਤਿਆਰ ਕੀਤਾ ਹੈ।

ਮੈਨੂੰ ਸਾਥੀ ਲੁਧਿਆਣਵੀ ਦੀ ਗੱਲ ਯਾਦ ਆ ਗਈ, ਜਦੋਂ ਉਹਨਾਂ 5ਆਬੀ.ਕੌਮ ਨੂੰ ਪੰਜਾਬੀ ਵਿੱਚ ਚਿੱਠੀ ਲਿਖਣ ਦਾ ਨਵਾਂ ਨਵਾਂ ਤਜਰਬਾ ਹਾਸਲ ਕੀਤਾ ਸੀ, ਕਿ ਆਓ ਹੁਣ ਪੰਜਾਬੀ ਨੂੰ ਦਰਪੇਸ਼ ਮਸਲਿਆਂ ਦੀ ਵੀ ਗੱਲ ਕਰੀਏ। ਸੰਪਾਦਕ ਸਾਹਬ ਨੂੰ ਇੱਕ ਵੱਖਰਾ ਖ਼ਤ ਚਰਚਾ ਲਈ ਲਿਖ ਰਿਹਾ ਹਾਂ।

ਇਸਤੋਂ ਪੰਜਾਬੀ ਸਿਖਾਂਦਰੂਆਂ ਨੂੰ ਨਿਰਾਸ਼ਤਾ ਬਿਲਕੁਲ ਨਹੀਂ ਹੋਣੀਂ ਚਾਹੀਦੀ। ਮੈਂ ਅਨੁਵਾਦ ਲਈ ਆਪਣੀਆਂ ਸੇਵਾਵਾਂ ਪ੍ਰਦਾਨ ਕਰਨ ਲਈ ਤਿਆਰ ਹਾਂ, ਪਰ ਹਰ ਪਾਠਕ ਲਈ ਸੀਮਤ ਸਮੇਂ ਤੱਕ, ਉਦੋਂ ਤੱਕ ਜਦ ਤੱਕ ਉਹ ਆਪਣੇ ਆਪ ‘ਚ ਸਮਰੱਥ ਨਹੀਂ ਹੋ ਜਾਂਦਾ। ਮੈਨੂੰ ਵਿਸ਼ਵਾਸ਼ ਹੈ ਕਿ ਪੰਜਾਬੀ ਨਾ ਲਿਖ ਸਕਣ ਦਾ ਡਰ ਉਹਨਾਂ ਦਾ ਬਹੁਤ ਜਲਦੀ ਦੂਰ ਕਰ ਦਿੱਤਾ ਜਾਵੇਗਾ। (ਬਿਨਾਂ ਕਿਤੇ ਧਾਗੇ-ਤਵੀਤ ਦੇ)

ਸਿਆਣੇ ਕਹਿ ਗਏ ਹਨ ਕਿ ਵਹਿਮ ਦਾ ਕੋਈ ਇਲਾਜ ਨਹੀਂ, ਪਰ ਇਸ ਵਹਿਮ ਦਾ ਜ਼ਰੂਰ ਹੱਲ ਹੈ ਅਤੇ ਉਹ ਵੀ ਬਹੁਤ ਸੌਖਾ…

ਸਭ ਦਾ ਸ਼ੁੱਭ ਚਿੰਤਕ…
- ਸੁਰਿੰਦਰ ਮਾਹਲ

ਭੂਵਿੰਦਰ ਕੌਰ ਗਿੱਲ, ਐਡਮੰਟਨ , ਕੈਨੇਡਾ

24/01/05

ਸਤਿਕਾਰਯੋਗ ਕੰਦੋਲਾ ਸਾਹਿਬ,
ਸਤਿ ਸ੍ਰੀ ਅਕਾਲ ਪ੍ਰਵਾਨ ਹੋਵੇ।

ਕਈ ਦਿਨਾਂ ਤੋਂ ਪੰਜਾਬੀ-ਅੰਗਰੇਜੀ ਦੇ ਪੱਤਰਾਂ ਦਾ ਵਾਦ ਵਿਵਾਦ ਪੜ ਰਹੀ ਸੀ ਪਰ ਇਸ ਕਸ਼ਮਕਸ਼ ਵਿਚ ਭਾਗ ਲੈਣਾ ਯੋਗ ਨਹੀਂ ਸਮਝਿਆ। ਮੈਂ ਬਲਜੀਤ ਸਿੰਘ ਘੁੰਮਣ ਹੁਣਾਂ ਦੇ ਵਿਚਾਰ ਨਾਲ ਬਿਲਕੁਲ ਸਹਿਮਤ ਹਾਂ ਕਿ ਇਸ ਨੂੰ ਖਤਮ ਕਰਨ ਲਈ ਸੰਪਾਦਕ ਸਾਹਿਬ ਨੂੰ ਹੀ ਫੈਸਲਾ ਲੈਣਾ ਚਾਹੀਦਾ ਹੈ। ਵਕਤ ਸਿਰ ਇਸ ਸਭ ਕੁਝ ਦਾ ਨਿਸਚਾ ਕਰਨ ਤੇ ਆਪ ਵਧਾਈ ਦੇ ਪਾਤਰ ਹੋ ਤਾਂ ਕਿ ਅਸੀਂ ਕੋਈ ਅਗਾਂਹ ਵਧੂ ਗੱਲ ਵਾਰੇ ਲਿਖ ਪੜ ਸਕੀਏ। 5ਆਬੀ.ਕਾਮ ਦੇ ਸਾਰੇ ਹੀ ਲਿਖਾਰੀ ਤੇ ਪਾਠਕ ਬਹੁਤ ਸੂਝਵਾਨ ਹਨ ਤੇ ਇਹਨਾਂ ਗੱਲਾਂ ਵਿਚ ਸਮਾਂ ਨਾ ਗੁਆ ਕੇ ਆਓ ਮੁੜ ਠੀਕ ਲੀਹ ਤੇ ਪਈਏ।

ਪਿਆਰ ਸਹਿਤ,

ਭੂਵਿੰਦਰ ਕੌਰ ਗਿੱਲ, ਐਡਮੰਟਨ , ਕੈਨੇਡਾ

ਸਰਵਜੀਤ ਸਿੰਘ

24/01/05

ਡਾ ਬਲਦੇਵ ਸਿੰਘ ਜੀ ,

ਬਲਜੀਤ ਸਿੰਘ ਘੁਮੱਣ ਜੀ ਦੇ ਸੁਝਾਓ ਉੱਤੇ ਆਪ ਜੀ ਵਲੋ ਕੀਤੇ ਸਪੱਸ਼ਟ ਐਲਾਨ ਲਈ ਆਪ ਜੀ ਦਾ ਬੁਹਤ-ਬੁਹਤ ਧੰਨਵਾਦ। ਆਸ ਕਰਦੇ ਹਾ ਕਿ ਸਾਰੇ ਪਾਠਕ ਪਿਛਲੇ ਗਿਲੇ-ਸ਼ਿਕਵੇ ਭੁਲ ਕੇ ਅੱਗੇ ਤੋ ਸਿਰਫ ਗੁਰਮੁੱਖੀ ਲਿੱਪੀ ਵਿਚ ਹੀ ਪੱਤਰ ਲਿਖਣਗੇ ਤਾਂ ਜੋ ਕਿਸੇ ਨੁੰ ਨਿਰਾਸ਼ ਨਾ ਹੋਣਾ ਪਵੇ।

ਆਦਰ ਸਾਹਿਤ
ਸਰਵਜੀਤ ਸਿੰਘ

ਬਲਜੀਤ ਸਿੰਘ ਘੁਮੱਣ, ਟੋਰਾਂਟੋ

24/01/05

ਡਾ. ਬਲਦੇਵ ਸਿੰਘ ਕੰਦੋਲਾ ਜੀ,

ਹੁਣ ਤੋਂ 5ਆਬੀ.ਕਾਮ ਤੇ ਸਿਰਫ ਪੰਜਾਬੀ ਵਿੱਚ ਲਿਖੇ ਖਤ ਹੀ ਛਾਪੇ ਜਾਣਗੇ,

ਕੁਝ ਸਮੇ ਤੋ 5ਆਬੀ.ਕਾਮ ਤੇ ਅੰਗਰੇਜ਼ੀ ਅਤੇ ਪੰਜਾਬੀ ਵਿਚ ਲਿਖਣ ਬਾਰੇ ਚੱਲ ਰਿਹੇ ਵਿਵਾਦ ਨੂੰ ਤੁਸੀ ਅਪਣੇ ਏਸ ਫੈਂਸਲਾ ਨਾਲ ਖਤਮ ਕਰ ਦਿਤਾ ਹੈ! ਬਹੁਤ ਚਾੰਗਾ ਕੀਤਾ! ਬਾਕੀ ਮੈ ਤਾ ਸਭ ਨੂੰ ਇਹ ਕਹਾਂਗਾ ਕੇ ਜੋ ਵੀ ਲਿਖਣਾ ਹੈ ਚੰਗਾ ਲਿਖੋ ਤਾ ਕਿ ਕਿਸੇ ਦੇ ਸਨਮਾਨ ਨੂੰ ਠੇਸ ਨਾ ਪਾਹੁਚੇ!

ਬਲਜੀਤ ਸਿੰਘ ਘੁਮੱਣ
ਟੋਰਾਂਟੋ

ਇੰਜ:ਮਾਂਗਟ ਵੈਨਕੋਵਰ

ਨਵੇਂ ਕਿਸਮ ਦਾ ਵਿਆਹ ਸਾਡੀ ਧਰਤੀ ਤੇ - ਕੁਲਬੀਰ ਸਿੰਘ ਸ਼ੇਰਗਿੱਲ  

24/01/05

ਸਮਲਿੰਗੀ ਵਿਆਹਾਂ ਸਬੰਧੀ

ਸਮਲਿੰਗੀ ਵਿਆਹਾਂ ਬਾਰੇ ਅਜ ਕਲ ਭਾਰਤੀ ਅਤੇ ਕੈਨੇਡੀਅਨ ਮੀਡੀਆ ਵਿਚ ਬਹੁਤ ਚਰਚਾ ਹੋ ਰਹੀ ਹੈ । ਇਸ ਦੌੜ ਵਿਚ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਵੀ ਪਿਛੇ ਨਹੀਂ ਰਹੇ ਜਦੋਂ ਉਹਨਾਂ ਨੇ ਕੈਨੇਡਾ ਦੇ ਪ੍ਰਧਾਨ ਮੰਤ੍ਰੀ ਦੇ ਭਾਰਤ ਦੌਰੇ ਤੇ ਪਹੁੰਚਣ ਤੋਂ ਤਿੰਨ ਦਿਨ ਪਹਿਲਾਂ ਇਕ ਸ਼ੰਦੇਸ਼ ਜਾਰੀ ਕਰ ਦਿਤਾ ਕੇ ਸਿੱਖ ਧਰਮ ਸਮ-ਲਿੰਗੀ ਵਿਆਹਾਂ ਦੀ ਆਗਿਆ ਨਹੀਂ ਦਿੰਦਾ ਅਤੇ ਅਜੇਹੇ ਵਿਆਹਾਂ ਦੀ ਗੁਰਦੁਆਰਿਆਂ ਵਿਚ ਆਗਿਆ ਨਹੀਂ ਦਿਤੀ ਜਾਵੇਗੀ। ਕਿਹਾ ਜਾਂਦਾ ਹੈ ਕੇ ਪਰਧਾਨ ਮੰਤ੍ਰੀ ਪਾਲ ਮਾਰਟਨ ਵਲੋ ਦਰਬਾਰ ਸਾਹਿਬ ਦਾ ਦੌਰਾ ਅਕਾਲ ਤਖ਼ਤ ਦੀ ਬੇਲੋੜੀ ਮੁਦਾਖ਼ਲਤ ਕਾਰਨ ਅਖ਼ਰੀ ਸਮੇਂ ਰੱਦ ਕਰ ਦਿਤਾ ਗਿਆ। ਇਸ ਵਿਸ਼ੇ ਨਾਲ ਸਬੰਧਤ ਬਿਲ ਅਜੇ ਕੈਨੇਡੀਅਨ ਪਾਰਲੀਮੈਂਟ ਵਿਚ ਪੇਸ਼ ਕੀਤਾ ਜਾਣਾ ਹੈ ਤੇ ਇਹ ਵੀ ਪੇਸ਼ੀਨਗੋਈ ਕੀਤੀ ਜਾ ਰਹੀ ਹੈ ਕੇ ਇਸ ਭਖਦੇ ਮਸਲੇ ਤੇ ਕੈਨੇਡਾ ਵਿਚ ਮਾਰਟਨ ਸਾਹਿਬ ਵਲੋਂ ਨਵੇਂ ਸਿਰੇ ਤੋਂ ਇਲੈਕਸ਼ਨ ਦੀ ਕਾਲ ਵੀ ਦਿਤੀ ਜਾ ਸਕਦੀ ਹੈ, ਕਿਉਂਕੇ ਸਰਕਾਰ ਹੁਣ ਘੱਟ  ਗਿਣਤੀ ਵਿਚ ਹੀ ਚਲ ਰਹੀ ਹੈ । ਅਕਾਲ ਤਖ਼ਤ ਸਾਹਿਬ ਆਮ ਤੌਰ ਤੇ ਅਜੇਹੇ ਧਾਰਮਿਕ ਮਸਲਿਆਂ ਵਿਚ ਦਖ਼ਲ ਤਾਂ ਦਿੰਦਾ ਹੈ ਜੇ ਕਿਸੇ ਸ਼ੰਸਥਾ ਵਿਚ ਸਿੱਖ ਧਰਮ ਦੇ ਅਸੂਲਾਂ ਦੀ ਅਵਗਿਆ ਬਾਰੇ ਸ਼ਕਾਇਤ ਪ੍ਰਾਪਤ ਹੋਵੇ ਜਾਂ ਕਿਸੇ ਅਦਾਰੇ ਵਲੋਂ ਕੋਈ ਸਪਸ਼ਟੀ ਕਰਨ ਮੰਗਿਆਂ ਗਿਆ ਹੋਵੇ। ਪਰ ਅਚਾਨਕ ਅਜੇਹੇ ਅੰਤ੍ਰਾਸ਼ਟਰੀ ਮਸਲੇ ਤੇ ਅਕਾਲ ਤਖ਼ਤ ਵਲੋਂ ਸੰਦੇਸ਼ ਜਾਰੀ ਹੋਣਾ ਕੋਈ ਗੁੱਝੀ ਅੰਤ੍ਰਾਸ਼ਟਰੀ ਰਾਜਨੀਤਕ ਕੂਟ ਨੀਤੀ ਜਾਪਦੀ ਹੈ। ਫ਼ਰਾਂਸ ਵਿਚ ਛਿੜੇ ਪੱਗੜੀ ਦੇ ਮਸਲੇ ਬਾਰੇ ਅਜੇ ਤੱਕ ਅਕਾਲ ਤਖ਼ਤ ਸਾਹਿਬ ਵਲੋਂ ਕੋਈ ਢੁਕਵੀਂ ਸੇਧ ਨਹੀਂ ਦਿਤੀ ਗਈ ਜਦੋਂ ਕੇ ਦੁਨੀਆਂ ਭਰ ਦੀਆਂ ਸਿੱਖ ਸੰਸਥਾਵਾਂ ਵਲੋਂ ਇਸ ਮਸਲੇ ਨੂੰ ਹਲ ਕਰਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾਇਆਂ ਜਾ ਰਿਹਾ ਹੈ। ਦਸਮ ਗ੍ਰੰਥ ਦੇ ਮਸਲੇ ਤੇ ਇਕ ਕਥਿਤ ਲੇਖਕ ਨੂੰ ਛੇਕਣ ਤੋਂ ਬਾਅਦ ਮਸਲਾ ਠੰਡੇ ਬਸਤੇ ਚ' ਪਾ ਦਿਤਾ ਗਿਆ ਹੈ। ਰਾਗਮਾਲਾ ਦਾ ਗੰਭੀਰ ਵਿਸ਼ਾ ਜਥੇਦਾਰ ਸਾਹਿਬ ਦੇ ਨਿਜੀ ਤੌਰ ਤੇ ਆਪ ਹੀ ਵਿਚ ਉਲਝਣ ਕਾਰਨ ਗੁਪਤ ਮੀਟਿੰਗਾਂ ਕਰਕੇ ਖੁਰਦਬੁਰਦ ਕਰ ਦਿਤਾ ਗਿਆਂ ਹੈ। ਪਰ ਸਮ-ਲਿੰਗੀ ਸਬੰਧਾ ਬਾਰੇ ਆਦੇਸ਼ ਜਾਰੀ ਕਰਨ ਵਿਚ ਕਿਉਂ ਕਾਹਲੀ ਕੀਤੀ ਗਈ ਇਕ ਚਿੰਤਾਜਨਕ ਵਿਸ਼ਾ ਹੈ।

ਗਲ ਏਥੇ ਹੀ ਮੁੱਕ ਜਾਣ ਵਾਲੀ ਨਹੀਂ ਕਿਉਂਕੇ ਕੈਨੇਡਾ ਵਿਚ ਵਿਰੋਧੀ ਧਿਰ ਦੇ ਨੇਤਾ ਸਟੀਫ਼ਨ ਹਾਰਪਰ ਵਲੋਂ ਐਲਾਨ ਕੀਤਾ ਗਿਆ ਹੈ ਕੇ ਜੇ ਕਰ ਸਰਕਾਰ ਵਲੋਂ ਸਮ-ਲਿੰਗੀ ਵਿਆਹਾਂ ਦਾ ਬਿਲ ਪੇਸ਼ ਕੀਤਾ ਗਿਆ ਤਾਂ ਪੁਰਸ਼ਾਂ ਲਈ ਇਕ ਤੋਂ ਵਧ, ਬਿਨਾ ਤਲਾਕ ਤੋਂ ਵਿਆਹ ਕਰਾਉਣ ਦਾ ਬਿਲ ਲਿਆਂਦਾ ਜਾਵੇਗਾ। ਜੇ ਅਜੇਹਾ ਬਿਲ ਵੀ ਪਾਸ ਹੋ  ਗਿਆ ਤਾਂ ਅਕਾਲ ਤਖ਼ਤ ਕਸੂਤੀ ਸਥਿਤੀ ਵਿਚ ਆਂ ਜਾਵੇਗਾ ਅਤੇ ਐਲਾਨ ਕਰਨਾ ਪਵੇਗਾ ਕੇ ਸਿੱਖ ਇਕ ਤੋਂ ਵੱਧ ਵਿਆਂਹ ਨਹੀਂ ਕਰਵਾ ਸਕਦਾ। ਚੰਗਾ ਇਹੋ ਸੀ ਕੇ ਅਕਾਲ ਤਖ਼ਤ ਸਾਹਿਬ ਅਜੇ ਸਮ-ਲਿੰਗੀ ਵਿਆਹਾਂ ਬਾਰੇ ਸੰਦੇਸ਼ ਜਾਰੀ ਨਾ ਕਰਦਾ ।

ਇੰਜ:ਮਾਂਗਟ ਵੈਨਕੋਵਰ

ਸੰਤੋਖ ਸਿੰਘ

ਕੁਦਰਤ ਦਾ ਕਹਿਰ
- ਸੰਤੋਖ ਸਿੰਘ  

24/01/05

ਡਾ. ਕੰਦੋਲਾ ਜੀਓ

ਉਘੜ-ਦੁਘੜੇ ਪਰ ਦਿਲ ਦੀ ਹੂਕ ਨੂੰ ਦਰਸਾਉਣ ਵਾਲ਼ੇ ਵਿਚਾਰਾਂ ਨੂੰ ਏਨੇ ਖ਼ੂਬਸੂਰਤ ਕਲਾਤਮਿਕ ਤਰੀਕੇ ਨਾਲ਼, ਸਮੇਤ ਢੁਕਵੀਆਂ ਫੋਟੋਜ਼ ਨਾਲ਼, ਸਜਾ ਕੇ ਪੇਸ਼ ਕਰਨ ਲਈ ਧੰਨਵਾਦ।

ਸੰਤੋਖ ਸਿੰਘ

ਬਲਜੀਤ ਸਿੰਘ ਘੁਮੱਣ, ਟੋਰਾਂਟੋ

23/01/05

ਕੁਝ ਸਮੇ ਤੋ 5abi.com ਤੇ ਅੰਗਰੇਜ਼ੀ ਅਤੇ ਪੰਜਾਬੀ ਵਿਚ ਲਿਖਨ ਬਾਰੇ ਵਿਵਾਦ ਚੱਲ ਰਿਹਾ ਹੈ! ਮੇਰੇ ਖਿਆਲ ਵਿਚ ਏਸ ਵਿਵਾਦ ਦਾ ਫੈਂਸਲਾ ਡਾ. ਕੰਦੋਲਾ ਜੀ ਤੇ ਛੱਡ ਦੇਣਾ ਚਾਹਿਦਾ ਹੈ! ਡਾ. ਕੰਦੋਲਾ ਜੀ 5abi.com ਦੇ ਸੰਨਚਾਲਕ ਹਨ ਤੇ ਉਹ ਹੀ ਇਸ ਮਸਲੇ ਦਾ ਅਖਰੀ ਫੈਂਸਲਾ ਕਰਨ.

ਬਲਜੀਤ ਸਿੰਘ ਘੁਮੱਣ, ਟੋਰਾਂਟੋ

ਜਨਮੇਜਾ ਸਿੰਘ ਜੌਹਲ

23/01/05

ਪੰਜਾਬੀ ਪਿਆਰਿਓ

ਤੁਸੀਂ ਤਾਂ ਬਾਈ ਹੱਦ ਹੀ ਕਰਤੀ, ਮੈਂ ਤਾਂ ਕਦੇ ਵੀ ਪੰਜਾਬੀ ਦੀ ਥਾਂ ਅੰਗਰੇਜ਼ੀ ਵਰਤਣ ਦੀ ਗਲ ਨਹੀਂ ਕੀਤੀ। ਸਗੋਂ ਦੁਨੀਆਂ ਦੀ ਪਹਿਲੀ ਪੰਜਾਬੀ ਵੈਬਸਾਇਟ ਤੇ ਰੋਜ਼ਾਨਾ ਅਖਬਾਰ ਪੰਜਾਬੀ ਵਿਚ 1996 ਤੋ 1998 ਤੱਕ ਮੈਂ ਹੀ ਚਲਾਈ ਸੀ। ਪੈਸੇ ਧੇਲੇ ਦੀ ਘਾਟ ਕਰਕੇ ਗੱਲ ਅਗੇ ਨਹੀਂ ਤੁਰੀ। ਮੇਰੇ ਸਾਰੇ ਲੇਖ ਤੇ ਕਾਲਮ ਸਿਰਫ ਪੰਜਾਬੀ ਵਿਚ ਹੀ ਹੁੰਦੇ ਹਨ। ਮੈਨੂੰ ਜਾਣੇ ਬਗੈਰ ਹੀ ਤੁਸੀਂ ਮੇਰੀ ਦੁਰਗਤ ਕਰੀ ਜਾ ਰਹੇ ਹੋ। ਜਿਹਨਾਂ ਹਜਾਰਾਂ ਲਖਾਂ ਦੀ ਤੁਸੀ ਗੱਲ ਕਰਦੇ ਹੋ ਉਹ ਮੈਂ ਨਹੀਂ ਪੰਜਾਬ ਦੀਆਂ ਯੂਨੀਵਰਸਿਟੀਆਂ ਨੇ ਬਿਨ੍ਹਾਂ ਪੰਜਾਬੀ ਲਈ ਕੋਈ ਕੰਮ ਕੀਤੇ ਡਕਾਰੇ ਹਨ। ਕਾਸ਼ ਮੇਰੇ ਪ੍ਰੋਗਰਮਾ ਤੋਂ ਮੈਨੂੰ ਲੱਖਾਂ ਮਿਲੇ ਹੁੰਦੇ ਤਾਂ ਮੈਂ ਪੇਂਡੂ ਲੋਕਾਂ ਲਈ ਚਲਦੇ ਖੇਤ ਖਲਵਾੜ ਮੈਗਜ਼ੀਨ ਨੂੰ ਬੰਦ ਨਾ ਕਰਦਾ। ਸਾਹਿਤ ਅਕਾਡਮੀ ਦਾ ਮੈਂ ਸਕਤਰ ਜ਼ਰੂਰ ਹਾਂ, ਪਰ ਕਿਸੇ ਕੋਲੋਂ ਵੋਟ ਨਹੀਂ ਸੀ ਮੰਗੀ, ਇਹ ਗਲ ਸਭ ਜਾਣਦੇ ਹਨ। ਜੇ ਮੈਂ ਵਡੇ ਮਸਲਿਆ ਦੀ ਗੱਲ ਕੀਤੀ ਹੈ ਤਾਂ ਉਸ ਦੀ ਜ਼ਰੂਰਤ ਸਮਝੋ।  ਹੋ ਸਕਦਾ ਹੈ ਤੁਹਾਨੂੰ ਮੇਰੇ ਨਾਲੋ ਪੰਜਾਬੀ ਨਾਲ ਵਧ ਮੋਹ ਹੋਵੇ, ਪਰ ਘਟ ਮੇਰਾ ਵੀ ਨਹੀਂ। ਪ੍ਰਦੇਸੀ ਵਸਦਿਓ ਮੈਨੂੰ ਇਹ ਜਾਣ ਕਿ ਖੁਸ਼ੀ ਹੋਵੇਗੀ ਕਿ ਕਿਨ੍ਹੇ ਹਨ ਮੇਰੇ ਵਰਗੇ ਜੋ ਪੰਜਾਬੀ ਤੇ ਪੰਜਾਬੀ ਸੋਚ, ਭਾਸ਼ਾ ਤੇ ਸਭਿਆਚਾਰਕ ਦੀ ਡਾਕੁਮੈਂਟੇਸ਼ਨ ਕਰਨ ਲਈ 1972 ਵਿਚ ਅਮਰੀਕਾ ਤੋਂ ਸਟੇਟ ਸਕਾਲਰਸ਼ਿਪ ਛੱਡ ਕਿ ਪੰਜਾਬ ਦੇ ਪਿੰਡ  ਪਿੰਡ ਮੋਟਰ ਸਾਇਕਲ ਤੇ ਗਾਹੁੰਦੇ ਰਹੇ ਹਨ। ਖੈਰ ਇਹ ਸਭ ਕੁਝ ਮੈਂ ਕਿਸੇ ਲਈ ਨਹੀ ਆਪਣੇ ਮਨ ਦੀ ਭਾਵਨਾ ਲਈ ਕੀਤਾ ਹੈ।

ਰਹੀ ਗੱਲ ਖਤਾਂ ਦੀ, ਵੀਰੇਓ ਸੰਵਾਦ ਨੂੰ ਖਤਮ ਨਾ ਕਰੀਏ ਆਪਾਂ ਸਾਰੇ ਪੜ੍ਹੇ ਲਿਖੇ ਹਾਂ। ਗਲਾਂ ਕੰਮ ਦੀਆਂ ਤੇ ਨੀਤੀ ਦੀਆਂ ਕਰੀਏ। ਕਿਤੇ ਸਾਡੀ ਤਾਕਤ ਇਸ ਲੜਾਈ ਵਿਚ ਹੀ ਨਾ ਖਤਮ ਹੋ ਜਾਵੇ।

ਕਿਸੇ ਰੁਖੇ ਸ਼ਬਦਾਂ ਲਈ ਖਿਮਾ ਦਾ ਜਾਚਕ ਹਾਂ। ਆਪ ਸਭ ਦਾ ਸਨੇਹੀ

ਜਨਮੇਜਾ ਸਿੰਘ ਜੌਹਲ

ਅਨਿਲ ਕੁਮਾਰ (ਪਿੰਡ ਘੱਗਾ)

21/01/05

ਜਨਮੇਜਾ ਸਾਹਿਬ,

ਆਪ ਜੀ ਦੀ ਸੂਝਬੂਝ ਉਪਰ ਸਾਨੂੰ ਕੋਈ ਸ਼ੱਕ ਨਹੀਂ। ਤੁਸੀਂ ਜ਼ਰੂਰ ਹੀ ਬਹੁਤ ਸੁਲਝੇ ਹੋਏ ਮਨੁੱਖ ਹੋ ਤੇ ਆਪ ਦੀ ਅੰਗਰੇਜ਼ੀ ਦੀ ਮੁਹਾਰਤ ਤੋਂ ਲੱਗਦੈ ਕਾਫ਼ੀ ਪੜੇ-ਲਿਖੇ ਵੀ ਹੋ। ਮੇਰੇ ਖਿਆਲ ਵਿਚ ਤੁਹਾਨੂੰ ਆਪਣੇ ਇਸ ਪੰਜਾਬੀ ਦੀ ਵੈੱਬ ਸਾਇਟ ਉਪਰ ਬਾਰ-ਬਾਰ ਅੰਗਰੇਜ਼ੀ ਵਿਚ ਖਤ ਘੱਲਣ ਨੂੰ ਠੀਕ ਸਿੱਧ ਕਰਨ ਲਈ ਕਿਸੇ ਖਾਸ ਲੇਖ ਲਿਖਣ ਦੀ ਕੋਈ ਜ਼ਰੂਰਤ ਨਹੀਂ। ਮੈਨੂੰ ਪਤਾ ਹੈ ਕਿ ਆਪਦਾ ਲੇਖ ਖੂਬ ਤਰਕ ਭਰਪੂਰ ਵੀ ਹੋਵੇਗਾ। ਮੈਨੂੰ ਤਾਂ ਡਰ ਹੈ ਕਿ ਕਿਧਰੇ ਤੁਹਾਡੇ ਤਰਕ ਤੋਂ ਪ੍ਰਭਾਵਤ ਹੋਕੇ ਸੰਪਾਦਕ ਹੁਰੀਂ ਇਹ ਵੈੱਬ ਸਾਇਟ ਹੀ ਬੰਦ ਨਾ ਕਰ ਦੇਣ। ਕਿਉਂਕਿ ਸਾਡੇ ਵਰਗੇ ਬੇਅਕਲਿਆਂ ਤੋਂ ਜਵਾਬ ਵਿਚ ਕੋਈ ਵਧੀਆ ਲੇਖ ਲਿਖ ਨਹੀਂ ਹੋਣਾ। ਸੋ ਕੁੱਝ ਵੀ ਲਿਖਣ ਤੋਂ ਪਹਿਲਾਂ ਸਾਡੀ ਪ੍ਰਦੇਸੀਆਂ ਦੀ ਪੁਕਾਰ ਦਾ ਜ਼ਰੂਰ ਖਿਆਲ ਰੱਖ ਲੈਣਾ।

ਸਾਨੂੰ ਇਹ ਵੈੱਬ ਸਾਇਟ ਬੜੀ ਚੰਗੀ ਲੱਗਦੀ ਹੈ ਤੇ ਸਿਰਫ਼ ਇਸ ਕਰਕੇ ਕਿ ਇਥੇ ਗੁਰਮੁੱਖੀ ਦੇ ਦਰਸ਼ਨ ਦੀਦਾਰ ਹੋ ਜਾਂਦੇ ਨੇ (ਪੰਜਾਬੀ ਨਾ ਦੀ ਕੋਈ ਲਿੱਪੀ ਨਹੀਂ ਹੈ ਜੀ)। ਹੋਰ ਤੇ ਹੋਰ ਬਲਕਿ ਬਹੁਤੇ ਸੱਜਣ ਖਤ ਵੀ ਪੰਜਾਬੀ 'ਚ ਘੱਲਦੇ ਨੇ (ਕਈ ਤਾਂ ਬਹੁਤ ਔਖੇ ਹੋ-ਹੋ ਕੇ ਵੀ) ਤਾਂ ਕਿ ਇਸ ਵਿਲੱਖਣ ਵੈੱਬ ਸਾਇਟ ਦੀ ਸ਼ੋਭਾ ਬਣੀ ਰਹੇ। ਮੇਰੇ ਹੱਥ ਉਪਰ ਉਂਗਲਾਂ ਵਧੇਰੇ ਹਨ ਜਿੰਨੀਆਂ ਕਿ ਗੁਰਮੱਖੀ ਦੀਆਂ ਵੈੱਬ ਸਾਇਟਾਂ ਨੇ ਅਤੇ ਮੇਰੇ ਸਿਰ ਤੇ ਇਨੇ ਕੇਸ ਵੀ ਨਹੀਂ ਜਿੰਨੀਆਂ ਕਿ ਅੰਗਰੇਜ਼ੀ ਦੀਆਂ ਵੈੱਬ ਸਾਇਟਾਂ ਹਨ। ਫਿਰ ਵੀ ਅੰਗਰੇਜ਼ੀ ਲਿਖਣ ਦੀ ਇਥੇ ਮਨਾਹੀ ਨਹੀਂ ਹੈ, ਨਾ ਹੀ ਇਥੇ ਕੋਈ ਮੁਕਾਬਲਾ ਹੈ ਇਹ ਦਰਸਾਉਣ ਦਾ ਕਿ ਸਾਡੀ ਕਿਸੇ ਵਿਦੇਸ਼ੀ ਬੋਲੀ ਉਪਰ ਪਕੜ ਕਿੰਨੀ ਕੁ ਹੈ, ਬਲਕਿ ਇਹ ਤਾਂ ਸਾਨੂੰ ਪ੍ਰੇਰਦੀ ਹੈ ਕਿ ਰਤਾ ਅੰਗਰੇਜ਼ੀ ਨੂੰ ਸਾਹ ਵੀ ਲੈ ਲੈਣ ਦਿਓ। ਇਹ ਵੱਖਰੀ ਗੱਲ ਹੈ ਕਿ ਕਿਸੇ ਨੇ ਮੰਨਣਾ ਹੈ ਜਾਂ ਨਹੀਂ। ਕੋਈ ਜ਼ਬਰਦਸਤੀ ਨਹੀਂ ਹੈ। ਇਕ ਆਖਰੀ ਬੇਨਤੀ ਹੈ ਕਿ ਅਗਲਾ ਖਤ ਲਿਖਣ ਤੋਂ ਪਹਿਲਾਂ ਇਸ ਵੈੱਬ ਸਾਇਟ ਦਾ ਮਨੋਰਥ ਜ਼ਰੂਰ ਪੜ ਲੈਣਾ ਜੀ।

ਸਤਿਕਾਰ ਸਹਿਤ, ਅਨਿਲ ਕੁਮਾਰ (ਪਿੰਡ ਘੱਗਾ)

ਸੁਰਿੰਦਰ ਪਾਲ ਵਿਰਕ

21/01/05

ਜਨਮੇਜਾ ਜੌਹਲ ਹੋਰਾਂ ਬਾਰੇ ਸ਼ਾਇਦ ਸਭ ਨੂੰ ਪਤਾ ਹੈ, ਕਿ ਉਹ ਲੁਧਿਆਣੇ ਦੀ ਪੰਜਾਬੀ ਸਾਹਿਤ ਸਭਾ ਦੇ ਜਨਰਲ ਸੈਕਰੇਟਰੀ ਹਨ। ਜਿਸਦੀ ਜ਼ਿੰਮੇਦਾਰੀ ਹੈ ਕਿ ਪੰਜਾਬੀ ਭਾਸ਼ਾ ਦੇ ਵਿਸਥਾਰ ਅਤੇ ਸੇਵਾ ਲਈ ਭਰਸਕ ਕੰਮ ਕਰਨਾ। ਜਨਮੇਜਾ ਜੌਹਲ ਇਕ ਪਰਿਵਾਰਕ ਅਮੀਰ ਸੱਜਣ ਹਨ, ਜਿਹੜੇ ਹੋਰ ਰੁਝੇਵਿਆਂ ਦੇ ਬਾਵਜੂਦ, ਪੰਜਾਬੀ ਫ਼ੌਂਟਾਂ ਦੇ ਬਦਲਾਵ ਦੇ ਪ੍ਰੋਗਰਾਮਾਂ ਨੂੰ ਹਜ਼ਾਰਾਂ ਲੱਖਾਂ ਰੁਪਈਆਂ / ਡਾਲਰਾਂ / ਪੌਂਡਾਂ ਵਿਚ ਵੇਚਣ ਦਾ ਵਿਆਪਾਰ ਕਰਦੇ ਹਨ। ਇਸ ਬਾਰੇ ਉਹਨਾਂ ਦੇ ਇਸ਼ਤਿਹਾਰ ਆਏ ਦਿਨ ਛਪਦੇ ਹਨ। ਉਹਨਾਂ ਨੂੰ ਸਾਡੇ ਤੁਹਾਡੇ ਲਿਖੇ ਪੱਤਰਾਂ ਰਾਹੀਂ ਚੁਣੋਤੀ ਦੇਣ ਨਾਲ ਕੋਈ ਵਾਸਤਾ ਨਹੀਂ ਹੈ। ਉਹਨਾਂ ਦੀ ਜ਼ਿਦ ਕਿ 'ਮੈਂ ਨਾ ਮਾਨੂੰ,' ਜਾਂ ਜੇ (ਮੇਰੀ ਚਿੱਠੀ ਨਹੀਂ ਛਾਪਣੀ ਤਾਂ ਨਾ ਛਾਪੋ, ਮੈਂ ਤਾਂ ਆਂਪਣੀ ਅੰਗਰੇਜ਼ੀ ਦੀ ਹੈਂਕੜ ਪੁਗਾ ਕੇ ਹੀ ਹਟਣੀ ਹੈ।) ਸਾਫ਼ ਜ਼ਾਹਰ ਕਰਦੀ ਹੈ, ਕਿ ਬਲਦੇਵ ਸਿੰਘ ਕੰਦੋਲਾ ਇਕ ਨਰਮ ਦਿਲ ਸੰਪਾਦਕ ਹਨ। ਉਹ ਇਹਨਾਂ ਦੀ ਇਕ ਉਂਗਲ ਨਾਲ ਛਾਪਣ ਦੀ ਬੇਤੁਕੀ ਨੂੰ ਮੰਨ ਲੈਣ ਗੇ। ਭਾਵੇਂ ਹਰ ਨਵਾਂ ਪੰਜਾਬੀ ਇੰਟਰਨੈਟ ਲੇਖਕ ਅਕਸਰ ਇਕ ਉਂਗਲ ਨਾਲ ਹੀ ਸ਼ੁਰੂ ਕਰਦਾ ਹੈ।

ਪੁੱਛਣ ਵਾਲਾ ਹੋਵੇ, ਕੀ ਉਹ ਪੰਜਾਬੀ ਸਾਹਿਤ ਸਭਾ ਦਾ ਕੰਮ, ਅੰਗਰੇਜ਼ੀ ਵਿਚ ਲਿਖ ਕੇ ਕਰਦੇ ਹਨ? ਅਤੇ ਪੰਜਾਬੀ ਦਾ ਗੜ੍ਹ ਸਮਝੇ ਜਾਂਦੇ ਲੁਧਿਆਣੇ ਵਿਚ ਏਨੇ ਉੱਚੇ ਸਾਹਿਤਕਾਰ ਇਹਨਾਂ ਨੂੰ ਪੰਜਾਬੀ ਬੋਲੀ ਦੇ ਹਿਤ ਵਿਰੁੱਧ ਕੰਮ ਕਰਨ ਲਈ, ਉਹਨਾਂ ਦੇ ਕਿਸੇ ਦਬਾਉ ਕਾਰਨ ਬਾਹਲੇ ਹੀ ਮਜਬੂਰ ਹੋਣ ਗੇ?

ਸੁਰਿੰਦਰ ਪਾਲ ਵਿਰਕ

ਜਨਮੇਜਾ ਜੌਹਲ

20/01/05

i think the discussion is moving in the right direction. i have prepared an article based on fundamentals of language. i think we all should read it. it will reach 5abi in a day or so.of course it is in punjabi script.

as for letters, i do not know typing either english or punjabi. i am one finger typist and also have no desire to learn the typing skills (for some personal reasons). i get all my work done from my typist from my handwriting.

if you decide not to print any other language than punjabi on 5abi. it is ok with me. i will not respond again because i read 5abi at night and at that time i write online. any way i am not excusing myself ,it is the way it is.

janmeja

ਸਤ ਪਾਲ ਗੋਇਲ

20/01/05

ਭਾਰਤ ਸਭ ਤੋਂ ਪਹਿਲਾਂ ਸਰਗਰਮ ਹੋਇਆ

26 ਦਸੰਬਰ ਨੂੰ ਭਾਵੇਂ ਐਤਵਾਰ ਸੀ ਪਰ ਉਸ ਦਿਨ ਵਿਦੇਸ਼ ਮੰਤਰਾਲੇ ਦੇ ਸਕਤਰ ਤਲਮੀਜ਼ ਅਹਿਮਦ ਆਪਣੇ ਦਫਤਰ ਵਿਚ ਮੌਜੂਦ ਸਨ ਤੇ ਉਹ ਸੁਨਾਮੀ ਦੇ ਰਾਹ ਵਿਚ ਪੈਂਦੇ ਦੇਸ਼ਾਂ ਵਿਚ ਸਥਿਤ ਭਾਰਤੀ ਦੂਤਘਰਾਂ ਤੋਂ ਇਸ ਪਰਲੇ ਦੀ ਅਸਲੀ ਸਥਿਤੀ ਦੀ ਰਿਪੋਰਟ ਪ੍ਰਾਪਤ ਕਰ ਰਹੇ ਸਨ। ਭਾਰਤੀ ਫੌਜ ਦੇ ਤਿੰਨੋਂ ਅੰਗ ਸਭ ਤੋਂ ਪਹਿਲਾਂ ਆਫਤ ਪੀੜਤਾਂ ਦੀ ਮਦਦ ਲਈ ਸਰਗਰਮ ਹੋਏ। ਕਾਰੋ ਨਿਕੋਬਾਰ ਵਿਚ ਭਾਵੇਂ ਭਾਰਤੀ ਹਵਾਈ ਫੌਜ ਦਾ ਇਕ ਹਵਾਈ ਅੱਡਾ ਪੂਰੀ ਤਰ੍ਹਾਂ ਨਸ਼ਟ ਹੋ ਗਿਆ ਤੇ ਇਥੋਂ ਦੇ ਜ਼ਿਆਦਾਤਰ ਕਰਮਚਾਰੀ ਸੁਨਾਮੀ ਲਹਿਰਾਂ ਦੀ ਭੇਟ ਚੜ੍ਹਗਏ ਪਰ ਇਸਦ ਬਾਵਜੂਦ ਹਵਾਈ ਫੌਜ ਆਪਣੀ ਪੂਰੀ ਤਾਕਤ ਨਾਲ ਰਾਹਤ ਕਾਰਜਾਂ ਵਿਚ ਰੁਝ ਗਈ

Mr.Sayed Nakvi's two articles on Indian arm's excellent and timely role in delivering relief supplies and rehabilitation efforts to the victims of Sri Lanka are commendable and very thought provocking. The western media is singing songs of their relief dollars and are more busy in outnumbering competing countries like Japan, France and Gerrmany or even China. The Bush adminstration is still going in full circle to celebrate his second coming with great pomp and show even when millions are still wailing and crying for basics such as drinking water or a shelter. This exposes the hypocracy and hollowness of those who live in glass houses.God bless them all! Let us hope INDIA CONTUNUES TO HELP HER OWN VICTIMS WITHOUT FOREIGN HELP. WE INDIANS WHEREVER WE ARE NEED TO STRENGTHEN OUR OWN MOTHERLAND WITH OUR OWN MONEY AND EFFORTS.TIME WILL COME WHEN INDIA WOULD BE A BIG POWER IN ADDITION TO BEING A BIG NATION !cONGRATULATIONS MR.NAKVI FOR EXCELLENT WRITING

SAT PAUL GOYAL

ਕਮਲਜੀਤ ਸਿੰਘ, ਸਿੰਘਾਪੁਰ

18/01/05

ਰਾਜ ਭੁਪਿੰਦਰ ਸਿੰਘ ਭਾਰਤ ਜੀ,
ਪਿਆਰ ਭਰੀ ਸਤਿ ਸ੍ਰੀ ਅਕਾਲ,

ਵੀਰ ਜੀ ਮੇਰੇ ਮਨ ਵਿਚ ਇਕ ਸ਼ੰਕਾ ਹੈ ।ਜਿਵੇਂ ਆਪ ਜੀ ਨੇ ਖੁਸ਼ਵੰਤ ਸਿੰਘ ਜੀ ਨੂੰ ਸ਼੍ਰੀ ਗੁਰੁ ਗੋਬਿੰਦ ਸਿੰਘ ਜੀ ਦੇ ਨਾਮ ਅਗੇ ਸ਼੍ਰੀ ਲਗਾੳਣ ਨੂੰ ਕਿਹਾ ਸੀ। ਮੈ ਬਚਪਨ ਤੋਂ ਅਜ ਤਕ ਜਦੋਂ ਭੀ ਕਿਸੇ ਸਿੱਖ ਦੇ ਨਾਮ ਅਗੇ ਸ੍ਰੀ ਲਗਾੳਣ ਲਗਾ ਤਾਂ ਮੈਨੂੰ ਵਰਜ ਦਿਤਾ ਗਿਆ ਕਿ ਸ਼੍ਰੀ ਹਿੰਦੂ ਨਾਮ ਅਗੇ ਹੀ ਲਗਦਾ ਹੈ। ਜੇ ਇਹ ਸਹੀ ਹੈ ਤਾਂ ਅਸੀ ਗੁਰੁ ਜੀ ਦੇ ਨਾਮ ਅਗੇ ਸ਼੍ਰੀ ਕਿਉਂ ਲਗਾਉਨਦੇ ਹਾਂ?

ਕਮਲਜੀਤ ਸਿੰਘ, ਸਿੰਘਾਪੁਰ,

ਸੁਰਿੰਦਰ ਮਾਹਲ

18/01/05

''...... ਇਸ ਦੀਆਂ ਅਨਗਿਣਤ ਉਧਾਰਨਾਂ ਸਾਡੇ ਸਾਹਮਣੇ ਹਨ: ਆਸਟ੍ਰੇਲੀਆ ਦੇ ਆਦਿਵਾਸੀ ਲੋਕਾਂ ਦਾ ਹਸ਼ਰ; ਅਮਰੀਕਾ ਦੇ ''ਇੰਡੀਅਨ'' ਅਤੇ ਕਨੇਡਾ ਦੇ ਐਸਕੀਮੋ ਲੋਕਾਂ ਦੀ ਤਬਾਹੀ। ਇਸ ਤਬਾਹੀ ਵਾਲੇ ਰਸਤੇ ਦਾ ਪਹਿਲਾ ਨਿਸ਼ਾਨ ਭਾਸ਼ਾ ਅਤੇ ਸੰਸਕ੍ਰਿਤੀ ਦੇ ਪੱਛੜੇਪਨ ਤੋਂ ਸ਼ੁਰੂ ਹੁੰਦਾ ਹੈ।

ਸਮੇ ਸਮੇ ਪੰਜਾਬੀ ਭਾਸ਼ਾ ਦਾ ਹਸ਼ਰ ਵੀ ਕੁੱਝ ਇਹੋ ਜਿਹਾ ਹੀ ਰਿਹਾ ਹੈ। ਕੁੱਝ ਤਾਂ ਬਦੇਸ਼ੀ ਧਾੜਵੀਆਂ ਨੇ ਇਸ ਨੂੰ ਬਰਬਾਦ ਕਰਨ ਦੀਆਂ ਕੋਸ਼ਿਸ਼ਾਂ ਵਿਚ ਕਸਰ ਨਹੀਂ ਛੱਡੀ ਅਤੇ - ਸਭ ਤੋਂ ਖਤਰਨਾਕ - ਪੰਜਾਬੀਆਂ ਨੇ ਸਵੈ, ਹਰ ਵੇਲੇ, ਆਪਣੇ ''ਘਟੀਆਪਨ'' ਦੇ ਅਹਿਸਾਸ ਦੇ ਕਸੂਰੋਂ ਇਸ ਨੂੰ ਹਮੇਸ਼ਾਂ ਦੂਸਰਾ ਦਰਜਾ ਦਿੱਤਾ। ਪਿਛਲੇ 50 ਸਾਲਾਂ ਵਿਚ ਦੇਖਿਆ ਜਾਏ ਤਾਂ ਅਸੀਂ ਪੰਜਾਬੀ ਨੂੰ ਵਿਦਿਅਕ ਪ੍ਰਣਾਲੀ ਦਾ ਮਾਧਿਅਮ ਬਨਾਉਣ ਤੋਂ ਬੇਲੱਜ ਅਸਮਰਥ ਰਹੇ ਹਾਂ। ਕਦੇ ਫਾਰਸੀ ਨੂੰ ਅਹਿਮੀਅਤ, ਕਦੇ ਉਰਦੂ ਨੂੰ ਅਤੇ ਹੁਣ ਬੋਲ ਬਾਲਾ ਹੈ ਅੰਗਰੇਜ਼ੀ ਦਾ। ਗੱਲ ਕੀ, ਪੰਜਾਬੀ ਸੁਭਾਅ ਨੂੰ ਆਪਣੀ ਭਾਸ਼ਾ ਤੇ ਸੱਭਿਆਚਾਰ ਨੂੰ ਛੱਡ ਕੇ ਹੋਰ ਸਭ ਚੰਗੀਆਂ ਲਗਦੀਆਂ ਹਨ। ਨਤੀਜਾ ਨਿਕਲਿਆ - ਮਾਨਸਿਕ ਪੱਛੜਿਆਪਨ! ਅੰਤਰਰਾਸ਼ਟਰੀ ਪੱਧਰ ਤੇ ਪੰਜਾਬੀ ਦਾ ਦਰਜਾ ? ਕੁੱਛ ਨਹੀਂ!! ਇਸ ਦਾ ਜ਼ਿੰਮੇਵਾਰ ਕੌਣ ਹੈ ? ਹੋਰ ਕੋਈ ਨਹੀ।''

ਪੰਜਾਬੀ ਬੋਲੀ ਦੇ ਹਤੈਸ਼ੀ, ਸੁਹਿਰਦ ਪੰਜਾਬੀਓ !

ਉਪ੍ਰੋਕਤ ਸਤਰਾਂ ਪੰਜਾਬੀ ਭਾਸ਼ਾ ਵਿਭਾਗ ਦੀਆਂ ਨਹੀਂ ਨਾ ਹੀ ਕਿਸੇ ਪੰਜਾਬੀ (ਅਕਾਲੀ, ਕਾਂਗਰਸੀ ਜਾਂ ਕਿਸੇ ਹੋਰ ਪਾਰਟੀ ਨਾਲ ਸਬੰਧਤ) ਲੀਡਰ ਦੀਆਂ ਹਨ। ਨਾ ਹੀ ਇਹ ਕਿਸੇ ਭਾਸ਼ਾ ਵਿਗਿਆਨੀ ਜਾਂ ਕਿਸੇ ਪੰਜਾਬੀ ਦੇ ਮਹਾਨ ਚਿੰਤਕ ਦੀਆਂ ਹਨ। ਨਾ ਕਿਸੇ ਮਹਾਨ ਲੇਖਕ ਜਾਂ ਸਿੱਖਿਆ ਅਫ਼ਸਰ ਦੀਆਂ। ਨਾ ਹੀ ਕਿਸੇ ਸਰਕਾਰੀ ਸੱਭਿਆਚਾਰ ਜਾਂ ਵਿਰਸਾ ਸੰਭਾਲ ਵਿਭਾਗ ਜਾਂ ਕਿਸੇ ਜਥੇਬੰਦੀ ਦੀਆਂ ਹਨ। ‘5ਆਬੀ ਡੌਟ ਕੌਮ’ ਵਲੋਂ ਪਹਿਲਾਂ ਹੀ ਸਪਸ਼ਟ ਕੀਤੇ ਜਾ ਚੁੱਕੇ ਅਤੇ ਅਪਨਾਏ ਜਾ ਰਹੇ ‘ਮਨੋਰਥ’ ਵਿੱਚੋਂ ਲਈਆਂ ਗਈਆਂ ਹਨ। ਜੋ ਕਿ ਜਦ ਤੋਂ ਇਸ ਪੰਜਾਬੀ ਇੰਦਰ ਜਾਲ (ਵੈੱਬ ਸਾਈਟ) ਦੀ ਸ਼ੁਰੂਆਤ ਹੋਈ ਹੈ ਉਸ ਵੇਲੇ ਤੋਂ ਹੀ ਇਹ ‘ਮਨੋਰਥ’ ਪੂਰੇ ਵਿਸਥਾਰ ਨਾਲ ਇਸ (ਜਾਲੇ) ਦੇ ਕਾਰਨਾਂ ਤੇ ਉਦੇਸ਼ਾਂ ਬਾਰੇ ਦੱਸਦਾ ਹੈ। ਜਿਸਨੂੰ ਸ਼ਾਇਦ ਬਹੁਤ ਘੱਟ ਪਾਠਕ ਪੜ੍ਹਦੇ ਹਨ।

ਰਹੀ ਗੱਲ ਸਾਡੀ ਖ਼ਤੋ-ਕਿਤਾਬਤ ਜਾਂ ਤਾਲਮੇਲ (ਕਮਿਊਨੀਕੇਸ਼ਨ) ਦੀ ਉਹਦੇ ਬਾਰੇ ਆਪਾਂ ਸਾਰੇ ਰਲ ਕੇ ਫ਼ੈਸਲਾ ਲੈ ਸਕਦੇ ਹਾਂ ਕਿ ਇਹ ਇਸ ਜਾਲ ਤੇ, ਕਿਹੜੀ ਬੋਲੀ ‘ਚ ਹੋਣੀ ਚਾਹੀਦੀ ਹੈ। ਮੇਰੇ ਵਿਚਾਰਾਂ ਤੋਂ ਤਾਂ ਤੁਸੀਂ ਵਾਕਿਫ਼ ਹੀ ਹੋ। ਪੰਜਾਬੀ ਮੇਰੀ ਪਹਿਲੀ ਜ਼ੁਬਾਨ ਹੈ ਹੋ ਸਕਦੈ ਉਰਦੂ ਦੂਜੀ ਤੇ ਅੰਗਰੇਜ਼ੀ ਤੀਜੀ। ਏਸੇ ਤਰਾਂ ਬਾਕੀ ਯੁਰਪੀ ਮੁਲਕਾਂ ‘ਚ ਵੱਸਣ ਵਾਲੇ ਪੰਜਾਬੀ ਮੂਲ ਦੇ ਲੋਕਾਂ ਦੀ ਪਹਿਲੀ ਬੋਲੀ ਉੱਥੋਂ ਦੀ ਬੋਲੀ ਹੋਵੇ, ਭਾਵ ਕਿ ਫਰੈਂਚ, ਜਰਮਨ, ਡੁੱਇਚ, ਸਪੈਨਿਸ਼, ਗਰੀਕ, ਪੁਰਤਗਾਲੀ, ਨੌਰਵੀਯਨ, ਸਵੀਡਿਸ਼, ਰਸ਼ੀਅਨ ਵਗੈਰਾ, ਤਾਂ ਕੀ 5ਆਬੀ ਡੌਟ ਕੌਮ ਨੂੰ ਉਹਨਾਂ ਲੋਕਾਂ ਦੇ ਪੱਤਰ ਉਹਨਾਂ ਦੀਆਂ ਬੋਲੀਆਂ ‘ਚ ਨਹੀਂ ਛਾਪਣੇ ਚਾਹੀਦੇ? ਅਗਰ ਕਿਸੇ ਦਾ ਜੁਵਾਬ ਨਾਂਹ ‘ਚ ਹੋਵੇ ਤਾਂ ਕੀ ਇਹ ਸਰਾਸਰ ਵਿਤਕਰਾ ਨਹੀਂ ਹੋਵੇਗਾ ਕਿ 5ਆਬੀ ਡੌਟ ਕੌਮ ਸਿਰਫ ਇੰਗਲੈਂਡ, ਕਨੇਡਾ ਤੇ ਅਮਰੀਕਾ ਦੀਆਂ ਬੋਲੀਆਂ ਹੀ ਪਸੰਦ ਕਰਦਾ ਹੈ? ਇਹਨਾਂ ਯੂਰਪੀ ਮੁਲਕਾਂ ਦੇ ਲੋਕ ਆਪਣੀ ਬੋਲੀ ਨੂੰ ਏਨਾ ਪਿਆਰ ਕਰਦੇ ਹਨ ਕਿ ਅੰਗਰੇਜ਼ਾਂ ਨੂੰ ਵੀ ਇਹਨਾਂ ਮੁਲਕਾਂ ‘ਚ ਜਾ ਕੇ ਬੜੀ ਪ੍ਰੇਸ਼ਾਨੀ ਹੁੰਦੀ ਹੈ ਕਿਉਂਕਿ ਇਹ ਬਾਕੀ ਬੋਲੀਆਂ ਨਾਲੋਂ ਅੰਗਰੇਜ਼ੀ ਨੂੰ ਵੱਧ ਨਫ਼ਰਤ ਕਰਦੇ ਹਨ। ਇਸਦਾ ਸਹੀ ਕਾਰਨ ਮੈਨੂੰ ਨਹੀਂ ਪਤਾ, ਸ਼ਾਇਦ ਪਾਠਕ ਦੱਸ ਸਕਣ।

ਮੈਂ ਜਾਣਦਾ ਹਾਂ ਕਿ ਸਤਿਕਾਰ ਯੋਗ ਜਨਮੇਜਾ ਸਿੰਘ ਜੌਹਲ ਜੀ ਅਤੇ ਪਾਠਕ ਬਹੁਤ ਪੜ੍ਹੇ ਲਿਖੇ, ਤਜਰਬਾਕਾਰ ਤੇ ਸੂਝਵਾਨ ਹਨ। ਉਹ ਆਪੋ ਆਪਣੇ ਖ਼ਿਆਲਾਂ (ਵਿਚਾਰਾਂ) ਦੀ ਪ੍ਰੋੜਤਾ ਲਈ ਬਹੁਤ ਸਾਰੀਆਂ ਕਹਾਣੀਆਂ, ਦਲੀਲਾਂ ਸਹਿਤ ਦੱਸ ਸਕਦੇ ਹਨ। ਪੰਜਾਬੀ ਬੋਲੀ ਨੂੰ ਕਈ ਪਾਸਿਆਂ (ਫ੍ਰੰਟਾਂ) ਤੋਂ ਮਸਲੇ ਦਰਪੇਸ਼ ਹਨ ਜਾਂ ਕਹਿ ਲਓ ਮਾਰ ਪੈ ਰਹੀ ਹੈ। ਮੇਰੇ ਖਿਆਲ ‘ਚ ਸੱਭ ਤੋਂ ਵੱਡਾ ਮਸਲਾ ਜੋ ਪੰਜਾਬੀ ਨੂੰ ਦਰਪੇਸ਼ ਆ ਰਿਹਾ ਇਹ ਹੈ ਲੋਕਾਂ ਨੂੰ ਆਪਣੀ ਬੋਲੀ ਦੀ ਅਮੀਰੀ ਪ੍ਰਤੀ ਜਾਗਰੂਕ ਅਤੇ ਸੁਚੇਤ ਕਰਨਾ। ਦੂਜਾ ਮਸਲਾ ਪ੍ਰਾਇਮਰੀ ਸਕੂਲਾਂ ਵਿੱਚ ਪੜ੍ਹਾਏ ਜਾਣ ਵਾਲੇ ਪੰਜਾਬੀ ਦੇ ਵਿਸ਼ਿਆਂ ਅਤੇ ਮਸਾਲੇ (ਮੈਟਰ ਜਾਂ ਕੌਂਟੈਂਟ) ਦਾ ਸਹੀ ਮਿਆਰ ਸਥਾਪਿਤ ਕਰਨਾ। ਤੀਜਾ ਵੱਡਾ ਮਸਲਾ ਜੋ ਕੋਈ ਵੀ ਪੰਜਾਬ ਸਰਕਾਰ ਹੱਲ ਕਰਨ ਵਿੱਚ ਪੂਰੀ ਤਰਾਂ ਅਸਮਰੱਥ ਰਹੀ ਜਾਂ ਕਹਿ ਲਓ ਫੇਲ ਹੋਈ ਹੈ, ਉਹ ਹਰ ਸਰਕਾਰੇ ਦਰਬਾਰੇ (ਖ਼ਾਸ ਕਰ ਦਫਤਰਾਂ ‘ਚ) ਪੰਜਾਬੀ ਨੂੰ ਲਾਗੂ ਕਰਨਾ। ਬਾਕੀ ਸਾਡੇ ਸਥਾਨਕ (ਵਿਦੇਸ਼ੀ) ਮਸਲੇ ਬਿਲਕੁਲ ਉਲਟ ਹਨ। (ਮਾਫ ਕਰਨਾ ਖ਼ਤ ਲੰਬਾ ਹੋਈ ਜਾ ਰਿਹੈ)

ਬਾਕੀ ਜਨਮੇਜਾ ਜੀ ਅਤੇ ਉਹਨਾਂ ਦੇ ਸਤਿਕਾਰ ਯੋਗ ਪਿਤਾ ਜੀ, ਮੇਰੇ ਨਾਲੋਂ ਬਹੁਤ ਪਹਿਲਾਂ ਤੋਂ, ਬਹੁਤ ਲੰਬੇ ਸਮੇਂ ਤੋਂ ਪੰਜਾਬੀ ਲਈ ਘੋਲ ਲੜ ਰਹੇ ਹਨ ਅਤੇ ਉਹਨਾਂ ਦਾ ਜ਼ਾਤੀ ਤਜਰਬਾ ਮੇਰੇ ਨਾਲੋਂ ਕਿਤੇ ਵੱਧ, ਕਿਤੇ ਉੱਚਾ ਹੈ। ਹੋ ਸਕਦੈ ਸਾਡੀਆਂ ਪ੍ਰਸਥਿਤੀਆਂ ਇੱਕ ਸਾਰ ਨਾ ਹੋਣ ਕਾਰਨ ਸਾਡੀ ਯੋਗਤਾ, ਸੂਝ, ਗਿਆਨ, ਤਜਰਬਾ, ਵਾਤਾਵਰਣ, ਸੋਚਣੀ, ਪ੍ਰਤੀਰਕਮ ਜਾਂ ਸਮਝ ਵੀ ਬਰਾਬਰ ਨਾ ਹੋਣ ਜੋ ਹਰਗਿਜ਼ ਹੀ ਸਾਡੇ ਵਿਚਾਰਾਂ-ਖ਼ਿਆਲਾਂ ਨੂੰ ਵੀ ਪ੍ਰਭਾਵਿਤ ਕਰਦੇ ਹਨ। ਭਾਵ ਕਿ ਜੋ ਕੁੱਝ ਵੀ ਅਸੀਂ ਕਹਿੰਦੇ, ਕਰਦੇ, ਲਿਖਦੇ ਤੇ ਬੋਲਦੇ ਹਾਂ। ਮਿਸਾਲ ਦੇ ਤੌਰ ਤੇ ਜਿਵੇਂ ਤੁਸੀਂ ਆਪਸੀ ਗੱਲਬਾਤ ਦੀ ਬੋਲੀ ਬਾਰੇ ਕਿਹੈ ਕਿ ਇਹ ਬਹੁਤ ਹੀ ਮਮੂਲੀ ਗੱਲ ਹੈ। ਪਰ ਮੇਰੇ ਵਿਚਾਰ ਅਨੁਸਾਰ ਕਿਸੇ ਵਿਅਕਤੀ ਦੇ ਹਾਰ ਸ਼ਿੰਗਾਰ ਜਾਂ ਹਹਿਰਾਵੇ ਨਾਲੋਂ ਬੋਲੀ ਉਸਦੀ ਅਸਲ ਪਹਿਚਾਣ (ਸੂਝ-ਸਲੀਕਾ-ਗਿਆਨ) ਦੀ ਲਖਾਇਕ ਹੈ। ..ਤੇ ਹੋ ਸਕਦਾ ਮੈਂ ਗ਼ਲਤ ਵੀ ਹੋਵਾਂ!

ਸੋ ਤੁਹਾਡੇ ਵਿਚਾਰਾਂ ਅਨੁਸਾਰ ਉਹ ਕਿਹੜੇ ਮਸਲੇ (ਇਸ਼ੂਜ਼) ਹਨ ਜੋ ਸਾਡੀ ‘ਪਛਾਣ’ ਨੂੰ ਦਰਪੇਸ਼ ਹਨ ਅਤੇ ਉਹਨਾਂ ਦਾ ਹੱਲ ਤੁਹਾਡੇ ਤਜਰਬੇ ਅਤੇ ਖ਼ਿਆਲਾਂ ਮੁਤਾਬਿਕ ਕੀ ਹੈ? ਇਸਤੇ ਭਖਵੀਂ, ਪਰ ਸਾਰਥਿਕ, ਬਹਿਸ ਹੋਣੀ ਚਾਹੀਦੀ ਹੈ। ਜਿਸ ਵਿੱਚ ਪਾਠਕਾਂ ਦੇ ਨਾਲ ਨਾਲ ਲੇਖਕ ਸੱਜਣ-ਸੱਜਣੀਆਂ ਵੀ ਸ਼ਾਮਿਲ ਹੋਣ। ਕਿਓਂਕਿ ਲੇਖਕ ਵੀ ਤਾਂ ਇੱਕ ਖਾਸ ਉਦੇਸ਼ ਵੱਸ ਲਿਖਦੇ ਹਨ।

ਜਨਮੇਜਾ ਜੀ ਤੁਸੀਂ ਆਪਣੇ ਅਗਲੇ ਖ਼ਤ ਵਿੱਚ ‘ਕਰਨ ਵਾਲੇ ਕੰਮ’ ਸੁਝਾਓ ਅਤੇ ਸੰਪਾਦਕ ਸਾਹਬ ਉਸ ਖਤ ਨੂੰ ਚਰਚਾ ਲਈ ਇੱਕ ਵੱਖਰੇ ਕਾਲਮ ਵਿੱਚ ਥਾਂ ਦੇਣ। ਜਿੱਥੇ ਆਪਾਂ ਵਿਚਾਰ ਕਰ ਸਕੀਏ ਅਤੇ ਕੋਈ ਸੰਭਵ ਹੱਲ ਕੱਢ ਸਕੀਏ। ਉਦੇਸ਼ ਇੱਕ, ਗੋਰਿਆਂ ਵਲੋਂ ਵੀ ਅਪਨਾਏ ਜਾਂਦੇ, ਫਾਰਮੂਲੇ ਤੇ ਅਧਾਰਿਤ ਹੋਣ। ਇਹ ਬਹੁਤ ਹੀ ਜ਼ਰੂਰੀ ਸਿੱਧ ਹੋ ਸਕਦਾ ਹੈ, ਜਿਸਦਾ ਨਾਮ ਹੈ:

SMART:  S: Specific M: Measurable: A: Achievable R: Realistic T: Time bound

ਕਿਸੇ ਟੀਚੇ ਨੂੰ ਪ੍ਰਾਪਤ ਕਰਨ ਲਈ ਉਦੇਸ਼ ਨਿਰਧਾਰਿਤ ਕਰਨੇ ਪੈਣਗੇ। ਇੱਕ ਮੁੱਖ ਟੀਚੇ ਲਈ ਬਹੁਤ ਸਾਰੇ ਉਦੇਸ਼ ਹੋ ਸਕਦੇ ਹਨ। ਭਾਵ ਕਿ ਉਦੇਸ਼ਾਂ ਦਾ ਮਕਸਦ ਖ਼ਾਸ ਹੋਵੇ, ਮਾਪ-ਦੰਡ (ਮਿਣਤੀ) ਹੋ ਸਕੇ, ਪ੍ਰਾਪਤ ਹੋਣ ਯੋਗ ਵੀ ਹੋਣ, ਅਸਲ ਜਾਂ ਵਾਸਤਵਿਕ ਹੋਣ, ਮਿੱਥੇ ਸਮੇਂ ‘ਚ ਹੋ ਸਕਣ।

ਖ਼ਤ ਹੋਰ ਲੰਬਾ ਨਾ ਕਰਾਂ। ਗੱਲਾਂ ਭਾਵੇਂ ਜਿੰਨੀਆਂ ਮਰਜ਼ੀ ਲਿਖੀ ਜਓ। ਸਵਰਗੀ, ਅਮਰ ਢਾਡੀ, ਅਮਰ ਸਿੰਘ ‘ਸ਼ੌਂਕੀ’ ਜੀ ਦੇ ਕਹਿਣ ਮੁਤਾਬਿਕ ‘ਕੜਾਹ ਜੇ ਗੱਲਾਂ ਦਾ ਹੀ ਬਣਾਉਣਾ ਹੋਵੇ ਤਾਂ ਫਿਰ ਰਸਦ ਪਾਉਣ ਲੱਗਿਆਂ ਕੰਜੂਸੀ ਨਹੀਂ ਕਰਨੀ ਚਾਹੀਦੀ’।

ਹਾਂ ਇੱਕ ਗੱਲ ਰਹਿ ਗਈ ਸੀ; ਇਹ ਬੀ.ਬੀ.ਸੀ ਦਾ ਭਾਸ਼ਾਈ ਲਿੰਕ ਹੈ: BBC Languages >>

ਬੀ.ਬੀ.ਸੀ. ਦੁਨੀਆਂ ਦੇ ਮੀਡੀਏ ਦਾ ਇੱਕ ਥ੍ਹੰਮ-ਅਦਾਰਾ ਹੈ। ਇਸਦੇ ਇੰਦਰ ਜਾਲ ਤੇ ਇੱਕ ਬਹੁ-ਭਾਸ਼ਾਈ ਹਿੱਸਾ ਹੈ ਜਿਸ ਵਿੱਚ ਦੁਨੀਆਂ ਦੀਆਂ ‘ਨਿੱਕੀਆਂ’ ਬੋਲੀਆਂ ਵੀ ਸ਼ਾਮਿਲ ਹਨ। ਇਹ ਕਿਵੇਂ ਸੰਭਵ ਹੋਇਆ? ਉੱਥੇ ਪੰਜਾਬੀ ਕਿਵੇਂ ਉਪਲੱਬਧ ਕਰਾ ਸਕਦੇ ਹਾਂ? ਇਹਦੇ ਬਾਰੇ ਵੀ ਵਿਚਾਰ ਕੀਤੀ ਜਾਣੀ ਚਾਹੀਦੀ ਹੈ। ਪਾਠਕਾਂ ਦੀ ਜਾਣਕਾਰੀ ਲਈ ਦੱਸ ਦਿਆਂ ਕਿ ਇਸ ਵਿੱਚ ਉਰਦੂ, ਹਿੰਦੀ ਤੇ ਬੰਗਾਲੀ ਤੋਂ ਇਲਾਵਾ ਪਸ਼ਤੋ, ਪਰਸ਼ੀਅਨ, ਅਰਬੀ, ਵੀਅਤਨਾਮੀ, ਨਿਪਾਲੀ, ਬਰਮੀ, ਸਿਨਹਾਲੀ, ਤਾਮਿਲ, ਥਾਈ, ਇੰਡੋਨੇਸ਼ੀਅਨ, ਅਜ਼ੇਰੀ, ਕਜ਼ਾਕ, ਉਜ਼ਬੇਕ, ਕਿਰਗਿਜ਼ ਬੋਲੀਆਂ ਸ਼ਾਮਿਲ ਹਨ। ਇਹਦੇ ਬਾਰੇ ਸਾਨੂੰ ਪੰਜਾਬੀਆਂ ਨੂੰ ਕੀ ਕਰਨਾ ਚਾਹੀਦਾ ਹੈ? ਇਹਦੇ ਬਾਰੇ ਵੀ ਵਿਚਾਰ ਸੁਝਾਉਣੇ ਚਾਹੀਦੇ ਹਨ।

ਅੰਤ ‘ਚ ਵੀਰ ਇਕਬਾਲ ਮਾਹਲ ਜੀ ਦੀ ਗੱਲ ਯਾਦ ਆ ਗਈ “ਇਨਸਾਨ ਗ਼ਲਤੀਆਂ ਤੋਂ ਸਿੱਖਦਾ ਹੈ, ਪਰ ਇਸਦਾ ਮਤਲਬ ਇਹ ਵੀ ਨਹੀਂ ਕਿ ਉਹ ਸਾਰੀ ਉਮਰ ਗ਼ਲਤੀਆਂ ਹੀ ਕਰਦਾ ਰਹੇ ਅਤੇ ਕਹੇ ਕਿ ਮੈਂ ਹਾਲੇ ਸਿੱਖਦਾ ਹੀ ਹਾਂ”।

ਪੰਜਾਬੀ ਬੋਲੀ, ਵਿਰਸੇ, ਸੱਭਿਆਚਾਰ ਦੇ ਸਾਰੇ ਹਤੈਸ਼ੀਆਂ ਅਤੇ ਫਿਰਕਮੰਦਾਂ ਦਾ ਬਹੁਤ ਬਹੁਤ ਧੰਨਵਾਦ।

ਤੁਹਾਡੇ ਉੱਦਮਾਂ, ਉਪਰਾਲਿਆਂ ਨੂੰ ਸਲਾਮ – ਆਪਣੇ ਸ਼ਹਿਰ ਵਿੱਚ 12 ਫਰਵਰੀ ਨੂੰ ਲੋਹੜੀ ਮਨਾ ਰਹੇ ਹਾਂ। ਜਿਸ ਵਿੱਚ ਗੱਭਰੂ ਮੁਟਿਆਰਾਂ ਤੋਂ ਇਲਾਵਾ ਬੱਚੇ ਅਤੇ ਬਜ਼ੁਰਗ ਵੀ ਸ਼ਾਮਲ ਹੋ ਰਹੇ ਹਨ – ਸੰਭਵ ਹੋ ਸਕੇ ਤਾਂ ਜ਼ਰੂਰ ਆਓ – ਅਸੀਂ ਤੁਹਾਡਾ ਸਵਾਗਤ ਕਰਾਂਗੇ।

------- ਸੁਰਿੰਦਰ ਮਾਹਲ

ਅਨਿਲ ਕੁਮਾਰ, ਪਿੰਡ ਘੱਗਾ

17/01/05

ਹਰ ਪੰਜਾਬੀ ਦਾ ਇਹ ਇਖਲਾਕੀ ਫ਼ਰਜ਼ ਹੈ ਕਿ ਉਹ ਪੰਜਾਬੀ ਸੂਬੇ,ਪੰਜਾਬੀ ਬੋਲੀ ਅਤੇ ਪੰਜਾਬੀ ਲੋਕਾਂ ਦੀ ਭਲਾਈ ਲਈ ਹਰ ਸੰਭਵ ਯਤਨ ਕਰੇ ਤੇ ਹਾਂ ਜੇ ਕੋਈ ਬਹੁਤਾ ਵਿਅਸਤ ਹੈ ਜਾਂ ਕਿਸੇ ਵੀ ਕਾਰਨ ਅਜਿਹਾ ਕੁੱਝ ਵੀ ਨਹੀਂ ਕਰ ਸਕਦਾ ਤਾਂ ਘੱਟੋ-ਘੱਟ ਅਜਿਹਾ ਕੁੱਝ ਨਾ ਕਰੇ ( ਜਾਂ ਅਜਿਹਾ ਕੁੱਝ ਕਰਨ ਤੋਂ ਗੁਰੇਜ਼ ਕਰੇ) ਜਿਸ ਨਾਲ ਉਨਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੇ ਜੋ ਅਜਕਲ ਦੇ ਅੰਗ੍ਰੇਜ਼ੀ ਪ੍ਰਧਾਨ ਸਮਾਜ ਵਿਚ ਪੰਜਾਬੀ ਨੂੰ ਬਣਦਾ ਸਨਮਾਨ ਦਿਵਾਉਣ ਲਈ ਯਤਨਸ਼ੀਲ ਹਨ।

ਸੁਰਿੰਦਰ ਮਾਹਲ ਜੀ ਦੀ ਜਨਮੇਜਾ ਜੀ ਨੂੰ ਬੇਨਤੀ ਵਿਚ ਮੈਨੂੰ ਕੁੱਝ ਵੀ ਬੁਰਾ ਨਹੀਂ ਲੱਗਾ।ਚੰਗਾ ਹੁੰਦਾ ਕਿ ਜਨਮੇਜਾ ਜੀ ਇਸ ਬੇਨਤੀ ਨੂੰ ਖੁਲੇ ਦਿਲ ਨਾਲ ਲੈ ਲੈਂਦੇ ਅਤੇ ਜੇ ਸੱਚ ਹੀ ਉਨਾਂ ਨੂੰ ਪੰਜਾਬੀ ਬੋਲੀ ਨਾਲ ਹੇਜ ਹੈ ਤਾਂ ਘੱਟੋ-ਘੱਟ ਜਵਾਬੀ ਖਤ ਤਾਂ ਪੰਜਾਬੀ ਵਿਚ ਲਿਖ ਘੱਲਦੇ। ਵੈਸੇ ਬੁਰਾ ਤਾਂ ਬਹੁਤਾ ਮੈਨੂੰ ਜਨਮੇਜਾ ਜੌਹਲ ਜੀ ਦੇ ਜਵਾਬੀ ਪੱਤਰ ਵਿਚ ਵੀ ਨਹੀਂ ਲੱਗਾ ਸਿਰਫ਼ ਇਕ ਪੰਕਤੀ ਨੂੰ ਛੱਡਕੇ ਕਿ ਪੰਜਾਬੀ ਵਿਚ ਲਿਖਣ ਨਾਲੋਂ ਪਹਿਲੋਂ ਹੋਰ ਵੀ ਬਹੁਤ ਜ਼ਰੂਰੀ ਕੰਮ ਹਨ। ਜੇ ਹੋਰ ਕੰਮ ਇੰਨੇ ਹੀ ਜ਼ਰੂਰੀ ਹਨ ਤਾਂ ਅੰਗਰੇਜ਼ੀ ਵਿਚ ਜਵਾਬ ਦੇਣੇ ਬਹੁਤੇ ਜ਼ਰੂਰੀ ਹਨ ? ਜੇਕਰ ਕਿਸੇ ਮਜਬੂਰੀ ਵੱਸ ਤੁਸੀਂ ਪੰਜਾਬੀ ਨਹੀਂ ਲਿਖ ਸਕਦੇ ਤਾਂ ਕੋਈ ਹਰਜ਼ ਨਹੀਂ ਤੇ ਇਸ 5ਆਬੀ.ਕਾਮ ਦੇ ਵਿਹੜੇ ਵਿਚ ਤੁਹਾਡੇ ਅਨਮੋਲ ਵਿਚਾਰਾਂ ਦਾ ਬਰਾਬਰ ਸਤਿਕਾਰ ਹੋਣਾ ਚਾਹੀਦਾ ਹੈ - ਪਰ ਤੁਸੀਂ ਪੰਜਾਬੀ ਜਾਣਦੇ ਹੋਏ (ਅਤੇ ਪੰਜਾਬੀਆਂ ਦੀ ਜਾਣੀ ਪਛਾਣੀ ਸ਼ਖਸ਼ੀਅਤ ਹੁੰਦੇ ਹੋਏ ) ਪੰਜਾਬੀ ਵਿਚ ਲਿਖਣ ਨੂੰ ਟਿੱਚ ਕਰਕੇ ਜਾਣੋ ਤਾਂ ਮਿੱਤਰ ਜੀ ਐਸੀ ਸੋਚ ਲਈ ਸਾਡੇ ਕੋਲ ਅਫ਼ਸੋਸ ਦੇ ਸਿਵਾਏ ਹੋਰ ਕੋਈ ਸ਼ਬਦ ਨਹੀਂ।

ਜੇ ਅੱਜ ਪੰਜਾਬੀ ਵਿਚ ਲਿਖਣਾ ਬਹੁਤਾ ਜ਼ਰੂਰੀ ਨਹੀਂ ਤਾਂ ਭਲ੍ਹਕੇ ਪੰਜਾਬੀ ਵਿਚ ਬੋਲਣਾ, ਤੇ ਫ਼ੇਰ ਪੰਜਾਬੀ ਅਖਵਾਉਣਾ। ਜਨਮੇਜਾ ਜੀ ਤੁਸੀਂ ਪੰਜਾਬੀਆਂ ਦੀ ਜਾਣੀ-ਪਛਾਣੀ ਸ਼ਖਸ਼ੀਅਤ ਹੋਂ – ਸੋ ਮੈਂ ਤਾਂ ਆਪ ਨੂੰ ਇਤਨੀ ਹੀ ਗੁਜ਼ਾਰਸ਼ ਕਰਾਂਗਾ ਕਿ ਆਪ ਦੇ ਅੰਗਰੇਜ਼ੀ ਦੇ ਜਵਾਬੀ ਖਤ ਨੇ ਲਾਲਾ ਜਗਤ ਨਾਰਾਇਣ ਵਰਗੇ ਲੀਡਰਾਂ ਦੇ ਚੇਲੇ-ਚੱਪਟਿਆਂ ਨੂੰ ਸ਼ਹਿ ਦੇਣੀ ਹੈ ਜੋ ਕਹਿੰਦੇ ਸੀ ਆਪਣੀ ਮਾਂ ਬੋਲੀ ਪੰਜਾਬੀ ਦੀ ਬਜਾਏ ਹਿੰਦੀ ਹੀ ਲਿਖਵਾਉ ਤੇ ਉਦੋਂ ਕਈ ਬਹੁਤੇ ਸਿਆਣੇ ਇਹ ਆਖਕੇ ਸਹਿਮਤ ਹੋ ਜਾਂਦੇ ਸੀ ਕਿ ਹਾਂ-ਹਾਂ ਹਿੰਦੀ ਹੀ ਲਿਖਵਾ ਦਵੋ ਕੀ ਫਰਕ ਪੈਂਦਾ ਹੈ ਪੰਜਾਬੀ ਨੂੰ, ਕਿਉਂਕਿ ਉਹ ਵੀ ਸਮਝਦੇ ਸੀ ਕਿ ਮਾਂ ਬੋਲੀ ਲਿਖਵਾਣ ਦੇ ਮੁੱਦੇ ਨਾਲੋਂ ਅਜੇ ਤਾਂ ਹੋਰ ਵੀ ਬਹੁਤ ਅਹਿਮ ਮੁੱਦੇ ਪਏ ਹਨ ਜਿਨਾਂ ਵੱਲ ਧਿਆਨ ਦੇਣ ਦੀ ਲੋੜ ਜ਼ਿਆਦਾ ਹੈ।ਨਾ ਤਾਂ ਉਹ ਜ਼ਰੂਰੀ ਮੁੱਦੇ ਅਜੇ ਮੁੱਕੇ ਹਨ ਤੇ ਨਾ ਹੀ ਪੰਜਾਬੀ ਨੂੰ ਭੋਰਿਉਂ ਬਾਹਰ ਆਉਣ ਦਾ ਮੌਕਾ ਦਿੱਤਾ ਗਿਆ ਹੈ। ਜੇ ਤੁਸੀਂ ਆਪਣੇ ਅਹਿਮ ਕਾਰਨਾਮਿਆਂ ਦੀਆਂ ਡੀਂਗਾਂ (ਜਾਣਬੁੱਝਕੇ) ਅੰਗਰੇਜ਼ੀ ਵਿਚ ਹੀ ਮਾਰਨੀਆਂ ਹਨ ਤਾਂ ਕਿਰਪਾ ਕਰਕੇ ਇਨਾਂ ਸਫ਼ਿਆਂ ਦੀ ਮਰਿਆਦਾ ਭੰਗ ਨਾ ਕਰੋ ਜੀ।

ਅਨਿਲ ਕੁਮਾਰ ( ਪਿੰਡ ਘੱਗਾ )।

ਇੰਜ: ਮਾਂਗਟ ਕੈਨੇਡਾ

ਗੁਰੂ ਗੋਬਿੰਦ ਸਿੰਘ ਜੀ ਨੇ ਬੁਰਾਈ ਅਤੇ ਅੱਤਿਆਚਾਰ ਵਿਰੁੱਧ ਹੀ ਤਲਵਾਰ ਚੁੱਕੀ ਸੀ-  ਖੁਸ਼ਵੰਤ ਸਿੰਘ

17/01/05

ਗੁਰੂ ਗੋਬਿੰਦ ਸਿੰਘ ਜੀ ਨੇ ਬੁਰਾਈ ਅਤੇ ਅੱਤਿਆਚਾਰ ਵਿਰੁੱਧ ਹੀ ਤਲਵਾਰ..........

ਸਤਿਕਾਰ ਯੋਗ ਐਡੀਟਰ ਅਤੇ ਪਾਠਕੋ ,

ਸ੍ਰ.ਖ਼ੁਸ਼ਵੰਤ ਸਿੰਘ ਇਕ ਉਸ ਕੋਟੀ ਦੇ ਲਿਖਾਰੀ ਹਨ , ਉਹਨਾਂ ਦੀ ਕਲਮ ਤੇ ਕਿੰਤੂ ਨਹੀ ਕੀਤਾ ਜਾ ਸਕਦਾ ਪਰ ਸੋਚ ਦਾ ਵਿਸ਼ਲੇਸ਼ਣ ਕੀਤਾ ਜਾ ਸਕਦਾ ਹੈ ।ਨਗਰ ਕੀਰਤਨ ਇਕ ਪੁਰਾਤਨ ਸਿੱਖ ਪ੍ਰੰਪਰਾ ਹੈ ਅਤੇ ਕੋਈ ਨਵੀਂ ਪਿਰਤ ਨਹੀਂ ਹੈ। ਦਸ਼ਮੇਸ਼ ਮਾਰਗ ਤੇ ਗਿ:ਜ਼ੈਲ ਸਿੰਘ ਵੇਲੇ ਮਹਾਨ ਨਗਰ ਕੀਰਤਨ ਕੱਢਿਆ ਗਿਆ ਸੀ। 26 ਜਨਵਰੀ ਨੂੰ ਭਾਰਤ ਵਿਚ ਪਰੇਡ ਕੱਢੀ ਜਾਂਦੀ ਹੈ ਜੋ 6/8 ਘੰਟੇ ਚਲਦੀ ਹੈ ਅਤੇ ਦੁਨੀਆਂ ਭਰ ਵਿਚ ਸੰਚਾਰ ਮੀਡੀਆ ਰਾਹੀਂ ਦਿਖਾਈ ਜਾਂਦੀ ਹੈ । ਤਾਜੀਏ ਕੱਢੇ ਜਾਂਦੇ ਹਨ ਤਾਂ ਬਜ਼ਾਰਾਂ ਗਲ਼ੀਆਂ ਵਿਚ ਇਸਲਾਮ ਦਾ ਪ੍ਰਦਰਸ਼ਨ ਕੀਤਾ ਜਾਂਦਾ ਹੈ ਕਈ ਥਾਂ ਫਸਾਦ ਵੀ ਹੋ ਜਾਂਦੇ ਹਨ (ਪਰ ਸਿਖਾਂ ਦੇ ਨਗਰ ਕੀਰਤਨ ਸ਼ਾਂਤੀਪੂਰਨ ਹੁੰਦੇ ਹਨ) । ਦਸਹਿਰੇ ਦੇ ਮੌਕੇ ਯਾਤਾਯਾਤ ਦੇ ਸਭ ਅਸੂਲ ਰਾਮ ਯਾਤਰਾ ਕੱਡਣ ਵੇਲੇ ਹਿੰਦੁਸਤਾਨ ਭਰ ਦੇ ਵਡੇ ਸ਼ਹਿਰਾਂ ਵਿਚ ਛਿੱਕੇ ਟੰਗ ਦਿਤੇ ਜਾਂਦੇ ਹਨ। ਰਮਾਇਣ ਦਾ ਲੜੀ ਵਾਰ ਭਾਰਤ ਵਿਚ ਮੀਡੀਆ ਤੇ ਦਿਖਾਇਆਂ ਗਿਆ ਤਾਂ ਕਈ ਥਾਂ ਕਾਰੋ ਬਾਰ ਬੰਦ ਕੲ ਦਿਤੇ ਜਾਂਦੇ ਸਨ ਅਤੇ ਵਡੇ ਟੈਲੀਵਿਯਨ ਬਾਜ਼ਾਰਾਂ ਵਿਚ ਲਾ ਕੇ ਲੋਕਾਂ ਦੇ ਹਜੂਮ ਸੜਕਾਂ ਤੇ ਇਕੱਠੇ ਕੀਤੇ ਜਾਂਦੇ ਸ।ਇਹਨਾਂ ਵਾਕਿਆਤ ਵੇਲੇ ਇਸ ਕਾਲਮ ਨਵੀਸ ਨੂੰ ਕਿਤੇ ਟਰੈਫ਼ਿਕ ਜਾਮ ਨਜ਼ਰ ਨਹੀਂ ਆਉਂਦਾ ਸੀ ।

ਜਲੂਸ ਜਾਂ ਨਗਰ ਕੀਰਤਨ ਮੋਜੂਦਾ ਸਰਕਾਰ ਦੀ ਇਜਾਜ਼ਤ ਨਾਲ ਕੱਢਿਆ ਜਾਂਦਾ ਹੈ ਇਸ ਲਈ ਇਕੱਠ ਦਾ ਅੰਦਾਜ਼ਾ ਨਾ ਲਾ ਸਕਣਾ ਮੌਕੇ ਦੀ ਸਰਕਾਰ ਦੀ ਅਯੋਗਤਾ ਦਰਸਾਉਂਦਾ ਹੈ ਅਤੇ ਬਦਲਵੇੰ ਪ੍ਰਬੰਧ ਨਾ ਕੀਤੇ ਜਾਣੇ ਨਾ-ਅਹਿਲੀਅਤ ਦੀ ਨਿਸ਼ਾਨੀ ਹੈ।

ਅਜੇਹੇ ਜਲੂਸਾਂ ਤੇ ਇਕੱਠ ਕਿਸੇ ਕੌਮ ਦੀ ਏਕਤਾ, ਸ਼ਰਧਾ, ਪ੍ਰਤੀਬਧਤਾ, ਅਤੇ ਸਮੂਹਕ ਤਾਕਤ ਦਾ ਪ੍ਰਦਰਸ਼ਨ ਹੁੰਦਾ ਹੈ ਜੋ ਦਿਲੀ ਵਰਗੀ ਥਾਂ ਜਿਥੇ ਹਜ਼ਾਰਾਂ ਸਿੱਖ ਬੇਕੁਸੂਰ ; ਫ਼ਿਰਕਾਪ੍ਰਸਤ ਤਾਕਤਾਂ ਹਥੋਂ ਸ਼ਰੇਆਮ ਮੌਤ ਦੇ ਘਾਟ ਉਤਾਰ ਦਿਤੇ ਗਏ; ਹੋਣ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ । ਹੋ ਸਕਦਾ ਹੈ ਓਦੋਂ ਸ੍ਰ: ਸਾਹਿਬ ਵੀ ਕਿਸੇ ਅਜੇਹੇ ਫ਼ਿਰਕਾਪ੍ਰਸਤ ਦੇ ਰਹਿਮ ਕਾਰਨ ਬਚ ਗਏ ਹੋਣ ।ਲਗਦਾ ਹੈ ਸਿੱਖਾਂ ਦਾ ਇਹ ਬੇਮਿਸਾਲ ਇਕੱਠ ਸਰਕਾਰੇ ਦਰਬਾਰੇ ਕੁਝ ਪਿਠਵਰਤੀ ਤਾਕਤਾਂ ਵਲੋਂ ਰੜਕਾਏ ਜਾਣ ਦੀ ਕੋਸ਼ਿਸ਼ ਦਾ ਇਕ ਹਿਸਾ ਹੈ, ਜਿਸ ਨਾਲ ਗੁਰਪੁਰਬਾਂ ਦੇ ਅਜੇਹੇ ਇਕੱਠਾਂ ਤੇ ਅਗਾਊਂ ਪਾਬੰਦੀ ਲਾਈ ਜਾ ਸਕੇ ।ਉਂਝ ਨਗਰ ਕੀਰਤਨਾ ਤੇ ਸਫਾਈ , ਡਸਿਪਲਿਨ, ਅਦਬ ,ਅਤੇ ਹਰਿਕ ਦੀਆਂ ਭਾਵਨਾਵਾਂ ਦਾ ਸਤਿਕਾਰ ਕੀਤਾ ਜਾਣਾ ਚਾਹੀਦਾ ਹੈ ।

ਇੰਜ:ਮਾਂਗਟ ਕੈਨੇਡਾ

ਰਾਜ ਭੁਪਿੰਦਰ ਸਿੰਘ, ਭਾਰਤ

ਗੁਰੂ ਗੋਬਿੰਦ ਸਿੰਘ ਜੀ ਨੇ ਬੁਰਾਈ ਅਤੇ ਅੱਤਿਆਚਾਰ ਵਿਰੁੱਧ ਹੀ ਤਲਵਾਰ ਚੁੱਕੀ ਸੀ-  ਖੁਸ਼ਵੰਤ ਸਿੰਘ

17/01/05

ਗੁਰੂ ਗੋਬਿੰਦ ਸਿੰਘ ਜੀ ਨੇ ਬੁਰਾਈ ਅਤੇ ਅੱਤਿਆਚਾਰ ਵਿਰੁੱਧ ਹੀ ਤਲਵਾਰ ਚੁੱਕੀ ਸੀ - ਖੁਸ਼ਵੰਤ ਸਿੰਘ

ਇਸ ਲੇਖ ਦੀ ਸ਼ੁਰੂਆਤ ਲੇਖਕ ਨੇ ਉਸ ਜਲੂਸ ਨਾਲ ਕੀਤੀ, ਜਿਸ ਨੇ ਲੇਖਕ ਦੀ ਠੰਡੀ ਸ਼ਰਦ ਸਵੇਰ ਦੀ ਨੀਂਦ ਖੋਲ੍ਹ ਦਿਤੀ ਤੇ ਲੇਖਕ ਨੂੰ ਚੇਤਾ ਆਇਆ ਕਿ ਉਸ ਦਿਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਦੀ ਪ੍ਰਭਾਤ ਫੇਰੀ ਸੀ । ਇਹ ਘਟਨਾ ਲੇਖਕ ਵਲੋਂ ਉਪਰੋਕਤ ਲੇਖ ਲਿਖਣ ਦਾ ਕਾਰਨ ਬਣੀ ।

ਲੇਖਕ ਵਲੋਂ ਇਹ ਸੁਝਾਅ ਕਿ ਵੱਖ ਵੱਖ ਧਾਰਮਕ ਜਲੂਸ ਨਿਕਲਣ ਨਾਲ ਆਮ ਜਨਤਾ ਨੂੰ ਕਾਫੀ ਖਜਲ-ਖੁਆਰ ਹੋਣਾ ਪੈਂਦਾ ਹੈ, ਬਹਤੁ ਵਧੀਆ ਹੈ । ਪਰ ਇਨ੍ਹਾਂ ਜਲੂਸਾਂ ਬਾਰੇ ਆਮ ਆਦਮੀ ਨੂੰ 2-3 ਦਿਨ ਪਹਿਲਾਂ ਅਖਬਾਰਾਂ ਰਾਹੀਂ ਸੂਚਿਤ ਕੀਤਾ ਜਾ ਸਕਦਾ ਹੈ ਕਿ ਕਿਸ ਕਿਸ ਸੜਕ ਤੋਂ ਜਲੂਸ ਨਿਕਲੇਗਾ ਤਾਂ ਕਿ ਬਹੁਤੇ ਲੋਕ ਉਸ ਰੂਟ ਤੋਂ ਹੱਟ ਕੇ ਚਲ ਸਕਣ ( ਅਜਿਹਾ ਕਾਰਜ ਦਿੱਲੀ ਪ੍ਰਸ਼ਾਸ਼ਨ ਵਲੋਂ ਹਰ ਸਾਲ ਸਵਤੰਤਰਤਾ ਦਿਵਸ ਤੇ ਗਣਤੰਤਰਤਾ ਦਿਵਸ ਦੇ ਮੌਕੇ, ਅਖਬਾਰਾਂ ਵਿਚ ਤੇ ਰੇਡੀਓ, ਟੀਵੀ ਤੇ ਇਸ਼ਤਿਹਾਰ ਦੇ ਕੇ ਕੀਤਾ ਜਾਂਦਾ ਹੈ ) । ਜੇ ਲੇਖਕ ਪ੍ਰਸ਼ਾਸਨ ਨੂੰ ਨਲਾਇਕ ਸਮਝ ਰਿਹਾ ਹੈ ਤਾਂ ਕੋਈ ਵੀ ਜਲੂਸ ਨਿਕਲਣਾ ਬੰਦ ਕਰ ਦੇਣਾ ਚਾਹੀਦਾ ਹੈ , ਪਰ ਅਜਿਹਾ ਹੁੰਦਾ ਨਹੀਂ । ਸੋ ਪ੍ਰਸ਼ਾਸ਼ਨ ਤੇ ਸਬੰਧਤ ਧਾਰਮਿਕ ਪੈਰੋਕਾਰਾਂ ਨੂੰ ਮਿਲ ਕੇ ਆਮ ਜਨਤਾ ਦੀ ਖਜਲ-ਖੁਆਰੀ ਘਟਾਉਣ ਲਈ ਸੁਚਾਰੂ ਕਦਮ ਚੁੱਕਣ ਚਾਹੀਦੇ ਹਨ । ਲੇਖਕ ਵਲੋਂ ਇੰਦਰਾ ਗਾਂਧੀ ਦੇ ਨਾਮ ਨਾਲ ਤਾਂ 'ਸ਼੍ਰੀਮਤੀ' ਲਾਇਆ ਗਿਆ ਹੈ ਪਰ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਨਾਲ 'ਸ਼੍ਰੀ' ਲਾਉਣਾ ਭੁੱਲ ਗਿਆ ਹੈ । ਲੇਖਕ ਵਲੋਂ ਅਗਾਂਹ ਤੋਂ ਇਸ ਦਾ ਖਿਆਲ ਰੱਖਿਆ ਜਾਣਾ ਚਾਹੀਦਾ ਹੈ ।

ਫਿਰ ਲੇਖਕ ਦੁਨੀਆਂ ਵਿਚ ਹੋਏ ਦੰਗਿਆਂ ਵੱਲ ਆਉਂਦਾ ਹੈ , ਜਿਸ ਵਿਚ ਜਰਮਨ ਵਿਚ 60 ਲੱਖ ਯਹੂਦੀਆਂ ਦੇ ਜਹਿਰੀਲੇ ਚੈਬਰਾਂ ਵਿਚ ਮਾਰਨ ਦੀ ਦੁਖਦਾਈ ਘਟਨਾ ਦਾ ਜਿਕਰ ਕੀਤਾ ਹੈ ਤੇ ਬਾਦ ਵਿਚ ਚੱਲੇ ਮੁਕਦਮਿਆਂ ਵਿਚ ਬਹੁਤ ਸਾਰੇ ਦੋਸ਼ੀਆਂ ਨੂੰ ਫਾਂਸੀ ਦੀ ਸਜਾ ਵੀ ਹੋਈ । ਜਰਮਨ ਵਿਚ ਜਹਿਰੀਲੇ ਚੈਂਬਰ ਇਤਿਹਾਸ ਦਾ ਹਿੱਸਾ ਬਣ ਗਏ ਹਨ ਤੇ ਕਈ ਜਰਮਨ ਨੌਜਵਾਨ ਇਸਰਾਈਲ ਵਿਚ ਬਤੌਰ ਵਾਲੰਟੀਅਰ ਸੇਵਾ ਕਰ ਕੇ ਆਪਣੇ ਵੰਸ਼ਜਾਂ ਦੇ ਕੀਤੇ ਘਿਨਾਉਣੇ ਪਾਪਾਂ ਦੀ ਮੈਲ ਧੋਣ ਦਾ ਯਤਨ ਕਰਦੇ ਹਨ ।

ਉਪਰੰਤ ਅਜਿਹੀਆਂ ਘਟਨਾਵਾਂ ਭਾਰਤ ਵਿਚ 1947, 1984 ਤੇ 2002 ਵੀ ਵਾਪਰੀਆਂ । ਬਾਦ ਵਿਚ ਮੁਕਦਮੇ ਵੀ ਚੱਲੇ , ਪਰ ਨਤੀਜਾ ਕੋਈ ਵੀ ਨਾਂ ਨਿਕਲਿਆ । ਕੋਈ ਵੀ ਇਤਿਹਾਸਕ ਸਬੂਤ ਨਹੀਂ ਛਡਿਆ ਗਿਆ ਤਾਂ ਕਿ ਆਉਣ ਵਾਲੀ ਪੀੜੀ, ਆਪਣੇ ਵਸ਼ੰਜਾਂ ਵਲੋਂ ਕੀਤੀਆਂ ਗਈਆਂ ਗਲਤੀਆਂ ਦਾ ਪਛਤਾਵਾ ਕਰ ਕੇ, ਦੁਬਾਰਾ ਅਜਿਹਾ ਕਰਨ ਤੋਂ ਗੁਰੇਜ ਕਰੇ ।

ਜਲਿਆਂ ਵਾਲੇ ਬਾਗ ਵਿਚ ਹੋਈ ਗੋਲੀ-ਬਾਰੀ ਦੇ ਨਿਸ਼ਾਨ ਤਾਂ ਬੜੇ ਸਾਂਭ ਕੇ ਰੱਖੇ ਹੋਏ ਹਨ ਪਰ ਨਾਲ ਹੀ ਦਰਬਾਰ ਸਾਹਿਬ ਦੀ ਪ੍ਰਕਰਮਾਂ ਵਿਚ ਲਗੀਆਂ ਗੋਲੀਆਂ ਨੂੰ ਬੜੀ ਸਫਾਈ ਨਾਲ ਮਿਟਾ ਦਿਤਾ ਗਿਆ । ਦਿੱਲੀ ਦੇ ਦੰਗਿਆਂ ਦੇ ਦੋਸ਼ੀ ਅਦਾਲਤਾ ਵਲੋਂ ਬਰੀ ਕੀਤੇ ਜਾ ਰਹੇ ਹਨ । ਗੁਜਰਾਤ ਵਿਚ ਹੋਏ ਦੰਗਿਆਂ ਦੇ ਦੋਸ਼ੀ ਵੀ 'ਬਖਸ਼ੇ' ਜਾ ਰਹੇ ਹਨ । ਕਾਰਨ ਦਸਿਆ ਜਾਂਦਾ ਹੈ ਕਿ ਸਬੂਤ 'ਨਾ-ਕਾਫੀ' ਹਨ । ਦੰਗਿਆਂ ਦੇ ਦੋਸ਼ੀਆਂ ਨੂੰ ਮੰਤਰੀ ਤੇ ਮੁੱਖ ਮੰਤਰੀ ਬਨਾਇਆ ਜਾ ਰਿਹਾ ਹੈ ਤਾਂ ਕਿ ਆਉਣ ਵਾਲੀ ਪੀੜੀ ਇਹ ਸਮਝੇ ਕੇ ਦੰਗੇ ਕਰਨੇ ਗਲਤ ਗੱਲ ਨਹੀਂ, ਸਗੋਂ ਦੰਗਾ-ਕਾਰੀਆਂ ਨੂੰ ਤਾਂ ਕੁਰਸੀਆਂ ਨਾਲ ਨਿਵਾਜਿਆ ਜਾਂਦਾ ਹੈ ।

ਅੰਤ ਵਿਚ ਲੇਖਕ, ਦੰਗਿਆਂ ਬਾਰੇ ਬਣੀਆਂ ਦੋ ਫਿਲਮਾਂ ਦਾ ਜਿਕਰ ਕਰਦਾ ਹੋਇਆ ਇਹ ਸਲਾਹ ਦੇਂਦਾ ਹੈ ਕਿ ਇਹ ਫਿਲਮਾਂ ਪੁਲਿਸ ਵਾਲਿਆਂ, ਸਰਕਾਰੀ ਅਫਸਰਾਂ ਤੇ ਸਿਆਸਤਦਾਨਾਂ ਨੂੰ ਜਰੂਰ ਵਿਖਾਈਆਂ ਜਾਣ ਤਾਂ ਕਿ ਉਹ ਇਹ ਸਮਝ ਸਕਣ ਕਿ ਭਿਆਨਕ ਹਾਦਸੇ ਉਸ ਵੇਲੇ ਹੁੰਦੇ ਹਨ ਜਦੋਂ ਉਹ ਆਪਣੇ ਫਰਜ ਦੀ ਪਾਲਣਾ ਕਰਨ ਤੋਂ ਖੁੰਝ ਜਾਂਦੇ ਹਨ । ਪਰ ਲੇਖਕ ਇਸ ਗਲੋਂ 'ਜਾਣ- ਬੁਝ ਕੇ' ਅਣਜਾਣ ਲਗਦਾ ਹੈ ਕਿ ਇਨਾਂ ਦੰਗਿਆਂ ਵਿਚ ਤਾਂ ਪੁਲਿਸ, ਅਧਿਕਾਰੀ ਤੇ ਸਿਆਸਤਦਾਨ ਖੁਦ ਸ਼ਾਮਲ ਹੁੰਦੇ ਹਨ ।

ਇਸ ਬਾਰੇ ਲੇਖਕ ਦੀ ਕੀ ਰਾਏ ਹੈ ?

ਰਾਜ ਭੁਪਿੰਦਰ ਸਿੰਘ, ਭਾਰਤ ।

ਤੇਜਦੀਪ

16/01/05

Respected Editor,

Just a Complement: You guys are doing a good job with 5abi.com. Keep it up.

Tejdeep-

ਭਜਨ ਸਿੰਘ, ਯੂਬਾ ਸਿਟੀ (ਕੈਲੀਫੋਰਨੀਆ)

15/01/05

ਸੱਭ ਤੋਂ ਵੱਧ ਜੇ ਕਿਸੇ ਨੂੰ ਪੁੱਤ ਦੀ ਲਾਲਸਾ ਹੁੰਦੀ ਹੈ ਤਾਂ ਮਾਂ ਨੂੰ ਹੀ ਹੁੰਦੀ ਹੈ। ਪੁੱਤਰਾਂ ਦੇ ਚਾਅ-ਲਾਡ ਵੀ ਤਾਂ ਮਾਵਾਂ ਹੀ ਸੱਭ ਤੋਂ ਵੱਧ ਕਰਦੀਆਂ ਹਨ। ਜਦੋਂ ਕੋਈ ਸੂਰਮਾਂ ਮੈਦਾਨ ਵਿੱਚ ਨਿਤੱਰਦਾ ਹੈ ਤਾਂ ਅੱਸ਼-ਅੱਸ਼ ਕਰਦੇ ਲੋਕਾਂ ਦੇ ਮੂਹੋਂ ਆਪ ਮੁਹਾਰੇ ਹੀ ਨਿੱਕਲ ਜਾਂਦਾ ਹੈ ਕਿ ”ਕਿਸੇ ਮਾਂ ਨੇ ਪਾਲਿਆ ਹੈ ਪੁੱਤ।” ਮਾਂ ਨੂੰ ਵੀ ਉਹ ਸਾਰੇ ਕੌੜੇ-ਫਿੱਕੇ ਵੇਲੇ ਭੁੱਲ ਜਾਂਦੇ ਹਨ ਜਦ ਉਹ ਮਾਣ ਨਾਲ ਤਣ ਕੇ ਗਲੀ ਵਿਚੋਂ ਦੀ ਲੰਘਦੀ ਹੈ।

ਜਦ ਚਾਵਾਂ-ਮਲਾਰਾਂ ਨਾਲ ਪਾਲਿਆ ਪੁੱਤ ਸੁਆਹ ਦਾ ਬੁੱਕ ਭਰ ਕੇ ਮਾਂ ਦੇ ਸਿਰ ਪਾਉਂਦਾ ਹੈ ਤਾਂ ਇਹ ਮਾਂ ਹੀ ਦੱਸ ਸਕਦੀ ਹੈ ਕਿ ਉਸ ਦੀ ਰੂਹ ਕਿਵੇਂ ਤੜਫਦੀ ਹੈ। ਆਪਣੇ ਲਹੂ ਚੋਂ ਜੰਮਿਆ ਜਦ ਝੰਜੋੜ ਕੇ ਮਾਂ ਨੂੰ ਹੀ ਪਰਾਂ ਵਗਾਹ ਮਾਰਦਾ ਹੈ ਤਾਂ ਫਿਰ ਮਾਂ ਇਹੀ ਕਹਿੰਦੀ ਹੈ:

“ਨਖੱਟੂ ਪੁੱਤ ਨਾ ਜੰਮਦੇ, ਧੀ ਕਾਣੀਂ ਚੰਗੀ।”

ਮਾਂ ਪਾਣੀ ਦੇ ਘੁੱਟ ਨੂੰ ਤਰਲਾ ਕਰ ਰਹੀ ਹੈ ਅਤੇ ਪੁੱਤ ਕਹਿੰਦਾ ਹੈ ਕਿ ਪਹਿਲਾਂ ਮੈਂ “ਵੱਡੀਆਂ ਮੱਲਾਂ” ਮਾਰ ਆਵਾਂ। ਅੰਗਰੇਜ਼ੀ ਦੀ ਪੂਛ ਹੇਠਾਂ ਮੂੰਹ ਦੇਈ ਰੱਖਣ ਨਾਲ ਸਾਡਾ ਪੰਜਾਬੀ ਬੋਲੀ ਨਾਲ ਹੱਦੋਂ ਵੱਧ ਪਿਆਰ ਭਾਵੇਂ ਦਿਸੇ ਜਾਂ ਨਾ ਦਿਸੇ ਪਰ ਇਹ ਗੱਲ ਜਰੂਰ ਪੱਕੀ ਹੋ ਜਾਂਦੀ ਹੈ ਕਿ ਸਾਡੇ ਖੂਨ ‘ਚੋਂ ਹਾਲੇ ਗੁਲਾਮੀ ਨਿਕਲੀ ਨਹੀਂ।

ਭਜਨ ਸਿੰਘ
ਯੂਬਾ ਸਿਟੀ (ਕੈਲੀਫੋਰਨੀਆ)

ਰਾਜ ਭੁਪਿੰਦਰ ਸਿੰਘ, ਭਾਰਤ

15/01/05

ਪਿਆਰੇ ਸੰਪਾਦਕ ਜੀਓ,
ਸਤਿ ਸ੍ਰੀ ਅਕਾਲ,

ਜਨਮੇਜਾ ਜੀ ਦੀ ਸੁਰਿੰਦਰ ਜੀ ਨੂੰ ਮਿਤੀ 11-01-2005 ਦੀ ਲਿਖੀ ਚਿੱਠੀ ਪੜ੍ਹੀ । ਜਿਸ ਵਿਚ ਜਨਮੇਜਾ ਜੀ ਨੇ ਸੁਰਿੰਦਰ ਵੀਰ ਦੀ ਟਿਪਣੀ ਨਾਲ ਸਹਿਮਤੀ ਪ੍ਰਗਟ ਕੀਤੀ ਹੈ ਪਰ ਨਾਲ ਹੀ ਇਹ ਕਹਿ ਦਿਤਾ ਹੈ ਕਿ ਉਹ ਹੋਰ ਬਹੁਤ ਵੱਡੇ ਕੰਮ ਕਰ ਰਹੇ ਹਨ ਤੇ ਨਾਲ ਇਹ ਵੀ ਕਹਿ ਦਿਤਾ ਹੈ ਕਿ ਪੰਜਾਬੀ ਮਾਂ-ਬੋਲੀ ਦੇ ਵਿਸ਼ੇ ਬਾਰੇ ਘਬਰਾਉਣ ਦੀ ਲੋੜ ਨਹੀਂ , ਪੰਜਾਬੀ ਦਾ ਕੁਝ ਨਹੀਂ ਵਿਗੜਦਾ ।

ਕਿੰਨੇ ਸਹਿਜ ਨਾਲ ਜਨਮੇਜਾ ਜੀ ਕਹਿ ਰਹੇ ਹਹ ਕਿ ਪੰਜਾਬੀ ਦਾ ਕੁਝ ਨਹੀਂ ਵਿਗੜਦਾ ਤੇ ਨਾਲੋ-ਨਾਲ ਅੰਗਰੇਜੀ ਨੂੰ ਵੀ ਮੂੰਹ ਮਾਰੀ ਜਾ ਰਹੇ ਹਨ । ਪਰ ਉਨ੍ਹਾਂ ਨੂੰ ਇਹ ਪਤਾ ਵੀ ਹੈ ਕਿ ਉਹ 5ਆਬੀ.ਕਾਮ ਨੂੰ ਚਿੱਠੀ ਲਿੱਖ ਰਹੇ ਹਨ , ਜਿਸ ਨੂੰ ਪੜਨ ਵਾਲੇ ਸਾਰੇ ਪੰਜਾਬੀ ਪੜ੍ਹ ਸਕਦੇ ਹਨ । ਸੁਰਿੰਦਰ ਜੀ ਵੀ ਸ਼ਾਇਦ ਇਸ ਚਿੱਠੀ ਦਾ ਜਵਾਬ ਤਿਆਰ ਕਰ ਰਹੇ ਹੋਣ, ਪਰ ਮੇਰਾ ਜਵਾਬ ਹਾਜਰ ਹੈ ਜੀ :-

ਜਨਮੇਜਾ ਜੀ ਆਪ ਵੀ ਪੰਜਾਬੀ ਹਨ । ਪਰ ਫਿਰ ਵੀ ਅੰਗਰੇਜੀ ਦਾ ਸਾਥ ਨਹੀਂ ਛੱਡ ਰਹੇ । ਜੇ ਕਰ ਉਨ੍ਹਾਂ ਨੇ ਅੰਗਰੇਜੀ ਦੇ ਅਖਬਾਰ, ਵੈਬਸਾਈਟ ਆਦਿ ਨੂੰ ਚਿੱਠੀ ਲਿਖਣੀ ਹੋਵੇ ਤਾਂ ਉਹ ਅੰਗਰੇਜੀ ਵਿਚ ਹੀ ਲਿਖਣਗੇ, ਪੰਜਾਬੀ ਵਿਚ ਨਹੀਂ । ਬਿਲਕੁਲ ਇਸੇ ਤਰਾਂ ਪੰਜਾਬੀ ਅਖਬਾਰ, ਵੈਬਸਾਈਟ ਤੇ ਪੰਜਾਬੀ ਲੋਕਾਂ ਨਾਲ ਪਤਰ-ਵਿਹਾਰ ਕਰਨ ਲਗਿਆਂ ਪੰਜਾਬੀ ਵਰਤਣੀ ਹੀ ਉੱਤਮ ਵਿਚਾਰ ਹੈ ।

ਇੱਕ ਕਹਾਣੀ ਪੇਸ਼ ਕਰ ਰਿਹਾ ਹਾਂ । ਇੱਕ ਆਦਮੀ ਬਹੁਤ ਲੋਕ ਸੇਵਾ ਕਰਦਾ ਸੀ । ਇੱਕ ਵਾਰ ਉਸ ਦੀ ਮਾਂ ਬਹੁਤ ਬੀਮਾਰ ਹੋ ਗਈ ਤੇ ਉਹ ਸਵੇਰੇ ਸਵੇਰੇ ਘਰੋਂ ਬਾਹਰ ਲੋਕ ਸੇਵਾ ਲਈ ਨਿਕਲਦਾ ਹੈ ਤਾਂ ਗੁਆਂਢੀ ਪੁਛਦਾ ਹੈ ਕਿ ਕਿਥੇ ਜਾ ਰਹੇ ਹੋ । ਲੋਕ ਸੇਵਕ ਜਵਾਬ ਦਿੰਦਾ ਹੈ ਕਿ ਮੇਰੇ ਲੋਕ -ਭਲਾਈ ਦੇ ਬਹੁਤ ਸਾਰੇ ਕੰਮ ਕਰਨ ਵਾਲੇ ਲਏ ਹਨ । ਪਰ ਗੁਆਂਢੀ ਇਹ ਯਾਦ ਦੁਆਉਂਦਾ ਹੈ ਕਿ ਤੁਹਾਡੀ ਮਾਂ ਮਰਨ ਕਿਨਾਰੇ ਹੈ ਤੇ ਤੁਸੀਂ ਲੋਕ ਸੇਵਾ ਦੀ ਸੋਚ ਰਹੇ ਹੋ । ਲੋਕ ਸੇਵਾ ਤਾਂ ਠੀਕ ਹੈ ਪਰ ਤੁਸੀਂ ਆਪਣੀ ਮਾਂ ਨੂੰ ਤਾਂ ਪਹਿਲਾਂ ਸਾਂਭ ਲਵੋ । ਪਰ ਉਹ 'ਲੋਕ-ਭਲਾਈ' ਕਰਨ ਵਿਚ ਬਜਿਦ ਹੈ ।

ਬਿਲਕੁਲ ਇਸੇ ਤਰਾਂ ਜਨਮੇਜਾ ਜੀ ਕਰ ਰਹੇ ਹਨ । ਇਹ ਗੱਲ ਠੀਕ ਹੈ ਕਿ ਉਹ ਸੁਨਾਮੀ-ਪੀੜਤ ਲੋਕਾਂ ਦੀ ਸੇਵਾ ਤੇ ਹੋਰ ਭਲਾਈ ਦੇ ਕੰਮਾ ਵਿਚ ਜੁੱਟੇ ਹੋਏ ਹਨ । ਇਹ ਪ੍ਰਸ਼ਸ਼ਾਯੋਗ ਕਾਰਜ ਹੈ । ਪਰ ਆਪਣੀ ਮਾਂ-ਬੋਲੀ ( ਜਿਹੜੀ ਕਿ ਉਸ ਦੇ ਕਈ ਕੁ-ਪੁਤਰਾਂ ਦੀ ਮਾਰੀ ਹੋਈ 'ਮਰਨ-ਕਿਨਾਰੇ' ਪਈ ਹੋਈ ਹੈ) ਦੀ ਵੀ ਸਾਰ ਤਾਂ ਲੈਣੀ ਬਣਦੀ ਹੈ । ਤੁਸੀਂ ਚਿੱਠੀ ਤਾਂ ਲਿਖ ਰਹੇ ਹੋ, ਅੰਗਰੇਜੀ ਵਿਚ ਤੇ ਨਾਲ ਇਹ ਕਹਿ ਰਹੇ ਹੋ ਕਿ ਪੰਜਾਬੀ ਦਾ ਕੁਝ ਨਹੀਂ ਵਿਗੜਦਾ। ਕਿਉਂ ਨਹੀਂ ਵਿਗੜਦਾ ? ਕੀ ਲੋੜ ਪੈ ਗਈ ਤੁਹਾਨੂੰ 5ਆਬੀ.ਕਾਮ ਤੇ ਅੰਗਰੇਜੀ ਵਰਤਣ ਦੀ ? ਕੀ ਤੁਸੀਂ ਪੰਜਾਬੀ ( ਜੋ ਕਿ ਤੁਹਾਡੀ ਮਾਂ-ਬੋਲੀ ਹੈ ) ਵਿਚ ਆਪਣੇ ਵਿਚਾਰ ਚੰਗੀ ਤਰਾਂ ਪ੍ਰਗਟ ਨਹੀਂ ਕਰ ਸਕਦੇ । ਹੋ ਸਕਦਾ ਹੈ ਕਿ ਤੁਸੀਂ ਕਿਸੇ ਪਬਲਿਕ ਸਕੂਲ ਵਿਚ ਪੜ੍ਹੇ ਹੋਵੋ ਤੇ ਅੰਗਰੇਜੀ ਤੇ ਤੁਹਾਡੀ ਪਕੜ ਚੰਗੀ ਹੈ । ਪਰ ਇਹ ਕਿਉਂ ਭੁੱਲ ਰਹੇ ਹੋ ਕਿ ਤੁਸੀਂ ਪੰਜਾਬੀ ਲੋਕਾਂ ਨਾਲ ਤੇ ਉਨ੍ਹਾਂ ਦੇ ਵਿਚਕਾਰ ਵਿਚਰ ਰਹੇ ਹੋ ।

ਸੋ ਵੀਰ ਜੀ, ਮੇਰੀ ਬੇਨਤੀ ਹੈ ਕਿ ਪੰਜਾਬੀ ਦੀ ਸੇਵਾ ਕਰਨ ਸਮੇਂ, ਸਭ ਤੋਂ ਪਹਿਲਾਂ ਪੰਜਾਬੀ ਵਿਚ ਹੀ ਵਿਚਰਨਾ ਬਹੁਤ ਜਰੂਰੀ ਹੈ ।

ਪੰਜਾਬੀ ਪੜੋ, ਪੰਜਾਬੀ ਲਿਖੋ, ਪੰਜਾਬੀ ਬੋਲੋ ਤੇ ਸਭ ਤੋਂ ਉਪਰ ਪੰਜਾਬੀ ਵਿਚ 'ਸੋਚੋ' ।

ਰਾਜ ਭੁਪਿੰਦਰ ਸਿੰਘ, ਭਾਰਤ ।

ਰਜੇਸ਼ ਜਲੋਟਾ

14/01/05

Dear Mr. Editor,

I fully agree with Janmeja Singh Johal about writing letters. There are many burning issues about Punjab and Punjabiat which need our attention at this moment.

KInd regards!

Rajesh Jalota

ਕੁਲਬੀਰ ਸਿੰਘ ਸ਼ੇਰਿਗੱਲ, ਕਨੇਡਾ

14/01/05

After all what were the faults of tsunami effected people by Khushwant Singh

What were the faults of tsunami effected people? Nothing. They have not done any thing wrong in general. But one thing they did wrong was that they went too close to the sea side and set up their residences. That was wrong. They did not leave area to play for the nature. That was their fault. Infect Nature can play anywhere. No can stop Him. He is alive and He has His existence. The whole earth and universe belong to Him.

Khushwant wants to know about God’s existence free of charge and without any efforts by himself. First he tried to become the guide man. Then he cries for help or challenges others that someone should come out and clears his doubts in plan language so he can understand that God is alive and has His existence.

Khushwant Ji why someone should come forward and teach you about God and His existence. Why you don’t want to learn by yourself. If you are willing to know about God you can know by yourself. If you don’t want then why someone should tell you.

Khushwant ji you have grown a different crop on your mind’s land. Now you want to grow another crop on the same field. Two crops can not be grown on one. If you want, you can not grow without efforts.

First cut the old crop and unnecessary plants in and around your mind’s field and cultivate the field with sharp plow and make it soft. Water it and rake it from time to time. When it becomes too soft and ready to sow, sow it with “Shabad” and take care the field and crop. You might understand the existence of God then. It is not an easy way. If someone says that God is alive and He has His existence, you will not understand what he is talking about because your mind’s field is so rock hard, that not allowing any seed to go inside the soil. Consultation is free. The rest is yours to do. Do it. Can you do?

Kulbir Singh Shergill
Calgary, Alberta, Canada

ਜਨਮੇਜਾ ਜੌਹਲ

11/01/05

Dear surinder ji,

thanks for your encouragement and tipni about not writing letters in Punjabi. I fully agree with you. and I have read some other letters on this topic too on 5abi.

In my opinion it is a very small matter, we need to concentrate on bigger issues first, and I am sure you know those issues. let's work for those issues which we should solve to save our identity and if we are able to do that, then don't worry about language, it will survive with colors intact.

I am and will remain committed to do my bit about Punjab, Punjabi and punjabiat, but not 'letters to editor' please.

regards

Janmeja johl

5_cccccc1.gif (41 bytes)

ਪੱਤਰ 2004

1 2 3 4 5 6 7 8  9  10  11 12  13  14  15  16 17 18 19 20 | 21 22 23 24 25 26 27
28 29 30 31 32 33 34 35 36 37 38 39

ਪੱਤਰ 2005

1 2

Terms and Conditions
Privacy Policy
© 1999-2005, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2005, 5abi.com