80ਵਿਆਂ
ਦੇ ਅਰੰਭ ਵਿੱਚ ਬਰਤਾਨੀਆ ਭਰ ਵਿੱਚ ਪੰਜਾਬੀ ਅਤੇ ਪੰਜਾਬੀਆਂ ਦਾ ਬੋਲਬਾਲਾ
ਸੀ। ਇਹਨਾਂ ਸਾਲਾਂ ਵਿੱਚ ਪੰਜਾਬੀਆਂ ਵਲ੍ਹੋਂ ਅਨੇਕਾਂ ਪੰਜਾਬੀ ਸਰਗਰਮੀਆਂ
ਅਰੰਭ ਹੋਈਆਂ। ਸੰਨ 1983 ਵਿੱਚ ਸਥਾਪਤ ਹੋਈ ਸਿੱਖ ਸਿੱਖਿਆ ਪਰਿਸ਼ਦ (ਸਿੱਖ
ਐਜੂਕੇਸ਼ਨ ਕੌਂਸਲ) ਵਲ੍ਹੋਂ ਹਾਲ ਹੀ ਵਿੱਚ ਬ੍ਰਤਾਨੀਆ ਦੇ ਮੱਧ ਵਿੱਚ
ਪੈਂਦੇ ਪੰਜਾਬੀਆਂ ਦੇ ਮਸ਼ਹੂਰ ਸ਼ਹਿਰ ਲੈੱਸਟਰ ਵਿਖੇ ਕਰਵਾਈ ਗਈ ਚੌਥੀ
ਪੰਜਾਬੀ ਕਾਨਫਰੰਸ ਯੂਕੇ 2024, ਬਹੁਤ ਹੀ ਸਫਲਤਾ ਸਹਿਤ ਸਮਾਪਤ ਹੋਈ।
ਇਸ ਕਾਨਫਰੰਸ ਦੀ ਵਿਲੱਖਣਤਾ ਰਹੀ ਕਿ ਇਸ ਦੌਰਾਨ ਪੰਜਾਬੀ ਦੇ
ਸਰੋਕਾਰਾਂ ਨਾਲ਼ ਜੁੜੇ ਮੁੱਦਿਆਂ 'ਤੇ ਵਿਸਥਾਰ ਸਹਿਤ ਚਰਚਾਵਾਂ ਹੋਈਆਂ। ਇਸ
ਕਾਨਫ੍ਰੰਸ ਦੌਰਾਨ 18ਵੀਂ ਸਦੀ ਤੋਂ ਵਰਤਮਾਨ ਤੱਕ ਦਾ ਪੰਜਾਬੀ ਦਾ ਇਤਿਹਾਸ,
ਪੰਜਾਬੀ ਦੇ ਵਿਗਿਆਨਕ ਅਤੇ ਤਕਨੀਕੀ ਸ਼ਬਦਾਵਲੀ ਦਾ ਵਿਕਾਸ, ਕ੍ਰਿਤ੍ਰਿਮ
ਬੁੱਧੀ (ਬਨਾਵਟੀ ਬੁੱਧੀ ਭਾਵ ਆਰਟੀਫੀਸ਼ੀਅਲ ਇੰਟੈਲੀਜੈਂਸ) ਦੇ ਨਾਲ਼ ਨਾਲ਼
ਪੰਜਾਬ ਵਿੱਚ ਰਾਜ ਭਾਸ਼ਾ ਦੀ ਸਥਿਤੀ ਸਮੇਤ ਵਲੈਤ ਦੇ ਪੰਜਾਬੀ ਸੱਭਿਆਚਾਰ ਦੇ
ਵਿਕਾਸ ਸਮੇਤ ਬ੍ਰਤਾਨਵੀ ਸਾਹਿਤ ਦਾ ਸਫਰ ਅਤੇ ਨਾਰਵੇ ਦੇ ਸਕੂਲਾਂ ਵਿੱਚ
ਪੰਜਾਬੀ ਦੀ ਪੜ੍ਹਾਈ ਆਦਿ ਵਿਸ਼ੇ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇ। ਕਾਨਫਰੰਸ ਦੀ ਸ਼ੁਰੂਆਤ ਬ੍ਰਤਾਨਵੀ
ਸਕੂਲਾਂ ਵਿੱਚ ਪੰਜਾਬੀ ਦੀ ਪੜ੍ਹਾਈ ਸਬੰਧੀ ਅਧਿਆਪਕਾਂ ਵਲੋਂ ਕੀਤੀ ਗਈ ਜਿਸ
ਵਿੱਚ ਦਵਿੰਦਰ ਲਾਲੀ, ਕੁਲਬੀਰ ਮਾਂਗਟ ਨੇ ਬਹੁਤ ਹੀ ਵਿਸਥਾਰ ਸਹਿਤ ਆਪਣੇ
ਨਿੱਜੀ ਤਜਰਬੇ ਸਾਂਝੇ ਕੀਤੇ ਗਏ। ਇਸਨੂੰ ਵਾਲਸਾਲ, ਸਮੈਦਿਕ, ਵੈਸਟ
ਬਰੌਂਮਿਚ, ਸਾਊਥਾਲ, ਲੈਸਟਰ, ਹਿਚਿਨ, ਨੌਰਥੈਂਪਟਨ ਤੋਂ ਪਹੁੰਚੇ ਸਾਰੇ ਹੀ
ਅਧਿਆਪਕਾਂ ਸਮੇਤ ਨੌਰਵੇ ਦੇ ਸ਼ਹਿਰ ਓਸਲੋ ਦੇ ਪੰਜਾਬੀ ਸਕੂਲ ਦੇ ਮੁੱਖ
ਅਧਿਆਪਕਾ ਬਲਵਿੰਦਰ ਕੌਰ ਜੀ ਵਲ੍ਹੋਂ ਬਹੁਤ ਹੀ ਸਰਾਹਿਆ। ਸਭ ਨੇ ਮਹਿਸੂਸ
ਕੀਤਾ ਕਿ ਇਹ ਬਹੁਤ ਹੀ ਲਾਜਮੀ ਅਤੇ ਚੁਣੌਤੀਆਂ ਭਰਪੂਰ ਕਾਰਜ ਹੈ ਅਤੇ ਹਰ
ਸੁਹਿਰਦ ਪੰਜਾਬੀ ਨੂੰ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ। ਇਸ
ਕਾਨਫਰੰਸ ਵਿੱਚ ਸਾਹਿਤ, ਪੰਜਾਬੀ ਭਾਸ਼ਾ ਨਾਲ਼ ਸਬੰਧਤ ਧਾਰਮਿਕ, ਸਮਾਜਿਕ,
ਰਾਜਨੀਤਕ ਵਿਗਿਆਨਕ, ਤਕਨੀਕੀ ਸਰੋਕਾਰਾਂ ਨੂੰ ਉਚੇਚੇ ਤੌਰ 'ਤੇ ਪਹਿਲ
ਦਿੱਤੀ ਗਈ।
ਕਾਨਫਰੰਸ ਦੇ ਪਹਿਲੇ ਦਿਨ ਦੀ ਉਦਘਾਟਨੀ ਰਸਮ ਦੌਰਾਨ
ਕੰਵਰ ਸਿੰਘ ਬਰਾੜ ਨੇ ਸਥਾਨਕ ਜਾਣਕਾਰੀ ਸਾਂਝੀ ਕੀਤੀ। ਉਪ੍ਰੰਤ ਸਥਾਨਕ
ਗੁਰਦਵਾਰਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਟ੍ਰਸਟੀ ਸ. ਸੁਖਦੇਵ ਸਿੰਘ
ਬਾਂਸਲ ਜੀ ਨੇ ਆਏ ਮਹਿਮਾਨਾਂ ਦਾ ਰਸ-ਭਿੰਨਾ ਸੁਆਗਤ ਕੀਤਾ। ਇਸ ਤੋਂ ਬਾਅਦ
ਉਦਘਾਟਨੀ ਭਾਸ਼ਨ ਵਿੱਚ ਡਾ. ਪਰਗਟ ਸਿੰਘ ਜੀ ਨੇ ਕਾਨਫਰੰਸ ਦੇ ਉਦੇਸ਼ ਅਤੇ
ਟੀਚਿਆਂ ਬਾਰੇ ਵਿਸਥਾਰ ਸਹਿਤ ਚਾਨਣਾ ਪਾਇਆ।
ਅਧਿਆਪਕਾਂ ਦੀ
ਪਹਿਲੀ ਬੈਠਕ ਬਾਅਦ ਦੂਜੀ ਬੈਠਕ ਵਿੱਚ 'ਪੰਜਾਬੀ ਭਾਸ਼ਾ ਦਸ਼ਾ ਤੇ ਦਿਸ਼ਾ'
ਵਿਸ਼ੇ ਤਹਿਤ ਕੁੰਜੀਵਤ ਪਰਚਾ "ਪੰਜਾਬੀ ਭਾਸ਼ਾ ਜਿੱਥੇ ਹੈ, ਇੱਥੇ ਕਿਉਂ?”
ਡਾ. ਬਲਦੇਵ ਸਿੰਘ ਕੰਦੋਲਾ ਨੇ ਆਪਣਾ ਵਿਸਥਾਰ ਸਹਿਤ, ਸਚਿੱਤਰ ਖੋਜ ਪੱਤਰ
ਪੇਸ਼ ਕੀਤਾ। ਪਰਚੇ ਦੇ ਅੰਤ ਵਿੱਚ ਉਹਨਾਂ ਨਿੱਜੀ ਤਜਰਬਿਆਂ 'ਤੇ ਅਧਾਰਤ
ਮੌਜੂਦਾ ਸਮੇਂ ਵਿੱਚ ਪੰਜਾਬੀ ਨੂੰ ਦਰਪੇਸ਼ ਦੁਸ਼ਵਾਰੀਆਂ ਦੀ ਨਿਸ਼ਾਨਦੇਹੀ ਵੀ
ਕੀਤੀ। ਉਹਨਾਂ 'ਨਿਸ਼ਕਰਸ਼ ਅਤੇ ਸਿਫਾਰਸ਼ਾਂ' 'ਤੇ ਗੱਲ ਕਰਦਿਆਂ ਮੌਜੂਦਾ
ਚੁਣੌਤੀਆਂ ਉੱਤੇ ਵੀ ਰੋਸ਼ਨੀ ਪਾਈ। ਇਸ ਬੈਠਕ ਦੀ ਸੰਚਾਲਨ ਦੀ ਜੁੰਮੇਵਾਰੀ
ਨੂੰ ਕੰਵਰ ਸਿੰਘ ਬਰਾੜ ਨੇ ਖੂਬ ਨਿਭਾਇਆ।
ਤੀਸਰੀ ਬੈਠਕ ਵਿੱਚ
"ਪੰਜਾਬੀ ਭਾਸ਼ਾ ਦੀ ਸਿੱਖਿਆ-ਪੰਜਾਬ ਤੋਂ ਬਾਹਰ ਤੇ ਤਕਨੀਕੀ ਸੰਦਰਭ" ਵਿੱਚ
ਬਲਵਿੰਦਰ ਕੌਰ ਨਾਰਵੇ, ਡਾ. ਜਸਵੀਰ ਕੌਰ ਪੰਜਾਬੀ ਯੂਨੀਵਰਸਿਟੀ ਪਟਿਆਲਾ
ਅਤੇ ਡਾ. ਅਮਜਦ ਅਲੀ ਭੱਟੀ ਇਸਲਾਮਾਬਾਦ ਨੇ ਭਾਗ ਲਿਆ। ਪਹਿਲੇ ਦੋ
ਬੁਲਾਰਿਆਂ ਨੇ ਆਪਣੀ ਗੱਲ ਨੂੰ ਕੰਧ 'ਤੇ ਲੱਗੇ ਵਿਸ਼ਾਲ ਪਰਦੇ ਉੱਤੇ
ਤਸਵੀਰਾਂ ਦਿਖਾ ਕੇ ਪੇਸ਼ ਕਰਨ ਦਾ ਯਤਨ ਕੀਤਾ, ਜਿਸ ਵਿੱਚ ਉਹ ਕਾਫੀ ਹੱਦ
ਤੱਕ ਸਫਲ ਹੋਏ। ਇਸ ਸੈਸ਼ਨ ਦਾ ਸੰਚਾਲਨ ਸ. ਸ਼ਿੰਦਰਪਾਲ ਸਿੰਘ ਨੇ ਨਿਭਾਇਆ।
ਚੌਥੀ ਬੈਠਕ ਜਿਸ ਵਿੱਚ "ਪੰਜਾਬੀ ਭਾਸ਼ਾ -ਪਿਛੋਕੜ ਤੇ ਵਿਕਾਸ"
ਵਿੱਚ ਦਲਜਿੰਦਰ ਸਿੰਘ ਰਹਿਲ ਨੇ ਪੰਜਾਬੀ ਭਾਸ਼ਾ ਦਾ ਇਤਿਹਾਸ "ਆਦਿ ਕਾਲ
ਤੋਂ ਗੁਰੂਕਾਲ ਤੱਕ" ਵਿਸ਼ੇ 'ਤੇ ਪਰਚਾ ਪੇਸ਼ ਕੀਤਾ। ਇਸ ਬੈਠਕ ਦੇ ਸੰਚਾਲਨ
ਦੀ ਜੁੰਮੇਵਾਰੀ ਸੁਜਿੰਦਰ ਸਿੰਘ ਸੰਘਾ (ਪ੍ਰਿੰ. ਡਾ.) ਜੀ ਵਲੋਂ ਬਾਖੂਬੀ
ਨਿਭਾਈ ਗਈ। ਸ਼ਾਮ ਦੀ ਸਾਹਿਤਕ ਬੈਠਕ ਵਿੱਚ ਨੁਜਹਤ ਅੱਬਾਸ ਨੇ
ਵੱਖਰੇ ਅੰਦਾਜ਼ ਵਿੱਚ ਬੋਲੀ ਨੂੰ ਸਮਰਪਿਤ ਕਲਾ ਕ੍ਰਿਤ ਪੇਸ਼ ਕੀਤੀ ਜਿਸ ਦੇ
ਬਾਅਦ ਗੱਲਬਾਤ ਤੇ ਵਿਚਾਰ ਚਰਚਾ ਮੰਚ ਦਾ ਆਯੋਜਨ ਕੀਤਾ ਗਿਆ। ਇਸ ਵਿੱਚ
ਹਰਵਿੰਦਰ ਸਿੰਘ ਚੰਡੀਗੜ੍ਹ, ਡਾ. ਅਮਜਦ ਅਲੀ ਭੱਟੀ ਇਸਲਾਮਾਬਾਦ, ਡਾ.
ਜਸਵੀਰ ਕੌਰ ਪਟਿਆਲਾ ਅਤੇ ਹਰਵਿੰਦਰ ਸਿੰਘ ਲੰਡਨ ਨੇ ਭਾਗ ਲਿਆ। ਇਸ ਬੈਠਕ
ਦਾ ਸੰਚਾਲਨ ਬਲਵਿੰਦਰ ਸਿੰਘ ਚਾਹਲ ਵੱਲੋਂ ਕੀਤਾ ਗਿਆ। ਉਪਰੰਤ ਇੱਕ ਕਵੀ
ਦਰਬਾਰ ਕੀਤਾ ਗਿਆ ਜਿਸ ਵਿੱਚ ਆਏ ਕਵੀਆਂ ਵੱਲੋਂ ਭਾਗ ਲਿਆ ਗਿਆ ਜਿਹਨਾਂ
ਵਿੱਚ ਡਾ ਕਰਨੈਲ ਸ਼ੇਰਗਿੱਲ, ਕਵੈਂਟਰੀ ਤੋਂ ਸੰਤੋਖ ਹੇਅਰ, ਸੁਰਿੰਦਰਪਾਲ
ਸਿੰਘ, ਕੁਲਵੰਤ ਸਿੰਘ ਢੇਸੀ, ਕਿਰਪਾਲ ਸਿੰਘ ਪੂਨੀ, ਦਲਜਿੰਦਰ ਸਿੰਘ ਰਹਿਲ,
ਰੁਪਿੰਦਰਜੀਤ ਕੌਰ, ਸ਼ਿੰਦਰਪਾਲ ਸਿੰਘ, ਕੇਹਰ ਸਿੰਘ, ਅਜਾਇਬ ਸਿੰਘ ਗਰਚਾ,
ਡਾ. ਭੱਟੀ, ਕੰਵਰ ਸਿੰਘ ਬਰਾੜ, ਬਲਵਿੰਦਰ ਸਿੰਘ ਚਾਹਲ ਅਤੇ ਸ਼ਿੰਗਾਰਾ ਸਿੰਘ
ਨੇ ਭਾਗ ਲਿਆ। ਕਾਨਫਰੰਸ ਦੇ ਦੂਸਰੇ ਦਿਨ ਦੀ ਸ਼ੁਰੂਆਤ "ਪੰਜਾਬੀ
ਭਾਸ਼ਾ-ਪਿਛੋਕੜ ਤੇ ਵਿਕਾਸ" ਸਬੰਧੀ ਵਿਸ਼ੇ ਉੱਤੇ ਬੈਠਕ ਵਿੱਚ ਡਾ. ਅਵਤਾਰ
ਸਿੰਘ, ਬਲਵਿੰਦਰ ਸਿੰਘ ਚਾਹਲ, ਡਾ. ਨਰਿੰਦਰ ਸਿੰਘ ਪਟਿਆਲਾ ਨੇ ਭਾਗ ਲਿਆ।
ਇਸ ਬੈਠਕ ਦਾ ਸੰਚਾਲਨ ਪ੍ਰਿੰ.ਡਾ. ਸੁਜਿੰਦਰ ਸਿੰਘ ਸੰਘਾ ਨੇ ਕੀਤਾ।
ਅਗਲੀ ਬੈਠਕ "ਪੰਜਾਬੀ ਭਾਸ਼ਾ ਅਜੋਕੀਆਂ ਸਥਿਤੀਆਂ ਅਤੇ ਚਿੰਤਨ" ਵਿਸ਼ੇ
'ਤੇ ਹੋਈ ਜਿਸ ਵਿੱਚ ਪ੍ਰੋ. ਜਸਪਾਲ ਸਿੰਘ ਇਟਲੀ, ਨੁਜਹਤ ਅੱਬਾਸ ਆਕਸਫੌਰਡ
ਅਤੇ ਡਾ. ਸੁਜਿੰਦਰ ਸਿੰਘ ਸੰਘਾ ਨੇ ਭਾਗ ਲਿਆ। ਇਸ ਬੈਠਕ ਦੇ ਸੰਚਾਲਨ ਦੀ
ਸੇਵਾ ਸ. ਸ਼ਿੰਦਰਪਾਲ ਸਿੰਘ ਨੇ ਨਿਭਾਈ। ਉਹਨਾਂ ਨੇ ਕੁੱਝ ਇੱਕ ਵਰਤੇ ਗਏ
ਬੇਲੋੜੇ ਅੰਗਰੇਜੀ ਸ਼ਬਦਾਂ ਬਾਰੇ ਸੁਰਜੀਤ ਪਾਤਰ ਜੀ ਦੀਆਂ ਸਤਰਾਂ "ਮਰ ਰਹੀ
ਹੈ ਮੇਰੀ ਭਾਸ਼ਾ - ਸ਼ਬਦ ਸ਼ਬਦ ..." ਦੀ ਵੀ ਯਾਦ ਦਿਵਾਈ। "ਪੰਜਾਬੀ
ਭਾਸ਼ਾ - ਸਮਾਜਿਕ ਧਾਰਮਿਕ ਤੇ ਰਾਜਨੀਤਕ ਸੰਦਰਭ" ਬੈਠਕ ਦੌਰਾਨ ਡਾ ਪਰਗਟ
ਸਿੰਘ ਨੇ ਆਪਣਾ ਪਰਚਾ ਬਹੁਤ ਹੀ ਵਿਸਥਾਰ ਸਹਿਤ ਪੇਸ਼ ਕੀਤਾ। ਇਸ ਪਰਚੇ ਦੇ
ਕਈ ਪਹਿਲੂਆਂ 'ਤੇ ਭਰਪੂਰ ਅਤੇ ਸਿਹਤਮੰਦ ਬਹਿਸ ਵੀ ਹੋਈ।
ਕਾਨਫਰੰਸ ਦੀ ਆਖਰੀ ਬੈਠਕ ਵਿੱਚ ਪੰਜਾਬੀ ਭਾਸ਼ਾ ਤੇ "ਕ੍ਰਿਤ੍ਰਿਮ ਬੁੱਧੀ"
(ਆਰਟੀਫਿਸ਼ਲ ਇੰਟੈਲੀਜੈਂਸ) ਵਿਸ਼ੇ ਉੱਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ
(ਪੰਯੂਪ) ਤੋਂ ਪਹੁੰਚੇ ਡਾ. ਰਾਜਵਿੰਦਰ ਸਿੰਘ ਨੇ ਆਪਣਾ ਬਹੁਤ ਮਿਹਨਤ ਨਾਲ
ਤਿਆਰ ਕੀਤਾ, ਕਮਾਲ ਦਾ ਖੋਜ ਪੱਤਰ ਪੇਸ਼ ਕੀਤਾ। ਇਸ ਪਰਚੇ 'ਤੇ ਵੀ ਭਰਪੂਰ
ਚਰਚਾ ਹੋਈ। ਕੰਵਰ ਸਿੰਘ ਬਰਾੜ ਨੇ ਕਿਹਾ ਕਿ ਉਨ੍ਹਾਂ ਵਲੋਂ ਇਸ ਵਿਸ਼ੇ 'ਤੇ
ਹੁਣ ਤੱਕ ਦੀਆਂ ਪੰਜਾਬੀ ਵਿੱਚ ਪੇਸ਼ ਕੀਤੀਆਂ ਗਈਆਂ ਪੇਸ਼ਕਾਰੀਆਂ ਵਿੱਚੋਂ ਇਹ
ਸਭ ਤੋਂ ਆਹਲਾ ਦਰਜੇ ਦੀ ਪੇਸ਼ਕਾਰੀ ਸੀ। ਇਹ ਪੇਸ਼ਕਾਰੀ ਵਾਕਈ ਵਿਸ਼ੇ ਨਾਲ਼
ਸਬੰਧਤ ਭਰਪੂਰ ਜਾਣਕਾਰੀ ਨਾਲ਼ ਲਬਰੇਜ਼ ਸੀ। ਅਨੇਕਾਂ ਸਵਾਲਾਂ ਦਾ ਨਿਚੋੜ ਸੀ
ਕਿ "ਕ੍ਰਿਤ੍ਰਿਮ ਭਾਵ ਮਸਨੂਈ ਬੁੱਧੀ" ਨੂੰ ਵਰਤਣ ਲਈ ਵੀ ਹਰ ਵਿਅਕਤੀ ਕੋਲ਼
ਆਪਣੀ ਅਸਲ ਬੁੱਧੀ ਦਾ ਹੋਣਾ ਲਾਜਮੀ ਹੈ। ਇਸ ਦੀ ਸਹੀ ਵਰਤੋਂ ਕਰਨ ਅਤੇ ਸਹੀ
ਨਤੀਜੇ ਲੱਭਣ ਲਈ ਵੀ ਕੰਪਿਊਟਰ ਅਤੇ ਪੰਜਾਬੀ ਯੂਨੀਕੋਡ ਕੀਬੋਰਡ ਦੀ ਵਰਤੋਂ
ਵੀ ਲਾਜਮੀ ਹੈ। "ਕ੍ਰਿਤ੍ਰਿਮ ਬੁੱਧੀ" ਵੀ ਇੰਟਰਨੈੱਟ 'ਤੇ ਪੰਜਾਬੀ ਵਿੱਚ
ਪਈ ਸਮੁੱਚੀ ਜਾਣਕਾਰੀ ਵਿੱਚੋਂ ਸਿਰਫ ਯੂਨੀਕੋਡ ਲਿਖਤ ਵਿਧਾਨ ਦੁਆਰਾ ਉਪਲਬਧ
ਕਰਾਈ ਗਈ ਜਾਣਕਾਰੀ ਨੂੰ ਹੀ ਵਰਤ ਕੇ ਵਰਤੋਂਕਾਰ ਦੇ ਸਵਾਲਾਂ ਦਾ ਜਵਾਬ ਜਾਂ
ਮਸਲੇ ਦਾ, ਕੁੱਝ ਹੱਦ ਤੱਕ ਹੀ, ਹੱਲ ਕਰ ਸਕਦੀ ਜਾਂ ਸੁਝਾਅ ਸਕਦੀ ਹੈ।
ਇੱਕ ਸਵਾਲ ਦੇ ਜਵਾਬ ਵਿੱਚ ਡਾ. ਰਾਜਵਿੰਦਰ ਸਿੰਘ ਜੀ ਨੇ ਕਿਹਾ ਇਸਤੋਂ
ਅਨੇਕਾਂ ਆਸਾਂ ਵੀ ਹਨ ਅਤੇ ਇਸਦੇ ਆਪਣੇ ਡਰ ਵੀ ਹਨ। ਅੰਤ ਵਿੱਚ
ਡਾ. ਪਰਗਟ ਸਿੰਘ ਨੇ ਆਪਣੇ ਧੰਨਵਾਦੀ ਭਾਸ਼ਨ ਵਿੱਚ ਪੰਜਾਬੀ ਕਾਨਫਰੰਸ ਯੂਕੇ
ਦੀਆਂ ਪ੍ਰਾਪਤੀਆਂ ਅਤੇ ਇਸਦੇ ਭਵਿੱਖਤ ਟੀਚਿਆਂ ਬਾਰੇ ਜਾਣਕਾਰੀ ਦਿੱਤੀ।
ਉਹਨਾਂ ਨੇ ਕਿਸੇ ਵੀ ਤਰਾਂ ਦੇ ਝੰਜਟ ਤੋਂ ਬਚਣ ਲਈ ਅਗਲੇ ਸਾਲ ਹੋਣ ਵਾਲੀ
ਪੰਜਾਬੀ ਕਾਨਫਰੰਸ 2025 ਦੀਆਂ ਤਰੀਕਾਂ, 5-6 ਜੁਲਾਈ ਦਾ ਵੀ ਐਲਾਨ ਕੀਤਾ।
ਨਾਲ਼ ਹੀ ਉਹਨਾਂ ਕਿਹਾ ਕਿ ਕਾਨਫਰੰਸ ਦੇ ਸਥਾਨ ਦੇ ਫੈਸਲੇ ਬਾਰੇ
ਅਗਲੇ ਸਾਲ ਦੇ ਸ਼ੁਰੂ ਵਿੱਚ ਹੀ ਦੱਸ ਦਿੱਤਾ ਜਾਵੇਗਾ। 'ਸਿੱਖ ਸਿੱਖਿਆ
ਪਰਿਸ਼ਦ ਯੂਕੇ' ਵਲੋਂ ਪ੍ਰਵਾਸੀ ਮਹਿਮਾਨ ਅਦੀਬਾਂ ਦਾ, ਜੋ ਆਪਣੇ ਖਰਚੇ 'ਤੇ,
ਆਪਣੇ ਕੀਮਤੀ ਸਮੇਂ 'ਚੋਂ ਸਮਾਂ ਕੱਢ ਕੇ ਆਏ, ਵਿਸ਼ੇਸ਼ ਸਨਮਾਨ ਵੀ ਕੀਤਾ
ਗਿਆ। ਅਣਥੱਕ ਸੇਵਾਦਾਰਾਂ ਦੇ ਨਾਲ ਪੀਟੀਸੀ ਦੇ ਪ੍ਰਤੀਨਿੱਧ ਹਰਜਿੰਦਰ ਢੱਡਾ
ਦਾ ਵੀ ਧੰਨਵਾਦ ਕੀਤਾ ਗਿਆ। ਇਸ ਕਾਨਫਰੰਸ ਦੀ ਕਾਮਯਾਬੀ ਵਿੱਚ ਹਰਵਿੰਦਰ
ਸਿੰਘ, ਤਜਿੰਦਰ ਕੌਰ, ਹਰਮਿੰਦਰ ਸਿੰਘ ਜਗਦੇਵ, ਬਲਵਿੰਦਰ ਸਿੰਘ ਚਾਹਲ,
ਕੰਵਰ ਸਿੰਘ ਬਰਾੜ, ਅਮਰਜੀਤ ਸਿੰਘ, ਮੁਖਤਿਆਰ ਸਿੰਘ, ਮੁੱਖ ਸਕੱਤਰ ਗੁਰੂ
ਤੇਗ ਬਹਾਦਰ ਗੁਰਦਵਾਰਾ ਲੈਸਟਰ ਸਮੇਤ ਸਿੱਖ ਸਿੱਖਿਆ ਪਰਿਸ਼ਦ ਦੀ ਸਮੁੱਚੀ
ਟੀਮ ਦਾ ਵਡਮੁੱਲਾ ਯੋਗਦਾਨ ਰਿਹਾ। ਸਭ ਨੇ ਅਗਲੇ ਸਾਲ 5-6 ਜੁਲਾਈ ਨੂੰ ਹੋਣ
ਵਾਲ਼ੀ ਕਾਨਫਰੰਸ ਵਿੱਚ ਸ਼ਾਮਲ ਹੋਣ ਦੇ ਵਾਅਦੇ ਨਾਲ਼ ਇੱਕ ਦੂਜੇ ਤੋਂ ਵਿਦਿਆ
ਲਈ। ਕੁੱਲ ਮਿਲ਼ਾ ਕੇ ਇਹ ਕਾਨਫਰੰਸ ਯਾਦਗਾਰੀ ਹੋ ਨਿੱਬੜੀ।
|