ਪਿਛਲੀ
ਅਮਰੀਕਾ ਫੇਰੀ ਸਮੇਂ ਮੈਂ ਦੋ ਯੂਨੀਵਰਸਿਟੀਆਂ ਤਾਂ ਵੇਖੀਆ ਸਨ ਪਰ ਸਕੂਲ ਨਾ ਵੇਖ
ਸਕਿਆ। ਡੇਅਟਨ ਸ਼ਹਿਰ ਵਿਖੇ ਸਥਿਤ ਡੇਅਟਨ ਯੂਨੀਵਰਸਿਟੀ ਦੇ ਭਾਰਤੀ ਮੂਲ ਦੇ
ਪ੍ਰੋਫੈਸਰ ਡਾ. ਨਛੱਤਰ ਸਿੰਘ ਬਰਾੜ ਨੇ ਉਨ੍ਹਾਂ ਦੀ ਯੂਨਿਵਰਸਿਟੀ ਦੀ ਫੇਰੀ ਸਮੇਂ
ਮੈਨੂੰ ਦੱਸਿਆ ਸੀ ਕਿ ਪੰਜਾਬ ਵਿਚ ਖਾਲਸਾ ਸਕੂਲ ਵਾਂਗੂ ਇਥੇ ਵੀ ਕਈ ਪ੍ਰਾਈਵੇਟ
ਕ੍ਰਿਸ਼ਚੀਅਨ ਸਕੂਲ ਹਨ ਜਿਹੜੇ ਕਿ ਕ੍ਰਿਸ਼ਚੀਅਨ ਚਰਚਾਂ ਵਲੋਂ ਚਲਾਏ ਜਾਂਦੇ ਹਨ ਤੇ
ਇਹ ਯੂਨੀਵਰਸਿਟੀ ਵੀ ਇਕ ਇਹੋ ਜਿਹਾ ਸਕੂਲ ਡੇਅਟਨ ਵਿਚ ਚਲਾਂਦੀ ਹੈ। ਇਹਨਾਂ ਵਿਚ
ਕ੍ਰਿਸ਼ਚੀਅਨ ਬੱਚਿਆਂ ਲਈ ਸਲਾਨਾ ਫੀਸ 2500 ਡਾਲਰ ਹੁੰਦੀ ਹੈ ਅਤੇ ਬਾਕੀਆਂ ਲਈ
4500 ਡਾਲਰ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਇੱਥੇ ਬਹੁਤੇ ਪਬਲਿਕ ਸਕੂਲ ਹਨ ਜਿਥੇ
ਕੋਈ ਫੀਸ ਨਹੀਂ ਲਈ ਜਾਂਦੀ। ਡੇਅਟਨ ਵਿੱਚ ਹੀ ਰਹਿੰਦੇ ਇਕ ਪੰਜਾਬੀ ਡਾਕਟਰ ਰਾਜ
ਕਮਲਜੀਤ ਸਿੰਘ ਚੀਮਾ ਨੇ ਮੈਨੂੰ ਉਨ੍ਹਾਂ ਦੇ ਘਰ ਫੇਰੀ ਸਮੇਂ ਦੱਸਿਆ ਸੀ ਕਿ
ਉਨ੍ਹਾਂ ਦੇ ਤਿੰਨੇ ਬੱਚੇ ਪ੍ਰਾਈਵੇਟ ਸਕੂਲ ਵਿਚ ਪੜ੍ਹਦੇ ਹਨ ਤੇ ਹਰੇਕ ਦੀ ਫੀਸ
1500 ਡਾਲਰ ਮਹੀਨਾ ਹੈ। ਉਸ ਨੇ ਦੱਸਿਆ ਕਿ ਪਬਲਿਕ ਸਕੂਲਾਂ ਵਿੱਚ ਵੱਡੇ ਸੈਕਸ਼ਨ
ਹੋਣ ਕਰਕੇ ਅਤੇ ਪ੍ਰਾਈਵੇਟ ਸਕੂਲ ਵਿੱਚ ਪੜਾਈ ਦਾ ਮਿਆਰ ਉੱਚਾ ਹੋਣ ਕਰਕੇ ਉਹ ਆਪਣੇ
ਬੱਚੇ ਪ੍ਰਾਈਵੇਟ ਸਕੂਲ ਵਿੱਚ ਭੇਜ ਰਿਹਾ ਹੈ। ਮਿਆਰ ਬਾਰੇ ਪੁਛਣ ਤੇ ਉਸ ਨੇ ਦਸਿਆ
ਕਿ ਉਸ ਦੀ ਲੜਕੀ ਜੋ ਸੱਤਵੀਂ ਦੀ ਵਿਦਿਆਰਥਣ ਹੈ ਨੂੰ ਨੌਵੀ ਜਮਾਤ ਦੀਆਂ ਪੁਸਤਕਾਂ
ਲੱਗੀਆ ਹੋਈਆ ਹਨ। ਹੋਰ ਬਹੁਤਾ ਫਰਕ ਨਹੀਂ।
ਐਂਤਕੀ ਅਮਰੀਕਾ ਫੇਰੀ ਸਮੇਂ ਮੈਂ ਮਨ ਬਣਾਇਆ
ਕਿ ਪਬਲਿਕ ਸਕੂਲ ਜਰੂਰ ਵੇਖਣਾ ਹੈ ਜਿੱਥੇ ਆਮ ਲੋਕਾਂ ਦੇ ਬੱਚੇ ਪੜ੍ਹਦੇ ਹਨ। ਸ੍ਰ.
ਅਵਤਾਰ ਸਿੰਘ ‘ਐਗਜੈਕਟਿਵ ਇਨ’ ਨੇ ਆਪਣੇ ਸ਼ਹਿਰ ਸਪਰਿੰਗਫੀਲਡ ਦੇ ਰੌਕਵੇਅ ਸਕੂਲ ਦੇ
ਪ੍ਰਿੰਸੀਪਲ ਪਾਸੋਂ ਸਕੂਲ ਵੇਖਣ ਲਈ ਬੇਨਤੀ ਕੀਤੀ ਜੋ ਉਸ ਨੇ ਖੁਸ਼ੀ ਨਾਲ ਪ੍ਰਵਾਨ
ਕਰ ਲਈ। 16 ਸਤੰਬਰ, 2004 ਨੂੰ ਨਿਰਧਾਰਿਤ ਸਮੇਂ ਅਨੁਸਾਰ ਦੁਪਹਿਰ 1.15 ਵਜੇ
ਅਸੀਂ ਸਕੂਲ ਪੁੱਜੇ। ਸਕੂਲ ਸੜਕ ਉਪਰ ਸੀ ਪਰ ਇਮਾਰਤ ਸੜਕ ਤੋਂ ਕਾਫੀ ਹੱਟਵੀਂ ਸੀ।
ਇਮਾਰਤ ਦੇ ਚਾਰ ਚੁਫੇਰੇ ਘਾਹ ਦੀ ਹਰਿਆਵਲ ਸੀ ਤੇ ਇਕ ਪਾਸੇ ਦਰਖਤ ਸਨ। ਸ਼ਾਇਦ ਇਹ
ਜੰਗਲ ਲਈ ਜਗਾਹ ਛੱਡੀ ਹੋਈ ਸੀ। ਅਮਰੀਕਾ ਵਿੱਚ ਹਰੇਕ ਇਲਾਕੇ ਵਿੱਚ ਕੁਝ ਜਗਾਹ
ਜੰਗਲ ਦੇ ਰੂਪ ਵਿੱਚ ਛੱਡੀ ਹੁੰਦੀ ਹੈ, ਜਿਸ ਦੀ ਕਿਸੇ ਹੋਰ ਕੰਮ ਲਈ ਵਰਤੋਂ ਨਹੀਂ
ਕੀਤੀ ਜਾ ਸਕਦੀ। ਇਕ ਪਾਸੇ ਸਕੂਲ ਦੀਆਂ ਬੱਸਾਂ ਖੜੀਆਂ ਸਨ। ਸਕੂਲ ਦੇ ਅੰਦਰ ਦਾਖਲ
ਹੋ ਕੇ ਅਸੀਂ ਦਫਤਰ ਗਏ। ਕਿਉਂਕਿ ਦਫਤਰ ਨੂੰ ਪਹਿਲਾਂ ਹੀ ਸਾਡੇ ਆਉਣ ਬਾਰੇ ਸੂਚਨਾ
ਪ੍ਰਾਪਤ ਸੀ। ਸਾਨੂੰ ਬੜੇ ਆਦਰ ਸਤਿਕਾਰ ਨਾਲ ਜੀ ਆਇਆਂ ਕਿਹਾ ਗਿਆ। ਅਮਰੀਕਨਾਂ ਦਾ
ਗੱਲਬਾਤ ਕਰਨ ਦਾ ਇਕ ਆਪਣਾ ਹੀ ਲਹਿਜਾ ਹੈ। ਪਹਿਲਾਂ ਸਮੇਂ ਅਨੁਸਾਰ ‘ਵਿਸ਼’ ਕੀਤੀ
ਜਾਂਦੀ ਹੈ, ਫਿਰ ਇਕ ਦੂਜੇ ਦਾ ਹਾਲ ਚਾਲ ਪੁੱਛਿਆ ਜਾਂਦਾ ਹੈ ਤੇ ਫਿਰ ਕੰਮ ਬਾਰੇ
ਗੱਲ ਕੀਤੀ ਜਾਂਦੀ ਹੈ।
ਪ੍ਰਿਸੀਪਲ
ਮਿਸਟਰ ਟਿਮ ਗ੍ਰੀਨਵੁਡ ਨੂੰ ਅਸੀਂ ਦੁਪਹਿਰ ਦੀਆਂ ਸ਼ੁਭਇਛਾਵਾਂ ਭੇਟ ਕੀਤੀਆਂ। ਉਸ
ਨੇ ਵੀ ਸਾਨੂੰ ਜੀ ਆਇਆ ਕਿਹਾ ਤੇ ਸ਼ੁਭ ਇਛਾਵਾਂ ਭੇਟ ਕੀਤੀਆਂ। ਪ੍ਰਿੰਸੀਪਲ ਨੇ
ਦੱਸਿਆ ਕਿ ਇਹ ਸਕੂਲ ਪਹਿਲੀ ਤੋਂ ਅਠਵੀ ਤੀਕ ਹੈ ਤੇ ਇਥੇ 315 ਵਿਦਿਆਰਥੀ ਤੇ 12
ਅਧਿਆਪਕ ਹਨ। ਸਾਰੇ ਅਧਿਆਪਕ ਟ੍ਰੇਨਡ ਹਨ। ਜਦ ਉਸ ਨੂੰ ਸਕੂਲ ਪ੍ਰਬੰਧ ਬਾਰੇ
ਪੁੱਛਿਆ ਗਿਆ ਤਾਂ ਉਸ ਨੇ ਦੱਸਿਆ ਕਿ ਇੱਥੇ ਦੋ ਤਰ੍ਹਾਂ ਦੇ ਸਕੂਲ ਹਨ। ਇਸ ਸਕੂਲ
ਵਾਂਗ ਬਹੁਤੇ ਪਬਲਿਕ ਸਕੂਲ ਹਨ ਤੇ ਇਨ੍ਹਾਂ ਵਿੱਚ ਕੋਈ ਫੀਸ ਨਹੀਂ ਲਈ ਜਾਂਦੀ।
ਹਰੇਕ ਇਲਾਕੇ ਦਾ ਆਪਣਾ ਆਪਣਾ ਸਕੂਲ ਹੈ ਤੇ ਇਲਾਕੇ ਦੇ ਲੋਕ ਵੋਟਾਂ ਪਾ ਕੇ
ਪ੍ਰਬੰਧਕ ਕਮੇਟੀ ਚੁਣਦੇ ਹਨ, ਜਿਸ ਦਾ ਸਮਾਂ ਤਿੰਨ ਜਾਂ ਚਾਰ ਸਾਲ ਹੁੰਦਾ ਹੈ। ਜੇ
ਇਕ ਇਲਾਕੇ ਦੇ ਲੋਕ ਦੂਜੇ ਇਲਾਕੇ ਵਿੱਚ ਆਪਣੇ ਬੱਚੇ ਪੜਾਉਣਾ ਚਾਹੁਣ ਤਾਂ ਫੀਸ ਲਈ
ਜਾਂਦੀ ਹੈ। ਪਰ ਇੰਜ ਘੱਟ ਹੀ ਹੁੰਦਾ ਹੈ। ਪ੍ਰਾਈਵੇਟ ਸਕੂਲਾਂ ਦੀ ਗਿਣਤੀ ਘੱਟ ਹੈ
ਤੇ ਫੀਸ ਬਹੁਤ ਜਿਆਦਾ ਹੋਣ ਕਰਕੇ ਅਮੀਰਾਂ ਦੇ ਬੱਚੇ ਹੀ ਇਨ੍ਹਾਂ ਸਕੂਲਾਂ ਵਿੱਚ
ਪੜ੍ਹਦੇ ਹਨ । ਪ੍ਰਬੰਧਕ ਕਮੇਟੀ ਬਾਰੇ ਪੁੱਛਣ ਤੇ ਪ੍ਰਿੰਸੀਪਲ ਨੇ ਦੱਸਿਆ ਕਿ
ਕਮੇਟੀ ਸਕੂਲ ਪ੍ਰਬੰਧ ਵਿੱਚ ਘੱਟ ਹੀ ਦਖਲ ਦੇਂਦੀ ਹੈ। ਬਹੁਤਾ ਕੁਝ ਪ੍ਰਿੰਸੀਪਲ ਦੇ
ਹੱਥ ਹੀ ਹੈ। ਅਧਿਆਪਕਾਂ ਨੂੰ ਚੰਗੀ ਤਨਖਾਹ ਦਿੱਤੀ ਜਾਂਦੀ ਹੈ ਤੇ ਉਨ੍ਹਾਂ ਦੀ
ਯੋਗਤਾ ਨਾਲੋਂ ਪੜਾਉਣ ਦੇ ਢੰਗ ਨੂੰ ਤਰਜੀਹ ਦਿੱਤੀ ਜਾਂਦੀ ਹੈ। ਅਧਿਆਪਕ ਨੂੰ ਕੁਝ
ਸਮੇਂ ਲਈ ਅਜਮਾਇਸ਼ੀ ਤੌਰ ਤੇ ਰੱਖਿਆ ਜਾਂਦਾ ਹੈ ਤੇ ਫਿਰ ਪੱਕਾ ਕਰ ਦਿੱਤਾ ਜਾਂਦਾ
ਹੈ। ਜਦ ਮੈਂ ਉਸ ਨੂੰ ਪੰਜਾਬ ਸਰਕਾਰ ਵਲੋਂ ਠੇਕੇ ਉਪਰ ਅਧਿਆਪਕ ਭਰਤੀ ਕਰਨ ਦੀ ਗੱਲ
ਕੀਤੀ ਤਾਂ ਉਸ ਦਾ ਕਹਿਣਾ ਸੀ, ਇਹ ਸਰਾਸਰ ਗਲਤ ਢੰਗ ਹੈ ਤੇ ਅਮਰੀਕਾ ਵਿੱਚ ਅਜਿਹਾ
ਨਹੀਂ। ਪ੍ਰਿੰਸੀਪਲ ਨੇ ਦੱਸਿਆ ਕਿ ਇਲਾਕਾ ਨਿਵਾਸੀਆਂ ਦੇ ਆਪਣੇ ਬੱਚੇ ਸਕੂਲ ਵਿੱਚ
ਪੜਦੇ ਹੋਣ ਕਰਕੇ, ਉਹ ਕਮੇਟੀ ਦੀ ਚੋਣ ਧਿਆਨ ਨਾਲ ਕਰਦੇ ਹਨ। ਪੰਜਾਬ ਵਿੱਚ ਵੀ ਜੇ
ਅਜਿਹਾ ਹੋ ਜਾਵੇ ਕਿ ਸਬੰਧਤ ਇਲਾਕੇ ਦੇ ਬੱਚੇ ਉਸ ਇਲਾਕੇ ਦੇ ਸਕੂਲ ਵਿਚ ਹੀ ਪੜ੍ਹਨ
ਤਾਂ ਇਸ ਨਾਲ ਬਹੁਤ ਹੱਦ ਤੀਕ ਸਰਕਾਰੀ ਸਕੂਲਾਂ ਦਾ ਸੁਧਾਰ ਹੋ ਸਕਦਾ ਹੈ। ਇਨ੍ਹਾਂ
ਅਧਿਆਪਕਾਂ ਦੀ ਬਦਲੀ ਨਹੀਂ ਹੋ ਸਕਦੀ। ਹਾਂ ਉਹ ਵੱਧ ਤਨਖਾਹ ਪ੍ਰਾਪਤ ਕਰਨ ਲਈ ਦੂਜੇ
ਸਕੂਲਾਂ ਵਿੱਚ ਜਾਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ। ਪੈਨਸ਼ਨ ਮਿਲਦੀ ਹੈ ਤੇ ਇਸ ਲਈ
ਪੈਨਸ਼ਨ ਫੰਡ ਹੈ। ਇਥੇ ਬੋਰਡ ਦੀ ਕੋਈ ਪ੍ਰੀਖਿਆ ਨਹੀਂ ਹੁੰਦੀ। ਸਕੂਲਾਂ ਤੇ
ਯੂਨੀਵਰਸਿਟੀਆਂ ਵਿੱਚ ਜਿਹੜਾ ਅਧਿਆਪਕ ਪੜਾਉਂਦਾ ਹੈ, ਉਹ ਹੀ ਪ੍ਰੀਖਿਆ ਲੈਂਦਾ ਹੈ।
ਇਸ ਤਰ੍ਹਾਂ ਅਮਰੀਕਨਾਂ ਨੇ ਲੋਕਤਾਂਤਰਿਕ ਪ੍ਰਬੰਧਕ ਪ੍ਰਣਾਲੀ ਅਪਣਾਈ ਹੋਈ ਹੈ।
ਜਿੱਥੋਂ ਤੀਕ ਖਰਚ ਦਾ ਸੰਬੰਧ ਹੈ, ਕੁਝ ਹਿਸਾ ਕਾਰਪੋਰੇਸ਼ਨ ਦੀ ਆਮਦਨ ਵਿੱਚੋਂ, ਕੁਝ
ਸਟੇਟ ਤੇ ਕੁਝ ਕੇਂਦਰੀ ਸਰਕਾਰ ਤੋਂ ਆਉਂਦਾ ਹੈ। ਅਮਰੀਕਾ ਵਿੱਚ ਘੱਟੋ ਘੱਟ ਉਜਰਤ
ਕਾਨੂੰਨ ਲਾਗੂ ਹੈ।
ਇਸ
ਤਿੰਨ ਮੰਜਲੇ ਸਕੂਲ ਦੇ ਕਲਾਸ ਰੂਮ ਨੂੰ ਅਸੀਂ ਗਹੁ ਨਾਲ ਵੇਖਿਆ। ਅਧਿਆਪਕ ਲਈ ਬਲੈਕ
ਬੋਰਡ ਤੋਂ ਇਲਾਵਾ ਇਕ ਪ੍ਰੋਜੈਕਟਰ ਹੈ, ਜਿਸ ਨਾਲ ਉਹ ਕਿਤਾਬ ਦਾ ਕੋਈ ਵੀ ਚਿੱਤਰ
ਜਾਂ ਲਿਖਤ ਸਕਰੀਨ ਉਪਰ ਦਿਖਾ ਕੇ ਬੱਚਿਆਂ ਨੂੰ ਸਮਝਾ ਸਕਦਾ ਹੈ। ਬਲੈਕ ਬੋਰਡ ਬਹੁਤ
ਵਧੀਆ ਹਨ, ਜਿਨ੍ਹਾਂ ਉਪਰ ਮਾਰਕਰ ਨਾਲ ਲਿਖਿਆ ਜਾਂਦਾ ਹੈ। ਬੱਚਿਆਂ ਦੇ ਬੈਠਣ ਲਈ
ਕੁਰਸੀਆਂ ਤੇ ਟੇਬਲ ਹਨ। ਕਮਰੇ ਦੇ ਚਾਰ ਚੁਫੇਰੇ ਕਿਤਾਬਾਂ ਰੱਖੀਆ ਹੋਈਆ ਹਨ,
ਜਿਨ੍ਹਾਂ ਨੂੰ ਵਿਦਿਆਰਥੀ ਲੋੜ ਅਨੁਸਾਰ ਵਰਤਦੇ ਹਨ। ਇਕ ਕੰਪਿਊਟਰ ਰੂਮ ਹੈ ਜਿੱਥੇ
ਬੱਚੇ ਕੰਮ ਕਰ ਰਹੇ ਸਨ। ਇਕ ਲਾਇਬਰੇਰੀ ਦਾ ਕਮਰਾ ਹੈ ਜਿੱਥੇ ਖਾਨ੍ਹਿਆਂ ਵਿੱਚ
ਖੁੱਲੀਆ ਕਿਤਾਬਾਂ ਪਈਆ ਸਨ। ਕਈ ਬੱਚੇ ਕਿਤਾਬਾਂ ਪੜ੍ਹ ਰਹੇ ਸਨ। ਮੈਨੂੰ ਆਪਣਾ
ਬੱਚਪਨ ਯਾਦ ਆ ਗਿਆ। ਮੈਂ ਖਾਲਸਾ ਕਾਲਜ ਸੀ. ਸੈ. ਸਕੂਲ ਅੰਮ੍ਰਿਤਸਰ ਵਿੱਚ 1958
ਵਿੱਚ ਛੇਵੀਂ ਜਮਾਤ ਵਿੱਚ ਦਾਖਲ ਹੋਇਆ ਤੇ ਇੱਥੋ 1964 ਵਿੱਚ ਹਾਇਰ ਸੈਕੰਡਰੀ ਪਾਸ
ਕੀਤੀ ਸੀ। ਸਕੂਲ ਵਿੱਚ ਬਹੁਤ ਵੱਡੀ ਲਾਇਬਰੇਰੀ ਸੀ, ਪਰ ਕਿਤਾਬਾਂ ਅਲਮਾਰੀਆਂ ਵਿੱਚ
ਤਾਲੇ ਲਾ ਕੇ ਰਖੀਆ ਹੋਈਆ ਸਨ। ਸਾਨੂੰ ਲਾਇਬਰੇਰੀਨ ਨੇ ਕਦੇ ਵੀ ਕਿਤਾਬ ਪੜ੍ਹਨ ਲਈ
ਨਹੀਂ ਦਿੱਤੀ। ਉੱਥੇ ਲਾਇਬਰੇਰੀਅਨ ਤਾ ਸੀ ਪਰ ਉਸ ਨੂੰ ਪੀਰਡ ਦਿੱਤੇ ਹੋਏ ਸਨ। ਇਹੋ
ਹਾਲ ਸਰਕਾਰੀ ਸਕੂਲਾਂ ਦਾ ਹੈ। ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਲਾਇਬਰੇਰੀਅਨ ਹਨ
ਪਰ ਉਨ੍ਹਾਂ ਪਾਸੋਂ ਕਲਰਕੀ ਦਾ ਕੰਮ ਲਿਆ ਜਾਂਦਾ ਹੈ। ਬੱਚਿਆਂ ਨੂੰ ਕਿਤਾਬਾਂ ਨਹੀਂ
ਦਿਤੀਆਂ ਜਾਂਦੀਆਂ। ਸਾਡੇ ਅਫਸਰਾਂ ਨੇ ਕਦੀ ਸਕੂਲ ਫੇਰੀ ਸਮੇਂ ਇਹ ਪੁੱਛਣ ਦੀ ਖੇਚਲ
ਨਹੀਂ ਕੀਤੀ ਕਿ ਕਿੰਨੀਆਂ ਕਿਤਾਬਾਂ ਵਿਦਿਆਰਥੀਆਂ ਨੂੰ ਜਾਰੀ ਕੀਤੀਆ ਗਈਆ ਹਨ।
ਅਖਬਾਰਾਂ ਆਉਂਦੀਆ ਤਾਂ ਬੱਚਿਆਂ ਦੇ ਫੰਡ ਵਿੱਚੋਂ ਹਨ ਤੇ ਆਉਂਦੀਆ ਵੀ ਬੱਚਿਆਂ
ਵਾਸਤੇ ਹਨ ਪਰ ਪੜ੍ਹਦੇ ਅਧਿਆਪਕ ਹਨ।
ਫਿਰ
ਪ੍ਰਿੰਸੀਪਲ ਨੇ ਸਾਨੂੰ ਸਾਇੰਸ ਰੂਮ ਵਿੱਚ ਖੜ੍ਹਿਆ। ਉਹ ਕਲਾਸ ਰੂਮ ਨੂੰ ਸਾਇੰਸ
ਰੂਮ ਵਜੋਂ ਵਰਤ ਰਹੇ ਹਨ। ਉਨ੍ਹਾਂ ਦਸਿਆ ਕਿ ਇਰਾਕ ਦੀ ਲੜਾਈ ਕਰਕੇ ਫੰਡ ਪ੍ਰਾਪਤ
ਨਹੀਂ ਹੋਏ। ਫੰਡ ਪ੍ਰਾਪਤ ਹੋਣ ਤੇ ਅਸੀਂ ਵੱਖਰਾ ਸਾਇੰਸ ਰੂਮ ਬਣਾਉਣਾ ਹੈ। ਸਾਇੰਸ
ਦਾ ਸਮਾਨ ਸਾਰਾ ਖੁਲ੍ਹਾ ਪਿਆ ਸੀ। ਸਾਡੇ ਤਾਂ ਸ਼ਾਇਦ ਹੀ ਕੋਈ ਮਿਡਲ ਸਕੂਲ ਵਿੱਚ
ਪ੍ਰਯੋਗ਼ ਕਰਾਉਂਦਾ ਹੋਵੇ। ਪਉੜੀਆਂ ਵਿਚਕਾਰ ਤੇ ਵਰਾਂਡਿਆ ਵਿੱਚ ਵਿਦਿਆਰਥੀਆਂ
ਦੁਆਰਾ ਤਿਆਰ ਕੀਤੀਆ ਪੇਟਿੰਗ, ਤੇ ਹੱਥ ਲਿਖਤਾਂ ਜਿਨ੍ਹਾਂ ਵਿੱਚ ਕਵਿਤਾ, ਕਹਾਣੀਆਂ
ਆਦਿ ਸ਼ਾਮਲ ਹਨ, ਬੋਰਡਾਂ ਉਪਰ ਲਗਾਈਆ ਹੋਈਆ ਸਨ। ਇਨ੍ਹਾਂ ਨੂੰ ਵੇਖ ਕੇ ਮਨ ਬਹੁਤ
ਖੁਸ਼ ਹੋਇਆ ਤੇ ਖਿਆਲ ਵੀ ਆਇਆ ਕਿ ਛੋਟੀ ਉਮਰ ਵਿੱਚ ਇਹ ਬੱਚੇ ਕਲਾਕ੍ਰਿਤਾਂ ਵਿੱਚ
ਏਨੀ ਦਿਲਚਸਪੀ ਵਿਖਾ ਰਹੇ ਹਨ, ਵੱਡੇ ਹੋ ਕੇ ਇਹ ਬੱਚੇ ਜਰੂਰ ਆਪਣਾ ਨਾਂ ਰੋਸ਼ਨ
ਕਰਨਗੇ। ਸ਼ਾਇਦ ਹੀ ਪੰਜਾਬ ਦਾ ਕੋਈ ਸਰਕਾਰੀ ਜਾਂ ਗੈਰ-ਸਰਕਾਰੀ ਮਿਡਲ ਸਕੂਲ ਹੋਵੇ
ਜਿੱਥੇ ਅਜਿਹੀਆ ਕਲਾਕ੍ਰਿਤਾਂ ਵੇਖਣ ਨੂੰ ਮਿਲਦੀਆ ਹੋਣ। ਸਾਡੇ ਹਰੇਕ ਮਿਡਲ ਸਕੂਲ
ਵਿੱਚ ਆਰਟ ਕਰਾਫਟ ਅਧਿਆਪਕ ਹੈ ਪਰ ਉਹ ਤਾਂ ਸਿਲੇਬਸ ਹੀ ਬੜੀ ਮੁਸ਼ਕਲ ਨਾਲ
ਮੁਕਾਉਂਦੇ ਹਨ, ਇਨ੍ਹਾਂ ਕਲਾਕ੍ਰਿਤਾਂ ਦੀ ਗੱਲ ਕਿੰਨੇ ਕਰਨੀ ਹੈ। ਸਕੂਲ ਦੇ
ਸਟੇਡੀਅਮ ਵਿੱਚ ਵਿਦਿਆਰਥੀ ਖੇਡ ਰਹੇ ਸਨ, ਕੁਝ ਬੱਚੇ ਕੁਰਸੀਆਂ ਉਪਰ ਬੈਠੇ ਗੇਮ ਦਾ
ਆਨੰਦ ਮਾਣ ਰਹੇ ਸਨ। ਸਕੂਲ ਮੁਖੀ ਨੇ ਦੱਸਿਆ ਕਿ ਅਸੀਂ ਇਸ ਨੂੰ ਖੇਡਾਂ ਤੋਂ ਇਲਾਵਾ
ਆਡੀਟੋਰੀਅਮ ਵਜੋਂ ਵੀ ਵਰਤਦੇ ਹਾਂ। ਮਿਡਲ ਕੀ, ਸਾਡੇ ਸਰਕਾਰੀ ਸੀ. ਸੈਕਡੰਰੀ
ਸਕੂਲਾਂ ਵਿੱਚ ਗਿਣਤੀ ਦੇ ਸਕੂਲ ਹੋਣਗੇ, ਜਿੱਥੇ ਅਜਿਹਾ ਆਡੀਟੋਰੀਅਮ ਬਣਿਆ ਹੋਵੇ।
ਖੇਡਾਂ ਵੀ ਟਾਵੇਂ ਟਾਵੇਂ ਸਕੂਲ ਵਿੱਚ ਹੁੰਦੀਆਂ ਹਨ। ਸਕੂਲ ਦੇ ਵਰਾਂਡੇ ਵਿੱਚ ਸ਼ੋਅ
ਕੇਸਾਂ ਵਿੱਚ ਵਿਦਿਆਰਥੀਆਂ ਵਲੋਂ ਜਿਤੀਆ ਟਰਾਫੀਆਂ ਪਈਆ ਸਨ, ਜਿਨ੍ਹਾਂ ਤੋਂ ਪਤਾ
ਲੱਗਦਾ ਹੈ ਕਿ ਇਹ ਸਕੂਲ ਅੱਖਰੀ ਗਿਆਨ ਤੋਂ ਇਲਾਵਾ ਦੂਜੀਆਂ ਕਿਰਿਆਵਾਂ ਵਿੱਚ ਵੀ
ਮੱਲਾਂ ਮਾਰ ਰਿਹਾ ਹੈ। ਚੋਣ ਹੋਣ ਕਰਕੇ, ਬੁਸ਼ ਤੇ ਕੈਰੀ ਦੇ ਚੋਣ ਚਿੰਨ੍ਹ ਤੇ ਹੋਰ
ਸਮਗਰੀ ਵਿਦਿਆਰਥੀਆਂ ਨੂੰ ਜਾਣਕਾਰੀ ਦੇਣ ਲਈ ਇਕ ਵੱਖਰੇ ਸ਼ੋਅ ਕੇਸ ਵਿੱਚ ਰੱਖੀ ਹੋਈ
ਸੀ। ਸਕੂਲ ਦਾ ਮਾਹੌਲ ਵੇਖ ਕੇ ਮਨ ਬਹੁਤ ਖੁਸ਼ ਹੋਇਆ। ਪ੍ਰਿੰਸੀਪਲ ਦੇ ਪੀਰਡ ਲਾਉਣ
ਦਾ ਸਮਾਂ ਹੋ ਗਿਆ ਸੀ, ਉਸ ਨੇ ਸਾਨੂੰ ਸੋਰੀ (ਸੋਰਰੇ) ਕਹਿ ਕਿ ਪੀਰਡ ਲਗਾਉਣ ਦੀ
ਆਗਿਆ ਮੰਗੀ। ਮੈਂ ਤੇ ਸ੍ਰ. ਅਵਤਾਰ ਸਿੰਘ ਨੇ ਉਸ ਦਾ ਧੰਨਵਾਦ ਕੀਤਾ ਤੇ ਉਥੋਂ ਜਾਣ
ਦੀ ਆਗਿਆ ਲਈ। ਵਾਪਸੀ ਵੇਲੇ ਮੈਂ ਤੇ ਸ. ਅਵਤਾਰ ਸਿੰਘ ਕਾਮਨਾ ਕਰ ਰਹੇ ਸਾਂ ਕਿ
ਕਾਸ਼ ਸਾਡੇ ਸਕੂਲ ਵੀ ਐਸੇ ਹੋਣ।
ਡਾ. ਚਰਨਜੀਤ ਸਿੰਘ ਗੁਮਟਾਲਾ
ਅਮ੍ਰਿਤਸਰ। |