ਦੁਨੀਆਂ
ਭਰ ਦੇ ਪੰਜਾਬੀ, ਸਿੱਖ ਰਾਜ ਦੇ ਆਖਰੀ ਜਾਨਸ਼ੀਨ ਮਹਾਰਾਜਾ ਦਲੀਪ ਸਿੰਘ ਨੂੰ
ਹਮੇਸ਼ਾ ਯਾਦ ਕਰਦੇ ਹਨ ਅਤੇ ਕਰਦੇ ਰਹਿਣਗੇ। ਬ੍ਰਤਾਨੀਆ ਵਿੱਚ ਇਸ ਹਕੀਕਤ
ਨੂੰ ਸੱਚ ਕਰਨ ਵਾਲ਼ਿਆਂ ਵਿੱਚ ਇੰਦਰਜੀਤ ਸਿੰਘ ਸੰਧੂ ਦਾ ਨਾਮ ਆਪ ਮੁਹਾਰੇ
ਹੀ ਬੁੱਲ੍ਹਾਂ 'ਤੇ ਆ ਜਾਂਦਾ ਹੈ। ਇਸਦੇ ਨਾਲ਼ ਹੀ ਉਹਨਾਂ ਦੀ ਹਿੰਮਤੀ ਅਤੇ
ਮਿਹਨਤੀ ਟੀਮ ਵੀ ਵਧਾਈ ਦੀ ਹੱਕਦਾਰ ਹੈ। ਪਿਛਲੇ 6 ਸਾਲ ਤੋਂ ਬ੍ਰਤਾਨੀਆ ਦੇ
ਜੰਮਪਲ਼ ਅਤੇ ਸਿੱਖ ਇਤਿਹਾਸ ਦੇ ਖੋਜੀ ਨੌਜਵਾਨ ਪੀਟਰ ਬੈਂਸ, ਰਾਵ ਸਿੰਘ,
ਡਾ. ਦਵਿੰਦਰ ਸਿੰਘ ਤੂਰ, ਡਾ. ਤੇਜਪਾਲ ਸਿੰਘ ਰਲਮਿਲ ਤੋਂ ਇਲਾਵਾ ਜਗਦੇਵ
ਸਿੰਘ ਵਿਰਦੀ, ਹਰਮਿੰਦਰ ਸਿੰਘ ਗਿੱਲ ਅਤੇ ਤਜਿੰਦਰ ਚੇਤਲ ਹਰ ਸਾਲ ਆਪਣਾ
ਬਣਦਾ ਯੋਗਦਾਨ ਪਾ ਰਹੇ ਹਨ। ਇਹਨਾਂ ਸਾਰਿਆਂ ਉੱਤੇ ਪੰਜਾਬੀਆਂ ਨੂੰ ਹਮੇਸ਼ਾ
ਮਾਣ ਰਹੇਗਾ। ਇਸ ਸਾਲ ਇੱਕ ਵਾਰ ਫੇਰ ਥੈੱਟਫੋਰਡ ਦੇ
ਪ੍ਰਾਚੀਨ ਅਜਾਇਬ ਘਰ, ਥੈੱਟਫੋਰਡ ਲਾਇਬਰੇਰੀ, ਥੈੱਟਫੋਰਡ ਗਰਾਮਰ ਸਕੂਲ
ਵਿੱਚ ਸ਼ਨੀਵਾਰ 20 ਅਤੇ ਐਤਵਾਰ 21 ਜੁਲਾਈ ਨੂੰ ਅਨੇਕਾਂ ਵਿਸ਼ੇਸ਼
ਪ੍ਰੋਗਰਾਮ ਉਲੀਕੇ ਗਏ। ਇਹਨਾਂ ਵਿੱਚ ਮਹਾਰਾਜਾ ਦਲੀਪ ਸਿੰਘ ਅਤੇ ਉਸਦੇ
ਬੱਚਿਆਂ ਦੇ ਇਤਿਹਾਸ ਅਤੇ ਜੀਵਨ ਦੀਆਂ ਗਤੀਵਿਧੀਆਂ ਉੱਤੇ ਵਿਸਥਾਰ ਸਹਿਤ
ਰੋਸ਼ਨੀ ਪਾਈ ਗਈ। ਇਹ ਮੇਲਾ ਹੁਣ ਇਤਿਹਾਸਕ ਅਤੇ ਸੱਭਿਆਚਾਰਕ ਤਿਉਹਾਰ ਦਾ
ਰੂਪ ਧਾਰਨ ਕਰਦਾ ਜਾ ਰਿਹਾ ਹੈ। ਇਸ ਮੇਲੇ ਦੀ ਅਗਵਾਈ ਇੰਦੀ ਸੰਧੂ ਦੀ ਦੇਖ
ਰੇਖ ਹੇਠ 'ਐਸੈਕਸ ਬਹੁ-ਸੱਭਿਆਚਾਰੀ ਪ੍ਰਯੋਜਨ' (ਕਲਚਰਲ ਡਾਇਵਰਸਿਟੀ
ਪਾਰਟਨਰਸ਼ਿਪ) ਦੁਆਰਾ ਕੀਤੀ ਜਾਂਦੀ ਹੈ। ਜਿਵੇਂ ਕਿ ਦੱਸਿਆ ਹੀ ਹੈ ਇਹ
ਮੇਲਾ ਥੈੱਟਫੋਰਡ ਵਿੱਚ ਕਈ ਥਾਵਾਂ 'ਤੇ ਆਯੋਜਤ ਕੀਤਾ ਜਾਂਦਾ ਹੈ ਅਤੇ ਇਹ
ਦਲੀਪ ਸਿੰਘ ਦੇ ਜੀਵਨ ਅਤੇ ਵਿਰਾਸਤ ਤੋਂ ਪ੍ਰੇਰਿਤ ਇਤਿਹਾਸਕ ਅਤੇ
ਸੱਭਿਆਚਾਰਕ ਜਸ਼ਨਾਂ ਬਾਰੇ ਹੁੰਦਾ ਹੈ। ਯਾਦ ਰਹੇ ਕਿ ਦਲੀਪ ਸਿੰਘ ਨੂੰ
ਅੰਗਰੇਜ ਹਕੂਮਤ ਵਲੋਂ ਜਲਾਵਤਨ ਕਰ ਕੇ, 1849 ਵਿੱਚ ਵਲੈਤ ਲੈ ਆਂਦਾ ਸੀ
ਅਤੇ ਉਸਨੇ ਉੱਤਰੀ 'ਐਂਗਲੀਆ' ਦੇ 'ਨੋਰਫੋਕ' ਦੇ ਇਲਾਕੇ 'ਐਲਵੀਡਨ' ਵਿੱਚ,
1863ਵਿੱਚ ਐਲਵੀਡਨ ਹਾਲ ਦੇ ਨਾਲ਼ ਲਗਦੀ 11,000 ਏਕੜ ਜਮੀਨ ਵੀ ਖਰੀਦ ਲਈ
ਸੀ। ਦੱਸਿਆ ਜਾਂਦਾ ਹੈ ਕਿ ਉਸਨੇ ਆਪਣੇ ਮਹਿਲ ਨੂੰ ਭਾਰਤੀ ਦਿੱਖ ਨਾਲ਼
ਸਵਾਰਿਆ, ਜਿਸਨੂੰ ਅੱਜ ਕੱਲ੍ਹ ਅੰਦਰੋਂ ਦੇਖ ਸਕਣ ਦੀ ਖੁੱਲ੍ਹ ਨਹੀਂ ਹੈ।
ਥੈੱਟਫੋਰਡ ਕਸਬੇ ਵਿੱਚ ਇੱਕ ਪੁਰਾਤਨ ਘਰ ਜੋ ਅੱਜ ਕੱਲ੍ਹ ਅਜਾਇਬ ਘਰ ਹੈ,
ਮਹਾਰਾਜਾ ਦਲੀਪ ਸਿੰਘ ਦੇ ਪੁੱਤਰ ਪ੍ਰਿੰਸ ਫ੍ਰੈਡਰਿਕ ਦਲੀਪ ਸਿੰਘ ਦੁਆਰਾ
ਇਸ ਕਸਬੇ ਨੂੰ, 11 ਦਸੰਬਰ 1924 ਨੂੰ ਤੋਹਫ਼ੇ ਵਜੋਂ ਦਿੱਤਾ ਗਿਆ ਸੀ। ਇਹ
ਘਰ ਮੇਲੇ ਦੌਰਾਨ ਰੌਚਕ ਅਤੇ ਯਾਦਗਾਰੀ ਪ੍ਰੋਗਰਾਮਾਂ ਦੀ ਮੇਜ਼ਬਾਨੀ ਕਰਦਾ
ਹੈ, ਜਿਸ ਵਿੱਚ ਇਸ ਘਰ ਦੇ ਕਰਮਚਾਰੀ ਪੂਰੇ ਘਰ ਦੀ ਜਾਣਕਾਰੀ ਭਰਪੂਰ ਸੈਰ
ਕਰਾਉਂਦੇ ਹਨ। ਯਾਦਗਾਰੀ ਵਸਤਾਂ ਦੀ ਵਿਸ਼ੇਸ਼ ਨੁਮਾਇਸ਼ ਕੀਤੀ ਜਾਂਦੀ ਹੈ
ਅਤੇ ਕੱਲੀ ਕੱਲੀ ਚੀਜ਼ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਇਸ ਵਿੱਚ ਇੱਕ
'ਪੌਸ਼ ਪੈਗ ਡੌਲ' ਕਰਾਫਟ ਗਤੀਵਿਧੀ ਅਤੇ ਪੁਰਾਤਨ ਸਮੇਂ ਦੀ ਪੁਸ਼ਾਕ ਪਹਿਨੇ
ਪਾਤਰਾਂ ਦੀ ਟੀਮ ਵੀ ਸ਼ਾਮਲ ਹੁੰਦੀ ਹੈ।
ਇਹ ਸਾਰੀਆਂ ਗਤੀਵਿਧੀਆਂ ਰਾਜਕੁਮਾਰ ਫਰੈਡਰਿਕ ਦੇ ਥੈੱਟਫੋਰਡ ਅਜਾਇਬ ਘਰ
ਪ੍ਰਯੋਜਨ ਦਾ ਹਿੱਸਾ ਹਨ, ਜੋ 'ਨੈਸ਼ਨਲ ਲਾਟਰੀ ਅਤੇ ਹੈਰੀਟੇਜ ਫੰਡ' ਦੁਆਰਾ
ਸਮਰਥਤ ਹਨ।
ਇਹ ਘਰ 'ਨੈਸ਼ਨਲ ਲਾਟਰੀ' ਖਿਡਾਰੀਆਂ ਦੇ ਧੰਨਵਾਦ
ਸਮੇਤ, ਥੈੱਟਫੋਰਡ ਨਗਰ ਪਾਲਿਕਾ, ਭਾਈਚਾਰਾ ਗ੍ਰਾਂਟ, 'ਬ੍ਰੈਕਲੈਂਡ
ਕੌਂਸਲ', 'ਫ੍ਰੈਂਡਜ਼ ਆਫ਼ ਥੈਟਫੋਰਡ ਮਿਊਜ਼ੀਅਮ',' ਨੋਰਫੋਕ ਕਾਉਂਟੀ
ਕੌਂਸਲ' ਅਤੇ ਹੋਰ ਉਦਾਰ ਫੰਡਾਂ ਦੇ ਨਾਲ ਚਲਦਾ ਹੈ। ਇਸ ਵਿੱਚ ਨੋਰਫੋਕ
ਅਜਾਇਬ ਘਰ ਸੇਵਾਵਾਂ ਅਤੇ 'ਨੈਸ਼ਨਲ ਪੋਰਟਫੋਲੀਓ ਆਰਗੇਨਾਈਜ਼ੇਸ਼ਨ ਗ੍ਰਾਂਟ'
ਦੇ ਹਿੱਸੇ ਵਜੋਂ 'ਆਰਟਸ ਕੌਂਸਲ ਇੰਗਲੈਂਡ' ਦਾ ਵੀ ਇਸ ਅਜਾਇਬ ਘਰ ਨੂੰ
ਚਲਦਾ ਰੱਖਣ ਵਿੱਚ ਵਿਸ਼ੇਸ਼ ਯੋਗਦਾਨ ਹੈ। ਇਸ ਸਾਲ 18
ਜੁਲਾਈ ਦਾ ਰੰਗ-ਬਿਰੰਗਾ ਵੀਰਵਾਰ, ਅਜਾਇਬ ਘਰ ਦੇ ਮੁੱਖ ਕਰਮਚਾਰੀ, 'ਔਲੀਵਰ
ਬੋਨ' ਦੀ ਅਗਵਾਈ ਵਿੱਚ ਆਮ ਦੀ ਤਰਾਂ, ਪ੍ਰਾਚੀਨ ਅਜਾਇਬ ਘਰ (ਏਂਸ਼ੀਅੰਟ ਹਾਊਸ
ਮਿਊਜ਼ੀਅਮ) ਦੇ ਇੱਕ ਨਿੱਜੀ ਦੌਰੇ ਨਾਲ ਸ਼ੁਰੂ ਹੋਇਆ। ਔਲੀਵਰ, ਮਹਾਰਾਜਾ
ਦਲੀਪ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਸਬੰਧਤ ਯਾਦਗਾਰੀ ਸੰਗ੍ਰਹਿ ਨੂੰ
ਉਜਾਗਰ ਕਰਦਾ ਅਤੇ ਅਗਲੇ ਦੋ ਸਾਲਾਂ ਵਿੱਚ, ਸਾਂਭ ਰੱਖੀਆਂ ਦਿਲਚਸਪ ਭਵਿੱਖੀ
ਨੁਮਾਇਸ਼ੀ ਯੋਜਨਾਵਾਂ ਦੀ ਰੂਪ-ਰੇਖਾ ਦਰਸ਼ਕਾਂ ਨਾਲ਼ ਸਾਂਝੀ ਕਰਦਾ ਹੈ। ਉਸਦੀ
ਸਹਾਇਕ ਮੁਟਿਆਰ, 'ਮਲਿਸਾ ਹੋਕਰ' ਵੀ ਤਨਦੇਹੀ ਨਾਲ਼ ਸੇਵਾ ਕਰਦੀ ਹੈ ਅਤੇ ਹਰ
ਜਗਿਆਸੂ ਦੇ ਸਵਾਲਾਂ ਦੇ ਜਵਾਬ ਬਹੁਤ ਹੀ ਧੀਰਜ ਅਤੇ ਵਿਸਥਾਰ ਸਹਿਤ ਦਿੰਦੀ
ਹੈ। ਸ਼ੁੱਕਰਵਾਰ 19 ਜੁਲਾਈ ਨੂੰ, ਵੱਖ-ਵੱਖ ਉਮਰ ਸਮੂਹਾਂ ਦੇ ਸੈਲਾਨੀਆਂ,
ਖਾਸ ਕਰ ਬੱਚਿਆਂ, ਨੂੰ ਚਾਰ ਸ਼ਾਨਦਾਰ ਕਲਾ-ਕ੍ਰਿਤ ਬੈਠਕਾਂ ਵਿੱਚ 'ਮਿੰਨੀ
ਮਹਾਰਾਜਾ ਪੈਗ ਡੌਲ', (ਕਵੀਨੀ ਪੈਗ: ਨਿੱਕੀ ਗੁੱਡੀ) ਬਣਾਉਣ ਦਾ ਸੱਦਾ
ਦਿੱਤਾ ਗਿਆ।
ਅਜਾਇਬ ਘਰ ਵਿੱਚ ਹਰ ਸੈਲਾਨੀ ਲਈ ਦਾਖਲਾ ਮੁਫਤ ਹੁੰਦਾ ਹੈ, ਜਿਸਦਾ ਉਹ
ਆਨੰਦ ਮਾਣਦੇ ਹਨ। ਮਹਾਰਾਜਾ ਦਲੀਪ ਸਿੰਘ ਦੇ ਦਿਲਚਸਪ ਜੀਵਨ ਬਾਰੇ ਵਿਸਥਾਰ
ਸਹਿਤ ਜਾਣਨ ਲਈ, ਬਿਜਲਈ ਸਕਰੀਨ ਉੱਤੇ, ਇੱਕ 'ਪੌਪ-ਅਪ ਪ੍ਰਦਰਸ਼ਨੀ' ਦੇ
ਸ਼ਿਸ਼ਟਾਚਾਰ ਜਿਸ ਵਿੱਚ 'ਦ ਬਲੈਕ ਪ੍ਰਿੰਸ' ਦੀ ਅਸਲ ਕਹਾਣੀ ਦੱਸਣ ਲਈ
ਫੋਟੋਗ੍ਰਾਫੀ ਚਿੱਤਰ, ਪੁਰਾਲੇਖ ਦਸਤਾਵੇਜ਼, ਕਾਰਟੂਨਾਂ ਸਮੇਤ ਲਿਖਤੀ ਰੂਪ
ਪੇਸ਼ ਕੀਤਾ ਗਿਆ। ਅਜਾਇਬ ਘਰ ਦੇ ਵਾਯੂਮੰਡਲ ਕਮਰਿਆਂ ਦੀ ਸੈਲਾਨੀਆਂ ਨੇ
ਜਾਂਚ, ਪੜਚੋਲ ਕਰਦੇ ਅਤੇ ਸਵਾਲ ਪੁੱਛਦੇ ਹਨ। ਇਹ ਪੁਰਾਤਨ ਲੱਕੜ ਨਾਲ
ਬਣਿਆ, ਕਿਸੇ ਵੇਲੇ ਥੈੱਟਫੋਰਡ ਦੇ ਧਨਾਡ ਵਪਾਰੀ ਦਾ ਘਰ ਹੁੰਦਾ ਸੀ। ਇਸ ਘਰ
ਨੂੰ ਖਰੀਦ ਕੇ 'ਪ੍ਰਿੰਸ ਫ੍ਰੈਡਰਿਕ ਦਲੀਪ ਸਿੰਘ' ਦੁਆਰਾ ਥੈੱਟਫੋਰਡ ਦੇ
ਲੋਕਾਂ ਨੂੰ ਇੱਕ ਅਜਾਇਬ ਘਰ ਬਣਾਉਣ ਲਈ ਦਾਨ ਕੀਤਾ ਗਿਆ ਸੀ। ਕਿਹਾ ਜਾਂਦਾ
ਹੈ ਕਿ ਉਹ ਪੜ੍ਹਾਈ ਵਿੱਚ ਵੀ ਬਹੁਤ ਹੁਸ਼ਿਆਰ ਸੀ ਅਤੇ ਅਥਾਹ ਦਾਨੀ ਵੀ। ਯਾਦ
ਰਹੇ ਉਸਨੇ ਕਦੇ ਵੀ ਵਿਆਹ ਨਹੀਂ ਸੀ ਕਰਾਇਆ। ਆਖਰੀ ਦਿਨ, ਐਤਵਾਰ
21 ਜੁਲਾਈ, ਦੇ ਮੇਲੇ ਨੂੰ ਅੰਗਰੇਜੀ ਵਿੱਚ 'ਫੈਸਟੀਵਲ ਫਨਾਲੇ’ ਕਿਹਾ
ਜਾਂਦਾ ਹੈ। ਇਹ ਦਿਨ ਲੋਕਾਂ ਵਲੋਂ ਭਾਂਤ ਭਾਂਤ ਦੇ ਪਹਿਰਾਵੇ ਵਾਲੇ ਪਾਤਰਾਂ
ਰਾਹੀਂ ਅਸਲ 'ਵਿਕਟੋਰੀਆ ਕਾਲ' ਦੀਆਂ ਕਲਾਕ੍ਰਿਤੀਆਂ ਅਤੇ ਹੋਰ ਚੀਜ਼ਾਂ ਨੂੰ
ਸੰਭਾਲਣ ਦਾ ਮੌਕਾ ਪ੍ਰਦਾਨ ਕਰਦਾ ਹੈ। ਮੇਲੇ ਵਾਲ਼ੇ ਦਿਨ ਇਸ ਤਰਾਂ ਲਗਦਾ ਹੈ
ਜਿਵੇਂ ਥੈੱਟਫੋਰਡ ਅਤੇ ਇਸਦੇ ਵਾਸੀ ਪੰਜਾਬ ਦੇ ਤਿਉਹਾਰ ਅਤੇ ਮਹਿਮਾਨਾਂ ਦੇ
ਸੁਆਗਤ ਲਈ ਉਤਸੁਕਤਾ ਨਾਲ਼ ਉਡੀਕ ਕਰ ਰਹੇ ਹੁੰਦੇ ਹਨ। ਇਹ ਇੱਕ ਅਜਿਹਾ ਮੇਲਾ
ਹੈ ਜਿਸ ਵਿੱਚ ਹਿੱਸਾ ਲੈ ਕੇ ਹਰ ਕੋਈ ਖੁਸ਼ ਹੁੰਦਾ ਹੈ। ਹਰ ਕੋਈ ਮਹਾਰਾਜਾ
ਦਲੀਪ ਸਿੰਘ ਦੇ ਪਰਿਵਾਰ ਅਤੇ ਕਸਬੇ ਨਾਲ ਉਨ੍ਹਾਂ ਦੇ ਸਬੰਧਾਂ ਬਾਰੇ ਹੋਰ
ਜਾਣਨ ਲਈ ਉਤਾਵਲਾ ਨਜਰ ਆਇਆ। ਇਸ ਸਾਲ ਦੀਆਂ ਰੌਣਕਾਂ ਵਿੱਚ ਸ਼ਾਮਲ ਹੋਣ ਲਈ
ਗਰੇਜ਼, ਗ੍ਰੇਵਜ਼ੈਂਡ, ਨੌਰਥੈਂਪਟਨ, ਬਾਰਕਿੰਗ ਅਤੇ ਸਾਊਥਾਲ ਤੋਂ ਪੰਜਾਬੀ
ਭਰੀਆਂ ਕੋਚਾਂ ਵਿੱਚ ਪਹੁੰਚੇ। ਰਾਹ ਦਾ ਸਫਰ ਵੀ ਉਹਨਾਂ ਲਈ ਯਾਦਗਾਰੀ
ਹੁੰਦਾ ਹੈ।ਮਹਾਰਾਜਾ ਦਲੀਪ ਸਿੰਘ ਦੀ ਕਬਰ 'ਤੇ ਸ਼ਰਾਧਾਂਜਲੀ ਭੇਂਟ ਕਰਨ ਅਤੇ
ਪੁਰਾਤਨ ਘਰ ਦੀ ਯਾਤਰਾ ਬਾਅਦ ਉਹ ਮੇਲੇ ਦਾ ਅਨੰਦ ਮਾਣਦੇ ਹਨ। ਇਸ ਮੇਲੇ
ਵਿੱਚ ਤਰਾਂ ਦੇ ਪਕਵਾਨ ਹਰ ਇੱਕ ਦੀ ਭੁੱਖ ਵਧਾ ਦਿੰਦੇ ਹਨ। ਕਈ
ਗਰੁੱਪ ਤਾਂ ਆਪਣੇ ਨਾਲ਼ ਪਰੌਂਠੇ ਅਤੇ ਦੇਸੀ ਖਾਣਾ ਵੀ ਨਾਲ਼ ਹੀ ਲੈ ਕੇ
ਆਉਂਦੇ ਹਨ।
ਇਸ ਸਾਲ ਦੇ ਮੇਲੇ ਵਿੱਚ 'ਹਿਚਿਨ' ਤੋਂ ਰਸ਼ਪਾਲ ਸਿੰਘ
ਪਾਲੀ ਦੀ ਟੀਮ ਨੇ ਅਤੇ ਗੁਰਦਾਸਪੁਰ 'ਚ ਪੈਂਦੇ ਧਾਰੀਵਾਲ਼ ਤੋਂ ਸ. ਜਸਵੀਰ
ਸਿੰਘ ਕਾਹਲੋਂ, ਮਨਿੰਦਰ ਕੌਰ ਕਾਹਲੋਂ ਅਤੇ ਉਹਨਾਂ ਦੀ ਬੇਟੀ ਮਨਪ੍ਰੀਤ ਕੌਰ
ਨੇ ਵੀ ਬਹੁਤ ਸਰਾਹਿਆ। ਸਟੇਜ ਤੋਂ ਢੋਲ ਬਲਾਸਟਰ ਗੁਰਚਰਨ ਮੱਲ, ਬੱਚਿਆਂ ਤੇ
ਨੌਜਵਾਨਾਂ ਵਲੋਂ ਗਤਕੇ ਦੇ ਜੌਹਰ, ਵਿਰਸਾ ਪੰਜਾਬ ਭੰਗੜਾ ਗਰੁੱਪ, ਲੈੱਸਟਰ
ਤੋਂ ਇੰਦੀ ਤੇ ਦੀਪੀ ਜੀ ਵਲੋਂ ਢੋਲ, ਅਲਗੋਜੇ 'ਤੇ ਤੂੰਬੀ ਨਾਲ਼ ਪੰਜਾਬ
ਬੋਲੀਆਂ, ਪੰਜਾਬੀ ਗਿੱਧਾ ਅਤੇ ਲੈੱਸਟਰ ਦੇ ਸਿੰਘ ਮੋਟਰਸਾਈਕਲ ਕਲੱਬ ਦੇ
ਜਵਾਨਾਂ ਨੇ ਜੌਹਰ ਦਿਖਾਏ। ਕਲਾਕਾਰਾਂ ਨੇ ਦਰਸ਼ਕਾਂ ਦਾ ਮਨੋਰੰਜਨ ਹੀ
ਨਹੀਂ ਕੀਤਾ, ਸਗੋਂ ਪੰਜਾਬੀਆਂ ਦੇ ਨਾਲ਼ ਨਾਲ਼ ਅੰਗਰੇਜਾਂ ਨੂੰ ਵੀ ਨਚਾਇਆ।
ਸਿੱਖ ਚੈਨਲ ਦੀ ਟੀਮ ਦੇ ਕੌਂ. ਸਰਦੂਲ ਸਿੰਘ ਮਾਰਵਾ, ਸ਼ਿੰਦਰਪਾਲ ਸਿੰਘ
ਮਾਹਲ ਅਤੇ ਮੁੱਖ ਕੈਮਰਾਮੈਨ ਤਲਵਿੰਦਰ ਸਿੰਘ ਭੁੱਲਰ (ਲਾਲੀ) ਨੇ ਆਪਣੇ
ਕੈਮਰੇ ਦੀ ਅੱਖ ਨਾਲ਼ ਦੁਨੀਆਂ ਭਰ ਦੇ ਪੰਜਾਬੀਆਂ ਨੂੰ ਇਸ ਮੇਲੇ ਨਾਲ਼
ਜੋੜਿਆ। ਅਨੇਕਾਂ ਦਰਸ਼ਕਾਂ ਨੇ ਸਿੱਖ ਚੈਨਲ 'ਤੇ ਪੇਸ਼ ਕੀਤੇ ਜਾਂਦੇ ਖੋਜੀ
ਅਤੇ ਮਿਆਰੀ ਪ੍ਰੋਗਰਾਮਾਂ ਲਈ ਟੀਮ ਨੂੰ ਵਧਾਈ ਦਿੱਤੀ। ਇੰਦਰਜੀਤ ਸੰਧੂ
ਵਲੋਂ ਆਏ ਸਾਰੇ ਦਰਸ਼ਕਾਂ ਦਾ ਧੰਨਵਾਦ ਕਰਨ ਦੇ ਨਾਲ਼ ਨਾਲ਼ ਸਭਨੂੰ ਅਗਲੇ ਸਾਲ
ਇਸ ਮੇਲੇ ਵਿੱਚ ਸ਼ਾਮਲ ਹੋਣ ਦਾ ਦਿਲ ਖ੍ਹੋਲ ਕੇ ਸੱਦਾ ਦਿੱਤਾ ਗਿਆ। ਪੇਸ਼ ਨੇ ਇਸ ਮੇਲੇ ਨਾਲ਼ ਸਬੰਧਿਤ ਕੁੱਝ ਅਭੁੱਲ
ਯਾਦਾਂ: ਮੇਲੇ ਦੀ ਤਿਆਰੀ ਤੇ ਹੋਰ ਜਾਣਕਾਰੀ:
https://www.youtube.com/watch?v=cjbBA4daAP0
ਸ਼ਨੀਵਾਰ, 20 ਜੁਲਾਈ ਦੇ ਦਿਨ ਦੀਆਂ ਸਰਗਰਮੀਆਂ:
https://youtu.be/kvhFQ1PxPKI ਐਤਵਾਰ, 21 ਜੁਲਾਈ,
ਮੇਲੇ ਵਾਲ਼ੇ ਦਿਨ ਦੀਆਂ ਰੌਣਕਾਂ:
https://www.youtube.com/watch?v=xlKgHqxXsJ4
|