'ਭਾਰਤੀ
ਭਾਈਚਾਰਕ ਕੇਂਦਰ ਸਭਾ' (ICCA) ਵਲੋਂ ਆਪਣਾ ਸਾਲਾਨਾ ਸਮਾਗਮ, 'ਇੰਡੀਅਨ
ਕਮਿਊਨਿਟੀ ਸੈਂਟਰ', ਨੌਟੀਗਮ ਵਿਖੇ ਖਚਾਖਚ ਭਰੇ ਹਾਲ ਵਿੱਚ ਬਹੁਤ ਹੀ
ਉਤਸ਼ਾਹ ਨਾਲ਼ ਮਨਾਇਆ ਗਿਆ। ਬਹੁਤ ਹੀ ਸ਼ਾਨਦਾਰ ਸੈਂਟਰ ਦੇ, ਬਹੁਤ ਹੀ
ਖੂਬਸੂਰਤ, ਸਾਫ ਸੁਥਰੇ ਅਤੇ ਸਲੀਕੇ ਨਾਲ਼ ਸਜਾਏ ਹਾਲ ਵਿੱਚ ਸਭ ਤੋਂ ਪਹਿਲਾਂ
ਦੂਰੋਂ ਨੇੜਿਓਂ ਆਏ ਮਹਿਮਾਨਾਂ ਨੂੰ ਗਰਮ ਗਰਮ ਚਾਹ ਕੌਫੀ ਅਤੇ ਸਮੋਸੇ
ਟਿੱਕੀਆਂ ਨਾਲ਼ ਗਰਮ ਕੀਤਾ ਗਿਆ।
ਸ਼ੁਰੂ ਵਿੱਚ 'ਸੁਰਿੰਦਰ ਰਾਏ' ਜੀ
ਨੇ ਕਿਸੇ ਵੀ ਤਰਾਂ ਦੀ ਆਪੱਤੀ ਵੇਲੇ ਸ੍ਵੈ-ਬਚਾਅ ਸਬੰਧੀ ਜਰੂਰੀ ਤੇ
ਲੋੜੀਂਦੀ ਜਾਣਕਾਰੀ ਦਿੱਤੀ। ਪ੍ਰੋਗਰਾਮ ਦੇ ਅਰੰਭ ਤੋਂ ਪਹਿਲਾਂ ਇਸ ਸੁਚੱਜੇ
ਸਮਾਗਮ ਦੇ ਕਰਤਾ ਧਰਤਾ, ਦੇਸ਼ ਵਿਦੇਸ਼ ਵਿੱਚ ਜਾਣੇ ਪਛਾਣੇ ਪ੍ਰਸਿੱਧ
ਸਾਹਿਤਕਾਰ ਸ਼੍ਰੀ 'ਸੰਤੋਖ ਧਾਲ਼ੀਵਾਲ' ਜੀ ਨੇ ਸਟੇਜ 'ਤੇ ਆ ਕੇ ਸਭ ਤੋਂ
ਪਹਿਲਾਂ ਮਾਈਕ ਆਪਣੇ ਮੇਚ ਦਾ ਕਰਦਿਆਂ ਆਪਣੇ ਖਾਸ ਅੰਦਾਜ ਵਿੱਚ ਆਪਣੀ
ਸਹਿਯੋਗੀ ਟੀਮ ਦੀ ਜਾਣ ਪਛਾਣ ਕਰਾਈ। ਇਸਤੋਂ ਬਾਅਦ ਉਹਨਾਂ ਨੇ ਸਭਾ ਦੀ
ਮੁਖੀ (ਚੇਅਰ ਪਰਸਨ) ਸ਼੍ਰੀਮਤੀ 'ਨਿਸ਼ੀ ਸੈਣੀ' ਜੀ ਨੂੰ ਹਾਜਰ ਮਹਿਮਾਨਾਂ ਲਈ
ਸਵਾਗਤੀ ਸ਼ਬਦ ਕਹਿਣ ਦਾ ਸੱਦਾ ਦਿੱਤਾ, ਜਿਹਨਾਂ ਨੇ ਨਿੱਘੇ ਸ਼ਬਦਾਂ ਨਾਲ਼
ਵਿਸ਼ੇਸ਼ ਅਦਾ ਵਿੱਚ ਸਭ ਦਾ ਸੁਆਗਤ ਕੀਤਾ। ਉਹਨਾਂ ਤੋਂ ਬਾਦ ਸੰਤੋਖ
ਧਾਲੀਵਾਲ ਜੇ ਨੇ ਪ੍ਰਧਾਨਗੀ ਮੰਡਲ ਨੂੰ ਸਟੇਜ 'ਤੇ ਇੰਤਜਾਰ ਕਰਦੀਆਂ
ਕੁਰਸੀਆਂ ਨੂੰ ਮੱਲਣ ਦਾ ਹੁਕਮ ਕੀਤਾ। ਇਸ ਪਹਿਲੇ ਸੈਸ਼ਨ ਦੇ ਪ੍ਰਧਾਨਗੀ
ਮੰਡਲ ਵਿੱਚ ਪ੍ਰੋ. ਉਂਕਾਰ ਸਿੰਘ, ਸੁਖਦੇਵ ਸਿੰਘ ਬਾਂਸਲ, ਕਿਰਪਾਲ
ਸਿੰਘ ਪੂਨੀ, ਡਾ. ਬਲਦੇਵ ਸਿੰਘ ਕੰਦੋਲਾ ਅਤੇ ਸ਼ਿੰਦਰਪਾਲ ਸਿੰਘ ਸ਼ਾਮਲ ਹੋਏ।
ਪ੍ਰੋਗਰਾਮ ਦੋ ਹਿੱਸਿਆਂ ਵਿੱਚ ਸੀ। ਪਹਿਲੇ ਭਾਗ ਵਿੱਚ ਭਾਰਤ ਦੀ
ਅਜ਼ਾਦੀ ਦੇ ਸੂਰਬੀਰ ਸ਼ਹੀਦਾਂ ਨੂੰ ਭਾਵ ਭਿੰਨੀ ਸ਼ਰਧਾਂਜਲੀ ਪੇਸ਼ ਕੀਤੀ ਗਈ।
'ਰਜਿੰਦਰਜੀਤ' ਦਾ ਨਵਾਂ ਕਾਵਿ ਸੰਗ੍ਰਹਿ 'ਸੂਲ਼ਾਂ ਸੇਤੀ ਰਾਤਿ' ਲੋਕ ਅਰਪਿਤ
ਕੀਤਾ ਗਿਆ। ਨੌਟੀਗਮ ਦੇ ਸਥਾਨਕ ਕਲਾਕਾਰਾਂ ਦੀਆਂ ਕਲਾ ਕਿਰਤਾਂ ਦੀ ਨੁਮਾਇਸ਼
ਦੇ ਨਾਲ਼ ਜੇਤੂ ਕਲਾਕਾਰਾਂ ਨੂੰ ਸਨਮਾਨਿਤ ਕੀਤਾ ਗਿਆ।
ਪ੍ਰੋਗਰਾਮ
ਦੇ ਪਹਿਲੇ ਭਾਗ ਦੀ ਸ਼ੁਰੂਆਤ ਸੁਖਦੇਵ ਸਿੰਘ ਬਾਂਸਲ ਦੇ ਵਿਚਾਰਾਂ ਨਾਲ਼ ਸ਼ੁਰੂ
ਹੋਈ, ਜਿਹਨਾਂ ਦੇ ਵਿਸ਼ੇਸ਼ ਅੰਦਾਜ ਨਾਲ਼ ਸਰੋਤੇ ਕੀਲੇ ਗਏ। ਸ਼ਹਾਦਤਾਂ
ਦੇ ਸੰਦਰਭ 'ਚ ਮੌਜੂਦਾ ਸਮੇਂ ਦੌਰਾਨ ਮਨੁੱਖਤਾ ਨੂੰ ਆਪਣੀ ਗੁਲਾਮ
ਮਾਨਸਿਕਤਾ ਤੋਂ ਛੁਟਕਾਰਾ ਪਾਉਣ ਦੀ ਜਾਚ ਅਤੇ ਜੁਗਤਾਂ 'ਤੇ ਭਰਪੂਰ ਚਾਨਣਾ
ਪਾਉਣ ਦੇ ਨਾਲ਼ ਹੀ ਉਹਨਾਂ 'ਜੋਤ ਸਰੂਪ' ਮਨ ਦੀ ਪਛਾਣ ਕਰਨ ਅਤੇ ਇਸਤੋਂ
ਚਾਨਣ ਲੈ ਕੇ ਜੀਵਨ ਮੁਕਤੀ ਦਾ ਰਾਹ ਵੀ ਦਰਸਾਇਆ। ਸਮੇਂ ਦੀ ਘਾਟ ਕਾਰਨ
ਉਹਨਾਂ ਨੂੰ ਆਪਣੇ ਵਿਚਾਰ ਸੰਕੋਚਣੇ ਪਏ। ਉਹਨਾਂ ਤੋਂ ਬਾਅਦ ਪ੍ਰੋ. ਉਂਕਾਰ
ਸਿੰਘ ਨੇ ਸ਼ਹੀਦੇ-ਆਜ਼ਮ ਸ. ਭਗਤ ਸਿੰਘ ਦੇ ਜੀਵਨ 'ਤੇ ਵਿਸਤ੍ਰਿਤ ਤੇ
ਜਾਣਕਾਰੀ ਭਰਪੂਰ ਉਲੇਖ ਸਾਂਝਾ ਕੀਤਾ। ਇਸਤੋਂ ਬਾਅਦ
ਸੰਤੋਖ ਧਾਲੀਵਾਲ ਨੇ ਕਾਵਿ ਸੰਗ੍ਰਿਹ 'ਸੂਲ਼ਾਂ ਸੇਤੀ ਰਾਤਿ' ਦੀ ਗੱਲ
ਕਰਦਿਆਂ ਰਜਿੰਦਰਜੀਤ ਦੇ ਕਾਵਿਕ ਸਫਰ ਨੇ ਨਾਲ਼ ਨਾਲ਼ ਉਸਦੀ ਗਜਲ ਦੀਆਂ
ਬਰੀਕੀਆਂ 'ਤੇ ਪਕੜ ਦੀ ਗੱਲ ਉਸਦੇ ਸ਼ੇਅਰਾਂ ਦੇ ਹਵਾਲੇ ਦੇ ਕੇ ਪੇਸ਼ ਕੀਤੀ।
ਉਹਨਾਂ ਕਿਹਾ ਕਿ ਰਜਿੰਦਰਜੀਤ ਦਾ ਨਾਮ ਬਰਤਾਨੀਆ ਦੇ ਮੌਜੂਦਾ ਚੋਣਵੇਂ
ਨਾਮਵਰ ਗਜਲਗੋਆਂ ਵਿੱਚ ਸ਼ੁਮਾਰ ਹੈ। 'ਜਸਵਿੰਦਰ ਰੱਤੀਆਂ' ਨੇ
'ਸੂਲ਼ਾਂ ਸੇਤੀ ਰਾਤਿ' ਉੱਤੇ ਪੰਜਾਬ ਤੋਂ ਲਿਖੇ ਆਏ 'ਵਾਹਿਦ' ਦੇ ਪਰਚੇ ਨੂੰ
ਪੜ੍ਹਕੇ ਨਾਲ਼ ਸਾਂਝਾ ਕੀਤਾ ਜਿਸਨੂੰ ਸਭ ਨੇ ਬਹੁਤ ਪਸੰਦ ਕੀਤਾ।
ਉਪਰੰਤ ਰਜਿੰਦਰਜੀਤ ਨੇ ਡੇੜ੍ਹ ਕੁ ਦਹਾਕਾ ਪਹਿਲਾਂ ਇਸੇ ਸਭਾ ਵਲੋਂ
ਲੋਕ ਅਰਪਿਤ ਕੀਤੇ ਗਏ ਉਸਦੇ ਪਹਿਲੇ ਕਾਵਿ ਸੰਗ੍ਰਹਿ ਦੀਆਂ ਯਾਦਾ ਸਾਂਝੀਆਂ
ਕੀਤੀਆਂ ਅਤੇ ਆਪਣੀਆਂ ਦੋ ਗਜਲਾਂ ਸੁਣਾ ਕੇ ਸਰੋਤਿਆਂ ਤੋਂ ਦਾਦ ਦੇ ਨਾਲ਼
ਪਿਆਰ ਲਿਆ। ਇਸਤੋਂ ਬਾਅਦ 'ਹਰਮਿੰਦਰ ਨਾਗੀ' ਨੇ ਚਿੱਤਰਕਾਰੀ ਨੂੰ
ਹੱਲਾਸ਼ੇਰੀ ਦੇਣ ਲਈ ਆਪਣੀ ਸਭਾ ਵਲੋਂ ਅਰੰਭੇ ਯਤਨਾਂ ਬਾਰੇ ਚਾਨਣਾ ਪਾਇਆ।
ਸਭ ਦੀ ਚਿੱਤਰਕਾਰੀ ਬਹੁਤ ਹੀ ਖੂਬਸੂਰਤ ਸੀ ਜਿਸਨੇ ਕਲਾ ਪ੍ਰੇਮੀਆਂ ਅਤੇ
ਪਾਰਖੂਆਂ ਦਾ ਧਿਆਨ ਖਿੱਚਿਆ। ਜੇਤੂਆਂ ਨੂੰ ਇਨਾਮ ਦੇ ਕੇ ਉਹਨਾਂ ਦਾ
ਹੌਂਸਲਾ ਵਧਾਇਆ ਗਿਆ। ਇਹ ਪ੍ਰੋਗਰਾਮ ਵੀ ਸਾਰਿਆਂ ਵਲੋਂ ਬਹੁਤ ਸਲਾਹਿਆ
ਗਿਆ।
ਪ੍ਰੋਗਰਾਮ ਦੇ ਦੂਜੇ ਭਾਗ ਵਿੱਚ ਕਵੀ ਦਰਬਾਰ ਦੇ ਪ੍ਰਧਾਨਗੀ
ਮੰਡਲ ਵਿੱਚ ਵਰਿੰਦਰ ਪਰਿਹਾਰ (ਸਾਊਥੈਂਪਟਨ), ਜਯਾ ਵਰਮਾ (ਨੌਟੀਗਮ),
ਸੁਰਿੰਦਰਪਾਲ ਸਿੰਘ ਅਤੇ ਕਿਰਪਾਲ ਸਿੰਘ ਪੂਨੀ (ਕਵੈਂਟਰੀ) ਸ਼ਾਮਲ ਹੋਏ। ਕਵੀ
ਦਰਬਾਰ ਦਾ ਸੁਚੱਜਾ ਸੰਚਾਲਨ ਰਜਿੰਦਰਜੀਤ ਨੇ ਬਹੁਤ ਹੀ ਖੂਬਸੂਰਤੀ ਨਾਲ਼
ਨਿਭਾਇਆ ਜੋ ਯਾਦਗਾਰੀ ਹੋ ਨਿੱਬੜਿਆ। ਕਵੀ ਦਰਬਾਰ ਵਿੱਚ ਪ੍ਰਧਾਨਗੀ ਮੰਡਲ
ਤੋਂ ਇਲਾਵਾ ਨਾਮਵਰ ਗਜਲਗੋ ਜਸਵਿੰਦਰ ਮਾਨ, ਸੰਤੋਖ ਧਾਲੀਵਾਲ, ਜਸਵਿੰਦਰ
ਰੱਤੀਆਂ, ਹਰਿੰਦਰ ਕੌਰ, ਪ੍ਰੀਤੀ, ਇੰਦਰਜੀਤ ਕੌਰ, ਜਸਵਿੰਦਰ ਕੌਰ ਸੰਘਾ
ਅਤੇ ਹਰਭਜਨ ਸਿੰਘ ਬਾਂਸਲ ਨੇ ਆਪਣੇ ਅੰਦਾਜ ਵਿੱਚ ਆਪੋ ਆਪਣੀਆਂ ਰਚਨਾਵਾਂ
ਸੁਣਾ ਕੇ ਸਰੋਤਿਆਂ ਨੂੰ ਪ੍ਰਭਾਵਿਤ ਕਰਨ ਕੀਤਾ ਅਤੇ ਦਾਦ ਹਾਸਲ ਕੀਤੀ।
ਜਿੱਥੇ ਸਾਰੇ ਹੀ ਹਾਜਰ ਸਰੋਤਿਆਂ ਨੇ ਸਾਰੇ ਸਮਾਗਮ ਦਾ ਅਨੰਦ ਮਾਣਿਆ
ਉੱਥੇ ਉਹ ਸੰਤੋਖ ਧਾਲੀਵਾਲ, ਸੁਰਿੰਦਰ ਰਾਏ, ਨਿਸ਼ੀ ਸੈਣੀ, ਹਰਮਿੰਦਰ ਨਾਗੀ
ਹੋਰਾਂ ਦੀ ਮਿਹਨਤੀ ਟੀਮ ਵਲੋਂ ਪਰੋਸੇ ਗਏ ਲਜੀਜ਼ ਖਾਣੇ ਸਮੇਤ ਉਹਨਾਂ ਦੀ
ਨਿੱਘੀ ਪ੍ਰਾਹੁਣਾਚਾਰੀ ਦਾ ਮਾਣਿਆ ਅਨੰਦ ਵੀ ਅਗਲੇ ਸਾਲ ਤੱਕ ਯਾਦ ਰੱਖਣਗੇ।
ਸਾਰੀਆਂ ਯਾਦਾਂ ਨੂੰ ਕੈਮਰੇ 'ਚ ਕੈਦ ਕਰਨ ਦੀ ਜੁੰਮੇਵਾਰੀ ਲਾਲ ਜੀ ਪਰਮਾਰ
ਨੇ ਬਹੁਤ ਹੀ ਹਿੰਮਤ ਨਾਲ਼ ਨਿਭਾਈ। (ਰਪਟ: 5ਆਬੀ)
|